ਉਨ੍ਹਾਂ ਨੇ ‘ਤਿਵੇਂ ਹੀ ਕੀਤਾ’
“ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ।”—1 ਯੂਹੰਨਾ 5:3.
1. ਪਰਮੇਸ਼ੁਰ ਦੇ ਪ੍ਰੇਮ ਦੀ ਹੱਦ ਬਾਰੇ ਕੀ ਕਿਹਾ ਜਾ ਸਕਦਾ ਹੈ?
“ਪਰਮੇਸ਼ੁਰ ਪ੍ਰੇਮ ਹੈ।” ਸਾਰੇ ਵਿਅਕਤੀ ਜੋ ਪਰਮੇਸ਼ੁਰ ਨੂੰ ਜਾਣ ਜਾਂਦੇ ਹਨ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ, ਉਹ ਉਸ ਪ੍ਰੇਮ ਦੀ ਡੂੰਘਾਈ ਲਈ ਗਹਿਰੀ ਕਦਰ ਪ੍ਰਾਪਤ ਕਰਦੇ ਹਨ। “ਪ੍ਰੇਮ ਇਸ ਗੱਲ ਵਿੱਚ ਹੈ, ਨਾ ਜੋ ਅਸਾਂ ਪਰਮੇਸ਼ੁਰ ਨਾਲ ਪ੍ਰੇਮ ਕੀਤਾ ਸਗੋਂ ਇਹ ਜੋ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਪੁੱਤ੍ਰ ਨੂੰ ਘੱਲਿਆ ਭਈ ਉਹ ਸਾਡੇ ਪਾਪਾਂ ਦਾ ਪਰਾਸਚਿੱਤ ਹੋਵੇ।” ਜਿਉਂ-ਜਿਉਂ ਅਸੀਂ ਯਿਸੂ ਦੇ ਕੀਮਤੀ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਰੱਖਦੇ ਹਾਂ, ਅਸੀਂ ‘ਪਰਮੇਸ਼ੁਰ ਦੇ ਪ੍ਰੇਮ ਵਿਚ ਬਣੇ ਰਹਿੰਦੇ ਹਾਂ।’ (1 ਯੂਹੰਨਾ 4:8-10, 16) ਇਸ ਤਰ੍ਹਾਂ ਅਸੀਂ ਇਸ ਸਮੇਂ ਅਧਿਆਤਮਿਕ ਬਰਕਤਾਂ ਦੀ ਭਰਮਾਰ ਦਾ ਆਨੰਦ ਮਾਣ ਸਕਦੇ ਹਾਂ ਅਤੇ ਆਉਣ ਵਾਲੀ ਰੀਤੀ-ਵਿਵਸਥਾ ਵਿਚ, ਸਦੀਪਕ ਜੀਵਨ।—ਯੂਹੰਨਾ 17:3; 1 ਯੂਹੰਨਾ 2:15, 17.
2. ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨ ਨਾਲ ਉਸ ਦੇ ਸੇਵਕਾਂ ਨੂੰ ਕਿਵੇਂ ਲਾਭ ਪਹੁੰਚਿਆ ਹੈ?
2 ਬਾਈਬਲ ਰਿਕਾਰਡ ਵਿਚ ਉਨ੍ਹਾਂ ਵਿਅਕਤੀਆਂ ਦੀਆਂ ਅਨੇਕ ਮਿਸਾਲਾਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਅਤੇ ਸਿੱਟੇ ਵਜੋਂ ਭਰਪੂਰਤਾ ਨਾਲ ਵਰੋਸਾਏ ਗਏ ਹਨ। ਇਨ੍ਹਾਂ ਵਿਚ ਮਸੀਹ-ਪੂਰਵ ਗਵਾਹ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਕਈਆਂ ਦੇ ਬਾਰੇ ਰਸੂਲ ਪੌਲੁਸ ਨੇ ਲਿਖਿਆ: “ਏਹ ਸੱਭੇ ਨਿਹਚਾ ਵਿੱਚ ਮਰ ਗਏ ਅਤੇ ਉਨ੍ਹਾਂ ਨੂੰ ਦਿੱਤੇ ਹੋਏ ਬਚਨ ਪਰਾਪਤ ਨਾ ਹੋਏ ਪਰ ਓਹ ਦੂਰੋਂ ਉਨ੍ਹਾਂ ਨੂੰ ਵੇਖ ਕੇ ਜੀ ਆਇਆਂ ਨੂੰ ਆਖਿਆ ਅਤੇ ਮੰਨ ਲਿਆ ਭਈ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ।” (ਇਬਰਾਨੀਆਂ 11:13) ਬਾਅਦ ਵਿਚ, ਪਰਮੇਸ਼ੁਰ ਦੇ ਮਸੀਹੀ ਸ਼ਰਧਾਮਈ ਸੇਵਕਾਂ ਨੇ “ਕਿਰਪਾ ਅਤੇ ਸਚਿਆਈ [ਜੋ] ਯਿਸੂ ਮਸੀਹ ਤੋਂ ਪਹੁੰਚੀ” ਦੁਆਰਾ ਲਾਭ ਪ੍ਰਾਪਤ ਕੀਤਾ। (ਯੂਹੰਨਾ 1:17) ਪੂਰੇ ਮਾਨਵ ਇਤਿਹਾਸ ਦੇ ਕੁਝ 6,000 ਸਾਲਾਂ ਦੇ ਦੌਰਾਨ, ਯਹੋਵਾਹ ਨੇ ਉਨ੍ਹਾਂ ਵਫ਼ਾਦਾਰ ਗਵਾਹਾਂ ਨੂੰ ਪ੍ਰਤਿਫਲ ਦਿੱਤਾ ਹੈ, ਜਿਨ੍ਹਾਂ ਨੇ ਉਸ ਦੇ ਹੁਕਮਾਂ ਨੂੰ ਮੰਨਿਆ ਹੈ, ਜਿਹੜੇ ਕਿ ਅਸਲ ਵਿਚ “ਔਖੇ ਨਹੀਂ ਹਨ।”—1 ਯੂਹੰਨਾ 5:2, 3
ਨੂਹ ਦੇ ਦਿਨਾਂ ਵਿਚ
3. ਕਿੰਨ੍ਹਾਂ ਤਰੀਕਿਆਂ ਵਿਚ ਨੂਹ ਨੇ ‘ਤਿਵੇਂ ਕੀਤਾ’?
3 ਬਾਈਬਲ ਰਿਕਾਰਡ ਬਿਆਨ ਕਰਦਾ ਹੈ: “ਨਿਹਚਾ ਨਾਲ ਨੂਹ ਨੇ ਪਰਮੇਸ਼ੁਰ ਕੋਲੋਂ ਉਨ੍ਹਾਂ ਵਸਤਾਂ ਦੀ ਖਬਰ ਪਾ ਕੇ ਜਿਹੜੀਆਂ ਅਜੇ ਅਣਡਿੱਠ ਸਨ ਸਹਮ ਕੇ ਆਪਣੇ ਘਰ ਦੇ ਬਚਾਉ ਲਈ ਕਿਸ਼ਤੀ ਬਣਾਈ ਅਤੇ ਉਸ ਨਿਹਚਾ ਦੇ ਕਾਰਨ ਉਹ ਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਧਰਮ ਦਾ ਅਧਕਾਰੀ ਹੋਇਆ ਜਿਹੜਾ ਨਿਹਚਾ ਤੋਂ ਹੀ ਹੁੰਦਾ ਹੈ।” ‘ਧਰਮ ਦੇ ਪਰਚਾਰਕ’ ਦੇ ਤੌਰ ਤੇ, ਨੂਹ ਨੇ ਹਿੰਸਕ ਪੂਰਵ-ਪਰਲੋ ਸੰਸਾਰ ਨੂੰ ਆਉਣ ਵਾਲੇ ਈਸ਼ਵਰੀ ਨਿਆਉਂ ਦੇ ਬਾਰੇ ਚੇਤਾਵਨੀ ਦਿੰਦੇ ਹੋਏ, ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਦੀ ਆਗਿਆਪਾਲਣਾ ਕੀਤੀ। (ਇਬਰਾਨੀਆਂ 11:7; 2 ਪਤਰਸ 2:5) ਕਿਸ਼ਤੀ ਬਣਾਉਣ ਵਿਚ, ਉਸ ਨੇ ਈਸ਼ਵਰੀ ਤੌਰ ਤੇ ਪ੍ਰਦਾਨ ਕੀਤੇ ਗਏ ਨੀਲੇ ਨਕਸ਼ੇ ਦੀ ਧਿਆਨਪੂਰਵਕ ਪੈਰਵੀ ਕੀਤੀ। ਫਿਰ ਉਹ ਨਿਯਤ ਜਾਨਵਰਾਂ ਅਤੇ ਖ਼ੁਰਾਕ ਰਸਦਾਂ ਨੂੰ ਅੰਦਰ ਲੈ ਗਿਆ। “ਨੂਹ ਨੇ ਇਹ ਕੀਤਾ। ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਤਿਵੇਂ ਉਸ ਨੇ ਕੀਤਾ।”—ਉਤਪਤ 6:22.
