ਤੁਹਾਡੇ ਜੀਵਨ ਵਿਚ ਕਿਹੜੀ ਚੀਜ਼ ਸਰਬਪ੍ਰਥਮ ਹੈ?
“ਮੇਰੇ ਤੁਰਨ ਦਾ ਰਾਹ ਮੈਨੂੰ ਦੱਸ।”—ਜ਼ਬੂਰ 143:8.
1. ਮਾਨਵੀ ਭਾਲ ਅਤੇ ਪ੍ਰਾਪਤੀਆਂ ਦੇ ਬਾਰੇ ਰਾਜਾ ਸੁਲੇਮਾਨ ਨੇ ਕੀ ਸਿੱਟਾ ਕੱਢਿਆ ਸੀ?
ਤੁਸੀਂ ਸ਼ਾਇਦ ਬਾਕੀ ਸਾਰੇ ਲੋਕਾਂ ਦੀ ਤਰ੍ਹਾਂ ਜਾਣਦੇ ਹੋ ਕਿ ਜੀਵਨ ਸਰਗਰਮੀਆਂ ਅਤੇ ਚਿੰਤਾਵਾਂ ਨਾਲ ਭਰਿਆ ਹੋਇਆ ਹੈ। ਜਦੋਂ ਤੁਸੀਂ ਇਸ ਦੇ ਬਾਰੇ ਸੋਚਦੇ ਹੋ, ਤਾਂ ਤੁਸੀਂ ਪਛਾਣ ਕਰ ਸਕਦੇ ਹੋ ਕਿ ਇਨ੍ਹਾਂ ਵਿੱਚੋਂ ਕਈ ਲਾਜ਼ਮੀ ਹਨ। ਦੂਜੀਆਂ ਸਰਗਰਮੀਆਂ ਅਤੇ ਚਿੰਤਾਵਾਂ ਘੱਟ ਮਹੱਤਵਪੂਰਣ ਜਾਂ ਇੱਥੋਂ ਤਕ ਕਿ ਵਿਅਰਥ ਵੀ ਹਨ। ਇਹ ਤੱਥ ਕਿ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ, ਦਾ ਅਰਥ ਹੈ ਕਿ ਤੁਸੀਂ ਅੱਤ ਬੁੱਧੀਮਾਨ ਮਨੁੱਖਾਂ ਵਿੱਚੋਂ ਇਕ ਮਨੁੱਖ, ਰਾਜਾ ਸੁਲੇਮਾਨ ਦੇ ਨਾਲ ਇਕਸੁਰ ਹੋ। ਜੀਵਨ ਦੀਆਂ ਸਰਗਰਮੀਆਂ ਉੱਤੇ ਪੂਰੀ ਤਰ੍ਹਾਂ ਨਾਲ ਪੁਨਰ-ਵਿਚਾਰ ਕਰਨ ਮਗਰੋਂ, ਉਸ ਨੇ ਸਿੱਟਾ ਕੱਢਿਆ: “ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।” (ਉਪਦੇਸ਼ਕ ਦੀ ਪੋਥੀ 2:4-9, 11; 12:13) ਇਸ ਦੀ ਅੱਜ ਸਾਡੇ ਲਈ ਕੀ ਮਹੱਤਤਾ ਹੈ?
2. ਪਰਮੇਸ਼ੁਰ ਦਾ ਭੈ ਰੱਖਣ ਵਾਲੇ ਲੋਕਾਂ ਨੂੰ ਆਪਣੇ ਆਪ ਤੋਂ ਕਿਹੜਾ ਬੁਨਿਆਦੀ ਸਵਾਲ ਪੁੱਛਣਾ ਚਾਹੀਦਾ ਹੈ, ਅਤੇ ਇਹ ਕਿਹੜੇ ਸੰਬੰਧਿਤ ਸਵਾਲਾਂ ਵੱਲ ਲੈ ਜਾਂਦਾ ਹੈ?
2 ਜੇਕਰ ਤੁਸੀਂ ‘ਪਰਮੇਸ਼ੁਰ ਕੋਲੋਂ ਡਰਨਾ ਅਤੇ ਉਹ ਦੀਆਂ ਆਗਿਆਂ ਨੂੰ ਮੰਨਣਾ’ ਚਾਹੁੰਦੇ ਹੋ, ਤਾਂ ਆਪਣੇ ਆਪ ਤੋਂ ਇਹ ਚੁਣੌਤੀ ਭਰਿਆ ਸਵਾਲ ਪੁੱਛੋ, ‘ਮੇਰੇ ਜੀਵਨ ਵਿਚ ਕਿਹੜੀ ਚੀਜ਼ ਸਰਬਪ੍ਰਥਮ ਹੈ?’ ਇਹ ਸੱਚ ਹੈ ਕਿ ਤੁਸੀਂ ਸ਼ਾਇਦ ਇਹ ਸਵਾਲ ਹਰ ਦਿਨ ਨਹੀਂ ਵਿਚਾਰਦੇ ਹੋ, ਲੇਕਿਨ ਕਿਉਂ ਨਾ ਇਸ ਨੂੰ ਹੁਣ ਵਿਚਾਰੋ? ਅਸਲ ਵਿਚ, ਇਹ ਕੁਝ ਸੰਬੰਧਿਤ ਸਵਾਲਾਂ ਵੱਲ ਸੰਕੇਤ ਕਰਦਾ ਹੈ, ਜਿਵੇਂ ਕਿ, ‘ਕੀ ਮੈਂ ਆਪਣੀ ਨੌਕਰੀ ਜਾਂ ਪੇਸ਼ੇ ਉੱਤੇ ਜਾਂ ਭੌਤਿਕ ਚੀਜ਼ਾਂ ਉੱਤੇ ਹੱਦ ਤੋਂ ਵੱਧ ਮਹੱਤਤਾ ਤਾਂ ਨਹੀਂ ਦੇ ਰਿਹਾ ਹਾਂ? ਮੇਰੇ ਘਰ, ਪਰਿਵਾਰ, ਅਤੇ ਮਿੱਤਰ-ਪਿਆਰਿਆਂ ਦੀ ਮੇਰੇ ਜੀਵਨ ਵਿਚ ਕੀ ਥਾਂ ਹੈ?’ ਇਕ ਨੌਜਵਾਨ ਸ਼ਾਇਦ ਪੁੱਛੇ, ‘ਮੇਰਾ ਕਿੰਨਾ ਧਿਆਨ ਅਤੇ ਸਮਾਂ ਸਿੱਖਿਆ ਵਿਚ ਜਾਂਦਾ ਹੈ? ਅਸਲ ਵਿਚ, ਕੀ ਸ਼ੁਗਲ, ਖੇਡ, ਜਾਂ ਕਿਸੇ ਪ੍ਰਕਾਰ ਦਾ ਮਨੋਰੰਜਨ ਜਾਂ ਤਕਨਾਲੋਜੀ ਮੇਰੀ ਪ੍ਰਮੁੱਖ ਦਿਲਚਸਪੀ ਹੈ?’ ਅਤੇ ਚਾਹੇ ਸਾਡੀ ਉਮਰ ਜਾਂ ਸਥਿਤੀ ਜੋ ਵੀ ਹੋਵੇ, ਸਾਨੂੰ ਉਚਿਤ ਰੂਪ ਵਿਚ ਪੁੱਛਣਾ ਚਾਹੀਦਾ ਹੈ, ‘ਪਰਮੇਸ਼ੁਰ ਦੀ ਸੇਵਾ ਕਰਨੀ ਮੇਰੇ ਜੀਵਨ ਵਿਚ ਕੀ ਥਾਂ ਰੱਖਦੀ ਹੈ?’ ਤੁਸੀਂ ਸ਼ਾਇਦ ਸਹਿਮਤ ਹੋਵੋਗੇ ਕਿ ਪ੍ਰਾਥਮਿਕਤਾਵਾਂ ਦੀ ਜ਼ਰੂਰਤ ਹੈ। ਪਰੰਤੂ ਇਸ ਨੂੰ ਬੁੱਧੀਮਤਾ ਨਾਲ ਸਥਾਪਿਤ ਕਰਨ ਦੇ ਲਈ ਅਸੀਂ ਕਿਵੇਂ ਅਤੇ ਕਿੱਥੋਂ ਮਦਦ ਹਾਸਲ ਕਰ ਸਕਦੇ ਹਾਂ?
3. ਮਸੀਹੀਆਂ ਦੇ ਲਈ ਪ੍ਰਾਥਮਿਕਤਾਵਾਂ ਸਥਾਪਿਤ ਕਰਨ ਵਿਚ ਕੀ ਅੰਤਰਗ੍ਰਸਤ ਹੈ?
