ਪੰਜਵਾਂ ਅਧਿਆਇ
ਸੱਚਾ ਪਰਮੇਸ਼ੁਰ ਛੁਟਕਾਰੇ ਬਾਰੇ ਭਵਿੱਖਬਾਣੀ ਕਰਦਾ ਹੈ
1, 2. (ੳ) ਯਹੋਵਾਹ ਕਿਨ੍ਹਾਂ ਸਵਾਲਾਂ ਬਾਰੇ ਚਾਹੁੰਦਾ ਹੈ ਕਿ ਲੋਕ ਸੋਚਣ? (ਅ) ਯਹੋਵਾਹ ਨੇ ਕਿਸ ਤਰ੍ਹਾਂ ਸਾਬਤ ਕੀਤਾ ਸੀ ਕਿ ਉਹੀ ਸੱਚਾ ਪਰਮੇਸ਼ੁਰ ਹੈ?
ਸਦੀਆਂ ਦੌਰਾਨ ਲੋਕ ਇਕ ਸਵਾਲ ਪੁੱਛਦੇ ਆਏ ਹਨ ਕਿ ‘ਸੱਚਾ ਪਰਮੇਸ਼ੁਰ ਕੌਣ ਹੈ?’ ਤਾਂ ਫਿਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਯਸਾਯਾਹ ਦੀ ਪੁਸਤਕ ਵਿਚ ਯਹੋਵਾਹ ਨੇ ਖ਼ੁਦ ਇਹ ਸਵਾਲ ਪੁੱਛਿਆ ਸੀ! ਉਹ ਚਾਹੁੰਦਾ ਹੈ ਕਿ ਇਨਸਾਨ ਇਸ ਬਾਰੇ ਸੋਚਣ ਕਿ ‘ਕੀ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ? ਜਾਂ ਕੀ ਕੋਈ ਹੋਰ ਉਸ ਦੀ ਪਦਵੀ ਲੈ ਸਕਦਾ ਹੈ?’ ਇਹ ਗੱਲ ਸ਼ੁਰੂ ਕਰਨ ਤੋਂ ਬਾਅਦ ਯਹੋਵਾਹ ਨੇ ਇਸ ਸਵਾਲ ਦਾ ਚੰਗੀ ਤਰ੍ਹਾਂ ਜਵਾਬ ਦੇਣ ਲਈ ਇਕ ਤਰੀਕਾ ਚੁਣਿਆ ਜਿਸ ਤੋਂ ਨੇਕਦਿਲ ਲੋਕ ਖ਼ੁਦ ਸਹੀ ਸਿੱਟੇ ਤੇ ਪਹੁੰਚ ਸਕਦੇ ਹਨ।
2 ਯਸਾਯਾਹ ਦੇ ਜ਼ਮਾਨੇ ਵਿਚ ਮੂਰਤੀ-ਪੂਜਾ ਆਮ ਤੌਰ ਤੇ ਕੀਤੀ ਜਾਂਦੀ ਸੀ। ਯਸਾਯਾਹ ਦੀ ਪੁਸਤਕ ਦੇ 44ਵੇਂ ਅਧਿਆਇ ਦੀ ਚਰਚਾ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਮੂਰਤੀ-ਪੂਜਾ ਕਿੰਨੀ ਫ਼ਜ਼ੂਲ ਹੈ! ਪਰ ਪਰਮੇਸ਼ੁਰ ਦੇ ਲੋਕ ਵੀ ਮੂਰਤੀ-ਪੂਜਾ ਕਰਨ ਦੇ ਫੰਦੇ ਵਿਚ ਫਸ ਗਏ ਸਨ। ਇਸ ਲਈ ਜਿਵੇਂ ਅਸੀਂ ਯਸਾਯਾਹ ਦੀ ਪੁਸਤਕ ਦੇ ਪਹਿਲੇ ਅਧਿਆਵਾਂ ਵਿਚ ਦੇਖ ਚੁੱਕੇ ਹਾਂ, ਇਸਰਾਏਲੀਆਂ ਨੂੰ ਸਖ਼ਤ ਸਜ਼ਾ ਮਿਲੀ ਸੀ। ਪਰ ਯਹੋਵਾਹ ਨੇ ਕੌਮ ਨੂੰ ਪਿਆਰ ਨਾਲ ਭਰੋਸਾ ਦਿਲਾ ਕੇ ਭਵਿੱਖਬਾਣੀ ਕੀਤੀ ਕਿ ਬਾਬਲੀਆਂ ਦੇ ਗ਼ੁਲਾਮ ਬਣਨ ਦੇ ਬਾਵਜੂਦ ਉਹ ਉਨ੍ਹਾਂ ਨੂੰ ਸਮੇਂ ਸਿਰ ਛੁਡਾਵੇਗਾ ਅਤੇ ਸ਼ੁੱਧ ਉਪਾਸਨਾ ਨੂੰ ਦੁਬਾਰਾ ਸਥਾਪਿਤ ਕਰੇਗਾ। ਇਨ੍ਹਾਂ ਭਵਿੱਖਬਾਣੀਆਂ ਦੀ ਪੂਰਤੀ ਨੇ ਸਾਫ਼-ਸਾਫ਼ ਸਾਬਤ ਕੀਤਾ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਅਤੇ ਇਸ ਤਰ੍ਹਾਂ ਕੌਮਾਂ ਦੇ ਬੇਜਾਨ ਦੇਵਤਿਆਂ ਦੀ ਪੂਜਾ ਕਰਨ ਵਾਲਿਆਂ ਦਾ ਅਪਮਾਨ ਵੀ ਕੀਤਾ ਸੀ।
3. ਯਸਾਯਾਹ ਦੀਆਂ ਭਵਿੱਖਬਾਣੀਆਂ ਅੱਜ ਮਸੀਹੀਆਂ ਦੀ ਕਿਵੇਂ ਮਦਦ ਕਰਦੀਆਂ ਹਨ?
3 ਯਸਾਯਾਹ ਦੀ ਪੁਸਤਕ ਦੇ ਇਸ ਹਿੱਸੇ ਦੀਆਂ ਭਵਿੱਖਬਾਣੀਆਂ ਅਤੇ ਉਨ੍ਹਾਂ ਦੀ ਪੁਰਾਣੇ ਜ਼ਮਾਨੇ ਵਿਚ ਪੂਰਤੀ ਅੱਜ ਮਸੀਹੀਆਂ ਦੀ ਨਿਹਚਾ ਨੂੰ ਮਜ਼ਬੂਤ ਕਰਦੀ ਹੈ। ਇਸ ਤੋਂ ਇਲਾਵਾ, ਯਸਾਯਾਹ ਦੇ ਸ਼ਬਦ ਸਾਡੇ ਜ਼ਮਾਨੇ ਵਿਚ ਵੀ ਪੂਰੇ ਹੁੰਦੇ ਹਨ ਅਤੇ ਅਗਾਹਾਂ ਨੂੰ ਵੀ ਪੂਰੇ ਹੋਣਗੇ। ਇਨ੍ਹਾਂ ਪੂਰਤੀਆਂ ਵਿਚ ਛੁਡਾਉਣ ਵਾਲਾ ਅਤੇ ਛੁਟਕਾਰਾ ਉਸ ਨਾਲੋਂ ਵੱਡਾ ਹੋਵੇਗਾ ਜੋ ਪਰਮੇਸ਼ੁਰ ਦੇ ਪ੍ਰਾਚੀਨ ਲੋਕਾਂ ਨਾਲ ਹੋਇਆ ਸੀ।
ਯਹੋਵਾਹ ਦੇ ਲੋਕਾਂ ਲਈ ਉਮੀਦ
4. ਯਹੋਵਾਹ ਨੇ ਇਸਰਾਏਲ ਨੂੰ ਕਿਵੇਂ ਉਤਸ਼ਾਹ ਦਿੱਤਾ ਸੀ?
4 ਯਸਾਯਾਹ ਦਾ 44ਵਾਂ ਅਧਿਆਇ ਇਸ ਗੱਲ ਨਾਲ ਸ਼ੁਰੂ ਹੁੰਦਾ ਹੈ ਕਿ ਪਰਮੇਸ਼ੁਰ ਨੇ ਇਸਰਾਏਲ ਨੂੰ ਚੁਣਿਆ ਸੀ ਅਤੇ ਆਪਣਾ ਦਾਸ ਬਣਾਉਣ ਲਈ ਉਸ ਨੂੰ ਬਾਕੀ ਦੀਆਂ ਕੌਮਾਂ ਤੋਂ ਜੁਦਾ ਕੀਤਾ ਸੀ। ਭਵਿੱਖਬਾਣੀ ਵਿਚ ਅਸੀਂ ਪੜ੍ਹਦੇ ਹਾਂ: “ਹੁਣ ਹੇ ਯਾਕੂਬ ਮੇਰੇ ਦਾਸ, ਹੇ ਇਸਰਾਏਲ ਜਿਹ ਨੂੰ ਮੈਂ ਚੁਣਿਆ, ਸੁਣੋ! ਯਹੋਵਾਹ ਇਉਂ ਆਖਦਾ ਹੈ, ਜਿਹ ਨੇ ਤੈਨੂੰ ਬਣਾਇਆ, ਤੈਨੂੰ ਕੁੱਖ ਤੋਂ ਹੀ ਸਾਜਿਆ, ਜੋ ਤੇਰੀ ਸਹਾਇਤਾ ਕਰੇਗਾ, ਨਾ ਡਰ, ਹੇ ਯਾਕੂਬ ਮੇਰੇ ਦਾਸ, ਅਤੇ ਯਿਸ਼ੁਰੂਨ ਜਿਹ ਨੂੰ ਮੈਂ ਚੁਣਿਆ ਹੈ।” (ਯਸਾਯਾਹ 44:1, 2) ਯਹੋਵਾਹ ਨੇ ਇਸਰਾਏਲ ਦੀ ਦੇਖ-ਭਾਲ ਕੁੱਖ ਤੋਂ ਕੀਤੀ ਸੀ, ਯਾਨੀ ਸ਼ੁਰੂ ਤੋਂ ਜਦੋਂ ਇਸਰਾਏਲ ਮਿਸਰ ਦੇਸ਼ ਛੱਡ ਕੇ ਖ਼ੁਦ ਇਕ ਕੌਮ ਬਣਿਆ ਸੀ। ਯਹੋਵਾਹ ਨੇ ਆਪਣੇ ਲੋਕਾਂ ਨੂੰ “ਯਿਸ਼ੁਰੂਨ” ਸੱਦਿਆ, ਜਿਸ ਦਾ ਮਤਲਬ ਹੈ “ਨੇਕ ਵਿਅਕਤੀ।” ਇਸ ਨਾਂ ਤੋਂ ਯਹੋਵਾਹ ਦਾ ਪਿਆਰ ਅਤੇ ਕੋਮਲਤਾ ਪ੍ਰਗਟ ਹੁੰਦੇ ਹਨ ਅਤੇ ਇਸ ਨੇ ਇਸਰਾਏਲੀਆਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਨੂੰ ਨੇਕ ਰਹਿਣਾ ਚਾਹੀਦਾ ਸੀ, ਜਿਸ ਵਿਚ ਉਹ ਕਈ ਵਾਰ ਅਸਫ਼ਲ ਹੋਏ।
5, 6. ਯਹੋਵਾਹ ਨੇ ਇਸਰਾਏਲ ਲਈ ਕਿਹੜੇ ਤਾਜ਼ਗੀਦਾਇਕ ਪ੍ਰਬੰਧ ਕੀਤੇ ਅਤੇ ਇਨ੍ਹਾਂ ਦਾ ਨਤੀਜਾ ਕੀ ਨਿਕਲਿਆ ਸੀ?
