ਵੀਹਵਾਂ ਅਧਿਆਇ
ਯਹੋਵਾਹ ਰਾਜ ਕਰਦਾ ਹੈ
1, 2. (ੳ) ਯਹੋਵਾਹ ਦਾ ਕ੍ਰੋਧ ਕਿਨ੍ਹਾਂ ਉੱਤੇ ਭੜਕਿਆ ਸੀ? (ਅ) ਕੀ ਯਹੂਦਾਹ ਨੂੰ ਵੀ ਸਜ਼ਾ ਮਿਲੀ ਸੀ ਅਤੇ ਅਸੀਂ ਇਹ ਕਿਸ ਤਰ੍ਹਾਂ ਜਾਣਦੇ ਹਾਂ?
ਬਾਬਲ, ਫਲਿਸਤ, ਮੋਆਬ, ਸੀਰੀਆ, ਈਥੀਓਪੀਆ, ਮਿਸਰ, ਅਦੋਮ, ਸੂਰ, ਅਤੇ ਅੱਸ਼ੂਰ ਉੱਤੇ ਯਹੋਵਾਹ ਦਾ ਕ੍ਰੋਧ ਭੜਕਿਆ ਸੀ। ਯਸਾਯਾਹ ਨੇ ਉਨ੍ਹਾਂ ਬਿਪਤਾਵਾਂ ਬਾਰੇ ਪਹਿਲਾਂ ਹੀ ਦੱਸਿਆ ਸੀ ਜੋ ਇਨ੍ਹਾਂ ਵਿਰੋਧੀ ਕੌਮਾਂ ਅਤੇ ਸ਼ਹਿਰਾਂ ਉੱਤੇ ਆਉਣੀਆਂ ਸਨ। ਪਰ ਯਹੂਦਾਹ ਨਾਲ ਕੀ ਹੋਇਆ ਸੀ? ਕੀ ਯਹੂਦਾਹ ਦੇ ਵਾਸੀਆਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਮਿਲੀ ਸੀ? ਜ਼ਰੂਰ ਮਿਲੀ ਸੀ! ਸਾਨੂੰ ਇਤਿਹਾਸ ਤੋਂ ਇਸ ਦਾ ਸਬੂਤ ਮਿਲਦਾ ਹੈ।
2 ਗੌਰ ਕਰੋ ਕਿ ਦਸ-ਗੋਤੀ ਰਾਜ ਇਸਰਾਏਲ ਦੀ ਰਾਜਧਾਨੀ ਸਾਮਰਿਯਾ ਨਾਲ ਕੀ ਹੋਇਆ ਸੀ। ਇਸ ਕੌਮ ਨੇ ਪਰਮੇਸ਼ੁਰ ਨਾਲ ਆਪਣਾ ਇਕਰਾਰ ਪੂਰਾ ਨਹੀਂ ਕੀਤਾ ਸੀ। ਇਸ ਨੇ ਆਲੇ-ਦੁਆਲੇ ਦੀਆਂ ਕੌਮਾਂ ਦੇ ਭੈੜੇ ਕੰਮਾਂ ਵਿਚ ਹਿੱਸਾ ਲਿਆ। ਸਾਮਰਿਯਾ ਦੇ ਵਾਸੀ ‘ਯਹੋਵਾਹ ਦੇ ਕ੍ਰੋਧ ਨੂੰ ਭੜਕਾਉਣ ਲਈ ਓਹ ਕੰਮ ਕਰਦੇ ਰਹੇ ਜੋ ਭੈੜੇ ਸਨ। ਸੋ ਯਹੋਵਾਹ ਇਸਰਾਏਲ ਉੱਤੇ ਅੱਤ ਕ੍ਰੋਧਵਾਨ ਹੋਇਆ ਅਤੇ ਉਨ੍ਹਾਂ ਨੂੰ ਆਪਣੇ ਅੱਗਿਓਂ ਦੂਰ ਕਰ ਦਿੱਤਾ।’ ਜ਼ਬਰਦਸਤੀ ਨਾਲ “ਇਸਰਾਏਲ ਆਪਣੀ ਧਰਤੀ ਤੋਂ ਕੱਢ ਕੇ ਅੱਸ਼ੂਰ ਵਿੱਚ ਪੁਚਾਇਆ ਗਿਆ।” (2 ਰਾਜਿਆਂ 17:9-12, 16-18, 23; ਹੋਸ਼ੇਆ 4:12-14) ਇਸਰਾਏਲ ਨਾਲ ਜੋ ਕੁਝ ਹੋਇਆ ਸੀ ਇਹ ਯਹੂਦਾਹ ਵਿਚ ਉਸ ਦੇ ਭਰਾਵਾਂ ਲਈ ਬਦਸ਼ਗਨ ਸੀ।
ਯਸਾਯਾਹ ਨੇ ਯਹੂਦਾਹ ਦੀ ਤਬਾਹੀ ਬਾਰੇ ਭਵਿੱਖਬਾਣੀ ਕੀਤੀ
3. (ੳ) ਯਹੋਵਾਹ ਨੇ ਦੋ-ਗੋਤੀ ਰਾਜ ਯਹੂਦਾਹ ਨੂੰ ਕਿਉਂ ਛੱਡ ਦਿੱਤਾ ਸੀ? (ਅ) ਯਹੋਵਾਹ ਨੇ ਕੀ ਕਰਨ ਦਾ ਇਰਾਦਾ ਰੱਖਿਆ ਸੀ?
