“ਬੁੱਧ ਯਹੋਵਾਹ ਹੀ ਦਿੰਦਾ ਹੈ”
ਤੁਸੀਂ ਆਪਣਾ ਸਮਾਂ ਅਤੇ ਸ਼ਕਤੀ ਕਿਨ੍ਹਾਂ ਚੀਜ਼ਾਂ ਦੀ ਭਾਲ ਵਿਚ ਲਗਾਉਂਦੇ ਹੋ? ਕੀ ਤੁਹਾਨੂੰ ਚੰਗਾ ਨਾਂ ਕਮਾਉਣ ਬਾਰੇ ਚਿੰਤਾ ਹੈ? ਕੀ ਤੁਸੀਂ ਆਪਣਾ ਸਮਾਂ ਧਨ-ਦੌਲਤ ਇਕੱਠੀ ਕਰਨ ਵਿਚ ਗੁਜ਼ਾਰਦੇ ਹੋ? ਜਾਂ ਕੀ ਤੁਸੀਂ ਕਿਸੇ ਖ਼ਾਸ ਪੇਸ਼ੇ ਵਿਚ ਤਰੱਕੀ ਕਰਨ ਜਾਂ ਸਿਖਲਾਈ ਦੇ ਕਿਸੇ ਖੇਤਰ ਵਿਚ ਮਾਹਰ ਹੋਣ ਵੱਲ ਆਪਣਾ ਪੂਰਾ ਧਿਆਨ ਲਗਾਉਂਦੇ ਹੋ? ਕੀ ਦੂਸਰਿਆਂ ਨਾਲ ਚੰਗੇ ਰਿਸ਼ਤੇ ਰੱਖਣੇ ਤੁਹਾਡੇ ਲਈ ਮਹੱਤਵਪੂਰਣ ਗੱਲ ਹੈ? ਜਾਂ ਕੀ ਸਿਹਤਮੰਦ ਰਹਿਣਾ ਤੁਹਾਡੇ ਲਈ ਸਭ ਤੋਂ ਮੁੱਖ ਗੱਲ ਹੈ?
ਇਹ ਸਾਰੀਆਂ ਗੱਲਾਂ ਸਾਨੂੰ ਮਹੱਤਵਪੂਰਣ ਲੱਗ ਸਕਦੀਆਂ ਹਨ। ਲੇਕਿਨ ਸਭ ਤੋਂ ਜ਼ਰੂਰੀ ਗੱਲ ਕੀ ਹੈ? ਬਾਈਬਲ ਜਵਾਬ ਦਿੰਦੀ ਹੈ: “ਬੁੱਧੀ ਪ੍ਰਾਪਤ ਕਰਨਾ, ਸਭ ਚੀਜ਼ਾਂ ਦੀ ਪ੍ਰਾਪਤੀ ਤੋਂ ਸਰੇਸ਼ਟ ਹੈ।” (ਕਹਾਉਤਾਂ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਤਾਂ ਫਿਰ ਅਸੀਂ ਬੁੱਧ ਕਿੱਦਾਂ ਪ੍ਰਾਪਤ ਕਰ ਸਕਦੇ ਹਾਂ, ਅਤੇ ਇਸ ਦੇ ਫ਼ਾਇਦੇ ਕੀ ਹਨ? ਬਾਈਬਲ ਵਿਚ ਕਹਾਉਤਾਂ ਦੀ ਪੁਸਤਕ ਦਾ ਦੂਜਾ ਅਧਿਆਇ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦਾ ਹੈ।
‘ਬੁੱਧ ਵੱਲ ਕੰਨ ਲਾ’
ਪ੍ਰਾਚੀਨ ਇਸਰਾਏਲ ਦਾ ਬੁੱਧੀਮਾਨ ਰਾਜਾ ਸੁਲੇਮਾਨ ਇਕ ਪਿਤਾ ਦੇ ਪਿਆਰ-ਭਰੇ ਸ਼ਬਦਾਂ ਵਿਚ ਕਹਿੰਦਾ ਹੈ: “ਹੇ ਮੇਰੇ ਪੁੱਤ੍ਰ, ਜੇ ਤੂੰ ਮੇਰੇ ਆਖੇ ਲੱਗੇਂ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੇਂ, ਭਈ ਬੁੱਧ ਵੱਲ ਕੰਨ ਲਾਵੇਂ, ਅਤੇ ਸਮਝ ਉੱਤੇ ਚਿੱਤ ਲਾਵੇਂ,—ਹਾਂ, ਜੇ ਤੂੰ ਬਿਬੇਕ ਲਈ ਪੁਕਾਰੇਂ, ਅਤੇ ਸਮਝ ਲਈ ਅਵਾਜ਼ ਕਢੇਂ, ਜੇ ਤੂੰ ਚਾਂਦੀ ਵਾਂਙੁ ਉਹ ਦੀ ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ, ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ।”—ਕਹਾਉਤਾਂ 2:1-5.
