ਪਰਮੇਸ਼ੁਰ ਨੂੰ ਜਾਣੋ
ਉਹ ਸਾਡੇ ਹਾਲਾਤਾਂ ਨੂੰ ਸਮਝਦਾ ਹੈ
ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਬਾਰੇ ਇਕ ਔਰਤ ਨੇ ਕਿਹਾ: “ਮੈਂ ਬਹੁਤ ਕੋਸ਼ਿਸ਼ ਕੀਤੀ, ਫਿਰ ਵੀ ਮੈਨੂੰ ਲੱਗਾ ਕਿ ਇਹ ਕਾਫ਼ੀ ਨਹੀਂ ਸੀ।” ਕੀ ਯਹੋਵਾਹ ਪਰਮੇਸ਼ੁਰ ਖ਼ੁਸ਼ ਹੁੰਦਾ ਹੈ ਜਦ ਉਸ ਦੇ ਸੇਵਕ ਉਸ ਦੀ ਸੇਵਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ? ਕੀ ਉਹ ਉਨ੍ਹਾਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਾ ਹੈ ਅਤੇ ਸਮਝਦਾ ਹੈ ਕਿ ਉਹ ਕਿੰਨਾ ਕੁ ਕਰ ਸਕਦੇ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਚੰਗਾ ਹੋਵੇਗਾ ਜੇ ਅਸੀਂ ਲੇਵੀਆਂ 5:2-11 ਦੇਖੀਏ ਜਿੱਥੇ ਮੂਸਾ ਦੀ ਬਿਵਸਥਾ ਵਿਚ ਕੁਝ ਭੇਟਾਂ ਬਾਰੇ ਦੱਸਿਆ ਗਿਆ ਹੈ।
ਬਿਵਸਥਾ ਮੁਤਾਬਕ ਪਰਮੇਸ਼ੁਰ ਚਾਹੁੰਦਾ ਸੀ ਕਿ ਪਾਪਾਂ ਦਾ ਪ੍ਰਾਸਚਿਤ ਕਰਨ ਲਈ ਕਈ ਤਰ੍ਹਾਂ ਦੀਆਂ ਬਲੀਦਾਨਾਂ ਜਾਂ ਭੇਟਾਂ ਚੜ੍ਹਾਈਆਂ ਜਾਣ। ਇਨ੍ਹਾਂ ਆਇਤਾਂ ਵਿਚ ਉਸ ਵਿਅਕਤੀ ਬਾਰੇ ਦੱਸਿਆ ਗਿਆ ਹੈ ਜਿਸ ਨੇ ਪਾਪ ਕੀਤਾ, ਪਰ ਜਾਣ-ਬੁੱਝ ਕੇ ਨਹੀਂ। (ਆਇਤਾਂ 2-4) ਜਦ ਉਸ ਨੂੰ ਆਪਣੇ ਪਾਪ ਦਾ ਅਹਿਸਾਸ ਹੁੰਦਾ ਸੀ, ਤਾਂ ਉਸ ਨੂੰ ਇਹ ਕਬੂਲ ਕਰ ਕੇ ਦੋਸ਼ ਦੀ ਭੇਟ ਵਜੋਂ “ਇੱਕ ਲੇਲੀ, ਯਾ ਬੱਕਰਿਆਂ ਦੀ ਪੱਠ” ਚੜ੍ਹਾਉਣੀ ਪੈਂਦੀ ਸੀ। (ਆਇਤਾਂ 5, 6) ਪਰ ਉਦੋਂ ਕੀ ਜੇ ਉਹ ਗ਼ਰੀਬ ਸੀ ਅਤੇ ਇਕ ਲੇਲੀ ਜਾਂ ਬੱਕਰੀ ਨਹੀਂ ਖ਼ਰੀਦ ਸਕਦਾ ਸੀ? ਕੀ ਬਿਵਸਥਾ ਉਸ ਨੂੰ ਮਜਬੂਰ ਕਰਦੀ ਸੀ ਕਿ ਉਹ ਕਰਜ਼ਾ ਚੁੱਕ ਕੇ ਇਹ ਜਾਨਵਰ ਉਧਾਰ ਲਵੇ? ਕੀ ਇਸ ਦਾ ਇਹ ਮਤਲਬ ਸੀ ਕਿ ਉਸ ਦੇ ਪਾਪਾਂ ਦਾ ਪ੍ਰਾਸਚਿਤ ਉਸ ਸਮੇਂ ਤਕ ਨਹੀਂ ਕੀਤਾ ਜਾ ਸਕਦਾ ਸੀ ਜਦ ਤਕ ਉਹ ਮਿਹਨਤ ਕਰ ਕੇ ਜਾਨਵਰ ਨਹੀਂ ਸੀ ਖ਼ਰੀਦਦਾ?
