“ਆਪਣੇ ਮਨ ਦੀ ਵੱਡੀ ਚੌਕਸੀ ਕਰ”
ਯਹੋਵਾਹ ਨੇ ਸਮੂਏਲ ਨਬੀ ਨੂੰ ਆਖਿਆ ਕਿ ‘ਯਹੋਵਾਹ ਮਨੁੱਖ ਵਾਂਙੁ ਨਹੀਂ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।’ (1 ਸਮੂਏਲ 16:7) ਹਿਰਦੇ ਜਾਂ ਮਨ ਬਾਰੇ ਗੱਲ ਕਰਦਿਆਂ ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਨੂੰ ਇਕ ਗੀਤ ਵਿਚ ਕਿਹਾ ਕਿ “ਤੈਂ ਮੇਰੇ ਮਨ ਨੂੰ ਜਾਚਿਆ ਹੈ, ਰਾਤ ਨੂੰ ਤੂੰ ਮੈਨੂੰ ਜੋਹਿਆ ਹੈ, ਤੈਂ ਮੈਨੂੰ ਤਾਇਆ ਹੈ ਪਰ ਕੁਝ ਨਾ ਲੱਭਾ, ਮੈਂ ਠਾਣ ਲਿਆ ਭਈ ਮੇਰਾ ਮੂੰਹ ਉਲੰਘਣ ਨਾ ਕਰੇ।”—ਜ਼ਬੂਰ 17:3.
ਜੀ ਹਾਂ, ਇਹ ਜਾਣਨ ਲਈ ਕਿ ਅਸੀਂ ਅਸਲ ਵਿਚ ਕਿਸ ਤਰ੍ਹਾਂ ਦੇ ਵਿਅਕਤੀ ਹਾਂ ਯਹੋਵਾਹ ਸਾਡੇ ਮਨਾਂ ਨੂੰ ਪਰਖਦਾ ਹੈ। (ਕਹਾਉਤਾਂ 17:3) ਇਸ ਲਈ ਪ੍ਰਾਚੀਨ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਸੋਚ-ਸਮਝ ਨਾਲ ਇਹ ਮਸ਼ਵਰਾ ਦਿੱਤਾ ਸੀ ਕਿ “ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!” (ਕਹਾਉਤਾਂ 4:23) ਅਸੀਂ ਆਪਣੇ ਦਿਲ ਜਾਂ ਮਨ ਦੀ ਚੌਕਸੀ ਕਿਸ ਤਰ੍ਹਾਂ ਕਰ ਸਕਦੇ ਹਾਂ? ਇਸ ਸਵਾਲ ਦਾ ਜਵਾਬ ਕਹਾਉਤਾਂ ਦੇ ਚੌਥੇ ਅਧਿਆਇ ਵਿਚ ਪਾਇਆ ਜਾਂਦਾ ਹੈ।
ਆਪਣੇ ਪਿਤਾ ਦਾ ਉਪਦੇਸ਼ ਸੁਣੋ
ਕਹਾਉਤਾਂ ਦਾ ਚੌਥਾ ਅਧਿਆਇ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ: “ਹੇ ਮੇਰੇ ਪੁੱਤ੍ਰੋ, ਤੁਸੀਂ ਪਿਉ ਦਾ ਉਪਦੇਸ਼ ਸੁਣੋ, ਅਤੇ ਸਮਝ ਪ੍ਰਾਪਤ ਕਰਨ ਉੱਤੇ ਮਨ ਲਾਓ, ਕਿਉਂ ਜੋ ਮੈਂ ਤੁਹਾਨੂੰ ਚੰਗੀ ਸਿੱਖਿਆ ਦਿੰਦਾ ਹਾਂ, ਤੁਸੀਂ ਮੇਰੀ ਤਾਲੀਮ ਨੂੰ ਨਾ ਛੱਡੋ।”—ਕਹਾਉਤਾਂ 4:1, 2.
ਨੌਜਵਾਨਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਮਾਪਿਆਂ ਦੀ, ਖ਼ਾਸ ਤੌਰ ਤੇ ਆਪਣੇ ਪਿਤਾ ਦੀ ਮਤ ਵੱਲ ਧਿਆਨ ਦੇਣ। ਬਾਈਬਲ, ਪਿਤਾਵਾਂ ਨੂੰ ਆਪਣੇ ਪਰਿਵਾਰਾਂ ਦੀਆਂ ਸਰੀਰਕ ਅਤੇ ਰੂਹਾਨੀ ਜ਼ਰੂਰਤਾਂ ਪੂਰੀਆਂ ਕਰਨ ਲਈ ਜ਼ਿੰਮੇਵਾਰ ਠਹਿਰਾਉਂਦੀ ਹੈ। (ਬਿਵਸਥਾ ਸਾਰ 6:6, 7; 1 ਤਿਮੋਥਿਉਸ 5:8) ਐਸੀ ਦੇਖ-ਰੇਖ ਤੋਂ ਬਿਨਾਂ, ਇਕ ਨੌਜਵਾਨ ਨੂੰ ਮੁਸ਼ਕਲ ਨਾਲ ਹੀ ਅਕਲ ਆਉਂਦੀ ਹੈ! ਤਾਂ ਫਿਰ, ਕੀ ਇਕ ਬੱਚੇ ਨੂੰ ਆਦਰ ਨਾਲ ਆਪਣੇ ਪਿਤਾ ਦੀ ਤਾੜਨਾ ਕਬੂਲ ਨਹੀਂ ਕਰਨੀ ਚਾਹੀਦੀ ਹੈ?
