ਸ੍ਰਿਸ਼ਟੀ ਪਰਮੇਸ਼ੁਰ ਦੀ ਮਹਿਮਾ ਕਰਦੀ ਹੈ
“ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ।”—ਜ਼ਬੂਰਾਂ ਦੀ ਪੋਥੀ 19:1.
1, 2. (ੳ) ਇਨਸਾਨ ਆਪਣੀ ਅੱਖੀਂ ਪਰਮੇਸ਼ੁਰ ਦਾ ਜਲਾਲ ਕਿਉਂ ਨਹੀਂ ਦੇਖ ਸਕਦੇ? (ਅ) ਚੌਵੀ ਬਜ਼ੁਰਗ ਪਰਮੇਸ਼ੁਰ ਦੀ ਮਹਿਮਾ ਕਿਵੇਂ ਕਰਦੇ ਹਨ?
“ਤੂੰ ਮੇਰਾ ਮੂੰਹ ਨਹੀਂ ਵੇਖ ਸੱਕਦਾ ਕਿਉਂ ਜੋ ਕੋਈ ਆਦਮੀ ਮੈਨੂੰ ਵੇਖ ਕੇ ਜੀ ਨਹੀਂ ਸੱਕਦਾ।” (ਕੂਚ 33:20) ਯਹੋਵਾਹ ਨੇ ਇਨ੍ਹਾਂ ਸ਼ਬਦਾਂ ਨਾਲ ਮੂਸਾ ਨੂੰ ਚੇਤਾਵਨੀ ਦਿੱਤੀ ਸੀ। ਇਨਸਾਨ ਤਾਂ ਮਿੱਟੀ ਦੇ ਪੁਤਲੇ ਹੀ ਹਨ, ਇਸ ਲਈ ਉਹ ਆਪਣੀ ਅੱਖੀਂ ਪਰਮੇਸ਼ੁਰ ਦਾ ਜਲਾਲ ਨਹੀਂ ਦੇਖ ਸਕਦੇ। ਫਿਰ ਵੀ, ਯੂਹੰਨਾ ਰਸੂਲ ਨੇ ਇਕ ਦਰਸ਼ਣ ਵਿਚ ਯਹੋਵਾਹ ਨੂੰ ਆਪਣੀ ਸ਼ਾਨਦਾਰ ਰਾਜ-ਗੱਦੀ ਤੇ ਬੈਠਾ ਦੇਖਿਆ ਸੀ।—ਪਰਕਾਸ਼ ਦੀ ਪੋਥੀ 4:1-3.
2 ਪਰ ਸਵਰਗ ਵਿਚ ਵਫ਼ਾਦਾਰ ਪ੍ਰਾਣੀ ਯਹੋਵਾਹ ਦਾ ਚਿਹਰਾ ਦੇਖ ਸਕਦੇ ਹਨ। ਯੂਹੰਨਾ ਨੇ ਦਰਸ਼ਣ ਵਿਚ “ਚੱਵੀ ਬਜ਼ੁਰਗਾਂ” ਨੂੰ ਦੇਖਿਆ ਸੀ ਜੋ ਯਿਸੂ ਦੇ 1,44,000 ਭਰਾਵਾਂ ਨੂੰ ਦਰਸਾਉਂਦੇ ਹਨ। (ਪਰਕਾਸ਼ ਦੀ ਪੋਥੀ 4:4; 14:1-3) ਪਰਮੇਸ਼ੁਰ ਦੀ ਸ਼ਾਨ ਦੇਖ ਕੇ ਉਹ ਕੀ ਕਰਦੇ ਹਨ? ਪਰਕਾਸ਼ ਦੀ ਪੋਥੀ 4:11 ਮੁਤਾਬਕ ਉਹ ਉਸ ਦੇ ਜਸ ਗਾਉਂਦੇ ਹਨ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!”
ਉਨ੍ਹਾਂ ਕੋਲ ਕੋਈ ਬਹਾਨਾ ਨਹੀਂ
3, 4. (ੳ) ਰੱਬ ਵਿਚ ਵਿਸ਼ਵਾਸ ਕਰਨਾ ਵਿਗਿਆਨ ਦੇ ਖ਼ਿਲਾਫ਼ ਕਿਉਂ ਨਹੀਂ ਹੈ? (ਅ) ਕਈ ਲੋਕ ਕਿਉਂ ਨਹੀਂ ਮੰਨਦੇ ਕਿ ਰੱਬ ਹੈ?
3 ਕੀ ਤੁਸੀਂ ਵੀ ਪਰਮੇਸ਼ੁਰ ਦੀ ਵਡਿਆਈ ਕਰਨੀ ਚਾਹੁੰਦੇ ਹੋ? ਜ਼ਿਆਦਾਤਰ ਲੋਕ ਤਾਂ ਮੰਨਦੇ ਹੀ ਨਹੀਂ ਕਿ ਰੱਬ ਹੈ, ਉਸ ਦੀ ਵਡਿਆਈ ਕਰਨੀ ਤਾਂ ਇਕ ਪਾਸੇ ਰਹੀ। ਮਿਸਾਲ ਲਈ, ਇਕ ਖਗੋਲ-ਵਿਗਿਆਨੀ ਨੇ ਲਿਖਿਆ: ‘ਕੀ ਰੱਬ ਨੇ ਸਾਰਾ ਬ੍ਰਹਿਮੰਡ ਸਾਡੇ ਲਈ ਬਣਾਇਆ ਹੈ? ਇਹ ਗੱਲ ਮੰਨਣ ਵਾਲੇ ਤਾਂ ਸੁਪਨਿਆਂ ਦੀ ਦੁਨੀਆਂ ਵਿਚ ਰਹਿੰਦੇ ਹਨ। ਮੇਰੇ ਖ਼ਿਆਲ ਵਿਚ ਰੱਬ ਸਾਡੇ ਮਨ ਦੀ ਕਲਪਨਾ ਹੈ। ਮੈਂ ਨਹੀਂ ਮੰਨਦਾ ਕਿ ਰੱਬ ਹੈ।’
4 ਪਰ ਵਿਗਿਆਨੀਆਂ ਦੀ ਖੋਜ ਦੀ ਵੀ ਹੱਦ ਹੁੰਦੀ ਹੈ ਕਿਉਂਕਿ ਉਹ ਸਿਰਫ਼ ਦੇਖੀਆਂ ਜਾ ਸਕਣ ਵਾਲੀਆਂ ਚੀਜ਼ਾਂ ਦੀ ਰਿਸਰਚ ਕਰ ਸਕਦੇ ਹਨ, ਬਾਕੀ ਉਨ੍ਹਾਂ ਦੇ ਅੰਦਾਜ਼ੇ ਅਤੇ ਅਨੁਮਾਨ ਹੀ ਹੁੰਦੇ ਹਨ। “ਪਰਮੇਸ਼ੁਰ ਆਤਮਾ ਹੈ,” ਇਸ ਲਈ ਸਾਇੰਸਦਾਨ ਉਸ ਦੀ ਖੋਜ ਕਰ ਹੀ ਨਹੀਂ ਸਕਦੇ। (ਯੂਹੰਨਾ 4:24) ਇਸ ਲਈ ਇਹ ਕਹਿਣਾ ਬਹੁਤ ਹੀ ਬੇਤੁਕਾ ਹੈ ਕਿ ਰੱਬ ਵਿਚ ਵਿਸ਼ਵਾਸ ਕਰਨਾ ਵਿਗਿਆਨ ਦੇ ਖ਼ਿਲਾਫ਼ ਹੈ। ਕੇਮਬ੍ਰਿਜ ਯੂਨੀਵਰਸਿਟੀ ਦੇ ਇਕ ਸਾਇੰਸਦਾਨ ਨੇ ਕਿਹਾ ਕਿ ਵਿਗਿਆਨਕ ਵਿਧੀਆਂ ਵੀ ‘ਨਿਹਚਾ ਦੀ ਮੰਗ’ ਕਰਦੀਆਂ ਹਨ। ਉਹ ਕਿਸ ਤਰ੍ਹਾਂ? ‘ਵਿਗਿਆਨੀ ਵਿਸ਼ਵਾਸ ਕਰਦੇ ਹਨ ਕਿ ਕੁਦਰਤ ਵਿਚ ਜੋ ਵੀ ਹੁੰਦਾ ਹੈ, ਉਹ ਕੁਦਰਤੀ ਨਿਯਮਾਂ ਉੱਤੇ ਆਧਾਰਿਤ ਹੁੰਦਾ ਹੈ।’ ਇਸ ਕਰਕੇ ਭਾਵੇਂ ਤੁਸੀਂ ਰੱਬ ਨੂੰ ਮੰਨਦੇ ਹੋ ਜਾਂ ਵਿਗਿਆਨ ਨੂੰ, ਦੋਹਾਂ ਲਈ ਨਿਹਚਾ ਦੀ ਲੋੜ ਪੈਂਦੀ ਹੈ। ਕਈ ਵਾਰ ਲੋਕ ਇਸ ਲਈ ਨਹੀਂ ਮੰਨਦੇ ਕਿ ਰੱਬ ਹੈ ਕਿਉਂਕਿ ਉਹ ਜਾਣ-ਬੁੱਝ ਕੇ ਸੱਚਾਈ ਦਾ ਸਾਮ੍ਹਣਾ ਨਹੀਂ ਕਰਨਾ ਚਾਹੁੰਦੇ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: ‘ਦੁਸ਼ਟ ਆਪਣੇ ਮੁਖ ਦੇ ਹੰਕਾਰ ਦੇ ਕਾਰਨ ਉਹ ਨੂੰ ਨਹੀਂ ਭਾਲੇਗਾ, ਉਸ ਦਾ ਸਾਰਾ ਵਿਚਾਰ ਏਹ ਹੈ ਭਈ ਪਰਮੇਸ਼ੁਰ ਹੈ ਹੀ ਨਹੀਂ!’—ਜ਼ਬੂਰਾਂ ਦੀ ਪੋਥੀ 10:4.
