ਯਹੋਵਾਹ ਦਾ ਬਚਨ ਜੀਉਂਦਾ ਹੈ
ਸਮੂਏਲ ਦੀ ਪਹਿਲੀ ਪੋਥੀ ਦੇ ਕੁਝ ਖ਼ਾਸ ਨੁਕਤੇ
ਵਾਅਦਾ ਕੀਤੇ ਹੋਏ ਦੇਸ਼ ਤੇ ਕਾਬੂ ਪਾਉਣ ਤੋਂ 300 ਕੁ ਸਾਲ ਬਾਅਦ ਅਤੇ ਅੱਜ ਤੋਂ ਤਕਰੀਬਨ 3,100 ਸਾਲ ਪਹਿਲਾਂ ਇਸਰਾਏਲ ਕੌਮ ਦੇ ਇਤਿਹਾਸ ਨੇ ਇਕ ਮੋੜ ਲਿਆ। ਇਸ ਸਮੇਂ ਤਕ ਨਿਆਈ ਇਸਰਾਏਲ ਕੌਮ ਤੇ ਰਾਜ ਕਰਦੇ ਆਏ ਸਨ। ਪਰ ਫਿਰ ਇਸ ਤਰ੍ਹਾਂ ਹੋਇਆ ਕਿ ਇਸਰਾਏਲ ਦੇ ਕੁਝ ਬਜ਼ੁਰਗਾਂ ਨੇ ਯਹੋਵਾਹ ਦੇ ਨਬੀ ਤੋਂ ਇਕ ਰਾਜੇ ਲਈ ਬੇਨਤੀ ਕੀਤੀ। ਉਸ ਨਬੀ ਨੇ ਇਸ ਗੱਲ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਉਨ੍ਹਾਂ ਦੀ ਬੇਨਤੀ ਨੂੰ ਮਨਜ਼ੂਰ ਕੀਤਾ ਸੀ। ਉਸ ਸਮੇਂ ਤੋਂ ਬਾਅਦ ਨਿਆਈਆਂ ਦੀ ਬਜਾਇ ਰਾਜਿਆਂ ਨੇ ਇਸਰਾਏਲ ਕੌਮ ਉੱਤੇ ਰਾਜ ਕਰਨਾ ਸ਼ੁਰੂ ਕੀਤਾ ਸੀ। ਸਮੂਏਲ ਦੀ ਪਹਿਲੀ ਪੋਥੀ ਵਿਚ ਇਸਰਾਏਲ ਦੇ ਇਸ ਇਤਿਹਾਸਕ ਮੋੜ ਬਾਰੇ ਬੜੀਆਂ ਦਿਲਚਸਪ ਗੱਲਾਂ ਹਨ।
ਸਮੂਏਲ, ਨਾਥਾਨ ਤੇ ਗਾਦ ਦੁਆਰਾ ਲਿਖੀ ਗਈ ਇਹ ਪੋਥੀ 102 ਸਾਲਾਂ ਦਾ ਇਤਿਹਾਸ ਹੈ। (1 ਇਤਹਾਸ 29:29) ਇਸ ਬਿਰਤਾਂਤ ਵਿਚ ਅਸੀਂ ਚਾਰ ਇਸਰਾਏਲੀ ਹਾਕਮਾਂ ਦੀ ਕਹਾਣੀ ਪੜ੍ਹ ਸਕਦੇ ਹਾਂ। ਇਨ੍ਹਾਂ ਵਿੱਚੋਂ ਦੋ ਨਿਆਈ ਸਨ ਅਤੇ ਦੋ ਰਾਜੇ ਸਨ। ਦੋ ਯਹੋਵਾਹ ਨੂੰ ਵਫ਼ਾਦਾਰ ਰਹੇ ਅਤੇ ਦੋ ਬੇਵਫ਼ਾ ਨਿਕਲੇ। ਇਸ ਵਿਚ ਅਸੀਂ ਦੋ ਮਿਸਾਲੀ ਔਰਤਾਂ ਅਤੇ ਇਕ ਨਰਮ ਸੁਭਾਅ ਵਾਲੇ ਸੂਰਬੀਰ ਬਾਰੇ ਪੜ੍ਹ ਸਕਦੇ ਹਾਂ। ਇਨ੍ਹਾਂ ਔਰਤਾਂ ਤੇ ਆਦਮੀਆਂ ਤੋਂ ਅਸੀਂ ਚੰਗੇ ਤੇ ਮਾੜੇ ਸਬਕ ਸਿੱਖ ਸਕਦੇ ਹਾਂ ਯਾਨੀ ਸਾਡੇ ਲਈ ਕੀ ਕਰਨਾ ਲਾਭਦਾਇਕ ਹੈ ਤੇ ਕੀ ਨਹੀਂ। ਜੀ ਹਾਂ, ਇਹ ਗੱਲ ਬਿਲਕੁਲ ਸੱਚ ਹੈ ਕਿ ਸਮੂਏਲ ਦੀ ਪਹਿਲੀ ਪੋਥੀ ਸਾਡੇ ਤੇ ਗਹਿਰਾ ਅਸਰ ਪਾ ਸਕਦੀ ਹੈ।—ਇਬਰਾਨੀਆਂ 4:12.
