ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
© 2023 Watch Tower Bible and Tract Society of Pennsylvania
4-10 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 16-17
‘ਯਹੋਵਾਹ, ਤੂੰ ਸਾਰੀਆਂ ਚੰਗੀਆਂ ਚੀਜ਼ਾਂ ਦਾ ਸੋਮਾ ਹੈਂ’
ਨੌਜਵਾਨੋ, ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋ ਸਕਦੀ ਹੈ
ਸੱਚੇ ਦੋਸਤ ਬਣਾਓ
11 ਜ਼ਬੂਰ 16:3 ਪੜ੍ਹੋ। ਦਾਊਦ ਸੱਚੇ ਦੋਸਤਾਂ ਦੀ ਚੋਣ ਕਰਨ ਦਾ ਰਾਜ਼ ਜਾਣਦਾ ਸੀ। ਉਸ ਨੂੰ ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਨੂੰ ਆਪਣੇ ਦੋਸਤ ਬਣਾ ਕੇ ਬੇਹੱਦ “ਖੁਸ਼ੀ” ਮਿਲੀ। ਉਸ ਨੇ ਆਪਣੇ ਦੋਸਤਾਂ ਨੂੰ “ਸੰਤ” ਕਿਹਾ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਨੈਤਿਕ ਮਿਆਰਾਂ ʼਤੇ ਚੱਲਣ ਦੀ ਕੋਸ਼ਿਸ਼ ਕੀਤੀ। ਜ਼ਬੂਰਾਂ ਦੇ ਇਕ ਹੋਰ ਲਿਖਾਰੀ ਨੇ ਵੀ ਦੋਸਤਾਂ ਦੀ ਚੋਣ ਕਰਨ ਦੇ ਮਾਮਲੇ ਬਾਰੇ ਇਸੇ ਤਰ੍ਹਾਂ ਹੀ ਮਹਿਸੂਸ ਕੀਤਾ ਅਤੇ ਲਿਖਿਆ: “ਮੈਂ ਉਨ੍ਹਾਂ ਸਾਰਿਆਂ ਦਾ ਸਾਥੀ ਹਾਂ ਜਿਹੜੇ ਤੇਰਾ ਭੈ ਰੱਖਦੇ ਹਨ, ਅਤੇ ਤੇਰੇ ਫ਼ਰਮਾਨਾਂ ਦੀ ਪਾਲਨਾ ਕਰਦੇ ਹਨ।” (ਜ਼ਬੂ. 119:63) ਜਿੱਦਾਂ ਅਸੀਂ ਪਿਛਲੇ ਲੇਖ ਵਿਚ ਚਰਚਾ ਕੀਤੀ ਸੀ, ਤੁਸੀਂ ਵੀ ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਤੇ ਉਸ ਦਾ ਕਹਿਣਾ ਮੰਨਣ ਵਾਲਿਆਂ ਵਿੱਚੋਂ ਬਹੁਤ ਸਾਰੇ ਚੰਗੇ ਦੋਸਤ ਬਣਾ ਸਕਦੇ ਹੋ। ਨਾਲੇ ਇਹ ਜ਼ਰੂਰੀ ਨਹੀਂ ਕਿ ਤੁਹਾਡੇ ਦੋਸਤ ਤੁਹਾਡੀ ਉਮਰ ਦੇ ਹੀ ਹੋਣ।
‘ਯਹੋਵਾਹ ਦੀ ਮਨੋਹਰਤਾ ਨੂੰ ਤੱਕੋ’
ਦਾਊਦ ਨੇ ਗੀਤ ਗਾਇਆ ਕਿ ‘ਯਹੋਵਾਹ ਮੇਰੇ ਵਿਰਸੇ ਦਾ ਅਰ ਮੇਰੇ ਕਟੋਰੇ ਦਾ ਭਾਗ ਹੈ। ਤੂੰ ਮੇਰੇ ਹਿੱਸੇ ਦਾ ਰੱਖਵਾਲਾ ਹੈਂ। ਤੂੰ ਮਨ ਭਾਉਂਦੇ ਥਾਂਵਾਂ ਵਿੱਚ ਮੇਰੇ ਲਈ ਜਰੀਬ ਪਾਈ ਹੈ।’ (ਜ਼ਬੂ. 16:5, 6) ਦਾਊਦ ਆਪਣੇ “ਭਾਗ” ਯਾਨੀ ਯਹੋਵਾਹ ਨਾਲ ਆਪਣੇ ਕਰੀਬੀ ਰਿਸ਼ਤੇ ਅਤੇ ਉਸ ਦੀ ਸੇਵਾ ਕਰਨ ਦੇ ਸਨਮਾਨ ਲਈ ਅਹਿਸਾਨਮੰਦ ਸੀ। ਹੋ ਸਕਦਾ ਹੈ ਕਿ ਅਸੀਂ ਵੀ ਦਾਊਦ ਵਾਂਗ ਔਖੇ ਪਲਾਂ ਵਿੱਚੋਂ ਲੰਘਦੇ ਹੋਈਏ, ਪਰ ਗੌਰ ਕਰੋ ਕਿ ਪਰਮੇਸ਼ੁਰ ਨੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਨਾਲ ਨਿਵਾਜਿਆ ਹੈ! ਸੋ ਆਓ ਆਪਾਂ ਹਮੇਸ਼ਾ ਯਹੋਵਾਹ ਦੇ ਮਹਾਨ ਮੰਦਰ ਉੱਤੇ ਧਿਆਨ ਲਾਈਏ ਤੇ ਉਸ ਦੀ ਭਗਤੀ ਖਿੜੇ ਮੱਥੇ ਕਰਦੇ ਰਹੀਏ।
ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖੋ
2 ਅਸੀਂ ਸਾਰੇ ਅਬਰਾਹਾਮ, ਸਾਰਾਹ, ਮੂਸਾ, ਰੂਥ, ਦਾਊਦ, ਅਸਤਰ, ਪੌਲੁਸ ਰਸੂਲ ਵਰਗੇ ਜਾਣੇ-ਪਛਾਣੇ ਇਨਸਾਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਪਰ ਬਾਈਬਲ ਵਿਚ ਹੋਰ ਵੀ ਅਨੇਕ ਇਨਸਾਨਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਦੀ ਆਮ ਕਰਕੇ ਬਹੁਤੀ ਗੱਲ ਨਹੀਂ ਕੀਤੀ ਜਾਂਦੀ। ਇਨ੍ਹਾਂ ਬਾਰੇ ਪੜ੍ਹ ਕੇ ਵੀ ਸਾਨੂੰ ਫ਼ਾਇਦਾ ਹੋ ਸਕਦਾ ਹੈ। ਜੇ ਅਸੀਂ ਬਾਈਬਲ ਦੀਆਂ ਕਹਾਣੀਆਂ ਉੱਤੇ ਸੋਚ-ਵਿਚਾਰ ਕਰਾਂਗੇ, ਤਾਂ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿ ਸਕਾਂਗੇ: “ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ।” (ਜ਼ਬੂ. 16:8) ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ?
3 ਪੁਰਾਣੇ ਜ਼ਮਾਨੇ ਵਿਚ ਆਮ ਤੌਰ ਤੇ ਲੜਾਈ ਦੌਰਾਨ ਫ਼ੌਜੀ ਦੇ ਸੱਜੇ ਹੱਥ ਵਿਚ ਤਲਵਾਰ ਅਤੇ ਖੱਬੇ ਹੱਥ ਵਿਚ ਢਾਲ ਹੁੰਦੀ ਸੀ। ਇਸ ਦਾ ਮਤਲਬ ਹੈ ਕਿ ਉਸ ਦਾ ਸੱਜਾ ਪਾਸਾ ਜ਼ਖ਼ਮੀ ਹੋ ਸਕਦਾ ਸੀ ਕਿਉਂਕਿ ਉਹ ਖੱਬੇ ਹੱਥ ਵਿਚ ਫੜੀ ਢਾਲ ਤੋਂ ਦੂਰ ਸੀ। ਪਰ ਜੇ ਉਸ ਦਾ ਦੋਸਤ ਉਸ ਦੇ ਸੱਜੇ ਪਾਸੇ ਖੜ੍ਹ ਕੇ ਲੜਾਈ ਕਰਦਾ, ਤਾਂ ਉਹ ਉਸ ਦੀ ਰਾਖੀ ਕਰ ਸਕਦਾ ਸੀ। ਇਸੇ ਤਰ੍ਹਾਂ ਜੇ ਅਸੀਂ ਯਹੋਵਾਹ ਦੇ ਨੇੜੇ ਰਹੀਏ ਤੇ ਉਸ ਦੀ ਇੱਛਾ ਪੂਰੀ ਕਰੀਏ, ਤਾਂ ਉਹ ਵੀ ਮਾਨੋ ਸਾਡੇ ਸੱਜੇ ਪਾਸੇ ਖੜ੍ਹ ਕੇ ਸਾਡੀ ਰਾਖੀ ਕਰੇਗਾ। ਇਸ ਲਈ ਆਓ ਆਪਾਂ ਦੇਖੀਏ ਕਿ ਬਾਈਬਲ ਦੇ ਬਿਰਤਾਂਤਾਂ ਵੱਲ ਧਿਆਨ ਦੇਣ ਨਾਲ ਅਸੀਂ ਆਪਣੀ ਨਿਹਚਾ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਤਾਂਕਿ ਅਸੀਂ “ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ” ਰੱਖ ਸਕੀਏ।
ਹੀਰੇ-ਮੋਤੀ
it-2 714
ਅੱਖ ਦੀ ਪੁਤਲੀ
ਇਬਰਾਨੀ ਭਾਸ਼ਾ ਵਿਚ ਜਦੋਂ ਸ਼ਬਦ ਆਈਸ਼ੋਨ (ਬਿਵ 32:10; ਕਹਾ 7:2) ਦੇ ਨਾਲ ਆਇਨ (ਅੱਖ) ਲਿਖਿਆ ਹੁੰਦਾ ਹੈ, ਤਾਂ ਉਸ ਦਾ ਸ਼ਾਬਦਿਕ ਮਤਲਬ ਹੁੰਦਾ ਹੈ, “ਅੱਖ ਦਾ ਛੋਟਾ ਆਦਮੀ।” ਇਸੇ ਤਰ੍ਹਾਂ ਜਦੋਂ ਵਿਰਲਾਪ 2:18 ਵਿਚ ‘ਅੱਖ’ ਦੇ ਨਾਲ ਸ਼ਬਦ ਬਾਥ (ਧੀ) ਆਉਂਦਾ ਹੈ, ਤਾਂ ਉੱਥੇ ਉਸ ਦਾ ਸ਼ਾਬਦਿਕ ਮਤਲਬ ਹੈ, “ਅੱਖ ਦੀ ਧੀ।” ਬਾਈਬਲ ਵਿਚ ਇਨ੍ਹਾਂ ਦੋ ਤਰੀਕਿਆਂ ਨਾਲ “ਅੱਖ ਦੀ ਪੁਤਲੀ” ਬਾਰੇ ਦੱਸਿਆ ਗਿਆ ਹੈ। ਪਰ ਜ਼ਬੂਰ 17:8 ਵਿਚ “ਅੱਖ ਦੀ ਪੁਤਲੀ” ਦੀ ਅਹਿਮੀਅਤ ਬਾਰੇ ਦੱਸਣ ਲਈ ਆਈਸ਼ੋਨ ਵੀ ਲਿਖਿਆ ਹੈ ਅਤੇ ਬਾਥ ਵੀ ਲਿਖਿਆ ਹੈ। (ਆਈਸ਼ੋਨ ਬਾਥ-ਆਇਨ ਜਿਸ ਦਾ ਸ਼ਾਬਦਿਕ ਮਤਲਬ ਹੈ, “ਅੱਖ ਦਾ ਛੋਟਾ ਆਦਮੀ ਅਤੇ ਧੀ।”) ਜ਼ਾਹਰ ਹੈ ਕਿ ਇਸ ਆਇਤ ਵਿਚ ਸਾਮ੍ਹਣੇ ਵਾਲੇ ਵਿਅਕਤੀ ਦੀਆਂ ਅੱਖਾਂ ਵਿਚ ਸਾਡੀ ਜੋ ਛੋਟੀ ਜਿਹੀ ਤਸਵੀਰ ਬਣਦੀ ਹੈ, ਉਸ ਦੀ ਗੱਲ ਕੀਤੀ ਗਈ ਹੈ।
ਸਾਡੀਆਂ ਅੱਖਾਂ ਬਹੁਤ ਨਾਜ਼ੁਕ ਹੁੰਦੀਆਂ ਹਨ। ਜੇ ਉਨ੍ਹਾਂ ਵਿਚ ਇਕ ਛੋਟਾ ਜਿਹਾ ਵਾਲ਼ ਜਾਂ ਧੂੜ ਦਾ ਇਕ ਕਣ ਵੀ ਚਲਾ ਜਾਵੇ, ਤਾਂ ਸਾਨੂੰ ਝੱਟ ਪਤਾ ਲੱਗ ਜਾਂਦਾ ਹੈ ਅਤੇ ਅਸੀਂ ਉਸ ਨੂੰ ਛੇਤੀ ਤੋਂ ਛੇਤੀ ਕੱਢਣ ਦੀ ਕੋਸ਼ਿਸ਼ ਕਰਨ ਲੱਗ ਪੈਂਦੇ ਹਾਂ। ਅੱਖਾਂ ਦੀ ਪੁਤਲੀ ਉੱਪਰ ਇਕ ਪਾਰਦਰਸ਼ੀ ਝਿੱਲੀ (ਕੋਰਨੀਆ) ਵੀ ਹੁੰਦੀ ਹੈ। ਜੇ ਅਸੀਂ ਸਾਵਧਾਨ ਨਾ ਰਹੀਏ ਅਤੇ ਇਸ ʼਤੇ ਸੱਟ ਲੱਗ ਜਾਵੇ ਜਾਂ ਕਿਸੇ ਬੀਮਾਰੀ ਕਰਕੇ ਇਹ ਧੁੰਦਲੀ ਪੈ ਜਾਵੇ, ਤਾਂ ਸਾਡੀ ਨਜ਼ਰ ਕਮਜ਼ੋਰ ਪੈ ਸਕਦੀ ਹੈ ਜਾਂ ਅਸੀਂ ਅੰਨ੍ਹੇ ਹੋ ਸਕਦੇ ਹਾਂ। ਬਾਈਬਲ ਵਿਚ ਜਦੋਂ ਕਿਸੇ ਚੀਜ਼ ਦੀ ਤੁਲਨਾ “ਅੱਖ ਦੀ ਪੁਤਲੀ” ਨਾਲ ਕੀਤੀ ਜਾਂਦੀ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਦੀ ਬਹੁਤ ਧਿਆਨ ਨਾਲ ਹਿਫਾਜ਼ਤ ਕਰਨ ਦੀ ਲੋੜ ਹੈ, ਜਿਵੇਂ ਕਿ ਪਰਮੇਸ਼ੁਰ ਦੇ ਕਾਨੂੰਨਾਂ ਦੀ। (ਕਹਾ 7:2) ਪਰਮੇਸ਼ੁਰ ਨੇ ਜਿਸ ਤਰ੍ਹਾਂ ਇਜ਼ਰਾਈਲੀਆਂ ਦੀ ਦੇਖ-ਭਾਲ ਕੀਤੀ, ਉਸ ਬਾਰੇ ਬਿਵਸਥਾ ਸਾਰ 32:10 ਵਿਚ ਲਿਖਿਆ ਹੈ ਕਿ ਉਸ ਨੇ ‘ਆਪਣੀ ਅੱਖ ਦੀ ਪੁਤਲੀ ਵਾਂਗ ਉਨ੍ਹਾਂ ਦੀ ਰੱਖਿਆ ਕੀਤੀ।’ ਦਾਊਦ ਨੇ ਵੀ ਆਪਣੀ ਤੁਲਨਾ ਯਹੋਵਾਹ ਦੀ “ਅੱਖ ਦੀ ਪੁਤਲੀ” ਨਾਲ ਕੀਤੀ ਅਤੇ ਉਸ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ ਹਿਫਾਜ਼ਤ ਕਰੇ ਅਤੇ ਉਸ ਨੂੰ ਸੰਭਾਲੀ ਰੱਖੇ। (ਜ਼ਬੂ 17:8) ਇਸ ਤੋਂ ਪਤਾ ਲੱਗਦਾ ਹੈ ਕਿ ਉਹ ਚਾਹੁੰਦਾ ਸੀ ਕਿ ਯਹੋਵਾਹ ਤੁਰੰਤ ਉਸ ਦੀ ਖ਼ਾਤਰ ਕਦਮ ਚੁੱਕੇ, ਖ਼ਾਸ ਕਰਕੇ ਉਦੋਂ ਜਦੋਂ ਉਹ ਦੁਸ਼ਮਣਾਂ ਨਾਲ ਘਿਰਿਆ ਹੋਇਆ ਸੀ। (ਜ਼ਕ 2:8 ਵਿਚ ਨੁਕਤਾ ਦੇਖੋ।)
11-17 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 18
“ਯਹੋਵਾਹ . . . ਮੈਨੂੰ ਬਚਾਉਂਦਾ ਹੈ”
ਬਾਈਬਲ ਦੀ ਤਸਵੀਰੀ ਭਾਸ਼ਾ—ਕੀ ਤੁਸੀਂ ਇਸ ਨੂੰ ਸਮਝਦੇ ਹੋ?
