ਪਹਿਲਾ ਰਾਜਿਆਂ
11 ਪਰ ਫ਼ਿਰਊਨ ਦੀ ਧੀ+ ਤੋਂ ਇਲਾਵਾ ਰਾਜਾ ਸੁਲੇਮਾਨ ਦਾ ਹੋਰ ਬਹੁਤ ਸਾਰੀਆਂ ਵਿਦੇਸ਼ੀ ਔਰਤਾਂ+ ʼਤੇ ਦਿਲ ਆ ਗਿਆ। ਉਸ ਨੇ ਮੋਆਬੀ,+ ਅੰਮੋਨੀ,+ ਅਦੋਮੀ, ਸੀਦੋਨੀ+ ਅਤੇ ਹਿੱਤੀ+ ਔਰਤਾਂ ਨਾਲ ਪਿਆਰ ਪਾ ਲਿਆ। 2 ਉਹ ਉਨ੍ਹਾਂ ਕੌਮਾਂ ਵਿੱਚੋਂ ਸਨ ਜਿਨ੍ਹਾਂ ਬਾਰੇ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ: “ਤੁਸੀਂ ਉਨ੍ਹਾਂ ਦੇ ਲੋਕਾਂ ਵਿਚ ਨਾ ਜਾਇਓ ਤੇ ਨਾ ਹੀ ਉਹ ਤੁਹਾਡੇ ਵਿਚ ਆਉਣ, ਨਹੀਂ ਤਾਂ ਉਹ ਜ਼ਰੂਰ ਤੁਹਾਡੇ ਦਿਲਾਂ ਨੂੰ ਆਪਣੇ ਦੇਵਤਿਆਂ ਵੱਲ ਫੇਰ ਲੈਣਗੇ।”+ ਪਰ ਸੁਲੇਮਾਨ ਨੇ ਉਨ੍ਹਾਂ ਨਾਲ ਪਿਆਰ ਦੀ ਗੰਢ ਬੰਨ੍ਹੀ ਰੱਖੀ। 3 ਉਸ ਦੀਆਂ 700 ਪਤਨੀਆਂ ਸਨ ਜੋ ਰਾਜਕੁਮਾਰੀਆਂ ਸਨ ਅਤੇ 300 ਰਖੇਲਾਂ ਸਨ ਅਤੇ ਉਸ ਦੀਆਂ ਪਤਨੀਆਂ ਨੇ ਹੌਲੀ-ਹੌਲੀ ਉਸ ਦਾ ਦਿਲ ਭਰਮਾ ਲਿਆ।* 4 ਸੁਲੇਮਾਨ ਦੇ ਬੁਢਾਪੇ ਵਿਚ+ ਉਸ ਦੀਆਂ ਪਤਨੀਆਂ ਨੇ ਉਸ ਦਾ ਦਿਲ ਹੋਰ ਦੇਵਤਿਆਂ ਵੱਲ ਫੇਰ ਲਿਆ+ ਅਤੇ ਉਸ ਦਾ ਦਿਲ ਉਸ ਦੇ ਪਰਮੇਸ਼ੁਰ ਯਹੋਵਾਹ ਵੱਲ ਪੂਰੀ ਤਰ੍ਹਾਂ ਨਾ ਲੱਗਾ ਰਿਹਾ ਜਿਵੇਂ ਉਸ ਦੇ ਪਿਤਾ ਦਾਊਦ ਦਾ ਸੀ। 5 ਅਤੇ ਸੁਲੇਮਾਨ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ+ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮਿਲਕੋਮ ਦੇ ਮਗਰ ਲੱਗ ਗਿਆ।+ 6 ਸੁਲੇਮਾਨ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਅਤੇ ਉਹ ਪੂਰੀ ਤਰ੍ਹਾਂ ਯਹੋਵਾਹ ਦੇ ਮਗਰ ਨਹੀਂ ਚੱਲਿਆ ਜਿਵੇਂ ਉਸ ਦਾ ਪਿਤਾ ਦਾਊਦ ਚੱਲਦਾ ਸੀ।+
