ਪਹਿਲਾ ਸਮੂਏਲ
14 ਇਕ ਦਿਨ ਸ਼ਾਊਲ ਦੇ ਪੁੱਤਰ ਯੋਨਾਥਾਨ+ ਨੇ ਆਪਣੇ ਹਥਿਆਰ ਚੁੱਕਣ ਵਾਲੇ ਸੇਵਾਦਾਰ ਨੂੰ ਕਿਹਾ: “ਚੱਲ ਆਪਾਂ ਦੂਜੇ ਪਾਸੇ ਫਲਿਸਤੀਆਂ ਦੀ ਚੌਂਕੀ ਵੱਲ ਜਾਂਦੇ ਹਾਂ।” ਪਰ ਉਸ ਨੇ ਇਸ ਬਾਰੇ ਆਪਣੇ ਪਿਤਾ ਨੂੰ ਨਹੀਂ ਦੱਸਿਆ। 2 ਸ਼ਾਊਲ ਗਿਬਆਹ+ ਦੇ ਬਾਹਰਵਾਰ ਮਿਗਰੋਨ ਵਿਚ ਅਨਾਰ ਦੇ ਦਰਖ਼ਤ ਥੱਲੇ ਠਹਿਰਿਆ ਹੋਇਆ ਸੀ ਤੇ ਉਸ ਨਾਲ ਲਗਭਗ 600 ਆਦਮੀ ਸਨ।+ 3 (ਅਹੀਟੂਬ+ ਦੇ ਪੁੱਤਰ ਅਹੀਯਾਹ ਨੇ ਏਫ਼ੋਦ ਪਹਿਨਿਆ ਹੋਇਆ ਸੀ।+ ਅਹੀਟੂਬ ਈਕਾਬੋਦ+ ਦਾ ਭਰਾ ਸੀ, ਈਕਾਬੋਦ ਫ਼ੀਨਹਾਸ+ ਦਾ ਪੁੱਤਰ ਅਤੇ ਫ਼ੀਨਹਾਸ ਏਲੀ+ ਦਾ ਪੁੱਤਰ ਸੀ ਜੋ ਸ਼ੀਲੋਹ+ ਵਿਚ ਯਹੋਵਾਹ ਦਾ ਪੁਜਾਰੀ ਸੀ।) ਲੋਕਾਂ ਨੂੰ ਪਤਾ ਨਹੀਂ ਸੀ ਕਿ ਯੋਨਾਥਾਨ ਚਲਾ ਗਿਆ ਸੀ। 4 ਜਿਸ ਰਾਹ ਥਾਣੀਂ ਯੋਨਾਥਾਨ ਫਲਿਸਤੀਆਂ ਦੀ ਚੌਂਕੀ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਰਾਹ ਦੇ ਇਕ ਪਾਸੇ ਦੰਦ ਵਰਗੀ ਨੁਕੀਲੀ ਚਟਾਨ ਸੀ ਤੇ ਦੂਜੇ ਪਾਸੇ ਵੀ ਦੰਦ ਵਰਗੀ ਨੁਕੀਲੀ ਚਟਾਨ ਸੀ; ਇਕ ਚਟਾਨ ਦਾ ਨਾਂ ਬੋਸੇਸ ਤੇ ਦੂਜੀ ਦਾ ਨਾਂ ਸਨਹ ਸੀ। 5 ਇਕ ਚਟਾਨ ਉੱਤਰ ਵੱਲ ਥੰਮ੍ਹ ਦੀ ਤਰ੍ਹਾਂ ਖੜ੍ਹੀ ਸੀ ਅਤੇ ਉਸ ਦੇ ਸਾਮ੍ਹਣੇ ਮਿਕਮਾਸ਼ ਸੀ ਅਤੇ ਦੂਜੀ ਦੱਖਣ ਵੱਲ ਸੀ ਜਿਸ ਦੇ ਸਾਮ੍ਹਣੇ ਗਬਾ ਸੀ।+
6 ਫਿਰ ਯੋਨਾਥਾਨ ਨੇ ਆਪਣੇ ਹਥਿਆਰ ਚੁੱਕਣ ਵਾਲੇ ਨੂੰ ਕਿਹਾ: “ਚੱਲ ਆਪਾਂ ਉੱਧਰ ਉਨ੍ਹਾਂ ਬੇਸੁੰਨਤੇ ਆਦਮੀਆਂ ਦੀ ਚੌਂਕੀ ਕੋਲ ਚੱਲਦੇ ਹਾਂ।+ ਸ਼ਾਇਦ ਯਹੋਵਾਹ ਸਾਡੀ ਮਦਦ ਕਰੇ ਕਿਉਂਕਿ ਕੋਈ ਵੀ ਚੀਜ਼ ਯਹੋਵਾਹ ਨੂੰ ਰੋਕ ਨਹੀਂ ਸਕਦੀ, ਫਿਰ ਭਾਵੇਂ ਉਹ ਬਹੁਤਿਆਂ ਦੇ ਰਾਹੀਂ ਬਚਾਵੇ ਜਾਂ ਥੋੜ੍ਹਿਆਂ ਰਾਹੀਂ।”