ਭੈਣੋ-ਭਰਾਵੋ—ਮਾਣ ਕਰੋ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ
“ਜੋ ਕੋਈ ਅਭਮਾਨ ਕਰੇ ਸੋ ਪ੍ਰਭੁ ਵਿੱਚ ਅਭਮਾਨ ਕਰੇ।”—1 ਕੁਰਿੰਥੀਆਂ 1:31.
1. ਲੋਕ ਅੱਜ-ਕੱਲ੍ਹ ਪਰਮੇਸ਼ੁਰ ਬਾਰੇ ਕਿਵੇਂ ਮਹਿਸੂਸ ਕਰਦੇ ਹਨ?
ਇਕ ਧਾਰਮਿਕ ਲੇਖਕ ਦੇ ਅਨੁਸਾਰ ਭਾਵੇਂ ਅੱਜ-ਕੱਲ੍ਹ ਲੋਕ ਕਹਿੰਦੇ ਤਾਂ ਹਨ ਕਿ ਉਹ ਕਿਸੇ ਧਰਮ ਦੇ ਮੈਂਬਰ ਹਨ, ਪਰ ਜ਼ਿਆਦਾਤਰ ਲੋਕਾਂ ਨੂੰ ਪਰਮੇਸ਼ੁਰ ਵਿਚ ਕੋਈ ਦਿਲਚਸਪੀ ਨਹੀਂ ਹੈ। ਇਕ ਸਮਾਂ ਸੀ ਜਦ ਲੋਕਾਂ ਲਈ ਰੱਬ ਤੋਂ ਡਰਨਾ ਜ਼ਰੂਰੀ ਸੀ, ਪਰ ਹੁਣ ਕੋਈ ਮੰਨੇ ਜਾ ਨਾ ਮੰਨੇ ਕਿਸੇ ਨੂੰ ਕੋਈ ਪਰਵਾਹ ਨਹੀਂ। ਅਜਿਹੇ ਲੋਕ ਵੀ ਹਨ ਜੋ ਪਰਮੇਸ਼ੁਰ ਵਿਚ ਤਾਂ ਵਿਸ਼ਵਾਸ ਕਰਦੇ ਹਨ, ਪਰ ਕਿਸੇ ਧਰਮ ਨੂੰ ਨਹੀਂ ਮੰਨਦੇ।
2. (ੳ) ਲੋਕਾਂ ਦੀ ਬੇਦਿਲੀ ਦੇਖ ਕੇ ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ? (ਅ) ਨਿਹਚਾ ਦੀ ਕਮੀ ਬਾਰੇ ਸਾਨੂੰ ਖ਼ਬਰਦਾਰ ਕਿਉਂ ਰਹਿਣਾ ਚਾਹੀਦਾ ਹੈ?
2 ਦੂਸਰੇ ਲੋਕਾਂ ਦੀ ਬੇਦਿਲੀ ਦੇਖ ਕੇ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਨਿਹਚਾ ਦੀ ਅਜਿਹੀ ਕਮੀ ਬਾਰੇ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ। (ਲੂਕਾ 18:8) ਝੂਠੇ ਧਰਮਾਂ ਨੇ ਲੋਕਾਂ ਨੂੰ ਸਦੀਆਂ ਤੋਂ ਧੋਖਾ ਦੇ ਕੇ ਬੇਆਸ ਕਰ ਛੱਡਿਆ ਹੈ। (ਪਰਕਾਸ਼ ਦੀ ਪੋਥੀ 17:15, 16) ਪਰ ਸਾਨੂੰ ਇਸ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਅਸੀਂ ਵੀ ਉਨ੍ਹਾਂ ਵਾਂਗ ਨਾ ਮਹਿਸੂਸ ਕਰਨ ਲੱਗ ਪਈਏ। ਇਹ ਕਿੰਨਾ ਬੁਰਾ ਹੋਵੇਗਾ ਜੇ ਅਸੀਂ ਯਹੋਵਾਹ ਦੀ ਸੇਵਾ ਕਰਦੇ ਹੋਏ ਆਪਣੇ ਜੋਸ਼ ਵਿਚ ਢਿੱਲੇ ਪੈ ਜਾਈਏ ਜਾਂ ਬਾਈਬਲ ਵਿਚ ਨਿਹਚਾ ਕਰਨੀ ਛੱਡ ਦੇਈਏ। ਅਜਿਹੀ ਬੇਦਿਲੀ ਖ਼ਿਲਾਫ਼ ਚੇਤਾਵਨੀ ਦਿੰਦੇ ਹੋਏ ਯਿਸੂ ਨੇ ਲਾਉਦਿਕੀਆ ਵਿਚ ਰਹਿੰਦੇ ਮਸੀਹੀਆਂ ਨੂੰ ਕਿਹਾ ਸੀ: ‘ਤੁਸੀਂ ਨਾ ਤਾਂ ਠੰਡੇ ਹੋ ਨਾ ਤੱਤੇ। ਤੁਸੀਂ ਸੀਲਗਰਮ ਹੋ।’—ਪਰਕਾਸ਼ ਦੀ ਪੋਥੀ 3:15-18.
ਭੁੱਲੋ ਨਾ ਅਸੀਂ ਕੌਣ ਹਾਂ
3. ਸਾਨੂੰ ਕਿਨ੍ਹਾਂ ਗੱਲਾਂ ਦਾ ਮਾਣ ਕਰਨਾ ਚਾਹੀਦਾ ਹੈ?
3 ਜੇ ਅਸੀਂ ਦੁਨੀਆਂ ਦੇ ਲੋਕਾਂ ਵਾਂਗ ਮਹਿਸੂਸ ਕਰਨ ਤੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ? ਸਾਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਕਿ ਅਸੀਂ ਕੌਣ ਹਾਂ। ਬਾਈਬਲ ਵਿਚ ਸਾਨੂੰ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਅਸੀਂ ਯਹੋਵਾਹ ਦੇ “ਗਵਾਹ” ਹਾਂ ਅਤੇ ਦੂਸਰਿਆਂ ਨੂੰ ਉਸ ਦੇ ਰਾਜ ਦੀ “ਖ਼ੁਸ਼ ਖ਼ਬਰੀ” ਸੁਣਾਉਣ ਵਿਚ ਉਸ ਦੇ “ਸਾਂਝੀ” ਹਾਂ। (ਯਸਾਯਾਹ 43:10; 1 ਕੁਰਿੰਥੀਆਂ 3:9; ਮੱਤੀ 24:14) ਇਸ ਤਰ੍ਹਾਂ ਸਾਨੂੰ ਲੋਕਾਂ ਦੀ ਹਨੇਰੀ ਜ਼ਿੰਦਗੀ ਵਿਚ ਰੌਸ਼ਨੀ ਲਿਆਉਣ ਦਾ ਮੌਕਾ ਮਿਲਦਾ ਹੈ। (ਫ਼ਿਲਿੱਪੀਆਂ 2:15) ਅਸੀਂ ਅਜਿਹੇ ਲੋਕ ਹਾਂ ਜੋ “ਇੱਕ ਦੂਏ ਨੂੰ ਪਿਆਰ” ਕਰਦੇ ਹਾਂ। (ਯੂਹੰਨਾ 13:34) ਸਾਡੀਆਂ “ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ।” (ਇਬਰਾਨੀਆਂ 5:14) ਇਸ ਦੇ ਨਾਲ-ਨਾਲ ਅਸੀਂ ‘ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖਣ’ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।—1 ਪਤਰਸ 2:12; 2 ਪਤਰਸ 3:11, 14.
