ਦੂਜਾ ਇਤਿਹਾਸ
18 ਯਹੋਸ਼ਾਫ਼ਾਟ ਨੂੰ ਬਹੁਤ ਸਾਰੀ ਧਨ-ਦੌਲਤ ਤੇ ਮਹਿਮਾ ਮਿਲੀ,+ ਪਰ ਉਸ ਨੇ ਅਹਾਬ ਨਾਲ ਰਿਸ਼ਤੇਦਾਰੀ ਗੰਢ ਲਈ।+ 2 ਕੁਝ ਸਾਲਾਂ ਬਾਅਦ ਉਹ ਸਾਮਰਿਯਾ ਵਿਚ ਅਹਾਬ ਕੋਲ ਗਿਆ+ ਅਤੇ ਅਹਾਬ ਨੇ ਉਸ ਲਈ ਤੇ ਉਸ ਦੇ ਨਾਲ ਦੇ ਲੋਕਾਂ ਲਈ ਬਹੁਤ ਸਾਰੀਆਂ ਭੇਡਾਂ ਤੇ ਪਸ਼ੂਆਂ ਦੀ ਬਲ਼ੀ ਚੜ੍ਹਾਈ। ਅਤੇ ਉਸ ਨੇ ਉਸ ʼਤੇ ਜ਼ੋਰ ਪਾਇਆ* ਕਿ ਉਹ ਰਾਮੋਥ-ਗਿਲਆਦ+ ʼਤੇ ਹਮਲਾ ਕਰੇ। 3 ਫਿਰ ਇਜ਼ਰਾਈਲ ਦੇ ਰਾਜੇ ਅਹਾਬ ਨੇ ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਨੂੰ ਕਿਹਾ: “ਕੀ ਤੂੰ ਮੇਰੇ ਨਾਲ ਰਾਮੋਥ-ਗਿਲਆਦ ਨੂੰ ਚੱਲੇਂਗਾ?” ਉਸ ਨੇ ਜਵਾਬ ਦਿੱਤਾ: “ਮੈਂ ਵੀ ਤੇਰੇ ਵਰਗਾ ਹੀ ਹਾਂ ਅਤੇ ਮੇਰੇ ਲੋਕ ਵੀ ਤੇਰੇ ਲੋਕਾਂ ਵਰਗੇ ਹਨ ਤੇ ਉਹ ਯੁੱਧ ਵਿਚ ਤੇਰਾ ਸਾਥ ਦੇਣਗੇ।”
4 ਪਰ ਯਹੋਸ਼ਾਫ਼ਾਟ ਨੇ ਇਜ਼ਰਾਈਲ ਦੇ ਰਾਜੇ ਨੂੰ ਕਿਹਾ: “ਕਿਰਪਾ ਕਰ ਕੇ ਪਹਿਲਾਂ ਯਹੋਵਾਹ ਤੋਂ ਪੁੱਛ ਲੈ।”+ 5 ਇਸ ਲਈ ਇਜ਼ਰਾਈਲ ਦੇ ਰਾਜੇ ਨੇ ਸਾਰੇ ਨਬੀਆਂ ਨੂੰ ਇਕੱਠਾ ਕੀਤਾ ਜੋ 400 ਆਦਮੀ ਸਨ ਅਤੇ ਉਨ੍ਹਾਂ ਨੂੰ ਪੁੱਛਿਆ: “ਕੀ ਅਸੀਂ ਰਾਮੋਥ-ਗਿਲਆਦ ਖ਼ਿਲਾਫ਼ ਯੁੱਧ ਲੜਨ ਜਾਈਏ ਜਾਂ ਮੈਂ ਰਹਿਣ ਦਿਆਂ?” ਉਨ੍ਹਾਂ ਨੇ ਕਿਹਾ: “ਜਾਹ, ਅਤੇ ਸੱਚਾ ਪਰਮੇਸ਼ੁਰ ਉਸ ਨੂੰ ਰਾਜੇ ਦੇ ਹੱਥ ਵਿਚ ਦੇ ਦੇਵੇਗਾ।”
