ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਸੱਚਾਈ ਵਿਚ ਤਰੱਕੀ ਕਰਨ ਦੀ ਲੋੜ ਹੈ?
“ਮੇਰੇ ਆਉਣ ਤਕ ਦੂਸਰਿਆਂ ਨੂੰ ਲਗਨ ਨਾਲ ਧਰਮ-ਗ੍ਰੰਥ ਪੜ੍ਹ ਕੇ ਸੁਣਾਉਣ ਅਤੇ ਨਸੀਹਤ ਤੇ ਸਿੱਖਿਆ ਦੇਣ ਵਿਚ ਲੱਗਾ ਰਹਿ।”—1 ਤਿਮੋ. 4:13.
1, 2. (ੳ) ਆਖ਼ਰੀ ਦਿਨਾਂ ਵਿਚ ਯਸਾਯਾਹ 60:22 ਦੀ ਭਵਿੱਖਬਾਣੀ ਕਿਵੇਂ ਪੂਰੀ ਹੋ ਰਹੀ ਹੈ? (ਅ) ਅੱਜ ਧਰਤੀ ਉੱਤੇ ਯਹੋਵਾਹ ਦੇ ਸੰਗਠਨ ਵਿਚ ਕਿਹੜੀਆਂ ਲੋੜਾਂ ਹਨ?
“ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਅਤੇ ਛੋਟਾ ਇੱਕ ਬਲਵੰਤ ਕੌਮ।” (ਯਸਾ. 60:22) ਇਨ੍ਹਾਂ ਆਖ਼ਰੀ ਦਿਨਾਂ ਵਿਚ ਇਹ ਭਵਿੱਖਬਾਣੀ ਪੂਰੀ ਹੋ ਰਹੀ ਹੈ। ਦਰਅਸਲ 2015 ਦੇ ਸੇਵਾ ਸਾਲ ਦੌਰਾਨ 82,20,105 ਪ੍ਰਚਾਰਕਾਂ ਨੇ ਪੂਰੀ ਦੁਨੀਆਂ ਵਿਚ ਪ੍ਰਚਾਰ ਕੀਤਾ। ਇਸ ਭਵਿੱਖਬਾਣੀ ਦੇ ਆਖ਼ਰੀ ਸ਼ਬਦਾਂ ਦਾ ਸਾਡੇ ਸਾਰਿਆਂ ʼਤੇ ਅਸਰ ਪੈਣਾ ਚਾਹੀਦਾ ਹੈ ਕਿਉਂਕਿ ਸਾਡੇ ਸਵਰਗੀ ਪਿਤਾ ਨੇ ਕਿਹਾ ਸੀ: “ਮੈਂ ਯਹੋਵਾਹ ਵੇਲੇ ਸਿਰ ਏਹ ਨੂੰ ਛੇਤੀ ਕਰਾਂਗਾ।” ਕੀ ਅਸੀਂ ਪ੍ਰਚਾਰ ਦੇ ਕੰਮ ਵਿਚ ਆਪਣੀ ਪੂਰੀ ਵਾਹ ਲਾ ਰਹੇ ਹਾਂ? ਬਹੁਤ ਸਾਰੇ ਭੈਣ-ਭਰਾ ਔਗਜ਼ੀਲਰੀ ਜਾਂ ਰੈਗੂਲਰ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਰਹੇ ਹਨ। ਨਾਲੇ ਸਾਨੂੰ ਇਸ ਗੱਲ ਕਰਕੇ ਵੀ ਖ਼ੁਸ਼ੀ ਹੁੰਦੀ ਹੈ ਕਿ ਕਿੰਨੇ ਹੀ ਭੈਣ-ਭਰਾ ਉੱਥੇ ਜਾ ਕੇ ਸੇਵਾ ਕਰ ਰਹੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਅਤੇ ਕਿੰਗਡਮ ਹਾਲ ਬਣਾਉਣ ਵਿਚ ਹੱਥ ਵਟਾ ਰਹੇ ਹਨ।
2 ਪਰ ਸਾਨੂੰ ਹੋਰ ਵੀ ਵਾਢਿਆਂ ਦੀ ਲੋੜ ਹੈ। ਹਰ ਸਾਲ ਲਗਭਗ 2,000 ਮੰਡਲੀਆਂ ਸ਼ੁਰੂ ਕੀਤੀਆਂ ਜਾਂਦੀਆਂ ਹਨ। ਮੰਨ ਲਓ, ਜੇ ਹਰ ਨਵੀਂ ਮੰਡਲੀ ਵਿਚ 5 ਬਜ਼ੁਰਗ ਚਾਹੀਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਹਰ ਸਾਲ 10,000 ਸਹਾਇਕ ਸੇਵਕਾਂ ਨੂੰ ਬਜ਼ੁਰਗ ਬਣਨ ਦੀ ਲੋੜ ਹੈ। ਨਾਲੇ ਹਜ਼ਾਰਾਂ ਹੀ ਭਰਾਵਾਂ ਨੂੰ ਸਹਾਇਕ ਸੇਵਕ ਬਣਨ ਦੀ ਲੋੜ ਹੈ। ਸੋ ਚਾਹੇ ਅਸੀਂ ਭੈਣ ਹੋਈਏ ਜਾਂ ਭਰਾ, ਸਾਡੇ ਸਾਰਿਆਂ ਲਈ “ਪ੍ਰਭੂ ਦੇ ਕੰਮ ਵਿਚ” ਅਜੇ ਬਹੁਤ ਕੰਮ ਬਾਕੀ ਪਿਆ ਹੋਇਆ ਹੈ।—1 ਕੁਰਿੰ. 15:58.
ਸੱਚਾਈ ਵਿਚ ਤਰੱਕੀ ਕਰਨ ਦਾ ਕੀ ਮਤਲਬ ਹੈ?
3, 4. ਤੁਹਾਨੂੰ ਕੀ ਲੱਗਦਾ ਕਿ ਸੱਚਾਈ ਵਿਚ ਤਰੱਕੀ ਕਰਨ ਦਾ ਮਤਲਬ ਕੀ ਹੈ?
