ਖ਼ੁਸ਼ੀ ਨਾਲ ਸੇਵਾ ਕਰ ਕੇ ਯਹੋਵਾਹ ਦੀ ਵਡਿਆਈ ਕਰੋ
“ਲੋਕਾਂ ਦੇ ਆਪੇ ਹੀ ਭਰਤੀ ਹੋਣ ਲਈ ਯਹੋਵਾਹ ਨੂੰ ਧੰਨ ਆਖੋ!”—ਨਿਆ. 5:2.
1, 2. (ੳ) ਸਾਡੇ ਕੰਮਾਂ ਬਾਰੇ ਪਰਮੇਸ਼ੁਰ ਜਿਵੇਂ ਸੋਚਦਾ ਹੈ, ਇਸ ਬਾਰੇ ਅਲੀਫ਼ਜ਼ ਅਤੇ ਬਿਲਦਦ ਨੇ ਕੀ ਕਿਹਾ? (ਅ) ਯਹੋਵਾਹ ਨੇ ਇਸ ਬਾਰੇ ਕੀ ਕਿਹਾ?
ਬਹੁਤ ਸਾਲ ਪਹਿਲਾਂ ਤਿੰਨ ਆਦਮੀ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਅੱਯੂਬ ਨਾਲ ਗੱਲ ਕਰਨ ਲਈ ਗਏ। ਉਨ੍ਹਾਂ ਵਿੱਚੋਂ ਅਲੀਫ਼ਜ਼ ਤੇਮਾਨੀ ਨੇ ਅੱਯੂਬ ਨੂੰ ਸਵਾਲ ਪੁੱਛੇ: “ਭਲਾ, ਕੋਈ ਆਦਮੀ ਪਰਮੇਸ਼ੁਰ ਲਈ ਲਾਭਦਾਇਕ ਹੋ ਸੱਕਦਾ ਹੈ? ਸੱਚ ਮੁੱਚ ਸਿਆਣਾ ਆਦਮੀ ਆਪਣੇ ਜੋਗਾ ਹੀ ਹੈ। ਤੇਰੇ ਧਰਮੀ ਹੋਣ ਨਾਲ ਸਰਬ ਸ਼ਕਤੀਮਾਨ ਨੂੰ ਕੀ ਖ਼ੁਸ਼ੀ ਹੈ? ਯਾ ਤੇਰੀਆਂ ਪੂਰਨ ਚਾਲਾਂ ਨਾਲ ਉਹ ਨੂੰ ਕੀ ਲਾਭ ਹੈ?” (ਅੱਯੂ. 22:1-3) ਅਲੀਫ਼ਜ਼ ਇਕ ਤਰੀਕੇ ਨਾਲ ਖ਼ੁਦ ਇਨ੍ਹਾਂ ਸਵਾਲਾਂ ਦੇ ਜਵਾਬ ਨਾ ਵਿਚ ਦੇ ਰਿਹਾ ਸੀ। ਦੂਜੇ ਆਦਮੀ, ਬਿਲਦਦ ਸ਼ੂਹੀ, ਨੇ ਕਿਹਾ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਨਸਾਨ ਕਦੇ ਵੀ ਧਰਮੀ ਨਹੀਂ ਬਣ ਸਕਦਾ।—ਅੱਯੂਬ 25:4 ਪੜ੍ਹੋ।
2 ਅਲੀਫ਼ਜ਼ ਅਤੇ ਬਿਲਦਦ ਨੇ ਅੱਯੂਬ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਉਸ ਦੀਆਂ ਕੋਸ਼ਿਸ਼ਾਂ ਬੇਕਾਰ ਹਨ। ਉਹ ਚਾਹੁੰਦੇ ਸਨ ਕਿ ਅੱਯੂਬ ਇਸ ਗੱਲ ʼਤੇ ਯਕੀਨ ਕਰੇ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਨਸਾਨ ਦੀ ਕੀਮਤ ਭਵੱਖੜ ਅਤੇ ਕੀੜੇ ਤੋਂ ਵੱਧ ਨਹੀਂ ਹੈ। (ਅੱਯੂ. 4:19; 25:6) ਕੀ ਉਨ੍ਹਾਂ ਨੇ ਇਹ ਸਵਾਲ ਇਸ ਲਈ ਪੁੱਛੇ ਕਿਉਂਕਿ ਉਹ ਨਿਮਰ ਸਨ? (ਅੱਯੂ. 22:29) ਜੇ ਅਸੀਂ ਇਕ ਉੱਚੇ ਪਹਾੜ ਤੋਂ ਜਾਂ ਉੱਡਦੇ ਜਹਾਜ਼ ਦੀ ਖਿੜਕੀ ਤੋਂ ਥੱਲੇ ਦੇਖੀਏ, ਤਾਂ ਪਤਾ ਵੀ ਨਹੀਂ ਲੱਗਦਾ ਕਿ ਇਨਸਾਨ ਕਿਹੜੇ ਕੰਮ ਕਰਦੇ ਹਨ। ਪਰ ਕੀ ਯਹੋਵਾਹ ਵੀ ਸਾਨੂੰ ਆਪਣੇ ਉੱਚੇ ਸਿੰਘਾਸਣ ਤੋਂ ਇਸੇ ਤਰ੍ਹਾਂ ਦੇਖਦਾ ਹੈ? ਕੀ ਉਸ ਦੀਆਂ ਨਜ਼ਰਾਂ ਵਿਚ ਰਾਜ ਕੰਮਾਂ ਲਈ ਕੀਤੀਆਂ ਸਾਡੀਆਂ ਕੋਸ਼ਿਸ਼ਾਂ ਦੀ ਕੋਈ ਕੀਮਤ ਨਹੀਂ? ਬਿਲਕੁਲ ਨਹੀਂ। ਯਹੋਵਾਹ ਨੇ ਅਲੀਫ਼ਜ਼, ਬਿਲਦਦ ਅਤੇ ਤੀਜੇ ਆਦਮੀ ਸੋਫ਼ਰ ਨੂੰ ਕਿਹਾ ਕਿ ਉਹ ਉਸ ਬਾਰੇ ਝੂਠ ਬੋਲ ਰਹੇ ਸਨ। ਪਰਮੇਸ਼ੁਰ ਨੇ ਕਿਹਾ ਕਿ ਉਹ ਅੱਯੂਬ ਤੋਂ ਖ਼ੁਸ਼ ਸੀ ਅਤੇ ਉਸ ਨੇ ਅੱਯੂਬ ਨੂੰ ‘ਆਪਣਾ ਦਾਸ’ ਕਿਹਾ। (ਅੱਯੂ. 42:7, 8) ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਨਾਮੁਕੰਮਲ ਇਨਸਾਨ “ਪਰਮੇਸ਼ੁਰ ਲਈ ਲਾਭਦਾਇਕ ਹੋ” ਸਕਦੇ ਹਨ।
“ਤੂੰ ਉਹ ਨੂੰ ਕੀ ਦਿੰਦਾ ਹੈਂ?”
3. ਯਹੋਵਾਹ ਦੀ ਸੇਵਾ ਲਈ ਅਸੀਂ ਜੋ ਵੀ ਕਰਦੇ ਹਾਂ, ਅਲੀਹੂ ਨੇ ਉਸ ਬਾਰੇ ਕੀ ਕਿਹਾ? ਉਸ ਦੇ ਕਹਿਣ ਦਾ ਮਤਲਬ ਕੀ ਸੀ?