7 ਫਿਰ ਸੁਲੇਮਾਨ ਨੇ ਯਰੂਸ਼ਲਮ ਦੇ ਸਾਮ੍ਹਣੇ ਪਹਾੜ ਉੱਤੇ ਮੋਆਬ ਦੇ ਘਿਣਾਉਣੇ ਦੇਵਤੇ ਕਮੋਸ਼ ਲਈ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮੋਲਕ+ ਲਈ ਵੀ ਉੱਚੀ ਜਗ੍ਹਾ ਬਣਾਈ।+ 8 ਉਸ ਨੇ ਆਪਣੀਆਂ ਸਾਰੀਆਂ ਵਿਦੇਸ਼ੀ ਪਤਨੀਆਂ ਲਈ ਇਸੇ ਤਰ੍ਹਾਂ ਕੀਤਾ ਜੋ ਆਪਣੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਉਂਦੀਆਂ ਸਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।
9 ਯਹੋਵਾਹ ਦਾ ਕ੍ਰੋਧ ਸੁਲੇਮਾਨ ਉੱਤੇ ਭੜਕਿਆ ਕਿਉਂਕਿ ਉਸ ਦਾ ਦਿਲ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਤੋਂ ਭਟਕ ਗਿਆ ਸੀ+ ਜੋ ਉਸ ਅੱਗੇ ਦੋ ਵਾਰੀ ਪ੍ਰਗਟ ਹੋਇਆ ਸੀ+ 10 ਅਤੇ ਜਿਸ ਨੇ ਉਸ ਨੂੰ ਇਸ ਬਾਰੇ ਖ਼ਬਰਦਾਰ ਕੀਤਾ ਸੀ ਕਿ ਉਹ ਦੂਸਰੇ ਦੇਵਤਿਆਂ ਦੇ ਮਗਰ ਨਾ ਲੱਗੇ।+ ਪਰ ਉਸ ਨੇ ਯਹੋਵਾਹ ਦਾ ਹੁਕਮ ਨਹੀਂ ਮੰਨਿਆ। 11 ਫਿਰ ਯਹੋਵਾਹ ਨੇ ਸੁਲੇਮਾਨ ਨੂੰ ਕਿਹਾ: “ਕਿਉਂਕਿ ਤੂੰ ਇਹ ਕੰਮ ਕੀਤਾ ਅਤੇ ਤੂੰ ਮੇਰੇ ਇਕਰਾਰ ਮੁਤਾਬਕ ਨਹੀਂ ਚੱਲਿਆ ਤੇ ਮੇਰੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ, ਇਸ ਲਈ ਮੈਂ ਰਾਜ ਤੇਰੇ ਤੋਂ ਜ਼ਰੂਰ ਖੋਹ ਲਵਾਂਗਾ ਅਤੇ ਤੇਰੇ ਇਕ ਸੇਵਕ ਨੂੰ ਦੇ ਦਿਆਂਗਾ।+ 12 ਪਰ ਤੇਰੇ ਪਿਤਾ ਦਾਊਦ ਦੀ ਖ਼ਾਤਰ ਮੈਂ ਤੇਰੇ ਜੀਉਂਦੇ-ਜੀ ਇਸ ਤਰ੍ਹਾਂ ਨਹੀਂ ਕਰਾਂਗਾ। ਮੈਂ ਤੇਰੇ ਪੁੱਤਰ ਦੇ ਹੱਥੋਂ ਇਸ ਨੂੰ ਖੋਹ ਲਵਾਂਗਾ,+ 13 ਪਰ ਮੈਂ ਪੂਰਾ ਰਾਜ ਨਹੀਂ ਖੋਹਾਂਗਾ।+ ਮੈਂ ਆਪਣੇ ਸੇਵਕ ਦਾਊਦ ਦੀ ਖ਼ਾਤਰ ਅਤੇ ਆਪਣੇ ਚੁਣੇ ਹੋਏ ਸ਼ਹਿਰ ਯਰੂਸ਼ਲਮ ਦੀ ਖ਼ਾਤਰ+ ਇਕ ਗੋਤ ਤੇਰੇ ਪੁੱਤਰ ਨੂੰ ਦੇ ਦਿਆਂਗਾ।”+