4. ਯਹੋਵਾਹ ਦੇ ਭਗਤ ਕੀ ਨਹੀਂ ਹਨ?
4 ਯਹੋਵਾਹ ਦੇ ਭਗਤ ਇਹ ਵੀ ਜਾਣਦੇ ਹਨ ਕਿ ਉਹ ਕੀ ਨਹੀਂ ਹਨ। ਉਹ ਆਪਣੇ ਗੁਰੂ ਯਿਸੂ ਮਸੀਹ ਵਾਂਗ ਇਸ “ਜਗਤ ਦੇ ਨਹੀਂ ਹਨ।” (ਯੂਹੰਨਾ 17:16) ਉਨ੍ਹਾਂ ਦਾ “ਪਰਾਈਆਂ ਕੌਮਾਂ” ਨਾਲ ਕੋਈ ਵਾਸਤਾ ਨਹੀਂ ਜਿਨ੍ਹਾਂ ਦੀ ‘ਬੁੱਧ ਅਨ੍ਹੇਰੀ ਹੋਈ ਹੋਈ ਹੈ ਅਤੇ ਜੋ ਪਰਮੇਸ਼ੁਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ।’ (ਅਫ਼ਸੀਆਂ 4:17, 18) ਨਤੀਜੇ ਵਜੋਂ ਯਿਸੂ ਦੇ ਚੇਲੇ ‘ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਜੁੱਗ ਵਿੱਚ ਸੁਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰਦੇ ਹਨ।’—ਤੀਤੁਸ 2:12.
5. ਯਹੋਵਾਹ ਵਿਚ ਅਭਮਾਨ ਕਰਨ ਦਾ ਕੀ ਮਤਲਬ ਹੈ?
5 ਅਸੀਂ ਇਸ ਗੱਲ ਤੇ “ਪ੍ਰਭੁ ਵਿੱਚ ਅਭਮਾਨ” ਕਰਦੇ ਹਾਂ ਕਿਉਂਕਿ ਸਾਡਾ ਪ੍ਰਭੁ ਸਰਬਸ਼ਕਤੀਮਾਨ ਯਹੋਵਾਹ ਹੈ ਅਤੇ ਅਸੀਂ ਖ਼ੁਸ਼ ਹਾਂ ਕਿ ਉਸ ਨਾਲ ਸਾਡਾ ਬਹੁਤ ਹੀ ਗੂੜ੍ਹਾ ਰਿਸ਼ਤਾ ਹੈ। (1 ਕੁਰਿੰਥੀਆਂ 1:31) ਅਸੀਂ ਯਹੋਵਾਹ ਦੀ ਇਸ ਸਲਾਹ ਤੇ ਚੱਲਦੇ ਹਾਂ ਕਿ “ਜਿਹੜਾ ਮਾਣ ਕਰਦਾ ਹੈ ਉਹ ਏਸ ਉੱਤੇ ਮਾਣ ਕਰੇ ਭਈ ਉਹ ਮੈਨੂੰ ਸਮਝਦਾ ਹੈ ਅਤੇ ਜਾਣਦਾ ਹੈ ਕਿ ਮੈਂ ਯਹੋਵਾਹ ਹਾਂ ਜਿਹੜਾ ਧਰਤੀ ਉੱਤੇ ਦਯਾ, ਇਨਸਾਫ਼ ਅਤੇ ਧਰਮ ਦੇ ਕੰਮ ਕਰਦਾ ਹਾਂ।” (ਯਿਰਮਿਯਾਹ 9:24) ਸਾਨੂੰ ਇਸ ਗੱਲ ਤੇ “ਅਭਮਾਨ” ਹੈ ਕਿ ਅਸੀਂ ਪਰਮਾਤਮਾ ਨੂੰ ਜਾਣਦੇ ਹਾਂ ਅਤੇ ਉਹ ਦੂਸਰਿਆਂ ਨੂੰ ਆਪਣੇ ਬਾਰੇ ਦੱਸਣ ਲਈ ਸਾਨੂੰ ਵਰਤ ਰਿਹਾ ਹੈ। ਇਹ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ!
ਸਹੀ ਨਜ਼ਰੀਆ ਰੱਖਣ ਦੀ ਚੁਣੌਤੀ
6. ਆਪਣੇ ਆਪ ਬਾਰੇ ਸਹੀ ਨਜ਼ਰੀਆ ਰੱਖਣਾ ਸੌਖਾ ਕਿਉਂ ਨਹੀਂ ਹੈ?
6 ਇਹ ਗੱਲ ਸੱਚ ਹੈ ਕਿ ਆਪਣੇ ਆਪ ਬਾਰੇ ਸਹੀ ਨਜ਼ਰੀਆ ਰੱਖਣਾ ਸੌਖਾ ਨਹੀਂ ਹੈ। ਉਦਾਹਰਣ ਲਈ ਇਕ ਨੌਜਵਾਨ ਜਿਸ ਨੇ ਬਚਪਨ ਤੋਂ ਹੀ ਸੱਚਾਈ ਸਿੱਖੀ ਸੀ, ਉਸ ਸਮੇਂ ਬਾਰੇ ਦੱਸਦਾ ਹੈ ਜਦੋਂ ਉਹ ਸੱਚਾਈ ਵਿਚ ਢਿੱਲਾ ਪੈ ਗਿਆ ਸੀ: “ਕਦੇ-ਕਦੇ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਯਹੋਵਾਹ ਦਾ ਗਵਾਹ ਕਿਉਂ ਹਾਂ। ਮੈਂ ਛੋਟੀ ਉਮਰ ਤੋਂ ਹੀ ਸੱਚਾਈ ਜਾਣਦਾ ਸੀ ਅਤੇ ਕਦੇ-ਕਦੇ ਮੈਨੂੰ ਲੱਗਦਾ ਸੀ ਕਿ ਸਾਡਾ ਧਰਮ ਐਨ ਬਾਕੀ ਦੇ ਧਰਮਾਂ ਵਰਗਾ ਹੀ ਹੈ।” ਹੋਰਨਾਂ ਭੈਣ-ਭਾਈਆਂ ਦੀ ਸੋਚਣੀ ਗ਼ਲਤ ਕਿਵੇਂ ਹੋ ਸਕਦੀ ਹੈ? ਉਨ੍ਹਾਂ ਦੀ ਸੋਚਣੀ ਸ਼ਾਇਦ ਫਿਲਮਾਂ, ਟੈਲੀਵਿਯਨ ਜਾਂ ਹੋਰ ਕਿਸੇ ਮਨੋਰੰਜਨ ਦੇ ਜ਼ਰੀਏ ਢਾਲ਼ੀ ਗਈ ਹੋਵੇ। (ਅਫ਼ਸੀਆਂ 2:2, 3) ਕੁਝ ਭੈਣ-ਭਰਾ ਸ਼ਾਇਦ ਸਮੇਂ-ਸਮੇਂ ਤੇ ਆਪਣੇ ਆਪ ਨੂੰ ਪੁੱਛਣ ਕਿ ਉਹ ਜੋ ਕਰਦੇ ਹਨ ਉਹ ਕਿਉਂ ਕਰਦੇ ਹਨ ਜਾਂ ਉਹ ਜੋ ਮੰਨਦੇ ਹਨ, ਉਹ ਉਸ ਨੂੰ ਕਿਉਂ ਮੰਨਦੇ ਹਨ।
7. (ੳ) ਪਰਮੇਸ਼ੁਰ ਦੇ ਭਗਤਾਂ ਨੂੰ ਸਮੇਂ-ਸਮੇਂ ਤੇ ਕਿਹੋ ਜਿਹੀ ਜਾਂਚ ਕਰਨੀ ਚਾਹੀਦੀ ਹੈ? (ਅ) ਜਾਂਚ ਕਰਦੇ ਸਮੇਂ ਸਾਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ?
