ਚੌਦ੍ਹਵਾਂ ਅਧਿਆਇ
ਯਹੋਵਾਹ ਨੇ ਬਾਬਲ ਦਾ ਘਮੰਡ ਤੋੜਿਆ
1. ਯਸਾਯਾਹ ਦੀ ਪੁਸਤਕ ਨੇ ਕਿੰਨੀ ਦੂਰ ਤਕ ਭਵਿੱਖ ਬਾਰੇ ਦੱਸਿਆ?
ਯਸਾਯਾਹ ਦੀ ਭਵਿੱਖ-ਸੂਚਕ ਪੁਸਤਕ ਅੱਠਵੀਂ ਸਦੀ ਸਾ.ਯੁ.ਪੂ. ਵਿਚ ਲਿਖੀ ਗਈ ਸੀ, ਜਦੋਂ ਅੱਸ਼ੂਰ ਨੇ ਵਾਅਦਾ ਕੀਤੇ ਹੋਏ ਦੇਸ਼ ਉੱਤੇ ਹਮਲਾ ਕੀਤਾ। ਜਿਵੇਂ ਅਸੀਂ ਉਸ ਦੀ ਪੁਸਤਕ ਦੇ ਪਿਛਲਿਆਂ ਅਧਿਆਵਾਂ ਵਿਚ ਦੇਖ ਚੁੱਕੇ ਹਾਂ, ਯਸਾਯਾਹ ਨੇ ਭਵਿੱਖ ਵਿਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਐਨ ਸਹੀ ਤਰ੍ਹਾਂ ਦੱਸਿਆ ਸੀ। ਪਰ ਯਸਾਯਾਹ ਨੇ ਅੱਸ਼ੂਰ ਦੇ ਵਿਸ਼ਵ ਸ਼ਕਤੀ ਬਣਨ ਤੋਂ ਬਾਅਦ ਦੇ ਸਮੇਂ ਬਾਰੇ ਵੀ ਦੱਸਿਆ। ਉਸ ਨੇ ਯਹੋਵਾਹ ਦੇ ਨੇਮ-ਬੱਧ ਲੋਕਾਂ ਬਾਰੇ ਭਵਿੱਖਬਾਣੀ ਕੀਤੀ, ਜਿਨ੍ਹਾਂ ਨੇ ਸ਼ਿਨਾਰ ਵਿਚ ਬਾਬਲ ਤੋਂ ਅਤੇ ਹੋਰ ਕਈਆਂ ਦੇਸ਼ਾਂ ਤੋਂ ਵਾਪਸ ਆਉਣਾ ਸੀ, ਜਿੱਥੇ ਉਹ ਗ਼ੁਲਾਮ ਸਨ। (ਯਸਾਯਾਹ 11:11) ਯਸਾਯਾਹ ਦੇ 13ਵੇਂ ਅਧਿਆਇ ਵਿਚ ਇਕ ਵਿਸ਼ੇਸ਼ ਭਵਿੱਖਬਾਣੀ ਹੈ ਜਿਸ ਦੀ ਪੂਰਤੀ ਨੇ ਅਜਿਹੀ ਵਾਪਸੀ ਲਈ ਰਾਹ ਖੋਲ੍ਹਿਆ। ਇਹ ਭਵਿੱਖਬਾਣੀ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੋਈ: “ਬਾਬਲ ਦਾ ਅਗੰਮ ਵਾਕ ਜਿਹ ਨੂੰ ਆਮੋਸ ਦੇ ਪੁੱਤ੍ਰ ਯਸਾਯਾਹ ਨੇ ਦਰਸ਼ਣ ਵਿੱਚ ਪਾਇਆ।”—ਯਸਾਯਾਹ 13:1.
‘ਮੈਂ ਘੁਮੰਡ ਨੂੰ ਹੇਠਾਂ ਕਰਾਂਗਾ’
2. (ੳ) ਹਿਜ਼ਕੀਯਾਹ ਦਾ ਬਾਬਲ ਨਾਲ ਸੰਬੰਧ ਕਿਵੇਂ ਸ਼ੁਰੂ ਹੋਇਆ ਸੀ? (ਅ) ਉਹ “ਝੰਡਾ” ਜੋ ਖੜ੍ਹਾ ਕੀਤਾ ਗਿਆ ਕੌਣ ਸੀ?
2 ਯਸਾਯਾਹ ਦੇ ਜੀਵਨ ਦੌਰਾਨ ਯਹੂਦਾਹ ਦਾ ਰਾਜ ਬਾਬਲ ਨਾਲ ਸੰਬੰਧ ਰੱਖਣ ਲੱਗ ਪਿਆ ਸੀ। ਉਸ ਦਾ ਰਾਜਾ ਹਿਜ਼ਕੀਯਾਹ ਬਹੁਤ ਬੀਮਾਰ ਹੋ ਗਿਆ ਸੀ ਪਰ ਬਾਅਦ ਵਿਚ ਠੀਕ ਹੋ ਗਿਆ। ਉਸ ਦੀ ਸਿਹਤ ਚੰਗੀ ਹੋਣ ਦੇ ਮੌਕੇ ਤੇ ਵਧਾਈ ਦੇਣ ਲਈ ਬਾਬਲ ਤੋਂ ਰਾਜਦੂਤ ਆਏ। ਸ਼ਾਇਦ ਉਹ ਅੱਸ਼ੂਰ ਦੇ ਖ਼ਿਲਾਫ਼ ਹਿਜ਼ਕੀਯਾਹ ਨੂੰ ਆਪਣਾ ਮਿੱਤਰ ਬਣਾਉਣ ਦੇ ਗੁਪਤ ਇਰਾਦੇ ਨਾਲ ਆਏ ਸਨ। ਰਾਜਾ ਹਿਜ਼ਕੀਯਾਹ ਨੇ ਬੇਸਮਝੀ ਦਿਖਾਈ ਜਦੋਂ ਉਸ ਨੇ ਉਨ੍ਹਾਂ ਨੂੰ ਆਪਣੇ ਸਾਰੇ ਖ਼ਜ਼ਾਨੇ ਦੇਖ ਲੈਣ ਦਿੱਤੇ। ਨਤੀਜੇ ਵਜੋਂ, ਯਸਾਯਾਹ ਨੇ ਹਿਜ਼ਕੀਯਾਹ ਨੂੰ ਦੱਸਿਆ ਕਿ ਉਸ ਦੀ ਮੌਤ ਤੋਂ ਬਾਅਦ ਇਹ ਸਾਰੀ ਧਨ-ਦੌਲਤ ਬਾਬਲ ਨੂੰ ਲਿਜਾਈ ਜਾਵੇਗੀ। (ਯਸਾਯਾਹ 39:1-7) ਇਹ 607 ਸਾ.ਯੁ.ਪੂ. ਵਿਚ ਹੋਇਆ ਜਦੋਂ ਯਰੂਸ਼ਲਮ ਦਾ ਨਾਸ਼ ਕੀਤਾ ਗਿਆ ਅਤੇ ਉਸ ਦੇ ਲੋਕਾਂ ਨੂੰ ਬੰਦਸ਼ ਵਿਚ ਲਿਜਾਇਆ ਗਿਆ। ਫਿਰ ਵੀ, ਪਰਮੇਸ਼ੁਰ ਦੀ ਚੁਣੀ ਹੋਈ ਪਰਜਾ ਹਮੇਸ਼ਾ ਲਈ ਬਾਬਲ ਵਿਚ ਨਹੀਂ ਰਹੀ। ਯਹੋਵਾਹ ਨੇ ਭਵਿੱਖਬਾਣੀ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਘਰ ਵਾਪਸ ਜਾਣ ਵਾਸਤੇ ਉਹ ਉਨ੍ਹਾਂ ਲਈ ਕਿਵੇਂ ਰਾਹ ਖੋਲ੍ਹੇਗਾ: “ਨੰਗੇ ਪਰਬਤ ਉੱਤੇ ਝੰਡਾ ਖੜਾ ਕਰੋ, ਉਨ੍ਹਾਂ ਨੂੰ ਉੱਚੀ ਅਵਾਜ਼ ਨਾਲ ਪੁਕਾਰੋ! ਹੱਥ ਨਾਲ ਸੈਨਤ ਮਾਰੋ, ਭਈ ਓਹ ਪਤਵੰਤਾਂ ਦੇ ਦਰਵੱਜਿਆਂ ਵਿੱਚ ਵੜਨ!” (ਯਸਾਯਾਹ 13:2) ਇਹ “ਝੰਡਾ” ਇਕ ਵਿਸ਼ਵ ਸ਼ਕਤੀ ਸੀ ਜਿਸ ਨੇ ਉੱਠ ਕੇ ਬਾਬਲ ਨੂੰ ਆਪਣੀ ਉੱਚੀ ਥਾਂ ਤੋਂ ਥੱਲੇ ਲਾਹਿਆ। ਇਹ ਸ਼ਕਤੀ “ਨੰਗੇ ਪਰਬਤ ਉੱਤੇ” ਖੜ੍ਹੀ ਕੀਤੀ ਗਈ, ਯਾਨੀ ਇਹ ਦੂਰ ਤੋਂ ਦੇਖੀ ਜਾ ਸਕਦੀ ਸੀ। ਇਸ ਨਵੀਂ ਵਿਸ਼ਵ ਸ਼ਕਤੀ ਨੂੰ ਬਾਬਲ ਦੇ ਵੱਡੇ ਸ਼ਹਿਰ ਉੱਤੇ ਹਮਲਾ ਕਰਨ ਲਈ ਬੁਲਾਇਆ ਗਿਆ। ਉਹ “ਪਤਵੰਤਾਂ ਦੇ ਦਰਵੱਜਿਆਂ ਵਿੱਚ,” ਯਾਨੀ ਉਸ ਦੇ ਫਾਟਕਾਂ ਰਾਹੀਂ ਜ਼ਬਰਦਸਤੀ ਵੜੀ ਅਤੇ ਉਸ ਉੱਤੇ ਜਿੱਤ ਪ੍ਰਾਪਤ ਕੀਤੀ।
3. (ੳ) ਇਹ ‘ਸੰਤ’ ਕੌਣ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਖੜ੍ਹੇ ਕੀਤਾ? (ਅ) ਮੂਰਤੀ-ਪੂਜਕ ਫ਼ੌਜਾਂ ਨੂੰ ਕਿਸ ਭਾਵ ਵਿਚ ‘ਸੰਤ’ ਕਿਹਾ ਗਿਆ?
3 ਯਹੋਵਾਹ ਨੇ ਅੱਗੇ ਕਿਹਾ: “ਮੈਂ ਆਪਣੇ ਸੰਤਾਂ ਨੂੰ ਹੁਕਮ ਦਿੱਤਾ ਹੈ, ਨਾਲੇ ਮੈਂ ਆਪਣੇ ਕ੍ਰੋਧ ਨੂੰ ਪੂਰਾ ਕਰਨ ਲਈ, ਆਪਣੇ ਸੂਰਮਿਆਂ ਨੂੰ ਬੁਲਾਇਆ, ਮੇਰੇ ਹੰਕਾਰੀ ਅਭਮਾਨੀਆਂ ਨੂੰ। ਪਹਾੜਾਂ ਉੱਤੇ ਇੱਕ ਰੌਲੇ ਦੀ ਅਵਾਜ਼, ਜਿਵੇਂ ਵੱਡੀ ਭੀੜ ਦੀ, ਕੌਮਾਂ ਦੀਆਂ ਪਾਤਸ਼ਾਹੀਆਂ ਦੇ ਇਕੱਠ ਦਾ ਸ਼ੋਰ, ਸੈਨਾਂ ਦਾ ਯਹੋਵਾਹ ਜੁੱਧ ਲਈ ਸੈਨਾਂ ਨੂੰ ਇਕੱਠਾ ਕਰ ਰਿਹਾ ਹੈ!” (ਯਸਾਯਾਹ 13:3, 4) ਇਹ ‘ਸੰਤ’ ਕੌਣ ਸਨ ਜਿਨ੍ਹਾਂ ਨੂੰ ਘਮੰਡੀ ਬਾਬਲ ਨੂੰ ਤਬਾਹ ਕਰਨ ਲਈ ਨਿਯੁਕਤ ਕੀਤਾ ਗਿਆ? ਇਹ ਕੌਮੀ ਫ਼ੌਜਾਂ ਸਨ, ਯਾਨੀ ‘ਕੌਮਾਂ ਦੇ ਇਕੱਠ।’ ਇਹ ਬਾਬਲ ਦੇ ਵਿਰੁੱਧ ਦੂਰ ਦੇ ਪਹਾੜੀ ਇਲਾਕੇ ਤੋਂ ਆਈਆਂ। “ਉਹ ਦੂਰ ਦੇਸ ਤੋਂ ਅਕਾਸ਼ ਦੇ ਆਖਰ ਤੋਂ ਲੱਗੇ ਆਉਂਦੇ ਹਨ।” (ਯਸਾਯਾਹ 13:5) ਉਨ੍ਹਾਂ ਨੂੰ ਕਿਸ ਭਾਵ ਵਿਚ ਸੰਤ ਕਿਹਾ ਗਿਆ ਸੀ? ਪਵਿੱਤਰ ਹੋਣ ਦੇ ਭਾਵ ਵਿਚ ਨਹੀਂ। ਇਹ ਮੂਰਤੀ-ਪੂਜਕ ਫ਼ੌਜਾਂ ਯਹੋਵਾਹ ਦੀ ਸੇਵਾ ਨਹੀਂ ਕਰਦੀਆਂ ਸਨ। ਪਰ ਬਾਈਬਲ ਦੇ ਇਬਰਾਨੀ ਹਿੱਸੇ ਵਿਚ, ਪਵਿੱਤਰ ਕੀਤੇ ਜਾਣ ਦਾ ਅਰਥ ਹੈ “ਪਰਮੇਸ਼ੁਰ ਦੁਆਰਾ ਇਸਤੇਮਾਲ ਕੀਤੇ ਜਾਣ ਲਈ ਵੱਖਰੇ ਕੀਤੇ ਜਾਣਾ।” ਯਹੋਵਾਹ ਆਪਣਾ ਗੁੱਸਾ ਦਿਖਾਉਣ ਲਈ ਕੌਮਾਂ ਦੀਆਂ ਫ਼ੌਜਾਂ ਨੂੰ ਪਵਿੱਤਰ ਸਮਝ ਕੇ ਉਨ੍ਹਾਂ ਦੀਆਂ ਸੁਆਰਥੀ ਕਾਮਨਾਵਾਂ ਨੂੰ ਵਰਤ ਸਕਦਾ ਹੈ। ਉਸ ਨੇ ਅੱਸ਼ੂਰ ਨੂੰ ਇਸੇ ਤਰ੍ਹਾਂ ਇਸਤੇਮਾਲ ਕੀਤਾ ਸੀ। ਇਸੇ ਤਰ੍ਹਾਂ ਉਸ ਨੇ ਬਾਬਲ ਨੂੰ ਵੀ ਇਸਤੇਮਾਲ ਕੀਤਾ। (ਯਸਾਯਾਹ 10:5; ਯਿਰਮਿਯਾਹ 25:9) ਅਤੇ ਬਾਬਲ ਨੂੰ ਸਜ਼ਾ ਦੇਣ ਲਈ ਉਸ ਨੇ ਹੋਰਨਾਂ ਕੌਮਾਂ ਨੂੰ ਇਸਤੇਮਾਲ ਕੀਤਾ।
4, 5. (ੳ) ਯਹੋਵਾਹ ਨੇ ਬਾਬਲ ਬਾਰੇ ਕਿਹੜੀ ਭਵਿੱਖਬਾਣੀ ਕੀਤੀ? (ਅ) ਬਾਬਲ ਉੱਤੇ ਹਮਲਾ ਕਰਨ ਵਾਲਿਆਂ ਨੂੰ ਕਿਨ੍ਹਾਂ ਚੀਜ਼ਾਂ ਦਾ ਸਾਮ੍ਹਣਾ ਕਰਨਾ ਪਿਆ?
