‘ਯਹੋਵਾਹ ਦੀ ਮਨੋਹਰਤਾ ਨੂੰ ਤੱਕੋ’
ਦੁੱਖਾਂ ਦੀਆਂ ਘੜੀਆਂ ਦਾ ਸਾਡੀ ਜ਼ਿੰਦਗੀ ʼਤੇ ਗਹਿਰਾ ਅਸਰ ਪੈਂਦਾ ਹੈ। ਦੁੱਖਾਂ ਬਾਰੇ ਸੋਚ-ਸੋਚ ਕੇ ਅਸੀਂ ਪਰੇਸ਼ਾਨ ਹੁੰਦੇ ਹਾਂ, ਸਾਡਾ ਹੌਸਲਾ ਢਹਿ ਜਾਂਦਾ ਹੈ ਅਤੇ ਜ਼ਿੰਦਗੀ ਬਾਰੇ ਸਾਡਾ ਨਜ਼ਰੀਆ ਬਦਲ ਜਾਂਦਾ ਹੈ। ਹਾਲਾਂਕਿ ਇਜ਼ਰਾਈਲ ਦੇ ਰਾਜੇ ਦਾਊਦ ਨੇ ਕਈ ਮੁਸੀਬਤਾਂ ਸਹੀਆਂ, ਪਰ ਉਸ ਨੇ ਇਨ੍ਹਾਂ ਦਾ ਸਾਮ੍ਹਣਾ ਕਿਵੇਂ ਕੀਤਾ? ਇਕ ਦਿਲ ਛੂਹ ਲੈਣ ਵਾਲੇ ਜ਼ਬੂਰ ਵਿਚ ਉਸ ਨੇ ਲਿਖਿਆ: “ਮੈਂ ਯਹੋਵਾਹ ਵੱਲ ਆਪਣੀ ਅਵਾਜ਼ ਨਾਲ ਬੇਨਤੀ ਕਰਦਾ ਹਾਂ, ਮੈਂ ਆਪਣੀ ਫ਼ਰਿਆਦ ਉਹ ਦੇ ਅੱਗੇ ਫੋਲਦਾ ਹਾਂ, ਮੈਂ ਆਪਣਾ ਦੁਖ ਉਹ ਦੇ ਅੱਗੇ ਖੋਲ੍ਹ ਕੇ ਦੱਸਦਾ ਹਾਂ। ਜਦ ਮੇਰਾ ਆਤਮਾ [“ਦਿਲ,” NW] ਮੇਰੇ ਅੰਦਰ ਨਢਾਲ ਸੀ, ਤਾਂ ਤੂੰ ਮੇਰੀ ਚਾਲ ਜਾਣਦਾ ਸੈਂ।” ਵਾਕਈ, ਦਾਊਦ ਨੇ ਬੜੀ ਨਿਮਰਤਾ ਨਾਲ ਪਰਮੇਸ਼ੁਰ ਨੂੰ ਮਦਦ ਲਈ ਫ਼ਰਿਆਦ ਕੀਤੀ।—ਜ਼ਬੂ. 142:1-3.