ਏਲੀ ਦੀ ਥਾਂ ਸਮੂਏਲ ਨੇ ਨਿਆਂ ਕੀਤਾ
ਰਾਮਾਹ ਸ਼ਹਿਰ ਰਹਿਣ ਵਾਲੀ ਹੰਨਾਹ ਨੇ ਯਹੋਵਾਹ ਅੱਗੇ ਇਕ ਮੁੰਡੇ ਲਈ ਬੇਨਤੀ ਕੀਤੀ ਅਤੇ ਸੌਂਹ ਖਾਧੀ ਕਿ ਜੇ ਉਸ ਦੇ ਬੇਟਾ ਹੋਇਆ, ਤਾਂ ਉਹ ਉਸ ਨੂੰ “ਯਹੋਵਾਹ ਦੇ ਘਰ” ਸੇਵਾ ਕਰਨ ਲਈ ਸੌਂਪ ਦੇਵੇਗੀ।a ਉਹ ਬੜੀ ਖ਼ੁਸ਼ ਹੋਈ ਜਦ ਫ਼ਸਲ ਇਕੱਠੀ ਕਰਨ ਦੇ ਪਰਬ ਦੌਰਾਨ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਨੇ ਉਸ ਦਾ ਨਾਂ ਸਮੂਏਲ ਰੱਖਿਆ। ਫਿਰ ਉਹ ਬਾਲਕ “ਏਲੀ ਜਾਜਕ ਦੇ ਅੱਗੇ ਯਹੋਵਾਹ ਦੀ ਸੇਵਾ ਕਰਦਾ ਰਿਹਾ।” (1 ਸਮੂਏਲ 1:24; 2:11) ਜਦ ਸਮੂਏਲ ਅਜੇ ਛੋਟੀ ਉਮਰ ਦਾ ਸੀ, ਤਾਂ ਯਹੋਵਾਹ ਨੇ ਉਸ ਦੇ ਜ਼ਰੀਏ ਏਲੀ ਦੇ ਘਰਾਣੇ ਵਿਰੁੱਧ ਸਜ਼ਾ ਸੁਣਾਈ। ਸਮੂਏਲ ਵੱਡਾ ਹੁੰਦਾ ਗਿਆ ਤੇ ਲੋਕ ਉਸ ਨੂੰ ਯਹੋਵਾਹ ਦੇ ਨਬੀ ਵਜੋਂ ਜਾਣਨ ਲੱਗੇ ਸਨ।
ਸਮੇਂ ਦੇ ਬੀਤਣ ਨਾਲ ਫਲਿਸਤੀਆਂ ਨੇ ਇਸਰਾਏਲੀਆਂ ਤੇ ਹਮਲਾ ਕੀਤਾ। ਉਨ੍ਹਾਂ ਨੇ ਨੇਮ ਦੇ ਸੰਦੂਕ ਨੂੰ ਚੋਰੀ ਕੀਤਾ ਅਤੇ ਏਲੀ ਦੇ ਦੋ ਪੁੱਤਰਾਂ ਨੂੰ ਮਾਰ ਸੁੱਟਿਆ। ਉਸ ਸਮੇਂ ਤਕ ਏਲੀ ਨੇ “ਚਾਲੀ ਵਰਹੇ ਇਸਰਾਏਲ ਦਾ ਨਿਆਉਂ” ਕੀਤਾ ਸੀ, ਪਰ ਇਹ ਖ਼ਬਰ ਸੁਣ ਕੇ ਉਹ ਦਮ ਤੋੜ ਗਿਆ ਸੀ। (1 ਸਮੂਏਲ 4:18) ਯਹੋਵਾਹ ਦਾ ਪਵਿੱਤਰ ਸੰਦੂਕ ਚੁਰਾਉਣ ਨਾਲ ਫਿਲਿਸਤੀਆਂ ਨੇ ਬਹੁਤ ਦੁੱਖ ਭੋਗੇ, ਇਸ ਲਈ ਉਨ੍ਹਾਂ ਨੇ ਇਸ ਨੂੰ ਵਾਪਸ ਮੋੜ ਦਿੱਤਾ ਸੀ। ਏਲੀ ਦੇ ਮਰਨ ਤੋਂ ਬਾਅਦ ਸਮੂਏਲ ਨੇ ਉਸ ਦੀ ਥਾਂ ਨਿਆਂ ਕਰਨਾ ਸ਼ੁਰੂ ਕੀਤਾ ਅਤੇ ਦੇਸ਼ ਤੇ ਸ਼ਾਂਤੀ ਛਾ ਗਈ।
ਕੁਝ ਸਵਾਲਾਂ ਦੇ ਜਵਾਬ:
2:10—ਹੰਨਾਹ ਨੇ ਪ੍ਰਾਰਥਨਾ ਵਿਚ ਯਹੋਵਾਹ ਨੂੰ ਕਿਉਂ ਕਿਹਾ ਸੀ ਕਿ ‘ਉਹ ਆਪਣੇ ਪਾਤਸ਼ਾਹ ਨੂੰ ਜ਼ੋਰ ਦੇਵੇ’ ਜਦ ਕਿ ਇਸਰਾਏਲ ਦਾ ਕੋਈ ਪਾਤਸ਼ਾਹ ਨਹੀਂ ਸੀ? ਮੂਸਾ ਦੀ ਬਿਵਸਥਾ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਇਸਰਾਏਲ ਦੀ ਕੌਮ ਉੱਤੇ ਇਕ ਰਾਜਾ ਰਾਜ ਕਰੇਗਾ। (ਬਿਵਸਥਾ ਸਾਰ 17:14-18) ਯਾਕੂਬ ਨੇ ਮਰਦੇ ਦਮ ਭਵਿੱਖਬਾਣੀ ਕੀਤੀ ਸੀ ਕਿ “ਯਹੂਦਾਹ ਤੋਂ ਰਾਜ ਡੰਡਾ [ਬਾਦਸ਼ਾਹੀ ਦਾ ਨਿਸ਼ਾਨ] ਚਲਿਆ ਨਾ ਜਾਵੇਗਾ।” (ਉਤਪਤ 49:10) ਇਸ ਦੇ ਨਾਲ-ਨਾਲ ਯਹੋਵਾਹ ਨੇ ਇਸਰਾਏਲ ਦੀ ਵੱਡੀ-ਵਡੇਰੀ ਸਾਰਾਹ ਬਾਰੇ ਕਿਹਾ ਸੀ: “ਉੱਮਤਾਂ ਦੇ ਰਾਜੇ ਉਸ ਤੋਂ ਹੋਣਗੇ।” (ਉਤਪਤ 17:16) ਇਸ ਲਈ ਜ਼ਾਹਰ ਹੈ ਕਿ ਹੰਨਾਹ ਇਕ ਆਉਣ ਵਾਲੇ ਰਾਜੇ ਲਈ ਪ੍ਰਾਰਥਨਾ ਕਰ ਰਹੀ ਸੀ।