4 ਭਾਵੇਂ ਕਿ ਬਾਬਲ ਅਜੇ ਪ੍ਰਮੁੱਖ ਵਿਸ਼ਵ ਸ਼ਕਤੀ ਨਹੀਂ ਸੀ, ਯਸਾਯਾਹ ਰਾਹੀਂ ਯਹੋਵਾਹ ਨੇ ਉਸ ਸਮੇਂ ਬਾਰੇ ਦੱਸਿਆ ਜਦੋਂ ਬਾਬਲ ਦੀ ਇਹ ਹੈਸੀਅਤ ਹੋਵੇਗੀ। ਫਿਰ ਉਸ ਨੇ ਉਸ ਦੇ ਡਿੱਗਣ ਦੀ ਭਵਿੱਖਬਾਣੀ ਕੀਤੀ: “ਤੁਸੀਂ ਧਾਹਾਂ ਮਾਰੋ ਕਿਉਂ ਜੋ ਯਹੋਵਾਹ ਦਾ ਦਿਨ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਙੁ ਆਵੇਗਾ।” (ਯਸਾਯਾਹ 13:6) ਜੀ ਹਾਂ, ਬਾਬਲ ਦੀ ਸ਼ੇਖ਼ੀ ਸੋਗ ਅਤੇ ਧਾਹਾਂ ਵਿਚ ਬਦਲੀ ਗਈ। ਕਿਉਂ? ‘ਯਹੋਵਾਹ ਦੇ ਦਿਨ’ ਕਰਕੇ ਜਦੋਂ ਯਹੋਵਾਹ ਨੇ ਉਸ ਨੂੰ ਸਜ਼ਾ ਦਿੱਤੀ।
5 ਪਰ ਬਾਬਲ ਨੂੰ ਬਰਬਾਦ ਕਰਨਾ ਕਿਵੇਂ ਮੁਮਕਿਨ ਹੋਇਆ? ਜਦੋਂ ਇਹ ਕਰਨ ਲਈ ਯਹੋਵਾਹ ਦਾ ਸਮਾਂ ਆਇਆ, ਤਾਂ ਸ਼ਹਿਰ ਦੇਖਣ ਨੂੰ ਸੁਰੱਖਿਅਤ ਲੱਗਦਾ ਸੀ। ਹਮਲਾ ਕਰਨ ਵਾਲੀਆਂ ਫ਼ੌਜਾਂ ਨੂੰ ਪਹਿਲਾਂ ਫਰਾਤ ਦਰਿਆ ਪਾਰ ਕਰਨਾ ਪਿਆ। ਇਹ ਦਰਿਆ ਸ਼ਹਿਰ ਦੇ ਵਿਚਕਾਰੋਂ ਲੰਘਦਾ ਸੀ ਅਤੇ ਇਸ ਦੇ ਪਾਣੀ ਸ਼ਹਿਰ ਦੇ ਦੁਆਲੇ ਇਕ ਖਾਈ ਨੂੰ ਭਰਦੇ ਸਨ ਅਤੇ ਪੀਣ ਲਈ ਵੀ ਵਰਤੇ ਜਾਂਦੇ ਸਨ। ਫਿਰ ਰੱਖਿਆ ਲਈ ਬਾਬਲ ਦੀਆਂ ਦੋ ਵੱਡੀਆਂ-ਵੱਡੀਆਂ ਪਹਾੜ ਵਰਗੀਆਂ ਕੰਧਾਂ ਸਨ। ਇਸ ਤੋਂ ਇਲਾਵਾ, ਸ਼ਹਿਰ ਵਿਚ ਕਾਫ਼ੀ ਅੰਨ ਇਕੱਠਾ ਕੀਤਾ ਗਿਆ ਸੀ। ਅੰਗ੍ਰੇਜ਼ੀ ਵਿਚ ਬਾਈਬਲ ਦੇ ਜ਼ਮਾਨੇ ਵਿਚ ਰੋਜ਼ਾਨਾ ਜ਼ਿੰਦਗੀ ਦੀਆਂ ਤਸਵੀਰਾਂ ਨਾਮਕ ਪੁਸਤਕ ਕਹਿੰਦੀ ਹੈ ਕਿ ਬਾਬਲ ਦੇ ਆਖ਼ਰੀ ਰਾਜੇ, ਨਬੋਨਾਈਡਸ ਨੇ “ਵੱਡੇ ਜਤਨ ਨਾਲ ਨਗਰ ਵਿਚ ਅੰਨ-ਪਾਣੀ ਦਾ ਪ੍ਰਬੰਧ ਕੀਤਾ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਸ ਦੇ ਵਾਸੀਆਂ ਦੇ ਗੁਜ਼ਾਰੇ ਲਈ ਵੀਹ ਸਾਲਾਂ ਤਕ [ਖਾਣਾ] ਜਮ੍ਹਾਂ ਸੀ।”
6. ਜਦੋਂ ਬਾਬਲ ਉੱਤੇ ਦੱਸਿਆ ਗਿਆ ਹਮਲਾ ਕੀਤਾ ਗਿਆ, ਤਾਂ ਉਦੋਂ ਉਸ ਦੇ ਵਾਸੀਆਂ ਦਾ ਅਚਾਨਕ ਹੀ ਕੀ ਹਾਲ ਹੋਇਆ?
6 ਪਰ, ਦੇਖਣ ਵਿਚ ਧੋਖਾ ਖਾਧਾ ਜਾ ਸਕਦਾ ਸੀ। ਯਸਾਯਾਹ ਨੇ ਕਿਹਾ: “ਏਸ ਲਈ ਸਾਰੇ ਹੱਥ ਢਿੱਲੇ ਪੈ ਜਾਣਗੇ, ਅਤੇ ਹਰ ਮਨੁੱਖ ਦਾ ਦਿਲ ਢਲ ਜਾਵੇਗਾ। ਓਹ ਘਬਰਾ ਜਾਣਗੇ, ਤ੍ਰਾਟਾਂ ਤੇ ਕਸ਼ਟ ਉਨ੍ਹਾਂ ਨੂੰ ਫੜ ਲੈਣਗੇ, ਓਹ ਜਣਨ ਵਾਲੀ ਤੀਵੀਂ ਵਾਂਙੁ ਪੀੜ ਵਿੱਚ ਹੋਣਗੇ, ਓਹ ਹੱਕੇ ਬੱਕੇ ਹੋ ਕੇ ਇੱਕ ਦੂਜੇ ਨੂੰ ਤੱਕਣਗੇ, ਉਨ੍ਹਾਂ ਦੇ ਮੂੰਹ ਭਖਦੇ ਹੋਣਗੇ।” (ਯਸਾਯਾਹ 13:7, 8) ਜਦੋਂ ਜਿੱਤਣ ਵਾਲੀਆਂ ਫ਼ੌਜਾਂ ਨੇ ਸ਼ਹਿਰ ਉੱਤੇ ਹਮਲਾ ਕੀਤਾ, ਤਾਂ ਇਕ ਜਣਨ ਵਾਲੀ ਤੀਵੀਂ ਦੀ ਅਚਾਨਕ ਅਤੇ ਤੇਜ਼ ਪੀੜ ਵਾਂਗ ਉਸ ਦੇ ਵਾਸੀਆਂ ਦਾ ਸੁਖ, ਦੁੱਖ ਵਿਚ ਬਦਲ ਗਿਆ। ਉਨ੍ਹਾਂ ਦੇ ਦਿਲ ਘਬਰਾ ਗਏ। ਉਨ੍ਹਾਂ ਦੇ ਹੱਥ ਢਿੱਲੇ ਪੈ ਗਏ ਅਤੇ ਉਹ ਆਪਣਾਨ ਬਚਾਅ ਕਰਨ ਲਈ ਕੁਝ ਨਾ ਕਰ ਸਕੇ। ਉਨ੍ਹਾਂ ਦੇ ਮੂੰਹ ਡਰ ਅਤੇ ਦੁੱਖ ਨਾਲ “ਭਖਦੇ” ਸਨ। ਹੱਕੇ ਬੱਕੇ ਹੋ ਕੇ ਉਹ ਇਕ ਦੂਜੇ ਵੱਲ ਦੇਖਦੇ ਰਹਿ ਗਏ, ਉਨ੍ਹਾਂ ਨੂੰ ਯਕੀਨ ਹੀ ਨਹੀਂ ਆਉਂਦਾ ਸੀ ਕਿ ਉਨ੍ਹਾਂ ਦਾ ਵੱਡਾ ਸ਼ਹਿਰ ਡਿੱਗ ਸਕਦਾ ਸੀ।
7. ਯਹੋਵਾਹ ਦਾ ਕਿਹੜਾ ਦਿਨ ਆ ਰਿਹਾ ਸੀ ਅਤੇ ਬਾਬਲ ਲਈ ਇਸ ਦੇ ਕੀ ਨਤੀਜੇ ਸਨ?
7 ਤਾਂ ਵੀ, ਬਾਬਲ ਜ਼ਰੂਰ ਡਿੱਗਿਆ। ਬਾਬਲ ਨੂੰ ‘ਯਹੋਵਾਹ ਦੇ ਦਿਨ’ ਵਿਚ ਲੇਖਾ ਦੇਣਾ ਪਿਆ ਜੋ ਸੱਚ-ਮੁੱਚ ਤਕਲੀਫ਼ਾਂ ਭਰਿਆ ਸੀ। ਸਭ ਤੋਂ ਉੱਚੇ ਨਿਆਂਕਾਰ ਨੇ ਆਪਣਾ ਗੁੱਸਾ ਪ੍ਰਗਟ ਕਰ ਕੇ ਬਾਬਲ ਦੇ ਪਾਪੀ ਵਾਸੀਆਂ ਨੂੰ ਜਾਇਜ਼ ਸਜ਼ਾ ਦਿੱਤੀ। ਭਵਿੱਖਬਾਣੀ ਨੇ ਅੱਗੇ ਕਿਹਾ: “ਵੇਖੋ, ਯਹੋਵਾਹ ਦਾ ਦਿਨ ਆਉਂਦਾ ਹੈ, ਨਿਰਦਈ, ਕਹਿਰ ਅਤੇ ਤੇਜ ਕ੍ਰੋਧ ਨਾਲ, ਭਈ ਧਰਤੀ ਨੂੰ ਵਿਰਾਨ ਕਰੇ, ਅਤੇ ਉਹ ਦੇ ਪਾਪੀਆਂ ਨੂੰ ਉਹ ਦੇ ਵਿੱਚੋਂ ਨਾਸ ਕਰੇ।” (ਯਸਾਯਾਹ 13:9) ਬਾਬਲ ਦਾ ਭਵਿੱਖ ਨਿਰਾਸ਼ਾ ਭਰਿਆ ਸੀ, ਮਾਨੋ ਉਸ ਨੂੰ ਸੂਰਜ, ਚੰਦ, ਅਤੇ ਸਿਤਾਰਿਆਂ ਤੋਂ ਰੋਸ਼ਨੀ ਨਹੀਂ ਮਿਲਨੀ ਸੀ। “ਅਕਾਸ਼ ਦੇ ਤਾਰੇ ਅਤੇ ਉਹ ਦੀਆਂ ਖਿੱਤੀਆਂ, ਆਪਣਾ ਚਾਨਣ ਨਾ ਦੇਣਗੀਆਂ, ਸੂਰਜ ਚੜ੍ਹਦਿਆਂ ਸਾਰ ਅਨ੍ਹੇਰਾ ਹੋ ਜਾਵੇਗਾ, ਅਤੇ ਚੰਦ ਆਪਣਾ ਚਾਨਣ ਪਰਕਾਸ਼ ਨਾ ਕਰੇਗਾ।”—ਯਸਾਯਾਹ 13:10.
8. ਯਹੋਵਾਹ ਨੇ ਬਾਬਲ ਨੂੰ ਤਬਾਹ ਕਰਨ ਦਾ ਹੁਕਮ ਕਿਉਂ ਦਿੱਤਾ ਸੀ?