ਪਰ ਉਸ ਬੱਚੇ ਬਾਰੇ ਕੀ ਜਿਸ ਦਾ ਕੋਈ ਪਿਤਾ ਨਹੀਂ ਹੈ ਜੋ ਉਸ ਨੂੰ ਸਿੱਖਿਆ ਦੇ ਸਕਦਾ ਹੈ? ਮਿਸਾਲ ਲਈ, ਗਿਆਰਾਂ ਸਾਲਾਂ ਦੇ ਜੇਸਨ ਬਾਰੇ ਸੋਚੋ।a ਚਾਰ ਸਾਲਾਂ ਦੀ ਉਮਰ ਤੇ ਉਹ ਆਪਣੇ ਪਿਤਾ ਤੋਂ ਵਿਛੜ ਗਿਆ ਸੀ। ਜਦੋਂ ਇਕ ਮਸੀਹੀ ਬਜ਼ੁਰਗ ਨੇ ਉਸ ਨੂੰ ਪੁੱਛਿਆ ਕਿ ਉਸ ਨੂੰ ਕਿਹੜੀ ਗੱਲ ਸਭ ਤੋਂ ਜ਼ਿਆਦਾ ਦੁੱਖ ਲਾਉਂਦੀ ਹੈ, ਤਾਂ ਜੇਸਨ ਨੇ ਫ਼ੌਰਨ ਕਿਹਾ ਕਿ “ਕਾਸ਼, ਮੇਰੇ ਡੈਡੀ ਹੁੰਦੇ। ਕਦੇ-ਕਦੇ ਮੈਂ ਬਹੁਤ ਉਦਾਸ ਹੋ ਜਾਂਦਾ ਹੈ।” ਫਿਰ ਵੀ, ਉਨ੍ਹਾਂ ਨੌਜਵਾਨਾਂ ਲਈ ਵੀ ਮਦਦ ਹੈ ਜਿਨ੍ਹਾਂ ਦੇ ਮਾਪੇ ਨਹੀਂ ਹਨ। ਜੇਸਨ ਅਤੇ ਉਸ ਵਰਗੇ ਹੋਰ ਨੌਜਵਾਨ, ਮਸੀਹੀ ਕਲੀਸਿਯਾ ਦੇ ਬਜ਼ੁਰਗਾਂ ਅਤੇ ਦੂਸਰੇ ਸਿਆਣਿਆਂ ਤੋਂ ਅਜਿਹੀ ਮਦਦ ਲੈ ਸਕਦੇ ਹਨ ਜੋ ਆਮ ਤੌਰ ਤੇ ਪਿਤਾ ਆਪਣੇ ਬੱਚਿਆਂ ਨੂੰ ਦਿੰਦਾ ਹੈ।—ਯਾਕੂਬ 1:27.
ਆਪਣੀ ਪੜ੍ਹਾਈ-ਲਿਖਾਈ ਬਾਰੇ ਯਾਦ ਕਰਦਿਆਂ, ਸੁਲੇਮਾਨ ਨੇ ਅੱਗੇ ਕਿਹਾ ਕਿ “ਮੈਂ ਆਪਣੇ ਪਿਉ ਦਾ ਪੁੱਤ੍ਰ, ਅਤੇ ਆਪਣੀ ਮਾਂ ਦਾ ਇਕੱਲਾ ਹੀ ਲਾਡਲਾ ਸਾਂ।” (ਕਹਾਉਤਾਂ 4:3) ਇਸ ਤਰ੍ਹਾਂ ਲੱਗਦਾ ਹੈ ਕਿ ਰਾਜੇ ਨੇ ਆਪਣੇ ਬਚਪਨ ਵਿਚ ਬਹੁਤ ਹੀ ਖ਼ੁਸ਼ੀਆਂ ਪਾਈਆਂ ਸਨ। “ਪਿਉ ਦਾ ਪੁੱਤ੍ਰ” ਹੋਣ ਕਰਕੇ, ਨੌਜਵਾਨ ਸੁਲੇਮਾਨ ਆਪਣੇ ਪਿਤਾ ਦਾਊਦ ਦੇ ਆਖੇ ਲੱਗਦਾ ਸੀ। ਉਨ੍ਹਾਂ ਦੇ ਆਪਸ ਵਿਚ ਗਹਿਰਾ ਪਿਆਰ ਸੀ। ਸੁਲੇਮਾਨ “ਲਾਡਲਾ” ਸੀ। ਇਹ ਕਿੰਨਾ ਜ਼ਰੂਰੀ ਹੈ ਕਿ ਘਰ ਵਿਚ ਨਿਆਣੇ ਦੀ ਪਰਵਰਿਸ਼ ਲਾਡ-ਪਿਆਰ ਨਾਲ ਕੀਤੀ ਜਾਵੇ ਅਤੇ ਅਜਿਹਾ ਮਾਹੌਲ ਹੋਵੇ ਜਿੱਥੇ ਮਾਪਿਆਂ ਨਾਲ ਦਿਲ ਖੋਲ੍ਹ ਕੇ ਗੱਲ ਕੀਤੀ ਜਾ ਸਕੇ!
ਬੁੱਧ ਅਤੇ ਸਮਝ ਪ੍ਰਾਪਤ ਕਰੋ
ਆਪਣੇ ਪਿਤਾ ਦੀ ਪਿਆਰ-ਭਰੀ ਸਲਾਹ ਨੂੰ ਚੇਤੇ ਕਰਦਿਆਂ, ਸੁਲੇਮਾਨ ਨੇ ਕਿਹਾ ਕਿ “ਉਹ ਨੇ ਮੈਨੂੰ ਸਿਖਾਇਆ ਤੇ ਇਹ ਆਖਿਆ, ਤੇਰਾ ਮਨ ਮੇਰੀਆਂ ਗੱਲਾਂ ਨੂੰ ਫੜੇ, ਤੂੰ ਮੇਰੇ ਹੁਕਮਾਂ ਨੂੰ ਮੰਨ, ਤਾਂ ਤੂੰ ਜੀਵੇਂਗਾ। ਬੁੱਧ ਨੂੰ ਪ੍ਰਾਪਤ ਕਰ, ਸਮਝ ਨੂੰ ਵੀ ਪ੍ਰਾਪਤ ਕਰ, ਮੇਰੇ ਬਚਨਾਂ ਨੂੰ ਭੁਲਾਈਂ ਨਾ ਅਤੇ ਨਾ ਉਨ੍ਹਾਂ ਤੋਂ ਮੁੜੀਂ। [ ਬੁੱਧ] ਨੂੰ ਨਾ ਛੱਡੀਂ ਤਾਂ ਉਹ ਤੇਰੀ ਰੱਛਿਆ ਕਰੇਗੀ, ਉਹ ਦੇ ਨਾਲ ਪ੍ਰੀਤ ਲਾਵੀਂ ਤਾਂ ਉਹ ਤੇਰੀ ਰਾਖੀ ਕਰੇਗੀ। ਬੁੱਧ ਦਾ ਮੁੱਢ ਇਹ ਹੈ ਭਈ ਬੁੱਧ ਨੂੰ ਪ੍ਰਾਪਤ ਕਰ, ਅਤੇ ਆਪਣੀ ਸਾਰੀ ਪ੍ਰਾਪਤੀ ਨਾਲ ਸਮਝ ਨੂੰ ਪ੍ਰਾਪਤ ਕਰ।”—ਕਹਾਉਤਾਂ 4:4-7.
