ਯਹੋਵਾਹ ਦਾ ਬਚਨ ਜੀਉਂਦਾ ਹੈ
ਇਤਹਾਸ ਦੀ ਦੂਜੀ ਪੋਥੀ ਦੇ ਕੁਝ ਖ਼ਾਸ ਨੁਕਤੇ
ਅਜ਼ਰਾ ਜਾਜਕ ਨੇ ਇਤਹਾਸ ਦੀ ਦੂਜੀ ਪੋਥੀ 460 ਈ. ਪੂ. ਵਿਚ ਲਿਖਣੀ ਪੂਰੀ ਕੀਤੀ ਸੀ। ਇਸ ਪੋਥੀ ਵਿਚ 1037 ਈ. ਪੂ. ਤੋਂ 537 ਈ. ਪੂ. ਤਕ 500 ਸਾਲਾਂ ਦਾ ਇਤਿਹਾਸ ਹੈ। ਇਸ ਦਾ ਪਹਿਲਾ ਅਧਿਆਇ ਇਸਰਾਏਲ ਉੱਤੇ ਰਾਜ ਕਰ ਰਹੇ ਬਾਦਸ਼ਾਹ ਸੁਲੇਮਾਨ ਨਾਲ ਸ਼ੁਰੂ ਹੁੰਦਾ ਹੈ। ਪੋਥੀ ਫ਼ਾਰਸ ਦੇ ਬਾਦਸ਼ਾਹ ਕੋਰਸ ਦੇ ਐਲਾਨ ਨਾਲ ਖ਼ਤਮ ਹੁੰਦੀ ਹੈ ਜੋ ਉਸ ਨੇ ਬੈਬੀਲੋਨੀਆ ਵਿਚ ਗ਼ੁਲਾਮ ਯਹੂਦੀਆਂ ਸਾਮ੍ਹਣੇ ਕੀਤਾ ਸੀ। ਉਸ ਨੇ ਕਿਹਾ: “[ਯਹੋਵਾਹ] ਨੇ ਮੈਨੂੰ ਤਾਕੀਦ ਕੀਤੀ ਹੈ ਕਿ ਮੈਂ ਯਰੂਸ਼ਲਮ ਵਿੱਚ ਜਿਹੜਾ ਯਹੂਦਾਹ ਵਿੱਚ ਹੈ ਉਹ ਦੇ ਲਈ ਇੱਕ ਭਵਨ ਬਣਾਵਾਂ। ਹੁਣ ਉਹ ਦੇ ਸਾਰੇ ਲੋਕਾਂ ਵਿੱਚੋਂ ਜੋ ਕੋਈ ਤੁਹਾਡੇ ਵਿੱਚ ਹੈ ਉਹ [ਯਰੂਸ਼ਲਮ ਨੂੰ] ਤੁਰ ਪਵੇ ਅਤੇ ਯਹੋਵਾਹ ਉਸ ਦਾ ਪਰਮੇਸ਼ੁਰ ਉਸ ਦੇ ਅੰਗ ਸੰਗ ਹੋਵੇ।”—2 ਇਤਹਾਸ 36:23.
ਕੋਰਸ ਦੇ ਇਸ ਫ਼ਰਮਾਨ ਸਦਕਾ ਯਹੂਦੀ ਯਰੂਸ਼ਲਮ ਵਾਪਸ ਜਾ ਕੇ ਯਹੋਵਾਹ ਦੀ ਭਗਤੀ ਦੁਬਾਰਾ ਸ਼ੁਰੂ ਕਰਨ ਦਾ ਬੰਦੋਬਸਤ ਕਰ ਸਕਦੇ ਸਨ। ਇਨ੍ਹਾਂ ਯਹੂਦੀਆਂ ਦੀ ਮਦਦ ਕਰਨ ਵਾਸਤੇ ਇਤਹਾਸ ਦੀ ਦੂਜੀ ਪੋਥੀ ਲਿਖੀ ਗਈ ਸੀ ਕਿਉਂਕਿ ਆਪਣੇ ਦੇਸ਼ ਤੋਂ ਇੰਨੀ ਦੂਰ ਬੈਬੀਲੋਨੀਆ ਵਿਚ ਇੰਨੇ ਸਾਲ ਰਹਿਣ ਕਾਰਨ ਉਹ ਆਪਣਾ ਇਤਿਹਾਸ ਤੇ ਵਿਰਸਾ ਭੁੱਲ ਗਏ ਸਨ। ਇਸ ਪੋਥੀ ਤੋਂ ਉਨ੍ਹਾਂ ਨੂੰ ਦਾਊਦ ਦੇ ਸ਼ਾਹੀ ਖ਼ਾਨਦਾਨ ਦੇ ਬਾਦਸ਼ਾਹਾਂ ਬਾਰੇ ਪਤਾ ਲੱਗਾ। ਇਸ ਪੋਥੀ ਵਿਚ ਸਾਨੂੰ ਵੀ ਦਿਲਚਸਪੀ ਲੈਣੀ ਚਾਹੀਦੀ ਹੈ ਕਿਉਂਕਿ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਆਗਿਆ ਦੀ ਪਾਲਣਾ ਕਰਨ ਨਾਲ ਬਰਕਤਾਂ ਮਿਲਦੀਆਂ ਹਨ, ਪਰ ਅਣਆਗਿਆਕਾਰੀ ਕਰਨ ਦੇ ਬੁਰੇ ਨਤੀਜੇ ਨਿਕਲਦੇ ਹਨ।
ਬਾਦਸ਼ਾਹ ਨੇ ਯਹੋਵਾਹ ਲਈ ਭਵਨ ਉਸਾਰਿਆ
ਯਹੋਵਾਹ ਨੇ ਬਾਦਸ਼ਾਹ ਸੁਲੇਮਾਨ ਦੇ ਦਿਲ ਦੀ ਖ਼ਾਹਸ਼ ਪੂਰੀ ਕਰ ਕੇ ਉਸ ਨੂੰ ਬੁੱਧ ਤੇ ਗਿਆਨ ਦਿੱਤਾ, ਪਰ ਇਸ ਦੇ ਨਾਲ-ਨਾਲ ਉਸ ਨੂੰ ਧਨ-ਦੌਲਤ ਤੇ ਮਾਣ ਵੀ ਦਿੱਤਾ। ਸੁਲੇਮਾਨ ਨੇ ਯਹੋਵਾਹ ਲਈ ਇਕ ਸ਼ਾਨਦਾਰ ਭਵਨ ਬਣਵਾਇਆ ਅਤੇ ਲੋਕ “ਖੁਸ਼ ਤੇ ਪਰਸੰਨ” ਹੋਏ। (2 ਇਤਹਾਸ 7:10) ਸੁਲੇਮਾਨ “ਧਨ ਅਤੇ ਬੁੱਧੀ ਵਿੱਚ ਦੁਨੀਆ ਦੇ ਸਭ ਪਾਤਸ਼ਾਹਾਂ ਨਾਲੋਂ ਵੱਧ ਗਿਆ।”—2 ਇਤਹਾਸ 9:22.
