ਯਹੋਵਾਹ ਦਾ ਬਚਨ ਜੀਉਂਦਾ ਹੈ
ਰੂਥ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
ਰੂਥ ਦੀ ਕਿਤਾਬ ਵਿਚ ਜੋ ਕਹਾਣੀ ਅਸੀਂ ਪੜ੍ਹਦੇ ਹਾਂ ਉਹ ਸੱਚ-ਮੁੱਚ ਸਾਡੇ ਦਿਲ ਨੂੰ ਛੋਂਹਦੀ ਹੈ। ਇਸ ਵਿਚ ਦੋ ਵਿਚਾਰੀਆਂ ਵਿਧਵਾਵਾਂ ਨੇ ਦੁੱਖ-ਸੁਖ ਵਿਚ ਇਕ-ਦੂਜੀ ਦਾ ਸਾਥ ਨਿਭਾਇਆ। ਇਸ ਕਹਾਣੀ ਤੋਂ ਰੱਬ ਲਈ ਉਨ੍ਹਾਂ ਦਾ ਗਹਿਰਾ ਪਿਆਰ ਅਤੇ ਉਸ ਉੱਤੇ ਉਨ੍ਹਾਂ ਦਾ ਭਰੋਸਾ ਜ਼ਾਹਰ ਹੁੰਦਾ ਹੈ ਕਿ ਉਸ ਦੇ ਪ੍ਰਬੰਧ ਕਾਮਯਾਬ ਹੋਣਗੇ। ਇਸ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਮਸੀਹਾ ਦੀ ਵੰਸ਼ਾਵਲੀ ਵਿਚ ਕਿੰਨੀ ਦਿਲਚਸਪੀ ਸੀ। ਇਸ ਵਿਚ ਅਸੀਂ ਇਕ ਪਰਿਵਾਰ ਦੀਆਂ ਖ਼ੁਸ਼ੀਆਂ ਤੇ ਉਨ੍ਹਾਂ ਦੇ ਗਮ ਦੇਖਦੇ ਹਾਂ। ਇਨ੍ਹਾਂ ਗੱਲਾਂ ਤੋਂ ਇਲਾਵਾ ਇਸ ਕਹਾਣੀ ਵਿਚ ਹੋਰ ਵੀ ਬਹੁਤ ਸਾਰੇ ਮੋਤੀ ਹਨ।
ਰੂਥ ਦੀ ਕਿਤਾਬ ਵਿਚ “ਨਿਆਈਆਂ ਦੇ ਰਾਜ” ਦੇ ਮੁਢਲੇ 11 ਸਾਲਾਂ ਦਾ ਇਤਿਹਾਸ ਹੈ। (ਰੂਥ 1:1) ਅਸੀਂ ਇਹ ਸਿੱਟਾ ਕਿਉਂ ਕੱਢ ਸਕਦੇ ਹਾਂ? ਕਿਉਂਕਿ ਇਸ ਵਿਚ ਬੋਅਜ਼ ਨਾਂ ਦੇ ਜ਼ਮੀਂਦਾਰ ਦੀ ਗੱਲ ਕੀਤੀ ਗਈ ਹੈ ਜੋ ਯਹੋਸ਼ੁਆ ਦੇ ਦਿਨਾਂ ਦੀ ਰਾਹਾਬ ਦਾ ਪੁੱਤਰ ਸੀ। (ਯਹੋਸ਼ੁਆ 2:1, 2; ਰੂਥ 2:1; ਮੱਤੀ 1:5) ਜ਼ਾਹਰ ਹੁੰਦਾ ਹੈ ਕਿ ਸਮੂਏਲ ਨਬੀ ਨੇ ਇਹ ਕਹਾਣੀ ਅੱਜ ਤੋਂ ਤਕਰੀਬਨ 3,090 ਸਾਲ ਪਹਿਲਾਂ ਲਿਖੀ ਸੀ। ਬਾਈਬਲ ਵਿਚ ਸਿਰਫ਼ ਇਹੀ ਇਕ ਗ਼ੈਰ-ਯਹੂਦੀ ਔਰਤ ਦੇ ਨਾਂ ਦੀ ਪੋਥੀ ਹੈ। ਇਸ ਕਹਾਣੀ ਦਾ ਸੁਨੇਹਾ ਸੱਚ-ਮੁੱਚ “ਜੀਉਂਦਾ ਅਤੇ ਗੁਣਕਾਰ” ਹੈ।—ਇਬਰਾਨੀਆਂ 4:12.
“ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ”
ਜਦ ਨਾਓਮੀ ਤੇ ਰੂਥ ਕਈ ਸਾਲ ਪਰਦੇਸ ਰਹਿਣ ਤੋਂ ਬਾਅਦ ਬੈਤਲਹਮ ਵਾਪਸ ਗਈਆਂ ਸਨ, ਤਾਂ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ਤੇ ਸਨ। ਪਿੰਡ ਦੀਆਂ ਤੀਵੀਆਂ ਉਨ੍ਹਾਂ ਵਿੱਚੋਂ ਸਿਆਣੀ ਔਰਤ ਵੱਲ ਇਸ਼ਾਰਾ ਕਰ ਕੇ ਇਕ-ਦੂਜੀ ਨੂੰ ਪੁੱਛਦੀਆਂ ਸਨ: “ਕੀ ਏਹ ਨਾਓਮੀ ਹੈ?” ਨਾਓਮੀ ਨੇ ਜਵਾਬ ਵਿਚ ਕਿਹਾ: “ਮੈਨੂੰ ਨਾਓਮੀ ਨਾ ਆਖੋ। ਮੈਨੂੰ ਮਾਰਾ ਆਖੋ ਕਿਉਂ ਜੋ ਸਰਬ ਸ਼ਕਤੀਮਾਨ ਨੇ ਮੇਰੇ ਨਾਲ ਡਾਢੀ ਕੁੜੱਤਣ ਦਾ ਕੰਮ ਕੀਤਾ ਹੈ। ਮੈਂ ਭਰੀ ਪੱਲੀਂ ਨਿੱਕਲੀ ਸੀ ਪਰ ਯਹੋਵਾਹ ਮੈਨੂੰ ਸੱਖਣੀ ਮੋੜ ਲਿਆਇਆ ਹੈ।”—ਰੂਥ 1:19-21.
