ਉੱਨੀਵਾਂ ਅਧਿਆਇ
ਪਰਮੇਸ਼ੁਰ ਦੇ ਭੇਤ ਵਿਚ ਉਸ ਦੀ ਬੁੱਧ
1, 2. ਕਿਸ “ਭੇਤ” ਵਿਚ ਸਾਨੂੰ ਦਿਲਚਸਪੀ ਲੈਣੀ ਚਾਹੀਦੀ ਹੈ ਅਤੇ ਕਿਉਂ?
ਇਨਸਾਨਾਂ ਵਾਸਤੇ ਢਿੱਡ ਵਿਚ ਕੋਈ ਗੱਲ ਰੱਖਣੀ ਬਹੁਤ ਹੀ ਔਖੀ ਹੁੰਦੀ ਹੈ। ਕਿਸੇ ਗੱਲ ਦਾ ਭੇਤ ਸੁਣ ਕੇ ਲੋਕ ਝੱਟ ਉਸ ਨੂੰ ਅੱਗੇ ਦੱਸਣ ਲਈ ਤਿਆਰ ਹੋ ਜਾਂਦੇ ਹਨ। ਪਰ ਬਾਈਬਲ ਵਿਚ ਲਿਖਿਆ ਹੈ ਕਿ “ਪਰਮੇਸ਼ੁਰ ਦੀ ਮਹਿਮਾ ਗੱਲ ਨੂੰ ਗੁਪਤ ਰੱਖਣ ਵਿੱਚ ਹੈ।” (ਕਹਾਉਤਾਂ 25:2) ਜੀ ਹਾਂ, ਅੱਤ ਮਹਾਨ ਹਾਕਮ ਅਤੇ ਸ੍ਰਿਸ਼ਟੀਕਰਤਾ ਹੋਣ ਦੇ ਨਾਤੇ ਯਹੋਵਾਹ ਕੋਲ ਕੁਝ ਗੱਲਾਂ ਉਸ ਸਮੇਂ ਤਕ ਗੁਪਤ ਰੱਖਣ ਦਾ ਹੱਕ ਹੈ ਜਦ ਤਕ ਉਨ੍ਹਾਂ ਦੇ ਪ੍ਰਗਟ ਕਰਨ ਦਾ ਸਮਾਂ ਨਾ ਆਵੇ।
2 ਯਹੋਵਾਹ ਨੇ ਆਪਣੇ ਬਚਨ ਵਿਚ ਇਕ ਭੇਤ ਖੋਲ੍ਹਿਆ ਹੈ ਜਿਸ ਨੂੰ ਜਾਣਨ ਲਈ ਸਾਡੇ ਵਿਚ ਪਿਆਸ ਪੈਦਾ ਹੁੰਦੀ ਹੈ। ਬਾਈਬਲ ਵਿਚ ਇਸ ਨੂੰ ਪਰਮੇਸ਼ੁਰ ਦੀ ‘ਇੱਛਿਆ ਦਾ ਭੇਤ’ ਸੱਦਿਆ ਗਿਆ ਹੈ। (ਅਫ਼ਸੀਆਂ 1:9) ਇਸ ਬਾਰੇ ਸਿੱਖਣ ਨਾਲ ਸਿਰਫ਼ ਤੁਹਾਡੀ ਪਿਆਸ ਹੀ ਨਹੀਂ ਬੁਝੇਗੀ ਪਰ ਇਸ ਭੇਤ ਦਾ ਗਿਆਨ ਤੁਹਾਨੂੰ ਮੁਕਤੀ ਅਤੇ ਯਹੋਵਾਹ ਦੀ ਬੁੱਧ ਦੀ ਗਹਿਰਾਈ ਦੀ ਝਲਕ ਵੀ ਦੇ ਸਕਦਾ ਹੈ।
ਭੇਤ ਹੌਲੀ-ਹੌਲੀ ਖੋਲ੍ਹਿਆ ਗਿਆ
3, 4. ਉਤਪਤ 3:15 ਦੀ ਭਵਿੱਖਬਾਣੀ ਨੇ ਕੀ ਉਮੀਦ ਦਿੱਤੀ ਸੀ ਅਤੇ ਉਸ ਵਿਚ ਕਿਹੜਾ “ਭੇਤ” ਸ਼ਾਮਲ ਸੀ?
3 ਆਦਮ ਅਤੇ ਹੱਵਾਹ ਦੇ ਪਾਪ ਕਰਨ ਤੋਂ ਬਾਅਦ ਇਸ ਤਰ੍ਹਾਂ ਲੱਗਾ ਹੋਣਾ ਕਿ ਯਹੋਵਾਹ ਹੁਣ ਧਰਤੀ ਨੂੰ ਨਾ ਤਾਂ ਫਿਰਦੌਸ ਬਣਾ ਸਕੇਗਾ ਤੇ ਨਾ ਹੀ ਇਸ ਨੂੰ ਮੁਕੰਮਲ ਇਨਸਾਨਾਂ ਨਾਲ ਭਰ ਸਕੇਗਾ। ਪਰ ਪਰਮੇਸ਼ੁਰ ਨੇ ਇਸ ਮਸਲੇ ਦਾ ਫ਼ੌਰਨ ਹੱਲ ਕੱਢਿਆ। ਉਸ ਨੇ ਕਿਹਾ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।”—ਉਤਪਤ 3:15.
4 ਇਹ ਸ਼ਬਦ ਕਈ ਸਦੀਆਂ ਤਕ ਇਕ ਬੁਝਾਰਤ ਬਣੇ ਰਹੇ। ਤੀਵੀਂ ਕੌਣ ਸੀ? ਸੱਪ ਕੌਣ ਸੀ? ਉਹ “ਸੰਤਾਨ” ਕੌਣ ਸੀ ਜਿਸ ਨੇ ਸੱਪ ਦਾ ਸਿਰ ਫੇਹਣਾ ਸੀ? ਆਦਮ ਅਤੇ ਹੱਵਾਹ ਸਿਰਫ਼ ਅਨੁਮਾਨ ਹੀ ਲਾ ਸਕਦੇ ਸਨ। ਖ਼ੈਰ, ਪਰਮੇਸ਼ੁਰ ਦੇ ਇਨ੍ਹਾਂ ਸ਼ਬਦਾਂ ਨੇ ਉਨ੍ਹਾਂ ਦੀ ਵਫ਼ਾਦਾਰ ਔਲਾਦ ਨੂੰ ਭਵਿੱਖ ਲਈ ਉਮੀਦ ਦਿੱਤੀ। ਜਿੱਤ ਤਾਂ ਸੱਚਾਈ ਦੀ ਹੀ ਹੋਣੀ ਸੀ। ਯਹੋਵਾਹ ਦਾ ਮਕਸਦ ਪੂਰਾ ਹੋਣਾ ਹੀ ਸੀ। ਪਰ ਕਿਸ ਤਰ੍ਹਾਂ? ਇਹ ਹੀ ਤਾਂ ਰਾਜ਼ ਦੀ ਗੱਲ ਸੀ! ਬਾਈਬਲ ਵਿਚ ਇਸ ਨੂੰ ‘ਪਰਮੇਸ਼ੁਰ ਦਾ ਭੇਤ ਵਾਲਾ ਗੁਪਤ ਗਿਆਨ’ ਸੱਦਿਆ ਗਿਆ ਹੈ।—1 ਕੁਰਿੰਥੀਆਂ 2:7.