5 ਯਹੋਵਾਹ ਦੇ ਅਗਲੇ ਸ਼ਬਦ ਕਿੰਨੇ ਚੰਗੇ ਅਤੇ ਦਿਲਾਸੇ ਭਰੇ ਹਨ! ਉਸ ਨੇ ਕਿਹਾ: “ਮੈਂ ਤਾਂ ਤਿਹਾਈ ਜਮੀਨ ਉੱਤੇ ਪਾਣੀ, ਅਤੇ ਸੁੱਕੀ ਸੜੀ ਭੋਂ ਉੱਤੇ ਨਦੀਆਂ ਵਗਾਵਾਂਗਾ, ਮੈਂ ਆਪਣਾ ਆਤਮਾ ਤੇਰੀ ਅੰਸ ਉੱਤੇ, ਅਤੇ ਤੇਰੀ ਸੰਤਾਨ ਉੱਤੇ ਆਪਣੀ ਬਰਕਤ ਵਹਾਵਾਂਗਾ। ਓਹ ਘਾਹ ਦੇ ਵਿੱਚ ਉਪਜਣਗੇ, ਵਗਦੇ ਪਾਣੀਆਂ ਉੱਤੇ ਬੈਂਤਾਂ ਵਾਂਙੁ।” (ਯਸਾਯਾਹ 44:3, 4) ਇਕ ਗਰਮ ਅਤੇ ਸੁੱਕੇ ਦੇਸ਼ ਵਿਚ ਵੀ ਪਾਣੀ ਦੇ ਨੇੜੇ ਦਰਖ਼ਤ ਉੱਗ ਸਕਦੇ ਹਨ। ਇਸੇ ਤਰ੍ਹਾਂ ਜਦੋਂ ਯਹੋਵਾਹ ਨੇ ਸੱਚਾਈ ਦੇ ਜੀਵਨ-ਦਾਇਕ ਪਾਣੀ ਦਿੱਤੇ ਅਤੇ ਆਪਣੀ ਪਵਿੱਤਰ ਆਤਮਾ ਵਹਾਈ, ਤਾਂ ਇਸਰਾਏਲ ਇਨ੍ਹਾਂ ਦਰਖ਼ਤਾਂ ਵਾਂਗ ਵਧਿਆ-ਫੁੱਲਿਆ ਸੀ। (ਜ਼ਬੂਰ 1:3; ਯਿਰਮਿਯਾਹ 17:7, 8) ਯਹੋਵਾਹ ਨੇ ਆਪਣੇ ਲੋਕਾਂ ਨੂੰ ਤਾਕਤ ਬਖ਼ਸ਼ੀ ਸੀ ਤਾਂਕਿ ਉਹ ਸੱਚੇ ਪਰਮੇਸ਼ੁਰ ਬਾਰੇ ਗਵਾਹੀ ਦੇ ਸਕਣ।
6 ਪਵਿੱਤਰ ਆਤਮਾ ਵਹਾਉਣ ਦਾ ਇਕ ਨਤੀਜਾ ਇਹ ਨਿਕਲਿਆ ਸੀ ਕਿ ਕੁਝ ਲੋਕ ਯਹੋਵਾਹ ਨਾਲ ਇਸਰਾਏਲ ਦੇ ਰਿਸ਼ਤੇ ਦੀ ਦੁਬਾਰਾ ਕਦਰ ਕਰਨ ਲੱਗ ਪਏ ਸਨ। ਇਸ ਲਈ ਅਸੀਂ ਪੜ੍ਹਦੇ ਹਾਂ: “ਕੋਈ ਆਖੇਗਾ, ‘ਮੈਂ ਯਹੋਵਾਹ ਦਾ ਹਾਂ,’ ਕੋਈ ਆਪ ਨੂੰ ਯਾਕੂਬ ਦੇ ਨਾਉਂ ਤੇ ਸਦਾਵੇਗਾ, ਕੋਈ ਆਪਣੇ ਹੱਥ ਉੱਤੇ ਲਿਖੇਗਾ, ‘ਯਹੋਵਾਹ ਦਾ,’ ਅਤੇ ਆਪ ਨੂੰ ਇਸਰਾਏਲ ਦੇ ਨਾਮ ਦੀ ਪਦਵੀ ਦੇਵੇਗਾ।” (ਯਸਾਯਾਹ 44:5) ਜੀ ਹਾਂ, ਯਹੋਵਾਹ ਦੇ ਨਾਂ ਤੋਂ ਸੱਦੇ ਜਾਣ ਨਾਲ ਉਨ੍ਹਾਂ ਦਾ ਮਾਣ ਹੋਇਆ, ਕਿਉਂਕਿ ਉਸ ਨੇ ਸਾਬਤ ਕੀਤਾ ਕਿ ਉਹੀ ਸੱਚਾ ਪਰਮੇਸ਼ੁਰ ਸੀ।
ਦੇਵਤਿਆਂ ਲਈ ਇਕ ਚੁਣੌਤੀ
7, 8. ਯਹੋਵਾਹ ਨੇ ਕੌਮਾਂ ਦੇ ਦੇਵਤਿਆਂ ਤੋਂ ਕੀ ਸਬੂਤ ਮੰਗਿਆ ਸੀ?
7 ਮੂਸਾ ਦੀ ਬਿਵਸਥਾ ਅਨੁਸਾਰ ਆਮ ਤੌਰ ਤੇ ਰਿਸ਼ਤੇਦਾਰਾਂ ਵਿੱਚੋਂ ਹੀ ਇਕ ਨਰ ਇਕ ਵਿਅਕਤੀ ਨੂੰ ਉਸ ਦੀ ਗ਼ੁਲਾਮੀ ਤੋਂ ਛੁਡਾ ਸਕਦਾ ਸੀ। (ਲੇਵੀਆਂ 25:47-54; ਰੂਥ 2:20) ਯਹੋਵਾਹ ਨੇ ਆਪਣੇ ਬਾਰੇ ਕਿਹਾ ਕਿ ਉਹੀ ਇਸਰਾਏਲ ਦਾ ਛੁਡਾਉਣ ਵਾਲਾ ਸੀ। ਉਸ ਨੇ ਕੌਮ ਨੂੰ ਛੁਡਾ ਕੇ ਬਾਬਲ ਅਤੇ ਉਸ ਦੇ ਸਾਰੇ ਦੇਵਤਿਆਂ ਨੂੰ ਸ਼ਰਮਿੰਦਾ ਕੀਤਾ ਸੀ। (ਯਿਰਮਿਯਾਹ 50:34) ਝੂਠੇ ਦੇਵਤਿਆਂ ਅਤੇ ਉਨ੍ਹਾਂ ਦੇ ਭਗਤਾਂ ਦਾ ਸਾਮ੍ਹਣਾ ਕਰਦੇ ਹੋਏ ਉਸ ਨੇ ਕਿਹਾ: “ਯਹੋਵਾਹ ਇਸਰਾਏਲ ਦਾ ਪਾਤਸ਼ਾਹ, ਅਤੇ ਉਹ ਦਾ ਛੁਡਾਉਣ ਵਾਲਾ, ਸੈਨਾਂ ਦਾ ਯਹੋਵਾਹ, ਐਉਂ ਫ਼ਰਮਾਉਂਦਾ ਹੈ, ਮੈਂ ਆਦ ਹਾਂ ਨਾਲੇ ਮੈਂ ਅੰਤ ਹਾਂ, ਮੈਥੋਂ ਬਿਨਾ ਹੋਰ ਕੋਈ ਪਰਮੇਸ਼ੁਰ ਨਹੀਂ। ਮੇਰੇ ਵਾਂਙੁ ਕੌਣ ਪਰਚਾਰ ਕਰੇਗਾ? ਤਾਂ ਉਹ ਉਸ ਨੂੰ ਦੱਸੇ ਅਤੇ ਮੇਰੇ ਲਈ ਉਸ ਨੂੰ ਸੁਆਰੇ, ਜਿਸ ਸਮੇਂ ਤੋਂ ਮੈਂ ਸਨਾਤਨੀ ਪਰਜਾ ਨੂੰ ਕਾਇਮ ਕੀਤਾ, ਆਉਣ ਵਾਲੀਆਂ ਗੱਲਾਂ ਅਰਥਾਤ ਜਿਹੜੀਆਂ ਗੱਲਾਂ ਬੀਤਣਗੀਆਂ, ਓਹ ਉਨ੍ਹਾਂ ਦੇ ਲਈ ਦੱਸਣ। ਨਾ ਭੈ ਖਾਓ, ਨਾ ਡਰੋ, ਕੀ ਮੈਂ ਮੁੱਢ ਤੋਂ ਤੈਨੂੰ ਨਹੀਂ ਸੁਣਾਇਆ ਅਤੇ ਦੱਸਿਆ? ਤੁਸੀਂ ਮੇਰੇ ਗਵਾਹ ਹੋ। ਕੀ ਮੇਰੇ ਬਿਨਾ ਕੋਈ ਹੋਰ ਪਰਮੇਸ਼ੁਰ ਹੈ? ਕੋਈ ਹੋਰ ਚਟਾਨ ਨਹੀਂ, ਮੈਂ ਤਾਂ ਕਿਸੇ ਨੂੰ ਜਾਣਦਾ ਨਹੀਂ।”—ਯਸਾਯਾਹ 44:6-8.
