ਯਹੋਵਾਹ ਦਾ ਬਚਨ ਜੀਉਂਦਾ ਹੈ
ਰਾਜਿਆਂ ਦੀ ਦੂਜੀ ਪੋਥੀ ਦੇ ਕੁਝ ਖ਼ਾਸ ਨੁਕਤੇ
ਰਾਜਿਆਂ ਦੀ ਪਹਿਲੀ ਪੋਥੀ ਵਿਚ ਦਿੱਤੇ ਇਤਿਹਾਸ ਦਾ ਬਾਕੀ ਹਿੱਸਾ ਸਾਨੂੰ ਦੂਜੀ ਪੋਥੀ ਵਿਚ ਮਿਲਦਾ ਹੈ। ਇਸ ਪੋਥੀ ਵਿਚ 29 ਰਾਜਿਆਂ ਬਾਰੇ ਦੱਸਿਆ ਗਿਆ ਹੈ—12 ਰਾਜੇ ਇਸਰਾਏਲ ਦੇ ਉੱਤਰੀ ਰਾਜ ਦੇ ਸਨ ਅਤੇ 17 ਯਹੂਦਾਹ ਦੇ ਦੱਖਣੀ ਰਾਜ ਦੇ। ਰਾਜਿਆਂ ਦੀ ਇਸ ਦੂਜੀ ਪੋਥੀ ਵਿਚ ਤਿੰਨ ਨਬੀਆਂ ਬਾਰੇ ਵੀ ਦੱਸਿਆ ਗਿਆ ਹੈ—ਅਲੀਸ਼ਾ, ਏਲੀਯਾਹ ਅਤੇ ਯਸਾਯਾਹ। ਭਾਵੇਂ ਇਸ ਪੋਥੀ ਵਿਚ ਘਟਨਾਵਾਂ ਨੂੰ ਤਰਤੀਬਵਾਰ ਨਹੀਂ ਲਿਖਿਆ ਗਿਆ, ਪਰ ਇਸ ਵਿਚ ਸਾਮਰਿਯਾ ਅਤੇ ਯਰੂਸ਼ਲਮ ਦੀ ਤਬਾਹੀ ਬਾਰੇ ਦੱਸਿਆ ਗਿਆ ਹੈ ਕਿ ਉਸ ਸਮੇਂ ਕੀ-ਕੀ ਹੋਇਆ ਸੀ। ਰਾਜਿਆਂ ਦੀ ਦੂਜੀ ਪੋਥੀ ਵਿਚ ਕੁੱਲ ਮਿਲਾ ਕੇ 340 ਸਾਲਾਂ ਦਾ ਇਤਿਹਾਸ ਹੈ—920 ਈ.ਪੂ. ਤੋਂ 580 ਈ.ਪੂ. ਤਕ ਦਾ ਇਤਿਹਾਸ ਜਦੋਂ ਯਿਰਮਿਯਾਹ ਨਬੀ ਨੇ ਇਸ ਪੋਥੀ ਨੂੰ ਲਿਖ ਕੇ ਪੂਰਾ ਕੀਤਾ ਸੀ।
ਕੀ ਰਾਜਿਆਂ ਦੀ ਇਹ ਦੂਜੀ ਪੋਥੀ ਸਾਡੇ ਲਈ ਲਾਭਦਾਇਕ ਹੈ? ਇਸ ਤੋਂ ਅਸੀਂ ਯਹੋਵਾਹ ਅਤੇ ਉਸ ਦੇ ਵਤੀਰੇ ਬਾਰੇ ਕੀ ਸਿੱਖਦੇ ਹਾਂ? ਇਸ ਪੋਥੀ ਵਿਚ ਜ਼ਿਕਰ ਕੀਤੇ ਗਏ ਪਾਤਸ਼ਾਹਾਂ, ਨਬੀਆਂ ਅਤੇ ਹੋਰਨਾਂ ਲੋਕਾਂ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ? ਆਓ ਆਪਾਂ ਦੇਖੀਏ ਕਿ ਅਸੀਂ ਰਾਜਿਆਂ ਦੀ ਦੂਜੀ ਪੋਥੀ ਵਿੱਚੋਂ ਕੀ-ਕੀ ਸਿੱਖ ਸਕਦੇ ਹਾਂ।
ਏਲੀਯਾਹ ਦੀ ਥਾਂ ਅਲੀਸ਼ਾ ਨਬੀ ਬਣਿਆ
ਜਦ ਇਸਰਾਏਲ ਦਾ ਪਾਤਸ਼ਾਹ ਅਹਜ਼ਯਾਹ ਆਪਣੇ ਘਰ ਵਿਚ ਡਿੱਗ ਕੇ ਜ਼ਖ਼ਮੀ ਹੋਇਆ ਤੇ ਬੀਮਾਰ ਪੈ ਗਿਆ, ਤਾਂ ਏਲੀਯਾਹ ਨਬੀ ਨੇ ਉਸ ਨੂੰ ਦੱਸਿਆ ਕਿ ਉਹ ਬਚੇਗਾ ਨਹੀਂ। ਅਹਜ਼ਯਾਹ ਦੀ ਮੌਤ ਤੋਂ ਬਾਅਦ ਉਸ ਦਾ ਭਰਾ ਯਹੋਰਾਮ ਰਾਜ-ਗੱਦੀ ਤੇ ਬੈਠਾ। ਇਸ ਸਮੇਂ ਦੌਰਾਨ ਯਹੂਦਾਹ ਵਿਚ ਯਹੋਸ਼ਾਫ਼ਾਟ ਰਾਜ ਕਰ ਰਿਹਾ ਸੀ। ਜਦੋਂ ਏਲੀਯਾਹ ਨੂੰ ਵਾਵਰੋਲੇ ਵਿਚ ਚੁੱਕ ਲਿਆ ਗਿਆ, ਤਾਂ ਉਸ ਦੀ ਥਾਂ ਅਲੀਸ਼ਾ ਨਬੀ ਬਣ ਗਿਆ। ਅਗਲੇ ਲਗਭਗ 60 ਸਾਲਾਂ ਦੌਰਾਨ ਅਲੀਸ਼ਾ ਨੇ ਅਨੇਕ ਕਰਾਮਾਤਾਂ ਕੀਤੀਆਂ।—“ਅਲੀਸ਼ਾ ਦੀਆਂ ਕਰਾਮਾਤਾਂ” ਨਾਮਕ ਡੱਬੀ ਦੇਖੋ।
ਜਦੋਂ ਮੋਆਬ ਦੇ ਰਾਜੇ ਨੇ ਇਸਰਾਏਲ ਵਿਰੁੱਧ ਵਿਦਰੋਹ ਕੀਤਾ, ਤਾਂ ਯਹੋਰਾਮ, ਯਹੋਸ਼ਾਫਾਟ ਅਤੇ ਅਦੋਮ ਦਾ ਰਾਜਾ ਉਸ ਨਾਲ ਲੜਨ ਨੂੰ ਨਿਕਲ ਤੁਰੇ। ਯਹੋਸ਼ਾਫਾਟ ਦੀ ਵਫ਼ਾਦਾਰੀ ਸਦਕਾ ਯਹੋਵਾਹ ਨੇ ਉਨ੍ਹਾਂ ਨੂੰ ਜਿਤਾ ਦਿੱਤਾ ਸੀ। ਬਾਅਦ ਵਿਚ ਅਰਾਮ ਦੇ ਰਾਜੇ ਨੇ ਇਸਰਾਏਲ ਤੇ ਚੜ੍ਹਾਈ ਕਰਨੀ ਚਾਹੀ, ਪਰ ਅਲੀਸ਼ਾ ਨੇ ਉਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਗੁੱਸੇ ਵਿਚ ਉਸ ਰਾਜੇ ਨੇ “ਘੋੜਿਆਂ, ਰਥਾਂ ਤੇ ਇੱਕ ਤਕੜੀ ਫੌਜ” ਨੂੰ ਅਲੀਸ਼ਾ ਨੂੰ ਗਿਰਫ਼ਤਾਰ ਕਰਨ ਲਈ ਭੇਜਿਆ। (2 ਰਾਜਿਆਂ 6:14) ਅਲੀਸ਼ਾ ਨੇ ਦੋ ਕਰਾਮਾਤਾਂ ਕਰ ਦਿਖਾਈਆਂ ਤੇ ਅਰਾਮ ਦੀ ਫ਼ੌਜ ਖਾਲੀ ਹੱਥ ਵਾਪਸ ਚਲੀ ਗਈ ਸੀ। ਕੁਝ ਸਮੇਂ ਬਾਅਦ ਅਰਾਮ ਦੇ ਰਾਜੇ ਬਨ-ਹਦਦ ਨੇ ਸਾਮਰਿਯਾ ਨੂੰ ਘੇਰ ਲਿਆ। ਨਤੀਜੇ ਵਜੋਂ ਦੇਸ਼ ਵਿਚ ਡਾਢਾ ਕਾਲ ਪੈ ਗਿਆ, ਪਰ ਅਲੀਸ਼ਾ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਖ਼ਤਮ ਹੋ ਜਾਵੇਗਾ।
ਕੁਝ ਸਮੇਂ ਬਾਅਦ ਅਲੀਸ਼ਾ ਦੰਮਿਸਕ ਨੂੰ ਗਿਆ। ਜਦ ਰਾਜਾ ਬਨ-ਹਦਦ ਬੀਮਾਰ ਪੈ ਗਿਆ, ਤਾਂ ਉਸ ਨੇ ਹਜ਼ਾਏਲ ਨੂੰ ਅਲੀਸ਼ਾ ਕੋਲ ਇਹ ਪੁੱਛਣ ਲਈ ਭੇਜਿਆ ਕਿ ਉਹ ਠੀਕ ਹੋਵੇਗਾ ਕਿ ਨਹੀਂ। ਅਲੀਸ਼ਾ ਨੇ ਕਿਹਾ ਕਿ ਰਾਜੇ ਦੀ ਮੌਤ ਹੋ ਜਾਵੇਗੀ ਤੇ ਉਸ ਤੋਂ ਬਾਅਦ ਹਜ਼ਾਏਲ ਹੀ ਰਾਜ ਕਰੇਗਾ। ਅਗਲੇ ਦਿਨ ਹਜ਼ਾਏਲ ਨੇ ਰਾਜੇ ਦੇ ਮੂੰਹ ਉੱਤੇ ਗਿੱਲੀ ਚਾਦਰ ਪਾ ਕੇ ਉਸ ਲਈ ਸਾਹ ਲੈਣਾ ਔਖਾ ਕਰ ਦਿੱਤਾ ਜਿਸ ਕਰਕੇ ਰਾਜਾ ਮਰ ਗਿਆ ਅਤੇ ਹਜ਼ਾਏਲ ਆਪ ਗੱਦੀ ਤੇ ਬੈਠ ਗਿਆ। (2 ਰਾਜਿਆਂ 8:15) ਯਹੂਦਾਹ ਵਿਚ ਯਹੋਸ਼ਾਫਾਟ ਦਾ ਪੁੱਤਰ ਯਹੋਰਾਮ ਰਾਜ ਕਰਦਾ ਸੀ ਅਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਅਹਜ਼ਯਾਹ ਰਾਜ ਕਰਨ ਲੱਗਾ।—“ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹ” ਨਾਮਕ ਡੱਬੀ ਦੇਖੋ।
ਕੁਝ ਸਵਾਲਾਂ ਦੇ ਜਵਾਬ:
2:9—ਅਲੀਸ਼ਾ ਨੇ ‘ਏਲੀਯਾਹ ਦੀ ਆਤਮਾ ਦਾ ਦੋਹਰਾ ਹਿੱਸਾ’ ਕਿਉਂ ਮੰਗਿਆ ਸੀ? ਅਲੀਸ਼ਾ ਜਾਣਦਾ ਸੀ ਕਿ ਏਲੀਯਾਹ ਵਾਂਗ ਇਸਰਾਏਲ ਦੇ ਨਬੀ ਵਜੋਂ ਉਸ ਨੂੰ ਵੀ ਹਿੰਮਤ ਅਤੇ ਨਿਡਰਤਾ ਨਾਲ ਕੰਮ ਕਰਨ ਦੀ ਲੋੜ ਸੀ। ਇਸੇ ਕਰਕੇ ਉਸ ਨੇ ਏਲੀਯਾਹ ਦੀ ਆਤਮਾ ਯਾਨੀ ਜੋਸ਼ ਦਾ ਦੁਗੁਣਾ ਹਿੱਸਾ ਮੰਗਿਆ। ਏਲੀਯਾਹ ਨੇ ਹੀ ਅਲੀਸ਼ਾ ਨੂੰ ਆਪਣੀ ਥਾਂ ਉਤਰਾਧਿਕਾਰੀ ਚੁਣਿਆ ਸੀ ਅਤੇ ਪਿਛਲੇ ਛੇ ਸਾਲਾਂ ਤੋਂ ਅਲੀਸ਼ਾ ਉਸ ਦਾ ਸੇਵਾਦਾਰ ਰਿਹਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਏਲੀਯਾਹ ਅਲੀਸ਼ਾ ਨੂੰ ਆਪਣਾ ਜੇਠਾ ਪੁੱਤਰ ਸਮਝਦਾ ਸੀ ਅਤੇ ਅਲੀਸ਼ਾ ਲਈ ਏਲੀਯਾਹ ਪਿਤਾ ਸਮਾਨ ਸੀ। (1 ਰਾਜਿਆਂ 19:19-21; 2 ਰਾਜਿਆਂ 2:12) ਇਸ ਲਈ ਜਿਵੇਂ ਕਿਸੇ ਅਸਲੀ ਜੇਠੇ ਪੁੱਤਰ ਨੂੰ ਆਪਣੇ ਪਿਤਾ ਤੋਂ ਵਿਰਸੇ ਵਿਚ ਦੋਹਰਾ ਹਿੱਸਾ ਮਿਲਦਾ ਸੀ, ਉਸੇ ਤਰ੍ਹਾਂ ਅਲੀਸ਼ਾ ਨੇ ਏਲੀਯਾਹ ਤੋਂ ਦੋਹਰਾ ਹਿੱਸਾ ਮੰਗਿਆ ਜੋ ਉਸ ਨੂੰ ਮਿਲ ਗਿਆ।
