ਚੌਵੀਵਾਂ ਅਧਿਆਇ
ਯਹੋਵਾਹ ਨੇ ਆਪਣੇ ਲਈ ਇਕ ਪ੍ਰਤਾਪਵਾਨ ਨਾਂ ਬਣਾਇਆ
1, 2. (ੳ) ਮਸੀਹੀ ‘ਪਰਮੇਸ਼ੁਰ ਦੇ ਆ ਰਹੇ ਦਿਨ’ ਵਿਚ ਨਿੱਜੀ ਦਿਲਚਸਪੀ ਕਿਉਂ ਲੈਂਦੇ ਹਨ? (ਅ) ਯਹੋਵਾਹ ਦੇ ਦਿਨ ਆਉਣ ਦਾ ਕਿਹੜਾ ਜ਼ਰੂਰੀ ਕਾਰਨ ਹੈ?
ਮਸੀਹੀ ਕੁਝ ਦੋ ਹਜ਼ਾਰ ਸਾਲਾਂ ਤੋਂ ‘ਪਰਮੇਸ਼ੁਰ ਦੇ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ’ ਆਏ ਹਨ। (2 ਪਤਰਸ 3:12; ਤੀਤੁਸ 2:13) ਅਸੀਂ ਸਮਝ ਸਕਦੇ ਹਾਂ ਕਿ ਉਹ ਉਸ ਦਿਨ ਲਈ ਇੰਨੇ ਬੇਚੈਨ ਕਿਉਂ ਹਨ। ਜਦੋਂ ਇਹ ਦਿਨ ਆਵੇਗਾ ਤਾਂ ਉਨ੍ਹਾਂ ਨੂੰ ਅਪੂਰਣਤਾ ਤੋਂ ਛੁਟਕਾਰਾ ਮਿਲਣਾ ਸ਼ੁਰੂ ਹੋਵੇਗਾ। (ਰੋਮੀਆਂ 8:22) ਉਸ ਵਕਤ ਉਸ ਦੁੱਖ-ਤਕਲੀਫ਼ ਦਾ ਅੰਤ ਵੀ ਹੋਵੇਗਾ ਜੋ ਉਹ ਇਨ੍ਹਾਂ ‘ਭੈੜਿਆਂ ਸਮਿਆਂ’ ਦੌਰਾਨ ਝੱਲਦੇ ਆਏ ਹਨ।—2 ਤਿਮੋਥਿਉਸ 3:1.
2 ਯਹੋਵਾਹ ਦਾ ਦਿਨ ਧਰਮੀ ਲੋਕਾਂ ਲਈ ਰਾਹਤ ਤਾਂ ਜ਼ਰੂਰ ਲਿਆਵੇਗਾ ਪਰ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ” ਉਨ੍ਹਾਂ ਦਾ ਨਾਸ਼ ਕੀਤਾ ਜਾਵੇਗਾ। (2 ਥੱਸਲੁਨੀਕੀਆਂ 1:7, 8) ਇਹ ਬੜੀ ਗੰਭੀਰ ਗੱਲ ਹੈ। ਕੀ ਪਰਮੇਸ਼ੁਰ ਸਿਰਫ਼ ਆਪਣੇ ਲੋਕਾਂ ਨੂੰ ਬਚਾਉਣ ਲਈ ਦੁਸ਼ਟ ਲੋਕਾਂ ਦਾ ਨਾਸ਼ ਕਰੇਗਾ? ਨਹੀਂ, ਯਸਾਯਾਹ ਦਾ 63ਵਾਂ ਅਧਿਆਇ ਦਿਖਾਉਂਦਾ ਹੈ ਕਿ ਇਸ ਤੋਂ ਜ਼ਿਆਦਾ ਜ਼ਰੂਰੀ ਕਾਰਨ ਹੈ ਯਾਨੀ ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਠਹਿਰਾਉਣਾ।
ਜੇਤੂ ਫ਼ੌਜੀ ਦਾ ਅੱਗੇ ਵਧਣਾ
3, 4. (ੳ) ਯਸਾਯਾਹ ਦੇ 63ਵੇਂ ਅਧਿਆਇ ਦੀ ਭਵਿੱਖਬਾਣੀ ਸਾਨੂੰ ਕੀ ਦੱਸਦੀ ਹੈ? (ਅ) ਯਸਾਯਾਹ ਨੇ ਯਰੂਸ਼ਲਮ ਵੱਲ ਕਿਸ ਨੂੰ ਆਉਂਦਾ ਦੇਖਿਆ ਸੀ, ਅਤੇ ਵਿਦਵਾਨ ਉਸ ਬਾਰੇ ਕੀ ਕਹਿੰਦੇ ਹਨ?
3 ਯਸਾਯਾਹ ਦੇ 62ਵੇਂ ਅਧਿਆਇ ਵਿਚ ਅਸੀਂ ਪੜ੍ਹਦੇ ਹਾਂ ਕਿ ਗ਼ੁਲਾਮ ਯਹੂਦੀਆਂ ਨੇ ਬਾਬਲ ਤੋਂ ਆਜ਼ਾਦ ਹੋ ਕੇ ਆਪਣੇ ਵਤਨ ਵਾਪਸ ਆਉਣਾ ਸੀ। ਪਰ ਕੀ ਯਹੂਦੀਆਂ ਦੇ ਬਕੀਏ ਨੂੰ ਡਰਨ ਦੀ ਲੋੜ ਸੀ ਕਿ ਦੁਸ਼ਮਣ ਕੌਮਾਂ ਫਿਰ ਤੋਂ ਉਨ੍ਹਾਂ ਨੂੰ ਬਰਬਾਦ ਕਰ ਦੇਣਗੀਆਂ? ਯਸਾਯਾਹ ਦੇ ਦਰਸ਼ਨ ਨੇ ਉਨ੍ਹਾਂ ਦਾ ਡਰ ਦੂਰ ਕੀਤਾ। ਭਵਿੱਖਬਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ: “ਏਹ ਕੌਣ ਹੈ ਜੋ ਅਦੋਮ ਤੋਂ, ਲਾਲ ਬਸਤਰ ਪਾ ਕੇ ਬਾਸਰਾਹ ਤੋਂ ਲਗਾ ਆਉਂਦਾ ਹੈ? ਜੋ ਆਪਣੇ ਲਿਬਾਸ ਵਿੱਚ ਸ਼ਾਨਦਾਰ ਹੈ, ਅਤੇ ਆਪਣੇ ਬਲ ਦੇ ਵਾਧੇ ਵਿੱਚ ਉਲਾਂਘਾਂ ਭਰਦਾ ਹੈ?”—ਯਸਾਯਾਹ 63:1ੳ.
4 ਯਸਾਯਾਹ ਨੇ ਯਰੂਸ਼ਲਮ ਵੱਲ ਆ ਰਿਹਾ ਇਕ ਜੇਤੂ ਅਤੇ ਬਲਵਾਨ ਫ਼ੌਜੀ ਦੇਖਿਆ ਸੀ। ਉਸ ਦੇ ਸ਼ਾਨਦਾਰ ਕੱਪੜਿਆਂ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਉੱਚੀ ਪਦਵੀ ਸੀ। ਉਹ ਅਦੋਮ ਦੇ ਸਭ ਤੋਂ ਮਸ਼ਹੂਰ ਸ਼ਹਿਰ, ਬਾਸਰਾਹ ਵੱਲੋਂ ਆ ਰਿਹਾ ਸੀ। ਇਹ ਸੰਕੇਤ ਕਰਦਾ ਹੈ ਕਿ ਉਸ ਨੂੰ ਉਸ ਦੁਸ਼ਮਣ ਦੇਸ਼ ਉੱਤੇ ਬਹੁਤ ਵੱਡੀ ਜਿੱਤ ਮਿਲੀ ਸੀ। ਇਹ ਫ਼ੌਜੀ ਕੌਣ ਹੋ ਸਕਦਾ ਹੈ? ਕੁਝ ਵਿਦਵਾਨ ਕਹਿੰਦੇ ਹਨ ਕਿ ਇਹ ਯਿਸੂ ਮਸੀਹ ਹੈ। ਦੂਸਰੇ ਮੰਨਦੇ ਹਨ ਕਿ ਇਹ ਯਹੂਦੀ ਲੋਕਾਂ ਦਾ ਸੈਨਿਕ ਆਗੂ ਜੂਡਸ ਮੈਕਾਬੀਅਸ ਸੀ। ਪਰ ਇਸ ਫ਼ੌਜੀ ਨੇ ਯਸਾਯਾਹ ਦੇ ਸਵਾਲ ਦਾ ਜਵਾਬ ਦੇ ਕੇ ਆਪਣੀ ਪਛਾਣ ਖ਼ੁਦ ਕਰਾਈ ਜਦੋਂ ਉਸ ਨੇ ਕਿਹਾ: “ਮੈਂ ਹਾਂ ਜੋ ਧਰਮ ਨਾਲ ਬੋਲਦਾ, ਜੋ ਬਚਾਉਣ ਲਈ ਸਮਰਥੀ ਹਾਂ।”—ਯਸਾਯਾਹ 63:1ਅ.