ਕੀ ਤੁਸੀਂ ਦੇਖਿਆ ਕਿ ਬੁੱਧ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ? ਇਨ੍ਹਾਂ ਆਇਤਾਂ ਵਿਚ ਸ਼ਬਦ “ਜੇ ਤੂੰ” ਤਿੰਨ ਵਾਰ ਵਰਤੇ ਗਏ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਬੁੱਧ ਅਤੇ ਉਸ ਦੇ ਨਾਲ-ਨਾਲ ਸਮਝ ਅਤੇ ਬਿਬੇਕ ਨੂੰ ਭਾਲਣਾ, ਖ਼ੁਦ ਸਾਡੀ ਆਪਣੀ ਜ਼ਿੰਮੇਵਾਰੀ ਹੈ। ਪਰ, ਪਹਿਲਾਂ ਸਾਨੂੰ ਬਾਈਬਲ ਵਿਚ ਦਰਜ ਕੀਤੀਆਂ ਗਈਆਂ ਬੁੱਧ ਦੀਆਂ ਗੱਲਾਂ ਦੇ ‘ਆਖੇ ਲੱਗਣ’ ਅਤੇ ਉਨ੍ਹਾਂ ਨੂੰ ਆਪਣੇ ਦਿਲ ਵਿਚ ‘ਸਾਂਭ ਕੇ ਰੱਖਣ’ ਦੀ ਜ਼ਰੂਰਤ ਹੈ। ਇਸ ਤਰ੍ਹਾਂ ਕਰਨ ਲਈ ਸਾਨੂੰ ਬਾਈਬਲ ਦਾ ਅਧਿਐਨ ਕਰਨ ਦੀ ਲੋੜ ਹੈ।
ਬੁੱਧ ਦਾ ਮਤਲਬ ਹੈ ਪਰਮੇਸ਼ੁਰ ਤੋਂ ਮਿਲੇ ਗਿਆਨ ਨੂੰ ਚੰਗੀ ਤਰ੍ਹਾਂ ਵਰਤਣਾ। ਅਤੇ ਬਾਈਬਲ ਕਿੰਨੇ ਵਧੀਆ ਤਰੀਕੇ ਵਿਚ ਬੁੱਧ ਨੂੰ ਪੇਸ਼ ਕਰਦੀ ਹੈ! ਜੀ ਹਾਂ, ਜਿੱਦਾਂ ਕਹਾਉਤਾਂ ਦੀ ਪੁਸਤਕ ਅਤੇ ਉਪਦੇਸ਼ਕ ਦੀ ਪੋਥੀ ਵਿਚ ਦਰਜ ਹਨ, ਬਾਈਬਲ ਬੁੱਧ ਦੀਆਂ ਗੱਲਾਂ ਨਾਲ ਭਰੀ ਹੋਈ ਹੈ, ਅਤੇ ਸਾਨੂੰ ਇਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਬਾਈਬਲ ਵਿਚ ਅਜਿਹੀਆਂ ਕਈ ਉਦਾਹਰਣਾਂ ਹਨ ਜੋ ਪਰਮੇਸ਼ੁਰੀ ਸਿਧਾਂਤਾਂ ਨੂੰ ਲਾਗੂ ਕਰਨ ਦੇ ਫ਼ਾਇਦੇ ਅਤੇ ਉਨ੍ਹਾਂ ਨੂੰ ਰੱਦ ਕਰਨ ਦੇ ਖ਼ਤਰੇ ਦਿਖਾਉਂਦੀਆਂ ਹਨ। (ਰੋਮੀਆਂ 15:4; 1 ਕੁਰਿੰਥੀਆਂ 10:11) ਮਿਸਾਲ ਲਈ, ਅਲੀਸ਼ਾ ਨਬੀ ਦੇ ਲਾਲਚੀ ਦਾਸ, ਗੇਹਾਜੀ ਵੱਲ ਧਿਆਨ ਦਿਓ। (2 ਰਾਜਿਆਂ 5:20-27) ਕੀ ਇਹ ਮਿਸਾਲ ਸਾਨੂੰ ਲਾਲਚ ਤੋਂ ਬਚਣ ਦੀ ਬੁੱਧੀਮਤਾ ਨਹੀਂ ਸਿਖਾਉਂਦੀ? ਯਾਕੂਬ ਦੀ ਧੀ ਦੀਨਾਹ “ਦੇਸ ਦੀਆਂ ਧੀਆਂ” ਨਾਲ ਮੁਲਾਕਾਤ ਕਰਨ ਜਾਂਦੀ ਸੀ। ਭਾਵੇਂ ਕਿ ਇਹ ਮੁਲਾਕਾਤਾਂ ਚੰਗੀਆਂ ਜਾਪਦੀਆਂ ਸਨ, ਇਨ੍ਹਾਂ ਦੇ ਬੁਰੇ ਨਤੀਜੇ ਤੋਂ ਅਸੀਂ ਕੀ ਸਿੱਖਦੇ ਹਾਂ? (ਉਤਪਤ 34:1-31) ਕੀ ਅਸੀਂ ਬੁਰੀ ਸੰਗਤ ਰੱਖਣ ਦੀ ਮੂਰਖਤਾ ਨੂੰ ਝਟਪਟ ਨਹੀਂ ਸਮਝ ਲੈਂਦੇ?—ਕਹਾਉਤਾਂ 13:20; 1 ਕੁਰਿੰਥੀਆਂ 15:33.
ਬੁੱਧ ਵੱਲ ਕੰਨ ਲਾਉਣ ਵਿਚ ਸਮਝ ਅਤੇ ਬਿਬੇਕ ਪ੍ਰਾਪਤ ਕਰਨਾ ਸ਼ਾਮਲ ਹੈ। ਵੈਬਸਟਰਸ ਰਿਵਾਈਜ਼ਡ ਅਨਅਬ੍ਰਿਜਡ ਡਿਕਸ਼ਨਰੀ ਦੇ ਅਨੁਸਾਰ ਸਮਝ “ਮਨ ਦੀ ਸ਼ਕਤੀ ਜਾਂ ਯੋਗਤਾ ਹੈ ਜਿਸ ਰਾਹੀਂ ਦੋ ਚੀਜ਼ਾਂ ਵਿਚਕਾਰ ਫ਼ਰਕ ਦੇਖਿਆ ਜਾ ਸਕਦਾ ਹੈ।” ਪਰਮੇਸ਼ੁਰੀ ਸਮਝ ਚੰਗੇ ਅਤੇ ਬੁਰੇ ਵਿਚਕਾਰ ਫ਼ਰਕ ਦੇਖਣ ਅਤੇ ਫਿਰ ਸਹੀ ਰਸਤਾ ਚੁਣਨ ਦੀ ਯੋਗਤਾ ਹੈ। ਜੇ ਅਸੀਂ ਸਮਝ ਉੱਤੇ ‘ਚਿੱਤ ਨਾ ਲਾਈਏ’ ਜਾਂ ਉਸ ਨੂੰ ਪ੍ਰਾਪਤ ਕਰਨ ਦੀ ਇੱਛਾ ਨਾ ਰੱਖੀਏ ਤਾਂ ਅਸੀਂ ‘ਉਸ ਰਾਹ’ ਉੱਤੇ ਕਿੱਦਾਂ ਰਹਿ ਸਕਦੇ ਹਾਂ “ਜਿਹੜਾ ਜੀਉਣ ਨੂੰ ਜਾਂਦਾ ਹੈ”? (ਮੱਤੀ 7:14. ਬਿਵਸਥਾ ਸਾਰ 30:19, 20 ਦੀ ਤੁਲਨਾ ਕਰੋ।) ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਅਤੇ ਉਸ ਦੀਆਂ ਗੱਲਾਂ ਉੱਤੇ ਅਮਲ ਕਰਨ ਦੁਆਰਾ ਸਮਝ ਮਿਲਦੀ ਹੈ।
ਅਸੀਂ “ਬਿਬੇਕ ਲਈ” ਕਿੱਦਾਂ ‘ਪੁਕਾਰ’ ਸਕਦੇ ਹਾਂ, ਯਾਨੀ ਕਿ ਅਸੀਂ ਕਿਸ ਤਰ੍ਹਾਂ ਜਾਣ ਸਕਦੇ ਹਾਂ ਕਿ ਇਕ ਵਿਸ਼ੇ ਦੇ ਪਹਿਲੂ ਕਿਸੇ ਦੂਸਰੇ ਵਿਸ਼ੇ ਨਾਲ ਅਤੇ ਪੂਰੀ ਗੱਲ ਨਾਲ ਕਿਸ ਤਰ੍ਹਾਂ ਸੰਬੰਧ ਰੱਖਦੇ ਹਨ? ਇਹ ਸੱਚ ਹੈ ਕਿ ਉਮਰ ਅਤੇ ਤਜਰਬਾ ਸਾਨੂੰ ਜ਼ਿਆਦਾ ਬਿਬੇਕ ਪ੍ਰਾਪਤ ਕਰਨ ਵਿਚ ਮਦਦ ਦੇ ਸਕਦੇ ਹਨ, ਪਰ ਇਹ ਜ਼ਰੂਰੀ ਨਹੀਂ। (ਅੱਯੂਬ 12:12; 32:6-12) ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ “ਬਜ਼ੁਰਗਾਂ ਨਾਲੋਂ ਮੈਂ ਬਹੁਤ ਜਾਚਦਾ ਹਾਂ, ਕਿਉਂ ਜੋ ਤੇਰੇ [ਯਹੋਵਾਹ ਦੇ] ਫ਼ਰਮਾਨਾਂ ਨੂੰ ਮੈਂ ਸਾਂਭਿਆ।” ਉਸ ਨੇ ਗਾ ਕੇ ਇਹ ਵੀ ਕਿਹਾ ਕਿ “ਤੇਰੇ ਬਚਨਾਂ ਦਾ ਖੋਲ੍ਹਣਾ ਚਾਨਣ ਦਿੰਦਾ ਹੈ, ਉਹ ਸਿੱਧੇ ਸਾਧੇ ਲੋਕਾਂ ਨੂੰ ਸਮਝ ਬਖ਼ਸ਼ਦਾ ਹੈ।” (ਜ਼ਬੂਰ 119:100, 130) ਯਹੋਵਾਹ “ਅੱਤ ਪਰਾਚੀਨ” ਹੈ ਅਤੇ ਉਸ ਕੋਲ ਸਾਰੀ ਮਨੁੱਖਜਾਤੀ ਨਾਲੋਂ ਉੱਤਮ ਬਿਬੇਕ ਹੈ। (ਦਾਨੀਏਲ 7:13) ਪਰਮੇਸ਼ੁਰ ਭੋਲੇ ਵਿਅਕਤੀ ਨੂੰ ਬਿਬੇਕ ਦੇ ਕੇ ਉਸ ਨੂੰ ਸਿਆਣਿਆਂ ਨਾਲੋਂ ਵੀ ਸਮਝਦਾਰ ਬਣਾ ਸਕਦਾ ਹੈ। ਇਸ ਲਈ ਸਾਨੂੰ ਪਰਮੇਸ਼ੁਰ ਦੇ ਬਚਨ, ਬਾਈਬਲ, ਦਾ ਅਧਿਐਨ ਕਰਨ ਅਤੇ ਉਸ ਦੀਆਂ ਗੱਲਾਂ ਉੱਤੇ ਅਮਲ ਕਰਨ ਵਿਚ ਮਿਹਨਤੀ ਹੋਣਾ ਚਾਹੀਦਾ ਹੈ।
ਕਹਾਉਤਾਂ ਦੇ ਦੂਸਰੇ ਅਧਿਆਏ ਦੀਆਂ ਪਹਿਲੀਆਂ ਆਇਤਾਂ ਵਿਚ ਇਹ ਸ਼ਬਦ “ਜੇ ਤੂੰ” ਦੁਹਰਾਏ ਗਏ ਹਨ। ਇਨ੍ਹਾਂ ਸ਼ਬਦਾਂ ਤੋਂ ਬਾਅਦ ਅਜਿਹੇ ਸ਼ਬਦ ਆਉਂਦੇ ਹਨ ਜਿਵੇਂ ਕਿ “ਆਖੇ ਲੱਗੇਂ,” “ਸਾਂਭ ਰੱਖੇਂ,” “ਪੁਕਾਰੇਂ,” “ਭਾਲ ਕਰੇਂ,” “ਖੋਜ ਕਰੇਂ।” ਲਿਖਾਰੀ ਅਜਿਹੇ ਜੋਸ਼ੀਲੇ ਸ਼ਬਦ ਵਾਰ-ਵਾਰ ਕਿਉਂ ਦੁਹਰਾਉਂਦਾ ਹੈ? ਇਕ ਪੁਸਤਕ ਕਹਿੰਦੀ ਹੈ ਕਿ “ਗਿਆਨੀ [ਇੱਥੇ] ਬੁੱਧ ਦੀ ਭਾਲ ਵਿਚ ਮਿਹਨਤ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿੰਦਾ ਹੈ।” ਜੀ ਹਾਂ, ਸਾਨੂੰ ਸੱਚੇ ਦਿਲੋਂ ਬੁੱਧ ਅਤੇ ਉਸ ਦੇ ਨਾਲ-ਨਾਲ ਸਮਝ ਅਤੇ ਬਿਬੇਕ ਦੀ ਭਾਲ ਕਰਨ ਦੀ ਲੋੜ ਹੈ।
ਕੀ ਤੁਸੀਂ ਪੂਰਾ ਜਤਨ ਕਰੋਗੇ?