14 ਫਿਰ ਯਹੋਵਾਹ ਨੇ ਸੁਲੇਮਾਨ ਖ਼ਿਲਾਫ਼ ਇਕ ਵਿਰੋਧੀ ਖੜ੍ਹਾ ਕੀਤਾ।+ ਉਹ ਸੀ ਅਦੋਮੀ ਹਦਦ ਜੋ ਅਦੋਮ ਦੇ ਸ਼ਾਹੀ ਘਰਾਣੇ ਵਿੱਚੋਂ ਸੀ।+ 15 ਜਦੋਂ ਦਾਊਦ ਨੇ ਅਦੋਮ ਨੂੰ ਹਰਾਇਆ ਸੀ,+ ਤਾਂ ਉਸ ਦੀ ਫ਼ੌਜ ਦਾ ਮੁਖੀ ਯੋਆਬ ਮਰ ਚੁੱਕੇ ਲੋਕਾਂ ਨੂੰ ਦਫ਼ਨਾਉਣ ਗਿਆ ਤੇ ਉਸ ਨੇ ਅਦੋਮ ਦੇ ਹਰ ਨਰ ਨੂੰ ਮਾਰ ਸੁੱਟਣ ਦੀ ਕੋਸ਼ਿਸ਼ ਕੀਤੀ। 16 (ਯੋਆਬ ਅਤੇ ਸਾਰੇ ਇਜ਼ਰਾਈਲੀ ਛੇ ਮਹੀਨਿਆਂ ਤਕ ਉੱਥੇ ਹੀ ਰਹੇ ਜਦ ਤਕ ਉਸ ਨੇ ਅਦੋਮ ਦੇ ਹਰ ਨਰ ਨੂੰ ਮਾਰ ਨਾ ਸੁੱਟਿਆ।) 17 ਪਰ ਹਦਦ ਆਪਣੇ ਪਿਤਾ ਦੇ ਕੁਝ ਅਦੋਮੀ ਸੇਵਕਾਂ ਨਾਲ ਭੱਜ ਗਿਆ ਅਤੇ ਉਹ ਮਿਸਰ ਚਲੇ ਗਏ; ਉਸ ਵੇਲੇ ਹਦਦ ਉਮਰ ਵਿਚ ਛੋਟਾ ਸੀ। 18 ਉਹ ਮਿਦਿਆਨ ਤੋਂ ਨਿਕਲ ਕੇ ਪਾਰਾਨ ਪਹੁੰਚੇ। ਉਨ੍ਹਾਂ ਨੇ ਪਾਰਾਨ ਤੋਂ ਆਪਣੇ ਨਾਲ ਆਦਮੀ ਲਏ+ ਅਤੇ ਮਿਸਰ ਆ ਗਏ। ਉੱਥੇ ਉਹ ਮਿਸਰ ਦੇ ਰਾਜੇ ਫ਼ਿਰਊਨ ਕੋਲ ਚਲੇ ਗਏ। ਉਸ ਨੇ ਉਸ ਨੂੰ ਇਕ ਘਰ ਦਿੱਤਾ, ਉਸ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਅਤੇ ਉਸ ਨੂੰ ਜ਼ਮੀਨ ਦਿੱਤੀ। 19 ਫ਼ਿਰਊਨ ਹਦਦ ਉੱਤੇ ਇੰਨਾ ਮਿਹਰਬਾਨ ਹੋਇਆ ਕਿ ਉਸ ਨੇ ਆਪਣੀ ਪਤਨੀ, ਰਾਣੀ* ਤਹਪਨੇਸ ਦੀ ਭੈਣ ਦਾ ਵਿਆਹ ਉਸ ਨਾਲ ਕਰ ਦਿੱਤਾ। 20 ਕੁਝ ਸਮੇਂ ਬਾਅਦ ਤਹਪਨੇਸ ਦੀ ਭੈਣ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਂ ਗਨੂਬਥ ਸੀ। ਤਹਪਨੇਸ ਨੇ ਫ਼ਿਰਊਨ ਦੇ ਮਹਿਲ ਵਿਚ ਉਸ ਦੀ ਪਰਵਰਿਸ਼ ਕੀਤੀ* ਅਤੇ ਗਨੂਬਥ ਫ਼ਿਰਊਨ ਦੇ ਪੁੱਤਰਾਂ ਨਾਲ ਫ਼ਿਰਊਨ ਦੇ ਮਹਿਲ ਵਿਚ ਹੀ ਰਿਹਾ।