3:3—ਕੀ ਸਮੂਏਲ ਅੱਤ ਪਵਿੱਤਰ ਸਥਾਨ ਵਿਚ ਸੁੱਤਾ ਸੀ? ਨਹੀਂ, ਉਹ ਤਾਂ ਗ਼ੈਰ-ਜਾਜਕੀ ਕਹਾਥੀਆਂ ਦੇ ਟੱਬਰ ਵਿੱਚੋਂ ਇਕ ਲੇਵੀ ਸੀ। (1 ਇਤਹਾਸ 6:33-38) ਇਸ ਕਰਕੇ ਸਮੂਏਲ ਲਈ ‘ਅੰਦਰ ਜਾ ਕੇ ਪਵਿੱਤ੍ਰ ਅਸਥਾਨ ਨੂੰ ਵੇਖਣਾ’ ਵੀ ਮਨ੍ਹਾ ਸੀ। (ਗਿਣਤੀ 4:17-20) ਸਮੂਏਲ ਸਿਰਫ਼ ਡੇਹਰੇ ਦੇ ਵਿਹੜੇ ਵਿਚ ਜਾ ਸਕਦਾ ਸੀ ਅਤੇ ਉਹ ਉੱਥੇ ਹੀ ਸੁੱਤਾ ਹੋਵੇਗਾ। ਜ਼ਾਹਰ ਹੈ ਕਿ ਏਲੀ ਵੀ ਵਿਹੜੇ ਵਿਚ ਕਿਤੇ ਨਾ ਕਿਤੇ ਹੀ ਸੁੱਤਾ ਸੀ। ਤਾਂ ਫਿਰ ਕਿਹਾ ਜਾ ਸਕਦਾ ਹੈ ਕਿ “ਪਰਮੇਸ਼ੁਰ ਦਾ ਸੰਦੂਕ” ਡੇਹਰੇ ਦੇ ਸਥਾਨ ਵਿਚ ਸੀ।
7:7-9, 17—ਸਮੂਏਲ ਨੇ ਮਿਸਫਾਹ ਅਤੇ ਰਾਮਾਹ ਵਿਚ ਬਲੀਆਂ ਚੜ੍ਹਾਉਣ ਲਈ ਜਗਵੇਦੀਆਂ ਕਿਉਂ ਬਣਾਈਆਂ ਸਨ, ਜਦ ਕਿ ਯਹੋਵਾਹ ਨੇ ਸਿਰਫ਼ ਚੁਣੇ ਹੋਏ ਅਸਥਾਨ ਤੇ ਹੀ ਬਲੀਆਂ ਚੜ੍ਹਾਉਣ ਦੀ ਇਜਾਜ਼ਤ ਦਿੱਤੀ ਸੀ? (ਬਿਵਸਥਾ ਸਾਰ 12:4-7, 13, 14; ਯਹੋਸ਼ੁਆ 22:19) ਪਵਿੱਤਰ ਸੰਦੂਕ ਯਹੋਵਾਹ ਦੀ ਮੌਜੂਦਗੀ ਨੂੰ ਦਰਸਾਉਂਦਾ ਸੀ। ਜਦ ਇਹ ਸ਼ੀਲੋਹ ਤੋਂ ਚੁੱਕਿਆ ਗਿਆ ਸੀ, ਤਾਂ ਉਸ ਜਗ੍ਹਾ ਦੀ ਕੋਈ ਖ਼ਾਸੀਅਤ ਨਹੀਂ ਰਹੀ ਸੀ। ਇਸ ਲਈ, ਯਹੋਵਾਹ ਦੇ ਨਬੀ ਹੋਣ ਦੇ ਨਾਤੇ ਸਮੂਏਲ ਨੇ ਮਿਸਫਾਹ ਵਿਚ ਯਹੋਵਾਹ ਨੂੰ ਹੋਮ ਦੀ ਬਲੀ ਚੜ੍ਹਾਈ ਅਤੇ ਰਾਮਾਹ ਵਿਚ ਯਹੋਵਾਹ ਲਈ ਇਕ ਜਗਵੇਦੀ ਬਣਾਈ ਸੀ। ਯਕੀਨਨ, ਯਹੋਵਾਹ ਇਨ੍ਹਾਂ ਕੰਮਾਂ ਤੋਂ ਨਾਰਾਜ਼ ਨਹੀਂ ਸੀ।
ਸਾਡੇ ਲਈ ਸਬਕ:
1:11, 12, 21-23; 2:19. ਹੰਨਾਹ ਨੇ ਆਪਣੀਆਂ ਪ੍ਰਾਰਥਨਾਵਾਂ ਰਾਹੀਂ ਦਿਖਾਇਆ ਸੀ ਕਿ ਉਹ ਯਹੋਵਾਹ ਤੇ ਹਮੇਸ਼ਾ ਭਰੋਸਾ ਰੱਖਦੀ ਸੀ। ਉਸ ਔਰਤ ਦੀ ਮਮਤਾ, ਉਸ ਦਾ ਨਿਮਰ ਸੁਭਾਅ ਅਤੇ ਯਹੋਵਾਹ ਦੀ ਦਿਆਲਗੀ ਲਈ ਉਸ ਦੀ ਡੂੰਘੀ ਕਦਰ ਸਾਰੀਆਂ ਭੈਣਾਂ ਲਈ ਇਕ ਵਧੀਆ ਮਿਸਾਲ ਹੈ।
1:8—ਅਲਕਾਨਾਹ ਨੇ ਦਿਲਾਸੇ ਭਰੇ ਸ਼ਬਦ ਬੋਲ ਕੇ ਆਪਣੀ ਪਤਨੀ ਨੂੰ ਹੌਸਲਾ ਦਿੱਤਾ ਸੀ। ਉਸ ਦੀ ਨਕਲ ਕਰ ਕੇ ਸਾਨੂੰ ਵੀ ਦੂਸਰਿਆਂ ਦਾ ਦਿਲ ਤਕੜਾ ਕਰਨਾ ਚਾਹੀਦਾ ਹੈ। (ਅੱਯੂਬ 16:5) ਜਦ ਅਲਕਾਨਾਹ ਨੇ ਹੰਨਾਹ ਨੂੰ ਉਦਾਸ ਦੇਖਿਆ, ਤਾਂ ਉਸ ਨੇ ਬੜੇ ਨਰਮ ਢੰਗ ਨਾਲ ਪੁੱਛਿਆ “ਤੇਰਾ ਮਨ ਕਿਉਂ ਕੁੜ੍ਹਦਾ” ਹੈ? ਇਸ ਨਾਲ ਹੰਨਾਹ ਆਪਣਾ ਦਿਲ ਖੋਲ੍ਹ ਕੇ ਗੱਲ ਕਰਨ ਲਈ ਤਿਆਰ ਹੋ ਗਈ ਸੀ। ਫਿਰ ਅਲਕਾਨਾਹ ਨੇ ਹੰਨਾਹ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਕਿਹਾ “ਭਲਾ, ਤੈਨੂੰ ਦਸਾਂ ਪੁੱਤ੍ਰਾਂ ਨਾਲੋਂ ਮੈਂ ਚੰਗਾ ਨਹੀਂ?”