6 ਫਿਰ ਯਹੋਸ਼ਾਫ਼ਾਟ ਨੇ ਕਿਹਾ: “ਕੀ ਇੱਥੇ ਯਹੋਵਾਹ ਦਾ ਕੋਈ ਨਬੀ ਨਹੀਂ ਹੈ?+ ਆਪਾਂ ਉਸ ਦੇ ਜ਼ਰੀਏ ਵੀ ਪੁੱਛ ਲੈਂਦੇ ਹਾਂ।”+ 7 ਇਹ ਸੁਣ ਕੇ ਇਜ਼ਰਾਈਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ: “ਇਕ ਹੋਰ ਆਦਮੀ ਹੈ+ ਜਿਸ ਦੇ ਜ਼ਰੀਏ ਅਸੀਂ ਯਹੋਵਾਹ ਤੋਂ ਪੁੱਛ ਸਕਦੇ ਹਾਂ; ਪਰ ਮੈਨੂੰ ਉਸ ਨਾਲ ਨਫ਼ਰਤ ਹੈ ਕਿਉਂਕਿ ਉਹ ਮੇਰੇ ਬਾਰੇ ਕਦੇ ਵੀ ਚੰਗੀਆਂ ਗੱਲਾਂ ਦੀ ਭਵਿੱਖਬਾਣੀ ਨਹੀਂ ਕਰਦਾ, ਸਗੋਂ ਹਮੇਸ਼ਾ ਬੁਰੀਆਂ ਗੱਲਾਂ ਹੀ ਦੱਸਦਾ ਹੈ।+ ਉਹ ਯਿਮਲਾਹ ਦਾ ਪੁੱਤਰ ਮੀਕਾਯਾਹ ਹੈ।” ਪਰ ਯਹੋਸ਼ਾਫ਼ਾਟ ਨੇ ਕਿਹਾ: “ਰਾਜੇ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ।”
8 ਇਸ ਲਈ ਇਜ਼ਰਾਈਲ ਦੇ ਰਾਜੇ ਨੇ ਇਕ ਦਰਬਾਰੀ ਨੂੰ ਬੁਲਾ ਕੇ ਕਿਹਾ: “ਯਿਮਲਾਹ ਦੇ ਪੁੱਤਰ ਮੀਕਾਯਾਹ ਨੂੰ ਹੁਣੇ ਹਾਜ਼ਰ ਕਰੋ।”+ 9 ਹੁਣ ਇਜ਼ਰਾਈਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਸ਼ਾਹੀ ਕੱਪੜੇ ਪਹਿਨੀ ਆਪੋ-ਆਪਣੇ ਸਿੰਘਾਸਣ ʼਤੇ ਬੈਠੇ ਸਨ; ਉਹ ਸਾਮਰਿਯਾ ਦੇ ਦਰਵਾਜ਼ੇ ਦੇ ਲਾਂਘੇ ਕੋਲ ਪਿੜ* ਵਿਚ ਬੈਠੇ ਸਨ ਤੇ ਸਾਰੇ ਨਬੀ ਉਨ੍ਹਾਂ ਅੱਗੇ ਭਵਿੱਖਬਾਣੀ ਕਰ ਰਹੇ ਸਨ। 10 ਫਿਰ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਆਪਣੇ ਲਈ ਲੋਹੇ ਦੇ ਸਿੰਗ ਬਣਾਏ ਅਤੇ ਉਸ ਨੇ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਇਨ੍ਹਾਂ ਨਾਲ ਤੂੰ ਸੀਰੀਆਈ ਫ਼ੌਜ ਨੂੰ ਉਦੋਂ ਤਕ ਮਾਰਦਾ* ਰਹੇਂਗਾ ਜਦ ਤਕ ਤੂੰ ਉਨ੍ਹਾਂ ਦਾ ਨਾਮੋ-ਨਿਸ਼ਾਨ ਨਾ ਮਿਟਾ ਦੇਵੇਂ।’” 11 ਬਾਕੀ ਸਾਰੇ ਨਬੀ ਵੀ ਇਹੀ ਭਵਿੱਖਬਾਣੀ ਕਰਦੇ ਹੋਏ ਕਹਿ ਰਹੇ ਸਨ: “ਰਾਮੋਥ-ਗਿਲਆਦ ਨੂੰ ਜਾਹ ਅਤੇ ਤੂੰ ਸਫ਼ਲ ਹੋਵੇਂਗਾ;+ ਯਹੋਵਾਹ ਉਸ ਨੂੰ ਰਾਜੇ ਦੇ ਹੱਥ ਵਿਚ ਦੇ ਦੇਵੇਗਾ।”