5. ਯਸਾਯਾਹ ਨੇ ਜੋ ਫ਼ੌਜੀ ਦੇਖਿਆ ਸੀ ਉਹ ਕੌਣ ਹੈ, ਅਤੇ ਤੁਸੀਂ ਇਹ ਕਿਉਂ ਕਹਿੰਦੇ ਹੋ?
5 ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਫ਼ੌਜੀ ਖ਼ੁਦ ਯਹੋਵਾਹ ਪਰਮੇਸ਼ੁਰ ਹੈ। ਬਾਈਬਲ ਦੀਆਂ ਹੋਰ ਆਇਤਾਂ ਯਹੋਵਾਹ ਦੀ “ਵੱਡੀ ਸ਼ਕਤੀ” ਬਾਰੇ ਦੱਸਦੀਆਂ ਹਨ ਅਤੇ ਉਸ ਨੂੰ “ਧਰਮ ਦਾ ਬੋਲਣ ਵਾਲਾ” ਸੱਦਦੀਆਂ ਹਨ। (ਯਸਾਯਾਹ 40:26; 45:19, 23) ਇਸ ਫ਼ੌਜੀ ਦੇ ਸ਼ਾਨਦਾਰ ਕੱਪੜੇ ਸਾਨੂੰ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦ ਯਾਦ ਦਿਲਾਉਂਦੇ ਹਨ: “ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੂੰ ਅੱਤ ਮਹਾਨ ਹੈਂ, ਤੈਂ ਤੇਜ ਅਤੇ ਉਪਮਾ ਦੀ ਪੁਸ਼ਾਕ ਪਹਿਨੀ ਹੋਈ ਹੈ!” (ਜ਼ਬੂਰ 104:1) ਇਹ ਸੱਚ ਹੈ ਕਿ ਯਹੋਵਾਹ ਪਰਮੇਸ਼ੁਰ ਪ੍ਰੇਮ ਹੈ ਪਰ ਬਾਈਬਲ ਦਿਖਾਉਂਦੀ ਹੈ ਕਿ ਜ਼ਰੂਰਤ ਪੈਣ ਤੇ ਉਹ ਫ਼ੌਜੀ ਵੀ ਬਣ ਸਕਦਾ ਹੈ।—ਯਸਾਯਾਹ 34:2; 1 ਯੂਹੰਨਾ 4:16.
6. ਯਹੋਵਾਹ ਨੇ ਅਦੋਮ ਨਾਲ ਲੜਾਈ ਕਿਉਂ ਕੀਤੀ ਸੀ?
6 ਲੇਕਿਨ ਯਹੋਵਾਹ ਨੇ ਅਦੋਮ ਨਾਲ ਲੜਾਈ ਕਿਉਂ ਕੀਤੀ ਸੀ? ਅਦੋਮੀ ਲੋਕ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਦੇ ਪੁਰਾਣੇ ਦੁਸ਼ਮਣ ਸਨ। ਇਹ ਦੁਸ਼ਮਣੀ ਉਨ੍ਹਾਂ ਦੇ ਪੜਦਾਦੇ ਏਸਾਓ ਤੋਂ ਸ਼ੁਰੂ ਹੋ ਕੇ ਚੱਲਦੀ ਆਈ ਸੀ। (ਉਤਪਤ 25:24-34; ਗਿਣਤੀ 20:14-21) ਯਹੂਦਾਹ ਲਈ ਅਦੋਮ ਦੀ ਨਫ਼ਰਤ ਦੀ ਹੱਦ ਖ਼ਾਸ ਕਰਕੇ ਉਦੋਂ ਪ੍ਰਗਟ ਹੋਈ ਸੀ ਜਦੋਂ ਯਰੂਸ਼ਲਮ ਦੀ ਤਬਾਹੀ ਦੌਰਾਨ ਅਦੋਮੀ ਲੋਕਾਂ ਨੇ ਬਾਬਲੀ ਫ਼ੌਜੀਆਂ ਨੂੰ ਹੱਲਾਸ਼ੇਰੀ ਦਿੱਤੀ ਸੀ। (ਜ਼ਬੂਰ 137:7) ਯਹੋਵਾਹ ਦੇ ਲੋਕਾਂ ਨਾਲ ਇਹ ਨਫ਼ਰਤ ਯਹੋਵਾਹ ਨਾਲ ਨਫ਼ਰਤ ਕਰਨ ਦੇ ਬਰਾਬਰ ਸੀ। ਇਸੇ ਕਰਕੇ ਯਹੋਵਾਹ ਨੇ ਅਦੋਮ ਤੋਂ ਬਦਲਾ ਲੈਣ ਵਾਸਤੇ ਤਲਵਾਰ ਚਲਾਈ ਸੀ!—ਯਸਾਯਾਹ 34:5-15; ਯਿਰਮਿਯਾਹ 49:7-22.
7. (ੳ) ਪੁਰਾਣੇ ਜ਼ਮਾਨੇ ਵਿਚ ਅਦੋਮ ਉੱਤੇ ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ ਸੀ? (ਅ) ਅਦੋਮ ਕਿਨ੍ਹਾਂ ਨੂੰ ਦਰਸਾਉਂਦਾ ਹੈ?
7 ਯਰੂਸ਼ਲਮ ਨੂੰ ਵਾਪਸ ਮੁੜ ਰਹੇ ਯਹੂਦੀਆਂ ਨੂੰ ਯਸਾਯਾਹ ਦੇ ਦਰਸ਼ਣ ਤੋਂ ਬੜਾ ਹੌਸਲਾ ਮਿਲਿਆ ਸੀ। ਇਸ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਆਪਣੇ ਨਵੇਂ ਦੇਸ਼ ਵਿਚ ਸਹੀ-ਸਲਾਮਤ ਵੱਸਣਗੇ। ਦਰਅਸਲ ਮਲਾਕੀ ਨਬੀ ਦੇ ਦਿਨਾਂ ਤਕ ਪਰਮੇਸ਼ੁਰ ਨੇ ਅਦੋਮ ਦੇ ‘ਪਹਾੜ ਨੂੰ ਵੀਰਾਨ ਕਰ ਛੱਡਿਆ ਸੀ ਅਤੇ ਉਸ ਦੀ ਮਿਲਖ ਉਜਾੜ ਦੇ ਗਿੱਦੜਾਂ ਨੂੰ ਦੇ ਦਿੱਤੀ ਸੀ।’ (ਮਲਾਕੀ 1:3) ਤਾਂ ਫਿਰ ਕੀ ਇਸ ਦਾ ਮਤਲਬ ਇਹ ਹੈ ਕਿ ਯਸਾਯਾਹ ਦੀ ਭਵਿੱਖਬਾਣੀ ਮਲਾਕੀ ਦੇ ਦਿਨਾਂ ਵਿਚ ਪੂਰੀ ਹੋ ਚੱਕੀ ਸੀ? ਨਹੀਂ, ਕਿਉਂਕਿ ਅਦੋਮੀ ਲੋਕ ਆਪਣੇ ਉਜੜੇ ਹੋਏ ਅਸਥਾਨਾਂ ਨੂੰ ਦੁਬਾਰਾ ਉਸਾਰਨ ਲਈ ਤਿਆਰ ਸਨ, ਅਤੇ ਮਲਾਕੀ ਨੇ ਅਦੋਮ ਨੂੰ “ਦੁਸ਼ਟੀ ਦੇਸ” ਅਤੇ “ਉਹ ਪਰਜਾ ਜਿਹ ਦੇ ਉੱਤੇ ਯਹੋਵਾਹ ਦਾ ਗਜ਼ਬ ਸਦਾ ਲਈ ਰਿਹਾ ਹੈ” ਸੱਦਿਆ ਸੀ।a (ਮਲਾਕੀ 1:4, 5) ਪਰ ਭਵਿੱਖਬਾਣੀ ਵਿਚ ਅਦੋਮ ਦਾ ਮਤਲਬ ਸਿਰਫ਼ ਏਸਾਓ ਦੀ ਅੰਸ ਨਹੀਂ ਸੀ। ਅਦੋਮ ਉਨ੍ਹਾਂ ਸਾਰੀਆਂ ਕੌਮਾਂ ਨੂੰ ਦਰਸਾਉਂਦਾ ਹੈ ਜੋ ਯਹੋਵਾਹ ਦੇ ਸੇਵਕਾਂ ਨਾਲ ਦੁਸ਼ਮਣੀ ਕਰਦੀਆਂ ਹਨ। ਈਸਾਈ-ਜਗਤ ਦੀਆਂ ਕੌਮਾਂ ਖ਼ਾਸ ਕਰਕੇ ਦੁਸ਼ਮਣ ਬਣੀਆਂ ਹਨ। ਅੱਜ ਦੇ ਜ਼ਮਾਨੇ ਦੇ ਇਸ ਅਦੋਮ ਦਾ ਕੀ ਬਣੇਗਾ?
ਅੰਗੂਰ-ਰਸ ਕੱਢਣ ਵਾਲਾ ਚੁਬੱਚਾ
8, 9. (ੳ) ਯਸਾਯਾਹ ਨੇ ਜੋ ਫ਼ੌਜੀ ਦੇਖਿਆ ਸੀ ਉਹ ਕੀ ਕਰ ਕੇ ਆਇਆ ਸੀ? (ਅ) ਭਵਿੱਖਬਾਣੀ ਵਿਚ ਦੇਖਿਆ ਗਿਆ ਚੁਬੱਚਾ ਕਦੋਂ ਅਤੇ ਕਿਵੇਂ ਮਿੱਧਿਆ ਜਾਵੇਗਾ?