5. ਉਦਾਹਰਣ ਦੇ ਕੇ ਸਮਝਾਓ ਕਿ ਯਹੋਵਾਹ ਨੇ ਆਪਣਾ ਭੇਤ ਹੌਲੀ-ਹੌਲੀ ਕਿਉਂ ਪ੍ਰਗਟ ਕੀਤਾ ਸੀ।
5 ਯਹੋਵਾਹ “ਭੇਤਾਂ ਦੀਆਂ ਗੱਲਾਂ ਪਰਗਟ” ਕਰਨ ਵਾਲਾ ਹੈ ਅਤੇ ਉਹ ਆਪਣੇ ਸਮੇਂ ਤੇ ਇਸ ਭੇਤ ਦੀਆਂ ਸਾਰੀਆਂ ਗੱਲਾਂ ਹੌਲੀ-ਹੌਲੀ ਖੋਲ੍ਹ ਦੇਵੇਗਾ। (ਦਾਨੀਏਲ 2:28) ਮਿਸਾਲ ਲਈ, ਅਸੀਂ ਅਜਿਹੇ ਪਿਤਾ ਬਾਰੇ ਸੋਚ ਸਕਦੇ ਹਾਂ ਜਿਸ ਦਾ ਬੇਟਾ ਆਪਣੇ ਨਿਆਣਪੁਣੇ ਵਿਚ ਉਸ ਨੂੰ ਪੁੱਛਦਾ ਹੈ, ‘ਪਿਤਾ ਜੀ ਮੇਰੀ ਛੋਟੀ ਭੈਣ ਕਿੱਥੋਂ ਆਈ?’ ਉਹ ਪਿਤਾ ਜਾਣਦਾ ਹੈ ਕਿ ਇਸ ਛੋਟੀ ਉਮਰ ਦਾ ਬੱਚਾ ਸਭ ਕੁਝ ਤਾਂ ਨਹੀਂ ਸਮਝੇਗਾ, ਇਸ ਲਈ ਉਹ ਉਸ ਨੂੰ ਉੱਨੀ ਹੀ ਗੱਲ ਦੱਸਦਾ ਹੈ ਜਿੰਨੀ ਉਹ ਸਮਝ ਸਕਦਾ ਹੈ। ਪਰ ਜਿਉਂ-ਜਿਉਂ ਮੁੰਡਾ ਵੱਡਾ ਹੁੰਦਾ ਜਾਂਦਾ ਹੈ, ਉਸ ਦਾ ਪਿਤਾ ਉਸ ਨੂੰ ਹੌਲੀ-ਹੌਲੀ ਹੋਰ ਗੱਲਾਂ ਸਮਝਾਉਂਦਾ ਰਹਿੰਦਾ ਹੈ। ਇਸੇ ਤਰ੍ਹਾਂ ਸਾਡਾ ਪਿਆਰਾ ਪਰਮੇਸ਼ੁਰ ਯਹੋਵਾਹ ਜਾਣਦਾ ਹੈ ਕਿ ਉਸ ਦੇ ਲੋਕ ਉਸ ਦੀ ਮਰਜ਼ੀ ਅਤੇ ਮਕਸਦ ਦੀਆਂ ਗੱਲਾਂ ਸਮਝਣ ਲਈ ਕਿਸ ਸਮੇਂ ਤੇ ਤਿਆਰ ਹੋਣਗੇ।—ਕਹਾਉਤਾਂ 4:18; ਦਾਨੀਏਲ 12:4.
6. (ੳ) ਇਕ ਨੇਮ ਜਾਂ ਇਕਰਾਰਨਾਮੇ ਦਾ ਕੀ ਫ਼ਾਇਦਾ ਹੈ? (ਅ) ਇਹ ਮਾਅਰਕੇ ਦੀ ਗੱਲ ਕਿਉਂ ਹੈ ਕਿ ਯਹੋਵਾਹ ਨੇ ਇਨਸਾਨਾਂ ਦੇ ਨਾਲ ਇਕਰਾਰਨਾਮੇ ਕੀਤੇ ਹਨ?
6 ਯਹੋਵਾਹ ਨੇ ਇਹ ਭੇਤ ਕਿਸ ਤਰ੍ਹਾਂ ਖੋਲ੍ਹਣੇ ਸ਼ੁਰੂ ਕੀਤੇ ਸਨ? ਕਾਫ਼ੀ ਹੱਦ ਤਕ ਉਸ ਨੇ ਨੇਮਾਂ ਯਾਨੀ ਇਕਰਾਰਨਾਮਿਆਂ ਰਾਹੀਂ ਗੱਲਾਂ ਜ਼ਾਹਰ ਕੀਤੀਆਂ ਸਨ। ਤੁਸੀਂ ਸ਼ਾਇਦ ਕਦੇ ਕਿਸੇ ਕਿਸਮ ਦਾ ਇਕਰਾਰਨਾਮਾ ਕੀਤਾ ਹੋਵੇ, ਸ਼ਾਇਦ ਕਿਸ਼ਤਾਂ ਤੇ ਕੋਈ ਚੀਜ਼ ਖ਼ਰੀਦੀ ਹੋਵੇ ਜਾਂ ਪੈਸੇ ਉਧਾਰ ਲਏ ਹੋਣ। ਇਸ ਤਰ੍ਹਾਂ ਦੇ ਇਕਰਾਰਨਾਮੇ ਵਿਚ ਕਾਨੂੰਨੀ ਸ਼ਰਤਾਂ ਲਿਖੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਜ਼ਰੂਰੀ ਹੁੰਦਾ ਹੈ। ਪਰ ਯਹੋਵਾਹ ਨੂੰ ਇਨਸਾਨਾਂ ਨਾਲ ਇਸ ਤਰ੍ਹਾਂ ਦੇ ਨੇਮ ਜਾਂ ਇਕਰਾਰਨਾਮੇ ਕਰਨ ਦੀ ਕੀ ਜ਼ਰੂਰਤ ਸੀ? ਕੀ ਉਸ ਦਾ ਕਹਿਣਾ ਹੀ ਕਾਫ਼ੀ ਨਹੀਂ ਹੈ ਕਿ ਉਹ ਆਪਣੇ ਵਾਅਦੇ ਪੂਰੇ ਕਰੇਗਾ? ਇਹ ਤਾਂ ਹੈ, ਪਰ ਫਿਰ ਵੀ ਕਈ ਵਾਰ ਪਰਮੇਸ਼ੁਰ ਨੇ ਪਿਆਰ ਨਾਲ ਆਪਣੀਆਂ ਕਹੀਆਂ ਗੱਲਾਂ ਤੇ ਕਾਨੂੰਨੀ ਇਕਰਾਰਨਾਮਿਆਂ ਦੀ ਮੋਹਰ ਵੀ ਲਾਈ ਹੈ। ਇਨ੍ਹਾਂ ਪੱਕੇ ਇਕਰਾਰਨਾਮਿਆਂ ਦੀ ਮਦਦ ਨਾਲ ਸਾਨੂੰ ਅਪੂਰਣ ਇਨਸਾਨਾਂ ਨੂੰ ਯਹੋਵਾਹ ਦੇ ਵਾਅਦਿਆਂ ਉੱਤੇ ਭਰੋਸਾ ਰੱਖਣ ਦੇ ਹੋਰ ਵੀ ਕਾਰਨ ਮਿਲਦੇ ਹਨ।—ਇਬਰਾਨੀਆਂ 6:16-18.
ਅਬਰਾਹਾਮ ਨਾਲ ਨੇਮ
7, 8. (ੳ) ਯਹੋਵਾਹ ਨੇ ਅਬਰਾਹਾਮ ਨਾਲ ਕਿਹੜਾ ਨੇਮ ਬੰਨ੍ਹਿਆ ਸੀ ਅਤੇ ਉਸ ਤੋਂ ਪਰਮੇਸ਼ੁਰ ਦੇ ਭੇਤ ਬਾਰੇ ਕੀ ਪਤਾ ਲੱਗਾ? (ਅ) ਯਹੋਵਾਹ ਨੇ ਵਾਅਦਾ ਕੀਤੀ ਹੋਈ ਅੰਸ ਬਾਰੇ ਹੌਲੀ-ਹੌਲੀ ਕੀ ਪ੍ਰਗਟ ਕੀਤਾ ਸੀ?
7 ਆਦਮ ਅਤੇ ਹੱਵਾਹ ਦੇ ਫਿਰਦੌਸ ਵਿੱਚੋਂ ਕੱਢੇ ਜਾਣ ਤੋਂ ਲਗਭਗ ਦੋ ਹਜ਼ਾਰ ਸਾਲ ਬਾਅਦ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕ ਅਬਰਾਹਾਮ ਨੂੰ ਕਿਹਾ: ‘ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਰ ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨੀ ਵਧਾਵਾਂਗਾ। ਅਤੇ ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ।’ (ਉਤਪਤ 22:17, 18) ਇਹ ਸਿਰਫ਼ ਇਕ ਵਾਅਦਾ ਹੀ ਨਹੀਂ ਸੀ। ਯਹੋਵਾਹ ਨੇ ਅਬਰਾਹਾਮ ਨਾਲ ਸੌਂਹ ਖਾ ਕੇ ਕਾਨੂੰਨੀ ਤੌਰ ਤੇ ਇਕ ਪੱਕਾ ਇਕਰਾਰਨਾਮਾ ਵੀ ਕੀਤਾ ਸੀ। (ਉਤਪਤ 17:1, 2; ਇਬਰਾਨੀਆਂ 6:13-15) ਇਹ ਕਿੰਨੇ ਮਾਅਰਕੇ ਦੀ ਗੱਲ ਹੈ ਕਿ ਅੱਤ ਮਹਾਨ ਪਰਮੇਸ਼ੁਰ ਨੇ ਇਨਸਾਨਜਾਤ ਨੂੰ ਬਰਕਤਾਂ ਦੇਣ ਦਾ ਇਕਰਾਰ ਕੀਤਾ ਹੈ!
“ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨੀਂ ਵਧਾਵਾਂਗਾ”
8 ਅਬਰਾਹਾਮ ਨਾਲ ਬੰਨ੍ਹੇ ਗਏ ਨੇਮ ਨੇ ਪ੍ਰਗਟ ਕੀਤਾ ਕਿ ਵਾਅਦਾ ਕੀਤੀ ਗਈ ਅੰਸ ਇਨਸਾਨ ਦਾ ਰੂਪ ਲਵੇਗੀ ਅਤੇ ਉਹ ਅਬਰਾਹਾਮ ਦੀ ਔਲਾਦ ਵਿੱਚੋਂ ਹੋਵੇਗੀ। ਪਰ ਉਹ ਹੋਵੇਗਾ ਕੌਣ? ਸਮੇਂ ਦੇ ਬੀਤਣ ਨਾਲ ਯਹੋਵਾਹ ਨੇ ਪ੍ਰਗਟ ਕੀਤਾ ਕਿ ਅੰਸ ਅਬਰਾਹਾਮ ਦੇ ਬੇਟੇ ਇਸਹਾਕ ਰਾਹੀਂ ਆਵੇਗੀ। ਅੱਗੇ ਇਹ ਦੱਸਿਆ ਗਿਆ ਸੀ ਕਿ ਅੰਸ ਇਸਹਾਕ ਦੇ ਦੋ ਲੜਕਿਆਂ ਵਿੱਚੋਂ ਯਾਕੂਬ ਦੇ ਰਾਹੀਂ ਆਵੇਗੀ। (ਉਤਪਤ 21:12; 28:13, 14) ਬਾਅਦ ਵਿਚ ਯਾਕੂਬ ਨੇ ਆਪਣੇ ਬਾਰਾਂ ਲੜਕਿਆਂ ਵਿੱਚੋਂ ਇਕ ਬਾਰੇ ਕਿਹਾ: “ਯਹੂਦਾਹ ਤੋਂ ਰਾਜ ਡੰਡਾ ਚਲਿਆ ਨਾ ਜਾਵੇਗਾ ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ ਜਦ ਤੀਕ ਸ਼ੀਲੋਹ [ਯਾਨੀ ਵਾਰਸ] ਨਾ ਆਵੇ। ਅਤੇ ਲੋਕਾਂ ਦੀ ਆਗਿਆਕਾਰੀ ਉਸੇ ਦੀ ਹੋਵੇਗੀ।” (ਉਤਪਤ 49:10, ਫੁਟਨੋਟ) ਇਸ ਸਮੇਂ ਪਤਾ ਲੱਗਾ ਕਿ ਅੰਸ ਨੇ ਰਾਜ ਕਰਨਾ ਸੀ ਅਤੇ ਯਹੂਦਾਹ ਦੇ ਗੋਤ ਵਿੱਚੋਂ ਆਉਣਾ ਸੀ!
ਇਸਰਾਏਲ ਨਾਲ ਨੇਮ
9, 10. (ੳ) ਯਹੋਵਾਹ ਨੇ ਇਸਰਾਏਲ ਕੌਮ ਨਾਲ ਕਿਹੜਾ ਨੇਮ ਬੰਨ੍ਹਿਆ ਸੀ ਅਤੇ ਉਸ ਨੇਮ ਨੇ ਉਨ੍ਹਾਂ ਦੀ ਰਾਖੀ ਕਿਸ ਤਰ੍ਹਾਂ ਕੀਤੀ ਸੀ? (ਅ) ਬਿਵਸਥਾ ਨੇ ਕਿਸ ਤਰ੍ਹਾਂ ਸਾਬਤ ਕੀਤਾ ਸੀ ਕਿ ਇਨਸਾਨਜਾਤ ਨੂੰ ਪਾਪ ਤੋਂ ਰਿਹਾ ਕੀਤੇ ਜਾਣ ਦੀ ਜ਼ਰੂਰਤ ਹੈ?
9 ਅਬਰਾਹਾਮ ਨਾਲ ਨੇਮ ਬੰਨ੍ਹਣ ਤੋਂ ਤਕਰੀਬਨ 400 ਸਾਲ ਬਾਅਦ (1513 ਸਾ.ਯੁ.ਪੂ.) ਯਹੋਵਾਹ ਨੇ ਇਸ ਭੇਤ ਦੀਆਂ ਹੋਰ ਗੱਲਾਂ ਪ੍ਰਗਟ ਕਰਨ ਦਾ ਇਕ ਬੰਦੋਬਸਤ ਕੀਤਾ। ਉਸ ਨੇ ਅਬਰਾਹਾਮ ਦੀ ਆਲ-ਔਲਾਦ ਯਾਨੀ ਇਸਰਾਏਲ ਕੌਮ ਨਾਲ ਨੇਮ ਬੰਨ੍ਹਿਆ। ਭਾਵੇਂ ਮੂਸਾ ਦੀ ਬਿਵਸਥਾ ਦਾ ਇਹ ਨੇਮ ਅੱਜ ਲਾਗੂ ਨਹੀਂ ਹੁੰਦਾ, ਫਿਰ ਵੀ ਇਹ ਪਰਮੇਸ਼ੁਰ ਦੇ ਮਕਸਦ ਮੁਤਾਬਕ ਵਾਅਦਾ ਕੀਤੀ ਗਈ ਅੰਸ ਦੇ ਪ੍ਰਗਟ ਹੋਣ ਲਈ ਜ਼ਰੂਰੀ ਸੀ। ਕਿਸ ਤਰ੍ਹਾਂ? ਤਿੰਨ ਗੱਲਾਂ ਉੱਤੇ ਗੌਰ ਕਰੋ। ਪਹਿਲੀ ਗੱਲ, ਇਹ ਨੇਮ ਰੱਖਿਆ ਕਰਨ ਵਾਲੀ ਇਕ ਕੰਧ ਵਾਂਗ ਸੀ। (ਅਫ਼ਸੀਆਂ 2:14) ਇਸ ਦੇ ਧਰਮੀ ਕਾਨੂੰਨ ਯਹੂਦੀਆਂ ਨੂੰ ਗ਼ੈਰ-ਯਹੂਦੀਆਂ ਤੋਂ ਅਲੱਗ ਰੱਖਦੇ ਸਨ। ਇਸ ਤਰ੍ਹਾਂ ਬਿਵਸਥਾ ਰਾਹੀਂ ਵਾਅਦਾ ਕੀਤੀ ਹੋਈ ਅੰਸ ਦੀ ਵੰਸ਼ਾਵਲੀ ਦੀ ਰੱਖਿਆ ਹੋਈ। ਇਸ ਰੱਖਿਆ ਸਦਕਾ ਉਹ ਕੌਮ ਉਸ ਸਮੇਂ ਤਕ ਬਚੀ ਰਹੀ ਜਦੋਂ ਯਹੂਦਾਹ ਦੇ ਗੋਤ ਵਿੱਚੋਂ ਮਸੀਹਾ ਦੇ ਆਉਣ ਦਾ ਵੇਲਾ ਆਇਆ।
10 ਦੂਜੀ ਗੱਲ, ਬਿਵਸਥਾ ਨੇ ਚੰਗੀ ਤਰ੍ਹਾਂ ਸਾਬਤ ਕੀਤਾ ਕਿ ਇਨਸਾਨਜਾਤ ਨੂੰ ਪਾਪ ਤੋਂ ਰਿਹਾ ਕੀਤੇ ਜਾਣ ਦੀ ਜ਼ਰੂਰਤ ਹੈ। ਬਿਵਸਥਾ ਬਿਲਕੁਲ ਮੁਕੰਮਲ ਸੀ ਅਤੇ ਪਾਪੀ ਇਨਸਾਨ ਉਸ ਵਿਚ ਦਿੱਤੇ ਕਾਨੂੰਨਾਂ ਉੱਤੇ ਪੂਰੀ ਤਰ੍ਹਾਂ ਨਹੀਂ ਚੱਲ ਸਕਦੇ ਸਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਬਿਵਸਥਾ ‘ਅਪਰਾਧਾਂ ਨੂੰ ਪ੍ਰਗਟ ਕਰਨ ਵਾਸਤੇ ਸੀ ਕਿ ਜਿੰਨਾ ਚਿਰ ਉਹ ਅੰਸ ਜਿਹ ਨੂੰ ਬਚਨ ਦਿੱਤਾ ਹੋਇਆ ਹੈ ਨਾ ਆਵੇ ਉਹ ਬਣੀ ਰਹੇ।’ (ਗਲਾਤੀਆਂ 3:19) ਬਿਵਸਥਾ ਵਿਚ ਇਹ ਪ੍ਰਬੰਧ ਕੀਤਾ ਗਿਆ ਸੀ ਜਿਸ ਰਾਹੀਂ ਇਸਰਾਏਲੀ ਜਾਨਵਰਾਂ ਦੀਆਂ ਬਲੀਆਂ ਦੇ ਕੇ ਕੁਝ ਹੱਦ ਤਕ ਆਪਣੇ ਪਾਪਾਂ ਦਾ ਪ੍ਰਾਸਚਿਤ ਕਰ ਸਕਦੇ ਸਨ। ਪੌਲੁਸ ਰਸੂਲ ਨੇ ਲਿਖਿਆ ਸੀ ਕਿ ਇਹ “ਅਣਹੋਣਾ ਹੈ ਭਈ ਵਹਿੜਕਿਆਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ,” ਇਸ ਲਈ ਇਹ ਬਲੀਦਾਨ ਤਾਂ ਯਿਸੂ ਦੇ ਬਲੀਦਾਨ ਦਾ ਪਰਛਾਵਾਂ ਹੀ ਸਨ। (ਇਬਰਾਨੀਆਂ 10:1-4) ਵਫ਼ਾਦਾਰ ਯਹੂਦੀਆਂ ਵਾਸਤੇ ਉਹ ਸ਼ਰਾ ਜਾਂ ਬਿਵਸਥਾ ‘ਮਸੀਹ ਦੇ ਆਉਣ ਤੀਕੁਰ ਨਿਗਾਹਬਾਨ ਬਣੀ।’—ਗਲਾਤੀਆਂ 3:24.