7 ਸਮੇਂ-ਸਮੇਂ ਤੇ ਆਪਣੀ ਜਾਂਚ ਕਰਨੀ ਗ਼ਲਤ ਨਹੀਂ ਹੈ। ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਆਪਣੀ ਜਾਂਚ ਕਰਨ ਬਾਰੇ ਲਿਖਿਆ ਸੀ: “ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਹਚਾ ਵਿੱਚ ਹੋ ਯਾ ਨਹੀਂ। ਆਪਣੇ ਆਪ ਨੂੰ ਪਰਖੋ।” (2 ਕੁਰਿੰਥੀਆਂ 13:5) ਪੌਲੁਸ ਰਸੂਲ ਧਿਆਨ ਰੱਖਣ ਬਾਰੇ ਕਹਿ ਰਿਹਾ ਸੀ ਕਿ ਕਿਤੇ ਸਾਡੀ ਨਿਹਚਾ ਵਿਚ ਕੋਈ ਕਮਜ਼ੋਰੀ ਨਾ ਪੈ ਜਾਵੇ, ਪਰ ਜੇ ਪੈ ਵੀ ਜਾਵੇ, ਤਾਂ ਸਾਨੂੰ ਉਸ ਬਾਰੇ ਕੁਝ ਕਰਨ ਦੀ ਲੋੜ ਹੈ। ਆਪਣੀ ਜਾਂਚ ਕਰਦੇ ਸਮੇਂ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੀ ਕਰਨੀ ਤੇ ਕਹਿਣੀ ਸਾਡੇ ਵਿਸ਼ਵਾਸ ਮੁਤਾਬਕ ਹੋਣ। ਜੇ ਸਾਨੂੰ ਆਪਣੀ ਜਾਂਚ ਕਰਦੇ ਸਮੇਂ ਆਪਣੇ ਵਿਚ ਕੋਈ ਕਮੀ ਨਜ਼ਰ ਆਵੇ ਅਤੇ ਸਾਨੂੰ ਪਤਾ ਨਾ ਲੱਗੇ ਕਿ ਅਸੀਂ ਇਸ ਤਰ੍ਹਾਂ ਕਿਉਂ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਚੰਗਾ ਹੋਵੇਗਾ ਜੇ ਅਸੀਂ ਦੁਨੀਆਂ ਦੇ ਸਲਾਹਕਾਰਾਂ ਕੋਲ ਜਾ ਕੇ ਜਵਾਬ ਲੱਭਣ ਦੀ ਕੋਸ਼ਿਸ਼ ਨਾ ਕਰੀਏ।a ਇਸ ਤਰ੍ਹਾਂ ਕਰਨ ਦਾ ਸਾਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ, ਸਗੋਂ ਪੁੱਠੇ ਰਾਹ ਪੈ ਕੇ ਸਾਡੀ ‘ਨਿਹਚਾ ਦੀ ਬੇੜੀ ਡੁੱਬ’ ਜਾਵੇਗੀ!—1 ਤਿਮੋਥਿਉਸ 1:19.
ਸ਼ੱਕ ਦੇ ਸ਼ਿਕਾਰ
8, 9. (ੳ) ਮੂਸਾ ਨੇ ਕੀ ਕਿਹਾ ਸੀ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਆਪਣੇ ਆਪ ਵਿਚ ਕਮੀ ਮਹਿਸੂਸ ਕਰ ਰਿਹਾ ਸੀ? (ਅ) ਮੂਸਾ ਨੂੰ ਤਸੱਲੀ ਦੇਣ ਲਈ ਯਹੋਵਾਹ ਨੇ ਕੀ ਕਿਹਾ ਸੀ? (ੲ) ਯਹੋਵਾਹ ਦੇ ਵਾਅਦੇ ਪੜ੍ਹ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
8 ਜੇ ਕਦੇ-ਕਦੇ ਸਾਡੇ ਮਨ ਵਿਚ ਸਾਡੀ ਨਿਹਚਾ ਬਾਰੇ ਸਵਾਲ ਉੱਠਦੇ ਹਨ, ਤਾਂ ਕੀ ਇਹ ਗ਼ਲਤ ਹੈ? ਬਿਲਕੁਲ ਨਹੀਂ! ਇਹ ਜਾਣ ਕੇ ਸਾਨੂੰ ਹੌਸਲਾ ਮਿਲਦਾ ਹੈ ਕਿ ਯਹੋਵਾਹ ਦੇ ਪ੍ਰਾਚੀਨ ਸੇਵਕਾਂ ਨੇ ਵੀ ਆਪਣੇ ਆਪ ਵਿਚ ਕਮੀਆਂ ਮਹਿਸੂਸ ਕੀਤੀਆਂ ਸਨ ਅਤੇ ਉਨ੍ਹਾਂ ਦੇ ਮਨ ਵਿਚ ਵੀ ਸਵਾਲ ਉੱਠੇ ਸਨ। ਮੂਸਾ ਦੀ ਉਦਾਹਰਣ ਲੈ ਲਓ। ਉਹ ਆਪਣੀ ਨਿਹਚਾ, ਵਫ਼ਾ ਅਤੇ ਲਗਨ ਲਈ ਮਸ਼ਹੂਰ ਸੀ, ਪਰ ਜਦ ਯਹੋਵਾਹ ਨੇ ਉਸ ਨੂੰ ਇਕ ਵੱਡੀ ਜ਼ਿੰਮੇਵਾਰੀ ਸੌਂਪੀ, ਤਾਂ ਉਸ ਨੇ ਸੰਕੋਚ ਕਰਦੇ ਹੋਏ ਕਿਹਾ: “ਮੈਂ ਕੌਣ ਹਾਂ?” (ਕੂਚ 3:11) ਉਸ ਦੇ ਕਹਿਣ ਦਾ ਭਾਵ ਸੀ ਕਿ ਉਹ ਰਾਜੇ ਦੇ ਸਾਮ੍ਹਣੇ ਕਿਵੇਂ ਜਾ ਸਕਦਾ ਸੀ ਜਾਂ ਉਹ ਰੱਬ ਦਾ ਕੰਮ ਕਿਵੇਂ ਕਰ ਸਕਦਾ ਸੀ। ਮੂਸਾ ਇਸ ਤਰ੍ਹਾਂ ਆਪਣੇ ਆਪ ਵਿਚ ਕਮੀ ਕਿਉਂ ਮਹਿਸੂਸ ਕਰਦਾ ਸੀ? ਉਹ ਸ਼ਾਇਦ ਸੋਚ ਰਿਹਾ ਸੀ ਕਿ ਉਸ ਦੀ ਕੌਮ ਦੇ ਲੋਕ ਗ਼ੁਲਾਮ ਸਨ। ਉਸ ਦੇ ਆਪਣੇ ਲੋਕਾਂ ਨੇ ਉਸ ਨੂੰ ਠੁਕਰਾਇਆ ਸੀ। ਉਹ ਇੰਨੀ ਚੰਗੀ ਤਰ੍ਹਾਂ ਬੋਲ ਵੀ ਨਹੀਂ ਸਕਦਾ ਸੀ। (ਕੂਚ 1:13, 14; 2:11-14; 4:10) ਨਾਲੇ ਉਹ ਇਕ ਅਯਾਲੀ ਸੀ ਅਤੇ ਮਿਸਰੀ ਲੋਕ ਇਸ ਕਿੱਤੇ ਨਾਲ ਨਫ਼ਰਤ ਕਰਦੇ ਸਨ। (ਉਤਪਤ 46:34) ਹੁਣ ਅਸੀਂ ਸਮਝ ਸਕਦੇ ਹਾਂ ਕਿ ਉਹ ਇਸ ਤਰ੍ਹਾਂ ਕਿਉਂ ਮਹਿਸੂਸ ਕਰਦਾ ਸੀ ਕਿ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਮਿਸਰ ਵਿੱਚੋਂ ਛੁਡਾਉਣ ਦੇ ਕਾਬਲ ਨਹੀਂ ਸੀ!