2:11—ਇਹ “ਅਕਾਸ਼” ਕੀ ਸੀ ਜਿਸ ਨੂੰ ‘ਏਲੀਯਾਹ ਵਾਵਰੋਲੇ ਵਿੱਚ ਚੜ੍ਹ ਗਿਆ’ ਸੀ? ਨਾ ਇਹ ਬ੍ਰਹਿਮੰਡ ਦਾ ਕੋਈ ਹਿੱਸਾ ਸੀ ਤੇ ਨਾ ਹੀ ਸਵਰਗ ਜਿੱਥੇ ਪਰਮੇਸ਼ੁਰ ਤੇ ਉਸ ਦੇ ਦੂਤ ਰਹਿੰਦੇ ਹਨ। (ਬਿਵਸਥਾ ਸਾਰ 4:19; ਜ਼ਬੂਰਾਂ ਦੀ ਪੋਥੀ 11:4; ਮੱਤੀ 6:9; 18:10) ਜਿਸ “ਅਕਾਸ਼” ਨੂੰ ਏਲੀਯਾਹ ਚੜ੍ਹਿਆ ਸੀ ਉਸ ਵਿਚ ਹਵਾ ਵਗਦੀ ਹੈ ਤੇ ਪੰਛੀ ਉੱਡਦੇ ਹਨ। (ਜ਼ਬੂਰਾਂ ਦੀ ਪੋਥੀ 78:26; ਮੱਤੀ 6:26) ਹਵਾ ਵਿਚ ਉੱਡਦਾ ਹੋਇਆ ਅਗਨ ਰਥ ਏਲੀਯਾਹ ਨੂੰ ਧਰਤੀ ਦੇ ਇਕ ਹੋਰ ਕੋਨੇ ਵਿਚ ਲੈ ਗਿਆ ਸੀ ਜਿੱਥੇ ਉਹ ਰਹਿਣ ਲੱਗ ਪਿਆ ਸੀ। ਦਰਅਸਲ ਕਈ ਸਾਲ ਬਾਅਦ ਉਸ ਵੱਲੋਂ ਯਹੂਦਾਹ ਦੇ ਪਾਤਸ਼ਾਹ ਯਹੋਰਾਮ ਨੂੰ ਇਕ ਚਿੱਠੀ ਆਈ ਸੀ।—2 ਇਤਹਾਸ 21:1, 12-15.
5:15, 16—ਅਲੀਸ਼ਾ ਨੇ ਨਅਮਾਨ ਦੀ ਭੇਟ ਕਬੂਲ ਕਿਉਂ ਨਹੀਂ ਕੀਤੀ ਸੀ? ਅਲੀਸ਼ਾ ਨੇ ਇਸ ਲਈ ਇਨਕਾਰ ਕੀਤਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਨਅਮਾਨ ਨੂੰ ਉਸ ਨੇ ਨਹੀਂ, ਸਗੋਂ ਯਹੋਵਾਹ ਨੇ ਚੰਗਾ ਕੀਤਾ ਸੀ। ਅਲੀਸ਼ਾ ਯਹੋਵਾਹ ਦੀ ਸੇਵਾ ਕਰਦਾ ਸੀ ਤੇ ਉਹ ਸੇਵਾ ਦੇ ਇਸ ਸਨਮਾਨ ਤੋਂ ਲਾਭ ਉਠਾਉਣ ਬਾਰੇ ਸੋਚ ਵੀ ਨਹੀਂ ਸਕਦਾ ਸੀ। ਅਸੀਂ ਵੀ ਅੱਜ ਯਹੋਵਾਹ ਦੀ ਸੇਵਾ ਨੂੰ ਨਫ਼ਾ ਕਮਾਉਣ ਦਾ ਜ਼ਰੀਆ ਨਹੀਂ ਸਮਝਦੇ। ਅਸੀਂ ਯਿਸੂ ਦੀ ਇਹ ਗੱਲ ਸਵੀਕਾਰ ਕਰਦੇ ਹਾਂ: “ਤੁਸਾਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ।”—ਮੱਤੀ 10:8.
5:18, 19—ਕੀ ਨਅਮਾਨ ਮੂਰਤੀ-ਪੂਜਾ ਕਰਨ ਲਈ ਮਾਫ਼ੀ ਮੰਗ ਰਿਹਾ ਸੀ? ਲੱਗਦਾ ਹੈ ਕਿ ਅਰਾਮ ਦਾ ਰਾਜਾ ਬੁੱਢਾ ਤੇ ਕਮਜ਼ੋਰ ਸੀ ਅਤੇ ਉਸ ਨੂੰ ਨਅਮਾਨ ਦੇ ਸਹਾਰੇ ਦੀ ਲੋੜ ਸੀ। ਇਸ ਲਈ ਜਦੋਂ ਰਾਜਾ ਰਿੰਮੋਨ ਦੇਵਤੇ ਦੇ ਮੰਦਰ ਵਿਚ ਮੱਥਾ ਟੇਕਦਾ ਸੀ, ਤਾਂ ਨਅਮਾਨ ਨੂੰ ਵੀ ਝੁਕਣਾ ਪੈਂਦਾ ਸੀ। ਨਅਮਾਨ ਪੂਜਾ ਨਹੀਂ ਕਰ ਰਿਹਾ ਸੀ, ਬਲਕਿ ਉਹ ਸਿਰਫ਼ ਰਾਜੇ ਨੂੰ ਸਹਾਰਾ ਦੇਣ ਲਈ ਝੁਕਦਾ ਸੀ। ਨਅਮਾਨ ਆਪਣੇ ਇਸ ਫ਼ਰਜ਼ੀ ਕੰਮ ਲਈ ਯਹੋਵਾਹ ਤੋਂ ਮਾਫ਼ੀ ਮੰਗ ਰਿਹਾ ਸੀ। ਅਲੀਸ਼ਾ ਨੇ ਉਸ ਦੀ ਗੱਲ ਦਾ ਇਤਬਾਰ ਕਰ ਕੇ ਉਸ ਨੂੰ ਕਿਹਾ: “ਜਾਹ ਤੇ ਸੁਖੀ ਰਹੁ।”
ਸਾਡੇ ਲਈ ਸਬਕ:
1:13, 14. ਦੂਸਰਿਆਂ ਦੇ ਤਜਰਬਿਆਂ ਤੋਂ ਸਿੱਖ ਕੇ ਅਤੇ ਨਿਮਰਤਾ ਨਾਲ ਕੰਮ ਕਰ ਕੇ ਹੋਰਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
2:2, 4, 6. ਭਾਵੇਂ ਅਲੀਸ਼ਾ ਸ਼ਾਇਦ ਛੇ ਕੁ ਸਾਲਾਂ ਲਈ ਏਲੀਯਾਹ ਦਾ ਸੇਵਾਦਾਰ ਰਿਹਾ ਸੀ, ਫਿਰ ਵੀ ਉਸ ਨੇ ਉਸ ਨੂੰ ਛੱਡ ਕੇ ਜਾਣ ਤੋਂ ਇਨਕਾਰ ਕੀਤਾ। ਪਿਆਰ ਅਤੇ ਦੋਸਤੀ ਦੀ ਇਹ ਕਿੰਨੀ ਵਧੀਆ ਮਿਸਾਲ ਹੈ!—ਕਹਾਉਤਾਂ 18:24.
