ਅਸਤਰ
2 ਇਨ੍ਹਾਂ ਗੱਲਾਂ ਤੋਂ ਬਾਅਦ ਜਦ ਰਾਜਾ ਅਹਸ਼ਵੇਰੋਸ਼+ ਦਾ ਗੁੱਸਾ ਠੰਢਾ ਹੋ ਗਿਆ, ਤਾਂ ਉਸ ਨੇ ਇਸ ਗੱਲ ʼਤੇ ਵਿਚਾਰ ਕੀਤਾ ਕਿ ਵਸ਼ਤੀ ਨੇ ਕੀ ਕੀਤਾ ਸੀ+ ਅਤੇ ਉਸ ਨੂੰ ਕੀ ਸਜ਼ਾ ਦਿੱਤੀ ਗਈ ਸੀ।+ 2 ਫਿਰ ਰਾਜੇ ਦੇ ਸੇਵਾਦਾਰਾਂ ਨੇ ਕਿਹਾ: “ਰਾਜੇ ਲਈ ਖ਼ੂਬਸੂਰਤ ਕੁਆਰੀਆਂ ਕੁੜੀਆਂ ਲੱਭੀਆਂ ਜਾਣ। 3 ਰਾਜਾ ਆਪਣੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਅਧਿਕਾਰੀਆਂ ਨੂੰ ਨਿਯੁਕਤ ਕਰੇ+ ਤਾਂਕਿ ਉਹ ਸਾਰੀਆਂ ਖ਼ੂਬਸੂਰਤ ਕੁਆਰੀਆਂ ਕੁੜੀਆਂ ਨੂੰ ਸ਼ੂਸ਼ਨ* ਦੇ ਕਿਲੇ* ਵਿਚ ਔਰਤਾਂ ਦੇ ਘਰ* ਵਿਚ ਲੈ ਕੇ ਆਉਣ। ਉੱਥੇ ਉਨ੍ਹਾਂ ਨੂੰ ਰਾਜੇ ਦੇ ਅਧਿਕਾਰੀ* ਅਤੇ ਔਰਤਾਂ ਦੇ ਨਿਗਰਾਨ ਹੇਗਈ+ ਦੀ ਦੇਖ-ਰੇਖ ਅਧੀਨ ਰੱਖਿਆ ਜਾਵੇ ਅਤੇ ਉਨ੍ਹਾਂ ਦੀ ਖ਼ੂਬਸੂਰਤੀ ਨੂੰ ਨਿਖਾਰਨ ਲਈ ਪ੍ਰਬੰਧ ਕੀਤੇ ਜਾਣ।* 4 ਜਿਹੜੀ ਕੁੜੀ ਰਾਜੇ ਨੂੰ ਸਭ ਤੋਂ ਜ਼ਿਆਦਾ ਪਸੰਦ ਆਵੇ, ਉਸ ਨੂੰ ਵਸ਼ਤੀ ਦੀ ਜਗ੍ਹਾ ਰਾਣੀ ਬਣਾਇਆ ਜਾਵੇ।”+ ਰਾਜੇ ਨੂੰ ਇਹ ਸਲਾਹ ਚੰਗੀ ਲੱਗੀ ਅਤੇ ਉਸ ਨੇ ਉਸੇ ਤਰ੍ਹਾਂ ਕੀਤਾ।
5 ਸ਼ੂਸ਼ਨ*+ ਦੇ ਕਿਲੇ* ਵਿਚ ਮਾਰਦਕਈ+ ਨਾਂ ਦਾ ਇਕ ਯਹੂਦੀ ਆਦਮੀ ਸੀ। ਉਹ ਯਾਈਰ ਦਾ ਪੁੱਤਰ, ਸ਼ਿਮਈ ਦਾ ਪੋਤਾ ਅਤੇ ਬਿਨਯਾਮੀਨੀ+ ਕੀਸ਼ ਦਾ ਪੜਪੋਤਾ ਸੀ 6 ਜੋ ਉਨ੍ਹਾਂ ਲੋਕਾਂ ਵਿੱਚੋਂ ਸੀ ਜਿਨ੍ਹਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ ਯਹੂਦਾਹ ਦੇ ਰਾਜਾ ਯਕਾਨਯਾਹ+ ਦੇ ਨਾਲ ਯਰੂਸ਼ਲਮ ਤੋਂ ਗ਼ੁਲਾਮ ਬਣਾ ਕੇ ਲੈ ਗਿਆ ਸੀ। 