3 ਨੌਜਵਾਨ ਅਲੀਹੂ ਨੇ ਅੱਯੂਬ ਅਤੇ ਉਨ੍ਹਾਂ ਤਿੰਨਾਂ ਆਦਮੀਆਂ ਦੀਆਂ ਗੱਲਾਂ ਸੁਣੀਆਂ। ਜਦੋਂ ਉਨ੍ਹਾਂ ਦੀ ਗੱਲਬਾਤ ਖ਼ਤਮ ਹੋਈ, ਤਾਂ ਅਲੀਹੂ ਨੇ ਅੱਯੂਬ ਕੋਲੋਂ ਯਹੋਵਾਹ ਬਾਰੇ ਸਵਾਲ ਪੁੱਛਿਆ: “ਜੇ ਤੂੰ ਧਰਮੀ ਹੈਂ ਤਾਂ ਤੂੰ ਉਹ ਨੂੰ ਕੀ ਦਿੰਦਾ ਹੈਂ, ਯਾ ਉਹ ਤੇਰੇ ਹੱਥੋਂ ਕੀ ਲੈਂਦਾ ਹੈ?” (ਅੱਯੂ. 35:7) ਕੀ ਅਲੀਹੂ ਵੀ ਇਹ ਕਹਿ ਰਿਹਾ ਸੀ ਕਿ ਅਸੀਂ ਪਰਮੇਸ਼ੁਰ ਲਈ ਜੋ ਕਰਦੇ ਹਾਂ ਉਹ ਬੇਕਾਰ ਹੈ? ਨਹੀਂ। ਯਹੋਵਾਹ ਨੇ ਅਲੀਹੂ ਨੂੰ ਨਹੀਂ ਸੁਧਾਰਿਆ ਜਿਵੇਂ ਉਸ ਨੇ ਬਾਕੀ ਤਿੰਨ ਆਦਮੀਆਂ ਨੂੰ ਸੁਧਾਰਿਆ ਸੀ। ਅਲੀਹੂ ਕੁਝ ਹੋਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਯਹੋਵਾਹ ਨੂੰ ਸਾਡੀ ਭਗਤੀ ਦੀ ਕੋਈ ਲੋੜ ਨਹੀਂ। ਉਸ ਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ। ਅਸੀਂ ਉਸ ਨੂੰ ਕੀ ਦੇ ਸਕਦੇ ਹਾਂ? ਕੀ ਉਸ ਨੂੰ ਕਿਸੇ ਚੀਜ਼ ਦਾ ਘਾਟਾ ਹੈ? ਅਸੀਂ ਯਹੋਵਾਹ ਨੂੰ ਕੋਈ ਵੀ ਚੀਜ਼ ਦੇ ਕੇ ਹੋਰ ਅਮੀਰ ਜਾਂ ਹੋਰ ਸ਼ਕਤੀਸ਼ਾਲੀ ਨਹੀਂ ਬਣਾ ਸਕਦੇ। ਇਸ ਦੀ ਬਜਾਇ, ਸਾਡੇ ਕੋਲ ਜੋ ਵੀ ਕਾਬਲੀਅਤ, ਗੁਣ ਤੇ ਹੁਨਰ ਹਨ ਉਹ ਸਭ ਉਸ ਦੀ ਹੀ ਦੇਣ ਹਨ ਅਤੇ ਉਹ ਦੇਖਦਾ ਹੈ ਕਿ ਅਸੀਂ ਇਨ੍ਹਾਂ ਨੂੰ ਕਿਵੇਂ ਵਰਤਦੇ ਹਾਂ।
4. ਜਦੋਂ ਅਸੀਂ ਦੂਸਰਿਆਂ ਲਈ ਕੁਝ ਕਰਦੇ ਹਾਂ, ਤਾਂ ਯਹੋਵਾਹ ਇਸ ਬਾਰੇ ਕਿਵੇਂ ਮਹਿਸੂਸ ਕਰਦਾ ਹੈ?
4 ਜਦੋਂ ਅਸੀਂ ਯਹੋਵਾਹ ਦੇ ਸੇਵਕਾਂ ਨੂੰ ਸੱਚਾ ਪਿਆਰ ਦਿਖਾਉਂਦੇ ਹੋਏ ਉਨ੍ਹਾਂ ਲਈ ਕੁਝ ਕਰਦੇ ਹਾਂ, ਤਾਂ ਪਰਮੇਸ਼ੁਰ ਨੂੰ ਇੱਦਾਂ ਲੱਗਦਾ ਹੈ ਜਿਵੇਂ ਅਸੀਂ ਉਸ ਲਈ ਕੁਝ ਕੀਤਾ ਹੈ। ਕਹਾਉਤਾਂ 19:17 ਕਹਿੰਦਾ ਹੈ: “ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।” ਜਦੋਂ ਵੀ ਅਸੀਂ ਦੂਸਰਿਆਂ ਲਈ ਕੁਝ ਕਰਦੇ ਹਾਂ, ਤਾਂ ਯਹੋਵਾਹ ਹਮੇਸ਼ਾ ਧਿਆਨ ਦਿੰਦਾ ਹੈ। ਯਹੋਵਾਹ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਉਸ ਨੂੰ ਉਧਾਰ ਦਿੰਦੇ ਹਾਂ ਭਾਵੇਂ ਕਿ ਉਹ ਆਪ ਪੂਰੀ ਕਾਇਨਾਤ ਦਾ ਮਾਲਕ ਹੈ। ਉਹ ਇਹ ਉਧਾਰ ਸਾਨੂੰ ਸਭ ਤੋਂ ਬਿਹਤਰੀਨ ਤੋਹਫ਼ਿਆਂ ਦੇ ਰੂਪ ਵਿਚ ਮੋੜਦਾ ਹੈ। ਪਰਮੇਸ਼ੁਰ ਦੇ ਪੁੱਤਰ ਯਿਸੂ ਨੇ ਵੀ ਇਸ ਗੱਲ ਨੂੰ ਪੱਕਾ ਕੀਤਾ।—ਲੂਕਾ 14:13, 14 ਪੜ੍ਹੋ।
5. ਅਸੀਂ ਕਿਨ੍ਹਾਂ ਸਵਾਲਾਂ ʼਤੇ ਚਰਚਾ ਕਰਾਂਗੇ?
