-
ਬਾਈਬਲ ਕਿਉਂ ਪੜ੍ਹੀਏ?ਪਹਿਰਾਬੁਰਜ (ਪਬਲਿਕ)—2017 | ਨੰ. 1
-
-
ਮੁੱਖ ਪੰਨੇ ਤੋਂ | ਬਾਈਬਲ ਪੜ੍ਹਨ ਦਾ ਮਜ਼ਾ ਕਿਵੇਂ ਲਈਏ?
ਬਾਈਬਲ ਕਿਉਂ ਪੜ੍ਹੀਏ?
“ਮੈਂ ਸੋਚਦੀ ਸੀ ਕਿ ਬਾਈਬਲ ਨੂੰ ਸਮਝਣਾ ਬਹੁਤ ਔਖਾ ਹੈ।”—ਜੂਵੀ
“ਮੈਨੂੰ ਲੱਗਦਾ ਸੀ ਕਿ ਬਾਈਬਲ ਬਹੁਤ ਬੋਰਿੰਗ ਹੈ।”—ਕੂਈਨੀ
“ਜਦੋਂ ਮੈਂ ਦੇਖਿਆ ਕਿ ਬਾਈਬਲ ਕਿੰਨੀ ਮੋਟੀ ਕਿਤਾਬ ਹੈ, ਤਾਂ ਇਸ ਨੂੰ ਪੜ੍ਹਨ ਦਾ ਚਾਅ ਹੀ ਮਰ ਗਿਆ।”—ਇਜ਼ਕੀਏਲ
ਕੀ ਤੁਸੀਂ ਕਦੇ ਬਾਈਬਲ ਪੜ੍ਹਨ ਬਾਰੇ ਸੋਚਿਆ ਤੇ ਫਿਰ ਉੱਪਰ ਦੱਸੇ ਲੋਕਾਂ ਵਾਂਗ ਸੋਚ ਕੇ ਪਿੱਛੇ ਹਟ ਗਏ? ਬਹੁਤ ਸਾਰੇ ਲੋਕ ਬਾਈਬਲ ਪੜ੍ਹਨ ਤੋਂ ਹਿਚਕਿਚਾਉਂਦੇ ਹਨ। ਪਰ ਉਦੋਂ ਕੀ ਜੇ ਤੁਹਾਨੂੰ ਪਤਾ ਲੱਗੇ ਕਿ ਬਾਈਬਲ ਪੜ੍ਹਨ ਨਾਲ ਤੁਹਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਬਹਾਰ ਆ ਸਕਦੀ ਹੈ? ਉਦੋਂ ਕੀ ਜੇ ਤੁਹਾਨੂੰ ਪਤਾ ਲੱਗੇ ਕਿ ਬਾਈਬਲ ਪੜ੍ਹਨ ਦੇ ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਦੀ ਮਦਦ ਨਾਲ ਤੁਹਾਨੂੰ ਪੜ੍ਹਨ ਵਿਚ ਮਜ਼ਾ ਆਵੇਗਾ? ਕੀ ਤੁਸੀਂ ਦੇਖਣਾ ਚਾਹੋਗੇ ਕਿ ਬਾਈਬਲ ਤੋਂ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ?
ਆਓ ਆਪਾਂ ਕੁਝ ਲੋਕਾਂ ਦੀਆਂ ਟਿੱਪਣੀਆਂ ਦੇਖੀਏ ਜਦੋਂ ਉਨ੍ਹਾਂ ਨੇ ਬਾਈਬਲ ਪੜ੍ਹਨੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੋਇਆ।
20-21 ਸਾਲਾਂ ਦਾ ਇਜ਼ਕੀਏਲ ਕਹਿੰਦਾ ਹੈ: “ਪਹਿਲਾਂ ਮੈਂ ਉਸ ਡ੍ਰਾਈਵਰ ਵਰਗਾ ਸੀ ਜੋ ਕਾਰ ਚਲਾਉਂਦਾ ਰਹਿੰਦਾ ਹੈ, ਪਰ ਕਿਸੇ ਮੰਜ਼ਲ ਤਕ ਪਹੁੰਚਣ ਦਾ ਉਸ ਦਾ ਕੋਈ ਇਰਾਦਾ ਨਹੀਂ ਹੁੰਦਾ। ਪਰ ਬਾਈਬਲ ਪੜ੍ਹ ਕੇ ਮੇਰੀ ਜ਼ਿੰਦਗੀ ਨੂੰ ਇਕ ਮਕਸਦ ਮਿਲਿਆ ਹੈ। ਇਸ ਵਿਚ ਪਾਈਆਂ ਜਾਂਦੀਆਂ ਬੁੱਧ ਦੀਆਂ ਗੱਲਾਂ ਹਨ ਜਿਨ੍ਹਾਂ ਨੂੰ ਮੈਂ ਰੋਜ਼ ਜ਼ਿੰਦਗੀ ਵਿਚ ਲਾਗੂ ਕਰ ਸਕਦਾ ਹਾਂ।”
21-22 ਸਾਲਾਂ ਦੀ ਫਰੀਡਾ ਕਹਿੰਦੀ ਹੈ: “ਗੁੱਸਾ ਹਮੇਸ਼ਾ ਮੇਰੇ ਨੱਕ ʼਤੇ ਰਹਿੰਦਾ ਸੀ। ਪਰ ਬਾਈਬਲ ਪੜ੍ਹ ਕੇ ਮੈਂ ਆਪਣੇ ਗੁੱਸੇ ʼਤੇ ਕਾਬੂ ਕਰਨਾ ਸਿੱਖਿਆ। ਇਸ ਕਰਕੇ ਮੈਂ ਹੁਣ ਜਲਦੀ ਲੋਕਾਂ ਵਿਚ ਘੁਲ-ਮਿਲ ਜਾਂਦੀ ਹਾਂ ਤੇ ਹੁਣ ਮੇਰੇ ਪਹਿਲਾਂ ਨਾਲੋਂ ਜ਼ਿਆਦਾ ਦੋਸਤ ਹਨ।”
