ਸੱਤਵਾਂ ਅਧਿਆਇ
ਰੱਖਿਆ ਕਰਨ ਦੀ ਸ਼ਕਤੀ—“ਪਰਮੇਸ਼ੁਰ ਸਾਡੀ ਪਨਾਹ ਹੈ”
1, 2. ਮਿਸਰ ਤੋਂ ਨਿਕਲਣ ਤੋਂ ਬਾਅਦ ਇਸਰਾਏਲੀਆਂ ਅੱਗੇ ਕਿਹੜੇ ਖ਼ਤਰੇ ਸਨ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਹੌਸਲਾ ਕਿਵੇਂ ਦਿੱਤਾ ਸੀ?
ਇਸਰਾਏਲੀ ਲੋਕ ਲਾਲ ਸਮੁੰਦਰ ਤੇ ਮਿਸਰੀਆਂ ਦੇ ਹੱਥੋਂ ਬਚ ਨਿਕਲੇ ਸਨ। ਉਨ੍ਹਾਂ ਨੇ ਸੀਨਈ ਇਲਾਕੇ ਵਿੱਚੋਂ ਦੀ ਲੰਘਣਾ ਸੀ ਜਿੱਥੇ ਕਦਮ-ਕਦਮ ਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਸੀ। ਉਨ੍ਹਾਂ ਅੱਗੇ ਇਕ “ਭਿਆਣਕ ਉਜਾੜ” ਸੀ “ਜਿੱਥੇ ਅੱਗਨੀ ਸੱਪ ਅਤੇ ਬਿੱਛੂ ਸਨ।” (ਬਿਵਸਥਾ ਸਾਰ 8:15) ਉਨ੍ਹਾਂ ਨੂੰ ਵਿਰੋਧੀ ਕੌਮਾਂ ਤੋਂ ਵੀ ਖ਼ਤਰਾ ਸੀ। ਯਹੋਵਾਹ ਨੇ ਖ਼ੁਦ ਹੀ ਆਪਣੇ ਲੋਕਾਂ ਨੂੰ ਇਸ ਜਗ੍ਹਾ ਲਿਆਂਦਾ ਸੀ। ਤਾਂ ਫਿਰ ਉਨ੍ਹਾਂ ਦਾ ਪਰਮੇਸ਼ੁਰ ਹੋਣ ਦੇ ਨਾਤੇ, ਕੀ ਉਹ ਉਨ੍ਹਾਂ ਦੀ ਰੱਖਿਆ ਕਰ ਸਕਦਾ ਸੀ?
2 ਯਹੋਵਾਹ ਦੇ ਬਚਨਾਂ ਤੋਂ ਉਨ੍ਹਾਂ ਨੂੰ ਤਸੱਲੀ ਮਿਲੀ: “ਤੁਸੀਂ ਦੇਖ ਚੁੱਕੇ ਹੋ ਕਿ ਮੈਂ ਮਿਸਰੀਆਂ ਨਾਲ ਕੀ ਕੀਤਾ ਅਤੇ ਫਿਰ ਮੈਂ ਤੁਹਾਨੂੰ ਕਿਸ ਤਰ੍ਹਾਂ, ਜਿਸ ਤਰ੍ਹਾਂ ਉਕਾਬ ਆਪਣੇ ਬਚਿਆਂ ਨੂੰ ਖੰਭਾਂ ਤੇ ਬੈਠਾ ਕੇ ਲੈ ਜਾਂਦਾ ਹੈ, ਉਸੇ ਤਰ੍ਹਾਂ ਆਪਣੇ ਕੋਲ ਲੈ ਆਇਆ।” (ਕੂਚ 19:4, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਹੋਵਾਹ ਨੇ ਆਪਣੇ ਲੋਕਾਂ ਨੂੰ ਯਾਦ ਕਰਾਇਆ ਕਿ ਉਸ ਨੇ ਉਨ੍ਹਾਂ ਨੂੰ ਮਿਸਰੀਆਂ ਤੋਂ ਇਸ ਤਰ੍ਹਾਂ ਬਚਾਇਆ ਸੀ ਜਿਵੇਂ ਉਕਾਬ ਆਪਣੇ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਲੈ ਜਾਂਦਾ ਹੈ। ਪਰ ਪਰਮੇਸ਼ੁਰ ਦੀ ਰੱਖਿਆ ਦੀ ਤੁਲਨਾ “ਉਕਾਬ ਦੇ ਖੰਭਾਂ” ਨਾਲ ਕਰਨ ਦੇ ਹੋਰ ਵੀ ਕਈ ਕਾਰਨ ਹਨ।
3. ਪਰਮੇਸ਼ੁਰ ਦੀ ਰੱਖਿਆ ਦੀ ਤੁਲਨਾ ਉਕਾਬ ਦੇ ਖੰਭਾਂ ਨਾਲ ਕਿਉਂ ਕੀਤੀ ਗਈ ਹੈ?
3 ਉਕਾਬ ਆਪਣੇ ਵੱਡੇ ਅਤੇ ਮਜ਼ਬੂਤ ਖੰਭ ਸਿਰਫ਼ ਉੱਡਣ ਲਈ ਹੀ ਨਹੀਂ ਵਰਤਦਾ। ਉਸ ਦੇ ਖੰਭ ਦੋ ਮੀਟਰ ਤੋਂ ਜ਼ਿਆਦਾ ਫੈਲ ਸਕਦੇ ਹਨ। ਸਿਖਰ ਦੁਪਹਿਰੇ ਤਪਦੀ ਧੁੱਪ ਵਿਚ ਮਾਦਾ ਉਕਾਬ ਆਪਣੇ ਖੰਭ ਫੈਲਾਅ ਕੇ ਆਪਣੇ ਬੱਚਿਆਂ ਉੱਤੇ ਠੰਢੀ ਛਾਂ ਕਰਦੀ ਹੈ। ਠੰਢੇ ਮੌਸਮ ਵਿਚ ਉਹ ਉਨ੍ਹਾਂ ਨੂੰ ਆਪਣੇ ਖੰਭਾਂ ਦੀ ਨਿੱਘੀ ਬੁੱਕਲ ਵਿਚ ਲੈ ਲੈਂਦੀ ਹੈ। ਜਿਸ ਤਰ੍ਹਾਂ ਇਕ ਉਕਾਬ ਆਪਣੇ ਬੱਚਿਆਂ ਦੀ ਰਾਖੀ ਕਰਦਾ ਹੈ ਉਸੇ ਤਰ੍ਹਾਂ ਯਹੋਵਾਹ ਨੇ ਇਸਰਾਏਲ ਦੀ ਨਵੀਂ-ਨਵੀਂ ਕੌਮ ਦੀ ਰਾਖੀ ਕੀਤੀ ਸੀ। ਉਜਾੜ ਵਿਚ ਜਦੋਂ ਤਕ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ ਉਦੋਂ ਤਕ ਉਹ ਉਸ ਦੇ ਵੱਡੇ-ਵੱਡੇ ਖੰਭਾਂ ਦੀ ਪਨਾਹ ਹੇਠ ਰਹੇ ਸਨ। (ਬਿਵਸਥਾ ਸਾਰ 32:9-11; ਜ਼ਬੂਰਾਂ ਦੀ ਪੋਥੀ 36:7) ਪਰ ਕੀ ਅਸੀਂ ਇਹ ਆਸ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਸਾਡੀ ਵੀ ਰੱਖਿਆ ਕਰੇਗਾ?
ਪਰਮੇਸ਼ੁਰ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ
4, 5. ਅਸੀਂ ਯਹੋਵਾਹ ਦੇ ਰੱਖਿਆ ਕਰਨ ਦੇ ਵਾਅਦੇ ਵਿਚ ਪੂਰਾ ਵਿਸ਼ਵਾਸ ਕਿਉਂ ਕਰ ਸਕਦੇ ਹਾਂ?