ਬੁੱਧ ਇੰਨੀ ਜ਼ਰੂਰੀ ਕਿਉਂ ਮੰਨੀ ਜਾਂਦੀ ਹੈ? ਇਕ ਬੁੱਧਵਾਨ ਵਿਅਕਤੀ ਗਿਆਨ ਅਤੇ ਸਮਝ ਨਾਲ ਕਾਮਯਾਬੀ ਪ੍ਰਾਪਤ ਕਰਦਾ ਹੈ। ਬੁੱਧਵਾਨ ਬਣਨ ਲਈ ਗਿਆਨ ਬਹੁਤ ਜ਼ਰੂਰੀ ਹੈ। ਗਿਆਨ ਹਕੀਕਤਾਂ ਜਾਣਨ ਨਾਲ, ਧਿਆਨ ਦੇਣ ਨਾਲ ਅਤੇ ਤਜਰਬੇ ਨਾਲ, ਜਾਂ ਪੜ੍ਹਨ ਅਤੇ ਸਟੱਡੀ ਕਰਨ ਨਾਲ ਪਾਇਆ ਜਾਂਦਾ ਹੈ। ਪਰ ਗਿਆਨ ਦਾ ਕੋਈ ਫ਼ਾਇਦਾ ਨਹੀਂ ਹੈ ਜੇ ਅਸੀਂ ਇਸ ਨੂੰ ਅੱਛੀ ਤਰ੍ਹਾਂ ਨਹੀਂ ਵਰਤਦੇ ਹਾਂ। ਸਾਨੂੰ ਬਾਈਬਲ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਦਿੱਤੇ ਗਏ ਪ੍ਰਕਾਸ਼ਨ ਸਿਰਫ਼ ਪੜ੍ਹਨੇ ਹੀ ਨਹੀਂ ਚਾਹੀਦੇ, ਪਰ ਉਨ੍ਹਾਂ ਵਿੱਚੋਂ ਮਿਲੀ ਹੋਈ ਸਿੱਖਿਆ ਉੱਤੇ ਚੱਲਣਾ ਵੀ ਚਾਹੀਦਾ ਹੈ।—ਮੱਤੀ 24:45.
ਸਮਝ ਪ੍ਰਾਪਤ ਕਰਨੀ ਵੀ ਬਹੁਤ ਜ਼ਰੂਰੀ ਚੀਜ਼ ਹੈ। ਇਸ ਤੋਂ ਬਿਨਾਂ ਅਸੀਂ ਗੱਲਾਂ ਦਾ ਇਕ ਦੂਜੇ ਨਾਲ ਸੰਬੰਧ ਕਿਸ ਤਰ੍ਹਾਂ ਦੇਖ ਸਕਦੇ ਹਾਂ ਅਤੇ ਪੂਰੀ ਗੱਲ ਕਿਸ ਤਰ੍ਹਾਂ ਸਮਝ ਸਕਦੇ ਹਾਂ? ਜੇ ਸਾਡੇ ਕੋਲ ਸਮਝ ਨਾ ਹੋਵੇ, ਤਾਂ ਅਸੀਂ ਕਿਸੇ ਵੀ ਮਾਮਲੇ ਦਾ ਸਿੱਧ-ਪੁੱਠ ਕਿਸ ਤਰ੍ਹਾਂ ਦੇਖ ਸਕਦੇ ਜਾਂ ਵਿਚਲੀ ਗੱਲ ਕਿਸ ਤਰ੍ਹਾਂ ਜਾਣ ਸਕਦੇ ਹਾਂ? ਹਾਂ, ਇਕ ਗੱਲ ਦੂਜੀ ਗੱਲ ਨਾਲ ਜੋੜ ਕੇ ਸਹੀ ਸਿੱਟੇ ਤੇ ਪਹੁੰਚਣ ਲਈ ਸਾਨੂੰ ਸੱਚ-ਮੁੱਚ ਸਮਝ ਦੀ ਜ਼ਰੂਰਤ ਹੈ।—ਦਾਨੀਏਲ 9:22, 23.
ਸੁਲੇਮਾਨ ਨੇ ਆਪਣੇ ਪਿਤਾ ਦੇ ਸ਼ਬਦ ਦਸਣੇ ਜਾਰੀ ਰੱਖੇ: “[ ਬੁੱਧ] ਦੀ ਵਡਿਆਈ ਕਰ ਤਾਂ ਉਹ ਤੈਨੂੰ ਵਧਾਵੇਗੀ, ਜੇ ਤੂੰ ਉਹ ਨੂੰ ਗਲ ਲਾਵੇਂ ਤਾਂ ਉਹ ਤੈਨੂੰ ਆਦਰ ਦੇਵੇਗੀ। ਉਹ ਤੇਰੇ ਸਿਰ ਉੱਤੇ ਸਜਾਵਟ ਦਾ ਸਿਹਰਾ ਬੰਨ੍ਹੇਗੀ, ਉਹ ਤੈਨੂੰ ਸੁਹੱਪਣ ਦਾ ਮੁਕਟ ਦੇਵੇਗੀ।” (ਕਹਾਉਤਾਂ 4:8, 9) ਪਰਮੇਸ਼ੁਰ ਦੀ ਬੁੱਧ ਉਸ ਵਿਅਕਤੀ ਦੀ ਰਾਖੀ ਕਰਦੀ ਹੈ ਜੋ ਉਸ ਨੂੰ ਗਲ ਲਾਉਂਦਾ ਜਾਂ ਅਪਣਾਉਂਦਾ ਹੈ। ਇਸ ਤੋਂ ਇਲਾਵਾ, ਬੁੱਧ ਇਕ ਵਿਅਕਤੀ ਨੂੰ ਯਹੋਵਾਹ ਦੀਆਂ ਨਜ਼ਰਾਂ ਵਿਚ ਸੋਹਣਾ ਬਣਾਉਂਦੀ ਹੈ। ਫਿਰ, ਚਲੋ ਅਸੀਂ ਬੁੱਧ ਨੂੰ ਪ੍ਰਾਪਤ ਕਰਨ ਦਾ ਹਰ ਜਤਨ ਕਰੀਏ।
“ਸਿੱਖਿਆ ਨੂੰ ਫੜੀ ਰੱਖ”
ਆਪਣੇ ਪਿਤਾ ਦੀ ਸਿੱਖਿਆ ਨੂੰ ਦੁਹਰਾਉਂਦੇ ਹੋਏ ਇਸਰਾਏਲ ਦੇ ਰਾਜੇ ਨੇ ਅੱਗੇ ਕਿਹਾ ਕਿ “ਹੇ ਮੇਰੇ ਪੁੱਤ੍ਰ, ਸੁਣ ਅਤੇ ਮੇਰੀਆਂ ਗੱਲਾਂ ਮੰਨ ਲੈ, ਤਾਂ ਤੇਰੀ ਉਮਰ ਬਹੁਤ ਵਰਿਹਾਂ ਦੀ ਹੋਵੇਗੀ। ਮੈਂ ਤੈਨੂੰ ਬੁੱਧ ਦਾ ਰਾਹ ਦੱਸਿਆ ਹੈ, ਮੈਂ ਸਿੱਧੇ ਮਾਰਗ ਉੱਤੇ ਤੇਰੀ ਅਗਵਾਈ ਕੀਤੀ ਹੈ। ਜਾਂ ਤੂੰ ਤੁਰੇਂਗਾ ਤਾਂ ਤੇਰੇ ਕਦਮ ਤੰਗ ਨਾ ਹੋਣਗੇ, ਅਤੇ ਜੇ ਤੂੰ ਭੱਜੇਂ ਤਾਂ ਵੀ ਤੂੰ ਠੇਡਾ ਨਾ ਖਾਵੇਂਗਾ। ਸਿੱਖਿਆ ਨੂੰ ਫੜੀ ਰੱਖ, ਉਹ ਨੂੰ ਛੱਡੀਂ ਨਾ, ਉਹ ਨੂੰ ਸਾਂਭ ਕੇ ਰੱਖ, ਓਹੋ ਤੇਰਾ ਜੀਉਣ ਹੈ!”—ਕਹਾਉਤਾਂ 4:10-13.