2:23, 24. ਨਿਆਣੇ ਅਲੀਸ਼ਾ ਨੂੰ ਖ਼ਾਸਕਰ ਇਸ ਲਈ ਛੇੜ ਰਹੇ ਸਨ ਕਿਉਂਕਿ ਇਕ ਗੰਜੇ ਆਦਮੀ ਨੇ ਏਲੀਯਾਹ ਦੀ ਚਾਦਰ ਆਪਣੇ ਉੱਤੇ ਲਈ ਹੋਈ ਸੀ। ਉਹ ਇਹ ਗੱਲ ਤਾਂ ਸਮਝ ਗਏ ਸਨ ਕਿ ਅਲੀਸ਼ਾ ਯਹੋਵਾਹ ਦਾ ਕੰਮ ਕਰ ਰਿਹਾ ਸੀ, ਪਰ ਉਹ ਉਸ ਨੂੰ ਆਪਣੇ ਇਲਾਕੇ ਵਿਚ ਦੇਖ ਕੇ ਖ਼ੁਸ਼ ਨਹੀਂ ਸਨ। ਉਨ੍ਹਾਂ ਨੇ ਉਸ ਨੂੰ ਕਿਹਾ: “ਚੜ੍ਹਿਆ ਜਾ।” ਉਨ੍ਹਾਂ ਦੇ ਕਹਿਣ ਦਾ ਮਤਲਬ ਸੀ ਕਿ ਉਹ ਬੈਤਏਲ ਨੂੰ ਚਲਿਆ ਜਾਵੇ ਜਾਂ ਏਲੀਯਾਹ ਵਾਂਗ ਆਕਾਸ਼ ਨੂੰ ਚੜ੍ਹ ਜਾਵੇ। ਉਹ ਬੱਚੇ ਤਾਂ ਸਿਰਫ਼ ਆਪਣੇ ਮਾਪਿਆਂ ਦੇ ਵਿਰੋਧੀ ਵਤੀਰੇ ਦੀ ਨਕਲ ਕਰ ਰਹੇ ਸਨ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਮਾਪਿਆਂ ਲਈ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਸੇਵਕਾਂ ਦਾ ਆਦਰ ਕਰਨਾ ਸਿਖਾਉਣਾ ਕਿੰਨਾ ਜ਼ਰੂਰੀ ਹੈ!
3:14, 18, 24. ਯਹੋਵਾਹ ਦਾ ਕਿਹਾ ਹਮੇਸ਼ਾ ਸੱਚ ਹੁੰਦਾ ਹੈ।
3:22. ਸਵੇਰ ਨੂੰ ਸੂਰਜ ਦੀ ਰੌਸ਼ਨੀ ਵਿਚ ਪਾਣੀ ਲਹੂ ਵਰਗਾ ਸ਼ਾਇਦ ਇਸ ਲਈ ਦਿੱਸਦਾ ਸੀ ਕਿਉਂਕਿ ਨਵੀਆਂ ਖੋਦੀਆਂ ਹੋਈਆਂ ਖਾਈਆਂ ਦੀ ਮਿੱਟੀ ਲਾਲ ਸੀ। ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਆਪਣੇ ਮਕਸਦ ਪੂਰੇ ਕਰਨ ਲਈ ਕੁਦਰਤੀ ਸ਼ਕਤੀਆਂ ਨੂੰ ਵੀ ਵਰਤਦਾ ਹੈ।
4:8-11. ਸ਼ੂਨੰਮੀ ਤੀਵੀਂ ਨੇ ਪਛਾਣ ਲਿਆ ਸੀ ਕਿ ਅਲੀਸ਼ਾ “ਪਰਮੇਸ਼ੁਰ ਦਾ ਪਵਿੱਤਰ ਜਨ” ਸੀ। ਉਸ ਤੀਵੀਂ ਨੇ ਉਸ ਨੂੰ ਰੋਟੀ ਖਾਣ ਲਈ ਮਜਬੂਰ ਕੀਤਾ। ਕੀ ਸਾਨੂੰ ਵੀ ਯਹੋਵਾਹ ਦੀ ਸੇਵਾ ਕਰਨ ਵਾਲਿਆਂ ਦੀ ਪਰਾਹੁਣਚਾਰੀ ਨਹੀਂ ਕਰਨੀ ਚਾਹੀਦੀ?
5:3. ਉਸ ਛੋਟੀ ਇਸਰਾਏਲੀ ਕੁੜੀ ਨੂੰ ਪੂਰਾ ਵਿਸ਼ਵਾਸ ਸੀ ਕਿ ਯਹੋਵਾਹ ਵਿਚ ਕਰਾਮਾਤਾਂ ਕਰਨ ਦੀ ਤਾਕਤ ਸੀ। ਉਹ ਆਪਣੀ ਨਿਹਚਾ ਬਾਰੇ ਗੱਲ ਕਰਨ ਤੋਂ ਵੀ ਨਹੀਂ ਡਰਦੀ ਸੀ। ਨਿਆਣਿਓ, ਕੀ ਤੁਸੀਂ ਪਰਮੇਸ਼ੁਰ ਦੇ ਵਾਅਦਿਆਂ ਵਿਚ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹੋ? ਕੀ ਤੁਸੀਂ ਸਕੂਲ ਵਿਚ ਆਪਣੇ ਅਧਿਆਪਕਾਂ ਅਤੇ ਹਾਣੀਆਂ ਨਾਲ ਬਾਈਬਲ ਦੀਆਂ ਸੱਚਾਈਆਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ?
5:9-19. ਕੀ ਨਅਮਾਨ ਤੋਂ ਅਸੀਂ ਇਹ ਨਹੀਂ ਸਿੱਖਦੇ ਕਿ ਇਕ ਘਮੰਡੀ ਇਨਸਾਨ ਵੀ ਅਧੀਨ ਹੋਣਾ ਸਿੱਖ ਸਕਦਾ ਹੈ?—1 ਪਤਰਸ 5:5.