7 ਮਾਰਦਕਈ ਨੇ ਆਪਣੇ ਪਿਤਾ ਦੇ ਰਿਸ਼ਤੇਦਾਰ* ਦੀ ਧੀ ਹਦੱਸਾਹ ਦੀ ਪਰਵਰਿਸ਼ ਕੀਤੀ ਸੀ+ ਕਿਉਂਕਿ ਉਹ ਯਤੀਮ ਸੀ। ਉਸ ਦਾ ਨਾਂ ਅਸਤਰ ਵੀ ਸੀ। ਉਹ ਕੁੜੀ ਦੇਖਣ ਵਿਚ ਬਹੁਤ ਸੋਹਣੀ-ਸੁਨੱਖੀ ਸੀ। ਉਸ ਦੇ ਮਾਤਾ-ਪਿਤਾ ਦੀ ਮੌਤ ਹੋਣ ਤੋਂ ਬਾਅਦ ਮਾਰਦਕਈ ਨੇ ਉਸ ਨੂੰ ਗੋਦ ਲੈ ਲਿਆ। 8 ਰਾਜੇ ਦੇ ਫ਼ਰਮਾਨ ਦਾ ਐਲਾਨ ਹੋਣ ਤੋਂ ਬਾਅਦ ਜਦ ਬਹੁਤ ਸਾਰੀਆਂ ਕੁਆਰੀਆਂ ਕੁੜੀਆਂ ਨੂੰ ਇਕੱਠਾ ਕਰ ਕੇ ਸ਼ੂਸ਼ਨ* ਦੇ ਕਿਲੇ* ਵਿਚ ਔਰਤਾਂ ਦੇ ਨਿਗਰਾਨ ਹੇਗਈ ਦੀ ਨਿਗਰਾਨੀ ਅਧੀਨ ਰੱਖਿਆ ਗਿਆ,+ ਤਾਂ ਉਦੋਂ ਅਸਤਰ ਨੂੰ ਵੀ ਰਾਜੇ ਦੇ ਮਹਿਲ ਵਿਚ ਲਿਆਂਦਾ ਗਿਆ।
9 ਹੇਗਈ ਅਸਤਰ ਤੋਂ ਖ਼ੁਸ਼ ਸੀ ਅਤੇ ਉਹ ਉਸ ਉੱਤੇ ਮਿਹਰਬਾਨ ਹੋਇਆ।* ਇਸ ਲਈ ਉਸ ਨੇ ਅਸਤਰ ਦੀ ਖ਼ੂਬਸੂਰਤੀ ਨੂੰ ਨਿਖਾਰਨ* ਦਾ ਕੰਮ ਤੁਰੰਤ ਸ਼ੁਰੂ ਕੀਤਾ+ ਅਤੇ ਉਸ ਦੇ ਖਾਣ-ਪੀਣ ਦਾ ਖ਼ਾਸ ਇੰਤਜ਼ਾਮ ਕੀਤਾ। ਉਸ ਨੇ ਰਾਜੇ ਦੇ ਮਹਿਲ ਵਿੱਚੋਂ ਸੱਤ ਖ਼ਾਸ ਨੌਕਰਾਣੀਆਂ ਅਸਤਰ ਨੂੰ ਦਿੱਤੀਆਂ। ਨਾਲੇ ਬਾਅਦ ਵਿਚ ਉਸ ਨੇ ਅਸਤਰ ਅਤੇ ਉਸ ਦੀਆਂ ਨੌਕਰਾਣੀਆਂ ਨੂੰ ਔਰਤਾਂ ਦੇ ਘਰ* ਵਿਚ ਰਹਿਣ ਲਈ ਸਭ ਤੋਂ ਵਧੀਆ ਜਗ੍ਹਾ ਦਿੱਤੀ। 