ਇਸਰਾਏਲ ਤੇ 40 ਸਾਲ ਰਾਜ ਕਰਨ ਤੋਂ ਬਾਅਦ ‘ਸੁਲੇਮਾਨ ਆਪਣੇ ਪਿਉ ਦਾਦਿਆਂ ਦੇ ਨਾਲ ਸੌਂ ਗਿਆ ਅਤੇ ਉਸ ਦਾ ਪੁੱਤ੍ਰ ਰਹਬੁਆਮ ਉਸ ਦੇ ਥਾਂ ਰਾਜ ਕਰਨ ਲੱਗਾ।’ (2 ਇਤਹਾਸ 9:31) ਅਜ਼ਰਾ ਨੇ ਸੁਲੇਮਾਨ ਬਾਰੇ ਇਹ ਨਹੀਂ ਲਿਖਿਆ ਕਿ ਉਹ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਿਆ ਸੀ। ਉਸ ਨੇ ਸੁਲੇਮਾਨ ਦੀਆਂ ਸਿਰਫ਼ ਇਹੀ ਗ਼ਲਤੀਆਂ ਲਿਖੀਆਂ ਸਨ ਕਿ ਉਸ ਨੇ ਮਿਸਰ ਤੋਂ ਆਪਣੇ ਲਈ ਬਹੁਤ ਸਾਰੇ ਘੋੜੇ ਮੰਗਵਾਏ ਸਨ ਅਤੇ ਉਸ ਨੇ ਫ਼ਿਰਊਨ ਦੀ ਧੀ ਨੂੰ ਵਿਆਹਿਆ ਸੀ। ਅਜ਼ਰਾ ਨੇ ਇਸ ਪੋਥੀ ਵਿਚ ਉਹੀ ਗੱਲਾਂ ਲਿਖੀਆਂ ਜਿਨ੍ਹਾਂ ਤੋਂ ਪੜ੍ਹਨ ਵਾਲੇ ਨੂੰ ਹੌਸਲਾ ਮਿਲੇ।
ਕੁਝ ਸਵਾਲਾਂ ਦੇ ਜਵਾਬ:
2:14—ਇਸ ਆਇਤ ਅਤੇ 1 ਰਾਜਿਆਂ 7:14 ਵਿਚ ਕਾਰੀਗਰ ਦੇ ਖ਼ਾਨਦਾਨ ਬਾਰੇ ਵੱਖਰੀ ਜਾਣਕਾਰੀ ਕਿਉਂ ਦਿੱਤੀ ਗਈ ਹੈ? ਰਾਜਿਆਂ ਦੀ ਪਹਿਲੀ ਪੋਥੀ ਵਿਚ ਕਾਰੀਗਰ ਦੀ ਮਾਂ ਬਾਰੇ ਕਿਹਾ ਗਿਆ ਕਿ “ਉਹ ਨਫਤਾਲੀ ਦੇ ਗੋਤ ਵਿੱਚੋਂ ਵਿਧਵਾ” ਸੀ ਕਿਉਂਕਿ ਉਹ ਉਸ ਗੋਤ ਦੇ ਆਦਮੀ ਨਾਲ ਵਿਆਹੀ ਹੋਈ ਸੀ। ਉਹ ਆਪ ਦਾਨ ਦੇ ਗੋਤ ਵਿੱਚੋਂ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਸੂਰ ਸ਼ਹਿਰ ਦੇ ਬੰਦੇ ਨਾਲ ਵਿਆਹ ਕਰਾਇਆ ਅਤੇ ਕਾਰੀਗਰ ਇਨ੍ਹਾਂ ਦਾ ਪੁੱਤਰ ਸੀ।
2:18; 8:10—ਇਨ੍ਹਾਂ ਆਇਤਾਂ ਵਿਚ ਦੱਸਿਆ ਗਿਆ ਹੈ ਕਿ ਕਾਮਿਆਂ ਉੱਤੇ 3,600 ਅਤੇ 250 ਸਰਦਾਰ ਥਾਪੇ ਗਏ ਸਨ, ਪਰ 1 ਰਾਜਿਆਂ 5:16 ਤੇ 9:23 ਮੁਤਾਬਕ 3,300 ਅਤੇ 550 ਸਰਦਾਰ ਥਾਪੇ ਗਏ ਸਨ। ਗਿਣਤੀ ਵਿਚ ਫ਼ਰਕ ਕਿਉਂ ਹੈ? ਹੋ ਸਕਦਾ ਹੈ ਕਿ ਇਤਹਾਸ ਦੀ ਦੂਜੀ ਪੋਥੀ ਵਿਚ ਸਰਦਾਰਾਂ ਨੂੰ 3,600 ਗ਼ੈਰ-ਇਸਰਾਏਲੀਆਂ ਤੇ 250 ਇਸਰਾਏਲੀਆਂ ਵਿਚ ਵੰਡਿਆ ਗਿਆ ਹੋਵੇ, ਪਰ ਰਾਜਿਆਂ ਦੀ ਪਹਿਲੀ ਪੋਥੀ ਵਿਚ ਇਨ੍ਹਾਂ ਸਰਦਾਰਾਂ ਨੂੰ ਆਪਣੇ ਰੁਤਬੇ ਮੁਤਾਬਕ ਵੰਡਿਆ ਗਿਆ ਸੀ। ਕਾਮਿਆਂ ਉੱਤੇ 550 ਸਰਦਾਰਾਂ ਨੂੰ ਜ਼ਿਆਦਾ ਅਧਿਕਾਰ ਦਿੱਤਾ ਗਿਆ ਸੀ ਤੇ 3,300 ਸਰਦਾਰਾਂ ਨੂੰ ਘੱਟ। ਵੰਡ ਭਾਵੇਂ ਜਿਵੇਂ ਮਰਜ਼ੀ ਕੀਤੀ ਗਈ ਸੀ, ਪਰ ਇਹ ਗੱਲ ਸਪੱਸ਼ਟ ਹੈ ਕਿ ਕੁੱਲ ਮਿਲਾ ਕੇ ਸਰਦਾਰਾਂ ਦੀ ਗਿਣਤੀ 3,850 ਸੀ।
4:2-4—ਢਾਲੇ ਹੋਏ ਸਾਗਰੀ ਹੌਦ (ਹੌਜ਼) ਦੇ ਥੜ੍ਹੇ ਨੂੰ ਬਲਦਾਂ ਦੇ ਰੂਪ ਵਿਚ ਕਿਉਂ ਬਣਾਇਆ ਗਿਆ ਸੀ? ਬਾਈਬਲ ਵਿਚ ਬਲਦ ਅਤੇ ਵਹਿੜਕੇ ਤਾਕਤ ਦੀ ਨਿਸ਼ਾਨੀ ਵਜੋਂ ਵਰਤੇ ਗਏ ਸਨ। (ਹਿਜ਼ਕੀਏਲ 1:10; ਪਰਕਾਸ਼ ਦੀ ਪੋਥੀ 4:6, 7) ਤਾਂ ਫਿਰ ਬਲਦਾਂ ਨੂੰ ਵਰਤਣਾ ਢੁਕਵਾਂ ਸੀ ਕਿਉਂਕਿ ਤਾਂਬੇ ਦੇ 12 ਬਲਦ ਭਾਰੇ ਹੌਜ਼ ਨੂੰ ਸਹਾਰਾ ਦਿੰਦੇ ਸਨ ਜਿਸ ਦਾ ਵਜ਼ਨ ਲਗਭਗ 30 ਟਨ ਸੀ। ਬਲਦਾਂ ਨੂੰ ਬਣਾਉਣਾ ਪਰਮੇਸ਼ੁਰ ਦੇ ਕਿਸੇ ਹੁਕਮ ਦੀ ਉਲੰਘਣਾ ਨਹੀਂ ਸੀ ਕਿਉਂਕਿ ਇਹ ਭਗਤੀ ਕਰਨ ਦੇ ਮਕਸਦ ਨਾਲ ਨਹੀਂ ਬਣਾਏ ਗਏ ਸਨ।—ਕੂਚ 20:4, 5.
4:5—ਸਾਗਰੀ ਹੌਦ ਵਿਚ ਕਿੰਨਾ ਪਾਣੀ ਭਰਿਆ ਜਾ ਸਕਦਾ ਸੀ? ਉਸ ਵਿਚ 3,000 ਬਤ ਯਾਨੀ 66,000 ਲੀਟਰ ਪਾਣੀ ਭਰਿਆ ਜਾ ਸਕਦਾ ਸੀ। ਆਮ ਕਰਕੇ ਉਸ ਨੂੰ ਸਿਰਫ਼ ਦੋ ਤਿਹਾਈ ਹੀ ਭਰਿਆ ਜਾਂਦਾ ਸੀ ਜਿਵੇਂ 1 ਰਾਜਿਆਂ 7:26 ਵਿਚ ਦੱਸਿਆ ਗਿਆ: “ਉਸ ਹੌਦ ਵਿਚ ਕੋਈ ਚਾਲੀ ਹਜ਼ਾਰ ਲੀਟਰ ਪਾਣੀ ਆ ਸਕਦਾ ਸੀ।”—ਪਵਿੱਤਰ ਬਾਈਬਲ ਨਵਾਂ ਅਨੁਵਾਦ।
5:4, 5, 10—ਸੁਲੇਮਾਨ ਦੁਆਰਾ ਬਣਾਏ ਯਹੋਵਾਹ ਦੇ ਭਵਨ ਵਿਚ ਮੰਡਲੀ ਦੇ ਤੰਬੂ ਦਾ ਕਿਹੜਾ ਸਾਜ਼-ਸਾਮਾਨ ਰੱਖਿਆ ਗਿਆ ਸੀ? ਉਸ ਵਿੱਚੋਂ ਸਿਰਫ਼ ਸੰਦੂਕ ਹੀ ਭਵਨ ਵਿਚ ਰੱਖਿਆ ਗਿਆ ਸੀ। ਭਵਨ ਦੇ ਨਿਰਮਾਣ ਤੋਂ ਬਾਅਦ ਲੱਗਦਾ ਹੈ ਕਿ ਤੰਬੂ ਨੂੰ ਗਿਬਓਨ ਤੋਂ ਲਿਆ ਕੇ ਯਰੂਸ਼ਲਮ ਵਿਚ ਸਾਂਭ ਕੇ ਰੱਖਿਆ ਗਿਆ ਸੀ।—2 ਇਤਹਾਸ 1:3, 4.