3 ਪਹਿਲਾ ਤਿਮੋਥਿਉਸ 3:1 ਪੜ੍ਹੋ। ਯੂਨਾਨੀ ਭਾਸ਼ਾ ਵਿਚ “ਯੋਗ ਬਣਨ” ਦਾ ਮਤਲਬ ਹੈ ਕਿ ਉਸ ਚੀਜ਼ ਨੂੰ ਫੜਨ ਦੀ ਕੋਸ਼ਿਸ਼ ਕਰਨੀ ਜੋ ਸ਼ਾਇਦ ਪਹੁੰਚ ਤੋਂ ਬਾਹਰ ਹੋਵੇ। ਇਹ ਸ਼ਬਦ ਵਰਤ ਕੇ ਪੌਲੁਸ ਨੇ ਦਿਖਾਇਆ ਕਿ ਸੱਚਾਈ ਵਿਚ ਤਰੱਕੀ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਹਨਤ ਕਰਨ ਦੀ ਲੋੜ ਹੈ। ਉਸ ਭਰਾ ਬਾਰੇ ਸੋਚੋ ਜੋ ਮੰਡਲੀ ਵਿਚ ਹੋਰ ਜ਼ਿੰਮੇਵਾਰੀਆਂ ਲੈਣ ਬਾਰੇ ਸੋਚ ਰਿਹਾ ਹੈ। ਸ਼ਾਇਦ ਉਹ ਹਾਲੇ ਸਹਾਇਕ ਸੇਵਕ ਵਜੋਂ ਸੇਵਾ ਨਹੀਂ ਕਰ ਰਿਹਾ। ਪਰ ਉਸ ਨੂੰ ਪਤਾ ਹੈ ਕਿ ਉਸ ਨੂੰ ਆਪਣੇ ਵਿਚ ਪਰਮੇਸ਼ੁਰੀ ਗੁਣਾਂ ਵਿਚ ਸੁਧਾਰ ਕਰਨ ਦੀ ਲੋੜ ਹੈ। ਪਹਿਲਾ, ਉਹ ਸਹਾਇਕ ਸੇਵਕ ਦੇ ਯੋਗ ਬਣਨ ਦੀ ਕੋਸ਼ਿਸ਼ ਕਰਦਾ ਹੈ। ਫਿਰ ਸਮੇਂ ਦੇ ਬੀਤਣ ਨਾਲ ਉਹ ਹੋਰ ਤਰੱਕੀ ਕਰਦਾ ਰਹਿੰਦਾ ਹੈ ਤਾਂਕਿ ਉਹ ਇਕ ਦਿਨ ਨਿਗਾਹਬਾਨ ਵਜੋਂ ਸੇਵਾ ਕਰ ਸਕੇ। ਦੋਨੋਂ ਮਾਮਲਿਆਂ ਵਿਚ ਉਸ ਭਰਾ ਨੂੰ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ।
4 ਇੱਦਾਂ ਹੀ ਜਿਹੜੇ ਭੈਣ-ਭਰਾ ਪਾਇਨੀਅਰਿੰਗ ਕਰਨੀ, ਬੈਥਲ ਵਿਚ ਸੇਵਾ ਕਰਨੀ ਜਾਂ ਕਿੰਗਡਮ ਹਾਲਾਂ ਨੂੰ ਬਣਾਉਣ ਵਿਚ ਹਿੱਸਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਆਓ ਆਪਾਂ ਦੇਖੀਏ ਕਿ ਸੱਚਾਈ ਵਿਚ ਤਰੱਕੀ ਕਰਦੇ ਰਹਿਣ ਬਾਰੇ ਪਰਮੇਸ਼ੁਰ ਦਾ ਬਚਨ ਸਾਨੂੰ ਸਾਰਿਆਂ ਨੂੰ ਕੀ ਕਹਿੰਦਾ ਹੈ।
ਸੱਚਾਈ ਵਿਚ ਹੋਰ ਤਰੱਕੀ ਕਰਨ ਦੀ ਕੋਸ਼ਿਸ਼ ਕਰੋ
5. ਯਹੋਵਾਹ ਦੀ ਸੇਵਾ ਵਿਚ ਨੌਜਵਾਨ ਆਪਣਾ ਬਲ ਕਿਵੇਂ ਲਾ ਸਕਦੇ ਹਨ?
5 ਨੌਜਵਾਨਾਂ ਵਿਚ ਬਹੁਤ ਬਲ ਹੁੰਦਾ ਹੈ ਜਿਸ ਕਰਕੇ ਉਹ ਯਹੋਵਾਹ ਦੀ ਸੇਵਾ ਵਿਚ ਬਹੁਤ ਕੁਝ ਕਰ ਸਕਦੇ ਹਨ। (ਕਹਾਉਤਾਂ 20:29 ਪੜ੍ਹੋ।) ਕੁਝ ਨੌਜਵਾਨ ਬੈਥਲ ਵਿਚ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਛਾਪਣ ਅਤੇ ਜਿਲਦਾਂ ਬੰਨ੍ਹਣ ਵਿਚ ਮਦਦ ਕਰਦੇ ਹਨ। ਬਹੁਤ ਸਾਰੇ ਨੌਜਵਾਨ ਕਿੰਗਡਮ ਹਾਲ ਬਣਾਉਣ ਅਤੇ ਇਨ੍ਹਾਂ ਦੀ ਮੁਰੰਮਤ ਕਰਨ ਵਿਚ ਹਿੱਸਾ ਲੈਂਦੇ ਹਨ। ਜਦੋਂ ਕੁਦਰਤੀ ਆਫ਼ਤਾਂ ਕਰਕੇ ਨੁਕਸਾਨ ਹੁੰਦਾ ਹੈ, ਤਾਂ ਨੌਜਵਾਨ ਉੱਥੇ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਤਜਰਬੇਕਾਰ ਭੈਣਾਂ-ਭਰਾਵਾਂ ਨਾਲ ਮਿਲ ਕੇ ਕੰਮ ਕਰਦੇ ਹਨ। ਨਾਲੇ ਬਹੁਤ ਸਾਰੇ ਨੌਜਵਾਨ ਪਾਇਨੀਅਰ ਹੋਰ ਭਾਸ਼ਾ ਵਿਚ ਪ੍ਰਚਾਰ ਕਰਨ ਲਈ ਨਵੀਂ ਭਾਸ਼ਾ ਸਿੱਖਦੇ ਹਨ ਜਾਂ ਕਿਸੇ ਦੂਰ ਇਲਾਕੇ ਵਿਚ ਜਾ ਕੇ ਪ੍ਰਚਾਰ ਕਰਦੇ ਹਨ।
6-8. (ੳ) ਇਕ ਨੌਜਵਾਨ ਭਰਾ ਨੇ ਯਹੋਵਾਹ ਦੀ ਸੇਵਾ ਪ੍ਰਤੀ ਆਪਣੀ ਸੋਚ ਕਿਵੇਂ ਬਦਲੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ? (ਅ) ਅਸੀਂ ਕਿਵੇਂ ‘ਚੱਖ ਕੇ ਵੇਖ’ ਸਕਦੇ ਹਾਂ ਕਿ “ਯਹੋਵਾਹ ਭਲਾ ਹੈ”?