5:20-27. ਗੇਹਾਜੀ ਨੂੰ ਆਪਣੇ ਫਰੇਬ ਦਾ ਫਲ ਮਿਲਿਆ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਪੁੱਠੇ ਰਾਹ ਤੇ ਤੁਰਨ ਦੇ ਨਾਲ-ਨਾਲ ਯਹੋਵਾਹ ਦੀ ਭਗਤੀ ਕਰਨ ਦਾ ਪਖੰਡ ਕਰਨ ਦੇ ਕਿੰਨੇ ਮਾੜੇ ਨਤੀਜੇ ਨਿਕਲਦੇ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਣ ਨਾਲ ਸਾਨੂੰ ਇਸ ਰਾਹ ਤੇ ਨਾ ਚੱਲਣ ਵਿਚ ਮਦਦ ਮਿਲੇਗੀ।
ਇਸਰਾਏਲ ਅਤੇ ਯਹੂਦਾਹ ਨੂੰ ਦੇਸ਼-ਨਿਕਾਲਾ
ਜਦ ਇਸਰਾਏਲ ਉੱਤੇ ਯੇਹੂ ਨੇ ਰਾਜ ਕਰਨਾ ਸ਼ੁਰੂ ਕੀਤਾ, ਤਾਂ ਉਸ ਨੇ ਬਿਨਾਂ ਝਿਜਕੇ ਅਹਾਬ ਦੇ ਘਰਾਣੇ ਨੂੰ ਖ਼ਤਮ ਕਰ ਸੁੱਟਿਆ ਸੀ। ਇਸ ਤੋਂ ਇਲਾਵਾ, ਉਸ ਨੇ ਉਸਤਾਦੀ ਨਾਲ “ਬਆਲ ਨੂੰ ਇਸਰਾਏਲ ਵਿੱਚੋਂ ਮਿਟਾ ਦਿੱਤਾ।” (2 ਰਾਜਿਆਂ 10:28) ਜਦ ਅਹਜ਼ਯਾਹ ਦੀ ਮਾਤਾ ਅਥਲਯਾਹ ਨੂੰ ਪਤਾ ਲੱਗਾ ਕਿ ਉਸ ਦੇ ਪੁੱਤਰ ਨੂੰ ਯੇਹੂ ਨੇ ਮੌਤ ਦੇ ਘਾਟ ਉਤਾਰ ਦਿੱਤਾ, ਤਾਂ ਉਸ ਨੇ ‘ਉੱਠ ਕੇ ਯਹੂਦਾਹ ਦੇ ਸਾਰੇ ਰਾਜ ਵੰਸ ਦਾ ਨਾਸ ਕਰ ਦਿੱਤਾ’ ਅਤੇ ਆਪ ਰਾਜ-ਗੱਦੀ ਤੇ ਬੈਠ ਗਈ। (2 ਰਾਜਿਆਂ 11:1) ਸਿਰਫ਼ ਅਹਜ਼ਯਾਹ ਦਾ ਛੋਟਾ ਮੁੰਡਾ ਯਹੋਆਸ਼ ਹੀ ਬਚਿਆ ਸੀ ਤੇ ਛੇ ਸਾਲ ਤਕ ਉਸ ਨੂੰ ਲੁਕਾ ਕੇ ਰੱਖਣ ਤੋਂ ਬਾਅਦ ਉਸ ਨੂੰ ਯਹੂਦਾਹ ਦਾ ਪਾਤਸ਼ਾਹ ਬਣਾਇਆ ਗਿਆ ਸੀ। ਯਹੋਯਾਦਾ ਜਾਜਕ ਨੇ ਯਹੋਆਸ਼ ਨੂੰ ਤਾਲੀਮ ਦਿੱਤੀ ਤੇ ਪਾਤਸ਼ਾਹ ਯਹੋਵਾਹ ਸਾਮ੍ਹਣੇ ਸਹੀ ਚਾਲ ਚੱਲਦਾ ਰਿਹਾ।
ਯੇਹੂ ਤੋਂ ਬਾਅਦ ਇਸਰਾਏਲ ਤੇ ਫਿਰ ਕਿਸੇ ਚੰਗੇ ਪਾਤਸ਼ਾਹ ਨੇ ਰਾਜ ਨਹੀਂ ਕੀਤਾ, ਸਾਰੇ ਦੇ ਸਾਰੇ ਯਹੋਵਾਹ ਦੀਆਂ ਨਜ਼ਰਾਂ ਵਿਚ ਪੁੱਠੇ ਰਾਹ ਤੇ ਤੁਰਦੇ ਰਹੇ। ਯੇਹੂ ਦੇ ਪੋਤੇ ਦੇ ਜ਼ਮਾਨੇ ਵਿਚ ਅਲੀਸ਼ਾ ਦੀ ਮੌਤ ਹੋ ਗਈ ਸੀ। ਯਹੋਆਸ਼ ਤੋਂ ਬਾਅਦ ਯਹੂਦਾਹ ਦੇ ਚੌਥੇ ਰਾਜੇ ਆਹਾਜ਼ ਨੇ “ਉਹ ਕੰਮ ਨਾ ਕੀਤਾ ਜੋ ਯਹੋਵਾਹ ਉਹ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਸੀ।” (2 ਰਾਜਿਆਂ 16:1, 2) ਪਰ ਉਸ ਦਾ ਪੁੱਤਰ ਹਿਜ਼ਕੀਯਾਹ ਅਜਿਹਾ ਪਾਤਸ਼ਾਹ ਸੀ ਜੋ “ਯਹੋਵਾਹ ਦੇ ਨਾਲ ਚਿੰਬੜਿਆ ਰਿਹਾ।” (2 ਰਾਜਿਆਂ 17:20; 18:6) ਫਿਰ 740 ਈ.ਪੂ. ਵਿਚ ਜਦ ਯਹੂਦਾਹ ਉੱਤੇ ਹਿਜ਼ਕੀਯਾਹ ਅਤੇ ਇਸਰਾਏਲ ਉੱਤੇ ਹੋਸ਼ੇਆ ਰਾਜ ਕਰ ਰਹੇ ਸਨ, ਤਾਂ ਅੱਸ਼ੂਰ ਦੇ ਪਾਤਸ਼ਾਹ ਸ਼ਲਮਨਸਰ ਨੇ ‘ਸਾਮਰਿਯਾ ਨੂੰ ਲੈ ਲਿਆ ਅਰ ਉਹ ਇਸਰਾਏਲ ਨੂੰ ਅਸੀਰ ਕਰਕੇ ਅੱਸ਼ੂਰ ਨੂੰ ਲੈ ਗਿਆ।’ (2 ਰਾਜਿਆਂ 17:6) ਇਸ ਤੋਂ ਬਾਅਦ ਹੋਰਨਾਂ ਮੁਲਕਾਂ ਦੇ ਲੋਕਾਂ ਨੂੰ ਇਸਰਾਏਲ ਦੇਸ਼ ਵਿਚ ਲਿਆ ਕੇ ਵਸਾਇਆ ਗਿਆ ਸੀ ਜਿਸ ਕਾਰਨ ਸਾਮਰੀ ਧਰਮ ਸ਼ੁਰੂ ਹੋਇਆ।
ਹਿਜ਼ਕੀਯਾਹ ਤੋਂ ਬਾਅਦ ਯਹੂਦਾਹ ਵਿਚ ਸੱਤ ਹੋਰ ਰਾਜਿਆਂ ਨੇ ਰਾਜ ਕੀਤਾ ਸੀ। ਉਨ੍ਹਾਂ ਵਿੱਚੋਂ ਸਿਰਫ਼ ਯੋਸੀਯਾਹ ਨੇ ਹੀ ਦੇਸ਼ ਵਿੱਚੋਂ ਝੂਠੀ ਪੂਜਾ ਨੂੰ ਉਖੇੜਨ ਲਈ ਕਦਮ ਚੁੱਕੇ ਸਨ। ਆਖ਼ਰਕਾਰ 607 ਈ.ਪੂ. ਵਿਚ ਬਾਬਲੀ ਫ਼ੌਜ ਨੇ ਯਰੂਸ਼ਲਮ ਤੇ ਕਬਜ਼ਾ ਕਰ ਲਿਆ ਤੇ “ਯਹੂਦਾਹ ਆਪਣੀ ਹੀ ਭੂਮੀ ਵਿੱਚੋਂ ਅਸੀਰ ਹੋ ਗਿਆ।”—2 ਰਾਜਿਆਂ 25:21.
