ਰੋਮੀਆਂ ਨੂੰ ਚਿੱਠੀ
11 ਤਾਂ ਫਿਰ ਮੈਨੂੰ ਦੱਸੋ, ਕੀ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਤਿਆਗ ਦਿੱਤਾ ਸੀ?+ ਬਿਲਕੁਲ ਨਹੀਂ! ਕਿਉਂਕਿ ਮੈਂ ਵੀ ਤਾਂ ਇਜ਼ਰਾਈਲੀ ਅਤੇ ਅਬਰਾਹਾਮ ਦੀ ਸੰਤਾਨ* ਹਾਂ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਹਾਂ। 2 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਨਹੀਂ ਤਿਆਗਿਆ ਸੀ ਜਿਨ੍ਹਾਂ ਵੱਲ ਉਸ ਨੇ ਪਹਿਲਾਂ ਖ਼ਾਸ ਧਿਆਨ ਦਿੱਤਾ ਸੀ।+ ਕੀ ਤੁਸੀਂ ਨਹੀਂ ਜਾਣਦੇ ਕਿ ਧਰਮ-ਗ੍ਰੰਥ ਕੀ ਕਹਿੰਦਾ ਜਦੋਂ ਏਲੀਯਾਹ ਨਬੀ ਨੇ ਬੇਨਤੀ ਕਰਦੇ ਹੋਏ ਪਰਮੇਸ਼ੁਰ ਨੂੰ ਇਜ਼ਰਾਈਲ ਦੇ ਖ਼ਿਲਾਫ਼ ਸ਼ਿਕਾਇਤ ਲਾਈ ਸੀ? 3 ਇਸ ਵਿਚ ਲਿਖਿਆ ਹੈ: “ਯਹੋਵਾਹ,* ਉਨ੍ਹਾਂ ਨੇ ਤੇਰੇ ਨਬੀਆਂ ਨੂੰ ਮਾਰ ਮੁਕਾਇਆ ਹੈ ਅਤੇ ਤੇਰੀਆਂ ਵੇਦੀਆਂ ਨੂੰ ਢਾਹ ਦਿੱਤਾ ਹੈ। ਮੈਂ ਇਕੱਲਾ ਹੀ ਰਹਿ ਗਿਆ ਹਾਂ ਅਤੇ ਹੁਣ ਉਹ ਮੇਰੀ ਜਾਨ ਦੇ ਪਿੱਛੇ ਪਏ ਹੋਏ ਹਨ।”+ 4 ਪਰਮੇਸ਼ੁਰ ਨੇ ਉਸ ਨੂੰ ਕੀ ਜਵਾਬ ਦਿੱਤਾ ਸੀ? “ਮੇਰੇ 7,000 ਆਦਮੀ ਹਨ ਜਿਨ੍ਹਾਂ ਨੇ ਬਆਲ ਅੱਗੇ ਗੋਡੇ ਨਹੀਂ ਟੇਕੇ।”+ 5 ਇਸੇ ਤਰ੍ਹਾਂ ਹੁਣ ਵੀ ਇਜ਼ਰਾਈਲੀਆਂ ਵਿੱਚੋਂ ਕੁਝ ਜਣਿਆਂ+ ਨੂੰ ਅਪਾਰ ਕਿਰਪਾ ਸਦਕਾ ਚੁਣਿਆ ਗਿਆ ਹੈ। 6 ਇਸ ਦਾ ਮਤਲਬ ਇਹ ਹੋਇਆ ਕਿ ਹੁਣ ਉਨ੍ਹਾਂ ਨੂੰ ਆਪਣੇ ਕੰਮਾਂ ਕਰਕੇ ਨਹੀਂ, ਸਗੋਂ ਉਨ੍ਹਾਂ ਨੂੰ ਅਪਾਰ ਕਿਰਪਾ ਸਦਕਾ ਚੁਣਿਆ ਗਿਆ ਹੈ।+ ਜੇ ਉਨ੍ਹਾਂ ਨੂੰ ਆਪਣੇ ਕੰਮਾਂ ਕਰਕੇ ਚੁਣਿਆ ਜਾਂਦਾ, ਤਾਂ ਫਿਰ ਇਹ ਅਪਾਰ ਕਿਰਪਾ ਨਾ ਹੁੰਦੀ।