2:26; 3:5-8, 15, 19. ਜੇ ਅਸੀਂ ਪਰਮੇਸ਼ੁਰ ਦੇ ਪ੍ਰਬੰਧਾਂ ਦਾ ਪੂਰਾ ਫ਼ਾਇਦਾ ਉਠਾਈਏ, ਉਸ ਦੇ ਕੰਮਾਂ ਵਿਚ ਲੱਗੇ ਰਹੀਏ ਅਤੇ ਅਦਬ ਨਾਲ ਦੂਸਰਿਆਂ ਨਾਲ ਪੇਸ਼ ਆਈਏ, ਤਾਂ ਦੂਸਰੇ ਸਾਡੀ ਇੱਜ਼ਤ ਕਰਨ ਲੱਗ ਪੈਣਗੇ।
4:3, 4, 10. ਭਾਵੇਂ ਨੇਮ ਦਾ ਸੰਦੂਕ ਪਵਿੱਤਰ ਸੀ, ਪਰ ਉਹ ਕੋਈ ਤਵੀਤ ਨਹੀਂ ਸੀ। ਨਾ ਹੀ ਮੂਰਤੀਆਂ ਤਵੀਤ ਬਣ ਕੇ ਸਾਡੀ ਰਾਖੀ ਕਰ ਸਕਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਅਸੀਂ “ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ” ਰੱਖੀਏ।—1 ਯੂਹੰਨਾ 5:21.
ਕੀ ਇਸਰਾਏਲ ਦਾ ਪਹਿਲਾ ਰਾਜਾ ਕਾਮਯਾਬ ਸੀ ਕਿ ਨਾਕਾਮਯਾਬ?
ਸਮੂਏਲ ਆਪਣੀ ਪੂਰੀ ਜ਼ਿੰਦਗੀ ਯਹੋਵਾਹ ਨੂੰ ਵਫ਼ਾਦਾਰ ਰਿਹਾ ਸੀ, ਪਰ ਉਸ ਦੇ ਪੁੱਤਰ ਪਰਮੇਸ਼ੁਰ ਦੇ ਰਾਹਾਂ ਤੇ ਨਹੀਂ ਚੱਲੇ। ਇਸ ਲਈ ਜਦ ਇਸਰਾਏਲ ਦੇ ਬਜ਼ੁਰਗਾਂ ਨੇ ਚਾਹਿਆ ਕਿ ਕੌਮ ਉੱਤੇ ਰਾਜ ਕਰਨ ਲਈ ਇਕ ਰਾਜਾ ਚੁਣਿਆ ਜਾਵੇ, ਤਾਂ ਯਹੋਵਾਹ ਨੇ ਇਸ ਦੀ ਇਜਾਜ਼ਤ ਦਿੱਤੀ ਸੀ। ਸਮੂਏਲ ਨੇ ਯਹੋਵਾਹ ਦੇ ਕਹਿਣੇ ਅਨੁਸਾਰ ਬਿਨਯਾਮੀਨੀ ਟੱਬਰ ਵਿੱਚੋਂ ਇਕ ਸੋਹਣੇ-ਸੁਨੱਖੇ ਆਦਮੀ ਨੂੰ ਰਾਜੇ ਵਜੋਂ ਚੁਣਿਆ ਜਿਸ ਦਾ ਨਾਂ ਸ਼ਾਊਲ ਸੀ। ਸ਼ਾਊਲ ਅੰਮੋਨੀ ਕੌਮ ਨੂੰ ਹਰਾ ਕੇ ਆਪਣੇ ਵਿਰੋਧੀਆਂ ਅੱਗੇ ਸ਼ਕਤੀਸ਼ਾਲੀ ਰਾਜਾ ਸਾਬਤ ਹੋਇਆ ਸੀ।
ਇਸ ਤੋਂ ਬਾਅਦ ਸ਼ਾਊਲ ਦੇ ਸੂਰਬੀਰ ਬੇਟੇ ਯੋਨਾਥਾਨ ਨੇ ਇਕ ਫਲਿਸਤੀ ਕਿਲੇ ਤੇ ਹਮਲਾ ਕੀਤਾ ਅਤੇ ਉਸ ਦੀ ਫ਼ੌਜ ਨੂੰ ਹਰਾ ਦਿੱਤਾ ਸੀ। ਫਲਿਸਤੀ ਇਸਰਾਏਲ ਵਿਰੁੱਧ ਇਕ ਵੱਡੀ ਫ਼ੌਜ ਲੈ ਕੇ ਆਏ ਜਿਸ ਕਰਕੇ ਸ਼ਾਊਲ ਡਰ ਗਿਆ ਸੀ। ਉਸ ਨੇ ਯਹੋਵਾਹ ਦੀ ਅਵੱਗਿਆ ਕੀਤੀ ਅਤੇ ਆਪ ਹੋਮ ਦੀ ਬਲੀ ਚੜ੍ਹਾ ਕੇ ਇਕ ਗੰਭੀਰ ਪਾਪ ਕੀਤਾ। ਇਕ ਪਾਸੇ ਸ਼ਾਊਲ ਇਸ ਹਰਕਤ ਵਿਚ ਲੱਗਾ ਹੋਇਆ ਸੀ ਤੇ ਦੂਜੇ ਪਾਸੇ ਯੋਨਾਥਾਨ ਸਿਰਫ਼ ਆਪਣੇ ਸ਼ਸਤ੍ਰ ਚੁੱਕਣ ਵਾਲੇ ਨੂੰ ਨਾਲ ਲੈ ਕੇ ਬਹਾਦਰੀ ਨਾਲ ਇਕ ਹੋਰ ਫਲਿਸਤੀ ਕਿਲੇ ਤੇ ਹਮਲਾ ਕਰਨ ਗਿਆ ਸੀ। ਪਰ ਸ਼ਾਊਲ ਨੇ ਬਿਨਾਂ ਸੋਚੇ ਲੋਕਾਂ ਕੋਲੋਂ ਸੌਂਹ ਚੁਕਾਈ ਸੀ ਜਿਸ ਕਰਕੇ ਯੋਨਾਥਾਨ ਦਾ ਇਹ ਹਮਲਾ ਦੂਸਰਿਆਂ ਹਮਲਿਆਂ ਜਿੰਨਾ ਸਫ਼ਲ ਨਾ ਹੋਇਆ। ਸ਼ਾਊਲ ਨੇ ਅੱਗੇ ‘ਆਪਣੇ ਵੈਰੀਆਂ ਨਾਲ ਚੁਫੇਰਿਓਂ ਵੀ ਲੜਾਈ ਕੀਤੀ।’ (1 ਸਮੂਏਲ 14:47) ਅਮਾਲੇਕੀਆਂ ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸ਼ਾਊਲ ਇਕ ਵਾਰ ਫਿਰ ਯਹੋਵਾਹ ਦੇ ਕਹਿਣੇ ਵਿਰੁੱਧ ਗਿਆ ਸੀ। ਉਸ ਨੇ ਯਹੋਵਾਹ ਦੇ ਕਹੇ ਅਨੁਸਾਰ ਸਾਰੀਆਂ ਵਸਤਾਂ ਦਾ ਪੂਰੀ ਤਰ੍ਹਾਂ ਨਾਸ਼ ਨਹੀਂ ਕੀਤਾ ਸੀ। (ਲੇਵੀਆਂ 27:28, 29) ਇਸ ਲਈ ਯਹੋਵਾਹ ਨੇ ਠਾਣ ਲਿਆ ਸੀ ਕਿ ਸ਼ਾਊਲ ਰਾਜਾ ਨਹੀਂ ਰਹੇਗਾ।