+ 7 ਇਹ ਸੁਣ ਕੇ ਉਸ ਦੇ ਹਥਿਆਰ ਚੁੱਕਣ ਵਾਲੇ ਨੇ ਉਸ ਨੂੰ ਕਿਹਾ: “ਤੇਰਾ ਦਿਲ ਜੋ ਕਹਿੰਦਾ ਹੈ, ਉਹੀ ਕਰ। ਤੂੰ ਜਿੱਧਰ ਚਾਹੇਂ ਮੁੜ। ਤੂੰ ਜਿੱਥੇ ਜਾਵੇਂਗਾ, ਮੈਂ ਤੇਰੇ ਨਾਲ ਆਵਾਂਗਾ।” 8 ਫਿਰ ਯੋਨਾਥਾਨ ਨੇ ਕਿਹਾ: “ਆਪਾਂ ਉੱਧਰ ਉਨ੍ਹਾਂ ਆਦਮੀਆਂ ਕੋਲ ਜਾਵਾਂਗੇ ਤਾਂਕਿ ਉਹ ਸਾਨੂੰ ਦੇਖ ਸਕਣ। 9 ਜੇ ਉਹ ਸਾਨੂੰ ਕਹਿਣ, ‘ਉੱਥੇ ਹੀ ਠਹਿਰੋ ਜਦ ਤਕ ਅਸੀਂ ਤੁਹਾਡੇ ਕੋਲ ਨਹੀਂ ਆ ਜਾਂਦੇ!’ ਆਪਾਂ ਉੱਥੇ ਹੀ ਖੜ੍ਹੇ ਰਹਾਂਗੇ ਜਿੱਥੇ ਅਸੀਂ ਹੋਵਾਂਗੇ ਤੇ ਉਨ੍ਹਾਂ ਕੋਲ ਨਹੀਂ ਜਾਵਾਂਗੇ। 10 ਪਰ ਜੇ ਉਹ ਕਹਿਣ, ‘ਆਓ, ਸਾਡੇ ਕੋਲ ਆ ਜਾਓ!’ ਤਾਂ ਆਪਾਂ ਉਨ੍ਹਾਂ ਕੋਲ ਜਾਵਾਂਗੇ ਕਿਉਂਕਿ ਯਹੋਵਾਹ ਉਨ੍ਹਾਂ ਨੂੰ ਸਾਡੇ ਹੱਥ ਦੇ ਦੇਵੇਗਾ। ਇਹ ਸਾਡੇ ਲਈ ਨਿਸ਼ਾਨੀ ਹੋਵੇਗੀ।”+
11 ਫਿਰ ਉਹ ਦੋਵੇਂ ਅਜਿਹੀ ਜਗ੍ਹਾ ਖੜ੍ਹੇ ਹੋ ਗਏ ਕਿ ਫਲਿਸਤੀ ਆਪਣੀ ਚੌਂਕੀ ਤੋਂ ਉਨ੍ਹਾਂ ਨੂੰ ਦੇਖ ਸਕਣ। ਫਲਿਸਤੀਆਂ ਨੇ ਕਿਹਾ: “ਦੇਖੋ! ਇਬਰਾਨੀ ਆਪਣੀਆਂ ਖੁੱਡਾਂ ਵਿੱਚੋਂ ਬਾਹਰ ਆ ਰਹੇ ਹਨ ਜਿੱਥੇ ਉਹ ਲੁਕੇ ਹੋਏ ਸਨ।”+ 12 ਫਿਰ ਚੌਂਕੀ ʼਤੇ ਤੈਨਾਤ ਆਦਮੀਆਂ ਨੇ ਯੋਨਾਥਾਨ ਅਤੇ ਉਸ ਦੇ ਹਥਿਆਰ ਚੁੱਕਣ ਵਾਲੇ ਨੂੰ ਕਿਹਾ: “ਸਾਡੇ ਕੋਲ ਜ਼ਰਾ ਆਓ ਤਾਂ ਸਹੀ, ਫਿਰ ਤੁਹਾਨੂੰ ਸਬਕ ਸਿਖਾਉਂਦੇ ਹਾਂ!”+ ਇਹ ਸੁਣਦੇ ਸਾਰ ਯੋਨਾਥਾਨ ਨੇ ਹਥਿਆਰ ਚੁੱਕਣ ਵਾਲੇ ਨੂੰ ਕਿਹਾ: “ਮੇਰੇ ਪਿੱਛੇ-ਪਿੱਛੇ ਆਜਾ ਕਿਉਂਕਿ ਯਹੋਵਾਹ ਉਨ੍ਹਾਂ ਨੂੰ ਇਜ਼ਰਾਈਲ ਦੇ ਹੱਥ ਦੇ ਦੇਵੇਗਾ।”