5. ਪਰਮੇਸ਼ੁਰ ਨੂੰ ਨਾ ਮੰਨਣ ਦਾ ਕੋਈ ਬਹਾਨਾ ਕਿਉਂ ਨਹੀਂ ਹੈ?
5 ਪਰਮੇਸ਼ੁਰ ਵਿਚ ਵਿਸ਼ਵਾਸ ਕਰਨਾ ਅੰਧਵਿਸ਼ਵਾਸ ਨਹੀਂ ਹੈ ਕਿਉਂਕਿ ਉਸ ਦੀ ਹੋਂਦ ਸਾਬਤ ਕਰਨ ਲਈ ਬਹੁਤ ਸਾਰੇ ਸਬੂਤ ਹਨ। (ਇਬਰਾਨੀਆਂ 11:1) ਇਕ ਖਗੋਲ-ਵਿਗਿਆਨੀ ਨੇ ਕਿਹਾ: “ਮੇਰੇ ਖ਼ਿਆਲ ਵਿਚ ਇਹ ਨਾਮੁਮਕਿਨ ਹੈ ਕਿ ਇੰਨੇ ਵਧੀਆ ਢੰਗ ਨਾਲ ਚੱਲਣ ਵਾਲਾ ਬ੍ਰਹਿਮੰਡ ਕਿਸੇ ਧਮਾਕੇ ਨਾਲ ਬਣ ਗਿਆ। ਇਸ ਨੂੰ ਬਣਾਉਣ ਵਾਲਾ ਜ਼ਰੂਰ ਕੋਈ-ਨ-ਕੋਈ ਹੈ। ਮੈਂ ਨਹੀਂ ਜਾਣਦਾ ਕਿ ਰੱਬ ਕੌਣ ਜਾਂ ਕੀ ਹੈ, ਪਰ ਮੈਂ ਇੰਨਾ ਜ਼ਰੂਰ ਜਾਣਦਾ ਹਾਂ ਕਿ ਉਹੀ ਇਹ ਕ੍ਰਿਸ਼ਮਾ ਕਰਨ ਵਾਲਾ ਹੈ ਅਤੇ ਉਸੇ ਕਰਕੇ ਕੁਝ ਨਾ ਹੋਣ ਦੀ ਬਜਾਇ ਬਹੁਤ ਕੁਝ ਹੈ।” ਪੌਲੁਸ ਰਸੂਲ ਨੇ ਰੋਮ ਦੇ ਮਸੀਹੀਆਂ ਨੂੰ ਦੱਸਿਆ ਕਿ “ਜਗਤ ਦੇ ਉਤਪਤ ਹੋਣ ਤੋਂ [ਪਰਮੇਸ਼ੁਰ] ਦਾ ਅਣਡਿੱਠ ਸੁਭਾਉ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦੀ ਹੈ। ਇਸ ਕਰਕੇ [ਰੱਬ ਵਿਚ ਵਿਸ਼ਵਾਸ ਨਾ ਕਰਨ ਵਾਲਿਆਂ] ਦੇ ਲਈ ਕੋਈ ਉਜ਼ਰ ਨਹੀਂ।” (ਰੋਮੀਆਂ 1:20) “ਜਗਤ ਦੇ ਉਤਪਤ ਹੋਣ ਤੋਂ,” ਖ਼ਾਸ ਕਰਕੇ ਸਮਝਦਾਰ ਇਨਸਾਨਾਂ ਦੀ ਰਚਨਾ ਤੋਂ, ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਇਕ ਸਰਬਸ਼ਕਤੀਮਾਨ ਸਿਰਜਣਹਾਰ ਹੈ ਜੋ ਸਾਡੀ ਭਗਤੀ ਦਾ ਹੱਕਦਾਰ ਹੈ। ਇਸ ਲਈ ਜਿਹੜੇ ਪਰਮੇਸ਼ੁਰ ਦੀ ਮਹਿਮਾ ਨਹੀਂ ਕਰਦੇ ਉਨ੍ਹਾਂ ਕੋਲ ਕੋਈ ਬਹਾਨਾ ਨਹੀਂ। ਆਓ ਆਪਾਂ ਦੇਖੀਏ ਕਿ ਸ੍ਰਿਸ਼ਟੀ ਤੋਂ ਸਾਨੂੰ ਕਿਹੜੇ ਸਬੂਤ ਮਿਲਦੇ ਹਨ ਕਿ ਰੱਬ ਹੈ।
ਬ੍ਰਹਿਮੰਡ ਪਰਮੇਸ਼ੁਰ ਦੇ ਜਸ ਗਾਉਂਦਾ ਹੈ
6, 7. (ੳ) ਆਕਾਸ਼ ਪਰਮੇਸ਼ੁਰ ਦੀ ਵਡਿਆਈ ਕਿਸ ਤਰ੍ਹਾਂ ਕਰਦੇ ਹਨ? (ਅ) ਆਕਾਸ਼ ਦੀ ਤਾਰ ਦੂਰ ਤਕ ਕਿਵੇਂ ਪਹੁੰਚਦੀ ਹੈ?
6 ਜ਼ਬੂਰਾਂ ਦੀ ਪੋਥੀ 19:1 ਵਿਚ ਲਿਖਿਆ ਹੈ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ।” ਦਾਊਦ ਜਾਣਦਾ ਸੀ ਕਿ “ਅੰਬਰ” ਵਿਚ ਚਮਕਦੇ ਤਾਰੇ ਅਤੇ ਗ੍ਰਹਿ ਇਸ ਗੱਲ ਦਾ ਪੱਕਾ ਸਬੂਤ ਹਨ ਕਿ ਇਕ ਮਹਾਨ ਪਰਮੇਸ਼ੁਰ ਹੈ। ਉਸ ਨੇ ਅੱਗੇ ਕਿਹਾ: “ਦਿਨ ਦਿਨ ਨਾਲ ਬੋਲੀ ਬੋਲਦਾ ਹੈ, ਅਤੇ ਰਾਤ ਰਾਤ ਨੂੰ ਗਿਆਨ ਦੱਸਦੀ ਹੈ।” (ਜ਼ਬੂਰਾਂ ਦੀ ਪੋਥੀ 19:2) ਦਿਨ-ਬ-ਦਿਨ ਅਤੇ ਰਾਤ-ਬ-ਰਾਤ ਆਕਾਸ਼ ਪਰਮੇਸ਼ੁਰ ਦੀ ਬੁੱਧ ਅਤੇ ਸ੍ਰਿਸ਼ਟ ਕਰਨ ਦੀ ਸ਼ਕਤੀ ਪ੍ਰਗਟ ਕਰਦੇ ਹਨ। ਇਹ ਇਸ ਤਰ੍ਹਾਂ ਹੈ ਜਿਵੇਂ ਉਹ ਬੋਲ ਕੇ ਉਸ ਦੀ ਵਡਿਆਈ ਕਰਦੇ ਹੋਣ।
7 ਪਰ “ਉਨ੍ਹਾਂ ਦੀ ਨਾ ਕੋਈ ਬੋਲੀ ਹੈ ਨਾ ਸ਼ਬਦ ਹਨ, ਨਾ ਉਨ੍ਹਾਂ ਦੀ ਅਵਾਜ਼ ਸੁਣੀਦੀ ਹੈ।” ਫਿਰ ਵੀ ਉਨ੍ਹਾਂ ਦੀ ਖ਼ਾਮੋਸ਼ ਗਵਾਹੀ ਵਿਚ ਬੜਾ ਦਮ ਹੈ। “ਸਾਰੀ ਧਰਤੀ ਵਿੱਚ ਉਨ੍ਹਾਂ ਦੀ ਤਾਰ ਪਹੁੰਚਦੀ ਹੈ, ਅਤੇ ਸੰਸਾਰ ਦੀਆਂ ਹੱਦਾਂ ਤੀਕੁਰ ਉਨ੍ਹਾਂ ਦੇ ਬੋਲ।” (ਜ਼ਬੂਰਾਂ ਦੀ ਪੋਥੀ 19:3, 4) ਕਿਹਾ ਜਾ ਸਕਦਾ ਹੈ ਕਿ ਆਕਾਸ਼ ਧਰਤੀ ਦੇ ਕੋਣੇ-ਕੋਣੇ ਤਕ ਆਪਣੀ ਖ਼ਾਮੋਸ਼ ਗਵਾਹੀ ਪਹੁੰਚਾਉਂਦੇ ਹਨ।
8, 9. ਸੂਰਜ ਬਾਰੇ ਕੁਝ ਖ਼ਾਸ ਗੱਲਾਂ ਕਿਹੜੀਆਂ ਹਨ?