21 ਹਦਦ ਨੇ ਮਿਸਰ ਵਿਚ ਰਹਿੰਦਿਆਂ ਸੁਣਿਆ ਕਿ ਦਾਊਦ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਸੀ+ ਅਤੇ ਉਸ ਦੀ ਫ਼ੌਜ ਦੇ ਮੁਖੀ ਯੋਆਬ ਦੀ ਮੌਤ ਹੋ ਗਈ ਸੀ।+ ਇਸ ਲਈ ਹਦਦ ਨੇ ਫ਼ਿਰਊਨ ਨੂੰ ਕਿਹਾ: “ਮੈਨੂੰ ਭੇਜ ਦੇ ਤਾਂਕਿ ਮੈਂ ਆਪਣੇ ਦੇਸ਼ ਮੁੜ ਜਾਵਾਂ।” 22 ਪਰ ਫ਼ਿਰਊਨ ਨੇ ਉਸ ਨੂੰ ਪੁੱਛਿਆ: “ਕੀ ਮੇਰੇ ਨਾਲ ਰਹਿੰਦਿਆਂ ਤੈਨੂੰ ਕਿਸੇ ਚੀਜ਼ ਦੀ ਕਮੀ ਹੈ ਜੋ ਤੂੰ ਆਪਣੇ ਦੇਸ਼ ਜਾਣਾ ਚਾਹੁੰਦਾ ਹੈਂ?” ਇਹ ਸੁਣ ਕੇ ਉਸ ਨੇ ਜਵਾਬ ਦਿੱਤਾ: “ਨਹੀਂ, ਕੋਈ ਕਮੀ ਨਹੀਂ, ਪਰ ਕਿਰਪਾ ਕਰ ਕੇ ਮੈਨੂੰ ਭੇਜ ਦੇ।”
23 ਪਰਮੇਸ਼ੁਰ ਨੇ ਸੁਲੇਮਾਨ ਖ਼ਿਲਾਫ਼ ਇਕ ਹੋਰ ਵਿਰੋਧੀ ਖੜ੍ਹਾ ਕੀਤਾ।+ ਉਹ ਸੀ ਅਲਯਾਦਾ ਦਾ ਪੁੱਤਰ ਰਜ਼ੋਨ ਜੋ ਆਪਣੇ ਮਾਲਕ ਸੋਬਾਹ ਦੇ ਰਾਜੇ ਹਦਦਅਜ਼ਰ+ ਕੋਲੋਂ ਭੱਜ ਗਿਆ ਸੀ। 24 ਜਦੋਂ ਦਾਊਦ ਨੇ ਉਨ੍ਹਾਂ ਨੂੰ ਹਰਾਇਆ* ਸੀ,+ ਤਾਂ ਰਜ਼ੋਨ ਨੇ ਆਪਣੇ ਲਈ ਆਦਮੀ ਇਕੱਠੇ ਕੀਤੇ ਅਤੇ ਉਹ ਲੁਟੇਰਿਆਂ ਦੀ ਟੋਲੀ ਦਾ ਸਰਦਾਰ ਬਣ ਗਿਆ। ਫਿਰ ਉਹ ਦਮਿਸਕ+ ਨੂੰ ਚਲੇ ਗਏ ਅਤੇ ਉੱਥੇ ਜਾ ਕੇ ਰਹਿਣ ਲੱਗੇ ਤੇ ਉਨ੍ਹਾਂ ਨੇ ਦਮਿਸਕ ਵਿਚ ਰਾਜ ਕਰਨਾ ਸ਼ੁਰੂ ਕਰ ਦਿੱਤਾ। 25 ਉਹ ਸੁਲੇਮਾਨ ਦੇ ਸਾਰੇ ਦਿਨਾਂ ਦੌਰਾਨ ਇਜ਼ਰਾਈਲ ਦਾ ਵਿਰੋਧੀ ਬਣਿਆ ਰਿਹਾ। ਜਿੰਨਾ ਨੁਕਸਾਨ ਹਦਦ ਨੇ ਕੀਤਾ ਸੀ, ਉਸ ਨੇ ਉਸ ਵਿਚ ਹੋਰ ਵਾਧਾ ਕੀਤਾ ਅਤੇ ਸੀਰੀਆ ਉੱਤੇ ਰਾਜ ਕਰਦੇ ਸਮੇਂ ਉਹ ਇਜ਼ਰਾਈਲ ਨਾਲ ਘਿਰਣਾ ਕਰਦਾ ਰਿਹਾ।