4, 5. (ੳ) ਇਕ ਚੰਦਰੇ ਪ੍ਰਭਾਵ ਨੇ ਅੱਜ ਤਕ ਮਨੁੱਖਜਾਤੀ ਉੱਤੇ ਕਿਵੇਂ ਅਸਰ ਪਾਇਆ ਹੈ? (ਅ) ਈਸ਼ਵਰੀ ਹਿਦਾਇਤਾਂ ਦੀ ਪਾਲਣਾ ਕਰਨ ਵਿਚ ਸਾਨੂੰ ਕਿਉਂ “ਤਿਵੇਂ ਹੀ” ਕਰਨਾ ਚਾਹੀਦਾ ਹੈ?
4 ਨੂਹ ਅਤੇ ਉਸ ਦੇ ਪਰਿਵਾਰ ਨੂੰ ਅਵੱਗਿਆਕਾਰ ਦੂਤਾਂ ਦੇ ਚੰਦਰੇ ਪ੍ਰਭਾਵ ਦਾ ਸਾਮ੍ਹਣਾ ਕਰਨਾ ਪਿਆ। ਪਰਮੇਸ਼ੁਰ ਦੇ ਇਨ੍ਹਾਂ ਪੁੱਤਰਾਂ ਨੇ ਭੌਤਿਕ ਦੇਹ ਧਾਰ ਕੇ ਔਰਤਾਂ ਨਾਲ ਸਹਿਵਾਸ ਕੀਤਾ, ਅਤੇ ਅਲੌਕਿਕ ਦੁਜਾਤੀ ਸੰਤਾਨ ਪੈਦਾ ਕੀਤੀ ਜੋ ਮਨੁੱਖਜਾਤੀ ਨੂੰ ਦਬਕਾਉਂਦੇ ਸਨ। “ਧਰਤੀ ਪਰਮੇਸ਼ੁਰ ਦੇ ਅੱਗੇ ਬਿਗੜੀ ਹੋਈ ਸੀ ਅਰ ਧਰਤੀ ਜ਼ੁਲਮ ਨਾਲ ਭਰੀ ਹੋਈ ਸੀ।” ਯਹੋਵਾਹ ਨੇ ਉਸ ਦੁਸ਼ਟ ਪੀੜ੍ਹੀ ਨੂੰ ਨਾਸ਼ ਕਰਨ ਲਈ ਜਲ-ਪਰਲੋ ਭੇਜਿਆ। (ਉਤਪਤ 6:4, 11-17; 7:1) ਨੂਹ ਦੇ ਦਿਨਾਂ ਤੋਂ ਪਿਸ਼ਾਚੀ ਦੂਤਾਂ ਨੂੰ ਮਾਨਵੀ ਦੇਹ ਧਾਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਫਿਰ ਵੀ, “ਸਾਰਾ ਸੰਸਾਰ ਉਸ ਦੁਸ਼ਟ,” ਸ਼ਤਾਨ ਅਰਥਾਤ ਇਬਲੀਸ ‘ਦੇ ਵੱਸ ਵਿੱਚ ਅਜੇ ਵੀ ਪਿਆ ਹੋਇਆ ਹੈ।’ (1 ਯੂਹੰਨਾ 5:19; ਪਰਕਾਸ਼ ਦੀ ਪੋਥੀ 12:9) ਭਵਿੱਖ-ਸੂਚਕ ਤੌਰ ਤੇ, ਯਿਸੂ ਨੇ ਨੂਹ ਦੇ ਦਿਨਾਂ ਦੀ ਉਸ ਵਿਦਰੋਹੀ ਪੀੜ੍ਹੀ ਦੀ ਤੁਲਨਾ ਮਨੁੱਖਜਾਤੀ ਦੀ ਉਸ ਪੀੜ੍ਹੀ ਨਾਲ ਕੀਤੀ, ਜਿਸ ਨੇ ਉਸ ਨੂੰ ਉਦੋਂ ਤੋਂ ਠੁਕਰਾਇਆ ਹੈ ਜਦੋਂ ਤੋਂ ਉਸ ਦੀ “ਮੌਜੂਦਗੀ” ਦਾ ਚਿੰਨ੍ਹ 1914 ਵਿਚ ਪ੍ਰਗਟ ਹੋਣਾ ਸ਼ੁਰੂ ਹੋਇਆ।—ਮੱਤੀ 24:3, 34, 37-39, ਨਿ ਵ; ਲੂਕਾ 17:26, 27.
5 ਅੱਜ, ਨੂਹ ਦੇ ਦਿਨਾਂ ਵਾਂਗ, ਸ਼ਤਾਨ ਮਨੁੱਖਜਾਤੀ ਨੂੰ ਅਤੇ ਸਾਡੇ ਗ੍ਰਹਿ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। (ਪਰਕਾਸ਼ ਦੀ ਪੋਥੀ 11:15-18) ਇਸ ਲਈ ਇਹ ਅਤਿ-ਆਵੱਸ਼ਕ ਹੈ ਕਿ ਅਸੀਂ ਇਸ ਪ੍ਰੇਰਿਤ ਹੁਕਮ ਨੂੰ ਮੰਨੀਏ: “ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ ਤਾਂ ਜੋ ਤੁਸੀਂ ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸੱਕੋ।” (ਅਫ਼ਸੀਆਂ 6:11) ਇਸ ਵਿਚ, ਅਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਅਤੇ ਇਸ ਨੂੰ ਆਪਣੇ ਜੀਵਨਾਂ ਵਿਚ ਲਾਗੂ ਕਰਨ ਦੇ ਦੁਆਰਾ ਮਜ਼ਬੂਤ ਹੁੰਦੇ ਹਾਂ। ਇਸ ਤੋਂ ਇਲਾਵਾ, ਸਾਨੂੰ ਜਿਸ ਰਾਹ ਉੱਤੇ ਜਾਣਾ ਚਾਹੀਦਾ ਹੈ, ਉਸ ਉੱਤੇ ਸਾਨੂੰ ਧੀਰਜ ਨਾਲ ਅਗਵਾਈ ਕਰਨ ਲਈ ਸਾਡੇ ਕੋਲ ਯਹੋਵਾਹ ਦਾ ਕਦਰਪੂਰਣ ਸੰਗਠਨ, ਅਤੇ ਉਸ ਦਾ ਮਸਹ ਕੀਤਾ ਹੋਇਆ “ਮਾਤਬਰ ਅਤੇ ਬੁੱਧਵਾਨ ਨੌਕਰ” ਅਤੇ ਪ੍ਰੇਮਮਈ ਬਜ਼ੁਰਗ ਹਨ। ਅਸੀਂ ਇਕ ਵਿਸ਼ਵ-ਵਿਆਪੀ ਪ੍ਰਚਾਰ ਕੰਮ ਪੂਰਾ ਕਰਨਾ ਹੈ। (ਮੱਤੀ 24:14, 45-47) ਨੂਹ ਦੀ ਤਰ੍ਹਾਂ, ਜਿਸ ਨੇ ਇੰਨੇ ਧਿਆਨ ਨਾਲ ਈਸ਼ਵਰੀ ਹਿਦਾਇਤਾਂ ਦੀ ਪਾਲਣਾ ਕੀਤੀ, ਅਸੀਂ ਵੀ ਹਮੇਸ਼ਾ ‘ਤਿਵੇਂ ਕਰੀਏ।’
ਮੂਸਾ—ਮਨੁੱਖਾਂ ਵਿੱਚੋਂ ਸਭ ਤੋਂ ਨਿਮਰ ਵਿਅਕਤੀ
6, 7. (ੳ) ਮੂਸਾ ਨੇ ਕਿਹੜਾ ਲਾਭਦਾਇਕ ਚੋਣ ਕੀਤਾ? (ਅ) ਮੂਸਾ ਨੇ ਸਾਡੇ ਲਈ ਕਿਹੜਾ ਸਾਹਸੀ ਨਮੂਨਾ ਛੱਡਿਆ ਹੈ?