7 ਤਾਂ ਫਿਰ, ਅਸੀਂ ਕੀ ਕਹੀਏ? ਇਜ਼ਰਾਈਲੀ ਜਿਸ ਚੀਜ਼ ਨੂੰ ਪੂਰਾ ਜ਼ੋਰ ਲਾ ਕੇ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਉਹ ਚੀਜ਼ ਸਾਰਿਆਂ ਨੂੰ ਹਾਸਲ ਨਹੀਂ ਹੋਈ, ਸਗੋਂ ਕੁਝ ਚੁਣੇ ਹੋਏ ਲੋਕਾਂ ਨੂੰ ਹਾਸਲ ਹੋਈ।+ ਬਾਕੀ ਲੋਕਾਂ ਦੇ ਮਨ ਕਠੋਰ ਹੋ ਗਏ,+ 8 ਠੀਕ ਜਿਵੇਂ ਧਰਮ-ਗ੍ਰੰਥ ਵਿਚ ਲਿਖਿਆ ਹੈ: “ਪਰਮੇਸ਼ੁਰ ਨੇ ਉਨ੍ਹਾਂ ਨੂੰ ਗੂੜ੍ਹੀ ਨੀਂਦ* ਸੁਲਾ ਦਿੱਤਾ ਹੈ,+ ਅੱਖਾਂ ਹੁੰਦੇ ਹੋਏ ਵੀ ਉਹ ਦੇਖ ਨਹੀਂ ਸਕਦੇ ਅਤੇ ਕੰਨ ਹੁੰਦੇ ਹੋਏ ਵੀ ਉਹ ਸੁਣ ਨਹੀਂ ਸਕਦੇ। ਅੱਜ ਤਕ ਉਨ੍ਹਾਂ ਦਾ ਇਹੀ ਹਾਲ ਹੈ।”+ 9 ਨਾਲੇ ਦਾਊਦ ਕਹਿੰਦਾ ਹੈ: “ਉਨ੍ਹਾਂ ਦੀ ਦਾਅਵਤ* ਉਨ੍ਹਾਂ ਲਈ ਫੰਦਾ, ਫਾਹੀ, ਠੋਕਰ ਦਾ ਪੱਥਰ ਅਤੇ ਸਜ਼ਾ ਬਣ ਜਾਵੇ; 10 ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਜਾਵੇ ਤਾਂਕਿ ਉਹ ਦੇਖ ਨਾ ਸਕਣ। ਨਾਲੇ ਉਨ੍ਹਾਂ ਦੀ ਪਿੱਠ ਹਮੇਸ਼ਾ ਝੁਕਾਈ ਰੱਖ।”+
11 ਇਸ ਲਈ ਮੈਨੂੰ ਦੱਸੋ, ਜਦੋਂ ਉਹ ਠੋਕਰ ਖਾ ਕੇ ਡਿਗੇ, ਤਾਂ ਕੀ ਇਸ ਤਰ੍ਹਾਂ ਹੋਇਆ ਕਿ ਉਹ ਉੱਠ ਨਹੀਂ ਸਕੇ? ਨਹੀਂ। ਪਰ ਉਨ੍ਹਾਂ ਦੁਆਰਾ ਗ਼ਲਤ ਕਦਮ ਚੁੱਕਣ ਕਰਕੇ ਹੋਰ ਕੌਮਾਂ ਦੇ ਲੋਕਾਂ ਨੂੰ ਮੁਕਤੀ ਮਿਲਦੀ ਹੈ ਅਤੇ ਇਸ ਕਰਕੇ ਉਨ੍ਹਾਂ ਦੇ ਮਨਾਂ ਵਿਚ ਈਰਖਾ ਪੈਦਾ ਹੁੰਦੀ ਹੈ।+ 12 ਜੇ ਉਨ੍ਹਾਂ ਦੁਆਰਾ ਗ਼ਲਤ ਕਦਮ ਚੁੱਕਣ ਕਰਕੇ ਦੁਨੀਆਂ ਦੇ ਲੋਕਾਂ ਨੂੰ ਬਰਕਤਾਂ ਮਿਲਦੀਆਂ ਹਨ ਅਤੇ ਉਨ੍ਹਾਂ ਦੀ ਗਿਣਤੀ ਘਟਣ ਕਰਕੇ ਹੋਰ ਕੌਮਾਂ ਦੇ ਲੋਕਾਂ ਨੂੰ ਬਰਕਤਾਂ ਮਿਲਦੀਆਂ ਹਨ,+ ਤਾਂ ਫਿਰ ਉਨ੍ਹਾਂ ਦੀ ਗਿਣਤੀ ਪੂਰੀ ਹੋਣ ਨਾਲ ਹੋਰ ਕਿੰਨਾ ਫ਼ਾਇਦਾ ਹੋਵੇਗਾ!