ਬਾਈਬਲ ਵਿਚ ਯਹੋਵਾਹ ਦੀ ਤੁਲਨਾ ਬੇਜਾਨ ਚੀਜ਼ਾਂ ਨਾਲ ਵੀ ਕੀਤੀ ਜਾਂਦੀ ਹੈ। ਉਸ ਨੂੰ “ਇਸਰਾਏਲ ਦੀ ਚਟਾਨ,” “ਚਟਾਨ” ਅਤੇ “ਗੜ੍ਹ” ਕਿਹਾ ਗਿਆ ਹੈ। (2 ਸਮੂਏਲ 23:3; ਜ਼ਬੂਰਾਂ ਦੀ ਪੋਥੀ 18:2; ਬਿਵਸਥਾ ਸਾਰ 32:4) ਇਸ ਨਾਲ ਮਿਲਦੀ-ਜੁਲਦੀ ਗੱਲ ਕੀ ਹੈ? ਜਿਸ ਤਰ੍ਹਾਂ ਇਕ ਚਟਾਨ ਵੱਡਾ ਅਤੇ ਸਥਿਰ ਹੁੰਦਾ ਹੈ, ਉਸੇ ਤਰ੍ਹਾਂ ਯਹੋਵਾਹ ਪੱਕਾ ਅਤੇ ਸਥਿਰ ਹੈ ਅਤੇ ਇਸ ਕਰਕੇ ਅਸੀਂ ਉਸ ਉੱਤੇ ਭਰੋਸਾ ਰੱਖ ਸਕਦੇ ਹੈ।
5 ਜ਼ਬੂਰਾਂ ਦੀ ਪੋਥੀ ਵਿਚ ਬਹੁਤ ਸਾਰੀ ਤਸਵੀਰੀ ਭਾਸ਼ਾ ਹੈ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ। ਮਿਸਾਲ ਲਈ, ਜ਼ਬੂਰ 84:11 ਵਿਚ ਲਿਖਿਆ ਹੈ ਕਿ ਯਹੋਵਾਹ “ਸੂਰਜ ਤੇ ਇੱਕ ਢਾਲ” ਹੈ ਕਿਉਂਕਿ ਉਹ ਰੌਸ਼ਨੀ, ਜ਼ਿੰਦਗੀ ਅਤੇ ਤਾਕਤ ਦੇਣ ਵਾਲਾ ਹੈ ਨਾਲੇ ਉਹ ਸਾਡੀ ਰਾਖੀ ਕਰਦਾ ਹੈ। ਦੂਜੇ ਪਾਸੇ, ਜ਼ਬੂਰ 121:5 ਕਹਿੰਦਾ ਹੈ ਕਿ “ਯਹੋਵਾਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ।” ਠੀਕ ਜਿਵੇਂ ਸਾਏ ਹੇਠ ਤਪਦੇ ਸੂਰਜ ਤੋਂ ਸਾਡੀ ਰਾਖੀ ਹੁੰਦੀ ਹੈ ਉਵੇਂ ਯਹੋਵਾਹ ਆਪਣੇ ਸੇਵਕਾਂ ਨੂੰ ਦੁੱਖਾਂ ਦੀ ਤਾਪ ਤੋਂ ਬਚਾ ਕੇ ਆਪਣੇ “ਹੱਥ” ਦੇ ਸਾਏ ਹੇਠ ਜਾਂ “ਖੰਭਾਂ” ਦੀ ਛਾਇਆ ਹੇਠ ਰੱਖਦਾ ਹੈ।—ਯਸਾਯਾਹ 51:16; ਜ਼ਬੂਰਾਂ ਦੀ ਪੋਥੀ 17:8; 36:7.
it-2 1161 ਪੈਰਾ 7
ਆਵਾਜ਼
ਪਰਮੇਸ਼ੁਰ ਆਪਣੇ ਸੇਵਕਾਂ ਦੀ ਸੁਣਦਾ ਹੈ। ਪਵਿੱਤਰ ਸ਼ਕਤੀ ਅਤੇ ਸੱਚਾਈ ਅਨੁਸਾਰ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਉਸ ਨੂੰ ਬੇਨਤੀ ਕਰਦਿਆਂ ਇਹ ਭਰੋਸਾ ਰੱਖ ਸਕਦੇ ਹਨ ਕਿ ਉਹ ਉਨ੍ਹਾਂ ਦੀ ਗੱਲ ਸੁਣਦਾ ਹੈ, ਫਿਰ ਚਾਹੇ ਉਹ ਜਿਹੜੀ ਮਰਜ਼ੀ ਭਾਸ਼ਾ ਵਿਚ ਉਸ ਨੂੰ ਫ਼ਰਿਆਦ ਕਰਨ। ਇੱਥੋਂ ਤਕ ਕਿ ਪਰਮੇਸ਼ੁਰ ਮਨ ਹੀ ਮਨ ਵਿਚ ਕੀਤੀਆਂ ਫ਼ਰਿਆਦਾਂ ਵੱਲ ਵੀ ਧਿਆਨ ਦਿੰਦਾ ਹੈ ਕਿਉਂਕਿ ਉਹ ਇਨਸਾਨ ਦੇ ਦਿਲ ਨੂੰ ਜਾਣਦਾ ਹੈ। (ਜ਼ਬੂ 66:19; 86:6; 116:1; 1 ਸਮੂ 1:13; ਨਹ 2:4) ਪਰਮੇਸ਼ੁਰ ਦੁਖੀਆਂ ਦੀ ਸੁਣਦਾ ਹੈ ਜੋ ਮਦਦ ਲਈ ਉਸ ਨੂੰ ਦੁਹਾਈ ਦਿੰਦੇ ਹਨ। ਨਾਲੇ ਉਹ ਆਪਣੇ ਵਿਰੋਧੀਆਂ ਦੀ ਵੀ ਆਵਾਜ਼ ਸੁਣਦਾ ਹੈ ਅਤੇ ਉਨ੍ਹਾਂ ਦੇ ਇਰਾਦੇ ਜਾਣਦਾ ਹੈ ਜੋ ਉਸ ਦੇ ਸੇਵਕਾਂ ਖ਼ਿਲਾਫ਼ ਸਾਜ਼ਸ਼ਾਂ ਘੜਦੇ ਹਨ।—ਉਤ 21:17; ਜ਼ਬੂ 55:18, 19; 69:33; 94:9-11; ਯਿਰ 23:25.
ਚਿੰਤਾਵਾਂ ਦੇ ਬਾਵਜੂਦ ਆਪਣੀ ਖ਼ੁਸ਼ੀ ਤੇ ਸ਼ਾਂਤੀ ਬਣਾਈ ਰੱਖੋ
2. ਸੋਚ-ਵਿਚਾਰ ਕਰੋ। ਜਦੋਂ ਤੁਸੀਂ ਆਪਣੀ ਪਿਛਲੀ ਜ਼ਿੰਦਗੀ ʼਤੇ ਝਾਤ ਮਾਰਦੇ ਹੋ, ਤਾਂ ਤੁਹਾਨੂੰ ਕੋਈ ਅਜਿਹੀ ਔਖੀ ਘੜੀ ਯਾਦ ਆਉਂਦੀ ਹੈ ਜਿਸ ਨੂੰ ਤੁਸੀਂ ਸਿਰਫ਼ ਯਹੋਵਾਹ ਦੀ ਮਦਦ ਨਾਲ ਹੀ ਸਹਿ ਸਕੇ ਸੀ? ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਨੇ ਬੀਤੇ ਸਮੇਂ ਵਿਚ ਸਾਡੀ ਅਤੇ ਹੋਰ ਸੇਵਕਾਂ ਦੀ ਮਦਦ ਕਿਵੇਂ ਕੀਤੀ ਸੀ, ਤਾਂ ਸਾਨੂੰ ਤਾਕਤ ਮਿਲਦੀ ਹੈ ਅਤੇ ਉਸ ʼਤੇ ਸਾਡਾ ਭਰੋਸਾ ਹੋਰ ਵੀ ਵਧਦਾ ਹੈ। (ਜ਼ਬੂ. 18:17-19) ਯੋਸ਼ੁਆ ਨਾਂ ਦਾ ਇਕ ਬਜ਼ੁਰਗ ਦੱਸਦਾ ਹੈ: “ਮੈਂ ਉਹ ਸਾਰੀਆਂ ਪ੍ਰਾਰਥਨਾਵਾਂ ਲਿਖ ਕੇ ਰੱਖੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਮੈਨੂੰ ਜਵਾਬ ਦਿੱਤਾ ਸੀ। ਇਸ ਤਰ੍ਹਾਂ ਮੈਂ ਉਸ ਸਮੇਂ ਨੂੰ ਯਾਦ ਕਰ ਪਾਉਂਦਾ ਹਾਂ ਜਦੋਂ ਮੈਂ ਕਿਸੇ ਖ਼ਾਸ ਗੱਲ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ ਅਤੇ ਉਸ ਨੇ ਮੇਰੀ ਲੋੜ ਮੁਤਾਬਕ ਮੈਨੂੰ ਜਵਾਬ ਦਿੱਤਾ।” ਜੀ ਹਾਂ, ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਨੇ ਪਹਿਲਾਂ ਸਾਡੇ ਲਈ ਕੀ ਕੁਝ ਕੀਤਾ ਹੈ, ਤਾਂ ਅਸੀਂ ਨਵੇਂ ਸਿਰਿਓਂ ਤਾਕਤ ਪਾਉਂਦੇ ਹਾਂ ਅਤੇ ਚਿੰਤਾਵਾਂ ਨਾਲ ਸਿੱਝ ਪਾਉਂਦੇ ਹਾਂ।
ਹੀਰੇ-ਮੋਤੀ
it-1 432 ਪੈਰਾ 2
ਕਰੂਬੀ
ਕੁਝ ਲੋਕਾਂ ਦਾ ਦਾਅਵਾ ਸੀ ਕਿ ਡੇਰੇ ਵਿਚ ਬਣਾਏ ਗਏ ਕਰੂਬੀ ਉਨ੍ਹਾਂ ਡਰਾਉਣੇ ਪਰਾਂ ਵਾਲੇ ਜੀਵਾਂ ਵਰਗੇ ਦਿੱਸਦੇ ਸਨ ਜਿਨ੍ਹਾਂ ਦੀ ਆਲੇ-ਦੁਆਲੇ ਦੀਆਂ ਕੌਮਾਂ ਦੇ ਲੋਕ ਭਗਤੀ ਕਰਦੇ ਸਨ। ਪਰ ਇੱਦਾਂ ਨਹੀਂ ਸੀ। ਨਾਲੇ ਪੁਰਾਣੇ ਜ਼ਮਾਨੇ ਦੇ ਕਈ ਯਹੂਦੀ ਲੇਖਾਂ ਮੁਤਾਬਕ ਇਹ ਕਰੂਬੀ ਇਨਸਾਨ ਦੇ ਰੂਪ ਵਿਚ ਬਣਾਏ ਗਏ ਸਨ, ਪਰ ਬਾਈਬਲ ਵਿਚ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ। ਡੇਰੇ ਵਿਚ ਬਣਾਏ ਗਏ ਕਰੂਬੀ ਬਹੁਤ ਵਧੀਆ ਕਲਾਕਾਰੀ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਦੂਤ ਬਹੁਤ ਸੋਹਣੇ ਹਨ। ਇਨ੍ਹਾਂ ਕਰੂਬੀਆਂ ਨੂੰ “ਉਸੇ ਨਮੂਨੇ ਅਨੁਸਾਰ” ਬਣਾਇਆ ਗਿਆ ਸੀ ਜੋ ਮੂਸਾ ਨੂੰ ਯਹੋਵਾਹ ਤੋਂ ਮਿਲਿਆ ਸੀ। (ਕੂਚ 25:9) ਪੌਲੁਸ ਰਸੂਲ ਨੇ ਵੀ ਲਿਖਿਆ ਕਿ ਉਹ ‘ਸ਼ਾਨਦਾਰ ਸਨ ਜਿਨ੍ਹਾਂ ਦਾ ਪਰਛਾਵਾਂ ਢੱਕਣ ਉੱਤੇ ਪੈਂਦਾ ਸੀ।’ (ਇਬ. 9:5) ਯਹੋਵਾਹ ਦੀ ਹਜ਼ੂਰੀ ਨੂੰ ਦਰਸਾਉਣ ਲਈ ਕਈ ਚੀਜ਼ਾਂ ʼਤੇ ਕਰੂਬੀ ਬਣਾਏ ਗਏ ਸਨ। ਪਰਮੇਸ਼ੁਰ ਗਵਾਹੀ ਦੇ ਸੰਦੂਕ ʼਤੇ ਰੱਖੇ ਦੋ ਕਰੂਬੀਆਂ ਦੇ ਵਿਚਕਾਰੋਂ ਗੱਲ ਕਰਦਾ ਸੀ। (ਕੂਚ 25:22; ਗਿਣ 7:89) ਕਈ ਆਇਤਾਂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ “ਕਰੂਬੀਆਂ ਤੋਂ ਉੱਚੇ [ਜਾਂ, “ਦੇ ਵਿਚਕਾਰ”] ਆਪਣੇ ਸਿੰਘਾਸਣ ਉੱਤੇ ਬਿਰਾਜਮਾਨ” ਹੈ। (1 ਸਮੂ 4:4; 2 ਸਮੂ 6:2; 2 ਰਾਜ 19:15; 1 ਇਤਿ 13:6; ਜ਼ਬੂ 80:1; 99:1; ਯਸਾ 37:16) ਕਰੂਬੀ ਯਹੋਵਾਹ ਦੇ “ਰਥ ਦੇ ਪ੍ਰਤੀਕ ਸਨ” ਜਿਸ ਨੂੰ ਉਹ ਚਲਾਉਂਦਾ ਸੀ। (1 ਇਤਿ 28:18) ਕਰੂਬੀਆਂ ਦੇ ਖੰਭਾਂ ਕਰਕੇ ਰਥ ਤੇਜ਼ੀ ਨਾਲ ਚੱਲਦਾ ਸੀ ਤੇ ਇਨ੍ਹਾਂ ਕਰਕੇ ਹਿਫਾਜ਼ਤ ਵੀ ਹੁੰਦੀ ਸੀ। ਦਾਊਦ ਨੇ ਇਕ ਗੀਤ ਵਿਚ ਦੱਸਿਆ ਕਿ ਯਹੋਵਾਹ ਕਿਵੇਂ ਉਸ ਦੀ ਮਦਦ ਕਰਨ ਆਉਂਦਾ ਹੈ। ਉਸ ਨੇ ਲਿਖਿਆ: “ਉਹ ਇਕ ਕਰੂਬੀ ʼਤੇ ਸਵਾਰ ਹੋ ਕੇ ਉੱਡਦਾ ਹੋਇਆ ਆਇਆ। ਉਹ ਇਕ ਦੂਤ ਦੇ ਖੰਭਾਂ ʼਤੇ ਨਜ਼ਰ ਆ ਰਿਹਾ ਸੀ।”—2 ਸਮੂ 22:11; ਜ਼ਬੂ 18:10.
