ਯਾਦ ਰੱਖੋ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ
“ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ।”—ਯਸਾਯਾਹ 43:10.
1. ਯਹੋਵਾਹ ਕਿਹੋ ਜਿਹੇ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ?
ਅਗਲੀ ਵਾਰ ਜਦੋਂ ਤੁਸੀਂ ਕਿੰਗਡਮ ਹਾਲ ਵਿਚ ਕਿਸੇ ਮੀਟਿੰਗ ਵਿਚ ਬੈਠੇ ਹੋਵੋਗੇ, ਤਾਂ ਧਿਆਨ ਨਾਲ ਆਪਣੇ ਆਲੇ-ਦੁਆਲੇ ਦੇਖਿਓ। ਤੁਹਾਨੂੰ ਕਿਹੋ ਜਿਹੇ ਲੋਕ ਨਜ਼ਰ ਆਉਣਗੇ? ਤੁਹਾਨੂੰ ਰੱਬ ਦੀਆਂ ਗੱਲਾਂ ਤੇ ਧਿਆਨ ਲਾਈ ਬੈਠੇ ਨੌਜਵਾਨ ਨਜ਼ਰ ਆਉਣਗੇ। (ਜ਼ਬੂਰਾਂ ਦੀ ਪੋਥੀ 148:12, 13) ਤੁਹਾਨੂੰ ਸ਼ਾਇਦ ਅਜਿਹੇ ਮਾਤਾ-ਪਿਤਾ ਨਜ਼ਰ ਆਉਣ ਜੋ ਦੁਨੀਆਂ ਦੀ ਵਿਗੜਦੀ ਹਾਲਤ ਵਿਚ ਆਪਣੇ ਪਰਿਵਾਰ ਦੀ ਦੇਖ-ਭਾਲ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਕਰ ਰਹੇ ਹਨ। ਤੁਹਾਡੀ ਨਜ਼ਰ ਸ਼ਾਇਦ ਉਨ੍ਹਾਂ ਬਜ਼ੁਰਗ ਭੈਣ-ਭਾਈਆਂ ਤੇ ਵੀ ਪਵੇ ਜੋ ਬੁਢਾਪੇ ਦੀਆਂ ਮਜਬੂਰੀਆਂ ਦੇ ਬਾਵਜੂਦ ਯਹੋਵਾਹ ਦੇ ਨਾਲ-ਨਾਲ ਚੱਲ ਰਹੇ ਹਨ। (ਕਹਾਉਤਾਂ 16:31) ਇਨ੍ਹਾਂ ਸਾਰਿਆਂ ਨੂੰ ਯਹੋਵਾਹ ਨਾਲ ਬਹੁਤ ਪਿਆਰ ਹੈ ਅਤੇ ਉਸ ਨੇ ਇਨ੍ਹਾਂ ਵੱਲ ਦੋਸਤੀ ਦਾ ਹੱਥ ਵਧਾ ਕੇ ਇਨ੍ਹਾਂ ਨੂੰ ਆਪਣੇ ਵੱਲ ਖਿੱਚਿਆ ਹੈ। ਯਿਸੂ ਨੇ ਖ਼ੁਦ ਕਿਹਾ ਸੀ ਕਿ “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।”—ਯੂਹੰਨਾ 6:37, 44, 65.
2, 3. ਅੱਜ-ਕੱਲ੍ਹ ਇਹ ਯਾਦ ਰੱਖਣਾ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ ਆਸਾਨ ਕਿਉਂ ਨਹੀਂ ਹੈ?
2 ਕੀ ਅਸੀਂ ਅਜਿਹੇ ਲੋਕਾਂ ਵਿਚ ਗਿਣੇ ਜਾਣ ਲਈ ਖ਼ੁਸ਼ ਨਹੀਂ ਹਾਂ ਜਿਨ੍ਹਾਂ ਤੇ ਯਹੋਵਾਹ ਦੀ ਮਿਹਰ ਅਤੇ ਬਰਕਤ ਹੈ? ਪਰ ਇਨ੍ਹਾਂ ‘ਭੈੜੇ ਸਮਿਆਂ’ ਵਿਚ ਇਹ ਯਾਦ ਰੱਖਣਾ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ ਆਸਾਨ ਨਹੀਂ ਹੈ। (2 ਤਿਮੋਥਿਉਸ 3:1) ਇਹ ਗੱਲ ਖ਼ਾਸਕਰ ਉਨ੍ਹਾਂ ਨੌਜਵਾਨਾਂ ਲਈ ਮੁਸ਼ਕਲ ਹੈ ਜੋ ਬਚਪਨ ਤੋਂ ਹੀ ਸੱਚਾਈ ਵਿਚ ਪਲੇ ਹਨ। ਇਕ ਨੌਜਵਾਨ ਭਰਾ ਦੱਸਦਾ ਹੈ: “ਭਾਵੇਂ ਮੈਂ ਮੀਟਿੰਗਾਂ ਵਿਚ ਜਾਂਦਾ ਹੁੰਦਾ ਸੀ, ਪਰ ਮੈਂ ਆਪ ਕਦੀ ਨਹੀਂ ਸੋਚਿਆ ਸੀ ਕਿ ਪਰਮੇਸ਼ੁਰ ਕੌਣ ਹੈ? ਮੈਂ ਮੀਟਿੰਗਾਂ ਵਿਚ ਕਿਉਂ ਜਾਂਦਾ ਹਾਂ? ਮੈਂ ਕੀ ਸਿੱਖ ਰਿਹਾ ਹਾਂ? ਇਸ ਬਾਰੇ ਮੈਨੂੰ ਕੀ ਕਰਨਾ ਚਾਹੀਦਾ ਹੈ? ਮੈਂ ਤਾਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦਾ ਹੀ ਨਹੀਂ ਸੀ।”
3 ਅਜਿਹੇ ਨੌਜਵਾਨ ਭੈਣ-ਭਰਾ ਵੀ ਹਨ ਜੋ ਭਾਵੇਂ ਦਿਲੋਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ, ਪਰ ਹਾਣੀਆਂ ਦਾ ਦਬਾਅ, ਦੁਨੀਆਂ ਦੀ ਖਿੱਚ ਅਤੇ ਪਾਪੀ ਸਰੀਰ ਦੀਆਂ ਇੱਛਾਵਾਂ ਉਨ੍ਹਾਂ ਦਾ ਧਿਆਨ ਭੰਗ ਕਰ ਦਿੰਦੀਆਂ ਹਨ। ਜਦੋਂ ਸਾਡੇ ਤੇ ਦਬਾਅ ਪਾਇਆ ਜਾਂਦਾ ਹੈ, ਤਾਂ ਅਸੀਂ ਹੌਲੀ-ਹੌਲੀ ਭੁੱਲਣ ਲੱਗ ਸਕਦੇ ਹਾਂ ਕਿ ਅਸੀਂ ਕੌਣ ਹਾਂ। ਮਿਸਾਲ ਲਈ ਅੱਜ-ਕੱਲ੍ਹ ਦੁਨੀਆਂ ਦੇ ਕਈ ਲੋਕ ਬਾਈਬਲ ਦੇ ਨੈਤਿਕ ਮਿਆਰਾਂ ਨੂੰ ਰੱਦ ਕਰਦੇ ਹਨ। ਉਨ੍ਹਾਂ ਦੇ ਭਾਣੇ ਆਧੁਨਿਕ ਜ਼ਮਾਨੇ ਵਿਚ ਪੁਰਾਣੇ ਜ਼ਮਾਨੇ ਦੇ ਮਿਆਰ ਕਿਸੇ ਕੰਮ ਦੇ ਨਹੀਂ ਹਨ। (1 ਪਤਰਸ 4:4) ਅਜਿਹੇ ਲੋਕ ਵੀ ਹਨ ਜਿਨ੍ਹਾਂ ਦੇ ਭਾਣੇ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਉਸ ਦੀ ਭਗਤੀ ਕਰਨ ਦੀ ਕੋਈ ਲੋੜ ਨਹੀਂ ਹੈ। (ਯੂਹੰਨਾ 4:24) ਅਫ਼ਸੀਆਂ ਨੂੰ ਚਿੱਠੀ ਲਿਖਦੇ ਹੋਏ ਪੌਲੁਸ ਰਸੂਲ ਨੇ ਦੁਨੀਆਂ ਦੀ ਹਵਾ ਬਾਰੇ ਗੱਲ ਕੀਤੀ ਸੀ। (ਅਫ਼ਸੀਆਂ 2:2) ਸਾਨੂੰ ਸਾਰਿਆਂ ਨੂੰ ਇਸ ਹਵਾ ਦੇ ਲੱਗਣ ਦਾ ਖ਼ਤਰਾ ਹੈ ਜਿਸ ਦੇ ਅਸਰ ਹੇਠ ਅਸੀਂ ਯਹੋਵਾਹ ਦੀ ਮਰਜ਼ੀ ਨਹੀਂ ਪਰ ਦੁਨੀਆਂ ਦੀ ਮਰਜ਼ੀ ਕਰਨ ਲੱਗ ਸਕਦੇ ਹਾਂ।
4. ਆਪਣੇ ਚਾਲ-ਚਲਣ ਦੀ ਚੌਕਸੀ ਕਰਨ ਬਾਰੇ ਯਿਸੂ ਨੇ ਸਾਨੂੰ ਕਿਹੜੀ ਚੇਤਾਵਨੀ ਦਿੱਤੀ ਸੀ?