ਬੁੱਧ ਭਾਲਣ ਵਿਚ ਸਭ ਤੋਂ ਵੱਡੀ ਗੱਲ ਹੈ ਲਗਨ ਨਾਲ ਬਾਈਬਲ ਦਾ ਅਧਿਐਨ ਕਰਨਾ। ਪਰ, ਇਸ ਅਧਿਐਨ ਵਿਚ ਸਿਰਫ਼ ਗਿਆਨ ਪ੍ਰਾਪਤ ਕਰਨ ਲਈ ਪੜ੍ਹਨਾ ਕਾਫ਼ੀ ਨਹੀਂ ਹੈ। ਬਾਈਬਲ ਦੇ ਅਧਿਐਨ ਦਾ ਇਕ ਮਹੱਤਵਪੂਰਣ ਹਿੱਸਾ ਪੜ੍ਹੀਆਂ ਗਈਆਂ ਗੱਲਾਂ ਉੱਤੇ ਧਿਆਨ ਨਾਲ ਮਨਨ ਕਰਨਾ ਹੈ। ਬੁੱਧ ਅਤੇ ਸਮਝ ਪ੍ਰਾਪਤ ਕਰਨ ਵਿਚ ਇਸ ਬਾਰੇ ਸੋਚਣਾ ਵੀ ਸ਼ਾਮਲ ਹੈ ਕਿ ਅਸੀਂ ਸਿੱਖੀਆਂ ਗਈਆਂ ਗੱਲਾਂ ਨੂੰ ਸਮੱਸਿਆਵਾਂ ਹੱਲ ਕਰਨ ਲਈ ਅਤੇ ਫ਼ੈਸਲੇ ਕਰਨ ਲਈ ਕਿਸ ਤਰ੍ਹਾਂ ਵਰਤ ਸਕਦੇ ਹਾਂ। ਬਿਬੇਕ ਪ੍ਰਾਪਤ ਕਰਨ ਵਿਚ ਇਸ ਉੱਤੇ ਧਿਆਨ ਦੇਣ ਦੀ ਲੋੜ ਹੈ ਕਿ ਨਵੀਂ ਜਾਣਕਾਰੀ ਉਨ੍ਹਾਂ ਗੱਲਾਂ ਨਾਲ ਕਿਵੇਂ ਮੇਲ ਖਾਂਦੀ ਹੈ ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ। ਹਰ ਕੋਈ ਮੰਨੇਗਾ ਕਿ ਇਸ ਤਰ੍ਹਾਂ ਬਾਈਬਲ ਦਾ ਡੂੰਘਾ ਅਧਿਐਨ ਕਰਨ ਲਈ ਕਾਫ਼ੀ ਸਮੇਂ ਅਤੇ ਜਤਨ ਦੀ ਲੋੜ ਹੈ। ਇਹ ‘ਚਾਂਦੀ ਦੀ ਭਾਲ ਅਤੇ ਗੁਪਤ ਧਨ ਦੀ ਖੋਜ ਕਰਨ’ ਵਿਚ ਲਗਾਏ ਗਏ ਸਮੇਂ ਅਤੇ ਕੀਤੇ ਗਏ ਜਤਨ ਦੇ ਸਮਾਨ ਹੈ। ਕੀ ਤੁਸੀਂ ਲੋੜੀਂਦਾ ਜਤਨ ਕਰੋਗੇ? ਕੀ ਤੁਸੀਂ ਇਸ ਤਰ੍ਹਾਂ ਕਰਨ ਲਈ “ਸਮੇਂ ਤੋਂ ਪੂਰਾ ਪੂਰਾ ਲਾਭ ਪ੍ਰਾਪਤ” ਕਰੋਗੇ?—ਅਫ਼ਸੀਆਂ 5:15, 16, ਨਵਾਂ ਅਨੁਵਾਦ।
ਜ਼ਰਾ ਸੋਚੋ ਕਿ ਜੇ ਅਸੀਂ ਸੱਚੇ ਦਿਲੋਂ ਬਾਈਬਲ ਵਿਚ ਖੋਜ ਕਰੀਏ ਤਾਂ ਅਸੀਂ ਕਿੰਨਾ ਵੱਡਾ ਧਨ ਪ੍ਰਾਪਤ ਕਰ ਸਕਦੇ ਹਾਂ। ਜੀ ਹਾਂ, ਅਸੀਂ “ਪਰਮੇਸ਼ੁਰ ਦੇ ਗਿਆਨ” ਨੂੰ ਪ੍ਰਾਪਤ ਕਰਾਂਗੇ—ਆਪਣੇ ਕਰਤਾਰ ਦਾ ਪੱਕਾ, ਜੀਵਨ-ਦਾਇਕ ਗਿਆਨ! (ਯੂਹੰਨਾ 17:3) ‘ਯਹੋਵਾਹ ਦਾ ਭੈ’ ਵੀ ਅਜਿਹਾ ਧਨ ਹੈ ਜੋ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ। ਉਸ ਦਾ ਸ਼ਰਧਾਮਈ ਭੈ ਰੱਖਣਾ ਕਿੰਨਾ ਲਾਭਦਾਇਕ ਹੈ! ਇਸ ਗੁਣਕਾਰੀ ਭੈ ਦਾ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਨੂੰ ਨਾਰਾਜ਼ ਨਾ ਕਰੀਏ। ਇਸ ਭੈ ਨੂੰ ਸਾਡੀ ਜ਼ਿੰਦਗੀ ਦੇ ਹਰੇਕ ਪਹਿਲੂ ਉੱਤੇ ਅਸਰ ਪਾਉਣਾ ਚਾਹੀਦਾ ਹੈ ਅਤੇ ਸਾਡੇ ਹਰੇਕ ਕੰਮ ਨੂੰ ਰੂਹਾਨੀ ਅਹਿਮੀਅਤ ਦੇਣੀ ਚਾਹੀਦੀ ਹੈ।—ਉਪਦੇਸ਼ਕ ਦੀ ਪੋਥੀ 12:13.
ਰੂਹਾਨੀ ਧਨ ਦੀ ਭਾਲ ਅਤੇ ਖੋਜ ਕਰਨ ਦੀ ਤੀਬਰ ਇੱਛਾ ਸਾਡੇ ਦਿਲ ਵਿਚ ਹੋਣੀ ਚਾਹੀਦੀ ਹੈ। ਸਾਡੀ ਖੋਜ ਸੌਖੀ ਬਣਾਉਣ ਵਾਸਤੇ ਯਹੋਵਾਹ ਨੇ ਰਿਸਰਚ ਕਰਨ ਲਈ ਵਧੀਆ ਚੀਜ਼ਾਂ ਦਿੱਤੀਆਂ ਹਨ, ਜਿਵੇਂ ਕਿ ਸਮੇਂ-ਸਿਰ ਸੱਚਾਈ ਦੇ ਰਸਾਲੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਅਤੇ ਇਨ੍ਹਾਂ ਦੇ ਨਾਲ-ਨਾਲ ਹੋਰ ਪ੍ਰਕਾਸ਼ਨ ਜੋ ਬਾਈਬਲ ਤੇ ਆਧਾਰਿਤ ਹਨ। (ਮੱਤੀ 24:45-47) ਯਹੋਵਾਹ ਨੇ ਆਪਣੇ ਬਚਨ ਅਤੇ ਆਪਣੇ ਰਾਹਾਂ ਬਾਰੇ ਸਾਨੂੰ ਸਿਖਲਾਈ ਦੇਣ ਲਈ ਮਸੀਹੀ ਸਭਾਵਾਂ ਦਾ ਵੀ ਪ੍ਰਬੰਧ ਕੀਤਾ ਹੈ। ਸਾਨੂੰ ਇਨ੍ਹਾਂ ਤੇ ਨਿਯਮਿਤ ਤੌਰ ਤੇ ਹਾਜ਼ਰ ਹੋਣਾ, ਕਹੀਆਂ ਗੱਲਾਂ ਵੱਲ ਕੰਨ ਲਾਉਣਾ, ਮੁੱਖ ਗੱਲਾਂ ਵੱਲ ਧਿਆਨ ਦੇਣਾ ਅਤੇ ਉਨ੍ਹਾਂ ਨੂੰ ਸਾਂਭ ਕੇ ਰੱਖਣ ਦਾ ਪੂਰਾ ਜਤਨ ਕਰਨਾ, ਅਤੇ ਯਹੋਵਾਹ ਨਾਲ ਆਪਣੇ ਰਿਸ਼ਤੇ ਬਾਰੇ ਡੂੰਘੀ ਤਰ੍ਹਾਂ ਸੋਚਣਾ ਚਾਹੀਦਾ ਹੈ।—ਇਬਰਾਨੀਆਂ 10:24, 25.