10 ਅਸਤਰ ਨੇ ਆਪਣੇ ਲੋਕਾਂ ਜਾਂ ਰਿਸ਼ਤੇਦਾਰਾਂ ਬਾਰੇ ਕੁਝ ਨਹੀਂ ਦੱਸਿਆ+ ਕਿਉਂਕਿ ਮਾਰਦਕਈ+ ਨੇ ਉਸ ਨੂੰ ਹਿਦਾਇਤ ਦਿੱਤੀ ਸੀ ਕਿ ਉਹ ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸੇ।+ 11 ਮਾਰਦਕਈ ਹਰ ਰੋਜ਼ ਔਰਤਾਂ ਦੇ ਘਰ* ਦੇ ਵਿਹੜੇ ਦੇ ਸਾਮ੍ਹਣੇ ਆਉਂਦਾ-ਜਾਂਦਾ ਸੀ ਤਾਂਕਿ ਉਹ ਅਸਤਰ ਦਾ ਹਾਲ-ਚਾਲ ਪਤਾ ਕਰ ਸਕੇ ਅਤੇ ਜਾਣ ਸਕੇ ਕਿ ਉਹ ਕਿਸ ਹਾਲ ਵਿਚ ਸੀ।
12 ਹਰ ਕੁੜੀ ਆਪਣੀ ਵਾਰੀ ਮੁਤਾਬਕ ਰਾਜਾ ਅਹਸ਼ਵੇਰੋਸ਼ ਕੋਲ ਜਾਂਦੀ ਸੀ। ਪਰ ਇਸ ਤੋਂ ਪਹਿਲਾਂ 12 ਮਹੀਨੇ ਕੁੜੀਆਂ ਦੀ ਖ਼ੂਬਸੂਰਤੀ ਨੂੰ ਨਿਖਾਰਨ* ਦਾ ਕੰਮ ਕੀਤਾ ਜਾਂਦਾ ਸੀ। ਉਨ੍ਹਾਂ ਦੇ ਛੇ ਮਹੀਨੇ ਗੰਧਰਸ ਦਾ ਤੇਲ+ ਅਤੇ ਛੇ ਮਹੀਨੇ ਬਲਸਾਨ ਦਾ ਤੇਲ+ ਮਲ਼ਿਆ ਜਾਂਦਾ ਸੀ ਅਤੇ ਹੋਰ ਕਈ ਤਰ੍ਹਾਂ ਦੇ ਲੇਪ ਲਾਏ ਜਾਂਦੇ ਸਨ।* 13 ਇਸ ਤੋਂ ਬਾਅਦ ਕੁੜੀ ਨੂੰ ਰਾਜੇ ਕੋਲ ਲਿਜਾਇਆ ਜਾਂਦਾ ਸੀ। ਔਰਤਾਂ ਦੇ ਘਰ ਤੋਂ ਰਾਜੇ ਦੇ ਮਹਿਲ ਵਿਚ ਜਾਣ ਵੇਲੇ ਉਸ ਦੀ ਹਰ ਫ਼ਰਮਾਇਸ਼ ਪੂਰੀ ਕੀਤੀ ਜਾਂਦੀ ਸੀ। 14 ਸ਼ਾਮ ਨੂੰ ਉਹ ਰਾਜੇ ਕੋਲ ਜਾਂਦੀ ਸੀ ਅਤੇ ਸਵੇਰ ਨੂੰ ਉਹ ਔਰਤਾਂ ਦੇ ਦੂਜੇ ਘਰ* ਵਿਚ ਚਲੀ ਜਾਂਦੀ ਸੀ। ਉੱਥੇ ਉਹ ਰਾਜੇ ਦੇ ਅਧਿਕਾਰੀ* ਅਤੇ ਰਖੇਲਾਂ ਦੇ ਨਿਗਰਾਨ ਸ਼ਾਸ਼ਗਜ਼ ਦੀ ਦੇਖ-ਰੇਖ ਵਿਚ ਰਹਿੰਦੀ ਸੀ।+ ਕੋਈ ਵੀ ਕੁੜੀ ਰਾਜੇ ਕੋਲ ਦੁਬਾਰਾ ਨਹੀਂ ਜਾ ਸਕਦੀ ਸੀ। ਪਰ ਜੇ ਰਾਜਾ ਕਿਸੇ ਕੁੜੀ ਤੋਂ ਬਹੁਤ ਖ਼ੁਸ਼ ਹੁੰਦਾ ਸੀ ਅਤੇ ਉਸ ਦਾ ਨਾਂ ਲੈ ਕੇ ਬੁਲਾਉਂਦਾ ਸੀ, ਤਾਂ ਹੀ ਉਹ ਰਾਜੇ ਕੋਲ ਦੁਬਾਰਾ ਜਾ ਸਕਦੀ ਸੀ।+