ਕੁਝ ਸਵਾਲਾਂ ਦੇ ਜਵਾਬ:
13:20, 21—ਕੀ ਇਸ ਕਰਾਮਾਤ ਤੋਂ ਸਾਨੂੰ ਧਾਰਮਿਕ ਚੀਜ਼ਾਂ ਦੀ ਪੂਜਾ ਕਰਨ ਦੀ ਪ੍ਰੇਰਣਾ ਮਿਲਦੀ ਹੈ? ਨਹੀਂ। ਬਾਈਬਲ ਇਹ ਨਹੀਂ ਕਹਿੰਦੀ ਕਿ ਅਲੀਸ਼ਾ ਦੀਆਂ ਅਸਥੀਆਂ ਦੀ ਪੂਜਾ ਕੀਤੀ ਜਾਂਦੀ ਸੀ। ਇਹ ਕਰਾਮਾਤ ਯਹੋਵਾਹ ਦੀ ਸ਼ਕਤੀ ਨਾਲ ਹੋਈ ਸੀ ਜਿਵੇਂ ਅਲੀਸ਼ਾ ਨੇ ਜ਼ਿੰਦਾ ਹੁੰਦਿਆਂ ਸਾਰੀਆਂ ਕਰਾਮਾਤਾਂ ਯਹੋਵਾਹ ਦੀ ਸ਼ਕਤੀ ਨਾਲ ਕੀਤੀਆਂ ਸਨ।
15:1-6—ਯਹੋਵਾਹ ਨੇ ਅਜ਼ਰਯਾਹ (ਉਜ਼ੀਯਾਹ, 2 ਇਤਹਾਸ 26:18) ਨੂੰ ਕੋੜ੍ਹ ਦੀ ਬੀਮਾਰੀ ਕਿਉਂ ਲਾਈ ਸੀ? “ਜਦ [ਉਜ਼ੀਯਾਹ] ਤਕੜਾ ਹੋ ਗਿਆ ਤਾਂ ਉਹ ਦਾ ਦਿਲ ਇੰਨਾ ਹੰਕਾਰਿਆ ਗਿਆ . . . ਅਤੇ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਹੋ ਗਿਆ ਅਤੇ ਯਹੋਵਾਹ ਦੀ ਹੈਕਲ ਵਿੱਚ ਜਾ ਕੇ ਧੂਪ ਦੀ ਜਗਵੇਦੀ ਉੱਤੇ ਧੂਪ ਧੁਖਾਉਣ ਲੱਗਾ।” ਜਦ ਜਾਜਕਾਂ ਨੇ “ਉਜ਼ੀਯਾਹ ਪਾਤਸ਼ਾਹ ਦਾ ਟਾਕਰਾ ਕੀਤਾ” ਅਤੇ ਉਸ ਨੂੰ ਕਿਹਾ “ਪਵਿੱਤ੍ਰ ਭਵਨ ਤੋਂ ਬਾਹਰ ਜਾਹ,” ਤਾਂ ਉਜ਼ੀਯਾਹ ਜਾਜਕਾਂ ਨਾਲ ਬਹੁਤ ਗੁੱਸੇ ਹੋਇਆ ਜਿਸ ਤੋਂ ਬਾਅਦ ਉਸ ਤੇ ਕੋੜ੍ਹ ਫੁੱਟ ਨਿਕਲਿਆ ਸੀ।—2 ਇਤਹਾਸ 26:16-20.
18:19-21, 25—ਕੀ ਹਿਜ਼ਕੀਯਾਹ ਨੇ ਮਿਸਰ ਤੋਂ ਮਦਦ ਮੰਗੀ ਸੀ? ਨਹੀਂ। ਰਬਸ਼ਾਕੇਹ ਦਾ ਲਾਇਆ ਇਹ ਦੋਸ਼ ਝੂਠਾ ਸੀ, ਠੀਕ ਜਿਵੇਂ ਉਸ ਦਾ ਇਹ ਦਾਅਵਾ ਵੀ ਝੂਠਾ ਸੀ ਕਿ ‘ਯਹੋਵਾਹ ਨੇ ਆਪੇ ਉਸ ਨੂੰ ਆਖਿਆ ਭਈ ਏਸ ਦੇਸ਼ ਤੇ ਚੜ੍ਹਾਈ ਕਰ।’ ਵਫ਼ਾਦਾਰ ਰਾਜਾ ਹਿਜ਼ਕੀਯਾਹ ਨੇ ਯਹੋਵਾਹ ਤੇ ਪੂਰਾ ਭਰੋਸਾ ਰੱਖਿਆ ਸੀ।
ਸਾਡੇ ਲਈ ਸਬਕ:
9:7, 26. ਅਹਾਬ ਦੇ ਘਰਾਣੇ ਦੇ ਨਸ਼ਟ ਕੀਤੇ ਜਾਣ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਨੂੰ ਦੇਵੀ-ਦੇਵਤਿਆਂ ਦੀ ਪੂਜਾ ਤੋਂ ਅਤੇ ਬੇਦੋਸ਼ਿਆਂ ਦੇ ਵਹਾਏ ਜਾਂਦੇ ਲਹੂ ਤੋਂ ਸਖ਼ਤ ਨਫ਼ਰਤ ਹੈ।
9:20. ਯੇਹੂ ਆਪਣਾ ਰਥ ਜੋਸ਼ ਨਾਲ ਚਲਾਉਂਦਾ ਸੀ। ਉਸ ਵੱਲ ਦੇਖਣ ਵਾਲੇ ਨੂੰ ਪਤਾ ਲੱਗਦਾ ਸੀ ਕਿ ਉਹ ਆਪਣਾ ਕੰਮ ਵੀ ਜੋਸ਼ ਨਾਲ ਕਰਦਾ ਸੀ। ਤੁਹਾਡੇ ਬਾਰੇ ਸਭ ਕੀ ਕਹਿੰਦੇ ਹਨ? ਕੀ ਸਭ ਕਹਿਣਗੇ ਕਿ ਤੁਸੀਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਜੋਸ਼ ਨਾਲ ਕਰਦੇ ਹੋ?—2 ਤਿਮੋਥਿਉਸ 4:2.
9:36, 37; 10:17; 13:18, 19, 25; 14:25; 19:20, 32-36; 20:16, 17; 24:13. ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ‘ਯਹੋਵਾਹ ਦਾ ਬਚਨ ਜੋ ਉਸ ਦੇ ਮੂੰਹੋਂ ਨਿੱਕਲਦਾ ਹੈ, ਉਹ ਹਮੇਸ਼ਾ ਸਫ਼ਲ ਹੋਏਗਾ।’—ਯਸਾਯਾਹ 55:10, 11.