ਸਾਡੇ ਲਈ ਸਬਕ:
1:11, 12. ਸੁਲੇਮਾਨ ਨੇ ਯਹੋਵਾਹ ਤੋਂ ਬੁੱਧ ਤੇ ਗਿਆਨ ਮੰਗ ਕੇ ਆਪਣੇ ਦਿਲ ਦਾ ਸ਼ੀਸ਼ਾ ਦਿਖਾਇਆ। ਸਾਡੀਆਂ ਪ੍ਰਾਰਥਨਾਵਾਂ ਤੋਂ ਸਾਡੇ ਦਿਲ ਦਾ ਸ਼ੀਸ਼ਾ ਵੀ ਦਿੱਸਦਾ ਹੈ। ਇਸ ਲਈ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ।
6:4. ਯਹੋਵਾਹ ਦੀ ਵਫ਼ਾਦਾਰੀ ਅਤੇ ਭਲਾਈ ਲਈ ਸਾਨੂੰ ਉਸ ਦੀ ਮਹਿਮਾ ਕਰਨੀ ਚਾਹੀਦੀ ਹੈ।
6:18-21. ਯਹੋਵਾਹ ਕਿਸੇ ਮਕਾਨ ਵਿਚ ਨਹੀਂ ਵੱਸਦਾ, ਪਰ ਉਨ੍ਹੀਂ ਦਿਨੀਂ ਭਵਨ ਉਹ ਥਾਂ ਸੀ ਜਿੱਥੇ ਉਸ ਦੀ ਭਗਤੀ ਕੀਤੀ ਜਾਂਦੀ ਸੀ। ਇਸੇ ਤਰ੍ਹਾਂ ਅੱਜ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲਾਂ ਵਿਚ ਲੋਕ ਆ ਕੇ ਪਰਮੇਸ਼ੁਰ ਦੀ ਭਗਤੀ ਕਰ ਸਕਦੇ ਹਨ।
6:19, 22, 32. ਯਹੋਵਾਹ ਹਰ ਕਿਸੇ ਦੀ ਸੁਣਦਾ ਸੀ, ਭਾਵੇਂ ਉਹ ਰਾਜਾ ਹੋਵੇ, ਭਾਵੇਂ ਮਾਮੂਲੀ ਆਦਮੀ ਜਾਂ ਕੋਈ ਪਰਦੇਸੀ, ਜੇ ਉਹ ਸਾਫ਼ ਦਿਲ ਨਾਲ ਦੁਆ ਕਰਦਾ ਸੀ।a—ਜ਼ਬੂਰਾਂ ਦੀ ਪੋਥੀ 65:2.
ਦਾਊਦ ਦੇ ਖ਼ਾਨਦਾਨ ਦੇ ਬਾਦਸ਼ਾਹ
ਇਸਰਾਏਲ ਦਾ ਸੰਯੁਕਤ ਰਾਜ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ, ਯਾਨੀ ਉੱਤਰ ਵਿਚ ਦਸ ਗੋਤ ਅਤੇ ਦੱਖਣ ਵਿਚ ਯਹੂਦਾਹ ਅਤੇ ਬਿਨਯਾਮੀਨ ਦੇ ਦੋ ਗੋਤ। ਪੂਰੇ ਇਸਰਾਏਲ ਵਿਚ ਜਾਜਕਾਂ ਤੇ ਲੇਵੀਆਂ ਨੇ ਰਹਬੁਆਮ ਦਾ ਸਾਥ ਦਿੱਤਾ ਕਿਉਂਕਿ ਯਹੋਵਾਹ ਨੇ ਦਾਊਦ ਦੇ ਖ਼ਾਨਦਾਨ ਨੂੰ ਬਰਕਤਾਂ ਦੇਣ ਦਾ ਵਾਅਦਾ ਕੀਤਾ ਸੀ। ਭਵਨ ਦੀ ਉਸਾਰੀ ਪੂਰੀ ਹੋਈ ਨੂੰ ਮਸਾਂ 30 ਸਾਲ ਹੀ ਹੋਏ ਸਨ ਕਿ ਉਸ ਦੇ ਸਾਰੇ ਖ਼ਜ਼ਾਨੇ ਲੁੱਟੇ ਗਏ।
ਰਹਬੁਆਮ ਤੋਂ ਬਾਅਦ 19 ਬਾਦਸ਼ਾਹਾਂ ਵਿੱਚੋਂ 5 ਯਹੋਵਾਹ ਦੇ ਵਫ਼ਾਦਾਰ ਰਹੇ, 3 ਸ਼ੁਰੂ ਵਿਚ ਤਾਂ ਸਹੀ ਸਨ, ਪਰ ਬਾਅਦ ਵਿਚ ਪੁੱਠੇ ਰਾਹ ਪੈ ਗਏ ਅਤੇ ਇਕ ਬਾਦਸ਼ਾਹ ਪੁੱਠੇ ਰਾਹੋਂ ਮੁੜ ਕੇ ਸਹੀ ਰਾਹ ਤੁਰਨ ਲੱਗ ਪਿਆ ਸੀ। ਬਾਕੀ ਦੇ ਸਾਰੇ ਬਾਦਸ਼ਾਹਾਂ ਨੇ ਉਹ ਕੀਤਾ ਜਿਸ ਤੋਂ ਯਹੋਵਾਹ ਖ਼ੁਸ਼ ਨਹੀਂ ਸੀ।b ਇਤਹਾਸ ਦੀ ਦੂਜੀ ਪੋਥੀ ਵਿਚ ਖ਼ਾਸਕਰ ਉਨ੍ਹਾਂ 5 ਬਾਦਸ਼ਾਹਾਂ ਬਾਰੇ ਗੱਲ ਕੀਤੀ ਗਈ ਹੈ ਜਿਨ੍ਹਾਂ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ ਸੀ। ਯਰੂਸ਼ਲਮ ਵਾਪਸ ਆ ਕੇ ਯਹੋਵਾਹ ਦੀ ਭਗਤੀ ਫਿਰ ਤੋਂ ਸ਼ੁਰੂ ਕਰਨ ਵਾਲਿਆਂ ਯਹੂਦੀਆਂ ਨੂੰ ਇਹ ਬਿਰਤਾਂਤ ਪੜ੍ਹ ਕੇ ਹੌਸਲਾ ਮਿਲਿਆ ਹੋਣਾ ਕਿ ਬਾਦਸ਼ਾਹ ਹਿਜ਼ਕੀਯਾਹ ਨੇ ਯਹੋਵਾਹ ਦੀ ਹੈਕਲ ਵਿਚ ਸੇਵਾਵਾਂ ਮੁੜ ਕੇ ਸ਼ੁਰੂ ਕਰਵਾਈਆਂ ਸਨ ਅਤੇ ਬਾਦਸ਼ਾਹ ਯੋਸੀਯਾਹ ਨੇ ਪਸਾਹ ਦੇ ਦਿਨ ਵੱਡਾ ਤਿਉਹਾਰ ਮਨਾਇਆ ਸੀ।