13 ਹੁਣ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਜਿਹੜੇ ਹੋਰ ਕੌਮਾਂ ਵਿੱਚੋਂ ਹਨ। ਮੈਂ ਹੋਰ ਕੌਮਾਂ ਦੇ ਲੋਕਾਂ ਕੋਲ ਘੱਲਿਆ ਹੋਇਆ ਰਸੂਲ ਹਾਂ,+ ਇਸ ਲਈ ਮੈਂ ਆਪਣੀ ਸੇਵਾ ਦੀ ਕਦਰ* ਕਰਦਾ ਹਾਂ।+ 14 ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਆਪਣੇ ਲੋਕਾਂ ਵਿਚ ਈਰਖਾ ਪੈਦਾ ਕਰਾਂ ਤਾਂਕਿ ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਬਚਾ ਲਵਾਂ। 15 ਪਰਮੇਸ਼ੁਰ ਨੇ ਉਨ੍ਹਾਂ ਨੂੰ ਤਿਆਗ ਦਿੱਤਾ+ ਅਤੇ ਇਸ ਨਾਲ ਦੁਨੀਆਂ ਦੇ ਲੋਕਾਂ ਨੂੰ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਦਾ ਮੌਕਾ ਮਿਲਿਆ। ਜੇ ਇਸ ਤਰ੍ਹਾਂ ਹੈ, ਤਾਂ ਜਦੋਂ ਪਰਮੇਸ਼ੁਰ ਦੁਬਾਰਾ ਉਨ੍ਹਾਂ ਨੂੰ ਕਬੂਲ ਕਰੇਗਾ, ਤਾਂ ਉਨ੍ਹਾਂ ਲਈ ਇਸ ਤਰ੍ਹਾਂ ਹੋਵੇਗਾ ਜਿਵੇਂ ਉਹ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦੇ ਹੋ ਗਏ ਹੋਣ। 16 ਇਸ ਤੋਂ ਇਲਾਵਾ, ਜੇ ਪਹਿਲੇ ਫਲ ਦੇ ਤੌਰ ਤੇ ਭੇਟ ਚੜ੍ਹਾਇਆ ਗਿਆ ਪੇੜਾ ਪਵਿੱਤਰ ਹੈ, ਤਾਂ ਇਸ ਦਾ ਮਤਲਬ ਹੈ ਕਿ ਆਟੇ ਦੀ ਪੂਰੀ ਤੌਣ ਵੀ ਪਵਿੱਤਰ ਹੈ; ਜੇ ਜੜ੍ਹ ਪਵਿੱਤਰ ਹੈ, ਤਾਂ ਟਾਹਣੀਆਂ ਵੀ ਪਵਿੱਤਰ ਹਨ।
17 ਭਾਵੇਂ ਤੂੰ ਜੰਗਲੀ ਜ਼ੈਤੂਨ ਦੀ ਟਾਹਣੀ ਹੈਂ, ਫਿਰ ਵੀ ਪਰਮੇਸ਼ੁਰ ਨੇ ਚੰਗੇ ਜ਼ੈਤੂਨ ਦੀਆਂ ਕੁਝ ਟਾਹਣੀਆਂ ਕੱਟ ਕੇ ਇਸ ਦੀਆਂ ਟਾਹਣੀਆਂ ਵਿਚਕਾਰ ਤੇਰੀ ਪਿਓਂਦ ਲਾਈ ਅਤੇ ਜ਼ੈਤੂਨ ਦੀਆਂ ਜੜ੍ਹਾਂ ਨਾਲ ਤੇਰਾ ਵੀ ਪੋਸ਼ਣ ਹੋਇਆ ਹੈ। 18 ਇਸ ਲਈ ਤੋੜੀਆਂ ਗਈਆਂ ਟਾਹਣੀਆਂ ਕਰਕੇ ਘਮੰਡ ਨਾ ਕਰ।