5 ਪੁਰਾਣੇ ਸਮੇਂ ਵਿਚ ਯਹੋਵਾਹ ਨੇ ਯਸਾਯਾਹ ਨਬੀ ਨੂੰ ਖ਼ਾਸ ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪੀ। (ਯਸਾ. 6:8-10) ਯਸਾਯਾਹ ਨੇ ਖ਼ੁਸ਼ੀ ਨਾਲ ਇਸ ਨੂੰ ਕਬੂਲ ਕਰਦਿਆਂ ਕਿਹਾ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” ਅੱਜ ਵੀ ਯਹੋਵਾਹ ਆਪਣੇ ਵਫ਼ਾਦਾਰ ਸੇਵਕਾ ਨੂੰ ਆਪਣੇ ਨਾਲ ਕੰਮ ਕਰਨ ਦਾ ਮੌਕਾ ਦਿੰਦਾ ਹੈ। ਯਹੋਵਾਹ ਦੇ ਹਜ਼ਾਰਾਂ ਹੀ ਸੇਵਕ ਮੁਸ਼ਕਲ ਤੋਂ ਮੁਸ਼ਕਲ ਜ਼ਿੰਮੇਵਾਰੀਆਂ ਨਿਭਾ ਕੇ ਯਸਾਯਾਹ ਵਰਗਾ ਰਵੱਈਆ ਦਿਖਾ ਰਹੇ ਹਨ। ਪਰ ਸ਼ਾਇਦ ਕੋਈ ਆਪਣੇ ਆਪ ਨੂੰ ਪੁੱਛੇ: ‘ਮੈਂ ਯਹੋਵਾਹ ਦੀ ਸੇਵਾ ਵਿਚ ਜਿੰਨਾ ਵੀ ਕਰਾਂ, ਕੀ ਸੱਚੀਂ ਇਸ ਨਾਲ ਕੋਈ ਫ਼ਰਕ ਪੈਂਦਾ ਹੈ? ਮੈਂ ਮੰਨਦਾ ਹਾਂ ਕਿ ਯਹੋਵਾਹ ਦੀ ਸੇਵਾ ਕਰਨੀ ਸਨਮਾਨ ਦੀ ਗੱਲ ਹੈ, ਪਰ ਕੀ ਯਹੋਵਾਹ ਮੇਰੇ ਤੋਂ ਬਿਨਾਂ ਆਪਣਾ ਮਕਸਦ ਪੂਰਾ ਨਹੀਂ ਕਰ ਸਕਦਾ?’ ਕੀ ਤੁਸੀਂ ਕਦੇ ਇਸ ਤਰ੍ਹਾਂ ਦੇ ਸਵਾਲ ਪੁੱਛੇ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਆਓ ਆਪਾਂ ਪੁਰਾਣੇ ਸਮੇਂ ਦੇ ਦੋ ਵਫ਼ਾਦਾਰ ਸੇਵਕ ਦਬੋਰਾਹ ਅਤੇ ਬਾਰਾਕ ʼਤੇ ਗੌਰ ਕਰੀਏ।
ਪਰਮੇਸ਼ੁਰ ਨੇ ਡਰ ਨੂੰ ਦਲੇਰੀ ਵਿਚ ਬਦਲਿਆ
6. ਯਾਬੀਨ ਦੀ ਫ਼ੌਜ ਇਜ਼ਰਾਈਲੀਆਂ ਨੂੰ ਸੌਖਿਆਂ ਹੀ ਕਿਉਂ ਹਰਾ ਸਕਦੀ ਸੀ?
6 ਬਾਰਾਕ ਇਕ ਇਜ਼ਰਾਈਲੀ ਯੋਧਾ ਸੀ। ਦਬੋਰਾਹ ਇਕ ਨਬੀਆ ਅਤੇ ਨਿਆਂਕਾਰ ਸੀ। 20 ਸਾਲਾਂ ਤਕ ਕਨਾਨੀਆਂ ਦੇ ਰਾਜੇ ਯਾਬੀਨ ਨੇ ਇਜ਼ਰਾਈਲੀਆਂ ਨੂੰ “ਡਾਢਾ ਦੁਖ” ਦਿੱਤਾ। ਯਾਬੀਨ ਦੀ ਫ਼ੌਜ ਇੰਨੀ ਜ਼ਾਲਮ ਤੇ ਵਹਿਸ਼ੀ ਸੀ ਕਿ ਪਿੰਡਾਂ ਵਿਚ ਰਹਿਣ ਵਾਲੇ ਇਜ਼ਰਾਈਲੀ ਆਪਣੇ ਘਰਾਂ ਤੋਂ ਬਾਹਰ ਆਉਣ ਤੋਂ ਡਰਦੇ ਸਨ। ਯਾਬੀਨ ਦੀ ਫ਼ੌਜ ਵਿਚ 900 ਲੋਹੇ ਦੇ ਰਥ ਸਨ। ਪਰ ਇਜ਼ਰਾਈਲੀਆਂ ਕੋਲ ਨਾ ਤਾਂ ਪੂਰੇ ਹਥਿਆਰ ਸੀ ਤੇ ਨਾ ਹੀ ਆਪਣੀ ਰਾਖੀ ਲਈ ਯੁੱਧ ਦੇ ਬਸਤਰ ਸਨ।—ਨਿਆ. 4:1-3, 13; 5:6-8.a
7, 8. (ੳ) ਯਹੋਵਾਹ ਨੇ ਬਾਰਾਕ ਨੂੰ ਸਭ ਤੋਂ ਪਹਿਲਾ ਕਿਹੜੀ ਹਿਦਾਇਤ ਦਿੱਤੀ? (ਅ) ਇਜ਼ਰਾਈਲੀਆਂ ਨੇ ਯਾਬੀਨ ਦੀ ਫ਼ੌਜ ਨੂੰ ਕਿਵੇਂ ਹਰਾਇਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
7 ਇੱਦਾਂ ਲੱਗਦਾ ਸੀ ਕਿ ਇਜ਼ਰਾਈਲੀ ਫ਼ੌਜ ਯਾਬੀਨ ਦੀ ਫ਼ੌਜ ਸਾਮ੍ਹਣੇ ਕੁਝ ਵੀ ਨਹੀਂ ਸੀ। ਪਰ ਯਹੋਵਾਹ ਨੇ ਨਬੀਆ ਦਬੋਰਾਹ ਰਾਹੀਂ ਬਾਰਾਕ ਨੂੰ ਕਿਹਾ: ‘ਜਾਹ ਅਤੇ ਤਬੋਰ ਦੇ ਪਹਾੜ ਵੱਲ ਲੋਕਾਂ ਨੂੰ ਪਰੇਰ ਅਤੇ ਨਫ਼ਤਾਲੀਆਂ ਤੇ ਜ਼ਬੂਲੁਨੀਆਂ ਵਿੱਚੋਂ ਦਸ ਹਜ਼ਾਰ ਜੁਆਨ ਅਪਣੇ ਨਾਲ ਲੈ। ਅਰ ਮੈਂ ਕੀਸ਼ੋਨ ਦੀ ਨਦੀ ਕੋਲ ਯਾਬੀਨ ਦੇ ਸੈਨਾਪਤੀ ਸੀਸਰਾ ਅਤੇ ਉਸ ਦਿਆਂ ਰਥਾਂ ਨੂੰ ਅਤੇ ਉਸ ਦੀ ਭੀੜ ਭਾੜ ਨੂੰ ਤੇਰੇ ਕੋਲ ਖਿੱਚ ਲਿਆਵਾਂਗਾ ਅਤੇ ਤੇਰੇ ਹੱਥਾਂ ਵਿੱਚ ਉਹ ਨੂੰ ਕਰ ਦਿਆਂਗਾ।’—ਨਿਆ. 4:4-7.