ਤੁਸੀਂ ਸਫ਼ਲ ਹੋਵੋਗੇ
ਦੱਬੇ ਹੋਏ ਹੀਰਿਆਂ, ਸੋਨੇ ਜਾਂ ਚਾਂਦੀ ਦੀ ਖੋਜ ਅਕਸਰ ਬੇਕਾਰ ਸਾਬਤ ਹੁੰਦੀ ਹੈ। ਲੇਕਿਨ ਰੂਹਾਨੀ ਧੰਨ ਦੀ ਖੋਜ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਕਿਉਂ ਨਹੀਂ? ਕਿਉਂਕਿ ਸੁਲੇਮਾਨ ਸਾਨੂੰ ਯਕੀਨ ਦਿਲਾਉਂਦਾ ਹੈ ਕਿ “ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।”—ਕਹਾਉਤਾਂ 2:6.
ਰਾਜਾ ਸੁਲੇਮਾਨ ਆਪਣੀ ਬੁੱਧ ਲਈ ਮਸ਼ਹੂਰ ਸੀ। (1 ਰਾਜਿਆਂ 4:30-32) ਬਾਈਬਲ ਦਿਖਾਉਂਦੀ ਹੈ ਕਿ ਉਸ ਕੋਲ ਵੱਖ-ਵੱਖ ਚੀਜ਼ਾਂ ਬਾਰੇ ਗਿਆਨ ਸੀ, ਜਿੱਦਾਂ ਕਿ ਬੂਟਿਆਂ, ਜਾਨਵਰਾਂ, ਮਨੁੱਖੀ ਸੁਭਾਅ, ਅਤੇ ਪਰਮੇਸ਼ੁਰ ਦੇ ਬਚਨ ਬਾਰੇ। ਨੌਜਵਾਨ ਰਾਜੇ ਵਜੋਂ ਉਸ ਨੇ ਦੋ ਔਰਤਾਂ ਵਿਚਕਾਰ ਝਗੜਾ ਸੁਲਝਾਉਣ ਵਿਚ ਆਪਣੀ ਸਮਝਦਾਰੀ ਦਿਖਾਈ, ਉਸ ਝਗੜੇ ਵਿਚ ਉਹ ਦੋਨੋਂ ਹੀ ਇੱਕੋ ਬੱਚੇ ਦੀ ਮਾਂ ਹੋਣ ਦਾ ਦਾਅਵਾ ਕਰ ਰਹੀਆਂ ਸਨ। ਇਸ ਮਾਮਲੇ ਨੇ ਉਸ ਨੂੰ ਕਈ ਦੇਸ਼ਾਂ ਵਿਚ ਮਸ਼ਹੂਰ ਕੀਤਾ। (1 ਰਾਜਿਆਂ 3:16-28) ਉਸ ਦੇ ਵੱਡੇ ਗਿਆਨ ਦਾ ਸ੍ਰੋਤ ਕੌਣ ਸੀ? ਸੁਲੇਮਾਨ ਨੇ “ਬੁੱਧ ਤੇ ਗਿਆਨ” ਲਈ ਪ੍ਰਾਰਥਨਾ ਰਾਹੀਂ ਯਹੋਵਾਹ ਤੋਂ ਮੰਗ ਕੀਤੀ ਤਾਂਕਿ ਉਹ ‘ਅੱਛੇ ਅਤੇ ਬੁਰੇ ਨੂੰ ਸਮਝ’ ਸੱਕੇ। ਯਹੋਵਾਹ ਨੇ ਉਸ ਦੀ ਇਹ ਮੰਗ ਪੂਰੀ ਕੀਤੀ।—2 ਇਤਹਾਸ 1:10-12; 1 ਰਾਜਿਆਂ 3:9.
ਜਿਉਂ-ਜਿਉਂ ਅਸੀਂ ਯਹੋਵਾਹ ਦੇ ਬਚਨ ਦਾ ਅਧਿਐਨ ਪੂਰੀ ਲਗਨ ਨਾਲ ਕਰਦੇ ਹਾਂ ਸਾਨੂੰ ਵੀ ਮਦਦ ਲਈ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜ਼ਬੂਰਾਂ ਦੇ ਲਿਖਾਰੀ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਲਾ, ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ, ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾਂ।” (ਜ਼ਬੂਰ 86:11) ਯਹੋਵਾਹ ਨੂੰ ਉਸ ਦੀ ਪ੍ਰਾਰਥਨਾ ਪਸੰਦ ਆਈ ਕਿਉਂਕਿ ਉਸ ਨੇ ਉਸ ਪ੍ਰਾਰਥਨਾ ਨੂੰ ਬਾਈਬਲ ਵਿਚ ਦਰਜ ਕਰਵਾਇਆ। ਅਸੀਂ ਵੀ ਭਰੋਸਾ ਰੱਖ ਸਕਦੇ ਹਾਂ ਕਿ ਬਾਈਬਲ ਵਿੱਚੋਂ ਰੂਹਾਨੀ ਧੰਨ ਲੱਭਣ ਲਈ ਸਾਡੀਆਂ ਤੀਬਰ ਅਤੇ ਅਕਸਰ ਕੀਤੀਆਂ ਗਈਆਂ ਪ੍ਰਾਰਥਨਾਵਾਂ ਸੁਣੀਆਂ ਜਾਣਗੀਆਂ।—ਲੂਕਾ 18:1-8.
