ਜ਼ਬੂਰ
ਨਿਰਦੇਸ਼ਕ ਲਈ ਹਿਦਾਇਤ; “ਮੈਨੂੰ ਨਾਸ਼ ਨਾ ਹੋਣ ਦੇਈਂ” ਸੁਰ ਮੁਤਾਬਕ। ਦਾਊਦ ਦਾ ਮਿਕਤਾਮ।* ਜਦ ਉਹ ਸ਼ਾਊਲ ਤੋਂ ਭੱਜ ਕੇ ਗੁਫਾ ਵਿਚ ਚਲਾ ਗਿਆ ਸੀ।+
57 ਮੇਰੇ ʼਤੇ ਮਿਹਰ ਕਰ, ਹੇ ਪਰਮੇਸ਼ੁਰ, ਮੇਰੇ ʼਤੇ ਮਿਹਰ ਕਰ
ਕਿਉਂਕਿ ਮੈਂ ਤੇਰੇ ਕੋਲ ਪਨਾਹ ਲਈ ਹੈ,+
ਜਦ ਤਕ ਮੁਸੀਬਤਾਂ ਟਲ ਨਹੀਂ ਜਾਂਦੀਆਂ, ਮੈਂ ਤੇਰੇ ਖੰਭਾਂ ਦੇ ਸਾਏ ਹੇਠ ਰਹਾਂਗਾ।+
2 ਮੈਂ ਸੱਚੇ ਅਤੇ ਅੱਤ ਮਹਾਨ ਪਰਮੇਸ਼ੁਰ ਨੂੰ ਪੁਕਾਰਦਾ ਹਾਂ,
ਜੋ ਮੇਰੀਆਂ ਮੁਸੀਬਤਾਂ ਦਾ ਅੰਤ ਕਰਦਾ ਹੈ।
3 ਉਹ ਸਵਰਗੋਂ ਮੇਰੇ ਲਈ ਮਦਦ ਘੱਲੇਗਾ ਅਤੇ ਮੈਨੂੰ ਬਚਾਵੇਗਾ।+
ਉਹ ਮੇਰੇ ʼਤੇ ਹਮਲਾ ਕਰਨ ਵਾਲੇ ਦੀਆਂ ਯੋਜਨਾਵਾਂ ਨਾਕਾਮ ਕਰ ਦੇਵੇਗਾ। (ਸਲਹ)
ਪਰਮੇਸ਼ੁਰ ਆਪਣਾ ਅਟੱਲ ਪਿਆਰ ਅਤੇ ਵਫ਼ਾਦਾਰੀ ਦਿਖਾਏਗਾ।+
4 ਮੈਂ ਸ਼ੇਰਾਂ ਨਾਲ ਘਿਰਿਆ ਹੋਇਆ ਹਾਂ;+
ਮੈਨੂੰ ਉਨ੍ਹਾਂ ਆਦਮੀਆਂ ਵਿਚਕਾਰ ਲੰਮੇ ਪੈਣਾ ਪੈਂਦਾ ਹੈ ਜੋ ਮੈਨੂੰ ਪਾੜ ਖਾਣਾ ਚਾਹੁੰਦੇ ਹਨ,
ਜਿਨ੍ਹਾਂ ਦੇ ਦੰਦ ਬਰਛਿਆਂ ਅਤੇ ਤੀਰਾਂ ਵਰਗੇ ਹਨ
ਅਤੇ ਜਿਨ੍ਹਾਂ ਦੀ ਜ਼ਬਾਨ ਤਿੱਖੀ ਤਲਵਾਰ ਹੈ।+
5 ਹੇ ਪਰਮੇਸ਼ੁਰ, ਆਕਾਸ਼ ਵਿਚ ਤੇਰੀ ਮਹਿਮਾ ਹੋਵੇ;
ਸਾਰੀ ਧਰਤੀ ਉੱਤੇ ਤੇਰਾ ਪ੍ਰਤਾਪ ਫੈਲ ਜਾਵੇ।+
ਉਨ੍ਹਾਂ ਨੇ ਮੇਰੇ ਰਾਹ ਵਿਚ ਟੋਆ ਪੁੱਟਿਆ ਹੈ;
ਪਰ ਉਹ ਆਪ ਹੀ ਉਸ ਵਿਚ ਡਿਗ ਗਏ।+ (ਸਲਹ)
7 ਹੇ ਪਰਮੇਸ਼ੁਰ, ਮੈਂ ਮਨ ਵਿਚ ਪੱਕਾ ਇਰਾਦਾ ਕੀਤਾ ਹੈ,+
ਮੈਂ ਮਨ ਵਿਚ ਪੱਕਾ ਇਰਾਦਾ ਕੀਤਾ ਹੈ।
ਮੈਂ ਗੀਤ ਗਾਵਾਂਗਾ ਅਤੇ ਸੰਗੀਤ ਵਜਾਵਾਂਗਾ।
8 ਹੇ ਮੇਰੇ ਮਨ, ਜਾਗ!
ਹੇ ਤਾਰਾਂ ਵਾਲੇ ਸਾਜ਼ ਅਤੇ ਰਬਾਬ, ਜਾਗ!
ਹੇ ਸਵੇਰ, ਤੂੰ ਵੀ ਜਾਗ!+
9 ਹੇ ਯਹੋਵਾਹ, ਮੈਂ ਦੇਸ਼-ਦੇਸ਼ ਦੇ ਲੋਕਾਂ ਵਿਚ ਤੇਰੀ ਵਡਿਆਈ ਕਰਾਂਗਾ;+
ਮੈਂ ਕੌਮਾਂ ਵਿਚ ਤੇਰਾ ਗੁਣਗਾਨ ਕਰਾਂਗਾ*+
10 ਕਿਉਂਕਿ ਤੇਰਾ ਅਟੱਲ ਪਿਆਰ ਆਕਾਸ਼ ਜਿੰਨਾ ਵਿਸ਼ਾਲ ਹੈ+
ਅਤੇ ਤੇਰੀ ਵਫ਼ਾਦਾਰੀ ਅੰਬਰਾਂ ਨੂੰ ਛੂੰਹਦੀ ਹੈ।
11 ਹੇ ਪਰਮੇਸ਼ੁਰ, ਆਕਾਸ਼ ਵਿਚ ਤੇਰੀ ਮਹਿਮਾ ਹੋਵੇ;
ਸਾਰੀ ਧਰਤੀ ਉੱਤੇ ਤੇਰਾ ਪ੍ਰਤਾਪ ਫੈਲ ਜਾਵੇ।+