4 ਪਰ ਇਕ ਗੱਲ ਯਕੀਨੀ ਹੈ ਕਿ ਭਾਵੇਂ ਅਸੀਂ ਵੱਡੀ ਜਾਂ ਛੋਟੀ ਉਮਰ ਦੇ ਹੋਈਏ, ਫਿਰ ਵੀ ਅਸੀਂ ਯਹੋਵਾਹ ਦੇ ਗਵਾਹ ਹਾਂ ਅਤੇ ਸਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ। ਸਾਨੂੰ ਯਹੋਵਾਹ ਦੇ ਮਿਆਰ ਯਾਦ ਰੱਖਣ ਦੀ ਲੋੜ ਹੈ। ਆਖ਼ਰਕਾਰ ਅਸੀਂ ਉਸ ਦੇ ਸਰੂਪ ਉੱਤੇ ਬਣਾਏ ਗਏ ਹਾਂ ਅਤੇ ਉਹ ਸਾਡੇ ਵਿਚ ਚੰਗੇ ਗੁਣ ਦੇਖਣੇ ਚਾਹੁੰਦਾ ਹੈ। (ਉਤਪਤ 1:26; ਮੀਕਾਹ 6:8) ਕਿਸੇ ਨੂੰ ਸਾਨੂੰ ਦੇਖ ਕੇ ਹੀ ਪਛਾਣ ਲੈਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਜਿਵੇਂ ਕੋਈ ਕਿਸੇ ਦੇ ਕੱਪੜਿਆਂ ਜਾਂ ਵਰਦੀ ਤੋਂ ਪਛਾਣ ਲੈਂਦਾ ਹੈ ਕਿ ਉਹ ਕੌਣ ਹੈ, ਉਸੇ ਤਰ੍ਹਾਂ ਸਾਡੇ ਚਾਲ-ਚਲਣ ਤੋਂ ਸਭ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ। ਬਾਈਬਲ ਵਿਚ ਸਾਡੀ ਸ਼ਖ਼ਸੀਅਤ ਦੀ ਤੁਲਨਾ ਬਸਤਰਾਂ ਨਾਲ ਕੀਤੀ ਗਈ ਹੈ। ਸਾਡੇ ਸਮੇਂ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਚੇਤਾਵਨੀ ਦਿੱਤੀ: “ਵੇਖੋ, ਮੈਂ ਚੋਰ ਵਾਂਙੁ ਆਉਂਦਾ ਹਾਂ। ਧੰਨ ਓਹ ਜਿਹੜਾ ਜਾਗਦਾ ਰਹਿੰਦਾ ਅਤੇ ਆਪਣੇ ਬਸਤਰ ਦੀ ਚੌਕਸੀ ਕਰਦਾ ਹੈ ਭਈ ਉਹ ਨੰਗਾ ਨਾ ਫਿਰੇ ਅਤੇ ਲੋਕ ਉਹ ਦੀ ਸ਼ਰਮ ਨਾ ਵੇਖਣ।”a (ਪਰਕਾਸ਼ ਦੀ ਪੋਥੀ 16:15) ਇਹ “ਬਸਤਰ” ਪਾਈ ਰੱਖਣ ਦਾ ਮਤਲਬ ਹੈ ਕਿ ਅਸੀਂ ਆਪਣੇ ਚਾਲ-ਚਲਣ ਤੇ ਧਿਆਨ ਰੱਖੀਏ ਅਤੇ ਦੁਨੀਆਂ ਦੇ ਤੌਰ-ਤਰੀਕੇ ਨਾ ਅਪਣਾਈਏ। ਜੇ ਅਸੀਂ ਯਹੋਵਾਹ ਦਾ ਲੜ ਛੱਡ ਸ਼ਤਾਨ ਦਾ ਲੜ ਫੜ ਲਈਏ, ਤਾਂ ਇਹ ਸ਼ਰਮਨਾਕ ਗੱਲ ਹੋਵੇਗੀ। ਤਾਂ ਫਿਰ, ਕੀ ਸਾਨੂੰ ਹਮੇਸ਼ਾ ਆਪਣੇ ਚਾਲ-ਚਲਣ ਦੀ ਚੌਕਸੀ ਕਰਨ ਦੀ ਲੋੜ ਨਹੀਂ ਹੈ?
5, 6. ਅਸੀਂ ਯਹੋਵਾਹ ਦੇ ਰਾਹ ਤੋਂ ਭਟਕ ਕਿਵੇਂ ਸਕਦੇ ਹਾਂ?
5 ਜ਼ਿੰਦਗੀ ਦੇ ਸਫ਼ਰ ਵਿਚ ਸਾਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਕਿ ਅਸੀਂ ਯਿਸੂ ਦੇ ਚੇਲੇ ਹਾਂ। ਕਿਉਂ ਨਹੀਂ? ਕਿਉਂਕਿ ਜੇ ਅਸੀਂ ਭੁੱਲ ਜਾਈਏ, ਤਾਂ ਅਸੀਂ ਇਸ ਰਾਹ ਤੋਂ ਭਟਕ ਕੇ ਉਸ ਰਾਹ ਚੱਲਣ ਲੱਗ ਸਕਦੇ ਹਾਂ ਜਿਸ ਤੋਂ ਯਹੋਵਾਹ ਨਹੀਂ ਪਰ ਸ਼ਤਾਨ ਖ਼ੁਸ਼ ਹੁੰਦਾ ਹੈ। ਬਾਈਬਲ ਵਿਚ ਦੁਚਿੱਤੇ ਹੋਣ ਖ਼ਿਲਾਫ਼ ਕਈ ਚੇਤਾਵਨੀਆਂ ਦਿੱਤੀਆਂ ਗਈਆਂ ਹਨ। ਮਿਸਾਲ ਲਈ ਯਿਸੂ ਦੇ ਚੇਲੇ ਯਾਕੂਬ ਨੇ ਕਿਹਾ: “ਸ਼ੱਕੀ ਆਦਮੀ ਸਮੁੰਦਰ ਦੀ ਲਹਿਰ ਵਰਗਾ ਹੈ, ਜਿਸ ਨੂੰ ਹਵਾ ਇਧਰ-ਉਧਰ ਉਛਾਲਦੀ ਫਿਰਦੀ ਹੈ। ਇਹੋ ਜਿਹੇ ਆਦਮੀ ਨੂੰ ਪਰਮੇਸ਼ਰ ਕੋਲੋਂ ਕਿਸੇ ਚੀਜ਼ ਦੀ ਆਸ ਨਹੀਂ ਰੱਖਣੀ ਚਾਹੀਦੀ ਹੈ, ਕਿਉਂਕਿ ਇਹ ਆਦਮੀ ਦੋ-ਦਿਲਾ ਅਤੇ ਆਪਣੀ ਕਿਸੇ ਵੀ ਗੱਲ ਵਿਚ ਨਾ ਟਿਕਣ ਵਾਲਾ ਹੁੰਦਾ ਹੈ।”—ਯਾਕੂਬ 1:6-8, ਪਵਿੱਤਰ ਬਾਈਬਲ ਨਵਾਂ ਅਨੁਵਾਦ; ਅਫ਼ਸੀਆਂ 4:14; ਇਬਰਾਨੀਆਂ 13:9.