ਸੁਲੇਮਾਨ ਦੱਸਦਾ ਹੈ ਕਿ “ਸਚਿਆਰਾਂ ਲਈ ਉਹ ਦਨਾਈ ਰੱਖ ਛੱਡਦਾ ਹੈ, ਜਿਹੜੇ ਖਰਿਆਈ ਨਾਲ ਚੱਲਦੇ ਹਨ ਉਨ੍ਹਾਂ ਲਈ ਉਹ ਢਾਲ ਹੈ, ਤਾਂ ਜੋ ਉਹ ਨਿਆਉਂ ਦੇ ਰਾਹਾਂ ਦੀ ਰਾਖੀ ਕਰੇ, ਅਤੇ ਆਪਣੇ ਭਗਤਾਂ ਦੇ ਰਾਹ ਦੀ ਰੱਛਿਆ ਕਰੇ। ਤਦ ਤੂੰ ਧਰਮ ਅਤੇ ਨਿਆਉਂ ਅਤੇ ਇਨਸਾਫ਼ ਨੂੰ, ਸਗੋਂ ਹਰੇਕ ਭਲੇ ਰਾਹ ਨੂੰ ਸਮਝੇਂਗਾ।” (ਕਹਾਉਤਾਂ 2:7-9) ਇਸ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ! ਯਹੋਵਾਹ ਨਾ ਸਿਰਫ਼ ਸੱਚੇ ਦਿਲੋਂ ਲੱਭਣ ਵਾਲਿਆਂ ਨੂੰ ਸੱਚੀ ਬੁੱਧ ਦਿੰਦਾ ਹੈ ਪਰ ਸਚਿਆਰਾਂ ਲਈ ਸੁਰੱਖਿਆ ਦੀ ਢਾਲ ਵੀ ਸਾਬਤ ਹੁੰਦਾ ਹੈ ਕਿਉਂਕਿ ਉਹ ਸੱਚੀ ਬੁੱਧ ਦਿਖਾਉਂਦੇ ਹਨ ਅਤੇ ਵਫ਼ਾਦਾਰੀ ਨਾਲ ਉਸ ਦੇ ਧਰਮੀ ਸਿਧਾਂਤਾਂ ਅਨੁਸਾਰ ਚੱਲਦੇ ਹਨ। ਉਮੀਦ ਹੈ ਕਿ ਅਸੀਂ ਵੀ ਉਨ੍ਹਾਂ ਦੇ ਵਿਚਕਾਰ ਹੋਵਾਂਗੇ ਜਿਨ੍ਹਾਂ ਨੂੰ ਯਹੋਵਾਹ ‘ਹਰੇਕ ਭਲੇ ਰਾਹ ਨੂੰ ਸਮਝਣ’ ਵਿਚ ਮਦਦ ਦਿੰਦਾ ਹੈ।
ਜਦੋਂ ‘ਗਿਆਨ ਪਿਆਰਾ ਲੱਗਣ ਲੱਗਦਾ ਹੈ’
ਬੁੱਧ ਭਾਲਣ ਵਿਚ ਇਕ ਜ਼ਰੂਰੀ ਚੀਜ਼ ਹੈ ਬਾਈਬਲ ਦਾ ਨਿੱਜੀ ਅਧਿਐਨ ਕਰਨਾ। ਕਈਆਂ ਲਈ ਇਹ ਕੰਮ ਸੌਖਾ ਨਹੀਂ ਹੈ। ਮਿਸਾਲ ਲਈ, 58 ਸਾਲਾਂ ਦਾ ਲੌਰੈਂਸ ਕਹਿੰਦਾ ਹੈ: “ਮੈਂ ਹਮੇਸ਼ਾ ਆਪਣਿਆਂ ਹੱਥਾਂ ਨਾਲ ਕੰਮ ਕੀਤਾ ਹੈ। ਪੜ੍ਹਾਈ ਕਰਨੀ ਮੇਰੇ ਲਈ ਔਖੀ ਹੈ।” ਅਤੇ 24 ਸਾਲਾਂ ਦਾ ਮਾਈਕਲ, ਜਿਸ ਨੇ ਸਕੂਲੇ ਪੜ੍ਹਨਾ-ਲਿਖਣਾ ਪਸੰਦ ਨਹੀਂ ਕੀਤਾ ਸੀ, ਕਹਿੰਦਾ ਹੈ: “ਬੈਠ ਕੇ ਅਧਿਐਨ ਕਰਨ ਲਈ ਮੈਨੂੰ ਬਹੁਤ ਮਿਹਨਤ ਕਰਨੀ ਪਈ।” ਲੇਕਿਨ, ਫਿਰ ਵੀ ਅਧਿਐਨ ਕਰਨ ਦੀ ਇੱਛਾ ਪੈਦਾ ਕੀਤੀ ਜਾ ਸਕਦੀ ਹੈ।
ਧਿਆਨ ਦਿਓ ਕਿ ਮਾਈਕਲ ਨੇ ਕੀ ਕੀਤਾ ਸੀ। ਉਹ ਕਹਿੰਦਾ ਹੈ: “ਮੈਂ ਹਰ ਰੋਜ਼ ਅੱਧੇ ਘੰਟੇ ਲਈ ਅਧਿਐਨ ਕਰਨ ਦਾ ਫ਼ੈਸਲਾ ਕੀਤਾ। ਜਲਦੀ ਹੀ ਇਸ ਦੇ ਅਸਰ ਮੈਂ ਆਪਣੇ ਰਵੱਈਏ, ਮੀਟਿੰਗਾਂ ਤੇ ਆਪਣੀਆਂ ਟਿੱਪਣੀਆਂ, ਅਤੇ ਦੂਸਰਿਆਂ ਨਾਲ ਆਪਣੀਆਂ ਗੱਲਾਂ-ਬਾਤਾਂ ਵਿਚ ਦੇਖੇ। ਹੁਣ ਮੈਂ ਅਧਿਐਨ ਦੇ ਇਸ ਸਮੇਂ ਨੂੰ ਬਹੁਤ ਪਸੰਦ ਕਰਦਾ ਹਾਂ ਅਤੇ ਮੈਨੂੰ ਚੰਗਾ ਨਹੀਂ ਲੱਗਦਾ ਜਦੋਂ ਇਸ ਸਮੇਂ ਵਿਚ ਕੋਈ ਰੁਕਾਵਟ ਆਉਂਦੀ ਹੈ।” ਜੀ ਹਾਂ, ਜਦੋਂ ਤੁਹਾਨੂੰ ਤਰੱਕੀ ਨਜ਼ਰ ਆਉਂਦੀ ਹੈ ਤਾਂ ਪੂਰੀ ਲਗਨ ਨਾਲ ਨਿੱਜੀ ਅਧਿਐਨ ਕਰਨ ਵਿਚ ਖ਼ੁਸ਼ੀ ਮਿਲਦੀ ਹੈ। ਲੌਰੈਂਸ ਨੇ ਵੀ ਬਾਈਬਲ ਦਾ ਨਿੱਜੀ ਅਧਿਐਨ ਕਰਨਾ ਸ਼ੁਰੂ ਕੀਤਾ ਅਤੇ ਕੁਝ ਸਮੇਂ ਤੋਂ ਬਾਅਦ ਉਹ ਯਹੋਵਾਹ ਦੇ ਗਵਾਹਾਂ ਦੀ ਇਕ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕਰਨ ਲੱਗ ਪਿਆ।
ਨਿੱਜੀ ਅਧਿਐਨ ਨੂੰ ਮਜ਼ੇਦਾਰ ਬਣਾਉਣ ਲਈ ਲਗਾਤਾਰ ਜਤਨ ਦੀ ਲੋੜ ਹੈ। ਪਰ, ਇਸ ਦੀਆਂ ਬਰਕਤਾਂ ਬਹੁਤ ਹਨ। ਸੁਲੇਮਾਨ ਕਹਿੰਦਾ ਹੈ: “ਕਿਉਂ ਜੋ ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ। ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ।”—ਕਹਾਉਤਾਂ 2:10, 11.