4 ਯਹੋਵਾਹ ਕੋਲ ਆਪਣੇ ਸੇਵਕਾਂ ਦੀ ਰੱਖਿਆ ਕਰਨ ਦੀ ਸ਼ਕਤੀ ਹੈ। ਉਹ “ਸਰਬਸ਼ਕਤੀਮਾਨ ਪਰਮੇਸ਼ੁਰ” ਹੈ ਅਤੇ ਉਸ ਦੀ ਸ਼ਕਤੀ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। (ਉਤਪਤ 17:1) ਜਿਵੇਂ ਸਮੁੰਦਰ ਦੀਆਂ ਲਹਿਰਾਂ ਨੂੰ ਰੋਕਿਆ ਨਹੀਂ ਜਾ ਸਕਦਾ, ਉਸੇ ਤਰ੍ਹਾਂ ਜਦੋਂ ਯਹੋਵਾਹ ਆਪਣੀ ਸ਼ਕਤੀ ਨੂੰ ਵਰਤਦਾ ਹੈ, ਤਾਂ ਉਸ ਨੂੰ ਵੀ ਰੋਕਿਆ ਨਹੀਂ ਜਾ ਸਕਦਾ। ਉਹ ਜੋ ਚਾਹੇ ਕਰ ਸਕਦਾ ਹੈ, ਇਸ ਕਰਕੇ ਅਸੀਂ ਪੁੱਛ ਸਕਦੇ ਹਾਂ, ‘ਕੀ ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਰਨ ਲਈ ਆਪਣੀ ਸ਼ਕਤੀ ਵਰਤਣੀ ਚਾਹੁੰਦਾ ਹੈ?’
5 ਹਾਂ ਚਾਹੁੰਦਾ ਹੈ! ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਆਪਣੇ ਲੋਕਾਂ ਦੀ ਰਾਖੀ ਕਰੇਗਾ। ਜ਼ਬੂਰਾਂ ਦੀ ਪੋਥੀ 46:1 ਵਿਚ ਲਿਖਿਆ ਹੈ ਕਿ “ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ।” ਅਸੀਂ ਪਰਮੇਸ਼ੁਰ ਦੇ ਵਾਅਦੇ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀ ਰਾਖੀ ਕਰੇਗਾ ਕਿਉਂ ਜੋ ‘ਉਹ ਝੂਠ ਬੋਲ ਨਹੀਂ ਸੱਕਦਾ।’ (ਤੀਤੁਸ 1:2) ਆਓ ਆਪਾਂ ਬਾਈਬਲ ਵਿਚ ਕੁਝ ਉਦਾਹਰਣਾਂ ਵੱਲ ਧਿਆਨ ਦੇਈਏ ਜਿਨ੍ਹਾਂ ਰਾਹੀਂ ਯਹੋਵਾਹ ਸਾਨੂੰ ਆਪਣੀ ਰੱਖਿਆ ਕਰਨ ਦੀ ਸ਼ਕਤੀ ਬਾਰੇ ਦੱਸਦਾ ਹੈ।
6, 7. (ੳ) ਬਾਈਬਲ ਦੇ ਜ਼ਮਾਨੇ ਦੇ ਅਯਾਲੀ ਆਪਣੀਆਂ ਭੇਡਾਂ ਦੀ ਰਾਖੀ ਕਰਨ ਲਈ ਕੀ ਕਰਦੇ ਹੁੰਦੇ ਸਨ? (ਅ) ਬਾਈਬਲ ਵਿਚ ਕਿਹੜੀ ਉਦਾਹਰਣ ਦਿੱਤੀ ਗਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੀਆਂ ਭੇਡਾਂ ਦੀ ਰਾਖੀ ਤੇ ਦੇਖ-ਭਾਲ ਕਰਨੀ ਚਾਹੁੰਦਾ ਹੈ?
6 ਯਹੋਵਾਹ ਅਯਾਲੀ ਹੈ ਅਤੇ “ਅਸੀਂ ਉਹ ਦੀ ਪਰਜਾ ਅਤੇ ਉਹ ਦੀ ਜੂਹ ਦੀਆਂ ਭੇਡਾਂ ਹਾਂ।” (ਜ਼ਬੂਰਾਂ ਦੀ ਪੋਥੀ 23:1; 100:3) ਆਮ ਤੌਰ ਤੇ ਬਹੁਤ ਹੀ ਘੱਟ ਜਾਨਵਰ ਭੇਡਾਂ ਜਿੰਨੇ ਬੇਬੱਸ ਹੁੰਦੇ ਹਨ। ਪੁਰਾਣੇ ਜ਼ਮਾਨੇ ਦੇ ਅਯਾਲੀਆਂ ਨੂੰ ਬਹਾਦਰ ਹੋਣ ਦੀ ਜ਼ਰੂਰਤ ਹੁੰਦੀ ਸੀ ਤਾਂਕਿ ਉਹ ਆਪਣੀਆਂ ਭੇਡਾਂ ਨੂੰ ਸ਼ੇਰਾਂ, ਬਘਿਆੜਾਂ, ਰਿੱਛਾਂ ਅਤੇ ਚੋਰਾਂ ਤੋਂ ਬਚਾ ਸਕਣ। (1 ਸਮੂਏਲ 17:34, 35; ਯੂਹੰਨਾ 10:12, 13) ਪਰ ਕਦੇ-ਕਦੇ ਭੇਡਾਂ ਨੂੰ ਪਿਆਰ ਅਤੇ ਨਰਮਾਈ ਦੀ ਵੀ ਜ਼ਰੂਰਤ ਹੁੰਦੀ ਸੀ। ਉਦਾਹਰਣ ਲਈ, ਜਦੋਂ ਕੋਈ ਭੇਡ ਵਾੜੇ ਤੋਂ ਦੂਰ ਸੂੰਦੀ ਸੀ, ਤਾਂ ਅਯਾਲੀ ਉਸ ਮੁਸ਼ਕਲ ਸਮੇਂ ਵਿਚ ਉਸ ਬੇਬੱਸ ਭੇਡ ਦੀ ਰਾਖੀ ਕਰਦਾ ਸੀ। ਫਿਰ ਉਹ ਮਾਸੂਮ ਲੇਲੇ ਨੂੰ ਆਪਣੇ ਪੱਲੇ ਵਿਚ ਲਪੇਟ ਕੇ ਵਾੜੇ ਵਿਚ ਲੈ ਜਾਂਦਾ ਸੀ।
7 ਆਪਣੀ ਤੁਲਨਾ ਇਕ ਅਯਾਲੀ ਨਾਲ ਕਰ ਕੇ ਯਹੋਵਾਹ ਸਾਨੂੰ ਤਸੱਲੀ ਦਿੰਦਾ ਹੈ ਕਿ ਉਹ ਸੱਚ-ਮੁੱਚ ਸਾਡੀ ਰੱਖਿਆ ਕਰਨੀ ਚਾਹੁੰਦਾ ਹੈ। (ਹਿਜ਼ਕੀਏਲ 34:11-16) ਇਸ ਕਿਤਾਬ ਦੇ ਦੂਜੇ ਅਧਿਆਇ ਵਿਚ ਯਸਾਯਾਹ 40:11 ਵਿਚ ਯਹੋਵਾਹ ਬਾਰੇ ਇਹ ਦੱਸਿਆ ਗਿਆ ਸੀ ਕਿ “ਉਹ ਅਯਾਲੀ ਵਾਂਙੁ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ।” ਪਰ ਲੇਲਾ ਅਯਾਲੀ ਦੀ “ਛਾਤੀ” ਯਾਨੀ ਉਸ ਦੇ ਕੁੱਛੜ ਕਿਵੇਂ ਚੜ੍ਹ ਜਾਂਦਾ ਸੀ? ਕਦੇ-ਕਦੇ ਲੇਲਾ ਸ਼ਾਇਦ ਅਯਾਲੀ ਕੋਲ ਆ ਕੇ ਉਸ ਦੀ ਲੱਤ ਨੂੰ ਹੁੱਜਾਂ ਮਾਰੇ। ਪਰ ਅਯਾਲੀ ਆਪੇ ਹੀ ਲੇਲੇ ਨੂੰ ਚੁੱਕਦਾ ਸੀ ਅਤੇ ਉਸ ਨੂੰ ਆਪਣੀ ਹਿੱਕ ਨਾਲ ਲਾ ਕੇ ਰੱਖਦਾ ਸੀ। ਇਹ ਸਾਡੇ ਮਹਾਨ ਅਯਾਲੀ ਦੀ ਕੋਮਲਤਾ ਅਤੇ ਨਰਮਾਈ ਦੀ ਕਿੱਡੀ ਸੋਹਣੀ ਤਸਵੀਰ ਹੈ ਜੋ ਦਿਖਾਉਂਦੀ ਹੈ ਕਿ ਉਹ ਸਾਡੀ ਰੱਖਿਆ ਕਰਨ ਲਈ ਤਿਆਰ ਰਹਿੰਦਾ ਹੈ!