6 ਇਕ ਹੋਰ ਨਿਹਚਾਵਾਨ ਵਿਅਕਤੀ ਦੇ ਬਾਰੇ ਗੌਰ ਕਰੋ—ਮੂਸਾ। ਉਹ ਮਿਸਰ ਦੀ ਐਸ਼ੋ-ਇਸ਼ਰਤ ਦੇ ਵਿਚਕਾਰ ਇਕ ਐਸ਼ਪਰਸਤ ਜੀਵਨ ਬਤੀਤ ਕਰ ਸਕਦਾ ਸੀ। ਪਰੰਤੂ ਉਸ ਨੇ ‘ਪਾਪ ਦੇ ਭੋਗ ਬਿਲਾਸ ਨਾਲੋਂ ਜੋ ਥੋੜੇ ਚਿਰ ਲਈ ਹੈ ਪਰਮੇਸ਼ੁਰ ਦੀ ਪਰਜਾ ਨਾਲ ਜਬਰੀ ਝੱਲਣਾ’ ਚੁਣਿਆ। ਯਹੋਵਾਹ ਦੇ ਨਿਯੁਕਤ ਸੇਵਕ ਦੇ ਤੌਰ ਤੇ, “ਫਲ ਵੱਲ ਉਹ ਦਾ ਧਿਆਨ ਸੀ [ਅਤੇ] ਉਹ ਅਲੱਖ ਨੂੰ ਜਾਣੀਦਾ ਲੱਖ ਕੇ ਤਕੜਾ ਰਿਹਾ।”—ਇਬਰਾਨੀਆਂ 11:23-28.
7 ਗਿਣਤੀ 12:3 ਵਿਚ, ਅਸੀਂ ਪੜ੍ਹਦੇ ਹਾਂ: “ਉਹ ਮਰਦ ਮੂਸਾ ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ ਸੀ।” ਇਸ ਦੇ ਉਲਟ, ਮਿਸਰ ਦੇ ਫ਼ਿਰਊਨ ਨੇ ਸਾਰਿਆਂ ਮਨੁੱਖਾਂ ਵਿੱਚੋਂ ਸਭ ਤੋਂ ਘਮੰਡੀ ਵਿਅਕਤੀ ਵਰਗਾ ਵਰਤਾਉ ਕੀਤਾ। ਜਦੋਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਫ਼ਿਰਊਨ ਉੱਤੇ ਉਸ ਦਾ ਨਿਆਉਂ ਘੋਸ਼ਿਤ ਕਰਨ ਦਾ ਹੁਕਮ ਦਿੱਤਾ, ਤਾਂ ਉਨ੍ਹਾਂ ਨੇ ਕਿਵੇਂ ਪ੍ਰਤਿਕ੍ਰਿਆ ਦਿਖਾਈ? ਸਾਨੂੰ ਦੱਸਿਆ ਜਾਂਦਾ ਹੈ: “ਮੂਸਾ ਅਤੇ ਹਾਰੂਨ ਨੇ ਓਵੇਂ ਕੀਤਾ। ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਓਵੇਂ ਹੀ ਕੀਤਾ।” (ਕੂਚ 7:4-7) ਸਾਡੇ ਲਈ, ਜੋ ਅੱਜ ਪਰਮੇਸ਼ੁਰ ਦੇ ਨਿਆਉਂ ਘੋਸ਼ਿਤ ਕਰਦੇ ਹਾਂ, ਕਿੰਨਾ ਹੀ ਸਾਹਸੀ ਨਮੂਨਾ!
8. ਇਸਰਾਏਲੀਆਂ ਤੋਂ “ਤਿਵੇਂ ਹੀ” ਕਰਨ ਦੀ ਮੰਗ ਕਿਵੇਂ ਕੀਤੀ ਗਈ ਸੀ, ਅਤੇ ਪਰਿਣਿਤ ਹੋਣ ਵਾਲੀ ਖ਼ੁਸ਼ੀ ਦਾ ਸਮਾਨਾਂਤਰ ਕਿਵੇਂ ਨੇੜੇ ਭਵਿੱਖ ਵਿਚ ਅਨੁਭਵ ਕੀਤਾ ਜਾਵੇਗਾ?
8 ਕੀ ਇਸਰਾਏਲੀਆਂ ਨੇ ਮੂਸਾ ਨੂੰ ਵਫ਼ਾਦਾਰੀ ਨਾਲ ਸਮਰਥਨ ਦਿੱਤਾ? ਜਦੋਂ ਯਹੋਵਾਹ ਨੇ ਮਿਸਰ ਨੂੰ ਦਸ ਵਿੱਚੋਂ ਨੌਂ ਬਵਾਂ ਨਾਲ ਪੀੜਿਤ ਕੀਤਾ, ਇਸ ਤੋਂ ਬਾਅਦ ਉਸ ਨੇ ਇਸਰਾਏਲ ਨੂੰ ਪਸਾਹ ਮਨਾਉਣ ਬਾਰੇ ਵਿਸਤ੍ਰਿਤ ਹਿਦਾਇਤਾਂ ਦਿੱਤੀਆਂ। “ਤਾਂ ਪਰਜਾ ਨੇ ਸੀਸ ਨਿਵਾ ਕੇ ਮੱਥਾ ਟੇਕਿਆ। ਫੇਰ ਇਸਰਾਏਲੀਆਂ ਨੇ ਜਾਕੇ ਓਵੇਂ ਹੀ ਕੀਤਾ। ਜਿਵੇਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਕੀਤਾ।” (ਕੂਚ 12:27, 28) ਉਸ ਘਟਨਾਪੂਰਣ ਦਿਨ, ਨਿਸਾਨ 14, 1513 ਸਾ.ਯੁ.ਪੂ., ਦੀ ਅੱਧੀ ਰਾਤ ਨੂੰ, ਪਰਮੇਸ਼ੁਰ ਦੇ ਦੂਤ ਨੇ ਮਿਸਰ ਦੇ ਸਾਰੇ ਪਲੋਠਿਆਂ ਨੂੰ ਕਤਲ ਕਰ ਦਿੱਤਾ ਪਰੰਤੂ ਇਸਰਾਏਲੀ ਘਰਾਂ ਦੇ ਉੱਤੋਂ ਲੰਘ ਗਿਆ। ਇਸਰਾਏਲ ਦੇ ਪਲੋਠਿਆਂ ਨੂੰ ਕਿਉਂ ਛੱਡ ਦਿੱਤਾ ਗਿਆ? ਕਿਉਂਕਿ ਉਨ੍ਹਾਂ ਨੇ ਪਸਾਹ ਦੇ ਲੇਲੇ ਦੇ ਲਹੂ ਹੇਠ ਸੁਰੱਖਿਆ ਹਾਸਲ ਕੀਤੀ ਸੀ, ਜੋ ਉਨ੍ਹਾਂ ਦੇ ਦਰਵਾਜ਼ੇ ਉੱਤੇ ਛਿੜਕਿਆ ਹੋਇਆ ਸੀ। ਉਨ੍ਹਾਂ ਨੇ ਓਵੇਂ ਹੀ ਕੀਤਾ ਜਿਵੇਂ ਕਿ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੁਕਮ ਕੀਤਾ ਸੀ। ਜੀ ਹਾਂ, “ਉਨ੍ਹਾਂ ਨੇ ਤਿਵੇਂ ਹੀ ਕੀਤਾ।” (ਕੂਚ 12:50, 51) ਲਾਲ ਸਮੁੰਦਰ ਵਿਖੇ, ਯਹੋਵਾਹ ਨੇ ਆਪਣੇ ਆਗਿਆਕਾਰ ਲੋਕਾਂ ਨੂੰ ਬਚਾਉਣ ਅਤੇ ਫ਼ਿਰਊਨ ਤੇ ਉਸ ਦੀ ਫ਼ੌਜ ਦੇ ਸ਼ਕਤੀਸ਼ਾਲੀ ਪ੍ਰਬੰਧਕੀ ਢਾਂਚੇ ਨੂੰ ਨਾਸ਼ ਕਰਨ ਦੇ ਦੁਆਰਾ ਇਕ ਹੋਰ ਚਮਤਕਾਰ ਕੀਤਾ। ਇਸਰਾਏਲੀ ਕਿੰਨੇ ਖ਼ੁਸ਼ ਹੋਏ! ਇਸੇ ਤਰ੍ਹਾਂ ਅੱਜ, ਅਨੇਕ ਲੋਕ ਜਿਨ੍ਹਾਂ ਨੇ ਯਹੋਵਾਹ ਦੇ ਹੁਕਮਾਂ ਨੂੰ ਮੰਨਿਆ ਹੈ, ਆਰਮਾਗੇਡਨ ਵਿਖੇ ਉਸ ਦੇ ਦੋਸ਼-ਨਿਵਾਰਣ ਦੇ ਚਸ਼ਮਦੀਦ ਗਵਾਹ ਹੋਣ ਦੇ ਕਾਰਨ ਆਨੰਦ ਮਾਣਨਗੇ।—ਕੂਚ 15:1, 2; ਪਰਕਾਸ਼ ਦੀ ਪੋਥੀ 15:3, 4.