ਸੁਲੇਮਾਨ ਆਪਣੇ ਪਿਤਾ ਵੱਲੋਂ ਉਸ ਪ੍ਰੇਮ-ਭਰੀ ਸਿੱਖਿਆ ਦੀ ਕਦਰ ਜ਼ਰੂਰ ਕਰਦਾ ਸੀ ਜੋ ਉਸ ਦੇ ਕਦਮਾਂ ਨੂੰ ਸੁਧਾਰਦੀ ਸੀ। ਚੰਗੀ ਸਿੱਖਿਆ ਤੋਂ ਬਿਨਾਂ ਅਸੀਂ ਰੂਹਾਨੀ ਤੌਰ ਤੇ ਬੁੱਧਵਾਨ ਕਿਸ ਤਰ੍ਹਾਂ ਬਣ ਸਕਦੇ ਹਾਂ ਜਾਂ ਆਪਣੀ ਜ਼ਿੰਦਗੀ ਬਿਹਤਰ ਕਿਸ ਤਰ੍ਹਾਂ ਬਣਾ ਸਕਦੇ ਹਾਂ? ਜੇ ਅਸੀਂ ਆਪਣੀਆਂ ਗ਼ਲਤੀਆਂ ਤੋਂ ਸਬਕ ਨਹੀਂ ਸਿੱਖਦੇ ਜਾਂ ਆਪਣੇ ਗ਼ਲਤ ਸੋਚ-ਵਿਚਾਰਾਂ ਨੂੰ ਨਹੀਂ ਸੁਧਾਰਦੇ, ਤਾਂ ਅਸੀਂ ਰੂਹਾਨੀ ਤੌਰ ਤੇ ਬਹੁਤੀ ਤਰੱਕੀ ਨਹੀਂ ਕਰਾਂਗੇ। ਚੰਗੀ ਸਿੱਖਿਆ ਕਰਕੇ ਸਾਡਾ ਚਾਲ-ਚੱਲਣ ਚੰਗਾ ਬਣਦਾ ਹੈ। ਇਹ ਸਿੱਖਿਆ ‘ਸਿੱਧੇ ਮਾਰਗ ਉੱਤੇ ਚੱਲਣ ਵਿਚ ਸਾਡੀ ਅਗਵਾਈ ਕਰਦੀ ਹੈ।’
ਇਕ ਹੋਰ ਤਰ੍ਹਾਂ ਦੀ ਸਿੱਖਿਆ ਅਨੁਸਾਰ ਚੱਲ ਕੇ ‘ਸਾਡੀ ਉਮਰ ਬਹੁਤ ਵਰਿਹਾਂ ਦੀ ਹੋਵੇਗੀ।’ ਇਹ ਕਿਸ ਤਰ੍ਹਾਂ? ਯਿਸੂ ਮਸੀਹ ਨੇ ਕਿਹਾ ਸੀ ਕਿ “ਜੋ ਥੋੜੇ ਤੋਂ ਥੋੜੇ ਵਿੱਚ ਦਿਆਨਤਦਾਰ ਹੈ ਸੋ ਬਹੁਤ ਵਿੱਚ ਵੀ ਦਿਆਨਤਦਾਰ ਹੈ, ਅਤੇ ਜੋ ਥੋੜੇ ਤੋਂ ਥੋੜੇ ਵਿੱਚ ਬੇਈਮਾਨ ਹੈ ਸੋ ਬਹੁਤ ਵਿੱਚ ਵੀ ਬੇਈਮਾਨ ਹੈ।” (ਲੂਕਾ 16:10) ਜੇ ਅਸੀਂ ਆਪਣੇ ਆਪ ਨੂੰ ਛੋਟੀ ਤੋਂ ਛੋਟੀ ਗੱਲ ਵਿਚ ਸੁਧਾਰਦੇ ਹਾਂ, ਤਾਂ ਕੀ ਵੱਡੀਆਂ ਗੱਲਾਂ ਵਿਚ ਸੁਧਾਰ ਲਿਆਉਣਾ ਸੌਖਾ ਨਹੀਂ ਹੋਵੇਗਾ ਜਿਨ੍ਹਾਂ ਉੱਤੇ ਸਾਡੀ ਜ਼ਿੰਦਗੀ ਨਿਰਭਰ ਕਰਦੀ ਹੈ? ਮਿਸਾਲ ਲਈ, ਜੇ ਅਸੀਂ ਆਪਣੀਆਂ ਨਜ਼ਰਾਂ ਨੂੰ ‘ਕਿਸੇ ਤੀਵੀਂ ਨੂੰ ਬੁਰੀ ਇੱਛਿਆ ਨਾਲ ਨਾ ਵੇਖਣ,’ ਦੇਈਏ, ਤਾਂ ਸੰਭਵ ਹੈ ਕਿ ਅਸੀਂ ਜ਼ਨਾਹ ਨਹੀਂ ਕਰਾਂਗੇ। (ਮੱਤੀ 5:28) ਇਹ ਸਿਧਾਂਤ ਆਦਮੀਆਂ ਅਤੇ ਔਰਤਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਜੇਕਰ ਅਸੀਂ ਆਪਣੇ ‘ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਣ ਲਈ’ ਜਤਨ ਕਰੀਏ, ਤਾਂ ਅਸੀਂ ਕੋਈ ਵੱਡਾ ਪਾਪ ਨਹੀਂ ਕਰਾਂਗੇ ਅਤੇ ਕੋਈ ਗ਼ਲਤ ਗੱਲ ਕਹਿਣ ਦਾ ਖ਼ਤਰਾ ਵੀ ਘੱਟ ਹੋਵੇਗਾ।—2 ਕੁਰਿੰਥੀਆਂ 10:5.