6 ਬਿਨਾਂ ਸ਼ੱਕ ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ ਅਤੇ ਪੂਰੇ ਜੀ-ਜਾਨ ਨਾਲ ਉਸ ਦੀ ਸੇਵਾ ਕਰਨੀ ਚਾਹੁੰਦੇ ਹੋ। ਪਰ ਸ਼ਾਇਦ ਤੁਸੀਂ ਏਰਨ ਨਾਂ ਦੇ ਭਰਾ ਵਾਂਗ ਮਹਿਸੂਸ ਕਰੋ ਜਿਸ ਨੂੰ ਪਹਿਲਾਂ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ੀ ਨਹੀਂ ਸੀ ਮਿਲਦੀ। ਭਾਵੇਂ ਉਸ ਦੀ ਪਰਵਰਿਸ਼ ਸੱਚਾਈ ਵਿਚ ਹੋਈ ਸੀ, ਪਰ ਉਹ ਕਹਿੰਦਾ ਹੈ: “ਮੀਟਿੰਗਾਂ ਅਤੇ ਪ੍ਰਚਾਰ ʼਤੇ ਜਾ ਕੇ ਮੈਨੂੰ ਮਜ਼ਾ ਨਹੀਂ ਸੀ ਆਉਂਦਾ।” ਉਹ ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀ ਪਾਉਣਾ ਚਾਹੁੰਦਾ ਸੀ, ਪਰ ਉਹ ਸੋਚਦਾ ਸੀ ਕਿ ਉਸ ਨੂੰ ਖ਼ੁਸ਼ੀ ਕਿਉਂ ਨਹੀਂ ਮਿਲਦੀ। ਫਿਰ ਉਸ ਨੇ ਕੀ ਕੀਤਾ?
7 ਏਰਨ ਨੇ ਰੋਜ਼ ਬਾਈਬਲ ਪੜ੍ਹਨੀ, ਸਭਾਵਾਂ ਦੀ ਤਿਆਰੀ ਕਰਨੀ ਅਤੇ ਟਿੱਪਣੀਆਂ ਦੇਣੀਆਂ ਸ਼ੁਰੂ ਕੀਤੀਆਂ। ਪਰ ਖ਼ਾਸ ਕਰਕੇ ਉਸ ਨੇ ਲਗਾਤਾਰ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਜਿੱਦਾਂ-ਜਿੱਦਾਂ ਉਸ ਦਾ ਯਹੋਵਾਹ ਲਈ ਪਿਆਰ ਗਹਿਰਾ ਹੁੰਦਾ ਗਿਆ, ਉੱਦਾਂ-ਉੱਦਾਂ ਉਸ ਨੇ ਸੱਚਾਈ ਵਿਚ ਤਰੱਕੀ ਕਰਨੀ ਸ਼ੁਰੂ ਕੀਤੀ। ਉਸ ਤੋਂ ਬਾਅਦ ਏਰਨ ਨੂੰ ਪਾਇਨੀਅਰਿੰਗ ਕਰ ਕੇ, ਕੁਦਰਤੀ ਆਫ਼ਤਾਂ ਦੇ ਸ਼ਿਕਾਰ ਭੈਣਾਂ-ਭਰਾਵਾਂ ਦੀ ਮਦਦ ਕਰ ਕੇ ਅਤੇ ਕਿਸੇ ਹੋਰ ਦੇਸ਼ ਵਿਚ ਪ੍ਰਚਾਰ ਕਰ ਕੇ ਖ਼ੁਸ਼ੀ ਮਿਲੀ। ਏਰਨ ਹੁਣ ਬੈਥਲ ਵਿਚ ਸੇਵਾ ਕਰਨ ਦੇ ਨਾਲ-ਨਾਲ ਬਜ਼ੁਰਗ ਵਜੋਂ ਵੀ ਸੇਵਾ ਕਰ ਰਿਹਾ ਹੈ। ਹੁਣ ਉਸ ਨੂੰ ਯਹੋਵਾਹ ਦੀ ਸੇਵਾ ਕਰ ਕੇ ਕਿੱਦਾਂ ਲੱਗਦਾ ਹੈ? ਉਸ ਨੇ ਕਿਹਾ: “ਮੈਂ ‘ਚੱਖਿਆ ਤੇ ਵੇਖਿਆ ਭਈ ਯਹੋਵਾਹ ਭਲਾ ਹੈ।’ ਯਹੋਵਾਹ ਨੇ ਮੈਨੂੰ ਇੰਨੀਆਂ ਬਰਕਤਾਂ ਦਿੱਤੀਆਂ ਹਨ ਕਿ ਮੈਂ ਉਸ ਦਾ ਦੇਣਾ ਕਦੀ ਨਹੀਂ ਦੇ ਸਕਦਾ। ਇਸ ਕਰਕੇ ਮੈਂ ਹੋਰ ਵੀ ਵਧ-ਚੜ੍ਹ ਕੇ ਉਸ ਦੀ ਸੇਵਾ ਕਰਨੀ ਚਾਹੁੰਦਾ ਹਾਂ। ਯਹੋਵਾਹ ਮੈਨੂੰ ਜ਼ਰੂਰ ਹੋਰ ਬਰਕਤਾਂ ਦੇਵੇਗਾ।”
8 ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਯਹੋਵਾਹ ਦੇ ਤਾਲਿਬਾਂ ਨੂੰ ਕਿਸੇ ਚੰਗੀ ਵਸਤ ਦੀ ਥੁੜ ਨਹੀਂ ਹੋਵੇਗੀ।” (ਜ਼ਬੂਰਾਂ ਦੀ ਪੋਥੀ 34:8-10 ਪੜ੍ਹੋ।) ਇਹ ਗੱਲ ਬਿਲਕੁਲ ਸੱਚ ਹੈ ਕਿ ਯਹੋਵਾਹ ਉਨ੍ਹਾਂ ਸੇਵਕਾਂ ਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਆਉਣ ਦਿੰਦਾ ਜੋ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਦੇ ਹਨ। ਜਦੋਂ ਅਸੀਂ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਦੇ ਹਾਂ, ਤਾਂ ਅਸੀਂ ਵੀ ਕਹਿ ਸਕਦੇ ਹਾਂ ਕਿ ਅਸੀਂ ‘ਚੱਖਿਆ ਤੇ ਵੇਖਿਆ ਭਈ ਯਹੋਵਾਹ ਭਲਾ ਹੈ।’ ਨਾਲੇ ਅਸੀਂ ਆਪਣੀ ਖ਼ੁਸ਼ੀ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ ਜਦੋਂ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਭਗਤੀ ਕਰਦੇ ਹਾਂ।
ਹਾਰ ਮੰਨੇ ਬਿਨਾਂ ਤਰੱਕੀ ਕਰਦੇ ਰਹੋ
9, 10. “ਉਡੀਕ” ਕਰਨੀ ਕਿਉਂ ਜ਼ਰੂਰੀ ਹੈ?