+ 13 ਯੋਨਾਥਾਨ ਆਪਣੇ ਹੱਥਾਂ-ਪੈਰਾਂ ਦੇ ਸਹਾਰੇ ਉੱਪਰ ਚੜ੍ਹ ਗਿਆ ਅਤੇ ਉਸ ਦੇ ਹਥਿਆਰ ਚੁੱਕਣ ਵਾਲਾ ਵੀ ਉਸ ਦੇ ਪਿੱਛੇ-ਪਿੱਛੇ ਸੀ; ਯੋਨਾਥਾਨ ਫਲਿਸਤੀਆਂ ਨੂੰ ਵੱਢਦਾ ਗਿਆ ਤੇ ਉਸ ਦੇ ਹਥਿਆਰ ਚੁੱਕਣ ਵਾਲਾ ਉਸ ਦੇ ਪਿੱਛੇ-ਪਿੱਛੇ ਬਚੇ ਹੋਇਆਂ ਨੂੰ ਜਾਨੋਂ ਮਾਰ ਰਿਹਾ ਸੀ। 14 ਯੋਨਾਥਾਨ ਅਤੇ ਉਸ ਦੇ ਹਥਿਆਰ ਚੁੱਕਣ ਵਾਲੇ ਨੇ ਪਹਿਲੇ ਹਮਲੇ ਵਿਚ ਲਗਭਗ 20 ਆਦਮੀਆਂ ਨੂੰ ਮਾਰ ਮੁਕਾਇਆ, ਉਹ ਵੀ ਲਗਭਗ ਅੱਧੀ ਏਕੜ ਜ਼ਮੀਨ ਦੀ ਲੰਬਾਈ* ਦੇ ਅੰਦਰ-ਅੰਦਰ।
15 ਫਿਰ ਛਾਉਣੀ ਵਿਚ ਅਤੇ ਚੌਂਕੀ ਦੇ ਸਾਰੇ ਲੋਕਾਂ ਵਿਚ ਦਹਿਸ਼ਤ ਫੈਲ ਗਈ, ਇੱਥੋਂ ਤਕ ਕਿ ਲੁੱਟ-ਮਾਰ ਕਰਨ ਵਾਲੇ ਫ਼ੌਜੀ+ ਵੀ ਬਹੁਤ ਡਰ ਗਏ। ਧਰਤੀ ਕੰਬਣ ਲੱਗ ਪਈ ਤੇ ਪਰਮੇਸ਼ੁਰ ਨੇ ਉਨ੍ਹਾਂ ਵਿਚ ਖ਼ੌਫ਼ ਫੈਲਾ ਦਿੱਤਾ। 16 ਬਿਨਯਾਮੀਨ ਦੇ ਸ਼ਹਿਰ ਗਿਬਆਹ+ ਵਿਚ ਸ਼ਾਊਲ ਦੇ ਪਹਿਰੇਦਾਰਾਂ ਨੇ ਦੇਖਿਆ ਕਿ ਹਰ ਪਾਸੇ ਹਫੜਾ-ਦਫੜੀ ਮੱਚ ਰਹੀ ਸੀ।+
17 ਸ਼ਾਊਲ ਨੇ ਆਪਣੇ ਨਾਲ ਦੇ ਲੋਕਾਂ ਨੂੰ ਕਿਹਾ: “ਗਿਣਤੀ ਕਰ ਕੇ ਦੇਖੋ ਕਿ ਕੌਣ ਸਾਡੇ ਵਿੱਚੋਂ ਚਲਾ ਗਿਆ ਹੈ।” ਜਦ ਉਨ੍ਹਾਂ ਨੇ ਗਿਣਤੀ ਕੀਤੀ, ਤਾਂ ਉਨ੍ਹਾਂ ਨੇ ਦੇਖਿਆ ਕਿ ਯੋਨਾਥਾਨ ਅਤੇ ਉਸ ਦੇ ਹਥਿਆਰ ਚੁੱਕਣ ਵਾਲਾ ਉਨ੍ਹਾਂ ਨਾਲ ਨਹੀਂ ਸਨ। 18 ਫਿਰ ਸ਼ਾਊਲ ਨੇ ਅਹੀਯਾਹ+ ਨੂੰ ਕਿਹਾ: ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਨੇੜੇ ਲੈ ਕੇ ਆ!” (ਉਸ ਸਮੇਂ* ਸੱਚੇ ਪਰਮੇਸ਼ੁਰ ਦਾ ਸੰਦੂਕ ਇਜ਼ਰਾਈਲੀਆਂ ਕੋਲ ਸੀ।) 