8 ਫਿਰ ਦਾਊਦ ਨੇ ਯਹੋਵਾਹ ਦੀ ਰਚਨਾ ਦੇ ਇਕ ਹੋਰ ਚਮਤਕਾਰ ਬਾਰੇ ਦੱਸਿਆ: “[ਆਕਾਸ਼] ਵਿੱਚ ਉਸ ਨੇ ਸੂਰਜ ਲਈ ਡੇਰਾ ਲਾਇਆ ਹੈ, ਜਿਹੜਾ ਲਾੜੇ ਵਾਂਙੁ ਆਪਣੀ ਕੋਠੜੀ ਵਿੱਚੋਂ ਨਿੱਕਲਦਾ ਹੈ, ਅਤੇ ਸੂਰਮੇ ਵਾਂਙੁ ਆਪਣੇ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ। ਅਕਾਸ਼ਾਂ ਦੇ ਇੱਕ ਸਿਰੇ ਤੋਂ ਉਸ ਦਾ ਚੜ੍ਹਨਾ ਹੈ, ਅਤੇ ਉਸ ਦਾ ਦੌਰ ਉਨ੍ਹਾਂ ਦੇ ਦੂਜੇ ਸਿਰੇ ਤੀਕੁਰ ਹੈ, ਅਤੇ ਉਸ ਦੀ ਗਰਮੀ ਤੋਂ ਕੋਈ ਚੀਜ਼ ਲੁਕੀ ਨਹੀਂ ਰਹਿੰਦੀ।”—ਜ਼ਬੂਰਾਂ ਦੀ ਪੋਥੀ 19:4-6.
9 ਸੂਰਜ ਇਕ ਚਮਕੀਲਾ ਤੇ ਅਨੋਖਾ ਤਾਰਾ ਹੈ ਜਿਸ ਦੇ ਆਲੇ-ਦੁਆਲੇ ਘੁੰਮਣ ਵਾਲੇ ਗ੍ਰਹਿ ਬਹੁਤ ਛੋਟੇ ਨਜ਼ਰ ਆਉਂਦੇ ਹਨ। ਪਰ ਹੋਰਨਾਂ ਤਾਰਿਆਂ ਦੀ ਤੁਲਨਾ ਵਿਚ ਸੂਰਜ ਇੰਨਾ ਵੱਡਾ ਨਹੀਂ ਹੈ। ਇਕ ਪੁਸਤਕ ਅਨੁਸਾਰ ਸਾਡੇ ਸੂਰਜ ਦਾ ਪੁੰਜ ਧਰਤੀ ਦੇ ਪੁੰਜ ਨਾਲੋਂ 3,30,000 ਗੁਣਾਂ ਜ਼ਿਆਦਾ ਹੈ। ਇਹ ਸੂਰਜੀ ਪਰਿਵਾਰ ਦੇ ਸਾਰੇ ਗ੍ਰਹਿਆਂ ਦੇ ਕੁੱਲ ਪੁੰਜ ਦਾ 99.9 ਪ੍ਰਤਿਸ਼ਤ ਹੈ। ਸੂਰਜ ਦੀ ਖਿੱਚ ਕਰਕੇ ਸਾਡੀ ਧਰਤੀ ਉਸ ਤੋਂ ਹਮੇਸ਼ਾ 15 ਕਰੋੜ ਕਿਲੋਮੀਟਰ ਦੇ ਘੇਰੇ ਵਿਚ ਰਹਿ ਕੇ ਸੂਰਜ ਦੇ ਆਲੇ-ਦੁਆਲੇ ਚੱਕਰ ਕੱਟਦੀ ਹੈ। ਇਹ ਨਾ ਤਾਂ ਸੂਰਜ ਤੋਂ ਇਸ ਤੋਂ ਜ਼ਿਆਦਾ ਦੂਰ ਜਾਂਦੀ ਹੈ ਅਤੇ ਨਾ ਹੀ ਸੂਰਜ ਦੇ ਨੇੜੇ ਜਾਂਦੀ ਹੈ। ਭਾਵੇਂ ਕਿ ਸੂਰਜ ਦੀ ਊਰਜਾ ਦਾ ਬਹੁਤ ਛੋਟਾ ਹਿੱਸਾ ਸਾਡੀ ਧਰਤੀ ਤਕ ਪਹੁੰਚਦਾ ਹੈ, ਪਰ ਜ਼ਿੰਦਗੀ ਕਾਇਮ ਰੱਖਣ ਲਈ ਇੰਨਾ ਹੀ ਕਾਫ਼ੀ ਹੈ।
10. (ੳ) ਸੂਰਜ ਆਪਣੇ ‘ਡੇਰੇ’ ਵਿਚ ਕਿਸ ਤਰ੍ਹਾਂ ਜਾਂਦਾ ਹੈ? (ਅ) ਸੂਰਜ ਇਕ “ਸੂਰਮੇ” ਵਾਂਗ ਕਿਵੇਂ ਦੌੜਦਾ ਹੈ?
10 ਜ਼ਬੂਰਾਂ ਦੇ ਲਿਖਾਰੀ ਨੇ ਸੂਰਜ ਦੀ ਤੁਲਨਾ ਇਕ “ਸੂਰਮੇ” ਨਾਲ ਕੀਤੀ ਸੀ ਜੋ ਦਿਨ ਵਿਚ ਆਕਾਸ਼ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਦੌੜਦਾ ਹੈ ਅਤੇ ਰਾਤ ਨੂੰ ਆਪਣੇ ‘ਡੇਰੇ’ ਵਿਚ ਚਲਾ ਜਾਂਦਾ ਹੈ। ਧਰਤੀ ਤੋਂ ਡੁੱਬਦਾ ਸੂਰਜ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਉਹ ਰਾਤ ਨੂੰ ਆਪਣੇ ‘ਡੇਰੇ’ ਵਿਚ ਆਰਾਮ ਕਰਨ ਜਾ ਰਿਹਾ ਹੈ। ਸਵੇਰ ਨੂੰ ਉਹ ਮੁਸਕਰਾਉਂਦਾ ਹੋਇਆ “ਲਾੜੇ ਵਾਂਙੁ ਆਪਣੀ ਕੋਠੜੀ ਵਿੱਚੋਂ ਨਿੱਕਲਦਾ ਹੈ” ਅਤੇ ਫਿਰ ਉੱਪਰ ਚੜ੍ਹ ਜਾਂਦਾ ਹੈ। ਇਕ ਚਰਵਾਹਾ ਹੋਣ ਦੇ ਨਾਤੇ ਦਾਊਦ ਅਕਸਰ ਰਾਤ ਨੂੰ ਪਾਲੇ ਵਿਚ ਮਰਦਾ ਹੋਣਾ। (ਉਤਪਤ 31:40) ਪਰ ਸਵੇਰ ਨੂੰ ਜਦ ਸੂਰਜ ਨਿਕਲਦਾ ਸੀ, ਤਾਂ ਧੁੱਪ ਨਾਲ ਉਸ ਵਿਚ ਜਾਨ ਪੈਂਦੀ ਸੀ। ਸੂਰਜ ਪੂਰਬ ਤੋਂ ਪੱਛਮ ਤਕ ਆਪਣੇ ਸਫ਼ਰ ਵਿਚ ਥੱਕਦਾ ਨਹੀਂ, ਸਗੋਂ ਇਕ “ਸੂਰਮੇ” ਵਾਂਗ ਉਹ ਇਹ ਸਫ਼ਰ ਅਗਲੇ ਦਿਨ ਦੁਬਾਰਾ ਕਰਨ ਲਈ ਤਿਆਰ ਰਹਿੰਦਾ ਹੈ।
ਤਾਰੇ ਅਤੇ ਗਲੈਕਸੀਆਂ ਦੀ ਸ਼ਾਨ
11, 12. (ੳ) ਇਹ ਧਿਆਨ ਦੇਣ ਦੇ ਯੋਗ ਕਿਉਂ ਹੈ ਕਿ ਬਾਈਬਲ ਵਿਚ ਤਾਰਿਆਂ ਦੀ ਗਿਣਤੀ ਦੀ ਤੁਲਨਾ ਰੇਤ ਨਾਲ ਕੀਤੀ ਗਈ ਹੈ? (ਅ) ਬ੍ਰਹਿਮੰਡ ਕਿੰਨਾ ਕੁ ਵੱਡਾ ਹੈ?