ਇਸ ਤੋਂ ਕਈ ਸਾਲ ਪਹਿਲਾਂ, ਇਸਰਾਏਲ ਵਿਚ ਕਾਲ ਪੈਣ ਕਰਕੇ ਨਾਓਮੀ ਤੇ ਉਸ ਦੇ ਪਰਿਵਾਰ ਨੂੰ ਬੈਤਲਹਮ ਛੱਡ ਕੇ ਮੋਆਬ ਜਾਣਾ ਪਿਆ ਸੀ। ਉਸ ਸਮੇਂ ਨਾਓਮੀ “ਭਰੀ ਪੱਲੀਂ” ਸੀ ਯਾਨੀ ਉਸ ਦਾ ਪਤੀ ਜੀਉਂਦਾ ਸੀ ਅਤੇ ਉਸ ਦੇ ਦੋ ਪੁੱਤਰ ਸਨ। ਮੋਆਬ ਵਿਚ ਕੁਝ ਸਮੇਂ ਲਈ ਵੱਸਣ ਤੋਂ ਬਾਅਦ ਉਸ ਦਾ ਪਿਆਰਾ ਪਤੀ ਅਲੀਮਲਕ ਗੁਜ਼ਰ ਗਿਆ। ਇਸ ਤੋਂ ਬਾਅਦ ਉਸ ਦੇ ਮੁੰਡਿਆਂ ਨੇ ਆਰਪਾਹ ਅਤੇ ਰੂਥ ਨਾਂ ਦੀਆਂ ਮੋਆਬਣਾਂ ਨਾਲ ਵਿਆਹ ਕਰ ਲਏ ਸਨ। ਲਗਭਗ ਦਸ ਸਾਲ ਬਾਅਦ ਅਫ਼ਸੋਸ ਨਾਲ ਉਸ ਦੇ ਮੁੰਡੇ ਵੀ ਗੁਜ਼ਰ ਗਏ ਸਨ। ਕਿੰਨੇ ਦੁੱਖ ਦੀ ਗੱਲ ਹੈ ਕਿ ਨਾਓਮੀ ਅਤੇ ਉਸ ਦੀਆਂ ਨੂੰਹਾਂ ਇਕੱਲੀਆਂ ਤੇ ਬੇਔਲਾਦ ਰਹਿ ਗਈਆਂ ਸਨ। ਜਦੋਂ ਉਸ ਨੇ ਯਹੂਦਾ ਵਾਪਸ ਜਾਣ ਦਾ ਫ਼ੈਸਲਾ ਕੀਤਾ ਤਾਂ ਉਸ ਦੀਆਂ ਨੂੰਹਾਂ ਵੀ ਉਸ ਨਾਲ ਜਾਣ ਲਈ ਤਿਆਰ ਹੋ ਗਈਆਂ ਸਨ। ਰਾਹ ਵਿਚ ਉਸ ਨੇ ਆਪਣੀਆਂ ਨੂੰਹਾਂ ਨੂੰ ਆਪਣੇ-ਆਪਣੇ ਪੇਕਿਆਂ ਨੂੰ ਮੁੜਨ ਲਈ ਕਿਹਾ। ਉਹ ਚਾਹੁੰਦੀ ਸੀ ਕਿ ਉਹ ਦੋਨੋਂ ਆਪਣੇ ਲੋਕਾਂ ਵਿਚ ਜਾ ਕੇ ਦੁਬਾਰਾ ਆਪਣੇ ਘਰ ਵਸਾਉਣ। ਆਰਪਾਹ ਨਾਓਮੀ ਦੀ ਗੱਲ ਮੰਨ ਕੇ ਵਾਪਸ ਚਲੀ ਗਈ, ਪਰ ਰੂਥ ਨਾਓਮੀ ਦਾ ਸਾਥ ਛੱਡਣ ਲਈ ਤਿਆਰ ਨਹੀਂ ਸੀ। ਉਸ ਨੇ ਨਾਓਮੀ ਨੂੰ ਕਿਹਾ: “ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ ਅਤੇ ਜਿੱਥੇ ਤੂੰ ਰਹੇਂਗੀ ਉੱਥੇ ਹੀ ਮੈਂ ਰਹਾਂਗੀ। ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ।”—ਰੂਥ 1:16.
ਜਦ ਉਹ ਬੈਤਲਹਮ ਪਹੁੰਚੀਆਂ, ਤਾਂ ਜਵਾਂ ਦੀ ਵਾਢੀ ਦਾ ਸਮਾਂ ਸ਼ੁਰੂ ਹੀ ਹੋਇਆ ਸੀ। ਰੂਥ ਨੇ ਪਰਮੇਸ਼ੁਰ ਵੱਲੋਂ ਉਸ ਪ੍ਰਬੰਧ ਦਾ ਫ਼ਾਇਦਾ ਉਠਾਇਆ ਜਿਸ ਵਿਚ ਕੰਗਾਲਾਂ ਨੂੰ ਸਿਲਾ ਚੁਗਣ ਦੀ ਇਜਾਜ਼ਤ ਦਿੱਤੀ ਗਈ ਸੀ। ਕਮਾਲ ਦੀ ਗੱਲ ਹੈ ਕਿ ਜਿਸ ਆਦਮੀ ਦੇ ਖੇਤ ਵਿੱਚੋਂ ਉਹ ਸਿਲਾ ਚੁਗਣ ਗਈ ਸੀ, ਉਹ ਉਸ ਦੇ ਸਹੁਰੇ ਅਲੀਮਲਕ ਦਾ ਰਿਸ਼ਤੇਦਾਰ ਨਿਕਲਿਆ। ਉਸ ਬਜ਼ੁਰਗ ਯਹੂਦੀ ਦਾ ਨਾਂ ਬੋਅਜ਼ ਸੀ। ਬੋਅਜ਼ ਨੂੰ ਅਹਿਸਾਸ ਹੋਇਆ ਕਿ ਰੂਥ ਬਹੁਤ ਹੀ ਚੰਗੀ ਤੀਵੀਂ ਸੀ। ਰੂਥ ਉਸ ਦਿਆਂ ਖੇਤਾਂ ਵਿਚ ਉਸ ਸਮੇਂ ਤਕ ਸਿਲਾ ਚੁਗਦੀ ਰਹੀ “ਜਦ ਤੋੜੀ ਜਵਾਂ ਦੀ ਅਤੇ ਕਣਕ ਦੀ ਵਾਢੀ” ਪੂਰੀ ਨਹੀਂ ਹੋ ਗਈ।—ਰੂਥ 2:23.