26 ਸੁਲੇਮਾਨ ਦਾ ਇਕ ਸੇਵਕ ਸੀ+ ਯਾਰਾਬੁਆਮ+ ਜੋ ਨਬਾਟ ਦਾ ਪੁੱਤਰ ਤੇ ਸਰੇਦਾਹ ਦਾ ਰਹਿਣ ਵਾਲਾ ਇਕ ਇਫ਼ਰਾਈਮੀ ਸੀ। ਉਸ ਦੀ ਮਾਤਾ ਦਾ ਨਾਂ ਸਰੂਆਹ ਸੀ ਜੋ ਇਕ ਵਿਧਵਾ ਸੀ। ਉਹ ਵੀ ਰਾਜੇ ਦੇ ਖ਼ਿਲਾਫ਼ ਬਗਾਵਤ ਕਰਨ ਲੱਗਾ।*+ 27 ਰਾਜੇ ਖ਼ਿਲਾਫ਼ ਉਸ ਦੇ ਬਗਾਵਤ ਕਰਨ ਦੀ ਕਹਾਣੀ: ਸੁਲੇਮਾਨ ਨੇ ਇਕ ਟਿੱਲਾ* ਬਣਾਇਆ ਸੀ+ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ+ ਵਿਚਲੀ ਵਿੱਥ ਨੂੰ ਭਰ ਦਿੱਤਾ ਸੀ। 28 ਯਾਰਾਬੁਆਮ ਇਕ ਕਾਬਲ ਆਦਮੀ ਸੀ। ਜਦੋਂ ਸੁਲੇਮਾਨ ਨੇ ਦੇਖਿਆ ਕਿ ਇਹ ਨੌਜਵਾਨ ਮਿਹਨਤੀ ਸੀ, ਤਾਂ ਉਸ ਨੇ ਉਸ ਨੂੰ ਯੂਸੁਫ਼ ਦੇ ਘਰਾਣੇ ਦੇ ਉਨ੍ਹਾਂ ਸਾਰੇ ਲੋਕਾਂ ਉੱਤੇ ਨਿਗਰਾਨ ਠਹਿਰਾ ਦਿੱਤਾ+ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ। 29 ਉਸ ਸਮੇਂ ਦੌਰਾਨ ਯਾਰਾਬੁਆਮ ਯਰੂਸ਼ਲਮ ਤੋਂ ਬਾਹਰ ਗਿਆ ਅਤੇ ਉਸ ਨੂੰ ਰਾਹ ਵਿਚ ਨਬੀ ਸ਼ੀਲੋਨੀ ਅਹੀਯਾਹ+ ਮਿਲਿਆ। ਅਹੀਯਾਹ ਨੇ ਨਵਾਂ ਚੋਗਾ ਪਾਇਆ ਹੋਇਆ ਸੀ ਅਤੇ ਮੈਦਾਨ ਵਿਚ ਉਨ੍ਹਾਂ ਦੋਹਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ। 30 ਅਹੀਯਾਹ ਨੇ ਆਪਣਾ ਪਾਇਆ ਹੋਇਆ ਨਵਾਂ ਚੋਗਾ ਲਿਆ ਅਤੇ ਪਾੜ ਕੇ ਉਸ ਦੇ 12 ਹਿੱਸੇ ਕਰ ਦਿੱਤੇ। 31 ਫਿਰ ਉਸ ਨੇ ਯਾਰਾਬੁਆਮ ਨੂੰ ਕਿਹਾ:
“ਤੂੰ ਦਸ ਹਿੱਸੇ ਆਪਣੇ ਲਈ ਲੈ ਕਿਉਂਕਿ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਦੇਖ! ਮੈਂ ਸੁਲੇਮਾਨ ਦੇ ਹੱਥੋਂ ਰਾਜ ਖੋਹ ਕੇ ਪਾੜ ਦਿਆਂਗਾ ਅਤੇ ਮੈਂ ਦਸ ਗੋਤ ਤੈਨੂੰ ਦੇ ਦਿਆਂਗਾ।+ 32 ਪਰ ਮੇਰੇ ਸੇਵਕ ਦਾਊਦ ਦੀ ਖ਼ਾਤਰ+ ਅਤੇ ਯਰੂਸ਼ਲਮ ਦੀ ਖ਼ਾਤਰ, ਹਾਂ, ਉਸ ਸ਼ਹਿਰ ਦੀ ਖ਼ਾਤਰ ਜਿਸ ਨੂੰ ਮੈਂ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ,+ ਮੈਂ ਇਕ ਗੋਤ ਉਸ ਦੇ ਕੋਲ ਹੀ ਰਹਿਣ ਦਿਆਂਗਾ।