3 “ਸਰਬਪ੍ਰਥਮ” ਦਾ ਮੂਲ ਅਰਥ ਹੈ ਅਜਿਹੀ ਚੀਜ਼ ਜੋ ਬਾਕੀ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਆਉਂਦੀ ਹੈ ਜਾਂ ਜਿਸ ਨੂੰ ਪਹਿਲਾਂ ਵਿਚਾਰਿਆ ਜਾਣਾ ਚਾਹੀਦਾ ਹੈ। ਭਾਵੇਂ ਤੁਸੀਂ ਇਕ ਯਹੋਵਾਹ ਦੇ ਗਵਾਹ ਹੋ ਜਾਂ ਪਰਮੇਸ਼ੁਰ ਦੇ ਬਚਨ ਦੇ ਉਨ੍ਹਾਂ ਲੱਖਾਂ ਸੁਹਿਰਦ ਸਿੱਖਿਆਰਥੀਆਂ ਵਿੱਚੋਂ ਇਕ, ਜੋ ਉਨ੍ਹਾਂ ਨਾਲ ਸੰਗਤ ਰੱਖਦੇ ਹਨ, ਇਸ ਸੱਚਾਈ ਉੱਤੇ ਵਿਚਾਰ ਕਰੋ: “ਹਰੇਕ ਕੰਮ ਦਾ ਇੱਕ ਸਮਾ ਹੈ, ਅਤੇ ਹਰ ਮਨੋਰਥ ਦਾ ਜੋ ਅਕਾਸ਼ ਦੇ ਹੇਠ ਹੈ ਇੱਕ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:1) ਉਚਿਤ ਰੂਪ ਵਿਚ, ਇਸ ਵਿਚ ਪਰਿਵਾਰਕ ਸੰਬੰਧਾਂ ਲਈ ਪ੍ਰੇਮਮਈ ਚਿੰਤਾ ਦਿਖਾਉਣੀ ਸ਼ਾਮਲ ਹੈ। (ਕੁਲੁੱਸੀਆਂ 3:18-21) ਇਸ ਵਿਚ ਨੌਕਰੀ ਕਰ ਕੇ ਆਪਣੇ ਘਰਾਣੇ ਲਈ ਚੰਗਾ ਪ੍ਰਬੰਧ ਕਰਨਾ ਅੰਤਰਗ੍ਰਸਤ ਹੈ। (2 ਥੱਸਲੁਨੀਕੀਆਂ 3:10-12; 1 ਤਿਮੋਥਿਉਸ 5:8) ਅਤੇ ਬਦਲੀ ਲਈ, ਤੁਸੀਂ ਕਿਸੇ ਸ਼ੁਗਲ ਜਾਂ ਕਦੀ-ਕਦਾਈਂ ਮਨੋਰੰਜਨ ਜਾਂ ਦਿਲਪਰਚਾਵੇ ਦੇ ਲਈ ਸ਼ਾਇਦ ਸਮਾਂ ਕੱਢੋ। (ਤੁਲਨਾ ਕਰੋ ਮਰਕੁਸ 6:31.) ਲੇਕਿਨ, ਸੰਜੀਦਗੀ ਨਾਲ ਵਿਚਾਰ ਕਰਨ ਮਗਰੋਂ, ਕੀ ਤੁਸੀਂ ਇਹ ਨਹੀਂ ਪਾਉਂਦੇ ਕਿ ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਜੀਵਨ ਵਿਚ ਸਰਬਪ੍ਰਥਮ ਨਹੀਂ ਹੈ? ਕੋਈ ਹੋਰ ਚੀਜ਼ ਜ਼ਿਆਦਾ ਮਹੱਤਵਪੂਰਣ ਹੈ।
4. ਸਾਡੇ ਵੱਲੋਂ ਪ੍ਰਾਥਮਿਕਤਾਵਾਂ ਸਥਾਪਿਤ ਕਰਨ ਦੇ ਨਾਲ ਫ਼ਿਲਿੱਪੀਆਂ 1:9, 10 ਦਾ ਕੀ ਸੰਬੰਧ ਹੈ?
4 ਤੁਹਾਨੂੰ ਸ਼ਾਇਦ ਅਹਿਸਾਸ ਹੈ ਕਿ ਪ੍ਰਾਥਮਿਕਤਾਵਾਂ ਕਾਇਮ ਕਰਨ ਅਤੇ ਬੁੱਧੀਮਾਨ ਫ਼ੈਸਲੇ ਕਰਨ ਵਿਚ ਬਾਈਬਲ ਦੇ ਮਾਰਗ-ਦਰਸ਼ਕ ਸਿਧਾਂਤ ਬਹੁਮੁੱਲੇ ਸਹਾਇਕ ਹਨ। ਮਿਸਾਲ ਵਜੋਂ, ਫ਼ਿਲਿੱਪੀਆਂ 1:9, 10 (ਨਿ ਵ) ਵਿਚ, ਮਸੀਹੀਆਂ ਨੂੰ ‘ਯਥਾਰਥ ਗਿਆਨ ਅਤੇ ਪੂਰੀ ਸੂਝ ਨਾਲ ਜ਼ਿਆਦਾ ਤੋਂ ਜ਼ਿਆਦਾ ਵਧਦੇ ਚਲੇ ਜਾਣ’ ਲਈ ਜ਼ੋਰ ਦਿੱਤਾ ਜਾਂਦਾ ਹੈ। ਕਿਸ ਲਈ? ਰਸੂਲ ਪੌਲੁਸ ਨੇ ਅੱਗੇ ਕਿਹਾ: “ਤਾਂਕਿ ਤੁਸੀਂ ਜ਼ਿਆਦਾ ਮਹੱਤਵਪੂਰਣ ਗੱਲਾਂ ਨੂੰ ਨਿਸ਼ਚਿਤ ਕਰ ਸਕੋ।” ਕੀ ਇਸ ਗੱਲ ਵਿਚ ਤੁਕ ਨਹੀਂ ਹੈ? ਯਥਾਰਥ ਗਿਆਨ ਦੇ ਆਧਾਰ ਤੇ, ਇਕ ਸੂਝਵਾਨ ਮਸੀਹੀ ਨਿਰਧਾਰਿਤ ਕਰ ਸਕਦਾ ਹੈ ਕਿ ਜੀਵਨ ਵਿਚ ਕਿਹੜੀ ਚੀਜ਼ ਪਹਿਲੀ ਦਿਲਚਸਪੀ ਦੀ—ਸਰਬਪ੍ਰਥਮ—ਹੋਣੀ ਚਾਹੀਦੀ ਹੈ।
ਕਿਹੜੀ ਚੀਜ਼ ਸਰਬਪ੍ਰਥਮ ਹੈ, ਇਸ ਬਾਰੇ ਇਕ ਨਮੂਨਾ
5. ਮਸੀਹੀਆਂ ਲਈ ਛੱਡੇ ਗਏ ਨਮੂਨੇ ਦਾ ਵਿਵਰਣ ਕਰਦੇ ਸਮੇਂ, ਸ਼ਾਸਤਰ ਕਿਵੇਂ ਦਿਖਾਉਂਦਾ ਹੈ ਕਿ ਯਿਸੂ ਦੇ ਜੀਵਨ ਵਿਚ ਕਿਹੜੀ ਚੀਜ਼ ਸਰਬਪ੍ਰਥਮ ਸੀ?
5 ਅਸੀਂ ਰਸੂਲ ਪਤਰਸ ਦੇ ਸ਼ਬਦਾਂ ਵਿਚ ਗਿਆਨ ਦਾ ਇਕ ਬਹੁਮੁੱਲਾ ਪਹਿਲੂ ਪਾਉਂਦੇ ਹਾਂ: “ਤੁਸੀਂ ਇਸੇ ਕਾਰਨ ਸੱਦੇ ਗਏ ਇਸ ਲਈ ਜੋ ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।” (1 ਪਤਰਸ 2:21) ਜੀ ਹਾਂ, ਜੀਵਨ ਵਿਚ ਕਿਹੜੀ ਚੀਜ਼ ਸਰਬਪ੍ਰਥਮ ਹੈ, ਦੇ ਸੁਰਾਗ ਲਈ ਅਸੀਂ ਜਾਂਚ ਕਰ ਸਕਦੇ ਹਾਂ ਕਿ ਯਿਸੂ ਮਸੀਹ ਇਸ ਦੇ ਬਾਰੇ ਕੀ ਸੋਚਦਾ ਸੀ। ਜ਼ਬੂਰ 40:8 ਨੇ ਉਸ ਦੇ ਬਾਰੇ ਭਵਿੱਖ-ਸੂਚਕ ਤੌਰ ਤੇ ਕਿਹਾ: “ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।” ਇਸੇ ਵਿਚਾਰ ਨੂੰ ਉਸ ਨੇ ਇੰਜ ਬਿਆਨ ਕੀਤਾ: “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।”—ਯੂਹੰਨਾ 4:34; ਇਬਰਾਨੀਆਂ 12:2.
6. ਪਰਮੇਸ਼ੁਰ ਦੀ ਇੱਛਾ ਨੂੰ ਪਹਿਲੀ ਥਾਂ ਦੇਣ ਵਿਚ ਅਸੀਂ ਉਹੋ ਨਤੀਜੇ ਕਿਵੇਂ ਹਾਸਲ ਕਰ ਸਕਦੇ ਹਾਂ ਜੋ ਯਿਸੂ ਨੇ ਹਾਸਲ ਕੀਤੇ ਸਨ?