9. ਡੇਹਰੇ ਦੇ ਸੰਬੰਧ ਵਿਚ ਇਸਰਾਏਲੀਆਂ ਦੇ “ਤਿਵੇਂ ਹੀ” ਕਰਨ ਦੁਆਰਾ ਆਧੁਨਿਕ-ਦਿਨ ਦੇ ਕਿਹੜੇ ਵਿਸ਼ੇਸ਼-ਸਨਮਾਨਾਂ ਦਾ ਪੂਰਵ-ਸੰਕੇਤ ਮਿਲਦਾ ਹੈ?
9 ਜਦੋਂ ਯਹੋਵਾਹ ਨੇ ਇਸਰਾਏਲ ਨੂੰ ਚੰਦਾ ਇਕੱਠਾ ਕਰਨ ਅਤੇ ਉਜਾੜ ਵਿਚ ਇਕ ਡੇਹਰਾ ਬਣਾਉਣ ਦਾ ਹੁਕਮ ਦਿੱਤਾ, ਤਾਂ ਲੋਕਾਂ ਨੇ ਦਿਲ ਖੋਲ੍ਹ ਕੇ ਆਪਣਾ ਪੂਰਾ ਸਮਰਥਨ ਦਿੱਤਾ। ਫਿਰ, ਸਭ ਤੋਂ ਛੋਟੇ ਵੇਰਵੇ ਤਕ ਵੀ, ਮੂਸਾ ਅਤੇ ਉਸ ਦੇ ਰਜ਼ਾਮੰਦ ਸਹਿਕਰਮੀਆਂ ਨੇ ਯਹੋਵਾਹ ਵੱਲੋਂ ਪ੍ਰਦਾਨ ਕੀਤੇ ਗਏ ਨਿਰਮਾਣ ਨਕਸ਼ਿਆਂ ਦੀ ਪੈਰਵੀ ਕੀਤੀ। “ਸੋ ਡੇਹਰੇ ਦੀ ਮੰਡਲੀ ਦੇ ਤੰਬੂ ਦਾ ਸਾਰਾ ਕੰਮ ਪੂਰਾ ਹੋਇਆ ਅਤੇ ਐਉਂ ਇਸਰਾਏਲੀਆਂ ਨੇ ਸਾਰਾ ਕੁਝ ਕੀਤਾ। ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਨ੍ਹਾਂ ਨੇ ਤਿਵੇਂ ਹੀ ਕੀਤਾ।” ਇਸੇ ਤਰ੍ਹਾਂ, ਜਾਜਕਾਈ ਦੇ ਉਦਘਾਟਨ ਤੇ, “ਮੂਸਾ ਨੇ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਤਿਵੇਂ ਹੀ ਸਭ ਕੁਝ ਕੀਤਾ।” (ਕੂਚ 39:32; 40:16) ਆਧੁਨਿਕ ਸਮਿਆਂ ਵਿਚ, ਸਾਨੂੰ ਪ੍ਰਚਾਰ ਕੰਮ ਨੂੰ ਅਤੇ ਰਾਜ ਵਿਸਤਾਰ ਦੇ ਲਈ ਕਾਰਜਕ੍ਰਮਾਂ ਨੂੰ ਪੂਰੇ ਦਿਲ ਨਾਲ ਸਮਰਥਨ ਦੇਣ ਦਾ ਮੌਕਾ ਹਾਸਲ ਹੈ। ਇਸ ਲਈ ਇਕੱਠੇ ਮਿਲ ਕੇ “ਤਿਵੇਂ ਹੀ” ਕਰਨਾ ਸਾਡਾ ਵਿਸ਼ੇਸ਼-ਸਨਮਾਨ ਹੈ।
ਯਹੋਸ਼ੁਆ—ਸਾਹਸੀ ਅਤੇ ਬਹੁਤ ਤਕੜਾ
10, 11. (ੳ) ਕਿਹੜੀ ਚੀਜ਼ ਨੇ ਯਹੋਸ਼ੁਆ ਨੂੰ ਸਫ਼ਲਤਾ ਲਈ ਤਿਆਰ ਕੀਤਾ? (ਅ) ਅਸੀਂ ਕਿਵੇਂ ਆਧੁਨਿਕ-ਦਿਨ ਦੀਆਂ ਅਜ਼ਮਾਇਸ਼ਾਂ ਨਾਲ ਨਿਭਣ ਲਈ ਮਜ਼ਬੂਤ ਕੀਤੇ ਜਾ ਸਕਦੇ ਹਾਂ?
10 ਜਦੋਂ ਮੂਸਾ ਨੇ ਇਸਰਾਏਲ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲਿਜਾਉਣ ਲਈ ਯਹੋਸ਼ੁਆ ਨੂੰ ਨਿਯੁਕਤ ਕੀਤਾ, ਤਦ ਸੰਭਵ ਹੈ ਕਿ ਯਹੋਵਾਹ ਦੇ ਪ੍ਰੇਰਿਤ ਲਿਖਤ ਬਚਨ ਵਿਚ ਕੇਵਲ ਮੂਸਾ ਦੀਆਂ ਪੰਜ ਪੋਥੀਆਂ, ਇਕ ਜਾਂ ਦੋ ਜ਼ਬੂਰ, ਅਤੇ ਅੱਯੂਬ ਦੀ ਪੋਥੀ ਹੀ ਸ਼ਾਮਲ ਸਨ। ਮੂਸਾ ਨੇ ਯਹੋਸ਼ੁਆ ਨੂੰ ਹਿਦਾਇਤ ਦਿੱਤੀ ਸੀ ਕਿ ਉਹ ਵਾਅਦਾ ਕੀਤੇ ਹੋਏ ਦੇਸ਼ ਪਹੁੰਚਣ ਤੇ ਲੋਕਾਂ ਨੂੰ ਇਕੱਠਾ ਕਰੇ ਅਤੇ ‘ਸਾਰੇ ਇਸਰਾਏਲ ਦੇ ਸੁਣਦਿਆਂ ਤੇ ਉਨ੍ਹਾਂ ਦੇ ਅੱਗੇ ਏਸ ਬਿਵਸਥਾ ਨੂੰ ਪੜ੍ਹੇ।’ (ਬਿਵਸਥਾ ਸਾਰ 31:10-12) ਇਸ ਤੋਂ ਇਲਾਵਾ, ਯਹੋਵਾਹ ਨੇ ਖ਼ੁਦ ਯਹੋਸ਼ੁਆ ਨੂੰ ਹੁਕਮ ਦਿੱਤਾ: “ਏਹ ਬਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇਂ ਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸੁਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ।”—ਯਹੋਸ਼ੁਆ 1:8.