8 ਇਹ ਸੁਨੇਹਾ ਦੂਰ-ਦੂਰ ਤਕ ਪਹੁੰਚਿਆ ਅਤੇ 10,000 ਆਦਮੀ ਤਬੋਰ ਪਹਾੜ ʼਤੇ ਇਕੱਠੇ ਹੋਏ। ਫਿਰ ਬਾਰਾਕ ਅਤੇ ਉਸ ਦੇ ਇਹ ਆਦਮੀ ਦੁਸ਼ਮਣ ਫ਼ੌਜ ਨਾਲ ਤਾਨਾਕ ਵਿਚ ਲੜਨ ਗਏ। (ਨਿਆਈਆਂ 4:14-16 ਪੜ੍ਹੋ।) ਕੀ ਯਹੋਵਾਹ ਨੇ ਇਜ਼ਰਾਈਲੀਆਂ ਦੀ ਮਦਦ ਕੀਤੀ? ਹਾਂ। ਅਚਾਨਕ ਹੀ ਤੇਜ਼ ਮੀਂਹ ਆਉਣ ਕਰਕੇ ਲੜਾਈ ਦੇ ਮੈਦਾਨ ਵਿਚ ਚਿੱਕੜ ਹੀ ਚਿੱਕੜ ਹੋ ਗਿਆ। ਇਸ ਦਾ ਇਜ਼ਰਾਈਲੀਆਂ ਨੂੰ ਫ਼ਾਇਦਾ ਹੋਇਆ। ਬਾਰਾਕ ਨੇ ਸੀਸਰਾ ਦੀ ਫ਼ੌਜ ਦਾ 24 ਕਿਲੋਮੀਟਰ ਦੂਰ (15 ਮੀਲ) ਹਰੋਸ਼ਥ ਤਕ ਪਿੱਛਾ ਕੀਤਾ। ਰਾਹ ਵਿਚ ਸੀਸਰਾ ਦਾ ਰਥ ਚਿੱਕੜ ਵਿਚ ਫਸ ਗਿਆ। ਉਹ ਰਥ ਤੋਂ ਉੱਤਰ ਕੇ ਸਅਨਇਮ ਨੂੰ ਭੱਜ ਗਿਆ ਜੋ ਸ਼ਾਇਦ ਕੇਦਸ਼ ਦੇ ਨੇੜੇ ਸੀ। ਸੀਸਰਾ ਉੱਥੇ ਯਾਏਲ ਨਾਂ ਦੀ ਔਰਤ ਦੇ ਤੰਬੂ ਵਿਚ ਜਾ ਲੁਕਿਆ। ਥੱਕਿਆ ਹੋਣ ਕਰਕੇ ਸੀਸਰਾ ਗੂੜ੍ਹੀ ਨੀਂਦ ਸੌਂ ਗਿਆ। ਯਾਏਲ ਨੇ ਦਲੇਰੀ ਦਿਖਾਉਂਦੇ ਹੋਏ ਸੀਸਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। (ਨਿਆ. 4:17-21) ਯਹੋਵਾਹ ਨੇ ਇਜ਼ਰਾਈਲੀਆਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਖ਼ਿਲਾਫ਼ ਜਿੱਤ ਦਿਵਾਈ।b
ਖ਼ੁਸ਼ੀ ਨਾਲ ਸੇਵਾ ਕਰਨ ਬਾਰੇ ਬਿਲਕੁਲ ਵੱਖਰਾ ਰਵੱਈਆ
9. ਨਿਆਈਆਂ 5:20, 21 ਵਿਚ ਦੱਸੀਆਂ ਗੱਲਾਂ ਤੋਂ ਅਸੀਂ ਕੀ ਸਿੱਖਦੇ ਹਾਂ?
9 ਨਿਆਈਆਂ ਦੇ ਚੌਥੇ ਅਧਿਆਏ ਵਿਚ ਦਰਜ ਘਟਨਾਵਾਂ ਬਾਰੇ ਹੋਰ ਜਾਣਨ ਲਈ ਅਸੀਂ ਪੰਜਵਾਂ ਅਧਿਆਏ ਪੜ੍ਹ ਸਕਦੇ ਹਾਂ। ਨਿਆਈਆਂ 5:20, 21 ਦੱਸਦਾ ਹੈ: “ਓਹ ਅਕਾਸ਼ੋਂ ਲੜੇ, ਤਾਰੇ ਆਪਣੀਆਂ ਦੌੜਾਂ ਵਿੱਚ ਸੀਸਰਾ ਨਾਲ ਲੜੇ। ਕੀਸ਼ੋਨ ਦੀ ਨਦੀ ਉਨ੍ਹਾਂ ਨੂੰ ਰੋੜ੍ਹ ਕੇ ਲੈ ਗਈ।” ਕੀ ਇਸ ਦਾ ਇਹ ਮਤਲਬ ਹੈ ਕਿ ਲੜਾਈ ਵਿਚ ਦੂਤਾਂ ਨੇ ਇਜ਼ਰਾਈਲੀਆਂ ਦੀ ਮਦਦ ਕੀਤੀ? ਜਾਂ ਕੀ ਇਹ ਤਾਰਿਆਂ ਦੀ ਵਰਖਾ ਸੀ? ਬਾਈਬਲ ਸਾਨੂੰ ਇਸ ਬਾਰੇ ਕੁਝ ਨਹੀਂ ਦੱਸਦੀ। ਪਰ ਹੋ ਸਕਦਾ ਹੈ ਕਿ ਯਹੋਵਾਹ ਨੇ ਆਪਣੇ ਲੋਕਾਂ ਦੀ ਮਦਦ ਕਰਨ ਲਈ ਐਨ ਸਹੀ ਸਮੇਂ ਅਤੇ ਸਹੀ ਜਗ੍ਹਾ ʼਤੇ ਭਾਰੀ ਮੀਂਹ ਵਰ੍ਹਾਇਆ, ਜਿਸ ਕਰਕੇ 900 ਰਥਾਂ ਲਈ ਚੱਲਣਾ ਔਖਾ ਹੋ ਗਿਆ। 10,000 ਫ਼ੌਜੀਆਂ ਵਿੱਚੋਂ ਕੋਈ ਵੀ ਜਿੱਤ ਦਾ ਸਿਹਰਾ ਲੈਣ ਦਾ ਹੱਕਦਾਰ ਨਹੀਂ ਸੀ। ਨਿਆਈਆਂ 4:14, 15 ਵਿਚ ਤਿੰਨ ਵਾਰ ਦੱਸਿਆ ਗਿਆ ਹੈ ਕਿ ਇਜ਼ਰਾਈਲੀਆਂ ਨੂੰ ਜਿੱਤ ਦਿਵਾਉਣ ਵਾਲਾ ਯਹੋਵਾਹ ਹੀ ਸੀ।
10, 11. “ਮੇਰੋਜ਼” ਕੀ ਸੀ? ਉਸ ਨੂੰ ਸਰਾਪ ਕਿਉਂ ਮਿਲਿਆ?
10 ਆਓ ਆਪਾਂ ਇਕ ਹੋਰ ਦਿਲਚਸਪ ਗੱਲ ਦੇਖੀਏ। ਇਜ਼ਰਾਈਲੀਆਂ ਦੀ ਜਿੱਤ ਤੋਂ ਬਾਅਦ ਦਬੋਰਾਹ ਅਤੇ ਬਾਰਾਕ ਨੇ ਯਹੋਵਾਹ ਦੀ ਮਹਿਮਾ ਵਿਚ ਗੀਤ ਗਾਏ। ਉਨ੍ਹਾਂ ਨੇ ਗਾਇਆ: “ਮੇਰੋਜ਼ ਨੂੰ ਸਰਾਪ ਦਿਓ, ਯਹੋਵਾਹ ਦੇ ਦੂਤ ਨੇ ਆਖਿਆ, ਉਹ ਦੇ ਵਸਨੀਕਾਂ ਨੂੰ ਕਰੜਾ ਸਰਾਪ ਦਿਓ! ਕਿਉਂ ਜੋ ਓਹ ਯਹੋਵਾਹ ਦੀ ਸਹਾਇਤਾ ਨੂੰ ਨਾ ਆਏ, ਯਹੋਵਾਹ ਦੀ ਸਹਾਇਤਾ ਨੂੰ ਸੂਰਬੀਰਾਂ ਦੇ ਵਿਰੁੱਧ।”—ਨਿਆ. 5:23.
