ਰਸੂਲਾਂ ਦੇ ਕੰਮ
1 ਪਿਆਰੇ ਥਿਉਫ਼ਿਲੁਸ, ਮੈਂ ਪਹਿਲੀ ਕਿਤਾਬ ਵਿਚ ਉਹ ਸਭ ਕੁਝ ਲਿਖਿਆ ਸੀ ਜੋ ਯਿਸੂ ਨੇ ਸ਼ੁਰੂ ਤੋਂ ਕੀਤਾ ਅਤੇ ਸਿਖਾਇਆ ਸੀ+ 2 ਯਾਨੀ ਯਿਸੂ ਦੇ ਸਵਰਗ ਨੂੰ ਉਠਾ ਲਏ ਜਾਣ ਦੇ ਦਿਨ ਤਕ ਦੀਆਂ ਗੱਲਾਂ।+ ਇਸ ਤੋਂ ਪਹਿਲਾਂ ਉਸ ਨੇ ਆਪਣੇ ਚੁਣੇ ਹੋਏ ਰਸੂਲਾਂ ਨੂੰ ਪਵਿੱਤਰ ਸ਼ਕਤੀ ਰਾਹੀਂ ਹਿਦਾਇਤਾਂ ਦਿੱਤੀਆਂ ਸਨ।+ 3 ਮੌਤ ਤਕ ਦੁੱਖ ਝੱਲਣ ਤੋਂ ਬਾਅਦ, ਉਸ ਨੇ ਕਈ ਤਰੀਕਿਆਂ ਨਾਲ ਰਸੂਲਾਂ ਸਾਮ੍ਹਣੇ ਪ੍ਰਗਟ ਹੋ ਕੇ ਪੱਕਾ ਸਬੂਤ ਦਿੱਤਾ ਕਿ ਉਹ ਦੁਬਾਰਾ ਜੀਉਂਦਾ ਹੋ ਗਿਆ ਸੀ।+ ਉਹ ਉਨ੍ਹਾਂ ਨੂੰ 40 ਦਿਨ ਦਿਖਾਈ ਦਿੰਦਾ ਰਿਹਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਦਾ ਰਿਹਾ।+ 4 ਜਦੋਂ ਉਹ ਉਨ੍ਹਾਂ ਨੂੰ ਮਿਲਿਆ, ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ: “ਯਰੂਸ਼ਲਮ ਛੱਡ ਕੇ ਨਾ ਜਾਇਓ,+ ਪਰ ਉਸ ਚੀਜ਼ ਦੀ ਉਡੀਕ ਕਰਦੇ ਰਹਿਓ ਜਿਸ ਨੂੰ ਦੇਣ ਦਾ ਵਾਅਦਾ ਪਿਤਾ ਨੇ ਕੀਤਾ ਹੈ,+ ਜਿਸ ਬਾਰੇ ਤੁਸੀਂ ਮੇਰੇ ਤੋਂ ਵੀ ਸੁਣਿਆ ਸੀ; 5 ਕਿਉਂਕਿ ਯੂਹੰਨਾ ਨੇ ਪਾਣੀ ਨਾਲ ਬਪਤਿਸਮਾ ਦਿੱਤਾ ਸੀ, ਪਰ ਤੁਹਾਨੂੰ ਕੁਝ ਦਿਨਾਂ ਬਾਅਦ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦਿੱਤਾ ਜਾਵੇਗਾ।”+