11 ਦੂਰਬੀਨ ਤੋਂ ਬਿਨਾਂ ਦਾਊਦ ਤਾਂ ਸਿਰਫ਼ ਕੁਝ ਹਜ਼ਾਰ ਤਾਰੇ ਦੇਖ ਸਕਦਾ ਸੀ। ਪਰ ਹਾਲ ਹੀ ਦੀ ਇਕ ਸਟੱਡੀ ਅਨੁਸਾਰ ਨਵੀਆਂ ਦੂਰਬੀਨਾਂ ਰਾਹੀਂ ਦੇਖਿਆ ਗਿਆ ਹੈ ਕਿ ਆਕਾਸ਼ ਵਿਚ ਤਾਰਿਆਂ ਦੀ ਗਿਣਤੀ 70 ਸੈੱਕਸਟਿਲੀਅਨ (7 ਨਾਲ 22 ਸਿਫ਼ਰਾਂ) ਹੈ! ਯਹੋਵਾਹ ਨੇ ਤਾਰਿਆਂ ਦੀ ਗਿਣਤੀ ਦੀ ਤੁਲਨਾ “ਸਮੁੰਦਰ ਦੇ ਕੰਢੇ ਦੀ ਰੇਤ” ਦੇ ਕਿਣਕਿਆਂ ਨਾਲ ਕੀਤੀ ਸੀ।—ਉਤਪਤ 22:17.
12 ਕਾਫ਼ੀ ਲੰਬੇ ਸਮੇਂ ਤਕ ਖਗੋਲ-ਵਿਗਿਆਨੀ ਵਾਯੂਮੰਡਲ ਵਿਚ “ਰੌਸ਼ਨੀ ਦੇਣ ਵਾਲੇ ਧੁੰਦਲੇ ਬੱਦਲ” ਦੇਖਦੇ ਰਹੇ। ਵਿਗਿਆਨੀ ਮੰਨਦੇ ਸਨ ਕਿ ਇਹ “ਕੁੰਡਲਦਾਰ ਧੁੰਦ-ਤਾਰੇ” ਸਾਡੀ ਆਕਾਸ਼-ਗੰਗਾ ਵਿਚ ਸਨ। ਪਰ 1924 ਵਿਚ ਪਤਾ ਲੱਗਾ ਕਿ ਐਂਡਰੋਮੀਡਾ ਨਾਂ ਦਾ ਸਭ ਤੋਂ ਨਜ਼ਦੀਕੀ ਧੁੰਦ-ਤਾਰਾ ਖ਼ੁਦ ਇਕ ਗਲੈਕਸੀ ਸੀ ਜੋ ਸਾਡੀ ਧਰਤੀ ਤੋਂ 20 ਲੱਖ ਪ੍ਰਕਾਸ਼ ਵਰ੍ਹੇ ਦੂਰ ਹੈ! ਵਿਗਿਆਨੀ ਹੁਣ ਅੰਦਾਜ਼ਾ ਲਾਉਂਦੇ ਹਨ ਕਿ ਅਰਬਾਂ ਗਲੈਕਸੀਆਂ ਹਨ ਜਿਨ੍ਹਾਂ ਵਿਚ ਅਰਬਾਂ ਤਾਰੇ ਹਨ। ਫਿਰ ਵੀ ਯਹੋਵਾਹ “ਤਾਰਿਆਂ ਦੀ ਗਿਣਤੀ ਕਰਦਾ ਹੈ, ਅਤੇ ਉਨ੍ਹਾਂ ਸਾਰਿਆਂ ਦੇ ਨਾਉਂ ਬੁਲਾਉਂਦਾ ਹੈ।”—ਜ਼ਬੂਰਾਂ ਦੀ ਪੋਥੀ 147:4.
13. (ੳ) ਤਾਰਿਆਂ ਦੇ ਸਮੂਹਾਂ ਬਾਰੇ ਕਿਹੜੀਆਂ ਅਨੋਖੀਆਂ ਗੱਲਾਂ ਹਨ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਵਿਗਿਆਨੀ ‘ਅਕਾਸ਼ ਦੀਆਂ ਬਿਧੀਆਂ ਨੂੰ ਨਹੀਂ ਜਾਣਦੇ?’
13 ਯਹੋਵਾਹ ਨੇ ਅੱਯੂਬ ਨੂੰ ਪੁੱਛਿਆ: “ਕੀ ਤੂੰ ਕੱਚਪਚਿਆਂ ਦੇ ਬੰਦਨਾਂ ਨੂੰ ਬੰਨ੍ਹ ਸੱਕਦਾ, ਯਾ ਸਪਤ੍ਰਿਖ ਦੇ ਰੱਸਿਆਂ ਨੂੰ ਖੋਲ੍ਹ ਸੱਕਦਾ ਹੈਂ?” (ਅੱਯੂਬ 38:31) ਇੱਥੇ ਯਹੋਵਾਹ ਤਾਰਿਆਂ ਦੇ ਸਮੂਹਾਂ ਬਾਰੇ ਗੱਲ ਕਰ ਰਿਹਾ ਸੀ ਜਿਨ੍ਹਾਂ ਦਾ ਆਕਾਰ ਅਤੇ ਡੀਜ਼ਾਈਨ ਵੱਖੋ-ਵੱਖਰਾ ਹੁੰਦਾ ਹੈ। ਭਾਵੇਂ ਇਹ ਤਾਰੇ ਇਕ-ਦੂਜੇ ਤੋਂ ਬਹੁਤ ਦੂਰ ਹੋ ਸਕਦੇ ਹਨ, ਫਿਰ ਵੀ ਧਰਤੀ ਤੋਂ ਲੱਗਦਾ ਹੈ ਕਿ ਇਹ ਇੱਕੋ ਜਗ੍ਹਾ ਰਹਿੰਦੇ ਹਨ। ਇਕ ਕੋਸ਼ ਅਨੁਸਾਰ ਤਾਰਿਆਂ ਦੇ ਟਿਕਾਣੇ ਇੰਨੇ ਪੱਕੇ ਹਨ ਕਿ ਉਨ੍ਹਾਂ ਦੀ ਸੌਖਿਆ ਹੀ ਪਛਾਣ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਤਾਰਿਆਂ ਦੀ ਮਦਦ ਨਾਲ ਲੋਕਾਂ ਨੇ ਸਮੁੰਦਰੀ ਸਫ਼ਰ ਤੈ ਕੀਤੇ ਹਨ ਅਤੇ ਪੁਲਾੜ-ਯਾਤਰੀ ਜਾਣ ਸਕਦੇ ਹਨ ਕਿ ਉਨ੍ਹਾਂ ਦੇ ਪੁਲਾੜੀ ਜਹਾਜ਼ ਕਿੱਥੇ ਹਨ। ਫਿਰ ਵੀ, ਕੋਈ ਵੀ ਇਨਸਾਨ ਨਹੀਂ ਜਾਣਦਾ ਕਿ ਇਨ੍ਹਾਂ ਤਾਰਾ-ਮੰਡਲਾਂ ਨੂੰ ਕਿਹੜੀ ਚੀਜ਼ “ਬੰਨ੍ਹ” ਕੇ ਰੱਖਦੀ ਹੈ। ਜੀ ਹਾਂ, ਅੱਜ ਵੀ ਵਿਗਿਆਨੀ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦੇ ਜੋ ਅੱਯੂਬ 38:33 ਵਿਚ ਪਾਇਆ ਜਾਂਦਾ ਹੈ: “ਕੀ ਤੂੰ ਅਕਾਸ਼ ਦੀਆਂ ਬਿਧੀਆਂ ਨੂੰ ਜਾਣਦਾ ਹੈਂ?”