18-24 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 19-21
“ਆਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਐਲਾਨ ਕਰਦਾ ਹੈ”
ਆਓ ਆਪਾਂ ਸਾਰੇ ਯਹੋਵਾਹ ਦੀ ਵਡਿਆਈ ਕਰੀਏ
ਯੱਸੀ ਦਾ ਪੁੱਤਰ ਦਾਊਦ ਬੈਤਲਹਮ ਦੇ ਨੇੜੇ ਰਹਿਣ ਵਾਲਾ ਇਕ ਚਰਵਾਹਾ ਸੀ। ਆਪਣੇ ਪਿਤਾ ਦੀਆਂ ਭੇਡਾਂ ਚਾਰਦੇ ਸਮੇਂ ਉਸ ਨੇ ਰਾਤ ਦੀ ਖਾਮੋਸ਼ੀ ਵਿਚ ਕਈ ਵਾਰ ਤਾਰਿਆਂ ਨਾਲ ਭਰੇ ਆਕਾਸ਼ ਵੱਲ ਦੇਖਿਆ ਹੋਵੇਗਾ। ਬਿਨਾਂ ਸ਼ੱਕ ਉਸ ਨੂੰ ਉਹ ਰਾਤਾਂ ਪੂਰੀ ਤਰ੍ਹਾਂ ਯਾਦ ਸਨ ਜਦੋਂ ਉਸ ਨੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ 19ਵੇਂ ਜ਼ਬੂਰ ਦੇ ਸੁੰਦਰ ਸ਼ਬਦ ਲਿਖੇ ਤੇ ਗਾਏ ਸਨ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ। ਸਾਰੀ ਧਰਤੀ ਵਿੱਚ ਉਨ੍ਹਾਂ ਦੀ ਤਾਰ ਪਹੁੰਚਦੀ ਹੈ, ਅਤੇ ਸੰਸਾਰ ਦੀਆਂ ਹੱਦਾਂ ਤੀਕੁਰ ਉਨ੍ਹਾਂ ਦੇ ਬੋਲ।”—ਜ਼ਬੂਰਾਂ ਦੀ ਪੋਥੀ 19:1, 4.
2 ਯਹੋਵਾਹ ਦੇ ਰਚੇ ਹੋਏ ਸ਼ਾਨਦਾਰ ਆਕਾਸ਼ ਦਿਨ-ਰਾਤ ਬਿਨਾਂ ਬੋਲੀ, ਬਿਨਾਂ ਸ਼ਬਦ ਅਤੇ ਬਿਨਾਂ ਆਵਾਜ਼ ਪਰਮੇਸ਼ੁਰ ਦੀ ਮਹਿਮਾ ਕਰਦੇ ਹਨ। ਇਨ੍ਹਾਂ ਦੀ ਸੁੰਦਰਤਾ ਤੇ ਵਿਸ਼ਾਲਤਾ ਦੇਖ ਕੇ ਇਨਸਾਨ ਹੈਰਾਨ ਰਹਿ ਜਾਂਦਾ ਹੈ। ਪਰ ਸ੍ਰਿਸ਼ਟੀ ਦੀ ਖ਼ਾਮੋਸ਼ ਗਵਾਹੀ ਕਾਫ਼ੀ ਨਹੀਂ ਹੈ, ਸਗੋਂ ਵਫ਼ਾਦਾਰ ਇਨਸਾਨਾਂ ਨੂੰ ਵੀ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਕਿਹਾ ਗਿਆ ਹੈ। ਜ਼ਬੂਰਾਂ ਦੇ ਇਕ ਗੁਮਨਾਮ ਲਿਖਾਰੀ ਨੇ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਕਿਹਾ: “ਪਰਤਾਪ ਅਤੇ ਸਮਰੱਥਾ ਯਹੋਵਾਹ ਦੀ ਮੰਨੋ, ਪਰਤਾਪ ਯਹੋਵਾਹ ਦੇ ਨਾਮ ਦਾ ਮੰਨੋ।” (ਜ਼ਬੂਰਾਂ ਦੀ ਪੋਥੀ 96:7, 8) ਯਹੋਵਾਹ ਦੇ ਵਫ਼ਾਦਾਰ ਸੇਵਕ ਇਸ ਗੱਲ ਨੂੰ ਮੰਨਦੇ ਹੋਏ ਪਰਮੇਸ਼ੁਰ ਦੀ ਦਿਲੋਂ ਵਡਿਆਈ ਕਰਦੇ ਹਨ। ਪਰ ਸਵਾਲ ਉੱਠਦਾ ਹੈ ਕਿ ਅਸੀਂ ਯਹੋਵਾਹ ਦੇ ਪਰਤਾਪ ਤੇ ਸਮਰੱਥਾ ਨੂੰ ਕਿਵੇਂ ਮੰਨ ਸਕਦੇ ਹਾਂ ਅਤੇ ਉਸ ਦੀ ਵਡਿਆਈ ਕਿਵੇਂ ਕਰ ਸਕਦੇ ਹਾਂ?
ਸ੍ਰਿਸ਼ਟੀ ਪਰਮੇਸ਼ੁਰ ਦੀ ਮਹਿਮਾ ਕਰਦੀ ਹੈ
8 ਫਿਰ ਦਾਊਦ ਨੇ ਯਹੋਵਾਹ ਦੀ ਰਚਨਾ ਦੇ ਇਕ ਹੋਰ ਚਮਤਕਾਰ ਬਾਰੇ ਦੱਸਿਆ: “[ਆਕਾਸ਼] ਵਿੱਚ ਉਸ ਨੇ ਸੂਰਜ ਲਈ ਡੇਰਾ ਲਾਇਆ ਹੈ, ਜਿਹੜਾ ਲਾੜੇ ਵਾਂਙੁ ਆਪਣੀ ਕੋਠੜੀ ਵਿੱਚੋਂ ਨਿੱਕਲਦਾ ਹੈ, ਅਤੇ ਸੂਰਮੇ ਵਾਂਙੁ ਆਪਣੇ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ। ਅਕਾਸ਼ਾਂ ਦੇ ਇੱਕ ਸਿਰੇ ਤੋਂ ਉਸ ਦਾ ਚੜ੍ਹਨਾ ਹੈ, ਅਤੇ ਉਸ ਦਾ ਦੌਰ ਉਨ੍ਹਾਂ ਦੇ ਦੂਜੇ ਸਿਰੇ ਤੀਕੁਰ ਹੈ, ਅਤੇ ਉਸ ਦੀ ਗਰਮੀ ਤੋਂ ਕੋਈ ਚੀਜ਼ ਲੁਕੀ ਨਹੀਂ ਰਹਿੰਦੀ।”—ਜ਼ਬੂਰਾਂ ਦੀ ਪੋਥੀ 19:4-6.
9 ਸੂਰਜ ਇਕ ਚਮਕੀਲਾ ਤੇ ਅਨੋਖਾ ਤਾਰਾ ਹੈ ਜਿਸ ਦੇ ਆਲੇ-ਦੁਆਲੇ ਘੁੰਮਣ ਵਾਲੇ ਗ੍ਰਹਿ ਬਹੁਤ ਛੋਟੇ ਨਜ਼ਰ ਆਉਂਦੇ ਹਨ। ਪਰ ਹੋਰਨਾਂ ਤਾਰਿਆਂ ਦੀ ਤੁਲਨਾ ਵਿਚ ਸੂਰਜ ਇੰਨਾ ਵੱਡਾ ਨਹੀਂ ਹੈ। ਇਕ ਪੁਸਤਕ ਅਨੁਸਾਰ ਸਾਡੇ ਸੂਰਜ ਦਾ ਪੁੰਜ ਧਰਤੀ ਦੇ ਪੁੰਜ ਨਾਲੋਂ 3,30,000 ਗੁਣਾਂ ਜ਼ਿਆਦਾ ਹੈ। ਇਹ ਸੂਰਜੀ ਪਰਿਵਾਰ ਦੇ ਸਾਰੇ ਗ੍ਰਹਿਆਂ ਦੇ ਕੁੱਲ ਪੁੰਜ ਦਾ 99.9 ਪ੍ਰਤਿਸ਼ਤ ਹੈ। ਸੂਰਜ ਦੀ ਖਿੱਚ ਕਰਕੇ ਸਾਡੀ ਧਰਤੀ ਉਸ ਤੋਂ ਹਮੇਸ਼ਾ 15 ਕਰੋੜ ਕਿਲੋਮੀਟਰ ਦੇ ਘੇਰੇ ਵਿਚ ਰਹਿ ਕੇ ਸੂਰਜ ਦੇ ਆਲੇ-ਦੁਆਲੇ ਚੱਕਰ ਕੱਟਦੀ ਹੈ। ਇਹ ਨਾ ਤਾਂ ਸੂਰਜ ਤੋਂ ਇਸ ਤੋਂ ਜ਼ਿਆਦਾ ਦੂਰ ਜਾਂਦੀ ਹੈ ਅਤੇ ਨਾ ਹੀ ਸੂਰਜ ਦੇ ਨੇੜੇ ਜਾਂਦੀ ਹੈ। ਭਾਵੇਂ ਕਿ ਸੂਰਜ ਦੀ ਊਰਜਾ ਦਾ ਬਹੁਤ ਛੋਟਾ ਹਿੱਸਾ ਸਾਡੀ ਧਰਤੀ ਤਕ ਪਹੁੰਚਦਾ ਹੈ, ਪਰ ਜ਼ਿੰਦਗੀ ਕਾਇਮ ਰੱਖਣ ਲਈ ਇੰਨਾ ਹੀ ਕਾਫ਼ੀ ਹੈ।
10 ਜ਼ਬੂਰਾਂ ਦੇ ਲਿਖਾਰੀ ਨੇ ਸੂਰਜ ਦੀ ਤੁਲਨਾ ਇਕ “ਸੂਰਮੇ” ਨਾਲ ਕੀਤੀ ਸੀ ਜੋ ਦਿਨ ਵਿਚ ਆਕਾਸ਼ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਦੌੜਦਾ ਹੈ ਅਤੇ ਰਾਤ ਨੂੰ ਆਪਣੇ ‘ਡੇਰੇ’ ਵਿਚ ਚਲਾ ਜਾਂਦਾ ਹੈ। ਧਰਤੀ ਤੋਂ ਡੁੱਬਦਾ ਸੂਰਜ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਉਹ ਰਾਤ ਨੂੰ ਆਪਣੇ ‘ਡੇਰੇ’ ਵਿਚ ਆਰਾਮ ਕਰਨ ਜਾ ਰਿਹਾ ਹੈ। ਸਵੇਰ ਨੂੰ ਉਹ ਮੁਸਕਰਾਉਂਦਾ ਹੋਇਆ “ਲਾੜੇ ਵਾਂਙੁ ਆਪਣੀ ਕੋਠੜੀ ਵਿੱਚੋਂ ਨਿੱਕਲਦਾ ਹੈ” ਅਤੇ ਫਿਰ ਉੱਪਰ ਚੜ੍ਹ ਜਾਂਦਾ ਹੈ। ਇਕ ਚਰਵਾਹਾ ਹੋਣ ਦੇ ਨਾਤੇ ਦਾਊਦ ਅਕਸਰ ਰਾਤ ਨੂੰ ਪਾਲੇ ਵਿਚ ਮਰਦਾ ਹੋਣਾ। (ਉਤਪਤ 31:40) ਪਰ ਸਵੇਰ ਨੂੰ ਜਦ ਸੂਰਜ ਨਿਕਲਦਾ ਸੀ, ਤਾਂ ਧੁੱਪ ਨਾਲ ਉਸ ਵਿਚ ਜਾਨ ਪੈਂਦੀ ਸੀ। ਸੂਰਜ ਪੂਰਬ ਤੋਂ ਪੱਛਮ ਤਕ ਆਪਣੇ ਸਫ਼ਰ ਵਿਚ ਥੱਕਦਾ ਨਹੀਂ, ਸਗੋਂ ਇਕ “ਸੂਰਮੇ” ਵਾਂਗ ਉਹ ਇਹ ਸਫ਼ਰ ਅਗਲੇ ਦਿਨ ਦੁਬਾਰਾ ਕਰਨ ਲਈ ਤਿਆਰ ਰਹਿੰਦਾ ਹੈ।
g95 11/8 7 ਪੈਰਾ 3
ਮਹਾਨ ਕਲਾਕਾਰ ਜਿਸ ਵੱਲ ਧਿਆਨ ਨਹੀਂ ਦਿੱਤਾ ਗਿਆ
ਆਪਣੇ ਸ੍ਰਿਸ਼ਟੀਕਰਤਾ ਬਾਰੇ ਜਾਣਨ ਲਈ ਸਾਨੂੰ ਕੁਦਰਤ ਵਿਚ ਪਾਈਆਂ ਜਾਂਦੀਆਂ ਸੋਹਣੀਆਂ ਚੀਜ਼ਾਂ ਲਈ ਆਪਣੀ ਕਦਰਦਾਨੀ ਵਧਾਉਣੀ ਚਾਹੀਦੀ ਹੈ। ਯਿਸੂ ਨੇ ਇਕ ਵਾਰ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਜੰਗਲੀ ਫੁੱਲਾਂ ਵੱਲ ਦੇਖਣ। ਉਹ ਉਨ੍ਹਾਂ ਨੂੰ ਇਨ੍ਹਾਂ ਫੁੱਲਾਂ ਤੋਂ ਇਕ ਸਬਕ ਸਿਖਾਉਣਾ ਚਾਹੁੰਦਾ ਸੀ। ਉਸ ਨੇ ਕਿਹਾ: “ਜੰਗਲੀ ਫੁੱਲਾਂ ਤੋਂ ਸਿੱਖੋ, ਉਹ ਕਿਵੇਂ ਵਧਦੇ-ਫੁੱਲਦੇ ਹਨ; ਉਹ ਨਾ ਤਾਂ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ; ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਰਾਜਾ ਸੁਲੇਮਾਨ ਨੇ ਵੀ ਕਦੇ ਇਨ੍ਹਾਂ ਫੁੱਲਾਂ ਜਿੰਨੇ ਸ਼ਾਨਦਾਰ ਕੱਪੜੇ ਨਹੀਂ ਪਾਏ, ਭਾਵੇਂ ਕਿ ਉਸ ਦੀ ਇੰਨੀ ਸ਼ਾਨੋ-ਸ਼ੌਕਤ ਸੀ।” (ਮੱਤੀ 6:28, 29) ਇਕ ਛੋਟੇ ਜਿਹੇ ਜੰਗਲੀ ਫੁੱਲ ਦੀ ਖ਼ੂਬਸੂਰਤੀ ਤੋਂ ਸਾਨੂੰ ਯਾਦ ਆਉਂਦਾ ਹੈ ਕਿ ਪਰਮੇਸ਼ੁਰ ਇਨਸਾਨਾਂ ਦੀ ਕਿੰਨੀ ਪਰਵਾਹ ਕਰਦਾ ਹੈ।
ਹੀਰੇ-ਮੋਤੀ
21:3—‘ਕੁੰਦਨ ਸੋਨੇ ਦੇ ਮੁਕਟ’ ਤੋਂ ਕੀ ਭਾਵ ਹੈ? ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਇਹ ਅਸਲੀ ਮੁਕਟ ਸੀ ਜਾਂ ਫਿਰ ਲੜਾਈ ਵਿਚ ਜਿੱਤਾਂ ਕਾਰਨ ਦਾਊਦ ਦੀ ਵਧੀ ਸ਼ਾਨ ਨੂੰ ਦਰਸਾਉਂਦਾ ਸੀ। ਪਰ ਇਹ ਆਇਤ ਯਿਸੂ ਦੇ ਰਾਜ ਸੱਤਾ ਵਿਚ ਆਉਣ ਦੀ ਭਵਿੱਖਬਾਣੀ ਹੈ ਜਦ 1914 ਵਿਚ ਯਹੋਵਾਹ ਨੇ ਉਸ ਨੂੰ ਮਾਨੋ ਮੁਕਟ ਪਹਿਨਾਇਆ ਸੀ। ਉਸ ਦੀ ਹਕੂਮਤ ਕੁੰਦਨ ਸੋਨੇ ਵਾਂਗ ਖਰੀ ਹੋਵੇਗੀ।
25-31 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 22
ਯਿਸੂ ਦੀ ਮੌਤ ਨਾਲ ਜੁੜੀਆਂ ਭਵਿੱਖਬਾਣੀਆਂ
ਉਨ੍ਹਾਂ ਨੇ ਮਸੀਹਾ ਨੂੰ ਲੱਭ ਲਿਆ!