6 ਜਦੋਂ ਉਹ ਦੁਬਾਰਾ ਇਕੱਠੇ ਹੋਏ, ਤਾਂ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਪ੍ਰਭੂ, ਕੀ ਤੂੰ ਇਸੇ ਸਮੇਂ ਇਜ਼ਰਾਈਲ ਦਾ ਰਾਜ ਮੁੜ ਸਥਾਪਿਤ ਕਰ ਰਿਹਾ ਹੈਂ?”+ 7 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਨਹੀਂ ਹੈ ਕਿ ਮਿਥਿਆ ਹੋਇਆ ਸਮਾਂ ਕਿਹੜਾ ਹੈ। ਸਿਰਫ਼ ਪਿਤਾ ਕੋਲ ਹੀ ਇਹ ਫ਼ੈਸਲਾ ਕਰਨ ਦਾ ਹੱਕ ਹੈ ਕਿ ਕਿਹੜਾ ਕੰਮ ਕਿਸ ਵੇਲੇ ਕਰਨਾ ਹੈ।+ 8 ਪਰ ਜਦੋਂ ਪਵਿੱਤਰ ਸ਼ਕਤੀ* ਤੁਹਾਡੇ ਉੱਤੇ ਆਵੇਗੀ, ਤਾਂ ਤੁਹਾਨੂੰ ਤਾਕਤ ਮਿਲੇਗੀ+ ਅਤੇ ਤੁਸੀਂ ਯਰੂਸ਼ਲਮ,+ ਪੂਰੇ ਯਹੂਦਿਯਾ, ਸਾਮਰਿਯਾ+ ਅਤੇ ਧਰਤੀ ਦੇ ਕੋਨੇ-ਕੋਨੇ ਵਿਚ+ ਮੇਰੇ ਬਾਰੇ ਗਵਾਹੀ ਦਿਓਗੇ।”+ 9 ਉਸ ਦੇ ਇਹ ਗੱਲਾਂ ਕਹਿਣ ਤੋਂ ਬਾਅਦ, ਉਨ੍ਹਾਂ ਦੇ ਦੇਖਦੇ-ਦੇਖਦੇ ਉਸ ਨੂੰ ਉੱਪਰ ਸਵਰਗ ਨੂੰ ਉਠਾ ਲਿਆ ਗਿਆ ਅਤੇ ਇਕ ਬੱਦਲ ਨੇ ਉਸ ਨੂੰ ਢਕ ਲਿਆ ਅਤੇ ਉਹ ਉਨ੍ਹਾਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਗਿਆ।+ 10 ਜਦੋਂ ਉਹ ਉਸ ਨੂੰ ਆਕਾਸ਼ ਵਿਚ ਜਾਂਦੇ ਹੋਏ ਦੇਖ ਰਹੇ ਸਨ, ਤਾਂ ਅਚਾਨਕ ਚਿੱਟੇ ਕੱਪੜੇ ਪਾਈ+ ਦੋ ਆਦਮੀ ਉਨ੍ਹਾਂ ਦੇ ਨਾਲ ਆ ਖੜ੍ਹੇ ਹੋਏ 11 ਅਤੇ ਕਹਿਣ ਲੱਗੇ: “ਗਲੀਲ ਦੇ ਰਹਿਣ ਵਾਲਿਓ, ਤੁਸੀਂ ਆਕਾਸ਼ ਵੱਲ ਕਿਉਂ ਦੇਖੀ ਜਾਂਦੇ ਹੋ? ਇਹ ਯਿਸੂ ਜਿਸ ਨੂੰ ਤੁਹਾਡੇ ਕੋਲੋਂ ਉੱਪਰ ਆਕਾਸ਼ ਨੂੰ ਉਠਾ ਲਿਆ ਗਿਆ ਹੈ, ਉਸੇ ਤਰ੍ਹਾਂ ਵਾਪਸ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਆਕਾਸ਼ ਨੂੰ ਜਾਂਦਿਆਂ ਦੇਖਿਆ ਹੈ।”