50 ਕੁ ਸਾਲਾਂ ਦੀ ਯੂਨਸ ਬਾਈਬਲ ਬਾਰੇ ਕਹਿੰਦੀ ਹੈ: “ਬਾਈਬਲ ਦੀ ਮਦਦ ਨਾਲ ਮੈਂ ਬੁਰੀਆਂ ਆਦਤਾਂ ਛੱਡ ਕੇ ਇਕ ਚੰਗੀ ਇਨਸਾਨ ਬਣ ਰਹੀ ਹਾਂ।”
ਇਨ੍ਹਾਂ ਅਤੇ ਹੋਰ ਲੱਖਾਂ ਹੀ ਲੋਕਾਂ ਨੇ ਜਾਣਿਆ ਹੈ ਕਿ ਬਾਈਬਲ ਪੜ੍ਹ ਕੇ ਤੁਸੀਂ ਆਪਣੀ ਜ਼ਿੰਦਗੀ ਹੋਰ ਖ਼ੁਸ਼ੀਆਂ ਭਰੀ ਬਣਾ ਸਕਦੇ ਹੋ। (ਯਸਾਯਾਹ 48:17, 18) ਹੋਰ ਗੱਲਾਂ ਦੇ ਨਾਲ-ਨਾਲ ਇਹ ਤੁਹਾਡੀ (1) ਚੰਗੇ ਫ਼ੈਸਲੇ ਕਰਨ, (2) ਸੱਚੇ ਦੋਸਤ ਬਣਾਉਣ, (3) ਪਰੇਸ਼ਾਨੀਆਂ ਨੂੰ ਘਟਾਉਣ ਅਤੇ (4) ਸਭ ਤੋਂ ਵਧੀਆ ਗੱਲ ਕਿ ਇਹ ਰੱਬ ਬਾਰੇ ਸੱਚਾਈ ਜਾਣਨ ਵਿਚ ਮਦਦ ਕਰ ਸਕਦੀ ਹੈ। ਬਾਈਬਲ ਵਿਚ ਪਾਈ ਜਾਂਦੀ ਸਲਾਹ ਰੱਬ ਵੱਲੋਂ ਹੈ, ਇਸ ਲਈ ਇਸ ਨੂੰ ਲਾਗੂ ਕਰ ਕੇ ਤੁਹਾਨੂੰ ਕਦੇ ਨੁਕਸਾਨ ਨਹੀਂ ਹੋਵੇਗਾ। ਰੱਬ ਕਦੇ ਵੀ ਮਾੜੀ ਸਲਾਹ ਨਹੀਂ ਦਿੰਦਾ।
ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਇਸ ਨੂੰ ਪੜ੍ਹਨਾ ਸ਼ੁਰੂ ਕਰੋ। ਕਿਹੜੇ ਸੁਝਾਵਾਂ ʼਤੇ ਚੱਲ ਕੇ ਤੁਹਾਨੂੰ ਬਾਈਬਲ ਪੜ੍ਹਨੀ ਸੌਖੀ ਅਤੇ ਮਜ਼ੇਦਾਰ ਲੱਗੇਗੀ?
-
-
ਮੈਂ ਸ਼ੁਰੂ ਕਿਵੇਂ ਕਰਾਂ?ਪਹਿਰਾਬੁਰਜ (ਪਬਲਿਕ)—2017 | ਨੰ. 1
-
-
ਮੁੱਖ ਪੰਨੇ ਤੋਂ | ਬਾਈਬਲ ਪੜ੍ਹਨ ਦਾ ਮਜ਼ਾ ਕਿਵੇਂ ਲਈਏ?
ਮੈਂ ਸ਼ੁਰੂ ਕਿਵੇਂ ਕਰਾਂ?
ਕਿਹੜੇ ਤਰੀਕੇ ਨਾਲ ਬਾਈਬਲ ਪੜ੍ਹ ਕੇ ਤੁਹਾਨੂੰ ਮਜ਼ਾ ਆਵੇਗਾ ਤੇ ਫ਼ਾਇਦਾ ਹੋਵੇਗਾ? ਪੰਜ ਸੁਝਾਵਾਂ ʼਤੇ ਗੌਰ ਕਰੋ ਜਿਨ੍ਹਾਂ ʼਤੇ ਚੱਲ ਕੇ ਬਹੁਤ ਸਾਰਿਆਂ ਦੀ ਮਦਦ ਹੋਈ ਹੈ।
ਸਹੀ ਮਾਹੌਲ ਚੁਣੋ। ਅਜਿਹੀ ਜਗ੍ਹਾ ਚੁਣੋ ਜਿੱਥੇ ਸ਼ਾਂਤੀ ਹੈ। ਧਿਆਨ ਭਟਕਾਉਣ ਵਾਲੀਆਂ ਗੱਲਾਂ ਤੋਂ ਦੂਰ ਰਹੋ ਤਾਂਕਿ ਤੁਸੀਂ ਧਿਆਨ ਨਾਲ ਪੜ੍ਹ ਸਕੋ। ਚੰਗੀ ਰੌਸ਼ਨੀ ਅਤੇ ਤਾਜ਼ੀ ਹਵਾ ਨਾਲ ਤੁਸੀਂ ਬਾਈਬਲ ਪੜ੍ਹਾਈ ਤੋਂ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਲੈ ਸਕਦੇ ਹੋ।
ਮਨ ਨੂੰ ਪੂਰੀ ਤਰ੍ਹਾਂ ਤਿਆਰ ਕਰੋ। ਬਾਈਬਲ ਸਾਡੇ ਸਵਰਗੀ ਪਿਤਾ ਤੋਂ ਹੈ, ਇਸ ਲਈ ਤੁਹਾਨੂੰ ਇਸ ਤੋਂ ਤਾਂ ਹੀ ਫ਼ਾਇਦਾ ਹੋਵੇਗਾ ਜੇ ਤੁਹਾਡਾ ਰਵੱਈਆ ਉਸ ਬੱਚੇ ਵਰਗਾ ਹੈ ਜੋ ਆਪਣੇ ਪਿਆਰ ਕਰਨ ਵਾਲੇ ਮਾਪਿਆਂ ਤੋਂ ਸਿੱਖਣ ਲਈ ਤਿਆਰ ਰਹਿੰਦਾ ਹੈ। ਜੇ ਤੁਸੀਂ ਬਾਈਬਲ ਬਾਰੇ ਪਹਿਲਾਂ ਤੋਂ ਹੀ ਮਾੜੀ ਰਾਇ ਕਾਇਮ ਕੀਤੀ ਹੋਈ ਹੈ, ਤਾਂ ਉਸ ਨੂੰ ਭੁੱਲ ਜਾਓ ਤਾਂਕਿ ਰੱਬ ਤੁਹਾਨੂੰ ਸਿਖਾ ਸਕੇ।—ਜ਼ਬੂਰਾਂ ਦੀ ਪੋਥੀ 25:4.