6 ਉਸ ਕੁੰਜੀ ਵੱਲ ਧਿਆਨ ਦਿਓ—ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ। ਯਿਸੂ ਦੀ ਮਿਸਾਲ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਉਸ ਦੇ ਚੇਲਿਆਂ ਨੂੰ ਆਪਣੇ ਜੀਵਨ ਵਿਚ ਕਿਹੜੀ ਚੀਜ਼ ਨੂੰ ਉਚਿਤ ਰੂਪ ਵਿਚ ਸਰਬਪ੍ਰਥਮ ਬਣਾਉਣਾ ਚਾਹੀਦਾ ਹੈ, ਕਿਉਂਕਿ ਉਸ ਨੇ ਕਿਹਾ ਕਿ “ਹਰੇਕ ਜੋ ਸੰਪੂਰਣ ਤੌਰ ਤੇ ਹਿਦਾਇਤ ਹਾਸਲ ਕਰਦਾ ਹੈ, ਉਹ ਆਪਣੇ ਉਪਦੇਸ਼ਕ ਵਰਗਾ ਹੋਵੇਗਾ।” (ਲੂਕਾ 6:40, ਨਿ ਵ) ਅਤੇ ਜਿਉਂ-ਜਿਉਂ ਯਿਸੂ ਉਸ ਰਾਹ ਉੱਤੇ ਚੱਲਿਆ ਜੋ ਉਸ ਦੇ ਪਿਤਾ ਦਾ ਮਕਸਦ ਸੀ, ਉਸ ਨੇ ਦਿਖਾਇਆ ਕਿ ਪਰਮੇਸ਼ੁਰ ਦੀ ਇੱਛਾ ਨੂੰ ਸਰਬਪ੍ਰਥਮ ਰੱਖਣ ਵਿਚ “ਅਨੰਦ ਦੀ ਭਰਪੂਰੀ” ਹੈ। (ਜ਼ਬੂਰ 16:11; ਰਸੂਲਾਂ ਦੇ ਕਰਤੱਬ 2:28) ਕੀ ਤੁਸੀਂ ਇਸ ਦਾ ਅਰਥ ਸਮਝਦੇ ਹੋ? ਜਿਉਂ-ਜਿਉਂ ਯਿਸੂ ਦੇ ਪੈਰੋਕਾਰ ਆਪਣੇ ਜੀਵਨ ਵਿਚ ਸਰਬਪ੍ਰਥਮ ਚੀਜ਼ ਵਜੋਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਚੁਣਦੇ ਹਨ, ਉਹ “ਅਨੰਦ ਦੀ ਭਰਪੂਰੀ” ਅਤੇ ਅਸਲ ਜੀਵਨ ਦਾ ਆਨੰਦ ਮਾਣਨਗੇ। (1 ਤਿਮੋਥਿਉਸ 6:19) ਇਸ ਲਈ ਸਾਡੇ ਜੀਵਨ ਵਿਚ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਨੂੰ ਪ੍ਰਾਥਮਿਕਤਾ ਦੇਣ ਦਾ ਇਕ ਨਾਲੋਂ ਵੱਧ ਕਾਰਨ ਹੈ।
7, 8. ਯਿਸੂ ਨੇ ਕਿਹੜੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ, ਅਤੇ ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
7 ਯਿਸੂ ਵੱਲੋਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਆਪਣੇ ਪੇਸ਼ਕਰਣ ਦਾ ਪ੍ਰਤੀਕ ਦੇਣ ਦੇ ਤੁਰੰਤ ਬਾਅਦ, ਇਬਲੀਸ ਨੇ ਉਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਕਿਵੇਂ? ਤਿੰਨ ਖੇਤਰਾਂ ਵਿਚ ਭਰਮਾਉਣ ਦੇ ਦੁਆਰਾ। ਹਰ ਵਾਰੀ ਯਿਸੂ ਨੇ ਸ਼ਾਸਤਰ ਅਨੁਸਾਰ, ਸਪੱਸ਼ਟ ਸ਼ਬਦਾਂ ਵਿਚ ਜਵਾਬ ਦਿੱਤਾ। (ਮੱਤੀ 4:1-10) ਪਰੰਤੂ ਉਸ ਦੇ ਅੱਗੇ ਅਜੇ ਹੋਰ ਵੀ ਅਜ਼ਮਾਇਸ਼ਾਂ ਸਨ—ਸਤਾਹਟ, ਠੱਠਾ, ਯਹੂਦਾ ਦੁਆਰਾ ਵਿਸ਼ਵਾਸਘਾਤ, ਝੂਠੇ ਇਲਜ਼ਾਮ, ਅਤੇ ਫਿਰ ਤਸੀਹੇ ਦੀ ਸੂਲੀ ਉੱਤੇ ਮੌਤ। ਫਿਰ ਵੀ, ਇਨ੍ਹਾਂ ਵਿੱਚੋਂ ਕੋਈ ਵੀ ਅਜ਼ਮਾਇਸ਼ ਪਰਮੇਸ਼ੁਰ ਦੇ ਨਿਸ਼ਠਾਵਾਨ ਪੁੱਤਰ ਨੂੰ ਉਸ ਦੇ ਰਾਹ ਤੋਂ ਖੁੰਝਾ ਨਾ ਸਕੀ। ਇਕ ਨਾਜ਼ੁਕ ਸਮੇਂ ਤੇ, ਯਿਸੂ ਨੇ ਪ੍ਰਾਰਥਨਾ ਕੀਤੀ: “ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈਂ। . . . ਤੇਰੀ ਮਰਜੀ ਹੋਵੇ।” (ਮੱਤੀ 26:39, 42) ਕੀ ਸਾਡੇ ਲਈ ਛੱਡੇ ਗਏ ਨਮੂਨੇ ਦੇ ਇਸ ਪਹਿਲੂ ਤੋਂ ਸਾਨੂੰ ਹਰੇਕ ਨੂੰ ਅਤਿਅੰਤ ਪ੍ਰਭਾਵਿਤ ਹੋ ਕੇ, ‘ਪ੍ਰਾਰਥਨਾ ਲਗਾਤਾਰ ਕਰਦੇ ਰਹਿਣ’ ਲਈ ਪ੍ਰੇਰਿਤ ਨਹੀਂ ਹੋਣਾ ਚਾਹੀਦਾ ਹੈ?—ਰੋਮੀਆਂ 12:12.
8 ਜੀ ਹਾਂ, ਜਦੋਂ ਅਸੀਂ ਜੀਵਨ ਵਿਚ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਸਥਾਪਿਤ ਕਰਦੇ ਹਾਂ ਈਸ਼ਵਰੀ ਮਾਰਗ-ਦਰਸ਼ਨ ਖ਼ਾਸ ਤੌਰ ਤੇ ਸਹਾਈ ਹੁੰਦਾ ਹੈ, ਵਿਸ਼ੇਸ਼ ਕਰਕੇ ਜੇਕਰ ਅਸੀਂ ਸੱਚਾਈ ਦੇ ਵੈਰੀਆਂ ਦਾ ਅਤੇ ਪਰਮੇਸ਼ੁਰ ਦੀ ਇੱਛਾ ਦੇ ਵਿਰੋਧੀਆਂ ਦਾ ਸਾਮ੍ਹਣਾ ਕਰਦੇ ਹਾਂ। ਮਾਰਗ-ਦਰਸ਼ਨ ਲਈ ਵਫ਼ਾਦਾਰ ਰਾਜਾ ਦਾਊਦ ਦੀ ਬੇਨਤੀ ਨੂੰ ਯਾਦ ਕਰੋ ਜਦੋਂ ਉਸ ਨੇ ਵੈਰੀਆਂ ਦੀ ਵਿਰੋਧਤਾ ਦਾ ਅਨੁਭਵ ਕੀਤਾ। ਅਸੀਂ ਇਸ ਨੂੰ ਜ਼ਬੂਰ 143 ਦੇ ਇਕ ਹਿੱਸੇ ਉੱਤੇ ਵਿਚਾਰ ਕਰਨ ਦੇ ਦੁਆਰਾ ਸਮਝਾਂਗੇ। ਇਸ ਤੋਂ ਸਾਨੂੰ ਇਹ ਸਮਝਣ ਦੀ ਮਦਦ ਮਿਲਣੀ ਚਾਹੀਦੀ ਹੈ ਕਿ ਅਸੀਂ ਯਹੋਵਾਹ ਦੇ ਨਾਲ ਆਪਣੇ ਨਿੱਜੀ ਸੰਬੰਧ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਅਤੇ ਆਪਣੇ ਜੀਵਨ ਵਿਚ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਨੂੰ ਸਭ ਤੋਂ ਅੱਗੇ ਰੱਖਣ ਦੇ ਲਈ ਕਿਵੇਂ ਦ੍ਰਿੜ੍ਹ ਹੋ ਸਕਦੇ ਹਾਂ।
ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ ਅਤੇ ਜਵਾਬ ਦਿੰਦਾ ਹੈ
9. (ੳ) ਹਾਲਾਂਕਿ ਦਾਊਦ ਇਕ ਪਾਪੀ ਸੀ, ਉਸ ਦੇ ਕਥਨ ਅਤੇ ਕਾਰਜ ਕੀ ਪ੍ਰਗਟ ਕਰਦੇ ਹਨ? (ਅ) ਸਾਨੂੰ ਸਹੀ ਕੰਮ ਕਰਨਾ ਕਿਉਂ ਨਹੀਂ ਛੱਡਣਾ ਚਾਹੀਦਾ ਹੈ?