14. ਚਾਨਣ ਦੀ ਵੰਡ ਦਾ ਰਾਹ ਇਕ ਰਾਜ਼ ਕਿਉਂ ਹੈ?
14 ਸਾਇੰਸਦਾਨ ਇਕ ਹੋਰ ਸਵਾਲ ਦਾ ਵੀ ਜਵਾਬ ਨਹੀਂ ਦੇ ਸਕਦੇ ਜੋ ਅੱਯੂਬ ਨੂੰ ਪੁੱਛਿਆ ਗਿਆ ਸੀ: “ਚਾਨਣ ਦੀ ਵੰਡ ਦਾ ਰਾਹ ਕਿਹੜਾ ਹੈ?” (ਅੱਯੂਬ 38:24) ਇਕ ਲਿਖਾਰੀ ਨੇ ਇਸ ਸਵਾਲ ਨੂੰ “ਅੱਜ ਵੀ ਇਕ ਡੂੰਘਾ ਵਿਗਿਆਨਕ ਸਵਾਲ” ਕਿਹਾ। ਕੁਝ ਯੂਨਾਨੀ ਫ਼ਿਲਾਸਫ਼ਰ ਮੰਨਦੇ ਹੁੰਦੇ ਸਨ ਕਿ ਚਾਨਣ ਇਨਸਾਨ ਦੀ ਅੱਖ ਵਿੱਚੋਂ ਨਿਕਲਦਾ ਸੀ। ਹਾਲ ਹੀ ਦੇ ਸਮੇਂ ਵਿਚ ਕੁਝ ਸਾਇੰਸਦਾਨ ਮੰਨਦੇ ਸਨ ਕਿ ਚਾਨਣ ਛੋਟੇ-ਛੋਟੇ ਕਣਾਂ ਦਾ ਬਣਿਆ ਹੈ। ਦੂਸਰੇ ਸੋਚਦੇ ਸਨ ਕਿ ਚਾਨਣ ਲਹਿਰਾਂ ਵਾਂਗ ਚੱਲਦਾ ਹੈ। ਅੱਜ-ਕੱਲ੍ਹ ਸਾਇੰਸਦਾਨ ਇਹ ਮੰਨਦੇ ਹਨ ਕਿ ਚਾਨਣ ਲਹਿਰਾਂ ਅਤੇ ਕਣਾਂ ਦੋਹਾਂ ਵਾਂਗ ਚੱਲਦਾ ਹੈ। ਫਿਰ ਵੀ, ਇਹ ਅੱਜ ਤਕ ਇਹ ਗੱਲ ਪੂਰੀ ਤਰ੍ਹਾਂ ਨਹੀਂ ਸਮਝ ਆਈ ਕਿ ਚਾਨਣ ਕੀ ਹੈ ਅਤੇ ਇਸ ਦੀ ਵੰਡ ਕਿਸ ਤਰ੍ਹਾਂ ਹੁੰਦੀ ਹੈ।
15. ਦਾਊਦ ਵਾਂਗ ਆਕਾਸ਼ ਵੱਲ ਦੇਖ ਕੇ ਸਾਨੂੰ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ?
15 ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸੋਚਦੇ ਹੋਏ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਦਾਊਦ ਵਾਂਗ ਮਹਿਸੂਸ ਕਰਦੇ ਹਾਂ, ਜਿਸ ਨੇ ਕਿਹਾ: “ਜਦ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਰ ਤਾਰਿਆਂ ਨੂੰ ਜਿਹੜੇ ਤੈਂ ਕਾਇਮ ਕੀਤੇ ਹਨ, ਤਾਂ ਇਨਸਾਨ ਕੀ ਹੈ, ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇਂ, ਅਤੇ ਆਦਮੀ ਜਾਇਆ ਕੀ, ਜੋ ਤੂੰ ਉਸ ਦੀ ਸੁੱਧ ਲਵੇਂ?”—ਜ਼ਬੂਰਾਂ ਦੀ ਪੋਥੀ 8:3, 4.
ਧਰਤੀ ਅਤੇ ਜੀਵ-ਜੰਤੂ ਯਹੋਵਾਹ ਦੀ ਮਹਿਮਾ ਕਰਦੇ ਹਨ
16, 17. ਪਾਣੀ ਦੀਆਂ ਡੂੰਘਾਈਆਂ ਵਿਚ ਜੀਵ-ਜੰਤੂ ਪਰਮੇਸ਼ੁਰ ਦੀ ਮਹਿਮਾ ਕਿਸ ਤਰ੍ਹਾਂ ਕਰਦੇ ਹਨ?
16 ਜ਼ਬੂਰ 148 ਹੋਰਨਾਂ ਤਰੀਕਿਆਂ ਬਾਰੇ ਵੀ ਦੱਸਦਾ ਹੈ ਜਿਸ ਵਿਚ ਸ੍ਰਿਸ਼ਟੀ ਪਰਮੇਸ਼ੁਰ ਦੀ ਮਹਿਮਾ ਕਰਦੀ ਹੈ। ਸੱਤਵੀਂ ਆਇਤ ਵਿਚ ਲਿਖਿਆ ਹੈ: “ਹੇ ਜਲ ਜੰਤੂਓ ਤੇ ਸਾਰੀਓ ਡੁੰਘਿਆਈਓ, ਪ੍ਰਿਥਵੀ ਤੋਂ ਯਹੋਵਾਹ ਦੀ ਉਸਤਤ ਕਰੋ!” ਜੀ ਹਾਂ, ਪਾਣੀ ਦੀਆਂ ਡੂੰਘਾਈਆਂ ਵਿਚ ਵੱਸਦੇ ਸੋਹਣੇ ਤੇ ਵੰਨ-ਸੁਵੰਨੇ ਜੀਵ ਪਰਮੇਸ਼ੁਰ ਦੀ ਬੁੱਧ ਅਤੇ ਸ਼ਕਤੀ ਦਾ ਜਸ ਗਾਉਂਦੇ ਹਨ। ਮਿਸਾਲ ਲਈ, ਨੀਲੀ ਵੇਲ੍ਹ ਮੱਛੀ ਦਾ ਭਾਰ 120 ਟਨ ਹੈ ਜੋ 30 ਹਾਥੀਆਂ ਜਿੰਨਾ ਹੈ! ਇਸ ਦੇ ਦਿਲ ਦਾ ਭਾਰ 450 ਕਿਲੋਗ੍ਰਾਮ ਹੈ ਅਤੇ ਇਹ ਸਰੀਰ ਵਿਚ 6,400 ਕਿਲੋਗ੍ਰਾਮ ਖ਼ੂਨ ਪੰਪ ਕਰਦਾ ਹੈ! ਕੀ ਇਹ ਵੱਡੇ-ਵੱਡੇ ਸਮੁੰਦਰੀ ਜੀਵ ਹੌਲੀ-ਹੌਲੀ ਅਤੇ ਮੁਸ਼ਕਲ ਨਾਲ ਤਰਦੇ ਹਨ? ਨਹੀਂ। ਇਕ ਰਿਪੋਰਟ ਅਨੁਸਾਰ ਇਹ “ਬੜੀ ਤੇਜ਼ੀ ਨਾਲ ਸਮੁੰਦਰਾਂ ਵਿਚ ਘੁੰਮਦੇ-ਫਿਰਦੇ ਹਨ।” ਕੰਪਿਊਟਰ ਤਕਨੀਕ ਰਾਹੀਂ ਇਕ ਵੇਲ੍ਹ ਦਾ ਪਿੱਛਾ ਕਰਨ ਤੇ ਪਤਾ ਲੱਗਾ ਕਿ ‘ਉਸ ਨੇ 10 ਮਹੀਨਿਆਂ ਦੇ ਅੰਦਰ-ਅੰਦਰ 16,000 ਕਿਲੋਮੀਟਰ ਸਫ਼ਰ ਕੀਤਾ।’