ਪੜ੍ਹਨ ਤੋਂ ਪਹਿਲਾਂ ਪ੍ਰਾਰਥਨਾ ਕਰੋ। ਬਾਈਬਲ ਵਿਚ ਰੱਬ ਦੇ ਵਿਚਾਰ ਹਨ, ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਸ ਨੂੰ ਸਮਝਣ ਲਈ ਸਾਨੂੰ ਉਸ ਦੀ ਮਦਦ ਦੀ ਲੋੜ ਹੈ। ਰੱਬ ਵਾਅਦਾ ਕਰਦਾ ਹੈ ਕਿ ਉਹ “ਮੰਗਣ ਤੇ ਤੁਹਾਨੂੰ ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ।” (ਲੂਕਾ 11:13) ਪਵਿੱਤਰ ਸ਼ਕਤੀ ਰੱਬ ਦੀ ਸੋਚ ਨੂੰ ਸਮਝਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਸਮੇਂ ਦੇ ਬੀਤਣ ਨਾਲ ਇਹ ਤੁਹਾਡੇ ਮਨਾਂ ਨੂੰ ਖੋਲ੍ਹੇਗੀ ਤਾਂਕਿ ਤੁਸੀਂ “ਪਰਮੇਸ਼ੁਰ ਦੇ ਡੂੰਘੇ ਭੇਤਾਂ” ਨੂੰ ਸਮਝ ਸਕੋ।—1 ਕੁਰਿੰਥੀਆਂ 2:10.
ਸਮਝਣ ਦੇ ਮਕਸਦ ਨਾਲ ਪੜ੍ਹੋ। ਜਾਣਕਾਰੀ ਨੂੰ ਸਿਰਫ਼ ਖ਼ਤਮ ਕਰਨ ਲਈ ਹੀ ਨਾ ਪੜ੍ਹੋ। ਧਿਆਨ ਨਾਲ ਸੋਚੋ ਕਿ ਤੁਸੀਂ ਕੀ ਪੜ੍ਹ ਰਹੇ ਹੋ। ਆਪਣੇ ਆਪ ਤੋਂ ਇਸ ਤਰ੍ਹਾਂ ਦੇ ਸਵਾਲ ਪੁੱਛੋ: ‘ਮੈਂ ਜਿਸ ਵਿਅਕਤੀ ਬਾਰੇ ਪੜ੍ਹ ਰਿਹਾ ਹਾਂ, ਉਸ ਵਿਚ ਕਿਹੜੇ ਖ਼ਾਸ ਗੁਣ ਹਨ? ਮੈਂ ਇਨ੍ਹਾਂ ਗੁਣਾਂ ਨੂੰ ਆਪਣੇ ਵਿਚ ਕਿਵੇਂ ਪੈਦਾ ਕਰ ਸਕਦਾ ਹਾਂ?’