9 ਹਾਲਾਂਕਿ ਦਾਊਦ ਇਕ ਪਾਪੀ ਮਾਨਵ ਸੀ, ਉਸ ਨੂੰ ਵਿਸ਼ਵਾਸ ਸੀ ਕਿ ਯਹੋਵਾਹ ਉਸ ਦੀ ਬੇਨਤੀ ਉੱਤੇ ਕੰਨ ਧਰੇਗਾ। ਉਸ ਨੇ ਨਿਮਰਤਾ ਸਹਿਤ ਮਿੰਨਤ ਕੀਤੀ: “ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ ਲੈ, ਮੇਰੀ ਬੇਨਤੀ ਉੱਤੇ ਕੰਨ ਲਾ, ਆਪਣੀ ਵਫ਼ਾਦਾਰੀ ਅਤੇ ਆਪਣੇ ਧਰਮ ਵਿੱਚ ਮੈਨੂੰ ਉੱਤਰ ਦੇਹ! ਆਪਣੇ ਦਾਸ ਨੂੰ ਅਦਾਲਤ ਵਿੱਚ ਨਾ ਲਿਆ, ਕਿਉਂ ਜੋ ਤੇਰੇ ਹਜ਼ੂਰ ਕੋਈ ਜਣਾ ਧਰਮੀ ਨਹੀਂ ਠਹਿਰ ਸੱਕਦਾ।” (ਜ਼ਬੂਰ 143:1, 2) ਦਾਊਦ ਆਪਣੀ ਅਪੂਰਣਤਾ ਬਾਰੇ ਅਵਗਤ ਸੀ, ਫਿਰ ਵੀ ਉਸ ਦਾ ਦਿਲ ਪਰਮੇਸ਼ੁਰ ਦੇ ਪ੍ਰਤੀ ਪੂਰਣ ਸੀ। ਇਸ ਲਈ, ਉਸ ਨੂੰ ਭਰੋਸਾ ਸੀ ਕਿ ਉਹ ਧਾਰਮਿਕਤਾ ਵਿਚ ਜਵਾਬ ਪਾਏਗਾ। ਕੀ ਇਹ ਸਾਨੂੰ ਉਤਸ਼ਾਹਿਤ ਨਹੀਂ ਕਰਦਾ ਹੈ? ਭਾਵੇਂ ਅਸੀਂ ਪਰਮੇਸ਼ੁਰ ਦੀ ਧਾਰਮਿਕਤਾ ਤੋਂ ਖੁੰਝ ਜਾਂਦੇ ਹਾਂ, ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜੇਕਰ ਸਾਡੇ ਦਿਲ ਉਸ ਦੇ ਪ੍ਰਤੀ ਪੂਰਣ ਹਨ, ਤਾਂ ਉਹ ਸਾਡੀ ਸੁਣਦਾ ਹੈ। (ਉਪਦੇਸ਼ਕ ਦੀ ਪੋਥੀ 7:20; 1 ਯੂਹੰਨਾ 5:14) ਪ੍ਰਾਰਥਨਾ ਵਿਚ ਲੱਗੇ ਰਹਿਣ ਦੇ ਨਾਲ-ਨਾਲ, ਸਾਨੂੰ ਇਨ੍ਹਾਂ ਦੁਸ਼ਟ ਦਿਨਾਂ ਵਿਚ “ਭਲਿਆਈ ਨਾਲ ਬੁਰਿਆਈ ਨੂੰ ਜਿੱਤ” ਲੈਣ ਦੇ ਲਈ ਦ੍ਰਿੜ੍ਹ-ਸੰਕਲਪੀ ਵੀ ਹੋਣਾ ਚਾਹੀਦਾ ਹੈ।—ਰੋਮੀਆਂ 12:20, 21; ਯਾਕੂਬ 4:7.
10. ਦਾਊਦ ਚਿੰਤਾ ਭਰੇ ਸਮਿਆਂ ਵਿੱਚੋਂ ਕਿਉਂ ਗੁਜ਼ਰਿਆ?
10 ਦਾਊਦ ਦੇ ਵੈਰੀ ਸਨ, ਜਿਵੇਂ ਸਾਡੇ ਵੀ ਹਨ। ਚਾਹੇ ਸ਼ਾਊਲ ਤੋਂ ਭੱਜ ਰਹੇ ਭਗੌੜੇ ਵਜੋਂ, ਜੋ ਸੁੰਨਸਾਨ, ਅਪਹੁੰਚ ਥਾਵਾਂ ਵਿਚ ਪਨਾਹ ਲੱਭਣ ਲਈ ਮਜਬੂਰ ਸੀ, ਜਾਂ ਵੈਰੀਆਂ ਦੁਆਰਾ ਸਤਾਏ ਗਏ ਇਕ ਰਾਜੇ ਵਜੋਂ, ਦਾਊਦ ਚਿੰਤਾ ਭਰੇ ਸਮਿਆਂ ਵਿੱਚੋਂ ਗੁਜ਼ਰਿਆ। ਉਸ ਨੇ ਵਰਣਨ ਕੀਤਾ ਕਿ ਇਸ ਤੋਂ ਉਹ ਕਿਵੇਂ ਪ੍ਰਭਾਵਿਤ ਹੋਇਆ: “ਵੈਰੀ ਨੇ ਤਾਂ ਮੇਰੀ ਜਾਨ ਦਾ ਪਿੱਛਾ ਕੀਤਾ ਹੈ . . . ਉਹ ਨੇ ਮੈਨੂੰ ਅਨ੍ਹੇਰੇ ਥਾਂਵਾਂ ਵਿੱਚ ਵਸਾਇਆ ਹੈ . . . ਤਦੇ ਮੇਰਾ ਆਤਮਾ ਮੇਰੇ ਅੰਦਰ ਨਢਾਲ ਹੈ, ਮੇਰਾ ਦਿਲ ਮੇਰੇ ਵਿਚਕਾਰ ਵਿਆਕੁਲ [“ਸੁੰਨ,” ਨਿ ਵ] ਹੈ।” (ਜ਼ਬੂਰ 143:3, 4) ਕੀ ਤੁਸੀਂ ਕਿਸੇ ਕਾਰਨ ਇੰਜ ਮਹਿਸੂਸ ਕੀਤਾ ਹੈ?
11. ਪਰਮੇਸ਼ੁਰ ਦੇ ਆਧੁਨਿਕ-ਦਿਨ ਸੇਵਕਾਂ ਨੇ ਕਿਹੜੇ ਚਿੰਤਾ ਭਰੇ ਸਮਿਆਂ ਦਾ ਸਾਮ੍ਹਣਾ ਕੀਤਾ ਹੈ?
11 ਵੈਰੀਆਂ ਦੇ ਦਬਾਉ, ਸਖ਼ਤ ਆਰਥਿਕ ਕਠਿਨਾਈ ਦੇ ਕਾਰਨ ਆਈਆਂ ਅਜ਼ਮਾਇਸ਼ਾਂ, ਗੰਭੀਰ ਬੀਮਾਰੀ, ਜਾਂ ਦੂਜੀਆਂ ਚਿੰਤਾਜਨਕ ਸਮੱਸਿਆਵਾਂ ਨੇ ਪਰਮੇਸ਼ੁਰ ਦੇ ਕੁਝ ਲੋਕਾਂ ਨੂੰ ਇੰਜ ਮਹਿਸੂਸ ਕਰਵਾਇਆ ਹੈ ਕਿ ਉਨ੍ਹਾਂ ਦੀ ਹਿਮਤ ਜਵਾਬ ਦੇ ਜਾਵੇਗੀ। ਕਦੇ-ਕਦਾਈਂ ਉਨ੍ਹਾਂ ਦੇ ਦਿਲ ਵੀ ਮਾਨੋ ਸੁੰਨ ਹੋ ਗਏ ਹੋਣ। ਇਹ ਇਵੇਂ ਹੈ ਮਾਨੋ ਉਨ੍ਹਾਂ ਨੇ ਵਿਅਕਤੀਗਤ ਤੌਰ ਤੇ ਪੁਕਾਰਿਆ ਹੈ: “ਤੂੰ ਜਿਸ ਨੇ ਮੈਨੂੰ ਬਹੁਤ ਤੇ ਬੁਰੀਆਂ ਬਿਪਤਾਂ ਵਿਖਾਈਆਂ ਹਨ, ਮੁੜ ਕੇ ਮੈਨੂੰ ਜਿਵਾਏਂਗਾ . . . ਤੂੰ . . . ਮੁੜ ਕੇ ਮੈਨੂੰ ਦਿਲਾਸਾ ਦੇਹ।” (ਜ਼ਬੂਰ 71:20, 21) ਉਨ੍ਹਾਂ ਦੀ ਕਿਵੇਂ ਮਦਦ ਕੀਤੀ ਗਈ ਹੈ?
ਵੈਰੀਆਂ ਦੇ ਜਤਨਾਂ ਦਾ ਕਿਵੇਂ ਸਾਮ੍ਹਣਾ ਕਰੀਏ
12. ਰਾਜਾ ਦਾਊਦ ਨੇ ਖ਼ਤਰੇ ਅਤੇ ਅਜ਼ਮਾਇਸ਼ਾਂ ਦੇ ਨਾਲ ਕਿਵੇਂ ਨਜਿੱਠਿਆ?