ਇਹ ਗੱਲ ਸੱਚ ਹੈ ਕਿ ਆਮ ਤੌਰ ਤੇ ਕੋਈ ਵੀ ਵਿਅਕਤੀ ਸਿਖਾਏ ਜਾਂ ਸੁਧਾਰੇ ਜਾਣਾ ਨਹੀਂ ਪਸੰਦ ਕਰਦਾ। ਸ਼ਾਇਦ ਸੁਧਾਰ ਜਾਂ ਤਾੜਨਾ ਸਾਨੂੰ ਇਕ ਤਰ੍ਹਾਂ ਦੀ ਬੰਦਸ਼ ਜਿਹੀ ਲੱਗੇ। (ਇਬਰਾਨੀਆਂ 12:11) ਪਰ ਬੁੱਧਵਾਨ ਰਾਜਾ ਸੁਲੇਮਾਨ ਸਾਨੂੰ ਯਕੀਨ ਦਿਲਾਉਂਦਾ ਹੈ ਕਿ ਜੇ ਅਸੀਂ ਸਿੱਖਿਆ ਤੋਂ ਨਾ ਕਤਰਾਈਏ ਤਾਂ ਅਸੀਂ ਤਰੱਕੀ ਕਰਾਂਗੇ। ਇਕ ਦੌੜਾਕ ਬਾਰੇ ਜ਼ਰਾ ਸੋਚੋ। ਉਹ ਆਪਣੀ ਵਧੀਆ ਟ੍ਰੇਨਿੰਗ ਦੇ ਕਾਰਨ ਚੋਟ ਲੱਗਣ ਜਾਂ ਡਿੱਗਣ ਤੋਂ ਬਿਨਾਂ ਬਹੁਤ ਤੇਜ਼ ਦੌੜ ਸਕਦਾ ਹੈ। ਇਸੇ ਤਰ੍ਹਾਂ ਜੇ ਅਸੀਂ ਸਿੱਖਿਆ ਤੋਂ ਨਾ ਕਤਰਾਈਏ ਅਸੀਂ ਠੋਕਰ ਖਾਣ ਤੋਂ ਬਿਨਾਂ ਜ਼ਿੰਦਗੀ ਦੇ ਰਾਹ ਵਿਚ ਜਾਰੀ ਰਹਿ ਸਕਦੇ ਹਾਂ। ਬਿਨਾਂ ਸ਼ੱਕ ਸਾਨੂੰ ਸੋਚ-ਵਿਚਾਰ ਕੇ ਆਪਣਾ ਰਾਹ ਚੁਣਨਾ ਚਾਹੀਦਾ ਹੈ।
“ਬੁਰਿਆਰਾਂ ਦੇ ਮਾਰਗ” ਉੱਤੇ ਨਾ ਤੁਰ
ਸੁਲੇਮਾਨ ਨੇ ਚੇਤਾਵਨੀ ਦਿੱਤੀ ਕਿ “ਦੁਸ਼ਟਾਂ ਦੇ ਰਾਹ ਵਿੱਚ ਨਾ ਚੱਲ, ਅਤੇ ਬੁਰਿਆਰਾਂ ਦੇ ਮਾਰਗ ਉੱਤੇ ਨਾ ਤੁਰ। ਉਸ ਤੋਂ ਲਾਂਭੇ ਰਹੁ, ਉਹ ਦੇ ਉੱਤੋਂ ਦੀ ਵੀ ਨਾ ਲੰਘੀਂ, ਉਸ ਤੋਂ ਮੂੰਹ ਮੋੜ ਕੇ ਅਗਾਹਾਂ ਨੂੰ ਲੰਘ ਜਾ, ਕਿਉਂ ਜੋ ਜਿੰਨਾ ਚਿਰ ਓਹ ਬੁਰਿਆਈ ਨਾ ਕਰ ਲੈਣ ਉਨ੍ਹਾਂ ਨੂੰ ਨੀਂਦਰ ਨਹੀਂ ਆਉਂਦੀ, ਅਤੇ ਜਦ ਤਾਈਂ ਕਿਸੇ ਨੂੰ ਡੇਗ ਨਾ ਦੇਣ ਓਹ ਉਣੀਂਦਰੇ ਰਹਿੰਦੇ ਹਨ। ਓਹ ਬੁਰਿਆਈ ਦੀ ਰੋਟੀ ਖਾਂਦੇ, ਅਤੇ ਜ਼ੁਲਮ ਦੀ ਮੈ ਪੀਂਦੇ ਹਨ।”—ਕਹਾਉਤਾਂ 4:13-17.
ਦੁਸ਼ਟ ਬੰਦੇ ਬੁਰੇ ਕੰਮ ਕਰਨ ਬਿਨਾਂ ਨਹੀਂ ਜੀ ਸਕਦੇ ਹਨ। ਬੁਰਿਆਈ ਉਨ੍ਹਾਂ ਲਈ ਰੋਟੀ-ਪਾਣੀ ਦੇ ਸਮਾਨ ਹੈ। ਜਦ ਤਕ ਉਹ ਬੁਰੇ ਕੰਮ ਨਹੀਂ ਕਰ ਲੈਂਦੇ ਉਹ ਉਣੀਂਦੇ ਰਹਿੰਦੇ ਹਨ। ਉਹ ਬਿਲਕੁਲ ਭ੍ਰਿਸ਼ਟ ਹਨ। ਕੀ ਅਸੀਂ ਉਨ੍ਹਾਂ ਦੇ ਅੰਗ-ਸੰਗ ਰਹਿ ਕੇ ਆਪਣੇ ਖ਼ਿਆਲ ਸ਼ੁੱਧ ਰੱਖ ਸਕਦੇ ਹਾਂ? ਇਸੇ ਲਈ ਸੁਲੇਮਾਨ ਚਾਹੁੰਦਾ ਸੀ ਕਿ ਅਸੀਂ ਉਨ੍ਹਾਂ ਦੇ ਮਾਰਗਾਂ ਤੋਂ ਪਰੇ ਰਹੀਏ। ਦਿਲਪਰਚਾਵੇ ਲਈ ਦੇਖੀ ਜਾਂਦੀ ਹਿੰਸਾ ਨਾਲ ਦਿਮਾਗ਼ ਭਰ ਕੇ ‘ਬੁਰਿਆਰਾਂ ਦੇ ਮਾਰਗ ਉੱਤੇ ਤੁਰਨਾ’ ਕਿੰਨੀ ਮੂਰਖਤਾ ਹੈ! ਅਗਰ ਅਸੀਂ ਨਰਮ-ਦਿਲ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਟੈਲੀਵਿਯਨ ਜਾਂ ਫ਼ਿਲਮਾਂ ਤੋਂ ਮਾਰ-ਕੁਟਾਈ ਦੇ ਨਜ਼ਾਰੇ ਸਾਡੀ ਮਦਦ ਨਹੀਂ ਕਰਨਗੇ। ਇਸ ਦੀ ਬਜਾਇ ਉਹ ਸਾਨੂੰ ਦੂਸਰਿਆਂ ਪ੍ਰਤੀ ਪੱਥਰ ਦਿਲ ਬਣਾ ਸਕਦੇ ਹਨ।
ਪਰਮੇਸ਼ੁਰ ਦੇ ਚਾਨਣ ਵਿਚ ਰਹੋ