17 ਭਾਵੇਂ ਕਿ ਆਮ ਤੌਰ ਤੇ ਬੌਟਲ-ਨੋਜ਼ਡ ਡਾਲਫਿਨ ਸਮੁੰਦਰ ਵਿਚ ਲਗਭਗ 45 ਮੀਟਰ (150 ਫੁੱਟ) ਦੀ ਡੂੰਘਾਈ ਤਕ ਜਾਂਦੀ ਹੈ, ਪਰ ਉਹ 547 ਮੀਟਰ (1,795 ਫੁੱਟ) ਦੀ ਡੂੰਘਾਈ ਤਕ ਵੀ ਜਾ ਚੁੱਕੀ ਹੈ! ਇਹ ਜੀਵ ਇੰਨੀ ਡੂੰਘਾਈ ਵਿਚ ਕਿਸ ਤਰ੍ਹਾਂ ਬਚ ਜਾਂਦਾ ਹੈ? ਡੁਬਕੀ ਲੈਣ ਵੇਲੇ ਉਸ ਦੇ ਦਿਲ ਦੀ ਧੜਕਣ ਬਹੁਤ ਹੌਲੀ ਹੋ ਜਾਂਦੀ ਹੈ ਅਤੇ ਉਸ ਦਾ ਖ਼ੂਨ ਦਿਲ, ਫੇਫੜਿਆਂ ਅਤੇ ਦਿਮਾਗ਼ ਵੱਲ ਵਹਿਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਉਸ ਦੀਆਂ ਮਾਸ-ਪੇਸ਼ੀਆਂ ਵਿਚ ਅਜਿਹਾ ਰਸਾਇਣ ਹੁੰਦਾ ਹੈ ਜਿਸ ਵਿਚ ਆਕਸੀਜਨ ਜਮ੍ਹਾ ਰਹਿੰਦਾ ਹੈ। ਇਕ ਕਿਸਮ ਦੀ ਸੀਲ ਮੱਛੀ ਅਤੇ ਵੇਲ੍ਹ ਮੱਛੀ ਵੀ ਹੈ ਜੋ ਇਸ ਨਾਲੋਂ ਵੀ ਡੂੰਘੇ ਪਾਣੀਆਂ ਵਿਚ ਜਾ ਸਕਦੀਆਂ ਹਨ। ਡਿਸਕਵਰ ਨਾਂ ਦੇ ਰਸਾਲੇ ਵਿਚ ਦੱਸਿਆ ਗਿਆ ਕਿ “ਪਾਣੀ ਦੇ ਦਬਾਅ ਦਾ ਵਿਰੋਧ ਕਰਨ ਦੀ ਬਜਾਇ ਉਹ ਆਪਣੇ ਫੇਫੜਿਆਂ ਨੂੰ ਬੰਦ ਕਰ ਲੈਂਦੀਆਂ ਹਨ।” ਉਹ ਜ਼ਿਆਦਾਤਰ ਆਕਸੀਜਨ ਆਪਣੀਆਂ ਮਾਸ-ਪੇਸ਼ੀਆਂ ਵਿਚ ਜਮ੍ਹਾ ਰੱਖਦੀਆਂ ਹਨ। ਇਹ ਜੀਵ-ਜੰਤੂ ਇਸ ਗੱਲ ਦਾ ਜੀਉਂਦਾ ਸਬੂਤ ਹਨ ਕਿ ਇਕ ਬੁੱਧੀਮਾਨ ਤੇ ਸਰਬਸ਼ਕਤੀਮਾਨ ਪਰਮੇਸ਼ੁਰ ਸੱਚ-ਮੁੱਚ ਹੈ!
18. ਸਮੁੰਦਰ ਦੇ ਪਾਣੀ ਤੋਂ ਯਹੋਵਾਹ ਦੀ ਬੁੱਧ ਬਾਰੇ ਕਿਸ ਤਰ੍ਹਾਂ ਪਤਾ ਲੱਗਦਾ ਹੈ?
18 ਸਮੁੰਦਰ ਦੇ ਪਾਣੀ ਤੋਂ ਵੀ ਯਹੋਵਾਹ ਦੀ ਬੁੱਧ ਬਾਰੇ ਪਤਾ ਲੱਗਦਾ ਹੈ। ਸਾਇੰਟੀਫ਼ਿਕ ਅਮੈਰੀਕਨ ਰਸਾਲੇ ਦਾ ਕਹਿਣਾ ਹੈ: “ਸਮੁੰਦਰ ਦੀ ਸਤਹ ਉੱਤੇ 100 ਮੀਟਰ ਦੀ ਡੂੰਘਾਈ ਤਕ ਪਾਣੀ ਦੀ ਹਰ ਬੂੰਦ ਵਿਚ ਹਜ਼ਾਰਾਂ ਹੀ ਛੋਟੇ-ਛੋਟੇ ਪੌਦੇ ਤਰਦੇ ਹਨ।” ਅਸੀਂ ਇਨ੍ਹਾਂ ਨੂੰ ਦੇਖ ਨਹੀਂ ਸਕਦੇ। ਇਹ ਹਵਾ ਵਿੱਚੋਂ ਅਰਬਾਂ ਟਨ ਕਾਰਬਨ ਡਾਈਆਕਸਾਈਡ ਲੈਂਦੇ ਹਨ ਅਤੇ ਆਕਸੀਜਨ ਪੈਦਾ ਕਰਦੇ ਹਨ। ਇਸ ਤਰ੍ਹਾਂ ਉਹ ਹਵਾ ਨੂੰ ਸਾਫ਼ ਕਰਦੇ ਹਨ। ਇਹ ਪੌਦੇ ਧਰਤੀ ਉੱਤੇ ਆਕਸੀਜਨ ਦਾ ਅੱਧਾ ਹਿੱਸਾ ਪੈਦਾ ਕਰਦੇ ਹਨ।
19. ਅੱਗ ਅਤੇ ਬਰਫ਼ ਯਹੋਵਾਹ ਦਾ ਮਕਸਦ ਕਿਵੇਂ ਪੂਰਾ ਕਰਦੀਆਂ ਹਨ?
19 ਜ਼ਬੂਰਾਂ ਦੀ ਪੋਥੀ 148:8 ਵਿਚ ਲਿਖਿਆ ਹੈ: “ਅੱਗ ਤੇ ਗੜੇ, ਬਰਫ਼ ਤੇ ਧੁੰਦ, ਤੁਫ਼ਾਨੀ ਹਵਾ ਜਿਹੜੀ ਉਹ ਦਾ ਹੁਕਮ ਪੂਰਾ ਕਰਦੀ ਹੈ।” ਜੀ ਹਾਂ, ਯਹੋਵਾਹ ਆਪਣਾ ਮਕਸਦ ਪੂਰਾ ਕਰਨ ਲਈ ਬੇਜਾਨ ਕੁਦਰਤੀ ਸ਼ਕਤੀਆਂ ਨੂੰ ਵੀ ਇਸਤੇਮਾਲ ਕਰ ਸਕਦਾ ਹੈ। ਅੱਗ ਉੱਤੇ ਗੌਰ ਕਰੋ। ਬੀਤੇ ਸਮੇਂ ਵਿਚ ਜੰਗਲ ਵਿਚ ਲੱਗਣ ਵਾਲੀ ਅੱਗ ਨੂੰ ਵਿਨਾਸ਼ਕਾਰੀ ਹੀ ਸਮਝਿਆ ਜਾਂਦਾ ਸੀ। ਪਰ ਹੁਣ ਖੋਜਕਾਰ ਮੰਨਦੇ ਹਨ ਕਿ ਜੰਗਲ ਦੀ ਅੱਗ ਵਾਤਾਵਰਣ ਵਿਚ ਇਕ ਜ਼ਰੂਰੀ ਕੰਮ ਕਰਦੀ ਹੈ। ਅੱਗ ਪੁਰਾਣੇ ਜਾਂ ਮਰ ਰਹੇ ਦਰਖ਼ਤਾਂ ਨੂੰ ਖ਼ਤਮ ਕਰ ਦਿੰਦੀ ਹੈ ਅਤੇ ਇਸ ਤਰ੍ਹਾਂ ਨਵੇਂ ਬੀਜਾਂ ਨੂੰ ਪੁੰਗਰਣ ਦਾ ਮੌਕਾ ਮਿਲਦਾ ਹੈ। ਇਹ ਨਵੇਂ ਪੌਦਿਆਂ ਲਈ ਪੌਸ਼ਟਿਕ ਪਦਾਰਥ ਵੀ ਪੈਦਾ ਕਰਦੀ ਹੈ। ਇਸ ਨਾਲ ਜੰਗਲ ਵਿਚ ਭਿਆਨਕ ਅਗਨੀਕਾਂਡ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਬਰਫ਼ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਧਰਤੀ ਨੂੰ ਸਿੰਜਦੀ ਹੈ ਅਤੇ ਜ਼ਮੀਨ ਨੂੰ ਉਪਜਾਊ ਬਣਾਉਂਦੀ ਹੈ। ਇਹ ਨਦੀਆਂ ਨੂੰ ਦੁਬਾਰਾ ਭਰ ਦਿੰਦੀ ਹੈ ਅਤੇ ਪੌਦਿਆਂ ਤੇ ਜਾਨਵਰਾਂ ਨੂੰ ਠੰਢ ਨਾਲ ਮਰਨ ਤੋਂ ਬਚਾਉਂਦੀ ਹੈ।
20. ਪਹਾੜਾਂ ਅਤੇ ਦਰਖ਼ਤਾਂ ਤੋਂ ਇਨਸਾਨਾਂ ਨੂੰ ਕਿਹੜੇ-ਕਿਹੜੇ ਲਾਭ ਹੁੰਦੇ ਹਨ?