* ਜੇ ਤੂੰ ਘਮੰਡ ਕਰਦਾ ਹੈਂ,*+ ਤਾਂ ਇਹ ਯਾਦ ਰੱਖ ਕਿ ਤੂੰ ਜੜ੍ਹ ਨੂੰ ਨਹੀਂ ਸੰਭਾਲਦਾ, ਸਗੋਂ ਜੜ੍ਹ ਤੈਨੂੰ ਸੰਭਾਲਦੀ ਹੈ। 19 ਫਿਰ ਤੂੰ ਕਹੇਂਗਾ: “ਟਾਹਣੀਆਂ ਨੂੰ ਇਸੇ ਲਈ ਤੋੜਿਆ ਗਿਆ ਸੀ ਤਾਂਕਿ ਮੇਰੀ ਪਿਓਂਦ ਲਾਈ ਜਾਵੇ।”+ 20 ਹਾਂ, ਇਹ ਗੱਲ ਸੱਚ ਹੈ! ਨਿਹਚਾ ਨਾ ਕਰਨ ਕਰਕੇ ਉਨ੍ਹਾਂ ਨੂੰ ਤੋੜ ਦਿੱਤਾ ਗਿਆ,+ ਪਰ ਤੂੰ ਆਪਣੀ ਨਿਹਚਾ ਕਰਕੇ ਕਾਇਮ ਰਹਿੰਦਾ ਹੈਂ।+ ਘਮੰਡ ਨਾ ਕਰ, ਸਗੋਂ ਪਰਮੇਸ਼ੁਰ ਤੋਂ ਡਰ। 21 ਜੇ ਪਰਮੇਸ਼ੁਰ ਨੇ ਚੰਗੇ ਦਰਖ਼ਤ ਦੀਆਂ ਟਾਹਣੀਆਂ ਨੂੰ ਨਹੀਂ ਬਖ਼ਸ਼ਿਆ, ਤਾਂ ਉਹ ਤੈਨੂੰ ਵੀ ਨਹੀਂ ਬਖ਼ਸ਼ੇਗਾ। 22 ਇਸ ਲਈ ਪਰਮੇਸ਼ੁਰ ਦੀ ਦਇਆ+ ਅਤੇ ਸਖ਼ਤੀ ਨੂੰ ਧਿਆਨ ਵਿਚ ਰੱਖ। ਪਰਮੇਸ਼ੁਰ ਉਨ੍ਹਾਂ ਲੋਕਾਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਿਹੜੇ ਡਿਗ ਪਏ,+ ਪਰ ਉਹ ਤੇਰੇ ਉੱਤੇ ਦਇਆ ਕਰਦਾ ਹੈ, ਬਸ਼ਰਤੇ ਕਿ ਤੂੰ ਆਪਣੇ ਆਪ ਨੂੰ ਉਸ ਦੀ ਦਇਆ ਦੇ ਲਾਇਕ ਬਣਾਈ ਰੱਖੇਂ; ਨਹੀਂ ਤਾਂ ਤੈਨੂੰ ਵੀ ਕੱਟ ਕੇ ਸੁੱਟ ਦਿੱਤਾ ਜਾਵੇਗਾ। 23 ਜੇ ਉਹ ਵੀ ਨਿਹਚਾ ਕਰਨ ਲੱਗ ਪੈਣ, ਤਾਂ ਉਨ੍ਹਾਂ ਦੀ ਵੀ ਦੁਬਾਰਾ ਪਿਓਂਦ ਲਾਈ ਜਾਵੇਗੀ+ ਕਿਉਂਕਿ ਪਰਮੇਸ਼ੁਰ ਦੁਬਾਰਾ ਉਨ੍ਹਾਂ ਦੀ ਪਿਓਂਦ ਲਾ ਸਕਦਾ ਹੈ। 24 ਜੇ ਜੰਗਲੀ ਜ਼ੈਤੂਨ ਦੀ ਟਾਹਣੀ ਹੁੰਦੇ ਹੋਏ ਵੀ ਤੇਰੀ ਪਿਓਂਦ ਚੰਗੇ ਜ਼ੈਤੂਨ ਦੇ ਦਰਖ਼ਤ ਵਿਚ ਲਾਈ ਗਈ ਸੀ, ਭਾਵੇਂ ਆਮ ਤੌਰ ਤੇ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ, ਤਾਂ ਕੀ ਪਰਮੇਸ਼ੁਰ ਚੰਗੇ ਜ਼ੈਤੂਨ ਦੇ ਦਰਖ਼ਤ ਦੀਆਂ ਆਪਣੀਆਂ ਟਾਹਣੀਆਂ ਦੀ ਪਿਓਂਦ ਦੁਬਾਰਾ ਉਸੇ ਦਰਖ਼ਤ ਵਿਚ ਨਹੀਂ ਲਾ ਸਕਦਾ?