12 ਜ਼ਬੂਰ 143:5 ਦਿਖਾਉਂਦਾ ਹੈ ਕਿ ਜਦੋਂ ਦਾਊਦ ਨੂੰ ਖ਼ਤਰੇ ਅਤੇ ਵੱਡੀਆਂ ਅਜ਼ਮਾਇਸ਼ਾਂ ਨੇ ਘੇਰ ਲਿਆ ਤਾਂ ਉਸ ਨੇ ਕੀ ਕੀਤਾ: “ਮੈਂ ਪੁਰਾਣਿਆਂ ਸਮਿਆਂ ਨੂੰ ਯਾਦ ਕਰਦਾ ਹਾਂ, ਮੈਂ ਤੇਰੀਆਂ ਸਾਰੀਆਂ ਕਰਨੀਆਂ ਦਾ ਵਿਚਾਰ ਕਰਦਾ ਹਾਂ, ਮੈਂ ਤੇਰੇ ਹੱਥਾਂ ਦੇ ਕੰਮਾਂ ਦਾ ਧਿਆਨ ਕਰਦਾ ਹਾਂ।” ਦਾਊਦ ਨੇ ਪਰਮੇਸ਼ੁਰ ਦੇ ਆਪਣੇ ਸੇਵਕਾਂ ਨਾਲ ਵਰਤਾਉ ਨੂੰ ਚੇਤੇ ਕੀਤਾ ਅਤੇ ਕਿ ਖ਼ੁਦ ਉਸ ਨੇ ਕਿਵੇਂ ਬਚਾਉ ਹਾਸਲ ਕੀਤਾ। ਯਹੋਵਾਹ ਨੇ ਆਪਣੇ ਮਹਾਨ ਨਾਂ ਦੀ ਖਾਤਰ ਕੀ ਕੁਝ ਕੀਤਾ ਸੀ, ਇਸ ਉੱਤੇ ਉਸ ਨੇ ਮਨਨ ਕੀਤਾ। ਜੀ ਹਾਂ, ਦਾਊਦ ਪਰਮੇਸ਼ੁਰ ਦੇ ਕੰਮਾਂ ਉੱਤੇ ਧਿਆਨ ਲਗਾਉਂਦਾ ਰਿਹਾ।
13. ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਸਮੇਂ, ਵਫ਼ਾਦਾਰ ਸੇਵਕਾਂ ਦੀਆਂ ਪ੍ਰਾਚੀਨ ਅਤੇ ਆਧੁਨਿਕ ਮਿਸਾਲਾਂ ਉੱਤੇ ਵਿਚਾਰ ਕਰਨਾ ਸਾਨੂੰ ਸਹਿਣ ਕਰਨ ਦੇ ਲਈ ਕਿਵੇਂ ਮਦਦ ਕਰੇਗਾ?
13 ਕੀ ਅਸੀਂ ਅਕਸਰ ਪਰਮੇਸ਼ੁਰ ਦੇ ਆਪਣੇ ਲੋਕਾਂ ਨਾਲ ਵਰਤਾਉ ਨੂੰ ਯਾਦ ਨਹੀਂ ਕੀਤਾ ਹੈ? ਯਕੀਨਨ! ਇਸ ਵਿਚ ਮਸੀਹ-ਪੂਰਵ ਸਮਿਆਂ ਵਿਚ ‘ਗਵਾਹਾਂ ਦੇ ਵੱਡੇ ਬੱਦਲ’ ਦੁਆਰਾ ਬਣਾਇਆ ਗਿਆ ਰਿਕਾਰਡ ਸ਼ਾਮਲ ਹੈ। (ਇਬਰਾਨੀਆਂ 11:32-38; 12:1) ਪਹਿਲੀ ਸਦੀ ਦੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਸੀ ਕਿ ਉਹ ‘ਪਹਿਲਿਆਂ ਦਿਨਾਂ ਨੂੰ ਚੇਤੇ ਕਰਨ’ ਅਤੇ ਨਾਲ ਹੀ ਕਿ ਉਨ੍ਹਾਂ ਨੇ ਕੀ ਕੁਝ ਬਰਦਾਸ਼ਤ ਕੀਤਾ ਸੀ। (ਇਬਰਾਨੀਆਂ 10:32-34) ਆਧੁਨਿਕ ਸਮਿਆਂ ਵਿਚ ਪਰਮੇਸ਼ੁਰ ਦੇ ਸੇਵਕਾਂ ਦੇ ਅਨੁਭਵ ਬਾਰੇ ਕੀ, ਜਿਵੇਂ ਕਿ ਉਹ ਜਿਨ੍ਹਾਂ ਦਾ ਵਰਣਨ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕa (ਅੰਗ੍ਰੇਜ਼ੀ) ਵਿਚ ਕੀਤਾ ਗਿਆ ਹੈ? ਇਸ ਵਿਚ ਅਤੇ ਦੂਜੇ ਪ੍ਰਕਾਸ਼ਨਾਂ ਵਿਚ ਲਿਪੀਬੱਧ ਬਿਰਤਾਂਤਾਂ ਦੇ ਕਾਰਨ ਅਸੀਂ ਇਹ ਯਾਦ ਕਰ ਸਕਦੇ ਹਾਂ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਪਾਬੰਦੀਆਂ, ਕੈਦ, ਭੀੜ ਦੇ ਹਮਲਿਆਂ, ਅਤੇ ਨਜ਼ਰਬੰਦੀ-ਕੈਂਪਾਂ ਤੇ ਵਗਾਰ-ਕੈਂਪਾਂ ਨੂੰ ਸਹਿਣ ਕਰਨ ਦੇ ਲਈ ਕਿਵੇਂ ਮਦਦ ਕੀਤੀ ਹੈ। ਬੁਰੁੰਡੀ, ਲਾਈਬੀਰੀਆ, ਰਵਾਂਡਾ, ਅਤੇ ਸਾਬਕਾ ਯੂਗੋਸਲਾਵੀਆ ਵਰਗੇ ਯੁੱਧ-ਗ੍ਰਸਤ ਦੇਸ਼ਾਂ ਵਿਚ ਅਜ਼ਮਾਇਸ਼ਾਂ ਰਹੀਆਂ ਹਨ। ਜਦੋਂ ਵਿਰੋਧਤਾ ਪ੍ਰਗਟ ਹੋਈ, ਤਾਂ ਪਰਮੇਸ਼ੁਰ ਦੇ ਸੇਵਕਾਂ ਨੇ ਯਹੋਵਾਹ ਦੇ ਨਾਲ ਇਕ ਮਜ਼ਬੂਤ ਸੰਬੰਧ ਕਾਇਮ ਰੱਖਣ ਦੇ ਦੁਆਰਾ ਸਹਿਣ ਕੀਤਾ। ਉਸ ਦੇ ਹੱਥ ਨੇ ਉਨ੍ਹਾਂ ਲੋਕਾਂ ਨੂੰ ਸੰਭਾਲ ਰੱਖਿਆ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਉਸ ਦੀ ਇੱਛਾ ਪੂਰੀ ਕਰਨੀ ਸਰਬਪ੍ਰਥਮ ਰੱਖੀ।
14. (ੳ) ਇਕ ਮਿਸਾਲ ਕਿਹੜੀ ਹੈ ਜਿਸ ਵਿਚ ਪਰਮੇਸ਼ੁਰ ਨੇ ਇਕ ਵਿਅਕਤੀ ਨੂੰ ਅਜਿਹੀ ਇਕ ਸਥਿਤੀ ਵਿਚ ਸਮਰਥਨ ਦਿੱਤਾ ਜੋ ਸ਼ਾਇਦ ਸਾਡੀ ਸਥਿਤੀ ਵਰਗੀ ਹੋਵੇ? (ਅ) ਤੁਸੀਂ ਇਸ ਮਿਸਾਲ ਤੋਂ ਕੀ ਸਿੱਖਦੇ ਹੋ?
14 ਪਰੰਤੂ, ਤੁਸੀਂ ਸ਼ਾਇਦ ਜਵਾਬ ਦਿਓ ਕਿ ਤੁਸੀਂ ਅਜਿਹੇ ਕਰੂਰ ਦੁਰਵਿਹਾਰ ਦਾ ਅਨੁਭਵ ਨਹੀਂ ਕੀਤਾ ਹੈ, ਅਤੇ ਤੁਸੀਂ ਸ਼ਾਇਦ ਮਹਿਸੂਸ ਕਰੋ ਕਿ ਇਹ ਅਸੰਭਾਵੀ ਹੈ ਕਿ ਤੁਸੀਂ ਕਦੇ ਵੀ ਇਸ ਦਾ ਅਨੁਭਵ ਕਰੋਗੇ। ਲੇਕਿਨ, ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਹਮੇਸ਼ਾ ਕੇਵਲ ਉਨ੍ਹਾਂ ਹਾਲਤਾਂ ਵਿਚ ਹੀ ਸਮਰਥਨ ਨਹੀਂ ਦਿੱਤਾ ਹੈ ਜਿਨ੍ਹਾਂ ਨੂੰ ਕੁਝ ਲੋਕ ਸ਼ਾਇਦ ਨਾਟਕੀ ਹਾਲਤਾਂ ਵਜੋਂ ਵਿਚਾਰਨ। ਉਸ ਨੇ ਅਨੇਕ “ਸਾਧਾਰਣ” ਵਿਅਕਤੀਆਂ ਨੂੰ “ਆਮ” ਹਾਲਤਾਂ ਵਿਚ ਸਮਰਥਨ ਦਿੱਤਾ ਹੈ। ਇੱਥੇ ਅਨੇਕਾਂ ਵਿੱਚੋਂ ਕੇਵਲ ਇਕ ਮਿਸਾਲ ਹੈ: ਕੀ ਤੁਸੀਂ ਉੱਤੇ ਦਿੱਤੀ ਗਈ ਤਸਵੀਰ ਨੂੰ ਪਛਾਣਦੇ ਹੋ, ਅਤੇ ਕੀ ਇਹ ਤੁਹਾਨੂੰ ਪਰਮੇਸ਼ੁਰ ਦੇ ਆਪਣੇ ਲੋਕਾਂ ਨਾਲ ਵਰਤਾਉ ਦੀ ਯਾਦ ਦਿਲਾਉਣ ਵਿਚ ਮਦਦ ਕਰਦੀ ਹੈ? ਇਹ ਦਸੰਬਰ 1, 1996, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਛਪਿਆ ਸੀ। ਕੀ ਤੁਸੀਂ ਪਨੈੱਲਪੀ ਮਾਕਰੀਸ ਦੁਆਰਾ ਦੱਸੇ ਗਏ ਬਿਰਤਾਂਤ ਬਾਰੇ ਪੜ੍ਹਿਆ ਹੈ? ਮਸੀਹੀ ਖਰਿਆਈ ਦਾ ਕਿੰਨਾ ਹੀ ਸ਼ਾਨਦਾਰ ਉਦਾਹਰਣ! ਕੀ ਤੁਹਾਨੂੰ ਯਾਦ ਹੈ ਕਿ ਉਸ ਨੇ ਗੁਆਂਢੀਆਂ ਵੱਲੋਂ ਕੀ ਕੁਝ ਸਹਿਣ ਕੀਤਾ, ਉਸ ਨੇ ਕਿਵੇਂ ਸਖ਼ਤ ਬੀਮਾਰੀਆਂ ਨਾਲ ਸੰਘਰਸ਼ ਕੀਤਾ, ਅਤੇ ਪੂਰਣ-ਕਾਲੀ ਸੇਵਕਾਈ ਵਿਚ ਬਣੇ ਰਹਿਣ ਦੇ ਲਈ ਉਸ ਨੇ ਕੀ-ਕੀ ਜਤਨ ਕੀਤੇ? ਮਿਟਲੀਨੀ ਵਿਚ ਉਸ ਦੇ ਸੰਤੋਖਜਨਕ ਅਨੁਭਵ ਬਾਰੇ ਕੀ? ਮੁੱਖ ਗੱਲ ਇਹ ਹੈ, ਕੀ ਤੁਸੀਂ ਆਪਣੇ ਜੀਵਨ ਵਿਚ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਨੂੰ ਪਹਿਲਾਂ ਰੱਖਦੇ ਹੋਏ, ਪ੍ਰਾਥਮਿਕਤਾਵਾਂ ਕਾਇਮ ਕਰਨ ਪੱਖੋਂ ਇਨ੍ਹਾਂ ਮਿਸਾਲਾਂ ਨੂੰ ਸਾਡੇ ਸਾਰਿਆਂ ਲਈ ਸਹਾਇਕ ਸਾਧਨ ਵਜੋਂ ਵਿਚਾਰਦੇ ਹੋ?