ਹਾਲੇ ਵੀ ਰਾਹ ਦੀ ਉਦਾਹਰਣ ਵਰਤਦਿਆਂ ਸੁਲੇਮਾਨ ਨੇ ਕਿਹਾ: “ਪਰ ਧਰਮੀਆਂ ਦਾ ਰਾਹ ਫ਼ਜਰ ਦੇ ਚਾਨਣ ਵਰਗਾ ਹੈ, ਜਿਹ ਦਾ ਚਾਨਣ ਪੂਰੇ ਦਿਨ ਤਾਈਂ ਵੱਧਦਾ ਜਾਂਦਾ ਹੈ।” (ਕਹਾਉਤਾਂ 4:18) ਬਾਈਬਲ ਦੀ ਸਟੱਡੀ ਕਰਨੀ ਅਤੇ ਜ਼ਿੰਦਗੀ ਵਿਚ ਉਸ ਨੂੰ ਲਾਗੂ ਕਰਨਾ, ਤੜਕੇ ਸਫ਼ਰ ਸ਼ੁਰੂ ਕਰਨ ਨਾਲ ਦਰਸਾਇਆ ਜਾ ਸਕਦਾ ਹੈ। ਇਸ ਸਮੇਂ ਹਨੇਰੇ ਵਿਚ ਸਾਨੂੰ ਘੱਟ ਹੀ ਕੁਝ ਦਿੱਸਦਾ ਹੈ। ਜਿਉਂ-ਜਿਉਂ ਪਹਿਲੀ ਲੋਅ ਹੁੰਦੀ ਹੈ, ਅਸੀਂ ਆਸ-ਪਾਸ ਦੀਆਂ ਚੀਜ਼ਾਂ ਪਛਾਣਨ ਲੱਗ ਪੈਂਦੇ ਹਾਂ। ਬਾਅਦ ਵਿਚ ਜਦੋਂ ਸੂਰਜ ਸਿਰੇ ਚੜ੍ਹ ਜਾਂਦਾ ਹੈ, ਅਸੀਂ ਅੱਛੀ ਤਰ੍ਹਾਂ ਸਭ ਕੁਝ ਦੇਖ ਸਕਦੇ ਹਾਂ। ਇਸੇ ਤਰ੍ਹਾਂ ਜਿਉਂ-ਜਿਉਂ ਅਸੀਂ ਧੀਰਜ ਅਤੇ ਮਿਹਨਤ ਨਾਲ ਬਾਈਬਲ ਦੀ ਸਟੱਡੀ ਕਰਦੇ ਹਾਂ ਸਾਨੂੰ ਸੱਚਾਈ ਦੀਆਂ ਗੱਲਾਂ ਹੌਲੀ-ਹੌਲੀ ਸਮਝ ਪੈਣ ਲੱਗ ਪੈਂਦੀਆਂ ਹਨ। ਜੇ ਅਸੀਂ ਝੂਠੀਆਂ ਸਿੱਖਿਆਵਾਂ ਤੋਂ ਬਚਣਾ ਹੈ, ਤਾਂ ਆਪਣੇ ਦਿਲ ਵਿਚ ਬਾਈਬਲ ਦੀਆਂ ਗੱਲਾਂ ਬਿਠਾਉਣੀਆਂ ਬਹੁਤ ਜ਼ਰੂਰੀ ਹਨ।
ਬਾਈਬਲ ਦੀਆਂ ਭਵਿੱਖਬਾਣੀਆਂ ਦੇ ਅਰਥ ਜਾਂ ਉਨ੍ਹਾਂ ਦੀ ਮਹੱਤਤਾ ਵੀ ਹੌਲੀ-ਹੌਲੀ ਪ੍ਰਗਟ ਹੁੰਦੀ ਹੈ। ਭਵਿੱਖਬਾਣੀਆਂ ਸਾਨੂੰ ਉਦੋਂ ਸਮਝ ਪੈਂਦੀਆਂ ਹਨ ਜਦੋਂ ਯਹੋਵਾਹ ਦੀ ਪਵਿੱਤਰ ਸ਼ਕਤੀ ਉਨ੍ਹਾਂ ਉੱਤੇ ਰੋਸ਼ਨੀ ਪਾਉਂਦੀ ਹੈ ਅਤੇ ਜਦੋਂ ਅਸੀਂ ਸੰਸਾਰ ਦੀਆਂ ਘਟਨਾਵਾਂ ਵਿਚ ਜਾਂ ਪਰਮੇਸ਼ੁਰ ਦੇ ਲੋਕਾਂ ਦੇ ਤਜਰਬਿਆਂ ਵਿਚ ਉਨ੍ਹਾਂ ਦੀ ਪੂਰਤੀ ਦੇਖਦੇ ਹਾਂ। ਬੇਚੈਨੀ ਨਾਲ ਉਨ੍ਹਾਂ ਦੀ ਪੂਰਤੀ ਬਾਰੇ ਅੰਦਾਜ਼ੇ ਲਾਉਣ ਦੀ ਬਜਾਇ, ਸਾਨੂੰ ‘ਚਾਨਣ ਵੱਧ ਲੈਣ’ ਦੇਣਾ ਚਾਹੀਦਾ ਹੈ।
ਉਨ੍ਹਾਂ ਬਾਰੇ ਕੀ ਜੋ ਪਰਮੇਸ਼ੁਰ ਦੀ ਅਗਵਾਈ ਨੂੰ ਰੱਦ ਕਰ ਕੇ ਚਾਨਣ ਵਿਚ ਤੁਰਨ ਤੋਂ ਇਨਕਾਰ ਕਰਦੇ ਹਨ? ਸੁਲੇਮਾਨ ਨੇ ਕਿਹਾ: “ਦੁਸ਼ਟਾਂ ਦਾ ਰਾਹ ਅਨ੍ਹੇਰ ਘੁੱਪ ਵਰਗਾ ਹੈ, ਓਹ ਜਾਣਦੇ ਵੀ ਨਹੀਂ ਭਈ ਓਹਨਾਂ ਨੂੰ ਕਿਸ ਤੋਂ ਠੋਕਰ ਲੱਗਦੀ ਹੈ।” (ਕਹਾਉਤਾਂ 4:19) ਦੁਸ਼ਟ ਉਸ ਬੰਦੇ ਵਰਗੇ ਹਨ ਜੋ ਹਨੇਰੇ ਵਿਚ ਡਿੱਗਦਾ-ਫਿਰਦਾ ਹੈ ਪਰ ਉਸ ਨੂੰ ਪਤਾ ਵੀ ਨਹੀਂ ਹੁੰਦਾ ਕਿ ਠੋਕਰ ਕਿੱਥੋਂ ਲੱਗੀ ਹੈ। ਉਦੋਂ ਵੀ ਜਦੋਂ ਬੁਰੇ ਲੋਕ ਆਪਣੇ ਪਾਪਾਂ ਕਾਰਨ ਮੌਜਾਂ ਮਨਾਉਂਦੇ ਹਨ, ਉਨ੍ਹਾਂ ਦੀ ਜਾਪਦੀ ਕਾਮਯਾਬੀ ਥੋੜ੍ਹੇ ਸਮੇਂ ਲਈ ਹੀ ਹੁੰਦੀ ਹੈ। ਜ਼ਬੂਰਾਂ ਦੇ ਲਿਖਾਰੀ ਨੇ ਐਸੇ ਲੋਕਾਂ ਬਾਰੇ ਇਕ ਗੀਤ ਵਿਚ ਕਿਹਾ ਕਿ “ਸੱਚ ਮੁੱਚ ਤੂੰ ਉਨ੍ਹਾਂ ਨੂੰ ਤਿਲਕਣਿਆਂ ਥਾਂਵਾਂ ਵਿੱਚ ਰੱਖਦਾ ਹੈਂ, ਅਤੇ ਤੂੰ [ਯਹੋਵਾਹ] ਉਨ੍ਹਾਂ ਨੂੰ ਬਰਬਾਦੀ ਵਿੱਚ ਸੁੱਟ ਦਿੰਦਾ ਹੈਂ!”—ਜ਼ਬੂਰ 73:18.