11. ਬਿਵਸਥਾ ਨੇਮ ਨੇ ਇਸਰਾਏਲ ਕੌਮ ਮੋਹਰੇ ਕਿਹੜਾ ਸੁਨਹਿਰਾ ਭਵਿੱਖ ਰੱਖਿਆ ਸੀ, ਪਰ ਇਕ ਕੌਮ ਵਜੋਂ ਉਨ੍ਹਾਂ ਨੇ ਇਸ ਵਿਚ ਹਿੱਸਾ ਲੈਣ ਦਾ ਮੌਕਾ ਕਿਸ ਤਰ੍ਹਾਂ ਗੁਆਇਆ ਸੀ?
11 ਤੀਜੀ ਗੱਲ, ਉਸ ਨੇਮ ਨੇ ਇਸਰਾਏਲ ਕੌਮ ਮੋਹਰੇ ਇਕ ਸੁਨਹਿਰਾ ਭਵਿੱਖ ਰੱਖਿਆ ਸੀ। ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਉਹ ਨੇਮ ਪ੍ਰਤੀ ਵਫ਼ਾਦਾਰ ਰਹੇ, ਤਾਂ ਉਹ “ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ” ਬਣਨਗੇ। (ਕੂਚ 19:5, 6) ਜਾਜਕਾਂ ਦੀ ਇਸ ਸਵਰਗੀ ਬਾਦਸ਼ਾਹੀ ਦੇ ਪਹਿਲੇ ਮੈਂਬਰ ਇਸਰਾਏਲ ਕੌਮ ਵਿੱਚੋਂ ਸਨ। ਪਰ ਇਕ ਕੌਮ ਵਜੋਂ ਇਸਰਾਏਲੀਆਂ ਨੇ ਉਸ ਨੇਮ ਨੂੰ ਤੋੜਿਆ ਤੇ ਵਾਅਦਾ ਕੀਤੀ ਹੋਈ ਅੰਸ ਨੂੰ ਰੱਦ ਕੀਤਾ ਜਿਸ ਕਰਕੇ ਉਹ ਸਵਰਗੀ ਰਾਜ ਵਿਚ ਹਿੱਸਾ ਲੈਣ ਦਾ ਮੌਕਾ ਗੁਆ ਬੈਠੇ। ਫਿਰ ਰਾਜ ਕਰਨ ਵਾਲੇ ਜਾਜਕਾਂ ਦੀ ਗਿਣਤੀ ਕਿਸ ਤਰ੍ਹਾਂ ਪੂਰੀ ਹੋਣੀ ਸੀ? ਉਸ ਪਵਿੱਤਰ ਕੌਮ ਦਾ ਵਾਅਦਾ ਕੀਤੀ ਹੋਈ ਅੰਸ ਨਾਲ ਕੀ ਸੰਬੰਧ ਹੋਣਾ ਸੀ? ਪਰਮੇਸ਼ੁਰ ਨੇ ਵੇਲੇ ਸਿਰ ਭੇਤ ਦੀਆਂ ਇਹ ਸਾਰੀਆਂ ਗੱਲਾਂ ਵੀ ਪ੍ਰਗਟ ਕਰਨੀਆਂ ਸਨ।
ਦਾਊਦ ਨਾਲ ਰਾਜ ਦਾ ਨੇਮ
12. ਯਹੋਵਾਹ ਨੇ ਦਾਊਦ ਨਾਲ ਕਿਹੜਾ ਨੇਮ ਬੰਨ੍ਹਿਆ ਸੀ ਅਤੇ ਉਸ ਨੇਮ ਤੋਂ ਭੇਤ ਬਾਰੇ ਹੋਰ ਕਿਹੜੀ ਜਾਣਕਾਰੀ ਮਿਲੀ ਸੀ?
12 ਇਸਰਾਏਲ ਨਾਲ ਨੇਮ ਬੰਨ੍ਹਣ ਤੋਂ ਕੁਝ 500 ਸਾਲ ਬਾਅਦ ਯਹੋਵਾਹ ਨੇ ਇਕ ਹੋਰ ਨੇਮ ਬੰਨ੍ਹਿਆ ਸੀ ਜਿਸ ਰਾਹੀਂ ਭੇਤ ਬਾਰੇ ਹੋਰ ਜਾਣਕਾਰੀ ਮਿਲੀ। ਉਸ ਨੇ ਵਫ਼ਾਦਾਰ ਰਾਜੇ ਦਾਊਦ ਨਾਲ ਵਾਅਦਾ ਕੀਤਾ: “ਤੇਰੇ ਪਿੱਛੋਂ ਤੇਰੀ ਸੰਤਾਨ ਨੂੰ . . . ਖਲ੍ਹਿਆਰਾਂਗਾ ਅਤੇ ਉਹ ਦੇ ਰਾਜ ਨੂੰ ਪੱਕਾ ਕਰਾਂਗਾ। . . . ਮੈਂ ਉਸ ਦੇ ਰਾਜ ਦੀ ਗੱਦੀ ਨੂੰ ਸਦੀਪਕ ਤੋੜੀ ਟਿਕਾਈ ਰੱਖਾਂਗਾ।” (2 ਸਮੂਏਲ 7:12, 13; ਜ਼ਬੂਰਾਂ ਦੀ ਪੋਥੀ 89:3) ਇਸ ਸਮੇਂ ਤੇ ਦੱਸਿਆ ਗਿਆ ਸੀ ਕਿ ਵਾਅਦਾ ਕੀਤੀ ਗਈ ਅੰਸ ਦਾਊਦ ਦੇ ਖ਼ਾਨਦਾਨ ਵਿੱਚੋਂ ਆਵੇਗੀ। ਪਰ ਕੀ ਇੱਥੇ ਕਿਸੇ ਮਾਮੂਲੀ ਇਨਸਾਨ ਬਾਰੇ ਗੱਲ ਕੀਤੀ ਗਈ ਸੀ ਜਿਸ ਨੇ “ਅੰਤਕਾਲ ਤੀਕ” ਰਾਜ ਕਰਨਾ ਸੀ? (ਜ਼ਬੂਰਾਂ ਦੀ ਪੋਥੀ 89:20, 29, 34-36) ਕੀ ਕੋਈ ਮਾਨਵੀ ਰਾਜਾ ਇਨਸਾਨਜਾਤ ਨੂੰ ਪਾਪ ਅਤੇ ਮੌਤ ਤੋਂ ਛੁਡਾ ਸਕਦਾ ਸੀ?