15. ਯਹੋਵਾਹ ਦੇ ਕੁਝ ਕੰਮ ਕਿਹੜੇ ਹਨ ਜਿਨ੍ਹਾਂ ਉੱਤੇ ਸਾਨੂੰ ਮਨਨ ਕਰਨਾ ਚਾਹੀਦਾ ਹੈ?
15 ਯਹੋਵਾਹ ਦੀਆਂ ਸਰਗਰਮੀਆਂ ਉੱਤੇ ਮਨਨ ਕਰਨਾ, ਜਿਵੇਂ ਦਾਊਦ ਨੇ ਕੀਤਾ ਸੀ, ਸਾਨੂੰ ਮਜ਼ਬੂਤ ਕਰਦਾ ਹੈ। ਆਪਣੇ ਮਕਸਦ ਨੂੰ ਪੂਰਾ ਕਰਨ ਵਿਚ, ਯਹੋਵਾਹ ਨੇ ਆਪਣੇ ਪੁੱਤਰ ਦੀ ਮੌਤ, ਪੁਨਰ-ਉਥਾਨ, ਅਤੇ ਮਹਿਮਾਕਰਣ ਦੇ ਦੁਆਰਾ ਮੁਕਤੀ ਦਾ ਪ੍ਰਬੰਧ ਕੀਤਾ। (1 ਤਿਮੋਥਿਉਸ 3:16) ਉਸ ਨੇ ਆਪਣੇ ਸਵਰਗੀ ਰਾਜ ਨੂੰ ਸਥਾਪਿਤ ਕੀਤਾ ਹੈ, ਸਵਰਗ ਤੋਂ ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ ਕੱਢਿਆ ਹੈ, ਅਤੇ ਇੱਥੇ ਧਰਤੀ ਉੱਤੇ ਸੱਚੀ ਉਪਾਸਨਾ ਨੂੰ ਮੁੜ ਬਹਾਲ ਕੀਤਾ ਹੈ। (ਪਰਕਾਸ਼ ਦੀ ਪੋਥੀ 12:7-12) ਉਸ ਨੇ ਇਕ ਅਧਿਆਤਮਿਕ ਪਰਾਦੀਸ ਬਣਾਇਆ ਹੈ ਅਤੇ ਆਪਣੇ ਲੋਕਾਂ ਨੂੰ ਵ੍ਰਿਧੀ ਦੀ ਬਰਕਤ ਦਿੱਤੀ ਹੈ। (ਯਸਾਯਾਹ 35:1-10; 60:22) ਉਸ ਦੇ ਲੋਕ ਹੁਣ ਵੱਡੀ ਬਿਪਤਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਆਖ਼ਰੀ ਗਵਾਹੀ ਦੇ ਰਹੇ ਹਨ। (ਪਰਕਾਸ਼ ਦੀ ਪੋਥੀ 14:6, 7) ਜੀ ਹਾਂ, ਸਾਡੇ ਕੋਲ ਮਨਨ ਕਰਨ ਲਈ ਬਹੁਤ ਕੁਝ ਹੈ।
16. ਸਾਨੂੰ ਕਿਸ ਚੀਜ਼ ਉੱਤੇ ਧਿਆਨ ਲਗਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਅਤੇ ਇਹ ਸਾਡੇ ਮਨ ਵਿਚ ਕਿਹੜੀ ਗੱਲ ਬਿਠਾਵੇਗੀ?
16 ਮਾਨਵੀ ਕੋਸ਼ਿਸ਼ਾਂ ਵਿਚ ਰੁੱਝਣ ਦੀ ਬਜਾਇ, ਪਰਮੇਸ਼ੁਰ ਦੇ ਹੱਥਾਂ ਦੇ ਕੰਮ ਉੱਤੇ ਧਿਆਨ ਲਾਉਣਾ ਸਾਡੇ ਉੱਤੇ ਇਸ ਗੱਲ ਦਾ ਪ੍ਰਭਾਵ ਪਾਉਂਦਾ ਹੈ ਕਿ ਯਹੋਵਾਹ ਦੀ ਅਮਲੀ ਤਾਕਤ ਅਰੋਕ ਹੈ। ਪਰੰਤੂ, ਅਜਿਹੇ ਕੰਮ ਕੇਵਲ ਸਵਰਗ ਵਿਚ ਅਤੇ ਇੱਥੇ ਧਰਤੀ ਉੱਤੇ ਸ੍ਰਿਸ਼ਟੀ ਦੇ ਅਦਭੁਤ ਭੌਤਿਕ ਕੰਮਾਂ ਤਕ ਹੀ ਸੀਮਿਤ ਨਹੀਂ ਹਨ। (ਅੱਯੂਬ 37:14; ਜ਼ਬੂਰ 19:1; 104:24) ਉਸ ਦੇ ਅਦਭੁਤ ਕੰਮਾਂ ਵਿਚ ਵਿਰੋਧੀ ਅਤਿਆਚਾਰੀਆਂ ਤੋਂ ਆਪਣੇ ਲੋਕਾਂ ਨੂੰ ਛੁਡਾਉਣ ਦੇ ਕਾਰਜ ਵੀ ਸ਼ਾਮਲ ਹਨ, ਜਿਵੇਂ ਕਿ ਉਸ ਦੇ ਚੁਣੇ ਹੋਏ ਪ੍ਰਾਚੀਨ ਲੋਕਾਂ ਦੇ ਅਨੁਭਵ ਤੋਂ ਪ੍ਰਦਰਸ਼ਿਤ ਹੁੰਦਾ ਹੈ।—ਕੂਚ 14:31; 15:6.
ਤੁਰਨ ਦਾ ਰਾਹ ਜਾਣਨਾ
17. ਦਾਊਦ ਲਈ ਯਹੋਵਾਹ ਕਿੰਨਾ ਹਕੀਕੀ ਸੀ, ਅਤੇ ਇਸ ਤੋਂ ਅਸੀਂ ਕਿਵੇਂ ਮੁੜ ਭਰੋਸਾ ਹਾਸਲ ਕਰ ਸਕਦੇ ਹਾਂ?