16 ਇੱਦਾਂ ਲੱਗੇਗਾ ਕਿ ਜਿਵੇਂ ਪਰਮੇਸ਼ੁਰ ਨੇ ਮਸੀਹਾ ਨੂੰ ਛੱਡ ਦਿੱਤਾ ਹੋਵੇ। (ਜ਼ਬੂਰਾਂ ਦੀ ਪੋਥੀ 22:1 ਪੜ੍ਹੋ।) ਮਰਕੁਸ ਦੱਸਦਾ ਹੈ ਕਿ ਤਕਰੀਬਨ ਦੁਪਹਿਰ ਦੇ ਤਿੰਨ ਵਜੇ ਯਿਸੂ ਨੇ ਉੱਚੀ ਆਵਾਜ਼ ਵਿਚ ਕਿਹਾ: “‘ਏਲੋਈ ਏਲੋਈ ਲਮਾ ਸਬਕਤਾਨੀ’ ਜਿਹ ਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ?” (ਮਰ. 15:34) ਯਿਸੂ ਦੇ ਇਸ ਤਰ੍ਹਾਂ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਉਸ ਨੂੰ ਆਪਣੇ ਪਿਤਾ ʼਤੇ ਭਰੋਸਾ ਨਹੀਂ ਸੀ। ਉਹ ਜਾਣਦਾ ਸੀ ਕਿ ਪਰਮੇਸ਼ੁਰ ਉਸ ਨੂੰ ਮੌਤ ਦੇ ਸਮੇਂ ਉਸ ਦੇ ਦੁਸ਼ਮਣਾਂ ਤੋਂ ਨਹੀਂ ਬਚਾਵੇਗਾ। ਯਿਸੂ ਕੋਲ ਇਹ ਦਿਖਾਉਣ ਦਾ ਮੌਕਾ ਸੀ ਕਿ ਉਹ ਪਰਮੇਸ਼ੁਰ ਪ੍ਰਤਿ ਹਮੇਸ਼ਾ ਵਫ਼ਾਦਾਰ ਰਹੇਗਾ ਜਾਂ ਨਹੀਂ। ਜਦੋਂ ਯਿਸੂ ਨੇ ਉੱਚੀ ਆਵਾਜ਼ ਵਿਚ ਕਿਹਾ ਸੀ ਕਿ “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ?”, ਤਾਂ ਜ਼ਬੂਰਾਂ ਦੀ ਪੋਥੀ 22:1 ਵਿਚ ਦਰਜ ਭਵਿੱਖਬਾਣੀ ਪੂਰੀ ਹੋਈ।
ਉਨ੍ਹਾਂ ਨੇ ਮਸੀਹਾ ਨੂੰ ਲੱਭ ਲਿਆ!
13 ਦਾਊਦ ਨੇ ਭਵਿੱਖਬਾਣੀ ਕੀਤੀ ਸੀ ਕਿ ਲੋਕ ਮਸੀਹਾ ਦਾ ਮਖੌਲ ਉਡਾਉਣਗੇ। (ਜ਼ਬੂਰਾਂ ਦੀ ਪੋਥੀ 22:7, 8 ਪੜ੍ਹੋ।) ਸੂਲ਼ੀ ਉੱਤੇ ਤੜਫ ਰਹੇ ਯਿਸੂ ਦਾ ਲੋਕਾਂ ਨੇ ਮਖੌਲ ਉਡਾਇਆ। ਮੱਤੀ ਸਾਨੂੰ ਦੱਸਦਾ ਹੈ: “ਆਉਣ ਜਾਣ ਵਾਲੇ ਉਹ ਨੂੰ ਤਾਨੇ ਮਾਰ ਕੇ ਅਤੇ ਸਿਰ ਹਲਾ ਕੇ ਕਹਿਣ ਲੱਗੇ ਤੂੰ ਜਿਹੜਾ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਬਣਾਉਂਦਾ ਸੈਂ ਆਪਣੇ ਆਪ ਨੂੰ ਬਚਾ ਲੈ! ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਸਲੀਬ ਉੱਤੋਂ ਉੱਤਰ ਆ!” ਪਰਧਾਨ ਜਾਜਕਾਂ, ਗ੍ਰੰਥੀਆਂ ਅਤੇ ਬਜ਼ੁਰਗਾਂ ਨੇ ਕਿਹਾ: “ਉਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸੱਕਦਾ! ਏਹ ਇਸਰਾਏਲ ਦਾ ਪਾਤਸ਼ਾਹ ਹੈ! ਹੁਣ ਸਲੀਬੋਂ ਉੱਤਰ ਆਵੇ ਤਾਂ ਅਸੀਂ ਉਹ ਦੇ ਉੱਤੇ ਨਿਹਚਾ ਕਰਾਂਗੇ। ਉਹ ਨੇ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ ਸੀ। ਜੇ ਉਹ ਉਸ ਨੂੰ ਚਾਹੁੰਦਾ ਹੈ ਤਾਂ ਹੁਣ ਉਸ ਨੂੰ ਛੁਡਾਵੇ ਕਿਉਂ ਜੋ ਉਹ ਨੇ ਆਖਿਆ ਸੀ, ਮੈਂ ਪਰਮੇਸ਼ੁਰ ਦਾ ਪੁੱਤ੍ਰ ਹਾਂ।” (ਮੱਤੀ 27:39-43) ਯਿਸੂ ਨੇ ਚੁੱਪ-ਚਾਪ ਸਭ ਕੁਝ ਬਰਦਾਸ਼ਤ ਕੀਤਾ। ਕਿੰਨੀ ਹੀ ਵਧੀਆ ਮਿਸਾਲ!
ਉਨ੍ਹਾਂ ਨੇ ਮਸੀਹਾ ਨੂੰ ਲੱਭ ਲਿਆ!
14 ਉਹ ਮਸੀਹਾ ਦੇ ਕੱਪੜਿਆਂ ਉੱਤੇ ਗੁਣੇ ਪਾਉਣਗੇ। ਦਾਊਦ ਨੇ ਲਿਖਿਆ: “ਓਹ ਮੇਰੇ ਕੱਪੜੇ ਆਪੋ ਵਿੱਚ ਵੰਡ ਲੈਂਦੇ ਹਨ, ਅਤੇ ਮੇਰੇ ਲਿਬਾਸ ਉੱਤੇ ਗੁਣਾ ਪਾਉਂਦੇ ਹਨ।” (ਜ਼ਬੂ. 22:18) ਠੀਕ ਇਸੇ ਤਰ੍ਹਾਂ ਹੀ ਯਿਸੂ ਨੂੰ ਸੂਲ਼ੀ ʼਤੇ ਟੰਗਣ ਤੋਂ ਪਹਿਲਾਂ, ਸਿਪਾਹੀਆਂ ਨੇ ਉਸ ਦੇ ਕੱਪੜੇ ਵੰਡ ਕੇ ਗੁਣੇ ਪਾਏ।—ਮੱਤੀ 27:35; ਯੂਹੰਨਾ 19:23, 24 ਪੜ੍ਹੋ।
ਹੀਰੇ-ਮੋਤੀ
ਪਵਿੱਤਰ ਸਭਾਵਾਂ ਦੀ ਕਦਰ ਕਰੋ
7 ਸਭਾਵਾਂ ਦੀ ਕਦਰ ਕਰਨ ਦੇ ਕਈ ਤਰੀਕੇ ਹਨ। ਇਕ ਤਰੀਕਾ ਹੈ ਸਭਾਵਾਂ ਵਿਚ ਸਮੇਂ ਸਿਰ ਪਹੁੰਚਣਾ ਤਾਂਕਿ ਅਸੀਂ ਗੀਤ ਗਾਉਣ ਲਈ ਹਾਜ਼ਰ ਹੋ ਸਕੀਏ। ਕਈ ਗੀਤ ਪ੍ਰਾਰਥਨਾ ਦੇ ਰੂਪ ਵਿਚ ਲਿਖੇ ਗਏ ਹਨ ਇਸ ਕਰਕੇ ਸਾਨੂੰ ਸ਼ਰਧਾ ਨਾਲ ਇਹ ਗਾਉਣੇ ਚਾਹੀਦੇ ਹਨ। ਪੌਲੁਸ ਰਸੂਲ ਨੇ ਜ਼ਬੂਰ 22 ਵਿਚ ਦਾਊਦ ਦੇ ਭਜਨ ਦਾ ਹਵਾਲਾ ਦਿੰਦੇ ਹੋਏ ਯਿਸੂ ਬਾਰੇ ਲਿਖਿਆ: “ਮੈਂ ਆਪਣਿਆਂ ਭਾਈਆਂ ਨੂੰ ਤੇਰਾ ਨਾਮ ਸੁਣਾਵਾਂਗਾ, ਮੈਂ ਕਲੀਸਿਯਾ ਵਿੱਚ ਤੇਰੀ ਉਸਤਤ ਕਰਾਂਗਾ।” (ਇਬਰਾਨੀਆਂ 2:12) ਇਸ ਤੋਂ ਪਹਿਲਾਂ ਕਿ ਭਰਾ ਗੀਤ ਨੰਬਰ ਦੱਸੇ ਸਾਨੂੰ ਆਪਣੀਆਂ ਸੀਟਾਂ ਤੇ ਬੈਠ ਜਾਣਾ ਚਾਹੀਦਾ ਹੈ। ਫਿਰ ਸਾਨੂੰ ਗਾਉਂਦੇ ਸਮੇਂ ਗੀਤ ਦੇ ਸ਼ਬਦਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਗੀਤ ਗਾਉਣ ਵੇਲੇ ਸਾਨੂੰ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਨਾ ਚਾਹੀਦਾ ਹੈ ਜਿਸ ਨੇ ਲਿਖਿਆ: ‘ਪ੍ਰਭੂ ਯਹੋਵਾਹ ਦੀ ਜੈ, ਭਲੇ ਲੋਕਾਂ ਅਰਥਾਤ ਸੰਗਤਾਂ ਦੇ ਸਾਹਮਣੇ ਮੈਂ ਆਪਣੀ ਪੂਰੀ ਜਾਨ ਨਾਲ ਉਸ ਦਾ ਧੰਨਵਾਦ ਕਰਾਂਗਾ।’ (ਭਜਨ 111:1, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੀ ਹਾਂ, ਯਹੋਵਾਹ ਦੇ ਗੁਣ ਗਾਉਣ ਲਈ ਸਾਨੂੰ ਮੀਟਿੰਗਾਂ ਵਿਚ ਵੇਲੇ ਸਿਰ ਆਉਣਾ ਚਾਹੀਦਾ ਹੈ ਅਤੇ ਅੰਤ ਤਕ ਰਹਿਣਾ ਚਾਹੀਦਾ ਹੈ।
ਸਭਾ ਵਿਚ ਯਹੋਵਾਹ ਦੀ ਉਸਤਤ ਕਰੋ
ਪੁਰਾਣੇ ਸਮਿਆਂ ਦੀ ਤਰ੍ਹਾਂ, ਅੱਜ ਵੀ ਮਸੀਹੀ ਭੈਣ-ਭਰਾ “ਸਭਾ ਵਿੱਚ” ਆਪਣੀ ਨਿਹਚਾ ਪ੍ਰਗਟ ਕਰ ਸਕਦੇ ਹਨ। ਜਦੋਂ ਸਭਾਵਾਂ ਵਿਚ ਹਾਜ਼ਰੀਨਾਂ ਨੂੰ ਸਵਾਲ ਪੁੱਛੇ ਜਾਂਦੇ ਹਨ, ਤਾਂ ਸਾਰਿਆਂ ਨੂੰ ਟਿੱਪਣੀਆਂ ਕਰਨ ਦਾ ਮੌਕਾ ਮਿਲਦਾ ਹੈ। ਕੀ ਸਾਡੀਆਂ ਟਿੱਪਣੀਆਂ ਤੋਂ ਦੂਸਰਿਆਂ ਨੂੰ ਕੋਈ ਫ਼ਾਇਦਾ ਹੁੰਦਾ ਹੈ? ਜ਼ਰੂਰ ਹੁੰਦਾ ਹੈ! ਮਿਸਾਲ ਵਜੋਂ, ਜਦੋਂ ਅਸੀਂ ਟਿੱਪਣੀ ਕਰਦੇ ਹਾਂ ਕਿ ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰ ਕੇ ਅਸੀਂ ਸਮੱਸਿਆਵਾਂ ਤੋਂ ਕਿਵੇਂ ਬਚ ਸਕਦੇ ਹਾਂ ਜਾਂ ਉਨ੍ਹਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ, ਤਾਂ ਇਸ ਨਾਲ ਦੂਸਰੇ ਭੈਣਾਂ-ਭਰਾਵਾਂ ਨੂੰ ਬਾਈਬਲ ਦੇ ਸਿਧਾਂਤ ਲਾਗੂ ਕਰਨ ਲਈ ਹੌਸਲਾ ਮਿਲੇਗਾ। ਕਦੀ-ਕਦੀ ਸਾਡੀਆਂ ਕਿਤਾਬਾਂ ਵਿਚ ਬਾਈਬਲ ਦੇ ਹਵਾਲਿਆਂ ਦਾ ਸਿਰਫ਼ ਜ਼ਿਕਰ ਕੀਤਾ ਜਾਂਦਾ ਹੈ, ਪਰ ਅਸੀਂ ਆਪਣੀਆਂ ਟਿੱਪਣੀਆਂ ਵਿਚ ਇਨ੍ਹਾਂ ਨੂੰ ਸਮਝਾ ਸਕਦੇ ਹਾਂ। ਜਾਂ ਹੋ ਸਕਦਾ ਹੈ ਕਿ ਅਸੀਂ ਨਿੱਜੀ ਅਧਿਐਨ ਕਰਨ ਦੁਆਰਾ ਕੋਈ ਵਧੀਆ ਗੱਲ ਸਿੱਖੀ ਹੈ ਜੋ ਅਸੀਂ ਕਲੀਸਿਯਾ ਨਾਲ ਸਾਂਝੀ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਦੂਸਰਿਆਂ ਨੂੰ ਵੀ ਡੂੰਘਾ ਅਧਿਐਨ ਕਰਨ ਲਈ ਪ੍ਰੇਰਿਤ ਕਰਾਂਗੇ।
1-7 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 23-25
“ਯਹੋਵਾਹ ਮੇਰਾ ਚਰਵਾਹਾ ਹੈ”
“ਯਹੋਵਾਹ ਮੇਰਾ ਚਰਵਾਹਾ ਹੈ”
ਯਹੋਵਾਹ ਆਪਣੀਆਂ ਭੇਡਾਂ ਦੀ ਅਗਵਾਈ ਕਰਦਾ ਹੈ। ਭੇਡਾਂ ਆਪਣੇ ਚਰਵਾਹੇ ਬਗੈਰ ਗੁਆਚ ਸਕਦੀਆਂ ਹਨ। ਸਾਨੂੰ ਵੀ ਜ਼ਿੰਦਗੀ ਦਾ ਸਹੀ ਰਾਹ ਲੱਭਣ ਲਈ ਮਦਦ ਚਾਹੀਦੀ ਹੈ। (ਯਿਰ 10:23) ਦਾਊਦ ਨੇ ਕਿਹਾ ਯਹੋਵਾਹ ਆਪਣੇ ਲੋਕਾਂ ਨੂੰ “ਹਰੀਆਂ-ਹਰੀਆਂ ਚਰਾਂਦਾਂ ਵਿਚ ਬਿਠਾਉਂਦਾ ਹੈ” ਅਤੇ ਉਹ ਉਨ੍ਹਾਂ ਨੂੰ “ਪਾਣੀਆਂ ਦੇ ਕੰਢੇ ਆਰਾਮ ਕਰਨ ਲਈ ਲੈ ਜਾਂਦਾ ਹੈ।” ਉਹ ‘ਸਹੀ ਰਾਹਾਂ ʼਤੇ ਉਨ੍ਹਾਂ ਦੀ ਅਗਵਾਈ ਕਰਦਾ ਹੈ।’ (ਜ਼ਬੂ 23:2, 3) ਇਨ੍ਹਾਂ ਉਦਾਹਰਣਾਂ ਤੋਂ ਸਾਨੂੰ ਯਕੀਨ ਹੁੰਦਾ ਹੈ ਕਿ ਅਸੀਂ ਆਪਣੇ ਪਰਮੇਸ਼ੁਰ ʼਤੇ ਭਰੋਸਾ ਕਰ ਸਕਦੇ ਹਾਂ। ਬਾਈਬਲ ਤੋਂ ਸਾਨੂੰ ਉਸ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਮਿਲਦੀ ਹੈ। ਇਸ ਸ਼ਕਤੀ ਮੁਤਾਬਕ ਚੱਲਣ ਨਾਲ ਸਾਨੂੰ ਜ਼ਿੰਦਗੀ ਵਿਚ ਸੰਤੁਸ਼ਟੀ ਤੇ ਤਾਜ਼ਗੀ ਮਿਲਦੀ ਹੈ ਅਤੇ ਸਾਡੀ ਹਿਫਾਜ਼ਤ ਹੁੰਦੀ ਹੈ।
“ਯਹੋਵਾਹ ਮੇਰਾ ਚਰਵਾਹਾ ਹੈ”
ਯਹੋਵਾਹ ਆਪਣੀਆਂ ਭੇਡਾਂ ਦੀ ਹਿਫਾਜ਼ਤ ਕਰਦਾ ਹੈ। ਆਪਣੇ ਚਰਵਾਹੇ ਬਗੈਰ ਭੇਡਾਂ ਡਰੀਆਂ ਹੋਈਆਂ ਤੇ ਬੇਬੱਸ ਹੁੰਦੀਆਂ ਹਨ। ਯਹੋਵਾਹ ਆਪਣੇ ਲੋਕਾਂ ਨੂੰ ਕਹਿੰਦਾ ਹੈ ਕਿ ਉਨ੍ਹਾਂ ਨੂੰ ਔਖੀਆਂ ਤੋਂ ਔਖੀਆਂ ਘੜੀਆਂ ਦੌਰਾਨ ਡਰਨ ਦੀ ਲੋੜ ਨਹੀਂ ਹੈ। (ਜ਼ਬੂ 23:4) ਕਿਉਂ? ਕਿਉਂਕਿ ਯਹੋਵਾਹ ਉਨ੍ਹਾਂ ʼਤੇ ਨਿਗਾਹ ਰੱਖਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਉਹ ਅਜ਼ਮਾਇਸ਼ਾਂ ਸਹਿਣ ਲਈ ਉਨ੍ਹਾਂ ਨੂੰ ਬੁੱਧ ਤੇ ਤਾਕਤ ਵੀ ਦਿੰਦਾ ਹੈ।—ਫ਼ਿਲਿ 4:13; ਯਾਕੂ 1:2-5.