11 ਯਹੋਵਾਹ ਦੀ “ਪੋਥੀ” ਦੇ ਦੈਨਿਕ ਪਠਨ ਨੇ ਯਹੋਸ਼ੁਆ ਨੂੰ ਅਗਾਹਾਂ ਦੀਆਂ ਅਜ਼ਮਾਇਸ਼ਾਂ ਨਾਲ ਨਿਭਣ ਲਈ ਤਿਆਰ ਕੀਤਾ, ਠੀਕ ਜਿਵੇਂ ਯਹੋਵਾਹ ਦਾ ਬਚਨ, ਅਰਥਾਤ ਬਾਈਬਲ, ਦਾ ਦੈਨਿਕ ਪਠਨ ਉਸ ਦੇ ਆਧੁਨਿਕ-ਦਿਨ ਦੇ ਗਵਾਹਾਂ ਨੂੰ ਇਨ੍ਹਾਂ ਭੈੜੇ “ਅੰਤ ਦਿਆਂ ਦਿਨਾਂ” ਦੀਆਂ ਅਜ਼ਮਾਇਸ਼ਾਂ ਨਾਲ ਨਿਭਣ ਲਈ ਮਜ਼ਬੂਤ ਕਰਦਾ ਹੈ। (2 ਤਿਮੋਥਿਉਸ 3:1) ਜਿਸ ਤਰ੍ਹਾਂ ਅਸੀਂ ਇਕ ਹਿੰਸਕ ਸੰਸਾਰ ਦੁਆਰਾ ਘੇਰੇ ਹੋਏ ਹਾਂ, ਆਓ ਅਸੀਂ ਵੀ ਪਰਮੇਸ਼ੁਰ ਵੱਲੋਂ ਯਹੋਸ਼ੁਆ ਨੂੰ ਦਿੱਤੀ ਗਈ ਤਾੜਨਾ ਨੂੰ ਦਿਲ ਵਿਚ ਬਿਠਾ ਲਈਏ: ‘ਤਕੜਾ ਹੋ ਅਤੇ ਹੌਸਲਾ ਰੱਖ। ਨਾ ਕੰਬ ਅਤੇ ਨਾ ਘਾਬਰ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ।’ (ਯਹੋਸ਼ੁਆ 1:9) ਕਨਾਨ ਨੂੰ ਜਿੱਤਣ ਤੋਂ ਬਾਅਦ, ਇਸਰਾਏਲ ਦਿਆਂ ਗੋਤਾਂ ਨੂੰ ਭਰਪੂਰ ਪ੍ਰਤਿਫਲ ਮਿਲਿਆ ਜਦੋਂ ਉਨ੍ਹਾਂ ਨੇ ਆਪਣੀ ਵਿਰਾਸਤ ਵਿਚ ਵਸਣਾ ਸ਼ੁਰੂ ਕੀਤਾ। “ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਓਵੇਂ ਇਸਰਾਏਲੀਆਂ ਨੇ ਕੀਤਾ।” (ਯਹੋਸ਼ੁਆ 14:5) ਇਕ ਸਮਾਨ ਪ੍ਰਤਿਫਲ ਅੱਜ ਸਾਡੇ ਸਾਰਿਆਂ ਲਈ ਰੱਖਿਆ ਹੋਇਆ ਹੈ, ਜੋ ਆਗਿਆਕਾਰੀ ਢੰਗ ਨਾਲ “ਤਿਵੇਂ ਹੀ” ਕਰਦੇ ਹੋਏ, ਪਰਮੇਸ਼ੁਰ ਦੇ ਬਚਨ ਨੂੰ ਪੜ੍ਹਦੇ ਅਤੇ ਇਸ ਨੂੰ ਆਪਣੇ ਜੀਵਨਾਂ ਵਿਚ ਲਾਗੂ ਕਰਦੇ ਹਨ।
ਰਾਜੇ—ਵਫ਼ਾਦਾਰ ਅਤੇ ਅਵੱਗਿਆਕਾਰ
12. (ੳ) ਇਸਰਾਏਲ ਦੇ ਰਾਜਿਆਂ ਨੂੰ ਕੀ ਹੁਕਮ ਦਿੱਤਾ ਗਿਆ ਸੀ? (ਅ) ਰਾਜਿਆਂ ਵੱਲੋਂ ਹੁਕਮ ਦੀ ਪਾਲਣਾ ਨਾ ਕਰਨ ਦਾ ਕੀ ਨਤੀਜਾ ਹੋਇਆ?
12 ਇਸਰਾਏਲ ਦੇ ਰਾਜਿਆਂ ਬਾਰੇ ਕੀ? ਯਹੋਵਾਹ ਨੇ ਰਾਜਿਆਂ ਉੱਤੇ ਇਹ ਮੰਗ ਰੱਖੀ ਸੀ: “ਜਦ ਉਹ ਆਪਣੀ ਰਾਜ ਗੱਦੀ ਉੱਤੇ ਬੈਠੇ ਤਾਂ ਉਹ ਆਪਣੇ ਲਈ ਏਸ ਬਿਵਸਥਾ ਦੀ ਨਕਲ ਉਸ ਪੋਥੀ ਵਿੱਚੋਂ ਜਿਹੜੀ ਲੇਵੀ ਜਾਜਕਾਂ ਦੇ ਕੋਲ ਹੈ ਲਿਖ ਲਵੇ। ਉਹ ਉਸ ਦੇ ਕੋਲ ਰਹੇਗੀ। ਉਹ ਜੀਵਨ ਦੇ ਸਾਰੇ ਦਿਨ ਉਸ ਨੂੰ ਪੜ੍ਹੇ ਤਾਂ ਜੋ ਯਹੋਵਾਹ ਆਪਣੇ ਪਰਮੇਸ਼ੁਰ ਦਾ ਡਰ ਰੱਖਣਾ ਸਿੱਖੇ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰੇ ਅਤੇ ਇਨ੍ਹਾਂ ਬਿਧੀਆਂ ਨੂੰ ਪੂਰਾ ਕਰੇ।” (ਬਿਵਸਥਾ ਸਾਰ 17:18, 19) ਕੀ ਇਸਰਾਏਲ ਦੇ ਰਾਜਿਆਂ ਨੇ ਉਸ ਹੁਕਮ ਦੀ ਪਾਲਣਾ ਕੀਤੀ? ਸਮੁੱਚੇ ਤੌਰ ਤੇ, ਉਹ ਬਹੁਤ ਬੁਰੀ ਤਰ੍ਹਾਂ ਅਸਫ਼ਲ ਹੋਏ, ਜਿਸ ਕਰਕੇ ਉਨ੍ਹਾਂ ਨੇ ਬਿਵਸਥਾ ਸਾਰ 28:15-68 ਵਿਚ ਪੂਰਵ-ਸੂਚਿਤ ਕੀਤੇ ਗਏ ਸਰਾਪਾਂ ਦਾ ਦੁੱਖ ਭੋਗਿਆ। ਅੰਤ ਵਿਚ, ਇਸਰਾਏਲ ਨੂੰ “ਧਰਤੀ ਦੇ ਇੱਕ ਪਾਸੇ ਤੋਂ ਧਰਤੀ ਦੇ ਦੂਜੇ ਪਾਸੇ ਤੀਕ” ਖਿਲਾਰਿਆ ਗਿਆ।
13. ਯਹੋਵਾਹ ਦੇ ਬਚਨ ਲਈ ਪ੍ਰੇਮ ਦਿਖਾਉਣ ਦੇ ਦੁਆਰਾ ਸਾਨੂੰ ਕਿਵੇਂ ਲਾਭ ਪਹੁੰਚ ਸਕਦਾ ਹੈ, ਜਿਵੇਂ ਕਿ ਦਾਊਦ ਨੂੰ ਲਾਭ ਪਹੁੰਚਿਆ ਸੀ?
