ਦੁਨੀਆਂ ਭਰ ਵਿਚ ‘ਮਸੀਹ ਦੇ ਨਕਸ਼ੇ-ਕਦਮਾਂ ਤੇ ਚੱਲੋ!’ ਜ਼ਿਲ੍ਹਾ ਸੰਮੇਲਨ ਦੀ ਮਸ਼ਹੂਰੀ ਕਰਨ ਦੇ ਸਾਂਝੇ ਜਤਨ
ਪਬਲੀਸ਼ਰ ਇਕ ਵਾਰ ਫਿਰ ਖ਼ਾਸ ਸੱਦਾ-ਪੱਤਰ ਵੰਡਣਗੇ
1 ਪਿਛਲੇ ਸਾਲ “ਸਾਡਾ ਛੁਟਕਾਰਾ ਨੇੜੇ ਹੈ!” ਜ਼ਿਲ੍ਹਾ ਸੰਮੇਲਨ ਦੀ ਮਸ਼ਹੂਰੀ ਲਈ ਚਲਾਈ ਮੁਹਿੰਮ ਦਾ ਲੋਕਾਂ ਉੱਤੇ ਬਹੁਤ ਵਧੀਆ ਪ੍ਰਭਾਵ ਪਿਆ। ਜਿਨ੍ਹਾਂ ਨੇ ਸੱਦਾ-ਪੱਤਰ ਲਿਆ ਸੀ ਅਤੇ ਜ਼ਿਲ੍ਹਾ ਸੰਮੇਲਨ ਵਿਚ ਆਏ ਸਨ, ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਨਾਲ ਮਿਲ ਕੇ ਅਧਿਆਤਮਿਕ ਦਾਅਵਤ ਦਾ ਮਜ਼ਾ ਲਿਆ। (ਯਸਾ. 65:13) ਉਨ੍ਹਾਂ ਨੇ ਏਕੇ ਵਿਚ ਬੱਝੇ ਮਸੀਹੀਆਂ ਨਾਲ ਗੱਲਬਾਤ ਕਰਨ ਦਾ ਵੀ ਆਨੰਦ ਮਾਣਿਆ। (ਜ਼ਬੂ. 133:1) ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ “ਮਸੀਹ ਦੇ ਨਕਸ਼ੇ-ਕਦਮਾਂ ਤੇ ਚੱਲੋ!” ਜ਼ਿਲ੍ਹਾ ਸੰਮੇਲਨ ਵਿਚ ਆਉਣ ਵਿਚ ਮਦਦ ਕਰਨ ਵਾਸਤੇ ਅਸੀਂ ਇਕ ਵਾਰ ਫਿਰ ਦੁਨੀਆਂ ਭਰ ਵਿਚ ਖ਼ਾਸ ਸੱਦਾ-ਪੱਤਰ ਵੰਡਾਂਗੇ।
2 ਪਿਛਲੇ ਸਾਲ ਦੇ ਨਤੀਜੇ: ਦੁਨੀਆਂ ਭਰ ਤੋਂ ਮਿਲੀਆਂ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ “ਸਾਡਾ ਛੁਟਕਾਰਾ ਨੇੜੇ ਹੈ!” ਜ਼ਿਲ੍ਹਾ ਸੰਮੇਲਨ ਦੀ ਮਸ਼ਹੂਰੀ ਕਰਨ ਦੇ ਚੰਗੇ ਨਤੀਜੇ ਨਿਕਲੇ ਸਨ। ਬਹੁਤ ਸਾਰੀਆਂ ਥਾਵਾਂ ਤੇ ਸਾਡੀ ਇਸ ਮੁਹਿੰਮ ਬਾਰੇ ਅਖ਼ਬਾਰਾਂ ਵਿਚ ਵਧੀਆ ਗੱਲਾਂ ਲਿਖੀਆਂ ਗਈਆਂ। ਉਦਾਹਰਣ ਲਈ ਇਕ ਸ਼ਹਿਰ ਵਿਚ ਇਕ ਅਖ਼ਬਾਰ ਨੇ ਮੁਹਿੰਮ ਬਾਰੇ ਵੱਡਾ ਸਾਰਾ ਲੇਖ ਛਾਪਿਆ। ਇਸ ਲੇਖ ਵਿਚ ਇਹ ਦੱਸਿਆ ਗਿਆ ਸੀ: “ਸੰਮੇਲਨ ਤੋਂ ਪਹਿਲਾਂ-ਪਹਿਲਾਂ ਪੂਰੇ ਇਲਾਕੇ ਵਿਚ ਸਾਰੇ ਲੋਕਾਂ ਨੂੰ ਸੱਦਾ-ਪੱਤਰ ਦੇਣ ਲਈ ਗਵਾਹ ਜ਼ੋਰਾਂ-ਸ਼ੋਰਾਂ ਨਾਲ ਕੰਮ ਕਰ ਰਹੇ ਹਨ। ਉਹ ਜ਼ਿਆਦਾ ਘੰਟੇ ਪ੍ਰਚਾਰ ਕਰ ਰਹੇ ਹਨ, ਦੂਰ-ਦੂਰ ਤਕ ਜਾ ਰਹੇ ਹਨ ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਗੱਲ ਕਰ ਰਹੇ ਹਨ।” ਇਕ ਹੋਰ ਸ਼ਹਿਰ ਵਿਚ ਸੱਦਾ-ਪੱਤਰ ਵੰਡਣ ਦੇ ਸਾਂਝੇ ਜਤਨਾਂ ਨੂੰ ਦੇਖ ਕੇ ਇਕ ਅਖ਼ਬਾਰ ਨੇ ਮੁਹਿੰਮ ਬਾਰੇ ਵਿਸਤਾਰ ਵਿਚ ਲਿਖਿਆ। ਘੱਟੋ-ਘੱਟ ਤਿੰਨ ਅਖ਼ਬਾਰਾਂ ਨੇ ਸੰਮੇਲਨ ਤੋਂ ਪਹਿਲਾਂ ਸਾਡੇ ਕੰਮ ਬਾਰੇ ਚੰਗੀਆਂ ਗੱਲਾਂ ਛਾਪੀਆਂ। ਇਕ ਪੱਤਰਕਾਰ ਨੇ ਕਈ ਵੱਡੇ ਲੇਖ ਲਿਖੇ ਜਿਨ੍ਹਾਂ ਨਾਲ ਇਕ ਅਖ਼ਬਾਰ ਦੇ ਐਤਵਾਰ ਦੇ ਅੰਕ ਦੇ ਦੋ ਤੋਂ ਜ਼ਿਆਦਾ ਸਫ਼ੇ ਭਰ ਗਏ। ਇਸ ਵਿਚ ਸਾਡੇ ਵਿਸ਼ਵਾਸਾਂ, ਭਾਈਚਾਰੇ, ਸੱਦਾ-ਪੱਤਰ ਵੰਡਣ ਦੀ ਮੁਹਿੰਮ ਅਤੇ ਸੰਮੇਲਨ ਬਾਰੇ ਖੋਲ੍ਹ ਕੇ ਲਿਖਿਆ ਗਿਆ ਸੀ। ਇਕ ਪਬਲੀਸ਼ਰ ਨੇ ਜਦੋਂ ਇਕ ਘਰ ਵਿਚ ਸੱਦਾ-ਪੱਤਰ ਦਿੱਤਾ, ਤਾਂ ਘਰ ਦੀ ਮਾਲਕਣ ਨੇ ਕਿਹਾ: “ਹਾਂ-ਹਾਂ, ਮੈਂ ਅਖ਼ਬਾਰ ਵਿਚ ਇਸ ਸੱਦਾ-ਪੱਤਰ ਬਾਰੇ ਹੀ ਪੜ੍ਹ ਰਹੀ ਸੀ!” ਇਕ ਹੋਰ ਤੀਵੀਂ ਨੇ ਕਿਹਾ: “ਮੈਂ ਤੁਹਾਡੇ ਬਾਰੇ ਹੀ ਪੜ੍ਹ ਰਹੀ ਸੀ, ਤੇ ਲਓ ਤੁਸੀਂ ਆ ਗਏ! ਕੀ ਇਹ ਸੱਦਾ-ਪੱਤਰ ਮੇਰੇ ਲਈ ਹੈ?” ਉਸ ਨੇ ਇਹ ਵੀ ਕਿਹਾ, “ਤੁਸੀਂ ਇਹ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ।”
3 ਬਹੁਤ ਸਾਰੇ ਲੋਕਾਂ ਨੂੰ ਹੱਥਾਂ ਵਿਚ ਸੱਦਾ-ਪੱਤਰ ਫੜੀ ਸੰਮੇਲਨ ਵਿਚ ਆਉਂਦੇ ਦੇਖਿਆ ਗਿਆ। ਕੁਝ ਲੋਕ ਦੂਰੋਂ-ਦੂਰੋਂ ਪ੍ਰੋਗ੍ਰਾਮ ਸੁਣਨ ਲਈ ਆਏ। ਸਾਡੇ ਅਣਥੱਕ ਜਤਨਾਂ ਸਦਕਾ ਸੰਮੇਲਨ ਵਿਚ ਹਾਜ਼ਰੀ ਵਧ ਗਈ। ਇਕ ਦੇਸ਼ ਵਿਚ ਸਾਰੇ ਸੰਮੇਲਨਾਂ ਵਿਚ ਕੁੱਲ ਹਾਜ਼ਰੀ ਪਿਛਲੇ ਸਾਲ ਨਾਲੋਂ 27 ਪ੍ਰਤਿਸ਼ਤ ਜ਼ਿਆਦਾ ਸੀ।
4 ਇਲਾਕੇ ਵਿਚ ਸੱਦਾ-ਪੱਤਰ ਵੰਡਣ ਦਾ ਕੰਮ: ਤੁਸੀਂ ਆਪਣੇ ਸੰਮੇਲਨ ਤੋਂ ਤਿੰਨ ਹਫ਼ਤੇ ਪਹਿਲਾਂ ਸੱਦਾ-ਪੱਤਰ ਵੰਡਣੇ ਸ਼ੁਰੂ ਕਰ ਸਕਦੇ ਹੋ। ਕਲੀਸਿਯਾ ਦੇ ਪੂਰੇ ਇਲਾਕੇ ਵਿਚ ਸੱਦਾ-ਪੱਤਰ ਵੰਡਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਜਿਨ੍ਹਾਂ ਕਲੀਸਿਯਾਵਾਂ ਦਾ ਇਲਾਕਾ ਵੱਡਾ ਹੈ, ਉਨ੍ਹਾਂ ਵਿਚ ਪਬਲੀਸ਼ਰ ਆਖ਼ਰੀ ਹਫ਼ਤੇ ਦੌਰਾਨ ਉਨ੍ਹਾਂ ਘਰਾਂ ਵਿਚ ਸੱਦਾ-ਪੱਤਰ ਰੱਖ ਸਕਦੇ ਹਨ ਜਿਨ੍ਹਾਂ ਵਿਚ ਕੋਈ ਨਹੀਂ ਮਿਲਦਾ। ਕਲੀਸਿਯਾ ਨੂੰ ਜ਼ਿਆਦਾ ਤੋਂ ਜ਼ਿਆਦਾ ਇਲਾਕੇ ਵਿਚ ਸਾਰੇ ਸੱਦਾ-ਪੱਤਰ ਵੰਡਣ ਦੇ ਜਤਨ ਕਰਨੇ ਚਾਹੀਦੇ ਹਨ। ਵਾਧੂ ਸੱਦਾ-ਪੱਤਰ ਪਾਇਨੀਅਰਾਂ ਦੁਆਰਾ ਵੰਡੇ ਜਾ ਸਕਦੇ ਹਨ।