ਕੁਝ ਸਵਾਲਾਂ ਦੇ ਜਵਾਬ:
13:5—“ਲੂਣ ਦੇ ਨੇਮ” ਦਾ ਕੀ ਮਤਲਬ ਹੈ? ਲੂਣ ਆਚਾਰ, ਸਬਜ਼ੀਆਂ ਤੇ ਹੋਰ ਚੀਜ਼ਾਂ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਹੈ। ਇਸ ਲਈ ਬਾਈਬਲ ਵਿਚ ਲੂਣ ਉਨ੍ਹਾਂ ਚੀਜ਼ਾਂ ਦਾ ਚਿੰਨ੍ਹ ਬਣ ਗਿਆ ਜੋ ਖ਼ਰਾਬ ਨਹੀਂ ਹੁੰਦੀਆਂ ਜਾਂ ਨਹੀਂ ਬਦਲਦੀਆਂ। ਤਾਂ ਫਿਰ “ਲੂਣ ਦੇ ਨੇਮ” ਦਾ ਮਤਲਬ ਅਜਿਹਾ ਨੇਮ ਸੀ ਜੋ ਸਦਾ ਲਈ ਰਹੇਗਾ।
14:2-5; 15:17—ਕੀ ਆਸਾ ਬਾਦਸ਼ਾਹ ਨੇ ਸਾਰੇ “ਉੱਚੇ ਅਸਥਾਨਾਂ” ਨੂੰ ਢਾਹ ਦਿੱਤਾ ਸੀ? ਸ਼ਾਇਦ ਨਹੀਂ। ਹੋ ਸਕਦਾ ਕਿ ਆਸਾ ਨੇ ਉਨ੍ਹਾਂ ਉੱਚੇ ਸਥਾਨਾਂ ਨੂੰ ਢਾਹ ਦਿੱਤਾ ਸੀ ਜਿੱਥੇ ਲੋਕ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ, ਪਰ ਉਨ੍ਹਾਂ ਸਥਾਨਾਂ ਨੂੰ ਨਹੀਂ ਜਿੱਥੇ ਯਹੋਵਾਹ ਦੀ ਭਗਤੀ ਕੀਤੀ ਜਾਂਦੀ ਸੀ। ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਲੋਕਾਂ ਨੇ ਉਨ੍ਹਾਂ ਸਥਾਨਾਂ ਨੂੰ ਫਿਰ ਉਸਾਰਿਆ ਸੀ ਜਿਨ੍ਹਾਂ ਨੂੰ ਆਸਾ ਨੇ ਢਾਹ ਸੁੱਟਿਆ ਸੀ। ਇਨ੍ਹਾਂ ਨੂੰ ਉਸ ਦੇ ਪੁੱਤਰ ਯਹੋਸ਼ਾਫ਼ਾਟ ਨੇ ਢਾਹ ਦਿੱਤਾ ਸੀ। ਦਰਅਸਲ ਯਹੋਸ਼ਾਫ਼ਾਟ ਦੇ ਰਾਜ ਦੌਰਾਨ ਵੀ ਸਾਰੇ ਉੱਚੇ ਸਥਾਨ ਢਾਹੇ ਨਹੀਂ ਗਏ ਸਨ।—2 ਇਤਹਾਸ 17:5, 6; 20:31-33.
15:9; 34:6—ਇਸਰਾਏਲ ਦੇ ਵੰਡੇ ਜਾਣ ਦੇ ਸਮੇਂ ਸ਼ਿਮਓਨ ਦੇ ਗੋਤ ਦਾ ਕੀ ਬਣਿਆ ਸੀ? ਸ਼ਿਮਓਨੀਆਂ ਦੀ ਮਿਲਖ ਯਾਨੀ ਉਨ੍ਹਾਂ ਦੀ ਜ਼ਮੀਨ ਯਹੂਦਾਹ ਅਤੇ ਬਿਨਯਾਮੀਨ ਦੀਆਂ ਸਰਹੱਦਾਂ ਦੇ ਅੰਦਰ ਸੀ। (ਯਹੋਸ਼ੁਆ 19:1) ਇਸ ਦੇ ਬਾਵਜੂਦ ਉਨ੍ਹਾਂ ਨੇ ਦਸ ਗੋਤਾਂ ਦੇ ਬਾਦਸ਼ਾਹ ਦਾ ਸਾਥ ਦਿੱਤਾ ਅਤੇ ਉਨ੍ਹਾਂ ਗੋਤਾਂ ਵਾਂਗ ਝੂਠੇ ਦੇਵਤਿਆਂ ਦੀ ਪੂਜਾ ਕੀਤੀ। (1 ਰਾਜਿਆਂ 11:30-33; 12:20-24) ਇਸ ਕਰਕੇ ਸ਼ਿਮਓਨ ਦਾ ਗੋਤ ਉੱਤਰੀ ਰਾਜ ਦਾ ਹਿੱਸਾ ਗਿਣਿਆ ਜਾਂਦਾ ਸੀ।
16:13, 14—ਕੀ ਆਸਾ ਦਾ ਦਾਹ-ਸੰਸਕਾਰ ਕੀਤਾ ਗਿਆ ਸੀ? ਨਹੀਂ, “ਇੱਕ ਵੱਡੀ ਅੱਗ” ਦਾ ਮਤਲਬ ਇੱਥੇ ਦਾਹ-ਸੰਸਕਾਰ ਨਹੀਂ, ਸਗੋਂ ਨਵਾਂ ਅਨੁਵਾਦ ਮੁਤਾਬਕ ਇਸ ਦਾ ਮਤਲਬ ਸੀ, “ਉਸ ਦੀ ਯਾਦ ਵਿਚ ਉਹਨਾਂ ਨੇ ਬਹੁਤ ਸੁਗੰਧਿਤ ਪਦਾਰਥ ਅੱਗ ਵਿਚ ਸਾੜੇ ਸਨ।”
35:3—ਯੋਸੀਯਾਹ ਨੇ ਪਵਿੱਤਰ ਸੰਦੂਕ ਨੂੰ ਕਿੱਥੋਂ ਲਿਆ ਕੇ ਭਵਨ ਵਿਚ ਰਖਵਾਇਆ ਸੀ? ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਯੋਸੀਯਾਹ ਦੇ ਰਾਜ ਤੋਂ ਪਹਿਲਾਂ ਕਿਸੇ ਭੈੜੇ ਬਾਦਸ਼ਾਹ ਨੇ ਸੰਦੂਕ ਨੂੰ ਭਵਨ ਵਿੱਚੋਂ ਚੁਕਵਾ ਕੇ ਕਿਤੇ ਹੋਰ ਰਖਵਾ ਦਿੱਤਾ ਸੀ ਜਾਂ ਯੋਸੀਯਾਹ ਨੇ ਹੀ ਭਵਨ ਦੀ ਮੁਰੰਮਤ ਕਰਵਾਉਣ ਵੇਲੇ ਸੰਦੂਕ ਨੂੰ ਕੁਝ ਸਮੇਂ ਲਈ ਕਿਤੇ ਰਖਵਾਇਆ ਸੀ। ਸੁਲੇਮਾਨ ਤੋਂ ਬਾਅਦ ਪਵਿੱਤਰ ਸੰਦੂਕ ਬਾਰੇ ਸਿਰਫ਼ ਇਕ ਵਾਰ ਹੀ ਗੱਲ ਕੀਤੀ ਗਈ ਹੈ ਯਾਨੀ ਜਦ ਯੋਸੀਯਾਹ ਨੇ ਉਸ ਨੂੰ ਭਵਨ ਵਿਚ ਰਖਵਾਇਆ ਸੀ।