ਕੁਝ ਸਵਾਲਾਂ ਦੇ ਜਵਾਬ:
9:9—ਇਸ ਵਾਕ ਦਾ ਕੀ ਮਤਲਬ ਹੈ ਕਿ “ਉਹ ਜਿਹੜਾ ਹੁਣ ਨਬੀ ਸਦਾਉਂਦਾ ਹੈ ਪਿੱਛੇ ਉਹ ਨੂੰ ਦਰਸ਼ੀ ਆਖਦੇ ਸਨ”? ਸਮੂਏਲ ਤੇ ਇਸਰਾਏਲੀ ਰਾਜਿਆਂ ਦੇ ਦਿਨਾਂ ਵਿਚ ਨਬੀ ਅੱਗੇ ਨਾਲੋਂ ਜ਼ਿਆਦਾ ਜ਼ਿੰਮੇਵਾਰੀਆਂ ਨਿਭਾਉਣ ਲੱਗੇ ਸਨ, ਸ਼ਾਇਦ ਇਸ ਲਈ “ਦਰਸ਼ੀ” ਸ਼ਬਦ ਨੂੰ “ਨਬੀ” ਸ਼ਬਦ ਨਾਲ ਵਟਾਇਆ ਗਿਆ ਸੀ। ਸਮਝਿਆ ਜਾਂਦਾ ਹੈ ਕਿ ਸਮੂਏਲ ਸਾਰਿਆਂ ਨਬੀਆਂ ਤੋਂ ਪਹਿਲਾ ਨਬੀ ਸੀ।—ਰਸੂਲਾਂ ਦੇ ਕਰਤੱਬ 3:24.
14:24-32, 44, 45—ਕੀ ਯੋਨਾਥਾਨ ਨੇ ਸ਼ਾਊਲ ਦੀ ਸੌਂਹ ਵਿਰੁੱਧ ਸ਼ਹਿਦ ਖਾ ਕੇ ਯਹੋਵਾਹ ਨੂੰ ਗੁੱਸੇ ਕੀਤਾ ਸੀ? ਲੱਗਦਾ ਤਾਂ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਯੋਨਾਥਾਨ ਨੂੰ ਆਪਣੇ ਪਿਤਾ ਸ਼ਾਊਲ ਦੀ ਸੌਂਹ ਬਾਰੇ ਤਾਂ ਪਤਾ ਹੀ ਨਹੀਂ ਸੀ। ਇਸ ਤੋਂ ਵੱਧ ਅਸੀਂ ਇਹ ਨਹੀਂ ਜਾਣਦੇ ਕਿ ਸ਼ਾਊਲ ਨੇ ਲੋਕਾਂ ਤੋਂ ਇਹ ਸੌਂਹ ਕਿਉਂ ਚੁਕਾਈ ਸੀ, ਚਾਹੇ ਜੋਸ਼ ਦੇ ਦਿਖਾਵੇ ਲਈ ਜਾਂ ਉਨ੍ਹਾਂ ਤੇ ਰੋਹਬ ਪਾਉਣ ਲਈ। ਲੋਕਾਂ ਤੇ ਇਸ ਸੌਂਹ ਦਾ ਬੁਰਾ ਅਸਰ ਪਿਆ ਸੀ ਜਿਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਨੂੰ ਇਹ ਸੌਂਹ ਮਨਜ਼ੂਰ ਨਹੀਂ ਸੀ। ਭਾਵੇਂ ਯੋਨਾਥਾਨ ਸ਼ਾਊਲ ਦੀ ਸੌਂਹ ਤੋੜਣ ਲਈ ਨਤੀਜੇ ਝੱਲਣ ਲਈ ਤਿਆਰ ਸੀ, ਪਰ ਉਸ ਦੀ ਜਾਨ ਬਖ਼ਸ਼ੀ ਗਈ ਸੀ।
15:6—ਸ਼ਾਊਲ ਨੇ ਕੇਨੀਆਂ ਦਾ ਇੰਨਾ ਖ਼ਿਆਲ ਕਿਉਂ ਰੱਖਿਆ ਸੀ? ਕੇਨੀ ਲੋਕ ਮੂਸਾ ਦੇ ਸਹੁਰੇ ਦੇ ਪੁੱਤਰ ਯਾਨੀ ਮੂਸਾ ਦੇ ਸਾਲੇ ਸਨ। ਜਦ ਇਸਰਾਏਲੀ ਸੀਨਈ ਪਹਾੜੀ ਇਲਾਕੇ ਤੋਂ ਨਿਕਲਣ ਵਾਲੇ ਸਨ ਤਾਂ ਕੇਨੀਆਂ ਨੇ ਉਨ੍ਹਾਂ ਦੀ ਮਦਦ ਕੀਤੀ ਸੀ। (ਗਿਣਤੀ 10:29-32) ਉਹ ਯਹੂਦੀਆਂ ਨਾਲ ਕਨਾਨ ਦੇਸ਼ ਵਿਚ ਵੀ ਕੁਝ ਸਮੇਂ ਲਈ ਵੱਸੇ ਸਨ। (ਨਿਆਈਆਂ 1:16) ਭਾਵੇਂ ਕਿ ਬਾਅਦ ਵਿਚ ਕੇਨੀ ਅਮਾਲੇਕੀ ਲੋਕਾਂ ਨਾਲ ਵੱਸਣ ਲੱਗੇ ਸਨ, ਪਰ ਉਹ ਇਸਰਾਏਲੀਆਂ ਨਾਲ ਵੀ ਠੀਕ ਚੱਲਦੇ ਰਹੇ। ਤਾਂ ਫਿਰ, ਸ਼ਾਊਲ ਕੋਲ ਕੇਨੀਆਂ ਨਾਲ ਚੰਗਾ ਸਲੂਕ ਕਰਨ ਦਾ ਜਾਇਜ਼ ਕਾਰਨ ਸੀ।
ਸਾਡੇ ਲਈ ਸਬਕ:
9:21; 10:22, 27. ਸ਼ਾਊਲ ਦੇ ਰਾਜਾ ਬਣਨ ਤੋਂ ਥੋੜ੍ਹੇ ਸਮੇਂ ਬਾਅਦ ਕੁਝ ਫ਼ਸਾਦੀ ਲੋਕਾਂ ਨੇ ਉਸ ਨਾਲ ਲੜਾਈ ਕਰਨੀ ਚਾਹੀ, ਪਰ ਉਸ ਦੀ ਹਲੀਮੀ ਨੇ ਉਸ ਨੂੰ ਅੰਨ੍ਹੇਵਾਹ ਕਦਮ ਚੁੱਕਣ ਤੋਂ ਰੋਕਿਆ ਸੀ। ਇਸੇ ਤਰ੍ਹਾਂ ਹਲੀਮੀ ਸਮਝਦਾਰੀ ਨਾਲ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ।