ਖ਼ਾਸ ਟੀਚੇ ਰੱਖੋ। ਜੇ ਤੁਸੀਂ ਚਾਹੁੰਦੇ ਹੋ ਕਿ ਬਾਈਬਲ ਪੜ੍ਹ ਕੇ ਤੁਹਾਨੂੰ ਫ਼ਾਇਦਾ ਹੋਵੇ, ਤਾਂ ਕੁਝ ਸਿੱਖਣ ਦਾ ਟੀਚਾ ਰੱਖੋ ਜਿਸ ਨਾਲ ਤੁਹਾਡੀ ਜ਼ਿੰਦਗੀ ਬਿਹਤਰ ਬਣੇਗੀ। ਤੁਸੀਂ ਇਸ ਤਰ੍ਹਾਂ ਦੇ ਟੀਚੇ ਰੱਖ ਸਕਦੇ ਹੋ: ‘ਮੈਂ ਰੱਬ ਬਾਰੇ ਹੋਰ ਜਾਣਨਾ ਚਾਹੁੰਦਾ ਹਾਂ।’ ‘ਮੈਂ ਇਕ ਚੰਗਾ ਇਨਸਾਨ ਜਾਂ ਚੰਗਾ ਪਤੀ ਬਣਨਾ ਚਾਹੁੰਦਾ ਹਾਂ ਜਾਂ ਚੰਗੀ ਪਤਨੀ ਬਣਨਾ ਚਾਹੁੰਦੀ ਹਾਂ।’ ਫਿਰ ਬਾਈਬਲ ਦੇ ਕੁਝ ਹਿੱਸੇ ਚੁਣੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਟੀਚਿਆਂ ʼਤੇ ਪਹੁੰਚ ਸਕਦੇ ਹੋ।a
ਇਨ੍ਹਾਂ ਪੰਜ ਸੁਝਾਵਾਂ ਦੀ ਮਦਦ ਨਾਲ ਤੁਸੀਂ ਬਾਈਬਲ ਪੜ੍ਹਨੀ ਸ਼ੁਰੂ ਕਰ ਸਕਦੇ ਹੋ। ਪਰ ਤੁਸੀਂ ਆਪਣੀ ਬਾਈਬਲ ਪੜ੍ਹਾਈ ਨੂੰ ਹੋਰ ਮਜ਼ੇਦਾਰ ਕਿਵੇਂ ਬਣਾ ਸਕਦੇ ਹੋ? ਅਗਲੇ ਲੇਖ ਵਿਚ ਕੁਝ ਸੁਝਾਅ ਦਿੱਤੇ ਗਏ ਹਨ।
a ਜੇ ਤੁਹਾਨੂੰ ਪਤਾ ਨਹੀਂ ਕਿ ਇਨ੍ਹਾਂ ਟੀਚਿਆਂ ʼਤੇ ਪਹੁੰਚਣ ਲਈ ਤੁਹਾਨੂੰ ਬਾਈਬਲ ਦੇ ਕਿਹੜੇ ਹਿੱਸੇ ਪੜ੍ਹਨੇ ਚਾਹੀਦੇ ਹਨ, ਤਾਂ ਯਹੋਵਾਹ ਦੇ ਗਵਾਹਾਂ ਨੂੰ ਤੁਹਾਡੀ ਮਦਦ ਕਰ ਕੇ ਖ਼ੁਸ਼ੀ ਹੋਵੇਗੀ।
-
-
ਕਿਹੜੀਆਂ ਗੱਲਾਂ ਇਸ ਨੂੰ ਮਜ਼ੇਦਾਰ ਬਣਾਉਣਗੀਆਂ?ਪਹਿਰਾਬੁਰਜ (ਪਬਲਿਕ)—2017 | ਨੰ. 1
-
-
ਮੁੱਖ ਪੰਨੇ ਤੋਂ | ਬਾਈਬਲ ਪੜ੍ਹਨ ਦਾ ਮਜ਼ਾ ਕਿਵੇਂ ਲਈਏ?
ਕਿਹੜੀਆਂ ਗੱਲਾਂ ਇਸ ਨੂੰ ਮਜ਼ੇਦਾਰ ਬਣਾਉਣਗੀਆਂ?
ਬੋਰਿੰਗ? ਜਾਂ ਮਜ਼ੇਦਾਰ? ਬਾਈਬਲ ਨੂੰ ਪੜ੍ਹਨਾ ਤੁਹਾਨੂੰ ਕਿੱਦਾਂ ਲੱਗੇਗਾ? ਇਹ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਤੁਸੀਂ ਬਾਈਬਲ ਨੂੰ ਕਿਸ ਤਰੀਕੇ ਨਾਲ ਪੜ੍ਹਦੇ ਹੋ। ਆਓ ਦੇਖੀਏ ਕਿ ਕਿਹੜੀਆਂ ਗੱਲਾਂ ਬਾਈਬਲ ਪੜ੍ਹਨ ਲਈ ਤੁਹਾਡੀ ਦਿਲਚਸਪੀ ਨੂੰ ਵਧਾ ਸਕਦੀਆਂ ਹਨ ਅਤੇ ਇਸ ਪੜ੍ਹਾਈ ਨੂੰ ਮਜ਼ੇਦਾਰ ਬਣਾ ਸਕਦੀਆਂ ਹਨ।
ਭਰੋਸੇਯੋਗ ਤੇ ਅੱਜ ਦੀ ਭਾਸ਼ਾ ਦਾ ਅਨੁਵਾਦ ਚੁਣੋ। ਜੇ ਤੁਸੀਂ ਇੱਦਾਂ ਦੀ ਜਾਣਕਾਰੀ ਪੜ੍ਹਦੇ ਹੋ ਜਿਸ ਵਿਚ ਔਖੇ ਅਤੇ ਪੁਰਾਣੇ ਸ਼ਬਦ ਹਨ ਜਿਨ੍ਹਾਂ ਬਾਰੇ ਤੁਹਾਨੂੰ ਨਹੀਂ ਪਤਾ, ਤਾਂ ਤੁਹਾਨੂੰ ਪੜ੍ਹਨ ਵਿਚ ਮਜ਼ਾ ਨਹੀਂ ਆਵੇਗਾ। ਇਸ ਲਈ ਆਸਾਨ ਭਾਸ਼ਾ ਵਾਲੀ ਬਾਈਬਲ ਚੁਣੋ ਜੋ ਤੁਹਾਡੇ ਦਿਲ ਨੂੰ ਛੋਹੇਗੀ। ਪਰ ਇਸ ਦੇ ਨਾਲ-ਨਾਲ ਇਹ ਬੜੇ ਧਿਆਨ ਨਾਲ ਸਹੀ-ਸਹੀ ਅਨੁਵਾਦ ਕੀਤੀ ਹੋਣੀ ਚਾਹੀਦੀ ਹੈ।a