3 ਯਹੂਦਾਹ ਦੇ ਕੁਝ ਹੀ ਰਾਜੇ ਵਫ਼ਾਦਾਰ ਸਨ, ਪਰ ਜ਼ਿਆਦਾਤਰ ਬੇਵਫ਼ਾ ਨਿਕਲੇ। ਯੋਥਾਮ ਵਰਗੇ ਵਫ਼ਾਦਾਰ ਰਾਜੇ ਦੇ ਅਧੀਨ ਵੀ ਲੋਕ ਝੂਠੀ ਪੂਜਾ ਕਰਦੇ ਰਹੇ। (2 ਰਾਜਿਆਂ 15:32-35) ਖ਼ੂਨੀ ਰਾਜਾ ਮਨੱਸ਼ਹ ਦੇ ਰਾਜ ਦੌਰਾਨ ਯਹੂਦਾਹ ਦੀ ਬੁਰਿਆਈ ਆਪਣੀ ਹੱਦ ਤੇ ਪਹੁੰਚ ਗਈ ਜਦੋਂ ਵਫ਼ਾਦਾਰ ਨਬੀ ਯਸਾਯਾਹ ਦਾ ਕਤਲ ਕੀਤਾ ਗਿਆ। ਯਹੂਦੀ ਲੋਕ ਮੰਨਦੇ ਹਨ ਕਿ ਇਸ ਰਾਜੇ ਨੇ ਹੁਕਮ ਦਿੱਤਾ ਸੀ ਕਿ ਯਸਾਯਾਹ ਨੂੰ ਆਰੀ ਨਾਲ ਚੀਰਿਆ ਜਾਵੇ। (ਇਬਰਾਨੀਆਂ 11:37 ਦੀ ਤੁਲਨਾ ਕਰੋ।) ਇਸ ਦੁਸ਼ਟ ਰਾਜੇ ਨੇ “ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਕੁਰਾਹੇ ਪਾਇਆ ਕਿ ਉਨ੍ਹਾਂ ਨੇ ਓਹਨਾਂ ਕੌਮਾਂ ਨਾਲੋਂ ਵੀ ਵਧ ਬੁਰਿਆਈ ਕੀਤੀ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਬਰਬਾਦ ਕਰਵਾਇਆ ਸੀ।” (2 ਇਤਹਾਸ 33:9) ਮਨੱਸ਼ਹ ਦੇ ਰਾਜ ਅਧੀਨ ਦੇਸ਼ ਉਸ ਸਮੇਂ ਨਾਲੋਂ ਵੀ ਅਪਵਿੱਤਰ ਹੋ ਗਿਆ ਜਦੋਂ ਕਨਾਨੀ ਲੋਕ ਉਸ ਵਿਚ ਵੱਸਦੇ ਸਨ। ਇਸ ਲਈ ਯਹੋਵਾਹ ਨੇ ਕਿਹਾ: “ਮੈਂ ਯਰੂਸ਼ਲਮ ਅਰ ਯਹੂਦਾਹ ਉੱਤੇ ਬੁਰਿਆਈ ਲਿਆਉਂਦਾ ਹਾਂ ਜਿਹ ਦੇ ਕਾਰਨ ਸੁਣਨ ਵਾਲੇ ਦੇ ਦੋਨੋਂ ਕੰਨ ਵੱਜ ਪੈਣਗੇ। . . . [ਮੈਂ] ਯਰੂਸ਼ਲਮ ਨੂੰ ਅਜੇਹਾ ਪੂੰਝਾਂਗਾ ਜਿਵੇਂ ਕੋਈ ਥਾਲੀ ਨੂੰ ਪੂੰਝਦਾ ਹੈ ਤੇ ਪੂੰਝ ਕੇ ਮੂਧਾ ਮਾਰ ਦਿੰਦਾ ਹੈ। ਅਤੇ ਮੈਂ ਆਪਣੇ ਵਿਰਸੇ ਦਿਆਂ ਬਚਿਆਂ ਖੁਚਿਆਂ ਨੂੰ ਤਿਆਗ ਕੇ ਉਨ੍ਹਾਂ ਨੂੰ ਓਹਨਾਂ ਦਿਆਂ ਵੈਰੀਆਂ ਦੇ ਹੱਥ ਵਿੱਚ ਦੇ ਦਿਆਂਗਾ ਅਤੇ ਓਹ ਆਪਣੇ ਸਾਰੇ ਵੈਰੀਆਂ ਦੇ ਲਈ ਸ਼ਿਕਾਰ ਤੇ ਲੁੱਟ ਹੋਣਗੇ। ਕਿਉਂ ਜੋ . . . ਓਹ ਅਜੇਹੇ ਕੰਮ ਕਰਦੇ ਰਹੇ ਜੋ ਮੇਰੀ ਨਿਗਾਹ ਵਿੱਚ ਭੈੜੇ ਹਨ ਅਰ ਮੇਰੇ ਕ੍ਰੋਧ ਨੂੰ ਭੜਕਾਉਣ ਵਾਲੇ ਬਣੇ।”—2 ਰਾਜਿਆਂ 21:11-15.
4. ਭਵਿੱਖਬਾਣੀ ਅਨੁਸਾਰ ਯਹੋਵਾਹ ਨੇ ਯਹੂਦਾਹ ਨਾਲ ਕੀ ਕੀਤਾ ਸੀ?
4 ਜਿਸ ਤਰ੍ਹਾਂ ਇਕ ਥਾਲੀ ਮੂਧੀ ਮਾਰਨ ਤੇ ਉਸ ਵਿੱਚੋਂ ਸਾਰਾ ਕੁਝ ਡਿੱਗ ਪੈਂਦਾ ਹੈ, ਉਸੇ ਤਰ੍ਹਾਂ ਦੇਸ਼ ਵਿੱਚੋਂ ਇਨਸਾਨ ਕੱਢੇ ਗਏ ਸਨ। ਯਸਾਯਾਹ ਨੇ ਫਿਰ ਤੋਂ ਯਹੂਦਾਹ ਅਤੇ ਯਰੂਸ਼ਲਮ ਦੀ ਤਬਾਹੀ ਬਾਰੇ ਭਵਿੱਖਬਾਣੀ ਕੀਤੀ। ਉਸ ਨੇ ਕਿਹਾ: “ਵੇਖੋ, ਯਹੋਵਾਹ ਧਰਤੀ ਨੂੰ ਸੁੰਞੀ ਕਰੇਗਾ, ਅਤੇ ਉਹ ਨੂੰ ਵਿਰਾਨ ਕਰੇਗਾ, ਉਹ ਦੀ ਪਰਤ ਵਿਗਾੜ ਦੇਵੇਗਾ, ਅਤੇ ਉਹ ਦੇ ਵਾਸੀਆਂ ਨੂੰ ਖਿਲਾਰ ਦੇਵੇਗਾ।” (ਯਸਾਯਾਹ 24:1) ਇਹ ਭਵਿੱਖਬਾਣੀ ਉਦੋਂ ਪੂਰੀ ਹੋਈ ਜਦੋਂ ਰਾਜਾ ਨਬੂਕਦਨੱਸਰ ਦੇ ਅਧੀਨ ਬਾਬਲੀ ਫ਼ੌਜਾਂ ਨੇ ਯਰੂਸ਼ਲਮ ਨੂੰ ਉਸ ਦੀ ਹੈਕਲ ਸਮੇਤ ਤਬਾਹ ਕਰ ਦਿੱਤਾ ਅਤੇ ਜਦੋਂ ਯਹੂਦਾਹ ਦੇ ਵਾਸੀ ਤਲਵਾਰ, ਮਹਾਂਮਾਰੀ, ਅਤੇ ਕਾਲ਼ ਨਾਲ ਮਾਰੇ ਗਏ। ਬਚਣ ਵਾਲੇ ਜ਼ਿਆਦਾਤਰ ਯਹੂਦੀਆਂ ਨੂੰ ਗ਼ੁਲਾਮ ਬਣਾ ਕੇ ਬਾਬਲ ਵਿਚ ਲਿਜਾਇਆ ਗਿਆ ਅਤੇ ਬਾਕੀ ਦੇ ਲੋਕ ਮਿਸਰ ਨੂੰ ਭੱਜ ਗਏ। ਇਸ ਤਰ੍ਹਾਂ ਯਹੂਦਾਹ ਦਾ ਦੇਸ਼ ਬਰਬਾਦ ਅਤੇ ਵਿਰਾਨ ਕੀਤਾ ਗਿਆ ਸੀ। ਉੱਥੇ ਕੋਈ ਡੰਗਰ ਵੀ ਨਹੀਂ ਬਚਿਆ ਸੀ। ਵਿਰਾਨ ਦੇਸ਼ ਉਜਾੜ ਬਣ ਗਿਆ ਸੀ ਅਤੇ ਉਸ ਦੇ ਖੰਡਰਾਤ ਵਿਚ ਸਿਰਫ਼ ਜੰਗਲੀ ਜਾਨਵਰ ਅਤੇ ਪੰਛੀ ਵੱਸਦੇ ਸਨ।
5. ਕੀ ਕੋਈ ਵੀ ਇਨਸਾਨ ਯਹੋਵਾਹ ਦੀ ਸਜ਼ਾ ਤੋਂ ਮੁਕਤ ਸੀ? ਸਮਝਾਓ।
5 ਕੀ ਸਜ਼ਾ ਦੇਣ ਸਮੇਂ ਯਹੂਦਾਹ ਵਿਚ ਕਿਸੇ ਨਾਲ ਪੱਖਪਾਤ ਕੀਤਾ ਗਿਆ ਸੀ? ਯਸਾਯਾਹ ਨੇ ਜਵਾਬ ਦਿੱਤਾ: “ਐਉਂ ਹੋਵੇਗਾ ਕਿ ਜਿਵੇਂ ਲੋਕ ਤਿਵੇਂ ਜਾਜਕ, ਜਿਵੇਂ ਗੋੱਲਾ ਤਿਵੇਂ ਉਹ ਦਾ ਮਾਲਕ, ਜਿਵੇਂ ਗੋੱਲੀ ਤਿਵੇਂ ਉਹ ਦੀ ਬੀਬੀ, ਜਿਵੇਂ ਮੁੱਲ ਲੈਣ ਵਾਲਾ ਤਿਵੇਂ ਮੁੱਲ ਦੇਣ ਵਾਲਾ, ਜਿਵੇਂ ਕਰਜ਼ਾ ਦੇਣ ਵਾਲਾ ਤਿਵੇਂ ਕਰਜ਼ਾ ਲੈਣ ਵਾਲਾ, ਜਿਵੇਂ ਬਿਆਜ ਲੈਣ ਵਾਲਾ ਤਿਵੇਂ ਬਿਆਜ ਦੇਣ ਵਾਲਾ। ਧਰਤੀ ਸੁੰਞੀ ਹੀ ਸੁੰਞੀ ਕੀਤੀ ਜਾਵੇਗੀ, ਅਤੇ ਲੁੱਟੀ ਪੁੱਟੀ ਜਾਵੇਗੀ, ਕਿਉਂ ਜੋ ਏਹ ਗੱਲ ਯਹੋਵਾਹ ਨੇ ਆਖੀ ਹੈ।” (ਯਸਾਯਾਹ 24:2, 3) ਇਨਸਾਨਾਂ ਦੀ ਅਮੀਰੀ ਜਾਂ ਹੈਕਲ ਵਿਚ ਸੇਵਾ ਦਾ ਸਨਮਾਨ ਕੋਈ ਫ਼ਰਕ ਨਹੀਂ ਪਾਉਂਦਾ ਸੀ। ਹਰੇਕ ਨੂੰ ਸਜ਼ਾ ਦਿੱਤੀ ਗਈ ਸੀ। ਦੇਸ਼ ਦੇ ਲੋਕ ਇੰਨੇ ਭ੍ਰਿਸ਼ਟ ਸਨ ਕਿ ਬਚ ਜਾਣ ਵਾਲੇ ਹਰੇਕ ਜਾਜਕ, ਨੌਕਰ, ਮਾਲਕ, ਖ਼ਰੀਦਾਰ, ਅਤੇ ਵੇਚਣ ਵਾਲੇ ਨੂੰ ਗ਼ੁਲਾਮੀ ਵਿਚ ਲਿਜਾਣਾ ਜ਼ਰੂਰੀ ਸੀ।
6. ਯਹੋਵਾਹ ਨੇ ਦੇਸ਼ ਤੋਂ ਆਪਣੀ ਬਰਕਤ ਕਿਉਂ ਹਟਾ ਲਈ ਸੀ?