12 ਫਿਰ ਉਹ ਉਸ ਪਹਾੜ ਤੋਂ, ਜਿਸ ਨੂੰ ਜ਼ੈਤੂਨ ਪਹਾੜ ਕਿਹਾ ਜਾਂਦਾ ਹੈ, ਯਰੂਸ਼ਲਮ ਨੂੰ ਮੁੜ ਆਏ।+ ਇਹ ਪਹਾੜ ਯਰੂਸ਼ਲਮ ਦੇ ਨੇੜੇ ਹੈ ਤੇ ਸਿਰਫ਼ ਇਕ ਸਬਤ ਦੇ ਦਿਨ ਦੀ ਦੂਰੀ ʼਤੇ ਹੈ। 13 ਉੱਥੇ ਪਹੁੰਚ ਕੇ ਉਹ ਚੁਬਾਰੇ ਵਿਚ ਚਲੇ ਗਏ ਜਿੱਥੇ ਉਹ ਠਹਿਰੇ ਹੋਏ ਸਨ। ਇਹ ਰਸੂਲ ਸਨ ਪਤਰਸ, ਯੂਹੰਨਾ, ਯਾਕੂਬ, ਅੰਦ੍ਰਿਆਸ, ਫ਼ਿਲਿੱਪੁਸ, ਥੋਮਾ, ਬਰਥੁਲਮਈ, ਮੱਤੀ, ਹਲਫ਼ਈ ਦਾ ਪੁੱਤਰ ਯਾਕੂਬ, ਜੋਸ਼ੀਲਾ ਸ਼ਮਊਨ ਅਤੇ ਯਾਕੂਬ ਦਾ ਪੁੱਤਰ ਯਹੂਦਾ।+ 14 ਇਹ ਸਾਰੇ ਕੁਝ ਤੀਵੀਆਂ+ ਅਤੇ ਯਿਸੂ ਦੇ ਭਰਾਵਾਂ ਅਤੇ ਉਸ ਦੀ ਮਾਤਾ ਮਰੀਅਮ+ ਨਾਲ ਇਕ ਮਨ ਹੋ ਕੇ ਪ੍ਰਾਰਥਨਾ ਕਰਨ ਵਿਚ ਲੱਗੇ ਰਹੇ।
15 ਉਨ੍ਹਾਂ ਦਿਨਾਂ ਵਿਚ ਇਕ ਵਾਰ ਪਤਰਸ ਉਨ੍ਹਾਂ ਭਰਾਵਾਂ (ਲਗਭਗ 120 ਜਣਿਆਂ) ਵਿਚਕਾਰ ਖੜ੍ਹਾ ਹੋਇਆ ਅਤੇ ਕਹਿਣ ਲੱਗਾ: 16 “ਭਰਾਵੋ, ਇਹ ਜ਼ਰੂਰੀ ਸੀ ਕਿ ਧਰਮ-ਗ੍ਰੰਥ ਦੀਆਂ ਉਹ ਗੱਲਾਂ ਪੂਰੀਆਂ ਹੋਣ ਜਿਨ੍ਹਾਂ ਦੀ ਭਵਿੱਖਬਾਣੀ ਦਾਊਦ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਯਹੂਦਾ ਬਾਰੇ ਕੀਤੀ ਸੀ+ ਜੋ ਯਿਸੂ ਨੂੰ ਗਿਰਫ਼ਤਾਰ ਕਰਾਉਣ ਲਈ ਸਿਪਾਹੀਆਂ ਨੂੰ ਲੈ ਕੇ ਗਿਆ ਸੀ।+ 17 ਉਹ ਸਾਡੇ ਵਿਚ ਗਿਣਿਆ ਜਾਂਦਾ ਸੀ+ ਅਤੇ ਉਸ ਨੇ ਸਾਡੇ ਵਾਂਗ ਇਸ ਸੇਵਾ ਵਿਚ ਹਿੱਸਾ ਲਿਆ ਸੀ। 18 (ਉਸੇ ਨੇ ਆਪਣੇ ਬੁਰੇ ਕੰਮ ਦੀ ਮਜ਼ਦੂਰੀ ਨਾਲ ਜ਼ਮੀਨ ਖ਼ਰੀਦੀ+ ਅਤੇ ਉਹ ਸਿਰ ਦੇ ਭਾਰ ਡਿਗਿਆ ਅਤੇ ਉਸ ਦਾ ਢਿੱਡ ਪਾਟ ਗਿਆ ਅਤੇ ਉਸ ਦੀਆਂ ਆਂਦਰਾਂ ਬਾਹਰ ਆ ਗਈਆਂ।+ 19 ਇਸ ਬਾਰੇ ਯਰੂਸ਼ਲਮ ਦੇ ਸਾਰੇ ਲੋਕਾਂ ਨੂੰ ਵੀ ਪਤਾ ਲੱਗਾ ਅਤੇ ਉਨ੍ਹਾਂ ਦੀ ਭਾਸ਼ਾ ਵਿਚ ਉਸ ਜ਼ਮੀਨ ਦਾ ਨਾਂ “ਅਕਲਦਮਾ” ਯਾਨੀ “ਖ਼ੂਨ ਦੀ ਜ਼ਮੀਨ” ਪੈ ਗਿਆ।) 