+ 33 ਮੈਂ ਇਹ ਇਸ ਲਈ ਕਰਾਂਗਾ ਕਿਉਂਕਿ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਹੈ+ ਅਤੇ ਉਹ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ, ਮੋਆਬ ਦੇ ਦੇਵਤੇ ਕਮੋਸ਼ ਅਤੇ ਅੰਮੋਨੀਆਂ ਦੇ ਦੇਵਤੇ ਮਿਲਕੋਮ ਅੱਗੇ ਮੱਥਾ ਟੇਕ ਰਹੇ ਹਨ। ਉਨ੍ਹਾਂ ਨੇ ਉਹੀ ਕੀਤਾ ਜੋ ਮੇਰੀਆਂ ਨਜ਼ਰਾਂ ਵਿਚ ਸਹੀ ਨਹੀਂ ਅਤੇ ਮੇਰੇ ਨਿਯਮਾਂ ਤੇ ਮੇਰੇ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ ਜਿਵੇਂ ਉਸ ਦਾ ਪਿਤਾ ਦਾਊਦ ਕਰਦਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਮੇਰੇ ਰਾਹਾਂ ʼਤੇ ਚੱਲਣਾ ਛੱਡ ਦਿੱਤਾ ਹੈ। 34 ਪਰ ਮੈਂ ਉਸ ਦੇ ਹੱਥੋਂ ਪੂਰਾ ਰਾਜ ਨਹੀਂ ਖੋਹਾਂਗਾ ਅਤੇ ਮੈਂ ਉਸ ਦੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਉਸ ਨੂੰ ਆਗੂ ਬਣਿਆ ਰਹਿਣ ਦਿਆਂਗਾ। ਇਹ ਮੈਂ ਆਪਣੇ ਚੁਣੇ ਹੋਏ ਸੇਵਕ ਦਾਊਦ ਦੀ ਖ਼ਾਤਰ ਕਰਾਂਗਾ+ ਕਿਉਂਕਿ ਉਸ ਨੇ ਮੇਰੇ ਕਾਨੂੰਨਾਂ ਅਤੇ ਮੇਰੇ ਹੁਕਮਾਂ ਦੀ ਪਾਲਣਾ ਕੀਤੀ ਸੀ। 35 ਪਰ ਮੈਂ ਉਸ ਦੇ ਪੁੱਤਰ ਦੇ ਹੱਥੋਂ ਰਾਜ ਖੋਹ ਲਵਾਂਗਾ ਅਤੇ ਇਹ ਦਸ ਗੋਤ ਤੈਨੂੰ ਦੇ ਦਿਆਂਗਾ।+ 36 ਮੈਂ ਉਸ ਦੇ ਪੁੱਤਰ ਨੂੰ ਇਕ ਗੋਤ ਦਿਆਂਗਾ ਤਾਂਕਿ ਮੇਰੇ ਸੇਵਕ ਦਾਊਦ ਦਾ ਦੀਵਾ ਮੇਰੇ ਅੱਗੇ ਹਮੇਸ਼ਾ ਯਰੂਸ਼ਲਮ ਵਿਚ ਬਲ਼ਦਾ ਰਹੇ,+ ਹਾਂ, ਉਸ ਸ਼ਹਿਰ ਵਿਚ ਜਿਸ ਨੂੰ ਮੈਂ ਆਪਣੇ ਲਈ ਚੁਣਿਆ ਤਾਂਕਿ ਮੇਰਾ ਨਾਂ ਉੱਥੇ ਰਹੇ। 