6 ਯਸਾਯਾਹ ਨੇ ਤਬਾਹੀ ਦਾ ਕਾਰਨ ਅਤੇ ਉਸ ਦੀ ਹੱਦ ਬਾਰੇ ਵੀ ਦੱਸਿਆ ਤਾਂਕਿ ਕਿਸੇ ਦੇ ਮਨ ਵਿਚ ਕੋਈ ਗ਼ਲਤਫ਼ਹਿਮੀ ਨਾ ਰਹੇ: “ਧਰਤੀ ਸੋਗ ਕਰਦੀ ਅਤੇ ਕੁਮਲਾ ਜਾਂਦੀ ਹੈ, ਜਗਤ ਢਿੱਲਾ ਪੈ ਜਾਂਦਾ ਅਤੇ ਕੁਮਲਾ ਜਾਂਦਾ ਹੈ, ਧਰਤੀ ਦੇ ਉੱਚੇ ਲੋਕ ਢਿੱਲੇ ਪੈ ਜਾਂਦੇ ਹਨ। ਧਰਤੀ ਆਪਣੇ ਵਾਸੀਆਂ ਹੇਠ ਪਲੀਤ ਹੋਈ ਹੈ, ਕਿਉਂ ਜੋ ਓਹਨਾਂ ਨੇ ਬਿਵਸਥਾ ਦਾ ਉਲੰਘਣ ਕੀਤਾ, ਓਹਨਾਂ ਨੇ ਬਿਧੀਆਂ ਨੂੰ ਤੋੜ ਸੁੱਟਿਆ, ਓਹਨਾਂ ਨੇ ਸਦੀਪਕ ਨੇਮ ਨੂੰ ਭੰਨ ਛੱਡਿਆ। ਏਸ ਲਈ ਇੱਕ ਸਰਾਪ ਧਰਤੀ ਨੂੰ ਖਾ ਗਿਆ ਹੈ, ਅਤੇ ਉਹ ਦੇ ਵਾਸੀ ਦੋਸ਼ੀ ਠਹਿਰੇ, ਏਸ ਲਈ ਧਰਤੀ ਦੇ ਵਾਸੀ ਭਸਮ ਹੋਏ, ਅਤੇ ਥੋੜੇ ਜੇਹੇ ਆਦਮੀ ਬਾਕੀ ਹਨ।” (ਯਸਾਯਾਹ 24:4-6) ਜਦੋਂ ਇਸਰਾਏਲੀਆਂ ਨੂੰ ਕਨਾਨ ਦੇਸ਼ ਦਿੱਤਾ ਗਿਆ ਸੀ, ਤਾਂ ਇਸ ਦੇਸ਼ ਵਿਚ “ਦੁੱਧ ਅਤੇ ਸ਼ਹਿਤ ਵਗਦਾ” ਸੀ। (ਬਿਵਸਥਾ ਸਾਰ 27:3) ਫਿਰ ਵੀ, ਉਨ੍ਹਾਂ ਨੂੰ ਯਹੋਵਾਹ ਦੀ ਬਰਕਤ ਦੀ ਲੋੜ ਸੀ। ਜੇ ਉਹ ਵਫ਼ਾਦਾਰੀ ਨਾਲ ਉਸ ਦੇ ਨਿਯਮਾਂ ਅਤੇ ਹੁਕਮਾਂ ਉੱਤੇ ਚੱਲਦੇ, ਤਾਂ ਧਰਤੀ ਨੇ “ਆਪਣੀ ਖੱਟੀ” ਦੇਣੀ ਸੀ, ਪਰ ਜੇ ਉਹ ਉਸ ਦੇ ਕਾਨੂੰਨਾਂ ਅਤੇ ਹੁਕਮਾਂ ਨੂੰ ਤੋੜਦੇ, ਤਾਂ ਖੇਤੀ ਕਰਨ ਦੇ ਉਨ੍ਹਾਂ ਦੇ ਜਤਨ ‘ਐਵੇਂ ਜਾਣੇ’ ਸਨ ਅਤੇ ਧਰਤੀ ਨੇ ‘ਹਾੜੀ ਨਹੀਂ ਉਗਾਉਣੀ’ ਸੀ। (ਲੇਵੀਆਂ 26:3-5, 14, 15, 20) ਯਹੋਵਾਹ ਦੇ ਸਰਾਪ ਨੇ ‘ਧਰਤੀ ਨੂੰ ਖਾ ਜਾਣਾ ਸੀ।’ (ਬਿਵਸਥਾ ਸਾਰ 28:15-20, 38-42, 62, 63) ਯਹੂਦਾਹ ਉੱਤੇ ਇਹ ਸਰਾਪ ਆਇਆ ਸੀ।
7. ਬਿਵਸਥਾ ਨੇਮ ਇਸਰਾਏਲੀਆਂ ਲਈ ਇਕ ਬਰਕਤ ਕਿਵੇਂ ਸੀ?
7 ਯਸਾਯਾਹ ਦੇ ਜ਼ਮਾਨੇ ਤੋਂ ਕੁਝ 800 ਸਾਲ ਪਹਿਲਾਂ ਇਸਰਾਏਲੀ ਯਹੋਵਾਹ ਨਾਲ ਇਕ ਨੇਮ-ਬੱਧ ਰਿਸ਼ਤਾ ਕਾਇਮ ਕਰਨ ਅਤੇ ਉਸ ਅਨੁਸਾਰ ਚੱਲਣ ਲਈ ਤਿਆਰ ਸਨ। (ਕੂਚ 24:3-8) ਉਸ ਬਿਵਸਥਾ ਨੇਮ ਦੀ ਇਹ ਸ਼ਰਤ ਸੀ ਕਿ ਜੇ ਉਹ ਯਹੋਵਾਹ ਦੇ ਹੁਕਮਾਂ ਨੂੰ ਮੰਨਣਗੇ, ਤਾਂ ਉਹ ਉਨ੍ਹਾਂ ਨੂੰ ਵੱਡੀਆਂ ਬਰਕਤਾਂ ਦੇਵੇਗਾ, ਪਰ ਜੇ ਉਹ ਨੇਮ ਨੂੰ ਤੋੜਣਗੇ ਤਾਂ ਉਹ ਉਸ ਦੀ ਬਰਕਤ ਗੁਆ ਬੈਠਣਗੇ ਅਤੇ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਲੈ ਜਾਣਗੇ। (ਕੂਚ 19:5, 6; ਬਿਵਸਥਾ ਸਾਰ 28:1-68) ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਮੂਸਾ ਰਾਹੀਂ ਦਿੱਤੇ ਗਏ ਇਸ ਨੇਮ ਨੇ ਕਿੰਨੇ ਚਿਰ ਲਈ ਲਾਗੂ ਰਹਿਣਾ ਸੀ। ਇਸ ਨੇਮ ਨੇ ਮਸੀਹਾ ਦੇ ਆਉਣ ਤਕ ਇਸਰਾਏਲੀਆਂ ਦੀ ਰੱਖਿਆ ਕਰਨੀ ਸੀ।—ਗਲਾਤੀਆਂ 3:19, 24.
8. (ੳ) ਲੋਕਾਂ ਨੇ “ਬਿਵਸਥਾ ਦਾ ਉਲੰਘਣ” ਕਿਵੇਂ ਕੀਤਾ ਸੀ ਅਤੇ ‘ਬਿਧੀਆਂ ਨੂੰ ਕਿਵੇਂ ਤੋੜ ਸੁੱਟਿਆ’ ਸੀ? (ਅ) “ਉੱਚੇ ਲੋਕ” ਸਭ ਤੋਂ ਪਹਿਲਾਂ ਕਿਵੇਂ ‘ਢਿੱਲੇ ਪਏ’ ਸਨ?