8 ਯਹੋਵਾਹ ਨੇ ਦੇਵਤਿਆਂ ਨੂੰ ਆਪਣਾ ਸਬੂਤ ਪੇਸ਼ ਕਰਨ ਲਈ ਕਿਹਾ। ਕੀ ਉਹ ਭਵਿੱਖ ਬਾਰੇ ਪਹਿਲਾਂ ਹੀ ਦੱਸ ਸਕਦੇ ਸਨ, ਅਤੇ ਕੀ ਉਹ ਹੋਣ ਵਾਲੀਆਂ ਘਟਨਾਵਾਂ ਬਾਰੇ ਇੰਨੀ ਸਹੀ ਤਰ੍ਹਾਂ ਦੱਸ ਸਕਦੇ ਸਨ ਕਿ ਇਸ ਤਰ੍ਹਾਂ ਲੱਗੇ ਕਿ ਇਹ ਘਟਨਾਵਾਂ ਪਹਿਲਾਂ ਹੀ ਹੋ ਰਹੀਆਂ ਸਨ? ਸਿਰਫ਼ ਉਹ ਜਿਹੜਾ ‘ਆਦ ਅਤੇ ਅੰਤ’ ਹੈ ਅਜਿਹਾ ਕੁਝ ਕਰ ਸਕਦਾ ਸੀ। ਉਹ ਇਨ੍ਹਾਂ ਸਾਰੇ ਝੂਠੇ ਦੇਵਤਿਆਂ ਤੋਂ ਪਹਿਲਾਂ ਹੋਂਦ ਵਿਚ ਸੀ ਅਤੇ ਉਹ ਉਦੋਂ ਵੀ ਪਰਮੇਸ਼ੁਰ ਹੋਵੇਗਾ ਜਦੋਂ ਇਨ੍ਹਾਂ ਦਾ ਚੇਤਾ ਭੁੱਲ ਜਾਵੇਗਾ। ਉਸ ਦੇ ਲੋਕਾਂ ਨੂੰ ਸੱਚਾਈ ਦੱਸਣ ਬਾਰੇ ਡਰਨਾ ਨਹੀਂ ਚਾਹੀਦਾ ਸੀ, ਕਿਉਂਕਿ ਯਹੋਵਾਹ ਉਨ੍ਹਾਂ ਦਾ ਸਹਾਰਾ ਇਕ ਵੱਡੀ ਚਟਾਨ ਵਾਂਗ ਪੱਕਾ ਅਤੇ ਮਜ਼ਬੂਤ ਹੈ!—ਬਿਵਸਥਾ ਸਾਰ 32:4; 2 ਸਮੂਏਲ 22:31, 32.
ਮੂਰਤੀ-ਪੂਜਾ ਦੀ ਵਿਅਰਥਤਾ
9. ਕੀ ਇਸਰਾਏਲੀਆਂ ਲਈ ਕਿਸੇ ਜੀਉਂਦੀ ਚੀਜ਼ ਦਾ ਰੂਪ ਬਣਾਉਣਾ ਗ਼ਲਤ ਸੀ? ਸਮਝਾਓ।
9 ਝੂਠੇ ਦੇਵਤਿਆਂ ਨੂੰ ਪੇਸ਼ ਕੀਤੀ ਗਈ ਯਹੋਵਾਹ ਦੀ ਚੁਣੌਤੀ ਸਾਨੂੰ ਦਸਾਂ ਹੁਕਮਾਂ ਵਿੱਚੋਂ ਦੂਜਾ ਹੁਕਮ ਯਾਦ ਕਰਾਉਂਦੀ ਹੈ। ਉਸ ਹੁਕਮ ਨੇ ਸਾਫ਼-ਸਾਫ਼ ਦੱਸਿਆ: “ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ। ਨਾ ਤੂੰ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਪੂਜਾ ਕਰ।” (ਕੂਚ 20:4, 5) ਇਸ ਦਾ ਇਹ ਮਤਲਬ ਨਹੀਂ ਸੀ ਕਿ ਇਸਰਾਏਲੀ ਸਜਾਵਟ ਵਾਸਤੇ ਚੀਜ਼ਾਂ ਨਹੀਂ ਬਣਾ ਸਕਦੇ ਸਨ। ਯਹੋਵਾਹ ਨੇ ਖ਼ੁਦ ਹਿਦਾਇਤ ਦਿੱਤੀ ਸੀ ਕਿ ਡੇਹਰੇ ਵਿਚ ਰੱਖਣ ਲਈ ਪੌਦਿਆਂ, ਪਸ਼ੂਆਂ, ਅਤੇ ਕਰੂਬੀਆਂ ਦੇ ਰੂਪ ਬਣਾਏ ਜਾਣ। (ਕੂਚ 25:18; ਕੂਚ 26:31) ਲੇਕਿਨ ਇਨ੍ਹਾਂ ਦੀ ਪੂਜਾ ਨਹੀਂ ਕੀਤੀ ਜਾਣੀ ਚਾਹੀਦੀ ਸੀ। ਕਿਸੇ ਵੀ ਇਨਸਾਨ ਨੇ ਇਨ੍ਹਾਂ ਨੂੰ ਨਾ ਹੀ ਪ੍ਰਾਰਥਨਾ ਕਰਨੀ ਸੀ ਅਤੇ ਨਾ ਹੀ ਚੜ੍ਹਾਵੇ ਚੜ੍ਹਾਉਣੇ ਸਨ। ਪਰਮੇਸ਼ੁਰ ਦਾ ਹੁਕਮ ਇਹ ਸੀ ਕਿ ਅਜਿਹੀ ਕੋਈ ਮੂਰਤ ਨਾ ਬਣਾਈ ਜਾਵੇ ਜਿਸ ਦੀ ਪੂਜਾ ਕੀਤੀ ਜਾਣੀ ਸੀ। ਮੂਰਤੀਆਂ ਦੀ ਪੂਜਾ ਕਰਨੀ ਜਾਂ ਉਨ੍ਹਾਂ ਅੱਗੇ ਮੱਥਾ ਟੇਕਣਾ ਗ਼ਲਤ ਹੈ।—1 ਯੂਹੰਨਾ 5:21.
10, 11. ਯਹੋਵਾਹ ਦੀ ਨਿਗਾਹ ਵਿਚ ਮੂਰਤੀਆਂ ਘਿਣਾਉਣੀਆਂ ਕਿਉਂ ਹਨ?
10 ਯਸਾਯਾਹ ਨੇ ਬੇਜਾਨ ਮੂਰਤੀਆਂ ਦੀ ਵਿਅਰਥਤਾ ਬਾਰੇ ਅਤੇ ਉਨ੍ਹਾਂ ਨੂੰ ਬਣਾਉਣ ਵਾਲਿਆਂ ਦੀ ਸ਼ਰਮਿੰਦਗੀ ਬਾਰੇ ਦੱਸਿਆ: “ਬੁੱਤਾਂ ਦੇ ਘੜਨ ਵਾਲੇ ਸਾਰੇ ਹੀ ਫੋਕਟ ਹਨ, ਓਹਨਾਂ ਦੀਆਂ ਮਨ ਭਾਉਂਦੀਆਂ ਰੀਝਾਂ ਲਾਭਦਾਇਕ ਨਹੀਂ, ਓਹਨਾਂ ਦੇ ਗਵਾਹ ਨਾ ਵੇਖਦੇ ਨਾ ਜਾਣਦੇ ਹਨ, ਤਾਂ ਜੋ ਓਹ ਸ਼ਰਮਿੰਦੇ ਹੋਣ। ਕਿਹ ਨੇ ਠਾਕਰ ਘੜਿਆ ਯਾ ਬੁੱਤ ਢਾਲਿਆ, ਜਿਹੜਾ ਲਾਭਦਾਇਕ ਨਹੀਂ ਹੈ? ਵੇਖੋ, ਓਹ ਦੇ ਸਾਰੇ ਸਾਥੀ ਸ਼ਰਮਿੰਦੇ ਹੋਣਗੇ, ਏਹ ਕਾਰੀਗਰ ਆਦਮੀ ਹੀ ਹਨ! ਏਹ ਸਾਰੇ ਇਕੱਠੇ ਹੋ ਕੇ ਖੜੇ ਹੋਣ, ਓਹ ਭੈ ਖਾਣਗੇ, ਓਹ ਇਕੱਠੇ ਸ਼ਰਮਿੰਦੇ ਹੋਣਗੇ।”—ਯਸਾਯਾਹ 44:9-11.
11 ਪਰਮੇਸ਼ੁਰ ਦੀ ਨਿਗਾਹ ਵਿਚ ਇਹ ਮੂਰਤੀਆਂ ਇੰਨੀਆਂ ਘਿਣਾਉਣੀਆਂ ਕਿਉਂ ਸਨ? ਪਹਿਲੀ ਗੱਲ ਇਹ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਮੂਰਤ ਕਿਸੇ ਵੀ ਚੀਜ਼ ਨਾਲ ਨਹੀਂ ਦਰਸਾਈ ਜਾ ਸਕਦੀ। (ਰਸੂਲਾਂ ਦੇ ਕਰਤੱਬ 17:29) ਇਸ ਤੋਂ ਇਲਾਵਾ, ਸਿਰਜਣਹਾਰ ਦੀ ਬਜਾਇ ਕਿਸੇ ਬਣਾਈ ਗਈ ਚੀਜ਼ ਦੀ ਪੂਜਾ ਕਰਨ ਨਾਲ ਯਹੋਵਾਹ ਪਰਮੇਸ਼ੁਰ ਦਾ ਅਪਮਾਨ ਹੁੰਦਾ ਹੈ। ਨਾਲੇ ਮੂਰਤੀ ਦੀ ਪੂਜਾ ਕਰਨ ਨਾਲ ਕੀ ਇਨਸਾਨ ਦਾ ਅਪਮਾਨ ਨਹੀਂ ਹੁੰਦਾ ਜੋ “ਪਰਮੇਸ਼ੁਰ ਦੇ ਸਰੂਪ” ਉੱਤੇ ਬਣਾਇਆ ਗਿਆ ਸੀ?—ਉਤਪਤ 1:27; ਰੋਮੀਆਂ 1:23, 25.
12, 13. ਇਨਸਾਨ ਪੂਜਾ ਦੇ ਲਾਇਕ ਕੋਈ ਵੀ ਮੂਰਤ ਕਿਉਂ ਨਹੀਂ ਘੜ ਸਕਦਾ?