9 ਸ਼ਾਇਦ ਅਸੀਂ ਯਹੋਵਾਹ ਦੀ ਸੇਵਾ ਹੋਰ ਜ਼ਿਆਦਾ ਕਰਨੀ ਚਾਹੀਏ। ਪਰ ਹੋ ਸਕਦਾ ਹੈ ਕਿ ਅਸੀਂ ਬਹੁਤ ਸਮੇਂ ਤੋਂ ਆਪਣੇ ਹਾਲਾਤਾਂ ਦੇ ਬਦਲਣ ਦਾ ਜਾਂ ਮੰਡਲੀ ਵਿਚ ਕੋਈ ਜ਼ਿੰਮੇਵਾਰੀ ਮਿਲਣ ਦਾ ਇੰਤਜ਼ਾਰ ਕਰ ਰਹੇ ਹੋਈਏ। ਯਹੋਵਾਹ ਸ਼ਾਇਦ ਚਾਹੁੰਦਾ ਹੈ ਕਿ ਅਸੀਂ ਹੋਰ ਵੀ “ਉਡੀਕ” ਕਰੀਏ। (ਮੀਕਾ. 7:7) ਭਾਵੇਂ ਕਿ ਯਹੋਵਾਹ ਸਾਡੇ ਹਾਲਾਤ ਸ਼ਾਇਦ ਨਾ ਬਦਲੇ, ਪਰ ਅਸੀਂ ਇਹ ਉਮੀਦ ਜ਼ਰੂਰ ਰੱਖ ਸਕਦੇ ਹਾਂ ਕਿ ਉਹ ਹਮੇਸ਼ਾ ਸਾਡਾ ਸਾਥ ਦੇਵੇਗਾ। ਉਸ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ ਕਿ ਉਸ ਦੇ ਘਰ ਬੇਟਾ ਹੋਵੇਗਾ, ਪਰ ਅਬਰਾਹਾਮ ਨੂੰ ਨਿਹਚਾ ਅਤੇ ਧੀਰਜ ਰੱਖਣ ਦੀ ਲੋੜ ਸੀ। (ਇਬ. 6:12-15) ਅਬਰਾਹਾਮ ਨੇ ਇਸਹਾਕ ਦੇ ਪੈਦਾ ਹੋਣ ਦਾ ਬਹੁਤ ਸਾਲਾਂ ਤਕ ਇੰਤਜ਼ਾਰ ਕੀਤਾ, ਪਰ ਉਸ ਨੇ ਆਪਣਾ ਦਿਲ ਨਹੀਂ ਛੱਡਿਆ। ਨਾਲੇ ਯਹੋਵਾਹ ਵੀ ਆਪਣੇ ਵਾਅਦੇ ਤੋਂ ਮੁਕਰਿਆ ਨਹੀਂ।—ਉਤ. 15:3, 4; 21:5.
10 ਪਰ ਉਡੀਕ ਕਰਨੀ ਸੌਖੀ ਨਹੀਂ ਹੁੰਦੀ। (ਕਹਾ. 13:12) ਜੇ ਅਸੀਂ ਆਪਣੇ ਹਾਲਾਤਾਂ ਬਾਰੇ ਸੋਚਦੇ ਰਹਿੰਦੇ ਹਾਂ ਜਾਂ ਇਸ ਗੱਲ ਨੂੰ ਲੈ ਕੇ ਬਹਿ ਜਾਂਦੇ ਹਾਂ ਕਿ ਸਾਨੂੰ ਮੰਡਲੀ ਵਿਚ ਕੋਈ ਜ਼ਿੰਮੇਵਾਰੀ ਕਿਉਂ ਨਹੀਂ ਮਿਲਦੀ, ਤਾਂ ਅਸੀਂ ਬਹੁਤ ਨਿਰਾਸ਼ ਹੋ ਸਕਦੇ ਹਾਂ। ਇੱਦਾਂ ਕਰਨ ਦੀ ਬਜਾਇ ਚੰਗਾ ਹੋਵੇਗਾ ਜੇ ਅਸੀਂ ਇਹ ਸਮਾਂ ਪਰਮੇਸ਼ੁਰੀ ਗੁਣਾਂ ਵਿਚ ਨਿਖਾਰ ਲਿਆਉਣ ਲਈ ਵਰਤੀਏ। ਆਓ ਆਪਾਂ ਤਿੰਨ ਗੱਲਾਂ ʼਤੇ ਗੌਰ ਕਰੀਏ ਜੋ ਸਾਡੀ ਇੱਦਾਂ ਕਰਨ ਵਿਚ ਮਦਦ ਕਰ ਸਕਦੀਆਂ ਹਨ।
11. ਸਾਨੂੰ ਕਿਹੜੇ ਪਰਮੇਸ਼ੁਰੀ ਗੁਣ ਪੈਦਾ ਕਰਨੇ ਚਾਹੀਦੇ ਹਨ ਅਤੇ ਇੱਦਾਂ ਕਰਨਾ ਜ਼ਰੂਰੀ ਕਿਉਂ ਹੈ?
11 ਪਰਮੇਸ਼ੁਰੀ ਗੁਣ ਪੈਦਾ ਕਰੋ। ਪਰਮੇਸ਼ੁਰ ਦਾ ਬਚਨ ਪੜ੍ਹ ਕੇ ਅਤੇ ਇਸ ਉੱਤੇ ਸੋਚ-ਵਿਚਾਰ ਕਰ ਕੇ ਅਸੀਂ ਬੁੱਧ, ਸਮਝ, ਗਿਆਨ, ਸੋਚਣ-ਸਮਝਣ ਦੀ ਕਾਬਲੀਅਤ, ਅਤੇ ਸੰਜਮ ਵਰਗੇ ਗੁਣ ਪੈਦਾ ਕਰ ਸਕਦੇ ਹਾਂ। ਮੰਡਲੀ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਵਿਚ ਇੱਦਾਂ ਦੇ ਗੁਣ ਹੋਣੇ ਬਹੁਤ ਜ਼ਰੂਰੀ ਹਨ। (ਕਹਾ. 1:1-4; ਤੀਤੁ. 1:7-9) ਇਸ ਦੇ ਨਾਲ-ਨਾਲ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਨ ਨਾਲ ਅਸੀਂ ਕਈ ਮਾਮਲਿਆਂ ਬਾਰੇ ਪਰਮੇਸ਼ੁਰ ਦੀ ਸੋਚ ਜਾਣ ਸਕਦੇ ਹਾਂ। ਸਾਨੂੰ ਹਰ ਰੋਜ਼ ਕਈ ਮਾਮਲਿਆਂ ਬਾਰੇ ਫ਼ੈਸਲੇ ਕਰਨੇ ਪੈਂਦੇ ਹਨ, ਜਿਵੇਂ ਕਿ ਮਨੋਰੰਜਨ, ਹਾਰ-ਸ਼ਿੰਗਾਰ, ਪੈਸੇ ਅਤੇ ਦੂਜਿਆਂ ਨਾਲ ਬਣਾ ਕੇ ਰੱਖਣ ਬਾਰੇ। ਬਾਈਬਲ ਦੀ ਸਲਾਹ ਲਾਗੂ ਕਰ ਕੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨ ਵਾਲੇ ਫ਼ੈਸਲੇ ਕਰ ਸਕਾਂਗੇ।
12. ਮੰਡਲੀ ਦੇ ਭੈਣ-ਭਰਾ ਆਪਣੇ ਆਪ ਨੂੰ ਭਰੋਸੇਯੋਗ ਕਿਵੇਂ ਸਾਬਤ ਕਰ ਸਕਦੇ ਹਨ?