9 ਯਹੋਵਾਹ ਨੇ ਮੂਸਾ ਨਾਲ ਦੋ ਵਾਅਦੇ ਕਰ ਕੇ ਉਸ ਨੂੰ ਤਸੱਲੀ ਦਿੱਤੀ: “ਮੈਂ ਤੇਰੇ ਨਾਲ ਹੋਵਾਂਗਾਈ ਅਤੇ ਤੇਰੇ ਲਈ ਏਹ ਪਤਾ ਹੋਵੇਗਾ ਕਿ ਮੈਂ ਤੈਨੂੰ ਘੱਲਿਆ ਭਈ ਜਦ ਤੂੰ ਏਸ ਪਰਜਾ ਨੂੰ ਮਿਸਰ ਤੋਂ ਕੱਢ ਲਿਆਵੇਂਗਾ ਤਾਂ ਤੁਸੀਂ ਏਸ ਪਹਾੜ ਉੱਤੇ ਪਰਮੇਸ਼ੁਰ ਦੀ ਉਪਾਸਨਾ ਕਰੋਗੇ।” (ਕੂਚ 3:12) ਆਪਣੇ ਸੇਵਕ ਨੂੰ ਝਿਜਕਦੇ ਦੇਖ ਕੇ ਪਰਮੇਸ਼ੁਰ ਨੇ ਪਹਿਲਾਂ ਕਿਹਾ ਕਿ ਉਹ ਉਸ ਨੂੰ ਹਮੇਸ਼ਾ ਸਹਾਰਾ ਦੇਵੇਗਾ। ਫਿਰ ਯਹੋਵਾਹ ਨੇ ਇਹ ਵੀ ਕਿਹਾ ਕਿ ਉਹ ਆਪਣੇ ਲੋਕਾਂ ਨੂੰ ਜ਼ਰੂਰ ਬਚਾਵੇਗਾ। ਸਾਲਾਂ ਦੌਰਾਨ ਪਰਮੇਸ਼ੁਰ ਨੇ ਇਸੇ ਤਰ੍ਹਾਂ ਆਪਣੇ ਸੇਵਕਾਂ ਨਾਲ ਵਾਅਦੇ ਕੀਤੇ ਹਨ ਕਿ ਉਹ ਉਨ੍ਹਾਂ ਦਾ ਸਾਥ ਕਦੇ ਨਹੀਂ ਛੱਡੇਗਾ। ਮਿਸਾਲ ਲਈ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਉਸ ਨੇ ਮੂਸਾ ਦੇ ਜ਼ਰੀਏ ਇਸਰਾਏਲੀਆਂ ਨੂੰ ਕਿਹਾ: “ਤਕੜੇ ਹੋਵੇ, ਹੌਸਲਾ ਰੱਖੋ, . . . ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਨਾਲ ਨਾਲ ਜਾਂਦਾ ਹੈ! ਉਹ ਨਾ ਤਾਂ ਤੁਹਾਨੂੰ ਛੱਡੇਗਾ ਨਾ ਤੁਹਾਨੂੰ ਤਿਆਗੇਗਾ।” (ਬਿਵਸਥਾ ਸਾਰ 31:6) ਯਹੋਵਾਹ ਨੇ ਇਸੇ ਤਰ੍ਹਾਂ ਯਹੋਸ਼ੁਆ ਨੂੰ ਵੀ ਭਰੋਸਾ ਦਿੱਤਾ: ‘ਤੇਰੀ ਸਾਰੀ ਅਵਸਥਾ ਵਿੱਚ ਕੋਈ ਮਨੁੱਖ ਤੇਰੇ ਸਾਹਮਣੇ ਨਾ ਆਕੜੇਗਾ। ਮੈਂ ਤੇਰੇ ਸੰਗ ਰਹਾਂਗਾ। ਮੈਂ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਤੈਨੂੰ ਤਿਆਗਾਂਗਾ।’ (ਯਹੋਸ਼ੁਆ 1:5) ਇਸ ਤੋਂ ਵੱਧ ਪਰਮੇਸ਼ੁਰ ਸਾਡੇ ਨਾਲ ਵੀ ਇਸੇ ਤਰ੍ਹਾਂ ਵਾਅਦਾ ਕਰਦਾ ਹੈ: “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।” (ਇਬਰਾਨੀਆਂ 13:5) ਇਹ ਵਾਅਦੇ ਪੜ੍ਹ ਕੇ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ? ਯਹੋਵਾਹ ਦਾ ਸਹਾਰਾ ਪਾ ਕੇ ਸਾਨੂੰ ਮਾਣ ਹੁੰਦਾ ਹੈ ਕਿ ਅਸੀਂ ਉਸ ਦੇ ਗਵਾਹ ਹਾਂ!
10, 11. ਯਹੋਵਾਹ ਦੀ ਸੇਵਾ ਕਰਨ ਬਾਰੇ ਆਸਾਫ਼ ਦੀ ਸੋਚਣੀ ਵਿਚ ਸੁਧਾਰ ਕਿਵੇਂ ਆਇਆ ਸੀ?