15 ਹੁਣ ਮਾਰਦਕਈ ਦੇ ਰਿਸ਼ਤੇਦਾਰ ਅਬੀਹੈਲ ਦੀ ਧੀ ਅਸਤਰ, ਜਿਸ ਨੂੰ ਉਸ ਨੇ ਗੋਦ ਲਿਆ ਸੀ,+ ਦੀ ਰਾਜੇ ਕੋਲ ਜਾਣ ਦੀ ਵਾਰੀ ਆਈ। ਰਾਜੇ ਦੇ ਅਧਿਕਾਰੀ* ਅਤੇ ਔਰਤਾਂ ਦੇ ਨਿਗਰਾਨ ਹੇਗਈ ਨੇ ਅਸਤਰ ਨੂੰ ਜੋ ਕੁਝ ਦਿੱਤਾ, ਉਸ ਤੋਂ ਇਲਾਵਾ ਉਸ ਨੇ ਹੋਰ ਕਿਸੇ ਚੀਜ਼ ਦੀ ਮੰਗ ਨਹੀਂ ਕੀਤੀ। (ਜਿਹੜਾ ਵੀ ਅਸਤਰ ਨੂੰ ਮਿਲਦਾ ਸੀ, ਉਹ ਉਸ ਦਾ ਦਿਲ ਜਿੱਤ ਲੈਂਦੀ ਸੀ।) 16 ਅਸਤਰ ਨੂੰ ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਸੱਤਵੇਂ ਸਾਲ+ ਦੇ ਦਸਵੇਂ ਮਹੀਨੇ ਯਾਨੀ ਟੇਬੇਥ* ਦੇ ਮਹੀਨੇ ਰਾਜੇ ਦੇ ਮਹਿਲ ਵਿਚ ਲਿਜਾਇਆ ਗਿਆ। 17 ਰਾਜਾ ਅਸਤਰ ਤੋਂ ਬਹੁਤ ਖ਼ੁਸ਼ ਹੋਇਆ। ਉਸ ਨੇ ਰਾਜੇ ਦਾ ਦਿਲ ਜਿੱਤ ਲਿਆ ਅਤੇ ਰਾਜੇ ਨੇ ਅਸਤਰ ਨੂੰ ਬਾਕੀ ਸਾਰੀਆਂ ਕੁੜੀਆਂ ਨਾਲੋਂ ਜ਼ਿਆਦਾ ਪਸੰਦ* ਕੀਤਾ। ਇਸ ਲਈ ਉਸ ਨੇ ਅਸਤਰ ਦੇ ਸਿਰ ʼਤੇ ਸ਼ਾਹੀ ਤਾਜ* ਪਹਿਨਾਇਆ ਅਤੇ ਉਸ ਨੂੰ ਵਸ਼ਤੀ ਦੀ ਜਗ੍ਹਾ ਰਾਣੀ ਬਣਾ ਦਿੱਤਾ।+ 18 ਰਾਜੇ ਨੇ ਅਸਤਰ ਲਈ ਇਕ ਵੱਡੀ ਦਾਅਵਤ ਰੱਖੀ ਅਤੇ ਉਸ ਨੇ ਆਪਣੇ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਬੁਲਾਇਆ। ਫਿਰ ਉਸ ਨੇ ਜ਼ਿਲ੍ਹਿਆਂ ਵਿਚ ਐਲਾਨ ਕਰਵਾਇਆ ਕਿ ਕੈਦੀਆਂ ਨੂੰ ਰਿਹਾ ਕੀਤਾ ਜਾਵੇ* ਅਤੇ ਉਸ ਨੇ ਦਿਲ ਖੋਲ੍ਹ ਕੇ ਤੋਹਫ਼ੇ ਦਿੱਤੇ।