12 ਕੀ ਕੋਈ ਮੂਰਤ ਇਸ ਲਈ ਪਵਿੱਤਰ ਬਣ ਸਕਦੀ ਹੈ ਕਿਉਂਕਿ ਇਹ ਪੂਜਾ ਕਰਨ ਲਈ ਬਣਾਈ ਗਈ ਸੀ? ਯਸਾਯਾਹ ਨੇ ਸਾਨੂੰ ਯਾਦ ਕਰਾਇਆ ਕਿ ਮੂਰਤੀਆਂ ਬਣਾਉਣੀਆਂ ਤਾਂ ਸਿਰਫ਼ ਇਨਸਾਨ ਦੇ ਹੱਥਾਂ ਦਾ ਕੰਮ ਹੈ। ਮੂਰਤੀਆਂ ਬਣਾਉਣ ਵਾਲੇ ਦੇ ਸੰਦ ਅਤੇ ਕੰਮ ਦੂਸਰੇ ਕਾਰੀਗਰਾਂ ਵਰਗੇ ਹਨ: “ਲੋਹਾਰ ਆਪਣਾ ਸੰਦ ਤਿੱਖਾ ਕਰਦਾ ਹੈ, ਉਹ ਕੋਲਿਆਂ ਨਾਲ ਕੰਮ ਕਰਦਾ, ਅਤੇ ਹਥੌੜਿਆਂ ਨਾਲ ਉਹ ਨੂੰ ਘੜਦਾ, ਉਹ ਆਪਣੀ ਬਲਵੰਤ ਬਾਂਹ ਨਾਲ ਉਹ ਨੂੰ ਬਣਾਉਂਦਾ, ਪਰ ਉਹ ਭੁੱਖਾ ਹੋ ਜਾਂਦਾ ਅਤੇ ਉਹ ਦਾ ਬਲ ਘੱਟ ਜਾਂਦਾ ਹੈ, ਉਹ ਪਾਣੀ ਨਹੀਂ ਪੀਂਦਾ ਅਤੇ ਥੱਕ ਜਾਂਦਾ ਹੈ। ਤਰਖਾਣ ਸੂਤ ਤਾਣਦਾ ਹੈ, ਉਹ ਪਿੰਸਲ ਨਾਲ ਉਸ ਦਾ ਖਾਕਾ ਖਿੱਚਦਾ ਹੈ, ਉਹ ਉਸ ਨੂੰ ਰੰਦਿਆਂ ਨਾਲ ਬਣਾਉਂਦਾ, ਅਤੇ ਪਰਕਾਰ ਨਾਲ ਉਸ ਦੇ ਨਿਸ਼ਾਨ ਲਾਉਂਦਾ, ਉਹ ਉਸ ਨੂੰ ਮਨੁੱਖ ਦੇ ਰੂਪ ਉੱਤੇ ਆਦਮੀ ਦੇ ਸੁਹੱਪਣ ਵਾਂਙੁ, ਠਾਕਰ ਦੁਆਰੇ ਵਿੱਚ ਬਿਰਾਜਮਾਨ ਹੋਣ ਲਈ ਬਣਾਉਂਦਾ ਹੈ!”—ਯਸਾਯਾਹ 44:12, 13.
13 ਸੱਚੇ ਪਰਮੇਸ਼ੁਰ ਨੇ ਇਨਸਾਨਾਂ ਸਮੇਤ ਇਸ ਧਰਤੀ ਉੱਤੇ ਹਰ ਜੀਉਂਦੀ ਚੀਜ਼ ਬਣਾਈ ਹੈ। ਜੀਉਂਦੀਆਂ ਚੀਜ਼ਾਂ ਗਵਾਹੀ ਦਿੰਦੀਆਂ ਹਨ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। ਪਰ ਯਹੋਵਾਹ ਪਰਮੇਸ਼ੁਰ ਦੀ ਬਣਾਈ ਗਈ ਕੋਈ ਵੀ ਚੀਜ਼ ਉਸ ਨਾਲੋਂ ਉੱਤਮ ਨਹੀਂ ਹੋ ਸਕਦੀ ਹੈ। ਕੀ ਬੰਦਾ ਪਰਮੇਸ਼ੁਰ ਨਾਲੋਂ ਉੱਤਮ ਹੋ ਸਕਦਾ ਹੈ? ਕੀ ਉਹ ਆਪਣੇ ਨਾਲੋਂ ਵਧੀਆ ਕੋਈ ਚੀਜ਼ ਬਣਾ ਸਕਦਾ ਹੈ, ਯਾਨੀ ਅਜਿਹੀ ਚੀਜ਼ ਜੋ ਉਸ ਦੀ ਪੂਜਾ ਦੇ ਲਾਇਕ ਹੋਵੇ? ਇਨਸਾਨ ਇਕ ਮੂਰਤ ਬਣਾਉਂਦਾ ਹੋਇਆ ਥੱਕ ਜਾਂਦਾ ਹੈ, ਉਸ ਨੂੰ ਭੁੱਖ ਅਤੇ ਤਿਹਾ ਲੱਗਦੀ ਹੈ। ਇਨਸਾਨਾਂ ਨੂੰ ਖਾਣਾ, ਪੀਣਾ, ਅਤੇ ਆਰਾਮ ਕਰਨਾ ਪੈਂਦਾ ਹੈ, ਪਰ ਇਹੀ ਚੀਜ਼ਾਂ ਦਿਖਾਉਂਦੀਆਂ ਹਨ ਕਿ ਉਹ ਜੀਉਂਦੇ ਹਨ! ਇਕ ਬੰਦਾ ਅਜਿਹੀ ਮੂਰਤ ਬਣਾ ਸਕਦਾ ਹੈ ਜੋ ਇਨਸਾਨ ਦਾ ਰੂਪ ਹੋਵੇ। ਉਹ ਸ਼ਾਇਦ ਸੁੰਦਰ ਵੀ ਲੱਗੇ। ਪਰ ਫਿਰ ਵੀ ਉਹ ਬੇਜਾਨ ਹੀ ਹੁੰਦੀ ਹੈ। ਮੂਰਤੀਆਂ ਰੱਬ ਨਹੀਂ ਹੁੰਦੀਆਂ। ਅਤੇ ਨਾ ਹੀ ਕੋਈ ਘੜੀ ਗਈ ਮੂਰਤ ‘ਅਕਾਸ਼ ਤੋਂ ਗਿਰਦੀ ਹੈ’ ਕਿਉਂਕਿ ਇਹ ਸਿਰਫ਼ ਬੰਦੇ ਦੀ ਬਣਾਈ ਗਈ ਚੀਜ਼ ਹੁੰਦੀ ਹੈ।—ਰਸੂਲਾਂ ਦੇ ਕਰਤੱਬ 19:35.
14. ਮੂਰਤੀਆਂ ਬਣਾਉਣ ਵਾਲੇ ਯਹੋਵਾਹ ਉੱਤੇ ਕਿਵੇਂ ਬਿਲਕੁਲ ਨਿਰਭਰ ਸਨ?
14 ਯਸਾਯਾਹ ਨੇ ਅੱਗੇ ਦਿਖਾਇਆ ਕਿ ਮੂਰਤੀਆਂ ਬਣਾਉਣ ਵਾਲੇ ਯਹੋਵਾਹ ਦੀ ਕੁਦਰਤ ਉੱਤੇ ਨਿਰਭਰ ਸਨ: “ਉਹ ਆਪਣੇ ਲਈ ਦਿਆਰ ਵੱਢਦਾ ਹੈ, ਉਹ ਸਰੂ ਯਾ ਬਲੂਤ ਲੈਂਦਾ ਹੈ, ਅਤੇ ਉਹ ਨੂੰ ਬਣ ਦੇ ਰੁੱਖਾਂ ਵਿੱਚ ਆਪਣੇ ਲਈ ਮਜ਼ਬੂਤ ਹੋਣ ਦਿੰਦਾ ਹੈ, ਉਹ ਚੀਲ੍ਹ ਲਾਉਂਦਾ ਅਤੇ ਮੀਂਹ ਉਹ ਨੂੰ ਵਧਾਉਂਦਾ ਹੈ। ਤਦ ਉਹ ਆਦਮੀ ਦੇ ਬਾਲਣ ਲਈ ਹੋ ਜਾਂਦਾ ਹੈ, ਉਹ ਉਸ ਦੇ ਵਿੱਚੋਂ ਲੈ ਕੇ ਆਪ ਨੂੰ ਸੇਕਦਾ ਹੈ, ਸਗੋਂ ਉਸ ਨੂੰ ਬਾਲ ਕੇ ਰੋਟੀ ਪਕਾਉਂਦਾ ਹੈ, ਹਾਂ, ਉਹ ਇੱਕ ਠਾਕਰ ਬਣਾਉਂਦਾ ਹੈ, ਅਤੇ ਓਹ ਉਸ ਨੂੰ ਮੱਥਾ ਟੇਕਦੇ ਹਨ! ਓਹ ਬੁੱਤ ਬਣਾਉਂਦੇ ਹਨ, ਅਤੇ ਓਹ ਉਸ ਦੇ ਅੱਗੇ ਮੱਥੇ ਰਗੜਦੇ ਹਨ! ਇੱਕ ਹਿੱਸੇ ਦੀ ਉਹ ਅੱਗ ਬਾਲਦਾ ਹੈ, ਇੱਕ ਹਿੱਸੇ ਉੱਤੇ ਉਹ ਕਬਾਬ ਭੁੰਨ ਕੇ ਮਾਸ ਖਾਂਦਾ ਹੈ ਅਤੇ ਰੱਜ ਜਾਂਦਾ ਹੈ, ਨਾਲੇ ਉਹ ਸੇਕਦਾ ਅਤੇ ਆਖਦਾ ਹੈ, ਆਹਾ! ਮੈਂ ਗਰਮ ਹੋ ਗਿਆ, ਮੈਂ ਅੱਗ ਵੇਖੀ। ਉਹ ਦਾ ਬਕੀਆ ਲੈ ਕੇ ਉਹ ਇੱਕ ਠਾਕਰ, ਇੱਕ ਬੁੱਤ ਬਣਾਉਂਦਾ, ਉਹ ਦੇ ਅੱਗੇ ਉਹ ਮੱਥਾ ਟੇਕਦਾ ਸਗੋਂ ਮੱਥਾ ਰਗੜਦਾ ਹੈ, ਅਤੇ ਉਸ ਤੋਂ ਪ੍ਰਾਰਥਨਾ ਕਰਦਾ ਅਤੇ ਆਖਦਾ ਹੈ, ਮੈਨੂੰ ਛੁਡਾ, ਤੂੰ ਮੇਰਾ ਠਾਕਰ ਜੋ ਹੈਂ!”—ਯਸਾਯਾਹ 44:14-17.
15. ਮੂਰਤੀਆਂ ਬਣਾਉਣ ਵਾਲਾ ਬੇਸਮਝੀ ਕਿਵੇਂ ਦਿਖਾਉਂਦਾ ਹੈ?
