ਤਿਮੋਥਿਉਸ ਨੂੰ ਪਹਿਲੀ ਚਿੱਠੀ
3 ਇਸ ਗੱਲ ʼਤੇ ਭਰੋਸਾ ਕੀਤਾ ਜਾ ਸਕਦਾ ਹੈ: ਜੇ ਕੋਈ ਭਰਾ ਨਿਗਾਹਬਾਨ ਵਜੋਂ ਸੇਵਾ ਕਰਨ ਦੇ ਯੋਗ ਬਣਨ ਲਈ ਮਿਹਨਤ ਕਰਦਾ ਹੈ,+ ਤਾਂ ਉਸ ਵਿਚ ਚੰਗਾ ਕੰਮ ਕਰਨ ਦੀ ਇੱਛਾ ਹੈ। 2 ਇਸ ਲਈ ਨਿਗਾਹਬਾਨ ਨਿਰਦੋਸ਼ ਹੋਵੇ, ਇੱਕੋ ਪਤਨੀ ਦਾ ਪਤੀ ਹੋਵੇ, ਹਰ ਗੱਲ ਵਿਚ ਸੰਜਮ ਰੱਖੇ, ਸਮਝਦਾਰ ਹੋਵੇ,+ ਸਲੀਕੇ ਨਾਲ ਕੰਮ ਕਰੇ, ਪਰਾਹੁਣਚਾਰੀ ਕਰੇ+ ਅਤੇ ਸਿਖਾਉਣ ਦੇ ਕਾਬਲ ਹੋਵੇ।+ 3 ਪਰ ਉਹ ਨਾ ਸ਼ਰਾਬੀ,+ ਨਾ ਮਾਰ-ਕੁਟਾਈ ਕਰਨ ਵਾਲਾ, ਨਾ ਅੜਬ,+ ਨਾ ਝਗੜਾਲੂ+ ਤੇ ਨਾ ਹੀ ਪੈਸੇ ਦਾ ਪ੍ਰੇਮੀ ਹੋਵੇ।+ 4 ਉਹ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਅਗਵਾਈ* ਕਰਨ ਵਾਲਾ ਹੋਵੇ ਅਤੇ ਉਸ ਦੇ ਬੱਚੇ ਉਸ ਦੇ ਕਹਿਣੇ ਵਿਚ ਹੋਣ ਤੇ ਇੱਜ਼ਤ ਨਾਲ ਪੇਸ਼ ਆਉਣ+ 5 (ਅਸਲ ਵਿਚ, ਜੇ ਕੋਈ ਆਦਮੀ ਆਪਣੇ ਪਰਿਵਾਰ ਦੀ ਅਗਵਾਈ* ਕਰਨੀ ਨਹੀਂ ਜਾਣਦਾ, ਤਾਂ ਉਹ ਪਰਮੇਸ਼ੁਰ ਦੀ ਮੰਡਲੀ ਦੀ ਦੇਖ-ਭਾਲ ਕਿਵੇਂ ਕਰ ਸਕਦਾ ਹੈ?), 6 ਉਹ ਨਵਾਂ-ਨਵਾਂ ਮਸੀਹੀ ਨਾ ਬਣਿਆ ਹੋਵੇ,+ ਕਿਤੇ ਇੱਦਾਂ ਨਾ ਹੋਵੇ ਕਿ ਉਹ ਘਮੰਡ ਨਾਲ ਫੁੱਲ ਜਾਵੇ ਜਿਸ ਕਰਕੇ ਉਸ ਨੂੰ ਵੀ ਉਹੀ ਸਜ਼ਾ ਮਿਲੇ ਜੋ ਸ਼ੈਤਾਨ ਨੂੰ ਮਿਲੇਗੀ। 7 ਇਸ ਤੋਂ ਇਲਾਵਾ, ਬਾਹਰਲੇ ਲੋਕਾਂ ਵਿਚ ਵੀ ਉਸ ਦੀ ਨੇਕਨਾਮੀ ਹੋਵੇ+ ਤਾਂਕਿ ਲੋਕ ਉਸ ਉੱਤੇ ਦੋਸ਼ ਨਾ ਲਾਉਣ* ਅਤੇ ਉਹ ਸ਼ੈਤਾਨ ਦੇ ਫੰਦੇ ਵਿਚ ਨਾ ਫਸ ਜਾਵੇ।
8 ਇਸੇ ਤਰ੍ਹਾਂ ਸਹਾਇਕ ਸੇਵਕ ਵੀ ਗੰਭੀਰ ਹੋਣ, ਦੋਗਲੀਆਂ* ਗੱਲਾਂ ਨਾ ਕਰਨ, ਹੱਦੋਂ ਵੱਧ ਸ਼ਰਾਬ ਨਾ ਪੀਣ, ਲਾਲਚ ਨਾਲ ਦੂਸਰਿਆਂ ਦਾ ਫ਼ਾਇਦਾ ਨਾ ਉਠਾਉਣ+ 9 ਅਤੇ ਸ਼ੁੱਧ ਜ਼ਮੀਰ ਨਾਲ ਪਵਿੱਤਰ ਭੇਤ ਯਾਨੀ ਨਿਹਚਾ* ਮੁਤਾਬਕ ਚੱਲਦੇ ਰਹਿਣ।+