‘ਉਹ ਤੈਨੂੰ ਬੁਰਿਆਂ ਰਾਹਾਂ ਤੋਂ ਛੁਡਾਉਣ’
ਬੁੱਧ, ਗਿਆਨ, ਮੱਤ, ਅਤੇ ਸਮਝ ਕਿਸ ਤਰ੍ਹਾਂ ਰਾਖੀ ਕਰਨਗੇ? ਸੁਲੇਮਾਨ ਕਹਿੰਦਾ ਹੈ ਕਿ “[ਉਹ] ਤੈਨੂੰ ਬੁਰਿਆਂ ਰਾਹਾਂ ਤੋਂ, ਅਤੇ ਖੋਟੀਆਂ ਗੱਲਾਂ ਕਰਨ ਵਾਲਿਆਂ ਮਨੁੱਖਾਂ ਤੋਂ ਛੁਡਾਉਣ, ਜਿਹੜੇ ਸਚਿਆਈ ਦਿਆਂ ਰਾਹਾਂ ਨੂੰ ਛੱਡ ਕੇ ਅਨ੍ਹੇਰੇ ਰਾਹਾਂ ਵਿੱਚ ਤੁਰਦੇ ਹਨ, ਜਿਹੜੇ ਬੁਰਿਆਈ ਕਰਨੋਂ ਅਨੰਦ ਹੁੰਦੇ, ਅਤੇ ਬੁਰਿਆਈ ਦੇ ਖੋਟਿਆਂ ਕੰਮਾਂ ਤੋਂ ਖੁਸ਼ੀ ਮਨਾਉਂਦੇ ਹਨ, ਜਿਨ੍ਹਾਂ ਦੇ ਰਾਹ ਵਿੰਗੇ, ਅਤੇ ਚਾਲਾਂ ਵਿਗੜੀਆਂ ਹੋਈਆਂ ਹਨ।”—ਕਹਾਉਤਾਂ 2:12-15.
ਜੀ ਹਾਂ, ਸੱਚੀ ਬੁੱਧ ਦੀ ਕਦਰ ਕਰਨ ਵਾਲੇ ਉਨ੍ਹਾਂ ਲੋਕਾਂ ਨਾਲ ਸੰਗਤ ਰੱਖਣ ਤੋਂ ਪਰਹੇਜ਼ ਕਰਦੇ ਹਨ ਜੋ ‘ਖੋਟੀਆਂ ਗੱਲਾਂ ਕਰਨ ਵਾਲੇ’ ਹਨ, ਯਾਨੀ ਝੂਠੀਆਂ ਅਤੇ ਗ਼ਲਤ ਗੱਲਾਂ ਕਰਨ ਵਾਲੇ। ਮੱਤ ਅਤੇ ਸਮਝ ਸਾਨੂੰ ਉਨ੍ਹਾਂ ਲੋਕਾਂ ਤੋਂ ਸੁਰੱਖਿਅਤ ਰੱਖਦੀ ਹੈ ਜੋ ਅਨ੍ਹੇਰੇ ਰਾਹਾਂ ਵਿੱਚ ਤੁਰਨ ਲਈ ਸੱਚਾਈ ਨੂੰ ਰੱਦ ਕਰਦੇ ਹਨ ਅਤੇ ਉਨ੍ਹਾਂ ਤੋਂ ਜੋ ਕੱਬੇ ਹਨ ਅਤੇ ਦੁਸ਼ਟ ਕੰਮ ਕਰਨ ਵਿਚ ਖ਼ੁਸ਼ੀ ਮਨਾਉਂਦੇ ਹਨ।—ਕਹਾਉਤਾਂ 3:32.
ਅਸੀਂ ਕਿੰਨੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਸੱਚੀ ਬੁੱਧ ਅਤੇ ਉਸ ਨਾਲ ਸੰਬੰਧਿਤ ਗੁਣ ਸਾਨੂੰ ਅਨੈਤਿਕ ਆਦਮੀਆਂ ਅਤੇ ਔਰਤਾਂ ਤੋਂ ਵੀ ਸੁਰੱਖਿਅਤ ਰੱਖਦੇ ਹਨ! ਸੁਲੇਮਾਨ ਅੱਗੇ ਕਹਿੰਦਾ ਹੈ ਕਿ ਇਹ ਗੁਣ “ਤੈਨੂੰ ਪਰਾਈ ਤੀਵੀਂ ਤੋਂ ਛੁਡਾਉਣ” ਲਈ ਹਨ, “ਉਸ ਓਪਰੀ ਤੀਵੀਂ ਤੋਂ ਜਿਹੜੀ ਚਿਕਣੀਆਂ ਚੋਪੜੀਆਂ ਗੱਲਾਂ ਕਰਦੀ ਹੈ, ਜਿਹ ਨੇ ਆਪਣੇ ਜੁਆਨੀ ਦੇ ਸਾਥੀ ਨੂੰ ਛੱਡ ਦਿੱਤਾ, ਅਤੇ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਵਿਸਾਰ ਛੱਡਿਆ ਹੈ, ਕਿਉਂ ਜੋ ਉਹ ਦਾ ਘਰ ਮੌਤ ਵੱਲ ਲਹਿ ਪੈਂਦਾ, ਅਤੇ ਉਹ ਦੇ ਰਾਹ ਭੂਤਨਿਆਂ ਵੱਲ। ਜਿਹੜੇ ਉਹ ਦੇ ਕੋਲ ਜਾਂਦੇ ਹਨ, ਓਹਨਾਂ ਵਿੱਚੋਂ ਕੋਈ ਮੁੜ ਕੇ ਨਹੀਂ ਆਉਂਦਾ, ਅਤੇ ਨਾ ਹੀ ਜੀਉਣ ਦੇ ਰਾਹ ਤੱਕ ਅੱਪੜਦਾ ਹੈ।”—ਕਹਾਉਤਾਂ 2:16-19.