15 ਕੀ ਬਾਲਣ ਕਿਸੇ ਨੂੰ ਬਚਾ ਸਕਦਾ ਹੈ? ਬਿਲਕੁਲ ਨਹੀਂ। ਸਿਰਫ਼ ਸੱਚਾ ਪਰਮੇਸ਼ੁਰ ਹੀ ਛੁਟਕਾਰਾ ਦਿਲਾ ਸਕਦਾ ਹੈ। ਲੋਕ ਬੇਜਾਨ ਚੀਜ਼ਾਂ ਦੀ ਪੂਜਾ ਕਿਵੇਂ ਕਰ ਸਕਦੇ ਹਨ? ਯਸਾਯਾਹ ਨੇ ਦਿਖਾਇਆ ਕਿ ਅਸਲੀ ਸਮੱਸਿਆ ਬੰਦੇ ਦੇ ਦਿਲ ਵਿਚ ਸ਼ੁਰੂ ਹੁੰਦੀ ਹੈ: “ਓਹ ਨਹੀਂ ਜਾਣਦੇ, ਓਹ ਨਹੀਂ ਸਮਝਦੇ, ਕਿਉਂ ਜੋ ਓਸ ਓਹਨਾਂ ਦੀਆਂ ਅੱਖਾਂ ਨੂੰ ਵੇਖਣ ਤੋਂ ਅਤੇ ਓਹਨਾਂ ਦਿਆਂ ਮਨਾਂ ਨੂੰ ਸਮਝਣ ਤੋਂ ਬੰਦ ਕੀਤਾ ਹੈ। ਕੋਈ ਦਿਲ ਤੇ ਨਹੀਂ ਲਿਆਉਂਦਾ, ਨਾ ਗਿਆਨ ਨਾ ਸਮਝ ਹੈ, ਭਈ ਉਹ ਆਖੇ, ਉਸ ਦਾ ਇੱਕ ਹਿੱਸਾ ਮੈਂ ਅੱਗ ਵਿੱਚ ਬਾਲ ਲਿਆ, ਹਾਂ, ਮੈਂ ਉਸ ਦੇ ਕੋਲਿਆਂ ਉੱਤੇ ਰੋਟੀ ਪਕਾਈ, ਮੈਂ ਮਾਸ ਭੁੰਨ ਕੇ ਖਾਧਾ, ਭਲਾ, ਮੈਂ ਉਸ ਦੇ ਬਕੀਏ ਤੋਂ ਇੱਕ ਘਿਣਾਉਣੀ ਚੀਜ਼ ਬਣਾਵਾਂ? ਕੀ ਮੈਂ ਲੱਕੜ ਦੇ ਟੁੰਡ ਅੱਗੇ ਮੱਥਾ ਰਗੜਾਂ? ਉਹ ਸੁਆਹ ਖਾਂਦਾ ਹੈ, ਇੱਕ ਛਲੀਏ ਦਿਲ ਨੇ ਉਹ ਨੂੰ ਕੁਰਾਹ ਪਾਇਆ, ਉਹ ਆਪਣੀ ਜਾਨ ਨੂੰ ਛੁਡਾ ਨਹੀਂ ਸੱਕਦਾ, ਨਾ ਕਹਿ ਸੱਕਦਾ ਹੈ, ਭਲਾ, ਮੇਰੇ ਸੱਜੇ ਹੱਥ ਵਿੱਚ ਝੂਠ ਤਾਂ ਨਹੀਂ?” (ਯਸਾਯਾਹ 44:18-20) ਜੀ ਹਾਂ, ਇਹ ਸੋਚਣਾ ਕਿ ਮੂਰਤੀ-ਪੂਜਾ ਤੋਂ ਸਾਨੂੰ ਰੂਹਾਨੀ ਤੌਰ ਤੇ ਫ਼ਾਇਦਾ ਹੋ ਸਕਦਾ ਹੈ ਚੰਗੀ ਖ਼ੁਰਾਕ ਲੈਣ ਦੀ ਬਜਾਇ ਸੁਆਹ ਖਾਣ ਦੇ ਬਰਾਬਰ ਹੈ!
16. ਮੂਰਤੀ-ਪੂਜਾ ਕਿਵੇਂ ਸ਼ੁਰੂ ਹੋਈ ਸੀ, ਅਤੇ ਲੋਕ ਇਹ ਕਦੋਂ ਕਰਦੇ ਹਨ?
16 ਦਰਅਸਲ ਮੂਰਤੀ-ਪੂਜਾ ਦੀ ਸ਼ੁਰੂਆਤ ਸਵਰਗ ਵਿਚ ਹੋਈ ਸੀ ਜਦੋਂ ਉਹ ਦੂਤ ਜੋ ਸ਼ਤਾਨ ਬਣਿਆ, ਯਹੋਵਾਹ ਦੀ ਬਜਾਇ ਆਪਣੇ ਲਈ ਭਗਤੀ ਚਾਹੁਣ ਲੱਗ ਪਿਆ। ਸ਼ਤਾਨ ਆਪਣੀ ਹੀ ਪੂਜਾ ਕਰਾਉਣ ਲਈ ਇੰਨਾ ਲੋਭੀ ਬਣ ਗਿਆ ਸੀ ਕਿ ਉਹ ਪਰਮੇਸ਼ੁਰ ਤੋਂ ਜੁਦਾ ਹੋ ਗਿਆ। ਦਰਅਸਲ ਇਹ ਮੂਰਤੀ-ਪੂਜਾ ਦੀ ਸ਼ੁਰੂਆਤ ਸੀ ਕਿਉਂਕਿ ਪੌਲੁਸ ਰਸੂਲ ਨੇ ਕਿਹਾ ਕਿ ਲੋਭ ਮੂਰਤੀ-ਪੂਜਾ ਹੈ। (ਯਸਾਯਾਹ 14:12-14; ਹਿਜ਼ਕੀਏਲ 28:13-15, 17; ਕੁਲੁੱਸੀਆਂ 3:5) ਸ਼ਤਾਨ ਨੇ ਪਹਿਲੇ ਇਨਸਾਨੀ ਜੋੜੇ ਦੇ ਦਿਮਾਗ਼ਾਂ ਨੂੰ ਖ਼ੁਦਗਰਜ਼ ਸੋਚ-ਵਿਚਾਰਾਂ ਨਾਲ ਭਰ ਦਿੱਤਾ ਸੀ। ਇਸ ਤਰ੍ਹਾਂ ਉਹ ਭਰਮਾਏ ਗਏ ਸਨ। ਹੱਵਾਹ ਉਸ ਚੀਜ਼ ਦਾ ਲੋਭ ਕਰਨ ਲੱਗ ਪਈ ਜੋ ਸ਼ਤਾਨ ਨੇ ਉਨ੍ਹਾਂ ਨੂੰ ਪੇਸ਼ ਕੀਤੀ ਸੀ: “ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।” ਯਿਸੂ ਨੇ ਕਿਹਾ ਸੀ ਕਿ ਲੋਭ ਦਿਲ ਵਿਚ ਉਤਪੰਨ ਹੁੰਦਾ ਹੈ। (ਉਤਪਤ 3:5; ਮਰਕੁਸ 7:20-23) ਲੋਕ ਮੂਰਤੀ-ਪੂਜਾ ਉਦੋਂ ਕਰਦੇ ਹਨ ਜਦੋਂ ਉਨ੍ਹਾਂ ਦੇ ਦਿਲ ਭ੍ਰਿਸ਼ਟ ਹੋ ਜਾਂਦੇ ਹਨ। ਤਾਂ ਫਿਰ, ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ‘ਮਨ ਦੀ ਵੱਡੀ ਚੌਕਸੀ ਕਰੀਏ’ ਅਤੇ ਆਪਣੇ ਦਿਲਾਂ ਵਿਚ ਯਹੋਵਾਹ ਦੀ ਥਾਂ ਹੋਰ ਕਿਸੇ ਚੀਜ਼ ਜਾਂ ਕਿਸੇ ਇਨਸਾਨ ਨੂੰ ਕਦੀ ਵੀ ਨਾ ਰੱਖੀਏ!—ਕਹਾਉਤਾਂ 4:23; ਯਾਕੂਬ 1:14.
ਯਹੋਵਾਹ ਦੀ ਬੇਨਤੀ
17. ਇਸਰਾਏਲੀਆਂ ਨੂੰ ਕਿਹੜੀ ਗੱਲ ਦਿਲ ਵਿਚ ਬਿਠਾਉਣੀ ਚਾਹੀਦੀ ਸੀ?
17 ਯਹੋਵਾਹ ਨੇ ਇਸਰਾਏਲੀਆਂ ਸਾਮ੍ਹਣੇ ਬੇਨਤੀ ਕੀਤੀ ਕਿ ਉਹ ਚੇਤੇ ਰੱਖਣ ਕਿ ਉਨ੍ਹਾਂ ਨੂੰ ਕਿੰਨਾ ਵੱਡਾ ਸਨਮਾਨ ਅਤੇ ਜ਼ਿੰਮੇਵਾਰੀ ਦਿੱਤੀ ਗਈ ਸੀ। ਉਹ ਉਸ ਦੇ ਗਵਾਹ ਸਨ! ਉਸ ਨੇ ਕਿਹਾ: “ਹੇ ਯਾਕੂਬ, ਏਹਨਾਂ ਗੱਲਾਂ ਨੂੰ ਚੇਤੇ ਰੱਖ, ਅਤੇ ਤੂੰ ਵੀ ਹੇ ਇਸਰਾਏਲ, ਤੂੰ ਮੇਰਾ ਦਾਸ ਜੋ ਹੈਂ, ਮੈਂ ਤੈਨੂੰ ਸਾਜਿਆ, ਤੂੰ ਮੇਰਾ ਦਾਸ ਹੈਂ, ਹੇ ਇਸਰਾਏਲ, ਤੂੰ ਮੈਥੋਂ ਵਿਸਾਰਿਆ ਨਾ ਜਾਵੇਂਗਾ। ਮੈਂ ਤੇਰੇ ਅਪਰਾਧਾਂ ਨੂੰ ਘਟ ਵਾਂਙੁ, ਅਤੇ ਤੇਰੇ ਪਾਪਾਂ ਨੂੰ ਬੱਦਲ ਵਾਂਙੁ ਮਿਟਾ ਦਿੱਤਾ, ਮੇਰੀ ਵੱਲ ਮੁੜ ਆ, ਕਿਉਂ ਜੋ ਮੈਂ ਤੇਰਾ ਨਿਸਤਾਰਾ ਕੀਤਾ ਹੈ। ਹੇ ਅਕਾਸ਼ੋ, ਜੈਕਾਰਾ ਗਜਾਓ, ਕਿਉਂਕਿ ਯਹੋਵਾਹ ਨੇ ਏਹ ਕੀਤਾ ਹੈ, ਹੇ ਧਰਤੀ ਦੇ ਹੇਠਲੇ ਅਸਥਾਨੋ, ਲਲਕਾਰੋ, ਪਹਾੜ ਖੁਲ੍ਹ ਕੇ ਜੈ ਜੈ ਕਾਰ ਕਰਨ, ਬਣ ਅਤੇ ਉਹ ਦੇ ਸਾਰੇ ਰੁੱਖ, ਏਸ ਲਈ ਕਿ ਯਹੋਵਾਹ ਨੇ ਯਾਕੂਬ ਦਾ ਨਿਸਤਾਰਾ ਕੀਤਾ ਹੈ, ਅਤੇ ਇਸਰਾਏਲ ਵਿੱਚ ਆਪਣੀ ਸੁੰਦਰਤਾ ਪਰਗਟ ਕਰੇਗਾ।”—ਯਸਾਯਾਹ 44:21-23.