8 ਪਰ ਲੋਕਾਂ ਨੇ “ਸਦੀਪਕ ਨੇਮ ਨੂੰ ਭੰਨ ਛੱਡਿਆ।” ਉਨ੍ਹਾਂ ਨੇ ਪਰਮੇਸ਼ੁਰ ਦੇ ਨਿਯਮਾਂ ਦੀ ਉਲੰਘਣਾ ਕੀਤੀ। ਉਨ੍ਹਾਂ ਨੇ “ਬਿਧੀਆਂ ਨੂੰ ਤੋੜ ਸੁੱਟਿਆ,” ਯਾਨੀ ਉਹ ਉਨ੍ਹਾਂ ਬਿਧੀਆਂ ਉੱਤੇ ਨਹੀਂ ਚੱਲੇ ਜੋ ਯਹੋਵਾਹ ਨੇ ਦਿੱਤੀਆਂ ਸਨ। (ਕੂਚ 22:25; ਹਿਜ਼ਕੀਏਲ 22:12) ਇਸੇ ਲਈ ਲੋਕਾਂ ਨੂੰ ਦੇਸ਼ ਵਿੱਚੋਂ ਕੱਢਿਆ ਗਿਆ। ਨਿਆਉਂ ਕਰਨ ਦੇ ਸਮੇਂ ਉਨ੍ਹਾਂ ਨੂੰ ਦਇਆ ਨਹੀਂ ਦਿਖਾਈ ਗਈ। ਜਦੋਂ ਯਹੋਵਾਹ ਨੇ ਉਨ੍ਹਾਂ ਤੋਂ ਆਪਣੀ ਸੁਰੱਖਿਆ ਅਤੇ ਕਿਰਪਾ ਹਟਾ ਲਈ, ਤਾਂ ਸਭ ਤੋਂ ਪਹਿਲਾਂ ‘ਉੱਚੇ ਲੋਕ ਢਿੱਲੇ ਪੈ ਗਏ।’ ਇਹ ਉਦੋਂ ਪੂਰਾ ਹੋਇਆ ਜਦੋਂ ਯਰੂਸ਼ਲਮ ਦਾ ਨਾਸ਼ ਨੇੜੇ ਆਇਆ, ਤਾਂ ਪਹਿਲਾਂ ਮਿਸਰੀਆਂ ਨੇ ਅਤੇ ਫਿਰ ਬਾਬਲੀਆਂ ਨੇ ਯਹੂਦਿਯਾ ਦੇ ਰਾਜਿਆਂ ਨੂੰ ਆਪਣੇ ਅਧੀਨ ਕੀਤਾ। ਇਸ ਤੋਂ ਬਾਅਦ, ਰਾਜਾ ਯਹੋਯਾਕੀਨ ਨੂੰ ਅਤੇ ਸ਼ਾਹੀ ਘਰਾਣੇ ਦੇ ਦੂਸਰੇ ਮੈਂਬਰਾਂ ਨੂੰ ਬਾਬਲੀ ਬੰਦਸ਼ ਵਿਚ ਪਹਿਲਾਂ ਲਿਜਾਇਆ ਗਿਆ ਸੀ।—2 ਇਤਹਾਸ 36:4, 9, 10.
ਦੇਸ਼ ਦੀ ਖ਼ੁਸ਼ੀ ਖ਼ਤਮ ਹੋ ਗਈ
9, 10. (ੳ) ਇਸਰਾਏਲ ਵਿਚ ਖੇਤੀਬਾੜੀ ਕਿੰਨੀ ਕੁ ਜ਼ਰੂਰੀ ਸੀ? (ਅ) ‘ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣ’ ਦਾ ਕੀ ਮਤਲਬ ਹੈ?
9 ਇਸਰਾਏਲ ਦੀ ਕੌਮ ਖੇਤੀਬਾੜੀ ਕਰਦੀ ਸੀ। ਇਸ ਲਈ ਜਦ ਤੋਂ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜੇ, ਉਨ੍ਹਾਂ ਨੇ ਖੇਤੀਬਾੜੀ ਕੀਤੀ ਅਤੇ ਆਪਣੇ ਪਸ਼ੂ ਚਾਰੇ। ਇਸ ਲਈ ਇਸਰਾਏਲ ਨੂੰ ਦਿੱਤੇ ਗਏ ਕਈ ਕਾਨੂੰਨ ਖੇਤੀਬਾੜੀ ਨਾਲ ਕਾਫ਼ੀ ਸੰਬੰਧ ਰੱਖਦੇ ਸਨ। ਇਨ੍ਹਾਂ ਵਿੱਚੋਂ ਇਕ ਲਾਜ਼ਮੀ ਹੁਕਮ ਇਹ ਵੀ ਸੀ ਕਿ ਹਰ ਸੱਤਵੇਂ ਸਾਲ ਆਰਾਮ ਦਾ ਸਬਤ ਰੱਖਿਆ ਜਾਵੇ ਤਾਂਕਿ ਜ਼ਮੀਨ ਆਪਣੀ ਤਾਕਤ ਦੁਬਾਰਾ ਹਾਸਲ ਕਰ ਸਕੇ। (ਕੂਚ 23:10, 11; ਲੇਵੀਆਂ 25:3-7) ਕੌਮ ਨੂੰ ਸਾਲ ਵਿਚ ਤਿੰਨ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ ਗਿਆ ਸੀ ਅਤੇ ਇਹ ਵਾਢੀ ਦੀ ਰੁੱਤ ਵਿਚ ਮਨਾਏ ਜਾਂਦੇ ਸਨ।—ਕੂਚ 23:14-16.
10 ਦੇਸ਼ ਵਿਚ ਅੰਗੂਰਾਂ ਦੇ ਕਈ ਬਾਗ਼ ਸਨ। ਬਾਈਬਲ ਸਾਨੂੰ ਦੱਸਦੀ ਹੈ ਕਿ ਦਾਖ ਰਸ, ਯਾਨੀ ਅੰਗੂਰੀ ਮੈ, ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ ਜੋ “ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ।” (ਜ਼ਬੂਰ 104:15) ‘ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣ’ ਦਾ ਮਤਲਬ ਹੈ ਕਿ ਪਰਮੇਸ਼ੁਰ ਦੇ ਧਰਮੀ ਰਾਜ ਅਧੀਨ ਹਰੇਕ ਇਨਸਾਨ ਨੂੰ ਖ਼ੁਸ਼ੀ ਅਤੇ ਸੁਖ ਮਿਲੇਗਾ। (ਮੀਕਾਹ 4:4; 1 ਰਾਜਿਆਂ 4:25) ਅੰਗੂਰਾਂ ਦੀ ਚੰਗੀ ਰੁੱਤ ਨੂੰ ਇਕ ਬਰਕਤ ਸਮਝਿਆ ਜਾਂਦਾ ਸੀ ਜਿਸ ਦੇ ਕਾਰਨ ਖ਼ੁਸ਼ੀਆਂ ਦੇ ਗੀਤ ਗਾਏ ਜਾਂਦੇ ਸਨ। (ਨਿਆਈਆਂ 9:27; ਯਿਰਮਿਯਾਹ 25:30) ਦੂਜੇ ਪਾਸੇ, ਜਦੋਂ ਅੰਗੂਰਾਂ ਦੀਆਂ ਵੇਲਾਂ ਸੁੱਕ ਜਾਂਦੀਆਂ ਸਨ ਜਾਂ ਉਨ੍ਹਾਂ ਉੱਤੇ ਕੋਈ ਅੰਗੂਰ ਨਹੀਂ ਲੱਗਦੇ ਸਨ ਅਤੇ ਅੰਗੂਰਾਂ ਦੇ ਬਾਗ਼ ਵਿਰਾਨ ਹੋ ਕੇ ਕੰਡਿਆਂ ਨਾਲ ਭਰ ਜਾਂਦੇ ਸਨ, ਤਾਂ ਇਹ ਇਸ ਗੱਲ ਦਾ ਸਬੂਤ ਸੀ ਕਿ ਯਹੋਵਾਹ ਨੇ ਆਪਣੀ ਬਰਕਤ ਨਹੀਂ ਦਿੱਤੀ। ਇਹ ਬਹੁਤ ਦੁੱਖ ਦਾ ਵੇਲਾ ਹੁੰਦਾ ਸੀ।
11, 12. (ੳ) ਯਸਾਯਾਹ ਨੇ ਉਸ ਹਾਲਤ ਨੂੰ ਕਿਵੇਂ ਦਰਸਾਇਆ ਜੋ ਯਹੋਵਾਹ ਦੇ ਨਿਆਉਂ ਦੇ ਕਾਰਨ ਆਈ ਸੀ? (ਅ) ਯਸਾਯਾਹ ਨੇ ਕਿਨ੍ਹਾਂ ਬੁਰੀਆਂ ਗੱਲਾਂ ਬਾਰੇ ਦੱਸਿਆ?