6 ਅਸੀਂ ਹਮੇਸ਼ਾ ਇਹ ਕਿਵੇਂ ਯਾਦ ਰੱਖ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ? ਅਸੀਂ ਆਪਣੇ ਇਸ ਵੱਡੇ ਸਨਮਾਨ ਲਈ ਆਪਣੀ ਕਦਰ ਕਿਵੇਂ ਵਧਾ ਸਕਦੇ ਹਾਂ ਕਿ ਅਸੀਂ ਅੱਤ ਮਹਾਨ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰ ਰਹੇ ਹਾਂ? ਆਓ ਆਪਾਂ ਇਸ ਤਰ੍ਹਾਂ ਕਰਨ ਦੇ ਕੁਝ ਤਰੀਕਿਆਂ ਉੱਤੇ ਗੌਰ ਕਰੀਏ।
ਆਪਣੇ ਮਨ ਵਿਚ ਧਾਰ ਲਓ ਕਿ ਤੁਸੀਂ ਕੌਣ ਹੋ
7. ਸਾਨੂੰ ਯਹੋਵਾਹ ਤੋਂ ਜਾਂਚ ਕਰਾਉਣ ਦੀ ਕਿਉਂ ਲੋੜ ਹੈ?
7 ਯਹੋਵਾਹ ਨਾਲ ਆਪਣੀ ਦੋਸਤੀ ਨੂੰ ਮਜ਼ਬੂਤ ਕਰਦੇ ਰਹੋ। ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਸਾਡੀ ਸਭ ਤੋਂ ਕੀਮਤੀ ਚੀਜ਼ ਹੈ। (ਕਹਾਉਤਾਂ 3:32) ਜੇ ਅਸੀਂ ਸੋਚਣ ਲੱਗ ਪਈਏ ਕਿ ਯਹੋਵਾਹ ਦੀ ਸੇਵਾ ਕਰਨ ਦਾ ਕੋਈ ਮਤਲਬ ਨਹੀਂ, ਤਾਂ ਸਾਨੂੰ ਲੋੜ ਹੈ ਕਿ ਅਸੀਂ ਉਸ ਨਾਲ ਆਪਣੀ ਦੋਸਤੀ ਦੀ ਜਾਂਚ ਕਰੀਏ। ਜ਼ਬੂਰਾਂ ਦੇ ਲਿਖਾਰੀ ਨੇ ਰੱਬ ਅੱਗੇ ਤਰਲੇ ਕੀਤੇ: “ਹੇ ਯਹੋਵਾਹ, ਮੈਨੂੰ ਪਰਖ ਅਤੇ ਮੈਨੂੰ ਪਰਤਾ, ਮੇਰੇ ਗੁਰਦੇ ਅਤੇ ਮੇਰੇ ਦਿਲ ਨੂੰ ਜਾਚ।” (ਜ਼ਬੂਰਾਂ ਦੀ ਪੋਥੀ 26:2) ਸਾਨੂੰ ਯਹੋਵਾਹ ਤੋਂ ਜਾਂਚ ਕਰਾਉਣ ਦੀ ਕਿਉਂ ਲੋੜ ਹੈ? ਕਿਉਂਕਿ ਅਸੀਂ ਆਪਣੇ ਆਪ ਤੇ ਭਰੋਸਾ ਨਹੀਂ ਰੱਖ ਸਕਦੇ। ਅਸੀਂ ਸ਼ਾਇਦ ਆਪਣੇ ਆਪ ਤੋਂ ਵੀ ਸੱਚਾਈ ਛੁਪਾਉਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਅਸਲ ਵਿਚ ਕਿਹੋ ਜਿਹੇ ਇਨਸਾਨ ਹਾਂ। ਇਸ ਲਈ ਸਿਰਫ਼ ਯਹੋਵਾਹ ਹੀ ਸਾਡੇ ਦਿਲ ਦੀ ਗੱਲ ਜਾਣ ਸਕਦਾ ਹੈ।—ਯਿਰਮਿਯਾਹ 17:9, 10.
8. (ੳ) ਯਹੋਵਾਹ ਦੀ ਜਾਂਚ ਸਦਕਾ ਅਸੀਂ ਬਿਹਤਰੀਨ ਇਨਸਾਨ ਕਿਵੇਂ ਬਣ ਸਕਦੇ ਹਾਂ? (ਅ) ਸੱਚਾਈ ਵਿਚ ਤਰੱਕੀ ਕਰਨ ਲਈ ਤੁਹਾਡੀ ਮਦਦ ਕਿਵੇਂ ਹੋਈ ਹੈ?
8 ਜਦ ਅਸੀਂ ਯਹੋਵਾਹ ਨੂੰ ਆਪਣੀ ਜਾਂਚ ਕਰਨ ਲਈ ਕਹਿੰਦੇ ਹਾਂ, ਤਾਂ ਅਸੀਂ ਅਸਲ ਵਿਚ ਕਹਿ ਰਹੇ ਹਾਂ ਕਿ ਉਹ ਸਾਡਾ ਇਮਤਿਹਾਨ ਲਵੇ। ਇਸ ਲਈ ਉਹ ਸ਼ਾਇਦ ਸਾਡੇ ਤੇ ਅਜਿਹੀਆਂ ਔਖੀਆਂ ਘੜੀਆਂ ਆਉਣ ਦੇਵੇ ਜਿਨ੍ਹਾਂ ਤੋਂ ਸਾਨੂੰ ਸੱਚ-ਮੁੱਚ ਪਤਾ ਲੱਗ ਜਾਵੇਗਾ ਕਿ ਅਸੀਂ ਅਸਲ ਵਿਚ ਕਿਹੋ ਜਿਹੇ ਇਨਸਾਨ ਹਾਂ। (ਇਬਰਾਨੀਆਂ 4:12, 13; ਯਾਕੂਬ 1:22-25) ਇਸ ਤਰ੍ਹਾਂ ਦੇ ਪਰਤਾਵਿਆਂ ਤੋਂ ਸਾਨੂੰ ਖ਼ੁਸ਼ ਹੋਣਾ ਚਾਹੀਦਾ ਕਿਉਂਕਿ ਇਨ੍ਹਾਂ ਦੇ ਜ਼ਰੀਏ ਸਾਨੂੰ ਇਹ ਦਿਖਾਉਣ ਦੇ ਮੌਕੇ ਮਿਲਦੇ ਹਨ ਕਿ ਅਸੀਂ ਯਹੋਵਾਹ ਨੂੰ ਕਿੰਨਾ ਕੁ ਪਿਆਰ ਕਰਦੇ ਹਾਂ। ਇਨ੍ਹਾਂ ਦੇ ਜ਼ਰੀਏ ਸਾਡੇ ਵਿਚ ਚੰਗੇ ਗੁਣ ਵੀ ਪੈਦਾ ਹੁੰਦੇ ਹਨ। (ਯਾਕੂਬ 1:2-4) ਇਨ੍ਹਾਂ ਪਰਤਾਵਿਆਂ ਦੌਰਾਨ ਅਸੀਂ ਸੱਚਾਈ ਵਿਚ ਤਰੱਕੀ ਕਰਨ ਦੇ ਨਾਲ-ਨਾਲ ਬਿਹਤਰੀਨ ਇਨਸਾਨ ਬਣ ਜਾਵਾਂਗੇ।—ਅਫ਼ਸੀਆਂ 4:22-24.
9. ਸਾਨੂੰ ਬਾਈਬਲ ਤੋਂ ਗਿਆਨ ਲੈ ਕੇ ਆਪ ਸੱਚਾਈ ਸਾਬਤ ਕਰਨ ਦੀ ਲੋੜ ਕਿਉਂ ਹੈ?