19 ਜਦੋਂ ਸ਼ਾਊਲ ਪੁਜਾਰੀ ਨਾਲ ਗੱਲ ਕਰ ਰਿਹਾ ਸੀ, ਤਾਂ ਫਲਿਸਤੀਆਂ ਦੀ ਛਾਉਣੀ ਵਿਚ ਰੌਲ਼ਾ ਵਧਦਾ ਜਾ ਰਿਹਾ ਸੀ। ਫਿਰ ਸ਼ਾਊਲ ਨੇ ਪੁਜਾਰੀ ਨੂੰ ਕਿਹਾ: “ਤੂੰ ਜੋ ਕਰ ਰਿਹਾ ਹੈਂ, ਉਹ ਨਾ ਕਰ।”* 20 ਫਿਰ ਸ਼ਾਊਲ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਇਕੱਠੇ ਹੋ ਕੇ ਲੜਾਈ ਲੜਨ ਗਏ। ਉੱਥੇ ਉਨ੍ਹਾਂ ਨੇ ਦੇਖਿਆ ਕਿ ਫਲਿਸਤੀ ਇਕ-ਦੂਜੇ ਨੂੰ ਹੀ ਵੱਢੀ ਜਾ ਰਹੇ ਸਨ ਤੇ ਬਹੁਤ ਜ਼ਿਆਦਾ ਗੜਬੜੀ ਫੈਲੀ ਹੋਈ ਸੀ। 21 ਨਾਲੇ ਜਿਹੜੇ ਇਬਰਾਨੀ ਪਹਿਲਾਂ ਫਲਿਸਤੀਆਂ ਨਾਲ ਰਲ਼ ਗਏ ਸਨ ਤੇ ਉਨ੍ਹਾਂ ਨਾਲ ਛਾਉਣੀ ਵਿਚ ਜਾ ਕੇ ਰਹਿਣ ਲੱਗ ਪਏ ਸਨ, ਉਹ ਹੁਣ ਇਜ਼ਰਾਈਲੀਆਂ ਨਾਲ ਆ ਕੇ ਰਲ਼ ਗਏ ਜੋ ਸ਼ਾਊਲ ਅਤੇ ਯੋਨਾਥਾਨ ਅਧੀਨ ਸਨ। 22 ਜਦੋਂ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਲੁਕੇ ਸਾਰੇ ਇਜ਼ਰਾਈਲੀ ਆਦਮੀਆਂ+ ਨੇ ਸੁਣਿਆ ਕਿ ਫਲਿਸਤੀ ਭੱਜ ਗਏ ਸਨ, ਤਾਂ ਉਹ ਵੀ ਯੁੱਧ ਵਿਚ ਸ਼ਾਮਲ ਹੋ ਕੇ ਉਨ੍ਹਾਂ ਦਾ ਪਿੱਛਾ ਕਰਨ ਲੱਗੇ। 23 ਇਸ ਤਰ੍ਹਾਂ ਯਹੋਵਾਹ ਨੇ ਉਸ ਦਿਨ ਇਜ਼ਰਾਈਲ ਨੂੰ ਬਚਾਇਆ+ ਤੇ ਇਹ ਲੜਾਈ ਦੂਰ ਬੈਤ-ਆਵਨ ਤਕ ਚੱਲਦੀ ਰਹੀ।+
24 ਪਰ ਉਸ ਦਿਨ ਇਜ਼ਰਾਈਲੀ ਆਦਮੀ ਹੰਭ ਚੁੱਕੇ ਸਨ ਕਿਉਂਕਿ ਸ਼ਾਊਲ ਨੇ ਲੋਕਾਂ ਨੂੰ ਇਹ ਸਹੁੰ ਚੁਕਾਈ ਸੀ: “ਜਦ ਤਕ ਸ਼ਾਮ ਨਹੀਂ ਪੈ ਜਾਂਦੀ ਅਤੇ ਮੈਂ ਆਪਣੇ ਦੁਸ਼ਮਣਾਂ ਤੋਂ ਬਦਲਾ ਨਹੀਂ ਲੈ ਲੈਂਦਾ, ਉਸ ਤੋਂ ਪਹਿਲਾਂ ਜੇ ਕਿਸੇ ਨੇ ਕੁਝ ਵੀ* ਖਾਧਾ, ਉਹ ਸਰਾਪੀ ਹੋਵੇਗਾ!” ਇਸ ਲਈ ਕਿਸੇ ਨੇ ਵੀ ਕੁਝ ਨਹੀਂ ਖਾਧਾ।+