12 ਇਸ ਲਈ ਜਿਹੜਾ ਬੰਦਾ ਮੀਕਾਯਾਹ ਨੂੰ ਬੁਲਾਉਣ ਗਿਆ ਸੀ, ਉਸ ਨੇ ਉਸ ਨੂੰ ਕਿਹਾ: “ਦੇਖ! ਸਾਰੇ ਨਬੀ ਰਾਜੇ ਦੇ ਪੱਖ ਵਿਚ ਇੱਕੋ ਜਿਹੀਆਂ ਗੱਲਾਂ ਕਹਿ ਰਹੇ ਹਨ। ਕਿਰਪਾ ਕਰ ਕੇ ਤੂੰ ਵੀ ਉਨ੍ਹਾਂ ਵਾਂਗ ਕੋਈ ਚੰਗੀ ਗੱਲ ਕਹੀਂ।”+ 13 ਪਰ ਮੀਕਾਯਾਹ ਨੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਮੈਂ ਤਾਂ ਉਹੀ ਬੋਲਾਂਗਾ ਜੋ ਮੇਰਾ ਪਰਮੇਸ਼ੁਰ ਦੱਸਦਾ ਹੈ।”+ 14 ਫਿਰ ਉਹ ਰਾਜੇ ਕੋਲ ਆਇਆ ਅਤੇ ਰਾਜੇ ਨੇ ਉਸ ਨੂੰ ਪੁੱਛਿਆ: “ਮੀਕਾਯਾਹ, ਕੀ ਅਸੀਂ ਰਾਮੋਥ-ਗਿਲਆਦ ਖ਼ਿਲਾਫ਼ ਯੁੱਧ ਲੜਨ ਜਾਈਏ ਜਾਂ ਮੈਂ ਰਹਿਣ ਦਿਆਂ?” ਉਸ ਨੇ ਤੁਰੰਤ ਜਵਾਬ ਦਿੱਤਾ: “ਜਾਹ ਅਤੇ ਤੂੰ ਸਫ਼ਲ ਹੋਵੇਂਗਾ; ਉਨ੍ਹਾਂ ਨੂੰ ਤੁਹਾਡੇ ਹੱਥ ਵਿਚ ਦੇ ਦਿੱਤਾ ਜਾਵੇਗਾ।” 15 ਇਹ ਸੁਣ ਕੇ ਰਾਜੇ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਕਿੰਨੀ ਵਾਰ ਸਹੁੰ ਚੁਕਾਵਾਂ ਕਿ ਤੂੰ ਮੇਰੇ ਨਾਲ ਯਹੋਵਾਹ ਦੇ ਨਾਂ ʼਤੇ ਸੱਚ ਤੋਂ ਸਿਵਾਇ ਕੁਝ ਹੋਰ ਨਾ ਬੋਲੀਂ?” 16 ਇਸ ਲਈ ਉਸ ਨੇ ਕਿਹਾ: “ਮੈਂ ਸਾਰੇ ਇਜ਼ਰਾਈਲੀਆਂ ਨੂੰ ਪਹਾੜਾਂ ਉੱਤੇ ਉਨ੍ਹਾਂ ਭੇਡਾਂ ਵਾਂਗ ਖਿੰਡੇ ਹੋਏ ਦੇਖਦਾ ਹਾਂ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ।+ ਯਹੋਵਾਹ ਕਹਿੰਦਾ ਹੈ: ‘ਉਨ੍ਹਾਂ ਦਾ ਕੋਈ ਮਾਲਕ ਨਹੀਂ ਹੈ। ਹਰ ਕੋਈ ਸ਼ਾਂਤੀ ਨਾਲ ਆਪੋ-ਆਪਣੇ ਘਰ ਮੁੜ ਜਾਵੇ।’”