10 ਮੂਸਾ ਦੇ ਸਮੇਂ ਤੋਂ ਤਕਰੀਬਨ 500 ਸਾਲ ਬਾਅਦ ਆਸਾਫ਼ ਨਾਂ ਦਾ ਆਦਮੀ ਰਹਿੰਦਾ ਸੀ ਜਿਸ ਨੇ ਬਾਈਬਲ ਵਿਚ ਸਾਫ਼-ਸਾਫ਼ ਆਪਣੇ ਦਿਲ ਦਾ ਸ਼ੀਸ਼ਾ ਦਿਖਾਇਆ ਸੀ। ਗੱਲ ਕੀ ਸੀ? ਇਕ ਵਾਰ ਇਸ ਵਫ਼ਾਦਾਰ ਲੇਵੀ ਦੇ ਮਨ ਵਿਚ ਯਹੋਵਾਹ ਦੀ ਮਰਜ਼ੀ ਮੁਤਾਬਕ ਸਹੀ ਰਾਹ ਤੇ ਚੱਲਣ ਬਾਰੇ ਸ਼ੱਕ ਪੈਦਾ ਹੋਇਆ। ਇਸ ਤਰ੍ਹਾਂ ਕਿਉਂ ਹੋਇਆ? ਭਾਵੇਂ ਉਹ ਆਪ ਮੁਸ਼ਕਲਾਂ ਦੌਰਾਨ ਯਹੋਵਾਹ ਅੱਗੇ ਵਫ਼ਾਦਾਰ ਰਿਹਾ ਸੀ, ਪਰ ਉਸ ਨੇ ਦੇਖਿਆ ਕਿ ਪਰਮੇਸ਼ੁਰ ਦੀ ਮਰਜ਼ੀ ਤੋਂ ਉਲਟ ਚਲਣ ਵਾਲੇ ਲੋਕ ਸਫ਼ਲ ਹੋ ਰਹੇ ਸਨ। ਇਸ ਦਾ ਆਸਾਫ਼ ਤੇ ਕਿਹੋ ਜਿਹਾ ਪ੍ਰਭਾਵ ਪਿਆ? ਉਹ ਦੱਸਦਾ ਹੈ: “ਮੇਰੇ ਪੈਰ ਫਿਸਲਣ, ਅਤੇ ਮੇਰੇ ਕਦਮ ਤਿਲਕਣ ਲੱਗੇ ਸਨ। ਜਦ ਮੈਂ ਦੁਸ਼ਟਾਂ ਦਾ ਸੁਲੱਖਪੁਣਾ ਡਿੱਠਾ, ਤਾਂ ਮੈਂ ਉਨ੍ਹਾਂ ਹੰਕਾਰੀਆਂ ਦੇ ਉੱਤੇ ਖੁਣਸ ਕੀਤੀ ਸੀ।” ਆਸਾਫ਼ ਨੂੰ ਸਹੀ ਰਾਹ ਚੱਲਣ ਦਾ ਕੋਈ ਫ਼ਾਇਦਾ ਨਜ਼ਰ ਨਹੀਂ ਆ ਰਿਹਾ ਸੀ। ਉਹ ਸਮਝਦਾ ਸੀ ਕਿ ਉਸ ਨੇ “ਅਵਿਰਥਾ ਆਪਣੇ ਦਿਲ ਨੂੰ ਸ਼ੁੱਧ ਕੀਤਾ ਹੈ, ਅਤੇ ਨਿਰਮਲਤਾਈ ਵਿੱਚ ਆਪਣੇ ਹੱਥ ਧੋਤੇ ਹਨ।” ਉਸ ਨੇ ਦੱਸਿਆ: “ਸਾਰਾ ਦਿਨ ਮੈਂ ਮਾਰ ਖਾਂਦਾ ਰਿਹਾ।”—ਜ਼ਬੂਰਾਂ ਦੀ ਪੋਥੀ 73:2, 3, 13, 14.
11 ਆਸਾਫ਼ ਨੇ ਆਪਣੇ ਇਸ ਸੰਘਰਸ਼ ਬਾਰੇ ਕੀ ਕੀਤਾ ਸੀ? ਕੀ ਉਸ ਨੇ ਆਪਣੇ ਇਨ੍ਹਾਂ ਜਜ਼ਬਾਤਾਂ ਮੋਹਰੇ ਅੱਖਾਂ ਮੀਟੀਆਂ ਸਨ? ਨਹੀਂ। ਉਸ ਨੇ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਿਆ ਅਤੇ ਉਸ ਦੀ ਇਹ ਪ੍ਰਾਰਥਨਾ ਅਸੀਂ 73ਵੇਂ ਜ਼ਬੂਰ ਵਿਚ ਪੜ੍ਹ ਸਕਦੇ ਹਾਂ। ਆਸਾਫ਼ ਦੀ ਸੋਚਣੀ ਨੇ ਕਰਵਟ ਉਸ ਸਮੇਂ ਬਦਲੀ ਜਦ ਉਹ ਯਹੋਵਾਹ ਦੇ ਭਵਨ ਨੂੰ ਗਿਆ। ਉੱਥੇ ਉਸ ਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਵਿਚ ਯਹੋਵਾਹ ਦੀ ਭਗਤੀ ਸਭ ਤੋਂ ਵੱਡੀ ਗੱਲ ਹੈ ਅਤੇ ਉਸ ਦੇ ਦਿਲ ਵਿਚ ਯਹੋਵਾਹ ਲਈ ਫਿਰ ਤੋਂ ਪਿਆਰ ਜਾਗਿਆ। ਉਹ ਸਮਝਣ ਲੱਗਾ ਕਿ ਯਹੋਵਾਹ ਨੂੰ ਬੁਰਾਈ ਨਾਲ ਨਫ਼ਰਤ ਹੈ ਅਤੇ ਉਹ ਪੁੱਠੇ ਰਾਹ ਤੁਰਨ ਵਾਲਿਆਂ ਨੂੰ ਵੇਲੇ ਸਿਰ ਸਜ਼ਾ ਜ਼ਰੂਰ ਦੇਵੇਗਾ। (ਜ਼ਬੂਰਾਂ ਦੀ ਪੋਥੀ 73:17-19) ਆਪਣੀ ਸੋਚਣੀ ਸੁਧਾਰਨ ਤੋਂ ਬਾਅਦ ਆਸਾਫ਼ ਨੂੰ ਫ਼ਖ਼ਰ ਹੋਣ ਲੱਗਾ ਕਿ ਉਸ ਨੂੰ ਯਹੋਵਾਹ ਦੀ ਸੇਵਾ ਕਰਨ ਦਾ ਸਨਮਾਨ ਮਿਲਿਆ ਹੈ। ਉਸ ਨੇ ਪਰਮੇਸ਼ੁਰ ਨੂੰ ਕਿਹਾ: “ਮੈਂ ਸਦਾ ਤੇਰੇ ਸੰਗ ਹਾਂ, ਤੈਂ ਮੇਰੇ ਸੱਜੇ ਹੱਥ ਨੂੰ ਫੜਿਆ ਹੈ। ਤੂੰ ਆਪਣੇ ਗੁਰਮਤੇ ਨਾਲ ਮੇਰੀ ਅਗਵਾਈ ਕਰੇਂਗਾ, ਅਤੇ ਉਹ ਦੇ ਮਗਰੋਂ ਮੈਨੂੰ ਤੇਜ ਵਿੱਚ ਰੱਖੇਂਗਾ।” (ਜ਼ਬੂਰਾਂ ਦੀ ਪੋਥੀ 73:23, 24) ਆਸਾਫ਼ ਨੇ ਯਹੋਵਾਹ ਦੀ ਸੇਵਾ ਕਰਨ ਵਿਚ ਫਿਰ ਤੋਂ ਖ਼ੁਸ਼ੀ ਮਾਣੀ।—ਜ਼ਬੂਰਾਂ ਦੀ ਪੋਥੀ 34:2.