10:15. ਜਿਵੇਂ ਯਹੋਨਾਦਾਬ ਨੇ ਯੇਹੂ ਦੇ ਨਾਲ ਰਥ ਤੇ ਬੈਠ ਕੇ ਉਸ ਦਾ ਸਾਥ ਦਿੱਤਾ ਸੀ, ਉਸੇ ਤਰ੍ਹਾਂ “ਵੱਡੀ ਭੀੜ” ਵੀ ਆਧੁਨਿਕ ਯੇਹੂ ਯਾਨੀ ਯਿਸੂ ਮਸੀਹ ਅਤੇ ਉਸ ਦੇ ਮਸਹ ਕੀਤੇ ਹੋਏ ਚੇਲਿਆਂ ਦਾ ਸਾਥ ਦਿੰਦੀ ਹੈ।—ਪਰਕਾਸ਼ ਦੀ ਪੋਥੀ 7:9.
10:30, 31. ਭਾਵੇਂ ਯੇਹੂ ਵਿਚ ਕਮੀਆਂ ਸਨ, ਫਿਰ ਵੀ ਯਹੋਵਾਹ ਨੇ ਉਸ ਦੇ ਕੰਮਾਂ ਦੀ ਕਦਰ ਕੀਤੀ ਸੀ। ਸੱਚ, ‘ਪਰਮੇਸ਼ੁਰ ਕੁਨਿਆਈ ਨਹੀਂ ਜੋ ਸਾਡੇ ਕੰਮ ਨੂੰ ਭੁੱਲ ਜਾਵੇ।’—ਇਬਰਾਨੀਆਂ 6:10.
13:14-19. ਯੇਹੂ ਦੇ ਪੋਤੇ ਯੋਆਸ਼ ਨੇ ਪੂਰੀ ਕੋਸ਼ਿਸ਼ ਕਰਨ ਦੀ ਬਜਾਇ ਤੀਰਾਂ ਨੂੰ ਧਰਤੀ ਉੱਤੇ ਸਿਰਫ਼ ਤਿੰਨ ਵਾਰ ਮਾਰਿਆ ਸੀ। ਇਸ ਲਈ ਅਰਾਮੀ ਲੋਕਾਂ ਉੱਤੇ ਉਹ ਪੂਰੀ ਤਰ੍ਹਾਂ ਜਿੱਤ ਹਾਸਲ ਨਹੀਂ ਕਰ ਸਕਿਆ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਵੀ ਉਸ ਦਾ ਕੰਮ ਤਨ-ਮਨ ਲਾ ਕੇ ਕਰੀਏ।
20:2-6. ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ ਹੈ।’—ਜ਼ਬੂਰਾਂ ਦੀ ਪੋਥੀ 65:2.
24:3, 4. ਮਨੱਸ਼ਹ ਦੁਆਰਾ ਲਹੂ ਵਹਾਉਣ ਦੇ ਕਾਰਨ ਯਹੋਵਾਹ ਯਹੂਦਾਹ ਨੂੰ “ਖਿਮਾ ਕਰਨਾ ਨਹੀਂ ਸੀ ਚਾਹੁੰਦਾ।” ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਲਹੂ ਕੀਮਤੀ ਹੈ। ਅਸੀਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਬੇਦੋਸ਼ਿਆਂ ਦਾ ਕਤਲ ਕਰਨ ਵਾਲਿਆਂ ਨੂੰ ਨਾਸ਼ ਕਰ ਦੇਵੇਗਾ।—ਜ਼ਬੂਰਾਂ ਦੀ ਪੋਥੀ 37:9-11; 145:20.
ਸਾਡੇ ਲਈ ਸਬਕ
ਰਾਜਿਆਂ ਦੀ ਦੂਜੀ ਪੋਥੀ ਵਿਚ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਹਮੇਸ਼ਾ ਆਪਣੇ ਵਾਅਦੇ ਨਿਭਾਉਂਦਾ ਹੈ। ਇਸ ਤੋਂ ਅਸੀਂ ਕੀ ਸਿੱਖਦੇ ਹਾਂ ਕਿ ਇਸਰਾਏਲ ਅਤੇ ਬਾਅਦ ਵਿਚ ਯਹੂਦਾਹ ਦੇ ਲੋਕ ਆਪਣੇ ਦੇਸ਼ ਵਿੱਚੋਂ ਕੱਢੇ ਗਏ ਸਨ? ਉਨ੍ਹਾਂ ਦੀ ਇਸ ਸਜ਼ਾ ਬਾਰੇ ਭਵਿੱਖਬਾਣੀ ਬਿਵਸਥਾ ਸਾਰ 28:15–29:28 ਵਿਚ ਕੀਤੀ ਗਈ ਸੀ ਤੇ ਅਸੀਂ ਦੇਖ ਸਕਦੇ ਹਾਂ ਕਿ ਇਹ ਭਵਿੱਖਬਾਣੀ ਐਨ ਉਸੇ ਤਰ੍ਹਾਂ ਪੂਰੀ ਹੋਈ। ਰਾਜਿਆਂ ਦੀ ਦੂਜੀ ਪੋਥੀ ਵਿਚ ਦਿਖਾਇਆ ਗਿਆ ਹੈ ਕਿ ਅਲੀਸ਼ਾ ਨਬੀ ਨੂੰ ਯਹੋਵਾਹ ਦੇ ਨਾਂ ਨਾਲ ਅਤੇ ਉਸ ਦੀ ਭਗਤੀ ਨਾਲ ਕਿੰਨਾ ਲਗਾਅ ਸੀ। ਹਿਜ਼ਕੀਯਾਹ ਅਤੇ ਯੋਸੀਯਾਹ ਦੋ ਅਜਿਹੇ ਪਾਤਸ਼ਾਹ ਸਨ ਜੋ ਹਲੀਮ ਹੋਣ ਦੇ ਨਾਲ-ਨਾਲ ਪਰਮੇਸ਼ੁਰ ਦੀ ਬਿਵਸਥਾ ਮੁਤਾਬਕ ਚੱਲਦੇ ਸਨ।
ਜਦ ਅਸੀਂ ਰਾਜਿਆਂ ਦੀ ਦੂਜੀ ਪੋਥੀ ਵਿਚ ਜ਼ਿਕਰ ਕੀਤੇ ਗਏ ਰਾਜਿਆਂ, ਨਬੀਆਂ ਅਤੇ ਹੋਰਨਾਂ ਲੋਕਾਂ ਦੇ ਵਤੀਰੇ ਤੇ ਕੰਮਾਂ ਬਾਰੇ ਧਿਆਨ ਨਾਲ ਸੋਚ-ਵਿਚਾਰ ਕਰਦੇ ਹਾਂ, ਤਾਂ ਕੀ ਇਸ ਤੋਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ? (ਰੋਮੀਆਂ 15:4; 1 ਕੁਰਿੰਥੀਆਂ 10:11) ਜੀ ਹਾਂ, “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ।”—ਇਬਰਾਨੀਆਂ 4:12.