8 ਇਸ ਹੰਕਾਰੀ ਸ਼ਹਿਰ ਲਈ ਅਜਿਹੀ ਤਬਾਹੀ ਕਿਉਂ ਦੱਸੀ ਗਈ ਸੀ? ਯਹੋਵਾਹ ਨੇ ਜਵਾਬ ਦਿੱਤਾ: “ਮੈਂ ਜਗਤ ਨੂੰ ਉਹ ਦੀ ਬੁਰਿਆਈ ਦੀ, ਅਤੇ ਦੁਸ਼ਟਾਂ ਨੂੰ ਉਨ੍ਹਾਂ ਦੀ ਬਦੀ ਦੀ ਸਜ਼ਾ ਦਿਆਂਗਾ, ਮੈਂ ਮਗਰੂਰਾਂ ਦੇ ਹੰਕਾਰ ਦਾ ਅੰਤ ਕਰ ਦਿਆਂਗਾ, ਅਤੇ ਨਿਰਦਈਆਂ ਦੇ ਘੁਮੰਡ ਨੂੰ ਹੇਠਾਂ ਕਰਾਂਗਾ।” (ਯਸਾਯਾਹ 13:11) ਬਾਬਲ ਉੱਤੇ ਯਹੋਵਾਹ ਦਾ ਕ੍ਰੋਧ ਸਜ਼ਾ ਵਜੋਂ ਆਇਆ, ਕਿਉਂਕਿ ਉਸ ਨੇ ਯਹੋਵਾਹ ਦੇ ਲੋਕਾਂ ਉੱਤੇ ਜ਼ੁਲਮ ਕੀਤੇ ਸਨ। ਬਾਬਲੀਆਂ ਦੀ ਬੁਰਿਆਈ ਦੇ ਕਾਰਨ ਸਾਰੇ ਦੇਸ਼ ਉੱਤੇ ਕਸ਼ਟ ਆਇਆ। ਬਾਬਲ ਦੇ ਘਮੰਡੀ ਅਤੇ ਜ਼ੁਲਮੀ ਹਾਕਮ ਖੁੱਲ੍ਹੇ ਤੌਰ ਤੇ ਯਹੋਵਾਹ ਦਾ ਵਿਰੋਧ ਨਹੀਂ ਕਰ ਸਕੇ!
9. ਯਹੋਵਾਹ ਦੇ ਸਜ਼ਾ ਦੇਣ ਦੇ ਦਿਨ ਵਿਚ ਬਾਬਲ ਨਾਲ ਕੀ-ਕੀ ਹੋਇਆ?
9 ਯਹੋਵਾਹ ਨੇ ਕਿਹਾ: “ਮੈਂ ਮਨੁੱਖ ਨੂੰ ਕੁੰਦਨ ਸੋਨੇ ਨਾਲੋਂ, ਅਤੇ ਇਨਸਾਨ ਨੂੰ ਓਫੀਰ ਦੇ ਸੋਨੇ ਨਾਲੋਂ ਦੁਰਲੱਭ ਬਣਾਵਾਂਗਾ।” (ਯਸਾਯਾਹ 13:12) ਸ਼ਹਿਰ ਦਾ ਕੋਈ ਵਾਸੀ ਨਾ ਰਿਹਾ; ਹਾਂ, ਸ਼ਹਿਰ ਵਿਰਾਨ ਕੀਤਾ ਗਿਆ। ਯਹੋਵਾਹ ਨੇ ਅੱਗੇ ਕਿਹਾ: “ਏਸ ਲਈ ਮੈਂ ਅਕਾਸ਼ ਨੂੰ ਕਾਂਬਾ ਲਾਵਾਂਗਾ, ਅਤੇ ਧਰਤੀ ਆਪਣੇ ਥਾਂ ਤੋਂ ਹਿਲਾਈ ਜਾਵੇਗੀ, ਸੈਨਾਂ ਦੇ ਯਹੋਵਾਹ ਦੇ ਕਹਿਰ ਵਿੱਚ, ਅਤੇ ਉਸ ਦੇ ਤੇਜ ਗੁੱਸੇ ਦੇ ਦਿਨ ਵਿੱਚ।” (ਯਸਾਯਾਹ 13:13) ਬਾਬਲ ਦੇ “ਅਕਾਸ਼” ਯਾਨੀ ਉਸ ਦੇ ਬਹੁਤ ਸਾਰੇ ਦੇਵੀ-ਦੇਵਤਿਆਂ ਨੂੰ ਕਾਂਬਾ ਲੱਗਾ ਅਤੇ ਜਦੋਂ ਉਨ੍ਹਾਂ ਦੀ ਜ਼ਰੂਰਤ ਪਈ ਉਹ ਸ਼ਹਿਰ ਦੀ ਮਦਦ ਨਹੀਂ ਕਰ ਸਕੇ। “ਧਰਤੀ” ਜਾਂ ਬਾਬਲੀ ਸਾਮਰਾਜ ਆਪਣੀ ਜਗ੍ਹਾ ਤੋਂ ਹਿਲਾਇਆ ਗਿਆ ਅਤੇ ਉਹ ਇਤਿਹਾਸ ਦਾ ਇਕ ਹਿੱਸਾ ਬਣ ਕੇ ਰਹਿ ਗਿਆ। “ਐਉਂ ਹੋਵੇਗਾ ਕਿ ਭੁੱਲੀ ਹਰਨੀ ਵਾਂਙੁ, ਅਤੇ ਭੇਡ ਜਿਹ ਦਾ ਪਾਲੀ ਨਹੀਂ, ਹਰ ਮਨੁੱਖ ਆਪਣੇ ਲੋਕਾਂ ਵੱਲ ਮੁੜੇਗਾ, ਅਰ ਹਰ ਮਨੁੱਖ ਆਪਣੇ ਦੇਸ ਨੂੰ ਭੱਜੇਗਾ।” (ਯਸਾਯਾਹ 13:14) ਬਾਬਲ ਦੇ ਸਾਰੇ ਵਿਦੇਸ਼ੀ ਸਾਥੀ ਉਸ ਦਾ ਸਾਥ ਛੱਡ ਕੇ ਭੱਜ ਗਏ ਅਤੇ ਉਨ੍ਹਾਂ ਨੇ ਜਿੱਤਣ ਵਾਲੀ ਵਿਸ਼ਵ ਸ਼ਕਤੀ ਨਾਲ ਰਲ-ਮਿਲਣ ਦੀ ਉਮੀਦ ਰੱਖੀ। ਅੰਤ ਵਿਚ ਬਾਬਲ ਨੇ ਇਕ ਕਬਜ਼ੇ ਕੀਤੇ ਗਏ ਸ਼ਹਿਰ ਵਜੋਂ ਦੁੱਖ ਝੱਲਿਆ, ਅਜਿਹਾ ਦੁੱਖ ਜੋ ਉਸ ਨੇ ਆਪਣੀ ਸ਼ਾਨ ਵਿਚ ਦੂਸਰਿਆਂ ਨੂੰ ਦਿੱਤਾ ਸੀ। “ਹਰੇਕ ਜਿਹੜਾ ਮਿਲ ਜਾਵੇ ਵਿੰਨ੍ਹਿਆ ਜਾਵੇਗਾ, ਹਰੇਕ ਜਿਹੜਾ ਫੜਿਆ ਜਾਵੇ ਤਲਵਾਰ ਨਾਲ ਡਿੱਗੇਗਾ। ਉਨ੍ਹਾਂ ਦੇ ਬੱਚੇ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਪਟਕਾਏ ਜਾਣਗੇ, ਉਨ੍ਹਾਂ ਦੇ ਘਰ ਲੁੱਟੇ ਜਾਣਗੇ, ਅਤੇ ਉਨ੍ਹਾਂ ਦੀਆਂ ਤੀਵੀਆਂ ਬੇਪਤ ਕੀਤੀਆਂ ਜਾਣਗੀਆਂ।”—ਯਸਾਯਾਹ 13:15, 16.
ਨਾਸ਼ ਕਰਨ ਲਈ ਪਰਮੇਸ਼ੁਰ ਦਾ ਔਜ਼ਾਰ
10. ਬਾਬਲ ਨੂੰ ਹਰਾਉਣ ਲਈ ਯਹੋਵਾਹ ਨੇ ਕਿਨ੍ਹਾਂ ਨੂੰ ਇਸਤੇਮਾਲ ਕੀਤਾ ਸੀ?
10 ਯਹੋਵਾਹ ਨੇ ਬਾਬਲ ਦਾ ਨਾਸ਼ ਕਰਨ ਲਈ ਕਿਸ ਤਾਕਤ ਨੂੰ ਵਰਤਿਆ? ਇਹ ਘਟਨਾ ਵਾਪਰਨ ਤੋਂ ਕੁਝ 200 ਸਾਲ ਪਹਿਲਾਂ, ਯਹੋਵਾਹ ਨੇ ਜਵਾਬ ਦਿੱਤਾ ਸੀ: “ਵੇਖੋ, ਮੈਂ ਉਨ੍ਹਾਂ ਦੇ ਵਿਰੁੱਧ ਮਾਦੀਆਂ ਨੂੰ ਪਰੇਰ ਰਿਹਾ ਹਾਂ, ਜਿਹੜੇ ਚਾਂਦੀ ਦੀ ਪਰਵਾਹ ਨਹੀਂ ਕਰਦੇ, ਨਾ ਸੋਨੇ ਤੋਂ ਖੁਸ਼ ਹੁੰਦੇ ਹਨ। ਉਨ੍ਹਾਂ ਦੇ ਧਣੁਖ ਜੁਆਨਾਂ ਦੇ ਕੁਤਰੇ ਕਰਨਗੇ, ਓਹ ਢਿੱਡ ਦੇ ਫਲ ਉੱਤੇ ਰਹਮ ਨਾ ਕਰਨਗੇ, ਉਨ੍ਹਾਂ ਦੀਆਂ ਅੱਖਾਂ ਬੱਚਿਆਂ ਉੱਤੇ ਤਰਸ ਨਾ ਖਾਣਗੀਆਂ। ਬਾਬਲ ਜੋ ਪਾਤਸ਼ਾਹੀਆਂ ਦੀ ਸਜਾਵਟ, ਕਸਦੀਆਂ ਦੇ ਹੰਕਾਰ ਦੀ ਸ਼ਾਨ ਹੈ, ਸਦੂਮ ਅਤੇ ਅਮੂਰਾਹ ਜਿਹਾ ਹੋ ਜਾਵੇਗਾ, ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਢਾਹ ਦਿੱਤਾ ਸੀ।” (ਯਸਾਯਾਹ 13:17-19) ਸ਼ਾਨਦਾਰ ਬਾਬਲ ਨੂੰ ਡੇਗਣ ਵਾਸਤੇ ਯਹੋਵਾਹ ਨੇ ਮਾਦਾ ਦੇ ਦੂਰ ਦੇ ਪਹਾੜੀ ਦੇਸ਼ ਤੋਂ ਫ਼ੌਜਾਂ ਨੂੰ ਇਕ ਔਜ਼ਾਰ ਵਜੋਂ ਵਰਤਿਆ।a ਅਖ਼ੀਰ ਵਿਚ, ਬਾਬਲ ਸਦੂਮ ਅਤੇ ਅਮੂਰਾਹ ਦੇ ਬਦਚਲਣ ਦੇਸ਼ਾਂ ਵਾਂਗ ਉਜਾੜਿਆ ਗਿਆ।—ਉਤਪਤ 13:13; 19:13, 24.
11, 12. (ੳ) ਮਾਦਾ ਇਕ ਵਿਸ਼ਵ ਸ਼ਕਤੀ ਕਿਵੇਂ ਬਣਿਆ ਸੀ? (ਅ) ਭਵਿੱਖਬਾਣੀ ਵਿਚ ਮਾਦੀ ਫ਼ੌਜਾਂ ਬਾਰੇ ਕਿਹੜੀ ਅਜੀਬ ਗੱਲ ਦੱਸੀ ਗਈ ਸੀ?
11 ਯਸਾਯਾਹ ਦੇ ਜ਼ਮਾਨੇ ਵਿਚ, ਮਾਦਾ ਅਤੇ ਬਾਬਲ ਦੋਵੇਂ ਅੱਸ਼ੂਰ ਦੇ ਅਧੀਨ ਸਨ। ਲਗਭਗ ਇਕ ਸਦੀ ਬਾਅਦ, 632 ਸਾ.ਯੁ.ਪੂ. ਵਿਚ, ਮਾਦਾ ਅਤੇ ਬਾਬਲ ਨੇ ਮਿਲ ਕੇ ਅੱਸ਼ੂਰ ਦੀ ਰਾਜਧਾਨੀ ਨੀਨਵਾਹ ਨੂੰ ਜਿੱਤ ਲਿਆ ਸੀ। ਇਸ ਜਿੱਤ ਨੇ ਬਾਬਲ ਨੂੰ ਪ੍ਰਮੁੱਖ ਵਿਸ਼ਵ ਸ਼ਕਤੀ ਬਣਾ ਦਿੱਤਾ ਸੀ। ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਸ ਤੋਂ ਕੁਝ 100 ਸਾਲ ਬਾਅਦ, ਮਾਦਾ ਉਸ ਦਾ ਨਾਸ਼ ਕਰੇਗਾ! ਸਿਰਫ਼ ਯਹੋਵਾਹ ਹੀ ਅਜਿਹੀ ਸਪੱਸ਼ਟ ਭਵਿੱਖਬਾਣੀ ਕਰ ਸਕਦਾ ਸੀ!
12 ਜਦੋਂ ਯਹੋਵਾਹ ਨੇ ਨਾਸ਼ ਲਿਆਉਣ ਲਈ ਆਪਣੇ ਚੁਣੇ ਹੋਏ ਔਜ਼ਾਰ ਬਾਰੇ ਦੱਸਿਆ, ਉਸ ਨੇ ਕਿਹਾ ਕਿ ਮਾਦਾ ਦੇ ਫ਼ੌਜੀ “ਚਾਂਦੀ ਦੀ ਪਰਵਾਹ ਨਹੀਂ ਕਰਦੇ, ਨਾ ਸੋਨੇ ਤੋਂ ਖੁਸ਼ ਹੁੰਦੇ ਹਨ।” ਇਹ ਚੀਜ਼ ਉਨ੍ਹਾਂ ਫ਼ੌਜੀਆਂ ਲਈ ਕਿੰਨੀ ਅਜੀਬ ਸੀ ਜੋ ਲੜਾਈ ਕਰਨੀ ਗਿੱਝੇ ਸਨ! ਬਾਈਬਲ ਦਾ ਇਕ ਵਿਦਵਾਨ ਕਹਿੰਦਾ ਹੈ ਕਿ “ਹਮਲਾ ਕਰਨ ਵਾਲੀਆਂ ਅਜਿਹੀਆਂ ਫ਼ੌਜਾਂ ਬਹੁਤ ਘੱਟ ਹੋਈਆਂ ਹਨ ਜਿਨ੍ਹਾਂ ਨੇ ਲੁੱਟ ਦੇ ਮਾਲ ਦੀ ਉਮੀਦ ਨਹੀਂ ਰੱਖੀ।” ਕੀ ਇਸ ਵਿਚ ਮਾਦੀ ਫ਼ੌਜਾਂ ਨੇ ਯਹੋਵਾਹ ਨੂੰ ਸਹੀ ਸਾਬਤ ਕੀਤਾ ਸੀ? ਜੀ ਹਾਂ। ਬਾਈਬਲ-ਕੰਮ ਨਾਂ ਦੀ ਅੰਗ੍ਰੇਜ਼ੀ ਪੁਸਤਕ ਦੇ ਲੇਖਕ ਦੀ ਗੱਲ ਵੱਲ ਧਿਆਨ ਦਿਓ: “ਜ਼ਿਆਦਾਤਰ ਕੌਮਾਂ ਤੋਂ ਉਲਟ, ਮਾਦੀਆਂ ਅਤੇ ਖ਼ਾਸ ਕਰਕੇ ਫ਼ਾਰਸੀਆਂ ਲਈ ਸੋਨੇ ਚਾਂਦੀ ਨਾਲੋਂ ਲੜਾਈ ਜਿੱਤਣੀ ਅਤੇ ਮਾਣ ਰੱਖਣਾ ਜ਼ਿਆਦਾ ਪਿਆਰਾ ਸੀ।”b ਇਸ ਨੂੰ ਮਨ ਵਿਚ ਰੱਖਦੇ ਹੋਏ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਜਦੋਂ ਫ਼ਾਰਸੀ ਰਾਜਾ ਖੋਰਸ ਨੇ ਇਸਰਾਏਲੀ ਲੋਕਾਂ ਨੂੰ ਬਾਬਲ ਦੀ ਬੰਦਸ਼ ਤੋਂ ਛੁਡਾਇਆ ਸੀ, ਤਾਂ ਉਸ ਨੇ ਉਨ੍ਹਾਂ ਨੂੰ ਸੋਨੇ ਅਤੇ ਚਾਂਦੀ ਦੇ ਹਜ਼ਾਰਾਂ ਹੀ ਭਾਂਡੇ ਵਾਪਸ ਦਿੱਤੇ ਸੀ ਜਿਨ੍ਹਾਂ ਨੂੰ ਨਬੂਕਦਨੱਸਰ ਨੇ ਯਰੂਸ਼ਲਮ ਦੀ ਹੈਕਲ ਵਿੱਚੋਂ ਲੁੱਟਿਆ ਸੀ।—ਅਜ਼ਰਾ 1:7-11.
13, 14. (ੳ) ਭਾਵੇਂ ਮਾਦੀ ਅਤੇ ਫ਼ਾਰਸੀ ਫ਼ੌਜੀ ਲੁੱਟ ਦਾ ਮਾਲ ਨਹੀਂ ਚਾਹੁੰਦੇ ਸਨ, ਪਰ ਉਹ ਕੀ ਕਰਨਾ ਚਾਹੁੰਦੇ ਸਨ? (ਅ) ਖੋਰਸ ਨੇ ਬਾਬਲ ਦੀ ਚੌੜੀ ਖਾਈ ਨੂੰ ਕਿਵੇਂ ਪਾਰ ਕੀਤਾ ਸੀ?
13 ਭਾਵੇਂ ਕਿ ਮਾਦੀ ਅਤੇ ਫ਼ਾਰਸੀ ਫ਼ੌਜੀ ਲੁੱਟ ਦਾ ਮਾਲ ਨਹੀਂ ਚਾਹੁੰਦੇ ਸਨ, ਪਰ ਉਹ ਆਪਣਾ ਨਾਂ ਜ਼ਰੂਰ ਕਮਾਉਣਾ ਚਾਹੁੰਦੇ ਸਨ। ਉਹ ਦੁਨੀਆਂ ਵਿਚ ਕਿਸੇ ਵੀ ਕੌਮ ਤੋਂ ਦੂਜਾ ਦਰਜਾ ਨਹੀਂ ਰੱਖਣਾ ਚਾਹੁੰਦੇ ਸਨ। ਇਸ ਤੋਂ ਇਲਾਵਾ, ਯਹੋਵਾਹ ਨੇ ਉਨ੍ਹਾਂ ਦੇ ਦਿਲਾਂ ਵਿਚ “ਬਰਬਾਦੀ” ਪਾਈ। (ਯਸਾਯਾਹ 13:6) ਇਸ ਲਈ, ਆਪਣੀਆਂ ਲੋਹੇ ਦੀਆਂ ਕਮਾਨਾਂ ਨਾਲ ਉਹ ਬਾਬਲ ਉੱਤੇ ਜਿੱਤ ਪਾਉਣ ਲਈ ਦ੍ਰਿੜ੍ਹ ਸਨ। ਇਹ ਕਮਾਨਾਂ ਸਿਰਫ਼ ਤੀਰ ਮਾਰਨ ਲਈ ਹੀ ਨਹੀਂ, ਪਰ ਦੁਸ਼ਮਣ ਫ਼ੌਜੀਆਂ, ਜੋ ਬਾਬਲੀ ਮਾਂਵਾਂ ਦੀ ਸੰਤਾਨ ਸਨ, ਉੱਤੇ ਵਾਰ ਕਰਨ ਅਤੇ ਉਨ੍ਹਾਂ ਨੂੰ ਕੁਚਲਣ ਲਈ ਵੀ ਵਰਤੀਆਂ ਜਾ ਸਕਦੀਆਂ ਸਨ।
14 ਮਾਦੀ-ਫ਼ਾਰਸੀ ਫ਼ੌਜਾਂ ਦਾ ਆਗੂ, ਖੋਰਸ, ਬਾਬਲ ਦੀ ਕਿਲਾਬੰਦੀ ਦੇ ਕਾਰਨ ਰੁਕਣ ਵਾਲਾ ਨਹੀਂ ਸੀ। ਸੰਨ 539 ਸਾ.ਯੁ.ਪੂ. ਵਿਚ 5/6 ਅਕਤੂਬਰ ਦੀ ਰਾਤ ਨੂੰ ਉਸ ਨੇ ਫਰਾਤ ਦਰਿਆ ਦੇ ਪਾਣੀਆਂ ਦਾ ਵਹਾਅ ਮੋੜਨ ਦਾ ਹੁਕਮ ਦਿੱਤਾ ਸੀ। ਜਿਉਂ-ਜਿਉਂ ਪਾਣੀ ਘੱਟਦਾ ਗਿਆ, ਹਮਲਾ ਕਰਨ ਵਾਲੇ ਫ਼ੌਜੀ ਪੱਟਾਂ ਤਕ ਪਹੁੰਚਦੇ ਪਾਣੀ ਵਿੱਚੋਂ ਲੰਘ ਕੇ ਚੋਰੀ-ਛਿਪੇ ਸ਼ਹਿਰ ਵਿਚ ਘੁਸ ਗਏ। ਬਾਬਲ ਦੇ ਵਾਸੀ ਅਚਾਨਕ ਫੜੇ ਗਏ ਅਤੇ ਬਾਬਲ ਡਿੱਗ ਪਿਆ। (ਦਾਨੀਏਲ 5:30) ਯਹੋਵਾਹ ਪਰਮੇਸ਼ੁਰ ਨੇ ਯਸਾਯਾਹ ਨੂੰ ਇਨ੍ਹਾਂ ਗੱਲਾਂ ਦੀ ਭਵਿੱਖਬਾਣੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਮਾਮਲਾ ਯਹੋਵਾਹ ਦੇ ਹੱਥਾਂ ਵਿਚ ਸੀ।
15. ਬਾਬਲ ਦਾ ਭਵਿੱਖ ਕਿਸ ਤਰ੍ਹਾਂ ਦਾ ਸੀ?
15 ਕੀ ਬਾਬਲ ਦਾ ਸੱਤਿਆਨਾਸ ਹੋਇਆ ਸੀ? ਯਹੋਵਾਹ ਦੇ ਐਲਾਨ ਨੂੰ ਸੁਣੋ: “ਉਹ ਫੇਰ ਕਦੀ ਨਾ ਵਸਾਇਆ ਜਾਵੇਗਾ, ਨਾ ਪੀੜ੍ਹੀਓਂ ਪੀੜ੍ਹੀ ਅਬਾਦ ਕੀਤਾ ਜਾਵੇਗਾ, ਨਾ ਕੋਈ ਅਰਬੀ ਉੱਥੇ ਤੰਬੂ ਲਾਵੇਗਾ, ਨਾ ਅਯਾਲੀ ਉੱਥੇ ਆਪਣੇ ਇੱਜੜ ਬਿਠਾਉਣਗੇ। ਪਰ ਉਜਾੜ ਦੇ ਦਰਿੰਦੇ ਉੱਥੇ ਬੈਠਣਗੇ, ਉਨ੍ਹਾਂ ਦੇ ਘਰ ਭੌਂਕਣ ਵਾਲਿਆਂ ਨਾਲ ਭਰੇ ਹੋਣਗੇ, ਸ਼ੁਤਰ-ਮੁਰਗ ਉੱਥੇ ਵੱਸਣਗੇ, ਅਤੇ ਬਣ ਬੱਕਰੇ ਉੱਥੇ ਨੱਚਣਗੇ। ਬਿੱਜੂ ਉਨ੍ਹਾਂ ਦੇ ਖੋਲਿਆਂ ਵਿੱਚ, ਅਤੇ ਗਿੱਦੜ ਉਨ੍ਹਾਂ ਦੇ ਰੰਗ ਮਹੱਲਾਂ ਵਿੱਚ ਹਵਾਉਂਕਣਗੇ। ਉਹ ਦਾ ਸਮਾ ਨੇੜੇ ਆ ਗਿਆ, ਉਹ ਦੇ ਦਿਨ ਲੰਮੇ ਨਾ ਹੋਣਗੇ।” (ਯਸਾਯਾਹ 13:20-22) ਸ਼ਹਿਰ ਪੂਰੀ ਤਰ੍ਹਾਂ ਬਰਬਾਦ ਕੀਤਾ ਗਿਆ।
16. ਬਾਬਲ ਦੀ ਅੱਜ ਹਾਲਤ ਸਾਨੂੰ ਕਿਸ ਗੱਲ ਦਾ ਭਰੋਸਾ ਦਿੰਦੀ ਹੈ?
16 ਇਹ ਪੂਰੀ ਬਰਬਾਦੀ ਇਕਦਮ 539 ਸਾ.ਯੁ.ਪੂ. ਵਿਚ ਨਹੀਂ ਹੋਈ ਸੀ। ਫਿਰ ਵੀ, ਅੱਜ ਇਹ ਸਪੱਸ਼ਟ ਹੈ ਕਿ ਯਸਾਯਾਹ ਨੇ ਬਾਬਲ ਬਾਰੇ ਜੋ ਵੀ ਭਵਿੱਖਬਾਣੀ ਕੀਤੀ ਸੀ ਉਹ ਪੂਰੀ ਹੋ ਕੇ ਰਹੀ। ਬਾਈਬਲ ਦੇ ਇਕ ਟੀਕਾਕਾਰ ਨੇ ਕਿਹਾ ਕਿ ਬਾਬਲ “ਸਦੀਆਂ ਤੋਂ ਉਜੜਿਆ ਹੋਇਆ ਖੰਡਰ ਰਿਹਾ ਹੈ ਅਤੇ ਹੁਣ ਵੀ ਇਵੇਂ ਹੀ ਹੈ।” ਫਿਰ ਉਸ ਨੇ ਅੱਗੇ ਕਿਹਾ: “ਜਦੋਂ ਅਸੀਂ ਇਹ ਦ੍ਰਿਸ਼ ਦੇਖਦੇ ਹਾਂ ਤਾਂ ਸਾਨੂੰ ਯਾਦ ਆਉਂਦਾ ਹੈ ਕਿ ਯਸਾਯਾਹ ਅਤੇ ਯਿਰਮਿਯਾਹ ਦੀਆਂ ਭਵਿੱਖਬਾਣੀਆਂ ਐਨ ਸਹੀ ਤਰ੍ਹਾਂ ਪੂਰੀਆਂ ਹੋਈਆਂ ਹਨ।” ਇਹ ਸਪੱਸ਼ਟ ਹੈ ਕਿ ਯਸਾਯਾਹ ਦੇ ਜ਼ਮਾਨੇ ਵਿਚ ਕੋਈ ਵੀ ਮਨੁੱਖ ਬਾਬਲ ਦੇ ਡਿੱਗਣ ਅਤੇ ਉਸ ਦੀ ਆਖ਼ਰੀ ਵਿਰਾਨੀ ਬਾਰੇ ਨਹੀਂ ਦੱਸ ਸਕਦਾ ਸੀ। ਦਰਅਸਲ, ਬਾਬਲ ਦਾ ਮਾਦੀਆਂ ਅਤੇ ਫ਼ਾਰਸੀਆਂ ਦੇ ਹੱਥੀਂ ਪੈਣਾ ਯਸਾਯਾਹ ਦੀ ਪੁਸਤਕ ਲਿਖਣ ਤੋਂ ਕੁਝ 200 ਸਾਲ ਬਾਅਦ ਹੋਇਆ ਸੀ! ਅਤੇ ਬਾਬਲ ਦੀ ਆਖ਼ਰੀ ਵਿਰਾਨੀ ਸਦੀਆਂ ਬਾਅਦ ਹੋਈ ਸੀ। ਕੀ ਇਹ ਪਰਮੇਸ਼ੁਰ ਦੇ ਪ੍ਰੇਰਿਤ ਬਚਨ ਵਜੋਂ ਬਾਈਬਲ ਵਿਚ ਸਾਡੀ ਨਿਹਚਾ ਨੂੰ ਮਜ਼ਬੂਤ ਨਹੀਂ ਕਰਦਾ? (2 ਤਿਮੋਥਿਉਸ 3:16) ਇਸ ਤੋਂ ਇਲਾਵਾ, ਕਿਉਂਕਿ ਯਹੋਵਾਹ ਨੇ ਪਿਛਲਿਆਂ ਸਮਿਆਂ ਵਿਚ ਭਵਿੱਖਬਾਣੀਆਂ ਪੂਰੀਆਂ ਕੀਤੀਆਂ ਸਨ, ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਸਮੇਂ ਸਿਰ ਬਾਈਬਲ ਦੀਆਂ ਬਾਕੀ ਭਵਿੱਖਬਾਣੀਆਂ ਵੀ ਪੂਰੀਆਂ ਹੋਣਗੀਆਂ।
‘ਤੇਰੀ ਪੀੜ ਤੋਂ ਅਰਮਾਨ’
17, 18. ਬਾਬਲ ਦੀ ਹਾਰ ਦੇ ਕਾਰਨ ਇਸਰਾਏਲ ਨੂੰ ਕਿਹੜੀਆਂ ਬਰਕਤਾਂ ਮਿਲੀਆਂ?