13, 14. (ੳ) ਜ਼ਬੂਰਾਂ ਦੀ ਪੋਥੀ 110 ਵਿਚ ਯਹੋਵਾਹ ਨੇ ਆਪਣੇ ਨਿਯੁਕਤ ਕੀਤੇ ਗਏ ਰਾਜੇ ਨਾਲ ਕਿਹੜਾ ਵਾਅਦਾ ਕੀਤਾ ਸੀ? (ਅ) ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਵਾਅਦਾ ਕੀਤੀ ਗਈ ਅੰਸ ਬਾਰੇ ਹੋਰ ਕਿਹੜੇ ਰਾਜ਼ ਪ੍ਰਗਟ ਕੀਤੇ ਸਨ?
13 ਪਵਿੱਤਰ ਆਤਮਾ ਦੇ ਅਧੀਨ ਦਾਊਦ ਨੇ ਲਿਖਿਆ: “ਯਹੋਵਾਹ ਦਾ ਮੇਰੇ ਪ੍ਰਭੁ ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੀਕੁਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ। ਯਹੋਵਾਹ ਨੇ ਸੌਂਹ ਖਾਧੀ ਅਤੇ ਉਹ ਨਹੀਂ ਮੁਕਰੇਗਾ, ਤੂੰ ਮਲਕਿ-ਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੀਕ ਦਾ ਜਾਜਕ ਹੈਂ।” (ਜ਼ਬੂਰਾਂ ਦੀ ਪੋਥੀ 110:1, 4) ਦਾਊਦ ਦੀ ਇਹ ਗੱਲ ਵਾਅਦਾ ਕੀਤੀ ਗਈ ਅੰਸ ਯਾਨੀ ਮਸੀਹਾ ਉੱਤੇ ਐਨ ਲਾਗੂ ਹੁੰਦੀ ਹੈ। (ਰਸੂਲਾਂ ਦੇ ਕਰਤੱਬ 2:35, 36) ਰਾਜੇ ਨੇ ਯਰੂਸ਼ਲਮ ਤੋਂ ਨਹੀਂ ਸਗੋਂ ਯਹੋਵਾਹ ਦੇ “ਸੱਜੇ ਪਾਸੇ” ਬੈਠ ਕੇ ਸਵਰਗੋਂ ਰਾਜ ਕਰਨਾ ਸੀ। ਇਸ ਤਰ੍ਹਾਂ ਉਸ ਕੋਲ ਸਿਰਫ਼ ਇਸਰਾਏਲ ਉੱਤੇ ਹੀ ਨਹੀਂ, ਸਗੋਂ ਪੂਰੀ ਧਰਤੀ ਉੱਤੇ ਅਧਿਕਾਰ ਹੋਣਾ ਸੀ। (ਜ਼ਬੂਰਾਂ ਦੀ ਪੋਥੀ 2:6-8) ਇੱਥੇ ਇਕ ਹੋਰ ਵੀ ਗੱਲ ਪ੍ਰਗਟ ਕੀਤੀ ਗਈ ਸੀ। ਨੋਟ ਕਰੋ ਕਿ ਯਹੋਵਾਹ ਨੇ ਸਹੁੰ ਖਾਧੀ ਸੀ ਕਿ ਮਸੀਹਾ ‘ਮਲਕਿ-ਸਿਦਕ ਦੀ ਪਦਵੀ ਦੇ ਅਨੁਸਾਰ ਜਾਜਕ’ ਹੋਵੇਗਾ। ਅਬਰਾਹਾਮ ਦੇ ਜ਼ਮਾਨੇ ਵਿਚ ਮਲਕਿ-ਸਿਦਕ ਰਾਜਾ ਤੇ ਜਾਜਕ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਇਸ ਵਾਅਦਾ ਕੀਤੀ ਹੋਈ ਅੰਸ ਨੂੰ ਉਸੇ ਵਾਂਗ ਇਕ ਰਾਜੇ ਅਤੇ ਇਕ ਜਾਜਕ ਵਜੋਂ ਸੇਵਾ ਕਰਨ ਲਈ ਨਿਯੁਕਤ ਕਰਨਾ ਸੀ।—ਉਤਪਤ 14:17-20.
14 ਸਮੇਂ ਦੇ ਬੀਤਣ ਨਾਲ ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਆਪਣੇ ਭੇਤ ਬਾਰੇ ਹੋਰ ਗੱਲਾਂ ਪ੍ਰਗਟ ਕੀਤੀਆਂ ਸਨ। ਮਿਸਾਲ ਲਈ, ਯਸਾਯਾਹ ਨੇ ਦੱਸਿਆ ਸੀ ਕਿ ਅੰਸ ਆਪਣੀ ਜਾਨ ਦੀ ਕੁਰਬਾਨੀ ਦੇਵੇਗੀ। (ਯਸਾਯਾਹ 53:3-12) ਮੀਕਾਹ ਨੇ ਉਸ ਦੇ ਜਨਮ ਦੀ ਜਗ੍ਹਾ ਦੱਸੀ ਸੀ। (ਮੀਕਾਹ 5:2) ਦਾਨੀਏਲ ਨੇ ਅੰਸ ਦੇ ਆਉਣ ਦਾ ਅਤੇ ਉਸ ਦੀ ਮੌਤ ਦਾ ਸਮਾਂ ਦੱਸਿਆ ਸੀ।—ਦਾਨੀਏਲ 9:24-27.
ਭੇਤ ਖੁੱਲ੍ਹ ਗਿਆ!
15, 16. (ੳ) ਯਹੋਵਾਹ ਦਾ ਪੁੱਤਰ ਤੀਵੀਂ ਤੋਂ ਕਿਵੇਂ ਜੰਮਿਆ ਸੀ? (ਅ) ਯਿਸੂ ਨੇ ਆਪਣੇ ਇਨਸਾਨੀ ਮਾਪਿਆਂ ਤੋਂ ਵਿਰਸੇ ਵਿਚ ਕੀ ਪਾਇਆ ਸੀ ਅਤੇ ਵਾਅਦਾ ਕੀਤੀ ਗਈ ਅੰਸ ਵਜੋਂ ਉਹ ਕਦੋਂ ਆਇਆ ਸੀ?
15 ਅੰਸ ਦੇ ਆਉਣ ਤਕ ਇਹ ਨਹੀਂ ਪਤਾ ਸੀ ਕਿ ਇਹ ਭਵਿੱਖਬਾਣੀਆਂ ਕਿਸ ਤਰ੍ਹਾਂ ਪੂਰੀਆਂ ਹੋਣਗੀਆਂ। ਗਲਾਤੀਆਂ 4:4 ਵਿਚ ਦੱਸਿਆ ਗਿਆ ਹੈ ਕਿ “ਜਾਂ ਸਮਾ ਪੂਰਾ ਹੋਇਆ ਤਾਂ ਪਰਮੇਸ਼ੁਰ ਨੇ ਆਪਣੇ ਪੁੱਤ੍ਰ ਨੂੰ ਘੱਲਿਆ ਜਿਹੜਾ ਤੀਵੀਂ ਤੋਂ ਜੰਮਿਆ।” ਸੰਨ 2 ਸਾ.ਯੁ.ਪੂ. ਵਿਚ ਇਕ ਦੂਤ ਨੇ ਮਰਿਯਮ ਨਾਂ ਦੀ ਕੁਆਰੀ ਯਹੂਦਣ ਨੂੰ ਕਿਹਾ: “ਵੇਖ ਤੂੰ ਗਰਭਵੰਤੀ ਹੋਵੇਂਗੀ ਅਰ ਪੁੱਤ੍ਰ ਜਣੇਂਗੀ ਅਤੇ ਉਹ ਦਾ ਨਾਮ ਯਿਸੂ ਰੱਖਣਾ। ਉਹ ਮਹਾਨ ਹੋਵੇਗਾ, ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ, ਅਤੇ ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ। . . . ਪਵਿੱਤ੍ਰ ਆਤਮਾ ਤੇਰੇ ਉੱਪਰ ਆਵੇਗਾ ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ।”—ਲੂਕਾ 1:31, 32, 35.