ਉਹ ਕਦੇ ਨਹੀਂ ਭੁੱਲੇ ਕਿ ਉਹ ਕੌਣ ਸਨ
12, 13. ਬਾਈਬਲ ਵਿੱਚੋਂ ਕੁਝ ਉਦਾਹਰਣਾਂ ਦਿਓ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਯਹੋਵਾਹ ਦੇ ਸੇਵਕਾਂ ਨੂੰ ਉਸ ਦੀ ਭਗਤੀ ਕਰਨ ਦਾ ਮਾਣ ਸੀ।
12 ਜਦ ਸਾਡੇ ਮਨ ਵਿਚ ਯਹੋਵਾਹ ਦੀ ਸੇਵਾ ਕਰਨ ਬਾਰੇ ਸਵਾਲ ਜਾਗਦੇ ਹਨ, ਤਾਂ ਸਾਨੂੰ ਸਹਾਇਤਾ ਕਿੱਥੋਂ ਮਿਲ ਸਕਦੀ ਹੈ? ਅਸੀਂ ਯਹੋਵਾਹ ਦੇ ਉਨ੍ਹਾਂ ਵਫ਼ਾਦਾਰ ਸੇਵਕਾਂ ਬਾਰੇ ਸੋਚ ਸਕਦੇ ਹਾਂ ਜਿਨ੍ਹਾਂ ਨੂੰ ਮੁਸ਼ਕਲਾਂ ਦੇ ਬਾਵਜੂਦ ਪਰਮੇਸ਼ੁਰ ਦੀ ਸੇਵਾ ਕਰਨ ਦਾ ਮਾਣ ਸੀ। ਯਾਕੂਬ ਦੇ ਪੱਤਰ ਯੂਸੁਫ਼ ਦੀ ਮਿਸਾਲ ਉੱਤੇ ਗੌਰ ਕਰੋ। ਛੋਟੀ ਉਮਰ ਵਿਚ ਹੀ ਉਸ ਨੂੰ ਵੇਚ ਦਿੱਤਾ ਗਿਆ ਸੀ ਅਤੇ ਉਹ ਮਿਸਰ ਵਿਚ ਗ਼ੁਲਾਮ ਬਣ ਗਿਆ ਸੀ। ਉੱਥੇ ਨਾ ਹੀ ਉਸ ਦਾ ਪਿਆਰਾ ਪਿਤਾ ਸੀ ਤੇ ਨਾ ਹੀ ਉਸ ਦਾ ਕੋਈ ਸਾਕ-ਸੰਬੰਧੀ। ਆਪਣੇ ਘਰਵਾਲਿਆਂ ਤੋਂ ਇੰਨੇ ਸੌ ਕਿਲੋਮੀਟਰ ਦੂਰ ਉਸ ਲਾਗੇ ਕੋਈ ਨਹੀਂ ਸੀ ਜਿਸ ਕੋਲੋਂ ਉਹ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਚੱਲਣ ਲਈ ਸਲਾਹ ਲੈ ਸਕੇ। ਉੱਥੇ ਉਸ ਨੂੰ ਕਈ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ ਅਤੇ ਉਸ ਦੀ ਨਿਹਚਾ ਪਰਖੀ ਗਈ। ਇਨ੍ਹਾਂ ਮੁਸ਼ਕਲਾਂ ਦੌਰਾਨ ਉਸ ਨੇ ਵਫ਼ਾਦਾਰੀ ਨਾਲ ਸਹੀ ਰਾਹ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕੀਤੀ। ਉਸ ਨੂੰ ਯਹੋਵਾਹ ਦੀ ਭਗਤੀ ਕਰਨ ਦਾ ਮਾਣ ਸੀ ਅਤੇ ਵਿਰੋਧੀਆਂ ਦੇ ਸਾਮ੍ਹਣੇ ਉਹ ਆਪਣੇ ਪਰਮੇਸ਼ੁਰ ਬਾਰੇ ਗੱਲ ਕਰਨ ਤੋਂ ਝਿਜਕਿਆ ਨਹੀਂ ਸੀ।—ਉਤਪਤ 39:7-10.
13 ਯੂਸੁਫ਼ ਦੇ ਸਮੇਂ ਤੋਂ ਲਗਭਗ 800 ਸਾਲ ਬਾਅਦ ਇਸਰਾਏਲੀਆਂ ਦੀ ਇਕ ਨਿੱਕੀ ਕੁੜੀ ਨੂੰ ਅਗਵਾ ਕਰ ਕੇ ਸੀਰੀਆ ਦੇਸ਼ ਪਹੁੰਚਾਇਆ ਗਿਆ। ਉੱਥੇ ਭਾਵੇਂ ਉਹ ਸੈਨਾਪਤੀ ਨਅਮਾਨ ਦੇ ਘਰ ਨੌਕਰ ਬਣ ਗਈ ਸੀ, ਪਰ ਉਹ ਭੁੱਲੀ ਨਹੀਂ ਕਿ ਉਹ ਯਹੋਵਾਹ ਦੀ ਦਾਸੀ ਸੀ। ਜਦ ਉਸ ਨੂੰ ਮੌਕਾ ਮਿਲਿਆ, ਤਾਂ ਉਸ ਨੇ ਹਿੰਮਤ ਨਾਲ ਯਹੋਵਾਹ ਬਾਰੇ ਗਵਾਹੀ ਦੇ ਕੇ ਕਿਹਾ ਕਿ ਅਲੀਸ਼ਾ ਸੱਚੇ ਪਰਮੇਸ਼ੁਰ ਦਾ ਨਬੀ ਸੀ। (2 ਰਾਜਿਆਂ 5:1-19) ਉਸ ਤੋਂ ਕਈ ਸਾਲ ਬਾਅਦ ਨੌਜਵਾਨ ਯੋਸੀਯਾਹ ਰਾਜਾ ਬਣਿਆ। ਉਸ ਦੇ ਸਮੇਂ ਦੇ ਲੋਕ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ, ਪਰ ਉਸ ਨੇ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਵਾਈ ਅਤੇ ਲੋਕਾਂ ਦਾ ਮੂੰਹ ਯਹੋਵਾਹ ਵੱਲ ਵਾਪਸ ਮੋੜਿਆ। ਉਸ ਨੂੰ ਵੀ ਆਪਣੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਮਾਣ ਸੀ। (2 ਇਤਹਾਸ ਦਾ 34ਵਾਂ ਤੇ 35ਵਾਂ ਅਧਿਆਇ) ਦਾਨੀਏਲ ਅਤੇ ਉਸ ਦੇ ਤਿੰਨ ਇਬਰਾਨੀ ਸਾਥੀ ਵੀ ਕਦੇ ਨਹੀਂ ਭੁੱਲੇ ਸਨ ਕਿ ਉਹ ਕੌਣ ਸਨ। ਸਖ਼ਤ ਇਮਤਿਹਾਨਾਂ ਅਤੇ ਪਰਤਾਵਿਆਂ ਦੇ ਬਾਵਜੂਦ ਉਹ ਯਹੋਵਾਹ ਸਾਮ੍ਹਣੇ ਖੜ੍ਹੇ ਰਹੇ। ਇਹ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਨ ਦਾ ਮਾਣ ਸੀ।—ਦਾਨੀਏਲ 1:8-20.