ਕੁਝ ਸਵਾਲਾਂ ਦੇ ਜਵਾਬ:
1:8—ਮੁਢਲੀ ਭਾਸ਼ਾ ਮੁਤਾਬਕ ਇਸ ਹਵਾਲੇ ਵਿਚ ਨਾਓਮੀ ਨੇ ਆਪਣੀਆਂ ਨੂੰਹਾਂ ਨੂੰ ਆਪਣੇ ਮਾਪਿਆਂ ਦੇ ਘਰਾਂ ਨੂੰ ਮੁੜਨ ਦੀ ਬਜਾਇ ਆਪਣੀਆਂ “ਮਾਵਾਂ ਦੇ ਘਰਾਂ” ਨੂੰ ਮੁੜਨ ਲਈ ਕਿਹਾ ਸੀ। ਉਸ ਨੇ ਇਸ ਤਰ੍ਹਾਂ ਕਿਉਂ ਕਿਹਾ ਸੀ? ਸਾਨੂੰ ਇਹ ਨਹੀਂ ਪਤਾ ਕਿ ਆਰਪਾਹ ਦਾ ਪਿਤਾ ਜ਼ਿੰਦਾ ਸੀ ਜਾਂ ਨਹੀਂ। ਪਰ ਰੂਥ ਦਾ ਪਿਤਾ ਜ਼ਰੂਰ ਜ਼ਿੰਦਾ ਸੀ। (ਰੂਥ 2:11) ਤਾਂ ਫਿਰ ਨਾਓਮੀ ਨੇ ਉਨ੍ਹਾਂ ਦੀਆਂ ਮਾਵਾਂ ਦਾ ਜ਼ਿਕਰ ਕਿਉਂ ਕੀਤਾ ਸੀ? ਉਹ ਸ਼ਾਇਦ ਉਨ੍ਹਾਂ ਨੂੰ ਮਾਂ ਦੀ ਮਮਤਾ ਦੀ ਯਾਦ ਦਿਲਾਉਣਾ ਚਾਹੁੰਦੀ ਸੀ ਤਾਂਕਿ ਉਹ ਉਸ ਦਾ ਵਿਛੋੜਾ ਝੱਲ ਸਕਣ। ਇਸ ਨਾਲ ਉਨ੍ਹਾਂ ਦੇ ਦਿਲਾਂ ਨੂੰ ਕਿੰਨਾ ਸਕੂਨ ਮਿਲਿਆ ਹੋਣਾ। ਨਾਓਮੀ ਜਾਣਦੀ ਸੀ ਕਿ ਉਸ ਦਾ ਆਪਣਾ ਕੋਈ ਟਿਕਾਣਾ ਨਹੀਂ ਸੀ, ਇਸ ਲਈ ਉਹ ਸ਼ਾਇਦ ਉਨ੍ਹਾਂ ਨੂੰ ਇਹ ਵੀ ਯਾਦ ਦਿਲਾਉਣਾ ਚਾਹੁੰਦੀ ਸੀ ਕਿ ਉਹ ਆਪਣੇ ਪੇਕੀਂ ਜਾ ਕੇ ਸੁਖ ਪਾ ਸਕਦੀਆਂ ਸਨ।
1:13, 21—ਨਾਓਮੀ ਉੱਤੇ ਸੱਚ-ਮੁੱਚ ਦੁੱਖਾਂ ਦਾ ਪਹਾੜ ਟੁੱਟਿਆ ਸੀ। ਕੀ ਇਸ ਦੇ ਪਿੱਛੇ ਯਹੋਵਾਹ ਦਾ ਹੱਥ ਸੀ? ਨਹੀਂ ਅਤੇ ਨਾ ਹੀ ਨਾਓਮੀ ਨੇ ਰੱਬ ਤੇ ਇਸ ਦਾ ਦੋਸ਼ ਲਾਇਆ ਸੀ। ਪਰ ਫਿਰ ਵੀ ਆਪਣੀ ਬੀਤੀ ਜ਼ਿੰਦਗੀ ਬਾਰੇ ਸੋਚ ਕੇ ਉਸ ਨੂੰ ਸ਼ਾਇਦ ਲੱਗਾ ਹੋਵੇ ਕਿ ਯਹੋਵਾਹ ਉਸ ਤੋਂ ਨਾਰਾਜ਼ ਸੀ। ਉਹ ਦਿਲੋਂ ਦੁਖੀ ਸੀ ਅਤੇ ਉਸ ਨੂੰ ਸਮਝ ਨਹੀਂ ਸੀ ਲੱਗਦੀ ਕਿ ਉਹ ਕੀ ਕਰੇ। ਉਨ੍ਹੀਂ ਦਿਨੀਂ ਜਿਸ ਔਰਤ ਦੀ ਗੋਦ ਖਾਲੀ ਰਹਿੰਦੀ ਸੀ ਉਸ ਨੂੰ ਪਰਮੇਸ਼ੁਰ ਵੱਲੋਂ ਸਰਾਪਿਆ ਸਮਝਿਆ ਜਾਂਦਾ ਸੀ ਕਿਉਂਕਿ ਬੱਚੇ ਪਰਮੇਸ਼ੁਰ ਵੱਲੋਂ ਬਰਕਤ ਸਮਝੇ ਜਾਂਦੇ ਸਨ। ਨਾਓਮੀ ਦਾ ਕੋਈ ਵਾਰਸ ਨਹੀਂ ਸੀ। ਉਸ ਦੇ ਮੁੰਡੇ ਵੀ ਚੱਲ ਵਸੇ ਸਨ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਉਸ ਨੇ ਕਿਉਂ ਸੋਚਿਆ ਹੋਵੇਗਾ ਕਿ ਯਹੋਵਾਹ ਨੇ ਉਸ ਨਾਲ ਭੈੜਾ ਵਰਤਾਅ ਕੀਤਾ ਸੀ।
2:12—ਰੂਥ ਨੂੰ ਯਹੋਵਾਹ ਵੱਲੋਂ “ਪੂਰਾ ਵੱਟਾ” ਕਿਸ ਤਰ੍ਹਾਂ ਮਿਲਿਆ ਸੀ? ਰੱਬ ਨੇ ਰੂਥ ਦੀ ਝੋਲੀ ਇਕ ਪਿਆਰੇ ਬੇਟੇ ਨਾਲ ਭਰੀ। ਇਸ ਨਾਲ ਰੂਥ ਯਿਸੂ ਮਸੀਹ ਦੀ ਵੱਡੀ-ਵਡੇਰੀ ਬਣੀ। ਰੂਥ ਲਈ ਇਹ ਕਿੰਨਾ ਵੱਡਾ ਸਨਮਾਨ ਸੀ ਕਿ ਉਸ ਦੇ ਪਰਿਵਾਰ ਵਿਚ ਯਿਸੂ ਮਸੀਹ ਨੇ ਜਨਮ ਲਿਆ ਸੀ!—ਰੂਥ 4:13-17; ਮੱਤੀ 1:5, 16.