12:20, 21. ਮਿਲਟਰੀ ਤਾਕਤਾਂ, ਮੂਰਤੀਆਂ ਜਾਂ ਆਦਮੀਆਂ ਵਰਗੀਆਂ “ਵਿਅਰਥ” ਚੀਜ਼ਾਂ ਉੱਤੇ ਭਰੋਸਾ ਰੱਖਣ ਦੀ ਬਜਾਇ ਯਹੋਵਾਹ ਤੇ ਭਰੋਸਾ ਰੱਖੋ।
12:24. ਕਿਹੜੀ ਖ਼ਾਸ ਗੱਲ ਹਮੇਸ਼ਾ ਯਹੋਵਾਹ ਦਾ ਭੈ ਰੱਖਣ ਅਤੇ ਆਪਣੇ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਦੇ ਰਹਿਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ? ਇਹ ਯਾਦ ਰੱਖਣਾ ਕਿ ਉਸ ਨੇ ਹਮੇਸ਼ਾ ਆਪਣੇ ਸੇਵਕਾਂ ਲਈ “ਕੇਡੇ ਵੱਡੇ ਕੰਮ ਕੀਤੇ ਹਨ।”
13:10-14; 15:22-25, 30. ਹੰਕਾਰ ਕਰਨ ਤੋਂ, ਅਵੱਗਿਆ ਕਰਨ ਤੋਂ ਅਤੇ ਖੁਲ੍ਹ ਲੈਣ ਤੋਂ ਬਚੋ।—ਕਹਾਉਤਾਂ 11:2.
ਅੱਲ੍ਹੜ ਉਮਰ ਦਾ ਚਰਵਾਹਾ ਰਾਜਾ ਬਣਿਆ
ਸਮੂਏਲ ਨੇ ਯਹੂਦਾਹ ਦੇ ਖ਼ਾਨਦਾਨ ਵਿੱਚੋਂ ਦਾਊਦ ਨੂੰ ਰਾਜਾ ਬਣਨ ਲਈ ਚੁਣਿਆ ਸੀ। ਇਸ ਤੋਂ ਕੁਝ ਸਮੇਂ ਬਾਅਦ ਦਾਊਦ ਨੇ ਇਕ ਗੋਪੀਏ ਤੇ ਇਕ ਪੱਥਰ ਨਾਲ ਗੋਲਿਅਥ ਨਾਂ ਦੇ ਫਲਿਸਤੀ ਦੈਂਤ ਨੂੰ ਮਾਰਿਆ ਸੀ, ਜਿਸ ਕਰਕੇ ਦਾਊਦ ਤੇ ਯੋਨਾਥਾਨ ਦੀ ਦੋਸਤੀ ਸ਼ੁਰੂ ਹੋਈ। ਫਿਰ ਸ਼ਾਊਲ ਨੇ ਦਾਊਦ ਨੂੰ ਆਪਣੇ ਸੂਰਬੀਰਾਂ ਉੱਪਰ ਠਹਿਰਾਇਆ। ਬਾਅਦ ਵਿਚ ਦਾਊਦ ਦੀਆਂ ਕਈ ਜਿੱਤਾਂ ਕਰਕੇ ਇਸਰਾਏਲੀ ਤੀਵੀਆਂ ਨੇ ਗਾਇਆ: “ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ, ਅਤੇ ਦਾਊਦ ਨੇ ਆਪਣੇ ਲੱਖਾਂ ਨੂੰ!” (1 ਸਮੂਏਲ 18:7) ਇਸ ਤੋਂ ਜਲ਼ ਕੇ ਸ਼ਾਊਲ ਨੇ ਤਿੰਨ ਵਾਰ ਦਾਊਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਰਕੇ ਦਾਊਦ ਉੱਥੋਂ ਭੱਜ ਗਿਆ ਸੀ।
ਉਜਾੜ ਵਿਚ ਦਾਊਦ ਨੂੰ ਵੀ ਦੋ ਵਾਰ ਸ਼ਾਊਲ ਦੀ ਜਾਨ ਲੈਣ ਦੇ ਮੌਕੇ ਮਿਲੇ ਸਨ, ਪਰ ਉਸ ਨੇ ਉਸ ਦੀ ਜਾਨ ਬਖ਼ਸ਼ ਦਿੱਤੀ ਸੀ। ਉਸ ਨੂੰ ਅਬੀਗੈਲ ਨਾਂ ਦੀ ਸੁੰਦਰ ਔਰਤ ਵੀ ਮਿਲੀ ਸੀ ਜਿਸ ਨਾਲ ਉਸ ਨੇ ਵਿਆਹ ਕਰਾ ਲਿਆ। ਫਲਿਸਤੀ ਜਦ ਅਗਲੀ ਵਾਰ ਇਸਰਾਏਲ ਤੇ ਹਮਲਾ ਕਰਨ ਆਏ, ਤਾਂ ਸ਼ਾਊਲ ਨੇ ਯਹੋਵਾਹ ਤੋਂ ਮਦਦ ਮੰਗੀ ਸੀ, ਪਰ ਯਹੋਵਾਹ ਨੇ ਸ਼ਾਊਲ ਦਾ ਸਾਥ ਦੇਣਾ ਛੱਡ ਦਿੱਤਾ ਸੀ। ਉਸ ਸਮੇਂ ਤਕ ਸਮੂਏਲ ਵੀ ਮਰ ਚੁੱਕਾ ਸੀ। ਮਦਦ ਲਈ ਸ਼ਾਊਲ ਇਕ ਜਾਦੂਗਰਨੀ ਕੋਲ ਗਿਆ, ਜਿਸ ਨੇ ਉਸ ਨੂੰ ਸਾਫ਼ ਦੱਸ ਦਿੱਤਾ ਕਿ ਜੰਗ ਦੌਰਾਨ ਉਸ ਨੇ ਫਿਲਿਸਤੀਆਂ ਦੇ ਹੱਥੀਂ ਮਾਰਿਆ ਜਾਣਾ ਸੀ। ਮੈਦਾਨ ਵਿਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਗਿਆ ਸੀ ਅਤੇ ਉਸ ਦੇ ਪੁੱਤਰ ਮਾਰੇ ਗਏ ਸਨ। ਸਮੂਏਲ ਦੀ ਪਹਿਲੀ ਪੋਥੀ ਦਾ ਬਿਰਤਾਂਤ ਨਾਕਾਮਯਾਬ ਰਾਜੇ ਸ਼ਾਊਲ ਦੀ ਮੌਤ ਨਾਲ ਖ਼ਤਮ ਹੋਇਆ ਜਦ ਦਾਊਦ ਅਜੇ ਵੀ ਭਗੌੜੇ ਵਜੋਂ ਰਹਿ ਰਿਹਾ ਸੀ।