11 ਮੇਰੋਜ਼ ਕੀ ਸੀ? ਸਾਨੂੰ ਪੱਕਾ ਨਹੀਂ ਪਤਾ। ਮੇਰੋਜ਼ ʼਤੇ ਸ਼ਾਇਦ ਸਰਾਪ ਦਾ ਇੰਨਾ ਅਸਰ ਹੋਇਆ ਕਿ ਉਸ ਦਾ ਨਾਮੋ-ਨਿਸ਼ਾਨ ਵੀ ਨਹੀਂ ਰਿਹਾ। ਹੋ ਸਕਦਾ ਹੈ ਕਿ ਇਹ ਇਕ ਸ਼ਹਿਰ ਸੀ ਜਿਸ ਦੇ ਲੋਕਾਂ ਨੇ ਯੁੱਧ ਵਿਚ ਬਾਰਾਕ ਦਾ ਸਾਥ ਨਹੀਂ ਦਿੱਤਾ। ਜਦੋਂ 10,000 ਆਦਮੀਆਂ ਨੇ ਕਨਾਨੀਆਂ ਵਿਰੁੱਧ ਲੜਨ ਲਈ ਆਪਣੇ ਆਪ ਨੂੰ ਪੇਸ਼ ਕੀਤਾ, ਤਾਂ ਮੇਰੋਜ਼ ਦੇ ਲੋਕਾਂ ਨੂੰ ਯੁੱਧ ਵਿਚ ਸ਼ਾਮਲ ਹੋਣ ਦਾ ਸੰਦੇਸ਼ ਜ਼ਰੂਰ ਮਿਲਿਆ ਹੋਣਾ। ਇਹ ਵੀ ਹੋ ਸਕਦਾ ਹੈ ਕਿ ਮੇਰੋਜ਼ ਉਹ ਸ਼ਹਿਰ ਸੀ ਜਿਸ ਵਿੱਚੋਂ ਦੀ ਸੀਸਰਾ ਆਪਣੀ ਜਾਨ ਬਚਾਉਣ ਲਈ ਭੱਜਿਆ ਸੀ। ਮੇਰੋਜ਼ ਦੇ ਲੋਕਾਂ ਕੋਲ ਸੀਸਰਾ ਨੂੰ ਫੜਨ ਦਾ ਮੌਕਾ ਸੀ, ਪਰ ਉਨ੍ਹਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਕਲਪਨਾ ਕਰੋ ਕਿ ਮੇਰੋਜ਼ ਦੇ ਲੋਕ ਇਸ ਮਸ਼ਹੂਰ ਯੋਧੇ ਨੂੰ ਭੱਜਦਿਆਂ ਦੇਖ ਰਹੇ ਹਨ। ਉਹ ਆਪਣੀ ਜਾਨ ਬਚਾਉਣ ਲਈ ਸ਼ਹਿਰ ਦੀਆਂ ਗਲੀਆਂ ਵਿੱਚੋਂ ਦੀ ਦੌੜ ਰਿਹਾ ਹੈ। ਮੇਰੋਜ਼ ਦੇ ਲੋਕ ਯਹੋਵਾਹ ਦੇ ਮਕਸਦ ਨੂੰ ਪੂਰਾ ਕਰਨ ਵਿਚ ਕੁਝ ਕਰ ਸਕਦੇ ਹਨ। ਜੇ ਉਹ ਇਸ ਤਰ੍ਹਾਂ ਕਰਦੇ, ਤਾਂ ਉਨ੍ਹਾਂ ਨੂੰ ਜ਼ਰੂਰ ਇਨਾਮ ਮਿਲਦਾ। ਪਰ ਜਦੋਂ ਉਨ੍ਹਾਂ ਕੋਲ ਯਹੋਵਾਹ ਲਈ ਕੁਝ ਕਰਨ ਦਾ ਮੌਕਾ ਸੀ, ਤਾਂ ਉਨ੍ਹਾਂ ਨੇ ਕੁਝ ਨਹੀਂ ਕੀਤਾ। ਲੱਗਦਾ ਹੈ ਕਿ ਮੇਰੋਜ਼ ਦੇ ਲੋਕ ਦਲੇਰ ਔਰਤ ਯਾਏਲ ਵਰਗੇ ਨਹੀਂ ਸਨ।—ਨਿਆ. 5:24-27.
12. ਨਿਆਈਆਂ 5:9, 10 ਵਿਚ ਲੋਕਾਂ ਦੇ ਅਲੱਗ-ਅਲੱਗ ਰਵੱਈਏ ਬਾਰੇ ਕੀ ਦੱਸਿਆ ਗਿਆ ਹੈ? ਇਸ ਦਾ ਸਾਡੇ ʼਤੇ ਕੀ ਅਸਰ ਪੈਣਾ ਚਾਹੀਦਾ ਹੈ?