17 ਫਿਰ ਇਜ਼ਰਾਈਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ: “ਕੀ ਮੈਂ ਤੈਨੂੰ ਨਹੀਂ ਕਿਹਾ ਸੀ, ‘ਉਹ ਮੇਰੇ ਬਾਰੇ ਚੰਗੀਆਂ ਗੱਲਾਂ ਦੀ ਨਹੀਂ, ਸਗੋਂ ਬੁਰੀਆਂ ਗੱਲਾਂ ਦੀ ਹੀ ਭਵਿੱਖਬਾਣੀ ਕਰੇਗਾ’?”+
18 ਇਸ ਤੋਂ ਬਾਅਦ ਮੀਕਾਯਾਹ ਨੇ ਕਿਹਾ: “ਤਾਂ ਫਿਰ ਸੁਣ ਯਹੋਵਾਹ ਦਾ ਬਚਨ: ਮੈਂ ਯਹੋਵਾਹ ਨੂੰ ਆਪਣੇ ਸਿੰਘਾਸਣ ʼਤੇ ਬਿਰਾਜਮਾਨ ਦੇਖਿਆ+ ਅਤੇ ਸਵਰਗ ਦੀ ਸਾਰੀ ਫ਼ੌਜ+ ਉਸ ਦੇ ਸੱਜੇ ਤੇ ਖੱਬੇ ਪਾਸੇ ਖੜ੍ਹੀ ਸੀ।+ 19 ਫਿਰ ਯਹੋਵਾਹ ਨੇ ਕਿਹਾ: ‘ਕੌਣ ਇਜ਼ਰਾਈਲ ਦੇ ਰਾਜੇ ਅਹਾਬ ਨੂੰ ਮੂਰਖ ਬਣਾਵੇਗਾ ਤਾਂਕਿ ਉਹ ਜਾਵੇ ਅਤੇ ਰਾਮੋਥ-ਗਿਲਆਦ ਵਿਚ ਮਾਰਿਆ ਜਾਵੇ?’ ਅਤੇ ਇਕ ਜਣਾ ਕੁਝ ਕਹਿ ਰਿਹਾ ਸੀ ਅਤੇ ਦੂਜਾ ਕੁਝ ਹੋਰ। 20 ਫਿਰ ਇਕ ਦੂਤ*+ ਅੱਗੇ ਆਇਆ ਅਤੇ ਯਹੋਵਾਹ ਅੱਗੇ ਖੜ੍ਹ ਕੇ ਕਹਿਣ ਲੱਗਾ, ‘ਮੈਂ ਉਸ ਨੂੰ ਮੂਰਖ ਬਣਾਵਾਂਗਾ।’ ਯਹੋਵਾਹ ਨੇ ਉਸ ਨੂੰ ਪੁੱਛਿਆ, ‘ਤੂੰ ਇਹ ਕਿਵੇਂ ਕਰੇਂਗਾ?’ 21 ਉਸ ਨੇ ਜਵਾਬ ਦਿੱਤਾ, ‘ਮੈਂ ਜਾਵਾਂਗਾ ਅਤੇ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿਚ ਝੂਠੀਆਂ ਗੱਲਾਂ ਪਾਵਾਂਗਾ।’* ਇਸ ਲਈ ਉਸ ਨੇ ਕਿਹਾ, ‘ਤੂੰ ਜ਼ਰੂਰ ਉਸ ਨੂੰ ਮੂਰਖ ਬਣਾਵੇਂਗਾ, ਹੋਰ ਤਾਂ ਹੋਰ, ਤੂੰ ਸਫ਼ਲ ਵੀ ਹੋਵੇਂਗਾ। ਜਾਹ ਅਤੇ ਇਸੇ ਤਰ੍ਹਾਂ ਕਰ।’ 22 ਇਸੇ ਕਰਕੇ ਹੁਣ ਯਹੋਵਾਹ ਨੇ ਤੇਰੇ ਇਨ੍ਹਾਂ ਨਬੀਆਂ ਦੇ ਮੂੰਹਾਂ ਵਿਚ ਝੂਠੀਆਂ ਗੱਲਾਂ ਪਾਈਆਂ ਹਨ,*+ ਪਰ ਯਹੋਵਾਹ ਨੇ ਤੇਰੇ ʼਤੇ ਬਿਪਤਾ ਲਿਆਉਣ ਦਾ ਐਲਾਨ ਕੀਤਾ ਹੈ।”