25 ਫਿਰ ਸਾਰੇ ਲੋਕ* ਜੰਗਲ ਵਿਚ ਆਏ ਅਤੇ ਜ਼ਮੀਨ ʼਤੇ ਸ਼ਹਿਦ ਪਿਆ ਸੀ। 26 ਜਦ ਲੋਕ ਜੰਗਲ ਵਿਚ ਆਏ, ਤਾਂ ਉਨ੍ਹਾਂ ਨੇ ਸ਼ਹਿਦ ਚੋਂਦਾ ਦੇਖਿਆ, ਪਰ ਕਿਸੇ ਨੇ ਵੀ ਸ਼ਹਿਦ ਨਹੀਂ ਖਾਧਾ ਕਿਉਂਕਿ ਉਹ ਸਹੁੰ ਕਰਕੇ ਡਰਦੇ ਸਨ। 27 ਪਰ ਯੋਨਾਥਾਨ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਿਤਾ ਨੇ ਲੋਕਾਂ ਨੂੰ ਸਹੁੰ ਚੁਕਾਈ ਹੈ,+ ਇਸ ਲਈ ਉਸ ਨੇ ਆਪਣੇ ਹੱਥ ਵਿਚਲੇ ਡੰਡੇ ਨੂੰ ਵਧਾ ਕੇ ਇਸ ਦਾ ਸਿਰਾ ਸ਼ਹਿਦ ਦੇ ਛੱਤੇ ਵਿਚ ਖੋਭਿਆ। ਜਦ ਉਸ ਨੇ ਸ਼ਹਿਦ ਮੂੰਹ ਵਿਚ ਪਾਇਆ, ਤਾਂ ਉਸ ਦੀਆਂ ਅੱਖਾਂ ਵਿਚ ਚਮਕ ਆ ਗਈ। 28 ਇਹ ਦੇਖ ਕੇ ਇਕ ਜਣੇ ਨੇ ਕਿਹਾ: “ਤੇਰੇ ਪਿਤਾ ਨੇ ਲੋਕਾਂ ਨੂੰ ਇਹ ਸਹੁੰ ਚੁਕਾ ਕੇ ਸਖ਼ਤੀ ਨਾਲ ਕਿਹਾ ਹੈ, ‘ਉਹ ਆਦਮੀ ਸਰਾਪੀ ਹੈ ਜੋ ਅੱਜ ਕੁਝ ਖਾਵੇ!’+ ਇਸੇ ਕਰਕੇ ਲੋਕ ਬਹੁਤ ਹੰਭੇ ਹੋਏ ਹਨ।” 29 ਪਰ ਯੋਨਾਥਾਨ ਨੇ ਕਿਹਾ: “ਮੇਰੇ ਪਿਤਾ ਨੇ ਲੋਕਾਂ ਨੂੰ ਕਸ਼ਟ ਦਿੱਤਾ ਹੈ। ਜ਼ਰਾ ਦੇਖੋ, ਥੋੜ੍ਹਾ ਜਿਹਾ ਸ਼ਹਿਦ ਚੱਖਣ ਨਾਲ ਮੇਰੀਆਂ ਅੱਖਾਂ ਵਿਚ ਕਿੰਨੀ ਚਮਕ ਆ ਗਈ ਹੈ। 30 ਜੇ ਅੱਜ ਲੋਕਾਂ ਨੇ ਆਪਣੇ ਦੁਸ਼ਮਣਾਂ ਤੋਂ ਲੁੱਟੇ ਮਾਲ ਵਿੱਚੋਂ ਰੱਜ ਕੇ ਖਾਧਾ ਹੁੰਦਾ,+ ਤਾਂ ਕਿੰਨਾ ਚੰਗਾ ਹੁੰਦਾ! ਫਿਰ ਉਨ੍ਹਾਂ ਨੇ ਹੋਰ ਵੀ ਜ਼ਿਆਦਾ ਫਲਿਸਤੀਆਂ ਨੂੰ ਵੱਢਣਾ ਸੀ।”
31 ਉਸ ਦਿਨ ਉਹ ਮਿਕਮਾਸ਼ ਤੋਂ ਲੈ ਕੇ ਅੱਯਾਲੋਨ+ ਤਕ ਫਲਿਸਤੀਆਂ ਨੂੰ ਵੱਢਦੇ ਗਏ ਅਤੇ ਲੋਕ ਬਹੁਤ ਥੱਕ ਗਏ ਸਨ। 32 ਇਸ ਲਈ ਲੋਕ ਲੁੱਟ ਦੇ ਮਾਲ ਉੱਤੇ ਟੁੱਟ ਕੇ ਪੈ ਗਏ ਅਤੇ ਉਨ੍ਹਾਂ ਨੇ ਭੇਡਾਂ, ਪਸ਼ੂਆਂ ਤੇ ਵੱਛਿਆਂ ਨੂੰ ਲੈ ਕੇ ਜ਼ਮੀਨ ਉੱਤੇ ਵੱਢਿਆ ਅਤੇ ਉਨ੍ਹਾਂ ਨੇ ਖ਼ੂਨ ਸਣੇ ਮੀਟ ਖਾਧਾ।