9 ਆਪਣੇ ਆਪ ਲਈ ਬਾਈਬਲ ਦੀ ਸੱਚਾਈ ਸਾਬਤ ਕਰੋ। ਅਸੀਂ ਮਸੀਹ ਦੇ ਚੇਲੇ ਐਵੇਂ ਹੀ ਨਹੀਂ ਬਣ ਜਾਂਦੇ। ਸਾਨੂੰ ਬਾਈਬਲ ਤੋਂ ਗਿਆਨ ਲੈਣ ਅਤੇ ਆਪ ਖੋਜ ਕਰ ਕੇ ਦੇਖਣ ਦੀ ਲੋੜ ਹੈ ਕਿ ਉਸ ਵਿਚ ਲਿਖੀਆਂ ਗੱਲਾਂ ਸੱਚੀਆਂ ਹਨ ਕਿ ਨਹੀਂ। (ਫ਼ਿਲਿੱਪੀਆਂ 1:9, 10) ਯਹੋਵਾਹ ਦੇ ਹਰੇਕ ਗਵਾਹ ਨੂੰ, ਭਾਵੇਂ ਉਸ ਦੀ ਉਮਰ ਘੱਟ ਹੋਵੇ ਜਾਂ ਜ਼ਿਆਦਾ, ਆਪ ਤਸੱਲੀ ਪਾਉਣ ਦੀ ਜ਼ਰੂਰਤ ਹੈ ਕਿ ਜਿਨ੍ਹਾਂ ਗੱਲਾਂ ਵਿਚ ਉਹ ਵਿਸ਼ਵਾਸ ਕਰਦਾ ਹੈ ਉਹ ਅਸਲ ਵਿਚ ਬਾਈਬਲ ਦੀ ਸੱਚਾਈ ਮੁਤਾਬਕ ਹਨ। ਪੌਲੁਸ ਰਸੂਲ ਨੇ ਭੈਣਾਂ-ਭਰਾਵਾਂ ਨੂੰ ਇਹ ਸਲਾਹ ਦਿੱਤੀ: “ਸਭਨਾਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜੀ ਰੱਖੋ।” (1 ਥੱਸਲੁਨੀਕੀਆਂ 5:21) ਸੱਚਾਈ ਵਿਚ ਪਲੇ ਨੌਜਵਾਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਉਨ੍ਹਾਂ ਦੇ ਮਾਤਾ-ਪਿਤਾ ਦੀ ਨਿਹਚਾ ਪੱਕੀ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਦੀ ਆਪਣੀ ਨਿਹਚਾ ਵੀ ਪੱਕੀ ਹੋਵੇਗੀ। ਸੁਲੇਮਾਨ ਦੇ ਪਿਤਾ ਦਾਊਦ ਨੇ ਉਸ ਨੂੰ ਕਿਹਾ ਸੀ: “ਤੂੰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਅਰ ਪੱਕੇ ਮਨ ਨਾਲ, ਅਰ ਚਿੱਤ ਦੇ ਪ੍ਰੇਮ ਨਾਲ ਉਸ ਦੀ ਟਹਿਲ ਸੇਵਾ ਕਰ।” (1 ਇਤਹਾਸ 28:9) ਸੁਲੇਮਾਨ ਨੇ ਜ਼ਰੂਰ ਦੇਖਿਆ ਹੋਣਾ ਕਿ ਉਸ ਦੇ ਪਿਤਾ ਦੀ ਯਹੋਵਾਹ ਨਾਲ ਕਿੰਨੀ ਪੱਕੀ ਦੋਸਤੀ ਸੀ, ਪਰ ਉਸ ਨੂੰ ਵੀ ਆਪ ਰੱਬ ਨਾਲ ਦੋਸਤੀ ਕਰਨ ਦੀ ਲੋੜ ਸੀ। ਉਸ ਨੂੰ ਆਪ ਜਾਣਨ ਦੀ ਲੋੜ ਸੀ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ। ਉਸ ਨੇ ਰੱਬ ਨੂੰ ਦੁਆ ਕੀਤੀ: “ਮੈਨੂੰ ਬੁੱਧ ਤੇ ਗਿਆਨ ਦੇਹ ਭਈ ਮੈਂ ਇਨ੍ਹਾਂ ਲੋਕਾਂ ਦੇ ਅੱਗੇ ਅੰਦਰ ਬਾਹਰ ਆਇਆ ਜਾਇਆ ਕਰਾਂ।”—2 ਇਤਹਾਸ 1:10.
10. ਕੀ ਬਾਈਬਲ ਬਾਰੇ ਕੋਈ ਸਵਾਲ ਪੁੱਛਣਾ ਗ਼ਲਤ ਹੈ?
10 ਪੱਕੀ ਨਿਹਚਾ ਦੀ ਨੀਂਹ ਗਿਆਨ ਹੈ। ਪੌਲੁਸ ਰਸੂਲ ਨੇ ਲਿਖਿਆ ਕਿ “ਵਿਸ਼ਵਾਸ ਸੰਦੇਸ਼ ਦੇ ਸੁਣਨ ਅਤੇ ਮੰਨਣ ਦੁਆਰਾ ਪੈਦਾ ਹੁੰਦਾ ਹੈ।” (ਰੋਮ 10:17, ਨਵਾਂ ਅਨੁਵਾਦ) ਉਸ ਦੇ ਕਹਿਣ ਦਾ ਭਾਵ ਕੀ ਸੀ? ਉਹ ਕਹਿ ਰਿਹਾ ਸੀ ਕਿ ਬਾਈਬਲ ਤੋਂ ਗਿਆਨ ਲੈਣ ਦੁਆਰਾ ਅਸੀਂ ਯਹੋਵਾਹ, ਉਸ ਦੇ ਵਾਅਦੇ ਅਤੇ ਉਸ ਦੇ ਸੰਗਠਨ ਵਿਚ ਭਰੋਸਾ ਰੱਖ ਸਕਾਂਗੇ ਅਤੇ ਆਪਣੀ ਨਿਹਚਾ ਮਜ਼ਬੂਤ ਕਰ ਸਕਾਂਗੇ। ਜੇ ਸਾਡੇ ਮਨ ਵਿਚ ਬਾਈਬਲ ਬਾਰੇ ਕੋਈ ਸਵਾਲ ਉੱਠਦਾ ਹੈ, ਤਾਂ ਉਸ ਦਾ ਜਵਾਬ ਸਾਨੂੰ ਸਿਰਫ਼ ਖੋਜ ਕਰਨ ਤੋਂ ਬਾਅਦ ਹੀ ਮਿਲਦਾ ਹੈ। ਪੌਲੁਸ ਰਸੂਲ ਨੇ ਰੋਮੀਆਂ 12:2 ਵਿਚ ਇਹ ਸਲਾਹ ਦਿੱਤੀ ਸੀ: “ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” ਪਰ ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ? ਬਾਈਬਲ ਦਾ ਸੱਚਾ ਗਿਆਨ ਲੈਣ ਨਾਲ ਅਸੀਂ ਰੱਬ ਦੀ ਇੱਛਾ ਜਾਣ ਸਕਦੇ ਹਾਂ। (ਤੀਤੁਸ 1:1) ਜੇ ਕੋਈ ਗੱਲ ਸਾਡੇ ਲਈ ਸਮਝਣੀ ਬਹੁਤ ਹੀ ਮੁਸ਼ਕਲ ਹੋਵੇ, ਤਾਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਡੀ ਮਦਦ ਕਰ ਸਕਦੀ ਹੈ। (1 ਕੁਰਿੰਥੀਆਂ 2:11, 12) ਇਹ ਮਦਦ ਹਾਸਲ ਕਰਨ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਜ਼ਬੂਰਾਂ ਦੀ ਪੋਥੀ 119:10, 11, 27) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਬਚਨ ਨੂੰ ਸਮਝੀਏ, ਮੰਨੀਏ ਅਤੇ ਉਸ ਉੱਤੇ ਅਮਲ ਕਰੀਏ। ਇਸ ਲਈ ਜੇ ਸਾਡੇ ਮਨ ਵਿਚ ਬਾਈਬਲ ਬਾਰੇ ਕੋਈ ਸਵਾਲ ਉੱਠਦਾ ਹੈ, ਤਾਂ ਯਹੋਵਾਹ ਨਾਰਾਜ਼ ਨਹੀਂ ਹੁੰਦਾ। ਉਹ ਤਾਂ ਚਾਹੁੰਦਾ ਹੈ ਕਿ ਅਸੀਂ ਉਸ ਸਵਾਲ ਦਾ ਜਵਾਬ ਭਾਲੀਏ।
ਠਾਣ ਲਓ ਕਿ ਤੁਸੀਂ ਯਹੋਵਾਹ ਨੂੰ ਖ਼ੁਸ਼ ਕਰੋਗੇ
11. (ੳ) ਸਾਡੀ ਕਿਹੜੀ ਇੱਛਾ ਸਾਨੂੰ ਕੁਰਾਹੇ ਪਾ ਸਕਦੀ ਹੈ? (ਅ) ਅਸੀਂ ਭੈੜੇ ਦਬਾਅ ਹੇਠ ਆਉਣ ਤੋਂ ਕਿਵੇਂ ਬਚ ਸਕਦੇ ਹਾਂ?