ਸਾਡੇ ਲਈ ਸਬਕ:
1:8; 2:20. ਦੁੱਖ-ਤਕਲੀਫ਼ਾਂ ਦੇ ਬਾਵਜੂਦ ਨਾਓਮੀ ਨੇ ਹਮੇਸ਼ਾ ਯਹੋਵਾਹ ਤੇ ਭਰੋਸਾ ਰੱਖਿਆ। ਉਸ ਨੂੰ ਵਿਸ਼ਵਾਸ ਸੀ ਕਿ ਯਹੋਵਾਹ ਪ੍ਰੇਮ ਤੇ ਦਇਆ ਦਾ ਸਾਗਰ ਹੈ। ਜਦ ਸਾਡੇ ਤੇ ਦੁੱਖਾਂ ਦਾ ਪਹਾੜ ਟੁੱਟਦਾ ਹੈ, ਤਾਂ ਸਾਨੂੰ ਵੀ ਰੱਬ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ।
1:9. ਸਾਡਾ ਘਰ ਸਿਰਫ਼ ਇਕ ਮਕਾਨ ਹੀ ਨਹੀਂ ਹੋਣਾ ਚਾਹੀਦਾ, ਜਿੱਥੇ ਪਰਿਵਾਰ ਦੇ ਵੱਖਰੇ-ਵੱਖਰੇ ਮੈਂਬਰ ਖਾਂਦੇ-ਪੀਂਦੇ ਅਤੇ ਸੌਂਦੇ ਹਨ। ਘਰ ਸੁਖ-ਸੰਤੋਖ ਦੀ ਥਾਂ ਹੋਣਾ ਚਾਹੀਦਾ ਹੈ, ਜਿੱਥੇ ਹਰ ਜੀਅ ਨੂੰ ਸਕੂਨ ਮਿਲਦਾ ਹੈ।
1:14-16. ਆਰਪਾਹ “ਆਪਣੇ ਟੱਬਰ ਅਤੇ ਦੇਵਤਿਆਂ ਵੱਲ ਮੁੜ ਗਈ।” ਪਰ ਰੂਥ ਨੇ ਇਸ ਤਰ੍ਹਾਂ ਨਹੀਂ ਕੀਤਾ। ਉਹ ਮੋਆਬ ਦੇਸ਼ ਵਿਚ ਆਰਾਮ ਦੀ ਜ਼ਿੰਦਗੀ ਜੀਉਣ ਦੀ ਬਜਾਇ ਯਹੋਵਾਹ ਪ੍ਰਤੀ ਵਫ਼ਾਦਾਰ ਰਹੀ। ਜੇ ਅਸੀਂ ਆਪਾ ਵਾਰ ਕੇ ਪਰਮੇਸ਼ੁਰ ਦੇ ਦਿਲ ਵਿਚ ਜਗ੍ਹਾ ਬਣਾਈਏ, ਤਾਂ ਅਸੀਂ ਸੁਆਰਥੀ ਬਣਨ ਤੋਂ ਬਚਾਂਗੇ ਅਤੇ “ਪਿਛਾਹਾਂ ਹਟ ਕੇ ਨਸ਼ਟ” ਨਹੀਂ ਹੋਵਾਂਗੇ।—ਇਬਰਾਨੀਆਂ 10:39.
2:2. ਰੂਥ ਸਿਲਾ ਚੁਗਣ ਦੇ ਪ੍ਰਬੰਧ ਤੋਂ ਲਾਭ ਉਠਾਉਣਾ ਚਾਹੁੰਦੀ ਸੀ ਜੋ ਪਰਦੇਸੀਆਂ ਤੇ ਕੰਗਾਲਾਂ ਲਈ ਤਿਆਰ ਕੀਤਾ ਗਿਆ ਸੀ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਉਹ ਨਿਮਰ ਸੁਭਾਅ ਵਾਲੀ ਔਰਤ ਸੀ। ਇਸੇ ਤਰ੍ਹਾਂ ਕਿਸੇ ਲੋੜਵੰਦ ਭੈਣ-ਭਰਾ ਨੂੰ ਘਮੰਡੀ ਨਹੀਂ ਹੋਣਾ ਚਾਹੀਦਾ। ਜੇ ਉਸ ਨੂੰ ਹੋਰਨਾਂ ਭੈਣਾਂ-ਭਰਾਵਾਂ ਜਾਂ ਸਰਕਾਰ ਵੱਲੋਂ ਮਦਦ ਮਿਲਦੀ ਹੈ, ਤਾਂ ਉਸ ਨੂੰ ਇਹ ਮਦਦ ਸਵੀਕਾਰ ਕਰ ਲੈਣੀ ਚਾਹੀਦੀ ਹੈ।
2:7. ਭਾਵੇਂ ਕਿ ਰੂਥ ਦਾ ਸਿਲਾ ਚੁਗਣ ਦਾ ਹੱਕ ਬਣਦਾ ਸੀ, ਪਰ ਫਿਰ ਵੀ ਉਸ ਨੇ ਇਸ ਤਰ੍ਹਾਂ ਕਰਨ ਲਈ ਇਜਾਜ਼ਤ ਮੰਗੀ। (ਲੇਵੀਆਂ 19:9, 10) ਇਸ ਤੋਂ ਪਤਾ ਲੱਗਦਾ ਹੈ ਕਿ ਇਹ ਮਸਕੀਨ ਤੀਵੀਂ ਆਪਣੇ ਆਪ ਨੂੰ ਅਧੀਨ ਰੱਖਦੀ ਸੀ। ਸਾਡੇ ਲਈ ਵੀ ਇਹ ਗੁਣ ਬਹੁਤ ਜ਼ਰੂਰੀ ਹੈ ਕਿਉਂਕਿ ਬਾਈਬਲ ਸਾਨੂੰ ਦੱਸਦੀ ਹੈ ਕਿ “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” ਇਸ ਲਈ ਆਓ ਆਪਾਂ ਵੀ ‘ਮਸਕੀਨੀ ਨੂੰ ਭਾਲੀਏ।’—ਜ਼ਬੂਰਾਂ ਦੀ ਪੋਥੀ 37:11; ਸਫ਼ਨਯਾਹ 2:3.
