ਅਧਿਆਇ 6
‘ਉਸ ਨੇ ਆਗਿਆਕਾਰੀ ਸਿੱਖੀ’
1, 2. ਆਪਣੇ ਬੇਟੇ ਨੂੰ ਕਹਿਣਾ ਮੰਨਦੇ ਹੋਏ ਦੇਖ ਕੇ ਇਕ ਪਿਤਾ ਨੂੰ ਖ਼ੁਸ਼ੀ ਕਿਉਂ ਹੁੰਦੀ ਹੈ ਅਤੇ ਯਹੋਵਾਹ ਉਸ ਪਿਤਾ ਵਰਗਾ ਕਿਵੇਂ ਹੈ?
ਇਕ ਪਿਤਾ ਆਪਣੇ ਬੇਟੇ ਨੂੰ ਆਪਣੇ ਦੋਸਤਾਂ ਨਾਲ ਘਰ ਦੇ ਸਾਮ੍ਹਣੇ ਖੇਡਦੇ ਹੋਏ ਦੇਖਦਾ ਹੈ। ਅਚਾਨਕ ਉਨ੍ਹਾਂ ਦੀ ਗੇਂਦ ਸੜਕ ʼਤੇ ਚੱਲੀ ਜਾਂਦੀ ਹੈ ਅਤੇ ਮੁੰਡੇ ਦਾ ਦੋਸਤ ਉਸ ਨੂੰ ਭੱਜ ਕੇ ਗੇਂਦ ਲਿਆਉਣ ਲਈ ਕਹਿੰਦਾ ਹੈ। ਮੁੰਡਾ ਜਾਣਾ ਤਾਂ ਚਾਹੁੰਦਾ ਹੈ, ਪਰ ਜਾਂਦਾ ਨਹੀਂ। ਉਹ ਕਹਿੰਦਾ ਹੈ: “ਮੇਰੇ ਪਾਪਾ ਨੇ ਮੈਨੂੰ ਸੜਕ ʼਤੇ ਜਾਣ ਤੋਂ ਮਨ੍ਹਾ ਕੀਤਾ ਹੈ।” ਇਹ ਦੇਖ ਕੇ ਪਿਤਾ ਮੁਸਕਰਾਉਂਦਾ ਹੈ।
2 ਮੁੰਡੇ ਨੂੰ ਨਹੀਂ ਪਤਾ ਕਿ ਉਸ ਦਾ ਪਿਤਾ ਉਸ ਨੂੰ ਦੇਖ ਰਿਹਾ ਹੈ। ਪਰ ਪਿਤਾ ਇਹ ਦੇਖ ਕੇ ਬਹੁਤ ਖ਼ੁਸ਼ ਹੁੰਦਾ ਹੈ ਕਿ ਉਸ ਦਾ ਬੇਟਾ ਕਹਿਣਾ ਮੰਨਣਾ ਸਿੱਖ ਰਿਹਾ ਹੈ ਕਿਉਂਕਿ ਇਸ ਵਿਚ ਉਸ ਦਾ ਹੀ ਭਲਾ ਹੈ। ਇਸੇ ਤਰ੍ਹਾਂ ਸਾਡਾ ਸਵਰਗੀ ਪਿਤਾ ਯਹੋਵਾਹ ਵੀ ਸਾਡਾ ਭਲਾ ਚਾਹੁੰਦਾ ਹੈ। ਉਹ ਜਾਣਦਾ ਹੈ ਕਿ ਇਸ ਦੁਨੀਆਂ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਸਾਨੂੰ ਉਸ ʼਤੇ ਭਰੋਸਾ ਰੱਖਣ ਤੇ ਉਸ ਦਾ ਕਹਿਣਾ ਮੰਨਣ ਦੀ ਲੋੜ ਹੈ। (ਕਹਾਉਤਾਂ 3:5, 6) ਸਾਡੀ ਮਦਦ ਲਈ ਉਸ ਨੇ ਸਾਨੂੰ ਸਭ ਤੋਂ ਵਧੀਆ ਸਿੱਖਿਅਕ ਦਿੱਤਾ ਹੈ।
3, 4. ਮਿਸਾਲ ਦੇ ਕੇ ਸਮਝਾਓ ਕਿ ਯਿਸੂ ‘ਆਗਿਆਕਾਰੀ ਸਿੱਖ’ ਕੇ “ਪੂਰੀ ਤਰ੍ਹਾਂ ਕਾਬਲ” ਕਿਵੇਂ ਬਣਿਆ।
3 ਬਾਈਬਲ ਯਿਸੂ ਬਾਰੇ ਕਹਿੰਦੀ ਹੈ: “ਭਾਵੇਂ ਉਹ ਪਰਮੇਸ਼ੁਰ ਦਾ ਪੁੱਤਰ ਸੀ, ਫਿਰ ਵੀ ਉਸ ਨੇ ਜਿਹੜੇ ਦੁੱਖ ਝੱਲੇ, ਉਨ੍ਹਾਂ ਤੋਂ ਆਗਿਆਕਾਰੀ ਸਿੱਖੀ; ਅਤੇ ਜਦੋਂ ਉਹ ਪੂਰੀ ਤਰ੍ਹਾਂ ਕਾਬਲ ਬਣ ਗਿਆ, ਤਾਂ ਉਸ ਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਹਮੇਸ਼ਾ ਦੀ ਮੁਕਤੀ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਜਿਹੜੇ ਉਸ ਦੀ ਆਗਿਆ ਮੰਨਦੇ ਹਨ।” (ਇਬਰਾਨੀਆਂ 5:8, 9) ਯਿਸੂ ਨੇ ਸਵਰਗ ਵਿਚ ਅਰਬਾਂ-ਖਰਬਾਂ ਸਾਲ ਬਿਤਾਏ ਸਨ। ਉੱਥੇ ਉਸ ਨੇ ਸ਼ੈਤਾਨ ਅਤੇ ਉਸ ਦੇ ਸਾਥੀ ਦੂਤਾਂ ਨੂੰ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕਰਦਿਆਂ ਦੇਖਿਆ ਸੀ, ਪਰ ਉਸ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਯਿਸੂ ਬਾਰੇ ਲਿਖਿਆ ਗਿਆ ਸੀ: ‘ਮੈਂ ਆਕੀ [ਯਾਨੀ ਬਾਗ਼ੀ] ਨਹੀਂ ਹੋਇਆ।’ (ਯਸਾਯਾਹ 50:5) ਤਾਂ ਫਿਰ, ਜਦ ਉਹ ਪਹਿਲਾਂ ਹੀ ਪਰਮੇਸ਼ੁਰ ਦੇ ਕਹਿਣੇਕਾਰ ਸੀ, ਤਾਂ ਉਸ ਨੇ ‘ਆਗਿਆਕਾਰੀ ਕਿਵੇਂ ਸਿੱਖੀ’ ਅਤੇ ਉਹ “ਪੂਰੀ ਤਰ੍ਹਾਂ ਕਾਬਲ” ਕਿਵੇਂ ਬਣਿਆ?
4 ਜ਼ਰਾ ਇਸ ਮਿਸਾਲ ʼਤੇ ਗੌਰ ਕਰੋ। ਇਕ ਸਿਪਾਹੀ ਕੋਲ ਤਲਵਾਰ ਹੈ। ਭਾਵੇਂ ਕਿ ਤਲਵਾਰ ਨੂੰ ਬਹੁਤ ਵਧੀਆ ਢੰਗ ਨਾਲ ਬਣਾਇਆ ਗਿਆ ਹੈ, ਪਰ ਇਸ ਨੂੰ ਲੜਾਈ ਵਿਚ ਕਦੇ ਅਜ਼ਮਾਇਆ ਨਹੀਂ ਗਿਆ। ਇਸ ਦੇ ਬਦਲੇ ਸਿਪਾਹੀ ਇਕ ਹੋਰ ਜ਼ਿਆਦਾ ਮਜ਼ਬੂਤ ਤਲਵਾਰ ਲੈਂਦਾ ਹੈ ਜਿਸ ਨਾਲ ਕਈ ਲੜਾਈਆਂ ਲੜੀਆਂ ਗਈਆਂ ਹਨ। ਕੀ ਤਲਵਾਰ ਬਦਲ ਕੇ ਉਸ ਨੇ ਠੀਕ ਕੀਤਾ? ਬਿਲਕੁਲ। ਇਸੇ ਤਰ੍ਹਾਂ ਸਵਰਗ ਵਿਚ ਯਿਸੂ ਆਪਣੇ ਪਿਤਾ ਦੇ ਪ੍ਰਤੀ ਹਰ ਗੱਲ ਵਿਚ ਪੂਰੀ ਤਰ੍ਹਾਂ ਆਗਿਆਕਾਰ ਸੀ। ਪਰ ਜਦੋਂ ਉਹ ਇਨਸਾਨ ਦੇ ਰੂਪ ਵਿਚ ਧਰਤੀ ʼਤੇ ਆਇਆ, ਤਾਂ ਉਸ ਦੀ ਆਗਿਆਕਾਰੀ ਹੋਰ ਚੰਗੀ ਤਰ੍ਹਾਂ ਅਜ਼ਮਾਈ ਗਈ। ਸਵਰਗ ਵਿਚ ਉਸ ਨੇ ਉਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਦੇ ਨਹੀਂ ਸੀ ਕੀਤਾ ਜਿਨ੍ਹਾਂ ਦਾ ਉਸ ਨੂੰ ਧਰਤੀ ʼਤੇ ਕਰਨਾ ਪਿਆ। ਇਸ ਲਈ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਅਜ਼ਮਾਇਸ਼ਾਂ ਤੋਂ ਉਸ ਨੇ ਆਗਿਆਕਾਰੀ ਸਿੱਖੀ।
5. ਯਿਸੂ ਲਈ ਆਗਿਆਕਾਰ ਰਹਿਣਾ ਇੰਨਾ ਜ਼ਰੂਰੀ ਕਿਉਂ ਸੀ ਅਤੇ ਅਸੀਂ ਇਸ ਅਧਿਆਇ ਵਿਚ ਕੀ ਸਿੱਖਾਂਗੇ?