11 ਤਾਂ ਫਿਰ, ਇਹ ਢੁਕਵਾਂ ਹੈ ਕਿ ਯਸਾਯਾਹ ਨੇ ਅੰਗੂਰਾਂ ਦੇ ਬਾਗ਼ ਅਤੇ ਉਨ੍ਹਾਂ ਦੇ ਫਲ ਨੂੰ ਇਕ ਮਿਸਾਲ ਵਜੋਂ ਇਸਤੇਮਾਲ ਕੀਤਾ ਸੀ। ਇਨ੍ਹਾਂ ਰਾਹੀਂ ਉਸ ਨੇ ਦਰਸਾਇਆ ਕਿ ਜਦੋਂ ਯਹੋਵਾਹ ਦੇਸ਼ ਤੋਂ ਆਪਣੀ ਬਰਕਤ ਹਟਾ ਦਿੰਦਾ ਸੀ ਤਾਂ ਇਸ ਦਾ ਨਤੀਜਾ ਕੀ ਹੁੰਦਾ ਸੀ: “ਨਵੀਂ ਮੈ ਸੋਗ ਕਰਦੀ ਹੈ, ਬੇਲ ਕੁਮਲਾਉਂਦੀ ਹੈ, ਸਾਰੇ ਖੁਸ਼ ਦਿਲ ਹੌਕੇ ਭਰਦੇ ਹਨ। ਡੱਫ਼ਾਂ ਦੀ ਖੁਸ਼ੀ ਬੰਦ ਹੋ ਗਈ, ਅਨੰਦ ਕਰਨ ਵਾਲਿਆਂ ਦਾ ਰੌਲਾ ਮੁੱਕ ਗਿਆ, ਬਰਬਤ ਦੀ ਖੁਸ਼ੀ ਬੰਦ ਹੋ ਗਈ। ਓਹ ਮਧ ਗੀਤ ਦੇ ਨਾਲ ਨਹੀਂ ਪੀਂਦੇ, ਸ਼ਰਾਬ ਉਹ ਦੇ ਪੀਣ ਵਾਲਿਆਂ ਨੂੰ ਕੌੜੀ ਲੱਗਦੀ ਹੈ। ਖੱਪੀ ਨਗਰ ਤੋੜਿਆ ਗਿਆ, ਹਰ ਘਰ ਲੰਘਣੋਂ ਬੰਦ ਕੀਤਾ ਗਿਆ। ਚੌਂਕਾਂ ਵਿੱਚ ਮਧ ਲਈ ਰੌਲਾ ਹੈ, ਸਾਰਾ ਅਨੰਦ ਅਨ੍ਹੇਰ ਹੋ ਗਿਆ, ਧਰਤੀ ਦੀ ਖੁਸ਼ੀ ਬੰਦ ਹੋ ਗਈ। ਸ਼ਹਿਰ ਵਿੱਚ ਬਰਬਾਦੀ ਰਹਿ ਗਈ, ਅਤੇ ਫਾਟਕ ਭੱਜਾ ਟੁੱਟਾ ਪਿਆ ਹੈ।”—ਯਸਾਯਾਹ 24:7-12.
12 ਯਹੋਵਾਹ ਦੀ ਉਸਤਤ ਕਰਦਿਆਂ ਡਫਲੀ ਅਤੇ ਬਰਬਤ ਖ਼ੁਸ਼ੀ ਮਨਾਉਣ ਲਈ ਵਜਾਈਆਂ ਜਾਂਦੀਆਂ ਸਨ। (2 ਇਤਹਾਸ 29:25; ਜ਼ਬੂਰ 81:2) ਪਰਮੇਸ਼ੁਰ ਵੱਲੋਂ ਸਜ਼ਾ ਦੇਣ ਵੇਲੇ ਇਨ੍ਹਾਂ ਦੀ ਕੋਈ ਆਵਾਜ਼ ਸੁਣਾਈ ਨਹੀਂ ਦਿੱਤੀ। ਨਾ ਹੀ ਖ਼ੁਸ਼ੀ ਨਾਲ ਅੰਗੂਰਾਂ ਦੀ ਵਾਢੀ ਹੋਈ। ਯਰੂਸ਼ਲਮ ਦੀ ਬਰਬਾਦੀ ਕਰਕੇ ਖ਼ੁਸ਼ੀ-ਭਰੀਆਂ ਸਾਰੀਆਂ ਆਵਾਜ਼ਾਂ ਬੰਦ ਹੋ ਗਈਆਂ ਸਨ। ਉਸ ਦਾ ਫਾਟਕ “ਭੱਜਾ ਟੁੱਟਾ ਪਿਆ” ਸੀ ਅਤੇ ਉਸ ਦੇ ਘਰ “ਬੰਦ” ਸਨ ਤਾਂਕਿ ਕੋਈ ਵੀ ਅੰਦਰ ਨਾ ਵੜ ਸਕੇ। ਉਸ ਫਲਦਾਰ ਦੇਸ਼ ਦੇ ਵਾਸੀਆਂ ਲਈ ਇਹ ਕਿੰਨੀ ਅਫ਼ਸੋਸ ਦੀ ਗੱਲ ਸੀ!