8. (ੳ) ਪਰਮੇਸ਼ੁਰ ਸਿਰਫ਼ ਕਿਨ੍ਹਾਂ ਦੀ ਰੱਖਿਆ ਕਰਦਾ ਹੈ ਅਤੇ ਕਹਾਉਤਾਂ 18:10 ਵਿਚ ਇਹ ਕਿਸ ਤਰ੍ਹਾਂ ਦੱਸਿਆ ਗਿਆ ਹੈ? (ਅ) ਯਹੋਵਾਹ ਦੇ ਨਾਂ ਵਿਚ ਪਨਾਹ ਲੈਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
8 ਪਰਮੇਸ਼ੁਰ ਸਿਰਫ਼ ਉਨ੍ਹਾਂ ਲੋਕਾਂ ਦੀ ਰਾਖੀ ਕਰਦਾ ਹੈ ਜੋ ਉਸ ਦੇ ਨੇੜੇ ਹੁੰਦੇ ਹਨ। ਕਹਾਉਤਾਂ 18:10 ਵਿਚ ਲਿਖਿਆ ਹੈ: “ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ।” ਜਦੋਂ ਇਹ ਗੱਲ ਲਿਖੀ ਗਈ ਸੀ, ਤਾਂ ਉਜਾੜ ਵਿਚ ਪਨਾਹ ਲਈ ਅਜਿਹੇ ਬੁਰਜ ਬਣਾਏ ਜਾਂਦੇ ਸਨ। ਪਰ ਜਿਸ ਨੂੰ ਖ਼ਤਰਾ ਹੁੰਦਾ ਸੀ, ਉਸ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹ ਨੱਸ ਕੇ ਉਸ ਬੁਰਜ ਵਿਚ ਵੜ ਕੇ ਪਨਾਹ ਭਾਲੇ। ਪਰਮੇਸ਼ੁਰ ਦੇ ਨਾਂ ਵਿਚ ਪਨਾਹ ਲੈਣ ਬਾਰੇ ਵੀ ਇਹੀ ਗੱਲ ਸੱਚ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪਰਮੇਸ਼ੁਰ ਦੇ ਨਾਂ ਦਾ ਜਾਪ ਕਰੀ ਜਾਓ ਮਾਨੋ ਇਸ ਤਰ੍ਹਾਂ ਕਰ ਕੇ ਤੁਹਾਡੀ ਰੱਖਿਆ ਹੋਵੇਗੀ। ਇਸ ਦੀ ਬਜਾਇ ਇਹ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਨੂੰ ਜਾਣੀਏ ਅਤੇ ਉਸ ਉੱਤੇ ਭਰੋਸਾ ਰੱਖੀਏ ਅਤੇ ਉਸ ਦੇ ਧਰਮੀ ਮਿਆਰਾਂ ਉੱਤੇ ਅਮਲ ਕਰੀਏ। ਯਹੋਵਾਹ ਸਾਨੂੰ ਭਰੋਸਾ ਦਿੰਦਾ ਹੈ ਕਿ ਜੇ ਅਸੀਂ ਉਸ ਵਿਚ ਨਿਹਚਾ ਕਰਾਂਗੇ, ਤਾਂ ਉਹ ਸਾਡੇ ਵਾਸਤੇ ਬੁਰਜ ਵਾਂਗ ਪਨਾਹ ਬਣੇਗਾ। ਉਹ ਕਿੰਨਾ ਦਇਆਵਾਨ ਹੈ!
‘ਸਾਡਾ ਪਰਮੇਸ਼ੁਰ ਸਾਨੂੰ ਬਚਾਉਣ ਦੇ ਜੋਗ ਹੈ’
9. ਕੀ ਯਹੋਵਾਹ ਨੇ ਸਿਰਫ਼ ਵਾਅਦਾ ਹੀ ਕੀਤਾ ਹੈ ਕਿ ਉਹ ਸਾਡੀ ਰੱਖਿਆ ਕਰੇਗਾ?
9 ਯਹੋਵਾਹ ਨੇ ਰੱਖਿਆ ਕਰਨ ਦਾ ਸਿਰਫ਼ ਵਾਅਦਾ ਹੀ ਨਹੀਂ ਕੀਤਾ। ਬਾਈਬਲ ਦੇ ਜ਼ਮਾਨੇ ਵਿਚ ਉਸ ਨੇ ਦਿਖਾਇਆ ਵੀ ਸੀ ਕਿ ਉਹ ਆਪਣੇ ਲੋਕਾਂ ਦੀ ਕਰਾਮਾਤੀ ਢੰਗ ਨਾਲ ਰੱਖਿਆ ਕਰ ਸਕਦਾ ਸੀ। ਇਸਰਾਏਲ ਦੇ ਇਤਿਹਾਸ ਦੌਰਾਨ ਯਹੋਵਾਹ ਦੇ ਸ਼ਕਤੀਸ਼ਾਲੀ “ਹੱਥ” ਨੇ ਤਾਕਤਵਰ ਦੁਸ਼ਮਣਾਂ ਤੋਂ ਉਨ੍ਹਾਂ ਦੀ ਰਾਖੀ ਕੀਤੀ ਸੀ। (ਕੂਚ 7:4) ਪਰ ਯਹੋਵਾਹ ਨੇ ਕਈ ਇਨਸਾਨਾਂ ਦੀ ਨਿੱਜੀ ਤੌਰ ਤੇ ਵੀ ਰਾਖੀ ਕੀਤੀ ਸੀ।
10, 11. ਬਾਈਬਲ ਦੀਆਂ ਕਿਹੜੀਆਂ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਯਹੋਵਾਹ ਨੇ ਇਨਸਾਨਾਂ ਦੀ ਨਿੱਜੀ ਤੌਰ ਤੇ ਵੀ ਰਾਖੀ ਕੀਤੀ ਸੀ?