5 ਜਦੋਂ ਯਿਸੂ ਧਰਤੀ ʼਤੇ ਆਇਆ, ਤਾਂ ਉਸ ਲਈ ਆਗਿਆਕਾਰ ਰਹਿਣਾ ਬੇਹੱਦ ਜ਼ਰੂਰੀ ਸੀ। ਪਹਿਲਾ ਆਦਮ ਆਗਿਆਕਾਰ ਨਹੀਂ ਰਿਹਾ, ਪਰ “ਆਖ਼ਰੀ ਆਦਮ” ਯਿਸੂ ਅਜ਼ਮਾਇਸ਼ਾਂ ਦੌਰਾਨ ਵੀ ਯਹੋਵਾਹ ਪਰਮੇਸ਼ੁਰ ਦੇ ਆਗਿਆਕਾਰ ਰਿਹਾ। (1 ਕੁਰਿੰਥੀਆਂ 15:45) ਉਸ ਨੇ ਆਪਣੇ ਪਿਤਾ ਦਾ ਕਹਿਣਾ ਸਿਰਫ਼ ਆਪਣਾ ਫ਼ਰਜ਼ ਸਮਝ ਕੇ ਨਹੀਂ ਮੰਨਿਆ, ਸਗੋਂ ਉਸ ਨੇ ਆਪਣੇ ਪੂਰੇ ਦਿਲ, ਆਪਣੀ ਪੂਰੀ ਜਾਨ ਅਤੇ ਆਪਣੀ ਪੂਰੀ ਸਮਝ ਨਾਲ ਇੱਦਾਂ ਖ਼ੁਸ਼ੀ-ਖ਼ੁਸ਼ੀ ਕੀਤਾ। ਉਸ ਲਈ ਆਪਣੇ ਪਿਤਾ ਦੀ ਇੱਛਾ ਪੂਰੀ ਕਰਨੀ ਭੋਜਨ ਨਾਲੋਂ ਵੀ ਜ਼ਿਆਦਾ ਜ਼ਰੂਰੀ ਸੀ! (ਯੂਹੰਨਾ 4:34) ਤਾਂ ਫਿਰ ਯਿਸੂ ਵਾਂਗ ਆਗਿਆਕਾਰ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਆਓ ਆਪਾਂ ਪਹਿਲਾਂ ਇਹ ਦੇਖੀਏ ਕਿ ਯਿਸੂ ਆਗਿਆਕਾਰ ਕਿਉਂ ਸੀ। ਕਿਉਂਕਿ ਉਸ ਦੀ ਰੀਸ ਕਰ ਕੇ ਅਸੀਂ ਵੀ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਦੇ ਬਾਵਜੂਦ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਸਕਾਂਗੇ। ਫਿਰ ਅਸੀਂ ਇਹ ਵੀ ਦੇਖਾਂਗੇ ਕਿ ਯਿਸੂ ਵਾਂਗ ਆਗਿਆਕਾਰ ਬਣ ਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ।
ਯਿਸੂ ਆਗਿਆਕਾਰ ਕਿਉਂ ਸੀ
6, 7. ਯਿਸੂ ਆਗਿਆਕਾਰ ਕਿਉਂ ਸੀ?
6 ਤੀਜੇ ਅਧਿਆਇ ਵਿਚ ਅਸੀਂ ਦੇਖਿਆ ਸੀ ਕਿ ਯਿਸੂ ਦਿਲੋਂ ਨਿਮਰ ਸੀ। ਨਿਮਰਤਾ ਵਰਗੇ ਗੁਣਾਂ ਕਰਕੇ ਉਹ ਆਗਿਆਕਾਰ ਬਣ ਸਕਿਆ। ਇਕ ਘਮੰਡੀ ਇਨਸਾਨ ਕਿਸੇ ਦਾ ਕਹਿਣਾ ਮੰਨਣਾ ਪਸੰਦ ਨਹੀਂ ਕਰਦਾ, ਜਦ ਕਿ ਨਿਮਰ ਇਨਸਾਨ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦਾ ਕਹਿਣਾ ਮੰਨਦਾ ਹੈ। (ਕੂਚ 5:1, 2; 1 ਪਤਰਸ 5:5, 6) ਯਿਸੂ ਦੀ ਆਗਿਆਕਾਰੀ ਤੋਂ ਇਸ ਗੱਲ ਦਾ ਵੀ ਸਬੂਤ ਮਿਲਦਾ ਸੀ ਕਿ ਉਹ ਸਹੀ ਕੰਮਾਂ ਨਾਲ ਪਿਆਰ ਅਤੇ ਬੁਰਾਈ ਨਾਲ ਨਫ਼ਰਤ ਕਰਦਾ ਸੀ।
7 ਪਰ ਉਹ ਖ਼ਾਸ ਕਰਕੇ ਇਸ ਲਈ ਆਗਿਆਕਾਰ ਸੀ ਕਿਉਂਕਿ ਉਹ ਆਪਣੇ ਸਵਰਗੀ ਪਿਤਾ ਯਹੋਵਾਹ ਨੂੰ ਪਿਆਰ ਕਰਦਾ ਸੀ। ਅਸੀਂ ਇਸ ਬਾਰੇ ਤੇਰ੍ਹਵੇਂ ਅਧਿਆਇ ਵਿਚ ਹੋਰ ਗੱਲ ਕਰਾਂਗੇ। ਉਹ ਆਪਣੇ ਪਿਤਾ ਨੂੰ ਇੰਨਾ ਪਿਆਰ ਕਰਦਾ ਸੀ ਅਤੇ ਉਸ ਲਈ ਇੰਨੀ ਸ਼ਰਧਾ ਰੱਖਦਾ ਸੀ ਕਿ ਉਹ ਉਸ ਨੂੰ ਕਦੇ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ। ਹਾਂ, ਉਹ ਪਰਮੇਸ਼ੁਰ ਦਾ ਡਰ ਰੱਖਦਾ ਸੀ ਜਿਸ ਕਰਕੇ ਉਸ ਦੀਆਂ ਪ੍ਰਾਰਥਨਾਵਾਂ ਸੁਣੀਆਂ ਗਈਆਂ। (ਇਬਰਾਨੀਆਂ 5:7) ਭਾਵੇਂ ਯਿਸੂ ਹੁਣ ਸਵਰਗ ਵਿਚ ਰਾਜਾ ਹੈ, ਫਿਰ ਵੀ ਉਹ ਯਹੋਵਾਹ ਦਾ ਡਰ ਰੱਖਦਾ ਹੈ।—ਯਸਾਯਾਹ 11:3.
8, 9. ਯਿਸੂ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਗਈ ਸੀ ਅਤੇ ਇਸ ਨੂੰ ਪੂਰਾ ਕਰਦਿਆਂ ਉਸ ਨੇ ਆਪਣੇ ਜਜ਼ਬਾਤ ਕਿਵੇਂ ਜ਼ਾਹਰ ਕੀਤੇ?