12 ਅਸੀਂ ਨਿਆਈਆਂ 5:9, 10 ਵਿਚ ਪੜ੍ਹਦੇ ਹਾਂ ਕਿ 10,000 ਆਦਮੀਆਂ ਨੇ ਖ਼ੁਸ਼ੀ ਨਾਲ ਆਪਣੇ ਆਪ ਨੂੰ ਪੇਸ਼ ਕੀਤਾ। ਪਰ ਇਨ੍ਹਾਂ ਦਾ ਰਵੱਈਆ ਉਨ੍ਹਾਂ ਲੋਕਾਂ ਤੋਂ ਬਹੁਤ ਵੱਖਰਾ ਸੀ ਜੋ ਯੁੱਧ ਵਿਚ ਲੜਨ ਲਈ ਅੱਗੇ ਨਹੀਂ ਆਏ। ਦਬੋਰਾਹ ਅਤੇ ਬਾਰਾਕ ਨੇ “ਇਸਰਾਏਲ ਦੇ ਹਾਕਮਾਂ” ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ “ਆਪੋ ਆਪ ਨੂੰ ਲੋਕਾਂ ਵਿੱਚ ਖੁਸ਼ੀ ਨਾਲ ਪੇਸ਼ ਕੀਤਾ।” ਪਰ ‘ਬੱਗਿਆਂ ਖੋਤਿਆਂ ਉੱਤੇ ਚੜ੍ਹਨ ਵਾਲੇ’ ਬਹੁਤ ਵੱਖਰੇ ਸਨ, ਜਿਨ੍ਹਾਂ ਨੂੰ ਲੱਗਦਾ ਸੀ ਕਿ ਯਹੋਵਾਹ ਦੀ ਸੇਵਾ ਵਿਚ ਆਪਣੇ ਆਪ ਨੂੰ ਪੇਸ਼ ਕਰਨਾ ਉਨ੍ਹਾਂ ਦੀ ਸ਼ਾਨ ਦੇ ਖ਼ਿਲਾਫ਼ ਸੀ। ਇਨ੍ਹਾਂ ਬਾਰੇ ਕਿਹਾ ਗਿਆ ਹੈ ਕਿ ਇਹ “ਨਫ਼ੀਸ ਗਲੀਚਿਆਂ ਉੱਤੇ ਬੈਠਣ” ਵਾਲੇ ਸਨ ਯਾਨੀ ਆਰਾਮਦਾਇਕ ਜ਼ਿੰਦਗੀ ਜੀਉਂਦੇ ਸਨ। ਪਰ ਇਸ ਤੋਂ ਉਲਟ, ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਯੁੱਧ ਲਈ ਪੇਸ਼ ਕੀਤਾ ਉਨ੍ਹਾਂ ਨੂੰ “ਰਾਹ ਦੇ ਤੁਰਨ” ਵਾਲੇ ਕਿਹਾ ਗਿਆ ਹੈ। ਇਹ ਲੋਕ ਤਬੋਰ ਦੇ ਪਥਰੀਲੇ ਪਹਾੜਾਂ ਅਤੇ ਕੀਸ਼ੋਨ ਦੀ ਦਲਦਲੀ ਘਾਟੀ ਵਿਚ ਯੁੱਧ ਕਰਨ ਲਈ ਗਏ। ਜੋ ਲੋਕ ਆਰਾਮ ਦੀ ਜ਼ਿੰਦਗੀ ਚਾਹੁੰਦੇ ਸਨ ਉਨ੍ਹਾਂ ਨੂੰ ਕਿਹਾ ਗਿਆ: “ਤੁਸੀਂ ਏਹ ਦਾ ਚਰਚਾ ਕਰੋ!” ਉਨ੍ਹਾਂ ਲੋਕਾਂ ਨੂੰ ਇਸ ਗੱਲ ʼਤੇ ਚਰਚਾ ਕਰਨ ਅਤੇ ਸੋਚਣ ਦੀ ਲੋੜ ਸੀ ਕਿ ਉਨ੍ਹਾਂ ਨੇ ਯਹੋਵਾਹ ਦੇ ਕੰਮ ਲਈ ਖ਼ੁਦ ਨੂੰ ਨਾ ਪੇਸ਼ ਕਰਕੇ ਕਿੰਨੇ ਹੀ ਮੌਕੇ ਗੁਆਏ ਸਨ। ਅੱਜ ਸਾਨੂੰ ਵੀ ਇਹ ਦੇਖਣ ਦੀ ਲੋੜ ਹੈ ਕਿ ਪਰਮੇਸ਼ੁਰ ਦੀ ਸੇਵਾ ਲਈ ਸਾਡਾ ਰਵੱਈਆ ਕਿਹੋ ਜਿਹਾ ਹੈ।
13. ਰਊਬੇਨ, ਦਾਨ ਅਤੇ ਆਸ਼ੇਰ ਦੇ ਗੋਤਾਂ ਦਾ ਰਵੱਈਆ ਜ਼ਬੂਲੁਨ ਤੇ ਨਫ਼ਤਾਲੀ ਦੇ ਗੋਤਾਂ ਤੋਂ ਵੱਖਰਾ ਕਿਵੇਂ ਸੀ?
13 ਖ਼ੁਦ ਨੂੰ ਖ਼ੁਸ਼ੀ ਨਾਲ ਪੇਸ਼ ਕਰਨ ਵਾਲੇ 10,000 ਆਦਮੀਆਂ ਨੂੰ ਯਹੋਵਾਹ ਦੇ ਲਾਜਵਾਬ ਕੰਮ ਦੇਖਣ ਦਾ ਮੌਕਾ ਮਿਲਿਆ। ਉਹ ਦੂਸਰਿਆਂ ਨੂੰ “ਯਹੋਵਾਹ ਦੇ ਧਰਮੀ ਕੰਮਾਂ” ਬਾਰੇ ਦੱਸ ਸਕਦੇ ਸਨ। (ਨਿਆ. 5:11) ਇਸ ਦੇ ਉਲਟ ਰਊਬੇਨ, ਦਾਨ ਅਤੇ ਆਸ਼ੇਰ ਦੇ ਗੋਤਾਂ ਨੇ ਪਰਮੇਸ਼ੁਰ ਦੇ ਕੰਮਾਂ ਦੀ ਬਜਾਇ ਆਪਣੀਆਂ ਹੀ ਚੀਜ਼ਾਂ ਬਾਰੇ ਸੋਚਿਆ, ਜਿਵੇਂ ਪਸ਼ੂਆਂ, ਜਹਾਜ਼ਾਂ ਅਤੇ ਬੰਦਰਗਾਹਾਂ ਬਾਰੇ। (ਨਿਆ. 5:15-17) ਪਰ ਸਾਰੇ ਗੋਤ ਇਸ ਤਰ੍ਹਾਂ ਦੇ ਨਹੀਂ ਸਨ। ਜ਼ਬੂਲੁਨ ਤੇ ਨਫ਼ਤਾਲੀ ਦੇ ਗੋਤਾਂ ਨੇ “ਆਪਣਿਆਂ ਪ੍ਰਾਣਾਂ ਨੂੰ ਤੁੱਛ” ਸਮਝਦੇ ਹੋਏ ਦਬੋਰਾਹ ਅਤੇ ਬਾਰਾਕ ਦਾ ਸਾਥ ਦਿੱਤਾ। (ਨਿਆ. 5:18) ਪਰਮੇਸ਼ੁਰ ਦੀ ਸੇਵਾ ਪ੍ਰਤੀ ਇਨ੍ਹਾਂ ਦੇ ਅਲੱਗ-ਅਲੱਗ ਰਵੱਈਏ ਸੀ ਜਿਸ ਤੋਂ ਅਸੀਂ ਇਕ ਅਹਿਮ ਸਬਕ ਸਿੱਖ ਸਕਦੇ ਹਾਂ।
“ਯਹੋਵਾਹ ਨੂੰ ਧੰਨ ਆਖੋ!”
14. ਅੱਜ ਅਸੀਂ ਯਹੋਵਾਹ ਦੀ ਹਕੂਮਤ ਦਾ ਪੱਖ ਕਿਵੇਂ ਲੈਂਦੇ ਹਾਂ?