ਬਕੀਆ ‘ਜੈਕਾਰਾ ਗਜਾਏਗਾ’
13, 14. (ੳ) ਫਲ ਇਕੱਠਾ ਕਰਨ ਬਾਰੇ ਯਹੋਵਾਹ ਨੇ ਕੀ ਕਿਹਾ ਸੀ? (ਅ) ਇਹ ਗੱਲ ਦਰਸਾਉਣ ਲਈ ਕਿ ਕੁਝ ਲੋਕ ਯਹੋਵਾਹ ਦੀ ਸਜ਼ਾ ਤੋਂ ਬਚ ਜਾਣਗੇ, ਯਸਾਯਾਹ ਨੇ ਵਾਢੀ ਦੀ ਉਦਾਹਰਣ ਕਿਸ ਤਰ੍ਹਾਂ ਵਰਤੀ ਸੀ? (ੲ) ਅਜ਼ਮਾਇਸ਼ਾਂ ਕਰਕੇ ਦੁਖੀ ਸਮੇਂ ਦੇ ਬਾਵਜੂਦ ਵਫ਼ਾਦਾਰ ਯਹੂਦੀ ਫਿਰ ਵੀ ਕਿਹੜੀ ਪੱਕੀ ਉਮੀਦ ਰੱਖ ਸਕੇ ਸਨ?
13 ਇਸਰਾਏਲੀ ਜ਼ੈਤੂਨ ਦਿਆਂ ਦਰਖ਼ਤਾਂ ਨੂੰ ਝਾੜ ਕੇ ਫਲ ਇਕੱਠੇ ਕਰਦੇ ਹੁੰਦੇ ਸਨ। ਪਰਮੇਸ਼ੁਰ ਦੀ ਬਿਵਸਥਾ ਅਨੁਸਾਰ, ਉਨ੍ਹਾਂ ਲਈ ਟਹਿਣੀਆਂ ਤੋਂ ਬਾਕੀ ਰਹਿੰਦੇ ਜ਼ੈਤੂਨ ਇਕੱਠੇ ਕਰਨੇ ਮਨ੍ਹਾ ਸੀ ਅਤੇ ਨਾ ਹੀ ਉਹ ਅੰਗੂਰੀ ਬਾਗ਼ਾਂ ਵਿੱਚੋਂ ਅੰਗੂਰ ਇਕੱਠੇ ਕਰਨ ਤੋਂ ਬਾਅਦ ਬਾਕੀ ਰਹਿੰਦੇ ਅੰਗੂਰ ਇਕੱਠੇ ਕਰ ਸਕਦੇ ਸਨ। ਵਾਢੀ ਕਰਨ ਤੋਂ ਬਾਅਦ ਬਚੀ ਹੋਈ ਫ਼ਸਲ ਗ਼ਰੀਬਾਂ ਯਾਨੀ ‘ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਲਈ’ ਛੱਡੀ ਜਾਂਦੀ ਸੀ। (ਬਿਵਸਥਾ ਸਾਰ 24:19-21) ਯਸਾਯਾਹ ਨੇ ਇਨ੍ਹਾਂ ਜਾਣੇ-ਪਛਾਣੇ ਨਿਯਮਾਂ ਦੀ ਉਦਾਹਰਣ ਦੇ ਕੇ ਦਿਲਾਸਾ ਦਿੱਤਾ ਕਿ ਯਹੋਵਾਹ ਦੇ ਆ ਰਹੇ ਨਿਆਉਂ ਵਿੱਚੋਂ ਬਚ ਜਾਣ ਵਾਲੇ ਵੀ ਹੋਣਗੇ: “ਐਉਂ ਤਾਂ ਧਰਤੀ ਦੇ ਵਿਚਕਾਰ ਲੋਕਾਂ ਦੇ ਵਿੱਚ ਹੋਵੇਗਾ, ਜਿਵੇਂ ਜ਼ੈਤੂਨ ਦਾ ਹਲੂਣਾ, ਜਿਵੇਂ ਅੰਗੂਰ ਤੋੜਨ ਦੇ ਪਿੱਛੋਂ ਰਹਿੰਦ ਖੂੰਧ ਚੁਗਣਾ। ਓਹ ਆਪਣੀ ਅਵਾਜ਼ ਚੁੱਕਣਗੇ, ਓਹ ਜੈਕਾਰੇ ਗਜਾਉਣਗੇ, ਓਹ ਯਹੋਵਾਹ ਦੇ ਤੇਜ ਦੇ ਕਾਰਨ ਸਮੁੰਦਰੋਂ ਲਲਕਾਰਨਗੇ। ਏਸ ਲਈ ਚੜ੍ਹਦੇ ਪਾਸਿਓਂ ਯਹੋਵਾਹ ਦੀ ਮਹਿਮਾ ਕਰੋ, ਸਮੁੰਦਰ ਦੇ ਟਾਪੂਆਂ ਵਿੱਚ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਮ ਦੀ ਵੀ। ਧਰਤੀ ਦੇ ਕੰਢੇ ਤੋਂ ਅਸੀਂ ਭਜਨ ਸੁਣਦੇ ਹਾਂ, ‘ਧਰਮੀ ਜਨ ਲਈ ਮਾਣ!’”—ਯਸਾਯਾਹ 24:13-16ੳ.