11 ਲੋਕਾਂ ਨੂੰ ਨਹੀਂ, ਪਰ ਪਰਮੇਸ਼ੁਰ ਨੂੰ ਖ਼ੁਸ਼ ਕਰੋ। ਅਸੀਂ ਜਿਨ੍ਹਾਂ ਲੋਕਾਂ ਨਾਲ ਆਉਣੀ-ਜਾਣੀ ਉੱਠਣੀ-ਬੈਠਣੀ ਰੱਖਦੇ ਹਾਂ, ਉਨ੍ਹਾਂ ਤੋਂ ਪਤਾ ਲੱਗਦਾ ਕਿ ਅਸੀਂ ਕੌਣ ਹਾਂ। ਸਾਡੇ ਵਿੱਚੋਂ ਹਰੇਕ ਜਣੇ ਨੂੰ ਦੋਸਤਾਂ ਦੀ ਲੋੜ ਹੈ ਅਤੇ ਜਦ ਸਾਡੇ ਨਾਲ ਕੋਈ ਦੋਸਤੀ ਕਰਦਾ ਹੈ, ਤਾਂ ਸਾਡਾ ਦਿਲ ਖ਼ੁਸ਼ ਹੁੰਦਾ ਹੈ। ਹਾਣੀਆਂ ਦਾ ਦਬਾਅ ਸਾਡੇ ਸਾਰਿਆਂ ਤੇ ਕਾਫ਼ੀ ਅਸਰ ਪਾਉਂਦਾ ਹੈ, ਪਰ ਅੱਲ੍ਹੜ ਮਨਾਂ ਤੇ ਇਸ ਦਾ ਕੁਝ ਜ਼ਿਆਦਾ ਹੀ ਪ੍ਰਭਾਵ ਪੈਂਦਾ ਹੈ। ਨੌਜਵਾਨ ਅਕਸਰ ਆਪਣੇ ਸਾਥੀਆਂ ਦੀ ਨਕਲ ਕਰ ਕੇ ਉਨ੍ਹਾਂ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਪਰ ਸਾਡੇ ਸਾਥੀ ਜਾਂ ਹਾਣੀ ਹਮੇਸ਼ਾ ਸਾਡੀ ਭਲਾਈ ਬਾਰੇ ਨਹੀਂ ਸੋਚਦੇ। ਕਈ ਵਾਰ ਉਹ ਭੈੜੀ ਚਾਲ ਚਲਣ ਵਿਚ ਸਿਰਫ਼ ਸਾਡਾ ਸਾਥ ਹੀ ਚਾਹੁੰਦੇ ਹਨ। (ਕਹਾਉਤਾਂ 1:11-19) ਜਦ ਕੋਈ ਗ਼ਲਤ ਕੰਮ ਕਰਨ ਲੱਗਦਾ ਹੈ, ਤਾਂ ਉਹ ਇਹ ਨਹੀਂ ਚਾਹੁੰਦਾ ਕਿ ਕੋਈ ਜਾਣੇ ਉਹ ਯਿਸੂ ਦਾ ਚੇਲਾ ਹੈ। (ਜ਼ਬੂਰਾਂ ਦੀ ਪੋਥੀ 26:4) ਪੌਲੁਸ ਰਸੂਲ ਨੇ ਇਹ ਚੇਤਾਵਨੀ ਦਿੱਤੀ: “ਆਪਣੇ ਆਪ ਨੂੰ ਇਸ ਦੁਨੀਆਂ ਦੇ ਲੋਕਾਂ ਵਰਗਾ ਨਾ ਬਣਾਓ।” (ਰੋਮੀਆਂ 12:2, ਈਜ਼ੀ ਟੂ ਰੀਡ ਵਰਯਨ) ਤਾਂ ਫਿਰ ਅਸੀਂ ਭੈੜੇ ਦਬਾਅ ਹੇਠ ਆਉਣ ਤੋਂ ਕਿਵੇਂ ਬਚ ਸਕਦੇ ਹਾਂ? ਯਹੋਵਾਹ ਸਾਡਾ ਪਰਮੇਸ਼ੁਰ ਸਾਡੀ ਮਦਦ ਕਰਦਾ ਹੈ।—ਇਬਰਾਨੀਆਂ 13:6.
12. ਪਰਮੇਸ਼ੁਰ ਦੇ ਸਹੀ ਰਾਹ ਤੁਰਦੇ ਰਹਿਣ ਲਈ ਸਾਨੂੰ ਕਿਸ ਦੀ ਮਿਸਾਲ ਅਤੇ ਕਿਹੜੀ ਵਧੀਆ ਸਲਾਹ ਤੋਂ ਮਦਦ ਮਿਲਦੀ ਹੈ?
12 ਜਦ ਸਾਡੇ ਤੇ ਆਪਣੀ ਨਿਹਚਾ ਦਾ ਸਮਝੌਤਾ ਕਰਨ ਦਾ ਦਬਾਅ ਆਉਂਦਾ ਹੈ, ਤਾਂ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਯਹੋਵਾਹ ਨੂੰ ਵਫ਼ਾਦਾਰ ਰਹਿਣਾ ਲੋਕਾਂ ਨੂੰ ਖ਼ੁਸ਼ ਕਰਨ ਤੋਂ ਜ਼ਿਆਦਾ ਜ਼ਰੂਰੀ ਹੈ। ਭਾਵੇਂ ਸਾਰੀ ਦੁਨੀਆਂ ਇਕ ਪਾਸੇ ਜਾ ਰਹੀ ਹੋਵੇ, ਪਰ ਸਾਨੂੰ ਪਰਮੇਸ਼ੁਰ ਦੇ ਸਹੀ ਰਾਹ ਤੇ ਤੁਰਦੇ ਰਹਿਣਾ ਚਾਹੀਦਾ ਹੈ। ਕੂਚ 23:2 ਵਿਚ ਸਾਨੂੰ ਇਕ ਬਹੁਤ ਹੀ ਵਧੀਆ ਸਲਾਹ ਮਿਲਦੀ ਹੈ: “ਤੂੰ ਬੁਰਿਆਈ ਕਰਨ ਲਈ ਬਹੁਤਿਆਂ ਦੇ ਮਗਰ ਨਾ ਲੱਗ।” ਕਾਲੇਬ ਦੀ ਮਿਸਾਲ ਤੇ ਗੌਰ ਕਰੋ। ਜਦ ਜ਼ਿਆਦਾਤਰ ਇਸਰਾਏਲੀ ਯਹੋਵਾਹ ਦੇ ਵਾਅਦਿਆਂ ਉੱਤੇ ਸ਼ੱਕ ਕਰਨ ਲੱਗੇ, ਤਾਂ ਕਾਲੇਬ ਉਨ੍ਹਾਂ ਮਗਰ ਨਹੀਂ ਲੱਗਿਆ। ਉਸ ਨੂੰ ਯਹੋਵਾਹ ਤੇ ਪੂਰਾ ਭਰੋਸਾ ਸੀ ਅਤੇ ਇਸ ਲਈ ਉਸ ਨੂੰ ਬਰਕਤਾਂ ਮਿਲੀਆਂ ਸਨ। (ਗਿਣਤੀ 13:30; ਯਹੋਸ਼ੁਆ 14:6-11) ਕੀ ਤੁਸੀਂ ਵੀ ਯਹੋਵਾਹ ਨਾਲ ਆਪਣੀ ਦੋਸਤੀ ਦੀ ਰਾਖੀ ਕਰਦੇ ਹੋ? ਕੀ ਤੁਸੀਂ ਬਹੁਤਿਆਂ ਦੇ ਮਗਰ ਲੱਗਣ ਤੋਂ ਬਚਦੇ ਹੋ?
13. ਸਾਰਿਆਂ ਨੂੰ ਦੱਸ ਦੇਣਾ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ ਬੁੱਧੀਮਤਾ ਦੀ ਗੱਲ ਕਿਉਂ ਹੈ?