ਬਿਵਸਥਾ ਵਿਚ ਯਹੋਵਾਹ ਦੇ ਪਿਆਰ ਦਾ ਸਬੂਤ ਮਿਲਦਾ ਹੈ ਕਿਉਂਕਿ ਲਿਖਿਆ ਹੈ ਕਿ “ਜੇ ਉਹ ਇੱਕ ਲੇਲਾ ਲਿਆ ਨਾ ਸੱਕੇ ਤਾਂ ਉਹ ਆਪਣੇ ਪਾਪ ਦੇ ਲਈ ਜੋ ਉਸ ਨੇ ਕੀਤਾ ਹੈ ਦੋ ਘੁੱਗੀਆਂ ਯਾ ਦੋ ਕਬੂਤ੍ਰਾਂ ਦੇ ਬੱਚੇ ਯਹੋਵਾਹ ਦੇ ਅੱਗੇ ਦੋਸ਼ ਦੀ ਭੇਟ ਕਰਕੇ ਲਿਆਵੇ।” (ਆਇਤ 7) ਜੇ ਵਿਅਕਤੀ ਦੇ ਵਸ ਵਿਚ ਨਹੀਂ ਸੀ ਕਿ ਉਹ “ਇੱਕ ਲੇਲਾ ਲਿਆ . . . ਸੱਕੇ,” ਤਾਂ ਪਰਮੇਸ਼ੁਰ ਦੋ ਘੁੱਗੀਆਂ ਜਾਂ ਦੋ ਕਬੂਤਰਾਂ ਦੀ ਭੇਟ ਕਬੂਲ ਕਰਨ ਲਈ ਤਿਆਰ ਸੀ।
ਜੇ ਵਿਅਕਤੀ ਕੋਲ ਦੋ ਚਿੜੀਆਂ ਲਈ ਵੀ ਪੈਸੇ ਨਹੀਂ ਸਨ, ਤਾਂ ਬਿਵਸਥਾ ਅਨੁਸਾਰ ਉਹ “ਆਪਣੀ ਭੇਟ ਵਿੱਚ ਇੱਕ ਮੈਦੇ ਦੇ ਏਫਾਹ ਦਾ ਦਸਵਾਂ ਹਿੱਸਾ [ਅੱਠ ਜਾਂ ਨੌਂ ਕੱਪ] ਪਾਪ ਦੀ ਭੇਟ ਕਰਕੇ” ਲਿਆ ਸਕਦਾ ਸੀ। (ਆਇਤ 11) ਸੋ ਉਨ੍ਹਾਂ ਲਈ ਜੋ ਬਹੁਤ ਗ਼ਰੀਬ ਸਨ ਪਰਮੇਸ਼ੁਰ ਨੇ ਇਹ ਪ੍ਰਬੰਧ ਕੀਤਾ ਤਾਂਕਿ ਉਹ ਖ਼ੂਨ ਤੋਂ ਬਿਨਾਂ ਦੋਸ਼ ਦੀ ਭੇਟ ਚੜ੍ਹਾ ਸਕਣ।a ਇਸ ਤਰ੍ਹਾਂ ਇਸਰਾਏਲ ਵਿਚ ਗ਼ਰੀਬਾਂ ਨੂੰ ਵੀ ਆਪਣੇ ਪਾਪਾਂ ਦਾ ਪ੍ਰਾਸਚਿਤ ਕਰਨ ਅਤੇ ਪਰਮੇਸ਼ੁਰ ਦੀ ਮਿਹਰ ਪਾਉਣ ਦਾ ਮੌਕਾ ਮਿਲਦਾ ਸੀ।