ਦੁੱਖਾਂ ਦੀਆਂ ਘੜੀਆਂ ਵਿਚ ਦਾਊਦ ਨੇ ਬੜੀ ਨਿਮਰਤਾ ਨਾਲ ਪਰਮੇਸ਼ੁਰ ਨੂੰ ਮਦਦ ਲਈ ਫ਼ਰਿਆਦ ਕੀਤੀ
ਇਕ ਹੋਰ ਜ਼ਬੂਰ ਵਿਚ ਦਾਊਦ ਨੇ ਕਿਹਾ: “ਮੈਂ ਯਹੋਵਾਹ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਭਾਲਾਂਗਾ, ਕਿ ਮੈਂ ਜੀਉਣ ਭਰ ਯਹੋਵਾਹ ਦੇ ਘਰ ਵੱਸਾਂ, ਤਾਂ ਜੋ ਮੈਂ ਯਹੋਵਾਹ ਦੀ ਮਨੋਹਰਤਾ ਨੂੰ ਤੱਕਾਂ, ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰਾਂ।” (ਜ਼ਬੂ. 27:4) ਦਾਊਦ ਲੇਵੀ ਨਹੀਂ ਸੀ, ਪਰ ਜ਼ਰਾ ਆਪਣੀਆਂ ਮਨ ਦੀਆਂ ਅੱਖਾਂ ਨਾਲ ਦੇਖੋ ਕਿ ਉਹ ਪਰਮੇਸ਼ੁਰ ਦੀ ਹੈਕਲ ਦੇ ਪਵਿੱਤਰ ਵਿਹੜੇ ਦੇ ਬਾਹਰ ਖੜ੍ਹਾ ਹੈ ਜਿੱਥੇ ਪਰਮੇਸ਼ੁਰ ਦੀ ਭਗਤੀ ਕੀਤੀ ਜਾਂਦੀ ਸੀ। ਦਾਊਦ ਪਰਮੇਸ਼ੁਰ ਦੇ ਅਹਿਸਾਨਾਂ ਦਾ ਇੰਨਾ ਸ਼ੁਕਰਗੁਜ਼ਾਰ ਸੀ ਕਿ ਉਹ ਆਪਣੀ ਪੂਰੀ ਜ਼ਿੰਦਗੀ ਉੱਥੇ ਹੀ ਗੁਜ਼ਾਰਨੀ ਚਾਹੁੰਦਾ ਸੀ ਤਾਂਕਿ ਉਹ ‘ਯਹੋਵਾਹ ਦੀ ਮਨੋਹਰਤਾ ਨੂੰ ਤੱਕ’ ਸਕੇ।
“ਮਨੋਹਰਤਾ” ਦਾ ਕੀ ਮਤਲਬ ਹੈ? ਜਿਸ ਇਨਸਾਨ ਵਿਚ ਇਹ ਗੁਣ ਹੁੰਦਾ ਹੈ, ਉਸ ਨਾਲ ਸਮਾਂ ਬਿਤਾ ਕੇ ਸਾਡੇ ਦਿਲ-ਦਿਮਾਗ਼ ਨੂੰ ਸਕੂਨ ਤੇ ਆਰਾਮ ਮਿਲਦਾ ਹੈ। ਦਾਊਦ ਹਮੇਸ਼ਾ ਪਰਮੇਸ਼ੁਰ ਦੀ ਹੈਕਲ ਵੱਲ ਦੇਖ ਕੇ ਸੋਚਦਾ ਸੀ ਕਿ ਪਰਮੇਸ਼ੁਰ ਨੇ ਭਗਤੀ ਲਈ ਕਿੰਨਾ ਵਧੀਆ ਇੰਤਜ਼ਾਮ ਕੀਤਾ ਹੈ। ਸੋ ਖ਼ੁਦ ਨੂੰ ਪੁੱਛੋ: ‘ਕੀ ਮੈਂ ਵੀ ਦਾਊਦ ਵਾਂਗ ਮਹਿਸੂਸ ਕਰਦਾ ਹਾਂ?’