12 ਆਪਣੇ ਆਪ ਨੂੰ ਭਰੋਸੇਯੋਗ ਸਾਬਤ ਕਰੋ। ਸਾਰੇ ਭੈਣਾਂ-ਭਰਾਵਾਂ ਨੂੰ ਯਹੋਵਾਹ ਦੀ ਸੇਵਾ ਵਿਚ ਮਿਲਦੀਆਂ ਜ਼ਿੰਮੇਵਾਰੀਆਂ ਨੂੰ ਪੂਰੇ ਦਿਲ ਨਾਲ ਨਿਭਾਉਣਾ ਚਾਹੀਦਾ ਹੈ। ਜਦੋਂ ਇਜ਼ਰਾਈਲੀਆਂ ਨੇ ਮੰਦਰ ਨੂੰ ਦੁਬਾਰਾ ਬਣਾਉਣਾ ਸੀ, ਤਾਂ ਰਾਜਪਾਲ ਨਹਮਯਾਹ ਨੂੰ ਅਲੱਗ-ਅਲੱਗ ਜ਼ਿੰਮੇਵਾਰੀਆਂ ਸੰਭਾਲਣ ਲਈ ਭਰਾਵਾਂ ਦੀ ਲੋੜ ਸੀ। ਉਸ ਨੇ ਕਿਨ੍ਹਾਂ ਨੂੰ ਚੁਣਿਆ? ਉਸ ਨੇ ਪਰਮੇਸ਼ੁਰ ਦਾ ਡਰ ਰੱਖਣ ਵਾਲਿਆਂ, ਭਰੋਸੇਯੋਗ ਅਤੇ ਵਫ਼ਾਦਾਰ ਭਰਾਵਾਂ ਨੂੰ ਚੁਣਿਆ ਸੀ। (ਨਹ. 7:2; 13:12, 13) ਇਸੇ ਤਰ੍ਹਾਂ ਅੱਜ ਵੀ ਹਰ “ਇਕ ਸੇਵਕ ਤੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਵਫ਼ਾਦਾਰੀ ਨਾਲ ਪੂਰੀ ਕਰੇ।” (1 ਕੁਰਿੰ. 4:2) ਚੰਗੇ ਕੰਮ ਲੁਕੇ ਨਹੀਂ ਰਹਿੰਦੇ।—1 ਤਿਮੋਥਿਉਸ 5:25 ਪੜ੍ਹੋ।
13. ਜੇ ਤੁਹਾਡੇ ਨਾਲ ਅਨਿਆਂ ਹੁੰਦਾ ਹੈ, ਤਾਂ ਤੁਸੀਂ ਯੂਸੁਫ਼ ਦੀ ਰੀਸ ਕਿਵੇਂ ਕਰ ਸਕਦੇ ਹੋ?
13 ਯਹੋਵਾਹ ਉੱਤੇ ਭਰੋਸਾ ਰੱਖੋ। ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਡੇ ਨਾਲ ਅਨਿਆਂ ਹੁੰਦਾ ਹੈ? ਸ਼ਾਇਦ ਤੁਸੀਂ ਜਲਦੀ ਹੀ ਉਸ ਮਾਮਲੇ ਨੂੰ ਸੁਲਝਾ ਸਕਦੇ ਹੋ। ਪਰ ਕਦੀ-ਕਦੀ ਆਪਣੀਆਂ ਸਫ਼ਾਈਆਂ ਪੇਸ਼ ਕਰਨ ਨਾਲ ਤੁਸੀਂ ਮਾਮਲੇ ਨੂੰ ਹੋਰ ਵੀ ਵਿਗਾੜ ਸਕਦੇ ਹੋ। ਯੂਸੁਫ਼ ਦੇ ਭਰਾਵਾਂ ਨੇ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ, ਪਰ ਉਸ ਨੇ ਆਪਣੇ ਦਿਲ ਵਿਚ ਉਨ੍ਹਾਂ ਪ੍ਰਤੀ ਗੁੱਸਾ ਨਹੀਂ ਰੱਖਿਆ। ਫਿਰ ਕੁਝ ਸਮੇਂ ਬਾਅਦ ਯੂਸੁਫ਼ ਉੱਤੇ ਝੂਠਾ ਇਲਜ਼ਾਮ ਲਾਇਆ ਗਿਆ ਅਤੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਪਰ ਔਖੀਆਂ ਘੜੀਆਂ ਦੌਰਾਨ ਉਸ ਨੇ ਯਹੋਵਾਹ ਉੱਤੇ ਭਰੋਸਾ ਰੱਖਣਾ ਨਹੀਂ ਛੱਡਿਆ। ਉਸ ਨੇ ਯਹੋਵਾਹ ਦੇ ਵਾਅਦਿਆਂ ਬਾਰੇ ਸੋਚਿਆ ਅਤੇ ਵਫ਼ਾਦਾਰ ਰਿਹਾ। (ਜ਼ਬੂ. 105:19) ਔਖੀਆਂ ਘੜੀਆਂ ਖ਼ਤਮ ਹੋਣ ʼਤੇ ਯੂਸੁਫ਼ ਖ਼ਾਸ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਸੀ। (ਉਤ. 41:37-44; 45:4-8) ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਦਿਆਂ ਬੁੱਧ ਲਈ ਪ੍ਰਾਰਥਨਾ ਕਰੋ, ਨਰਮਾਈ ਨਾਲ ਪੇਸ਼ ਆਓ ਅਤੇ ਯਹੋਵਾਹ ਤੋਂ ਤਾਕਤ ਮੰਗੋ। ਯਹੋਵਾਹ ਤੁਹਾਡੀ ਮਦਦ ਜ਼ਰੂਰ ਕਰੇਗਾ।—1 ਪਤਰਸ 5:10 ਪੜ੍ਹੋ।
ਪ੍ਰਚਾਰ ਵਿਚ ਤਰੱਕੀ ਕਰਦੇ ਰਹੋ
14, 15. (ੳ) ਸਾਨੂੰ ਆਪਣੇ ਪ੍ਰਚਾਰ ਕਰਨ ਦੇ ਤਰੀਕਿਆਂ ʼਤੇ “ਹਮੇਸ਼ਾ ਧਿਆਨ” ਕਿਉਂ ਦੇਣਾ ਚਾਹੀਦਾ ਹੈ? (ਅ) ਤੁਸੀਂ ਸ਼ਾਇਦ ਬਦਲਦੇ ਹਾਲਾਤਾਂ ਮੁਤਾਬਕ ਕਿਵੇਂ ਢਲ਼ ਸਕਦੇ ਹੋ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ ਅਤੇ “ਕੀ ਤੁਸੀਂ ਪ੍ਰਚਾਰ ਕਰਨ ਦੇ ਅਲੱਗ-ਅਲੱਗ ਤਰੀਕੇ ਵਰਤਣ ਲਈ ਤਿਆਰ ਹੋ?” ਨਾਂ ਦੀ ਡੱਬੀ ਦੇਖੋ।)