19 ਜਦੋਂ ਦੂਜੀ ਵਾਰੀ ਕੁਆਰੀਆਂ ਕੁੜੀਆਂ+ ਨੂੰ ਇਕੱਠਾ ਕੀਤਾ ਗਿਆ, ਉਸ ਸਮੇਂ ਮਾਰਦਕਈ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਬੈਠਦਾ ਹੁੰਦਾ ਸੀ। 20 ਅਸਤਰ ਨੇ ਆਪਣੇ ਰਿਸ਼ਤੇਦਾਰਾਂ ਅਤੇ ਆਪਣੇ ਲੋਕਾਂ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ,+ ਠੀਕ ਜਿਵੇਂ ਮਾਰਦਕਈ ਨੇ ਉਸ ਨੂੰ ਹਿਦਾਇਤ ਦਿੱਤੀ ਸੀ। ਅਸਤਰ ਮਾਰਦਕਈ ਦਾ ਕਹਿਣਾ ਮੰਨਦੀ ਰਹੀ, ਜਿਵੇਂ ਉਹ ਉਸ ਦੇ ਕੋਲ ਰਹਿੰਦਿਆਂ ਮੰਨਦੀ ਹੁੰਦੀ ਸੀ।+
21 ਉਨ੍ਹਾਂ ਦਿਨਾਂ ਵਿਚ ਜਦ ਮਾਰਦਕਈ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਬੈਠਦਾ ਸੀ,* ਤਦ ਰਾਜੇ ਦੇ ਦੋ ਦਰਬਾਰੀ, ਬਿਗਥਾਨ ਅਤੇ ਤਰਸ਼, ਰਾਜ-ਮਹਿਲ ਦੇ ਦਰਬਾਨ ਸਨ। ਉਨ੍ਹਾਂ ਦੋਹਾਂ ਨੇ ਗੁੱਸੇ ਵਿਚ ਆ ਕੇ ਰਾਜਾ ਅਹਸ਼ਵੇਰੋਸ਼ ਨੂੰ ਮਾਰਨ* ਦੀ ਸਾਜ਼ਸ਼ ਘੜੀ। 22 ਪਰ ਜਦ ਮਾਰਦਕਈ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਸ ਨੇ ਤੁਰੰਤ ਇਹ ਗੱਲ ਰਾਣੀ ਅਸਤਰ ਨੂੰ ਦੱਸੀ। ਫਿਰ ਅਸਤਰ ਨੇ ਮਾਰਦਕਈ ਦਾ ਨਾਂ ਲੈ ਕੇ* ਇਹ ਗੱਲ ਰਾਜੇ ਨੂੰ ਦੱਸੀ। 23 ਇਸ ਮਾਮਲੇ ਦੀ ਜਾਂਚ-ਪੜਤਾਲ ਕਰਨ ਤੋਂ ਬਾਅਦ ਇਹ ਗੱਲ ਸੱਚ ਸਾਬਤ ਹੋਈ। ਉਨ੍ਹਾਂ ਦੋਵੇਂ ਆਦਮੀਆਂ ਨੂੰ ਸੂਲ਼ੀ ʼਤੇ ਲਟਕਾ ਦਿੱਤਾ ਗਿਆ ਅਤੇ ਰਾਜੇ ਦੀ ਹਜ਼ੂਰੀ ਵਿਚ ਇਹ ਪੂਰਾ ਮਾਮਲਾ ਇਤਿਹਾਸ ਦੀ ਕਿਤਾਬ ਵਿਚ ਦਰਜ ਕੀਤਾ ਗਿਆ।+