ਪਰਮੇਸ਼ੁਰ ਦੇ ਕੀਤੇ ਇੰਤਜ਼ਾਮ ʼਤੇ ‘ਧਿਆਨ ਲਾਓ’
ਅੱਜ ਅਸੀਂ ਯਹੋਵਾਹ ਦੀ ਭਗਤੀ ਕਿਸੇ ਸੱਚ-ਮੁੱਚ ਦੇ ਮੰਦਰ ਵਿਚ ਨਹੀਂ ਕਰਦੇ, ਸਗੋਂ ਅਸੀਂ ਪਰਮੇਸ਼ੁਰ ਦੇ ਮਹਾਨ ਮੰਦਰ ਯਾਨੀ ਸੱਚੀ ਭਗਤੀ ਲਈ ਉਸ ਦੇ ਇੰਤਜ਼ਾਮ ਮੁਤਾਬਕ ਉਸ ਦੀ ਸੇਵਾ ਕਰਦੇ ਹਾਂ।a ਜੇ ਅਸੀਂ ਇਸ ਇੰਤਜ਼ਾਮ ʼਤੇ ‘ਧਿਆਨ ਲਾਵਾਂਗੇ,’ ਤਾਂ ਅਸੀਂ ਵੀ ‘ਯਹੋਵਾਹ ਦੀ ਮਨੋਹਰਤਾ ਨੂੰ ਤੱਕ’ ਸਕਾਂਗੇ।
ਜ਼ਰਾ ਹੋਮ ਬਲ਼ੀਆਂ ਲਈ ਬਣੀ ਪਿੱਤਲ ਦੀ ਵੇਦੀ ʼਤੇ ਗੌਰ ਕਰੋ ਜੋ ਡੇਹਰੇ ਦੇ ਦਰਵਾਜ਼ੇ ਮੋਹਰੇ ਰੱਖੀ ਗਈ ਸੀ। (ਕੂਚ 38:1, 2; 40:6) ਇਹ ਵੇਦੀ ਇਸ ਗੱਲ ਨੂੰ ਦਰਸਾਉਂਦੀ ਸੀ ਕਿ ਪਰਮੇਸ਼ੁਰ ਨੇ ਯਿਸੂ ਦੀ ਕੁਰਬਾਨੀ ਨੂੰ ਖ਼ੁਸ਼ੀ-ਖੁਸ਼ੀ ਸਵੀਕਾਰ ਕਰਨਾ ਸੀ। (ਇਬ. 10:5-10) ਜ਼ਰਾ ਸੋਚੋ ਕਿ ਇਹ ਗੱਲ ਸਾਡੇ ਲਈ ਕਿੰਨੀ ਮਾਅਨੇ ਰੱਖਦੀ ਹੈ! ਪੌਲੁਸ ਰਸੂਲ ਨੇ ਇਸ ਬਾਰੇ ਲਿਖਿਆ: “ਜਦੋਂ ਅਸੀਂ ਪਰਮੇਸ਼ੁਰ ਦੇ ਦੁਸ਼ਮਣ ਸਾਂ, ਉਦੋਂ ਉਸ ਦੇ ਪੁੱਤਰ ਦੀ ਮੌਤ ਰਾਹੀਂ ਉਸ ਨਾਲ ਸਾਡੀ ਸੁਲ੍ਹਾ ਹੋਈ।” (ਰੋਮੀ. 5:10) ਯਿਸੂ ਦੇ ਵਹਾਏ ਖ਼ੂਨ ਵਿਚ ਨਿਹਚਾ ਕਰਨ ਨਾਲ ਅਸੀਂ ਪਰਮੇਸ਼ੁਰ ਦੇ ਦੋਸਤ ਬਣ ਕੇ ਉਸ ਦੀ ਮਿਹਰ ਹਾਸਲ ਕਰ ਸਕਦੇ ਹਾਂ ਅਤੇ ਉਸ ਦਾ ਭਰੋਸਾ ਜਿੱਤ ਸਕਦੇ ਹਾਂ। ਇੱਦਾਂ ਸਾਡੀ ‘ਯਹੋਵਾਹ ਨਾਲ ਦੋਸਤੀ’ ਪੱਕੀ ਹੋਵੇਗੀ।—ਕਹਾ. 3:32.