14 ਯਹੋਵਾਹ ਦੀ ਹਕੂਮਤ ਦਾ ਪੱਖ ਲੈਣ ਲਈ ਅੱਜ ਅਸੀਂ ਸੱਚੀਂ-ਮੁੱਚੀ ਦੀ ਲੜਾਈ ਨਹੀਂ ਲੜਦੇ। ਇਸ ਦੀ ਬਜਾਇ, ਜੋਸ਼ ਅਤੇ ਦਲੇਰੀ ਨਾਲ ਪ੍ਰਚਾਰ ਕਰ ਕੇ ਅਸੀਂ ਯਹੋਵਾਹ ਦੀ ਹਕੂਮਤ ਦਾ ਪੱਖ ਲੈਂਦੇ ਹਾਂ। ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਯਹੋਵਾਹ ਦੀ ਸੇਵਾ ਕਰਨ ਲਈ ਭੈਣਾਂ-ਭਰਾਵਾਂ ਦੀ ਲੋੜ ਹੈ। ਲੱਖਾਂ ਹੀ ਭੈਣ-ਭਰਾ ਇੱਥੋਂ ਤੱਕ ਕਿ ਨੌਜਵਾਨ ਵੀ ਅੱਜ ਖ਼ੁਸ਼ੀ-ਖ਼ੁਸ਼ੀ ਪੂਰੇ ਸਮੇਂ ਦੀ ਸੇਵਾ ਕਰ ਰਹੇ ਹਨ। ਮਿਸਾਲ ਲਈ, ਬਹੁਤ ਸਾਰੇ ਪਾਇਨੀਅਰਿੰਗ ਕਰਦੇ, ਬੈਥਲ ਵਿਚ ਸੇਵਾ ਕਰਦੇ ਅਤੇ ਕਿੰਗਡਮ ਹਾਲ ਬਣਾਉਂਦੇ ਹਨ। ਕਈ ਭੈਣ-ਭਰਾ ਸੰਮੇਲਨਾਂ ਵਿਚ ਕੰਮ ਕਰਦੇ ਹਨ। ਕੁਝ ਬਜ਼ੁਰਗ ਹਸਪਤਾਲ ਸੰਪਰਕ ਕਮੇਟੀਆਂ ਅਤੇ ਵੱਡੇ ਸੰਮੇਲਨਾਂ ਦਾ ਪ੍ਰਬੰਧ ਕਰਨ ਵਿਚ ਸਖ਼ਤ ਮਿਹਨਤ ਕਰਦੇ ਹਨ। ਸਾਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਯਹੋਵਾਹ ਖ਼ੁਸ਼ੀ ਨਾਲ ਕੀਤੀ ਸਾਡੀ ਸੇਵਾ ਦੀ ਕਦਰ ਕਰਦਾ ਹੈ। ਉਹ ਸਾਡੇ ਜਤਨਾਂ ਨੂੰ ਭੁੱਲਦਾ ਨਹੀਂ।—ਇਬ. 6:10.
15. ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਯਹੋਵਾਹ ਦੀ ਸੇਵਾ ਵਿਚ ਸਾਡਾ ਜੋਸ਼ ਠੰਢਾ ਨਹੀਂ ਪੈ ਰਿਹਾ?
15 ਸਾਨੂੰ ਪਰਮੇਸ਼ੁਰ ਦੀ ਸੇਵਾ ਪ੍ਰਤੀ ਆਪਣੇ ਰਵੱਈਏ ਦੀ ਜਾਂਚ ਕਰਨ ਦੀ ਲੋੜ ਹੈ। ਅਸੀਂ ਖ਼ੁਦ ਨੂੰ ਪੁੱਛ ਸਕਦੇ ਹਾਂ: ‘ਕੀ ਮੈਂ ਸਿਰਫ਼ ਬਾਕੀਆਂ ਨੂੰ ਕੰਮ ਕਰਦਿਆਂ ਦੇਖ ਕੇ ਖ਼ੁਸ਼ ਹਾਂ? ਕੀ ਮੈਂ ਯਹੋਵਾਹ ਦੇ ਕੰਮ ਕਰਨ ਲਈ ਹੋਰ ਜ਼ਿੰਮੇਵਾਰੀਆਂ ਲੈਣ ਲਈ ਤਿਆਰ ਹਾਂ? ਯਹੋਵਾਹ ਦੀ ਸੇਵਾ ਕਰਨ ਦੀ ਬਜਾਇ ਕੀ ਮੇਰਾ ਧਿਆਨ ਚੀਜ਼ਾਂ ਇਕੱਠੀਆਂ ਕਰਨ ਵਿਚ ਲੱਗਾ ਹੋਇਆ ਹੈ? ਜਾਂ ਕੀ ਮੈਂ ਬਾਰਾਕ, ਦਬੋਰਾਹ, ਯਾਏਲ ਅਤੇ 10,000 ਆਦਮੀਆਂ ਦੀ ਨਿਹਚਾ ਦੀ ਰੀਸ ਕਰਦੇ ਹੋਏ ਆਪਣੀਆਂ ਚੀਜ਼ਾਂ ਨੂੰ ਯਹੋਵਾਹ ਦੀ ਸੇਵਾ ਵਿਚ ਵਰਤਦਾ ਹਾਂ? ਕੀ ਮੈਂ ਹੋਰ ਪੈਸੇ ਕਮਾਉਣ ਲਈ ਜਾਂ ਵਧੀਆ ਜ਼ਿੰਦਗੀ ਜੀਉਣ ਲਈ ਦੂਸਰੇ ਸ਼ਹਿਰ ਜਾਂ ਦੇਸ਼ ਜਾਣ ਬਾਰੇ ਸੋਚ ਰਿਹਾ ਹਾਂ? ਜੇ ਹਾਂ, ਤਾਂ ਕੀ ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਇਸ ਦੇ ਫ਼ਾਇਦੇ-ਨੁਕਸਾਨ ਸੋਚਦਾ ਹਾਂ? ਕੀ ਮੈਂ ਸੋਚਦਾ ਹਾਂ ਕਿ ਮੇਰੇ ਇਸ ਫ਼ੈਸਲੇ ਦਾ ਮੇਰੇ ਪਰਿਵਾਰ ਅਤੇ ਮੰਡਲੀ ʼਤੇ ਕੀ ਅਸਰ ਪਵੇਗਾ?’c
16. ਭਾਵੇਂ ਯਹੋਵਾਹ ਕੋਲ ਸਭ ਕੁਝ ਹੈ, ਫਿਰ ਵੀ ਅਸੀਂ ਉਸ ਨੂੰ ਕੀ ਦੇ ਸਕਦੇ ਹਾਂ?
16 ਯਹੋਵਾਹ ਨੇ ਸਾਨੂੰ ਉਸ ਦੀ ਹਕੂਮਤ ਦਾ ਪੱਖ ਲੈਣ ਦਾ ਬਹੁਤ ਵੱਡਾ ਸਨਮਾਨ ਦਿੱਤਾ ਹੈ। ਆਦਮ ਅਤੇ ਹੱਵਾਹ ਦੇ ਸਮੇਂ ਤੋਂ ਹੀ ਸ਼ੈਤਾਨ ਚਾਹੁੰਦਾ ਆਇਆ ਹੈ ਕਿ ਇਨਸਾਨ ਉਸ ਦਾ ਸਾਥ ਦੇ ਕੇ ਯਹੋਵਾਹ ਤੋਂ ਮੂੰਹ ਮੋੜ ਲੈਣ। ਪਰ ਯਹੋਵਾਹ ਦੀ ਹਕੂਮਤ ਦਾ ਪੱਖ ਲੈ ਕੇ ਅਸੀਂ ਇਹ ਗੱਲ ਸਾਬਤ ਕਰਦੇ ਹਾਂ ਕਿ ਅਸੀਂ ਕਿਸ ਵੱਲ ਹਾਂ। ਸਾਡੀ ਨਿਹਚਾ ਅਤੇ ਵਫ਼ਾਦਾਰੀ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਅਸੀਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰੀਏ। ਇਸ ਨਾਲ ਉਸ ਦਾ ਦਿਲ ਬਹੁਤ ਖ਼ੁਸ਼ ਹੁੰਦਾ ਹੈ। (ਕਹਾ. 23:15, 16) ਜੇ ਅਸੀਂ ਯਹੋਵਾਹ ਦੇ ਆਗਿਆਕਾਰ ਰਹਿ ਕੇ ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਾਂ, ਤਾਂ ਉਹ ਸ਼ੈਤਾਨ ਦੇ ਮਿਹਣਿਆਂ ਦਾ ਜਵਾਬ ਦੇ ਸਕਦਾ ਹੈ। ਸਾਡੀ ਆਗਿਆਕਾਰੀ ਯਹੋਵਾਹ ਲਈ ਬਹੁਤ ਮਾਅਨੇ ਰੱਖਦੀ ਹੈ। ਇਹ ਇਕ ਚੀਜ਼ ਹੈ ਜੋ ਅਸੀਂ ਯਹੋਵਾਹ ਨੂੰ ਦੇ ਸਕਦੇ ਹਾਂ ਜਿਸ ਤੋਂ ਉਸ ਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੁੰਦੀ ਹੈ।
17. ਨਿਆਈਆਂ 5:31 ਤੋਂ ਸਾਨੂੰ ਭਵਿੱਖ ਬਾਰੇ ਕੀ ਪਤਾ ਲੱਗਦਾ ਹੈ?