17 ਬਾਬਲ ਦੇ ਡਿੱਗਣ ਨਾਲ ਇਸਰਾਏਲੀਆਂ ਨੇ ਸੁੱਖ ਦਾ ਸਾਹ ਲਿਆ। ਇਸ ਦਾ ਮਤਲਬ ਬੰਦਸ਼ ਤੋਂ ਛੁਟਕਾਰਾ ਹੋਇਆ ਅਤੇ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਨੂੰ ਵਾਪਸ ਜਾਣ ਦਾ ਮੌਕਾ ਮਿਲਿਆ। ਇਸ ਲਈ ਯਸਾਯਾਹ ਨੇ ਅੱਗੇ ਕਿਹਾ ਕਿ “ਯਹੋਵਾਹ ਯਾਕੂਬ ਉੱਤੇ ਰਹਮ ਕਰੇਗਾ ਅਤੇ ਇਸਰਾਏਲ ਨੂੰ ਫੇਰ ਚੁਣੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਭੂਮੀ ਉੱਤੇ ਵਸਾਵੇਗਾ ਅਤੇ ਓਪਰੇ ਉਨ੍ਹਾਂ ਨਾਲ ਮਿਲ ਜਾਣਗੇ ਅਤੇ ਓਹ ਯਾਕੂਬ ਦੇ ਘਰਾਣੇ ਨਾਲ ਜੁੜ ਜਾਣਗੇ। ਲੋਕ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਥਾਂ ਉੱਤੇ ਪੁਚਾ ਦੇਣਗੇ ਅਤੇ ਇਸਰਾਏਲ ਦਾ ਘਰਾਣਾ ਉਨ੍ਹਾਂ ਨੂੰ ਗੋੱਲੇ ਅਰ ਗੋੱਲੀਆਂ ਕਰ ਕੇ ਯਹੋਵਾਹ ਦੀ ਭੂਮੀ ਉੱਤੇ ਆਪਣੇ ਵੱਸ ਵਿੱਚ ਰੱਖੇਗਾ ਅਤੇ ਓਹ ਉਨ੍ਹਾਂ ਨੂੰ ਕੈਦੀ ਬਣਾਉਣਗੇ ਜਿਨ੍ਹਾਂ ਦੇ ਓਹ ਕੈਦੀ ਸਨ, ਅਤੇ ਆਪਣੇ ਦੁਖ ਦੇਣ ਵਾਲਿਆਂ ਉੱਤੇ ਰਾਜ ਕਰਨਗੇ।” (ਯਸਾਯਾਹ 14:1, 2) ਇੱਥੇ “ਯਾਕੂਬ” ਨਾਂ ਪੂਰੇ ਇਸਰਾਏਲ ਦੇ 12 ਗੋਤਾਂ ਨੂੰ ਸੰਕੇਤ ਕਰਦਾ ਹੈ। ਇਸਰਾਏਲੀਆਂ ਨੂੰ ਘਰ ਵਾਪਸ ਜਾਣ ਦੇਣ ਰਾਹੀਂ ਯਹੋਵਾਹ ਨੇ “ਯਾਕੂਬ” ਉੱਤੇ ਰਹਿਮ ਕੀਤਾ ਸੀ। ਉਨ੍ਹਾਂ ਦੇ ਨਾਲ ਹਜ਼ਾਰਾਂ ਹੀ ਵਿਦੇਸ਼ੀ ਆਏ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਹੈਕਲ ਦੇ ਸੇਵਾਦਾਰਾਂ ਵਜੋਂ ਇਸਰਾਏਲੀਆਂ ਦੀ ਸੇਵਾ ਕੀਤੀ। ਕੁਝ ਇਸਰਾਏਲੀਆਂ ਨੇ ਤਾਂ ਆਪਣੇ ਸਾਬਕਾ ਬੰਦੀਕਾਰਾਂ ਉੱਤੇ ਇਖ਼ਤਿਆਰ ਵੀ ਚਲਾਇਆ।c
18 ਗ਼ੁਲਾਮੀ ਦਾ ਦੁੱਖ ਦੂਰ ਕੀਤਾ ਗਿਆ। ਇਸ ਦੀ ਬਜਾਇ, ਯਹੋਵਾਹ ਨੇ ਆਪਣੇ ਲੋਕਾਂ ਨੂੰ ‘ਉਨ੍ਹਾਂ ਦੀ ਪੀੜ ਤੋਂ ਅਤੇ ਉਨ੍ਹਾਂ ਦੀ ਖੇਚਲ ਤੋਂ ਅਤੇ ਉਸ ਔਖੀ ਟਹਿਲ ਤੋਂ ਜਿਹ ਦੇ ਨਾਲ ਉਨ੍ਹਾਂ ਤੋਂ ਟਹਿਲ ਕਰਾਈ ਗਈ ਉਨ੍ਹਾਂ ਨੂੰ ਅਰਮਾਨ ਦਿੱਤਾ।’ (ਯਸਾਯਾਹ 14:3) ਗ਼ੁਲਾਮੀ ਦੇ ਬੋਝ ਤੋਂ ਮੁਕਤ ਹੋ ਕੇ ਇਸਰਾਏਲੀ ਲੋਕ ਝੂਠੇ ਦੇਵਤਿਆਂ ਦੇ ਪੁਜਾਰੀਆਂ ਨਾਲ ਰਹਿਣੀ-ਬਹਿਣੀ ਤੋਂ ਵੀ ਆਜ਼ਾਦ ਹੋਏ। ਅਜਿਹੀ ਸੰਗਤ ਉਨ੍ਹਾਂ ਲਈ ਕਸ਼ਟ ਦਾ ਕਾਰਨ ਸੀ। (ਅਜ਼ਰਾ 3:1; ਯਸਾਯਾਹ 32:18) ਇਸ ਉੱਤੇ ਟਿੱਪਣੀ ਕਰਦੇ ਹੋਏ ਅੰਗ੍ਰੇਜ਼ੀ ਵਿਚ ਬਾਈਬਲ ਦੇ ਦੇਸ਼ ਅਤੇ ਲੋਕ ਨਾਮਕ ਪੁਸਤਕ ਕਹਿੰਦੀ ਹੈ ਕਿ “ਬਾਬਲੀ ਲੋਕਾਂ ਦੇ ਭਾਣੇ ਉਨ੍ਹਾਂ ਦੇ ਦੇਵਤੇ ਉਨ੍ਹਾਂ ਵਰਗੇ ਹੀ ਬੁਰੇ ਸਨ। ਬਾਬਲੀ ਦੇਵਤੇ ਡਰਪੋਕ, ਸ਼ਰਾਬੀ, ਅਤੇ ਨਿਰਬੁੱਧ ਸਨ।” ਅਜਿਹੇ ਭੈੜੇ ਧਾਰਮਿਕ ਮਾਹੌਲ ਵਿੱਚੋਂ ਨਿਕਲ ਕੇ ਉਨ੍ਹਾਂ ਨੂੰ ਕਿੰਨੀ ਰਾਹਤ ਮਿਲੀ ਹੋਵੇਗੀ!
19. ਯਹੋਵਾਹ ਦੀ ਮਾਫ਼ੀ ਹਾਸਲ ਕਰਨ ਲਈ ਇਸਰਾਏਲ ਨੂੰ ਕੀ ਕਰਨ ਦੀ ਲੋੜ ਸੀ, ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ?
19 ਫਿਰ ਵੀ, ਯਹੋਵਾਹ ਦੀ ਦਇਆ ਇਕ ਸ਼ਰਤ ਤੇ ਮਿਲ ਸਕਦੀ ਸੀ। ਉਸ ਦੇ ਲੋਕਾਂ ਨੂੰ ਆਪਣੀ ਬੁਰਿਆਈ ਤੋਂ ਪਛਤਾਵਾ ਕਰਨਾ ਪਿਆ, ਜਿਸ ਬੁਰਿਆਈ ਦੇ ਕਾਰਨ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਸੀ। (ਯਿਰਮਿਯਾਹ 3:25) ਦਿਲੋਂ ਸਾਫ਼-ਸਾਫ਼ ਇਕਬਾਲ ਕਰਨ ਨਾਲ ਹੀ ਯਹੋਵਾਹ ਦੀ ਮਾਫ਼ੀ ਮਿਲ ਸਕਦੀ ਸੀ। (ਨਹਮਯਾਹ 9:6-37; ਦਾਨੀਏਲ 9:5 ਦੇਖੋ।) ਇਹ ਅਸੂਲ ਅੱਜ ਵੀ ਲਾਗੂ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਯਹੋਵਾਹ ਦੀ ਦਇਆ ਦੀ ਲੋੜ ਹੈ ਕਿਉਂਕਿ “ਕੋਈ ਮਨੁੱਖ ਨਹੀਂ ਜੋ ਪਾਪ ਨਾ ਕਰਦਾ ਹੋਵੇ।” (2 ਇਤਹਾਸ 6:36) ਯਹੋਵਾਹ ਦਇਆਵਾਨ ਪਰਮੇਸ਼ੁਰ ਹੈ। ਉਹ ਪਿਆਰ ਨਾਲ ਸੱਦਾ ਦਿੰਦਾ ਹੈ ਕਿ ਅਸੀਂ ਆਪਣੇ ਪਾਪਾਂ ਦਾ ਇਕਬਾਲ ਕਰੀਏ, ਤੋਬਾ ਕਰੀਏ, ਅਤੇ ਗ਼ਲਤ ਰਸਤੇ ਉੱਤੇ ਨਾ ਚੱਲੀਏ, ਤਾਂਕਿ ਸਾਨੂੰ ਮਾਫ਼ੀ ਮਿਲੇ। (ਬਿਵਸਥਾ ਸਾਰ 4:31; ਯਸਾਯਾਹ 1:18; ਯਾਕੂਬ 5:16) ਇਸ ਤਰ੍ਹਾਂ ਨਾ ਸਿਰਫ਼ ਸਾਨੂੰ ਉਸ ਦੀ ਕਿਰਪਾ ਮੁੜ ਕੇ ਹਾਸਲ ਹੋਵੇਗੀ, ਸਗੋਂ ਇਸ ਤੋਂ ਸਾਨੂੰ ਦਿਲਾਸਾ ਵੀ ਮਿਲਦਾ ਹੈ।—ਜ਼ਬੂਰ 51:1; ਕਹਾਉਤਾਂ 28:13; 2 ਕੁਰਿੰਥੀਆਂ 2:7.
ਬਾਬਲ ਖ਼ਿਲਾਫ਼ “ਬੋਲੀ”
20, 21. ਬਾਬਲ ਦੇ ਗੁਆਂਢੀਆਂ ਨੇ ਉਸ ਦੇ ਡਿੱਗਣ ਤੇ ਖ਼ੁਸ਼ੀ ਕਿਵੇਂ ਮਨਾਈ?