ਜਦੋਂ ਸਾਡੇ “ਪਾਪ ਮਿਟਾਏ” ਜਾਂਦੇ ਹਨ, ਤਾਂ ਅਸੀਂ “ਯਹੋਵਾਹ ਵੱਲੋਂ ਰਾਹਤ ਦੇ ਦਿਨ” ਦੇਖਦੇ ਹਾਂ। (ਰਸੂ. 3:19) ਸਾਡੀ ਹਾਲਤ ਉਸ ਕੈਦੀ ਵਰਗੀ ਹੈ ਜੋ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰਦਿਆਂ ਆਪਣੀਆਂ ਗ਼ਲਤੀਆਂ ਦਾ ਪਛਤਾਵਾ ਕਰਦਾ ਹੈ ਅਤੇ ਆਪਣੇ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕਰਦਾ ਹੈ। ਇਹ ਦੇਖ ਕੇ ਇਕ ਰਹਿਮਦਿਲ ਜੱਜ ਕੈਦੀ ਦੇ ਸਾਰੇ ਗੁਨਾਹ ਮਿਟਾ ਕੇ ਉਸ ਦੀ ਸਜ਼ਾ-ਏ-ਮੌਤ ਮਾਫ਼ ਕਰ ਦਿੰਦਾ ਹੈ। ਇਹ ਸੁਣ ਕੇ ਕੈਦੀ ਨੂੰ ਕਿੰਨੀ ਰਾਹਤ ਤੇ ਖ਼ੁਸ਼ੀ ਮਿਲਦੀ ਹੈ! ਉਸ ਜੱਜ ਵਾਂਗ ਯਹੋਵਾਹ ਤੋਬਾ ਕਰਨ ਵਾਲੇ ਇਨਸਾਨਾਂ ʼਤੇ ਮਿਹਰ ਕਰਦਾ ਹੈ ਅਤੇ ਮੌਤ ਦੀ ਸਜ਼ਾ ਮਾਫ਼ ਕਰ ਦਿੰਦਾ ਹੈ।
ਸੱਚੀ ਭਗਤੀ ਵਿਚ ਖ਼ੁਸ਼ੀ ਪਾਓ
ਇਜ਼ਰਾਈਲ ਵਿਚ ਯਹੋਵਾਹ ਦੇ ਘਰ ਵਿਚ ਦਾਊਦ ਨੇ ਦੇਖਿਆ ਕਿ ਭੀੜਾਂ ਦੀਆਂ ਭੀੜਾਂ ਪਰਮੇਸ਼ੁਰ ਦੀ ਭਗਤੀ ਕਰਨ ਆਉਂਦੀਆਂ ਸਨ। ਉੱਥੇ ਸਾਰਿਆਂ ਨੂੰ ਮੂਸਾ ਦਾ ਕਾਨੂੰਨ ਪੜ੍ਹ ਕੇ ਸਮਝਾਇਆ ਜਾਂਦਾ ਸੀ, ਧੂਪ ਧੁਖਾਈ ਜਾਂਦੀ ਸੀ ਅਤੇ ਪੁਜਾਰੀ ਤੇ ਲੇਵੀ ਪਵਿੱਤਰ ਸੇਵਾ ਕਰਦੇ ਸਨ। (ਕੂਚ 30:34-38; ਗਿਣ. 3:5-8; ਬਿਵ. 31:9-12) ਇਹ ਗੱਲਾਂ ਅੱਜ ਸਾਡੀ ਭਗਤੀ ਨਾਲ ਮਿਲਦੀਆਂ-ਜੁਲਦੀਆਂ ਹਨ।