23 ਫਿਰ ਕਨਾਨਾਹ ਦੇ ਪੁੱਤਰ ਸਿਦਕੀਯਾਹ+ ਨੇ ਮੀਕਾਯਾਹ+ ਕੋਲ ਜਾ ਕੇ ਉਸ ਦੀ ਗੱਲ੍ਹ ʼਤੇ ਚਪੇੜ ਮਾਰੀ+ ਅਤੇ ਕਿਹਾ: “ਯਹੋਵਾਹ ਦੀ ਸ਼ਕਤੀ ਮੇਰੇ ਕੋਲੋਂ ਕਿੱਧਰੋਂ ਦੀ ਲੰਘ ਕੇ ਤੇਰੇ ਨਾਲ ਗੱਲ ਕਰਨ ਗਈ?”+ 24 ਮੀਕਾਯਾਹ ਨੇ ਜਵਾਬ ਦਿੱਤਾ: “ਕਿੱਧਰੋਂ ਦੀ ਲੰਘ ਕੇ ਗਈ ਤਾਂ ਤੈਨੂੰ ਉਸ ਦਿਨ ਪਤਾ ਲੱਗੂ ਜਿਸ ਦਿਨ ਤੂੰ ਕੋਠੜੀ ਅੰਦਰ ਜਾ ਕੇ ਲੁਕੇਂਗਾ।” 25 ਫਿਰ ਇਜ਼ਰਾਈਲ ਦੇ ਰਾਜੇ ਨੇ ਕਿਹਾ: “ਲੈ ਜਾਓ ਮੀਕਾਯਾਹ ਨੂੰ ਅਤੇ ਇਹਨੂੰ ਸ਼ਹਿਰ ਦੇ ਮੁਖੀ ਆਮੋਨ ਅਤੇ ਰਾਜੇ ਦੇ ਪੁੱਤਰ ਯੋਆਸ਼ ਦੇ ਹਵਾਲੇ ਕਰ ਦਿਓ। 26 ਉਨ੍ਹਾਂ ਨੂੰ ਕਹੋ, ‘ਰਾਜਾ ਇਹ ਕਹਿੰਦਾ ਹੈ: “ਇਸ ਆਦਮੀ ਨੂੰ ਕੈਦ ਵਿਚ ਸੁੱਟ ਦਿਓ+ ਅਤੇ ਜਦ ਤਕ ਮੈਂ ਸਹੀ-ਸਲਾਮਤ ਵਾਪਸ ਨਹੀਂ ਆ ਜਾਂਦਾ, ਤਦ ਤਕ ਇਹਨੂੰ ਮਾੜਾ-ਮੋਟਾ ਰੋਟੀ-ਪਾਣੀ ਦਿੰਦੇ ਰਹਿਓ।”’” 27 ਪਰ ਮੀਕਾਯਾਹ ਨੇ ਕਿਹਾ: “ਜੇ ਤੂੰ ਸਹੀ-ਸਲਾਮਤ ਮੁੜ ਆਇਆ, ਤਾਂ ਇਸ ਦਾ ਮਤਲਬ ਹੋਵੇਗਾ ਯਹੋਵਾਹ ਨੇ ਮੇਰੇ ਨਾਲ ਗੱਲ ਨਹੀਂ ਕੀਤੀ।”+ ਉਸ ਨੇ ਅੱਗੇ ਕਿਹਾ: “ਹੇ ਲੋਕੋ, ਤੁਸੀਂ ਸਾਰੇ ਇਹ ਗੱਲ ਯਾਦ ਰੱਖਿਓ।”
28 ਇਸ ਲਈ ਇਜ਼ਰਾਈਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਰਾਮੋਥ-ਗਿਲਆਦ ਨੂੰ ਗਏ।+ 29 ਹੁਣ ਇਜ਼ਰਾਈਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ: “ਮੈਂ ਆਪਣਾ ਭੇਸ ਬਦਲ ਕੇ ਯੁੱਧ ਵਿਚ ਜਾਵਾਂਗਾ, ਪਰ ਤੂੰ ਆਪਣਾ ਸ਼ਾਹੀ ਲਿਬਾਸ ਪਾਈਂ।” ਇਸ ਲਈ ਇਜ਼ਰਾਈਲ ਦੇ ਰਾਜੇ ਨੇ ਆਪਣਾ ਭੇਸ ਬਦਲਿਆ ਅਤੇ ਉਹ ਯੁੱਧ ਵਿਚ ਗਏ। 