13 ਸਾਰਿਆਂ ਨੂੰ ਦੱਸ ਦਿਓ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ। ਜੇ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਆਪਣੀ ਨਿਹਚਾ ਦਾ ਸਮਝੌਤਾ ਨਾ ਕਰਨਾ ਪਵੇ, ਤਾਂ ਸਭ ਤੋਂ ਵਧੀਆ ਗੱਲ ਹੈ ਕਿ ਸਾਰੇ ਜੋ ਸਾਨੂੰ ਜਾਣਦੇ ਹਨ ਇਹ ਵੀ ਜਾਣਨ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ। ਜਦੋਂ ਅਜ਼ਰਾ ਦੇ ਜ਼ਮਾਨੇ ਵਿਚ ਵਿਰੋਧੀਆਂ ਨੇ ਵਫ਼ਾਦਾਰ ਇਸਰਾਏਲੀਆਂ ਨੂੰ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਕਿਹਾ: “ਅਸੀਂ ਧਰਤੀ ਤੇ ਅਕਾਸ਼ ਦੇ ਪਰਮੇਸ਼ੁਰ ਦੇ ਦਾਸ ਹਾਂ।” (ਅਜ਼ਰਾ 5:11) ਜੇ ਅਸੀਂ ਸੋਚੀ ਜਾਈਏ ਕਿ ਵਿਰੋਧੀ ਕੀ ਕਰਨਗੇ ਜਾਂ ਕੀ ਕਹਿਣਗੇ, ਤਾਂ ਅਸੀਂ ਡਰ ਦੇ ਮਾਰੇ ਸਹਿਮ ਕੇ ਰਹਿ ਜਾਵਾਂਗੇ। ਆਪਣੇ ਸਾਥੀਆਂ ਨੂੰ ਖ਼ੁਸ਼ ਕਰਦੇ-ਕਰਦੇ ਅਸੀਂ ਨਾ ਤਾਂ ਆਪ ਖ਼ੁਸ਼ ਹੋਵਾਂਗੇ ਅਤੇ ਨਾ ਹੀ ਰੱਬ ਨੂੰ ਖ਼ੁਸ਼ ਕਰ ਸਕਾਂਗੇ। ਇਸ ਲਈ ਡਰੋ ਨਾ। ਪਹਿਲਾਂ ਹੀ ਸਾਫ਼-ਸਾਫ਼ ਕਹਿ ਦਿਓ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ। ਇਸ ਤਰ੍ਹਾਂ ਤੁਸੀਂ ਦੱਸ ਸਕੋਗੇ ਕਿ ਤੁਹਾਡੇ ਵਿਸ਼ਵਾਸ ਕੀ ਹਨ ਅਤੇ ਤੁਸੀਂ ਕੀ ਕਰਨ ਲਈ ਰਾਜ਼ੀ ਹੋ ਤੇ ਕੀ ਤੁਸੀਂ ਬਿਲਕੁਲ ਹੀ ਨਹੀਂ ਕਰੋਗੇ। ਇਹ ਵੀ ਦੱਸ ਦਿਓ ਕਿ ਤੁਸੀਂ ਯਹੋਵਾਹ ਦੇ ਉੱਚੇ ਨੈਤਿਕ ਮਿਆਰਾਂ ਦੀ ਉਲੰਘਣਾ ਕਰਨ ਲਈ ਤਿਆਰ ਨਹੀਂ ਹੋ। ਸਾਰਿਆਂ ਨੂੰ ਐਨ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਜੋ ਹੋ ਉਸ ਤੋਂ ਮੁਕਰਨ ਲਈ ਤੁਸੀਂ ਕਦੇ ਰਾਜ਼ੀ ਨਹੀਂ ਹੋਵੋਗੇ। ਸਭ ਨੂੰ ਦਿਖਾ ਦਿਓ ਕਿ ਤੁਹਾਨੂੰ ਯਹੋਵਾਹ ਦਾ ਗਵਾਹ ਹੋਣ ਦਾ ਫ਼ਖ਼ਰ ਹੈ। (ਯਿਰਮਿਯਾਹ 9:24) ਇਸ ਤਰ੍ਹਾਂ ਕਰਨ ਨਾਲ ਤੁਸੀਂ ਮਜ਼ਬੂਤ ਮਹਿਸੂਸ ਕਰੋਗੇ, ਤੁਹਾਡੀ ਰਾਖੀ ਹੋਵੇਗੀ ਅਤੇ ਹੋ ਸਕਦਾ ਹੈ ਕਿ ਤੁਹਾਨੂੰ ਦੇਖ ਕੇ ਕੋਈ ਯਹੋਵਾਹ ਪਰਮੇਸ਼ੁਰ ਜਾਂ ਉਸ ਦੇ ਲੋਕਾਂ ਬਾਰੇ ਹੋਰ ਜਾਣਨਾ ਚਾਹੇ।
14. ਕੀ ਸਾਨੂੰ ਮਖੌਲ ਜਾਂ ਵਿਰੋਧਤਾ ਦੇ ਕਾਰਨ ਦਿਲ ਢਾਹੁਣਾ ਚਾਹੀਦਾ ਹੈ?
14 ਹਾਂ ਹੋ ਸਕਦਾ ਹੈ ਕਿ ਕੁਝ ਲੋਕ ਸ਼ਾਇਦ ਤੁਹਾਡਾ ਮਖੌਲ ਉਡਾਉਣ। (ਯਹੂਦਾਹ 18) ਪਰ ਜੇ ਕੋਈ ਤੁਹਾਡੀ ਨਹੀਂ ਵੀ ਸੁਣਦਾ, ਤਾਂ ਤੁਹਾਨੂੰ ਦਿਲ ਢਾਹੁਣ ਦੀ ਲੋੜ ਨਹੀਂ। (ਹਿਜ਼ਕੀਏਲ 3:7, 8) ਜਿਹੜੇ ਲੋਕ ਬਾਈਬਲ ਵਿਚ ਵਿਸ਼ਵਾਸ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ਨੇ ਤੁਹਾਡੀ ਇਕ ਵੀ ਨਹੀਂ ਸੁਣਨੀ ਤੁਸੀਂ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰੋ। ਫ਼ਿਰਊਨ ਦੀ ਗੱਲ ਲੈ ਲਾਓ। ਕਈ ਕਰਾਮਾਤਾਂ ਅਤੇ ਤਬਾਹੀਆਂ ਸਹਿਣ ਦੇ ਬਾਵਜੂਦ, ਆਪਣੇ ਜੇਠੇ ਦੀ ਮੌਤ ਦੇ ਬਾਵਜੂਦ ਵੀ ਉਹ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਮੂਸਾ ਨੂੰ ਯਹੋਵਾਹ ਨੇ ਹੀ ਭੇਜਿਆ ਸੀ। ਇਸ ਲਈ ਲੋਕਾਂ ਤੋਂ ਨਾ ਡਰੋ, ਉਹ ਜੋ ਚਾਹੇ ਕਰਨ। ਤੁਸੀਂ ਯਹੋਵਾਹ ਉੱਤੇ ਭਰੋਸਾ ਰੱਖੋ ਅਤੇ ਉਹ ਤੁਹਾਡੀ ਮਦਦ ਕਰੇਗਾ।—ਕਹਾਉਤਾਂ 3:5, 6; 29:25.
ਅਤੀਤ ਤੋਂ ਸਿੱਖੋ
15, 16. (ੳ) ਸਾਡੀ ਵਿਰਾਸਤ ਕੀ ਹੈ? (ਅ) ਇਸ ਵਿਰਾਸਤ ਬਾਰੇ ਡੂੰਘੀ ਤਰ੍ਹਾਂ ਸੋਚਣ ਨਾਲ ਸਾਨੂੰ ਫ਼ਾਇਦਾ ਕਿਵੇਂ ਹੋ ਸਕਦਾ ਹੈ?