8 ਯਸਾਯਾਹ ਨੇ ਵਾਪਸ ਆ ਰਹੇ ਫ਼ੌਜੀ ਨੂੰ ਪੁੱਛਿਆ: “ਤੇਰਾ ਲਿਬਾਸ ਕਿਉਂ ਲਾਲ ਹੈ, ਅਤੇ ਤੇਰਾ ਬਸਤਰ ਚੁਬੱਚੇ ਵਿੱਚ ਦਾਖ ਲਤਾੜਨ ਵਾਲੇ ਜਿਹਾ ਹੈ?” ਯਹੋਵਾਹ ਨੇ ਜਵਾਬ ਦਿੱਤਾ: “ਮੈਂ ਅਕੱਲੇ ਦਾਖ ਦੇ ਚੁਬੱਚੇ ਵਿੱਚ ਲਤਾੜਿਆ, ਅਤੇ ਲੋਕਾਂ ਵਿੱਚੋਂ ਮੇਰੇ ਨਾਲ ਕੋਈ ਨਹੀਂ ਸੀ। ਹਾਂ, ਮੈਂ ਆਪਣੇ ਕ੍ਰੋਧ ਵਿੱਚ ਓਹਨਾਂ ਨੂੰ ਲਤਾੜਿਆ, ਅਤੇ ਆਪਣੇ ਗੁੱਸੇ ਵਿੱਚ ਓਹਨਾਂ ਨੂੰ ਮਿੱਧਿਆ, ਮੇਰੇ ਬਸਤਰ ਉੱਤੇ ਓਹਨਾਂ ਦਾ ਲਹੂ ਛਿੜਕਿਆ ਗਿਆ, ਅਤੇ ਮੈਂ ਆਪਣੇ ਸਾਰੇ ਲਿਬਾਸ ਨੂੰ ਲਬੇੜਿਆ!”—ਯਸਾਯਾਹ 63:2, 3.
9 ਇਹ ਸ਼ਬਦ ਬਹੁਤ ਹੀ ਵੱਡੇ ਖ਼ੂਨ-ਖ਼ਰਾਬੇ ਬਾਰੇ ਦੱਸਦੇ ਹਨ। ਚੁਬੱਚੇ ਵਿਚ ਅੰਗੂਰਾਂ ਦਾ ਰਸ ਕੱਢਣ ਲਈ, ਮਿੱਧਣ ਵਾਲੇ ਦੇ ਕੱਪੜਿਆਂ ਵਾਂਗ ਪਰਮੇਸ਼ੁਰ ਦੇ ਵਧੀਆ ਕੱਪੜੇ ਵੀ ਲਿਬੜੇ ਹੋਏ ਸਨ! ਚੁਬੱਚਾ ਚੰਗੀ ਤਰ੍ਹਾਂ ਦਰਸਾਉਂਦਾ ਹੈ ਕਿ ਜਦੋਂ ਯਹੋਵਾਹ ਪਰਮੇਸ਼ੁਰ ਆਪਣੇ ਵੈਰੀਆਂ ਦਾ ਨਾਸ਼ ਕਰਨ ਆਵੇਗਾ ਉਹ ਕਿਤੇ ਨਹੀਂ ਜਾ ਸਕਣਗੇ। ਉਨ੍ਹਾਂ ਨੂੰ ਚੁਬੱਚੇ ਵਿਚ ਕਦੋਂ ਮਿੱਧਿਆ ਜਾਵੇਗਾ? ਯੋਏਲ ਨਬੀ ਅਤੇ ਯੂਹੰਨਾ ਰਸੂਲ ਦੀਆਂ ਭਵਿੱਖਬਾਣੀਆਂ ਵਿਚ ਵੀ ਇਸ ਚੁਬੱਚੇ ਬਾਰੇ ਗੱਲ ਕੀਤੀ ਗਈ ਹੈ। ਇਨ੍ਹਾਂ ਭਵਿੱਖਬਾਣੀਆਂ ਦਾ ਚੁਬੱਚਾ ਉਦੋਂ ਮਿੱਧਿਆ ਜਾਵੇਗਾ ਜਦੋਂ ਯਹੋਵਾਹ ਆਰਮਾਗੇਡਨ ਦੀ ਲੜਾਈ ਵਿਚ ਆਪਣੇ ਦੁਸ਼ਮਣਾਂ ਦਾ ਨਾਸ਼ ਕਰੇਗਾ। (ਯੋਏਲ 3:13; ਪਰਕਾਸ਼ ਦੀ ਪੋਥੀ 14:18-20; 16:16) ਯਸਾਯਾਹ ਦੀ ਭਵਿੱਖਬਾਣੀ ਦਾ ਚੁਬੱਚਾ ਉਸੇ ਸਮੇਂ ਨਾਲ ਸੰਬੰਧ ਰੱਖਦਾ ਹੈ।
10. ਯਹੋਵਾਹ ਨੇ ਇਹ ਕਿਉਂ ਕਿਹਾ ਸੀ ਕਿ ਉਸ ਨੇ ਇਕੱਲੇ ਚੁਬੱਚੇ ਨੂੰ ਲਤਾੜਿਆ ਸੀ?
10 ਪਰ ਇੱਥੇ ਇਹ ਕਿਉਂ ਲਿਖਿਆ ਗਿਆ ਹੈ ਕਿ ਯਹੋਵਾਹ ਨੇ ਇਕੱਲੇ ਇਹ ਚੁਬੱਚਾ ਲਤਾੜਿਆ ਸੀ ਅਤੇ ਲੋਕਾਂ ਵਿੱਚੋਂ ਉਸ ਦੇ ਨਾਲ ਕੋਈ ਨਹੀਂ ਸੀ? ਕੀ ਪਰਮੇਸ਼ੁਰ ਦੇ ਸੇਵਕ ਵਜੋਂ ਯਿਸੂ ਮਸੀਹ ਸਭ ਤੋਂ ਪਹਿਲਾਂ ਚੁਬੱਚਾ ਨਹੀਂ ਮਿੱਧੇਗਾ? (ਪਰਕਾਸ਼ ਦੀ ਪੋਥੀ 19:11-16) ਇਹ ਇਕ ਚੰਗਾ ਸਵਾਲ ਹੈ, ਪਰ ਯਹੋਵਾਹ ਦੂਤਾਂ ਬਾਰੇ ਨਹੀਂ ਸਗੋਂ ਇਨਸਾਨਾਂ ਬਾਰੇ ਗੱਲ ਕਰ ਰਿਹਾ ਸੀ। ਉਸ ਦੇ ਕਹਿਣ ਦਾ ਭਾਵ ਇਹ ਹੈ ਕਿ ਕੋਈ ਵੀ ਇਨਸਾਨ ਧਰਤੀ ਤੋਂ ਸ਼ਤਾਨ ਦੇ ਮਗਰ ਲੱਗਣ ਵਾਲਿਆਂ ਨੂੰ ਖ਼ਤਮ ਨਹੀਂ ਕਰ ਸਕਦਾ। (ਯਸਾਯਾਹ 59:15, 16) ਇਹ ਸਿਰਫ਼ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਹੱਥ ਵਿਚ ਹੈ ਕਿ ਉਹ ਆਪਣਾ ਗੁੱਸਾ ਉਨ੍ਹਾਂ ਉੱਤੇ ਕੱਢੇ ਜਦ ਤਕ ਉਹ ਪੂਰੀ ਤਰ੍ਹਾਂ ਮਿੱਧੇ ਨਾ ਜਾਣ।
11. (ੳ) ਯਹੋਵਾਹ “ਬਦਲਾ ਲੈਣ ਦਾ ਦਿਨ” ਕਿਉਂ ਲਿਆਉਂਦਾ ਹੈ? (ਅ) ਪੁਰਾਣੇ ਜ਼ਮਾਨੇ ਵਿਚ ‘ਛੁਡਾਏ ਹੋਏ’ ਲੋਕ ਕੌਣ ਸਨ ਅਤੇ ਅੱਜ ਇਹ ਕੌਣ ਹਨ?