“ਪਰਾਈ ਤੀਵੀਂ,” ਯਾਨੀ ਵੇਸਵਾ, ਅਜਿਹੀ ਤੀਵੀਂ ਨੂੰ ਦਰਸਾਉਂਦੀ ਹੈ ਜੋ “ਆਪਣੇ ਜੁਆਨੀ ਦੇ ਸਾਥੀ,” ਮਤਲਬ ਕਿ ਆਪਣੇ ਪਤੀ ਨੂੰ ਛੱਡ ਦਿੰਦੀ ਹੈ।a (ਮਲਾਕੀ 2:14 ਦੀ ਤੁਲਨਾ ਕਰੋ।) ਉਹ ਜ਼ਨਾਹ ਵਿਰੁੱਧ ਉਸ ਪਾਬੰਦੀ ਨੂੰ ਭੁੱਲ ਗਈ ਹੈ ਜੋ ਬਿਵਸਥਾ ਨੇਮ ਵਿਚ ਦਰਜ ਸੀ। (ਕੂਚ 20:14) ਉਸ ਦੇ ਕਦਮ ਉਸ ਨੂੰ ਮੌਤ ਵੱਲ ਲੈ ਜਾ ਰਹੇ ਹਨ। ਉਸ ਨਾਲ ਸੰਗਤ ਰੱਖਣ ਵਾਲੇ ਸ਼ਾਇਦ ਦੁਬਾਰਾ ਕਦੀ ਨਾ ‘ਜੀਉਣ ਦੇ ਰਾਹ ਤੱਕ ਅੱਪੜਣ,’ ਕਿਉਂਕਿ ਕਦੀ-ਨ-ਕਦੀ ਉਹ ਉਸ ਹੱਦ ਤਕ ਪਹੁੰਚ ਜਾਣਗੇ ਜਿਸ ਤੋਂ ਕੋਈ ਵਾਪਸੀ ਨਹੀਂ, ਯਾਨੀ ਮੌਤ ਤਕ। ਸਮਝ ਅਤੇ ਮੱਤ ਵਾਲਾ ਮਨੁੱਖ ਬਦਚਲਣੀ ਦੇ ਫੰਧੇ ਬਾਰੇ ਜਾਣੂ ਹੈ ਅਤੇ ਬੁੱਧੀ ਨਾਲ ਉਸ ਵਿਚ ਫਸਣ ਤੋਂ ਪਰਹੇਜ਼ ਕਰਦਾ ਹੈ।
‘ਸਚਿਆਰ ਧਰਤੀ ਉੱਤੇ ਵਸੱਣਗੇ’
ਬੁੱਧ ਦੀ ਸਲਾਹ ਬਾਰੇ ਆਪਣੇ ਉਦੇਸ਼ ਦਾ ਸਾਰ ਪੇਸ਼ ਕਰਦੇ ਹੋਏ, ਸੁਲੇਮਾਨ ਕਹਿੰਦਾ ਹੈ: “ਇਉਂ ਤੂੰ ਭਲਿਆਂ ਦੇ ਰਾਹ ਵਿੱਚ ਤੁਰੇਂਗਾ, ਅਤੇ ਧਰਮੀਆਂ ਦੇ ਮਾਰਗ ਨੂੰ ਫੜੀ ਰੱਖੇਂਗਾ।” (ਕਹਾਉਤਾਂ 2:20) ਬੁੱਧ ਕਿੰਨਾ ਵਧੀਆ ਕੰਮ ਕਰਦੀ ਹੈ! ਇਹ ਸਾਨੂੰ ਪਰਮੇਸ਼ੁਰ ਨੂੰ ਮਨਜ਼ੂਰ ਕਰਨ ਵਾਲੀ ਖ਼ੁਸ਼ ਅਤੇ ਸੰਤੁਸ਼ਟ ਜ਼ਿੰਦਗੀ ਬਤੀਤ ਕਰਨ ਦਿੰਦੀ ਹੈ।
ਉਨ੍ਹਾਂ ਵੱਡੀਆਂ ਬਰਕਤਾਂ ਉੱਤੇ ਵੀ ਧਿਆਨ ਦਿਓ ਜੋ ‘ਭਲਿਆਂ ਦੇ ਰਾਹ ਵਿੱਚ ਤੁਰਨ’ ਵਾਲਿਆਂ ਦੇ ਸਾਮ੍ਹਣੇ ਹਨ। ਸੁਲੇਮਾਨ ਅੱਗੇ ਕਹਿੰਦਾ ਹੈ: “ਸਚਿਆਰ ਹੀ ਧਰਤੀ ਉੱਤੇ ਵਸੱਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।” (ਕਹਾਉਤਾਂ 2:21, 22) ਉਮੀਦ ਹੈ ਕਿ ਤੁਸੀਂ ਉਨ੍ਹਾਂ ਖਰੇ ਵਿਅਕਤੀਆਂ ਵਿਚਕਾਰ ਹੋਵੋਗੇ ਜੋ ਪਰਮੇਸ਼ੁਰ ਦੇ ਧਰਮੀ ਨਵੇਂ ਸੰਸਾਰ ਵਿਚ ਹਮੇਸ਼ਾ ਲਈ ਵਸਣਗੇ।—2 ਪਤਰਸ 3:13.
[ਫੁਟਨੋਟ]
a ਸ਼ਬਦ ‘ਪਰਾਇਆ’ ਉਨ੍ਹਾਂ ਲਈ ਵਰਤਿਆ ਜਾਂਦਾ ਸੀ ਜੋ ਬਿਵਸਥਾ ਦੇ ਅਨੁਸਾਰ ਚੱਲਣ ਤੋਂ ਹਟ ਕੇ ਆਪਣੇ ਆਪ ਨੂੰ ਯਹੋਵਾਹ ਤੋਂ ਅਲੱਗ ਕਰਦੇ ਸਨ। ਇਸ ਲਈ, ਵੇਸਵਾ ਨੂੰ “ਪਰਾਈ ਤੀਵੀਂ” ਵਜੋਂ ਦਰਸਾਇਆ ਜਾਂਦਾ ਹੈ, ਪਰ ਇਹ ਜ਼ਰੂਰੀ ਨਹੀਂ ਸੀ ਕਿ ਉਹ ਵਿਦੇਸ਼ੀ ਸੀ।
[ਸਫ਼ੇ 26 ਉੱਤੇ ਤਸਵੀਰ]
ਸੁਲੇਮਾਨ ਨੇ ਬੁੱਧ ਲਈ ਪ੍ਰਾਰਥਨਾ ਕੀਤੀ ਸੀ। ਸਾਨੂੰ ਵੀ ਕਰਨੀ ਚਾਹੀਦੀ ਹੈ