ਸਾਡੇ ਲਈ ਸਬਕ:
13:13-18; 14:11, 12; 32:9-23. ਯਹੋਵਾਹ ਤੇ ਭਰੋਸਾ ਰੱਖਣਾ ਬਹੁਤ ਹੀ ਜ਼ਰੂਰੀ ਹੈ।
16:1-5, 7; 18:1-3, 28-32; 21:4-6; 22:10-12; 28:16-22. ਇਸਰਾਏਲੀਆਂ ਦੀ ਉਦਾਹਰਣ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਉਨ੍ਹਾਂ ਲੋਕਾਂ ਅਤੇ ਪਰਦੇਸੀਆਂ ਨਾਲ ਨਾਤਾ ਜੋੜਨ ਦੇ ਬੁਰੇ ਨਤੀਜੇ ਨਿਕਲਦੇ ਹਨ ਜੋ ਸੱਚੇ ਪਰਮੇਸ਼ੁਰ ਦੀ ਭਗਤੀ ਨਹੀਂ ਕਰਦੇ। ਦੁਨਿਆਵੀ ਲੋਕਾਂ ਨਾਲ ਜ਼ਰੂਰਤ ਤੋਂ ਜ਼ਿਆਦਾ ਤਅੱਲਕ ਨਾ ਰੱਖਣਾ ਅਕਲਮੰਦੀ ਦੀ ਗੱਲ ਹੋਵੇਗੀ।—ਯੂਹੰਨਾ 17:14, 16; ਯਾਕੂਬ 4:4.
16:7-12; 26:16-21; 32:25, 26. ਘਮੰਡ ਕਰ ਕੇ ਬਾਦਸ਼ਾਹ ਆਸਾ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਦੌਰਾਨ ਯਹੋਵਾਹ ਤੋਂ ਮੂੰਹ ਮੋੜ ਲਿਆ ਸੀ। ਬਾਦਸ਼ਾਹ ਉਜ਼ੀਯਾਹ ਦੇ ਦਿਲ ਵਿਚ ਵੀ ਹੰਕਾਰ ਆ ਗਿਆ ਸੀ ਜਿਸ ਕਰਕੇ ਉਹ ਪੁੱਠੇ ਰਾਹ ਤੁਰ ਪਿਆ। ਜਦੋਂ ਬਾਦਸ਼ਾਹ ਹਿਜ਼ਕੀਯਾਹ ਨੇ ਬਾਬਲੀ ਬੰਦਿਆਂ ਨੂੰ ਆਪਣੇ ਖ਼ਜ਼ਾਨੇ ਦਿਖਾਉਣ ਦੀ ਨਾਸਮਝੀ ਕੀਤੀ, ਤਾਂ ਸ਼ਾਇਦ ਉਸ ਨੇ ਗਰੂਰ ਵਿਚ ਆ ਕੇ ਇੱਦਾਂ ਕੀਤਾ ਸੀ। (ਯਸਾਯਾਹ 39:1-7) “ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।”—ਕਹਾਉਤਾਂ 16:18.
16:9. ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰੀ ਨਿਹਚਾ ਰੱਖਦਾ ਹੈ ਅਤੇ ਉਹ ਉਨ੍ਹਾਂ ਵਾਸਤੇ ਆਪਣੀ ਤਾਕਤ ਵਰਤਣ ਲਈ ਤਿਆਰ ਰਹਿੰਦਾ ਹੈ।
18:12, 13, 23, 24, 27. ਮੀਕਾਯਾਹ ਨਬੀ ਵਾਂਗ ਸਾਨੂੰ ਵੀ ਹਿੰਮਤ ਤੇ ਦਲੇਰੀ ਨਾਲ ਸਾਰਿਆਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਯਹੋਵਾਹ ਹੁਣ ਅਤੇ ਭਵਿੱਖ ਵਿਚ ਕੀ ਕਰਨ ਵਾਲਾ ਹੈ।
19:1-3. ਕਦੇ-ਕਦੇ ਅਸੀਂ ਗ਼ਲਤੀਆਂ ਕਰਦੇ ਹਾਂ ਜਿਸ ਕਰਕੇ ਯਹੋਵਾਹ ਦਾ ਗੁੱਸੇ ਹੋਣਾ ਜਾਇਜ਼ ਹੈ, ਪਰ ਇਸ ਦੇ ਬਾਵਜੂਦ ਉਹ ਸਾਡੇ ਵਿਚ ਅਛਾਈ ਭਾਲਦਾ ਹੈ।
20:1-28. ਜਦੋਂ ਅਸੀਂ ਨਿਮਰਤਾ ਨਾਲ ਯਹੋਵਾਹ ਤੋਂ ਮਦਦ ਮੰਗਦੇ ਹਾਂ, ਤਾਂ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀ ਪ੍ਰਾਰਥਨਾ ਸੁਣੇਗਾ।—ਕਹਾਉਤਾਂ 15:29.