2:11. ਰੂਥ ਨਾਓਮੀ ਲਈ ਇਕ ਰਿਸ਼ਤੇਦਾਰ ਨਾਲੋਂ ਕੁਝ ਜ਼ਿਆਦਾ ਸਾਬਤ ਹੋਈ। ਉਸ ਨੇ ਇਕ ਪੱਕੀ ਸਹੇਲੀ ਵਜੋਂ ਉਸ ਦਾ ਸਾਥ ਨਿਭਾਇਆ। (ਕਹਾਉਤਾਂ 17:17) ਉਨ੍ਹਾਂ ਦੀ ਦੋਸਤੀ ਪਿਆਰ ਅਤੇ ਵਫ਼ਾਦਾਰੀ ਤੇ ਆਧਾਰਿਤ ਸੀ। ਉਹ ਇਕ-ਦੂਜੀ ਦਾ ਦਰਦ ਸਮਝਦੀਆਂ ਸਨ ਅਤੇ ਇਕ-ਦੂਜੀ ਲਈ ਜਾਨ ਤਕ ਵਾਰਨ ਲਈ ਤਿਆਰ ਸਨ। ਇਸ ਤੋਂ ਵੱਧ ਉਹ ਯਹੋਵਾਹ ਦੇ ਹੋਰਨਾਂ ਭਗਤਾਂ ਨਾਲ ਮਿਲ ਕੇ ਦਿਲੋਂ ਉਸ ਦੀ ਭਗਤੀ ਕਰਨੀ ਚਾਹੁੰਦੀਆਂ ਸਨ। ਇਸੇ ਤਰ੍ਹਾਂ ਸਾਡੇ ਸਾਰਿਆਂ ਕੋਲ ਯਹੋਵਾਹ ਦੇ ਭਗਤਾਂ ਨਾਲ ਪੱਕੀ ਦੋਸਤੀ ਕਾਇਮ ਕਰਨ ਦਾ ਵਧੀਆ ਮੌਕਾ ਹੈ।
2:15-17. ਭਾਵੇਂ ਕਿ ਬੋਅਜ਼ ਨੇ ਰੂਥ ਨੂੰ ਕਿਹਾ ਸੀ ਕਿ ਉਸ ਨੂੰ ਇੰਨਾ ਕੰਮ ਕਰਨ ਦੀ ਲੋੜ ਨਹੀਂ ਸੀ, ਪਰ ਫਿਰ ਵੀ ਉਹ ਤਕਾਲਾਂ ਤਕ ਡਟ ਕੇ ਕੰਮ ਕਰਦੀ ਰਹੀ। ਜੀ ਹਾਂ, ਰੂਥ ਇਕ ਬਹੁਤ ਹੀ ਮਿਹਨਤੀ ਔਰਤ ਸੀ। ਸਾਨੂੰ ਵੀ ਤਨ-ਮਨ ਲਾ ਕੇ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।
2:19-22. ਨਾਓਮੀ ਤੇ ਰੂਥ ਅੱਧੀ ਰਾਤ ਤਕ ਗੱਲਾਂ ਕਰਦੀਆਂ ਰਹਿੰਦੀਆਂ ਸਨ। ਨਾਓਮੀ ਰੂਥ ਦੇ ਕੰਮਾਂ ਵਿਚ ਬਹੁਤ ਦਿਲਚਸਪੀ ਲੈਂਦੀ ਸੀ। ਉਹ ਹਰ ਦਿਨ ਉਸ ਨੂੰ ਪੁੱਛਦੀ ਸੀ ਕਿ ਉਸ ਦਾ ਦਿਨ ਕਿੱਦਾਂ ਗੁਜ਼ਰਿਆ ਅਤੇ ਉਹ ਨੇ ਕੀ-ਕੀ ਕੀਤਾ। ਉਹ ਹਮੇਸ਼ਾ ਇਕ-ਦੂਜੀ ਨਾਲ ਦਿਲ ਖੋਲ੍ਹ ਕੇ ਗੱਲ ਕਰਦੀਆਂ ਸਨ। ਕੀ ਸਾਡੇ ਪਰਿਵਾਰ ਦਾ ਮਾਹੌਲ ਅਜਿਹਾ ਹੈ ਜਿਸ ਵਿਚ ਸਾਰੇ ਦਿਲ ਖੋਲ੍ਹ ਕੇ ਇਕ-ਦੂਜੇ ਨਾਲ ਗੱਲ ਕਰ ਸਕਦੇ ਹਨ?
2:22, 23. ਯਾਕੂਬ ਦੀ ਧੀ ਦੀਨਾਹ ਤੋਂ ਉਲਟ ਰੂਥ ਨੇ ਸਿਰਫ਼ ਯਹੋਵਾਹ ਦੇ ਲੋਕਾਂ ਨਾਲ ਸੰਗਤ ਰੱਖੀ। ਉਸ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਛੱਡੀ!—ਉਤਪਤ 34:1, 2; 1 ਕੁਰਿੰਥੀਆਂ 15:33.
ਨਾਓਮੀ ਦੀ ਝੋਲੀ ਬਰਕਤਾਂ ਨਾਲ ਭਰੀ
ਉਸ ਸਮੇਂ ਚਾਦਰ ਪਾਉਣ ਦੀ ਰੀਤ ਆਮ ਸੀ, ਪਰ ਨਾਓਮੀ ਬੱਚੇ ਪੈਦਾ ਕਰਨ ਦੀ ਉਮਰ ਲੰਘ ਚੁੱਕੀ ਸੀ। ਇਸ ਲਈ ਵਾਰਸ ਪੈਦਾ ਕਰਨ ਲਈ ਨਾਓਮੀ ਨੇ ਆਪਣੀ ਥਾਂ ਰੂਥ ਨੂੰ ਇਹ ਜ਼ਿੰਮੇਵਾਰੀ ਸੌਂਪੀ। ਨਾਓਮੀ ਦੀ ਸਲਾਹ ਤੇ ਚੱਲ ਕੇ ਰੂਥ ਬੋਅਜ਼ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਈ ਸੀ ਕਿਉਂਕਿ ਉਹ ਉਸ ਦਾ ਛੁਡਾਉਣ ਵਾਲਾ ਸੀ। ਬੋਅਜ਼ ਵੀ ਇਹ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਸੀ। ਪਰ ਨਾਓਮੀ ਦੇ ਪਤੀ ਦਾ ਇਕ ਹੋਰ ਰਿਸ਼ਤੇਦਾਰ ਬੋਅਜ਼ ਨਾਲੋਂ ਵੀ ਜ਼ਿਆਦਾ ਨੇੜੇ ਦਾ ਸੀ ਜਿਸ ਨੂੰ ਇਹ ਜ਼ਿੰਮੇਵਾਰੀ ਨਿਭਾਉਣ ਲਈ ਪਹਿਲਾਂ ਮੌਕਾ ਦਿੱਤਾ ਜਾਣਾ ਚਾਹੀਦਾ ਸੀ।
ਬੋਅਜ਼ ਨੇ ਇਹ ਸਭ ਕੁਝ ਸੁਲਝਾਉਣ ਵਿਚ ਦੇਰ ਨਹੀਂ ਕੀਤੀ। ਅਗਲੇ ਦਿਨ ਉਸ ਨੇ ਬੈਤਲਹਮ ਦੇ ਦਸ ਬਜ਼ੁਰਗ ਇਕੱਠੇ ਕਰ ਕੇ ਉਨ੍ਹਾਂ ਦੇ ਸਾਮ੍ਹਣੇ ਉਸ ਰਿਸ਼ਤੇਦਾਰ ਨੂੰ ਛੁਡਾਉਣ ਵਾਲੇ ਵਜੋਂ ਰੂਥ ਨਾਲ ਵਿਆਹ ਕਰਨ ਦਾ ਮੌਕਾ ਦਿੱਤਾ। ਉਸ ਆਦਮੀ ਨੇ ਇਹ ਜ਼ਿੰਮੇਵਾਰੀ ਨਿਭਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਲਈ ਬੋਅਜ਼ ਨੇ ਇਹ ਜ਼ਿੰਮੇਵਾਰ ਨਿਭਾ ਕੇ ਰੂਥ ਨਾਲ ਵਿਆਹ ਕੀਤਾ। ਬੋਅਜ਼ ਤੇ ਰੂਥ ਦੀ ਝੋਲੀ ਇਕ ਪਿਆਰੇ ਬੈਠੇ ਨਾਲ ਭਰੀ ਗਈ। ਉਸ ਦਾ ਨਾਂ ਓਬੇਦ ਰੱਖਿਆ ਗਿਆ ਅਤੇ ਉਹ ਰਾਜਾ ਦਾਊਦ ਦਾ ਦਾਦਾ ਬਣਿਆ। ਫਿਰ ਬੈਤਲਹਮ ਦੀਆਂ ਔਰਤਾਂ ਨੇ ਨਾਓਮੀ ਨੂੰ ਕਿਹਾ: ‘ਪ੍ਰਭੂ ਦੀ ਵਡਿਆਈ ਹੋਵੇ। ਪ੍ਰਭੂ ਕਰੇ ਕਿ ਇਹ ਮੁੰਡਾ ਤੇਰੇ ਲਈ ਨਵੇਂ ਜੀਵਨ ਦਾ ਕਾਰਨ ਹੋਵੇ ਅਤੇ ਤੇਰੇ ਬੁਢਾਪੇ ਦਾ ਸਹਾਰਾ ਬਣੇ। ਤੇਰੀ ਨੂੰਹ, ਸੱਤਾਂ ਪੁੱਤਰਾਂ ਤੋਂ ਚੰਗੀ ਹੈ, ਜਿਸ ਨੇ ਪੁੱਤਰ ਨੂੰ ਜਨਮ ਦਿੱਤਾ ਅਤੇ ਤੈਨੂੰ ਪਿਆਰ ਕਰਦੀ ਹੈ।’ (ਰੂਥ 4:14, 15, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੀ ਹਾਂ, “ਸੱਖਣੀ” ਝੋਲੀ ਵਾਲੀ ਨਾਓਮੀ ਦੀ ਝੋਲੀ ਭਰੀ ਗਈ ਸੀ।—ਰੂਥ 1:21.
ਕੁਝ ਸਵਾਲਾਂ ਦੇ ਜਵਾਬ:
3:11—ਰੂਥ ਨੂੰ “ਸਤਵੰਤੀ ਇਸਤ੍ਰੀ” ਕਿਉਂ ਸੱਦਿਆ ਗਿਆ ਸੀ? ਲੋਕ ਉਸ ਦੀ ਸੁੰਦਰਤਾ ਦੇ ਗੁਣ ਨਹੀਂ ਸੀ ਗਾਉਂਦੇ। ਉਹ ਉਸ ਦੇ “ਮਨ ਦੀ ਗੁਪਤ ਇਨਸਾਨੀਅਤ,” ਹਾਂ ਉਸ ਦੇ ਪਿਆਰ, ਉਸ ਦੀ ਵਫ਼ਾਦਾਰੀ, ਉਸ ਦੀ ਨਿਮਰਤਾ ਵਰਗੇ ਗੁਣਾਂ ਦੀ ਪ੍ਰਸ਼ੰਸਾ ਕਰ ਰਹੇ ਸਨ। ਰੂਥ ਸੱਚ-ਮੁੱਚ ਇਕ ਬਹੁਤ ਹੀ ਮਿਹਨਤੀ ਔਰਤ ਸੀ ਅਤੇ ਹੋਰਨਾਂ ਲਈ ਕੁਝ ਵੀ ਕਰਨ ਲਈ ਤਿਆਰ ਸੀ। ਰੂਥ ਨੇ ਭੈਣਾਂ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ। ਜੇ ਅਸੀਂ ਨੇਕਨਾਮ ਕਮਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਵੀ ਰੂਥ ਵਾਂਗ ਚੰਗੇ ਗੁਣ ਪੈਦਾ ਕਰਨ ਦੀ ਲੋੜ ਹੈ।—1 ਪਤਰਸ 3:3, 4; ਕਹਾਉਤਾਂ 31:28-31.
3:14—ਰੂਥ ਹਨੇਰੇ ਹੀ ਉੱਠ ਕੇ ਕਿਉਂ ਚਲੀ ਗਈ ਸੀ? ਇਹ ਇਸ ਲਈ ਨਹੀਂ ਸੀ ਕਿ ਬੋਅਜ਼ ਤੇ ਰੂਥ ਨੇ ਕੋਈ ਗ਼ਲਤ ਕੰਮ ਕੀਤਾ ਸੀ। ਜਾਪਦਾ ਹੈ ਕਿ ਜੋ ਰੂਥ ਨੇ ਉਸ ਰਾਤ ਕੀਤਾ ਸੀ ਉਹ ਉਸ ਸਮੇਂ ਦਾ ਰਿਵਾਜ ਸੀ। ਜੇ ਕੋਈ ਬੇਔਲਾਦ ਵਿਧਵਾ ਵਾਰਸ ਪੈਦਾ ਕਰਨ ਲਈ ਦੁਬਾਰਾ ਵਿਆਹ ਕਰਨਾ ਚਾਹੁੰਦੀ ਸੀ, ਤਾਂ ਉਸ ਲਈ ਇਸ ਤਰ੍ਹਾਂ ਕਰਨਾ ਠੀਕ ਸੀ। ਨਾਲੇ ਉਸ ਨੇ ਨਾਓਮੀ ਦੇ ਕਹਿਣੇ ਅਨੁਸਾਰ ਇਹ ਕੀਤਾ ਸੀ। ਇਸ ਤੋਂ ਇਲਾਵਾ, ਜਿਸ ਤਰ੍ਹਾਂ ਬੋਅਜ਼ ਉਸ ਨਾਲ ਪੇਸ਼ ਆਇਆ ਸੀ ਉਸ ਤੋਂ ਵੀ ਪਤਾ ਲੱਗਦਾ ਹੈ ਕਿ ਰੂਥ ਨੇ ਕੋਈ ਗ਼ਲਤ ਕੰਮ ਨਹੀਂ ਕੀਤਾ ਸੀ। (ਰੂਥ 3:2-13) ਤਾਂ ਫਿਰ ਜ਼ਾਹਰ ਹੈ ਕਿ ਰੂਥ ਤੇ ਬੋਅਜ਼ ਇਸ ਲਈ ਤੜਕੇ ਉੱਠੇ ਸਨ ਤਾਂਕਿ ਕਿਸੇ ਨੂੰ ਕੋਈ ਗ਼ਲਤਫ਼ਹਿਮੀ ਨਾ ਹੋਵੇ ਅਤੇ ਉਹ ਕੋਈ ਉਲਟੀ-ਸਿੱਧੀ ਗੱਲ ਨਾ ਫੈਲਾਉਣ ਲੱਗ ਪੈਣ।
3:15—ਇਸ ਦਾ ਕੀ ਮਤਲਬ ਹੈ ਕਿ ਬੋਅਜ਼ ਨੇ ਰੂਥ ਨੂੰ ਛੇ ਟੋਪੇ ਜਵਾਂ ਦੇ ਮਿਣ ਕੇ ਦਿੱਤੇ? ਸ਼ਾਇਦ ਉਹ ਰੂਥ ਨੂੰ ਕਹਿਣਾ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਕੰਮ ਦੇ ਛੇ ਦਿਨਾਂ ਤੋਂ ਬਾਅਦ ਸੱਤਵੇਂ ਦਿਨ ਆਰਾਮ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਰੂਥ ਲਈ ਆਰਾਮ ਕਰਨ ਦਾ ਦਿਨ ਵੀ ਨੇੜੇ ਹੀ ਸੀ। ਯਕੀਨਨ ਬੋਅਜ਼ ਨੇ ਰੂਥ ਨਾਲ ਵਿਆਹ ਕਰ ਕੇ ਉਸ ਲਈ “ਸੁਖ” ਦੇ ਦਿਨ ਲਿਆਉਣੇ ਸਨ। (ਰੂਥ 1:9; 3:1) ਦੂਸਰੇ ਪਾਸੇ, ਇਹ ਵੀ ਹੋ ਸਕਦਾ ਹੈ ਕਿ ਰੂਥ ਜਵਾਂ ਦੇ ਛੇ ਟੋਪਿਆਂ ਤੋਂ ਜ਼ਿਆਦਾ ਨਹੀਂ ਚੁੱਕ ਸਕਦੀ ਸੀ।