8 ਯਹੋਵਾਹ ਨੂੰ ਪਿਆਰ ਕਰਨ ਵਾਲਾ ਇਨਸਾਨ ਉਨ੍ਹਾਂ ਗੱਲਾਂ ਨਾਲ ਨਫ਼ਰਤ ਕਰਦਾ ਹੈ ਜਿਨ੍ਹਾਂ ਨਾਲ ਯਹੋਵਾਹ ਨਫ਼ਰਤ ਕਰਦਾ ਹੈ। ਮਿਸਾਲ ਲਈ, ਇਸ ਭਵਿੱਖਬਾਣੀ ʼਤੇ ਗੌਰ ਕਰੋ ਜੋ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਬਾਰੇ ਦੱਸਦੀ ਹੈ: “ਤੈਂ ਧਰਮ ਦੇ ਨਾਲ ਪ੍ਰੇਮ, ਅਤੇ ਬਦੀ ਦੇ ਨਾਲ ਵੈਰ ਰੱਖਿਆ ਹੈ, ਇਸ ਲਈ ਪਰਮੇਸ਼ੁਰ, ਤੇਰੇ ਪਰਮੇਸ਼ੁਰ ਨੇ ਖੁਸ਼ੀ ਦੇ ਤੇਲ ਨਾਲ, ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਹ ਕੀਤਾ ਹੈ।” (ਜ਼ਬੂਰਾਂ ਦੀ ਪੋਥੀ 45:7) ਜਦੋਂ ਯਿਸੂ ਨੂੰ ਰਾਜੇ ਵਜੋਂ ਚੁਣਿਆ ਗਿਆ ਸੀ, ਤਾਂ ਉਸ ਨੂੰ ਆਪਣੇ “ਸਾਥੀਆਂ” ਯਾਨੀ ਰਾਜਾ ਦਾਊਦ ਦੀ ਪੀੜ੍ਹੀ ਵਿੱਚੋਂ ਆਏ ਹੋਰ ਸਾਰੇ ਰਾਜਿਆਂ ਨਾਲੋਂ ਜ਼ਿਆਦਾ ਖ਼ੁਸ਼ੀ ਮਿਲੀ ਸੀ। ਕਿਉਂ? ਕਿਉਂਕਿ ਉਸ ਨੂੰ ਉਨ੍ਹਾਂ ਨਾਲੋਂ ਕਿਤੇ ਵੱਡਾ ਇਨਾਮ ਮਿਲਿਆ ਹੈ ਅਤੇ ਉਸ ਦੇ ਰਾਜ ਦੌਰਾਨ ਲੋਕਾਂ ਨੂੰ ਬੇਹੱਦ ਬਰਕਤਾਂ ਮਿਲਣਗੀਆਂ। ਉਸ ਨੂੰ ਇਹ ਇਨਾਮ ਇਸ ਲਈ ਮਿਲਿਆ ਕਿਉਂਕਿ ਉਸ ਨੇ ਧਾਰਮਿਕਤਾ ਨਾਲ ਪਿਆਰ ਤੇ ਬੁਰਾਈ ਨਾਲ ਨਫ਼ਰਤ ਕਰ ਕੇ ਹਰ ਗੱਲ ਵਿਚ ਪਰਮੇਸ਼ੁਰ ਦਾ ਕਹਿਣਾ ਮੰਨਿਆ।
9 ਯਿਸੂ ਦੇ ਜਜ਼ਬਾਤਾਂ ਤੋਂ ਕਿਵੇਂ ਜ਼ਾਹਰ ਹੋਇਆ ਕਿ ਉਸ ਨੇ ਧਾਰਮਿਕਤਾ ਨਾਲ ਪਿਆਰ ਅਤੇ ਬੁਰਾਈ ਨਾਲ ਨਫ਼ਰਤ ਕੀਤੀ? ਜਦ ਉਸ ਦੇ ਚੇਲਿਆਂ ਨੇ ਉਸ ਦੀਆਂ ਹਿਦਾਇਤਾਂ ਮੰਨ ਕੇ ਪ੍ਰਚਾਰ ਵਿਚ ਵਧੀਆ ਨਤੀਜੇ ਹਾਸਲ ਕੀਤੇ, ਤਾਂ ਉਹ ਬਹੁਤ ਖ਼ੁਸ਼ ਹੋਇਆ। (ਲੂਕਾ 10:1, 17, 21) ਪਰ ਇਸ ਤੋਂ ਉਲਟ ਜਦ ਯਰੂਸ਼ਲਮ ਦੇ ਲੋਕਾਂ ਨੇ ਵਾਰ-ਵਾਰ ਅਣਆਗਿਆਕਾਰੀ ਕੀਤੀ ਤੇ ਉਸ ਦੀ ਮਦਦ ਠੁਕਰਾਈ, ਤਾਂ ਉਹ ਦੁਖੀ ਹੋ ਕੇ ਰੋਇਆ। (ਲੂਕਾ 19:41, 42) ਹਾਂ, ਲੋਕਾਂ ਦੇ ਚੰਗੇ ਅਤੇ ਮਾੜੇ ਕੰਮਾਂ ਦਾ ਉਸ ਦੇ ਦਿਲ ʼਤੇ ਗਹਿਰਾ ਅਸਰ ਪਿਆ।
10. ਸਾਨੂੰ ਚੰਗੇ ਅਤੇ ਬੁਰੇ ਕੰਮਾਂ ਬਾਰੇ ਕਿਹੋ ਜਿਹਾ ਰਵੱਈਆ ਰੱਖਣਾ ਚਾਹੀਦਾ ਹੈ ਅਤੇ ਇੱਦਾਂ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
10 ਭਾਵੇਂ ਅਸੀਂ ਗ਼ਲਤੀਆਂ ਦੇ ਪੁਤਲੇ ਹਾਂ, ਫਿਰ ਵੀ ਅਸੀਂ ਯਹੋਵਾਹ ਤੇ ਯਿਸੂ ਵਾਂਗ ਆਪਣੇ ਦਿਲ ਵਿਚ ਚੰਗੇ ਕੰਮਾਂ ਲਈ ਪਿਆਰ ਅਤੇ ਬੁਰੇ ਕੰਮਾਂ ਲਈ ਨਫ਼ਰਤ ਪੈਦਾ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਲਈ ਸਾਨੂੰ ਪ੍ਰਾਰਥਨਾ ਦੇ ਜ਼ਰੀਏ ਯਹੋਵਾਹ ਕੋਲੋਂ ਮਦਦ ਮੰਗਣ ਦੀ ਲੋੜ ਹੈ। (ਜ਼ਬੂਰਾਂ ਦੀ ਪੋਥੀ 51:10) ਨਾਲੇ ਜੋ ਚੀਜ਼ਾਂ ਸਾਡੇ ਨੇਕ ਇਰਾਦਿਆਂ ਨੂੰ ਕਮਜ਼ੋਰ ਕਰ ਸਕਦੀਆਂ ਹਨ, ਸਾਨੂੰ ਉਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਮਿਸਾਲ ਲਈ, ਸਾਨੂੰ ਸੋਚ-ਸਮਝ ਕੇ ਮਨੋਰੰਜਨ ਅਤੇ ਦੋਸਤਾਂ-ਮਿੱਤਰਾਂ ਦੀ ਚੋਣ ਕਰਨੀ ਚਾਹੀਦੀ ਹੈ। (ਕਹਾਉਤਾਂ 13:20; ਫ਼ਿਲਿੱਪੀਆਂ 4:8) ਯਿਸੂ ਦੀ ਮਿਸਾਲ ʼਤੇ ਸੋਚ-ਵਿਚਾਰ ਕਰ ਕੇ ਖ਼ੁਦ ਨੂੰ ਪੁੱਛੋ: ‘ਮੈਂ ਯਹੋਵਾਹ ਦਾ ਕਹਿਣਾ ਕਿਉਂ ਮੰਨਦਾ ਹਾਂ?’ ਜੇ ਅਸੀਂ ਉਸ ਵਰਗਾ ਰਵੱਈਆ ਪੈਦਾ ਕਰਾਂਗੇ, ਤਾਂ ਅਸੀਂ ਆਗਿਆਕਾਰ ਹੋਣ ਦਾ ਦਿਖਾਵਾ ਨਹੀਂ ਕਰਾਂਗੇ। ਅਸੀਂ ਸਹੀ ਕੰਮ ਇਸ ਲਈ ਕਰਾਂਗੇ ਕਿਉਂਕਿ ਅਸੀਂ ਦਿਲੋਂ ਕਰਨੇ ਚਾਹੁੰਦੇ ਹਾਂ। ਨਾਲੇ ਅਸੀਂ ਗ਼ਲਤ ਕੰਮਾਂ ਤੋਂ ਸਜ਼ਾ ਦੇ ਡਰੋਂ ਨਹੀਂ, ਸਗੋਂ ਇਸ ਕਰਕੇ ਦੂਰ ਰਹਾਂਗੇ ਕਿਉਂਕਿ ਅਸੀਂ ਇਨ੍ਹਾਂ ਨਾਲ ਨਫ਼ਰਤ ਕਰਦੇ ਹਾਂ।
“ਉਸ ਨੇ ਕੋਈ ਪਾਪ ਨਹੀਂ ਕੀਤਾ”
11, 12. (ੳ) ਯਿਸੂ ਦੀ ਸੇਵਕਾਈ ਦੇ ਸ਼ੁਰੂ ਵਿਚ ਕੀ ਹੋਇਆ? (ਅ) ਸ਼ੈਤਾਨ ਨੇ ਚਲਾਕੀ ਨਾਲ ਯਿਸੂ ਨੂੰ ਕਿਵੇਂ ਭਰਮਾਉਣ ਦੀ ਕੋਸ਼ਿਸ਼ ਕੀਤੀ?