10 ਜਦੋਂ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਨਾਂ ਦੇ ਤਿੰਨ ਨੌਜਵਾਨ ਇਬਰਾਨੀਆਂ ਨੇ ਰਾਜਾ ਨਬੂਕਦਨੱਸਰ ਦੀ ਸੋਨੇ ਦੀ ਮੂਰਤ ਸਾਮ੍ਹਣੇ ਮੱਥਾ ਟੇਕਣ ਤੋਂ ਇਨਕਾਰ ਕੀਤਾ ਸੀ, ਤਾਂ ਰਾਜੇ ਨੇ ਗੁੱਸੇ ਵਿਚ ਆ ਕੇ ਉਨ੍ਹਾਂ ਨੂੰ ਅੱਗ ਦੀ ਬਲਦੀ ਹੋਈ ਭੱਠੀ ਵਿਚ ਸੁੱਟ ਦੇਣ ਦੀ ਧਮਕੀ ਦਿੱਤੀ। ਧਰਤੀ ਦੇ ਉਸ ਸਭ ਤੋਂ ਸ਼ਕਤੀਸ਼ਾਲੀ ਰਾਜੇ ਨੇ ਤਾਅਨਾ ਮਾਰਿਆ: “ਉਹ ਦਿਓਤਾ ਕਿਹੜਾ ਹੈ ਜਿਹੜਾ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇ?” (ਦਾਨੀਏਲ 3:15) ਉਨ੍ਹਾਂ ਤਿੰਨ ਨੌਜਵਾਨਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਪਰਮੇਸ਼ੁਰ ਉਨ੍ਹਾਂ ਦੀ ਰਾਖੀ ਕਰ ਸਕਦਾ ਸੀ ਪਰ ਉਨ੍ਹਾਂ ਨੂੰ ਪਤਾ ਸੀ ਕਿ ਪਰਮੇਸ਼ੁਰ ਇਸ ਤਰ੍ਹਾਂ ਕਰਨ ਲਈ ਮਜਬੂਰ ਨਹੀਂ ਸੀ। ਇਸ ਲਈ ਉਨ੍ਹਾਂ ਨੇ ਰਾਜੇ ਨੂੰ ਜਵਾਬ ਦਿੱਤਾ: ‘ਪਰਮੇਸ਼ੁਰ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਤੁਹਾਡੀ ਸ਼ਕਤੀ ਤੋਂ ਬਚਾਉਣ ਦੇ ਜੋਗ ਹੈ, ਪਰ ਜੇਕਰ ਉਹ ਸਾਨੂੰ ਨਾ ਵੀ ਬਚਾਵੇਗਾ, ਤਾਂ ਵੀ ਅਸੀਂ ਤੁਹਾਡੇ ਦੇਵਤੇ ਦੀ ਪੂਜਾ ਨਹੀਂ ਕਰਾਂਗੇ।’ (ਦਾਨੀਏਲ 3:17, 18, ਨਵਾਂ ਅਨੁਵਾਦ) ਹਾਂ, ਚਾਹੇ ਉਸ ਬਲਦੀ ਭੱਠੀ ਨੂੰ ਆਮ ਨਾਲੋਂ ਸੱਤ ਗੁਣਾ ਹੋਰ ਗਰਮ ਕੀਤਾ ਗਿਆ ਸੀ, ਪਰ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਕੋਈ ਮੁਸ਼ਕਲ ਨਹੀਂ ਆਈ ਸੀ। ਉਸ ਨੇ ਉਨ੍ਹਾਂ ਦੀ ਰਾਖੀ ਜ਼ਰੂਰ ਕੀਤੀ ਅਤੇ ਰਾਜੇ ਨੂੰ ਮਜਬੂਰ ਹੋ ਕੇ ਕਹਿਣਾ ਪਿਆ ਸੀ: “ਹੋਰ ਕੋਈ ਦਿਓਤਾ ਨਹੀਂ ਜਿਹੜਾ ਏਸ ਪਰਕਾਰ ਬਚਾ ਸੱਕੇ।”—ਦਾਨੀਏਲ 3:29.
11 ਯਹੋਵਾਹ ਨੇ ਇਕ ਹੋਰ ਮੌਕੇ ਤੇ ਵੀ ਬਹੁਤ ਹੀ ਵੱਖਰੇ ਤਰੀਕੇ ਨਾਲ ਆਪਣੀ ਰੱਖਿਆ ਕਰਨ ਦੀ ਸ਼ਕਤੀ ਦਿਖਾਈ ਸੀ। ਉਸ ਨੇ ਸਵਰਗੋਂ ਆਪਣੇ ਇਕਲੌਤੇ ਪੁੱਤਰ ਨੂੰ ਕੁਆਰੀ ਯਹੂਦਣ ਮਰਿਯਮ ਦੀ ਕੁੱਖ ਵਿਚ ਪਾਇਆ ਸੀ। ਇਕ ਦੂਤ ਨੇ ਮਰਿਯਮ ਨੂੰ ਕਿਹਾ: “ਤੂੰ ਗਰਭਵੰਤੀ ਹੋਵੇਂਗੀ ਅਰ ਪੁੱਤ੍ਰ ਜਣੇਂਗੀ।” ਦੂਤ ਨੇ ਉਸ ਨੂੰ ਅੱਗੇ ਸਮਝਾਇਆ: “ਪਵਿੱਤ੍ਰ ਆਤਮਾ ਤੇਰੇ ਉੱਪਰ ਆਵੇਗਾ ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ।” (ਲੂਕਾ 1:31, 35) ਇਸ ਤੋਂ ਜ਼ਾਹਰ ਹੁੰਦਾ ਹੈ ਕਿ ਪਰਮੇਸ਼ੁਰ ਦੇ ਪੁੱਤਰ ਨੂੰ ਆਸਾਨੀ ਨਾਲ ਹਾਨੀ ਪਹੁੰਚ ਸਕਦੀ ਸੀ ਕਿਉਂਕਿ ਕੁੱਖ ਵਿਚ ਉਹ ਬਹੁਤ ਨਾਜ਼ੁਕ ਸੀ। ਮਰਿਯਮ ਦੀ ਕੁੱਖ ਵਿਚ ਹੋਣ ਕਰਕੇ, ਕੀ ਉਸ ਉੱਤੇ ਇਨਸਾਨੀ ਅਪਵਿੱਤਰਤਾ ਤੇ ਨਾਮੁਕੰਮਲਤਾ ਦਾ ਅਸਰ ਪੈ ਸਕਦਾ ਸੀ? ਕੀ ਸ਼ਤਾਨ ਉਸ ਦੇ ਜਨਮ ਤੋਂ ਪਹਿਲਾਂ ਉਸ ਨੂੰ ਮਾਰਨ ਜਾਂ ਸੱਟ ਲਾਉਣ ਵਿਚ ਕਾਮਯਾਬ ਹੋ ਸਕਦਾ ਸੀ? ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਸੀ! ਯਹੋਵਾਹ ਨੇ ਮਰਿਯਮ ਦੇ ਆਲੇ-ਦੁਆਲੇ ਰੱਖਿਆ ਦੀ ਕੰਧ ਖੜ੍ਹੀ ਕਰ ਦਿੱਤੀ ਸੀ ਤਾਂਕਿ ਨਾ ਕੋਈ ਅਪੂਰਣਤਾ, ਨਾ ਕੋਈ ਸ਼ਕਤੀ, ਨਾ ਕੋਈ ਬੰਦਾ ਤੇ ਨਾ ਕੋਈ ਭੈੜਾ ਦੂਤ ਅਣਜੰਮੇ ਬੱਚੇ ਨੂੰ ਨੁਕਸਾਨ ਪਹੁੰਚਾ ਸਕੇ। ਯਹੋਵਾਹ ਯਿਸੂ ਦੇ ਪੂਰੇ ਬਚਪਨ ਵਿਚ ਉਸ ਦੀ ਰਾਖੀ ਕਰਦਾ ਰਿਹਾ। (ਮੱਤੀ 2:1-15) ਪਰਮੇਸ਼ੁਰ ਦੇ ਨਿਯੁਕਤ ਕੀਤੇ ਗਏ ਸਮੇਂ ਤਕ ਉਸ ਦੇ ਪਿਆਰੇ ਪੁੱਤਰ ਨੂੰ ਕੋਈ ਵੀ ਹੱਥ ਨਹੀਂ ਲਾ ਸਕਦਾ ਸੀ।
12. ਯਹੋਵਾਹ ਨੇ ਕੁਝ ਇਨਸਾਨਾਂ ਦੀ ਕਰਾਮਾਤੀ ਢੰਗ ਨਾਲ ਰੱਖਿਆ ਕਿਉਂ ਕੀਤੀ ਸੀ?