3:16—ਮੁਢਲੀ ਇਬਰਾਨੀ ਭਾਸ਼ਾ ਮੁਤਾਬਕ ਨਾਓਮੀ ਨੇ ਰੂਥ ਨੂੰ ਪੁੱਛਿਆ: ‘ਤੂੰ ਕੌਣ ਹੈ?’ ਕੀ ਉਸ ਨੇ ਆਪਣੀ ਨੂੰਹ ਨੂੰ ਪਛਾਣਿਆ ਨਹੀਂ ਸੀ? ਹੋ ਸਕਦਾ ਹੈ, ਕਿਉਂਕਿ ਜਦ ਰੂਥ ਵਾਪਸ ਘਰ ਆਈ ਸੀ ਉਸ ਵੇਲੇ ਸ਼ਾਇਦ ਅਜੇ ਹਨੇਰਾ ਹੀ ਸੀ। ਇਹ ਵੀ ਹੋ ਸਕਦਾ ਹੈ ਕਿ ਉਹ ਰੂਥ ਦੀ ਨਵੀਂ ਪਛਾਣ ਬਾਰੇ ਪੁੱਛ ਰਹੀ ਸੀ ਮਤਲਬ ਕਿ ਬੋਅਜ਼ ਨੇ ਉਸ ਨਾਲ ਸ਼ਾਦੀ ਕਰਨ ਲਈ ਹਾਂ ਕਹੀ ਸੀ ਜਾਂ ਨਹੀਂ।
4:6—ਛੁਡਾਉਣ ਵਾਲਾ ਆਪਣੀ ਪੱਤੀ ਯਾਨੀ ਵਿਰਾਸਤ ਨੂੰ ਕਿੱਦਾਂ “ਵਿਗਾੜ” ਸਕਦਾ ਸੀ? ਪਹਿਲੀ ਗੱਲ ਇਹ ਹੈ ਕਿ ਜੇ ਕੋਈ ਗ਼ਰੀਬੀ ਕਾਰਨ ਆਪਣੀ ਵਿਰਾਸਤ ਵਿੱਚੋਂ ਕੁਝ ਜ਼ਮੀਨ ਵੇਚ ਦਿੰਦਾ ਸੀ, ਤਾਂ ਉਸ ਦਾ ਛੁਡਾਉਣ ਵਾਲਾ ਪੈਸੇ ਦੇ ਕੇ ਉਸ ਜ਼ਮੀਨ ਨੂੰ ਮੁੜਾਉਣ ਲਈ ਵਾਪਸ ਖ਼ਰੀਦ ਸਕਦਾ ਸੀ। ਜਿੰਨੇ ਸਾਲ ਅਗਲੀ ਜੁਬਲੀ (50 ਸਾਲ ਪਿੱਛੋਂ ਮਨਾਇਆ ਜਾਂਦਾ ਉਤਸਵ) ਤਕ ਬਾਕੀ ਰਹਿੰਦੇ ਸਨ ਉਸ ਦੇ ਹਿਸਾਬ ਨਾਲ ਜ਼ਮੀਨ ਦਾ ਮੁੱਲ ਦਿੱਤਾ ਜਾਂਦਾ ਸੀ। (ਲੇਵੀਆਂ 25:25-27) ਇਸ ਤਰ੍ਹਾਂ ਕਰਨ ਨਾਲ ਛੁਡਾਉਣ ਵਾਲੇ ਦੀ ਆਪਣੀ ਜਾਇਦਾਦ ਦਾ ਮੁੱਲ ਘੱਟਦਾ ਸੀ। ਇਸ ਤੋਂ ਵੱਧ ਜੇ ਰੂਥ ਇਕ ਪੁੱਤਰ ਨੂੰ ਜਨਮ ਦਿੰਦੀ, ਤਾਂ ਉਸ ਨੂੰ ਹੀ ਇਹ ਜ਼ਮੀਨ ਮਿਲਣੀ ਸੀ, ਨਾ ਕਿ ਛੁਡਾਉਣ ਵਾਲੇ ਦੇ ਆਪਣੇ ਕਿਸੇ ਨੇੜਲੇ ਰਿਸ਼ਤੇਦਾਰ ਨੂੰ।
ਸਾਡੇ ਲਈ ਸਬਕ:
3:12; 4:1-6. ਬੋਅਜ਼ ਨੇ ਬੜੇ ਧਿਆਨ ਨਾਲ ਯਹੋਵਾਹ ਦੇ ਕਹਿਣੇ ਅਨੁਸਾਰ ਹੀ ਕੀਤਾ। ਕੀ ਅਸੀਂ ਬੋਅਜ਼ ਵਾਂਗ ਯਹੋਵਾਹ ਦੀਆਂ ਗੱਲਾਂ ਧਿਆਨ ਨਾਲ ਸੁਣ ਕੇ ਉਨ੍ਹਾਂ ਉੱਤੇ ਚੱਲਦੇ ਹਾਂ?—1 ਕੁਰਿੰਥੀਆਂ 14:40.
3:18. ਨਾਓਮੀ ਨੂੰ ਬੋਅਜ਼ ਤੇ ਪੂਰਾ ਭਰੋਸਾ ਸੀ। ਇਸੇ ਤਰ੍ਹਾਂ ਸਾਨੂੰ ਵੀ ਆਪਣੇ ਭੈਣਾਂ-ਭਾਈਆਂ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਰੂਥ ਇਕ ਅਜਨਬੀ ਨਾਲ ਵਿਆਹ ਕਰਾਉਣ ਲਈ ਤਿਆਰ ਸੀ ਜਿਸ ਦਾ ਨਾਂ ਤਕ ਵੀ ਬਾਈਬਲ ਵਿਚ ਨਹੀਂ ਦਿੱਤਾ ਗਿਆ ਹੈ। (ਰੂਥ 4:1) ਇਹ ਕਿਉਂ? ਕਿਉਂਕਿ ਉਸ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਦੇ ਪ੍ਰਬੰਧ ਕਾਮਯਾਬ ਹੋਣਗੇ। ਕੀ ਅਸੀਂ ਵੀ ਇਸ ਤਰ੍ਹਾਂ ਯਹੋਵਾਹ ਦੇ ਪ੍ਰਬੰਧਾਂ ਵਿਚ ਭਰੋਸਾ ਰੱਖਦੇ ਹਾਂ? ਜੇ ਅਸੀਂ ਸ਼ਾਦੀ ਕਰਾਉਣ ਲਈ ਇਕ ਸਾਥੀ ਲੱਭਦੇ ਹਾਂ, ਤਾਂ ਕੀ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹੋਏ “ਕੇਵਲ ਪ੍ਰਭੁ ਵਿੱਚ” ਵਿਆਹ ਕਰਾਉਣ ਦੀ ਸਲਾਹ ਤੇ ਚੱਲਾਂਗੇ?—1 ਕੁਰਿੰਥੀਆਂ 7:39.