ਨਵੀਂ ਤਕਨਾਲੋਜੀ ਵਰਤੋ। ਅੱਜ ਬਾਈਬਲ ਨਾ ਸਿਰਫ਼ ਜਿਲਦਬੱਧ ਕਿਤਾਬ ਦੇ ਰੂਪ ਵਿਚ, ਸਗੋਂ ਡਿਜੀਟਲ ਰੂਪ ਵਿਚ ਵੀ ਉਪਲਬਧ ਹੈ। ਕੁਝ ਬਾਈਬਲਾਂ ਨੂੰ ਆਨ-ਲਾਈਨ ਪੜ੍ਹਿਆ ਜਾ ਸਕਦਾ ਹੈ ਜਾਂ ਆਪਣੇ ਕੰਪਿਊਟਰਾਂ, ਟੈਬਲੇਟਾਂ ਅਤੇ ਫ਼ੋਨਾਂ ʼਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਇੰਟਰਨੈੱਟ ʼਤੇ ਜਾਂ ਡਾਊਨਲੋਡ ਕੀਤੇ ਬਾਈਬਲ ਦੇ ਕੁਝ ਅਨੁਵਾਦਾਂ ਵਿਚ ਅਜਿਹੀ ਸਹੂਲਤ ਹੈ ਕਿ ਤੁਸੀਂ ਇੱਕੋ ਵਿਸ਼ੇ ਬਾਰੇ ਬਾਈਬਲ ਦੀਆਂ ਹੋਰ ਆਇਤਾਂ ਦੇਖ ਸਕਦੇ ਹੋ ਜਾਂ ਵੱਖੋ-ਵੱਖਰੇ ਅਨੁਵਾਦਾਂ ਦੀ ਤੁਲਨਾ ਕਰ ਸਕਦੇ ਹੋ। ਜੇ ਤੁਸੀਂ ਪੜ੍ਹਨ ਦੀ ਬਜਾਇ ਸੁਣਨਾ ਪਸੰਦ ਕਰਦੇ ਹੋ, ਤਾਂ ਕੁਝ ਭਾਸ਼ਾਵਾਂ ਵਿਚ ਬਾਈਬਲ ਦੀ ਰਿਕਾਰਡਿੰਗ ਵੀ ਉਪਲਬਧ ਹੈ। ਕਈ ਲੋਕ ਸਫ਼ਰ ਕਰਦੇ ਵੇਲੇ, ਕੱਪੜੇ ਧੋਂਦੇ ਵੇਲੇ ਜਾਂ ਕੋਈ ਹੋਰ ਕੰਮ ਕਰਦੇ ਵੇਲੇ ਰਿਕਾਰਡਿੰਗ ਸੁਣਦੇ ਹਨ। ਕਿਉਂ ਨਾ ਤੁਸੀਂ ਵੀ ਕੋਈ ਤਰੀਕਾ ਅਪਣਾਓ ਜੋ ਤੁਹਾਡੇ ਲਈ ਢੁਕਵਾਂ ਹੈ?
ਬਾਈਬਲ ਸਟੱਡੀ ਕਰਨ ਲਈ ਅਲੱਗ-ਅਲੱਗ ਪ੍ਰਕਾਸ਼ਨ ਵਰਤੋ। ਪ੍ਰਕਾਸ਼ਨਾਂ ਦੀ ਮਦਦ ਨਾਲ ਤੁਸੀਂ ਬਾਈਬਲ ਪੜ੍ਹਾਈ ਦਾ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਲੈ ਸਕਦੇ ਹੋ। ਪੜ੍ਹਦੇ ਵੇਲੇ ਤੁਸੀਂ ਬਾਈਬਲ ਵਿਚ ਦੱਸੇ ਦੇਸ਼ਾਂ ਦੇ ਨਕਸ਼ੇ ਦੇਖ ਸਕਦੇ ਹੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਉਨ੍ਹਾਂ ਥਾਵਾਂ ਨੂੰ ਲੱਭ ਸਕਦੇ ਹੋ ਜਿਨ੍ਹਾਂ ਬਾਰੇ ਤੁਸੀਂ ਪੜ੍ਹ ਰਹੇ ਹੋ ਅਤੇ ਦੇਖ ਸਕਦੇ ਹੋ ਕਿ ਉੱਥੇ ਕਿਹੜੀਆਂ ਘਟਨਾਵਾਂ ਹੋਈਆਂ ਸਨ। ਇਸ ਰਸਾਲੇ ਵਿੱਚ ਦਿੱਤੇ ਲੇਖ ਜਾਂ jw.org ਵੈੱਬਸਾਈਟ ʼਤੇ ਦਿੱਤੇ ਲੇਖ ਬਾਈਬਲ ਦੇ ਕਈ ਹਿੱਸਿਆਂ ਦਾ ਮਤਲਬ ਸਮਝਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ।
ਅਲੱਗ-ਅਲੱਗ ਤਰੀਕੇ ਅਪਣਾਓ। ਜੇ ਤੁਹਾਨੂੰ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਬਾਈਬਲ ਪੜ੍ਹਨੀ ਬੋਰਿੰਗ ਲੱਗਦੀ ਹੈ, ਤਾਂ ਕਿਉਂ ਨਾ ਆਪਣੀ ਦਿਲਚਸਪੀ ਜਗਾਉਣ ਲਈ ਉਸ ਹਿੱਸੇ ਤੋਂ ਪੜ੍ਹਨਾ ਸ਼ੁਰੂ ਪੜ੍ਹੋ ਜੋ ਤੁਹਾਨੂੰ ਬਹੁਤ ਪਸੰਦ ਹੈ? ਜੇ ਤੁਸੀਂ ਬਾਈਬਲ ਵਿਚ ਦੱਸੇ ਮਸ਼ਹੂਰ ਲੋਕਾਂ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਬਾਈਬਲ ਦੇ ਪਾਤਰਾਂ ਬਾਰੇ ਪੜ੍ਹਨ ਦੀ ਕੋਸ਼ਿਸ਼ ਕਰ ਸਕਦੇ ਹੋ। ਇਸ ਲੇਖ ਨਾਲ ਦਿੱਤੀ ਡੱਬੀ “ਬਾਈਬਲ ਵਿਚ ਦੱਸੇ ਲੋਕਾਂ ਨੂੰ ਜਾਣਨ ਲਈ ਬਾਈਬਲ ਪੜ੍ਹੋ” ਵਿਚ ਇਕ ਤਰੀਕਾ ਦੱਸਿਆ ਗਿਆ ਹੈ। ਜਾਂ ਫਿਰ ਤੁਸੀਂ ਬਾਈਬਲ ਦੇ ਇਕ-ਇਕ ਵਿਸ਼ੇ ਬਾਰੇ ਜਾਂ ਜਿਸ ਤਰਤੀਬ ਵਿਚ ਘਟਨਾਵਾਂ ਹੋਈਆਂ ਸਨ, ਉਸ ਤਰਤੀਬ ਵਿਚ ਬਾਈਬਲ ਵਿੱਚੋਂ ਪੜ੍ਹਨਾ ਚਾਹੋ। ਕਿਉਂ ਨਾ ਤੁਸੀਂ ਇਨ੍ਹਾਂ ਵਿੱਚੋਂ ਕੋਈ ਇਕ ਤਰੀਕਾ ਵਰਤੋ?