ਪੁਰਾਣੇ ਜ਼ਮਾਨੇ ਵਾਂਗ ਅੱਜ ਵੀ ‘ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਦੇ ਹਨ!’ (ਜ਼ਬੂ. 133:1) ਪੂਰੀ ਦੁਨੀਆਂ ਵਿਚ “ਸਾਰੇ ਭਰਾਵਾਂ” ਦੀ ਗਿਣਤੀ ਵਿਚ ਬਹੁਤ ਵਾਧਾ ਹੋਇਆ ਹੈ। (1 ਪਤ. 2:17) ਯਹੋਵਾਹ ਨੇ ਆਪਣੇ ਸੰਗਠਨ ਰਾਹੀਂ ਸਿੱਖਿਆ ਦਾ ਕਿੰਨਾ ਵਧੀਆ ਇੰਤਜ਼ਾਮ ਕੀਤਾ ਹੈ। ਮੀਟਿੰਗਾਂ ਵਿਚ ਸਾਰਿਆਂ ਨੂੰ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਸਮਝਾਇਆ ਜਾਂਦਾ ਹੈ। ਸਾਨੂੰ ਆਪਣੀ ਅਤੇ ਪਰਿਵਾਰਕ ਸਟੱਡੀ ਲਈ ਕਿਤਾਬਾਂ-ਮੈਗਜ਼ੀਨਾਂ ਰਾਹੀਂ ਪਰਮੇਸ਼ੁਰ ਦਾ ਬੇਸ਼ੁਮਾਰ ਗਿਆਨ ਮਿਲਦਾ ਹੈ। ਪ੍ਰਬੰਧਕ ਸਭਾ ਦੇ ਇਕ ਭਰਾ ਨੇ ਕਿਹਾ: ‘ਮੈਂ ਯਹੋਵਾਹ ਦੇ ਬਚਨ ʼਤੇ ਸੋਚ-ਵਿਚਾਰ ਕਰਨ ਅਤੇ ਇਸ ਵਿਚਲੀ ਬੁੱਧ ਅਤੇ ਸਮਝ ਹਾਸਲ ਕਰਨ ਲਈ ਬਹੁਤ ਸਮਾਂ ਲਾਉਂਦਾ ਹਾਂ। ਇਨ੍ਹਾਂ ਡੂੰਘੀਆਂ ਗੱਲਾਂ ਦਾ ਗਿਆਨ ਪਾ ਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਹੈ ਅਤੇ ਮੈਨੂੰ ਪਰਮੇਸ਼ੁਰ ਕੋਲੋਂ ਬਰਕਤਾਂ ਮਿਲੀਆਂ ਹਨ।’ ਜੇ ਅਸੀਂ ਵੀ ਇੱਦਾਂ ਕਰਾਂਗੇ, ਤਾਂ ਪਰਮੇਸ਼ੁਰ ਦਾ ‘ਗਿਆਨ ਸਾਡੇ ਮਨ ਨੂੰ ਪਿਆਰਾ ਲੱਗੇਗਾ।’—ਕਹਾ. 2:10.
ਅੱਜ ਵੀ ਪਰਮੇਸ਼ੁਰ ਦੇ ਸੇਵਕ ਹਰ ਰੋਜ਼ ਪ੍ਰਾਰਥਨਾ ਕਰਦੇ ਹਨ। ਜਿਹੜੀਆਂ ਪ੍ਰਾਰਥਨਾਵਾਂ ਯਹੋਵਾਹ ਦੀ ਮਰਜ਼ੀ ਮੁਤਾਬਕ ਹਨ, ਉਹ ਉਸ ਲਈ ਖ਼ੁਸ਼ਬੂਦਾਰ ਧੂਪ ਦੀ ਤਰ੍ਹਾਂ ਹਨ। (ਜ਼ਬੂ. 141:2) ਇਹ ਜਾਣ ਕੇ ਸਾਡੇ ਦਿਲ ਨੂੰ ਕਿੰਨੀ ਤਸੱਲੀ ਮਿਲਦੀ ਹੈ ਕਿ ਜਦ ਅਸੀਂ ਯਹੋਵਾਹ ਨੂੰ ਨਿਮਰਤਾ ਨਾਲ ਪ੍ਰਾਰਥਨਾ ਕਰਦੇ ਹਾਂ, ਤਾਂ ਉਹ ਸਾਡੀਆਂ ਪ੍ਰਾਰਥਨਾਵਾਂ ਤੋਂ ਬੜਾ ਖ਼ੁਸ਼ ਹੁੰਦਾ ਹੈ!