11 ਯਿਸੂ ਨੇ ਆਪਣੀ ਸੇਵਕਾਈ ਦੇ ਸ਼ੁਰੂ ਵਿਚ ਹੀ ਦਿਖਾਇਆ ਕਿ ਉਸ ਨੂੰ ਪਾਪ ਨਾਲ ਬੇਹੱਦ ਨਫ਼ਰਤ ਸੀ। ਆਪਣੇ ਬਪਤਿਸਮੇ ਤੋਂ ਬਾਅਦ ਉਸ ਨੇ ਚਾਲੀ ਦਿਨ ਉਜਾੜ ਵਿਚ ਬਿਤਾਏ ਜਿੱਥੇ ਉਸ ਨੇ ਕੁਝ ਨਹੀਂ ਖਾਧਾ। ਫਿਰ ਸ਼ੈਤਾਨ ਉਸ ਦੀ ਪਰੀਖਿਆ ਲੈਣ ਆਇਆ। ਧਿਆਨ ਦਿਓ ਕਿ ਉਸ ਨੇ ਕਿੰਨੀ ਚਲਾਕੀ ਨਾਲ ਯਿਸੂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ।—ਮੱਤੀ 4:1-11.
12 ਸ਼ੈਤਾਨ ਨੇ ਕਿਹਾ: “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇਨ੍ਹਾਂ ਪੱਥਰਾਂ ਨੂੰ ਕਹਿ ਕਿ ਇਹ ਰੋਟੀਆਂ ਬਣ ਜਾਣ।” (ਮੱਤੀ 4:3) ਚਾਲੀ ਦਿਨ ਵਰਤ ਰੱਖਣ ਤੋਂ ਬਾਅਦ ਜ਼ਰਾ ਯਿਸੂ ਦੀ ਹਾਲਤ ਬਾਰੇ ਸੋਚੋ। ਬਾਈਬਲ ਕਹਿੰਦੀ ਹੈ ਕਿ “ਉਸ ਨੂੰ ਭੁੱਖ ਲੱਗੀ।” (ਮੱਤੀ 4:2) ਸ਼ੈਤਾਨ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਸ ਲਈ ਉਸ ਨੇ ਜਾਣ-ਬੁੱਝ ਕੇ ਉਸ ਦੀ ਕਮਜ਼ੋਰ ਹਾਲਤ ਦਾ ਫ਼ਾਇਦਾ ਉਠਾਇਆ। ਗੌਰ ਕਰੋ ਕਿ ਸ਼ੈਤਾਨ ਨੇ ਕਿੰਨੀ ਮੱਕਾਰੀ ਨਾਲ ਕਿਹਾ: “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।” ਉਹ ਜਾਣਦਾ ਸੀ ਕਿ ਯਿਸੂ “ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ” ਸੀ। (ਕੁਲੁੱਸੀਆਂ 1:15) ਯਿਸੂ ਸ਼ੈਤਾਨ ਦੇ ਬਹਿਕਾਵੇ ਵਿਚ ਨਹੀਂ ਆਇਆ। ਉਸ ਨੂੰ ਪਤਾ ਸੀ ਕਿ ਪਵਿੱਤਰ ਸ਼ਕਤੀ ਨੂੰ ਆਪਣੇ ਫ਼ਾਇਦੇ ਲਈ ਵਰਤਣਾ ਗ਼ਲਤ ਸੀ ਅਤੇ ਪਰਮੇਸ਼ੁਰ ਦੀ ਮਰਜ਼ੀ ਦੇ ਖ਼ਿਲਾਫ਼ ਸੀ। ਇਸ ਸ਼ਕਤੀ ਦਾ ਗ਼ਲਤ ਇਸਤੇਮਾਲ ਕਰਨ ਦੀ ਬਜਾਇ, ਉਸ ਨੇ ਨਿਮਰਤਾ ਨਾਲ ਇਹ ਗੱਲ ਮੰਨੀ ਕਿ ਯਹੋਵਾਹ ਉਸ ਦੀ ਹਰ ਲੋੜ ਪੂਰੀ ਕਰੇਗਾ।—ਮੱਤੀ 4:4.
13-15. (ੳ) ਸ਼ੈਤਾਨ ਨੇ ਯਿਸੂ ਨੂੰ ਹੋਰ ਕਿਵੇਂ ਭਰਮਾਉਣ ਦੀ ਕੋਸ਼ਿਸ਼ ਕੀਤੀ ਅਤੇ ਯਿਸੂ ਨੇ ਉਸ ਨੂੰ ਕੀ ਜਵਾਬ ਦਿੱਤਾ? (ਅ) ਸਾਨੂੰ ਕਿਵੇਂ ਪਤਾ ਹੈ ਕਿ ਯਿਸੂ ਨੂੰ ਸ਼ੈਤਾਨ ਤੋਂ ਹਰ ਵੇਲੇ ਸਾਵਧਾਨ ਰਹਿਣਾ ਪਿਆ?