25 ਭਰਾਵੋ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਪਵਿੱਤਰ ਭੇਤ ਤੋਂ ਅਣਜਾਣ ਰਹੋ+ ਅਤੇ ਆਪਣੀਆਂ ਹੀ ਨਜ਼ਰਾਂ ਵਿਚ ਸਮਝਦਾਰ ਬਣ ਜਾਓ। ਪਵਿੱਤਰ ਭੇਤ ਇਹ ਹੈ: ਇਜ਼ਰਾਈਲ ਦੇ ਕੁਝ ਲੋਕਾਂ ਦੇ ਮਨ ਉਦੋਂ ਤਕ ਕਠੋਰ ਰਹਿਣਗੇ ਜਦੋਂ ਤਕ ਹੋਰ ਕੌਮਾਂ ਦੇ ਲੋਕਾਂ ਦੀ ਗਿਣਤੀ ਪੂਰੀ ਨਹੀਂ ਹੋ ਜਾਂਦੀ। 26 ਇਸ ਤਰ੍ਹਾਂ ਪੂਰਾ ਇਜ਼ਰਾਈਲ ਬਚਾਇਆ ਜਾਵੇਗਾ।+ ਠੀਕ ਜਿਵੇਂ ਲਿਖਿਆ ਹੈ: “ਮੁਕਤੀਦਾਤਾ ਸੀਓਨ ਤੋਂ ਆਵੇਗਾ+ ਅਤੇ ਉਹ ਯਾਕੂਬ ਨੂੰ ਬੁਰੇ ਕੰਮ ਕਰਨ ਤੋਂ ਹਟਾਵੇਗਾ। 27 ਜਦੋਂ ਮੈਂ ਉਨ੍ਹਾਂ ਦੇ ਪਾਪ ਮਾਫ਼ ਕਰਾਂਗਾ,+ ਤਾਂ ਮੈਂ ਉਨ੍ਹਾਂ ਨਾਲ ਇਹ ਇਕਰਾਰ ਕਰਾਂਗਾ।”+ 28 ਇਹ ਸੱਚ ਹੈ ਕਿ ਖ਼ੁਸ਼ ਖ਼ਬਰੀ ਨੂੰ ਸਵੀਕਾਰ ਨਾ ਕਰਨ ਕਰਕੇ ਉਹ ਪਰਮੇਸ਼ੁਰ ਦੇ ਦੁਸ਼ਮਣ ਹਨ ਅਤੇ ਇਸ ਤੋਂ ਤੁਹਾਨੂੰ ਫ਼ਾਇਦਾ ਹੋਇਆ ਹੈ। ਪਰ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਵਾਅਦਾ ਕੀਤਾ ਹੋਣ ਕਰਕੇ ਪਰਮੇਸ਼ੁਰ ਨੇ ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਆਪਣੇ ਦੋਸਤਾਂ ਵਜੋਂ ਚੁਣਿਆ ਹੈ।+ 29 ਪਰਮੇਸ਼ੁਰ ਦਾਤਾਂ ਅਤੇ ਸੱਦਾ ਦੇਣ ਦੇ ਮਾਮਲੇ ਵਿਚ ਆਪਣਾ ਮਨ ਨਹੀਂ ਬਦਲੇਗਾ। 