11 ਯਹੋਵਾਹ ਨੇ ਅੱਗੇ ਹੋਰ ਸਮਝਾਇਆ ਕਿ ਉਸ ਨੇ ਇਹ ਕੰਮ ਆਪੇ ਹੀ ਕਿਉਂ ਕੀਤਾ ਸੀ। ਉਸ ਨੇ ਕਿਹਾ: “ਬਦਲਾ ਲੈਣ ਦਾ ਦਿਨ ਮੇਰੇ ਦਿਲ ਵਿੱਚ ਜੋ ਸੀ, ਅਤੇ ਮੇਰੇ ਛੁਡਾਇਆਂ ਹੋਇਆਂ ਦਾ ਵਰਹਾ ਆ ਗਿਆ ਹੈ।” (ਯਸਾਯਾਹ 63:4)b ਸਿਰਫ਼ ਯਹੋਵਾਹ ਦਾ ਹੀ ਹੱਕ ਬਣਦਾ ਹੈ ਕਿ ਉਹ ਆਪਣੇ ਲੋਕਾਂ ਦਾ ਨੁਕਸਾਨ ਕਰਨ ਵਾਲਿਆਂ ਤੋਂ ਬਦਲਾ ਲਵੇ। (ਬਿਵਸਥਾ ਸਾਰ 32:35) ਪੁਰਾਣੇ ਜ਼ਮਾਨੇ ਵਿਚ ‘ਛੁਡਾਏ ਹੋਏ’ ਲੋਕ ਉਹ ਯਹੂਦੀ ਸਨ ਜਿਨ੍ਹਾਂ ਨੇ ਬਾਬਲੀਆਂ ਦੇ ਹੱਥੀਂ ਦੁੱਖ ਝੱਲੇ ਸਨ। (ਯਸਾਯਾਹ 35:10; 43:1; 48:20) ਸਾਡੇ ਜ਼ਮਾਨੇ ਵਿਚ ਇਹ ‘ਛੁਡਾਏ ਹੋਏ’ ਲੋਕ ਮਸਹ ਕੀਤਾ ਹੋਇਆ ਬਕੀਆ ਹੈ। (ਪਰਕਾਸ਼ ਦੀ ਪੋਥੀ 12:17) ਪੁਰਾਣੇ ਜ਼ਮਾਨੇ ਦੇ ਯਹੂਦੀਆਂ ਵਾਂਗ, ਉਨ੍ਹਾਂ ਨੂੰ ਝੂਠੇ ਧਰਮ ਦੀ ਗ਼ੁਲਾਮੀ ਤੋਂ ਛੁਡਾਇਆ ਗਿਆ ਹੈ। ਅਤੇ ਉਨ੍ਹਾਂ ਯਹੂਦੀਆਂ ਦੀ ਤਰ੍ਹਾਂ ਮਸਹ ਕੀਤੇ ਹੋਏ ਮਸੀਹੀ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੀਆਂ ‘ਹੋਰ ਭੇਡਾਂ’ ਜ਼ੁਲਮ ਅਤੇ ਵਿਰੋਧਤਾ ਦੇ ਸ਼ਿਕਾਰ ਬਣੇ ਹਨ। (ਯੂਹੰਨਾ 10:16) ਇਸ ਤਰ੍ਹਾਂ ਯਸਾਯਾਹ ਦੀ ਭਵਿੱਖਬਾਣੀ ਅੱਜ ਮਸੀਹੀਆਂ ਨੂੰ ਭਰੋਸਾ ਦਿੰਦੀ ਹੈ ਕਿ ਯਹੋਵਾਹ ਆਪਣੇ ਠਹਿਰਾਏ ਗਏ ਸਮੇਂ ਤੇ ਉਨ੍ਹਾਂ ਨੂੰ ਬਚਾਵੇਗਾ।
12, 13. (ੳ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੈ? (ਅ) ਯਹੋਵਾਹ ਦੀ ਭੁਜਾ ਕਿਵੇਂ ਬਚਾਉਂਦੀ ਹੈ ਅਤੇ ਉਸ ਦਾ ਗੁੱਸਾ ਉਸ ਨੂੰ ਕਿਵੇਂ ਸੰਭਾਲਦਾ ਹੈ?
12 ਯਹੋਵਾਹ ਨੇ ਅੱਗੇ ਕਿਹਾ: “ਮੈਂ ਨਿਗਾਹ ਕੀਤੀ ਪਰ ਸਹਾਇਕ ਕੋਈ ਨਹੀਂ ਸੀ, ਮੈਂ ਦੰਗ ਰਹਿ ਗਿਆ ਪਰ ਸੰਭਾਲਣ ਵਾਲਾ ਕੋਈ ਨਹੀਂ ਸੀ। ਤਾਂ ਮੇਰੀ ਭੁਜਾ ਨੇ ਮੈਨੂੰ ਬਚਾਇਆ, ਅਤੇ ਮੇਰੇ ਗੁੱਸੇ ਨੇ ਮੈਨੂੰ ਸੰਭਾਲਿਆ। ਮੈਂ ਆਪਣੇ ਕ੍ਰੋਧ ਵਿੱਚ ਲੋਕਾਂ ਨੂੰ ਚਿੱਥਿਆ, ਮੈਂ ਆਪਣੇ ਗੁੱਸੇ ਵਿੱਚ ਓਹਨਾਂ ਨੂੰ ਖੀਵੇ ਕੀਤਾ, ਅਤੇ ਓਹਨਾਂ ਦਾ ਲਹੂ ਧਰਤੀ ਉੱਤੇ ਵਹਾਇਆ।”—ਯਸਾਯਾਹ 63:5, 6.
13 ਕੋਈ ਵੀ ਇਨਸਾਨ ਯਹੋਵਾਹ ਦੇ ਬਦਲਾ ਲੈਣ ਦੇ ਵੱਡੇ ਦਿਨ ਵਿਚ ਉਸ ਦੀ ਮਦਦ ਨਹੀਂ ਕਰੇਗਾ, ਇਸ ਲਈ ਸਾਰਾ ਮਾਣ ਯਹੋਵਾਹ ਦਾ ਹੀ ਹੋਵੇਗਾ। ਅਤੇ ਨਾ ਹੀ ਯਹੋਵਾਹ ਨੂੰ ਆਪਣੀ ਇੱਛਾ ਪੂਰੀ ਕਰਨ ਲਈ ਕਿਸੇ ਇਨਸਾਨ ਦੀ ਮਦਦ ਦੀ ਜ਼ਰੂਰਤ ਹੈ।c ਉਸ ਦੀ ਭੁਜਾ ਜਾਂ ਵੱਡੀ ਸ਼ਕਤੀ ਹੀ ਕਾਫ਼ੀ ਹੈ। (ਜ਼ਬੂਰ 44:3; 98:1; ਯਿਰਮਿਯਾਹ 27:5) ਇਸ ਤੋਂ ਇਲਾਵਾ ਉਸ ਦਾ ਗੁੱਸਾ ਉਸ ਨੂੰ ਸੰਭਾਲਦਾ ਹੈ। ਉਹ ਕਿਸ ਤਰ੍ਹਾਂ? ਪਰਮੇਸ਼ੁਰ ਦਾ ਗੁੱਸਾ ਬੇਕਾਬੂ ਨਹੀਂ ਹੁੰਦਾ ਪਰ ਹਮੇਸ਼ਾ ਜਾਇਜ਼ ਹੁੰਦਾ ਹੈ। ਯਹੋਵਾਹ ਹਮੇਸ਼ਾ ਆਪਣੇ ਧਰਮੀ ਅਸੂਲਾਂ ਦੇ ਅਨੁਸਾਰ ਚੱਲਦਾ ਹੈ। ਆਪਣੇ ਗੁੱਸੇ ਕਾਰਨ ਹੀ ਉਹ ਆਪਣੇ ਦੁਸ਼ਮਣਾਂ ਦਾ ‘ਲਹੂ ਧਰਤੀ ਉੱਤੇ ਵਹਾਏਗਾ’ ਜਦੋਂ ਉਹ ਉਨ੍ਹਾਂ ਨੂੰ ਬੇਇੱਜ਼ਤ ਅਤੇ ਤਬਾਹ ਕਰੇਗਾ।—ਜ਼ਬੂਰ 75:8; ਯਸਾਯਾਹ 25:10; 26:5.
ਪਰਮੇਸ਼ੁਰ ਦੀ ਦਇਆ
14. ਯਸਾਯਾਹ ਨੇ ਲੋਕਾਂ ਨੂੰ ਕੀ-ਕੀ ਯਾਦ ਕਰਾਇਆ ਸੀ?