13 ਇਸ ਤੋਂ ਬਾਅਦ ਸ਼ੈਤਾਨ ਨੇ ਯਿਸੂ ਨੂੰ ਲੈ ਜਾ ਕੇ ਮੰਦਰ ਦੀ ਇਕ ਬਹੁਤ ਉੱਚੀ ਕੰਧ ਉੱਤੇ ਖੜ੍ਹਾ ਕੀਤਾ। ਫਿਰ ਸ਼ੈਤਾਨ ਨੇ ਪਰਮੇਸ਼ੁਰ ਦੇ ਬਚਨ ਨੂੰ ਚਲਾਕੀ ਨਾਲ ਤੋੜ-ਮਰੋੜ ਕੇ ਯਿਸੂ ਨੂੰ ਕਿਹਾ: ‘ਤੂੰ ਇੱਥੋਂ ਛਾਲ ਮਾਰ, ਦੂਤ ਤੈਨੂੰ ਬਚਾ ਲੈਣਗੇ।’ ਜ਼ਰਾ ਸੋਚੋ ਕਿ ਜੇ ਮੰਦਰ ਵਿਚ ਲੋਕ ਅਜਿਹਾ ਚਮਤਕਾਰ ਦੇਖ ਲੈਂਦੇ, ਤਾਂ ਕੀ ਉਹ ਯਕੀਨ ਨਾ ਕਰ ਲੈਂਦੇ ਕਿ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹ ਹੈ? ਨਾਲੇ ਜੇ ਲੋਕ ਇਸ ਚਮਤਕਾਰ ਕਰਕੇ ਉਸ ਨੂੰ ਮਸੀਹ ਵਜੋਂ ਕਬੂਲ ਕਰ ਲੈਂਦੇ, ਤਾਂ ਕੀ ਯਿਸੂ ਨੇ ਦੁੱਖਾਂ ਅਤੇ ਮੁਸੀਬਤਾਂ ਤੋਂ ਬਚ ਨਹੀਂ ਸੀ ਜਾਣਾ? ਹਾਂ, ਸ਼ਾਇਦ। ਪਰ ਇਹ ਯਹੋਵਾਹ ਦੀ ਮਰਜ਼ੀ ਨਹੀਂ ਸੀ। ਯਹੋਵਾਹ ਚਾਹੁੰਦਾ ਸੀ ਕਿ ਯਿਸੂ ਨਿਮਰਤਾ ਨਾਲ ਆਪਣਾ ਕੰਮ ਕਰੇ, ਨਾ ਕਿ ਇਸ ਤਰ੍ਹਾਂ ਦੇ ਚਮਤਕਾਰ ਕਰ ਕੇ ਲੋਕਾਂ ਨੂੰ ਆਪਣੇ ਪਿੱਛੇ ਲਾਵੇ। (ਯਸਾਯਾਹ 42:1, 2) ਇਸ ਵਾਰ ਵੀ ਯਿਸੂ ਨੇ ਯਹੋਵਾਹ ਦਾ ਹੁਕਮ ਨਹੀਂ ਤੋੜਿਆ। ਉਸ ਨੂੰ ਵੱਡਾ ਨਾਂ ਖੱਟਣ ਦਾ ਕੋਈ ਲਾਲਚ ਨਹੀਂ ਸੀ।
14 ਫਿਰ ਸ਼ੈਤਾਨ ਨੇ ਯਿਸੂ ਨੂੰ ਭਰਮਾਉਂਦਿਆਂ ਕਿਹਾ: ‘ਤੂੰ ਸਿਰਫ਼ ਇਕ ਵਾਰ ਮੈਨੂੰ ਮੱਥਾ ਟੇਕ, ਤਾਂ ਮੈਂ ਤੈਨੂੰ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਦੇ ਦਿਆਂਗਾ।’ ਕੀ ਯਿਸੂ ਨੇ ਇਕ ਪਲ ਲਈ ਵੀ ਸ਼ੈਤਾਨ ਦੀ ਇਸ ਪੇਸ਼ਕਸ਼ ਬਾਰੇ ਸੋਚਿਆ? ਕੀ ਉਹ ਤਾਕਤ ਦਾ ਭੁੱਖਾ ਸੀ? ਨਹੀਂ, ਯਿਸੂ ਨੇ ਸਾਫ਼-ਸਾਫ਼ ਕਿਹਾ: “ਹੇ ਸ਼ੈਤਾਨ ਮੇਰੇ ਤੋਂ ਦੂਰ ਹੋ ਜਾਹ, ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਹੈ: ‘ਤੂੰ ਸਿਰਫ਼ ਯਹੋਵਾਹ ਪਰਮੇਸ਼ੁਰ ਨੂੰ ਹੀ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਹੀ ਭਗਤੀ ਕਰ।’” (ਮੱਤੀ 4:10) ਕੋਈ ਵੀ ਯਿਸੂ ਨੂੰ ਕਿਸੇ ਹੋਰ ਦੇਵਤੇ ਦੀ ਭਗਤੀ ਕਰਨ ਲਈ ਭਰਮਾ ਨਹੀਂ ਸੀ ਸਕਦਾ। ਨਾ ਹੀ ਕੋਈ ਉਸ ਨੂੰ ਤਾਕਤ ਜਾਂ ਸ਼ੌਹਰਤ ਦਾ ਲਾਲਚ ਦੇ ਕੇ ਪਰਮੇਸ਼ੁਰ ਦਾ ਹੁਕਮ ਤੋੜਨ ਲਈ ਬਹਿਕਾ ਸਕਦਾ ਸੀ।
15 ਪਰ ਕੀ ਸ਼ੈਤਾਨ ਨੇ ਹਾਰ ਮੰਨ ਲਈ? ਉਹ ਯਿਸੂ ਦੇ ਕਹਿਣ ਤੇ ਚਲਾ ਤਾਂ ਗਿਆ, ਪਰ ਲੂਕਾ ਦੀ ਕਿਤਾਬ ਦੱਸਦੀ ਹੈ ਕਿ ਸ਼ੈਤਾਨ “ਉਸ ਨੂੰ ਦੁਬਾਰਾ ਪਰਖਣ ਲਈ ਕਿਸੇ ਹੋਰ ਮੌਕੇ ਦੀ ਉਡੀਕ ਕਰਨ ਲੱਗਾ।” (ਲੂਕਾ 4:13) ਯਿਸੂ ਦੀ ਜ਼ਿੰਦਗੀ ਦੇ ਆਖ਼ਰੀ ਪਲਾਂ ਤਕ ਸ਼ੈਤਾਨ ਉਸ ਨੂੰ ਪਰਖਣ ਦੇ ਮੌਕੇ ਲੱਭਦਾ ਰਿਹਾ। ਯਿਸੂ ਨੂੰ “ਹਰ ਤਰ੍ਹਾਂ ਪਰਖਿਆ ਗਿਆ” ਸੀ। (ਇਬਰਾਨੀਆਂ 4:15) ਇਸ ਲਈ ਉਸ ਨੂੰ ਹਮੇਸ਼ਾ ਸਾਵਧਾਨ ਰਹਿਣ ਦੀ ਲੋੜ ਸੀ। ਸਾਨੂੰ ਵੀ ਉਸ ਵਾਂਗ ਹਰ ਵੇਲੇ ਸਾਵਧਾਨ ਰਹਿਣ ਦੀ ਲੋੜ ਹੈ।
16. ਅੱਜ ਸ਼ੈਤਾਨ ਪਰਮੇਸ਼ੁਰ ਦੇ ਸੇਵਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਿਵੇਂ ਕਰਦਾ ਹੈ ਅਤੇ ਅਸੀਂ ਉਸ ਦੇ ਫੰਦੇ ਵਿਚ ਫਸਣ ਤੋਂ ਕਿਵੇਂ ਬਚ ਸਕਦੇ ਹਾਂ?
16 ਅੱਜ ਵੀ ਸ਼ੈਤਾਨ ਪਰਮੇਸ਼ੁਰ ਦੇ ਸੇਵਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਅਸੀਂ ਆਪਣੇ ਪਾਪੀ ਸੁਭਾਅ ਕਾਰਨ ਆਸਾਨੀ ਨਾਲ ਉਸ ਦਾ ਨਿਸ਼ਾਨਾ ਬਣ ਜਾਂਦੇ ਹਾਂ। ਸ਼ੈਤਾਨ ਨੂੰ ਪਤਾ ਹੈ ਕਿ ਇਨਸਾਨ ਖ਼ੁਦਗਰਜ਼, ਘਮੰਡੀ ਅਤੇ ਤਾਕਤ ਦੇ ਭੁੱਖੇ ਹੁੰਦੇ ਹਨ। ਇਸ ਲਈ ਧਨ-ਦੌਲਤ ਦਾ ਲਾਲਚ ਦੇ ਕੇ ਉਹ ਇਨ੍ਹਾਂ ਕਮੀਆਂ-ਕਮਜ਼ੋਰੀਆਂ ਦਾ ਫ਼ਾਇਦਾ ਉਠਾਉਂਦਾ ਹੈ। ਸੋ ਜ਼ਰੂਰੀ ਹੈ ਕਿ ਅਸੀਂ ਸਮੇਂ-ਸਮੇਂ ʼਤੇ ਖ਼ੁਦ ਦੀ ਜਾਂਚ ਕਰੀਏ। ਜ਼ਰਾ 1 ਯੂਹੰਨਾ 2:15-17 ਦੇ ਸ਼ਬਦਾਂ ʼਤੇ ਸੋਚ-ਵਿਚਾਰ ਕਰੋ। ਫਿਰ ਖ਼ੁਦ ਨੂੰ ਪੁੱਛੋ: ‘ਕੀ ਸਰੀਰ ਦੀ ਲਾਲਸਾ, ਦੁਨੀਆਂ ਦੀਆਂ ਚੀਜ਼ਾਂ ਨਾਲ ਪਿਆਰ ਅਤੇ ਆਪਣੀ ਧਨ-ਦੌਲਤ ਦਾ ਦਿਖਾਵਾ ਕਰਨ ਕਰਕੇ ਯਹੋਵਾਹ ਲਈ ਮੇਰਾ ਪਿਆਰ ਕਿਤੇ ਠੰਢਾ ਤਾਂ ਨਹੀਂ ਪੈ ਗਿਆ?’ ਯਾਦ ਰੱਖੋ ਕਿ ਇਸ ਦੁਨੀਆਂ ਅਤੇ ਇਸ ਦੇ ਹਾਕਮ ਸ਼ੈਤਾਨ ਦਾ ਖ਼ਾਤਮਾ ਹੋਣ ਵਾਲਾ ਹੈ। ਸੋ ਆਓ ਅਸੀਂ ਸ਼ੈਤਾਨ ਦੇ ਬਹਿਕਾਵੇ ਵਿਚ ਆ ਕੇ ਪਾਪ ਨਾ ਕਰ ਬੈਠੀਏ! ਆਓ ਅਸੀਂ ਆਪਣੇ ਮਾਲਕ ਯਿਸੂ ਦੀ ਰੀਸ ਕਰੀਏ ਜਿਸ ਨੇ “ਕੋਈ ਪਾਪ ਨਹੀਂ ਕੀਤਾ।”—1 ਪਤਰਸ 2:22.