30 ਤੁਸੀਂ ਪਹਿਲਾਂ ਪਰਮੇਸ਼ੁਰ ਦੇ ਅਣਆਗਿਆਕਾਰ ਸੀ,+ ਪਰ ਯਹੂਦੀਆਂ ਦੀ ਅਣਆਗਿਆਕਾਰੀ ਕਰਕੇ ਹੁਣ ਤੁਹਾਡੇ ਉੱਤੇ ਰਹਿਮ ਕੀਤਾ ਗਿਆ।+ 31 ਇਸ ਲਈ ਜਿਵੇਂ ਯਹੂਦੀਆਂ ਦੀ ਅਣਆਗਿਆਕਾਰੀ ਕਰਕੇ ਉਸ ਨੇ ਤੁਹਾਡੇ ਉੱਤੇ ਰਹਿਮ ਕੀਤਾ ਹੈ, ਉਸੇ ਤਰ੍ਹਾਂ ਉਹ ਯਹੂਦੀਆਂ ਉੱਤੇ ਵੀ ਰਹਿਮ ਕਰ ਸਕਦਾ ਹੈ। 32 ਪਰਮੇਸ਼ੁਰ ਨੇ ਸਾਰੇ ਲੋਕਾਂ ਨੂੰ ਅਣਆਗਿਆਕਾਰੀ ਦੀ ਗ਼ੁਲਾਮੀ ਵਿਚ ਰਹਿਣ ਦਿੱਤਾ ਹੈ+ ਤਾਂਕਿ ਉਹ ਉਨ੍ਹਾਂ ਸਾਰਿਆਂ ਉੱਤੇ ਰਹਿਮ ਕਰੇ।+
33 ਵਾਹ! ਪਰਮੇਸ਼ੁਰ ਦੀਆਂ ਬਰਕਤਾਂ ਕਿੰਨੀਆਂ ਬੇਸ਼ੁਮਾਰ ਹਨ! ਉਸ ਦੀ ਬੁੱਧ ਅਤੇ ਗਿਆਨ ਕਿੰਨਾ ਡੂੰਘਾ ਹੈ! ਉਸ ਦੇ ਫ਼ੈਸਲਿਆਂ ਨੂੰ ਕੌਣ ਜਾਣ ਸਕਦਾ ਹੈ? ਉਸ ਦੇ ਰਾਹਾਂ ਨੂੰ ਕੌਣ ਸਮਝ ਸਕਦਾ ਹੈ? 34 ਠੀਕ ਜਿਵੇਂ ਲਿਖਿਆ ਹੈ: “ਕੌਣ ਯਹੋਵਾਹ* ਦੇ ਮਨ ਨੂੰ ਜਾਣ ਸਕਦਾ ਹੈ ਜਾਂ ਕੌਣ ਉਸ ਨੂੰ ਸਲਾਹ ਦੇ ਸਕਦਾ ਹੈ?”+ 35 ਜਾਂ “ਕਿਸ ਨੇ ਪਹਿਲਾਂ ਪਰਮੇਸ਼ੁਰ ਨੂੰ ਕੁਝ ਦਿੱਤਾ ਹੈ ਕਿ ਪਰਮੇਸ਼ੁਰ ਉਸ ਨੂੰ ਵਾਪਸ ਦੇਵੇ?”+ 36 ਕਿਉਂਕਿ ਸਾਰੀਆਂ ਚੀਜ਼ਾਂ ਉਸ ਵੱਲੋਂ, ਉਸ ਰਾਹੀਂ ਅਤੇ ਉਸ ਲਈ ਹੋਂਦ ਵਿਚ ਹਨ। ਯੁਗੋ-ਯੁਗ ਉਸ ਦੀ ਮਹਿਮਾ ਹੁੰਦੀ ਰਹੇ। ਆਮੀਨ।