16 ਇਸ ਤੋਂ ਬਾਅਦ ਯਹੋਵਾਹ ਨੇ ਸਵਰਗ ਵਿਚ ਰਹਿੰਦੇ ਆਪਣੇ ਪੁੱਤਰ ਦੀ ਜਾਨ ਮਰਿਯਮ ਦੀ ਕੁੱਖ ਵਿਚ ਪਾ ਦਿੱਤੀ ਅਤੇ ਇਸ ਤਰ੍ਹਾਂ ਉਹ ਤੀਵੀਂ ਤੋਂ ਜੰਮਿਆ। ਅਪੂਰਣ ਮਰਿਯਮ ਦੀ ਕੁੱਖੋਂ ਪੈਦਾ ਹੋਣ ਦੇ ਬਾਵਜੂਦ ਵੀ ਯਿਸੂ ਸੰਪੂਰਣ ਪੈਦਾ ਹੋਇਆ ਸੀ ਕਿਉਂਕਿ ਉਹ “ਪਰਮੇਸ਼ੁਰ ਦਾ ਪੁੱਤ੍ਰ” ਸੀ। ਇਸ ਦੇ ਨਾਲ-ਨਾਲ ਯਿਸੂ ਦੇ ਇਨਸਾਨੀ ਮਾਪੇ ਦਾਊਦ ਦੇ ਖ਼ਾਨਦਾਨ ਵਿੱਚੋਂ ਸਨ ਜਿਸ ਕਰਕੇ ਯਿਸੂ ਕੋਲ ਦਾਊਦ ਦਾ ਵਾਰਸ ਬਣਨ ਦੇ ਕਾਨੂੰਨੀ ਅਤੇ ਕੁਦਰਤੀ ਹੱਕ ਸਨ। (ਰਸੂਲਾਂ ਦੇ ਕਰਤੱਬ 13:22, 23) ਸੰਨ 29 ਵਿਚ ਯਿਸੂ ਦੇ ਬਪਤਿਸਮੇ ਦੇ ਸਮੇਂ ਯਹੋਵਾਹ ਨੇ ਉਸ ਨੂੰ ਪਵਿੱਤਰ ਆਤਮਾ ਨਾਲ ਮਸਹ ਕਰ ਕੇ ਕਿਹਾ: “ਇਹ ਮੇਰਾ ਪਿਆਰਾ ਪੁੱਤ੍ਰ ਹੈ।” (ਮੱਤੀ 3:16, 17) ਆਖ਼ਰ, ਅੰਸ ਦੇ ਆਉਣ ਦਾ ਸਮਾਂ ਆ ਹੀ ਗਿਆ ਸੀ! (ਗਲਾਤੀਆਂ 3:16) ਹੁਣ ਪਰਮੇਸ਼ੁਰ ਦੇ ਭੇਤ ਬਾਰੇ ਹੋਰ ਗੱਲਾਂ ਪ੍ਰਗਟ ਕਰਨ ਦਾ ਸਮਾਂ ਸੀ।—2 ਤਿਮੋਥਿਉਸ 1:10.
17. ਉਤਪਤ 3:15 ਦੀ ਬੁਝਾਰਤ ਤੇ ਰੌਸ਼ਨੀ ਕਿਸ ਤਰ੍ਹਾਂ ਪਾਈ ਗਈ ਸੀ?
17 ਯਿਸੂ ਨੇ ਆਪਣੀ ਸੇਵਕਾਈ ਦੌਰਾਨ ਪ੍ਰਗਟ ਕੀਤਾ ਕਿ ਉਤਪਤ 3:15 ਦਾ ਸੱਪ ਸ਼ਤਾਨ ਹੈ ਅਤੇ ਸੱਪ ਦੀ ਸੰਤਾਨ ਸ਼ਤਾਨ ਦੇ ਚੇਲੇ ਹਨ। (ਮੱਤੀ 23:33; ਯੂਹੰਨਾ 8:44) ਇਸ ਤੋਂ ਬਾਅਦ ਪ੍ਰਗਟ ਕੀਤਾ ਗਿਆ ਸੀ ਕਿ ਇਨ੍ਹਾਂ ਸਾਰਿਆਂ ਨੂੰ ਹਮੇਸ਼ਾ ਵਾਸਤੇ ਕੁਚਲਿਆ ਜਾਵੇਗਾ। (ਪਰਕਾਸ਼ ਦੀ ਪੋਥੀ 20:1-3, 10, 15) ਇਹ ਵੀ ਦੱਸਿਆ ਗਿਆ ਸੀ ਕਿ ਤੀਵੀਂ ‘ਉਤਾਹਾਂ ਦਾ ਯਰੂਸ਼ਲਮ’ ਹੈ ਯਾਨੀ ਦੂਤਾਂ ਦੀ ਬਣੀ ਹੋਈ ਯਹੋਵਾਹ ਦੀ ਸਵਰਗੀ ਸੰਸਥਾ। ਬਾਈਬਲ ਵਿਚ ਇਸ ਸੰਸਥਾ ਨੂੰ ਯਹੋਵਾਹ ਦੀ ਪਤਨੀ ਕਿਹਾ ਗਿਆ ਹੈ।a—ਗਲਾਤੀਆਂ 4:26; ਪਰਕਾਸ਼ ਦੀ ਪੋਥੀ 12:1-6.
ਨਵਾਂ ਨੇਮ
18. ‘ਨਵੇਂ ਨੇਮ’ ਦਾ ਮਕਸਦ ਕੀ ਹੈ?
18 ਭੇਤ ਦੀ ਸਭ ਤੋਂ ਵੱਡੀ ਗੱਲ ਯਿਸੂ ਦੀ ਧਰਤੀ ਉੱਤੇ ਆਖ਼ਰੀ ਰਾਤ ਨੂੰ ਪ੍ਰਗਟ ਹੋਈ ਸੀ ਜਦ ਉਸ ਨੇ ਆਪਣੇ ਵਫ਼ਾਦਾਰ ਚੇਲਿਆਂ ਨੂੰ ‘ਨਵੇਂ ਨੇਮ’ ਬਾਰੇ ਦੱਸਿਆ ਸੀ। (ਲੂਕਾ 22:20) ਪਹਿਲੇ ਨੇਮ ਯਾਨੀ ਮੂਸਾ ਦੀ ਬਿਵਸਥਾ ਦੇ ਨੇਮ ਵਾਂਗ ਇਸ ਨਵੇਂ ਨੇਮ ਨੇ ਵੀ “ਜਾਜਕਾਂ ਦੀ ਬਾਦਸ਼ਾਹੀ” ਪੈਦਾ ਕਰਨੀ ਸੀ। (ਕੂਚ 19:6; 1 ਪਤਰਸ 2:9) ਪਰ ਇਸ ਨਵੇਂ ਨੇਮ ਨੇ ਜ਼ਮੀਨੀ ਕੌਮ ਸਥਾਪਿਤ ਕਰਨ ਦੀ ਬਜਾਇ ਰੂਹਾਨੀ ਕੌਮ ਸਥਾਪਿਤ ਕਰਨੀ ਸੀ। ਇਹ ਕੌਮ ‘ਪਰਮੇਸ਼ੁਰ ਦਾ ਇਸਰਾਏਲ’ ਹੈ ਜੋ ਯਿਸੂ ਦੇ ਮਸਹ ਕੀਤੇ ਹੋਏ ਵਫ਼ਾਦਾਰ ਚੇਲਿਆਂ ਦੀ ਬਣੀ ਹੋਈ ਹੈ। (ਗਲਾਤੀਆਂ 6:16) ਯਿਸੂ ਨੇ ਨਵੇਂ ਨੇਮ ਦੇ ਇਨ੍ਹਾਂ ਮੈਂਬਰਾਂ ਨਾਲ ਮਿਲ ਕੇ ਸਾਰੀ ਇਨਸਾਨਜਾਤ ਨੂੰ ਬਰਕਤਾਂ ਦੇਣੀਆਂ ਹਨ।
19. (ੳ) ਨਵਾਂ ਨੇਮ “ਜਾਜਕਾਂ ਦੀ ਬਾਦਸ਼ਾਹੀ” ਪੈਦਾ ਕਰਨ ਵਿਚ ਕਾਮਯਾਬ ਕਿਉਂ ਹੋ ਰਿਹਾ ਹੈ? (ਅ) ਆਤਮਾ ਤੋਂ ਜੰਮੇ ਮਸੀਹੀਆਂ ਨੂੰ “ਨਵੀਂ ਸਰਿਸ਼ਟ” ਕਿਉਂ ਸੱਦਿਆ ਗਿਆ ਹੈ ਅਤੇ ਮਸੀਹ ਨਾਲ ਸਵਰਗ ਵਿਚ ਕਿੰਨੇ ਜਣੇ ਰਾਜ ਕਰਨਗੇ?