ਮੂਸਾ ਨੇ ਦੁਆ ਕੀਤੀ: “ਪ੍ਰਭੁ [ਯਹੋਵਾਹ] ਸਾਡੇ ਪਰਮੇਸ਼ੁਰ ਦੀ ਪਰਸੰਨਤਾ ਸਾਡੇ ਉੱਤੇ ਹੋਵੇ, ਸਾਡੇ ਹੱਥਾਂ ਦੇ ਕੰਮ ਸਾਡੇ ਲਈ ਕਾਇਮ ਕਰ।” (ਜ਼ਬੂ. 90:17) ਜਦ ਅਸੀਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਦੇ ਹਾਂ, ਤਾਂ ਯਹੋਵਾਹ ਸਾਡੇ ਕੰਮ ʼਤੇ ਬਰਕਤ ਪਾਉਂਦਾ ਹੈ। (ਕਹਾ. 10:22) ਹੋ ਸਕਦਾ ਹੈ ਕਿ ਅਸੀਂ ਦੂਜਿਆਂ ਨੂੰ ਬਾਈਬਲ ਦੀ ਸੱਚਾਈ ਸਿੱਖਣ ਵਿਚ ਮਦਦ ਦਿੱਤੀ ਹੋਵੇ। ਸ਼ਾਇਦ ਅਸੀਂ ਮਾੜੀ ਸਿਹਤ, ਕਿਸੇ ਗਮ, ਸਤਾਹਟ ਜਾਂ ਲੋਕਾਂ ਦੇ ਲਾਪਰਵਾਹ ਰਵੱਈਏ ਦੇ ਬਾਵਜੂਦ ਕਈ ਸਾਲਾਂ ਤੋਂ ਪ੍ਰਚਾਰ ਵਿਚ ਲੱਗੇ ਹੋਏ ਹਾਂ। (1 ਥੱਸ. 2:2) ਫਿਰ ਵੀ ਕੀ ਅਸੀਂ “ਯਹੋਵਾਹ ਦੀ ਮਨੋਹਰਤਾ” ਨੂੰ ਨਹੀਂ ਦੇਖਿਆ ਹੈ? ਨਾਲੇ ਕੀ ਸਾਨੂੰ ਇਹ ਜਾਣ ਕੇ ਦਿਲਾਸਾ ਨਹੀਂ ਮਿਲਦਾ ਕਿ ਸਾਡੀ ਮਿਹਨਤ ਦੇਖ ਕੇ ਸਾਡੇ ਸਵਰਗੀ ਪਿਤਾ ਦਾ ਦਿਲ ਕਿੰਨਾ ਖ਼ੁਸ਼ ਹੁੰਦਾ ਹੈ?
ਦਾਊਦ ਨੇ ਗੀਤ ਗਾਇਆ ਕਿ ‘ਯਹੋਵਾਹ ਮੇਰੇ ਵਿਰਸੇ ਦਾ ਅਰ ਮੇਰੇ ਕਟੋਰੇ ਦਾ ਭਾਗ ਹੈ। ਤੂੰ ਮੇਰੇ ਹਿੱਸੇ ਦਾ ਰੱਖਵਾਲਾ ਹੈਂ। ਤੂੰ ਮਨ ਭਾਉਂਦੇ ਥਾਂਵਾਂ ਵਿੱਚ ਮੇਰੇ ਲਈ ਜਰੀਬ ਪਾਈ ਹੈ।’ (ਜ਼ਬੂ. 16:5, 6) ਦਾਊਦ ਆਪਣੇ “ਭਾਗ” ਯਾਨੀ ਯਹੋਵਾਹ ਨਾਲ ਆਪਣੇ ਕਰੀਬੀ ਰਿਸ਼ਤੇ ਅਤੇ ਉਸ ਦੀ ਸੇਵਾ ਕਰਨ ਦੇ ਸਨਮਾਨ ਲਈ ਅਹਿਸਾਨਮੰਦ ਸੀ। ਹੋ ਸਕਦਾ ਹੈ ਕਿ ਅਸੀਂ ਵੀ ਦਾਊਦ ਵਾਂਗ ਔਖੇ ਪਲਾਂ ਵਿੱਚੋਂ ਲੰਘਦੇ ਹੋਈਏ, ਪਰ ਗੌਰ ਕਰੋ ਕਿ ਪਰਮੇਸ਼ੁਰ ਨੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਨਾਲ ਨਿਵਾਜਿਆ ਹੈ! ਸੋ ਆਓ ਆਪਾਂ ਹਮੇਸ਼ਾ ਯਹੋਵਾਹ ਦੇ ਮਹਾਨ ਮੰਦਰ ਉੱਤੇ ਧਿਆਨ ਲਾਈਏ ਤੇ ਉਸ ਦੀ ਭਗਤੀ ਖਿੜੇ ਮੱਥੇ ਕਰਦੇ ਰਹੀਏ।