“ਯਹੋਵਾਹ ਮੇਰਾ ਚਰਵਾਹਾ ਹੈ”
ਯਹੋਵਾਹ ਆਪਣੀਆਂ ਭੇਡਾਂ ਨੂੰ ਖਿਲਾਉਂਦਾ-ਪਿਲਾਉਂਦਾ ਹੈ। ਭੇਡਾਂ ਖਾਣ-ਪੀਣ ਲਈ ਆਪਣੇ ਚਰਵਾਹੇ ʼਤੇ ਨਿਰਭਰ ਹੁੰਦੀਆਂ ਹਨ। ਸਾਡੇ ਵਿਚ ਪਰਮੇਸ਼ੁਰ ਬਾਰੇ ਸਿੱਖਣ ਦੀ ਭੁੱਖ ਹੁੰਦੀ ਹੈ ਅਤੇ ਇਸ ਨੂੰ ਸਿਰਫ਼ ਪਰਮੇਸ਼ੁਰ ਹੀ ਮਿਟਾ ਸਕਦਾ ਹੈ। (ਮੱਤੀ 5:3) ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਦਿਲ ਖੋਲ੍ਹ ਕੇ ਆਪਣੇ ਸੇਵਕਾਂ ਅੱਗੇ ਭਰਪੂਰ ਖਾਣੇ ਦਾ ਮੇਜ਼ ਲਗਾਉਂਦਾ ਹੈ। (ਜ਼ਬੂ 23:5) ਬਾਈਬਲ ਅਤੇ ਬਾਈਬਲ ਦਾ ਅਧਿਐਨ ਕਰਨ ਲਈ ਪ੍ਰਕਾਸ਼ਨ, ਜਿਵੇਂ ਕਿ ਇਸ ਰਸਾਲੇ ਤੋਂ ਸਾਨੂੰ ਪਰਮੇਸ਼ੁਰ ਬਾਰੇ ਗਿਆਨ ਮਿਲਦਾ ਹੈ। ਇਸ ਕਰਕੇ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਸਾਨੂੰ ਕਿਉਂ ਬਣਾਇਆ ਅਤੇ ਸਾਡੀ ਜ਼ਿੰਦਗੀ ਦਾ ਕੀ ਮਕਸਦ ਹੈ।
ਹੀਰੇ-ਮੋਤੀ
ਪੂਰੇ ਦਿਲੋਂ ਧਾਰਮਿਕਤਾ ਨਾਲ ਪਿਆਰ ਕਰੋ
ਯਹੋਵਾਹ ਆਪਣੇ ਬਚਨ ਅਤੇ ਪਵਿੱਤਰ ਸ਼ਕਤੀ ਦੇ ਜ਼ਰੀਏ “ਧਰਮ ਦੇ ਮਾਰਗਾਂ” ਉੱਤੇ ਚੱਲਣ ਵਿਚ ਆਪਣੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ। (ਜ਼ਬੂ. 23:3) ਪਾਪੀ ਹੋਣ ਕਰਕੇ ਅਸੀਂ ਉਸ ਮਾਰਗ ਤੋਂ ਭਟਕ ਜਾਂਦੇ ਹਾਂ। ਦੁਬਾਰਾ ਸਹੀ ਰਸਤੇ ʼਤੇ ਚੱਲਣ ਲਈ ਜਤਨ ਕਰਨ ਦੀ ਲੋੜ ਹੈ। ਕਿਹੜੀ ਗੱਲ ਸਫ਼ਲ ਹੋਣ ਵਿਚ ਸਾਡੀ ਮਦਦ ਕਰੇਗੀ? ਯਿਸੂ ਵਾਂਗ ਸਾਨੂੰ ਸਹੀ ਕੰਮਾਂ ਨਾਲ ਪਿਆਰ ਕਰਨ ਦੀ ਲੋੜ ਹੈ।—ਜ਼ਬੂਰਾਂ ਦੀ ਪੋਥੀ 45:7 ਪੜ੍ਹੋ।
2 ‘ਧਰਮ ਦੇ ਮਾਰਗ’ ਕੀ ਹਨ? ਇਹ ਮਾਰਗ ਤੰਗ ਪਗਡੰਡੀਆਂ ਦੀ ਤਰ੍ਹਾਂ ਹਨ। ਇਹ ‘ਮਾਰਗ’ ਯਹੋਵਾਹ ਦੇ ਧਾਰਮਿਕ ਮਿਆਰਾਂ ਉੱਤੇ ਆਧਾਰਿਤ ਹਨ। “ਧਾਰਮਿਕਤਾ” ਲਈ ਵਰਤੇ ਇਬਰਾਨੀ ਅਤੇ ਯੂਨਾਨੀ ਭਾਸ਼ਾ ਦੇ ਸ਼ਬਦ ਦਾ ਮਤਲਬ ਹੈ ਸਖ਼ਤੀ ਨਾਲ ਨੈਤਿਕ ਮਿਆਰਾਂ ਦੀ ਪਾਲਣਾ ਕਰਨੀ। ਯਹੋਵਾਹ “ਧਰਮ ਅਸਥਾਨ” ਹੈ ਜਿਸ ਕਰਕੇ ਉਸ ਦੇ ਲੋਕ ਖ਼ੁਸ਼ੀ ਨਾਲ ਚਾਹੁੰਦੇ ਹਨ ਕਿ ਉਹ ਉਨ੍ਹਾਂ ਲਈ ਸਹੀ ਰਾਹ ਤੈਅ ਕਰੇ ਜਿਸ ਉੱਤੇ ਉਹ ਚੱਲ ਸਕਣ।—ਯਿਰ. 50:7.
3 ਜੇ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੇ ਧਰਮੀ ਮਿਆਰਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਾਂਗੇ, ਤਾਂ ਉਹ ਸਾਡੇ ਤੋਂ ਖ਼ੁਸ਼ ਹੋਵੇਗਾ। (ਬਿਵ. 32:4) ਇੱਦਾਂ ਅਸੀਂ ਯਹੋਵਾਹ ਪਰਮੇਸ਼ੁਰ ਬਾਰੇ ਉਸ ਦੇ ਬਚਨ ਬਾਈਬਲ ਤੋਂ ਸਿੱਖ ਕੇ ਕਰ ਸਕਦੇ ਹਾਂ। ਜਿੰਨਾ ਜ਼ਿਆਦਾ ਅਸੀਂ ਉਸ ਬਾਰੇ ਸਿੱਖਦੇ ਹਾਂ ਤੇ ਹਰ ਰੋਜ਼ ਉਸ ਦੇ ਨੇੜੇ ਜਾਂਦੇ ਹਾਂ, ਉੱਨਾ ਜ਼ਿਆਦਾ ਅਸੀਂ ਉਸ ਦੀ ਧਾਰਮਿਕਤਾ ਨਾਲ ਪਿਆਰ ਕਰਾਂਗੇ। (ਯਾਕੂ. 4:8) ਜਦੋਂ ਸਾਨੂੰ ਜ਼ਿੰਦਗੀ ਵਿਚ ਜ਼ਰੂਰੀ ਫ਼ੈਸਲੇ ਕਰਨੇ ਪੈਂਦੇ ਹਨ, ਉਦੋਂ ਵੀ ਸਾਨੂੰ ਪਰਮੇਸ਼ੁਰ ਦੇ ਬਚਨ ਦੀ ਸੇਧ ਨੂੰ ਕਬੂਲ ਕਰਨਾ ਚਾਹੀਦਾ ਹੈ।
8-14 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 26-28
ਦਾਊਦ ਨੇ ਆਪਣੀ ਖਰਿਆਈ ਕਿਵੇਂ ਬਣਾਈ ਰੱਖੀ?
ਖਰੀ ਚਾਲ ਚੱਲੋ
8 ਦਾਊਦ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਮੈਨੂੰ ਪਰਖ ਅਤੇ ਮੈਨੂੰ ਪਰਤਾ, ਮੇਰੇ ਗੁਰਦੇ ਅਤੇ ਮੇਰੇ ਦਿਲ ਨੂੰ ਜਾਚ।” (ਜ਼ਬੂਰਾਂ ਦੀ ਪੋਥੀ 26:2) ਦਿਲ ਅਤੇ ਗੁਰਦੇ ਸਰੀਰ ਦੇ ਐਨ ਅੰਦਰ ਹੁੰਦੇ ਹਨ। ਕਿਹਾ ਜਾ ਸਕਦਾ ਹੈ ਕਿ ਗੁਰਦੇ ਇਨਸਾਨ ਦੀਆਂ ਡੂੰਘੀਆਂ ਸੋਚਾਂ ਅਤੇ ਗਹਿਰੀਆਂ ਭਾਵਨਾਵਾਂ ਨੂੰ ਦਰਸਾਉਂਦੇ ਹਨ। ਦਿਲ ਦਰਸਾਉਂਦਾ ਹੈ ਕਿ ਇਨਸਾਨ ਅੰਦਰੋਂ ਕੀ ਹੈ, ਉਸ ਦੇ ਇਰਾਦੇ ਕੀ ਹਨ, ਉਹ ਕੀ ਚਾਹੁੰਦਾ ਹੈ ਯਾਨੀ ਉਹ ਸੱਚ-ਮੁੱਚ ਕਿਹੋ ਜਿਹਾ ਇਨਸਾਨ ਹੈ। ਜਦ ਦਾਊਦ ਨੇ ਯਹੋਵਾਹ ਨੂੰ ਕਿਹਾ ਸੀ ਕਿ ਉਹ ਉਸ ਨੂੰ ਪਰਖੇ, ਤਾਂ ਉਹ ਇਹੀ ਪ੍ਰਾਰਥਨਾ ਕਰ ਰਿਹਾ ਸੀ ਕਿ ਯਹੋਵਾਹ ਉਸ ਦੇ ਮਨ ਦੀਆਂ ਸੋਚਾਂ ਅਤੇ ਭਾਵਨਾਵਾਂ ਦੀ ਚੰਗੀ ਤਰ੍ਹਾਂ ਜਾਂਚ ਕਰੇ।
9 ਦਾਊਦ ਚਾਹੁੰਦਾ ਸੀ ਕਿ ਯਹੋਵਾਹ ਉਸ ਦੇ ਦਿਲ ਅਤੇ ਗੁਰਦਿਆਂ ਨੂੰ ਸੁਧਾਰੇ। ਯਹੋਵਾਹ ਇਨਸਾਨ ਨੂੰ ਅੰਦਰੋਂ ਕਿਵੇਂ ਸੁਧਾਰਦਾ ਹੈ? ਦਾਊਦ ਨੇ ਕਿਹਾ: “ਮੈਂ ਯਹੋਵਾਹ ਨੂੰ ਮੁਬਾਰਕ ਆਖਾਂਗਾ ਜਿਸ ਨੇ ਮੈਨੂੰ ਸਲਾਹ ਦਿੱਤੀ ਹੈ, ਰਾਤ ਦੇ ਵੇਲੇ ਮੇਰੇ ਗੁਰਦੇ ਮੈਨੂੰ ਸਿਖਲਾਉਂਦੇ ਹਨ।” (ਜ਼ਬੂਰਾਂ ਦੀ ਪੋਥੀ 16:7) ਇਸ ਦਾ ਕੀ ਮਤਲਬ ਹੈ? ਜਦ ਵੀ ਯਹੋਵਾਹ ਦਾਊਦ ਨੂੰ ਸਲਾਹ ਦਿੰਦਾ ਸੀ, ਤਾਂ ਉਹ ਸਲਾਹ ਦਾਊਦ ਦੇ ਧੁਰ ਅੰਦਰ ਤਕ ਪਹੁੰਚ ਕੇ ਉਸ ਦੀਆਂ ਸੋਚਾਂ ਅਤੇ ਭਾਵਨਾਵਾਂ ਨੂੰ ਸੁਧਾਰਦੀ ਸੀ। ਸਾਡੇ ਨਾਲ ਵੀ ਇਸੇ ਤਰ੍ਹਾਂ ਹੋ ਸਕਦਾ ਹੈ। ਜੇ ਅਸੀਂ ਬਾਈਬਲ, ਪਰਮੇਸ਼ੁਰ ਦੇ ਸੇਵਕਾਂ ਅਤੇ ਉਸ ਦੇ ਸੰਗਠਨ ਰਾਹੀਂ ਮਿਲੀ ਸਲਾਹ ਅਤੇ ਸਿੱਖਿਆ ਦੀ ਕਦਰ ਕਰ ਕੇ ਉਸ ਨੂੰ ਲਾਗੂ ਕਰੀਏ, ਤਾਂ ਇਹ ਸਾਡੇ ਧੁਰ ਅੰਦਰ ਤਕ ਪਹੁੰਚੇਗੀ। ਅਸੀਂ ਯਹੋਵਾਹ ਨੂੰ ਲਗਾਤਾਰ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਹ ਸਾਨੂੰ ਸੁਧਾਰੇ ਤਾਂਕਿ ਅਸੀਂ ਖਰੀ ਚਾਲ ਚੱਲ ਸਕੀਏ।
ਖਰੀ ਚਾਲ ਚੱਲੋ
12 ਖਰੀ ਚਾਲ ਚੱਲਣ ਵਿਚ ਦਾਊਦ ਦੀ ਹੋਰ ਮਦਦ ਕਿਵੇਂ ਹੋਈ ਸੀ? ਉਸ ਨੇ ਕਿਹਾ: “ਮੈਂ ਨਿਕੰਮਿਆਂ ਦੇ ਸੰਗ ਨਹੀਂ ਬੈਠਾ, ਨਾ ਮੈਂ ਕਪਟੀਆਂ ਦੇ ਨਾਲ ਅੰਦਰ ਜਾਵਾਂਗਾ। ਬੁਰਿਆਂ ਦੀ ਸਭਾ ਨਾਲ ਮੈਂ ਵੈਰ ਰੱਖਿਆ ਹੈ, ਅਤੇ ਦੁਸ਼ਟਾਂ ਦੇ ਸੰਗ ਮੈਂ ਨਹੀਂ ਬੈਠਾਂਗਾ।” (ਜ਼ਬੂਰਾਂ ਦੀ ਪੋਥੀ 26:4, 5) ਹਾਂ, ਦਾਊਦ ਬੁਰੇ ਲੋਕਾਂ ਨਾਲ ਨਹੀਂ ਬੈਠਦਾ ਸੀ। ਉਸ ਨੂੰ ਅਜਿਹੇ ਲੋਕਾਂ ਦੀ ਸੰਗਤ ਨਾਲ ਨਫ਼ਰਤ ਸੀ।
13 ਸਾਡੇ ਬਾਰੇ ਕੀ? ਕੀ ਅਸੀਂ ਟੀ.ਵੀ., ਫ਼ਿਲਮਾਂ, ਇੰਟਰਨੈੱਟ ਜਾਂ ਹੋਰ ਚੀਜ਼ਾਂ ਦੇ ਜ਼ਰੀਏ ਨਿਕੰਮੇ ਇਨਸਾਨਾਂ ਨਾਲ ਸੰਗਤ ਰੱਖਣ ਤੋਂ ਇਨਕਾਰ ਕਰਦੇ ਹਾਂ? ਕੀ ਅਸੀਂ ਉਨ੍ਹਾਂ ਲੋਕਾਂ ਤੋਂ ਦੂਰ ਰਹਿੰਦੇ ਹਾਂ ਜੋ ਆਪਣੀ ਅਸਲੀਅਤ ਛੁਪਾਉਂਦੇ ਹਨ? ਹੋ ਸਕਦਾ ਹੈ ਕਿ ਸਕੂਲ ਵਿਚ ਜਾਂ ਕੰਮ ਤੇ ਕੁਝ ਮਤਲਬੀ ਲੋਕ ਸਾਡੇ ਨਾਲ ਦੋਸਤੀ ਦਾ ਢੌਂਗ ਕਰਨ। ਕੀ ਅਸੀਂ ਉਨ੍ਹਾਂ ਨਾਲ ਦੋਸਤੀ ਕਰਨੀ ਚਾਹੁੰਦੇ ਹਾਂ ਜੋ ਸੱਚਾਈ ਉੱਤੇ ਨਹੀਂ ਚੱਲਦੇ? ਸੱਚਾਈ ਛੱਡਣ ਵਾਲੇ ਲੋਕ ਸਾਨੂੰ ਯਹੋਵਾਹ ਤੋਂ ਦੂਰ ਕਰਨ ਦੇ ਆਪਣੇ ਇਰਾਦੇ ਨੂੰ ਸਾਡੇ ਤੋਂ ਸ਼ਾਇਦ ਛੁਪਾਉਣ। ਹੋ ਸਕਦਾ ਹੈ ਕਿ ਯਹੋਵਾਹ ਦੇ ਕੁਝ ਗਵਾਹ ਸੱਚਾਈ ਵਿਚ ਹੋਣ ਦਾ ਪਖੰਡ ਕਰਨ। ਉਹ ਵੀ ਆਪਣੀ ਅਸਲੀਅਤ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ। ਮਿਸਾਲ ਲਈ ਜੇਸਨ ਬਾਰੇ ਸੋਚੋ ਜੋ ਕਲੀਸਿਯਾ ਵਿਚ ਸਹਾਇਕ ਸੇਵਕ ਹੈ ਅਤੇ ਜਵਾਨੀ ਵਿਚ ਉਸ ਦੇ ਅਜਿਹੇ ਕੁਝ ਦੋਸਤ ਹੁੰਦੇ ਸਨ ਜਿਨ੍ਹਾਂ ਨੇ ਆਪਣੀ ਅਸਲੀਅਤ ਲੁਕਾਈ ਸੀ। ਉਨ੍ਹਾਂ ਬਾਰੇ ਉਸ ਨੇ ਕਿਹਾ: “ਇਕ ਦਿਨ ਮੇਰੇ ਇਕ ਦੋਸਤ ਨੇ ਮੈਨੂੰ ਕਿਹਾ: ‘ਕੀ ਫ਼ਰਕ ਪੈਂਦਾ ਹੈ ਕਿ ਅਸੀਂ ਹੁਣ ਕੀ ਕਰ ਰਹੇ ਹਾਂ ਕਿਉਂਕਿ ਨਵੇਂ ਸੰਸਾਰ ਵਿਚ ਵੜਨ ਤੋਂ ਪਹਿਲਾਂ ਤਾਂ ਅਸੀਂ ਮਰ ਹੀ ਜਾਣਾ ਹੈ। ਸਾਨੂੰ ਤਾਂ ਪਤਾ ਵੀ ਨਹੀਂ ਲੱਗਣਾ ਕਿ ਅਸੀਂ ਕੀ-ਕੀ ਨਹੀਂ ਕਰ ਸਕੇ ਸਾਂ।’ ਇਹ ਸੁਣ ਕੇ ਮੈਂ ਹੱਕਾ-ਬੱਕਾ ਰਹਿ ਗਿਆ, ਪਰ ਇਸ ਗੱਲਬਾਤ ਨੇ ਮੈਨੂੰ ਸਾਵਧਾਨ ਕਰ ਦਿੱਤਾ। ਮੈਂ ਤਾਂ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਜੀਉਣਾ ਚਾਹੁੰਦਾ ਸੀ।” ਜੇਸਨ ਨੇ ਬੁੱਧੀਮਤਾ ਨਾਲ ਇਨ੍ਹਾਂ ਦੋਸਤਾਂ ਨਾਲ ਮਿਲਣਾ-ਜੁਲਣਾ ਬੰਦ ਕਰ ਦਿੱਤਾ। ਪੌਲੁਸ ਰਸੂਲ ਨੇ ਲਿਖਿਆ: “ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਤਾਂ ਫਿਰ, ਕਿੰਨਾ ਜ਼ਰੂਰੀ ਹੈ ਕਿ ਅਸੀਂ ਬੁਰੀਆਂ ਸੰਗਤਾਂ ਤੋਂ ਦੂਰ ਰਹੀਏ!