a ਬਹੁਤ ਸਾਰੇ ਲੋਕਾਂ ਨੂੰ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਸਹੀ, ਭਰੋਸੇਯੋਗ ਅਤੇ ਪੜ੍ਹਨ ਵਿਚ ਆਸਾਨ ਲੱਗਦੀ ਹੈ। ਇਹ ਬਾਈਬਲ ਯਹੋਵਾਹ ਦੇ ਗਵਾਹਾਂ ਨੇ ਤਿਆਰ ਕੀਤੀ ਹੈ ਅਤੇ ਇਹ 130 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹੈ। ਤੁਸੀਂ ਇਸ ਦੀ ਕਾਪੀ jw.org ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ ਜਾਂ JW Library ਐਪ ਡਾਊਨਲੋਡ ਕਰ ਸਕਦੇ ਹੋ। ਜਾਂ ਜੇ ਤੁਸੀਂ ਚਾਹੁੰਦੇ ਹੋ, ਤਾਂ ਯਹੋਵਾਹ ਦੇ ਗਵਾਹ ਬਾਈਬਲ ਦੀ ਇਕ ਕਾਪੀ ਤੁਹਾਨੂੰ ਤੁਹਾਡੇ ਘਰ ਆ ਕੇ ਦੇ ਸਕਦੇ ਹਨ।
-
-
ਬਾਈਬਲ ਮੇਰੀ ਜ਼ਿੰਦਗੀ ਨੂੰ ਬਿਹਤਰ ਕਿਵੇਂ ਬਣਾ ਸਕਦੀ ਹੈ?ਪਹਿਰਾਬੁਰਜ (ਪਬਲਿਕ)—2017 | ਨੰ. 1
-
-
ਮੁੱਖ ਪੰਨੇ ਤੋਂ | ਬਾਈਬਲ ਪੜ੍ਹਨ ਦਾ ਮਜ਼ਾ ਕਿਵੇਂ ਲਈਏ?
ਬਾਈਬਲ ਮੇਰੀ ਜ਼ਿੰਦਗੀ ਨੂੰ ਬਿਹਤਰ ਕਿਵੇਂ ਬਣਾ ਸਕਦੀ ਹੈ?
ਬਾਈਬਲ ਕੋਈ ਆਮ ਕਿਤਾਬ ਨਹੀਂ ਹੈ। ਇਸ ਵਿਚ ਸਾਡੇ ਸਿਰਜਣਹਾਰ ਵੱਲੋਂ ਸਲਾਹ ਦਿੱਤੀ ਗਈ ਹੈ। (2 ਤਿਮੋਥਿਉਸ 3:16) ਇਸ ਵਿਚ ਦਿੱਤਾ ਸੰਦੇਸ਼ ਸਾਡੇ ʼਤੇ ਬਹੁਤ ਅਸਰ ਪਾ ਸਕਦਾ ਹੈ। ਦਰਅਸਲ ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ।” (ਇਬਰਾਨੀਆਂ 4:12) ਇਸ ਵਿਚ ਦੋ ਤਰੀਕਿਆਂ ਨਾਲ ਸਾਡੀ ਜ਼ਿੰਦਗੀ ਬਿਹਤਰ ਬਣਾਉਣ ਦੀ ਤਾਕਤ ਹੈ। ਇਹ ਹੁਣ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਸੇਧ ਦਿੰਦੀ ਹੈ ਅਤੇ ਰੱਬ ਤੇ ਉਸ ਦੇ ਵਾਅਦਿਆਂ ਬਾਰੇ ਜਾਣਨ ਵਿਚ ਸਾਡੀ ਮਦਦ ਕਰਦੀ ਹੈ।—1 ਤਿਮੋਥਿਉਸ 4:8; ਯਾਕੂਬ 4:8.
ਅੱਜ ਤੁਹਾਡੀ ਜ਼ਿੰਦਗੀ ਬਿਹਤਰ ਬਣਾਉਂਦੀ ਹੈ। ਬਾਈਬਲ ਜ਼ਿੰਦਗੀ ਦੇ ਹਰ ਮਾਮਲੇ ਵਿਚ ਮਦਦ ਕਰ ਸਕਦੀ ਹੈ। ਇਹ ਹੇਠਾਂ ਦੱਸੀਆਂ ਗੱਲਾਂ ਬਾਰੇ ਸਲਾਹ ਦਿੰਦੀ ਹੈ।
ਦੂਸਰਿਆਂ ਨਾਲ ਸਾਡੇ ਰਿਸ਼ਤੇ।—ਅਫ਼ਸੀਆਂ 4:31, 32; 5:22, 25, 28, 33.
ਜਜ਼ਬਾਤ ਅਤੇ ਸਿਹਤ।—ਜ਼ਬੂਰਾਂ ਦੀ ਪੋਥੀ 37:8; ਕਹਾਉਤਾਂ 17:22.
ਕਦਰਾਂ-ਕੀਮਤਾਂ।—1 ਕੁਰਿੰਥੀਆਂ 6:9, 10.