ਸਿਰ ਚੁੱਕ ਕੇ ਕਹੋ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ
14, 15. ਕੀ ਅੱਜ ਯਹੋਵਾਹ ਦੇ ਗਵਾਹਾਂ ਨੂੰ ਉਸ ਦੀ ਭਗਤੀ ਕਰਨ ਦਾ ਮਾਣ ਹੈ?
14 ਯਹੋਵਾਹ ਦੇ ਇਹ ਸੇਵਕ ਆਪਣੀ ਨਿਹਚਾ ਕਾਇਮ ਕਿਉਂ ਰੱਖ ਸਕੇ ਸਨ? ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਦੀ ਭਗਤੀ ਕਰਨ ਦਾ ਮਾਣ ਸੀ। ਸਾਡੇ ਸਮੇਂ ਬਾਰੇ ਕੀ? ਕੀ ਅੱਜ ਯਹੋਵਾਹ ਦੇ ਗਵਾਹਾਂ ਨੂੰ ਉਸ ਦੀ ਭਗਤੀ ਕਰਨ ਦਾ ਮਾਣ ਹੈ? ਹਾਂ ਬਿਲਕੁਲ ਹੈ!
15 ਸਾਨੂੰ ਫ਼ਖ਼ਰ ਹੈ ਕਿ ਅਸੀਂ ਯਹੋਵਾਹ ਦੇ ਨਾਂ ਤੋਂ ਸੱਦੇ ਜਾਂਦੇ ਹਾਂ ਅਤੇ ਸਾਡੇ ਉੱਤੇ ਉਸ ਦਾ ਆਸ਼ੀਰਵਾਦ ਹੈ। ਯਹੋਵਾਹ ਨੂੰ ਕੋਈ ਸ਼ੱਕ ਨਹੀਂ ਹੈ ਕਿ ਉਸ ਦੇ ਲੋਕ ਕੌਣ ਹਨ। ਪੌਲੁਸ ਰਸੂਲ ਦੇ ਸਮੇਂ ਦੇ ਲੋਕ ਕਈ ਦੇਵੀ-ਦੇਵਤਿਆਂ ਨੂੰ ਮੰਨਦੇ ਸਨ ਪਰ ਉਸ ਨੇ ਆਪਣੇ ਪਰਮੇਸ਼ੁਰ ਯਹੋਵਾਹ ਬਾਰੇ ਕਿਹਾ ਕਿ ਉਹ “ਆਪਣਿਆਂ ਨੂੰ ਜਾਣਦਾ ਹੈ।” (2 ਤਿਮੋਥਿਉਸ 2:19; ਗਿਣਤੀ 16:5) ਯਹੋਵਾਹ ਆਪਣੇ ਸੇਵਕਾਂ ਉੱਤੇ ਫ਼ਖ਼ਰ ਕਰਦਾ ਹੈ। ਉਹ ਕਹਿੰਦਾ ਹੈ: ‘ਜਿਹੜਾ ਤੁਹਾਨੂੰ ਛੋਹੰਦਾ ਹੈ ਉਹ ਮੇਰੀ ਅੱਖ ਦੀ ਕਾਕੀ ਨੂੰ ਛੋਹੰਦਾ ਹੈ।’ (ਜ਼ਕਰਯਾਹ 2:8) ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਨੂੰ ਸਾਡੇ ਨਾਲ ਪਿਆਰ ਹੈ। ਤਾਂ ਫਿਰ ਸਾਨੂੰ ਵੀ ਉਸ ਨਾਲ ਪਿਆਰ ਕਰਨਾ ਚਾਹੀਦਾ ਹੈ। ਪੌਲੁਸ ਰਸੂਲ ਨੇ ਕਿਹਾ: “ਜੇ ਕੋਈ ਪਰਮੇਸ਼ੁਰ ਨਾਲ ਪ੍ਰੇਮ ਰੱਖੇ ਤਾਂ ਉਹ ਉਸ ਤੋਂ ਜਾਣਿਆ ਜਾਂਦਾ ਹੈ।”—1 ਕੁਰਿੰਥੀਆਂ 8:3.
16, 17. ਯਹੋਵਾਹ ਦੇ ਹਰੇਕ ਗਵਾਹ ਨੂੰ ਸੱਚਾਈ ਵਿਚ ਮਿਲੀ ਵਿਰਾਸਤ ਉੱਤੇ ਮਾਣ ਕਿਉਂ ਕਰਨਾ ਚਾਹੀਦਾ ਹੈ?
16 ਜਿਹੜੇ ਨੌਜਵਾਨਾਂ ਨੇ ਬਚਪਨ ਤੋਂ ਹੀ ਆਪਣੇ ਮਾਤਾ-ਪਿਤਾ ਤੋਂ ਸੱਚਾਈ ਸਿੱਖੀ ਹੈ, ਉਨ੍ਹਾਂ ਨੂੰ ਆਪਣੀ ਨਿਹਚਾ ਆਪ ਪੱਕੀ ਕਰਨੀ ਚਾਹੀਦੀ ਹੈ। ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਆਪਣੀ ਜਾਂਚ ਕਰਨ ਕਿ ਉਹ ਯਹੋਵਾਹ ਵਿਚ ਵਿਸ਼ਵਾਸ ਕਿਉਂ ਕਰਦੇ ਹਨ। ਉਹ ਸਿਰਫ਼ ਆਪਣੇ ਮਾਂ-ਬਾਪ ਦੀ ਨਿਹਚਾ ਤੇ ਨਿਰਭਰ ਨਹੀਂ ਕਰ ਸਕਦੇ। ਪੌਲੁਸ ਰਸੂਲ ਨੇ ਪਰਮੇਸ਼ੁਰ ਦੇ ਹਰੇਕ ਸੇਵਕ ਬਾਰੇ ਲਿਖਿਆ: “ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।” (ਰੋਮੀਆਂ 14:4, 12) ਜੀ ਹਾਂ, ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰ ਕੇ ਹੀ ਕੋਈ ਹਮੇਸ਼ਾ ਲਈ ਯਹੋਵਾਹ ਨਾਲ ਦੋਸਤੀ ਕਰ ਸਕਦਾ ਹੈ।
17 ਸਦੀਆਂ ਤੋਂ ਲੋਕ ਯਹੋਵਾਹ ਦੀ ਸੇਵਾ ਕਰਦੇ ਆਏ ਹਨ। ਕੁਝ 6,000 ਸਾਲ ਪਹਿਲਾਂ ਹਾਬਲ ਉਸ ਦਾ ਪਹਿਲਾ ਗਵਾਹ ਸੀ। ਅੱਜ ਯਹੋਵਾਹ ਦੇ ਗਵਾਹਾਂ ਦੀ “ਵੱਡੀ ਭੀੜ” ਹੈ ਅਤੇ ਭਵਿੱਖ ਵਿਚ ਵੀ ਲੋਕ ਉਸ ਦੀ ਭਗਤੀ ਕਰਦੇ ਰਹਿਣਗੇ। (ਪਰਕਾਸ਼ ਦੀ ਪੋਥੀ 7:9; ਇਬਰਾਨੀਆਂ 11:4) ਅਸੀਂ ਤਾਂ ਉਸ ਦੇ ਬੱਸ ਨਵੇਂ-ਨਵੇਂ ਗਵਾਹ ਹਾਂ। ਸਾਨੂੰ ਸੱਚਾਈ ਵਿਚ ਮਿਲੀ ਇਸ ਵਿਰਾਸਤ ਦੀ ਕਿੰਨੀ ਕਦਰ ਕਰਨੀ ਚਾਹੀਦੀ ਹੈ!