ਖਰੀ ਚਾਲ ਚੱਲੋ
17 ਇਸਰਾਏਲੀ ਡੇਹਰੇ ਵਿਚ ਯਹੋਵਾਹ ਦੀ ਭਗਤੀ ਕਰਦੇ ਸਨ ਅਤੇ ਜਗਵੇਦੀ ਉੱਤੇ ਬਲੀਦਾਨ ਚੜ੍ਹਾਉਂਦੇ ਸਨ। ਦਾਊਦ ਉੱਥੇ ਜਾ ਕੇ ਬਹੁਤ ਖ਼ੁਸ਼ ਹੁੰਦਾ ਸੀ ਅਤੇ ਉਸ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਮੈਂ ਤੇਰੇ ਭਵਨ ਦੇ ਵਸੇਬਿਆਂ ਨਾਲ, ਅਤੇ ਤੇਰੀ ਮਹਿਮਾ ਦੇ ਡੇਹਰੇ ਨਾਲ ਪ੍ਰੇਮ ਰੱਖਦਾ ਹਾਂ।”—ਜ਼ਬੂਰਾਂ ਦੀ ਪੋਥੀ 26:8.
18 ਕੀ ਅਸੀਂ ਉਨ੍ਹਾਂ ਥਾਵਾਂ ਵਿਚ ਜਾ ਕੇ ਖ਼ੁਸ਼ ਹੁੰਦੇ ਹਾਂ ਜਿੱਥੇ ਅਸੀਂ ਯਹੋਵਾਹ ਬਾਰੇ ਸਿੱਖਦੇ ਹਾਂ? ਹਰੇਕ ਕਿੰਗਡਮ ਹਾਲ ਵਿਚ ਯਹੋਵਾਹ ਦੀ ਭਗਤੀ ਕੀਤੀ ਜਾਂਦੀ ਹੈ ਅਤੇ ਉੱਥੇ ਸਾਨੂੰ ਬਾਈਬਲ ਤੋਂ ਸਿੱਖਿਆ ਮਿਲਦੀ ਹੈ। ਇਸ ਤੋਂ ਇਲਾਵਾ ਵੱਡੇ ਤੇ ਛੋਟੇ ਸੰਮੇਲਨ ਵੀ ਹੁੰਦੇ ਹਨ। ਅਜਿਹੀਆਂ ਸਭਾਵਾਂ ਵਿਚ ਯਹੋਵਾਹ ਦੀਆਂ “ਸਾਖੀਆਂ” ਬਾਰੇ ਗੱਲਬਾਤ ਕੀਤੀ ਜਾਂਦੀ ਹੈ। ਜੇ ਅਸੀਂ “ਉਨ੍ਹਾਂ ਦੇ ਨਾਲ ਵੱਡੀ ਪ੍ਰੀਤ” ਲਾਈਏ, ਤਾਂ ਅਸੀਂ ਸਭਾਵਾਂ ਵਿਚ ਜਾਣਾ ਪਸੰਦ ਕਰਾਂਗੇ ਅਤੇ ਸਾਰੀਆਂ ਗੱਲਾਂ ਧਿਆਨ ਨਾਲ ਸੁਣਾਂਗੇ। (ਜ਼ਬੂਰਾਂ ਦੀ ਪੋਥੀ 119:167) ਸਾਡਾ ਜੀਅ ਕਿੰਨਾ ਖ਼ੁਸ਼ ਹੁੰਦਾ ਹੈ ਜਦ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਹੁੰਦੇ ਹਾਂ। ਉਹ ਸਾਨੂੰ ਪਿਆਰ ਕਰਦੇ ਹਨ ਅਤੇ ਖਰੀ ਚਾਲ ਚੱਲਣ ਵਿਚ ਸਾਡੀ ਮਦਦ ਕਰਦੇ ਹਨ।—ਇਬਰਾਨੀਆਂ 10:24, 25.
ਹੀਰੇ-ਮੋਤੀ
ਯਹੋਵਾਹ ਦੁਖਿਆਰਾਂ ਨੂੰ ਛੁਡਾਉਂਦਾ ਹੈ
15 ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸਾਂਭੇਗਾ।” (ਜ਼ਬੂਰਾਂ ਦੀ ਪੋਥੀ 27:10) ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਦਾ ਪਿਆਰ ਮਾਂ-ਬਾਪ ਦੇ ਪਿਆਰ ਨਾਲੋਂ ਕਿਤੇ ਗਹਿਰਾ ਹੈ! ਬਹੁਤ ਦੁੱਖ ਹੁੰਦਾ ਹੈ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰਦੇ ਹਨ ਜਾਂ ਛੱਡ ਦਿੰਦੇ ਹਨ ਜਾਂ ਉਨ੍ਹਾਂ ਨਾਲ ਬਦਸਲੂਕੀ ਕਰਦੇ ਹਨ। ਜੇ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਹੈ, ਤਾਂ ਹਮੇਸ਼ਾ ਯਾਦ ਰੱਖੋ ਕਿ ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਤੁਹਾਨੂੰ ਆਪਣੇ ਵੱਲ ਖਿੱਚਦਾ ਹੈ।—ਰੋਮੀਆਂ 8:38, 39; ਯੂਹੰਨਾ 3:16; 6:44.
15-21 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 29-31
ਅਨੁਸ਼ਾਸਨ—ਪਰਮੇਸ਼ੁਰ ਦੇ ਪਿਆਰ ਦਾ ਸਬੂਤ
it-1 802 ਪੈਰਾ 3
ਚਿਹਰਾ, ਮੂੰਹ
“ਚਿਹਰਾ ਛੁਪਾ ਲੈਂਦਾ ਹੈ” ਜਾਂ ‘ਮੂੰਹ ਲੁਕਾ ਲੈਂਦਾ ਹੈ,’ ਇਨ੍ਹਾਂ ਸ਼ਬਦਾਂ ਦੇ ਹਾਲਾਤਾਂ ਮੁਤਾਬਕ ਵੱਖੋ-ਵੱਖਰੇ ਮਤਲਬ ਹੋ ਸਕਦੇ ਹਨ। ਜਦੋਂ ਯਹੋਵਾਹ ਪਰਮੇਸ਼ੁਰ ਆਪਣਾ ਚਿਹਰਾ ਛੁਪਾਉਂਦਾ ਜਾਂ ਲੁਕਾਉਂਦਾ ਹੈ, ਤਾਂ ਇਸ ਦਾ ਮਤਲਬ ਹੋ ਸਕਦਾ ਹੈ ਕਿ ਉਹ ਹੁਣ ਮਿਹਰ ਨਹੀਂ ਕਰੇਗਾ ਜਾਂ ਸਾਥ ਨਹੀਂ ਦੇਵੇਗਾ। ਇੱਦਾਂ ਅਕਸਰ ਉਦੋਂ ਹੁੰਦਾ ਹੈ, ਜਦੋਂ ਕੋਈ ਉਸ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਮਿਸਾਲ ਲਈ, ਇਕ ਵਿਅਕਤੀ ਜਾਂ ਬਹੁਤ ਸਾਰੇ ਲੋਕਾਂ ਦਾ ਸਮੂਹ, ਜਿਵੇਂ ਕਿ ਇਜ਼ਰਾਈਲੀ। (ਅੱਯੂ 34:29; ਜ਼ਬੂ 30:5-8; ਯਸਾ 54:8; 59:2) ਕਈ ਵਾਰ ਇਸ ਦਾ ਮਤਲਬ ਹੁੰਦਾ ਹੈ ਕਿ ਸਹੀ ਸਮੇਂ ਦੀ ਉਡੀਕ ਕਰਦਿਆਂ ਯਹੋਵਾਹ ਕੋਈ ਕਦਮ ਚੁੱਕਣ ਜਾਂ ਜਵਾਬ ਦੇਣ ਤੋਂ ਆਪਣੇ ਆਪ ਨੂੰ ਰੋਕਦਾ ਹੈ। (ਜ਼ਬੂ 13:1-3) ਦਾਊਦ ਨੇ ਆਪਣੇ ਪਾਪਾਂ ਲਈ ਮਾਫ਼ੀ ਮੰਗਦਿਆਂ ਪਰਮੇਸ਼ੁਰ ਨੂੰ ਬੇਨਤੀ ਕੀਤੀ, “ਮੇਰੇ ਪਾਪਾਂ ਤੋਂ ਆਪਣੀਆਂ ਨਜ਼ਰਾਂ ਹਟਾ ਲੈ।”—ਜ਼ਬੂ 51:9; ਜ਼ਬੂ 10:11 ਵਿਚ ਨੁਕਤਾ ਦੇਖੋ।
ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਉਡੀਕ ਕਰੋ
ਯਹੋਵਾਹ ਪਰਮੇਸ਼ੁਰ ਦੇ ਤਾੜਨਾ ਦੇਣ ਦੇ ਤਰੀਕੇ ਦੀ ਤੁਲਨਾ ਫਲ ਦੇ ਪੱਕਣ ਨਾਲ ਕੀਤੀ ਜਾ ਸਕਦੀ ਹੈ। ਯਹੋਵਾਹ ਵੱਲੋਂ ਮਿਲੀ ਤਾੜਨਾ ਬਾਰੇ ਬਾਈਬਲ ਕਹਿੰਦੀ ਹੈ: “ਉਹ ਓਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ।” (ਇਬਰਾਨੀਆਂ 12:11) ਜਿਸ ਤਰ੍ਹਾਂ ਫਲ ਨੂੰ ਪੱਕਣ ਲਈ ਸਮਾਂ ਲੱਗਦਾ ਹੈ, ਉਸੇ ਤਰ੍ਹਾਂ ਯਹੋਵਾਹ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨ ਵਿਚ ਵੀ ਸਮਾਂ ਲੱਗਦਾ ਹੈ। ਮਿਸਾਲ ਲਈ, ਜੇ ਸਾਡੀ ਕਿਸੇ ਗ਼ਲਤੀ ਕਾਰਨ ਕਲੀਸਿਯਾ ਵਿਚ ਸਾਡੇ ਤੋਂ ਕੋਈ ਜ਼ਿੰਮੇਵਾਰੀ ਲਈ ਜਾਵੇ, ਤਾਂ ਸਾਨੂੰ ਨਿਮਰਤਾ ਨਾਲ ਯਹੋਵਾਹ ਦੀ ਉਡੀਕ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਨਿਰਾਸ਼ਾ ਵਿਚ ਡੁੱਬ ਕੇ ਹੌਸਲਾ ਨਹੀਂ ਹਾਰਾਂਗੇ। ਇਨ੍ਹਾਂ ਹਾਲਾਤਾਂ ਵਿਚ ਦਾਊਦ ਦੇ ਸ਼ਬਦਾਂ ਤੋਂ ਬਹੁਤ ਦਿਲਾਸਾ ਮਿਲਦਾ ਹੈ: “[ਪਰਮੇਸ਼ੁਰ] ਦਾ ਕ੍ਰੋਧ ਪਲ ਭਰ ਦਾ ਹੈ, ਪਰ ਉਹ ਦੀ ਕਿਰਪਾ ਜੀਉਣ ਭਰ ਦੀ ਹੈ। ਭਾਵੇਂ ਰੋਣਾ ਰਾਤ ਨੂੰ ਟਿਕੇ, ਪਰ ਸਵੇਰ ਨੂੰ ਜੈ ਜੈ ਕਾਰ ਹੋਵੇਗੀ।” (ਜ਼ਬੂਰਾਂ ਦੀ ਪੋਥੀ 30:5) ਜੇ ਅਸੀਂ ਧੀਰਜ ਰੱਖਾਂਗੇ ਅਤੇ ਪਰਮੇਸ਼ੁਰ ਦੇ ਬਚਨ ਅਤੇ ਸੰਗਠਨ ਦੁਆਰਾ ਦਿੱਤੀ ਗਈ ਸਲਾਹ ਨੂੰ ਲਾਗੂ ਕਰਾਂਗੇ, ਤਾਂ ਸਾਡੇ ਲਈ “ਜੈ ਜੈ ਕਾਰ” ਕਰਨ ਦਾ ਸਮਾਂ ਜ਼ਰੂਰ ਆਵੇਗਾ।
ਦਿਲੋਂ ਤੋਬਾ ਕਰਨ ਦਾ ਕੀ ਮਤਲਬ ਹੈ?