14 ਪੁਰਾਣੇ ਜ਼ਮਾਨੇ ਵਿਚ ਯਹੂਦੀ ਲੋਕਾਂ ਨੇ ਯਹੋਵਾਹ ਦੇ ਉਨ੍ਹਾਂ ਕੰਮਾਂ ਦੀ ਕਦਰ ਬਹੁਤਾ ਚਿਰ ਨਹੀਂ ਕੀਤੀ ਸੀ ਜੋ ਉਨ੍ਹਾਂ ਦੀ ਖ਼ਾਤਰ ਕੀਤੇ ਗਏ ਸਨ। ਇਸ ਲਈ ਇਹ ਢੁਕਵਾਂ ਹੈ ਕਿ ਯਸਾਯਾਹ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਯਹੋਵਾਹ ਨੇ ਅਜਿਹੇ ਕੰਮ ਕਿਉਂ ਕੀਤੇ ਸਨ। ਉਸ ਨੇ ਕਿਹਾ: “ਮੈਂ ਯਹੋਵਾਹ ਦੀ ਦਯਾ ਦਾ ਵਰਨਣ ਕਰਾਂਗਾ, ਯਹੋਵਾਹ ਦੀ ਉਸਤਤ ਦਾ ਵੀ, ਉਸ ਸਾਰੇ ਦੇ ਅਨੁਸਾਰ ਜੋ ਯਹੋਵਾਹ ਨੇ ਸਾਨੂੰ ਬਖ਼ਸ਼ਿਆ, ਨਾਲੇ ਇਸਰਾਏਲ ਦੇ ਘਰਾਣੇ ਲਈ ਉਹ ਵੱਡੀ ਭਲਿਆਈ, ਜਿਹ ਨੂੰ ਉਹ ਨੇ ਆਪਣੇ ਰਹਮ, ਅਤੇ ਆਪਣੀ ਦਯਾ ਦੀ ਵਾਫ਼ਰੀ ਅਨੁਸਾਰ ਓਹਨਾਂ ਨੂੰ ਬਖਸ਼ ਦਿੱਤਾ। ਓਸ ਤਾਂ ਆਖਿਆ, ਏਹ ਸੱਚ ਮੁੱਚ ਮੇਰੀ ਪਰਜਾ ਹੈ, ਪੁੱਤ੍ਰ ਜੋ ਛਲ ਨਾ ਕਮਾਉਣਗੇ, ਸੋ ਉਹ ਓਹਨਾਂ ਦਾ ਬਚਾਉਣ ਵਾਲਾ ਹੋਇਆ। ਓਹਨਾਂ ਦੇ ਸਭ ਦੁਖਾਂ ਵਿੱਚ ਉਹ ਦੁਖੀ ਹੋਇਆ, ਅਤੇ ਉਹ ਦੀ ਹਜ਼ੂਰੀ ਦੇ ਦੂਤ ਨੇ ਓਹਨਾਂ ਨੂੰ ਬਚਾਇਆ, ਓਸ ਆਪਣੇ ਪ੍ਰੇਮ ਵਿੱਚ ਅਤੇ ਆਪਣੇ ਤਰਸ ਵਿੱਚ ਓਹਨਾਂ ਨੂੰ ਛੁਡਾਇਆ, ਉਹ ਓਹਨਾਂ ਨੂੰ ਸਾਰੇ ਪਰਾਚੀਨ ਦਿਨਾਂ ਵਿੱਚ ਚੁੱਕੀ ਫਿਰਿਆ।”—ਯਸਾਯਾਹ 63:7-9.
15. ਯਹੋਵਾਹ ਨੇ ਅਬਰਾਹਾਮ ਦੀ ਅੰਸ ਉੱਤੇ ਦਇਆ ਕਿਵੇਂ ਅਤੇ ਕਿਉਂ ਕੀਤੀ ਸੀ ਜਦੋਂ ਉਹ ਮਿਸਰ ਵਿਚ ਸਨ?
15 ਯਹੋਵਾਹ ਪਿਆਰ ਅਤੇ ਦਇਆ ਕਰਨ ਵਿਚ ਇਕ ਵਧੀਆ ਮਿਸਾਲ ਕਾਇਮ ਕਰਦਾ ਹੈ। (ਜ਼ਬੂਰ 36:7; 62:12) ਯਹੋਵਾਹ ਨੇ ਦਇਆ ਕਰਕੇ ਅਬਰਾਹਾਮ ਨਾਲ ਮਿੱਤਰਤਾ ਕੀਤੀ ਸੀ। (ਮੀਕਾਹ 7:20) ਉਸ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ ਕਿ ਉਸ ਦੀ ਅੰਸ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ। (ਉਤਪਤ 22:17, 18) ਯਹੋਵਾਹ ਆਪਣੇ ਵਾਅਦੇ ਦਾ ਪੱਕਾ ਰਿਹਾ ਅਤੇ ਉਸ ਨੇ ਇਸਰਾਏਲ ਦੇ ਘਰਾਣੇ ਨਾਲ ਭਲਿਆਈ ਕੀਤੀ। ਉਸ ਨੇ ਅਬਰਾਹਾਮ ਦੀ ਅੰਸ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾ ਕੇ ਉਨ੍ਹਾਂ ਉੱਤੇ ਵੱਡੀ ਦਇਆ ਕੀਤੀ ਸੀ।—ਕੂਚ 14:30.
16. (ੳ) ਜਦੋਂ ਯਹੋਵਾਹ ਨੇ ਇਸਰਾਏਲ ਨਾਲ ਆਪਣਾ ਨੇਮ ਬੰਨ੍ਹਿਆ ਸੀ ਤਾਂ ਉਸ ਦੀ ਕੀ ਉਮੀਦ ਸੀ? (ਅ) ਪਰਮੇਸ਼ੁਰ ਆਪਣੇ ਲੋਕਾਂ ਨਾਲ ਕਿਹੋ ਜਿਹਾ ਸਲੂਕ ਕਰਦਾ ਹੈ?
16 ਯਹੋਵਾਹ ਨੇ ਇਸਰਾਏਲੀਆਂ ਨੂੰ ਮਿਸਰ ਤੋਂ ਕੱਢ ਕੇ ਸੀਨਈ ਪਹਾੜ ਕੋਲ ਲਿਆਂਦਾ ਸੀ ਜਿੱਥੇ ਉਸ ਨੇ ਇਹ ਵਾਅਦਾ ਕੀਤਾ ਸੀ: “ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ . . . ਅਤੇ ਤੁਸੀਂ ਮੇਰੇ ਲਈ ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ ਹੋਵੋਗੇ।” (ਕੂਚ 19:5, 6) ਕੀ ਯਹੋਵਾਹ ਇਹ ਵਾਅਦਾ ਧੋਖੇ ਨਾਲ ਕਰ ਰਿਹਾ ਸੀ? ਨਹੀਂ, ਕਿਉਂਕਿ ਯਸਾਯਾਹ ਨੇ ਦੱਸਿਆ ਕਿ ਯਹੋਵਾਹ ਨੇ ਆਪਣੇ ਆਪ ਨੂੰ ਕਿਹਾ: “ਏਹ ਸੱਚ ਮੁੱਚ ਮੇਰੀ ਪਰਜਾ ਹੈ, ਪੁੱਤ੍ਰ ਜੋ ਛਲ ਨਾ ਕਮਾਉਣਗੇ।” ਇਕ ਵਿਦਵਾਨ ਨੇ ਕਿਹਾ: ‘“ਸੱਚ ਮੁੱਚ” ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਸਰਬਸ਼ਕਤੀਮਾਨ ਉਨ੍ਹਾਂ ਨੂੰ ਹੁਕਮ ਦੇ ਰਿਹਾ ਸੀ ਜਾਂ ਉਨ੍ਹਾਂ ਦੀ ਕਿਸਮਤ ਲਿਖ ਰਿਹਾ ਸੀ। ਬਲਕਿ ਪਿਆਰ ਨਾਲ ਉਹ ਇਸ ਦੀ ਪੂਰੀ ਉਮੀਦ ਰੱਖਦਾ ਸੀ।’ ਜੀ ਹਾਂ, ਯਹੋਵਾਹ ਨੇ ਇਹ ਨੇਮ ਪੂਰੇ ਯਕੀਨ ਨਾਲ ਬੰਨ੍ਹਿਆ ਸੀ ਕਿ ਉਸ ਦੀ ਪਰਜਾ ਸੱਚ-ਮੁੱਚ ਸਫ਼ਲ ਹੋਵੇਗੀ। ਉਨ੍ਹਾਂ ਦੀਆਂ ਕਮਜ਼ੋਰੀਆਂ ਦੇ ਬਾਵਜੂਦ ਉਸ ਨੇ ਉਨ੍ਹਾਂ ਉੱਤੇ ਭਰੋਸਾ ਰੱਖਿਆ ਸੀ। ਅਜਿਹੇ ਪਰਮੇਸ਼ੁਰ ਦੀ ਭਗਤੀ ਕਰਨੀ ਕਿੰਨੀ ਚੰਗੀ ਹੈ ਜੋ ਆਪਣੇ ਸੇਵਕਾਂ ਉੱਤੇ ਇੰਨਾ ਭਰੋਸਾ ਰੱਖਦਾ ਹੈ! ਬਜ਼ੁਰਗ ਅੱਜ ਪਰਮੇਸ਼ੁਰ ਦੇ ਲੋਕਾਂ ਦੀ ਨੇਕੀ ਉੱਤੇ ਅਜਿਹਾ ਭਰੋਸਾ ਰੱਖ ਕੇ ਉਨ੍ਹਾਂ ਨੂੰ ਬੜਾ ਹੌਸਲਾ ਦਿੰਦੇ ਹਨ ਜਿਨ੍ਹਾਂ ਦੀ ਉਹ ਦੇਖ-ਭਾਲ ਕਰਨ ਲਈ ਜ਼ਿੰਮੇਵਾਰ ਹਨ।—2 ਥੱਸਲੁਨੀਕੀਆਂ 3:4; ਇਬਰਾਨੀਆਂ 6:9, 10.
17. (ੳ) ਯਹੋਵਾਹ ਨੇ ਇਸਰਾਏਲੀਆਂ ਨਾਲ ਪਿਆਰ ਕਰਨ ਦਾ ਕਿਹੜਾ ਸਬੂਤ ਦਿੱਤਾ ਸੀ? (ਅ) ਅਸੀਂ ਅੱਜ ਕਿਹੜਾ ਭਰੋਸਾ ਰੱਖ ਸਕਦੇ ਹਾਂ?