20 ਕਿਉਂਕਿ ਜ਼ਬੂਰਾਂ ਦੀ ਕਿਤਾਬ ਵਿਚ ਲਿਖਿਆ ਹੈ, ‘ਉਸ ਦਾ ਘਰ ਉੱਜੜ ਜਾਵੇ ਅਤੇ ਉਸ ਵਿਚ ਕੋਈ ਨਾ ਰਹੇ’+ ਅਤੇ ‘ਉਸ ਦੀ ਨਿਗਾਹਬਾਨ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਮਿਲ ਜਾਵੇ।’+ 21 ਇਸ ਲਈ ਇਹ ਜ਼ਰੂਰੀ ਹੈ ਕਿ ਅਜਿਹੇ ਆਦਮੀਆਂ ਵਿੱਚੋਂ ਹੀ ਕਿਸੇ ਨੂੰ ਉਸ ਦੀ ਜਗ੍ਹਾ ਚੁਣਿਆ ਜਾਵੇ ਜਿਹੜੇ ਉਸ ਪੂਰੇ ਸਮੇਂ ਦੌਰਾਨ ਸਾਡੇ ਨਾਲ ਸਨ ਜਦੋਂ ਪ੍ਰਭੂ ਯਿਸੂ ਨੇ ਸਾਡੇ ਵਿਚ ਰਹਿੰਦਿਆਂ ਸੇਵਾ ਕੀਤੀ ਸੀ* 22 ਯਾਨੀ ਜਿਹੜੇ ਆਦਮੀ ਯੂਹੰਨਾ ਦੁਆਰਾ ਯਿਸੂ ਨੂੰ ਬਪਤਿਸਮਾ ਦੇਣ ਦੇ+ ਦਿਨ ਤੋਂ ਲੈ ਕੇ ਸਾਡੇ ਵਿੱਚੋਂ ਉਸ ਦੇ ਉੱਪਰ ਉਠਾਏ ਜਾਣ ਤਕ ਸਾਡੇ ਨਾਲ ਸਨ+ ਅਤੇ ਜਿਨ੍ਹਾਂ ਨੇ ਸਾਡੇ ਵਾਂਗ ਉਸ ਨੂੰ ਜੀਉਂਦਾ ਹੋਣ ਤੋਂ ਬਾਅਦ ਦੇਖਿਆ ਸੀ।”+
23 ਇਸ ਲਈ ਉਨ੍ਹਾਂ ਨੇ ਦੋ ਜਣਿਆਂ ਦੇ ਨਾਂ ਦੱਸੇ, ਯੂਸੁਫ਼ ਜਿਸ ਨੂੰ ਬਾਰਸਬੱਸ ਤੇ ਯੂਸਤੁਸ ਵੀ ਸੱਦਿਆ ਜਾਂਦਾ ਹੈ ਅਤੇ ਮੱਥਿਆਸ। 24 ਫਿਰ ਉਨ੍ਹਾਂ ਨੇ ਪ੍ਰਾਰਥਨਾ ਕੀਤੀ: “ਯਹੋਵਾਹ,* ਤੂੰ ਸਾਰਿਆਂ ਦੇ ਦਿਲਾਂ ਨੂੰ ਜਾਣਦਾ ਹੈਂ।+ ਸਾਨੂੰ ਦੱਸ ਕਿ ਤੂੰ ਇਨ੍ਹਾਂ ਦੋਹਾਂ ਆਦਮੀਆਂ ਵਿੱਚੋਂ ਕਿਸ ਨੂੰ ਚੁਣਿਆ ਹੈ 25 ਜਿਹੜਾ ਇਹ ਸੇਵਾ ਕਰੇ ਤੇ ਰਸੂਲ ਦੀ ਪਦਵੀ ਸੰਭਾਲੇ ਜਿਸ ਨੂੰ ਯਹੂਦਾ ਨੇ ਠੁਕਰਾ ਦਿੱਤਾ ਤੇ ਆਪਣੇ ਰਾਹ ਚਲਾ ਗਿਆ।”+ 26 ਇਸ ਲਈ ਉਨ੍ਹਾਂ ਨੇ ਦੋਹਾਂ ਆਦਮੀਆਂ ʼਤੇ ਗੁਣੇ ਪਾਏ+ ਅਤੇ ਗੁਣਾ ਮੱਥਿਆਸ ਦੇ ਨਾਂ ʼਤੇ ਨਿਕਲਿਆ ਅਤੇ ਉਹ 11 ਰਸੂਲਾਂ ਨਾਲ ਗਿਣਿਆ ਗਿਆ।*