+ 33 ਫਿਰ ਸ਼ਾਊਲ ਨੂੰ ਖ਼ਬਰ ਮਿਲੀ: “ਦੇਖ! ਲੋਕੀ ਖ਼ੂਨ ਸਣੇ ਮੀਟ ਖਾ ਕੇ ਯਹੋਵਾਹ ਖ਼ਿਲਾਫ਼ ਪਾਪ ਕਰ ਰਹੇ ਹਨ।”+ ਇਹ ਸੁਣ ਕੇ ਉਸ ਨੇ ਕਿਹਾ: “ਤੁਸੀਂ ਵਿਸ਼ਵਾਸਘਾਤ ਕੀਤਾ ਹੈ। ਜਲਦੀ ਕਰੋ, ਇਕ ਵੱਡਾ ਪੱਥਰ ਮੇਰੇ ਕੋਲ ਰੋੜ੍ਹ ਲਿਆਓ।” 34 ਸ਼ਾਊਲ ਨੇ ਅੱਗੇ ਕਿਹਾ: “ਸਾਰੇ ਲੋਕਾਂ ਕੋਲ ਜਾਓ ਤੇ ਉਨ੍ਹਾਂ ਨੂੰ ਕਹੋ, ‘ਤੁਹਾਡੇ ਵਿੱਚੋਂ ਹਰੇਕ ਜਣਾ ਆਪਣਾ ਬਲਦ ਤੇ ਆਪਣੀ ਭੇਡ ਇੱਥੇ ਲਿਆ ਕੇ ਉਨ੍ਹਾਂ ਨੂੰ ਵੱਢੇ ਤੇ ਫਿਰ ਉਨ੍ਹਾਂ ਨੂੰ ਖਾਵੇ। ਖ਼ੂਨ ਸਣੇ ਮੀਟ ਖਾ ਕੇ ਯਹੋਵਾਹ ਖ਼ਿਲਾਫ਼ ਪਾਪ ਨਾ ਕਰੋ।’”+ ਇਸ ਲਈ ਉਸ ਰਾਤ ਉਨ੍ਹਾਂ ਵਿੱਚੋਂ ਹਰੇਕ ਜਣਾ ਆਪਣੇ ਨਾਲ ਆਪਣਾ ਬਲਦ ਲਿਆਇਆ ਤੇ ਉਸ ਨੂੰ ਉੱਥੇ ਵੱਢਿਆ। 35 ਫਿਰ ਸ਼ਾਊਲ ਨੇ ਯਹੋਵਾਹ ਲਈ ਇਕ ਵੇਦੀ ਬਣਾਈ।+ ਇਹ ਪਹਿਲੀ ਵੇਦੀ ਸੀ ਜੋ ਉਸ ਨੇ ਯਹੋਵਾਹ ਲਈ ਬਣਾਈ ਸੀ।
36 ਬਾਅਦ ਵਿਚ ਸ਼ਾਊਲ ਨੇ ਕਿਹਾ: “ਆਓ ਆਪਾਂ ਰਾਤ ਨੂੰ ਫਲਿਸਤੀਆਂ ਦਾ ਪਿੱਛਾ ਕਰੀਏ ਅਤੇ ਸਵੇਰ ਦਾ ਚਾਨਣ ਹੋਣ ਤਕ ਉਨ੍ਹਾਂ ਨੂੰ ਲੁੱਟੀਏ। ਅਸੀਂ ਉਨ੍ਹਾਂ ਵਿੱਚੋਂ ਇਕ ਨੂੰ ਵੀ ਜੀਉਂਦਾ ਨਹੀਂ ਛੱਡਾਂਗੇ।” ਇਹ ਸੁਣ ਕੇ ਉਨ੍ਹਾਂ ਨੇ ਕਿਹਾ: “ਜੋ ਤੇਰੀਆਂ ਨਜ਼ਰਾਂ ਵਿਚ ਸਹੀ ਹੈ, ਉਹੀ ਕਰ।” ਫਿਰ ਪੁਜਾਰੀ ਨੇ ਕਿਹਾ: “ਚਲੋ ਆਪਾਂ ਇੱਥੇ ਸੱਚੇ ਪਰਮੇਸ਼ੁਰ ਦੀ ਸਲਾਹ ਲੈਂਦੇ ਹਾਂ।”+ 37 ਸ਼ਾਊਲ ਨੇ ਪਰਮੇਸ਼ੁਰ ਕੋਲੋਂ ਪੁੱਛਿਆ: “ਕੀ ਮੈਨੂੰ ਫਲਿਸਤੀਆਂ ਦਾ ਪਿੱਛਾ ਕਰਨਾ ਚਾਹੀਦਾ?+ ਕੀ ਤੂੰ ਉਨ੍ਹਾਂ ਨੂੰ ਇਜ਼ਰਾਈਲ ਦੇ ਹੱਥ ਵਿਚ ਦੇਵੇਂਗਾ?” ਪਰ ਪਰਮੇਸ਼ੁਰ ਨੇ ਉਸ ਦਿਨ ਉਸ ਨੂੰ ਜਵਾਬ ਨਹੀਂ ਦਿੱਤਾ। 