18 ਜੇ ਛੇਕੇ ਗਏ ਵਿਅਕਤੀ ਨੇ ਦਿਲੋਂ ਤੋਬਾ ਕੀਤੀ ਹੈ, ਤਾਂ ਉਹ ਬਾਕਾਇਦਾ ਮੀਟਿੰਗਾਂ ʼਤੇ ਆਵੇਗਾ। ਨਾਲੇ ਉਹ ਬਜ਼ੁਰਗਾਂ ਦੀ ਸਲਾਹ ਮੰਨ ਕੇ ਲਗਾਤਾਰ ਪ੍ਰਾਰਥਨਾ ਅਤੇ ਬਾਈਬਲ ਅਧਿਐਨ ਕਰੇਗਾ। ਉਹ ਇੱਦਾਂ ਦੇ ਹਰ ਹਾਲਾਤ ਤੋਂ ਬਚੇਗਾ ਜਿਨ੍ਹਾਂ ਕਰਕੇ ਉਹ ਗ਼ਲਤ ਕੰਮ ਕਰਨ ਦੇ ਫੰਦੇ ਵਿਚ ਦੁਬਾਰਾ ਫਸ ਸਕਦਾ ਹੈ। ਜੇ ਉਹ ਯਹੋਵਾਹ ਨਾਲ ਆਪਣਾ ਰਿਸ਼ਤਾ ਸੁਧਾਰਨ ਲਈ ਸਖ਼ਤ ਮਿਹਨਤ ਕਰਦਾ ਹੈ, ਤਾਂ ਉਹ ਭਰੋਸਾ ਰੱਖ ਸਕਦਾ ਹੈ ਕਿ ਯਹੋਵਾਹ ਉਸ ਨੂੰ ਪੂਰੀ ਤਰ੍ਹਾਂ ਮਾਫ਼ ਕਰੇਗਾ ਅਤੇ ਬਜ਼ੁਰਗ ਵੀ ਉਸ ਦੀ ਫਿਰ ਤੋਂ ਮੰਡਲੀ ਦਾ ਹਿੱਸਾ ਬਣਨ ਵਿਚ ਮਦਦ ਕਰਨਗੇ। ਪਾਪ ਕਰਨ ਵਾਲੇ ਹਰ ਵਿਅਕਤੀ ਦੇ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ। ਇਸ ਲਈ ਬਜ਼ੁਰਗ ਹਰ ਮਾਮਲੇ ਦੀ ਧਿਆਨ ਨਾਲ ਜਾਂਚ ਕਰਦੇ ਹਨ, ਪਰ ਉਹ ਖ਼ਾਸ ਤੌਰ ਤੇ ਇਸ ਗੱਲ ਦਾ ਵੀ ਧਿਆਨ ਰੱਖਦੇ ਹਨ ਕਿ ਉਹ ਸਖ਼ਤੀ ਨਾਲ ਨਿਆਂ ਨਾ ਕਰਨ।
ਹੀਰੇ-ਮੋਤੀ
ਜ਼ਬੂਰਾਂ ਦੀ ਪੋਥੀ ਦੇ ਪਹਿਲੇ ਭਾਗ ਦੇ ਕੁਝ ਖ਼ਾਸ ਨੁਕਤੇ
31:23—ਹੰਕਾਰੀ ਇਨਸਾਨ ਉੱਤੇ ਬਹੁਤ ਵੱਟੇ ਲਾਉਣ ਦਾ ਕੀ ਮਤਲਬ ਹੈ? ਵੱਟੇ ਲਾਉਣ ਦਾ ਮਤਲਬ ਇੱਥੇ ਸਜ਼ਾ ਦੇਣੀ ਹੈ। ਯਹੋਵਾਹ ਬਿਨਾਂ ਸੋਚੇ-ਸਮਝੇ ਕੀਤੀਆਂ ਗ਼ਲਤੀਆਂ ਦੇ ਵੱਟੇ ਧਰਮੀਆਂ ਨੂੰ ਤਾੜਦਾ ਹੈ। ਪਰ ਜਿਹੜਾ ਹੰਕਾਰੀ ਆਪਣੇ ਗ਼ਲਤ ਕੰਮਾਂ ਤੋਂ ਤੋਬਾ ਨਹੀਂ ਕਰਦਾ, ਯਹੋਵਾਹ ਉਸ ਉੱਤੇ ਬਹੁਤ ਵੱਟੇ ਲਾਉਂਦਾ ਹੈ ਯਾਨੀ ਉਸ ਨੂੰ ਸਖ਼ਤ ਸਜ਼ਾ ਦਿੰਦਾ ਹੈ।—1 ਪਤਰਸ 4:18.
22-28 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 32-33
ਸਾਨੂੰ ਗੰਭੀਰ ਪਾਪ ਕਿਉਂ ਕਬੂਲ ਕਰਨੇ ਚਾਹੀਦੇ ਹਨ?
w93 3/15 9 ਪੈਰਾ 7
ਯਹੋਵਾਹ ਦੀ ਦਇਆ ਕਰਕੇ ਅਸੀਂ ਨਿਰਾਸ਼ ਨਹੀਂ ਹੁੰਦੇ
7 ਜਦੋਂ ਅਸੀਂ ਗੰਭੀਰ ਪਾਪ ਕਰਦੇ ਹਾਂ, ਤਾਂ ਸਾਡੇ ਲਈ ਕਿਸੇ ਸਾਮ੍ਹਣੇ ਉਨ੍ਹਾਂ ਨੂੰ ਮੰਨਣਾ ਔਖਾ ਹੋ ਸਕਦਾ ਹੈ, ਇੱਥੋਂ ਤਕ ਕਿ ਯਹੋਵਾਹ ਸਾਮ੍ਹਣੇ ਵੀ। ਜ਼ਬੂਰ 32 ਵਿਚ ਦਾਊਦ ਦੱਸਦਾ ਹੈ ਕਿ ਆਪਣੇ ਪਾਪ ਲੁਕਾਉਣ ਕਰਕੇ ਉਸ ਨੂੰ ਕਿਹੜੇ ਅੰਜਾਮ ਭੁਗਤਣੇ ਪਏ। ਉਹ ਮੰਨਦਾ ਹੈ: “ਜਦ ਮੈਂ ਚੁੱਪ ਰਿਹਾ, ਤਾਂ ਸਾਰਾ-ਸਾਰਾ ਦਿਨ ਹਉਕੇ ਭਰਨ ਕਰਕੇ ਮੇਰੀਆਂ ਹੱਡੀਆਂ ਗਲ਼ ਗਈਆਂ। ਤੇਰਾ ਹੱਥ ਦਿਨ-ਰਾਤ ਮੇਰੇ ʼਤੇ ਭਾਰੀ ਰਿਹਾ। ਮੇਰੀ ਤਾਕਤ ਖ਼ਤਮ ਹੋ ਗਈ ਜਿਵੇਂ ਗਰਮੀਆਂ ਵਿਚ ਪਾਣੀ ਸੁੱਕ ਜਾਂਦਾ ਹੈ।” (ਜ਼ਬੂ 32:3, 4) ਆਪਣੇ ਪਾਪ ਅਤੇ ਦੋਸ਼ ਨੂੰ ਲੁਕਾਉਣ ਕਰਕੇ ਦਾਊਦ ਬਹੁਤ ਜ਼ਿਆਦਾ ਨਿਰਾਸ਼ ਹੋ ਗਿਆ ਸੀ। ਇਸ ਦੁੱਖ ਦਾ ਉਸ ਦੇ ਮਨ ਅਤੇ ਸਰੀਰ ʼਤੇ ਇੰਨਾ ਅਸਰ ਪਿਆ ਕਿ ਉਸ ਦੀ ਹਾਲਤ ਸੋਕੇ ਦੀ ਮਾਰ ਹੇਠ ਆਏ ਦਰਖ਼ਤ ਵਰਗੀ ਹੋ ਗਈ ਸੀ। ਇਸ ਕਰਕੇ ਉਸ ਨੇ ਆਪਣੀ ਖ਼ੁਸ਼ੀ ਗੁਆ ਲਈ ਸੀ। ਜੇ ਅਸੀਂ ਵੀ ਇੱਦਾਂ ਹੀ ਮਹਿਸੂਸ ਕਰਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ।
ਪਰਮੇਸ਼ੁਰ “ਮਾਫ਼ ਕਰਨ ਵਾਲਾ ਹੈ”
8 ਪਸ਼ਚਾਤਾਪ ਕਰਨ ਤੋਂ ਬਾਅਦ ਦਾਊਦ ਨੇ ਕਿਹਾ: ‘ਮੈਂ ਤੇਰੇ ਅੱਗੇ ਆਪਣੇ ਪਾਪ ਦਾ ਇਕਰਾਰ ਕੀਤਾ, ਅਤੇ ਆਪਣੀ ਬਦੀ ਨਹੀਂ ਲੁਕਾਈ। ਤਾਂ ਤੈਂ ਆਪ ਮੇਰੇ ਪਾਪ ਦੀ ਬਦੀ ਨੂੰ ਚੁੱਕ ਲਿਆ।’ (ਜ਼ਬੂਰਾਂ ਦੀ ਪੋਥੀ 32:5) “ਚੁੱਕ ਲਿਆ” ਦਾ ਇੱਥੇ ਮਤਲਬ ਹੈ ਕਿ ਦੋਸ਼, ਅਨਿਆਂ, ਅਣਆਗਿਆਕਾਰੀ ਅਤੇ ਪਾਪ ਨੂੰ ਮਾਫ਼ ਕਰ ਦਿੱਤਾ। ਤਾਂ ਫਿਰ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਨੇ ਦਾਊਦ ਦਾ ਪਾਪ ਉਠਾ ਕੇ ਦੂਰ ਸੁੱਟ ਦਿੱਤਾ ਸੀ। ਮਾਫ਼ੀ ਮਿਲਣ ਨਾਲ ਦਾਊਦ ਨੂੰ ਚੈਨ ਆਇਆ ਹੋਣਾ ਕਿਉਂਕਿ ਹੁਣ ਉਹ ਪਾਪ ਦੇ ਬੋਝ ਹੇਠ ਦੱਬਿਆ ਹੋਇਆ ਨਹੀਂ ਮਹਿਸੂਸ ਕਰਦਾ ਸੀ। (ਜ਼ਬੂਰਾਂ ਦੀ ਪੋਥੀ 32:3) ਅਸੀਂ ਵੀ ਉਸ ਪਰਮੇਸ਼ੁਰ ਵਿਚ ਪੂਰਾ ਵਿਸ਼ਵਾਸ ਕਰ ਸਕਦੇ ਹਾਂ ਜੋ ਉਨ੍ਹਾਂ ਲੋਕਾਂ ਦੇ ਪਾਪ ਚੁੱਕ ਲੈਂਦਾ ਹੈ ਜੋ ਯਿਸੂ ਦੇ ਬਲੀਦਾਨ ਵਿਚ ਨਿਹਚਾ ਕਰ ਕੇ ਉਸ ਤੋਂ ਮਾਫ਼ੀ ਮੰਗਦੇ ਹਨ।—ਮੱਤੀ 20:28.
ਅਧਿਆਤਮਿਕ ਤੰਦਰੁਸਤੀ ਲਈ ਆਪਣੇ ਗੁਨਾਹਾਂ ਦਾ ਇਕਬਾਲ ਕਰਨਾ
ਆਪਣੇ ਗੁਨਾਹ ਦਾ ਇਕਬਾਲ ਕਰਨ ਤੋਂ ਬਾਅਦ ਦਾਊਦ ਆਪਣੇ ਆਪ ਨੂੰ ਘਟੀਆ ਮਹਿਸੂਸ ਕਰਦੇ ਹੋਏ ਡੂੰਘੀ ਨਿਰਾਸ਼ਾ ਵਿਚ ਨਹੀਂ ਡੁੱਬਿਆ। ਪਾਪਾਂ ਦਾ ਇਕਬਾਲ ਕਰਨ ਬਾਰੇ ਲਿਖੇ ਉਸ ਦੇ ਜ਼ਬੂਰ ਦਿਖਾਉਂਦੇ ਹਨ ਕਿ ਉਸ ਨੂੰ ਕਿੰਨੀ ਰਾਹਤ ਮਿਲੀ ਤੇ ਉਸ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਦਾ ਦ੍ਰਿੜ੍ਹ ਇਰਾਦਾ ਕੀਤਾ। ਉਦਾਹਰਣ ਲਈ ਜ਼ਬੂਰ 32 ਦੇਖੋ। ਅਸੀਂ ਇਸ ਦੀ ਪਹਿਲੀ ਆਇਤ ਵਿਚ ਪੜ੍ਹਦੇ ਹਾਂ: “ਧੰਨ ਹੈ ਉਹ ਜਿਹ ਦਾ ਅਪਰਾਧ ਖਿਮਾ ਹੋ ਗਿਆ, ਜਿਹ ਦਾ ਪਾਪ ਢੱਕਿਆ ਹੋਇਆ ਹੈ।” ਚਾਹੇ ਇਕ ਵਿਅਕਤੀ ਨੇ ਕਿੰਨਾ ਵੀ ਗੰਭੀਰ ਗੁਨਾਹ ਕਿਉਂ ਨਾ ਕੀਤਾ ਹੋਵੇ, ਪਰ ਜੇ ਉਹ ਦਿਲੋਂ ਤੋਬਾ ਕਰਦਾ ਹੈ, ਤਾਂ ਇਸ ਦਾ ਚੰਗਾ ਨਤੀਜਾ ਨਿਕਲਦਾ ਹੈ। ਦਿਲੋਂ ਤੋਬਾ ਕਰਨ ਦਾ ਇਕ ਤਰੀਕਾ ਹੈ ਆਪਣੇ ਗੁਨਾਹ ਦੀ ਜ਼ਿੰਮੇਵਾਰੀ ਨੂੰ ਸਵੀਕਾਰ ਕਰਨਾ ਜਿਵੇਂ ਦਾਊਦ ਨੇ ਕੀਤਾ ਸੀ। (2 ਸਮੂਏਲ 12:13) ਉਸ ਨੇ ਆਪਣੇ ਆਪ ਨੂੰ ਯਹੋਵਾਹ ਦੇ ਸਾਮ੍ਹਣੇ ਸਹੀ ਸਾਬਤ ਕਰਨ ਜਾਂ ਆਪਣੇ ਗੁਨਾਹ ਦਾ ਕਿਸੇ ਦੂਸਰੇ ਉੱਤੇ ਦੋਸ਼ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪੰਜਵੀਂ ਆਇਤ ਕਹਿੰਦੀ ਹੈ: “ਮੈਂ ਤੇਰੇ ਅੱਗੇ ਆਪਣੇ ਪਾਪ ਦਾ ਇਕਰਾਰ ਕੀਤਾ, ਅਤੇ ਆਪਣੀ ਬਦੀ ਨਹੀਂ ਲੁਕਾਈ। ਮੈਂ ਆਖਿਆ ਕਿ ਮੈਂ ਆਪਣੇ ਅਪਰਾਧਾਂ ਨੂੰ ਯਹੋਵਾਹ ਦੇ ਅੱਗੇ ਮੰਨ ਲਵਾਂਗਾ, ਤਾਂ ਤੈਂ ਆਪ ਮੇਰੇ ਪਾਪ ਦੀ ਬਦੀ ਨੂੰ ਚੁੱਕ ਲਿਆ।” ਸੱਚੇ ਦਿਲੋਂ ਆਪਣੇ ਗੁਨਾਹ ਦਾ ਇਕਬਾਲ ਕਰਨ ਨਾਲ ਰਾਹਤ ਮਿਲਦੀ ਹੈ ਜਿਸ ਕਰਕੇ ਗੁਨਾਹਗਾਰ ਨੂੰ ਪਿਛਲੀਆਂ ਗ਼ਲਤੀਆਂ ਕਰਕੇ ਹੱਦੋਂ ਵੱਧ ਦੁਖੀ ਹੋਣ ਦੀ ਲੋੜ ਨਹੀਂ ਹੈ।
ਹੀਰੇ-ਮੋਤੀ
ਜ਼ਬੂਰਾਂ ਦੀ ਪੋਥੀ ਦੇ ਪਹਿਲੇ ਭਾਗ ਦੇ ਕੁਝ ਖ਼ਾਸ ਨੁਕਤੇ
33:6—ਇਸ ਆਇਤ ਵਿਚ ਯਹੋਵਾਹ ਦੇ ਮੂੰਹ ਦੇ “ਸਵਾਸ” ਦਾ ਕੀ ਮਤਲਬ ਹੈ? ਇੱਥੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਗੱਲ ਕੀਤੀ ਗਈ ਹੈ ਜਿਸ ਦੇ ਜ਼ਰੀਏ ਉਸ ਨੇ ਆਕਾਸ਼ ਤੇ ਧਰਤੀ ਬਣਾਏ ਸਨ। (ਉਤਪਤ 1:1, 2) ਪਵਿੱਤਰ ਆਤਮਾ ਨੂੰ ਯਹੋਵਾਹ ਦਾ ਸੁਆਸ ਕਹਿਣਾ ਢੁਕਵਾਂ ਹੈ ਕਿਉਂਕਿ ਉਹ ਇਸ ਦੇ ਜ਼ਰੀਏ ਦੂਰੋਂ ਸਭ ਕੁਝ ਕਰ ਸਕਦਾ ਹੈ ਮਾਨੋ ਜ਼ੋਰ ਨਾਲ ਫੂਕ ਮਾਰ ਕੇ।