12 ਯਹੋਵਾਹ ਨੇ ਇਨ੍ਹਾਂ ਇਨਸਾਨਾਂ ਦੀ ਇਸ ਕਰਾਮਾਤੀ ਢੰਗ ਨਾਲ ਰੱਖਿਆ ਕਿਉਂ ਕੀਤੀ ਸੀ? ਉਹ ਸਿਰਫ਼ ਇਨ੍ਹਾਂ ਇਨਸਾਨਾਂ ਦੀ ਰੱਖਿਆ ਨਹੀਂ ਕਰ ਰਿਹਾ ਸੀ ਸਗੋਂ ਆਪਣੇ ਮਕਸਦ ਦੇ ਪੂਰੇ ਹੋਣ ਬਾਰੇ ਸੋਚ ਰਿਹਾ ਸੀ। ਮਿਸਾਲ ਲਈ ਯਿਸੂ ਜਦ ਬੱਚਾ ਹੀ ਸੀ, ਤਾਂ ਪਰਮੇਸ਼ੁਰ ਦਾ ਮਕਸਦ ਪੂਰਾ ਹੋਣ ਲਈ ਯਿਸੂ ਦਾ ਜੀਉਂਦਾ ਰਹਿਣਾ ਬਹੁਤ ਜ਼ਰੂਰੀ ਸੀ ਕਿਉਂਕਿ ਉਸ ਦੇ ਰਾਹੀਂ ਸਾਰੀ ਮਨੁੱਖਜਾਤ ਨੂੰ ਮੁਕਤੀ ਮਿਲਣੀ ਸੀ। ਬਾਈਬਲ ਵਿਚ ਕਈ ਬਿਰਤਾਂਤ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚ ਪਰਮੇਸ਼ੁਰ ਨੇ ਰਾਖੀ ਕਰਨ ਦੀ ਆਪਣੀ ਸ਼ਕਤੀ ਦਿਖਾਈ ਹੈ। ਇਹ ਸਾਰੇ ਤਜਰਬੇ ‘ਸਾਡੀ ਸਿੱਖਿਆ ਦੇ ਲਈ ਲਿਖੇ ਗਏ ਹਨ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।’ (ਰੋਮੀਆਂ 15:4) ਜੀ ਹਾਂ, ਇਨ੍ਹਾਂ ਘਟਨਾਵਾਂ ਬਾਰੇ ਪੜ੍ਹ ਕੇ ਸਰਬਸ਼ਕਤੀਮਾਨ ਪਰਮੇਸ਼ੁਰ ਵਿਚ ਸਾਡੀ ਨਿਹਚਾ ਵਧਦੀ ਹੈ। ਪਰ ਯਹੋਵਾਹ ਅੱਜ ਸਾਡੀ ਰੱਖਿਆ ਕਿਸ ਤਰ੍ਹਾਂ ਕਰਦਾ ਹੈ?
ਕੀ ਯਹੋਵਾਹ ਹਰ ਹਾਲਤ ਵਿਚ ਸਾਡੀ ਰਾਖੀ ਕਰਦਾ ਹੈ?
13. ਕੀ ਯਹੋਵਾਹ ਨੇ ਸਾਡੇ ਵਾਸਤੇ ਕਰਾਮਾਤਾਂ ਕਰਨ ਦਾ ਵਾਅਦਾ ਕੀਤਾ ਹੈ? ਇਸ ਬਾਰੇ ਸਮਝਾਓ।
13 ਯਹੋਵਾਹ ਨੇ ਸਾਡੀ ਰਾਖੀ ਕਰਨ ਦਾ ਜੋ ਵਾਅਦਾ ਕੀਤਾ ਹੈ ਉਸ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਹੁਣ ਸਾਡੇ ਵਾਸਤੇ ਕਰਾਮਾਤਾਂ ਕਰਨੀਆਂ ਪੈਣਗੀਆਂ। ਪਰਮੇਸ਼ੁਰ ਇਹ ਵਾਅਦਾ ਨਹੀਂ ਕਰਦਾ ਕਿ ਇਸ ਸੰਸਾਰ ਵਿਚ ਸਾਨੂੰ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਨਹੀਂ ਕਰਨਾ ਪਵੇਗਾ। ਯਹੋਵਾਹ ਦੇ ਕਈ ਵਫ਼ਾਦਾਰ ਸੇਵਕ ਗ਼ਰੀਬੀ, ਜੰਗ, ਬੀਮਾਰੀ ਅਤੇ ਮੌਤ ਦਾ ਸਾਮ੍ਹਣਾ ਕਰਦੇ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ ਸਾਫ਼-ਸਾਫ਼ ਦੱਸ ਦਿੱਤਾ ਸੀ ਕਿ ਉਨ੍ਹਾਂ ਦੀ ਨਿਹਚਾ ਕਰਕੇ ਉਹ ਸ਼ਾਇਦ ਮਾਰੇ ਜਾਣ। ਇਸੇ ਕਰਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਅੰਤ ਤਕ ਸਹਿੰਦੇ ਰਹਿਣ ਦਾ ਹੌਸਲਾ ਦਿੱਤਾ ਸੀ। (ਮੱਤੀ 24:9, 13) ਜੇ ਹਰ ਵਾਰ ਯਹੋਵਾਹ ਕਰਾਮਾਤੀ ਢੰਗ ਨਾਲ ਸਾਨੂੰ ਬਚਾਈ ਜਾਵੇ, ਤਾਂ ਸ਼ਤਾਨ ਕੋਲ ਮੇਹਣਾ ਮਾਰਨ ਦਾ ਕਾਰਨ ਹੋਵੇਗਾ ਕਿ ਅਸੀਂ ਪਰਮੇਸ਼ੁਰ ਦੀ ਭਗਤੀ ਦਿੱਲੋਂ ਨਹੀਂ ਕਰਦੇ।—ਅੱਯੂਬ 1:9, 10.
14. ਕਿਹੜੀਆਂ ਉਦਾਹਰਣਾਂ ਦੱਸਦੀਆਂ ਹਨ ਕਿ ਯਹੋਵਾਹ ਹਮੇਸ਼ਾ ਆਪਣੇ ਸੇਵਕਾਂ ਦੀ ਰਾਖੀ ਇੱਕੋ ਤਰ੍ਹਾਂ ਨਹੀਂ ਕਰਦਾ?
14 ਅਤੀਤ ਵਿਚ ਯਹੋਵਾਹ ਨੇ ਆਪਣੇ ਹਰੇਕ ਸੇਵਕ ਨੂੰ ਅਣਿਆਈ ਮੌਤ ਮਰਨ ਤੋਂ ਬਚਾਇਆ ਨਹੀਂ ਸੀ। ਮਿਸਾਲ ਲਈ ਹੇਰੋਦੇਸ ਨੇ ਯਾਕੂਬ ਨੂੰ ਸੰਨ 44 ਦੇ ਕਰੀਬ ਮੌਤ ਦੀ ਸਜ਼ਾ ਦਿੱਤੀ ਸੀ ਪਰ ਉਸ ਤੋਂ ਥੋੜ੍ਹੀ ਹੀ ਦੇਰ ਬਾਅਦ ਪਤਰਸ ਨੂੰ “ਹੇਰੋਦੇਸ ਦੇ ਹੱਥੋਂ” ਛੁਡਾਇਆ ਗਿਆ ਸੀ। (ਰਸੂਲਾਂ ਦੇ ਕਰਤੱਬ 12:1-11) ਯੂਹੰਨਾ ਆਪਣੇ ਭਰਾ ਯਾਕੂਬ ਤੇ ਪਤਰਸ ਨਾਲੋਂ ਜ਼ਿਆਦਾ ਦੇਰ ਜੀਉਂਦਾ ਰਿਹਾ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਸੀਂ ਇਹ ਆਸ ਨਹੀਂ ਰੱਖ ਸਕਦੇ ਕਿ ਪਰਮੇਸ਼ੁਰ ਆਪਣੇ ਸਾਰੇ ਸੇਵਕਾਂ ਦੀ ਰਾਖੀ ਇੱਕੋ ਤਰ੍ਹਾਂ ਕਰੇਗਾ। ਇਸ ਤੋਂ ਇਲਾਵਾ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ 9:11, ਨਵਾਂ ਅਨੁਵਾਦ) ਤਾਂ ਫਿਰ ਅੱਜ ਯਹੋਵਾਹ ਸਾਡੀ ਰੱਖਿਆ ਕਿਸ ਤਰ੍ਹਾਂ ਕਰਦਾ ਹੈ?