“ਮੈਂ ਹਮੇਸ਼ਾ ਉਹੀ ਕੰਮ ਕਰਦਾ ਹਾਂ ਜਿਸ ਤੋਂ ਉਹ ਖ਼ੁਸ਼ ਹੁੰਦਾ ਹੈ”
17. ਪਰਮੇਸ਼ੁਰ ਦਾ ਕਹਿਣਾ ਮੰਨਣ ਬਾਰੇ ਯਿਸੂ ਕਿਵੇਂ ਮਹਿਸੂਸ ਕਰਦਾ ਸੀ, ਪਰ ਇਸ ਬਾਰੇ ਕੁਝ ਲੋਕ ਸ਼ਾਇਦ ਕੀ ਕਹਿਣ?
17 ਆਗਿਆਕਾਰ ਹੋਣ ਦਾ ਸਿਰਫ਼ ਇਹ ਮਤਲਬ ਨਹੀਂ ਕਿ ਅਸੀਂ ਪਾਪ ਨਾ ਕਰੀਏ। ਸਾਨੂੰ ਯਿਸੂ ਵਾਂਗ ਪਰਮੇਸ਼ੁਰ ਦੇ ਕਹੇ ਮੁਤਾਬਕ ਸਹੀ ਕੰਮ ਕਰਨ ਦੀ ਵੀ ਲੋੜ ਹੈ। ਯਿਸੂ ਨੇ ਕਿਹਾ: “ਮੈਂ ਹਮੇਸ਼ਾ ਉਹੀ ਕੰਮ ਕਰਦਾ ਹਾਂ ਜਿਸ ਤੋਂ ਉਹ ਖ਼ੁਸ਼ ਹੁੰਦਾ ਹੈ।” (ਯੂਹੰਨਾ 8:29) ਉਸ ਨੂੰ ਪਰਮੇਸ਼ੁਰ ਦਾ ਕਹਿਣਾ ਮੰਨ ਕੇ ਬਹੁਤ ਖ਼ੁਸ਼ੀ ਹੁੰਦੀ ਸੀ। ਪਰ ਸ਼ਾਇਦ ਕੁਝ ਲੋਕ ਕਹਿਣ ਕਿ ਯਿਸੂ ਲਈ ਇੱਦਾਂ ਕਰਨਾ ਆਸਾਨ ਸੀ ਕਿਉਂਕਿ ਉਸ ਨੂੰ ਸਿਰਫ਼ ਯਹੋਵਾਹ ਦਾ ਕਹਿਣਾ ਮੰਨਣ ਦੀ ਲੋੜ ਸੀ, ਜਦ ਕਿ ਸਾਨੂੰ ਅਧਿਕਾਰ ਰੱਖਣ ਵਾਲੇ ਨਾਮੁਕੰਮਲ ਇਨਸਾਨਾਂ ਦਾ ਕਹਿਣਾ ਮੰਨਣਾ ਪੈਂਦਾ ਹੈ। ਪਰ ਸੱਚ ਤਾਂ ਇਹ ਹੈ ਕਿ ਯਿਸੂ ਨੇ ਵੀ ਅਧਿਕਾਰ ਰੱਖਣ ਵਾਲੇ ਨਾਮੁਕੰਮਲ ਇਨਸਾਨਾਂ ਦਾ ਕਹਿਣਾ ਮੰਨਿਆ ਸੀ।
18. ਯਿਸੂ ਨੇ ਨੌਜਵਾਨਾਂ ਲਈ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ?
18 ਜਿੱਦਾਂ-ਜਿੱਦਾਂ ਯਿਸੂ ਵੱਡਾ ਹੁੰਦਾ ਗਿਆ, ਉਹ ਆਪਣੇ ਨਾਮੁਕੰਮਲ ਮਾਤਾ-ਪਿਤਾ ਯੂਸੁਫ਼ ਤੇ ਮਰੀਅਮ ਦੇ ਅਧੀਨ ਰਿਹਾ। ਸ਼ਾਇਦ ਦੂਸਰੇ ਬੱਚਿਆਂ ਨਾਲੋਂ ਉਸ ਨੂੰ ਆਪਣੇ ਮਾਪਿਆਂ ਦੀਆਂ ਗ਼ਲਤੀਆਂ ਜ਼ਿਆਦਾ ਨਜ਼ਰ ਆਈਆਂ ਹੋਣੀਆਂ। ਪਰ ਕੀ ਉਸ ਨੇ ਉਨ੍ਹਾਂ ਦਾ ਕਹਿਣਾ ਮੰਨਣ ਤੋਂ ਇਨਕਾਰ ਕੀਤਾ? ਕੀ ਉਸ ਨੇ ਆਪਣੇ ਮਾਪਿਆਂ ਨੂੰ ਇਹ ਸਮਝਾਇਆ ਕਿ ਉਨ੍ਹਾਂ ਨੂੰ ਆਪਣਾ ਪਰਿਵਾਰ ਕਿਵੇਂ ਚਲਾਉਣਾ ਚਾਹੀਦਾ ਹੈ? ਧਿਆਨ ਦਿਓ ਕਿ 12 ਸਾਲਾਂ ਦੇ ਯਿਸੂ ਬਾਰੇ ਲੂਕਾ 2:51 ਵਿਚ ਕੀ ਕਿਹਾ ਗਿਆ ਹੈ: ‘ਉਹ ਉਨ੍ਹਾਂ ਦੇ ਅਧੀਨ ਰਿਹਾ।’ ਇਸ ਤਰ੍ਹਾਂ ਉਸ ਨੇ ਮਸੀਹੀ ਨੌਜਵਾਨਾਂ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ ਜੋ ਆਪਣੇ ਮਾਪਿਆਂ ਦਾ ਆਦਰ ਕਰਨ ਅਤੇ ਕਹਿਣਾ ਮੰਨਣ ਦੀ ਕੋਸ਼ਿਸ਼ ਕਰਦੇ ਹਨ।—ਅਫ਼ਸੀਆਂ 6:1, 2.
19, 20. (ੳ) ਨਾਮੁਕੰਮਲ ਇਨਸਾਨਾਂ ਦਾ ਹੁਕਮ ਮੰਨਦਿਆਂ ਯਿਸੂ ਨੇ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ? (ਅ) ਸਾਨੂੰ ਬਜ਼ੁਰਗਾਂ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ?
19 ਜਦੋਂ ਗੱਲ ਪਾਪੀ ਇਨਸਾਨਾਂ ਦਾ ਹੁਕਮ ਮੰਨਣ ਦੀ ਆਉਂਦੀ ਹੈ, ਤਾਂ ਯਿਸੂ ਨੇ ਉਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ ਜਿਨ੍ਹਾਂ ਦਾ ਅੱਜ ਸਾਨੂੰ ਸਾਮ੍ਹਣਾ ਨਹੀਂ ਕਰਨਾ ਪੈਂਦਾ। ਉਸ ਸਮੇਂ ਯਹੋਵਾਹ ਦੀ ਭਗਤੀ ਯਰੂਸ਼ਲਮ ਦੇ ਮੰਦਰ ਵਿਚ ਕੀਤੀ ਜਾਂਦੀ ਸੀ ਜਿੱਥੇ ਪੁਜਾਰੀ ਸੇਵਾ ਕਰਦੇ ਸਨ। ਯਹੋਵਾਹ ਵੱਲੋਂ ਕੀਤਾ ਇਹ ਪ੍ਰਬੰਧ ਸਦੀਆਂ ਤੋਂ ਚੱਲਦਾ ਆਇਆ ਸੀ, ਪਰ ਹੁਣ ਇਸ ਦਾ ਆਖ਼ਰੀ ਸਮਾਂ ਆ ਗਿਆ ਸੀ। ਇਸ ਦੀ ਜਗ੍ਹਾ ਯਹੋਵਾਹ ਨੇ ਮਸੀਹੀ ਮੰਡਲੀ ਕਾਇਮ ਕਰਨੀ ਸੀ। (ਮੱਤੀ 23:33-38) ਨਾਲੇ ਯਹੂਦੀ ਧਾਰਮਿਕ ਆਗੂ ਲੋਕਾਂ ਨੂੰ ਯੂਨਾਨੀ ਫ਼ਲਸਫ਼ੇ ਮੁਤਾਬਕ ਝੂਠੀਆਂ ਗੱਲਾਂ ਸਿਖਾ ਰਹੇ ਸਨ। ਮੰਦਰ ਵਿਚ ਇੰਨੇ ਗ਼ਲਤ ਕੰਮ ਹੋ ਰਹੇ ਸਨ ਕਿ ਯਿਸੂ ਨੇ ਇਸ ਨੂੰ “ਲੁਟੇਰਿਆਂ ਦਾ ਅੱਡਾ” ਕਿਹਾ ਸੀ। (ਮਰਕੁਸ 11:17) ਤਾਂ ਫਿਰ, ਕੀ ਯਿਸੂ ਨੇ ਮੰਦਰ ਅਤੇ ਸਭਾ ਘਰਾਂ ਵਿਚ ਜਾਣਾ ਛੱਡ ਦਿੱਤਾ? ਬਿਲਕੁਲ ਨਹੀਂ! ਯਹੋਵਾਹ ਅਜੇ ਵੀ ਇਨ੍ਹਾਂ ਪ੍ਰਬੰਧਾਂ ਨੂੰ ਵਰਤ ਰਿਹਾ ਸੀ। ਇਸ ਲਈ ਜਦ ਤਕ ਯਹੋਵਾਹ ਨੇ ਨਵਾਂ ਪ੍ਰਬੰਧ ਕਾਇਮ ਨਹੀਂ ਕੀਤਾ, ਤਦ ਤਕ ਯਿਸੂ ਯਹੂਦੀ ਤਿਉਹਾਰ ਮਨਾਉਂਦਾ ਰਿਹਾ ਅਤੇ ਸਭਾ ਘਰਾਂ ਨੂੰ ਜਾਂਦਾ ਰਿਹਾ।—ਲੂਕਾ 4:16; ਯੂਹੰਨਾ 5:1.