18. (ੳ) ਇਸਰਾਏਲੀਆਂ ਕੋਲ ਖ਼ੁਸ਼ ਹੋਣ ਦਾ ਕਿਹੜਾ ਕਾਰਨ ਸੀ? (ਅ) ਅੱਜ ਯਹੋਵਾਹ ਦੇ ਸੇਵਕ ਉਸ ਦੀ ਦਇਆ ਦੀ ਰੀਸ ਕਿਵੇਂ ਕਰ ਸਕਦੇ ਹਨ?
18 ਇਸਰਾਏਲ ਨੇ ਯਹੋਵਾਹ ਨੂੰ ਨਹੀਂ ਸਾਜਿਆ ਸੀ। ਯਹੋਵਾਹ ਇਨਸਾਨਾਂ ਦਾ ਬਣਾਇਆ ਹੋਇਆ ਕੋਈ ਦੇਵਤਾ ਨਹੀਂ ਸੀ। ਸਗੋਂ ਯਹੋਵਾਹ ਨੇ ਇਸਰਾਏਲ ਨੂੰ ਆਪਣਾ ਚੁਣਿਆ ਹੋਇਆ ਦਾਸ ਬਣਾਇਆ ਸੀ। ਉਸ ਨੇ ਕੌਮ ਨੂੰ ਛੁਡਾ ਕੇ ਇਕ ਵਾਰ ਫਿਰ ਸਾਬਤ ਕਰਨਾ ਸੀ ਕਿ ਉਹ ਸੱਚਾ ਪਰਮੇਸ਼ੁਰ ਹੈ। ਉਸ ਨੇ ਕੋਮਲਤਾ ਨਾਲ ਆਪਣੇ ਲੋਕਾਂ ਨਾਲ ਗੱਲ ਕੀਤੀ ਸੀ, ਅਤੇ ਕਿਹਾ ਕਿ ਜੇ ਉਹ ਤੋਬਾ ਕਰਨਗੇ, ਤਾਂ ਉਹ ਉਨ੍ਹਾਂ ਦੇ ਪਾਪ ਇਸ ਤਰ੍ਹਾਂ ਮਿਟਾ ਦੇਵੇਗਾ ਜਿਵੇਂ ਉਹ ਬੱਦਲ ਦੇ ਪਿੱਛੇ ਲੁਕੇ ਹੋਏ ਹੋਣ। ਇਸਰਾਏਲੀਆਂ ਕੋਲ ਖ਼ੁਸ਼ ਹੋਣ ਦਾ ਕਿੰਨਾ ਚੰਗਾ ਕਾਰਨ ਸੀ! ਯਹੋਵਾਹ ਦੀ ਮਿਸਾਲ ਅੱਜ ਉਸ ਦੇ ਸੇਵਕਾਂ ਨੂੰ ਉਸ ਦੀ ਦਇਆ ਦੀ ਰੀਸ ਕਰਨ ਲਈ ਪ੍ਰੇਰਦੀ ਹੈ। ਗ਼ਲਤੀ ਕਰਨ ਵਾਲਿਆਂ ਦੀ ਮਦਦ ਕਰ ਕੇ ਅਤੇ ਜੇ ਹੋ ਸਕੇ ਰੂਹਾਨੀ ਤੌਰ ਤੇ ਉਨ੍ਹਾਂ ਨੂੰ ਦੁਬਾਰਾ ਕਾਇਮ ਕਰ ਕੇ ਉਹ ਉਸ ਦੀ ਰੀਸ ਕਰ ਸਕਦੇ ਹਨ।—ਗਲਾਤੀਆਂ 6:1, 2.
ਸੱਚਾ ਪਰਮੇਸ਼ੁਰ ਹੋਣ ਦੇ ਇਮਤਿਹਾਨ ਦਾ ਸਿਖਰ
19, 20. (ੳ) ਯਹੋਵਾਹ ਨੇ ਆਪਣੀ ਦਲੀਲ ਨੂੰ ਸਿਖਰ ਤੇ ਕਿਵੇਂ ਲਿਆਂਦਾ ਸੀ? (ਅ) ਯਹੋਵਾਹ ਨੇ ਆਪਣੇ ਲੋਕਾਂ ਲਈ ਕਿਹੜੀਆਂ ਚੰਗੀਆਂ ਗੱਲਾਂ ਬਾਰੇ ਭਵਿੱਖਬਾਣੀ ਕੀਤੀ ਸੀ ਅਤੇ ਇਹ ਗੱਲਾਂ ਕਿਸ ਨੇ ਪੂਰੀਆਂ ਕਰਨੀਆਂ ਸਨ?
19 ਯਹੋਵਾਹ ਨੇ ਆਪਣੀ ਦਲੀਲ ਨੂੰ ਸਿਖਰ ਤੇ ਲਿਆਂਦਾ। ਉਹ ਸੱਚਾ ਪਰਮੇਸ਼ੁਰ ਹੋਣ ਦੇ ਇਮਤਿਹਾਨ ਵਿਚ ਸਬੂਤ ਪੇਸ਼ ਕਰਨ ਵਾਲਾ ਸੀ ਕਿ ਉਹ ਸਹੀ-ਸਹੀ ਭਵਿੱਖ ਬਾਰੇ ਪਹਿਲਾਂ ਹੀ ਦੱਸ ਸਕਦਾ ਹੈ। ਬਾਈਬਲ ਦੇ ਇਕ ਵਿਦਵਾਨ ਨੇ ਯਸਾਯਾਹ ਦੇ 44ਵੇਂ ਅਧਿਆਇ ਦੀਆਂ ਅਗਲੀਆਂ ਪੰਜ ਆਇਤਾਂ ਨੂੰ “ਇਸਰਾਏਲ ਦੇ ਪਰਮੇਸ਼ੁਰ ਦੀ ਮਹਾਨਤਾ ਬਾਰੇ ਕਵਿਤਾ” ਸੱਦਿਆ। ਯਹੋਵਾਹ ਹੀ ਸਿਰਜਣਹਾਰ ਹੈ, ਉਹੀ ਇਕੱਲਾ ਭਵਿੱਖ ਬਾਰੇ ਅਤੇ ਇਸਰਾਏਲ ਦੇ ਛੁਟਕਾਰੇ ਬਾਰੇ ਦੱਸ ਸਕਦਾ ਸੀ। ਇਹ ਆਇਤਾਂ ਉਸ ਬੰਦੇ ਦਾ ਨਾਂ ਦਿੰਦੀਆਂ ਹਨ ਜਿਸ ਨੇ ਕੌਮ ਨੂੰ ਬਾਬਲ ਤੋਂ ਛੁਡਾਉਣਾ ਸੀ।
20 “ਯਹੋਵਾਹ ਤੇਰਾ ਛੁਡਾਉਣ ਵਾਲਾ, ਤੇਰਾ ਕੁੱਖ ਤੋਂ ਸਾਜਣਹਾਰ ਇਉਂ ਆਖਦਾ ਹੈ, ਮੈਂ ਯਹੋਵਾਹ ਸਾਰੀਆਂ ਚੀਜ਼ਾਂ ਦਾ ਕਰਤਾ ਹਾਂ, ਮੈਂ ਇਕੱਲਾ ਅਕਾਸ਼ਾਂ ਦਾ ਤਾਣਨ ਵਾਲਾ ਹਾਂ, ਅਤੇ ਮੈਂ ਆਪ ਹੀ ਤਾਂ ਧਰਤੀ ਦਾ ਵਿਛਾਉਣ ਵਾਲਾ ਹਾਂ। ਮੈਂ ਗੱਪੀਆਂ ਦੇ ਨਿਸ਼ਾਨ ਵਿਅਰਥ ਕਰਦਾ ਹਾਂ, ਅਤੇ ਢਾਲ ਪਾਉਣ ਵਾਲਿਆਂ ਨੂੰ ਉੱਲੂ ਬਣਾਉਂਦਾ ਹਾਂ, ਮੈਂ ਸਿਆਣਿਆਂ ਨੂੰ ਪਿੱਛੇ ਹਟਾਉਂਦਾ, ਅਤੇ ਓਹਨਾਂ ਦਾ ਗਿਆਨ ਬੇਵਕੂਫੀ ਬਣਾਉਂਦਾ ਹਾਂ। ਮੈਂ ਆਪਣੇ ਦਾਸ ਦੇ ਬਚਨ ਕਾਇਮ ਰੱਖਦਾ, ਅਤੇ ਆਪਣੇ ਦੂਤਾਂ ਦੀ ਸਲਾਹ ਪੂਰੀ ਕਰਦਾ ਹਾਂ, ਮੈਂ ਜੋ ਯਰੂਸ਼ਲਮ ਦੇ ਵਿੱਖੇ ਆਖਦਾ ਹਾਂ, ਉਹ ਆਬਾਦ ਹੋ ਜਾਵੇਗਾ, ਅਤੇ ਯਹੂਦਾਹ ਦੇ ਸ਼ਹਿਰਾਂ ਦੇ ਵਿਖੇ, ਓਹ ਉਸਾਰੇ ਜਾਣਗੇ ਅਰ ਮੈਂ ਉਨ੍ਹਾਂ ਦੇ ਖੋਲਿਆਂ ਨੂੰ ਖੜਾ ਕਰਾਂਗਾ,—ਮੈਂ ਜੋ ਸਾਗਰ ਨੂੰ ਆਖਦਾ ਹਾਂ, ਸੁੱਕ ਜਾਹ! ਅਤੇ ਮੈਂ ਤੇਰੀਆਂ ਨਦੀਆਂ ਨੂੰ ਵੀ ਸੁਕਾ ਦਿਆਂਗਾ। ਮੈਂ ਜੋ ਖੋਰੁਸ ਵਿਖੇ ਆਖਦਾ ਹਾਂ, ਉਹ ਮੇਰਾ ਅਯਾਲੀ ਹੈ, ਅਤੇ ਉਹ ਮੇਰੀ ਸਾਰੀ ਇੱਛਿਆ ਪੁਰੀ ਕਰੇਗਾ, ਭਈ ਉਹ ਯਰੂਸ਼ਲਮ ਦੇ ਵਿਖੇ ਆਖੇ, ਉਹ ਉਸਾਰਿਆ ਜਾਵੇਗਾ, ਅਤੇ ਹੈਕਲ ਦੀ ਨੀਂਹ ਰੱਖੀ ਜਾਵੇਗੀ।”—ਯਸਾਯਾਹ 44:24-28.