20 ਜ਼ਬੂਰਾਂ ਦੀ ਪੋਥੀ 148:9 ਕਹਿੰਦਾ ਹੈ: “ਪਹਾੜ ਤੇ ਸਾਰੇ ਟਿੱਬੇ, ਫਲਦਾਰ ਬਿਰਛ ਤੇ ਸਾਰੇ ਦਿਆਰ।” ਉੱਚੇ-ਉੱਚੇ ਸ਼ਾਨਦਾਰ ਪਹਾੜ ਯਹੋਵਾਹ ਦੀ ਵੱਡੀ ਸ਼ਕਤੀ ਦੀ ਗਵਾਹੀ ਦਿੰਦੇ ਹਨ। (ਜ਼ਬੂਰਾਂ ਦੀ ਪੋਥੀ 65:6) ਉਹ ਇਕ ਜ਼ਰੂਰੀ ਕੰਮ ਵੀ ਕਰਦੇ ਹਨ। ਸਵਿਟਜ਼ਰਲੈਂਡ ਦੇ ਇਕ ਭੂਗੋਲ-ਵਿਦਿਆ ਸੰਸਥਾ ਦੀ ਇਕ ਰਿਪੋਰਟ ਦਾ ਕਹਿਣਾ ਹੈ: “ਦੁਨੀਆਂ ਦੀਆਂ ਵੱਡੀਆਂ-ਵੱਡੀਆਂ ਨਦੀਆਂ ਦਾ ਸੋਮਾ ਪਹਾੜਾਂ ਵਿਚ ਹੀ ਹੁੰਦਾ ਹੈ। ਮਨੁੱਖਜਾਤੀ ਦਾ ਅੱਧਾ ਹਿੱਸਾ ਪਹਾੜਾਂ ਤੋਂ ਆਉਂਦੇ ਸਾਫ਼ ਪਾਣੀ ਉੱਤੇ ਨਿਰਭਰ ਕਰਦਾ ਹੈ। . . . ‘ਪਾਣੀ ਦੇ ਇਹ ਬੁਰਜ’ ਇਨਸਾਨਾਂ ਦੀ ਜ਼ਿੰਦਗੀ ਲਈ ਲਾਜ਼ਮੀ ਹਨ।” ਇਕ ਆਮ ਦਰਖ਼ਤ ਵੀ ਆਪਣੇ ਬਣਾਉਣ ਵਾਲੇ ਦੀ ਵਡਿਆਈ ਕਰਦਾ ਹੈ। ਵਾਯੂਮੰਡਲ ਬਾਰੇ ਇਕ ਰਿਪੋਰਟ ਅਨੁਸਾਰ ਦੱਸਿਆ ਗਿਆ ਹੈ ਕਿ ਦਰਖ਼ਤ “ਸਾਰਿਆਂ ਦੇਸ਼ਾਂ ਵਿਚ ਲੋਕਾਂ ਦੇ ਲਾਭ ਲਈ ਜ਼ਰੂਰੀ ਹਨ। . . . ਕਈਆਂ ਕਿਸਮਾਂ ਦੇ ਦਰਖ਼ਤਾਂ ਤੋਂ ਸਾਨੂੰ ਲੱਕੜ, ਫਲ, ਮੇਵਾ, ਰਾਲ ਅਤੇ ਗੂੰਦ ਤੇ ਹੋਰ ਚੀਜ਼ਾਂ ਮਿਲਦੀਆਂ ਹਨ। ਸੰਸਾਰ ਭਰ ਵਿਚ 2 ਅਰਬ ਲੋਕ ਖਾਣਾ ਪਕਾਉਣ ਅਤੇ ਬਾਲਣ ਵਾਸਤੇ ਲੱਕੜ ਵਰਤਦੇ ਹਨ।”
21. ਪੱਤਿਆਂ ਦੇ ਡੀਜ਼ਾਈਨ ਤੋਂ ਰੱਬ ਦੀ ਬੁੱਧ ਦਾ ਸਬੂਤ ਕਿਵੇਂ ਮਿਲਦਾ ਹੈ?
21 ਸਾਡੇ ਕਰਤਾਰ ਦੀ ਬੁੱਧ ਇਕ ਦਰਖ਼ਤ ਦੇ ਡੀਜ਼ਾਈਨ ਤੋਂ ਵੀ ਦੇਖੀ ਜਾ ਸਕਦੀ ਹੈ। ਆਮ ਪੱਤਿਆਂ ਬਾਰੇ ਸੋਚੋ। ਉਨ੍ਹਾਂ ਦਾ ਬਾਹਰਲਾ ਹਿੱਸਾ ਮੋਮ ਵਰਗਾ ਹੁੰਦਾ ਹੈ ਜਿਸ ਕਰਕੇ ਇਹ ਮੁਰਝਾਉਂਦੇ ਨਹੀਂ। ਉਨ੍ਹਾਂ ਦੇ ਉਪਰਲੇ ਹਿੱਸੇ ਵਿਚ ਕਈ ਸੈੱਲ ਹੁੰਦੇ ਹਨ। ਇਨ੍ਹਾਂ ਵਿਚ ਕਲੋਰੋਫਿਲ ਨਾਂ ਦਾ ਤੱਤ ਹੁੰਦਾ ਹੈ ਜਿਸ ਰਾਹੀਂ ਪੱਤੇ ਸੂਰਜ ਦੀ ਰੌਸ਼ਨੀ ਤੋਂ ਊਰਜਾ ਲੈ ਕੇ ਆਪਣੇ ਲਈ ਭੋਜਨ ਪੈਦਾ ਕਰਦੇ ਹਨ। ਦਰਖ਼ਤ ਆਪਣੀਆਂ ਜੜ੍ਹਾਂ ਰਾਹੀਂ ਪਾਣੀ ਲੈ ਕੇ ਇਸ ਨੂੰ ਪੱਤਿਆਂ ਤਕ ਪਹੁੰਚਾਉਂਦਾ ਹੈ। ਪੱਤਿਆਂ ਦੇ ਹੇਠਲੇ ਪਾਸੇ, ਖੁੱਲ੍ਹਣ ਅਤੇ ਬੰਦ ਹੋਣ ਵਾਲੇ ਹਜ਼ਾਰਾਂ ਛੋਟੇ-ਛੋਟੇ ਵਾਲਵ ਹੁੰਦੇ ਹਨ ਅਤੇ ਇਨ੍ਹਾਂ ਰਾਹੀਂ ਉਹ ਕਾਰਬਨ ਡਾਈਆਕਸਾਈਡ ਅੰਦਰ ਲੈਂਦੇ ਹਨ। ਜਦ ਸੂਰਜ ਦੀ ਰੌਸ਼ਨੀ ਤੋਂ ਊਰਜਾ ਕਰਕੇ ਪਾਣੀ ਤੇ ਕਾਰਬਨ ਡਾਈਆਕਸਾਈਡ ਮਿਲਦੇ ਹਨ, ਤਾਂ ਉਹ ਸ਼ੱਕਰ ਪੈਦਾ ਕਰਦੇ ਹਨ। ਇਸ ਤਰ੍ਹਾਂ ਦਰਖ਼ਤ ਆਪਣਾ ਭੋਜਨ ਆਪ ਤਿਆਰ ਕਰਦਾ ਹੈ। ਕਿਹਾ ਜਾ ਸਕਦਾ ਹੈ ਕਿ ਦਰਖ਼ਤ ਕਾਰਖ਼ਾਨੇ ਵਾਂਗ ਕੰਮ ਕਰਦੇ ਹਨ, ਪਰ ਇਹ ਕਾਰਖ਼ਾਨੇ ਪ੍ਰਦੂਸ਼ਣ ਫੈਲਾਉਣ ਦੀ ਬਜਾਇ ਆਕਸੀਜਨ ਪੈਦਾ ਕਰਦੇ ਹਨ। ਅਤੇ ਇਹ ਕਾਰਖ਼ਾਨੇ ਬਿਲਕੁਲ ਰੌਲਾ-ਰੱਪਾ ਨਹੀਂ ਪਾਉਂਦੇ।
22, 23. (ੳ) ਕਈ ਜਾਨਵਰਾਂ ਅਤੇ ਪੰਛੀਆਂ ਵਿਚ ਕਿਹੜੀਆਂ ਹੈਰਾਨੀਜਨਕ ਯੋਗਤਾਵਾਂ ਹਨ? (ਅ) ਅਸੀਂ ਅੱਗੇ ਕਿਨ੍ਹਾਂ ਸਵਾਲਾਂ ਵੱਲ ਧਿਆਨ ਦੇਵਾਂਗੇ?