ਪੈਸੇ।—ਕਹਾਉਤਾਂ 10:4; 28:19; ਅਫ਼ਸੀਆਂ 4:28.a
ਏਸ਼ੀਆ ਵਿਚ ਰਹਿੰਦੇ ਇਕ ਜੁਆਨ ਜੋੜੇ ਨੂੰ ਬਾਈਬਲ ਵਿਚ ਦਿੱਤੀ ਸਲਾਹ ਬਹੁਤ ਚੰਗੀ ਲੱਗੀ। ਕਈ ਨਵੇਂ ਵਿਆਹੇ ਜੋੜਿਆਂ ਵਾਂਗ ਉਨ੍ਹਾਂ ਨੂੰ ਵੀ ਇਕ-ਦੂਜੇ ਦੇ ਸੁਭਾਅ ਅਨੁਸਾਰ ਢਲ਼ਣ ਅਤੇ ਖੁੱਲ੍ਹ ਕੇ ਗੱਲਬਾਤ ਕਰਨ ਵਿਚ ਬਹੁਤ ਮੁਸ਼ਕਲ ਆ ਰਹੀ ਸੀ। ਪਰ ਉਨ੍ਹਾਂ ਨੇ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ਨੂੰ ਲਾਗੂ ਕਰਨਾ ਸ਼ੁਰੂ ਕੀਤਾ। ਇਸ ਦਾ ਕੀ ਨਤੀਜਾ ਨਿਕਲਿਆ? ਪਤੀ ਵਿਸੇਂਟ ਕਹਿੰਦਾ ਹੈ: “ਬਾਈਬਲ ਵਿੱਚੋਂ ਮੈਂ ਜੋ ਵੀ ਪੜ੍ਹਿਆ, ਉਸ ਦੀ ਮਦਦ ਨਾਲ ਮੈਂ ਵਿਆਹੁਤਾ ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਨੂੰ ਪਿਆਰ ਨਾਲ ਸੁਲਝਾ ਸਕਿਆ। ਬਾਈਬਲ ਅਨੁਸਾਰ ਜੀਉਣ ਨਾਲ ਅਸੀਂ ਜ਼ਿੰਦਗੀ ਵਿਚ ਖ਼ੁਸ਼ੀਆਂ ਮਾਣ ਰਹੇ ਹਾਂ।” ਉਸ ਦੀ ਪਤਨੀ ਅਨਾਲੂ ਸਹਿਮਤ ਹੁੰਦੀ ਹੈ: “ਬਾਈਬਲ ਵਿੱਚੋਂ ਮਿਸਾਲਾਂ ਪੜ੍ਹ ਕੇ ਸਾਡੀ ਮਦਦ ਹੋਈ। ਹੁਣ ਮੈਂ ਆਪਣੀ ਵਿਆਹੁਤਾ ਜ਼ਿੰਦਗੀ ਅਤੇ ਜ਼ਿੰਦਗੀ ਵਿਚ ਰੱਖੇ ਟੀਚਿਆਂ ਤੋਂ ਖ਼ੁਸ਼ ਅਤੇ ਸੰਤੁਸ਼ਟ ਹਾਂ।”
ਰੱਬ ਬਾਰੇ ਜਾਣਨਾ। ਵਿਆਹੁਤਾ ਜ਼ਿੰਦਗੀ ਬਾਰੇ ਦੱਸਣ ਤੋਂ ਇਲਾਵਾ ਵਿਸੇਂਟ ਕਹਿੰਦਾ ਹੈ: “ਬਾਈਬਲ ਪੜ੍ਹਨ ਨਾਲ ਮੈਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਯਹੋਵਾਹ ਦੇ ਨੇੜੇ ਮਹਿਸੂਸ ਕਰਦਾ ਹਾਂ।” ਵਿਸੇਂਟ ਦੀ ਟਿੱਪਣੀ ਤੋਂ ਇਕ ਜ਼ਰੂਰੀ ਗੱਲ ਬਾਰੇ ਪਤਾ ਲੱਗਦਾ ਹੈ—ਬਾਈਬਲ ਰੱਬ ਨੂੰ ਜਾਣਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਨਾ ਸਿਰਫ਼ ਤੁਹਾਨੂੰ ਉਸ ਦੀ ਸਲਾਹ ਤੋਂ ਫ਼ਾਇਦਾ ਹੋਵੇਗਾ, ਸਗੋਂ ਤੁਸੀਂ ਉਸ ਨੂੰ ਇਕ ਦੋਸਤ ਵਜੋਂ ਵੀ ਜਾਣ ਸਕੋਗੇ। ਤੁਸੀਂ ਦੇਖੋਗੇ ਕਿ ਉਹ ਸੁਨਹਿਰੇ ਭਵਿੱਖ ਬਾਰੇ ਜਾਣਕਾਰੀ ਦਿੰਦਾ ਹੈ ਯਾਨੀ ਉਸ ਸਮੇਂ ਬਾਰੇ ਜਦੋਂ ਤੁਸੀਂ “ਅਸਲੀ ਜ਼ਿੰਦਗੀ” ਦਾ ਮਜ਼ਾ ਲੈ ਸਕੋਗੇ ਜੋ ਕਦੇ ਖ਼ਤਮ ਨਹੀਂ ਹੋਵੇਗੀ। (1 ਤਿਮੋਥਿਉਸ 6:19) ਕੋਈ ਵੀ ਹੋਰ ਕਿਤਾਬ ਇਹ ਉਮੀਦ ਨਹੀਂ ਦਿੰਦੀ।