13 ਪਰੰਤੂ, ਦਾਊਦ—ਇਸਰਾਏਲ ਵਿਚ ਪਹਿਲਾ ਵਫ਼ਾਦਾਰ ਮਾਨਵ ਰਾਜਾ—ਨੇ ਯਹੋਵਾਹ ਦੇ ਪ੍ਰਤੀ ਅਨੋਖੀ ਭਗਤੀ ਦਿਖਾਈ। ਉਹ ਮਸੀਹ ਯਿਸੂ ਨੂੰ ਪੂਰਵ-ਪਰਛਾਵਾਂ ਕਰਦਿਆਂ ਹੋਏ, ਅਰਥਾਤ ‘ਯਹੂਦਾਹ ਦੇ ਗੋਤ ਦਾ’ ਵਿਜਈ ‘ਬਬਰ ਸ਼ੇਰ ਅਤੇ ਦਾਊਦ ਦੀ ਜੜ੍ਹ,’ ‘ਯਹੂਦਾਹ ਵਿਚ ਸਿੰਘ ਦਾ ਬੱਚਾ’ ਸਾਬਤ ਹੋਇਆ। (ਉਤਪਤ 49:8, 9; ਪਰਕਾਸ਼ ਦੀ ਪੋਥੀ 5:5) ਦਾਊਦ ਦੀ ਸ਼ਕਤੀ ਕਿਸ ਵਿਚ ਸੀ? ਉਹ ਯਹੋਵਾਹ ਦੇ ਲਿਖਤ ਬਚਨ ਲਈ ਗਹਿਰੀ ਕਦਰ ਰੱਖਦਾ ਸੀ ਅਤੇ ਇਸ ਦੇ ਅਨੁਸਾਰ ਜੀਵਨ ਬਿਤਾਉਂਦਾ ਸੀ। ‘ਦਾਊਦ ਦੇ ਭਜਨ,’ ਜ਼ਬੂਰ 19 ਵਿਚ, ਅਸੀਂ ਪੜ੍ਹਦੇ ਹਾਂ: “ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ।” ਯਹੋਵਾਹ ਦੀਆਂ ਸਾਖੀਆਂ, ਫ਼ਰਮਾਨ, ਹੁਕਮਾਂ, ਅਤੇ ਨਿਆਉਂ ਦੇ ਬਾਰੇ ਜ਼ਿਕਰ ਕਰਨ ਤੋਂ ਬਾਅਦ, ਦਾਊਦ ਅੱਗੇ ਬਿਆਨ ਕਰਦਾ ਹੈ: “ਓਹ ਸੋਨੇ ਨਾਲੋਂ ਸਗੋਂ ਬਹੁਤ ਕੁੰਦਨ ਸੋਨੇ ਨਾਲੋਂ ਮਨ ਭਾਉਂਦੇ ਹਨ, ਅਤੇ ਸ਼ਹਿਤ ਅਤੇ ਮਖੀਲ ਦਿਆਂ ਚੋਇਆਂ ਨਾਲੋਂ ਵੀ ਮਿੱਠੇ ਹਨ। ਨਾਲੇ ਉਨ੍ਹਾਂ ਤੋਂ ਤੇਰਾ ਦਾਸ ਚਿਤਾਇਆ ਜਾਂਦਾ ਹੈ, ਅਰ ਉਨ੍ਹਾਂ ਦੇ ਮੰਨਣ ਵਿੱਚ ਵੱਡਾ ਲਾਭ ਹੈ।” (ਜ਼ਬੂਰ 19:7-11) ਜੇਕਰ ਯਹੋਵਾਹ ਦੇ ਬਚਨ ਨੂੰ ਹਰ ਦਿਨ ਪੜ੍ਹਨਾ ਅਤੇ ਇਸ ਉੱਤੇ ਮਨਨ ਕਰਨਾ 3,000 ਸਾਲ ਪਹਿਲਾਂ ਲਾਭਦਾਇਕ ਸੀ, ਤਾਂ ਇਹ ਅੱਜ ਹੋਰ ਵੀ ਕਿੰਨਾ ਜ਼ਿਆਦਾ ਲਾਭਦਾਇਕ ਹੈ!—ਜ਼ਬੂਰ 1:1-3; 13:6; 119:72, 97, 111.
14. ਸੁਲੇਮਾਨ ਦਾ ਜੀਵਨ-ਕ੍ਰਮ ਕਿਵੇਂ ਦਿਖਾਉਂਦਾ ਹੈ ਕਿ ਕੇਵਲ ਗਿਆਨ ਹੀ ਕਾਫ਼ੀ ਨਹੀਂ ਹੈ?
14 ਫਿਰ ਵੀ, ਕੇਵਲ ਗਿਆਨ ਪ੍ਰਾਪਤ ਕਰਨਾ ਹੀ ਕਾਫ਼ੀ ਨਹੀਂ ਹੈ। ਪਰਮੇਸ਼ੁਰ ਦੇ ਸੇਵਕਾਂ ਲਈ ਉਸ ਗਿਆਨ ਉੱਤੇ ਅਮਲ ਕਰਨਾ, ਉਸ ਨੂੰ ਈਸ਼ਵਰੀ ਇੱਛਾ ਦੇ ਅਨੁਸਾਰ ਲਾਗੂ ਕਰਨਾ—ਜੀ ਹਾਂ, “ਤਿਵੇਂ ਹੀ” ਕਰਨਾ ਵੀ ਜ਼ਰੂਰੀ ਹੈ। ਇਸ ਨੂੰ ਦਾਊਦ ਦੇ ਪੁੱਤਰ ਸੁਲੇਮਾਨ ਦੇ ਮਾਮਲੇ ਨਾਲ ਦਰਸਾਇਆ ਜਾ ਸਕਦਾ ਹੈ, ਜਿਸ ਨੂੰ ਯਹੋਵਾਹ ਨੇ ‘ਯਹੋਵਾਹ ਦੇ ਰਾਜ ਵਿੱਚ ਇਸਰਾਏਲ ਦੀ ਗੱਦੀ ਉੱਤੇ ਬਰਾਜਮਾਨ ਹੋਣ’ ਲਈ ਚੁਣਿਆ। ਸੁਲੇਮਾਨ ਨੂੰ ਹੈਕਲ ਬਣਾਉਣ ਦੀ ਕਾਰਜ-ਨਿਯੁਕਤੀ ਮਿਲੀ, ਉਨ੍ਹਾਂ ਨਿਰਮਾਣ ਨਕਸ਼ਿਆਂ ਨੂੰ ਇਸਤੇਮਾਲ ਕਰਦੇ ਹੋਏ ਜੋ ਦਾਊਦ ਨੇ “ਆਤਮਾ ਵਿੱਚ” ਪ੍ਰਾਪਤ ਕੀਤੇ ਸਨ। (1 ਇਤਹਾਸ 28:5, 11-13) ਸੁਲੇਮਾਨ ਇਸ ਡਾਢੇ ਕੰਮ ਨੂੰ ਕਿਵੇਂ ਸੰਪੰਨ ਕਰ ਸਕਦਾ ਸੀ? ਇਕ ਪ੍ਰਾਰਥਨਾ ਦੇ ਜਵਾਬ ਵਿਚ, ਯਹੋਵਾਹ ਨੇ ਉਸ ਨੂੰ ਬੁੱਧ ਅਤੇ ਗਿਆਨ ਬਖ਼ਸ਼ਿਆ। ਇਨ੍ਹਾਂ ਦੇ ਨਾਲ, ਅਤੇ ਈਸ਼ਵਰੀ ਰੂਪ ਵਿਚ ਪ੍ਰਦਾਨ ਕੀਤੇ ਗਏ ਨਕਸ਼ਿਆਂ ਦੀ ਪਾਲਣਾ ਕਰਨ ਦੇ ਦੁਆਰਾ, ਸੁਲੇਮਾਨ ਉਸ ਸ਼ਾਨਦਾਰ ਭਵਨ ਨੂੰ ਨਿਰਮਾਣ ਕਰ ਸਕਿਆ, ਜੋ ਯਹੋਵਾਹ ਦੇ ਪ੍ਰਤਾਪ ਨਾਲ ਭਰ ਗਿਆ। (2 ਇਤਹਾਸ 7:2, 3) ਪਰੰਤੂ, ਬਾਅਦ ਵਿਚ ਸੁਲੇਮਾਨ ਚੂਕ ਗਿਆ। ਕਿਸ ਤਰੀਕੇ ਤੋਂ? ਯਹੋਵਾਹ ਦੇ ਨਿਯਮ ਨੇ ਇਸਰਾਏਲ ਦੇ ਰਾਜਾ ਦੇ ਸੰਬੰਧ ਵਿਚ ਬਿਆਨ ਕੀਤਾ ਸੀ: “ਨਾ ਉਹ ਆਪਣੇ ਲਈ ਤੀਵੀਆਂ ਵਧਾਵੇ ਮਤੇ ਉਸ ਦਾ ਮਨ ਫਿਰ ਜਾਵੇ।” (ਬਿਵਸਥਾ ਸਾਰ 17:17) ਫਿਰ ਵੀ ਸੁਲੇਮਾਨ “ਦੀਆਂ ਸੱਤ ਸੌ ਰਾਣੀਆਂ ਸਨ ਜਿਹੜੀਆਂ ਰਾਜ ਪੁੱਤ੍ਰੀਆਂ ਸਨ ਨਾਲੇ ਤਿੰਨ ਸੌ ਸੁਰੀਤਾਂ ਅਤੇ ਉਹ ਦੀਆਂ ਇਸਤ੍ਰੀਆਂ ਨੇ . . . ਉਹ ਦੇ ਮਨ ਨੂੰ ਹੋਰ ਦੇਵਤਿਆਂ ਦੇ ਪਿੱਛੇ ਫੇਰ ਦਿੱਤਾ।” ਆਪਣੇ ਬੁਢੇਪੇ ਵਿਚ, ਸੁਲੇਮਾਨ “ਤਿਵੇਂ ਹੀ” ਕਰਨ ਤੋਂ ਫਿਰ ਗਿਆ।—1 ਰਾਜਿਆਂ 11:3, 4; ਨਹਮਯਾਹ 13:26.