15 ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖੋ। ਇਹ ਵਿਰਾਸਤ ਕੀ ਹੈ? ਸਾਨੂੰ ਯਹੋਵਾਹ ਦੇ ਬਚਨ ਵਿੱਚੋਂ ਸੱਚਾਈ ਮਿਲੀ ਹੈ, ਹਮੇਸ਼ਾ ਦੀ ਜ਼ਿੰਦਗੀ ਦੀ ਆਸ ਮਿਲੀ ਹੈ ਅਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦਾ ਸਨਮਾਨ ਮਿਲਿਆ ਹੈ। ਇਸ ਵਿਰਾਸਤ ਬਾਰੇ ਡੂੰਘੀ ਤਰ੍ਹਾਂ ਸੋਚਣ ਨਾਲ ਸਾਨੂੰ ਫ਼ਾਇਦਾ ਹੋ ਸਕਦਾ ਹੈ। ਯਾਦ ਰੱਖੋ ਕਿ ਜਾਨਾਂ ਬਚਾਉਣ ਵਾਲਾ ਇਹ ਕੰਮ ਸਾਨੂੰ ਕਿਸ ਨੇ ਸੌਂਪਿਆ ਹੈ। ਜੀ ਹਾਂ, ਯਹੋਵਾਹ ਨੇ ਹੀ ਕਿਹਾ ਹੈ: “ਤੁਸੀਂ ਮੇਰੇ ਗਵਾਹ ਹੋ।”—ਯਸਾਯਾਹ 43:10.
16 ਤੁਸੀਂ ਆਪਣੇ ਆਪ ਨੂੰ ਅਜਿਹੇ ਸਵਾਲ ਪੁੱਛ ਸਕਦੇ ਹੋ: ‘ਮੇਰੇ ਲਈ ਇਹ ਵਿਰਾਸਤ ਕਿੰਨੀ ਕੁ ਕੀਮਤੀ ਹੈ? ਕੀ ਇਸ ਦੀ ਖ਼ਾਤਰ ਮੈਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਨੂੰ ਪਹਿਲ ਦੇ ਰਿਹਾ ਹਾਂ? ਕੀ ਮੈਂ ਇਸ ਦੀ ਇੰਨੀ ਕਦਰ ਕਰਦਾ ਹਾਂ ਕਿ ਕੋਈ ਵੀ ਅਜ਼ਮਾਇਸ਼ ਮੈਨੂੰ ਢਾਹ ਨਹੀਂ ਸਕਦੀ?’ ਇਸ ਤਰ੍ਹਾਂ ਆਪਣੀ ਵਿਰਾਸਤ ਦੀ ਸੰਭਾਲ ਕਰ ਕੇ ਅਸੀਂ ਯਹੋਵਾਹ ਦੇ ਸੰਗਠਨ ਵਿਚ ਉਸ ਦੇ ਸਾਏ ਹੇਠ ਰਹਿ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 91:1, 2) ਜਦ ਅਸੀਂ ਯਹੋਵਾਹ ਦੇ ਗਵਾਹਾਂ ਦੇ ਇਤਿਹਾਸ ਉੱਤੇ ਗੌਰ ਕਰਦੇ ਹਾਂ, ਤਾਂ ਸਾਨੂੰ ਯਕੀਨ ਹੁੰਦਾ ਹੈ ਕਿ ਯਹੋਵਾਹ ਦੇ ਲੋਕਾਂ ਨੂੰ ਨਾ ਕੋਈ ਇਨਸਾਨ ਤੇ ਨਾ ਕੋਈ ਚੀਜ਼ ਭਸਮ ਕਰ ਸਕਦੀ ਹੈ।—ਯਸਾਯਾਹ 54:17; ਯਿਰਮਿਯਾਹ 1:19.
17. ਆਪਣੀ ਵਿਰਾਸਤ ਤੇ ਨਿਰਭਰ ਕਰਨ ਤੋਂ ਇਲਾਵਾ ਸਾਨੂੰ ਹੋਰ ਕੀ ਕਰਨ ਦੀ ਲੋੜ ਹੈ?
17 ਪਰ ਇਹ ਗੱਲ ਵੀ ਹੈ ਕਿ ਅਸੀਂ ਸਿਰਫ਼ ਆਪਣੀ ਵਿਰਾਸਤ ਤੇ ਹੀ ਨਿਰਭਰ ਨਹੀਂ ਕਰ ਸਕਦੇ। ਸਾਨੂੰ ਸਾਰਿਆਂ ਨੂੰ ਯਹੋਵਾਹ ਨਾਲ ਖ਼ੁਦ ਦੋਸਤੀ ਕਰਨ ਦੀ ਲੋੜ ਹੈ। ਪੌਲੁਸ ਰਸੂਲ ਨੇ ਫ਼ਿਲਿੱਪੈ ਵਿਚ ਰਹਿੰਦੇ ਲੋਕਾਂ ਨੂੰ ਸੱਚਾਈ ਸਿਖਾਈ ਸੀ। ਬਾਅਦ ਵਿਚ ਉਸ ਨੇ ਉਨ੍ਹਾਂ ਨੂੰ ਚਿੱਠੀ ਵਿਚ ਲਿਖਿਆ: “ਸੋ ਮੇਰੇ ਪਿਆਰੇ ਮਿੱਤਰੋ, ਜਿਸ ਤਰ੍ਹਾਂ ਤੁਹਾਡੇ ਕੋਲ ਹੋਣ ਤੇ ਤੁਸੀਂ ਮੇਰੇ ਹਮੇਸ਼ਾਂ ਆਗਿਆਕਾਰੀ ਰਹੇ ਹੋ, ਉਸੇ ਤਰ੍ਹਾਂ ਹੁਣ ਉਸ ਤੋਂ ਵੀ ਅਧਿਕ ਮੇਰੇ ਦੂਰ ਰਹਿਣ ਤੇ ਰਹੋ। ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਪ੍ਰਾਪਤੀ ਲਈ ਅੱਗੇ ਵੱਧਦੇ ਜਾਓ।” (ਫਿਲਿਪੀਆਂ 2:12, ਨਵਾਂ ਅਨੁਵਾਦ) ਇਸ ਤੋਂ ਅਸੀਂ ਦੇਖਦੇ ਹਾਂ ਕਿ ਮੁਕਤੀ ਲਈ ਸਾਨੂੰ ਆਪ ਆਪਣੀ ਨਿਹਚਾ ਮਜ਼ਬੂਤ ਕਰਨ ਦੀ ਲੋੜ ਹੈ।
18. ਕਿਹੜੇ ਕੰਮ ਕਰ ਕੇ ਸਾਨੂੰ ਯਾਦ ਰਹਿੰਦਾ ਹੈ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ?
18 ਮਸੀਹੀ ਕੰਮਾਂ ਵਿਚ ਲੀਨ ਰਹੋ। ਕਿਹਾ ਗਿਆ ਹੈ ਕਿ ਕਿਸੇ ਦੇ ਕੰਮ-ਧੰਦੇ ਤੋਂ ਉਸ ਦਾ ਕਿੱਤਾ ਪਤਾ ਲੱਗਦਾ ਹੈ। ਯਹੋਵਾਹ ਦੇ ਗਵਾਹਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦਾ ਕੰਮ ਦਿੱਤਾ ਗਿਆ ਹੈ। ਪੌਲੁਸ ਰਸੂਲ ਨੇ ਕਿਹਾ: “ਮੈਂ ਜੋ ਪਰਾਈਆਂ ਕੌਮਾਂ ਦਾ ਰਸੂਲ ਹਾਂ ਮੈਂ ਆਪਣੀ ਸੇਵਾ ਦੀ ਵਡਿਆਈ ਕਰਦਾ ਹਾਂ।” (ਰੋਮੀਆਂ 11:13) ਸਾਡੇ ਪ੍ਰਚਾਰ ਦੇ ਕੰਮ ਤੋਂ ਪਤਾ ਲੱਗਦਾ ਕਿ ਅਸੀਂ ਕੌਣ ਹਾਂ। ਇਸ ਵਿਚ ਹਿੱਸਾ ਲੈਣ ਨਾਲ ਸਾਨੂੰ ਯਾਦ ਰਹਿੰਦਾ ਹੈ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ। ਅਸੀਂ ਹੋਰ ਕਿਹੜੇ ਕੰਮ ਕਰਦੇ ਹਾਂ? ਅਸੀਂ ਮੀਟਿੰਗਾਂ ਵਿਚ ਜਾਂਦੇ ਹਾਂ, ਮੀਟਿੰਗਾਂ ਕਰਨ ਦੇ ਸਥਾਨਾਂ ਦੀ ਉਸਾਰੀ ਵਿਚ ਹਿੱਸਾ ਲੈਂਦੇ ਹਾਂ ਅਤੇ ਲੋੜਵੰਦਾਂ ਦੀ ਮਦਦ ਵੀ ਕਰਦੇ ਹਾਂ। ਅਜਿਹੇ ਕੰਮ ਕਰਨ ਦੁਆਰਾ ਅਸੀਂ ਭੁੱਲਦੇ ਨਹੀਂ ਕਿ ਅਸੀਂ ਕੌਣ ਹਾਂ।—ਗਲਾਤੀਆਂ 6:9, 10; ਇਬਰਾਨੀਆਂ 10:23, 24.