ਚੌਕਸ ਰਹੋ
ਇਸਰਾਏਲ ਦੇ ਰਾਜੇ ਨੇ ਅੱਗੇ ਕਿਹਾ ਕਿ “ਹੇ ਮੇਰੇ ਪੁੱਤ੍ਰ, ਤੂੰ ਮੇਰੀਆਂ ਗੱਲਾਂ ਧਿਆਨ ਨਾਲ ਸੁਣ, ਅਤੇ ਮੇਰੇ ਵਾਕਾਂ ਉੱਤੇ ਕੰਨ ਲਾ। ਓਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਪਰੋਖੇ ਨਾ ਹੋਣ ਦੇਹ, ਆਪਣੇ ਮਨ ਵਿੱਚ ਓਹਨਾਂ ਨੂੰ ਸਾਂਭ ਕੇ ਰੱਖ। ਜਿਨ੍ਹਾਂ ਨੂੰ ਓਹ ਪ੍ਰਾਪਤ ਹੁੰਦੀਆਂ ਹਨ ਉਨ੍ਹਾਂ ਦੇ ਲਈ ਜੀਉਣ ਹਨ, ਤੇ ਉਨ੍ਹਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ। ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!”—ਕਹਾਉਤਾਂ 4:20-23.
ਸੁਲੇਮਾਨ ਦੀ ਉਦਾਹਰਣ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? ਇਹ ਸਾਨੂੰ ਸਿਖਾਉਂਦੀ ਹੈ ਕਿ ਮਨ ਦੀ ਵੱਡੀ ਚੌਕਸੀ ਕਰਨ ਦੀ ਸਲਾਹ ਕਿੰਨੀ ਚੰਗੀ ਹੈ। ਇਹ ਸੱਚ ਹੈ ਕਿ ਆਪਣੀ ਜਵਾਨੀ ਵਿਚ ਸੁਲੇਮਾਨ “ਆਪਣੇ ਪਿਉ ਦਾ ਪੁੱਤ੍ਰ” ਸਾਬਤ ਹੋਇਆ ਅਤੇ ਵੱਡਾ ਹੋ ਕੇ ਉਹ ਯਹੋਵਾਹ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਿਹਾ। ਪਰ ਬਾਈਬਲ ਸਾਨੂੰ ਦੱਸਦੀ ਹੈ: “ਤਾਂ ਐਉਂ ਹੋਇਆ ਕਿ ਸੁਲੇਮਾਨ ਦੇ ਬੁਢਾਪੇ ਵਿੱਚ ਉਹ ਦੀਆਂ [ਵਿਦੇਸ਼ੀ] ਇਸਤ੍ਰੀਆਂ ਨੇ ਉਹ ਦੇ ਮਨ ਨੂੰ ਹੋਰ ਦੇਵਤਿਆਂ ਦੇ ਪਿੱਛੇ ਫੇਰ ਦਿੱਤਾ ਸੋ ਉਹ ਦਾ ਮਨ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਸੰਪੂਰਨ ਨਾ ਰਿਹਾ ਜਿਵੇਂ ਉਹ ਦੇ ਪਿਤਾ ਦਾਊਦ ਦਾ ਮਨ ਸੀ।” (1 ਰਾਜਿਆਂ 11:4) ਜੇ ਅਸੀਂ ਲਗਾਤਾਰ ਧਿਆਨ ਨਾ ਰੱਖੀਏ, ਤਾਂ ਮਜ਼ਬੂਤ ਤੋਂ ਮਜ਼ਬੂਤ ਦਿਲ ਜਾਂ ਮਨ ਵੀ ਧੋਖਾ ਖਾ ਸਕਦਾ ਹੈ। (ਯਿਰਮਿਯਾਹ 17:9) ਸਾਨੂੰ ਕਹਾਉਤਾਂ ਦੇ ਚੌਥੇ ਅਧਿਆਇ ਦੀਆਂ ਗੱਲਾਂ ਦੇ ਨਾਲ-ਨਾਲ ਪਰਮੇਸ਼ੁਰ ਦੇ ਬਚਨ ਤੋਂ ਸਾਰੀਆਂ ਗੱਲਾਂ “ਆਪਣੇ ਮਨ ਵਿੱਚ” ਰੱਖਣੀਆਂ ਚਾਹੀਦੀਆਂ ਹਨ।
ਜਾਂਚ ਕਰੋ ਕਿ ਤੁਹਾਡਾ ਮਨ ਮਜ਼ਬੂਤ ਹੈ ਜਾਂ ਕਮਜ਼ੋਰ
ਕੀ ਅਸੀਂ ਆਪਣੇ ਮਨ ਜਾਂ ਦਿਲ ਨੂੰ ਕਾਬੂ ਕਰਨ ਵਿਚ ਸਫ਼ਲ ਹੋ ਰਹੇ ਹਾਂ? ਅਸੀਂ ਸੱਚ-ਮੁੱਚ ਕਿਸ ਤਰ੍ਹਾਂ ਦੇ ਵਿਅਕਤੀ ਹਾਂ? ਅਸੀਂ ਇਹ ਕਿਸ ਤਰ੍ਹਾਂ ਜਾਣ ਸਕਦੇ ਹਾਂ? ਯਿਸੂ ਮਸੀਹ ਨੇ ਕਿਹਾ ਸੀ ਕਿ “ਜੋ ਮਨ ਵਿੱਚ ਭਰਿਆ ਹੋਇਆ ਹੈ ਉਹੋ ਮੂੰਹ ਉੱਤੇ ਆਉਂਦਾ ਹੈ।” (ਮੱਤੀ 12:34) ਉਸ ਨੇ ਇਹ ਵੀ ਕਿਹਾ ਸੀ ਕਿ “ਬੁਰੇ ਖ਼ਿਆਲ, ਖ਼ੂਨ, ਜਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਉਗਾਹੀਆਂ, ਕੁਫ਼ਰ ਦਿਲ ਵਿੱਚੋਂ ਨਿੱਕਲਦੇ ਹਨ।” (ਮੱਤੀ 15:19, 20) ਜੀ ਹਾਂ, ਸਾਡਾ ਬੋਲ-ਚਾਲ ਸਾਫ਼-ਸਾਫ਼ ਦਿਖਾਉਂਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ।