17 ਜ਼ਬੂਰਾਂ ਦੇ ਲਿਖਾਰੀ ਨੇ ਇਸਰਾਏਲੀਆਂ ਬਾਰੇ ਕਿਹਾ: “ਓਹ ਆਪਣੇ ਬਚਾਉਣ ਵਾਲੇ ਪਰਮੇਸ਼ੁਰ ਨੂੰ ਭੁੱਲ ਗਏ, ਜਿਹ ਨੇ ਮਿਸਰ ਵਿੱਚ ਵੱਡੇ ਵੱਡੇ ਕੰਮ ਕੀਤੇ।” (ਜ਼ਬੂਰ 106:21) ਉਹ ਅਣਆਗਿਆਕਾਰ ਅਤੇ ਜ਼ਿੱਦੀ ਸਨ ਜਿਸ ਦੇ ਨਤੀਜੇ ਵਜੋਂ ਉਹ ਕਈ ਵਾਰ ਦੁੱਖਾਂ ਵਿਚ ਪਏ ਸਨ। (ਬਿਵਸਥਾ ਸਾਰ 9:6) ਪਰ ਕੀ ਯਹੋਵਾਹ ਨੇ ਉਨ੍ਹਾਂ ਉੱਤੇ ਦਇਆ ਕਰਨੀ ਛੱਡ ਦਿੱਤੀ ਸੀ? ਬਿਲਕੁਲ ਨਹੀਂ, ਯਸਾਯਾਹ ਨੇ ਕਿਹਾ ਕਿ “ਓਹਨਾਂ ਦੇ ਸਭ ਦੁਖਾਂ ਵਿੱਚ ਉਹ ਦੁਖੀ ਹੋਇਆ।” ਯਹੋਵਾਹ ਕਿੰਨਾ ਹਮਦਰਦ ਹੈ! ਇਕ ਪਿਆਰੇ ਪਿਤਾ ਦੀ ਤਰ੍ਹਾਂ ਪਰਮੇਸ਼ੁਰ ਦੁਖੀ ਹੋਇਆ ਜਦੋਂ ਉਸ ਦੇ ਬੱਚਿਆਂ ਨੇ ਦੁੱਖ ਝੱਲੇ ਭਾਵੇਂ ਕਿ ਇਹ ਦੁੱਖ ਉਨ੍ਹਾਂ ਦੀ ਆਪਣੀ ਮੂਰਖਤਾ ਕਰਕੇ ਸਨ। ਭਵਿੱਖਬਾਣੀ ਅਨੁਸਾਰ ਅਤੇ ਉਸ ਦੇ ਪਿਆਰ ਦੇ ਸਬੂਤ ਵਜੋਂ ਯਹੋਵਾਹ ਨੇ ਉਨ੍ਹਾਂ ਕੋਲ ਆਪਣੇ “ਹਜ਼ੂਰੀ ਦੇ ਦੂਤ” ਨੂੰ ਘੱਲਿਆ ਸੀ। ਇਹ ਦੂਤ ਸ਼ਾਇਦ ਇਨਸਾਨ ਬਣਨ ਤੋਂ ਪਹਿਲਾਂ ਯਿਸੂ ਹੀ ਸੀ ਜੋ ਉਨ੍ਹਾਂ ਨੂੰ ਵਾਅਦੇ ਕੀਤੇ ਗਏ ਦੇਸ਼ ਵਿਚ ਲੈ ਜਾਣ ਲਈ ਘੱਲਿਆ ਗਿਆ ਸੀ। (ਕੂਚ 23:20) ਫਿਰ ਯਹੋਵਾਹ ਨੇ ਆਪਣੀ ਕੌਮ ਨੂੰ ਇਵੇਂ ਚੁੱਕਿਆ “ਜਿਵੇਂ ਮਨੁੱਖ ਆਪਣੇ ਪੁੱਤ੍ਰ ਨੂੰ ਚੁੱਕਦਾ ਹੈ।” (ਬਿਵਸਥਾ ਸਾਰ 1:31; ਜ਼ਬੂਰ 106:10) ਅੱਜ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਦੁੱਖਾਂ ਨੂੰ ਜਾਣਦਾ ਹੈ ਅਤੇ ਉਹ ਸਾਡੇ ਨਾਲ ਹਮਦਰਦੀ ਕਰਦਾ ਹੈ ਜਦੋਂ ਅਸੀਂ ਮੁਸੀਬਤ ਵਿਚ ਹੁੰਦੇ ਹਾਂ। ਅਸੀਂ ਪੂਰੇ ਯਕੀਨ ਨਾਲ ‘ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਸਕਦੇ ਹਾਂ ਕਿਉਂ ਜੋ ਉਹ ਨੂੰ ਸਾਡਾ ਫ਼ਿਕਰ ਹੈ।’—1 ਪਤਰਸ 5:7.
ਪਰਮੇਸ਼ੁਰ ਦੁਸ਼ਮਣ ਬਣਿਆ
18. ਯਹੋਵਾਹ ਆਪਣੇ ਲੋਕਾਂ ਦਾ ਦੁਸ਼ਮਣ ਕਿਵੇਂ ਬਣਿਆ ਸੀ?
18 ਸਾਨੂੰ ਕਦੀ ਵੀ ਪਰਮੇਸ਼ੁਰ ਦੀ ਦਇਆ ਦਾ ਗ਼ਲਤ ਫ਼ਾਇਦਾ ਨਹੀਂ ਉਠਾਉਣਾ ਚਾਹੀਦਾ। ਯਸਾਯਾਹ ਨੇ ਅੱਗੇ ਕਿਹਾ: “ਓਹ ਆਕੀ ਹੋ ਗਏ, ਅਤੇ ਉਹ ਦੇ ਪਵਿੱਤਰ ਆਤਮਾ ਨੂੰ ਗਰੰਜ ਕੀਤਾ, ਉਹ ਉਲਟਾ ਓਹਨਾਂ ਦਾ ਵੈਰੀ ਬਣ ਗਿਆ, ਅਤੇ ਆਪ ਓਹਨਾਂ ਨਾਲ ਲੜਿਆ।” (ਯਸਾਯਾਹ 63:10) ਯਹੋਵਾਹ ਨੇ ਚੇਤਾਵਨੀ ਦਿੱਤੀ ਸੀ ਕਿ ਦਿਆਲੂ ਅਤੇ ਕਿਰਪਾਲੂ ਹੋਣ ਦੇ ਬਾਵਜੂਦ ਉਹ “ਕੁਧਰਮੀ ਨੂੰ ਏਵੇਂ ਨਹੀਂ ਛੱਡਦਾ।” (ਕੂਚ 34:6, 7) ਇਸਰਾਏਲੀਆਂ ਨੇ ਬਗਾਵਤ ਕਰ ਕੇ ਆਪਣੇ ਆਪ ਨੂੰ ਸਜ਼ਾ ਦੇ ਲਾਇਕ ਠਹਿਰਾਇਆ ਸੀ। ਮੂਸਾ ਨੇ ਕਿਹਾ: “ਚੇਤੇ ਰੱਖੋ ਅਤੇ ਵਿੱਸਰ ਨਾ ਜਾਓ ਕਿ ਤੁਸਾਂ ਕਿਵੇਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਉਜਾੜ ਵਿੱਚ ਗੁੱਸੇ ਕੀਤਾ। ਜਿਸ ਦਿਨ ਤੋਂ ਤੁਸੀਂ ਮਿਸਰ ਦੇਸ ਤੋਂ ਨਿੱਕਲੇ ਉਸ ਦਿਨ ਤੀਕ ਕਿ ਤੁਸੀਂ ਏਸ ਅਸਥਾਨ ਤੀਕ ਆਏ ਤੁਸੀਂ ਯਹੋਵਾਹ ਦੇ ਵਿਰੁੱਧ ਆਕੀ ਰਹੇ ਹੋ।” (ਬਿਵਸਥਾ ਸਾਰ 9:7) ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਵਿਰੋਧਤਾ ਕਰ ਕੇ ਉਨ੍ਹਾਂ ਨੇ ਉਸ ਦੀ ਪਵਿੱਤਰ ਆਤਮਾ ਨੂੰ ਉਦਾਸ ਕੀਤਾ। (ਅਫ਼ਸੀਆਂ 4:30) ਉਨ੍ਹਾਂ ਨੇ ਯਹੋਵਾਹ ਨੂੰ ਮਜਬੂਰ ਕਰ ਕੇ ਉਸ ਨੂੰ ਆਪਣਾ ਦੁਸ਼ਮਣ ਬਣਾਇਆ।—ਲੇਵੀਆਂ 26:17; ਬਿਵਸਥਾ ਸਾਰ 28:63.
19, 20. ਯਹੂਦੀਆਂ ਨੇ ਕਿਹੜੀਆਂ ਗੱਲਾਂ ਚੇਤੇ ਕੀਤੀਆਂ ਸਨ ਅਤੇ ਕਿਉਂ?