17 ਬਹੁਤ ਜਲਦ ਧਰਤੀ ਦੇ ਸਾਰੇ ਲੋਕ ਸਿਰਫ਼ ਯਹੋਵਾਹ ਦੀ ਹਕੂਮਤ ਦਾ ਪੱਖ ਲੈਣਗੇ। ਅਸੀਂ ਉਸ ਸਮੇਂ ਨੂੰ ਦੇਖਣ ਲਈ ਬੇਤਾਬ ਹਾਂ। ਅਸੀਂ ਦਬੋਰਾਹ ਅਤੇ ਬਾਰਾਕ ਵਾਂਗ ਮਹਿਸੂਸ ਕਰਦੇ ਹਾਂ, ਜਿਨ੍ਹਾਂ ਨੇ ਗਾਇਆ: “ਹੇ ਯਹੋਵਾਹ, ਤੇਰੇ ਸਾਰੇ ਵੈਰੀ ਨਾਸ ਹੋ ਜਾਣ! ਪਰ ਉਹ ਦੇ ਪ੍ਰੇਮੀ ਸੂਰਜ ਵਾਂਗਰ ਹੋਣ, ਜਦ ਉਹ ਆਪਣੇ ਬਲ ਨਾਲ ਚੜ੍ਹਦਾ ਹੈ।” (ਨਿਆ. 5:31) ਇਹ ਉਦੋਂ ਹੋਵੇਗਾ ਜਦੋਂ ਯਹੋਵਾਹ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰੇਗਾ। ਜਦੋਂ ਆਰਮਾਗੇਡਨ ਦੀ ਲੜਾਈ ਸ਼ੁਰੂ ਹੋਵੇਗੀ, ਤਾਂ ਉਸ ਵੇਲੇ ਯਹੋਵਾਹ ਨੂੰ ਇਹ ਲੋੜ ਨਹੀਂ ਹੋਵੇਗੀ ਕਿ ਅਸੀਂ ਲੜਾਈ ਵਿਚ ਆਪਣੇ ਆਪ ਨੂੰ ਪੇਸ਼ ਕਰੀਏ। ਇਸ ਦੀ ਬਜਾਇ, ਅਸੀਂ “ਚੁੱਪ ਚਾਪ ਖਲੋਤੇ” ਰਹਾਂਗੇ ਅਤੇ “ਯਹੋਵਾਹ ਦਾ ਬਚਾਓ” ਦੇਖਾਂਗੇ। (2 ਇਤ. 20:17) ਉਦੋਂ ਤਕ ਸਾਡੇ ਕੋਲ ਦਲੇਰੀ ਅਤੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਨ ਦੇ ਬਹੁਤ ਸਾਰੇ ਮੌਕੇ ਹਨ।
18. ਖ਼ੁਸ਼ੀ ਨਾਲ ਕੀਤੀ ਤੁਹਾਡੀ ਸੇਵਾ ਤੋਂ ਦੂਸਰਿਆਂ ਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?
18 ਦਬੋਰਾਹ ਅਤੇ ਬਾਰਾਕ ਨੇ ਆਪਣਾ ਫਤਹਿ ਦਾ ਗੀਤ ਯਹੋਵਾਹ ਦੀ ਮਹਿਮਾ ਕਰਦੇ ਹੋਏ ਸ਼ੁਰੂ ਕੀਤਾ ਸੀ ਨਾ ਕਿਸੇ ਇਨਸਾਨ ਦੀ। ਉਨ੍ਹਾਂ ਨੇ ਗਾਇਆ: “ਲੋਕਾਂ ਦੇ ਆਪੇ ਹੀ ਭਰਤੀ ਹੋਣ ਲਈ ਯਹੋਵਾਹ ਨੂੰ ਧੰਨ ਆਖੋ!” (ਨਿਆ. 5:1, 2) ਇਸ ਤਰ੍ਹਾਂ ਜਦੋਂ ਅਸੀਂ ਯਹੋਵਾਹ ਦੀ ਸੇਵਾ ਕਰਨ ਲਈ ਖ਼ੁਸ਼ੀ ਨਾਲ ਅੱਗੇ ਆਉਂਦੇ ਹਾਂ, ਤਾਂ ਸ਼ਾਇਦ ਦੂਸਰੇ ਵੀ “ਯਹੋਵਾਹ ਨੂੰ ਧੰਨ” ਆਖਣ।
a ਲੋਹੇ ਦੇ ਰਥਾਂ ਨੂੰ ਤਿੱਖੀਆਂ ਤੇ ਲੰਬੀਆਂ ਦਾਤੀਆਂ ਲੱਗੀਆਂ ਹੁੰਦੀਆਂ ਸਨ। ਇਹ ਦਾਤੀਆਂ ਪਹੀਆਂ ਦੇ ਬਾਹਰਲੇ ਪਾਸੇ ਨੂੰ ਲੱਗੀਆਂ ਹੁੰਦੀਆਂ ਸਨ। ਇਹ ਤਬਾਹੀ ਮਚਾਉਣ ਵਾਲੇ ਰਥ ਸਨ ਕਿਉਂਕਿ ਜੋ ਵੀ ਇਨ੍ਹਾਂ ਦੇ ਨੇੜੇ ਆਉਂਦਾ ਸੀ ਉਸ ਨੂੰ ਇਹ ਕੱਟਦੇ ਜਾਂਦੇ ਸਨ।
b ਇਸ ਦਿਲਚਸਪ ਘਟਨਾ ਬਾਰੇ ਹੋਰ ਜਾਣਨ ਲਈ 15 ਨਵੰਬਰ 2003 ਦੇ ਪਹਿਰਾਬੁਰਜ ਦੇ ਸਫ਼ੇ 28-31 ਪੜ੍ਹੋ।
c 1 ਜੁਲਾਈ 2015 ਦੇ ਪਹਿਰਾਬੁਰਜ ਵਿਚ “ਪੈਸੇ ਦੀ ਚਿੰਤਾ” ਨਾਂ ਦਾ ਲੇਖ ਦੇਖੋ।