14 ਪੌਲੁਸ ਨੇ ਤਿਮੋਥਿਉਸ ਨੂੰ ਕਿਹਾ: “ਦੂਸਰਿਆਂ ਨੂੰ ਲਗਨ ਨਾਲ ਧਰਮ-ਗ੍ਰੰਥ ਪੜ੍ਹ ਕੇ ਸੁਣਾਉਣ ਅਤੇ ਨਸੀਹਤ ਤੇ ਸਿੱਖਿਆ ਦੇਣ ਵਿਚ ਲੱਗਾ ਰਹਿ। ਆਪਣੇ ਵੱਲ ਅਤੇ ਜੋ ਸਿੱਖਿਆ ਤੂੰ ਦਿੰਦਾ ਹੈਂ, ਉਸ ਵੱਲ ਹਮੇਸ਼ਾ ਧਿਆਨ ਦਿੰਦਾ ਰਹਿ।” (1 ਤਿਮੋ. 4:13, 16) ਤਿਮੋਥਿਉਸ ਪਹਿਲਾਂ ਹੀ ਇਕ ਤਜਰਬੇਕਾਰ ਪ੍ਰਚਾਰਕ ਸੀ। ਪਰ ਉਸ ਦੀਆਂ ਗੱਲਾਂ ਦਾ ਲੋਕਾਂ ਉੱਤੇ ਤਾਂ ਹੀ ਅਸਰ ਹੋਣਾ ਸੀ ਜੇ ਉਹ ਆਪਣੀ ਸਿੱਖਿਆ ਵੱਲ “ਹਮੇਸ਼ਾ ਧਿਆਨ ਦਿੰਦਾ” ਰਹਿੰਦਾ। ਉਹ ਇਹ ਨਹੀਂ ਸੋਚ ਸਕਦਾ ਸੀ ਕਿ ਪ੍ਰਚਾਰ ਵਿਚ ਇੱਕੋ ਤਰੀਕੇ ਨਾਲ ਗੱਲ ਕਰ ਕੇ ਲੋਕ ਸੱਚਾਈ ਵਿਚ ਆ ਜਾਣਗੇ। ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਲਈ ਉਸ ਨੂੰ ਲੋਕਾਂ ਦੀਆਂ ਲੋੜਾਂ ਮੁਤਾਬਕ ਆਪਣੇ ਸਿਖਾਉਣ ਦੇ ਤਰੀਕੇ ਵਿਚ ਫੇਰ-ਬਦਲ ਕਰਨ ਦੀ ਲੋੜ ਸੀ। ਪ੍ਰਚਾਰਕ ਹੋਣ ਦੇ ਨਾਤੇ ਸਾਨੂੰ ਵੀ ਇੱਦਾਂ ਹੀ ਕਰਨ ਦੀ ਲੋੜ ਹੈ।
15 ਘਰ-ਘਰ ਪ੍ਰਚਾਰ ਕਰਦਿਆਂ ਅਕਸਰ ਲੋਕ ਸਾਨੂੰ ਘਰ ਨਹੀਂ ਮਿਲਦੇ। ਕਈ ਲੋਕ ਇਸ ਤਰ੍ਹਾਂ ਦੇ ਘਰਾਂ ਜਾਂ ਅਪਾਰਟਮੈਂਟਾਂ ਵਿਚ ਰਹਿੰਦੇ ਹਨ ਜਿੱਥੇ ਇਜਾਜ਼ਤ ਲਏ ਬਗੈਰ ਅੰਦਰ ਜਾਣਾ ਮਨ੍ਹਾ ਹੁੰਦਾ ਹੈ। ਜੇ ਤੁਹਾਡੇ ਇਲਾਕੇ ਵਿਚ ਇੱਦਾਂ ਹੈ, ਤਾਂ ਖ਼ੁਸ਼ ਖ਼ਬਰੀ ਸੁਣਾਉਣ ਦੇ ਅਲੱਗ-ਅਲੱਗ ਤਰੀਕਿਆਂ ਬਾਰੇ ਸੋਚੋ।
16. ਜਨਤਕ ਥਾਵਾਂ ʼਤੇ ਗਵਾਹੀ ਦੇਣੀ ਕਿਵੇਂ ਅਸਰਕਾਰੀ ਸਾਬਤ ਹੋ ਸਕਦੀ ਹੈ?
16 ਜਨਤਕ ਥਾਵਾਂ ʼਤੇ ਖ਼ੁਸ਼ ਖ਼ਬਰੀ ਸੁਣਾਉਣੀ ਵੀ ਇਕ ਵਧੀਆ ਤਰੀਕਾ ਹੈ। ਬਹੁਤ ਸਾਰੇ ਗਵਾਹਾਂ ਨੇ ਦੇਖਿਆ ਹੈ ਕਿ ਇਨ੍ਹਾਂ ਥਾਵਾਂ ʼਤੇ ਗਵਾਹੀ ਦੇਣੀ ਅਸਰਕਾਰੀ ਹੁੰਦੀ ਹੈ ਅਤੇ ਇਸ ਦੇ ਵਧੀਆ ਨਤੀਜੇ ਨਿਕਲਦੇ ਹਨ। ਉਹ ਟ੍ਰੇਨ ਸਟੇਸ਼ਨਾਂ, ਬੱਸ ਅੱਡਿਆਂ, ਬਾਜ਼ਾਰਾਂ, ਪਾਰਕਾਂ ਅਤੇ ਹੋਰ ਜਨਤਕ ਥਾਵਾਂ ʼਤੇ ਪ੍ਰਚਾਰ ਕਰਦੇ ਹਨ। ਇਕ ਗਵਾਹ ਸਮਝਦਾਰੀ ਵਰਤਦੇ ਹੋਏ ਗੱਲਬਾਤ ਸ਼ੁਰੂ ਕਰ ਸਕਦਾ ਹੈ, ਜਿਵੇਂ ਕਿਸੇ ਖ਼ਬਰ ਬਾਰੇ ਗੱਲ ਕਰ ਕੇ, ਵਿਅਕਤੀ ਦੇ ਬੱਚਿਆਂ ਦੀ ਤਾਰੀਫ਼ ਕਰ ਕੇ ਜਾਂ ਉਸ ਦੇ ਕੰਮ ਬਾਰੇ ਸਵਾਲ ਪੁੱਛ ਕੇ। ਗੱਲਬਾਤ ਅੱਗੇ ਵਧਣ ʼਤੇ ਪ੍ਰਚਾਰਕ ਸ਼ਾਇਦ ਬਾਈਬਲ ਦੀ ਕੋਈ ਗੱਲ ਛੇੜ ਕੇ ਦੇਖੇ ਕਿ ਉਹ ਵਿਅਕਤੀ ਕੀ ਸੋਚਦਾ ਹੈ। ਇੱਦਾਂ ਕਰਨ ਨਾਲ ਅਕਸਰ ਬਾਈਬਲ ਤੋਂ ਚਰਚਾ ਹੋਣੀ ਸ਼ੁਰੂ ਹੋ ਜਾਂਦੀ ਹੈ।
17, 18. (ੳ) ਤੁਸੀਂ ਬਿਨਾਂ ਡਰੇ ਜਨਤਕ ਥਾਵਾਂ ʼਤੇ ਹੋਰ ਵਧੀਆ ਪ੍ਰਚਾਰ ਕਿਵੇਂ ਕਰ ਸਕਦੇ ਹੋ? (ਅ) ਪ੍ਰਚਾਰ ਕਰਦਿਆਂ ਤੁਹਾਨੂੰ ਦਾਊਦ ਦੇ ਗੀਤ ਦੇ ਬੋਲਾਂ ਤੋਂ ਕਿਉਂ ਹਿੰਮਤ ਮਿਲਦੀ ਹੈ?