ਕਰੋ ਸੇਵਾ ਖਾਓ ਮੇਵਾ
19, 20. (ੳ) ਯਹੋਵਾਹ ਦੇ ਗਵਾਹ ਹੋਣ ਤੋਂ ਤੁਹਾਨੂੰ ਕੀ ਲਾਭ ਹੋਏ ਹਨ? (ਅ) ਸਾਨੂੰ ਕਿਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ?
19 ਕੁਝ ਪਲ ਰੁਕ ਕੇ ਜ਼ਰਾ ਸੋਚੋ ਕਿ ਯਹੋਵਾਹ ਦੇ ਗਵਾਹ ਹੋਣ ਤੋਂ ਸਾਨੂੰ ਕਿੰਨੇ ਲਾਭ ਹੁੰਦੇ ਹਨ। ਸਾਡਾ ਸਭ ਤੋਂ ਵੱਡਾ ਸਨਮਾਨ ਹੈ ਕਿ ਯਹੋਵਾਹ ਸਾਨੂੰ ਜਾਣਦਾ ਹੈ। ਅਸੀਂ ਯਹੋਵਾਹ ਦੇ ਮਿੱਤਰ ਸੱਦੇ ਜਾ ਸਕਦੇ ਹਾਂ। (ਯਾਕੂਬ 2:23) ਮਲਾਕੀ ਨਬੀ ਨੇ ਕਿਹਾ: “ਯਹੋਵਾਹ ਦਾ ਭੈ ਮੰਨਣ ਵਾਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ। ਯਹੋਵਾਹ ਨੇ ਧਿਆਨ ਦੇ ਕੇ ਸੁਣੀਆਂ ਤਾਂ ਯਹੋਵਾਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗੀਰੀ ਦੀ ਪੁਸਤਕ ਲਿਖੀ ਗਈ।” (ਮਲਾਕੀ 3:16) ਅਸੀਂ ਜਾਣਦੇ ਹਾਂ ਕਿ ਸਾਡੀ ਜ਼ਿੰਦਗੀ ਦਾ ਸਫ਼ਰ ਕਿਸ ਪਾਸੇ ਜਾ ਰਿਹਾ ਹੈ ਅਤੇ ਇਹ ਜਿੰਦ ਜੀਣ ਦਾ ਕੋਈ ਮਕਸਦ ਤੇ ਮਤਲਬ ਵੀ ਹੈ। ਇਸ ਤੋਂ ਇਲਾਵਾ ਸਾਨੂੰ ਹਮੇਸ਼ਾ ਜ਼ਿੰਦਾ ਰਹਿਣ ਦੀ ਆਸ ਹੈ।—ਜ਼ਬੂਰਾਂ ਦੀ ਪੋਥੀ 37:9.
20 ਯਾਦ ਰੱਖੋ ਕਿ ਵੱਡੀ ਇਹ ਗੱਲ ਨਹੀਂ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ, ਪਰ ਇਹ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਤੁਸੀਂ ਕਿਹੋ ਜਿਹੇ ਇਨਸਾਨ ਹੋ। ਲੋਕਾਂ ਦੀਆਂ ਨਜ਼ਰਾਂ ਵਿਚ ਅਸੀਂ ਭਾਵੇਂ ਕੁਝ ਵੀ ਨਾ ਹੋਈਏ, ਪਰ ਯਹੋਵਾਹ ਨੂੰ ਸਾਡੇ ਨਾਲ ਪਿਆਰ ਹੈ। ਉਸ ਦੀ ਦਿਲਚਸਪੀ ਤੋਂ ਅਸੀਂ ਜਾਣਦੇ ਹਾਂ ਕਿ ਅਸੀਂ ਉਸ ਦੇ ਹਾਂ ਤੇ ਉਹ ਸਾਨੂੰ ਮਾਮੂਲੀ ਨਹੀਂ ਸਮਝਦਾ। (ਮੱਤੀ 10:29-31) ਬਦਲੇ ਵਿਚ ਜੇ ਅਸੀਂ ਉਸ ਨਾਲ ਪਿਆਰ ਕਰਾਂਗੇ, ਤਾਂ ਸਾਨੂੰ ਸਾਡੀ ਜ਼ਿੰਦਗੀ ਦੀ ਮੰਜ਼ਲ ਐਨ ਨਜ਼ਰ ਆਵੇਗੀ। ਬਾਈਬਲ ਕਹਿੰਦੀ ਹੈ ਕਿ “ਜੇ ਕੋਈ ਪਰਮੇਸ਼ੁਰ ਨਾਲ ਪ੍ਰੇਮ ਰੱਖੇ ਤਾਂ ਉਹ ਉਸ ਤੋਂ ਜਾਣਿਆ ਜਾਂਦਾ ਹੈ।”—1 ਕੁਰਿੰਥੀਆਂ 8:3.
[ਫੁਟਨੋਟ]
a ਇਸ ਗੱਲ ਤੋਂ ਇਕ ਚੌਕੀਦਾਰ ਦੀ ਕਾਰਵਾਈ ਦਾ ਸੰਕੇਤ ਮਿਲਦਾ ਹੈ। ਯਰੂਸ਼ਲਮ ਵਿਚ ਲੇਵੀ ਪਹਿਰੇਦਾਰ ਭਵਨ ਦੀ ਰਾਖੀ ਕਰਦੇ ਸਨ। ਰਾਤ ਨੂੰ ਚੌਕੀਦਾਰ ਇਹ ਦੇਖਣ ਲਈ ਭਵਨ ਦਾ ਦੌਰਾ ਕਰਦਾ ਸੀ ਕਿ ਪਹਿਰੇਦਾਰ ਸੁੱਤੇ ਪਏ ਸਨ ਜਾਂ ਜਾਗਦੇ ਸਨ। ਜੇ ਕੋਈ ਸੁੱਤਾ ਪਿਆ ਮਿਲਦਾ ਸੀ, ਤਾਂ ਉਸ ਨੂੰ ਸ਼ਰਮਿੰਦਾ ਕਰਨ ਲਈ ਉਸ ਦੇ ਉਪਰਲੇ ਬਸਤਰ ਲਾਹ ਕੇ ਸਾੜ ਦਿੱਤੇ ਜਾਂਦੇ ਸਨ।
ਕੀ ਤੁਹਾਨੂੰ ਯਾਦ ਹੈ?
• ਸਾਨੂੰ ਹਮੇਸ਼ਾ ਇਹ ਕਿਉਂ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ?
• ਅਸੀਂ ਆਪਣੇ ਮਨ ਵਿਚ ਕਿਵੇਂ ਧਾਰ ਸਕਦੇ ਹਾਂ ਕਿ ਅਸੀਂ ਕੌਣ ਹਾਂ?
• ਲੋਕਾਂ ਨੂੰ ਜਾਂ ਯਹੋਵਾਹ ਨੂੰ ਖ਼ੁਸ਼ ਕਰਨ ਦੇ ਮਾਮਲੇ ਵਿਚ ਅਸੀਂ ਸਹੀ ਫ਼ੈਸਲਾ ਕਿਵੇਂ ਕਰ ਸਕਦੇ ਹਾਂ?
• ਕਿਹੜੇ ਕੰਮ ਕਰ ਕੇ ਸਾਨੂੰ ਯਾਦ ਰਹਿੰਦਾ ਹੈ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ?
[ਸਫ਼ੇ 21 ਉੱਤੇ ਤਸਵੀਰ]
ਮਸੀਹੀ ਕੰਮਾਂ ਵਿਚ ਲੀਨ ਰਹਿ ਕਿ ਅਸੀਂ ਯਾਦ ਰੱਖ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