ਯਹੋਵਾਹ ਜਿਸਮਾਨੀ ਤੌਰ ਤੇ ਰਾਖੀ ਕਰਦਾ ਹੈ
15, 16. (ੳ) ਸਾਡੇ ਕੋਲ ਕੀ ਸਬੂਤ ਹੈ ਕਿ ਯਹੋਵਾਹ ਆਪਣੇ ਭਗਤਾਂ ਦੀ ਇਕ ਸੰਗਠਨ ਵਜੋਂ ਰਾਖੀ ਕਰਦਾ ਹੈ? (ਅ) ਅਸੀਂ ਕਿਉਂ ਵਿਸ਼ਵਾਸ ਕਰ ਸਕਦੇ ਹਾਂ ਕਿ ਯਹੋਵਾਹ ਹੁਣ ਅਤੇ “ਵੱਡੀ ਬਿਪਤਾ” ਦੌਰਾਨ ਆਪਣੇ ਸੇਵਕਾਂ ਦੀ ਰਾਖੀ ਕਰੇਗਾ?
15 ਪਹਿਲਾਂ ਆਓ ਆਪਾਂ ਜਿਸਮਾਨੀ ਸੁਰੱਖਿਆ ਦੀ ਗੱਲ ਕਰੀਏ। ਯਹੋਵਾਹ ਦੇ ਭਗਤ ਹੋਣ ਦੇ ਨਾਤੇ ਅਸੀਂ ਇਕ ਸੰਗਠਨ ਵਜੋਂ ਸੁਰੱਖਿਆ ਦੀ ਉਮੀਦ ਰੱਖ ਸਕਦੇ ਹਾਂ। ਨਹੀਂ ਤਾਂ ਸ਼ਤਾਨ ਸਾਨੂੰ ਆਸਾਨੀ ਨਾਲ ਨਿਗਲ਼ ਸਕੇਗਾ। ਜ਼ਰਾ ਇਸ ਬਾਰੇ ਸੋਚੋ: “ਜਗਤ ਦਾ ਸਰਦਾਰ” ਹੋਣ ਕਰਕੇ ਸ਼ਤਾਨ ਸ਼ੁੱਧ ਭਗਤੀ ਨੂੰ ਖ਼ਤਮ ਕਰਕੇ ਬਹੁਤ ਹੀ ਖ਼ੁਸ਼ ਹੋਵੇਗਾ। (ਯੂਹੰਨਾ 12:31; ਪਰਕਾਸ਼ ਦੀ ਪੋਥੀ 12:17) ਦੁਨੀਆਂ ਦੀਆਂ ਕਈ ਸ਼ਕਤੀਸ਼ਾਲੀ ਸਰਕਾਰਾਂ ਨੇ ਸਾਡੇ ਪ੍ਰਚਾਰ ਦੇ ਕੰਮ ਉੱਤੇ ਪਾਬੰਦੀਆਂ ਲਾਈਆਂ ਹਨ ਅਤੇ ਸਾਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਸ ਦੇ ਬਾਵਜੂਦ ਯਹੋਵਾਹ ਦੇ ਲੋਕ ਦ੍ਰਿੜ੍ਹ ਤੇ ਮਜ਼ਬੂਤ ਰਹਿ ਕੇ ਪ੍ਰਚਾਰ ਕਰਨੋਂ ਨਹੀਂ ਹਟੇ ਹਨ! ਭਾਵੇਂ ਅਸੀਂ ਗਿਣਤੀ ਵਿਚ ਘੱਟ ਹਾਂ ਅਤੇ ਦੇਖਣ ਨੂੰ ਕਮਜ਼ੋਰ ਨਜ਼ਰ ਆਉਂਦੇ ਹਾਂ, ਫਿਰ ਵੀ ਇਹ ਸ਼ਕਤੀਸ਼ਾਲੀ ਸਰਕਾਰਾਂ ਸਾਡੇ ਕੰਮ ਨੂੰ ਰੋਕ ਕਿਉਂ ਨਹੀਂ ਸਕੀਆਂ ਹਨ? ਕਿਉਂਕਿ ਯਹੋਵਾਹ ਨੇ ਆਪਣੇ ਖੰਭਾਂ ਦੀ ਛਾਇਆ ਨਾਲ ਸਾਡੀ ਰੱਖਿਆ ਕੀਤੀ ਹੈ!—ਜ਼ਬੂਰਾਂ ਦੀ ਪੋਥੀ 17:7, 8.
16 “ਵੱਡੀ ਬਿਪਤਾ” ਦੌਰਾਨ ਸਾਡੀ ਰਾਖੀ ਕੌਣ ਕਰੇਗਾ? ਸਾਨੂੰ ਪਰਮੇਸ਼ੁਰ ਦੀਆਂ ਸਜ਼ਾਵਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ “ਪ੍ਰਭੁ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਉਂ ਦੇ ਦਿਨ ਤੀਕ ਸਜ਼ਾ ਹੇਠ ਰੱਖਣਾ ਜਾਣਦਾ ਹੈ।” (ਪਰਕਾਸ਼ ਦੀ ਪੋਥੀ 7:14; 2 ਪਤਰਸ 2:9) ਪਰ ਜਦ ਤਕ ਉਹ ਸਮਾਂ ਨਹੀਂ ਆਉਂਦਾ ਅਸੀਂ ਦੋ ਗੱਲਾਂ ਦਾ ਯਕੀਨ ਰੱਖ ਸਕਦੇ ਹਾਂ। ਪਹਿਲੀ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਧਰਤੀ ਤੋਂ ਕਦੇ ਵੀ ਮਿਟਣ ਨਹੀਂ ਦੇਵੇਗਾ। ਦੂਜੀ ਕਿ ਉਹ ਨਵੇਂ ਸੰਸਾਰ ਵਿਚ ਵਫ਼ਾਦਾਰ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ, ਭਾਵੇਂ ਉਹ ਮਰ ਵੀ ਜਾਣ ਉਹ ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਕਰ ਦੇਵੇਗਾ। ਜੋ ਮੌਤ ਦੀ ਗੋਦ ਵਿਚ ਚਲੇ ਵੀ ਜਾਂਦੇ ਹਨ, ਉਨ੍ਹਾਂ ਲਈ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਰਹਿਣਾ ਸਭ ਤੋਂ ਸੁਰੱਖਿਅਤ ਜਗ੍ਹਾ ਹੈ।—ਯੂਹੰਨਾ 5:28, 29.
17. ਯਹੋਵਾਹ ਆਪਣੇ ਬਚਨ ਦੇ ਜ਼ਰੀਏ ਸਾਨੂੰ ਸੁਰੱਖਿਅਤ ਕਿਸ ਤਰ੍ਹਾਂ ਰੱਖਦਾ ਹੈ?
17 ਹੁਣ ਵੀ ਯਹੋਵਾਹ ਆਪਣੇ ਜੀਉਂਦੇ “ਬਚਨ” ਦੇ ਜ਼ਰੀਏ ਸਾਨੂੰ ਸੁਰੱਖਿਅਤ ਰੱਖਦਾ ਹੈ ਕਿਉਂਕਿ ਉਸ ਦੇ ਬਚਨ ਵਿਚ ਲੋਕਾਂ ਦੇ ਦਿਲਾਂ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਸੁਧਾਰਨ ਦੀ ਸ਼ਕਤੀ ਹੈ। (ਇਬਰਾਨੀਆਂ 4:12) ਉਸ ਦੇ ਅਸੂਲ ਲਾਗੂ ਕਰ ਕੇ ਸਾਡੀ ਕੁਝ ਹੱਦ ਤਕ ਜਿਸਮਾਨੀ ਤੌਰ ਤੇ ਰੱਖਿਆ ਹੁੰਦੀ ਹੈ। ਯਸਾਯਾਹ 48:17 ਵਿਚ ਲਿਖਿਆ ਹੈ: “ਮੈਂ ਯਹੋਵਾਹ . . . ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ।” ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਮੇਸ਼ੁਰ ਦੇ ਬਚਨ ਮੁਤਾਬਕ ਜੀਉਣ ਨਾਲ ਸਾਡੀ ਸਿਹਤ ਚੰਗੀ ਹੁੰਦੀ ਹੈ ਅਤੇ ਅਸੀਂ ਲੰਮੀ ਉਮਰ ਭੋਗ ਸਕਦੇ ਹਾਂ। ਮਿਸਾਲ ਲਈ, ਅਸੀਂ ਬਾਈਬਲ ਦੀ ਸਲਾਹ ਉੱਤੇ ਅਮਲ ਕਰ ਕੇ ਹਰਾਮਕਾਰੀ ਤੋਂ ਬਚਦੇ ਹਾਂ ਅਤੇ ਸਾਰੀ ਮਲੀਨਤਾਈ ਤੋਂ ਸ਼ੁੱਧ ਰਹਿੰਦੇ ਹਾਂ, ਇਸ ਕਰਕੇ ਅਸੀਂ ਉਨ੍ਹਾਂ ਭੈੜੀਆਂ ਆਦਤਾਂ ਤੇ ਮਾੜੇ ਨਤੀਜਿਆਂ ਤੋਂ ਬਚੇ ਰਹਿੰਦੇ ਹਾਂ ਜੋ ਕਈਆਂ ਅਧਰਮੀ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੰਦੇ ਹਨ। (ਰਸੂਲਾਂ ਦੇ ਕਰਤੱਬ 15:29; 2 ਕੁਰਿੰਥੀਆਂ 7:1) ਅਸੀਂ ਪਰਮੇਸ਼ੁਰ ਦੇ ਬਚਨ ਦੀ ਰੱਖਿਆ ਲਈ ਕਿੰਨੇ ਸ਼ੁਕਰਗੁਜ਼ਾਰ ਹਾਂ!