ਬਿਵਸਥਾ ਵਿਚ ਦੋਸ਼ ਦੀਆਂ ਭੇਟਾਂ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ? ਉਹ ਇਕ ਦਇਆਵਾਨ ਪਰਮੇਸ਼ੁਰ ਹੈ ਜੋ ਸਮਝਦਾ ਹੈ ਕਿ ਉਸ ਦੇ ਸੇਵਕ ਕਿੰਨਾ ਕੁ ਕਰ ਸਕਦੇ ਹਨ। (ਜ਼ਬੂਰਾਂ ਦੀ ਪੋਥੀ 103:14) ਭਾਵੇਂ ਸਾਡੇ ਹਾਲਾਤ ਜੋ ਵੀ ਹੋਣ, ਫਿਰ ਵੀ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨਜ਼ਦੀਕ ਹੋ ਕੇ ਉਸ ਨਾਲ ਚੰਗਾ ਰਿਸ਼ਤਾ ਕਾਇਮ ਕਰੀਏ। ਸੋ ਵਧਦੀ ਉਮਰ, ਵਿਗੜਦੀ ਸਿਹਤ, ਪਰਿਵਾਰ ਦੀਆਂ ਜਾਂ ਹੋਰ ਜ਼ਿੰਮੇਵਾਰੀਆਂ ਦੇ ਬਾਵਜੂਦ ਸਾਨੂੰ ਹੌਸਲਾ ਮਿਲਦਾ ਹੈ ਕਿ ਯਹੋਵਾਹ ਉਸ ਨਾਲ ਖ਼ੁਸ਼ ਹੁੰਦਾ ਹੈ ਜੋ ਅਸੀਂ ਕਰ ਸਕਦੇ ਹਾਂ। (w09 6/1)
[ਫੁਟਨੋਟ]
a ਪ੍ਰਾਸਚਿਤ ਕਰਨ ਲਈ ਜਾਨਵਰ ਦਾ ਖ਼ੂਨ ਵਹਾਉਣਾ ਜ਼ਰੂਰੀ ਸੀ ਕਿਉਂਕਿ ਯਹੋਵਾਹ ਖ਼ੂਨ ਨੂੰ ਪਵਿੱਤਰ ਸਮਝਦਾ ਹੈ। (ਲੇਵੀਆਂ 17:11) ਕੀ ਇਸ ਦਾ ਇਹ ਮਤਲਬ ਹੈ ਕਿ ਮੈਦੇ ਦੀਆਂ ਭੇਟਾਂ ਦੀ ਕੋਈ ਕੀਮਤ ਨਹੀਂ ਸੀ? ਨਹੀਂ। ਕੋਈ ਸ਼ੱਕ ਨਹੀਂ ਕਿ ਯਹੋਵਾਹ ਉਨ੍ਹਾਂ ਨਿਮਰ ਲੋਕਾਂ ਦੀਆਂ ਦਿਲੋਂ ਚੜ੍ਹਾਈਆਂ ਭੇਟਾਂ ਨੂੰ ਕੀਮਤੀ ਸਮਝਦਾ ਸੀ। ਇਸ ਤੋਂ ਇਲਾਵਾ ਹਰ ਸਾਲ ਪ੍ਰਾਸਚਿਤ ਦੇ ਦਿਨ ਤੇ ਪੂਰੀ ਕੌਮ—ਜਿਸ ਵਿਚ ਗ਼ਰੀਬ ਵੀ ਸ਼ਾਮਲ ਸਨ—ਦੇ ਪਾਪਾਂ ਦੀ ਮਾਫ਼ੀ ਲਈ ਜਾਨਵਰਾਂ ਦਾ ਖ਼ੂਨ ਵਹਾ ਕੇ ਬਲੀਆਂ ਚੜ੍ਹਾਈਆਂ ਜਾਂਦੀਆ ਸਨ।—ਲੇਵੀਆਂ 16:29, 30.