20 ਬਾਬਲ ਦੇ ਪ੍ਰਮੁੱਖ ਵਿਸ਼ਵ ਸ਼ਕਤੀ ਬਣਨ ਤੋਂ ਕੁਝ 100 ਸਾਲ ਪਹਿਲਾਂ, ਯਸਾਯਾਹ ਨੇ ਦੱਸਿਆ ਸੀ ਕਿ ਉਸ ਦੇ ਡਿੱਗਣ ਬਾਰੇ ਪਤਾ ਚੱਲਣ ਤੇ ਦੁਨੀਆਂ ਕੀ ਕਰੇਗੀ। ਭਵਿੱਖਬਾਣੀ ਵਿਚ, ਉਸ ਨੇ ਉਸ ਦੀ ਬੰਦਸ਼ ਤੋਂ ਛੁੱਟੇ ਇਸਰਾਏਲੀਆਂ ਨੂੰ ਹੁਕਮ ਦਿੱਤਾ: “ਤੂੰ ਬਾਬਲ ਦੇ ਪਾਤਸ਼ਾਹ ਦੇ ਵਿਰੁੱਧ ਏਹ ਬੋਲੀ ਮਾਰੀਂ ਅਤੇ ਆਖੀਂ—ਦੁਖ ਦੇਣ ਵਾਲਾ ਕਿਵੇਂ ਮੁੱਕ ਗਿਆ, ਅਤੇ ਸੁਨਹਿਰਾ ਅਸਥਾਨ ਕਿਵੇਂ ਨਖੁੱਟ ਗਿਆ! ਯਹੋਵਾਹ ਨੇ ਦੁਸ਼ਟਾਂ ਦੀ ਲਾਠੀ, ਅਤੇ ਹਾਕਮਾਂ ਦਾ ਰਾਜ-ਡੰਡਾ ਭੰਨ ਸੁੱਟਿਆ, ਜਿਹੜਾ ਲੋਕਾਂ ਨੂੰ ਕਹਿਰ ਨਾਲ ਮਾਰਦਾ ਰਹਿੰਦਾ ਸੀ, ਜਿਹੜਾ ਕੌਮਾਂ ਉੱਤੇ ਕ੍ਰੋਧ ਨਾਲ ਰਾਜ ਕਰਦਾ ਸੀ, ਤੇ ਬਿਨਾ ਰੋਕ ਟੋਕ ਸਤਾਉਂਦਾ ਸੀ।” (ਯਸਾਯਾਹ 14:4-6) ਬਾਬਲ ਜੇਤੂ ਅਤੇ ਅਜਿਹੇ ਜ਼ਾਲਮ ਵਜੋਂ ਮਸ਼ਹੂਰ ਸੀ ਜੋ ਆਜ਼ਾਦ ਲੋਕਾਂ ਨੂੰ ਗ਼ੁਲਾਮ ਬਣਾਉਂਦਾ ਸੀ। ਇਹ ਕਿੰਨਾ ਢੁਕਵਾਂ ਸੀ ਕਿ ਉਸ ਦੇ ਡਿੱਗਣ ਤੇ ਇਸ “ਬੋਲੀ” ਨਾਲ ਖ਼ੁਸ਼ੀਆਂ ਮਨਾਈਆਂ ਗਈਆਂ। ਇਹ “ਬੋਲੀ” ਖ਼ਾਸ ਕਰਕੇ ਬਾਬਲ ਦੇ ਸ਼ਾਹੀ ਖ਼ਾਨਦਾਨ ਬਾਰੇ ਬੋਲੀ ਗਈ, ਜੋ ਨਬੂਕਦਨੱਸਰ ਨਾਲ ਸ਼ੁਰੂ ਹੋ ਕੇ ਨਬੋਨਾਈਡਸ ਅਤੇ ਬੇਲਸ਼ੱਸਰ ਨਾਲ ਖ਼ਤਮ ਹੋਇਆ ਸੀ। ਇਹ ਖ਼ਾਨਦਾਨ ਇਸ ਵੱਡੇ ਸ਼ਹਿਰ ਦੇ ਸ਼ਾਨਦਾਰ ਦਿਨਾਂ ਵਿਚ ਰਾਜ ਕਰਦਾ ਸੀ!
21 ਉਹ ਦੇ ਡਿੱਗਣ ਨਾਲ ਕਿੰਨਾ ਫ਼ਰਕ ਪਿਆ! “ਸਾਰੀ ਧਰਤੀ ਚੈਨ ਅਤੇ ਅਰਾਮ ਕਰਦੀ ਹੈ, ਓਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ। ਸਰੂ ਵੀ ਤੇਰੇ ਉੱਤੇ ਅਨੰਦ ਕਰਦੇ ਹਨ, ਲਬਾਨੋਨ ਦੇ ਦਿਆਰ ਵੀ,—ਜਦ ਤੋਂ ਤੂੰ ਡਿੱਗਿਆ, ਸਾਡੇ ਉੱਤੇ ਵੱਢਣ ਵਾਲਾ ਕੋਈ ਨਹੀਂ ਆਇਆ।” (ਯਸਾਯਾਹ 14:7, 8) ਬਾਬਲ ਦੇ ਹਾਕਮਾਂ ਲਈ ਆਲੇ-ਦੁਆਲੇ ਦੀਆਂ ਕੌਮਾਂ ਦੇ ਰਾਜੇ ਦਰਖ਼ਤਾਂ ਵਰਗੇ ਸਨ, ਜੋ ਵੱਢ ਕੇ ਉਸ ਦੇ ਆਪਣੇ ਮਕਸਦਾਂ ਲਈ ਵਰਤੇ ਜਾ ਸਕਦੇ ਸਨ। ਪਰ ਇਹ ਸਭ ਕੁਝ ਖ਼ਤਮ ਕੀਤਾ ਗਿਆ। ਵੱਢਣ ਵਾਲਾ ਬਾਬਲੀ ਆਪਣਾ ਆਖ਼ਰੀ ਦਰਖ਼ਤ ਵੱਢ ਚੁੱਕਾ ਸੀ!
22. ਕਾਵਿਕ ਤੌਰ ਤੇ, ਬਾਬਲ ਦੇ ਸ਼ਾਹੀ ਖ਼ਾਨਦਾਨ ਦੇ ਡਿੱਗਣ ਦਾ ਪਤਾਲ ਉੱਤੇ ਕੀ ਅਸਰ ਪਿਆ?
22 ਬਾਬਲ ਦੇ ਡਿੱਗਣ ਦੇ ਕਾਰਨ ਇੰਨੀ ਹੈਰਾਨੀ ਹੋਈ ਕਿ ਪਤਾਲ ਉੱਤੇ ਵੀ ਅਸਰ ਪਿਆ: “ਹੇਠੋਂ ਪਤਾਲ ਤੇਰੇ ਲਈ ਹਿਲ ਪਿਆ ਹੈ, ਭਈ ਤੇਰੇ ਆਉਣ ਦਾ ਸੁਆਗਤ ਕਰੇ, ਉਹ ਤੇਰੇ ਲਈ ਭੂਤਨਿਆਂ ਨੂੰ, ਧਰਤੀ ਦੇ ਸਾਰੇ ਆਗੂਆਂ ਨੂੰ ਜਗਾਉਂਦਾ ਹੈ। ਉਹ ਨੇ ਕੌਮਾਂ ਦੇ ਸਾਰੇ ਰਾਜਿਆਂ ਨੂੰ ਉਨ੍ਹਾਂ ਦੇ ਸਿੰਘਾਸਣਾਂ ਤੋਂ ਚੁੱਕ ਦਿੱਤਾ ਹੈ। ਓਹ ਸਾਰੇ ਤੈਨੂੰ ਉੱਤਰ ਦੇਣਗੇ ਅਤੇ ਆਖਣਗੇ, ਤੂੰ ਵੀ ਸਾਡੇ ਵਾਂਙੁ ਮਾਂਦਾ ਕੀਤਾ ਗਿਆ ਹੈਂ! ਤੂੰ ਸਾਡੇ ਵਾਂਙੁ ਹੋ ਗਿਆ ਹੈਂ! ਤੇਰੀ ਭੜਕ ਅਤੇ ਤੇਰੀਆਂ ਬਰਬਤਾਂ ਦੀ ਅਵਾਜ਼ ਪਤਾਲ ਵਿੱਚ ਲਾਹੀ ਗਈ, ਕੀੜੇ ਤੇਰੇ ਹੇਠ ਵਿਛਾਏ ਗਏ, ਅਤੇ ਕਿਰਮ ਹੀ ਤੇਰਾ ਕੱਜਣ ਹਨ।” (ਯਸਾਯਾਹ 14:9-11) ਇਹ ਕਿੰਨੀ ਪ੍ਰਭਾਵਸ਼ਾਲੀ ਕਾਵਿਕ ਤਸਵੀਰ ਹੈ! ਇਹ ਇਸ ਤਰ੍ਹਾਂ ਸੀ ਮਾਨੋ ਮਨੁੱਖਜਾਤੀ ਦੀ ਆਮ ਕਬਰ ਨੇ ਬਾਬਲ ਦੇ ਸ਼ਾਹੀ ਖ਼ਾਨਦਾਨ ਤੋਂ ਪਹਿਲਾਂ ਦੇ ਮੁਰਦੇ ਰਾਜਿਆਂ ਨੂੰ ਜਗਾਇਆ ਤਾਂਕਿ ਉਹ ਨਵੇਂ ਆਏ ਮਹਿਮਾਨ ਦਾ ਸੁਆਗਤ ਕਰ ਸਕਣ। ਉਸ ਨੇ ਬਾਬਲੀ ਤਾਕਤ ਦਾ ਮਖੌਲ ਉਡਾਇਆ ਜੋ ਹੁਣ ਬੇਬੱਸ ਸੀ ਅਤੇ ਬਹੁਮੁੱਲੇ ਦੀਵਾਨ ਦੀ ਬਜਾਇ ਕੀੜਿਆਂ ਦੇ ਵਿਛਾਉਣੇ ਉੱਤੇ ਲੇਟੀ ਹੋਈ ਸੀ ਅਤੇ ਕੀਮਤੀ ਚਾਦਰਾਂ ਦੀ ਬਜਾਇ ਸੁੰਡੀਆਂ ਨਾਲ ਢਕੀ ਹੋਈ ਸੀ।
“ਲੋਥ ਵਾਂਙੁ ਜਿਹੜੀ ਮਿੱਧੀ ਗਈ ਹੋਵੇ”
23, 24. ਬਾਬਲ ਦੇ ਰਾਜੇ ਵੱਡਾ ਘਮੰਡ ਕਿਵੇਂ ਦਿਖਾਉਂਦੇ ਸਨ?
23 ਯਸਾਯਾਹ ਨੇ ਬੋਲੀ ਵਿਚ ਅੱਗੇ ਕਿਹਾ: “ਤੂੰ ਅਕਾਸ਼ ਤੋਂ ਕਿਵੇਂ ਡਿੱਗ ਪਿਆ, ਹੇ ਦਿਨ ਦੇ ਤਾਰੇ, ਫਜਰ ਦੇ ਪੁੱਤ੍ਰ! ਤੂੰ ਕਿਵੇਂ ਧਰਤੀ ਤੀਕ ਵੱਢਿਆ ਗਿਆ, ਹੇ ਕੌਮਾਂ ਦੇ ਢਾਉਣ ਵਾਲੇ!” (ਯਸਾਯਾਹ 14:12) ਸੁਆਰਥੀ ਘਮੰਡ ਨਾਲ ਬਾਬਲ ਦੇ ਰਾਜੇ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਉੱਚਾ ਕਰਦੇ ਸਨ। ਤੜਕੇ ਦੇ ਆਕਾਸ਼ ਵਿਚ ਇਕ ਚਮਕਦੇ ਤਾਰੇ ਵਾਂਗ, ਉਹ ਘਮੰਡ ਨਾਲ ਇਖ਼ਤਿਆਰ ਚਲਾਉਂਦੇ ਸਨ। ਯਰੂਸ਼ਲਮ ਉੱਤੇ ਨਬੂਕਦਨੱਸਰ ਦੀ ਜਿੱਤ ਹੰਕਾਰ ਲਈ ਇਕ ਖ਼ਾਸ ਗੱਲ ਸੀ, ਕਿਉਂ ਜੋ ਅੱਸ਼ੂਰ ਇਹ ਨਾ ਕਰ ਸਕਿਆ ਸੀ। ਬੋਲੀ ਵਿਚ ਬਾਬਲ ਦਾ ਘਮੰਡੀ ਸ਼ਾਹੀ ਖ਼ਾਨਦਾਨ ਇਹ ਕਹਿੰਦਾ ਦਿਖਾਇਆ ਗਿਆ ਕਿ “ਮੈਂ ਅਕਾਸ਼ ਉੱਤੇ ਚੱੜ੍ਹ ਜਾਵਾਂਗਾ, ਪਰਮੇਸ਼ੁਰ ਦੇ ਤਾਰਿਆਂ ਤੋਂ ਉਤਾਹਾਂ, ਮੈਂ ਆਪਣਾ ਸਿੰਘਾਸਣ ਉੱਚਾ ਧਰਾਂਗਾ, ਅਤੇ ਮੈਂ ਮੰਡਲੀ ਦੇ ਪਰਬਤ ਉੱਤੇ, ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ। ਮੈਂ ਬੱਦਲਾਂ ਦੀਆਂ ਉੱਚਿਆਈਆਂ ਤੇ ਚੜ੍ਹ ਜਾਵਾਂਗਾ, ਮੈਂ ਆਪ ਨੂੰ ਅੱਤ ਮਹਾਨ ਜਿਹਾ ਬਣਾਵਾਂਗਾ!” (ਯਸਾਯਾਹ 14:13, 14) ਕੀ ਉਹ ਇਸ ਤੋਂ ਹੋਰ ਉੱਚੀਆਂ ਛਲਾਂਗਾਂ ਮਾਰ ਸਕਦਾ ਸੀ?