15. ਯੋਸੀਯਾਹ ਨੇ “ਤਿਵੇਂ ਹੀ” ਕਿਸ ਤਰ੍ਹਾਂ ਕੀਤਾ?
15 ਯਹੂਦਾਹ ਵਿਚ ਕੁਝ ਆਗਿਆਕਾਰ ਰਾਜੇ ਸਨ, ਜਿਨ੍ਹਾਂ ਵਿੱਚੋਂ ਯੋਸੀਯਾਹ ਆਖ਼ਰੀ ਸੀ। ਸੰਨ 648 ਸਾ.ਯੁ.ਪੂ. ਵਿਚ, ਉਸ ਨੇ ਦੇਸ਼ ਵਿੱਚੋਂ ਮੂਰਤੀ-ਪੂਜਾ ਹਟਾਉਣ ਅਤੇ ਯਹੋਵਾਹ ਦੀ ਹੈਕਲ ਦੀ ਮੁਰੰਮਤ ਕਰਨ ਦਾ ਕੰਮ ਸ਼ੁਰੂ ਕੀਤਾ। ਉੱਥੇ ਹੀ ਪਰਧਾਨ ਜਾਜਕ ਨੂੰ “ਯਹੋਵਾਹ ਦੀ ਬਿਵਸਥਾ ਦੀ ਪੋਥੀ” ਲੱਭੀ, “ਜਿਹੜੀ ਮੂਸਾ ਦੇ ਰਾਹੀਂ ਦਿੱਤੀ ਗਈ ਸੀ।” ਯੋਸੀਯਾਹ ਨੇ ਇਸ ਬਾਰੇ ਕੀ ਕੀਤਾ? “ਫੇਰ ਪਾਤਸ਼ਾਹ ਅਤੇ ਯਹੂਦਾਹ ਦੇ ਸਾਰੇ ਮਨੁੱਖ ਅਤੇ ਯਰੂਸ਼ਲਮ ਦੇ ਵਾਸੀ ਅਤੇ ਜਾਜਕ ਅਰ ਲੇਵੀ, ਸਾਰੇ ਛੋਟੇ ਵੱਡੇ ਲੋਕ, ਯਹੋਵਾਹ ਦੇ ਭਵਨ ਨੂੰ ਉਤਾਹਾਂ ਗਏ ਤਾਂ ਉਹ ਨੇ ਨੇਮ ਦੀ ਪੋਥੀ ਜਿਹੜੀ ਯਹੋਵਾਹ ਦੇ ਭਵਨ ਵਿੱਚੋਂ ਲੱਭੀ ਸੀ ਉਸ ਦੀਆਂ ਸਾਰੀਆਂ ਗੱਲਾਂ ਪੜ੍ਹ ਕੇ ਲੋਕਾਂ ਦੇ ਕੰਨੀਂ ਪਾਈਆਂ। ਤਾਂ ਪਾਤਸ਼ਾਹ ਆਪਣੇ ਥਾਂ ਉੱਤੇ ਜਾ ਖਲੋਤਾ ਅਤੇ ਯਹੋਵਾਹ ਦੇ ਅੱਗੇ ਨੇਮ ਬੰਨ੍ਹਿਆ ਭਈ ਅਸੀਂ ਯਹੋਵਾਹ ਦੇ ਪਿੱਛੇ ਤੁਰਾਂਗੇ ਅਤੇ ਉਸ ਦੇ ਹੁਕਮਨਾਮੇ, ਉਸ ਦੀਆਂ ਸਾਖੀਆਂ ਅਰ ਉਸ ਦੀਆਂ ਬਿਧੀਆਂ ਦੀ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਪਾਲਨਾ ਕਰਾਂਗੇ ਅਰ ਉਸ ਨੇਮ ਦੀਆਂ ਗੱਲਾਂ ਨੂੰ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪੂਰਾ ਕਰਾਂਗੇ।” (2 ਇਤਹਾਸ 34:14, 30, 31) ਜੀ ਹਾਂ, ਯੋਸੀਯਾਹ ਨੇ “ਤਿਵੇਂ ਹੀ ਕੀਤਾ।” ਉਸ ਦੇ ਵਫ਼ਾਦਾਰ ਜੀਵਨ-ਕ੍ਰਮ ਦੇ ਸਿੱਟੇ ਵਜੋਂ, ਅਵਿਸ਼ਵਾਸੀ ਯਹੂਦਾਹ ਉੱਤੇ ਯਹੋਵਾਹ ਦੇ ਨਿਆਉਂ ਦੀ ਪੂਰਤੀ ਉਸ ਦੇ ਅਪਚਾਰੀ ਪੁੱਤਰਾਂ ਦੇ ਸਮੇਂ ਤਕ ਰੁਕੀ ਰਹੀ।
ਪਰਮੇਸ਼ੁਰ ਦੇ ਬਚਨ ਅਨੁਸਾਰ ਜੀਉਣਾ
16, 17. (ੳ) ਕਿਹੜੀਆਂ ਗੱਲਾਂ ਵਿਚ ਸਾਨੂੰ ਯਿਸੂ ਦੇ ਪੈਰ-ਚਿੰਨ੍ਹਾਂ ਉੱਤੇ ਚੱਲਣਾ ਚਾਹੀਦਾ ਹੈ? (ਅ) ਪਰਮੇਸ਼ੁਰ ਦੇ ਹੋਰ ਕਿਹੜੇ ਵਫ਼ਾਦਾਰ ਸੇਵਕ ਸਾਡੇ ਲਈ ਮਿਸਾਲ ਮੁਹੱਈਆ ਕਰਦੇ ਹਨ?
16 ਸਾਰੇ ਮਨੁੱਖਾਂ ਵਿੱਚੋਂ ਜੋ ਕਦੀ ਜੀਉਂਦੇ ਰਹੇ, ਪਰਮੇਸ਼ੁਰ ਦੇ ਬਚਨ ਉੱਤੇ ਮਨਨ ਕਰਨ ਅਤੇ ਇਸ ਦੇ ਅਨੁਸਾਰ ਜੀਵਨ ਬਤੀਤ ਕਰਨ ਦੀ ਸਭ ਤੋਂ ਚੰਗੀ ਮਿਸਾਲ ਪ੍ਰਭੂ ਯਿਸੂ ਮਸੀਹ ਦੀ ਹੈ। ਪਰਮੇਸ਼ੁਰ ਦਾ ਬਚਨ ਉਸ ਦੇ ਲਈ ਭੋਜਨ ਦੇ ਸਮਾਨ ਸੀ। (ਯੂਹੰਨਾ 4:34) ਉਸ ਨੇ ਆਪਣੇ ਸੁਣਨ ਵਾਲਿਆਂ ਨੂੰ ਆਖਿਆ: “ਪੁੱਤ੍ਰ ਆਪ ਤੋਂ ਕੁਝ ਨਹੀਂ ਕਰ ਸੱਕਦਾ ਪਰ ਜੋ ਕੁਝ ਉਹ ਪਿਤਾ ਨੂੰ ਕਰਦਿਆਂ ਵੇਖਦਾ ਹੈ ਕਿਉਂਕਿ ਜੋ ਕੰਮ ਉਹ ਕਰਦਾ ਹੈ ਸੋ ਪੁੱਤ੍ਰ ਵੀ ਓਵੇਂ ਹੀ ਕਰਦਾ ਹੈ।” (ਯੂਹੰਨਾ 5:19, 30; 7:28; 8:28, 42) ਯਿਸੂ ਨੇ ‘ਤਿਵੇਂ ਹੀ ਕਰਦੇ ਹੋਏ,’ ਇਹ ਐਲਾਨ ਕੀਤਾ: “ਮੈਂ ਸੁਰਗੋਂ ਉੱਤਰਿਆ ਹਾਂ ਇਸ ਲਈ ਨਹੀਂ ਜੋ ਆਪਣੀ ਮਰਜ਼ੀ ਸਗੋਂ ਉਹ ਦੀ ਮਰਜ਼ੀ ਦੇ ਅਨੁਸਾਰ ਚੱਲਾਂ ਜਿਹ ਨੇ ਮੈਨੂੰ ਘੱਲਿਆ।” (ਯੂਹੰਨਾ 6:38) ਅਸੀਂ ਜੋ ਯਹੋਵਾਹ ਦੇ ਸਮਰਪਿਤ ਗਵਾਹ ਹਾਂ, ਸਾਡੇ ਤੋਂ ਮੰਗ ਕੀਤੀ ਜਾਂਦੀ ਹੈ ਕਿ ਅਸੀਂ ਯਿਸੂ ਦੇ ਪੈਰ-ਚਿੰਨ੍ਹਾਂ ਉੱਤੇ ਚੱਲਣ ਦੇ ਦੁਆਰਾ “ਤਿਵੇਂ ਹੀ” ਕਰੀਏ।—ਲੂਕਾ 9:23; 14:27; 1 ਪਤਰਸ 2:21.