20 ਜੇ ਯਿਸੂ ਉਨ੍ਹਾਂ ਹਾਲਾਤਾਂ ਵਿਚ ਆਗਿਆਕਾਰ ਰਿਹਾ, ਤਾਂ ਅੱਜ ਸਾਡੇ ਲਈ ਆਗਿਆਕਾਰ ਰਹਿਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ! ਭਵਿੱਖਬਾਣੀ ਮੁਤਾਬਕ ਅੱਜ ਸੱਚੀ ਭਗਤੀ ਨੂੰ ਦੁਬਾਰਾ ਕਾਇਮ ਕੀਤਾ ਗਿਆ ਹੈ। ਪਰਮੇਸ਼ੁਰ ਆਪਣੇ ਲੋਕਾਂ ਨੂੰ ਯਕੀਨ ਦਿਵਾਉਂਦਾ ਹੈ ਕਿ ਸ਼ੈਤਾਨ ਸੱਚੀ ਭਗਤੀ ਨੂੰ ਕਦੇ ਵੀ ਮਿਟਾ ਨਹੀਂ ਸਕੇਗਾ। (ਯਸਾਯਾਹ 2:1, 2; 54:17) ਇਹ ਸੱਚ ਹੈ ਕਿ ਸਾਡੇ ਭੈਣ-ਭਰਾ ਕਦੀ-ਕਦੀ ਗ਼ਲਤੀਆਂ ਕਰਦੇ ਹਨ। ਪਰ ਕੀ ਸਾਨੂੰ ਉਨ੍ਹਾਂ ਦੀਆਂ ਗ਼ਲਤੀਆਂ ਕਰਕੇ ਯਹੋਵਾਹ ਦਾ ਕਹਿਣਾ ਮੰਨਣਾ ਛੱਡ ਦੇਣਾ ਚਾਹੀਦਾ ਹੈ? ਕੀ ਸਾਨੂੰ ਮੀਟਿੰਗਾਂ ਵਿਚ ਜਾਣਾ ਛੱਡ ਦੇਣਾ ਚਾਹੀਦਾ ਹੈ? ਜਾਂ ਕੀ ਸਾਨੂੰ ਬਜ਼ੁਰਗਾਂ ਦੀ ਨੁਕਤਾਚੀਨੀ ਕਰਨੀ ਚਾਹੀਦੀ ਹੈ? ਬਿਲਕੁਲ ਨਹੀਂ! ਆਓ ਅਸੀਂ ਅਜਿਹੇ ਬਹਾਨੇ ਕਦੇ ਨਾ ਬਣਾਈਏ, ਸਗੋਂ ਖ਼ੁਸ਼ੀ-ਖ਼ੁਸ਼ੀ ਬਜ਼ੁਰਗਾਂ ਨਾਲ ਮਿਲ ਕੇ ਕੰਮ ਕਰੀਏ। ਸਾਨੂੰ ਮੀਟਿੰਗਾਂ ਅਤੇ ਸੰਮੇਲਨਾਂ ਵਿਚ ਜਾਂਦੇ ਰਹਿਣਾ ਚਾਹੀਦਾ ਹੈ ਅਤੇ ਬਾਈਬਲ ਵਿੱਚੋਂ ਮਿਲੀ ਸਲਾਹ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਰਹਿਣਾ ਚਾਹੀਦਾ ਹੈ।—ਇਬਰਾਨੀਆਂ 10:24, 25; 13:17.
21. ਜਦੋਂ ਲੋਕ ਯਿਸੂ ਨੂੰ ਪਰਮੇਸ਼ੁਰ ਦਾ ਕਹਿਣਾ ਮੰਨਣ ਤੋਂ ਰੋਕ ਰਹੇ ਸੀ, ਤਾਂ ਉਸ ਨੇ ਕੀ ਕੀਤਾ ਅਤੇ ਸਾਡੇ ਲਈ ਕਿਹੜੀ ਮਿਸਾਲ ਕਾਇਮ ਕੀਤੀ?
21 ਕੋਈ ਵੀ ਯਿਸੂ ਨੂੰ ਯਹੋਵਾਹ ਦਾ ਕਹਿਣਾ ਮੰਨਣ ਤੋਂ ਨਹੀਂ ਰੋਕ ਸਕਿਆ, ਇੱਥੋਂ ਤਕ ਕਿ ਉਸ ਦੇ ਦੋਸਤ ਵੀ ਨਹੀਂ। ਮਿਸਾਲ ਲਈ, ਇਕ ਵਾਰ ਪਤਰਸ ਨੇ ਯਿਸੂ ਨੂੰ ਕਿਹਾ ਕਿ ਉਸ ਨੂੰ ਅਤਿਆਚਾਰ ਸਹਿਣ ਤੇ ਮਰਨ ਦੀ ਕੋਈ ਲੋੜ ਨਹੀਂ ਸੀ। ਹਾਲਾਂਕਿ ਪਤਰਸ ਯਿਸੂ ਦੇ ਭਲੇ ਬਾਰੇ ਸੋਚ ਰਿਹਾ ਸੀ, ਪਰ ਯਿਸੂ ਨੇ ਉਸ ਨੂੰ ਸਖ਼ਤੀ ਨਾਲ ਝਿੜਕਿਆ ਕਿਉਂਕਿ ਪਤਰਸ ਦੀ ਸੋਚ ਗ਼ਲਤ ਸੀ। (ਮੱਤੀ 16:21-23) ਅੱਜ ਸ਼ਾਇਦ ਸਾਡੇ ਰਿਸ਼ਤੇਦਾਰ ਸਾਨੂੰ ਵੀ ਪਰਮੇਸ਼ੁਰ ਦੇ ਕਾਨੂੰਨਾਂ ਅਤੇ ਅਸੂਲਾਂ ʼਤੇ ਚੱਲਣ ਤੋਂ ਰੋਕਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਨੂੰ ਸ਼ਾਇਦ ਲੱਗੇ ਕਿ ਇਸ ਵਿਚ ਹੀ ਸਾਡਾ ਭਲਾ ਹੈ। ਪਰ ਅਸੀਂ ਪਹਿਲੀ ਸਦੀ ਦੇ ਚੇਲਿਆਂ ਵਾਂਗ ਪਰਮੇਸ਼ੁਰ ਨੂੰ ਆਪਣਾ ਰਾਜਾ ਮੰਨਦੇ ਹਾਂ ਜਿਸ ਕਰਕੇ ਸਾਡੇ ਲਈ ‘ਇਨਸਾਨਾਂ ਦੀ ਬਜਾਇ ਉਸ ਦਾ ਹੀ ਹੁਕਮ ਮੰਨਣਾ’ ਜ਼ਰੂਰੀ ਹੈ।—ਰਸੂਲਾਂ ਦੇ ਕੰਮ 5:29.