19 ਮੁਸੀਬਤ ਵਿਚ ਹੋਣ ਕਰਕੇ ਕੁਝ ਯਹੂਦੀ ਪਿਛਲੀਆਂ ਗੱਲਾਂ ਬਾਰੇ ਸੋਚਣ ਲੱਗ ਪਏ ਸਨ। ਯਸਾਯਾਹ ਨੇ ਕਿਹਾ: “ਤਾਂ ਉਹ ਦੀ ਪਰਜਾ ਨੇ ਮੂਸਾ ਦੇ ਪਰਾਚੀਨ ਦਿਨਾਂ ਨੂੰ ਚੇਤੇ ਕੀਤਾ,—ਉਹ ਕਿੱਥੇ ਹੈ ਜੋ ਓਹਨਾਂ ਨੂੰ ਸਮੁੰਦਰੋਂ ਉਤਾਹਾਂ ਲਿਆਇਆ, ਆਪਣੇ ਇੱਜੜ ਦੇ ਪਾਲੀ ਨੂੰ ਵੀ? ਉਹ ਕਿੱਥੇ ਹੈ ਜਿਹ ਨੇ ਆਪਣਾ ਪਵਿੱਤਰ ਆਤਮਾ ਓਹਨਾਂ ਦੇ ਅੰਦਰ ਪਾਇਆ? ਜਿਹ ਨੇ ਆਪਣੀ ਪਰਤਾਪਵਾਨ ਭੁਜਾ ਨੂੰ ਮੂਸਾ ਦੇ ਸੱਜੇ ਹੱਥ ਤੇ ਚਲਾਇਆ? ਜਿਹ ਨੇ ਓਹਨਾਂ ਦੇ ਅੱਗੇ ਪਾਣੀਆਂ ਨੂੰ ਪਾੜਿਆ, ਭਈ ਉਹ ਆਪਣੇ ਲਈ ਇੱਕ ਸਦੀਪਕ ਨਾਮ ਬਣਾਵੇ? ਜਿਹ ਨੇ ਡੁੰਘਿਆਈਆਂ ਦੇ ਵਿੱਚ ਓਹਨਾਂ ਦੀ ਅਗਵਾਈ ਕੀਤੀ? ਜਿਵੇਂ ਘੋੜਾ ਉਜਾੜ ਵਿੱਚ, ਓਹਨਾਂ ਨੇ ਠੋਕਰ ਨਾ ਖਾਧੀ। ਜਿਵੇਂ ਡੰਗਰ ਦੂਣ ਵਿੱਚ ਜਾਂਦੇ, ਤਿਵੇਂ ਯਹੋਵਾਹ ਦੇ ਆਤਮਾ ਨੇ ਓਹਨਾਂ ਨੂੰ ਅਰਾਮ ਦਿੱਤਾ।”—ਯਸਾਯਾਹ 63:11-14ੳ.
20 ਜੀ ਹਾਂ, ਆਪਣੀ ਅਣਆਗਿਆਕਾਰੀ ਦੇ ਨਤੀਜੇ ਭੁਗਤ ਕੇ ਯਹੂਦੀਆਂ ਨੇ ਉਨ੍ਹਾਂ ਦਿਨਾਂ ਨੂੰ ਚੇਤੇ ਕੀਤਾ ਜਦੋਂ ਯਹੋਵਾਹ ਉਨ੍ਹਾਂ ਦਾ ਦੁਸ਼ਮਣ ਨਹੀਂ ਸਗੋਂ ਮੁਕਤੀਦਾਤਾ ਸੀ। ਉਨ੍ਹਾਂ ਨੇ ਮੂਸਾ ਅਤੇ ਹਾਰੂਨ ਨੂੰ ਯਾਦ ਕੀਤਾ ਜੋ ਪਰਮੇਸ਼ੁਰ ਦੇ ਇੱਜੜ ਦੇ “ਪਾਲੀ” ਸਨ ਅਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਲਾਲ ਸਮੁੰਦਰ ਸਹੀ-ਸਲਾਮਤ ਪਾਰ ਕਰਾਇਆ ਸੀ। (ਜ਼ਬੂਰ 77:20; ਯਸਾਯਾਹ 51:10) ਉਨ੍ਹਾਂ ਨੇ ਉਹ ਸਮਾਂ ਯਾਦ ਕੀਤਾ ਜਦੋਂ ਪਰਮੇਸ਼ੁਰ ਦੀ ਆਤਮਾ ਉਦਾਸ ਕਰਨ ਦੀ ਬਜਾਇ ਉਹ ਉਸ ਦੀ ਅਗਵਾਈ ਅਧੀਨ ਮੂਸਾ ਅਤੇ ਹੋਰ ਨਿਯੁਕਤ ਕੀਤੇ ਗਏ ਬਜ਼ੁਰਗਾਂ ਦੀ ਸਲਾਹ ਉੱਤੇ ਚੱਲੇ ਸਨ। (ਗਿਣਤੀ 11:16, 17) ਉਨ੍ਹਾਂ ਨੂੰ ਯਹੋਵਾਹ ਦੀ “ਪਰਤਾਪਵਾਨ ਭੁਜਾ” ਵੀ ਚੇਤੇ ਆਈ ਜਦੋਂ ਉਸ ਨੇ ਮੂਸਾ ਰਾਹੀਂ ਆਪਣੀ ਸ਼ਕਤੀ ਉਨ੍ਹਾਂ ਲਈ ਵਰਤੀ ਸੀ। ਯਹੋਵਾਹ ਨੇ ਉਨ੍ਹਾਂ ਨੂੰ ਵੱਡੇ ਅਤੇ ਭਿਆਨਕ ਉਜਾੜ ਵਿੱਚੋਂ ਕੱਢ ਕੇ ਅਜਿਹੇ ਦੇਸ਼ ਵਿਚ ਲਿਆਂਦਾ ਸੀ ਜਿੱਥੇ ਦੁੱਧ ਅਤੇ ਸ਼ਹਿਤ ਵਗਦਾ ਸੀ ਅਤੇ ਉਨ੍ਹਾਂ ਨੇ ਆਰਾਮ ਕੀਤਾ ਸੀ। (ਬਿਵਸਥਾ ਸਾਰ 1:19; ਯਹੋਸ਼ੁਆ 5:6; 22:4) ਪਰ ਹੁਣ ਇਸਰਾਏਲੀ ਇਸ ਲਈ ਦੁੱਖ ਝੱਲ ਰਹੇ ਸਨ ਕਿਉਂਕਿ ਉਹ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਖੋਹ ਬੈਠੇ ਸਨ!
“ਆਪਣੇ ਲਈ ਇੱਕ ਪਰਤਾਪਵਾਨ ਨਾਮ”
21. (ੳ) ਪਰਮੇਸ਼ੁਰ ਦੇ ਨਾਂ ਦੇ ਸੰਬੰਧ ਵਿਚ ਇਸਰਾਏਲ ਦੀ ਕੌਮ ਨੂੰ ਕਿਹੜਾ ਵੱਡਾ ਸਨਮਾਨ ਮਿਲ ਸਕਦਾ ਸੀ? (ਅ) ਪਰਮੇਸ਼ੁਰ ਨੇ ਖ਼ਾਸ ਕਰਕੇ ਅਬਰਾਹਾਮ ਦੀ ਸੰਤਾਨ ਨੂੰ ਮਿਸਰ ਤੋਂ ਕਿਉਂ ਛੁਡਾਇਆ ਸੀ?
21 ਇਸਰਾਏਲੀ ਬਹੁਤ ਸਾਰੀਆਂ ਚੀਜ਼ਾਂ ਖੋਹ ਬੈਠੇ ਸਨ। ਪਰ ਇਹ ਪਰਮੇਸ਼ੁਰ ਦੇ ਨਾਂ ਦੀ ਵਡਿਆਈ ਕਰਨ ਦੇ ਵੱਡੇ ਸਨਮਾਨ ਖੋਹ ਬੈਠਣ ਦੀ ਤੁਲਨਾ ਵਿਚ ਕੁਝ ਵੀ ਨਹੀਂ ਸੀ। ਮੂਸਾ ਨੇ ਇਸਰਾਏਲੀਆਂ ਨਾਲ ਵਾਅਦਾ ਕੀਤਾ ਸੀ ਕਿ “ਜਿਵੇਂ ਉਸ ਨੇ ਤੁਹਾਡੇ ਨਾਲ ਸੌਂਹ ਖਾਧੀ ਯਹੋਵਾਹ ਤੁਹਾਨੂੰ ਆਪਣੇ ਲਈ ਇੱਕ ਪਵਿੱਤ੍ਰ ਪਰਜਾ ਕਰਕੇ ਕਾਇਮ ਕਰੇਗਾ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ ਅਤੇ ਉਸ ਦੇ ਮਾਰਗਾਂ ਉੱਤੇ ਚੱਲੋ। ਤਾਂ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਹੋਵਾਹ ਦੇ ਨਾਮ ਉੱਤੇ ਪੁਕਾਰੇ ਜਾਂਦੇ ਹੋ ਅਤੇ ਓਹ ਤੁਹਾਥੋਂ ਡਰਨਗੇ।” (ਬਿਵਸਥਾ ਸਾਰ 28:9, 10) ਜਦੋਂ ਯਹੋਵਾਹ ਨੇ ਅਬਰਾਹਾਮ ਦੀ ਸੰਤਾਨ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾ ਕੇ ਉਨ੍ਹਾਂ ਦੀ ਮਦਦ ਕੀਤੀ ਸੀ, ਤਾਂ ਉਹ ਸਿਰਫ਼ ਉਨ੍ਹਾਂ ਦੀ ਜ਼ਿੰਦਗੀ ਸੌਖੀ ਜਾਂ ਚੰਗੀ ਬਣਾਉਣ ਬਾਰੇ ਹੀ ਨਹੀਂ ਸੋਚ ਰਿਹਾ ਸੀ। ਉਸ ਲਈ ਇਸ ਤੋਂ ਵੀ ਮਹੱਤਵਪੂਰਣ ਕਾਰਨ ਸੀ, ਯਾਨੀ ਉਹ ਆਪਣੇ ਨਾਂ ਦੀ ਖ਼ਾਤਰ ਕਦਮ ਚੁੱਕ ਰਿਹਾ ਸੀ। ਜੀ ਹਾਂ, ਉਹ ਆਪਣਾ “ਨਾਮ ਸਾਰੀ ਧਰਤੀ ਵਿੱਚ ਪਰਗਟ” ਕਰ ਰਿਹਾ ਸੀ। (ਕੂਚ 9:15, 16) ਜਦੋਂ ਪਰਮੇਸ਼ੁਰ ਨੇ ਉਜਾੜ ਵਿਚ ਇਸਰਾਏਲ ਦੀ ਬਗਾਵਤ ਤੋਂ ਬਾਅਦ ਉਨ੍ਹਾਂ ਉੱਤੇ ਦਇਆ ਕੀਤੀ ਸੀ, ਤਾਂ ਉਹ ਸਿਰਫ਼ ਜਜ਼ਬਾਤੀ ਹੋ ਕੇ ਹੀ ਨਹੀਂ ਕੰਮ ਕਰ ਰਿਹਾ ਸੀ। ਯਹੋਵਾਹ ਨੇ ਖ਼ੁਦ ਕਿਹਾ: “ਮੈਂ ਆਪਣੇ ਨਾਮ ਦੇ ਲਈ ਅਜੇਹਾ ਕੀਤਾ ਤਾਂ ਜੋ ਮੇਰਾ ਨਾਮ ਉਨ੍ਹਾਂ ਕੌਮਾਂ ਦੀਆਂ ਅੱਖਾਂ ਵਿੱਚ ਪਲੀਤ ਨਾ ਕੀਤਾ ਜਾਵੇ।”—ਹਿਜ਼ਕੀਏਲ 20:8-10.