17 ਪਰਮੇਸ਼ੁਰ ਦੀ ਇੱਛਾ ਕਰਨੀ ਹਮੇਸ਼ਾ ਯਿਸੂ ਦੇ ਮਨ ਵਿਚ ਪ੍ਰਮੁੱਖ ਸੀ। ਉਹ ਪਰਮੇਸ਼ੁਰ ਦੇ ਬਚਨ ਨਾਲ ਪੂਰੀ ਤਰ੍ਹਾਂ ਪਰਿਚਿਤ ਸੀ ਅਤੇ ਇਸ ਲਈ ਉਹ ਸ਼ਾਸਤਰੀ ਸੰਬੰਧੀ ਜਵਾਬ ਦੇਣ ਲਈ ਲੈਸ ਸੀ। (ਮੱਤੀ 4:1-11; 12:24-31) ਪਰਮੇਸ਼ੁਰ ਦੇ ਬਚਨ ਨੂੰ ਲਗਾਤਾਰ ਧਿਆਨ ਦੇਣ ਦੇ ਦੁਆਰਾ, ਅਸੀਂ ਵੀ “ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ” ਹੋ ਸਕਦੇ ਹਾਂ। (2 ਤਿਮੋਥਿਉਸ 3:16, 17) ਆਓ ਅਸੀਂ ਪ੍ਰਾਚੀਨ ਸਮਿਆਂ ਦੇ ਅਤੇ ਅਨੁਵਰਤੀ ਸਮਿਆਂ ਦੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੀ ਅਤੇ ਖ਼ਾਸ ਤੌਰ ਤੇ ਆਪਣੇ ਸੁਆਮੀ, ਯਿਸੂ ਮਸੀਹ ਦੀ ਮਿਸਾਲ ਦਾ ਅਨੁਕਰਣ ਕਰੀਏ, ਜਿਸ ਨੇ ਕਿਹਾ: “ਇਸ ਲਈ ਜੋ ਜਗਤ ਨੂੰ ਮਲੂਮ ਹੋਵੇ ਭਈ ਮੈਂ ਪਿਤਾ ਨਾਲ ਪਿਆਰ ਕਰਦਾ ਹਾਂ, ਤਾਂ ਜਿਵੇਂ ਪਿਤਾ ਨੇ ਮੈਨੂੰ ਆਗਿਆ ਦਿੱਤੀ ਹੈ ਮੈਂ ਤਿਵੇਂ ਕਰਦਾ ਹਾਂ।” (ਯੂਹੰਨਾ 14:31) ਇੰਜ ਹੋਵੇ ਕਿ ਅਸੀਂ ਵੀ “ਤਿਵੇਂ ਹੀ” ਕਰਦੇ ਰਹਿਣ ਦੇ ਦੁਆਰਾ ਪਰਮੇਸ਼ੁਰ ਲਈ ਆਪਣਾ ਪ੍ਰੇਮ ਦਿਖਾਈਏ।—ਲੂਕਾ 12:29-31.
18. ਕਿਹੜੀ ਗੱਲ ਤੋਂ ਸਾਨੂੰ ‘ਬਚਨ ਉੱਤੇ ਅਮਲ ਕਰਨ ਵਾਲੇ ਹੋਣ’ ਲਈ ਉਤੇਜਨਾ ਮਿਲਣੀ ਚਾਹੀਦੀ ਹੈ, ਅਤੇ ਅੱਗੇ ਕੀ ਚਰਚਾ ਕੀਤੀ ਜਾਵੇਗੀ?
18 ਜਿਉਂ-ਜਿਉਂ ਅਸੀਂ ਬਾਈਬਲ ਸਮਿਆਂ ਦੇ ਪਰਮੇਸ਼ੁਰ ਦਿਆਂ ਸੇਵਕਾਂ ਦੇ ਆਗਿਆਕਾਰ ਜੀਵਨ-ਕ੍ਰਮ ਉੱਤੇ ਮਨਨ ਕਰਦੇ ਹਾਂ, ਕੀ ਅਸੀਂ ਸ਼ਤਾਨ ਦੀ ਦੁਸ਼ਟ ਵਿਵਸਥਾ ਦਿਆਂ ਅੰਤਿਮ ਦਿਨਾਂ ਦੇ ਦੌਰਾਨ ਵਫ਼ਾਦਾਰ ਸੇਵਾ ਕਰਨ ਲਈ ਉਤੇਜਿਤ ਨਹੀਂ ਹੁੰਦੇ ਹਾਂ? (ਰੋਮੀਆਂ 15:4-6) ਸਾਨੂੰ ਪੂਰੀ ਤਰ੍ਹਾਂ ਨਾਲ ‘ਬਚਨ ਉੱਤੇ ਅਮਲ ਕਰਨ ਵਾਲੇ ਹੋਣ’ ਲਈ ਸੱਚ-ਮੁੱਚ ਹੀ ਉਤੇਜਿਤ ਹੋਣਾ ਚਾਹੀਦਾ ਹੈ, ਜਿਵੇਂ ਕਿ ਅਗਲਾ ਲੇਖ ਚਰਚਾ ਕਰੇਗਾ।—ਯਾਕੂਬ 1:22. (w95 12/15)
ਕੀ ਤੁਹਾਨੂੰ ਯਾਦ ਹੈ?
◻ ‘ਪਰਮੇਸ਼ੁਰ ਦੇ ਪ੍ਰੇਮ’ ਨੂੰ ਸਾਡੇ ਲਈ ਕੀ ਅਰਥ ਰੱਖਣਾ ਚਾਹੀਦਾ ਹੈ?
◻ ਨੂਹ, ਮੂਸਾ, ਅਤੇ ਯਹੋਸ਼ੁਆ ਦੀਆਂ ਮਿਸਾਲਾਂ ਤੋਂ ਅਸੀਂ ਕੀ ਸਿੱਖਦੇ ਹਾਂ?
◻ ਕਿਸ ਹੱਦ ਤਕ ਇਸਰਾਏਲ ਦੇ ਰਾਜਿਆਂ ਨੇ ਪਰਮੇਸ਼ੁਰ ਦੇ “ਬਚਨ” ਦੀ ਆਗਿਆਪਾਲਣਾ ਕੀਤੀ?
◻ “ਤਿਵੇਂ ਹੀ” ਕਰਨ ਵਿਚ ਯਿਸੂ ਕਿਵੇਂ ਸਾਡਾ ਆਦਰਸ਼ ਹੈ?
[ਸਫ਼ੇ 24 ਉੱਤੇ ਤਸਵੀਰਾਂ]
ਨੂਹ, ਮੂਸਾ, ਅਤੇ ਯਹੋਸ਼ੁਆ ਨੇ “ਤਿਵੇਂ ਹੀ ਕੀਤਾ”