ਇਸੇ ਕਾਰਨ ਸੁਲੇਮਾਨ ਨੇ ਸਾਨੂੰ ਤਾੜਨਾ ਦਿੱਤੀ ਕਿ “ਪੁੱਠਾ ਮੂੰਹ ਆਪ ਤੋਂ ਪਰੇ ਰੱਖ, ਅਤੇ ਟੇਢੇ ਬੁੱਲ੍ਹ ਆਪ ਤੋਂ ਦੂਰ ਕਰ। ਤੇਰੀਆਂ ਅੱਖਾਂ ਨੱਕ ਦੀ ਸੇਧੇ ਵੇਖਦੀਆਂ ਰਹਿਣ, ਅਤੇ ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ। ਆਪਣੇ ਪੈਰਾਂ ਲਈ ਰਾਹ ਨੂੰ ਪੱਧਰਾ ਕਰ, ਤਾਂ ਤੇਰੇ ਸਾਰੇ ਪਹੇ ਕਾਇਮ ਹੋਣਗੇ। ਨਾ ਸੱਜੇ ਨੂੰ ਮੁੜ ਅਤੇ ਨਾ ਖੱਬੇ ਨੂੰ, ਆਪਣੇ ਪੈਰ ਨੂੰ ਬੁਰਿਆਈ ਤੋਂ ਦੂਰ ਰੱਖ।”—ਕਹਾਉਤਾਂ 4:24-27.
ਸੁਲੇਮਾਨ ਦੀ ਸਲਾਹ ਅਨੁਸਾਰ ਸਾਨੂੰ ਆਪਣੇ ਬੋਲ-ਚਾਲ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇ ਅਸੀਂ ਆਪਣੇ ਖ਼ਿਆਲਾਂ ਨੂੰ ਸਾਫ਼-ਸੁਥਰੇ ਰੱਖਣਾ ਹੈ ਅਤੇ ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਹੈ, ਤਾਂ ਸਾਨੂੰ ਟੇਢੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹਨ ਅਤੇ ਕਿਸੇ ਨਾਲ ਧੋਖੇਬਾਜ਼ੀ ਨਹੀਂ ਕਰਨੀ ਚਾਹੀਦੀ। (ਕਹਾਉਤਾਂ 3:32) ਸਾਨੂੰ ਇਸ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਸੋਚਣਾ ਵੀ ਚਾਹੀਦਾ ਹੈ ਕਿ ਸਾਡਾ ਬੋਲ-ਚਾਲ ਸਾਡੇ ਬਾਰੇ ਕੀ ਦੱਸਦਾ ਹੈ। ਫਿਰ ਸਾਨੂੰ ਯਹੋਵਾਹ ਤੋਂ ਮਦਦ ਮੰਗਣੀ ਚਾਹੀਦੀ ਹੈ ਤਾਂਕਿ ਅਸੀਂ ਆਪਣੀਆਂ ਕਮੀਆਂ ਪੂਰੀਆਂ ਕਰ ਸਕੀਏ।—ਜ਼ਬੂਰ 139:23, 24.
ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ‘ਸਾਡੀਆਂ ਅੱਖਾਂ ਨੱਕ ਦੀ ਸੇਧ ਵੇਖਦੀਆਂ ਰਹਿਣ।’ ਆਓ ਅਸੀਂ ਆਪਣੇ ਸਵਰਗੀ ਪਿਤਾ ਦੀ ਸੇਵਾ ਪੂਰੇ ਦਿਲੋਂ ਕਰੀਏ ਅਤੇ ਆਪਣੀਆਂ ਅੱਖਾਂ ਸਿੱਧੀਆਂ ਰੱਖੀਏ। (ਕੁਲੁੱਸੀਆਂ 3:23) ਜਿਉਂ ਹੀ ਤੁਸੀਂ ਅਜਿਹੇ ਨੇਕ ਰਾਹ ਉੱਤੇ ਚੱਲਦੇ ਹੋ, ਸਾਡੀ ਪ੍ਰਾਰਥਨਾ ਹੈ ਕਿ ਯਹੋਵਾਹ ‘ਤੁਹਾਡੇ ਸਾਰੇ ਪਹੇ ਕਾਇਮ ਕਰੇ,’ ਅਤੇ ਤੁਹਾਨੂੰ ਬਰਕਤ ਦੇਵੇ ਕਿਉਂਕਿ ਤੁਸੀਂ ਉਸ ਦੀ ਸਲਾਹ ਉੱਤੇ ਚੱਲਦੇ ਹੋ ਅਤੇ “ਆਪਣੇ ਮਨ ਦੀ ਵੱਡੀ ਚੌਕਸੀ” ਕਰਦੇ ਹੋ।
[ਫੁਟਨੋਟ]
a ਇਹ ਉਸ ਦਾ ਅਸਲੀ ਨਾਂ ਨਹੀਂ ਹੈ।
[ਸਫ਼ੇ 22 ਉੱਤੇ ਸੁਰਖੀ]
ਕੀ ਤੁਸੀਂ ਹਿੰਸਾ-ਭਰੀਆਂ ਫ਼ਿਲਮਾਂ ਦੇਖਣ ਤੋਂ ਇਨਕਾਰ ਕਰਦੇ ਹੋ?
[ਸਫ਼ੇ 21 ਉੱਤੇ ਤਸਵੀਰ]
ਤਜਰਬੇਕਾਰ ਵਿਅਕਤੀਆਂ ਦੀ ਸਲਾਹ ਤੋਂ ਲਾਭ ਉਠਾਓ
[ਸਫ਼ੇ 23 ਉੱਤੇ ਤਸਵੀਰ]
ਸਿੱਖਿਆ ਅਤੇ ਸੁਧਾਰ ਸਾਡੀ ਤਰੱਕੀ ਵਧਾਉਣਗੇ
[ਸਫ਼ੇ 24 ਉੱਤੇ ਤਸਵੀਰ]
ਬਾਈਬਲ ਦੀ ਸਟੱਡੀ ਵਿਚ ਜੁਟੇ ਰਹੋ