30 ਸੀਰੀਆ ਦੇ ਰਾਜੇ ਨੇ ਆਪਣੇ ਰਥਾਂ ਦੇ ਸੈਨਾਪਤੀਆਂ ਨੂੰ ਹੁਕਮ ਦਿੱਤਾ ਸੀ: “ਤੁਸੀਂ ਇਜ਼ਰਾਈਲ ਦੇ ਰਾਜੇ ਤੋਂ ਛੁੱਟ ਕਿਸੇ ਹੋਰ ਨਾਲ ਲੜਾਈ ਨਾ ਕਰਿਓ, ਚਾਹੇ ਉਹ ਆਮ ਹੋਵੇ ਜਾਂ ਖ਼ਾਸ।” 31 ਜਿਉਂ ਹੀ ਰਥਾਂ ਦੇ ਸੈਨਾਪਤੀਆਂ ਨੇ ਯਹੋਸ਼ਾਫ਼ਾਟ ਨੂੰ ਦੇਖਿਆ, ਤਾਂ ਉਨ੍ਹਾਂ ਨੇ ਸੋਚਿਆ: “ਇਹੀ ਇਜ਼ਰਾਈਲ ਦਾ ਰਾਜਾ ਹੈ।” ਇਸ ਲਈ ਉਹ ਲੜਨ ਲਈ ਉਸ ਵੱਲ ਮੁੜੇ; ਯਹੋਸ਼ਾਫ਼ਾਟ ਮਦਦ ਲਈ ਦੁਹਾਈ ਦੇਣ ਲੱਗਾ+ ਅਤੇ ਯਹੋਵਾਹ ਨੇ ਉਸ ਦੀ ਮਦਦ ਕੀਤੀ ਅਤੇ ਪਰਮੇਸ਼ੁਰ ਨੇ ਉਸੇ ਵੇਲੇ ਉਨ੍ਹਾਂ ਨੂੰ ਉਸ ਤੋਂ ਦੂਰ ਕਰ ਦਿੱਤਾ। 32 ਜਦੋਂ ਰਥਾਂ ਦੇ ਸੈਨਾਪਤੀਆਂ ਨੇ ਦੇਖਿਆ ਕਿ ਉਹ ਇਜ਼ਰਾਈਲ ਦਾ ਰਾਜਾ ਨਹੀਂ ਸੀ, ਤਾਂ ਉਸੇ ਵੇਲੇ ਉਨ੍ਹਾਂ ਨੇ ਉਸ ਦਾ ਪਿੱਛਾ ਕਰਨਾ ਛੱਡ ਦਿੱਤਾ।
33 ਪਰ ਇਕ ਆਦਮੀ ਨੇ ਐਵੇਂ* ਹੀ ਤੀਰ ਚਲਾ ਦਿੱਤਾ ਅਤੇ ਉਹ ਇਜ਼ਰਾਈਲ ਦੇ ਰਾਜੇ ਦੀ ਸੰਜੋਅ ਦੇ ਜੋੜਾਂ ਵਿਚਕਾਰ ਦੀ ਉਸ ਦੇ ਜਾ ਲੱਗਾ। ਇਸ ਲਈ ਰਾਜੇ ਨੇ ਆਪਣੇ ਰਥਵਾਨ ਨੂੰ ਕਿਹਾ: “ਪਿੱਛੇ ਮੁੜ ਅਤੇ ਮੈਨੂੰ ਯੁੱਧ* ਵਿੱਚੋਂ ਬਾਹਰ ਲੈ ਚੱਲ ਕਿਉਂਕਿ ਮੈਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹਾਂ।”+ 34 ਪੂਰਾ ਦਿਨ ਘਮਸਾਣ ਯੁੱਧ ਚੱਲਦਾ ਰਿਹਾ ਅਤੇ ਸੀਰੀਆਈ ਫ਼ੌਜ ਸਾਮ੍ਹਣੇ ਇਜ਼ਰਾਈਲ ਦੇ ਰਾਜੇ ਨੂੰ ਰਥ ਵਿਚ ਸ਼ਾਮ ਤਕ ਸਹਾਰਾ ਦੇ ਕੇ ਖੜ੍ਹਾ ਰੱਖਣਾ ਪਿਆ; ਅਤੇ ਸੂਰਜ ਡੁੱਬਣ ʼਤੇ ਉਹ ਮਰ ਗਿਆ।+