ਯਿਸੂ ਵਾਂਗ ਆਗਿਆਕਾਰ ਬਣਨ ਦੀਆਂ ਬਰਕਤਾਂ
22. ਯਿਸੂ ਨੇ ਕਿਹੜੇ ਸਵਾਲ ਦਾ ਜਵਾਬ ਦਿੱਤਾ ਅਤੇ ਕਿਵੇਂ?
22 ਜਦੋਂ ਯਿਸੂ ਨੇ ਮੌਤ ਦਾ ਸਾਮ੍ਹਣਾ ਕੀਤਾ, ਤਾਂ ਇਹ ਉਸ ਦੀ ਆਗਿਆਕਾਰੀ ਦਾ ਸਭ ਤੋਂ ਵੱਡਾ ਇਮਤਿਹਾਨ ਸੀ। ਉਸ ਔਖੀ ਘੜੀ ਦੌਰਾਨ ਉਸ ਨੇ ਪੂਰੀ ਤਰ੍ਹਾਂ “ਆਗਿਆਕਾਰੀ ਸਿੱਖੀ।” ਉਸ ਨੇ ਆਪਣੀ ਮਰਜ਼ੀ ਕਰਨ ਦੀ ਬਜਾਇ ਆਪਣੇ ਪਿਤਾ ਦੀ ਮਰਜ਼ੀ ਪੂਰੀ ਕੀਤੀ। (ਲੂਕਾ 22:42) ਇੱਦਾਂ ਉਸ ਨੇ ਵਫ਼ਾਦਾਰੀ ਦੀ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ। (1 ਤਿਮੋਥਿਉਸ 3:16) ਉਸ ਨੇ ਬਹੁਤ ਚਿਰ ਪਹਿਲਾਂ ਸ਼ੈਤਾਨ ਵੱਲੋਂ ਖੜ੍ਹੇ ਕੀਤੇ ਗਏ ਇਸ ਸਵਾਲ ਦਾ ਠੋਸ ਜਵਾਬ ਦਿੱਤਾ: ਕੀ ਇਕ ਮੁਕੰਮਲ ਇਨਸਾਨ ਅਜ਼ਮਾਇਸ਼ਾਂ ਦੌਰਾਨ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਸਕਦਾ ਹੈ? ਆਦਮ ਅਤੇ ਹੱਵਾਹ ਵਫ਼ਾਦਾਰ ਨਹੀਂ ਰਹੇ, ਪਰ ਯਹੋਵਾਹ ਦੇ ਸਭ ਤੋਂ ਮਹਾਨ ਪੁੱਤਰ ਯਿਸੂ ਨੇ ਮਰਦੇ ਦਮ ਤਕ ਵਫ਼ਾਦਾਰ ਰਹਿ ਕੇ ਸ਼ੈਤਾਨ ਨੂੰ ਮੂੰਹ-ਤੋੜ ਜਵਾਬ ਦਿੱਤਾ। ਭਾਵੇਂ ਯਿਸੂ ਨੂੰ ਆਪਣੀ ਜਾਨ ਤੋਂ ਹੀ ਹੱਥ ਕਿਉਂ ਨਾ ਧੋਣੇ ਪਏ, ਉਹ ਫਿਰ ਵੀ ਵਫ਼ਾਦਾਰ ਰਿਹਾ।
23-25. (ੳ) ਮਿਸਾਲ ਦੇ ਕੇ ਸਮਝਾਓ ਕਿ ਆਗਿਆਕਾਰੀ ਦਾ ਵਫ਼ਾਦਾਰੀ ਨਾਲ ਕੀ ਤਅੱਲਕ ਹੈ। (ਅ) ਅਗਲੇ ਅਧਿਆਇ ਵਿਚ ਅਸੀਂ ਕੀ ਸਿੱਖਾਂਗੇ?
23 ਸਾਡੀ ਆਗਿਆਕਾਰੀ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਪੂਰੇ ਦਿਲ ਨਾਲ ਕਰਦੇ ਹਾਂ। ਯਿਸੂ ਨੇ ਪਰਮੇਸ਼ੁਰ ਦਾ ਕਹਿਣਾ ਮੰਨ ਕੇ ਆਪਣੀ ਵਫ਼ਾਦਾਰੀ ਬਣਾਈ ਰੱਖੀ ਜਿਸ ਦਾ ਫ਼ਾਇਦਾ ਸਾਰੇ ਇਨਸਾਨਾਂ ਨੂੰ ਹੋਇਆ ਹੈ। (ਰੋਮੀਆਂ 5:19) ਨਤੀਜੇ ਵਜੋਂ ਯਹੋਵਾਹ ਨੇ ਯਿਸੂ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ। ਜੇ ਅਸੀਂ ਆਪਣੇ ਮਾਲਕ ਯਿਸੂ ਦਾ ਕਹਿਣਾ ਮੰਨਾਂਗੇ, ਤਾਂ ਯਹੋਵਾਹ ਸਾਨੂੰ ਵੀ ਬਰਕਤਾਂ ਦੇਵੇਗਾ। ਜੀ ਹਾਂ, ਸਾਨੂੰ “ਹਮੇਸ਼ਾ ਦੀ ਮੁਕਤੀ” ਮਿਲੇਗੀ।—ਇਬਰਾਨੀਆਂ 5:9.
24 ਬਾਈਬਲ ਕਹਿੰਦੀ ਹੈ: “ਈਮਾਨਦਾਰੀ ਨਾਲ ਚਲਨ ਵਾਲਾ ਮਨੁੱਖ ਸੁਰੱਖਿਅਤ ਰਹਿੰਦਾ ਹੈ।” (ਕਹਾਉਤਾਂ 10:9, CL) ਇਸ ਲਈ ਕਿਹਾ ਜਾ ਸਕਦਾ ਹੈ ਕਿ ਸਾਡੀ ਵਫ਼ਾਦਾਰੀ ਇਕ ਬਰਕਤ ਹੈ। ਜ਼ਰਾ ਇਕ ਆਲੀਸ਼ਾਨ ਹਵੇਲੀ ਬਾਰੇ ਸੋਚੋ ਜੋ ਵਧੀਆ ਇੱਟਾਂ ਨਾਲ ਬਣੀ ਹੋਈ ਹੈ। ਸ਼ਾਇਦ ਸਾਨੂੰ ਲੱਗੇ ਕਿ ਇਕ ਇੱਟ ਆਪਣੇ ਆਪ ਵਿਚ ਕੁਝ ਵੀ ਨਹੀਂ, ਪਰ ਹਰ ਇੱਟ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਸਾਰੀਆਂ ਇੱਟਾਂ ਨੂੰ ਚਿਣ ਕੇ ਹੀ ਇਕ ਸ਼ਾਨਦਾਰ ਇਮਾਰਤ ਬਣਾਈ ਜਾਂਦੀ ਹੈ। ਅਸੀਂ ਆਪਣੀ ਵਫ਼ਾਦਾਰੀ ਦੀ ਤੁਲਨਾ ਹਵੇਲੀ ਨਾਲ ਅਤੇ ਆਪਣੀ ਆਗਿਆਕਾਰੀ ਦੀ ਤੁਲਨਾ ਇੱਟਾਂ ਨਾਲ ਕਰ ਸਕਦੇ ਹਾਂ। ਜਦੋਂ ਅਸੀਂ ਕਿਸੇ ਗੱਲ ਵਿਚ ਯਹੋਵਾਹ ਦਾ ਕਹਿਣਾ ਮੰਨਦੇ ਹਾਂ, ਤਾਂ ਮਾਨੋ ਅਸੀਂ ਆਪਣੀ ਵਫ਼ਾਦਾਰੀ ਦੀ ਹਵੇਲੀ ਵਿਚ ਇਕ ਇੱਟ ਚਿਣਦੇ ਹਾਂ। ਜੇ ਅਸੀਂ ਯਹੋਵਾਹ ਪ੍ਰਤੀ ਆਗਿਆਕਾਰ ਬਣੇ ਰਹਾਂਗੇ, ਤਾਂ ਸਾਡੀ ਵਫ਼ਾਦਾਰੀ ਇਕ ਸੋਹਣੀ ਹਵੇਲੀ ਵਾਂਗ ਨਜ਼ਰ ਆਵੇਗੀ।
25 ਆਗਿਆਕਾਰ ਰਹਿਣ ਲਈ ਇਕ ਹੋਰ ਖ਼ਾਸ ਗੁਣ ਦੀ ਲੋੜ ਹੈ—ਧੀਰਜ। ਅਸੀਂ ਅਗਲੇ ਅਧਿਆਇ ਵਿਚ ਦੇਖਾਂਗੇ ਕਿ ਯਿਸੂ ਨੇ ਧੀਰਜ ਕਿਵੇਂ ਦਿਖਾਇਆ।