[ਡੱਬੀ/ਸਫ਼ੇ 10 ਉੱਤੇ ਤਸਵੀਰ]
ਅਲੀਸ਼ਾ ਦੀਆਂ ਕਰਾਮਾਤਾਂ
1. ਯਰਦਨ ਦਰਿਆ ਦਾ ਪਾਣੀ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਸੀ।—2 ਰਾਜਿਆਂ 2:14
2. ਯਰੀਹੋ ਦਾ ਖ਼ਰਾਬ ਪਾਣੀ ਸ਼ੁੱਧ ਕੀਤਾ ਗਿਆ।—2 ਰਾਜਿਆਂ 2:19-22
3. ਰਿੱਛਾਂ ਨੇ ਅਲੀਸ਼ਾ ਦਾ ਮਜ਼ਾਕ ਉਡਾਉਣ ਵਾਲੇ ਨਿਆਣਿਆਂ ਤੇ ਹਮਲਾ ਕੀਤਾ।—2 ਰਾਜਿਆਂ 2:23, 24
4. ਫ਼ੌਜੀਆਂ ਨੂੰ ਪੀਣ ਲਈ ਪਾਣੀ ਦਿੱਤਾ ਗਿਆ।—2 ਰਾਜਿਆਂ 3:16-26
5. ਵਿਧਵਾ ਤੀਵੀਂ ਨੂੰ ਤੇਲ ਦਿੱਤਾ ਗਿਆ।—2 ਰਾਜਿਆਂ 4:1-7
6. ਬਾਂਝ ਸ਼ੂਨੰਮੀ ਤੀਵੀਂ ਦੀ ਗੋਦ ਹਰੀ ਹੋਈ।—2 ਰਾਜਿਆਂ 4:8-17
7. ਬੱਚੇ ਨੂੰ ਮੁੜ ਜ਼ਿੰਦਾ ਕੀਤਾ ਗਿਆ।—2 ਰਾਜਿਆਂ 4:18-37
8. ਜ਼ਹਿਰੀਲੀ ਸਬਜ਼ੀ ਖਾਣਯੋਗ ਬਣਾਈ ਗਈ।—2 ਰਾਜਿਆਂ 4:38-41
9. ਵੀਹ ਰੋਟੀਆਂ ਨਾਲ ਇਕ ਸੌ ਆਦਮੀਆਂ ਦਾ ਪੇਟ ਭਰਿਆ।—2 ਰਾਜਿਆਂ 4:42-44
10. ਨਅਮਾਨ ਨੂੰ ਉਸ ਦੇ ਕੋੜ੍ਹ ਤੋਂ ਚੰਗਾ ਕੀਤਾ ਗਿਆ।—2 ਰਾਜਿਆਂ 5:1-14
11. ਗੇਹਾਜੀ ਨੂੰ ਨਅਮਾਨ ਦਾ ਕੋੜ੍ਹ ਲੱਗ ਗਿਆ।—2 ਰਾਜਿਆਂ 5:24-27
12. ਪਾਣੀ ਵਿਚ ਡਿਗੀ ਲੋਹੇ ਦੀ ਕੁਹਾੜੀ ਤਰਨ ਲੱਗੀ।—2 ਰਾਜਿਆਂ 6:5-7
13. ਇਕ ਸੇਵਕ ਨੂੰ ਦੂਤਾਂ ਦੇ ਰਥ ਦਿਖਾਏ ਗਏ।—2 ਰਾਜਿਆਂ 6:15-17
14. ਅਰਾਮੀ ਸੈਨਾ ਨੂੰ ਅੰਨ੍ਹਾ ਕਰ ਦਿੱਤਾ ਗਿਆ।—2 ਰਾਜਿਆਂ 6:18
15. ਅਰਾਮੀ ਸੈਨਾ ਮੁੜ ਦੇਖਣ ਲੱਗੀ।—2 ਰਾਜਿਆਂ 6:19-23
16. ਮੁਰਦੇ ਨੂੰ ਜ਼ਿੰਦਾ ਕੀਤਾ ਗਿਆ।—2 ਰਾਜਿਆਂ 13:20, 21
[Chart/Pictures on page 12]
ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹ
ਸ਼ਾਊਲ/ਦਾਊਦ/ਸੁਲੇਮਾਨ: 1117/1077/1037 ਈ.ਪੂ.a
ਯਹੂਦਾਹ ਦਾ ਰਾਜ ਤਾਰੀਖ਼ (ਈ.ਪੂ.) ਇਸਰਾਏਲ ਦਾ ਰਾਜ
ਰਹਬੁਆਮ .......997........ ਯਾਰਾਬੁਆਮ
ਅਬੀਯਾਹ/ਆਸਾ .....980/978....
..976/975/952. ਨਾਦਾਬ/ਬਆਸ਼ਾ/ਏਲਾਹ
..951/951/951. ਜ਼ਿਮਰੀ/ਆਮਰੀ/ਤਿਬਨੀ
........940........ ਅਹਾਬ
ਯਹੋਸ਼ਾਫ਼ਾਟ ........937........
.....920/917.... ਅਹਜ਼ਯਾਹ/ਯਹੋਰਾਮ
ਯਹੋਰਾਮ .......913.......
ਅਹਜ਼ਯਾਹ .......906......
(ਅਥਲਯਾਹ) ........905....... ਯੇਹੂ
ਯਹੋਆਸ਼ .......898......
....876/859... ਯਹੋਅਹਾਜ਼/ਯਹੋਆਸ਼
ਅਮਸਯਾਹ ......858.......
......844...... ਯਾਰਾਬੁਆਮ ਦੂਜਾ
ਅਜ਼ਰਯਾਹ (ਉਜ਼ੀਯਾਹ) .......829.....
..803/791/791.. ਜ਼ਕਰਯਾਹ/ਸ਼ੱਲੁਮ/ਮਨਹੇਮ
....780/778..... ਪਕਹਯਾਹ/ਪਕਹ
ਯੋਥਾਮ/ਆਹਾਜ਼ ....777/762....
.......758....... ਹੋਸ਼ੇਆ
ਹਿਜ਼ਕੀਯਾਹ ........746.......
........740...... ਸਾਮਰਿਯਾ ਜਿੱਤਿਆ ਗਿਆ
ਮਨੱਸ਼ਹ/ਆਮੋਨ/ਯੋਸੀਯਾਹ ...716/661/659..
ਯਹੋਆਹਾਜ਼/ਯਹੋਯਾਕੀਮ .....628/628......
ਯਹੋਯਾਕੀਨ/ਸਿਦਕੀਯਾਹ .....618/617.....
ਯਰੂਸ਼ਲਮ ਦੀ ਤਬਾਹੀ ........607........
[ਫੁਟਨੋਟ]
a ਕੁਝ ਤਾਰੀਖ਼ਾਂ ਅੰਦਾਜ਼ੇ ਹਨ ਕਿ ਰਾਜ ਕਿਹੜੇ ਸਾਲ ਵਿਚ ਸ਼ੁਰੂ ਹੋਏ।
[ਸਫ਼ੇ 8, 9 ਉੱਤੇ ਤਸਵੀਰ]
ਨਅਮਾਨ ਨੇ ਆਪਣਾ ਘਮੰਡ ਛੱਡਿਆ ਤੇ ਯਹੋਵਾਹ ਦੀ ਸ਼ਕਤੀ ਨਾਲ ਉਸ ਨੂੰ ਚੰਗਾ ਕੀਤਾ ਗਿਆ
[ਸਫ਼ੇ 8, 9 ਉੱਤੇ ਤਸਵੀਰ]
ਏਲੀਯਾਹ ਨੂੰ ਕੀ ਹੋਇਆ ਸੀ ਜਦ ਉਹ ‘ਵਾਵਰੋਲੇ ਵਿੱਚ ਚੜ੍ਹ ਗਿਆ ਸੀ’?