20:17. ਯਹੂਦਾਹ ਦੇ ਲੋਕਾਂ ਨੇ ਆਪਣੇ ਤੇ ਭਰੋਸਾ ਨਹੀਂ ਰੱਖਿਆ। ਇਸ ਤਰ੍ਹਾਂ ਸਾਨੂੰ ਵੀ ਆਪਣੇ ਤੇ ਨਹੀਂ ਬਲਕਿ ਯਹੋਵਾਹ ਤੇ ਪੂਰਾ ਭਰੋਸਾ ਰੱਖਣ ਦੀ ਲੋੜ ਹੈ। ਜੇ ਅਸੀਂ ਯਹੋਵਾਹ ਦੀ ਭਗਤੀ ਨੂੰ ਪਹਿਲ ਦੇਵਾਂਗੇ, ਤਾਂ ਯਹੋਵਾਹ ਸਾਡੀ ਰੱਖਿਆ ਕਰੇਗਾ।
24:17-19; 25:14. ਯੋਆਸ਼ ਤੇ ਉਸ ਦਾ ਪੁੱਤਰ ਅਮਸਯਾਹ ਝੂਠੇ ਦੇਵਤਿਆਂ ਦੀ ਪੂਜਾ ਕਰਨ ਦੇ ਫੰਦੇ ਵਿਚ ਫਸੇ ਸਨ। ਅੱਜ ਅਸੀਂ ਵੀ ਮੂਰਤੀ-ਪੂਜਾ ਕਰਨ ਦੇ ਫੰਦੇ ਵਿਚ ਪੈ ਸਕਦੇ ਹਾਂ, ਖ਼ਾਸਕਰ ਲੋਭ ਜਾਂ ਦੇਸ਼ਭਗਤੀ ਜੋ ਇਕ ਕਿਸਮ ਦੀ ਮੂਰਤੀ-ਪੂਜਾ ਹੈ।—ਕੁਲੁੱਸੀਆਂ 3:5; ਪਰਕਾਸ਼ ਦੀ ਪੋਥੀ 13:4.
32:6, 7. “ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ” ਪਹਿਨ ਕੇ ਸਾਨੂੰ ਵੀ ਸ਼ਤਾਨ ਦੇ ਹਮਲਿਆਂ ਦਾ ਬਹਾਦਰੀ ਨਾਲ ਸਾਮ੍ਹਣਾ ਕਰਨ ਦੀ ਲੋੜ ਹੈ।—ਅਫ਼ਸੀਆਂ 6:11-18.
33:2-9, 12, 13, 15, 16. ਅਸੀਂ ਪੁੱਠਾ ਰਾਹ ਛੱਡ ਕੇ ਅਤੇ ਸਹੀ ਰਾਹ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰ ਕੇ ਜ਼ਾਹਰ ਕਰਦੇ ਹਾਂ ਕਿ ਸਾਨੂੰ ਸੱਚ-ਮੁੱਚ ਆਪਣੀ ਗ਼ਲਤੀ ਤੇ ਪਛਤਾਵਾ ਹੈ। ਸੱਚੀ ਤੋਬਾ ਦੇਖ ਕੇ ਯਹੋਵਾਹ ਬਾਦਸ਼ਾਹ ਮਨੱਸ਼ਹ ਵਰਗੇ ਦੁਸ਼ਟ ਇਨਸਾਨ ਨੂੰ ਵੀ ਮਾਫ਼ ਕਰ ਸਕਦਾ ਹੈ।
34:1-3. ਬਚਪਨ ਵਿਚ ਹੋਏ ਮਾੜੇ ਤਜਰਬਿਆਂ ਦੇ ਬਾਵਜੂਦ ਅਸੀਂ ਯਹੋਵਾਹ ਨੂੰ ਜਾਣ ਸਕਦੇ ਹਾਂ ਤੇ ਉਸ ਦੀ ਸੇਵਾ ਕਰ ਸਕਦੇ ਹਾਂ। ਯੋਸੀਯਾਹ ਦੇ ਦਾਦੇ ਮਨੱਸ਼ਹ ਨੇ ਆਪਣੇ ਮਾੜੇ ਕੰਮਾਂ ਤੋਂ ਤੋਬਾ ਕਰ ਕੇ ਯੋਸੀਯਾਹ ਦੇ ਬਚਪਨ ਉੱਤੇ ਚੰਗਾ ਪ੍ਰਭਾਵ ਪਾਇਆ ਸੀ। ਮਨੱਸ਼ਹ ਨੇ ਆਪਣੇ ਪੋਤੇ ਨੂੰ ਜੋ ਵੀ ਪਰਮੇਸ਼ੁਰ ਬਾਰੇ ਸਿਖਾਇਆ, ਉਸ ਦੇ ਬਾਅਦ ਵਿਚ ਚੰਗੇ ਨਤੀਜੇ ਨਿਕਲੇ। ਇਸੇ ਤਰ੍ਹਾਂ ਅਸੀਂ ਵੀ ਪਰਮੇਸ਼ੁਰ ਬਾਰੇ ਸਿੱਖ ਕੇ ਉਸ ਦੀ ਭਗਤੀ ਕਰ ਸਕਦੇ ਹਾਂ।
36:15-17. ਯਹੋਵਾਹ ਰਹਿਮ ਤੇ ਧੀਰਜ ਕਰਦਾ ਹੈ, ਪਰ ਉਸ ਦੇ ਰਹਿਮ ਤੇ ਧੀਰਜ ਦੀ ਹੱਦ ਹੈ। ਇਸ ਦੁਸ਼ਟ ਦੁਨੀਆਂ ਦੇ ਅੰਤ ਤੋਂ ਜੇ ਕੋਈ ਬਚਣਾ ਚਾਹੁੰਦਾ ਹੈ, ਤਾਂ ਉਸ ਲਈ ਜ਼ਰੂਰੀ ਹੈ ਕਿ ਉਹ ਯਹੋਵਾਹ ਦੀਆਂ ਚੇਤਾਵਨੀਆਂ ਵੱਲ ਧਿਆਨ ਦੇਵੇ।
36:17, 22, 23. ਯਹੋਵਾਹ ਦਾ ਬਚਨ ਹਮੇਸ਼ਾ ਪੂਰਾ ਹੁੰਦਾ ਹੈ।—1 ਰਾਜਿਆਂ 9:7, 8; ਯਿਰਮਿਯਾਹ 25:9-11.