ਜੇ ਤੁਸੀਂ ਬਾਈਬਲ ਨੂੰ ਪੜ੍ਹਨਾ ਸ਼ੁਰੂ ਕਰਦੇ ਹੋ ਅਤੇ ਪੜ੍ਹਦੇ ਰਹਿੰਦੇ ਹੋ, ਤਾਂ ਤੁਹਾਨੂੰ ਵੀ ਇਹ ਫ਼ਾਇਦੇ ਹੋ ਸਕਦੇ ਹਨ। ਤੁਸੀਂ ਵੀ ਹੁਣ ਆਪਣੀ ਜ਼ਿੰਦਗੀ ਬਿਹਤਰ ਬਣਾ ਸਕਦੇ ਹੋ ਅਤੇ ਰੱਬ ਬਾਰੇ ਜਾਣ ਸਕਦੇ ਹੋ। ਪਰ ਬਾਈਬਲ ਪੜ੍ਹਦੇ ਸਮੇਂ ਤੁਹਾਡੇ ਦਿਮਾਗ਼ ਵਿਚ ਬਹੁਤ ਸਾਰੇ ਸਵਾਲ ਆਉਣਗੇ। ਜਦੋਂ ਆਉਣਗੇ ਤਾਂ ਇਥੋਪੀਆ ਦੇ ਅਧਿਕਾਰੀ ਦੀ ਚੰਗੀ ਮਿਸਾਲ ਯਾਦ ਰੱਖੋ ਜੋ ਅੱਜ ਤੋਂ 2,000 ਸਾਲ ਪਹਿਲਾਂ ਜੀਉਂਦਾ ਹੁੰਦਾ ਸੀ। ਬਾਈਬਲ ਬਾਰੇ ਉਸ ਦੇ ਬਹੁਤ ਸਾਰੇ ਸਵਾਲ ਸਨ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਜੋ ਪੜ੍ਹ ਰਿਹਾ ਸੀ ਕੀ ਉਹ ਉਸ ਨੂੰ ਸਮਝ ਆਇਆ, ਤਾਂ ਉਸ ਨੇ ਜਵਾਬ ਦਿੱਤਾ: “ਜਦ ਤਕ ਕੋਈ ਮੈਨੂੰ ਨਾ ਸਮਝਾਵੇ, ਤਾਂ ਮੈਨੂੰ ਕਿਵੇਂ ਸਮਝ ਆਵੇਗਾ?”b ਫਿਰ ਉਹ ਖ਼ੁਸ਼ੀ-ਖ਼ੁਸ਼ੀ ਫ਼ਿਲਿੱਪੁਸ ਤੋਂ ਸਿੱਖਣ ਲਈ ਤਿਆਰ ਹੋ ਗਿਆ ਜਿਸ ਨੂੰ ਬਾਈਬਲ ਦਾ ਕਾਫ਼ੀ ਗਿਆਨ ਸੀ ਅਤੇ ਜੋ ਪਹਿਲੀ ਸਦੀ ਵਿਚ ਯਿਸੂ ਦਾ ਚੇਲਾ ਸੀ। (ਰਸੂਲਾਂ ਦੇ ਕੰਮ 8:30, 31, 34) ਉਸ ਅਧਿਕਾਰੀ ਵਾਂਗ ਜੇ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ www.jw.org/pa ʼਤੇ ਫ਼ਾਰਮ ਭਰੋ ਜਾਂ ਇਸ ਰਸਾਲੇ ਵਿਚ ਦਿੱਤੇ ਪਤੇ ਉੱਤੇ ਲਿਖੋ। ਤੁਸੀਂ ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਜਾਂ ਨੇੜੇ ਦੇ ਕਿੰਗਡਮ ਹਾਲ ਵਿਚ ਜਾ ਸਕਦੇ ਹੋ। ਕਿਉਂ ਨਾ ਅੱਜ ਹੀ ਤੁਸੀਂ ਇਕ ਬਾਈਬਲ ਲਵੋ ਅਤੇ ਇਸ ਦੀ ਸੇਧ ਲੈ ਕੇ ਆਪਣੀ ਜ਼ਿੰਦਗੀ ਬਿਹਤਰ ਬਣਾਓ?
ਜੇ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਬਾਈਬਲ ʼਤੇ ਪੂਰਾ ਭਰੋਸਾ ਕਰ ਸਕਦੇ ਹੋ ਜਾਂ ਨਹੀਂ, ਤਾਂ ਕਿਰਪਾ ਕਰ ਕੇ “ਕੀ ਬਾਈਬਲ ਸੱਚੀ ਹੈ?” ਨਾਂ ਦਾ ਛੋਟਾ ਜਿਹਾ ਵੀਡੀਓ ਦੇਖੋ। ਤੁਸੀਂ ਕੋਡ ਸਕੈਨ ਕਰ ਕੇ ਇਹ ਵੀਡੀਓ ਦੇਖ ਸਕਦੇ ਹੋ ਜਾਂ ਸਾਡੀ ਵੈੱਬਸਾਈਟ jw.org/pa ʼਤੇ “ਕਿਤਾਬਾਂ ਅਤੇ ਮੈਗਜ਼ੀਨ” > “ਵੀਡੀਓ” ਹੇਠਾਂ ਦੇਖ ਸਕਦੇ ਹੋ
a ਬਾਈਬਲ ਦੀ ਸਲਾਹ ਸੰਬੰਧੀ ਹੋਰ ਮਿਸਾਲਾਂ ਦੇਖਣ ਲਈ ਸਾਡੀ ਵੈੱਬਸਾਈਟ jw.org/pa ʼਤੇ ਜਾਓ ਅਤੇ “ਸਾਡੇ ਬਾਰੇ” > “ਆਮ ਪੁੱਛੇ ਜਾਂਦੇ ਸਵਾਲ” ਹੇਠਾਂ ਦੇਖੋ।
b ਇਸ ਅੰਕ ਦਾ ਲੇਖ “ਕੀ ਇਹ ਛੋਟੀ ਜਿਹੀ ਗ਼ਲਤਫ਼ਹਿਮੀ ਹੈ?” ਵੀ ਦੇਖੋ।
-