19 ਪਰ ਨਵਾਂ ਨੇਮ “ਜਾਜਕਾਂ ਦੀ ਬਾਦਸ਼ਾਹੀ” ਪੈਦਾ ਕਰਨ ਵਿਚ ਕਾਮਯਾਬ ਕਿਉਂ ਹੋ ਰਿਹਾ ਹੈ? ਕਿਉਂਕਿ ਇਹ ਮਸੀਹ ਦੇ ਚੇਲਿਆਂ ਨੂੰ ਪਾਪੀਆਂ ਵਜੋਂ ਦੋਸ਼ੀ ਨਹੀਂ ਠਹਿਰਾਉਂਦਾ। ਇਸ ਦੀ ਬਜਾਇ ਇਹ ਨੇਮ ਮਸੀਹ ਦੇ ਬਲੀਦਾਨ ਦੇ ਜ਼ਰੀਏ ਉਨ੍ਹਾਂ ਦੇ ਪਾਪਾਂ ਦੀ ਮਾਫ਼ੀ ਦਾ ਇੰਤਜ਼ਾਮ ਕਰਦਾ ਹੈ। (ਯਿਰਮਿਯਾਹ 31:31-34) ਯਹੋਵਾਹ ਮੋਹਰੇ ਸ਼ੁੱਧ ਖੜ੍ਹੇ ਹੋਣ ਤੋਂ ਬਾਅਦ ਉਹ ਉਨ੍ਹਾਂ ਨੂੰ ਪਵਿੱਤਰ ਆਤਮਾ ਦੇ ਜ਼ਰੀਏ ਲੇਪਾਲਕ ਪੁੱਤਰਾਂ ਵਜੋਂ ਆਪਣੇ ਸਵਰਗੀ ਪਰਿਵਾਰ ਦੇ ਮੈਂਬਰ ਬਣਾਉਂਦਾ ਹੈ। (ਰੋਮੀਆਂ 8:15-17; 2 ਕੁਰਿੰਥੀਆਂ 1:21) ਇਸ ਤਰ੍ਹਾਂ ਉਹ “ਜੀਉਂਦੀ ਆਸ ਲਈ ਨਵੇਂ ਸਿਰਿਓਂ ਜਨਮ” ਲੈਂਦੇ ਹਨ ਜੋ ‘ਸੁਰਗ ਵਿੱਚ ਉਨ੍ਹਾਂ ਲਈ ਧਰਿਆ ਹੋਇਆ ਹੈ।’ (1 ਪਤਰਸ 1:3, 4) ਇਨਸਾਨਾਂ ਵਾਸਤੇ ਇਹ ਉੱਚੀ ਪਦਵੀ ਬਿਲਕੁਲ ਨਵੀਂ ਗੱਲ ਹੈ, ਇਸ ਲਈ ਆਤਮਾ ਤੋਂ ਜੰਮੇ ਇਨ੍ਹਾਂ ਮਸੀਹੀਆਂ ਨੂੰ “ਨਵੀਂ ਸਰਿਸ਼ਟ” ਸੱਦਿਆ ਗਿਆ ਹੈ। (2 ਕੁਰਿੰਥੀਆਂ 5:17) ਬਾਈਬਲ ਵਿਚ ਦੱਸਿਆ ਗਿਆ ਹੈ ਕਿ ਰਿਹਾ ਕੀਤੇ ਗਏ ਬਾਕੀ ਇਨਸਾਨਾਂ ਉੱਤੇ 1,44,000 ਜਣੇ ਸਵਰਗ ਤੋਂ ਰਾਜ ਕਰਨਗੇ।—ਪਰਕਾਸ਼ ਦੀ ਪੋਥੀ 5:9, 10; 14:1-4.
20. (ੳ) ਸੰਨ 36 ਸਾ.ਯੁ. ਵਿਚ ਭੇਤ ਦੀ ਹੋਰ ਕਿਹੜੀ ਗੱਲ ਪ੍ਰਗਟ ਕੀਤੀ ਗਈ ਸੀ? (ਅ) ਅਬਰਾਹਾਮ ਨਾਲ ਵਾਅਦਾ ਕੀਤੀਆਂ ਗਈਆਂ ਬਰਕਤਾਂ ਕਿਨ੍ਹਾਂ-ਕਿਨ੍ਹਾਂ ਨੂੰ ਮਿਲਣਗੀਆਂ?
20 ਯਿਸੂ ਦੇ ਨਾਲ ਇਹ ਮਸੀਹੀ ਵੀ “ਅਬਰਾਹਾਮ ਦੀ ਅੰਸ” ਬਣਦੇ ਹਨ।b (ਗਲਾਤੀਆਂ 3:29) ਸਭ ਤੋਂ ਪਹਿਲਾਂ ਇਸ ਅੰਸ ਦਾ ਹਿੱਸਾ ਬਣਨ ਲਈ ਪੈਦਾਇਸ਼ੀ ਯਹੂਦੀ ਚੁਣੇ ਗਏ ਸਨ। ਫਿਰ 36 ਸਾ.ਯੁ. ਵਿਚ ਭੇਤ ਦੀ ਇਕ ਹੋਰ ਗੱਲ ਪ੍ਰਗਟ ਕੀਤੀ ਗਈ ਸੀ: ਗ਼ੈਰ-ਯਹੂਦੀ ਵੀ ਸਵਰਗ ਵਿਚ ਜਾਣਗੇ। (ਰੋਮੀਆਂ 9:6-8; 11:25, 26; ਅਫ਼ਸੀਆਂ 3:5, 6) ਪਰ ਕੀ ਸਿਰਫ਼ ਇਨ੍ਹਾਂ ਮਸੀਹੀਆਂ ਨੂੰ ਹੀ ਅਬਰਾਹਾਮ ਨਾਲ ਵਾਅਦਾ ਕੀਤੀਆਂ ਗਈਆਂ ਬਰਕਤਾਂ ਮਿਲਣੀਆਂ ਸਨ? ਨਹੀਂ, ਕਿਉਂਕਿ ਯਿਸੂ ਦਾ ਬਲੀਦਾਨ ਸਾਰੇ ਸੰਸਾਰ ਦੇ ਵਾਸੀਆਂ ਦੇ ਫ਼ਾਇਦੇ ਲਈ ਸੀ। (1 ਯੂਹੰਨਾ 2:2) ਕੁਝ ਸਮੇਂ ਬਾਅਦ ਯਹੋਵਾਹ ਨੇ ਪ੍ਰਗਟ ਕੀਤਾ ਕਿ ਇਕ ਅਣਗਿਣਤ “ਵੱਡੀ ਭੀੜ” ਸ਼ਤਾਨ ਦੀ ਦੁਸ਼ਟ ਦੁਨੀਆਂ ਦੇ ਅੰਤ ਤੋਂ ਬਚ ਜਾਵੇਗੀ। (ਪਰਕਾਸ਼ ਦੀ ਪੋਥੀ 7:9, 14) ਇਸ ਦੇ ਨਾਲ-ਨਾਲ ਕਈ ਹੋਰ ਅਣਗਿਣਤ ਲੋਕ ਮੁਰਦਿਆਂ ਵਿੱਚੋਂ ਵੀ ਜ਼ਿੰਦਾ ਕੀਤੇ ਜਾਣਗੇ ਤਾਂਕਿ ਉਹ ਫਿਰਦੌਸ ਵਿਚ ਹਮੇਸ਼ਾ ਲਈ ਜੀ ਸਕਣ!—ਲੂਕਾ 23:43; ਯੂਹੰਨਾ 5:28, 29; ਪਰਕਾਸ਼ ਦੀ ਪੋਥੀ 20:11-15; 21:3, 4.
ਪਰਮੇਸ਼ੁਰ ਦੀ ਬੁੱਧ ਅਤੇ ਉਸ ਦਾ ਭੇਤ
21, 22. ਪਰਮੇਸ਼ੁਰ ਦੇ ਭੇਤ ਤੋਂ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਉਸ ਨੇ ਕਈ ਤਰੀਕਿਆਂ ਨਾਲ ਆਪਣੀ ਗਹਿਰੀ ਬੁੱਧ ਇਸਤੇਮਾਲ ਕੀਤੀ ਹੈ?