17 ਜੇ ਤੁਹਾਨੂੰ ਜਨਤਕ ਥਾਵਾਂ ʼਤੇ ਗਵਾਹੀ ਦੇਣੀ ਔਖੀ ਲੱਗਦੀ ਹੈ, ਤਾਂ ਹਾਰ ਨਾ ਮੰਨੋ। ਨਿਊਯਾਰਕ ਸ਼ਹਿਰ ਵਿਚ ਰਹਿਣ ਵਾਲੇ ਐਡੀ ਨਾਂ ਦੇ ਪਾਇਨੀਅਰ ਭਰਾ ਨੂੰ ਜਨਤਕ ਥਾਵਾਂ ʼਤੇ ਪ੍ਰਚਾਰ ਕਰਦਿਆਂ ਡਰ ਲੱਗਦਾ ਸੀ। ਪਰ ਹੌਲੀ-ਹੌਲੀ ਉਸ ਨੂੰ ਹਿੰਮਤ ਮਿਲੀ। ਪਰ ਕਿਸ ਗੱਲ ਕਰਕੇ ਉਸ ਨੂੰ ਹਿੰਮਤ ਮਿਲੀ? ਉਹ ਦੱਸਦਾ ਹੈ: “ਮੈਂ ਤੇ ਮੇਰੀ ਪਤਨੀ ਪਰਿਵਾਰਕ ਸਟੱਡੀ ਦੌਰਾਨ ਰੀਸਰਚ ਕਰਦੇ ਹਾਂ ਕਿ ਅਸੀਂ ਉਦੋਂ ਕੀ ਕਰ ਸਕਦੇ ਹਾਂ, ਜਦੋਂ ਲੋਕ ਸਾਡੀ ਗੱਲ ਵਿੱਚੇ ਹੀ ਰੋਕ ਦੇਣ ਜਾਂ ਇੱਦਾਂ ਦੀ ਕੋਈ ਹੋਰ ਗੱਲ ਕਹਿ ਦੇਣ ਜਿਸ ਕਰਕੇ ਸਾਨੂੰ ਪਤਾ ਨਾ ਲੱਗੇ ਕਿ ਅਸੀਂ ਕੀ ਕਹਿਣਾ ਹੈ। ਅਸੀਂ ਹੋਰ ਭੈਣਾਂ-ਭਰਾਵਾਂ ਤੋਂ ਵੀ ਸੁਝਾਅ ਲੈਂਦੇ ਹਾਂ।” ਹੁਣ ਐਡੀ ਨੂੰ ਜਨਤਕ ਥਾਵਾਂ ʼਤੇ ਗਵਾਹੀ ਦੇਣ ਵਿਚ ਮਜ਼ਾ ਆਉਂਦਾ ਹੈ।
18 ਜਿੱਦਾਂ-ਜਿੱਦਾਂ ਤੁਸੀਂ ਹੋਰ ਵਧੀਆ ਪ੍ਰਚਾਰਕ ਬਣਦੇ ਜਾਓਗੇ, ਉੱਦਾਂ-ਉੱਦਾਂ ਸਾਰੇ ਜਣੇ ਤੁਹਾਡੀ ਤਰੱਕੀ ਸਾਫ਼-ਸਾਫ਼ ਦੇਖ ਸਕਣਗੇ। (1 ਤਿਮੋਥਿਉਸ 4:15 ਪੜ੍ਹੋ।) ਇਸ ਤੋਂ ਇਲਾਵਾ, ਬਿਨਾਂ ਸ਼ੱਕ ਤੁਸੀਂ ਵੀ ਦਾਊਦ ਵਾਂਗ ਆਪਣੇ ਸਵਰਗੀ ਪਿਤਾ ਦੀ ਮਹਿਮਾ ਕਰੋਗੇ ਜਿਸ ਨੇ ਗਾਇਆ: “ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ, ਉਹ ਦੀ ਉਸਤਤ ਸਦਾ ਮੇਰੇ ਮੂੰਹ ਵਿੱਚ ਹੋਵੇਗੀ। ਮੇਰੀ ਜਾਨ ਯਹੋਵਾਹ ਵਿੱਚ ਆਪਣੇ ਆਪ ਨੂੰ ਵਡਿਆਵੇਗੀ, ਮਸਕੀਨ ਸੁਣ ਕੇ ਅਨੰਦ ਹੋਣਗੇ।” (ਜ਼ਬੂ. 34:1, 2) ਹੋ ਸਕਦਾ ਹੈ ਕਿ ਤੁਹਾਡੇ ਪ੍ਰਚਾਰ ਕਰਕੇ ਮਸਕੀਨ ਲੋਕ ਸੱਚਾਈ ਵਿਚ ਆ ਜਾਣ।
ਸੱਚਾਈ ਵਿਚ ਤਰੱਕੀ ਕਰ ਕੇ ਪਰਮੇਸ਼ੁਰ ਦੀ ਮਹਿਮਾ ਕਰੋ
19. ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਮੁਸ਼ਕਲ ਹਾਲਾਤਾਂ ਵਿਚ ਵੀ ਖ਼ੁਸ਼ ਕਿਉਂ ਰਹਿਣਾ ਚਾਹੀਦਾ ਹੈ?