24 ਬਾਈਬਲ ਵਿਚ ਦਾਊਦ ਦੇ ਸ਼ਾਹੀ ਘਰਾਣੇ ਵਿੱਚੋਂ ਰਾਜਿਆਂ ਦੀ ਤੁਲਨਾ ਤਾਰਿਆਂ ਨਾਲ ਕੀਤੀ ਗਈ ਹੈ। (ਗਿਣਤੀ 24:17) ਦਾਊਦ ਤੋਂ ਲੈ ਕੇ ਉਨ੍ਹਾਂ “ਤਾਰਿਆਂ” ਨੇ ਸੀਯੋਨ ਪਰਬਤ ਉੱਤੋਂ ਰਾਜ ਕੀਤਾ ਸੀ। ਸੁਲੇਮਾਨ ਦੇ ਯਰੂਸ਼ਲਮ ਵਿਚ ਹੈਕਲ ਬਣਾਉਣ ਤੋਂ ਬਾਅਦ, ਪੂਰੇ ਸ਼ਹਿਰ ਨੂੰ ਸੀਯੋਨ ਸੱਦਿਆ ਗਿਆ ਸੀ। ਬਿਵਸਥਾ ਦੇ ਨੇਮ ਅਧੀਨ ਸਾਰੇ ਇਸਰਾਏਲੀ ਆਦਮੀਆਂ ਨੂੰ ਸਾਲ ਵਿਚ ਤਿੰਨ ਵਾਰ ਯਰੂਸ਼ਲਮ ਨੂੰ ਜਾਣਾ ਪੈਂਦਾ ਸੀ। ਇਸ ਤਰ੍ਹਾਂ, ਇਹ ‘ਮੰਡਲੀ ਦਾ ਪਰਬਤ’ ਬਣਿਆ। ਨਬੂਕਦਨੱਸਰ ਨੇ ਠਾਣਿਆ ਕਿ ਉਹ ਯਹੂਦਿਯਾ ਦੇ ਰਾਜਿਆਂ ਉੱਤੇ ਜਿੱਤ ਪ੍ਰਾਪਤ ਕਰ ਕੇ ਉਨ੍ਹਾਂ ਨੂੰ ਉਸ ਪਰਬਤ ਤੋਂ ਹਟਾ ਦੇਵੇਗਾ। ਉਹ ਆਪਣੇ ਆਪ ਨੂੰ ਉਨ੍ਹਾਂ “ਤਾਰਿਆਂ” ਤੋਂ ਉੱਚਾ ਕਰਨਾ ਚਾਹੁੰਦਾ ਸੀ। ਉਸ ਨੇ ਆਪਣੀ ਜਿੱਤ ਲਈ ਯਹੋਵਾਹ ਨੂੰ ਵਡਿਆਈ ਨਹੀਂ ਦਿੱਤੀ। ਸਗੋਂ, ਉਸ ਨੇ ਘਮੰਡ ਨਾਲ ਆਪਣੇ ਆਪ ਨੂੰ ਯਹੋਵਾਹ ਦੇ ਬਰਾਬਰ ਕੀਤਾ।
25, 26. ਬਾਬਲ ਦੇ ਸ਼ਾਹੀ ਖ਼ਾਨਦਾਨ ਦਾ ਸ਼ਰਮਨਾਕ ਅੰਤ ਕਿਵੇਂ ਹੋਇਆ?
25 ਬਾਬਲ ਦੇ ਘਮੰਡੀ ਸ਼ਾਹੀ ਖ਼ਾਨਦਾਨ ਦੀ ਹਾਲਤ ਪੂਰੀ ਤਰ੍ਹਾਂ ਬਦਲ ਗਈ! ਬਾਬਲ ਦਾ ਪਰਮੇਸ਼ੁਰ ਦੇ ਤਾਰਿਆਂ ਤੋਂ ਉੱਚਾ ਕੀਤਾ ਜਾਣਾ ਤਾਂ ਦੂਰ ਦੀ ਗੱਲ ਸੀ। ਸਗੋਂ, ਯਹੋਵਾਹ ਨੇ ਕਿਹਾ: “ਤੂੰ ਪਤਾਲ ਤੀਕ, ਸਗੋਂ ਟੋਏ ਦੀ ਡੁੰਘਿਆਈ ਤੀਕ ਹੇਠਾਂ ਲਾਹਿਆ ਜਾਵੇਂਗਾ। ਤੇਰੇ ਵੇਖਣ ਵਾਲੇ ਤੇਰੀ ਵੱਲ ਤੱਕਣਗੇ, ਓਹ ਤੇਰੇ ਉੱਤੇ ਗੌਹ ਕਰਨਗੇ, ਭਲਾ, ਏਹ ਉਹ ਮਨੁੱਖ ਹੈ ਜਿਹ ਨੇ ਧਰਤੀ ਨੂੰ ਕਾਂਬਾ ਲਾ ਦਿੱਤਾ, ਅਤੇ ਪਾਤਸ਼ਾਹੀਆਂ ਹਿਲਾ ਦਿੱਤੀਆਂ? ਜਿਨ ਜਗਤ ਉਜਾੜ ਜਿਹਾ ਕਰ ਦਿੱਤਾ, ਅਤੇ ਉਸ ਦੇ ਸ਼ਹਿਰ ਢਾਹ ਸੁੱਟੇ? ਜਿਨ ਆਪਣੇ ਅਸੀਰਾਂ ਨੂੰ ਘਰੀਂ ਨਾ ਜਾਣ ਦਿੱਤਾ?” (ਯਸਾਯਾਹ 14:15-17) ਇਹ ਉੱਚੇ ਨਾਂ ਵਾਲਾ ਸ਼ਾਹੀ ਖ਼ਾਨਦਾਨ ਆਮ ਇਨਸਾਨ ਦੀ ਤਰ੍ਹਾਂ ਪਤਾਲ ਵਿਚ ਹੇਠਾਂ ਗਿਆ।
26 ਤਾਂ ਫਿਰ, ਉਹ ਤਾਕਤ ਕਿੱਥੇ ਗਈ ਜਿਸ ਨੇ ਪਾਤਸ਼ਾਹੀਆਂ ਨੂੰ ਜਿੱਤਿਆ, ਦੇਸ਼ਾਂ ਨੂੰ ਵਿਰਾਨ ਕੀਤਾ, ਅਤੇ ਕਈਆਂ ਸ਼ਹਿਰਾਂ ਨੂੰ ਹਰਾ ਦਿੱਤਾ ਸੀ? ਉਹ ਵਿਸ਼ਵ ਸ਼ਕਤੀ ਕਿੱਥੇ ਗਈ ਜਿਸ ਨੇ ਕੈਦੀ ਫੜੇ ਅਤੇ ਉਨ੍ਹਾਂ ਨੂੰ ਕਦੀ ਵੀ ਘਰ ਵਾਪਸ ਨਹੀਂ ਜਾਣ ਦਿੱਤਾ? ਬਾਬਲ ਦੇ ਸ਼ਾਹੀ ਖ਼ਾਨਦਾਨ ਨੂੰ ਤਾਂ ਸਨਮਾਨ ਨਾਲ ਦਫ਼ਨਾਇਆ ਵੀ ਨਹੀਂ ਗਿਆ! ਯਹੋਵਾਹ ਨੇ ਕਿਹਾ: “ਕੌਮਾਂ ਦੇ ਸਾਰੇ ਰਾਜੇ, ਹਾਂ, ਸਾਰਿਆਂ ਦੇ ਸਾਰੇ, ਸ਼ਾਨ ਨਾਲ ਲੇਟਦੇ ਹਨ, ਹਰੇਕ ਆਪਣੀ ਸਮਾਧ ਵਿੱਚ। ਪਰ ਤੂੰ ਘਿਣਾਉਣੀ ਟਹਿਣੀ ਵਾਂਙੁ ਆਪਣੀ ਕਬਰ ਤੋਂ ਪਰੇ ਸੁੱਟਿਆ ਗਿਆ, ਤੈਂ ਵੱਢਿਆਂ ਹੋਇਆਂ ਨੂੰ ਪਹਿਨਿਆ ਹੋਇਆ ਹੈ, ਜਿਹੜੇ ਤਲਵਾਰ ਨਾਲ ਵਿੰਨ੍ਹੇ ਗਏ, ਜਿਹੜੇ ਟੋਏ ਦੇ ਪੱਥਰਾਂ ਕੋਲ ਹੇਠਾਂ ਲਾਹੇ ਗਏ, ਉਸ ਲੋਥ ਵਾਂਙੁ ਜਿਹੜੀ ਮਿੱਧੀ ਗਈ ਹੋਵੇ। ਤੂੰ ਉਨ੍ਹਾਂ ਨਾਲ ਕਫ਼ਨ ਦਫ਼ਨ ਵਿੱਚ ਨਾ ਰਲੇਂਗਾ, ਤੈਂ ਜੋ ਆਪਣੇ ਦੇਸ ਨੂੰ ਵਿਰਾਨ ਕੀਤਾ, ਤੈਂ ਜੋ ਆਪਣੇ ਲੋਕਾਂ ਨੂੰ ਵੱਢ ਸੁੱਟਿਆ! ਕੁਕਰਮੀਆਂ ਦੀ ਅੰਸ ਦਾ ਨਾਉਂ ਕਦੀ ਨਹੀਂ ਪੁਕਾਰਿਆ ਜਾਵੇਗਾ।” (ਯਸਾਯਾਹ 14:18-20) ਪੁਰਾਣੇ ਜ਼ਮਾਨੇ ਵਿਚ, ਰਾਜੇ ਨੂੰ ਸਨਮਾਨ ਨਾਲ ਨਾ ਦਫ਼ਨਾਉਣਾ ਬੇਇੱਜ਼ਤੀ ਦੀ ਗੱਲ ਮੰਨੀ ਜਾਂਦੀ ਸੀ। ਤਾਂ ਫਿਰ, ਬਾਬਲ ਦੇ ਸ਼ਾਹੀ ਖ਼ਾਨਦਾਨ ਬਾਰੇ ਕੀ? ਇਹ ਸੱਚ ਹੈ ਕਿ ਇਕੱਲੇ-ਇਕੱਲੇ ਰਾਜੇ ਸ਼ਾਇਦ ਸਨਮਾਨ ਨਾਲ ਦਫ਼ਨਾਏ ਗਏ ਹੋਣ, ਪਰ ਨਬੂਕਦਨੱਸਰ ਤੋਂ ਸ਼ੁਰੂ ਹੋਇਆ ਸ਼ਾਹੀ ਖ਼ਾਨਦਾਨ ਇਕ “ਘਿਣਾਉਣੀ ਟਹਿਣੀ ਵਾਂਙੁ” ਪਰੇ ਸੁੱਟਿਆ ਗਿਆ। ਇਹ ਇਸ ਤਰ੍ਹਾਂ ਸੀ ਜਿਵੇਂ ਕਿ ਉਹ ਕਿਸੇ ਅਣਜਾਣੀ ਕਬਰ ਵਿਚ ਸੁੱਟਿਆ ਗਿਆ ਹੋਵੇ—ਇਕ ਮਾਮੂਲੀ ਸਿਪਾਹੀ ਦੀ ਤਰ੍ਹਾਂ ਜੋ ਲੜਾਈ ਵਿਚ ਮਾਰਿਆ ਗਿਆ ਹੋਵੇ। ਬਾਬਲ ਦੀ ਕਿੰਨੀ ਵੱਡੀ ਬੇਇੱਜ਼ਤੀ!
27. ਆਪਣੇ ਪਿਉ ਦਾਦਿਆਂ ਦੀ ਬਦੀ ਲਈ ਬਾਬਲ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਦੁੱਖ ਕਿਵੇਂ ਭੋਗਿਆ?
27 ਬੋਲੀ ਦੇ ਅੰਤ ਵਿਚ ਜਿੱਤ ਪ੍ਰਾਪਤ ਕਰਨ ਵਾਲੇ ਮਾਦੀਆਂ ਅਤੇ ਫ਼ਾਰਸੀਆਂ ਨੂੰ ਇਹ ਆਖ਼ਰੀ ਹੁਕਮ ਦਿੱਤੇ ਗਏ: “ਉਨ੍ਹਾਂ ਦੇ ਪੇਵਾਂ ਦੀ ਬਦੀ ਦੇ ਕਾਰਨ, ਉਹ ਦੇ ਪੁੱਤ੍ਰਾਂ ਦੇ ਵੱਢੇ ਜਾਣ ਦੀ ਤਿਆਰੀ ਕਰੋ, ਮਤੇ ਓਹ ਉੱਠ ਕੇ ਦੇਸ ਤੇ ਕਬਜ਼ਾ ਕਰ ਲੈਣ, ਅਤੇ ਜਗਤ ਦੀ ਪਰਤ ਸ਼ਹਿਰਾਂ ਨਾਲ ਭਰ ਦੇਣ।” (ਯਸਾਯਾਹ 14:21) ਬਾਬਲ ਹਮੇਸ਼ਾ ਲਈ ਡਿੱਗਿਆ। ਬਾਬਲ ਦਾ ਸ਼ਾਹੀ ਖ਼ਾਨਦਾਨ ਜੜ੍ਹੋਂ ਪੁੱਟਿਆ ਗਿਆ। ਇਹ ਫਿਰ ਕਦੀ ਦੁਬਾਰਾ ਨਹੀਂ ਉੱਠੇਗਾ। ਆਉਣ ਵਾਲੀਆਂ ਬਾਬਲੀ ਪੀੜ੍ਹੀਆਂ ਨੇ “ਉਨ੍ਹਾਂ ਦੇ ਪੇਵਾਂ ਦੀ ਬਦੀ” ਦੇ ਕਾਰਨ ਦੁੱਖ ਭੋਗਿਆ।
28. ਬਾਬਲ ਦੇ ਰਾਜਿਆਂ ਦੇ ਪਾਪ ਦੀ ਜੜ੍ਹ ਕੀ ਸੀ, ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ?
28 ਬਾਬਲ ਦੇ ਸ਼ਾਹੀ ਖ਼ਾਨਦਾਨ ਦੀ ਸਜ਼ਾ ਤੋਂ ਅਸੀਂ ਇਕ ਬਹੁਤ ਜ਼ਰੂਰੀ ਸਬਕ ਸਿੱਖਦੇ ਹਾਂ। ਬਾਬਲ ਦੇ ਰਾਜਿਆਂ ਦੇ ਪਾਪ ਦੀ ਜੜ੍ਹ ਇਹ ਸੀ ਕਿ ਉਹ ਹਰ ਕੀਮਤ ਤੇ ਆਪਣੇ ਲਈ ਨਾਂ ਕਮਾਉਣਾ ਚਾਹੁੰਦੇ ਸਨ। (ਦਾਨੀਏਲ 5:23) ਉਨ੍ਹਾਂ ਦੇ ਦਿਲਾਂ ਵਿਚ ਤਾਕਤ ਦੀ ਲਾਲਸਾ ਸੀ। ਉਹ ਦੂਜਿਆਂ ਉੱਤੇ ਰਾਜ ਕਰਨਾ ਚਾਹੁੰਦੇ ਸਨ। (ਯਸਾਯਾਹ 47:5, 6) ਉਹ ਇਨਸਾਨਾਂ ਤੋਂ ਵਡਿਆਈ ਵੀ ਚਾਹੁੰਦੇ ਸਨ, ਜੋ ਸਿਰਫ਼ ਪਰਮੇਸ਼ੁਰ ਨੂੰ ਹੀ ਮਿਲਣੀ ਚਾਹੀਦੀ ਸੀ। (ਪਰਕਾਸ਼ ਦੀ ਪੋਥੀ 4:11) ਇਹ ਇਖ਼ਤਿਆਰ ਰੱਖਣ ਵਾਲੇ ਸਾਰੇ ਵਿਅਕਤੀਆਂ ਲਈ ਚੇਤਾਵਨੀ ਹੈ—ਮਸੀਹੀ ਕਲੀਸਿਯਾ ਦੇ ਵਿਚ ਵੀ। ਨਾਂ ਕਮਾਉਣਾ ਅਤੇ ਸੁਆਰਥੀ ਘਮੰਡ, ਅਜਿਹੇ ਔਗੁਣ ਹਨ ਜੋ ਯਹੋਵਾਹ ਬਰਦਾਸ਼ਤ ਨਹੀਂ ਕਰੇਗਾ, ਚਾਹੇ ਉਹ ਇਨਸਾਨਾਂ ਵਿਚ ਹੋਣ ਜਾਂ ਕੌਮਾਂ ਵਿਚ।
29. ਬਾਬਲ ਦੇ ਹਾਕਮਾਂ ਦਾ ਹੰਕਾਰ ਅਤੇ ਨਾਂ ਕਮਾਉਣ ਦੀ ਇੱਛਾ ਕੀ ਪ੍ਰਗਟ ਕਰਦੀ ਸੀ?