18. ਸਾਡੇ ਅਸੂਲ ਅਤੇ ਮਿਆਰ ਦੁਨੀਆਂ ਦੇ ਲੋਕਾਂ ਤੋਂ ਬਿਲਕੁਲ ਅਲੱਗ ਕਿਵੇਂ ਹਨ?
18 ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਡੇ ਅਸੂਲ, ਗੁਣ, ਮਿਆਰ ਅਤੇ ਚਾਲ-ਚੱਲਣ ਦੁਨੀਆਂ ਦੇ ਲੋਕਾਂ ਤੋਂ ਬਿਲਕੁਲ ਅਲੱਗ ਹਨ। ਅਸੀਂ ਸਿਰਫ਼ ‘ਯਿਸੂ ਦੇ ਮਾਰਗ ਤੇ ਚੱਲ ਕੇ’ ਹੀ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਦੇ ਹਾਂ। (ਰਸੂਲਾਂ ਦੇ ਕਰਤੱਬ 9:2, ਈਜ਼ੀ ਟੂ ਰੀਡ ਵਰਯਨ; ਅਫ਼ਸੀਆਂ 4:22-24) ਅਸੀਂ ‘ਸਭਨਾਂ ਗੱਲਾਂ ਨੂੰ ਪਰਖ ਕੇ ਖਰੀਆਂ ਗੱਲਾਂ ਨੂੰ ਫੜੀ ਰੱਖਦੇ’ ਹਾਂ। (1 ਥੱਸਲੁਨੀਕੀਆਂ 5:21) ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਜਿਨ੍ਹਾਂ ਗੱਲਾਂ ਵਿਚ ਅਸੀਂ ਵਿਸ਼ਵਾਸ ਕਰਦੇ ਹਾਂ, ਉਹ ਦੁਨੀਆਂ ਦੇ ਲੋਕਾਂ ਦੀ ਸੋਚਣੀ ਤੋਂ ਬਿਲਕੁਲ ਅਲੱਗ ਹਨ। ਯਹੋਵਾਹ ਨੇ ਸਾਨੂੰ ਸੱਚ ਅਤੇ ਝੂਠ ਦੀ ਪਛਾਣ ਸਮਝਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਆਪਣੇ ਨਬੀ ਮਲਾਕੀ ਰਾਹੀਂ ਉਸ ਨੇ ਕਿਹਾ: “ਤੁਸੀਂ ਮੁੜੋਗੇ ਅਤੇ ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ ਕਰੋਗੇ।”—ਮਲਾਕੀ 3:18.
19. ਯਹੋਵਾਹ ਦੇ ਗਵਾਹਾਂ ਨੂੰ ਕੀ ਕਰਦੇ ਰਹਿਣਾ ਚਾਹੀਦਾ ਹੈ?
19 ਇਸ ਲੇਖ ਵਿਚ ਅਸੀਂ ਦੇਖਿਆ ਹੈ ਕਿ ਅੱਜ-ਕੱਲ੍ਹ ਲੋਕਾਂ ਨੂੰ ਨਾ ਕਿਸੇ ਧਰਮ ਵਿਚ ਤੇ ਨਾ ਪਰਮੇਸ਼ੁਰ ਵਿਚ ਕੋਈ ਦਿਲਚਸਪੀ ਹੈ। ਪਰ ਅਸੀਂ ਇਹ ਵੀ ਦੇਖਿਆ ਹੈ ਕਿ ਸਾਡੇ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੇ ਗਵਾਹ ਹੋਣ ਦਾ ਮਾਣ ਕਰਦੇ ਰਹੀਏ। ਇਸ ਤਰ੍ਹਾਂ ਕਰਨ ਲਈ ਸਾਨੂੰ ਮਦਦ ਕਿੱਥੋਂ ਮਿਲ ਸਕਦੀ ਹੈ? ਅਗਲੇ ਲੇਖ ਵਿਚ ਇਸ ਬਾਰੇ ਸੁਝਾਅ ਦਿੱਤੇ ਗਏ ਹਨ।
[ਫੁਟਨੋਟ]
a ਇਸ ਲੇਖ ਵਿਚ ਅਸੀਂ ਸਿਰਫ਼ ਸੱਚਾਈ ਵਿਚ ਹੋਣ ਬਾਰੇ ਗੱਲ ਕਰ ਰਹੇ ਹਾਂ। ਜੇ ਕਿਸੇ ਨੂੰ ਕੋਈ ਮਾਨਸਿਕ ਕਸਰ ਹੋਵੇ, ਤਾਂ ਉਸ ਨੂੰ ਡਾਕਟਰੀ ਇਲਾਜ ਦੀ ਲੋੜ ਵੀ ਹੋ ਸਕਦੀ ਹੈ।
ਕੀ ਤੁਹਾਨੂੰ ਯਾਦ ਹੈ?
• ਅਸੀਂ ਯਹੋਵਾਹ ਵਿਚ ਮਾਣ ਕਿਵੇਂ ਕਰ ਸਕਦੇ ਹਾਂ?
• ਤੁਸੀਂ ਮੂਸਾ ਅਤੇ ਆਸਾਫ਼ ਦੀਆਂ ਮਿਸਾਲਾਂ ਤੋਂ ਕੀ ਸਿੱਖਿਆ ਹੈ?
• ਯਹੋਵਾਹ ਦੇ ਕਿਹੜੇ ਸੇਵਕਾਂ ਨੂੰ ਉਸ ਦੀ ਸੇਵਾ ਕਰਨ ਵਿਚ ਮਾਣ ਸੀ?
• ਯਹੋਵਾਹ ਦੀ ਭਗਤੀ ਵਿਚ ਮਾਣ ਕਰਨ ਦਾ ਕੀ ਮਤਲਬ ਹੈ?
[ਸਫ਼ੇ 14 ਉੱਤੇ ਤਸਵੀਰ]
ਪਹਿਲਾਂ-ਪਹਿਲਾਂ ਮੂਸਾ ਨੇ ਆਪਣੇ ਆਪ ਨੂੰ ਪਰਮੇਸ਼ੁਰ ਦਾ ਕੰਮ ਕਰਨ ਦੇ ਕਾਬਲ ਨਹੀਂ ਸਮਝਿਆ ਸੀ
[ਸਫ਼ੇ 15 ਉੱਤੇ ਤਸਵੀਰ]
ਯਹੋਵਾਹ ਦੇ ਕਈ ਪ੍ਰਾਚੀਨ ਸੇਵਕ ਫ਼ਖ਼ਰ ਨਾਲ ਉਸ ਦੀ ਸੇਵਾ ਕਰਦੇ ਸਨ