4:13-16. ਭਾਵੇਂ ਕਿ ਰੂਥ ਮੋਆਬਣ ਸੀ ਅਤੇ ਯਹੋਵਾਹ ਨੂੰ ਜਾਣਨ ਤੋਂ ਪਹਿਲਾਂ ਕਮੋਸ਼ ਦੇਵਤੇ ਦੀ ਪੂਜਾ ਕਰਦੀ ਸੀ, ਪਰ ਫਿਰ ਵੀ ਉਸ ਨੂੰ ਕਿੰਨਾ ਵੱਡਾ ਸਨਮਾਨ ਮਿਲਿਆ! ਇਸ ਗੱਲ ਨਾਲ ਹਾਮੀ ਭਰਦੇ ਹੋਏ ਪੌਲੁਸ ਨੇ ਕਿਹਾ: “ਨਾ ਚਾਹੁਣ ਵਾਲੇ ਦਾ, ਨਾ ਦੌੜ ਭੱਜ ਕਰਨ ਵਾਲੇ ਦਾ, ਸਗੋਂ ਪਰਮੇਸ਼ੁਰ ਦਾ ਕੰਮ ਹੈ ਜਿਹੜਾ ਦਯਾ ਕਰਦਾ ਹੈ।”—ਰੋਮੀਆਂ 9:16.
ਪਰਮੇਸ਼ੁਰ “ਤੁਹਾਨੂੰ ਵੇਲੇ ਸਿਰ ਉੱਚਿਆ ਕਰੇ”
ਰੂਥ ਦੀ ਪੁਸਤਕ ਵਿਚ ਯਹੋਵਾਹ ਨੂੰ ਇਕ ਪ੍ਰੇਮ-ਭਰੇ ਤੇ ਦਿਆਲੂ ਪਰਮੇਸ਼ੁਰ ਵਜੋਂ ਦਰਸਾਇਆ ਗਿਆ ਹੈ, ਜੋ ਆਪਣੇ ਵਫ਼ਾਦਾਰ ਸੇਵਕਾਂ ਦਾ ਹਮੇਸ਼ਾ ਸਾਥ ਨਿਭਾਉਂਦਾ ਹੈ। (2 ਇਤਹਾਸ 16:9) ਜਦ ਅਸੀਂ ਇਸ ਗੱਲ ਬਾਰੇ ਸੋਚਦੇ ਹਾਂ ਕਿ ਰੂਥ ਨੂੰ ਕਿੰਨੀਆਂ ਬਰਕਤਾਂ ਮਿਲੀਆਂ ਸਨ, ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਰੱਬ ਉੱਤੇ ਦਿਲੋਂ ਭਰੋਸਾ ਰੱਖਣ ਦਾ ਕਿੰਨਾ ਫ਼ਾਇਦਾ ਹੈ ਅਤੇ ਸਾਨੂੰ ਪੂਰਾ ਵਿਸ਼ਵਾਸ ਹੁੰਦਾ ਹੈ ਕਿ “ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।”—ਇਬਰਾਨੀਆਂ 11:6.
ਰੂਥ, ਨਾਓਮੀ ਅਤੇ ਬੋਅਜ਼ ਨੇ ਆਪਣਾ ਪੂਰਾ ਭਰੋਸਾ ਯਹੋਵਾਹ ਤੇ ਰੱਖਿਆ ਅਤੇ ਉਨ੍ਹਾਂ ਲਈ ਇਸ ਦੇ ਵਧੀਆ ਨਤੀਜੇ ਨਿਕਲੇ। ਰੋਮੀਆਂ 8:28 ਵਿਚ ਲਿਖਿਆ ਹੈ: “ਜਿਹੜੇ ਪਰਮੇਸ਼ੁਰ ਨਾਲ ਪ੍ਰੇਮ ਰੱਖਦੇ ਹਨ ਸਾਰੀਆਂ ਵਸਤਾਂ ਰਲ ਕੇ ਓਹਨਾਂ ਦਾ ਭਲਾ ਕਰਦੀਆਂ ਹਨ ਅਰਥਾਤ ਓਹਨਾਂ ਦਾ ਜਿਹੜੇ ਪਰਮੇਸ਼ੁਰ ਦੀ ਮਨਸ਼ਾ ਦੇ ਅਨੁਸਾਰ ਸੱਦੇ ਹੋਏ ਹਨ।” ਜੀ ਹਾਂ ਯਹੋਵਾਹ ਹਮੇਸ਼ਾ ਆਪਣੇ ਪ੍ਰੇਮੀਆਂ ਦਾ ਭਲਾ ਹੀ ਸੋਚਦਾ ਹੈ। ਤਾਂ ਫਿਰ ਆਓ ਆਪਾਂ ਸਾਰੇ ਪਤਰਸ ਰਸੂਲ ਦੀ ਸਲਾਹ ਲਾਗੂ ਕਰੀਏ: “ਸੋ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਭਈ ਉਹ ਤੁਹਾਨੂੰ ਵੇਲੇ ਸਿਰ ਉੱਚਿਆ ਕਰੇ। ਅਤੇ ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:6, 7.
[ਸਫ਼ੇ 26 ਉੱਤੇ ਤਸਵੀਰ]
ਕੀ ਤੁਹਾਨੂੰ ਪਤਾ ਹੈ ਕਿ ਰੂਥ ਨੇ ਨਾਓਮੀ ਦਾ ਸਾਥ ਕਿਉਂ ਨਹੀਂ ਛੱਡਿਆ ਸੀ?
[ਸਫ਼ੇ 27 ਉੱਤੇ ਤਸਵੀਰ]
ਰੂਥ ਨੂੰ “ਸਤਵੰਤੀ ਇਸਤ੍ਰੀ” ਕਿਉਂ ਸੱਦਿਆ ਗਿਆ ਸੀ?
[ਸਫ਼ੇ 28 ਉੱਤੇ ਤਸਵੀਰ]
ਰੂਥ ਨੂੰ ਯਹੋਵਾਹ ਵੱਲੋਂ “ਪੂਰਾ ਵੱਟਾ” ਕਿਸ ਤਰ੍ਹਾਂ ਮਿਲਿਆ ਸੀ?