ਯਹੋਵਾਹ ਸਾਡੀ ਰੂਹਾਨੀ ਤੌਰ ਤੇ ਰਾਖੀ ਕਰਦਾ ਹੈ
18. ਯਹੋਵਾਹ ਸਾਨੂੰ ਰੂਹਾਨੀ ਤੌਰ ਤੇ ਸੁਰੱਖਿਅਤ ਕਿਸ ਤਰ੍ਹਾਂ ਰੱਖਦਾ ਹੈ?
18 ਜਿਸਮਾਨੀ ਸੁਰੱਖਿਆ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਯਹੋਵਾਹ ਸਾਨੂੰ ਰੂਹਾਨੀ ਤੌਰ ਤੇ ਸੁਰੱਖਿਅਤ ਰੱਖਦਾ ਹੈ। ਸਾਡਾ ਪਿਆਰਾ ਪਰਮੇਸ਼ੁਰ ਸਾਡੀ ਅਜਿਹੀ ਰਾਖੀ ਕਿਸ ਤਰ੍ਹਾਂ ਕਰਦਾ ਹੈ? ਕਾਮਯਾਬੀ ਨਾਲ ਮੁਸੀਬਤਾਂ ਸਹਿਣ ਅਤੇ ਉਸ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖਣ ਲਈ ਉਸ ਨੇ ਸਾਡੇ ਲਈ ਬਹੁਤ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਹਨ। ਇਸ ਤਰ੍ਹਾਂ ਯਹੋਵਾਹ ਸਿਰਫ਼ ਥੋੜ੍ਹੇ ਜਿਹੇ ਸਾਲਾਂ ਲਈ ਹੀ ਨਹੀਂ, ਸਗੋਂ ਹਮੇਸ਼ਾ ਲਈ ਸਾਡੀ ਜਾਨ ਬਚਾਉਣਾ ਚਾਹੁੰਦਾ ਹੈ। ਆਓ ਆਪਾਂ ਹੁਣ ਪਰਮੇਸ਼ੁਰ ਦੇ ਕੁਝ ਪ੍ਰਬੰਧਾਂ ਦੀ ਗੱਲ ਕਰੀਏ ਜਿਨ੍ਹਾਂ ਰਾਹੀਂ ਉਹ ਸਾਨੂੰ ਰੂਹਾਨੀ ਤੌਰ ਤੇ ਸੁਰੱਖਿਅਤ ਰੱਖਦਾ ਹੈ।
19. ਯਹੋਵਾਹ ਦੀ ਸ਼ਕਤੀ ਸਾਨੂੰ ਹਰ ਪਰਤਾਵੇ ਦਾ ਸਾਮ੍ਹਣਾ ਕਰਨ ਲਈ ਤਿਆਰ ਕਿਸ ਤਰ੍ਹਾਂ ਕਰਦੀ ਹੈ?
19 ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। (ਜ਼ਬੂਰਾਂ ਦੀ ਪੋਥੀ 65:2) ਜਦੋਂ ਜ਼ਿੰਦਗੀ ਦੀਆਂ ਮਜਬੂਰੀਆਂ ਵਿੱਚੋਂ ਸਾਨੂੰ ਰਾਹ ਨਹੀਂ ਦਿੱਸਦਾ, ਤਾਂ ਉਸ ਨਾਲ ਪ੍ਰਾਰਥਨਾ ਵਿਚ ਗੱਲ ਕਰ ਕੇ ਸਾਡਾ ਦਿਲ ਹੌਲ਼ਾ ਹੁੰਦਾ ਹੈ। (ਫ਼ਿਲਿੱਪੀਆਂ 4:6, 7) ਉਹ ਕਰਾਮਾਤੀ ਢੰਗ ਨਾਲ ਸ਼ਾਇਦ ਸਾਡੀਆਂ ਮੁਸੀਬਤਾਂ ਨੂੰ ਖ਼ਤਮ ਨਾ ਕਰੇ, ਪਰ ਸਾਡੀ ਦੁਆ ਸੁਣ ਕੇ ਉਹ ਸਾਨੂੰ ਬੁੱਧ ਬਖ਼ਸ਼ੇਗਾ ਤਾਂਕਿ ਅਸੀਂ ਇਨ੍ਹਾਂ ਦਾ ਸਾਮ੍ਹਣਾ ਕਾਮਯਾਬੀ ਨਾਲ ਕਰ ਸਕੀਏ। (ਯਾਕੂਬ 1:5, 6) ਇਸ ਤੋਂ ਇਲਾਵਾ ਯਹੋਵਾਹ ਉਨ੍ਹਾਂ ਨੂੰ ਪਵਿੱਤਰ ਆਤਮਾ ਦਿੰਦਾ ਹੈ ਜੋ ਮੰਗਦੇ ਹਨ। (ਲੂਕਾ 11:13) ਪਵਿੱਤਰ ਆਤਮਾ ਦੀ ਸ਼ਕਤੀ ਨਾਲ ਅਸੀਂ ਹਰ ਪਰਤਾਵੇ ਜਾਂ ਮੁਸੀਬਤ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ ਸਕਦੇ ਹਾਂ। ਜਦ ਤਕ ਯਹੋਵਾਹ ਨਵੇਂ ਸੰਸਾਰ ਵਿਚ ਸਾਰੀਆਂ ਦੁੱਖ-ਤਕਲੀਫ਼ਾਂ ਮਿਟਾ ਨਹੀਂ ਦਿੰਦਾ, ਇਹ ਪਵਿੱਤਰ ਆਤਮਾ ਸਾਨੂੰ “ਮਹਾ-ਸ਼ਕਤੀ” ਦਿੰਦੀ ਹੈ ਤਾਂਕਿ ਅਸੀਂ ਸਭ ਕੁਝ ਜਰ ਸਕੀਏ।—2 ਕੁਰਿੰਥੀਆਂ 4:7, ਨਵਾਂ ਅਨੁਵਾਦ।
20. ਯਹੋਵਾਹ ਸਾਡੇ ਮਸੀਹੀ ਭੈਣਾਂ-ਭਰਾਵਾਂ ਰਾਹੀਂ ਸਾਡੀ ਰਾਖੀ ਕਿਸ ਤਰ੍ਹਾਂ ਕਰਦਾ ਹੈ?