38 ਫਿਰ ਸ਼ਾਊਲ ਨੇ ਕਿਹਾ: “ਹੇ ਲੋਕਾਂ ਦੇ ਸਾਰੇ ਮੁਖੀਓ, ਇੱਥੇ ਆਓ ਅਤੇ ਪਤਾ ਕਰੋ ਕਿ ਅੱਜ ਕਿਹੜਾ ਪਾਪ ਕੀਤਾ ਗਿਆ ਹੈ। 39 ਇਜ਼ਰਾਈਲ ਨੂੰ ਛੁਡਾਉਣ ਵਾਲੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਸ ਕਿਸੇ ਨੇ ਵੀ ਇਹ ਕੀਤਾ ਹੈ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ, ਭਾਵੇਂ ਉਹ ਮੇਰਾ ਪੁੱਤਰ ਯੋਨਾਥਾਨ ਹੀ ਕਿਉਂ ਨਾ ਹੋਵੇ।” ਪਰ ਲੋਕਾਂ ਵਿੱਚੋਂ ਕਿਸੇ ਨੇ ਵੀ ਕੁਝ ਨਹੀਂ ਕਿਹਾ। 40 ਫਿਰ ਉਸ ਨੇ ਸਾਰੇ ਇਜ਼ਰਾਈਲ ਨੂੰ ਕਿਹਾ: “ਤੁਸੀਂ ਇਕ ਪਾਸੇ ਹੋਵੋਗੇ ਅਤੇ ਮੈਂ ਤੇ ਮੇਰਾ ਪੁੱਤਰ ਯੋਨਾਥਾਨ ਦੂਜੇ ਪਾਸੇ ਹੋਵਾਂਗੇ।” ਇਹ ਸੁਣ ਕੇ ਲੋਕਾਂ ਨੇ ਸ਼ਾਊਲ ਨੂੰ ਕਿਹਾ: “ਜੋ ਤੇਰੀਆਂ ਨਜ਼ਰਾਂ ਵਿਚ ਸਹੀ ਹੈ, ਉਹੀ ਕਰ।”
41 ਫਿਰ ਸ਼ਾਊਲ ਨੇ ਯਹੋਵਾਹ ਨੂੰ ਕਿਹਾ: “ਹੇ ਇਜ਼ਰਾਈਲ ਦੇ ਪਰਮੇਸ਼ੁਰ, ਤੁੰਮੀਮ ਦੇ ਜ਼ਰੀਏ ਜਵਾਬ ਦੇ!”+ ਜਵਾਬ ਵਿਚ ਯੋਨਾਥਾਨ ਅਤੇ ਸ਼ਾਊਲ ਦਾ ਨਾਂ ਨਿਕਲਿਆ, ਪਰ ਲੋਕ ਬਚ ਗਏ। 42 ਹੁਣ ਸ਼ਾਊਲ ਨੇ ਕਿਹਾ: “ਗੁਣੇ ਪਾ ਕੇ ਦੇਖੋ+ ਕਿ ਕਿਸ ਨੇ ਪਾਪ ਕੀਤਾ ਹੈ, ਮੈਂ ਜਾਂ ਮੇਰੇ ਪੁੱਤਰ ਯੋਨਾਥਾਨ ਨੇ।” ਗੁਣਾ ਪਾਉਣ ਤੇ ਯੋਨਾਥਾਨ ਦਾ ਨਾਂ ਨਿਕਲਿਆ। 43 ਫਿਰ ਸ਼ਾਊਲ ਨੇ ਯੋਨਾਥਾਨ ਨੂੰ ਕਿਹਾ: “ਦੱਸ ਮੈਨੂੰ, ਤੂੰ ਕੀ ਕੀਤਾ ਹੈ?” ਯੋਨਾਥਾਨ ਨੇ ਉਸ ਨੂੰ ਦੱਸਿਆ: “ਮੈਂ ਬੱਸ ਆਪਣੇ ਹੱਥ ਵਿਚਲੇ ਡੰਡੇ ਦੇ ਸਿਰੇ ਤੋਂ ਮਾੜਾ ਜਿਹਾ ਸ਼ਹਿਦ ਲੈ ਕੇ ਚੱਖਿਆ ਸੀ।+ ਹੁਣ ਮੈਂ ਤੁਹਾਡੇ ਸਾਮ੍ਹਣੇ ਖੜ੍ਹਾ ਹਾਂ! ਮੈਂ ਮਰਨ ਲਈ ਤਿਆਰ ਹਾਂ!”