29 ਅਪ੍ਰੈਲ–5 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 34-35
“ਹਰ ਸਮੇਂ ਯਹੋਵਾਹ ਦੀ ਮਹਿਮਾ ਕਰੋ”
ਆਓ ਆਪਾਂ ਰਲ ਕੇ ਯਹੋਵਾਹ ਦੀ ਵਡਿਆਈ ਕਰੀਏ
11 “ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ, ਉਹ ਦੀ ਉਸਤਤ ਸਦਾ ਮੇਰੇ ਮੂੰਹ ਵਿੱਚ ਹੋਵੇਗੀ।” (ਜ਼ਬੂਰਾਂ ਦੀ ਪੋਥੀ 34:1) ਲੁਕ-ਛਿਪ ਕੇ ਰਹਿੰਦਿਆਂ ਦਾਊਦ ਨੂੰ ਖਾਣੇ-ਪੀਣੇ ਜਾਂ ਕੱਪੜੇ-ਲੱਤੇ ਦੇ ਫ਼ਿਕਰ ਨੇ ਜ਼ਰੂਰ ਸਤਾਇਆ ਹੋਣਾ, ਪਰ ਉਸ ਨੇ ਇਸ ਫ਼ਿਕਰ ਕਾਰਨ ਯਹੋਵਾਹ ਦੀ ਵਡਿਆਈ ਕਰਨੀ ਨਹੀਂ ਛੱਡੀ। ਅੱਜ ਜਦ ਸਾਡੇ ਤੇ ਔਖੀਆਂ ਘੜੀਆਂ ਆਉਂਦੀਆਂ ਹਨ, ਤਾਂ ਅਸੀਂ ਉਸ ਦੀ ਵਧੀਆ ਮਿਸਾਲ ਉੱਤੇ ਚੱਲ ਸਕਦੇ ਹਾਂ। ਸਕੂਲ ਵਿਚ, ਕੰਮ ਦੀ ਥਾਂ ਤੇ, ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਹੁੰਦਿਆਂ ਜਾਂ ਪ੍ਰਚਾਰ ਕਰਦੇ ਸਮੇਂ ਸਾਡੀ ਇਹੀ ਇੱਛਾ ਹੋਣੀ ਚਾਹੀਦੀ ਹੈ ਕਿ ਅਸੀਂ ਯਹੋਵਾਹ ਦੀ ਵਡਿਆਈ ਕਰੀਏ। ਉਸ ਦੀ ਵਡਿਆਈ ਕਰਨ ਦੇ ਬੇਸ਼ੁਮਾਰ ਕਾਰਨ ਹਨ। ਮਿਸਾਲ ਲਈ, ਯਹੋਵਾਹ ਦੀਆਂ ਰਚੀਆਂ ਸ਼ਾਨਦਾਰ ਚੀਜ਼ਾਂ ਤੋਂ ਮਿਲਣ ਵਾਲੀ ਖ਼ੁਸ਼ੀ ਦਾ ਕੋਈ ਅੰਤ ਨਹੀਂ ਹੈ। ਜ਼ਰਾ ਇਹ ਵੀ ਸੋਚੋ ਕਿ ਯਹੋਵਾਹ ਨੇ ਆਪਣੇ ਸੰਗਠਨ ਦੇ ਜ਼ਰੀਏ ਕਿੰਨਾ ਕੁਝ ਕੀਤਾ ਹੈ! ਆਧੁਨਿਕ ਜ਼ਮਾਨੇ ਵਿਚ ਆਪਣਾ ਕੰਮ ਪੂਰਾ ਕਰਨ ਲਈ ਉਸ ਨੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਇਸਤੇਮਾਲ ਕੀਤਾ ਹੈ, ਭਾਵੇਂ ਕਿ ਉਹ ਨਾਮੁਕੰਮਲ ਹਨ। ਪਰਮੇਸ਼ੁਰ ਦੇ ਕੰਮਾਂ ਦੀ ਤੁਲਨਾ ਵਿਚ ਦੁਨੀਆਂ ਦੇ ਦੇਵਤਾ ਸਰੂਪ ਸਮਝੇ ਜਾਂਦੇ ਲੋਕਾਂ ਦੇ ਕੰਮ ਕੁਝ ਵੀ ਨਹੀਂ ਹਨ। ਇਸ ਲਈ ਅਸੀਂ ਦਾਊਦ ਦੇ ਲਿਖੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੋ ਸਕਦੇ ਹਾਂ: “ਹੇ ਪ੍ਰਭੁ, ਦੇਵਤਿਆਂ ਵਿੱਚ ਤੇਰੇ ਤੁੱਲ ਕੋਈ ਨਹੀਂ, ਤੇਰੇ ਕੰਮਾਂ ਵਰਗਾ ਕੋਈ ਕੰਮ ਨਹੀਂ ਹੈ।”—ਜ਼ਬੂਰਾਂ ਦੀ ਪੋਥੀ 86:8.
ਆਓ ਆਪਾਂ ਰਲ ਕੇ ਯਹੋਵਾਹ ਦੀ ਵਡਿਆਈ ਕਰੀਏ
13 “ਮੇਰੀ ਜਾਨ ਯਹੋਵਾਹ ਵਿੱਚ ਆਪਣੇ ਆਪ ਨੂੰ ਵਡਿਆਵੇਗੀ, ਮਸਕੀਨ ਸੁਣ ਕੇ ਅਨੰਦ ਹੋਣਗੇ।” (ਜ਼ਬੂਰਾਂ ਦੀ ਪੋਥੀ 34:2) ਦਾਊਦ ਨੇ ਇੱਥੇ ਆਪਣੀ ਕਿਸੇ ਕਾਮਯਾਬੀ ਕਰਕੇ ਆਪਣੀ ਵਡਿਆਈ ਨਹੀਂ ਕੀਤੀ। ਮਿਸਾਲ ਲਈ, ਉਸ ਨੇ ਇਹ ਸ਼ੇਖ਼ੀ ਨਹੀਂ ਮਾਰੀ ਕਿ ਉਸ ਨੇ ਕਿਵੇਂ ਗਥ ਦੇ ਰਾਜੇ ਨੂੰ ਧੋਖਾ ਦਿੱਤਾ। ਉਸ ਨੇ ਮੰਨਿਆ ਕਿ ਯਹੋਵਾਹ ਨੇ ਗਥ ਵਿਚ ਉਸ ਦੀ ਰਾਖੀ ਕੀਤੀ ਸੀ ਅਤੇ ਉਸ ਦੀ ਮਦਦ ਨਾਲ ਹੀ ਉਹ ਉੱਥੋਂ ਬਚ ਨਿਕਲਿਆ ਸੀ। (ਕਹਾਉਤਾਂ 21:1) ਦਾਊਦ ਨੇ ਆਪਣੀ ਨਹੀਂ, ਬਲਕਿ ਯਹੋਵਾਹ ਦੀ ਵਡਿਆਈ ਕੀਤੀ ਸੀ। ਇਸ ਕਰਕੇ ਮਸਕੀਨ ਲੋਕ ਯਹੋਵਾਹ ਵੱਲ ਖਿੱਚੇ ਗਏ ਸਨ। ਯਿਸੂ ਨੇ ਵੀ ਹਮੇਸ਼ਾ ਯਹੋਵਾਹ ਦੇ ਨਾਂ ਦੀ ਵਡਿਆਈ ਕੀਤੀ ਜਿਸ ਕਰਕੇ ਨਿਮਰ ਲੋਕ ਯਹੋਵਾਹ ਬਾਰੇ ਸਿੱਖਣਾ ਚਾਹੁੰਦੇ ਸਨ। ਅੱਜ ਸਾਰੀਆਂ ਕੌਮਾਂ ਵਿੱਚੋਂ ਨਿਮਰ ਲੋਕ ਮਸਹ ਕੀਤੇ ਹੋਏ ਮਸੀਹੀਆਂ ਦੀ ਅੰਤਰ-ਰਾਸ਼ਟਰੀ ਕਲੀਸਿਯਾ ਵਿਚ ਆ ਰਹੇ ਹਨ ਜਿਸ ਦਾ ਸਿਰ ਯਿਸੂ ਹੈ। (ਕੁਲੁੱਸੀਆਂ 1:18) ਜਦ ਇਹ ਲੋਕ ਪਰਮੇਸ਼ੁਰ ਦੇ ਨਿਮਰ ਸੇਵਕਾਂ ਨੂੰ ਉਸ ਦੇ ਨਾਂ ਦੀ ਵਡਿਆਈ ਕਰਦਿਆਂ ਸੁਣਦੇ ਹਨ, ਤਾਂ ਉਹ ਬਹੁਤ ਪ੍ਰਭਾਵਿਤ ਹੁੰਦੇ ਹਨ। ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਉਹ ਬਾਈਬਲ ਦਾ ਸੰਦੇਸ਼ ਸਮਝ ਕੇ ਵੀ ਪ੍ਰਭਾਵਿਤ ਹੁੰਦੇ ਹਨ।—ਯੂਹੰਨਾ 6:44; ਰਸੂਲਾਂ ਦੇ ਕਰਤੱਬ 16:14.
ਆਓ ਆਪਾਂ ਰਲ ਕੇ ਯਹੋਵਾਹ ਦੀ ਵਡਿਆਈ ਕਰੀਏ
15 “ਮੈਂ ਯਹੋਵਾਹ ਨੂੰ ਭਾਲਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ, ਅਤੇ ਮੇਰਿਆਂ ਸਭਨਾਂ ਭੈਜਲਾਂ ਤੋਂ ਮੈਨੂੰ ਛੁਡਾਇਆ।” (ਜ਼ਬੂਰਾਂ ਦੀ ਪੋਥੀ 34:4) ਦਾਊਦ ਲਈ ਇਹ ਗੱਲ ਬਹੁਤ ਮਹੱਤਤਾ ਰੱਖਦੀ ਸੀ। ਇਸ ਲਈ ਅੱਗੇ ਉਸ ਨੇ ਕਿਹਾ: “ਇਸ ਮਸਕੀਨ ਨੇ ਪੁਕਾਰਿਆ ਅਤੇ ਯਹੋਵਾਹ ਨੇ ਸੁਣਿਆ, ਅਤੇ ਉਹ ਦਿਆਂ ਸਾਰਿਆਂ ਦੁਖਾਂ ਤੋਂ ਉਹ ਨੂੰ ਬਚਾਇਆ।” (ਜ਼ਬੂਰਾਂ ਦੀ ਪੋਥੀ 34:6) ਆਪਣੇ ਭੈਣਾਂ-ਭਰਾਵਾਂ ਨਾਲ ਸੰਗਤ ਕਰਦਿਆਂ ਸਾਨੂੰ ਆਪਣੇ ਤਜਰਬੇ ਸੁਣਾਉਣ ਦੇ ਕਈ ਮੌਕੇ ਮਿਲਦੇ ਹਨ ਕਿ ਯਹੋਵਾਹ ਨੇ ਮੁਸ਼ਕਲ ਹਾਲਾਤਾਂ ਵਿਚ ਸਾਡੀ ਕਿਵੇਂ ਮਦਦ ਕੀਤੀ। ਇਨ੍ਹਾਂ ਨੂੰ ਸੁਣ ਕੇ ਉਨ੍ਹਾਂ ਦਾ ਹੌਸਲਾ ਵਧੇਗਾ ਅਤੇ ਨਿਹਚਾ ਮਜ਼ਬੂਤ ਹੋਵੇਗੀ ਜਿਵੇਂ ਦਾਊਦ ਦੀਆਂ ਗੱਲਾਂ ਸੁਣ ਕੇ ਉਸ ਦੇ ਸਾਥੀਆਂ ਦੀ ਨਿਹਚਾ ਮਜ਼ਬੂਤ ਹੋਈ ਸੀ। ਉਸ ਦੇ ਸਾਥੀਆਂ ਨੇ ‘ਯਹੋਵਾਹ ਦੀ ਵੱਲ ਤੱਕਿਆ ਅਤੇ ਉੱਜਲੇ ਹੋ ਗਏ, ਅਤੇ ਉਨ੍ਹਾਂ ਦੇ ਮੂੰਹ ਕਦੇ ਕਾਲੇ ਨਾ ਹੋਏ’ ਯਾਨੀ ਉਹ ਸ਼ਰਮਿੰਦਾ ਨਹੀਂ ਹੋਏ। (ਜ਼ਬੂਰਾਂ ਦੀ ਪੋਥੀ 34:5) ਭਾਵੇਂ ਉਹ ਰਾਜਾ ਸ਼ਾਊਲ ਤੋਂ ਭੱਜ ਰਹੇ ਸਨ, ਪਰ ਇਸ ਕਾਰਨ ਉਹ ਸ਼ਰਮਿੰਦਾ ਨਹੀਂ ਸਨ। ਉਨ੍ਹਾਂ ਨੂੰ ਯਕੀਨ ਸੀ ਕਿ ਯਹੋਵਾਹ ਦਾਊਦ ਦਾ ਸਾਥ ਦੇ ਰਿਹਾ ਸੀ, ਇਸ ਲਈ ਉਨ੍ਹਾਂ ਦੇ ਚਿਹਰਿਆਂ ਤੇ ਰੌਣਕ ਸੀ। ਇਸੇ ਤਰ੍ਹਾਂ ਅੱਜ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਮਸੀਹੀ ਅਤੇ ਨਵੇਂ ਲੋਕ ਵੀ ਯਹੋਵਾਹ ਤੋਂ ਮਦਦ ਭਾਲਦੇ ਹਨ। ਉਨ੍ਹਾਂ ਨੂੰ ਖ਼ੁਦ ਅਹਿਸਾਸ ਹੋਇਆ ਹੈ ਕਿ ਯਹੋਵਾਹ ਉਨ੍ਹਾਂ ਦੀ ਮਦਦ ਕਰਦਾ ਹੈ, ਇਸ ਲਈ ਉਨ੍ਹਾਂ ਦੇ ਚਿਹਰਿਆਂ ਤੇ ਝਲਕਦੀ ਖ਼ੁਸ਼ੀ ਦਿਖਾਉਂਦੀ ਹੈ ਕਿ ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਪੱਕਾ ਇਰਾਦਾ ਰੱਖਦੇ ਹਨ।
ਹੀਰੇ-ਮੋਤੀ
ਜ਼ਬੂਰਾਂ ਦੀ ਪੋਥੀ ਦੇ ਪਹਿਲੇ ਭਾਗ ਦੇ ਕੁਝ ਖ਼ਾਸ ਨੁਕਤੇ
35:19—ਦਾਊਦ ਦੀ ਇਸ ਬੇਨਤੀ ਦਾ ਕੀ ਮਤਲਬ ਸੀ ਕਿ ਯਹੋਵਾਹ ਉਸ ਦੇ ਦੁਸ਼ਮਣਾਂ ਨੂੰ ਉਸ ਉੱਤੇ ਅੱਖ ਨਾ ਮਟਕਾਉਣ ਦੇਵੇ? ਇੱਥੇ ਅੱਖ ਮਟਕਾਉਣ ਦਾ ਮਤਲਬ ਸੀ ਕਿ ਦਾਊਦ ਦੇ ਦੁਸ਼ਮਣ ਆਪਣੀਆਂ ਸਕੀਮਾਂ ਦੀ ਕਾਮਯਾਬੀ ਕਾਰਨ ਖ਼ੁਸ਼ ਹੋ ਰਹੇ ਸਨ। ਦਾਊਦ ਨੇ ਬੇਨਤੀ ਕੀਤੀ ਕਿ ਯਹੋਵਾਹ ਉਨ੍ਹਾਂ ਦੀਆਂ ਸਕੀਮਾਂ ਨੂੰ ਕਾਮਯਾਬ ਨਾ ਹੋਣ ਦੇਵੇ।