20 ਕਦੀ-ਕਦੀ ਯਹੋਵਾਹ ਸਾਡੇ ਮਸੀਹੀ ਭੈਣਾਂ-ਭਰਾਵਾਂ ਰਾਹੀਂ ਸਾਡੀ ਰਾਖੀ ਕਰਦਾ ਹੈ। ਯਹੋਵਾਹ ਨੇ ਸੰਸਾਰ ਭਰ ਵਿਚ ਆਪਣੇ ਲੋਕਾਂ ਨੂੰ ਇਕ ਸੰਗਠਨ ਵਿਚ ਇਕੱਠੇ ਕੀਤਾ ਹੈ। (1 ਪਤਰਸ 2:17; ਯੂਹੰਨਾ 6:44) ਇਸ ਭਾਈਚਾਰੇ ਦੇ ਸਨੇਹ ਤੋਂ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਭੈਣ-ਭਰਾ ਇਕ-ਦੂਜੇ ਦੀ ਭਲਾਈ ਕਰਨੀ ਸਿੱਖ ਸਕਦੇ ਹਨ। ਇਹ ਆਤਮਾ ਸਾਡੇ ਅੰਦਰ ਪ੍ਰੇਮ, ਦਿਆਲਗੀ ਅਤੇ ਭਲਿਆਈ ਵਰਗੇ ਸੋਹਣੇ ਗੁਣ ਪੈਦਾ ਕਰਦੀ ਹੈ। (ਗਲਾਤੀਆਂ 5:22, 23) ਇਸ ਕਰਕੇ ਜਦੋਂ ਅਸੀਂ ਕਿਸੇ ਔਕੜ ਵਿਚ ਹੁੰਦੇ ਹਾਂ ਤੇ ਸਾਡਾ ਕੋਈ ਭੈਣ-ਭਾਈ ਸਲਾਹ ਦੇ ਕੇ ਸਾਡੀ ਮਦਦ ਕਰਦਾ ਹੈ ਜਾਂ ਸਾਨੂੰ ਹੌਸਲਾ ਦਿੰਦਾ ਹੈ, ਤਾਂ ਅਸੀਂ ਯਹੋਵਾਹ ਦਾ ਧੰਨਵਾਦ ਕਰ ਸਕਦੇ ਹਾਂ ਕਿ ਉਸ ਨੇ ਇਸ ਤਰ੍ਹਾਂ ਸਾਡੀ ਰਾਖੀ ਕੀਤੀ।
21. (ੳ) ਯਹੋਵਾਹ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਜ਼ਰੀਏ ਵੇਲੇ ਸਿਰ ਕਿਹੜਾ ਰੂਹਾਨੀ ਭੋਜਨ ਦਿੰਦਾ ਹੈ? (ਅ) ਰੂਹਾਨੀ ਤੌਰ ਤੇ ਸੁਰੱਖਿਅਤ ਰਹਿਣ ਲਈ ਯਹੋਵਾਹ ਦੇ ਕਿਹੜੇ ਪ੍ਰਬੰਧਾਂ ਤੋਂ ਤੁਸੀਂ ਖ਼ੁਦ ਲਾਭ ਹਾਸਲ ਕੀਤਾ ਹੈ?
21 ਯਹੋਵਾਹ ਸਮੇਂ ਸਿਰ ਰੂਹਾਨੀ ਭੋਜਨ ਦੇ ਕੇ ਵੀ ਸਾਡੀ ਰਾਖੀ ਕਰਦਾ ਹੈ। ਆਪਣੇ ਬਚਨ ਵਿੱਚੋਂ ਸਾਨੂੰ ਤਾਕਤ ਦੇਣ ਲਈ ਯਹੋਵਾਹ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਰੂਹਾਨੀ ਭੋਜਨ ਵੰਡਣ ਦਾ ਕੰਮ ਸੌਂਪਿਆ ਹੈ। ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਅਤੇ ਹੋਰ ਪੁਸਤਕਾਂ ਦੇ ਨਾਲ-ਨਾਲ ਮੀਟਿੰਗਾਂ ਤੇ ਸੰਮੇਲਨਾਂ ਦੇ ਜ਼ਰੀਏ ਉਹ ਸਾਨੂੰ ‘ਵੇਲੇ ਸਿਰ ਰਸਤ’ ਯਾਨੀ ਸਹੀ ਗੱਲਾਂ ਸਹੀ ਸਮੇਂ ਤੇ ਦਿੰਦਾ ਹੈ। (ਮੱਤੀ 24:45) ਕੀ ਤੁਸੀਂ ਕਦੇ ਮੀਟਿੰਗ ਵਿਚ ਕਿਸੇ ਭਾਸ਼ਣ, ਕਿਸੇ ਦੇ ਜਵਾਬ ਜਾਂ ਪ੍ਰਾਰਥਨਾ ਵਿਚ ਕੁਝ ਐਸਾ ਨਹੀਂ ਸੁਣਿਆ ਜਿਸ ਤੋਂ ਤੁਹਾਨੂੰ ਠੀਕ ਸਮੇਂ ਜ਼ਰੂਰੀ ਮਦਦ ਜਾਂ ਹੌਸਲਾ ਮਿਲਿਆ ਹੋਵੇ? ਕੀ ਸਾਡੇ ਰਸਾਲਿਆਂ ਦੇ ਕਿਸੇ ਇਕ ਲੇਖ ਨੇ ਤੁਹਾਡੀ ਜ਼ਿੰਦਗੀ ਤੇ ਵੱਡਾ ਪ੍ਰਭਾਵ ਨਹੀਂ ਪਾਇਆ ਹੈ? ਯਾਦ ਰੱਖੋ ਕਿ ਯਹੋਵਾਹ ਰੂਹਾਨੀ ਤੌਰ ਤੇ ਸਾਨੂੰ ਸੁਰੱਖਿਅਤ ਰੱਖਣ ਲਈ ਇਹ ਸਾਰੇ ਪ੍ਰਬੰਧ ਕਰਦਾ ਹੈ।
22. ਯਹੋਵਾਹ ਆਪਣੀ ਸ਼ਕਤੀ ਨੂੰ ਹਮੇਸ਼ਾ ਕਿਸ ਤਰ੍ਹਾਂ ਵਰਤਦਾ ਹੈ ਅਤੇ ਇਹ ਸਾਡੀ ਭਲਾਈ ਲਈ ਕਿਉਂ ਹੈ?
22 ਸੱਚ-ਮੁੱਚ “ਯਹੋਵਾਹ . . . ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕ ਢਾਲ ਹੈ।” (ਜ਼ਬੂਰਾਂ ਦੀ ਪੋਥੀ 18:30) ਅਸੀਂ ਜਾਣਦੇ ਹਾਂ ਕਿ ਅੱਜ ਉਹ ਸਾਨੂੰ ਹਰ ਆਫ਼ਤ ਤੋਂ ਬਚਾਉਣ ਲਈ ਆਪਣੀ ਸ਼ਕਤੀ ਨਹੀਂ ਵਰਤਦਾ। ਪਰ ਉਹ ਆਪਣਾ ਮਕਸਦ ਪੂਰਾ ਕਰਨ ਲਈ ਹਮੇਸ਼ਾ ਸਾਡੀ ਰਾਖੀ ਕਰਦਾ ਹੈ। ਆਖ਼ਰਕਾਰ ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਲੋਕਾਂ ਦੀ ਭਲਾਈ ਬਾਰੇ ਸੋਚ ਰਿਹਾ ਹੈ। ਜੇ ਅਸੀਂ ਉਸ ਦੇ ਨੇੜੇ ਜਾਵਾਂਗੇ ਅਤੇ ਉਸ ਦੇ ਪਿਆਰ ਵਿਚ ਰਹਾਂਗੇ, ਤਾਂ ਯਹੋਵਾਹ ਸਾਨੂੰ ਹਮੇਸ਼ਾ ਲਈ ਮੁਕੰਮਲ ਜ਼ਿੰਦਗੀ ਦੇਵੇਗਾ। ਇਸ ਭਵਿੱਖ ਨੂੰ ਮਨ ਵਿਚ ਰੱਖ ਕੇ ਅਸੀਂ ਇਸ ਸਮੇਂ ਵਿਚ ਆਪਣੀ ਹਰ ਮੁਸੀਬਤ ਨੂੰ ‘ਹੌਲੀ ਜਿਹੀ ਤੇ ਛਿੰਨ ਭਰ ਦੀ’ ਸਮਝ ਸਕਦੇ ਹਾਂ।—2 ਕੁਰਿੰਥੀਆਂ 4:17.