21. ਯਹੋਵਾਹ ਦੇ ਸ਼ਬਦਾਂ ਨੇ ਕਿਹੜੀ ਗਾਰੰਟੀ ਦਿੱਤੀ ਸੀ?
21 ਜੀ ਹਾਂ, ਯਹੋਵਾਹ ਨਾ ਸਿਰਫ਼ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸ ਸਕਦਾ ਹੈ, ਪਰ ਉਹ ਆਪਣਾ ਮਕਸਦ ਹਰ ਤਰ੍ਹਾਂ ਪੂਰਾ ਵੀ ਕਰ ਸਕਦਾ ਹੈ। ਇਸ ਐਲਾਨ ਨੇ ਇਸਰਾਏਲ ਨੂੰ ਉਮੀਦ ਦਿੱਤੀ ਸੀ। ਇਹ ਇਕ ਗਾਰੰਟੀ ਸੀ ਕਿ ਭਾਵੇਂ ਬਾਬਲੀ ਫ਼ੌਜਾਂ ਨੇ ਦੇਸ਼ ਨੂੰ ਵਿਰਾਨ ਕਰ ਦੇਣਾ ਸੀ, ਯਰੂਸ਼ਲਮ ਅਤੇ ਉਸ ਦੇ ਆਲੇ ਦੁਆਲੇ ਦੇ ਸ਼ਹਿਰ ਫਿਰ ਵਸਾਏ ਜਾਣੇ ਸਨ ਅਤੇ ਸੱਚੀ ਉਪਾਸਨਾ ਉੱਥੇ ਦੁਬਾਰਾ ਸ਼ੁਰੂ ਕੀਤੀ ਜਾਣੀ ਸੀ। ਪਰ ਇਹ ਕਿਵੇਂ ਹੋਣਾ ਸੀ?
22. ਇਹ ਸਮਝਾਓ ਕਿ ਫਰਾਤ ਦਰਿਆ ਕਿਵੇਂ ਸੁੱਕ ਗਿਆ ਸੀ।
22 ਆਮ ਤੌਰ ਤੇ ਜੋਤਸ਼ੀ ਭਵਿੱਖ ਬਾਰੇ ਬਹੁਤਾ ਕੁਝ ਨਹੀਂ ਦੱਸਦੇ ਕਿਉਂਕਿ ਉਹ ਡਰਦੇ ਹਨ ਕਿ ਉਨ੍ਹਾਂ ਦੀਆਂ ਗੱਲਾਂ ਉਨ੍ਹਾਂ ਨੂੰ ਗ਼ਲਤ ਨਾ ਸਾਬਤ ਕਰ ਦੇਣ। ਪਰ ਇਸ ਤੋਂ ਉਲਟ ਯਸਾਯਾਹ ਰਾਹੀਂ ਯਹੋਵਾਹ ਨੇ ਉਸ ਬੰਦੇ ਦਾ ਨਾਂ ਵੀ ਦੱਸਿਆ ਸੀ ਜਿਸ ਨੂੰ ਉਹ ਆਪਣੇ ਲੋਕਾਂ ਨੂੰ ਗ਼ੁਲਾਮੀ ਤੋਂ ਛੁਡਾਉਣ ਲਈ ਵਰਤੇਗਾ ਤਾਂਕਿ ਉਹ ਘਰ ਵਾਪਸ ਜਾ ਕੇ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਦੁਬਾਰਾ ਉਸਾਰ ਸਕਣ। ਉਸ ਦਾ ਨਾਂ ਖੋਰੁਸ (ਖੋਰਸ) ਸੀ, ਅਤੇ ਉਹ ਫ਼ਾਰਸ ਦੇ ਖੋਰਸ ਮਹਾਨ ਵਜੋਂ ਜਾਣਿਆ ਗਿਆ ਸੀ। ਯਹੋਵਾਹ ਨੇ ਇਹ ਵੀ ਦੱਸਿਆ ਸੀ ਕਿ ਬਾਬਲ ਦੀ ਵੱਡੀ ਕਿਲਾਬੰਦੀ ਦੇ ਬਾਵਜੂਦ ਖੋਰਸ ਉਸ ਸ਼ਹਿਰ ਵਿਚ ਕਿਸ ਤਰ੍ਹਾਂ ਵੜ ਸਕੇਗਾ। ਵੱਡੀਆਂ-ਵੱਡੀਆਂ ਕੰਧਾਂ ਬਾਬਲ ਦੀ ਸੁਰੱਖਿਆ ਕਰਦੀਆਂ ਸਨ ਅਤੇ ਕਈ ਨਦੀਆਂ ਸ਼ਹਿਰ ਦੇ ਵਿਚ ਦੀ ਅਤੇ ਆਲੇ-ਦੁਆਲੇ ਵਹਿੰਦੀਆਂ ਸਨ। ਖੋਰਸ ਨੇ ਫਰਾਤ ਦਰਿਆ ਨੂੰ ਆਪਣੇ ਫ਼ਾਇਦੇ ਲਈ ਇਸਤੇਮਾਲ ਕਰਨਾ ਸੀ। ਹੈਰੋਡੋਟਸ ਅਤੇ ਜ਼ੈਨੋਫ਼ਨ ਨਾਂ ਦੇ ਪੁਰਾਣੇ ਇਤਿਹਾਸਕਾਰਾਂ ਦੇ ਅਨੁਸਾਰ, ਖੋਰਸ ਨੇ ਫਰਾਤ ਦਰਿਆ ਦੇ ਪਾਣੀਆਂ ਨੂੰ ਮੋੜ ਦਿੱਤਾ, ਜਿਸ ਕਰਕੇ ਸ਼ਹਿਰ ਦੁਆਲੇ ਪਾਣੀ ਘੱਟ ਗਿਆ ਅਤੇ ਉਸ ਦੇ ਫ਼ੌਜੀ ਖਾਈ ਪਾਰ ਕਰ ਸਕੇ। ਇਸ ਲਈ ਕਿਹਾ ਜਾ ਸਕਦਾ ਹੈ ਕਿ ਪਾਣੀ ਸੁੱਕ ਗਿਆ ਸੀ ਕਿਉਂਕਿ ਫਰਾਤ ਦਰਿਆ ਬਾਬਲ ਨੂੰ ਨਹੀਂ ਬਚਾ ਸਕਿਆ।
23. ਕਿਹੜਾ ਸਰਕਾਰੀ ਐਲਾਨ ਦਿਖਾਉਂਦਾ ਹੈ ਕਿ ਖੋਰਸ ਨੇ ਇਸਰਾਏਲ ਨੂੰ ਛੁਡਾਉਣ ਬਾਰੇ ਭਵਿੱਖਬਾਣੀ ਪੂਰੀ ਕੀਤੀ ਸੀ?
23 ਉਸ ਵਾਅਦੇ ਬਾਰੇ ਕੀ ਕਿ ਖੋਰਸ ਪਰਮੇਸ਼ੁਰ ਦੇ ਲੋਕਾਂ ਨੂੰ ਛੁਡਾਵੇਗਾ ਅਤੇ ਯਰੂਸ਼ਲਮ ਅਤੇ ਉਸ ਦੀ ਹੈਕਲ ਦੁਬਾਰਾ ਉਸਾਰੇ ਜਾਣਗੇ? ਬਾਈਬਲ ਵਿਚ ਲਿਖੇ ਗਏ ਇਕ ਸਰਕਾਰੀ ਐਲਾਨ ਵਿਚ ਖੋਰਸ ਨੇ ਖ਼ੁਦ ਕਿਹਾ: “ਫਾਰਸ ਦਾ ਪਾਤਸ਼ਾਹ ਕੋਰਸ਼ [ਖੋਰਸ] ਇਉਂ ਫਰਮਾਉਂਦਾ ਹੈ ਕਿ ਅਕਾਸ਼ਾਂ ਦੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੇ ਸਰਬੱਤ ਰਾਜ ਮੈਨੂੰ ਦੇ ਦਿੱਤੇ ਹਨ ਅਤੇ ਉਸ ਨੇ ਆਪੇ ਮੈਨੂੰ ਹਦੈਤ ਦਿੱਤੀ ਹੈ ਕਿ ਯਰੂਸ਼ਲਮ ਵਿੱਚ ਜੋ ਯਹੂਦਾਹ ਵਿੱਚ ਹੈ ਉਹ ਦੇ ਲਈ ਇੱਕ ਭਵਨ ਬਣਾਵਾਂ। ਉਹ ਦੀ ਸਾਰੀ ਪਰਜਾ ਵਿੱਚੋਂ ਤੁਹਾਡੇ ਵਿੱਚ ਕੌਣ ਤਿਆਰ ਹੈ? ਉਹ ਦਾ ਪਰਮੇਸ਼ੁਰ ਉਹ ਦੇ ਅੰਗ ਸੰਗ ਹੋਵੇ! ਉਹ ਯਹੂਦਾਹ ਦੇ ਯਰੂਸ਼ਲਮ ਨੂੰ ਜਾਵੇ ਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦਾ ਭਵਨ ਬਣਾਵੇ ਜੋ ਯਰੂਸ਼ਲਮ ਵਿੱਚ ਹੈ ਓਹੋ ਪਰਮੇਸ਼ੁਰ ਹੈ।” (ਅਜ਼ਰਾ 1:2, 3) ਯਸਾਯਾਹ ਰਾਹੀਂ ਯਹੋਵਾਹ ਦਾ ਬਚਨ ਐਨ ਪੂਰਾ ਹੋਇਆ!