44 ਇਹ ਸੁਣ ਕੇ ਸ਼ਾਊਲ ਨੇ ਕਿਹਾ: “ਯੋਨਾਥਾਨ, ਜੇ ਤੈਨੂੰ ਮੌਤ ਦੀ ਸਜ਼ਾ ਨਾ ਮਿਲੀ, ਤਾਂ ਰੱਬ ਮੈਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ।”+ 45 ਪਰ ਲੋਕਾਂ ਨੇ ਸ਼ਾਊਲ ਨੂੰ ਕਿਹਾ: “ਕੀ ਯੋਨਾਥਾਨ ਨੂੰ ਮਾਰਿਆ ਜਾਵੇਗਾ ਜਿਸ ਨੇ ਇਜ਼ਰਾਈਲ ਨੂੰ ਇੰਨੀ ਵੱਡੀ ਜਿੱਤ* ਦਿਵਾਈ?+ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ! ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਉਸ ਦੇ ਸਿਰ ਦਾ ਇਕ ਵੀ ਵਾਲ਼ ਧਰਤੀ ਉੱਤੇ ਨਹੀਂ ਡਿਗਣਾ ਚਾਹੀਦਾ ਕਿਉਂਕਿ ਅੱਜ ਦੇ ਦਿਨ ਉਸ ਨੇ ਪਰਮੇਸ਼ੁਰ ਨਾਲ ਮਿਲ ਕੇ ਕੰਮ ਕੀਤਾ ਹੈ।”+ ਇਸ ਤਰ੍ਹਾਂ ਲੋਕਾਂ ਨੇ ਯੋਨਾਥਾਨ ਨੂੰ ਬਚਾ ਲਿਆ* ਤੇ ਉਹ ਨਹੀਂ ਮਰਿਆ।
46 ਇਸ ਤੋਂ ਬਾਅਦ ਸ਼ਾਊਲ ਨੇ ਫਲਿਸਤੀਆਂ ਦਾ ਪਿੱਛਾ ਕਰਨਾ ਛੱਡ ਦਿੱਤਾ ਅਤੇ ਫਲਿਸਤੀ ਆਪਣੇ ਇਲਾਕੇ ਵਿਚ ਚਲੇ ਗਏ।
47 ਇਸ ਤਰ੍ਹਾਂ ਸ਼ਾਊਲ ਨੇ ਇਜ਼ਰਾਈਲ ਉੱਤੇ ਆਪਣਾ ਅਧਿਕਾਰ ਪੱਕਾ ਕੀਤਾ ਅਤੇ ਉਹ ਹਰ ਪਾਸੇ ਦੇ ਆਪਣੇ ਸਾਰੇ ਦੁਸ਼ਮਣਾਂ ਨਾਲ ਲੜਿਆ। ਉਹ ਮੋਆਬੀਆਂ,+ ਅੰਮੋਨੀਆਂ,+ ਅਦੋਮੀਆਂ+ ਅਤੇ ਸੋਬਾਹ+ ਦੇ ਰਾਜਿਆਂ ਤੇ ਫਲਿਸਤੀਆਂ ਖ਼ਿਲਾਫ਼ ਲੜਿਆ;+ ਉਹ ਜਿੱਥੇ ਕਿਤੇ ਵੀ ਗਿਆ, ਉਸ ਨੇ ਉਨ੍ਹਾਂ ਨੂੰ ਹਰਾਇਆ। 48 ਉਹ ਬਹਾਦਰੀ ਨਾਲ ਲੜਿਆ ਅਤੇ ਅਮਾਲੇਕੀਆਂ ʼਤੇ ਜਿੱਤ ਹਾਸਲ ਕੀਤੀ+ ਤੇ ਇਜ਼ਰਾਈਲ ਨੂੰ ਉਸ ਦੇ ਲੁੱਟਣ ਵਾਲਿਆਂ ਦੇ ਹੱਥੋਂ ਬਚਾਇਆ।
49 ਸ਼ਾਊਲ ਦੇ ਪੁੱਤਰ ਇਹ ਸਨ: ਯੋਨਾਥਾਨ, ਯਿਸ਼ਵੀ ਤੇ ਮਲਕੀ-ਸ਼ੂਆ।+ ਉਸ ਦੀਆਂ ਦੋ ਧੀਆਂ ਸਨ; ਵੱਡੀ ਧੀ ਦਾ ਨਾਂ ਮੇਰਬ+ ਤੇ ਛੋਟੀ ਦਾ ਨਾਂ ਮੀਕਲ+ ਸੀ। 50 ਸ਼ਾਊਲ ਦੀ ਪਤਨੀ ਦਾ ਨਾਂ ਅਹੀਨੋਅਮ ਸੀ ਜੋ ਅਹੀਮਆਸ ਦੀ ਧੀ ਸੀ। ਉਸ ਦੀ ਫ਼ੌਜ ਦੇ ਮੁਖੀ ਦਾ ਨਾਂ ਅਬਨੇਰ+ ਸੀ ਜੋ ਸ਼ਾਊਲ ਦੇ ਪਿਤਾ ਦੇ ਭਰਾ ਨੇਰ ਦਾ ਪੁੱਤਰ ਸੀ। 51 ਕੀਸ਼+ ਸ਼ਾਊਲ ਦਾ ਪਿਤਾ ਸੀ ਅਤੇ ਅਬਨੇਰ ਦਾ ਪਿਤਾ ਨੇਰ+ ਅਬੀਏਲ ਦਾ ਪੁੱਤਰ ਸੀ।
52 ਸ਼ਾਊਲ ਦੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਉਸ ਦਾ ਫਲਿਸਤੀਆਂ ਨਾਲ ਘਮਸਾਣ ਯੁੱਧ ਚੱਲਦਾ ਰਿਹਾ।+ ਸ਼ਾਊਲ ਜਦੋਂ ਵੀ ਕਿਸੇ ਤਾਕਤਵਰ ਜਾਂ ਦਲੇਰ ਆਦਮੀ ਨੂੰ ਦੇਖਦਾ ਸੀ, ਤਾਂ ਉਹ ਉਸ ਨੂੰ ਆਪਣੀ ਫ਼ੌਜ ਵਿਚ ਭਰਤੀ ਕਰ ਲੈਂਦਾ ਸੀ।+