22. (ੳ) ਭਵਿੱਖ ਵਿਚ ਪਰਮੇਸ਼ੁਰ ਇਕ ਵਾਰ ਫਿਰ ਆਪਣੇ ਲੋਕਾਂ ਲਈ ਕਿਉਂ ਲੜੇਗਾ? (ਅ) ਪਰਮੇਸ਼ੁਰ ਦੇ ਨਾਂ ਨਾਲ ਸਾਡਾ ਪਿਆਰ ਸਾਡੇ ਕੰਮਾਂ ਉੱਤੇ ਕੀ ਅਸਰ ਪਾਉਂਦਾ ਹੈ?
22 ਯਸਾਯਾਹ ਨੇ ਇਸ ਭਵਿੱਖਬਾਣੀ ਦੇ ਅਖ਼ੀਰ ਵਿਚ ਕਿੰਨੀ ਚੰਗੀ ਗੱਲ ਕਹੀ: “ਤੈਂ ਇਉਂ ਆਪਣੀ ਪਰਜਾ ਦੀ ਅਗਵਾਈ ਕੀਤੀ, ਭਈ ਤੂੰ ਆਪਣੇ ਲਈ ਇੱਕ ਪਰਤਾਪਵਾਨ ਨਾਮ ਬਣਾਵੇਂ।” (ਯਸਾਯਾਹ 63:14ਅ) ਹੁਣ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਲਈ ਜ਼ੋਰ ਨਾਲ ਕਿਉਂ ਲੜਦਾ ਹੈ। ਉਹ ਆਪਣੇ ਲਈ ਇਕ ਪ੍ਰਤਾਪਵਾਨ ਨਾਂ ਬਣਾਉਣਾ ਚਾਹੁੰਦਾ ਹੈ। ਇਸ ਤਰ੍ਹਾਂ ਯਸਾਯਾਹ ਦੀ ਭਵਿੱਖਬਾਣੀ ਸਾਨੂੰ ਯਾਦ ਕਰਾਉਂਦੀ ਹੈ ਕਿ ਯਹੋਵਾਹ ਦੇ ਨਾਂ ਦੀ ਵਡਿਆਈ ਕਰਨੀ ਇਕ ਵੱਡਾ ਸਨਮਾਨ ਹੈ ਅਤੇ ਇਕ ਵੱਡੀ ਜ਼ਿੰਮੇਵਾਰੀ ਵੀ ਹੈ। ਅੱਜ ਸੱਚੇ ਮਸੀਹੀ ਆਪਣੀਆਂ ਜਾਨਾਂ ਨਾਲੋਂ ਯਹੋਵਾਹ ਦੇ ਨਾਂ ਨਾਲ ਜ਼ਿਆਦਾ ਪਿਆਰ ਕਰਦੇ ਹਨ। (ਯਸਾਯਾਹ 56:6; ਇਬਰਾਨੀਆਂ 6:10) ਉਹ ਅਜਿਹਾ ਕੁਝ ਨਹੀਂ ਕਰਨਾ ਚਾਹੁੰਦੇ ਜੋ ਉਸ ਪਵਿੱਤਰ ਨਾਂ ਨੂੰ ਬਦਨਾਮ ਕਰੇ। ਉਹ ਪਰਮੇਸ਼ੁਰ ਦੀ ਦਇਆ ਅਤੇ ਪਿਆਰ ਕਰਕੇ ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਨ। ਉਹ ਯਹੋਵਾਹ ਦੇ ਪ੍ਰਤਾਪਵਾਨ ਨਾਂ ਨਾਲ ਇੰਨਾ ਪਿਆਰ ਕਰਦੇ ਹਨ ਕਿ ਉਹ ਉਸ ਦਿਨ ਲਈ ਬੇਚੈਨ ਹਨ ਜਦੋਂ ਯਹੋਵਾਹ ਆਪਣੇ ਦੁਸ਼ਮਣਾਂ ਨੂੰ ਆਪਣੇ ਗੁੱਸੇ ਦੇ ਚੁਬੱਚੇ ਵਿਚ ਮਿੱਧੇਗਾ। ਕਿਉਂ? ਸਿਰਫ਼ ਇਸ ਲਈ ਨਹੀਂ ਕਿ ਉਨ੍ਹਾਂ ਦਾ ਬਚਾਅ ਕੀਤਾ ਜਾਵੇਗਾ ਪਰ ਇਸ ਲਈ ਵੀ ਕਿ ਪਰਮੇਸ਼ੁਰ ਦੇ ਪ੍ਰਤਾਪਵਾਨ ਨਾਂ ਦੀ ਵਡਿਆਈ ਹੋਵੇਗੀ।—ਮੱਤੀ 6:9.
[ਫੁਟਨੋਟ]
a ਪਹਿਲੀ ਸਦੀ ਵਿਚ ਹੇਰੋਦਸ ਨਾਂ ਦੇ ਖ਼ਾਨਦਾਨ ਦੇ ਹਾਕਮ ਅਦੋਮੀ ਸਨ।
b ਹੋ ਸਕਦਾ ਹੈ ਕਿ “ਛੁਡਾਇਆਂ ਹੋਇਆਂ ਦਾ ਵਰਹਾ” ਅਤੇ “ਬਦਲਾ ਲੈਣ ਦਾ ਦਿਨ” ਇੱਕੋ ਸਮਾਂ ਹੋਵੇ। ਧਿਆਨ ਦਿਓ ਕਿ ਅਜਿਹੀਆਂ ਦੋ ਗੱਲਾਂ ਯਸਾਯਾਹ 34:8 ਵਿਚ ਵੀ ਲਿਖੀਆਂ ਗਈਆਂ ਹਨ।
c ਯਹੋਵਾਹ ਹੈਰਾਨ ਹੋਇਆ ਸੀ ਕਿ ਉਸ ਦੀ ਮਦਦ ਕਰਨ ਲਈ ਕੋਈ ਨਹੀਂ ਉੱਠਿਆ ਸੀ। ਇਹ ਵੀ ਹੈਰਾਨੀ ਦੀ ਗੱਲ ਸਮਝੀ ਜਾ ਸਕਦੀ ਹੈ ਕਿ ਯਿਸੂ ਦੀ ਮੌਤ ਤੋਂ ਕੁਝ 2,000 ਸਾਲ ਬਾਅਦ, ਮਨੁੱਖਜਾਤੀ ਵਿੱਚੋਂ ਵੱਡੇ-ਵੱਡੇ ਲੋਕ ਅਜੇ ਵੀ ਪਰਮੇਸ਼ੁਰ ਦੀ ਇੱਛਾ ਦੀ ਵਿਰੋਧਤਾ ਕਰਦੇ ਹਨ।—ਜ਼ਬੂਰ 2:2-12; ਯਸਾਯਾਹ 59:16.
[ਸਫ਼ਾ 359 ਉੱਤੇ ਤਸਵੀਰ]
ਯਹੋਵਾਹ ਆਪਣੇ ਲੋਕਾਂ ਲਈ ਵੱਡੀਆਂ-ਵੱਡੀਆਂ ਉਮੀਦਾਂ ਰੱਖਦਾ ਸੀ