17 ਦਾਊਦ ਨੇ ਮਦਦ ਲਈ ਪ੍ਰਾਰਥਨਾ ਕੀਤੀ, ਇਸ ਤੋਂ ਪਹਿਲਾਂ ਕਿ ਉਸ ਵਿਚ ਜੀਵਨ ਦੀ ਨਮੀ ਸੁੱਕ ਜਾਵੇ: “ਮੈਂ ਆਪਣੇ ਹੱਥ ਤੇਰੀ ਵੱਲ ਅੱਡਦਾ ਹਾਂ, ਮੇਰੀ ਜਾਨ ਸੁੱਕੀ ਧਰਤੀ ਵਾਂਙੁ ਤੇਰੀ ਤਿਹਾਈ ਹੈ। ਛੇਤੀ ਕਰ, ਹੇ ਯਹੋਵਾਹ, ਮੈਨੂੰ ਉੱਤਰ ਦੇਹ, ਮੇਰਾ ਆਤਮਾ ਬੱਸ ਹੋ ਚੱਲਿਆ, ਆਪਣਾ ਮੂੰਹ ਮੈਥੋਂ ਨਾ ਲੁਕਾ, ਕਿਤੇ ਮੈਂ ਗੋਰ ਵਿੱਚ ਉਤਰਨ ਵਾਲਿਆਂ ਵਰਗਾ ਨਾ ਹੋ ਜਾਵਾਂ।” (ਜ਼ਬੂਰ 143:6, 7) ਦਾਊਦ, ਇਕ ਪਾਪੀ, ਜਾਣਦਾ ਸੀ ਕਿ ਪਰਮੇਸ਼ੁਰ ਉਸ ਦੀ ਸਥਿਤੀ ਤੋਂ ਅਵਗਤ ਸੀ। (ਜ਼ਬੂਰ 31:7) ਕਿਸੇ-ਕਿਸੇ ਵੇਲੇ ਸ਼ਾਇਦ ਅਸੀਂ ਵੀ ਮਹਿਸੂਸ ਕਰੀਏ ਕਿ ਸਾਡੀ ਅਧਿਆਤਮਿਕਤਾ ਢਹਿੰਦੀ ਕਲਾ ਵਿਚ ਹੈ। ਪਰੰਤੂ ਸਥਿਤੀ ਨਿਰਾਸ਼ਾਜਨਕ ਨਹੀਂ ਹੈ। ਯਹੋਵਾਹ, ਜੋ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ, ਸਾਨੂੰ ਪ੍ਰੇਮਮਈ ਬਜ਼ੁਰਗਾਂ, ਪਹਿਰਾਬੁਰਜ ਵਿਚ ਦੇ ਲੇਖਾਂ, ਜਾਂ ਸਭਾ ਦੇ ਉਹ ਭਾਗ ਜੋ ਖ਼ਾਸ ਤੌਰ ਤੇ ਸਾਡੇ ਲਈ ਹੀ ਬਣਾਏ ਗਏ ਜਾਪਦੇ ਹਨ, ਦੇ ਜ਼ਰੀਏ ਤਾਜ਼ਗੀ ਮੁਹੱਈਆ ਕਰਨ ਦੇ ਦੁਆਰਾ ਸਾਡੀ ਮੁੜ ਬਹਾਲੀ ਨੂੰ ਤੇਜ਼ ਕਰ ਸਕਦਾ ਹੈ।—ਯਸਾਯਾਹ 32:1, 2.
18, 19. (ੳ) ਯਹੋਵਾਹ ਤੋਂ ਸਾਨੂੰ ਕਿਹੜੀ ਹਾਰਦਿਕ ਬੇਨਤੀ ਕਰਨੀ ਚਾਹੀਦੀ ਹੈ? (ਅ) ਅਸੀਂ ਕਿਸ ਚੀਜ਼ ਬਾਰੇ ਨਿਸ਼ਚਿਤ ਹੋ ਸਕਦੇ ਹਾਂ?
18 ਯਹੋਵਾਹ ਵਿਚ ਸਾਡਾ ਭਰੋਸਾ ਸਾਨੂੰ ਉਸ ਤੋਂ ਇਹ ਬੇਨਤੀ ਕਰਨ ਲਈ ਪ੍ਰੇਰਿਤ ਕਰਦਾ ਹੈ: “ਆਪਣੀ ਦਯਾ ਦੀ ਮੈਨੂੰ ਸੁਣਾਈ ਕਰ, ਮੈਂ ਜੋ ਤੇਰਾ ਭਰੋਸਾ ਰੱਖਿਆ ਹੈ, ਮੇਰੇ ਤੁਰਨ ਦਾ ਰਾਹ ਮੈਨੂੰ ਦੱਸ।” (ਜ਼ਬੂਰ 143:8) ਕੀ ਉਸ ਨੇ ਭੈਣ ਮਾਕਰੀਸ, ਜੋ ਇਕ ਯੂਨਾਨੀ ਟਾਪੂ ਤੇ ਇਕੱਲੀ ਸੀ, ਨੂੰ ਨਿਰਾਸ਼ ਕੀਤਾ? ਤਾਂ ਕੀ ਉਹ ਤੁਹਾਨੂੰ ਨਿਰਾਸ਼ ਕਰੇਗਾ ਜਿਉਂ-ਜਿਉਂ ਤੁਸੀਂ ਆਪਣੇ ਜੀਵਨ ਵਿਚ ਉਸ ਦੀ ਇੱਛਾ ਪੂਰੀ ਕਰਨੀ ਸਰਬਪ੍ਰਥਮ ਬਣਾਉਂਦੇ ਹੋ? ਇਬਲੀਸ ਅਤੇ ਉਸ ਦੇ ਕਾਰਿੰਦੇ ਪਰਮੇਸ਼ੁਰ ਦੇ ਰਾਜ ਨੂੰ ਐਲਾਨ ਕਰਨ ਦੇ ਸਾਡੇ ਕੰਮ ਵਿਚ ਰੁਕਾਵਟ ਪਾਉਣਾ ਚਾਹੁੰਦੇ ਹਨ ਜਾਂ ਇਸ ਨੂੰ ਬਿਲਕੁਲ ਹੀ ਬੰਦ ਕਰ ਦੇਣਾ ਚਾਹੁੰਦੇ ਹਨ। ਭਾਵੇਂ ਅਸੀਂ ਅਜਿਹੇ ਦੇਸ਼ਾਂ ਵਿਚ ਸੇਵਾ ਕਰਦੇ ਹਾਂ ਜਿੱਥੇ ਸੱਚੀ ਉਪਾਸਨਾ ਨੂੰ ਆਮ ਤੌਰ ਤੇ ਖੁੱਲ੍ਹ ਦਿੱਤੀ ਜਾਂਦੀ ਹੈ ਜਾਂ ਅਸੀਂ ਉੱਥੇ ਸੇਵਾ ਕਰਦੇ ਹਾਂ ਜਿੱਥੇ ਇਸ ਉੱਤੇ ਪਾਬੰਦੀ ਲਗਾਈ ਜਾਂਦੀ ਹੈ, ਸਾਡੀ ਸੰਯੁਕਤ ਪ੍ਰਾਰਥਨਾ ਦਾਊਦ ਦੀ ਬੇਨਤੀ ਦੇ ਇਕਸੁਰ ਹੁੰਦੀ ਹੈ: “ਹੇ ਯਹੋਵਾਹ, ਮੈਨੂੰ ਵੈਰੀਆਂ ਤੋਂ ਛੁਡਾ, ਮੈਂ ਤੇਰੇ ਵਿੱਚ ਲੁੱਕਦਾ ਹਾਂ।” (ਜ਼ਬੂਰ 143:9) ਅਧਿਆਤਮਿਕ ਤਬਾਹੀ ਤੋਂ ਸਾਡੀ ਸੁਰੱਖਿਆ ਇਸ ਉੱਤੇ ਨਿਰਭਰ ਕਰਦੀ ਹੈ ਕਿ ਅਸੀਂ ਅੱਤ ਮਹਾਨ ਦੀ ਓਟ ਵਿਚ ਵਸੀਏ।—ਜ਼ਬੂਰ 91:1.
19 ਕਿਹੜੀ ਚੀਜ਼ ਸਰਬਪ੍ਰਥਮ ਹੈ, ਇਸ ਬਾਰੇ ਸਾਡੇ ਵਿਸ਼ਵਾਸ ਦਾ ਇਕ ਠੋਸ ਆਧਾਰ ਹੈ। (ਰੋਮੀਆਂ 12:1, 2) ਇਸ ਲਈ, ਉਨ੍ਹਾਂ ਚੀਜ਼ਾਂ ਨੂੰ ਤੁਹਾਡੇ ਉੱਤੇ ਠੋਸਣ ਦੇ ਸੰਸਾਰ ਦੇ ਜਤਨਾਂ ਦਾ ਵਿਰੋਧ ਕਰੋ ਜੋ ਉਹ ਮਾਨਵੀ ਯੋਜਨਾਵਾਂ ਵਿਚ ਮਹੱਤਵਪੂਰਣ ਸਮਝਦਾ ਹੈ। ਆਪਣੇ ਜੀਵਨ ਦੇ ਹਰੇਕ ਪਹਿਲੂ ਨੂੰ ਉਹ ਪ੍ਰਤਿਬਿੰਬਤ ਕਰਨ ਦਿਓ, ਜੋ ਤੁਸੀਂ ਜਾਣਦੇ ਹੋ ਕਿ ਸਰਬਪ੍ਰਥਮ ਹੈ—ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ।—ਮੱਤੀ 6:10; 7:21.
20. (ੳ) ਜ਼ਬੂਰ 143:1-9 ਤੋਂ ਅਸੀਂ ਦਾਊਦ ਦੇ ਬਾਰੇ ਕੀ ਸਿੱਖਿਆ ਹੈ? (ਅ) ਅੱਜ ਮਸੀਹੀ ਕਿਵੇਂ ਦਾਊਦ ਦੀ ਭਾਵਨਾ ਪ੍ਰਤਿਬਿੰਬਤ ਕਰਦੇ ਹਨ?