22 ਜ਼ਬੂਰਾਂ ਦੀ ਪੋਥੀ 148:10 ਵਿਚ ਲਿਖਿਆ ਹੈ: “ਦਰਿੰਦੇ ਤੇ ਸਾਰੇ ਡੰਗਰ, ਘਿਸਰਨ ਵਾਲੇ ਤੇ ਪੰਖ ਪੰਛੀ।” ਕਈ ਜਾਨਵਰਾਂ ਅਤੇ ਪੰਛੀਆਂ ਵਿਚ ਹੈਰਾਨੀਜਨਕ ਯੋਗਤਾਵਾਂ ਹੁੰਦੀਆਂ ਹਨ। ਮਿਸਾਲ ਲਈ, ਲੇਸਨ ਐਲਬਾਟਰੋਸ ਨਾਂ ਦੇ ਸਮੁੰਦਰੀ ਪੰਛੀ ਬਹੁਤ ਦੂਰ ਤਕ ਉੱਡ ਸਕਦੇ ਹਨ। ਇਕ ਐਲਬਾਟਰੋਸ 90 ਦਿਨਾਂ ਵਿਚ 40,000 ਕਿਲੋਮੀਟਰ ਤਕ ਉੱਡਿਆ। ਬਲੈਕਪੋਲ ਵੋਬਲਰ ਨਾਂ ਦਾ ਛੋਟਾ ਪੰਛੀ ਉੱਤਰੀ ਅਮਰੀਕਾ ਤੋਂ ਦੱਖਣੀ ਅਮਰੀਕਾ ਤਕ ਬਿਨਾਂ ਰੁਕੇ 80 ਘੰਟੇ ਉੱਡਦਾ ਹੈ। ਊਠ ਆਪਣੇ ਕੁਹਾਨ ਵਿਚ ਪਾਣੀ ਨਹੀਂ ਰੱਖਦਾ, ਸਗੋਂ ਆਪਣੀ ਪਾਚਨ-ਪ੍ਰਣਾਲੀ ਵਿਚ ਰੱਖਦਾ ਹੈ, ਜਿਸ ਕਰਕੇ ਉਹ ਕਈ-ਕਈ ਦਿਨਾਂ ਤਕ ਬਿਨਾਂ ਪਾਣੀ ਪੀਤੇ ਰਹਿ ਸਕਦਾ ਹੈ। ਇਸੇ ਕਰਕੇ ਅਸੀਂ ਸਮਝ ਸਕਦੇ ਹਾਂ ਕਿ ਨਵੀਆਂ ਮਸ਼ੀਨਾਂ ਡੀਜ਼ਾਈਨ ਕਰਦੇ ਸਮੇਂ ਇੰਜੀਨੀਅਰ ਪਸ਼ੂ-ਪੰਛੀਆਂ ਵੱਲ ਇੰਨਾ ਧਿਆਨ ਕਿਉਂ ਦਿੰਦੇ ਹਨ। ਇਕ ਲੇਖਕ ਦਾ ਕਹਿਣਾ ਹੈ: “ਜੇ ਤੁਸੀਂ ਕੁਝ ਨਵਾਂ ਬਣਾਉਣਾ ਚਾਹੁੰਦੇ ਹੋ ਜੋ ਚੰਗੀ ਤਰ੍ਹਾਂ ਕੰਮ ਕਰੇ . . . ਅਤੇ ਵਾਤਾਵਰਣ ਦਾ ਕੋਈ ਨੁਕਸਾਨ ਨਾ ਕਰੇ, ਤਾਂ ਤੁਸੀਂ ਜ਼ਰੂਰ ਇਸ ਦੀ ਕੋਈ-ਨ-ਕੋਈ ਵਧੀਆ ਮਿਸਾਲ ਕੁਦਰਤ ਵਿਚ ਦੇਖੋਗੇ।”
23 ਜੀ ਹਾਂ, ਸ੍ਰਿਸ਼ਟੀ ਸੱਚ-ਮੁੱਚ ਪਰਮੇਸ਼ੁਰ ਦੀ ਮਹਿਮਾ ਕਰਦੀ ਹੈ! ਤਾਰਿਆਂ ਨਾਲ ਭਰੇ ਆਕਾਸ਼ ਤੋਂ ਲੈ ਕੇ ਪੌਦਿਆਂ ਅਤੇ ਜਾਨਵਰਾਂ ਤਕ, ਹਰੇਕ ਰਚਨਾ ਆਪਣੇ ਸਿਰਜਣਹਾਰ ਦੇ ਜਸ ਗਾਉਂਦੀ ਹੈ। ਪਰ ਇਨਸਾਨਾਂ ਬਾਰੇ ਕੀ? ਕੁਦਰਤ ਦੇ ਨਾਲ-ਨਾਲ ਅਸੀਂ ਪਰਮੇਸ਼ੁਰ ਦੀ ਵਡਿਆਈ ਕਿਵੇਂ ਕਰ ਸਕਦੇ ਹਾਂ?
ਕੀ ਤੁਹਾਨੂੰ ਯਾਦ ਹੈ?
• ਲੋਕ ਇਹ ਬਹਾਨਾ ਕਿਉਂ ਨਹੀਂ ਬਣਾ ਸਕਦੇ ਕਿ ਰੱਬ ਹੈ ਹੀ ਨਹੀਂ?
• ਤਾਰੇ ਅਤੇ ਗ੍ਰਹਿ ਪਰਮੇਸ਼ੁਰ ਦੀ ਕਿਸ ਤਰ੍ਹਾਂ ਮਹਿਮਾ ਕਰਦੇ ਹਨ?
• ਸਮੁੰਦਰੀ ਅਤੇ ਜ਼ਮੀਨੀ ਜਾਨਵਰ ਇਸ ਗੱਲ ਦਾ ਸਬੂਤ ਕਿਵੇਂ ਦਿੰਦੇ ਹਨ ਕਿ ਕੋਈ ਕਰਤਾਰ ਹੈ?
• ਕੁਦਰਤੀ ਸ਼ਕਤੀਆਂ ਪਰਮੇਸ਼ੁਰ ਦਾ ਮਕਸਦ ਪੂਰਾ ਕਿਵੇਂ ਕਰਦੀਆਂ ਹਨ?
[ਸਫ਼ੇ 10 ਉੱਤੇ ਤਸਵੀਰ]
ਸਾਇੰਸਦਾਨ ਅੰਦਾਜ਼ਾ ਲਾਉਂਦੇ ਹਨ ਕਿ ਤਾਰਿਆਂ ਦੀ ਗਿਣਤੀ 70 ਸੈੱਕਸਟਿਲੀਅਨ (7 ਨਾਲ 22 ਸਿਫ਼ਰਾਂ) ਹੈ
[ਕ੍ਰੈਡਿਟ ਲਾਈਨ]
Frank Zullo
[ਸਫ਼ੇ 12 ਉੱਤੇ ਤਸਵੀਰ]
ਬੌਟਲ-ਨੋਜ਼ਡ ਡਾਲਫਿਨ
[ਸਫ਼ੇ 13 ਉੱਤੇ ਤਸਵੀਰ]
ਬਰਫ਼ ਦਾ ਕਿਣਕਾ
[ਕ੍ਰੈਡਿਟ ਲਾਈਨ]
snowcrystals.net
[ਸਫ਼ੇ 13 ਉੱਤੇ ਤਸਵੀਰ]
ਲੇਸਨ ਐਲਬਾਟਰੋਸ