5 ਕੀ ਕਹੀਏ: ਤੁਸੀਂ ਕਹਿ ਸਕਦੇ ਹੋ: “ਪੂਰੀ ਦੁਨੀਆਂ ਵਿਚ ਇਕ ਖ਼ਾਸ ਪ੍ਰੋਗ੍ਰਾਮ ਲਈ ਇਹ ਸੱਦਾ-ਪੱਤਰ ਵੰਡਿਆ ਜਾ ਰਿਹਾ ਹੈ। ਇਹ ਸੱਦਾ-ਪੱਤਰ ਤੁਹਾਡੇ ਲਈ ਹੈ। ਇਸ ਵਿਚ ਪ੍ਰੋਗ੍ਰਾਮ ਸੰਬੰਧੀ ਹੋਰ ਜਾਣਕਾਰੀ ਦਿੱਤੀ ਗਈ ਹੈ।” ਥੋੜ੍ਹੇ ਸ਼ਬਦਾਂ ਵਿਚ ਗੱਲ ਕਰਨ ਨਾਲ ਅਸੀਂ ਜ਼ਿਆਦਾ ਲੋਕਾਂ ਨੂੰ ਸੱਦਾ-ਪੱਤਰ ਵੰਡ ਸਕਾਂਗੇ। ਪਰ ਜੇ ਕੋਈ ਵਿਅਕਤੀ ਤੁਹਾਡੇ ਤੋਂ ਸਵਾਲ ਪੁੱਛਦਾ ਹੈ, ਤਾਂ ਉਸ ਦੇ ਸਵਾਲਾਂ ਦੇ ਜਵਾਬ ਦਿਓ। ਜੇ ਕੋਈ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਦਾ ਨਾਂ-ਪਤਾ ਨੋਟ ਕਰ ਲਓ ਤੇ ਜਲਦੀ ਤੋਂ ਜਲਦੀ ਉਸ ਨੂੰ ਦੁਬਾਰਾ ਮਿਲੋ।
6 ਮਸੀਹ ਦੇ ਨਕਸ਼ੇ-ਕਦਮਾਂ ਤੇ ਚੱਲਣਾ ਬਹੁਤ ਜ਼ਰੂਰੀ ਹੈ! (ਯੂਹੰ. 3:36) ਇਸ ਸਾਲ ਦੇ ਜ਼ਿਲ੍ਹਾ ਸੰਮੇਲਨ ਵਿਚ ਦੱਸਿਆ ਜਾਵੇਗਾ ਕਿ ਅਸੀਂ ਮਸੀਹ ਦੇ ਨਕਸ਼ੇ-ਕਦਮਾਂ ਤੇ ਕਿੱਦਾਂ ਚੱਲ ਸਕਦੇ ਹਾਂ। ਸਾਨੂੰ ਪੂਰੀ ਆਸ ਹੈ ਕਿ ਇਸ ਵਾਰ ਵੀ ਜ਼ਿਲ੍ਹਾ ਸੰਮੇਲਨ ਦੀ ਮਸ਼ਹੂਰੀ ਕਰਨ ਦੇ ਸਾਂਝੇ ਜਤਨਾਂ ਸਦਕਾ ਲੋਕਾਂ ਨੂੰ ਵੱਡੇ ਪੱਧਰ ਤੇ ਗਵਾਹੀ ਦਿੱਤੀ ਜਾਵੇਗੀ। ਇਸ ਲਈ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜ਼ੋਰਾਂ-ਸ਼ੋਰਾਂ ਨਾਲ ਸੱਦਾ ਦਿਓ। ਸਾਡੀ ਦੁਆ ਹੈ ਕਿ ਇਸ ਮੁਹਿੰਮ ਵਿਚ ਹਿੱਸਾ ਲੈਣ ਦੇ ਤੁਹਾਡੇ ਜਤਨਾਂ ਤੇ ਯਹੋਵਾਹ ਬਰਕਤ ਪਾਵੇ।