37 ਮੈਂ ਤੈਨੂੰ ਚੁਣਾਂਗਾ ਅਤੇ ਜਿੱਥੇ ਕਿਤੇ ਤੂੰ ਚਾਹੇਂ, ਰਾਜ ਕਰੇਂਗਾ ਅਤੇ ਤੂੰ ਇਜ਼ਰਾਈਲ ਉੱਤੇ ਰਾਜਾ ਹੋਵੇਂਗਾ। 38 ਜੇ ਤੂੰ ਉਹ ਸਭ ਕੁਝ ਕਰੇਂ ਜਿਸ ਦਾ ਮੈਂ ਤੈਨੂੰ ਹੁਕਮ ਦਿੰਦਾ ਹਾਂ ਅਤੇ ਮੇਰੇ ਰਾਹਾਂ ਉੱਤੇ ਚੱਲੇਂ ਤੇ ਮੇਰੇ ਨਿਯਮਾਂ ਤੇ ਹੁਕਮਾਂ ਦੀ ਪਾਲਣਾ ਕਰ ਕੇ ਉਹੀ ਕਰੇਂ ਜੋ ਮੇਰੀਆਂ ਨਜ਼ਰਾਂ ਵਿਚ ਸਹੀ ਹੈ ਜਿਵੇਂ ਮੇਰਾ ਸੇਵਕ ਦਾਊਦ ਕਰਦਾ ਸੀ,+ ਤਾਂ ਮੈਂ ਤੇਰੇ ਨਾਲ ਵੀ ਹੋਵਾਂਗਾ। ਮੈਂ ਤੇਰੇ ਲਈ ਇਕ ਘਰ ਬਣਾਵਾਂਗਾ ਜੋ ਹਮੇਸ਼ਾ ਲਈ ਰਹੇਗਾ ਜਿਵੇਂ ਮੈਂ ਦਾਊਦ ਲਈ ਬਣਾਇਆ ਹੈ+ ਅਤੇ ਮੈਂ ਇਜ਼ਰਾਈਲ ਤੈਨੂੰ ਦੇ ਦਿਆਂਗਾ। 39 ਇਸ ਕਾਰਨ ਮੈਂ ਦਾਊਦ ਦੀ ਔਲਾਦ ਨੂੰ ਸ਼ਰਮਿੰਦਾ ਕਰਾਂਗਾ,+ ਪਰ ਹਮੇਸ਼ਾ ਲਈ ਨਹੀਂ।’”+
40 ਇਸ ਲਈ ਸੁਲੇਮਾਨ ਨੇ ਯਾਰਾਬੁਆਮ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਯਾਰਾਬੁਆਮ ਮਿਸਰ ਦੇ ਰਾਜੇ ਸ਼ੀਸ਼ਕ+ ਕੋਲ ਮਿਸਰ ਭੱਜ ਗਿਆ ਅਤੇ ਸੁਲੇਮਾਨ ਦੀ ਮੌਤ ਹੋਣ ਤਕ ਮਿਸਰ ਵਿਚ ਹੀ ਰਿਹਾ।
41 ਸੁਲੇਮਾਨ ਦੀ ਬਾਕੀ ਕਹਾਣੀ, ਉਸ ਦੇ ਸਾਰੇ ਕੰਮਾਂ ਅਤੇ ਉਸ ਦੀ ਬੁੱਧ ਬਾਰੇ ਸੁਲੇਮਾਨ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+ 42 ਯਰੂਸ਼ਲਮ ਵਿਚ ਸਾਰੇ ਇਜ਼ਰਾਈਲ ਉੱਤੇ ਸੁਲੇਮਾਨ ਦੇ ਰਾਜ ਕਰਨ ਦਾ ਸਮਾਂ* 40 ਸਾਲ ਸੀ। 43 ਫਿਰ ਸੁਲੇਮਾਨ ਆਪਣੇ ਪਿਉ-ਦਾਦਿਆਂ ਨਾਲ ਮੌਤ ਦੀ ਨੀਂਦ ਸੌਂ ਗਿਆ ਅਤੇ ਉਸ ਨੂੰ ਉਸ ਦੇ ਪਿਤਾ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ ਗਿਆ; ਅਤੇ ਉਸ ਦੀ ਜਗ੍ਹਾ ਉਸ ਦਾ ਪੁੱਤਰ ਰਹਬੁਆਮ+ ਰਾਜਾ ਬਣ ਗਿਆ।