10 ਨਾਲੇ ਉਨ੍ਹਾਂ ਨੂੰ ਪਹਿਲਾਂ ਪਰਖਿਆ ਜਾਵੇ ਕਿ ਉਹ ਇਸ ਸਨਮਾਨ ਦੇ ਕਾਬਲ ਹਨ ਜਾਂ ਨਹੀਂ। ਜੇ ਉਹ ਨਿਰਦੋਸ਼ ਸਾਬਤ ਹੋਣ, ਤਾਂ ਉਨ੍ਹਾਂ ਨੂੰ ਸੇਵਾ ਦਾ ਕੰਮ ਸੌਂਪਿਆ ਜਾਵੇ।+
11 ਇਸੇ ਤਰ੍ਹਾਂ ਭੈਣਾਂ ਗੰਭੀਰ ਹੋਣ, ਦੂਸਰਿਆਂ ਨੂੰ ਬਦਨਾਮ ਨਾ ਕਰਨ,+ ਹਰ ਗੱਲ ਵਿਚ ਸੰਜਮ ਰੱਖਣ ਅਤੇ ਸਾਰੀਆਂ ਗੱਲਾਂ ਵਿਚ ਵਫ਼ਾਦਾਰ ਰਹਿਣ।+
12 ਸਹਾਇਕ ਸੇਵਕ ਇੱਕੋ ਪਤਨੀ ਦਾ ਪਤੀ ਹੋਵੇ, ਆਪਣੇ ਬੱਚਿਆਂ ਅਤੇ ਘਰ ਦੀ ਚੰਗੀ ਤਰ੍ਹਾਂ ਅਗਵਾਈ ਕਰੇ। 13 ਜਿਹੜੇ ਭਰਾ ਚੰਗੀ ਤਰ੍ਹਾਂ ਸੇਵਾ ਕਰਦੇ ਹਨ, ਉਨ੍ਹਾਂ ਦੀ ਨੇਕਨਾਮੀ ਹੁੰਦੀ ਹੈ ਅਤੇ ਉਹ ਮਸੀਹ ਯਿਸੂ ਉੱਤੇ ਆਪਣੀ ਨਿਹਚਾ ਬਾਰੇ ਬੇਝਿਜਕ ਹੋ ਕੇ ਗੱਲ ਕਰ ਸਕਦੇ ਹਨ।
14 ਮੈਨੂੰ ਤੇਰੇ ਕੋਲ ਜਲਦੀ ਆਉਣ ਦੀ ਆਸ ਹੈ, ਫਿਰ ਵੀ ਮੈਂ ਤੈਨੂੰ ਇਹ ਗੱਲਾਂ ਲਿਖ ਰਿਹਾ ਹਾਂ 15 ਤਾਂਕਿ ਜੇ ਮੈਨੂੰ ਆਉਣ ਵਿਚ ਦੇਰੀ ਹੋ ਗਈ, ਤਾਂ ਤੈਨੂੰ ਪਤਾ ਰਹੇ ਕਿ ਤੂੰ ਪਰਮੇਸ਼ੁਰ ਦੇ ਪਰਿਵਾਰ ਵਿਚ ਕਿਵੇਂ ਰਹਿਣਾ ਹੈ।+ ਇਹ ਪਰਿਵਾਰ ਜੀਉਂਦੇ ਪਰਮੇਸ਼ੁਰ ਦੀ ਮੰਡਲੀ ਹੈ ਜੋ ਸੱਚਾਈ ਦਾ ਥੰਮ੍ਹ ਅਤੇ ਸਹਾਰਾ ਹੈ। 16 ਵਾਕਈ, ਪਰਮੇਸ਼ੁਰ ਦੀ ਭਗਤੀ ਦਾ ਪਵਿੱਤਰ ਭੇਤ ਮਹਾਨ ਹੈ: ‘ਯਿਸੂ ਇਨਸਾਨ ਦੇ ਰੂਪ ਵਿਚ ਆਇਆ,+ ਸਵਰਗੀ ਸਰੀਰ ਵਿਚ ਨਿਰਦੋਸ਼ ਠਹਿਰਾਇਆ ਗਿਆ,+ ਉਹ ਦੂਤਾਂ ਸਾਮ੍ਹਣੇ ਪ੍ਰਗਟ ਹੋਇਆ,+ ਕੌਮਾਂ ਵਿਚ ਉਸ ਬਾਰੇ ਗਵਾਹੀ ਦਿੱਤੀ ਗਈ,+ ਦੁਨੀਆਂ ਵਿਚ ਉਸ ਉੱਤੇ ਵਿਸ਼ਵਾਸ ਕੀਤਾ ਗਿਆ+ ਅਤੇ ਉਸ ਨੂੰ ਸਵਰਗ ਲਿਜਾਇਆ ਗਿਆ ਅਤੇ ਉੱਥੇ ਉਸ ਨੂੰ ਮਹਿਮਾ ਦਿੱਤੀ ਗਈ।’