ਕੁਝ ਸਵਾਲਾਂ ਦੇ ਜਵਾਬ:
16:14—ਇਸ ਦਾ ਕੀ ਮਤਲਬ ਹੈ ਕਿ ਦੁਸ਼ਟ ਆਤਮਾ ਨੇ ਸ਼ਾਊਲ ਨੂੰ ਅਕਾਇਆ ਸੀ? ਸ਼ਾਊਲ ਦੇ ਮਨ ਦੀ ਸ਼ਾਂਤੀ ਭੰਗ ਕਰਨ ਵਾਲੀ ਆਤਮਾ ਉਸ ਦੇ ਆਪਣੇ ਦਿਲ ਦੀ ਗ਼ਲਤ ਇੱਛਾ ਸੀ। ਜਦ ਯਹੋਵਾਹ ਨੇ ਉਸ ਤੋਂ ਆਪਣੀ ਆਤਮਾ ਹਟਾ ਲਈ, ਤਾਂ ਸ਼ਾਊਲ ਯਹੋਵਾਹ ਦੀ ਸੁਰੱਖਿਆ ਗੁਆ ਬੈਠਾ ਅਤੇ ਆਪਣੀ ਹੀ ਮਰਜ਼ੀ ਤੇ ਚੱਲਣ ਲੱਗ ਪਿਆ। ਇਸ ਲਈ ਕਿਹਾ ਜਾ ਸਕਦਾ ਹੈ ਕਿ ਪਵਿੱਤਰ ਆਤਮਾ ਦੇ ਬਦਲੇ ਉਸ ਨੂੰ “ਯਹੋਵਾਹ ਵੱਲੋਂ ਇੱਕ ਦੁਸ਼ਟ ਆਤਮਾ” ਮਿਲੀ ਸੀ।
17:55—ਸ਼ਾਊਲ ਨੇ ਕਿਉਂ ਪੁੱਛਿਆ ਸੀ ਕਿ ਦਾਊਦ ਕਿਸ ਦਾ ਪੁੱਤਰ ਹੈ? (1 ਸਮੂਏਲ 16:17-23) ਸ਼ਾਊਲ ਦਾਊਦ ਦੇ ਪਿਤਾ ਬਾਰੇ ਪੁੱਛਣ ਦੇ ਨਾਲ-ਨਾਲ ਇਹ ਜਾਣਨਾ ਚਾਹੁੰਦਾ ਸੀ ਕਿ ਉਸ ਦਾ ਪਿਤਾ ਕਿਸ ਤਰ੍ਹਾਂ ਦਾ ਆਦਮੀ ਸੀ ਜਿਸ ਦਾ ਮੁੰਡਾ ਇਕ ਖ਼ਤਰਨਾਕ ਦੈਂਤ ਨਾਲ ਲੜਨ ਲਈ ਤਿਆਰ ਸੀ।
ਸਾਡੇ ਲਈ ਸਬਕ:
16:6, 7. ਸਾਨੂੰ ਦੂਸਰਿਆਂ ਦੇ ਰੰਗ-ਰੂਪ ਵੱਲ ਦੇਖ ਕੇ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਸਾਨੂੰ ਕਿਸੇ ਬਾਰੇ ਜਲਦਬਾਜ਼ੀ ਨਾਲ ਫ਼ੈਸਲੇ ਕਰਨੇ ਚਾਹੀਦੇ ਹਨ। ਚੰਗਾ ਹੋਵੇਗਾ ਜੇ ਅਸੀਂ ਦੂਸਰਿਆਂ ਨੂੰ ਯਹੋਵਾਹ ਦੀਆਂ ਨਜ਼ਰਾਂ ਨਾਲ ਦੇਖੀਏ।
17:47-50. ਅਸੀਂ ਵੀ ਦਾਊਦ ਵਾਂਗ ਯਹੋਵਾਹ ਉੱਤੇ ਭਰੋਸਾ ਰੱਖ ਕੇ ਦੈਂਤ ਵਰਗੀਆਂ ਮੁਸੀਬਤਾਂ ਦਾ ਸਾਮ੍ਹਣਾ ਕਰ ਸਕਦੇ ਹਾਂ ਕਿਉਂਕਿ “ਜੁੱਧ ਦਾ ਸੁਆਮੀ ਯਹੋਵਾਹ ਹੈ।”
18:1, 3; 20:41, 42. ਸਾਨੂੰ ਸਿਰਫ਼ ਉਨ੍ਹਾਂ ਲੋਕਾਂ ਨਾਲ ਦੋਸਤੀਆਂ ਕਰਨੀਆਂ ਚਾਹੀਦੀਆਂ ਹਨ ਜੋ ਯਹੋਵਾਹ ਨੂੰ ਦਿਲੋਂ ਪਿਆਰ ਕਰਦੇ ਹਨ।
21:12, 13. ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੀ ਸਮਝ ਵਰਤ ਕੇ ਜ਼ਿੰਦਗੀ ਦੇ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰੀਏ। ਉਸ ਨੇ ਸਾਨੂੰ ਬਾਈਬਲ ਦਿੱਤੀ ਹੈ ਜਿਸ ਤੋਂ ਸਾਨੂੰ ਗਿਆਨ ਅਤੇ ਬੁੱਧ ਮਿਲਦੇ ਹਨ। (ਕਹਾਉਤਾਂ 1:4) ਸਾਨੂੰ ਕਲੀਸਿਯਾ ਦੇ ਬਜ਼ੁਰਗਾਂ ਤੋਂ ਵੀ ਮਦਦ ਮਿਲ ਸਕਦੀ ਹੈ।
24:6; 26:11. ਯਹੋਵਾਹ ਦੇ ਮਸਹ ਕੀਤੇ ਸੇਵਕਾਂ ਦਾ ਆਦਰ ਕਰਨ ਵਿਚ ਦਾਊਦ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਛੱਡੀ!