29 ਬਾਬਲ ਦੇ ਹਾਕਮਾਂ ਦਾ ਹੰਕਾਰ “ਇਸ ਜੁੱਗ ਦੇ ਈਸ਼ੁਰ,” ਸ਼ਤਾਨ ਦੀ ਭਾਵਨਾ ਦਾ ਅਕਸ ਸੀ। (2 ਕੁਰਿੰਥੀਆਂ 4:4) ਉਹ ਵੀ ਤਾਕਤ ਮਗਰ ਲੱਗਾ ਰਹਿੰਦਾ ਹੈ ਅਤੇ ਆਪਣੇ ਆਪ ਨੂੰ ਯਹੋਵਾਹ ਪਰਮੇਸ਼ੁਰ ਤੋਂ ਉੱਚਾ ਕਰਨਾ ਚਾਹੁੰਦਾ ਹੈ। ਜਿਵੇਂ ਬਾਬਲ ਦੇ ਰਾਜੇ ਅਤੇ ਉਸ ਦੇ ਅਧੀਨ ਲੋਕਾਂ ਬਾਰੇ ਸੱਚ ਸੀ, ਉਸੇ ਤਰ੍ਹਾਂ ਸ਼ਤਾਨ ਦੀ ਨਾਂ ਕਮਾਉਣ ਦੀ ਬੁਰੀ ਇੱਛਾ ਦੇ ਨਤੀਜੇ ਵਜੋਂ ਸਾਰੀ ਮਨੁੱਖਜਾਤੀ ਉੱਤੇ ਦੁੱਖ-ਤਕਲੀਫ਼ ਆਈ ਹੈ।
30. ਬਾਈਬਲ ਵਿਚ ਹੋਰ ਕਿਸ ਬਾਬਲ ਦਾ ਜ਼ਿਕਰ ਕੀਤਾ ਗਿਆ ਹੈ, ਅਤੇ ਉਸ ਨੇ ਕਿਸ ਤਰ੍ਹਾਂ ਦੀ ਭਾਵਨਾ ਦਿਖਾਈ ਹੈ?
30 ਇਸ ਤੋਂ ਇਲਾਵਾ, ਪਰਕਾਸ਼ ਦੀ ਪੋਥੀ ਵਿਚ ਅਸੀਂ ਇਕ ਹੋਰ ਬਾਬਲ, ਯਾਨੀ ‘ਵੱਡੀ ਬਾਬੁਲ,’ ਬਾਰੇ ਪੜ੍ਹਦੇ ਹਾਂ। (ਪਰਕਾਸ਼ ਦੀ ਪੋਥੀ 18:2) ਇਸ ਸੰਗਠਨ, ਯਾਨੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਨੇ ਵੀ ਇਕ ਘਮੰਡੀ, ਅਤਿਆਚਾਰੀ, ਅਤੇ ਨਿਰਦਈ ਭਾਵਨਾ ਦਿਖਾਈ ਹੈ। ਸਿੱਟੇ ਵਜੋਂ, ਉਸ ਨੂੰ ਵੀ ‘ਯਹੋਵਾਹ ਦੇ ਦਿਨ’ ਦਾ ਸਾਮ੍ਹਣਾ ਕਰਨਾ ਪਵੇਗਾ ਅਤੇ ਪਰਮੇਸ਼ੁਰ ਦੇ ਸਮੇਂ ਸਿਰ ਉਸ ਦਾ ਵੀ ਨਾਸ਼ ਹੋਵੇਗਾ। (ਯਸਾਯਾਹ 13:6) ਸੰਨ 1919 ਤੋਂ ਲੈ ਕੇ ਹੁਣ ਤਕ ਸਾਰੀ ਧਰਤੀ ਉੱਤੇ ਇਕ ਸਨੇਹਾ ਸੁਣਾਇਆ ਜਾ ਰਿਹਾ ਹੈ ਯਾਨੀ ਕਿ ‘ਬਾਬੁਲ ਢਹਿ ਪਈ ਹੈ!’ (ਪਰਕਾਸ਼ ਦੀ ਪੋਥੀ 14:8) ਜਦੋਂ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਬੰਦਸ਼ ਵਿਚ ਨਾ ਰੱਖ ਸਕੀ, ਉਹ ਡਿੱਗ ਪਈ ਸੀ। ਬਹੁਤ ਜਲਦੀ ਉਸ ਦਾ ਸੱਤਿਆਨਾਸ ਕੀਤਾ ਜਾਵੇਗਾ। ਪ੍ਰਾਚੀਨ ਬਾਬਲ ਬਾਰੇ ਯਹੋਵਾਹ ਨੇ ਹੁਕਮ ਦਿੱਤਾ ਸੀ: “ਉਸ ਦੇ ਕੰਮ ਦਾ ਵੱਟਾ ਉਸ ਨੂੰ ਦਿਓ। ਉਹ ਦੇ ਅਨੁਸਾਰ ਜੋ ਉਸ ਨੇ ਕੀਤਾ ਉਸ ਦੇ ਨਾਲ ਕਰੋ ਕਿਉਂ ਜੋ ਓਸ ਯਹੋਵਾਹ ਦੇ ਵਿਰੁੱਧ ਹੰਕਾਰ ਕੀਤਾ, ਇਸਰਾਏਲ ਦੇ ਪਵਿੱਤਰ ਪੁਰਖ ਦੇ ਵਿਰੁੱਧ।” (ਯਿਰਮਿਯਾਹ 50:29; ਯਾਕੂਬ 2:13) ਵੱਡੀ ਬਾਬੁਲ ਨੂੰ ਵੀ ਇਸੇ ਤਰ੍ਹਾਂ ਦੀ ਸਜ਼ਾ ਮਿਲੇਗੀ।
31. ਬਹੁਤ ਜਲਦੀ ਵੱਡੀ ਬਾਬੁਲ ਨਾਲ ਕੀ ਹੋਵੇਗਾ?
31 ਇਸ ਲਈ, ਯਸਾਯਾਹ ਦੀ ਪੁਸਤਕ ਦੀ ਇਸ ਭਵਿੱਖਬਾਣੀ ਵਿਚ ਯਹੋਵਾਹ ਦਾ ਆਖ਼ਰੀ ਬਿਆਨ ਪ੍ਰਾਚੀਨ ਬਾਬਲ ਉੱਤੇ ਹੀ ਨਹੀਂ, ਸਗੋਂ ਵੱਡੀ ਬਾਬੁਲ ਉੱਤੇ ਵੀ ਲਾਗੂ ਹੁੰਦਾ ਹੈ: “ਮੈਂ ਉਨ੍ਹਾਂ ਦੇ ਵਿਰੁੱਧ ਉੱਠਾਂਗਾ, ਅਤੇ ਬਾਬਲ ਦਾ ਨਾਉਂ ਅਰ ਬਕੀਆ, ਉਹ ਦੇ ਪੁੱਤ੍ਰ ਪੋਤ੍ਰੇ ਨਸ਼ਟ ਕਰ ਦਿਆਂਗਾ, . . . ਮੈਂ ਉਹ ਨੂੰ ਕੰਡੈਲੇ ਦੀ ਮੀਰਾਸ, ਅਤੇ ਪਾਣੀ ਦੀਆਂ ਢਾਬਾਂ ਠਹਿਰਾਵਾਂਗਾ, ਅਤੇ ਮੈਂ ਉਹ ਨੂੰ ਤਬਾਹੀ ਦੇ ਝਾੜੂ ਨਾਲ ਹੂੰਝ ਸੁੱਟਾਂਗਾ।” (ਯਸਾਯਾਹ 14:22, 23) ਪ੍ਰਾਚੀਨ ਬਾਬਲ ਦੇ ਖੰਡਰਾਤਾਂ ਵੱਲ ਦੇਖ ਕੇ ਸਾਨੂੰ ਪਤਾ ਲੱਗਦਾ ਹੈ ਕਿ ਬਹੁਤ ਜਲਦੀ ਯਹੋਵਾਹ ਵੱਡੀ ਬਾਬੁਲ ਨਾਲ ਕੀ ਕਰੇਗਾ। ਸੱਚੀ ਉਪਾਸਨਾ ਦੇ ਪ੍ਰੇਮੀਆਂ ਨੂੰ ਇਸ ਤੋਂ ਕਿੰਨਾ ਵੱਡਾ ਦਿਲਾਸਾ ਮਿਲਦਾ ਹੈ! ਇਸ ਤੋਂ ਕਿੰਨਾ ਹੌਸਲਾ ਮਿਲਦਾ ਹੈ ਕਿ ਅਸੀਂ ਹੰਕਾਰ, ਘਮੰਡ, ਜਾਂ ਨਿਰਦਈਪੁਣੇ ਵਰਗੇ ਸ਼ਤਾਨੀ ਔਗੁਣਾਂ ਨੂੰ ਆਪਣੇ ਵਿਚ ਕਦੀ ਵੀ ਪੈਦਾ ਨਾ ਹੋਣ ਦੇਈਏ!
[ਫੁਟਨੋਟ]
a ਯਸਾਯਾਹ ਨੇ ਸਿਰਫ਼ ਮਾਦੀਆਂ ਦਾ ਨਾਂ ਲਿਆ ਸੀ, ਪਰ ਕਈ ਕੌਮਾਂ ਇਕੱਠੀਆਂ ਹੋ ਕੇ ਬਾਬਲ ਦੇ ਵਿਰੁੱਧ ਆਈਆਂ, ਯਾਨੀ ਮਾਦਾ, ਫ਼ਾਰਸ, ਏਲਾਮ ਅਤੇ ਹੋਰ ਛੋਟੀਆਂ ਕੌਮਾਂ। (ਯਿਰਮਿਯਾਹ 50:9; 51:24, 27, 28) ਗੁਆਂਢ ਦੀਆਂ ਕੌਮਾਂ ਮਾਦੀਆਂ ਅਤੇ ਫ਼ਾਰਸੀਆਂ ਦੋਹਾਂ ਨੂੰ “ਮਾਦੀ” ਸੱਦਦੀਆਂ ਸਨ। ਇਸ ਤੋਂ ਇਲਾਵਾ, ਯਸਾਯਾਹ ਦੇ ਜ਼ਮਾਨੇ ਵਿਚ ਮਾਦਾ ਮੁਖ ਸ਼ਕਤੀ ਸੀ। ਸਿਰਫ਼ ਖੋਰਸ ਦੇ ਅਧੀਨ ਫ਼ਾਰਸ ਪ੍ਰਮੁੱਖ ਸ਼ਕਤੀ ਬਣਿਆ ਸੀ।
b ਲੇਕਿਨ, ਇਸ ਤਰ੍ਹਾਂ ਲੱਗਦਾ ਹੈ ਕਿ ਬਾਅਦ ਵਿਚ ਮਾਦੀਆਂ ਅਤੇ ਫ਼ਾਰਸੀਆਂ ਨੇ ਧਨ-ਦੌਲਤ ਨੂੰ ਬਹੁਤ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਸੀ।—ਅਸਤਰ 1:1-7.
c ਉਦਾਹਰਣ ਲਈ, ਬਾਬਲ ਵਿਚ ਮਾਦੀਆਂ ਅਤੇ ਫ਼ਾਰਸੀਆਂ ਦੇ ਅਧੀਨ ਦਾਨੀਏਲ ਇਕ ਸੂਬੇਦਾਰ ਸੀ। ਅਤੇ ਕੁਝ 60 ਸਾਲ ਬਾਅਦ, ਅਸਤਰ ਫ਼ਾਰਸੀ ਰਾਜਾ ਅਹਸ਼ਵੇਰੋਸ਼ ਦੀ ਰਾਣੀ ਬਣੀ ਸੀ ਅਤੇ ਮਾਰਦਕਈ ਸਾਰੇ ਫ਼ਾਰਸੀ ਸਾਮਰਾਜ ਦਾ ਪ੍ਰਧਾਨ ਮੰਤਰੀ ਬਣਿਆ ਸੀ।
[ਸਫ਼ਾ 178 ਉੱਤੇ ਤਸਵੀਰ]
ਡਿੱਗਿਆ ਬਾਬਲ ਰੇਗਿਸਤਾਨ ਦੇ ਜਾਨਵਰਾਂ ਦਾ ਟਿਕਾਣਾ ਬਣਿਆ
[ਸਫ਼ਾ 186 ਉੱਤੇ ਤਸਵੀਰਾਂ]
ਪ੍ਰਾਚੀਨ ਬਾਬਲ ਦੀ ਤਰ੍ਹਾਂ, ਵੱਡੀ ਬਾਬੁਲ ਢਹਿ-ਢੇਰੀ ਹੋ ਜਾਵੇਗੀ