21 ਪਰਮੇਸ਼ੁਰ ਦੇ ਭੇਤ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਨੇ ਕਈ ਤਰੀਕਿਆਂ ਨਾਲ ਆਪਣੀ ਗਹਿਰੀ ਬੁੱਧ ਇਸਤੇਮਾਲ ਕੀਤੀ ਹੈ। (ਅਫ਼ਸੀਆਂ 3:8-10) ਯਹੋਵਾਹ ਨੇ ਇਸ ਭੇਤ ਨੂੰ ਤਿਆਰ ਕਰਨ ਅਤੇ ਹੌਲੀ-ਹੌਲੀ ਪ੍ਰਗਟ ਕਰਨ ਵਿਚ ਕਿੰਨੀ ਬੁੱਧ ਦਿਖਾਈ ਹੈ! ਇਹ ਪਰਮੇਸ਼ੁਰ ਦੀ ਸਮਝਦਾਰੀ ਹੈ ਕਿ ਇਨਸਾਨਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਜਾਣਨ ਦੇ ਬਾਵਜੂਦ ਉਹ ਉਨ੍ਹਾਂ ਨੂੰ ਮੌਕਾ ਦਿੰਦਾ ਹੈ ਕਿ ਉਹ ਆਪਣੇ ਦਿਲ ਦੀ ਅਸਲੀਅਤ ਪ੍ਰਗਟ ਕਰਨ।—ਜ਼ਬੂਰਾਂ ਦੀ ਪੋਥੀ 103:14.
22 ਯਹੋਵਾਹ ਨੇ ਯਿਸੂ ਨੂੰ ਰਾਜਾ ਚੁਣ ਕੇ ਬਹੁਤ ਅਕਲਮੰਦੀ ਦਿਖਾਈ ਹੈ। ਸ੍ਰਿਸ਼ਟੀ ਵਿੱਚੋਂ ਹੋਰ ਕੋਈ ਵੀ ਯਹੋਵਾਹ ਦੇ ਪੁੱਤਰ ਜਿੰਨਾ ਭਰੋਸੇ ਦੇ ਲਾਇਕ ਨਹੀਂ ਹੈ। ਇਕ ਇਨਸਾਨ ਵਜੋਂ ਯਿਸੂ ਨੇ ਕਈ ਤਰ੍ਹਾਂ ਦੀਆਂ ਤੰਗੀਆਂ ਤੇ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ। ਉਹ ਇਨਸਾਨਾਂ ਦੀਆਂ ਮੁਸੀਬਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। (ਇਬਰਾਨੀਆਂ 5:7-9) ਉਸ ਦੇ ਨਾਲ ਰਾਜ ਕਰਨ ਵਾਲਿਆਂ ਬਾਰੇ ਕੀ ਕਿਹਾ ਜਾ ਸਕਦਾ ਹੈ? ਸਦੀਆਂ ਦੌਰਾਨ ਹਰ ਜਾਤ, ਭਾਸ਼ਾ ਤੇ ਪਿਛੋਕੜ ਦੇ ਆਦਮੀ ਅਤੇ ਤੀਵੀਆਂ ਨੂੰ ਰਾਜ ਕਰਨ ਲਈ ਚੁਣਿਆ ਗਿਆ ਹੈ। ਦੁਨੀਆਂ ਵਿਚ ਅਜਿਹਾ ਕੋਈ ਮਸਲਾ ਨਹੀਂ ਹੈ ਜਿਸ ਦਾ ਇਨ੍ਹਾਂ ਵਿੱਚੋਂ ਕਿਸੇ ਨੂੰ ਤਜਰਬਾ ਨਾ ਹੋਵੇ। (ਅਫ਼ਸੀਆਂ 4:22-24) ਇਨ੍ਹਾਂ ਦਇਆਵਾਨ ਜਾਜਕਾਂ ਤੇ ਰਾਜਿਆਂ ਅਧੀਨ ਰਹਿਣਾ ਕਿੰਨਾ ਚੰਗਾ ਹੋਵੇਗਾ!
23. ਯਹੋਵਾਹ ਦੇ ਭੇਤ ਦੇ ਸੰਬੰਧ ਵਿਚ ਮਸੀਹੀਆਂ ਕੋਲ ਕਿਹੜਾ ਸਨਮਾਨ ਹੈ?
23 ਪੌਲੁਸ ਰਸੂਲ ਨੇ ਲਿਖਿਆ ਸੀ ਕਿ ‘ਉਹ ਭੇਤ ਜਿਹੜਾ ਸਾਰਿਆਂ ਜੁੱਗਾਂ ਅਤੇ ਪੀੜ੍ਹੀਆਂ ਤੋਂ ਗੁਪਤ ਰਿਹਾ ਸੰਤਾਂ ਉੱਤੇ ਪਰਗਟ ਹੋਇਆ।’ (ਕੁਲੁੱਸੀਆਂ 1:26) ਜੀ ਹਾਂ, ਯਹੋਵਾਹ ਦੇ ਮਸਹ ਕੀਤੇ ਹੋਇਆਂ ਨੂੰ ਪਰਮੇਸ਼ੁਰ ਦੇ ਭੇਤ ਬਾਰੇ ਬਹੁਤ ਕੁਝ ਪਤਾ ਲੱਗਾ ਹੈ ਅਤੇ ਉਨ੍ਹਾਂ ਨੇ ਇਹ ਜਾਣਕਾਰੀ ਹੋਰ ਲੱਖਾਂ ਲੋਕਾਂ ਨਾਲ ਸਾਂਝੀ ਕੀਤੀ ਹੈ। ਯਹੋਵਾਹ ਨੇ “ਆਪਣੀ ਇੱਛਿਆ ਦੇ ਭੇਤ ਨੂੰ ਸਾਡੇ ਉੱਤੇ ਪਰਗਟ ਕੀਤਾ।” (ਅਫ਼ਸੀਆਂ 1:9) ਆਓ ਆਪਾਂ ਹੋਰਨਾਂ ਨੂੰ ਵੀ ਇਸ ਭੇਤ ਬਾਰੇ ਦੱਸੀਏ ਤਾਂਕਿ ਉਹ ਯਹੋਵਾਹ ਪਰਮੇਸ਼ੁਰ ਦੀ ਡੂੰਘੀ ਬੁੱਧ ਦੇਖ ਸਕਣ। ਸਾਡੇ ਸਾਰਿਆਂ ਕੋਲ ਇਹ ਭੇਤ ਜਾਣਨ ਅਤੇ ਦੂਸਰਿਆਂ ਨੂੰ ਦੱਸਣ ਦਾ ਕਿੰਨਾ ਵੱਡਾ ਸਨਮਾਨ ਹੈ!
a ਯਿਸੂ ਨੇ “ਭਗਤੀ ਦਾ ਭੇਤ” ਵੀ ਪ੍ਰਗਟ ਕੀਤਾ ਸੀ। (1 ਤਿਮੋਥਿਉਸ 3:16) ਇਹ ਭੇਤ ਲੰਮੇ ਸਮੇਂ ਤੋਂ ਲੁਕਿਆ ਰਿਹਾ ਸੀ ਕਿ ਕੋਈ ਯਹੋਵਾਹ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਰਹਿ ਸਕਦਾ ਸੀ ਕਿ ਨਹੀਂ। ਯਿਸੂ ਨੇ ਵਫ਼ਾਦਾਰ ਰਹਿ ਕੇ ਦਿਖਾਇਆ। ਉਸ ਨੇ ਸ਼ਤਾਨ ਦੇ ਹਰ ਪਰਤਾਵੇ ਸਾਮ੍ਹਣੇ ਆਪਣੀ ਵਫ਼ਾਦਾਰੀ ਬਣਾਈ ਰੱਖੀ।—ਮੱਤੀ 4:1-11; 27:26-50.
b ਯਿਸੂ ਨੇ ਇਸ ਸਮੂਹ ਨਾਲ ਵੀ ਇਕ ਨੇਮ ਬੰਨ੍ਹਿਆ ਸੀ ਯਾਨੀ ਉਨ੍ਹਾਂ ਲਈ ‘ਰਾਜ ਠਹਿਰਾਇਆ ਸੀ।’ (ਲੂਕਾ 22:29, 30) ਦਰਅਸਲ ਯਿਸੂ ਨੇ ਇਸ “ਛੋਟੇ ਝੁੰਡ” ਨਾਲ ਇਕਰਾਰਨਾਮਾ ਕੀਤਾ ਸੀ ਕਿ ਉਹ ਵੀ ਅਬਰਾਹਾਮ ਦੀ ਅੰਸ ਦਾ ਹਿੱਸਾ ਬਣ ਕੇ ਉਸ ਨਾਲ ਸਵਰਗ ਵਿਚ ਰਾਜ ਕਰਨਗੇ।—ਲੂਕਾ 12:32.