ਪੋਥੀ ਨੇ ਉਸ ਨੂੰ ਕਦਮ ਚੁੱਕਣ ਲਈ ਪ੍ਰੇਰਿਆ
ਦੂਜਾ ਇਤਹਾਸ 34:33 ਵਿਚ ਦੱਸਿਆ ਗਿਆ ਹੈ: “ਯੋਸੀਯਾਹ ਨੇ ਇਸਰਾਏਲੀਆਂ ਦੀ ਸਾਰੀ ਧਰਤੀ ਵਿੱਚੋਂ ਘਿਣਾਉਣੀਆਂ ਚੀਜ਼ਾਂ ਨੂੰ ਦੂਰ ਕੀਤਾ ਅਤੇ ਇਸਰਾਏਲੀ ਜਿਹੜੇ ਹਾਜ਼ਰ ਸਨ ਉਨ੍ਹਾਂ ਤੋਂ ਯਹੋਵਾਹ ਉਨ੍ਹਾਂ ਦੇ ਪਰਮੇਸ਼ੁਰ ਦੀ ਉਪਾਸਨਾ ਕਰਾਈ।” ਯੋਸੀਯਾਹ ਨੇ ਇਸ ਤਰ੍ਹਾਂ ਕਿਉਂ ਕੀਤਾ ਸੀ? ਯਹੋਵਾਹ ਦੇ ਭਵਨ ਦੀ ਮੁਰੰਮਤ ਵੇਲੇ ਮੂਸਾ ਦੀ ਬਿਵਸਥਾ ਲੱਭੀ ਸੀ। ਸ਼ਾਫ਼ਾਨ ਲਿਖਾਰੀ ਨੇ ਇਸ ਬਿਵਸਥਾ ਨੂੰ ਬਾਦਸ਼ਾਹ ਦੇ ਸਾਮ੍ਹਣੇ ਪੜ੍ਹਿਆ। ਪਰਮੇਸ਼ੁਰ ਦਾ ਬਚਨ ਸੁਣ ਕੇ ਯੋਸੀਯਾਹ ਦੇ ਦਿਲ ਵਿਚ ਲੋਕਾਂ ਨੂੰ ਮੁੜ ਸੱਚੀ ਉਪਾਸਨਾ ਕਰਨ ਦਾ ਉਤਸ਼ਾਹ ਦੇਣ ਦੀ ਇੱਛਾ ਪੈਦਾ ਹੋਈ।
ਪਰਮੇਸ਼ੁਰ ਦਾ ਬਚਨ ਪੜ੍ਹ ਕੇ ਅਤੇ ਉਸ ਤੇ ਮਨਨ ਕਰ ਕੇ ਸਾਡੇ ਦਿਲ ਤੇ ਵੀ ਇਸ ਦਾ ਡੂੰਘਾ ਅਸਰ ਪੈ ਸਕਦਾ ਹੈ। ਬਾਦਸ਼ਾਹ ਦਾਊਦ ਦੇ ਖ਼ਾਨਦਾਨ ਦੇ ਬਾਦਸ਼ਾਹਾਂ ਬਾਰੇ ਸੋਚ-ਵਿਚਾਰ ਕਰਨ ਤੋਂ ਬਾਅਦ, ਕੀ ਅਸੀਂ ਵੀ ਉਨ੍ਹਾਂ ਦੀ ਨਕਲ ਨਹੀਂ ਕਰਨੀ ਚਾਹੁੰਦੇ ਜਿਨ੍ਹਾਂ ਨੇ ਯਹੋਵਾਹ ਤੇ ਪੂਰਾ ਭਰੋਸਾ ਰੱਖਿਆ ਸੀ ਅਤੇ ਪੁੱਠੇ ਰਾਹ ਤੇ ਨਹੀਂ ਤੁਰੇ? ਇਤਹਾਸ ਦੀ ਦੂਜੀ ਪੋਥੀ ਸਾਡੇ ਵਿਚ ਜੋਸ਼ ਭਰਦੀ ਹੈ ਕਿ ਅਸੀਂ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਦੇ ਰਹੀਏ। ਇਸ ਪੋਥੀ ਦਾ ਸੰਦੇਸ਼ ਜੀਉਂਦਾ ਅਤੇ ਗੁਣਕਾਰ ਹੈ।—ਇਬਰਾਨੀਆਂ 4:12.
[ਫੁਟਨੋਟ]
a ਭਵਨ ਦੇ ਉਦਘਾਟਨ ਬਾਰੇ ਜਾਂ ਉਸ ਸਮੇਂ ਸੁਲੇਮਾਨ ਵੱਲੋਂ ਕੀਤੀ ਪ੍ਰਾਰਥਨਾ ਬਾਰੇ ਹੋਰ ਜਾਣਕਾਰੀ ਲੈਣ ਲਈ ਪਹਿਰਾਬੁਰਜ, 1 ਜੁਲਾਈ 2005, ਸਫ਼ੇ 28-31 ਦੇਖੋ।
b ਯਹੂਦਾਹ ਦੇ ਰਾਜਿਆਂ ਦੀ ਤਰਤੀਬਵਾਰ ਲਿਸਟ ਲਈ ਪਹਿਰਾਬੁਰਜ 1 ਅਗਸਤ 2005, ਸਫ਼ਾ 12 ਦੇਖੋ।
[ਸਫ਼ੇ 18 ਉੱਤੇ ਤਸਵੀਰ]
ਕੀ ਤੁਸੀਂ ਜਾਣਦੇ ਹੋ ਕਿ ਸਾਗਰੀ ਹੌਦ ਦੇ ਥੜ੍ਹੇ ਨੂੰ ਬਲਦਾਂ ਦੇ ਰੂਪ ਵਿਚ ਕਿਉਂ ਬਣਾਇਆ ਗਿਆ ਸੀ?
[ਸਫ਼ੇ 21 ਉੱਤੇ ਤਸਵੀਰ]
ਭਾਵੇਂ ਯੋਸੀਯਾਹ ਨੂੰ ਬਚਪਨ ਵਿਚ ਭੈੜੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਿਆ ਸੀ, ਫਿਰ ਵੀ ਵੱਡਾ ਹੋ ਕੇ ਉਹ ਯਹੋਵਾਹ ਦਾ ਵਫ਼ਾਦਾਰ ਸੇਵਕ ਬਣਿਆ