ਯਸਾਯਾਹ, ਖੋਰਸ, ਅਤੇ ਅੱਜ ਮਸੀਹੀ
24. “ਯਰੂਸ਼ਲਮ ਦੇ ਦੂਜੀ ਵਾਰ ਉਸਾਰਨ” ਦੀ ਅਰਤਹਸ਼ਸ਼ਤਾ ਦੀ ਆਗਿਆ ਨਿਕਲਣ ਅਤੇ ਮਸੀਹਾ ਦੇ ਆਉਣ ਵਿਚਕਾਰ ਕੀ ਸੰਬੰਧ ਹੈ?
24 ਯਸਾਯਾਹ ਦਾ 44ਵਾਂ ਅਧਿਆਇ ਯਹੋਵਾਹ ਦੀ ਵਡਿਆਈ ਸੱਚੇ ਪਰਮੇਸ਼ੁਰ ਵਜੋਂ ਅਤੇ ਆਪਣੇ ਪ੍ਰਾਚੀਨ ਲੋਕਾਂ ਦੇ ਛੁਡਾਉਣ ਵਾਲੇ ਵਜੋਂ ਕਰਦਾ ਹੈ। ਇਸ ਤੋਂ ਇਲਾਵਾ, ਇਹ ਭਵਿੱਖਬਾਣੀ ਸਾਡੇ ਸਾਰਿਆਂ ਲਈ ਗਹਿਰਾ ਅਰਥ ਰੱਖਦੀ ਹੈ। ਖੋਰਸ ਦਾ ਐਲਾਨ ਕਿ ਯਰੂਸ਼ਲਮ ਦੀ ਹੈਕਲ ਦੁਬਾਰਾ ਉਸਾਰੀ ਜਾਵੇਗੀ 538/537 ਸਾ.ਯੁ.ਪੂ. ਵਿਚ ਕੀਤਾ ਗਿਆ ਸੀ। ਇਸ ਐਲਾਨ ਨੇ ਅਜਿਹੀਆਂ ਘਟਨਾਵਾਂ ਸ਼ੁਰੂ ਕੀਤੀਆਂ ਜਿਸ ਦੇ ਅੰਤ ਵਿਚ ਇਕ ਹੋਰ ਅਨੋਖੀ ਭਵਿੱਖਬਾਣੀ ਦੀ ਪੂਰਤੀ ਵੀ ਹੋਈ। ਖੋਰਸ ਦੇ ਐਲਾਨ ਤੋਂ ਬਾਅਦ ਇਕ ਹੋਰ ਰਾਜੇ ਨੇ ਵੀ ਐਲਾਨ ਕੀਤਾ ਸੀ ਕਿ ਯਰੂਸ਼ਲਮ ਸ਼ਹਿਰ ਦੁਬਾਰਾ ਉਸਾਰਿਆ ਜਾਵੇਗਾ। ਉਸ ਦਾ ਨਾਂ ਅਰਤਹਸ਼ਸ਼ਤਾ ਸੀ। ਦਾਨੀਏਲ ਦੀ ਪੁਸਤਕ ਨੇ ਦੱਸਿਆ ਸੀ ਕਿ “ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿੱਕਲੇਗੀ ਮਸੀਹ ਰਾਜ ਪੁੱਤ੍ਰ ਤੀਕਰ” 69 “ਸਾਤੇ” ਹੋਣਗੇ। (ਦਾਨੀਏਲ 9:24, 25) ਹਰੇਕ ਸਾਤਾ 7 ਸਾਲ ਲੰਬਾ ਸੀ। ਇਹ ਭਵਿੱਖਬਾਣੀ ਵੀ ਪੂਰੀ ਹੋਈ। ਵਾਅਦਾ ਕੀਤੇ ਹੋਏ ਦੇਸ਼ ਵਿਚ ਅਰਤਹਸ਼ਸ਼ਤਾ ਦਾ ਐਲਾਨ ਅਮਲ ਵਿਚ ਆਉਣ ਤੋਂ 483 ਸਾਲ ਬਾਅਦ, ਯਾਨੀ 29 ਸਾ.ਯੁ. ਵਿਚ ਯਿਸੂ ਮਸੀਹ ਨੇ ਬਪਤਿਸਮਾ ਲਿਆ ਅਤੇ ਧਰਤੀ ਉੱਤੇ ਆਪਣੀ ਸੇਵਕਾਈ ਸ਼ੁਰੂ ਕੀਤੀ।a
25. ਖੋਰਸ ਦੇ ਹੱਥੋਂ ਬਾਬਲ ਦੇ ਡਿੱਗਣ ਨੇ ਸਾਡੇ ਜ਼ਮਾਨੇ ਵਿਚ ਕਿਸ ਚੀਜ਼ ਨੂੰ ਦਰਸਾਇਆ ਸੀ?
25 ਵਫ਼ਾਦਾਰ ਯਹੂਦੀਆਂ ਦੇ ਗ਼ੁਲਾਮੀ ਤੋਂ ਛੁੱਟਣ ਕਰਕੇ ਬਾਬਲ ਡਿੱਗ ਪਿਆ ਸੀ, ਅਤੇ ਇਸ ਘਟਨਾ ਨੇ 1919 ਵਿਚ ਰੂਹਾਨੀ ਗ਼ੁਲਾਮੀ ਤੋਂ ਮਸਹ ਕੀਤੇ ਹੋਏ ਮਸੀਹੀਆਂ ਦੇ ਛੁਟਕਾਰੇ ਨੂੰ ਦਰਸਾਇਆ। ਇਹ ਛੁਟਕਾਰਾ ਇਸ ਗੱਲ ਦਾ ਸਬੂਤ ਸੀ ਕਿ ਇਕ ਹੋਰ ਬਾਬੁਲ, ਯਾਨੀ ਵੱਡੀ ਬਾਬੁਲ ਡਿੱਗ ਪਈ ਸੀ। ਬਾਈਬਲ ਵਿਚ ਇਸ ਬਾਬੁਲ ਨੂੰ ਕੰਜਰੀ ਸੱਦਿਆ ਗਿਆ ਹੈ ਅਤੇ ਇਹ ਦੁਨੀਆਂ ਦੇ ਸਾਰੇ ਝੂਠੇ ਧਰਮਾਂ ਨੂੰ ਦਰਸਾਉਂਦੀ ਹੈ। ਪਰਕਾਸ਼ ਦੀ ਪੋਥੀ ਵਿਚ ਯੂਹੰਨਾ ਰਸੂਲ ਨੇ ਉਸ ਦਾ ਡਿੱਗਣਾ ਪਹਿਲਾਂ ਹੀ ਦੇਖਿਆ ਸੀ। (ਪਰਕਾਸ਼ ਦੀ ਪੋਥੀ 14:8) ਉਸ ਨੇ ਇਸ ਸਾਮਰਾਜ ਦਾ ਅਚਾਨਕ ਨਾਸ਼ ਵੀ ਦੇਖਿਆ ਸੀ। ਮੂਰਤੀਆਂ ਨਾਲ ਭਰੇ ਹੋਏ ਉਸ ਵਿਸ਼ਵ ਸਾਮਰਾਜ ਦੇ ਨਾਸ਼ ਬਾਰੇ ਯੂਹੰਨਾ ਦਾ ਬਿਰਤਾਂਤ ਕੁਝ ਤਰੀਕਿਆਂ ਵਿਚ ਬਾਬਲ ਦੇ ਪੁਰਾਣੇ ਸ਼ਹਿਰ ਉੱਤੇ ਖੋਰਸ ਦੀ ਜਿੱਤ ਬਾਰੇ ਯਸਾਯਾਹ ਦੇ ਬਿਰਤਾਂਤ ਨਾਲ ਮੇਲ ਖਾਂਦਾ ਹੈ। ਠੀਕ ਜਿਵੇਂ ਬਾਬਲ ਦੀਆਂ ਨਦੀਆਂ ਨੇ ਉਸ ਨੂੰ ਖੋਰਸ ਤੋਂ ਨਹੀਂ ਬਚਾਇਆ ਸੀ, ਮਨੁੱਖਜਾਤੀ ਦੇ “ਪਾਣੀ” ਜੋ ਵੱਡੀ ਬਾਬੁਲ ਨੂੰ ਸਹਾਰਾ ਦਿੰਦੇ ਹਨ ਅਤੇ ਉਸ ਦੀ ਸੁਰੱਖਿਆ ਕਰਦੇ ਹਨ, ਉਸ ਦੇ ਨਾਸ਼ ਤੋਂ ਪਹਿਲਾਂ “ਸੁੱਕ” ਜਾਣਗੇ।—ਪਰਕਾਸ਼ ਦੀ ਪੋਥੀ 16:12.b
26. ਯਸਾਯਾਹ ਦੀ ਭਵਿੱਖਬਾਣੀ ਅਤੇ ਉਸ ਦੀ ਪੂਰਤੀ ਸਾਡੀ ਨਿਹਚਾ ਕਿਵੇਂ ਮਜ਼ਬੂਤ ਕਰਦੀ ਹੈ?
26 ਅੱਜ ਯਸਾਯਾਹ ਦੇ ਭਵਿੱਖਬਾਣੀ ਕਰਨ ਤੋਂ ਢਾਈ ਹਜ਼ਾਰ ਸਾਲ ਬਾਅਦ, ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਵਾਕਈ ‘ਆਪਣੇ ਦਾਸਾਂ ਦੀ ਸਲਾਹ ਪੂਰੀ ਕਰਦਾ ਹੈ।’ (ਯਸਾਯਾਹ 44:26) ਇਸ ਲਈ ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਇਕ ਵਧੀਆ ਮਿਸਾਲ ਹੈ ਕਿ ਪਵਿੱਤਰ ਬਾਈਬਲ ਵਿਚ ਸਾਰੀਆਂ ਭਵਿੱਖਬਾਣੀਆਂ ਉੱਤੇ ਭਰੋਸਾ ਰੱਖਿਆ ਜਾ ਸਕਦਾ ਹੈ।
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਪੁਸਤਕ ਦਾ 11ਵਾਂ ਅਧਿਆਇ ਦੇਖੋ।
b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਦੇ 35ਵੇਂ ਅਤੇ 36ਵੇਂ ਅਧਿਆਏ ਦੇਖੋ।
[ਸਫ਼ਾ 63 ਉੱਤੇ ਤਸਵੀਰ]
ਕੀ ਬਾਲਣ ਕਿਸੇ ਨੂੰ ਬਚਾ ਸਕਦਾ ਹੈ?
[ਸਫ਼ਾ 75 ਉੱਤੇ ਤਸਵੀਰ]
ਖੋਰਸ ਨੇ ਫਰਾਤ ਦਰਿਆ ਦਾ ਪਾਣੀ ਮੋੜ ਕੇ ਭਵਿੱਖਬਾਣੀ ਪੂਰੀ ਕੀਤੀ ਸੀ