20 ਜ਼ਬੂਰ 143 ਦੀਆਂ ਪਹਿਲੀਆਂ ਨੌ ਆਇਤਾਂ ਯਹੋਵਾਹ ਦੇ ਨਾਲ ਦਾਊਦ ਦੇ ਨਜ਼ਦੀਕੀ ਨਿੱਜੀ ਸੰਬੰਧ ਉੱਤੇ ਜ਼ੋਰ ਦਿੰਦੀਆਂ ਹਨ। ਜਦੋਂ ਉਹ ਵੈਰੀਆਂ ਦੁਆਰਾ ਘੇਰਿਆ ਹੋਇਆ ਸੀ, ਤਾਂ ਉਸ ਨੇ ਖੁੱਲ੍ਹ ਕੇ ਪਰਮੇਸ਼ੁਰ ਤੋਂ ਮਾਰਗ-ਦਰਸ਼ਨ ਲਈ ਬੇਨਤੀ ਕੀਤੀ। ਉਸ ਨੇ ਆਪਣਾ ਦਿਲ ਖੋਲ੍ਹ ਕੇ ਸਹੀ ਮਾਰਗ ਵਿਚ ਚੱਲਣ ਦੇ ਲਈ ਮਦਦ ਮੰਗੀ। ਅੱਜ ਧਰਤੀ ਉੱਤੇ ਆਤਮਾ ਦੁਆਰਾ ਮਸਹ ਕੀਤੇ ਹੋਏ ਬਕੀਏ ਅਤੇ ਉਨ੍ਹਾਂ ਦੇ ਸਾਥੀਆਂ ਦੇ ਨਾਲ ਵੀ ਇਸੇ ਤਰ੍ਹਾਂ ਹੈ। ਉਹ ਯਹੋਵਾਹ ਦੇ ਨਾਲ ਆਪਣੇ ਸੰਬੰਧ ਨੂੰ ਬਹੁਮੁੱਲਾ ਵਿਚਾਰਦੇ ਹਨ ਜਿਉਂ-ਜਿਉਂ ਉਹ ਮਾਰਗ-ਦਰਸ਼ਨ ਲਈ ਉਸ ਤੋਂ ਬੇਨਤੀ ਕਰਦੇ ਹਨ। ਉਹ ਇਬਲੀਸ ਅਤੇ ਸੰਸਾਰ ਵੱਲੋਂ ਆਏ ਦਬਾਉ ਦੇ ਬਾਵਜੂਦ, ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਸਭ ਤੋਂ ਅੱਗੇ ਰੱਖਦੇ ਹਨ।
21. ਸਾਡੇ ਵੱਲੋਂ ਚੰਗੀ ਮਿਸਾਲ ਕਾਇਮ ਕਰਨੀ ਕਿਉਂ ਮਹੱਤਵਪੂਰਣ ਹੈ ਜੇਕਰ ਅਸੀਂ ਦੂਜਿਆਂ ਨੂੰ ਸਿਖਾਉਣਾ ਹੈ ਕਿ ਉਨ੍ਹਾਂ ਦੇ ਜੀਵਨ ਵਿਚ ਕਿਹੜੀ ਚੀਜ਼ ਸਰਬਪ੍ਰਥਮ ਹੋਣੀ ਚਾਹੀਦੀ ਹੈ?
21 ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਨ ਵਾਲੇ ਲੱਖਾਂ ਲੋਕਾਂ ਨੂੰ ਇਹ ਪਛਾਣਨ ਦੀ ਲੋੜ ਹੈ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਸਰਬਪ੍ਰਥਮ ਹੈ। ਇਹ ਸਮਝਣ ਵਿਚ ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ ਜਦੋਂ ਅਸੀਂ ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਦੇ ਅਧਿਆਇ 13 ਦੀ ਚਰਚਾ ਕਰਦੇ ਹਾਂ, ਜੋ ਕਿ ਬਚਨ ਦੇ ਪ੍ਰਤੀ ਆਗਿਆਕਾਰ ਹੋਣ ਵਿਚ ਅੰਤਰਗ੍ਰਸਤ ਸਿਧਾਂਤਾਂ ਉੱਤੇ ਜ਼ੋਰ ਦਿੰਦਾ ਹੈ।b ਨਿਰਸੰਦੇਹ, ਉਨ੍ਹਾਂ ਨੂੰ ਸਾਡੇ ਵਿਚ ਉਨ੍ਹਾਂ ਗੱਲਾਂ ਦੀ ਮਿਸਾਲ ਨਜ਼ਰ ਆਉਣੀ ਚਾਹੀਦੀ ਹੈ ਜੋ ਅਸੀਂ ਉਨ੍ਹਾਂ ਨੂੰ ਸਿਖਾਉਂਦੇ ਹਾਂ। ਤੁਲਨਾਤਮਕ ਤੌਰ ਤੇ ਥੋੜ੍ਹੇ ਸਮੇਂ ਦੇ ਬਾਅਦ, ਉਨ੍ਹਾਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੂੰ ਕਿਹੜੇ ਰਾਹ ਵਿਚ ਚੱਲਣਾ ਚਾਹੀਦਾ ਹੈ। ਜਿਉਂ-ਜਿਉਂ ਇਹ ਲੱਖਾਂ ਲੋਕ ਵਿਅਕਤੀਗਤ ਤੌਰ ਤੇ ਸਮਝ ਜਾਂਦੇ ਹਨ ਕਿ ਉਨ੍ਹਾਂ ਦੇ ਜੀਵਨ ਵਿਚ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਮਹੱਤਵਪੂਰਣ ਹੋਣੀ ਚਾਹੀਦੀ ਹੈ, ਅਨੇਕ ਲੋਕ ਸਮਰਪਣ ਅਤੇ ਬਪਤਿਸਮਾ ਦੇ ਕਦਮ ਉਠਾਉਣ ਲਈ ਪ੍ਰੇਰਿਤ ਹੋਣਗੇ। ਇਸ ਤੋਂ ਬਾਅਦ, ਕਲੀਸਿਯਾ ਉਨ੍ਹਾਂ ਨੂੰ ਜੀਵਨ ਦੇ ਰਾਹ ਵਿਚ ਚੱਲਦੇ ਰਹਿਣ ਲਈ ਮਦਦ ਕਰ ਸਕਦੀ ਹੈ।
22. ਅਗਲੇ ਲੇਖ ਵਿਚ ਕਿਹੜੇ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ?
22 ਅਨੇਕ ਲੋਕ ਸੌਖਿਆਂ ਹੀ ਸਵੀਕਾਰ ਕਰਦੇ ਹਨ ਕਿ ਪਰਮੇਸ਼ੁਰ ਦੀ ਇੱਛਾ ਉਨ੍ਹਾਂ ਦੇ ਜੀਵਨ ਵਿਚ ਸਭ ਤੋਂ ਮਹੱਤਵਪੂਰਣ ਹੋਣੀ ਚਾਹੀਦੀ ਹੈ। ਪਰੰਤੂ, ਯਹੋਵਾਹ ਆਪਣੇ ਸੇਵਕਾਂ ਨੂੰ ਆਪਣੀ ਇੱਛਾ ਪੂਰੀ ਕਰਨ ਦੇ ਲਈ ਪ੍ਰਗਤੀਵਾਦੀ ਢੰਗ ਨਾਲ ਕਿਵੇਂ ਸਿਖਾਉਂਦਾ ਹੈ? ਇਹ ਉਨ੍ਹਾਂ ਨੂੰ ਕੀ ਲਾਭ ਪਹੁੰਚਾਉਂਦਾ ਹੈ? ਇਨ੍ਹਾਂ ਸਵਾਲਾਂ ਦੀ ਚਰਚਾ, ਅਤੇ ਨਾਲ ਹੀ ਮੁੱਖ ਆਇਤ, ਜ਼ਬੂਰ 143:10, ਦੀ ਚਰਚਾ ਅਗਲੇ ਲੇਖ ਵਿਚ ਕੀਤੀ ਜਾਵੇਗੀ।
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ 1993 ਵਿਚ ਪ੍ਰਕਾਸ਼ਿਤ।
b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ 1995 ਵਿਚ ਪ੍ਰਕਾਸ਼ਿਤ।
ਤੁਹਾਡਾ ਜਵਾਬ ਕੀ ਹੈ?
◻ ਫ਼ਿਲਿੱਪੀਆਂ 1:9, 10 ਨੂੰ ਲਾਗੂ ਕਰਨ ਦੇ ਦੁਆਰਾ, ਅਸੀਂ ਕਿਵੇਂ ਪ੍ਰਾਥਮਿਕਤਾਵਾਂ ਕਾਇਮ ਕਰ ਸਕਦੇ ਹਾਂ?
◻ ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਦੇ ਜੀਵਨ ਵਿਚ ਕਿਹੜੀ ਚੀਜ਼ ਸਰਬਪ੍ਰਥਮ ਸੀ?
◻ ਦਾਊਦ ਦੇ ਕਾਰਜ ਤੋਂ ਅਸੀਂ ਕੀ ਸਿੱਖ ਸਕਦੇ ਹਾਂ ਜਦੋਂ ਉਹ ਅਜ਼ਮਾਇਸ਼ ਹੇਠ ਸੀ?
◻ ਅੱਜ ਜ਼ਬੂਰ 143:1-9 ਕਿਹੜੇ ਤਰੀਕੇ ਵਿਚ ਸਾਡੀ ਮਦਦ ਕਰਦਾ ਹੈ?
◻ ਸਾਡੇ ਜੀਵਨ ਵਿਚ ਕਿਹੜੀ ਚੀਜ਼ ਸਰਬਪ੍ਰਥਮ ਹੋਣੀ ਚਾਹੀਦੀ ਹੈ?
[ਸਫ਼ੇ 15 ਉੱਤੇ ਤਸਵੀਰ]
ਦਾਊਦ ਦੇ ਕਾਰਜ ਨੇ ਯਹੋਵਾਹ ਉਤੇ ਉਸ ਦੀ ਨਿਰਭਰਤਾ ਨੂੰ ਸਾਬਤ ਕੀਤਾ
[ਕ੍ਰੈਡਿਟ ਲਾਈਨ]
Reproduced from Illustrirte Pracht - Bibel/Heilige Schrift des Alten und Neuen Testaments, nach der deutschen Uebersetzung D. Martin Luther’s