19 ਦਾਊਦ ਨੇ ਇਹ ਵੀ ਗਾਇਆ: “ਹੇ ਯਹੋਵਾਹ, ਤੇਰੇ ਸਾਰੇ ਕੰਮ ਤੇਰਾ ਧੰਨਵਾਦ ਕਰਨਗੇ, ਅਤੇ ਤੇਰੇ ਸੰਤ ਤੈਨੂੰ ਮੁਬਾਰਕ ਆਖਣਗੇ। ਓਹ ਤੇਰੀ ਪਾਤਸ਼ਾਹੀ ਦੇ ਪਰਤਾਪ ਦਾ ਚਰਚਾ ਕਰਨਗੇ, ਅਤੇ ਤੇਰੀ ਕੁਦਰਤ ਦੀਆਂ ਗੱਲਾਂ ਕਰਨਗੇ, ਭਈ ਓਹ ਆਦਮੀ ਦੇ ਵੰਸ ਉੱਤੇ ਤੇਰੀਆਂ ਕੁਦਰਤਾਂ ਨੂੰ ਪਰਗਟ ਕਰਨ, ਨਾਲੇ ਉਸ ਦੀ ਪਾਤਸ਼ਾਹੀ ਦੇ ਤੇਜਵਾਨ ਪਰਤਾਪ ਨੂੰ।” (ਜ਼ਬੂ. 145:10-12) ਯਹੋਵਾਹ ਦੇ ਸਾਰੇ ਵਫ਼ਾਦਾਰ ਸੇਵਕ ਦਾਊਦ ਵਾਂਗ ਦੂਜਿਆਂ ਨੂੰ ਉਸ ਬਾਰੇ ਦੱਸਣਾ ਚਾਹੁੰਦੇ ਹਨ। ਪਰ ਸ਼ਾਇਦ ਬੀਮਾਰੀ ਜਾਂ ਵਧਦੀ ਉਮਰ ਕਰਕੇ ਤੁਸੀਂ ਸ਼ਾਇਦ ਉੱਨਾ ਪ੍ਰਚਾਰ ਨਹੀਂ ਕਰ ਸਕਦੇ ਜਿੰਨਾ ਤੁਸੀਂ ਕਰਨਾ ਚਾਹੁੰਦੇ ਹੋ। ਪਰ ਹਮੇਸ਼ਾ ਯਾਦ ਰੱਖੋ ਕਿ ਜਦੋਂ ਤੁਸੀਂ ਨਰਸਾਂ, ਡਾਕਟਰਾਂ ਜਾਂ ਮਿਲਣ ਆਉਣ ਵਾਲਿਆਂ ਨੂੰ ਪ੍ਰਚਾਰ ਕਰਦੇ ਹੋ, ਤਾਂ ਤੁਸੀਂ ਆਪਣੇ ਪਿਆਰੇ ਪਰਮੇਸ਼ੁਰ ਦੀ ਮਹਿਮਾ ਕਰ ਰਹੇ ਹੁੰਦੇ ਹੋ। ਜੇ ਤੁਸੀਂ ਆਪਣੇ ਵਿਸ਼ਵਾਸਾਂ ਕਰਕੇ ਜੇਲ੍ਹ ਵਿਚ ਹੋ ਅਤੇ ਮੌਕਾ ਮਿਲਣ ʼਤੇ ਸੱਚਾਈ ਬਾਰੇ ਗੱਲ ਕਰਦੇ ਹੋ, ਤਾਂ ਤੁਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰਦੇ ਹੋ। (ਕਹਾ. 27:11) ਤੁਸੀਂ ਉਦੋਂ ਵੀ ਯਹੋਵਾਹ ਦਾ ਦਿਲ ਖ਼ੁਸ਼ ਕਰਦੇ ਹੋ, ਜਦੋਂ ਸੱਚਾਈ ਵਿਚ ਇਕੱਲੇ ਹੁੰਦਿਆਂ ਹੋਇਆ ਵੀ ਤੁਸੀਂ ਯਹੋਵਾਹ ਦੀ ਸੇਵਾ ਕਰਦੇ ਰਹਿੰਦੇ ਹੋ। (1 ਪਤ. 3:1-4) ਮੁਸ਼ਕਲ ਹਾਲਾਤਾਂ ਦੇ ਬਾਵਜੂਦ ਵੀ ਤੁਸੀਂ ਯਹੋਵਾਹ ਦੀ ਮਹਿਮਾ ਕਰਨ ਦੇ ਨਾਲ-ਨਾਲ ਸੱਚਾਈ ਵਿਚ ਤਰੱਕੀ ਕਰ ਸਕਦੇ ਹੋ।
20, 21. ਜੇ ਤੁਹਾਨੂੰ ਯਹੋਵਾਹ ਦੇ ਸੰਗਠਨ ਵਿਚ ਹੋਰ ਜ਼ਿੰਮੇਵਾਰੀਆਂ ਮਿਲਦੀਆਂ ਹਨ, ਤਾਂ ਤੁਸੀਂ ਭੈਣਾਂ-ਭਰਾਵਾਂ ਵਾਸਤੇ ਬਰਕਤ ਕਿਵੇਂ ਸਾਬਤ ਹੋ ਸਕਦੇ ਹੋ?
20 ਜੇ ਤੁਸੀਂ ਸੱਚਾਈ ਵਿਚ ਤਰੱਕੀ ਕਰਦੇ ਰਹੋਗੇ, ਤਾਂ ਯਹੋਵਾਹ ਤੁਹਾਨੂੰ ਜ਼ਰੂਰ ਬਰਕਤਾਂ ਦੇਵੇਗਾ। ਸ਼ਾਇਦ ਆਪਣੇ ਕੰਮਾਂ ਵਿਚ ਥੋੜ੍ਹਾ-ਬਹੁਤਾ ਫੇਰ-ਬਦਲ ਕਰਨ ਕਰਕੇ ਤੁਹਾਨੂੰ ਲੋਕਾਂ ਨੂੰ ਪਰਮੇਸ਼ੁਰ ਦੇ ਸ਼ਾਨਦਾਰ ਵਾਅਦਿਆਂ ਬਾਰੇ ਦੱਸਣ ਦੇ ਜ਼ਿਆਦਾ ਤੋਂ ਜ਼ਿਆਦਾ ਮੌਕੇ ਮਿਲਣ। ਨਾਲੇ ਤੁਹਾਡੀ ਤਰੱਕੀ ਅਤੇ ਮਿਹਨਤ ਤੋਂ ਭੈਣਾਂ-ਭਰਾਵਾਂ ਨੂੰ ਫ਼ਾਇਦਾ ਹੋਵੇਗਾ। ਨਾਲੇ ਸੋਚੋ ਕਿ ਮੰਡਲੀ ਦੇ ਭੈਣ-ਭਰਾ ਤੁਹਾਨੂੰ ਕਿੰਨਾ ਪਿਆਰ ਕਰਨਗੇ ਜਦੋਂ ਉਹ ਤੁਹਾਨੂੰ ਮਿਹਨਤ ਕਰਦੇ ਹੋਏ ਦੇਖਣਗੇ।
21 ਚਾਹੇ ਸਾਨੂੰ ਯਹੋਵਾਹ ਦੀ ਸੇਵਾ ਕਰਦਿਆਂ ਥੋੜ੍ਹਾ ਹੀ ਸਮਾਂ ਹੋਇਆ ਹੈ ਜਾਂ ਜ਼ਿਆਦਾ, ਅਸੀਂ ਸਾਰੇ ਜਣੇ ਸੱਚਾਈ ਵਿਚ ਤਰੱਕੀ ਕਰਦੇ ਰਹਿ ਸਕਦੇ ਹਾਂ। ਪਰ ਸਮਝਦਾਰ ਮਸੀਹੀ ਨਵੇਂ ਭੈਣਾਂ-ਭਰਾਵਾਂ ਦੀ ਸੱਚਾਈ ਵਿਚ ਤਰੱਕੀ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਨ? ਅਸੀਂ ਅਗਲੇ ਲੇਖ ਵਿਚ ਇਸ ਵਿਸ਼ੇ ਬਾਰੇ ਗੱਲ ਕਰਾਂਗੇ।