25:23-33. ਅਬੀਗੈਲ ਦੀ ਸਮਝਦਾਰੀ ਬੇਮਿਸਾਲ ਸੀ।
28:8-19. ਭੂਤ ਕਿਸੇ ਮਰੇ ਹੋਏ ਵਿਅਕਤੀ ਦੇ ਭੇਸ ਵਿਚ ਆ ਕੇ ਸਾਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਸਾਡੇ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਹਰ ਤਰ੍ਹਾਂ ਦੇ ਜਾਦੂ-ਟੂਣੇ ਵਿਚ ਹਿੱਸਾ ਲੈਣ ਤੋਂ ਬਚੀਏ।—ਬਿਵਸਥਾ ਸਾਰ 18:10-12.
30:23, 24. ਇਸ ਫ਼ੈਸਲੇ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਹਰ ਕਿਸੇ ਦੇ ਕੰਮ ਦੀ ਕਦਰ ਕਰਦਾ ਹੈ ਭਾਵੇਂ ਇਹ ਕਿੰਨਾ ਵੀ ਛੋਟਾ-ਮੋਟਾ ਕਿਉਂ ਨਾ ਹੋਵੇ। (ਗਿਣਤੀ 31:27) ਤਾਂ ਫਿਰ ਆਓ ਆਪਾਂ ਆਪਣਾ ਹਰ ਕੰਮ ‘ਚਿੱਤ ਲਾ ਕੇ ਪ੍ਰਭੁ ਦੇ ਲਈ ਕਰੀਏ, ਨਾ ਮਨੁੱਖਾਂ ਦੇ ਲਈ।’—ਕੁਲੁੱਸੀਆਂ 3:23.
‘ਭੇਟਾਂ ਚੜ੍ਹਾਉਣ ਨਾਲੋਂ ਚੰਗਾ’ ਕੀ ਹੈ?
ਏਲੀ, ਸਮੂਏਲ, ਸ਼ਾਊਲ ਅਤੇ ਦਾਊਦ ਦੇ ਅਨੁਭਵਾਂ ਤੇ ਵਿਚਾਰ ਕਰਦੇ ਹੋਏ ਅਸੀਂ ਕਿਹੜੀ ਖ਼ਾਸ ਗੱਲ ਸਿੱਖਦੇ ਹਾਂ? “ਮੰਨਣਾ ਭੇਟਾਂ ਚੜ੍ਹਾਉਣ ਨਾਲੋਂ, ਅਤੇ ਸਰੋਤਾ ਬਣਨਾ ਛੱਤਰਿਆਂ ਦੀ ਚਰਬੀ ਨਾਲੋਂ ਚੰਗਾ ਹੈ, ਕਿਉਂ ਜੋ ਬਗਾਵਤ ਅਤੇ ਜਾਦੂਗਰੀ ਦਾ ਪਾਪ ਇੱਕੋ ਜਿਹਾ ਹੈ, ਅਤੇ ਖਚਰਊ ਅਤੇ ਬਦੀ ਅਤੇ ਮੂਰਤੀ ਪੂਜਾ ਇੱਕੋ ਜਿਹੀ ਹੈ।”—1 ਸਮੂਏਲ 15:22, 23.
ਦੁਨੀਆਂ ਭਰ ਵਿਚ ਯਹੋਵਾਹ ਦੇ ਰਾਜ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਯਿਸੂ ਦੇ ਚੇਲੇ ਬਣ ਰਹੇ ਹਨ। ਸਾਡੇ ਲਈ ਇਸ ਕੰਮ ਵਿਚ ਹਿੱਸਾ ਲੈਣਾ ਇਕ ਵੱਡਾ ਸਨਮਾਨ ਹੈ! ਜਿਉਂ-ਜਿਉਂ ‘ਅਸੀਂ ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲ੍ਹਾਂ ਨੂੰ ਪੇਸ਼ ਕਰਦੇ’ ਹਾਂ, ਸਾਨੂੰ ਆਪਣੀ ਪੂਰੀ ਵਾਹ ਲਾ ਕੇ ਯਹੋਵਾਹ ਦੇ ਬਚਨ ਅਤੇ ਉਸ ਦੇ ਸੰਗਠਨ ਰਾਹੀਂ ਮਿਲੇ ਨਿਰਦੇਸ਼ਨ ਉੱਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।—ਹੋਸ਼ੇਆ 14:2; ਇਬਰਾਨੀਆਂ 13:15.
[ਫੁਟਨੋਟ]
a ਸਮੂਏਲ ਦੀ ਪਹਿਲੀ ਪੋਥੀ ਵਿਚ ਜ਼ਿਕਰ ਕੀਤੇ ਗਏ ਥਾਵਾਂ ਬਾਰੇ ਪਤਾ ਕਰਨ ਲਈ “ਚੰਗੀ ਧਰਤੀ ਦੇਖੋ” ਨਾਮਕ ਬਰੋਸ਼ਰ ਦੇ 18-19ਵੇਂ ਸਫ਼ੇ ਦੇਖੋ। ਹਿੰਦੀ ਦਾ ਇਹ ਬਰੋਸ਼ਰ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।
[ਸਫ਼ੇ 23 ਉੱਤੇ ਤਸਵੀਰ]
ਇਸਰਾਏਲ ਦਾ ਪਹਿਲਾ ਰਾਜਾ ਨਿਮਰਤਾ ਛੱਡ ਕੇ ਹੰਕਾਰੀ ਬਣ ਗਿਆ ਸੀ
[ਸਫ਼ੇ 24 ਉੱਤੇ ਤਸਵੀਰ]
ਅਸੀਂ ਵੀ ਦਾਊਦ ਵਾਂਗ ਯਹੋਵਾਹ ਉੱਤੇ ਭਰੋਸਾ ਰੱਖ ਕੇ ਦੈਂਤ ਵਰਗੀਆਂ ਮੁਸੀਬਤਾਂ ਦਾ ਸਾਮ੍ਹਣਾ ਕਰ ਸਕਦੇ ਹਾਂ