14 ਫਲ ਇਕੱਠਾ ਕਰਨ ਤੋਂ ਬਾਅਦ ਜਿਸ ਤਰ੍ਹਾਂ ਦਰਖ਼ਤ ਜਾਂ ਅੰਗੂਰੀ ਵੇਲ ਉੱਤੇ ਕੁਝ ਫਲ ਰਹਿ ਜਾਂਦਾ ਹੈ, ਉਸੇ ਤਰ੍ਹਾਂ ਯਹੋਵਾਹ ਦੀ ਸਜ਼ਾ ਤੋਂ ਬਾਅਦ ਕੁਝ ਲੋਕ ਬਚ ਗਏ—ਜਿਵੇਂ “ਅੰਗੂਰ ਤੋੜਨ ਦੇ ਪਿੱਛੋਂ ਰਹਿੰਦ ਖੂੰਧ।” ਨਬੀ ਛੇਵੀਂ ਆਇਤ ਵਿਚ ਪਹਿਲਾਂ ਹੀ ਇਨ੍ਹਾਂ ਬਾਰੇ ਗੱਲ ਕਰ ਚੁੱਕਾ ਸੀ ਜਦੋਂ ਉਸ ਨੇ ਕਿਹਾ ਕਿ “ਥੋੜੇ ਜੇਹੇ ਆਦਮੀ ਬਾਕੀ ਹਨ।” ਭਾਵੇਂ ਉਹ ਥੋੜ੍ਹੇ ਹੀ ਸਨ, ਫਿਰ ਵੀ ਯਰੂਸ਼ਲਮ ਅਤੇ ਯਹੂਦਾਹ ਦੇ ਨਾਸ਼ ਵਿੱਚੋਂ ਕੁਝ ਲੋਕ ਬਚੇ ਸਨ ਅਤੇ ਬਾਅਦ ਵਿਚ ਬੰਦਸ਼ ਤੋਂ ਇਕ ਬਕੀਆ ਮੁੜਿਆ ਜਿਸ ਨੇ ਦੇਸ਼ ਨੂੰ ਮੁੜ ਵਸਾਉਣਾ ਸੀ। (ਯਸਾਯਾਹ 4:2, 3; 14:1-5) ਭਾਵੇਂ ਨੇਕਦਿਲ ਲੋਕਾਂ ਨੂੰ ਅਜ਼ਮਾਇਸ਼ਾਂ ਕਰਕੇ ਦੁਖੀ ਸਮਾਂ ਕੱਟਣਾ ਪਿਆ, ਉਨਾਂ ਨੂੰ ਫਿਰ ਵੀ ਪੱਕੀ ਉਮੀਦ ਸੀ ਕਿ ਅਗਾਹਾਂ ਨੂੰ ਉਨ੍ਹਾਂ ਨੂੰ ਛੁਟਕਾਰਾ ਅਤੇ ਖ਼ੁਸ਼ੀ ਮਿਲੇਗੀ। ਬਚਣ ਵਾਲਿਆਂ ਨੇ ਯਹੋਵਾਹ ਦੇ ਬਚਨ ਨੂੰ ਪੂਰਾ ਹੁੰਦਾ ਦੇਖਿਆ ਅਤੇ ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਯਸਾਯਾਹ ਪਰਮੇਸ਼ੁਰ ਦਾ ਇਕ ਸੱਚਾ ਨਬੀ ਸੀ। ਜਦੋਂ ਉਨ੍ਹਾਂ ਨੇ ਮੁੜ ਬਹਾਲੀ ਬਾਰੇ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਦੇਖੀਆਂ ਤਾਂ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੋਈ। ਉਹ ਪੱਛਮ ਵਿਚ ਭੂਮੱਧ ਸਾਗਰ ਦੇ ਟਾਪੂਆਂ ਉੱਤੇ, ਬਾਬਲ ਵਿਚ ‘ਚੜ੍ਹਦੇ ਪਾਸੇ,’ ਜਾਂ ਹੋਰ ਕਿਸੇ ਜਗ੍ਹਾ ਤੇ ਖਿੰਡਰੇ ਹੋਏ ਸਨ। ਲੇਕਿਨ ਇਨ੍ਹਾਂ ਸਾਰਿਆਂ ਥਾਵਾਂ ਤੇ ਉਨ੍ਹਾਂ ਨੇ ਪਰਮੇਸ਼ੁਰ ਦੀ ਉਸਤਤ ਕੀਤੀ ਕਿਉਂਕਿ ਉਹ ਬਚਾਏ ਗਏ ਸਨ। ਉਨ੍ਹਾਂ ਨੇ ਗਾਇਆ: “ਧਰਮੀ ਜਨ ਲਈ ਮਾਣ!”
ਯਹੋਵਾਹ ਦੀ ਸਜ਼ਾ ਤੋਂ ਕੋਈ ਬਚਾਅ ਨਹੀਂ
15, 16. (ੳ) ਯਸਾਯਾਹ ਨੇ ਆਪਣੇ ਲੋਕਾਂ ਉੱਤੇ ਆ ਰਹੀ ਬਿਪਤਾ ਬਾਰੇ ਜਾਣ ਕੇ ਕਿਵੇਂ ਮਹਿਸੂਸ ਕੀਤਾ? (ਅ) ਦੇਸ਼ ਦੇ ਬੇਵਫ਼ਾ ਵਾਸੀਆਂ ਨਾਲ ਕੀ ਹੋਇਆ?
15 ਪਰ ਉਹ ਖ਼ੁਸ਼ੀ ਮਨਾਉਣ ਦਾ ਵੇਲਾ ਨਹੀਂ ਸੀ। ਯਸਾਯਾਹ ਨੇ ਆਪਣੇ ਜ਼ਮਾਨੇ ਦੇ ਲੋਕਾਂ ਨੂੰ ਕਿਹਾ: “ਪਰ ਮੈਂ ਆਖਿਆ, ਮੈਂ ਲਿੱਸਾ ਪੈ ਗਿਆ, ਮੈਂ ਲਿੱਸਾ ਪੈ ਗਿਆ! ਹਾਇ ਮੇਰੇ ਉੱਤੇ! ਠੱਗਾਂ ਨੇ ਠੱਗੀ ਕੀਤੀ! ਹਾਂ, ਠੱਗਾਂ ਨੇ ਠੱਗੀ ਹੀ ਠੱਗੀ ਕੀਤੀ! ਭੌ, ਭੋਹਰਾ ਤੇ ਫੰਧਾ ਤੇਰੇ ਉੱਤੇ ਹਨ, ਹੇ ਧਰਤੀ ਦੇ ਵਾਸੀ! ਐਉਂ ਹੋਵੇਗਾ ਕਿ ਭੋਂ ਦੇ ਰੌਲੇ ਤੋਂ ਭੱਜਿਆ ਹੋਇਆ ਭੋਹਰੇ ਵਿੱਚ ਡਿੱਗੇਗਾ, ਅਤੇ ਭੋਹਰੇ ਵਿੱਚੋਂ ਉਤਾਹਾਂ ਆਇਆ ਹੋਇਆ ਫੰਧੇ ਵਿੱਚ ਫੱਸੇਗਾ, ਕਿਉਂ ਜੋ ਉੱਪਰੋਂ ਖਿੜਕੀਆਂ ਖੁਲ੍ਹ ਗਈਆਂ, ਅਤੇ ਧਰਤੀ ਦੀਆਂ ਨੀਹਾਂ ਹਿੱਲ ਗਈਆਂ ਹਨ। ਧਰਤੀ ਉੱਕਾ ਹੀ ਟੁੱਟ ਗਈ, ਧਰਤੀ ਉੱਕਾ ਹੀ ਪਾਟ ਗਈ, ਧਰਤੀ ਉੱਕਾ ਹੀ ਹਿਲਾਈ ਗਈ। ਧਰਤੀ ਸ਼ਰਾਬੀ ਵਾਂਙੁ ਡਗਮਗਾਉਂਦੀ ਹੈ, ਉਹ ਛੱਪਰ ਵਾਂਙੁ ਹੁਲਾਰੇ ਖਾਂਦੀ ਹੈ, ਉਹ ਦੇ ਅਪਰਾਧ ਦਾ ਭਾਰ ਉਹ ਦੇ ਉੱਤੇ ਹੈ, ਉਹ ਡਿੱਗ ਪਈ ਅਤੇ ਫੇਰ ਕਦੇ ਨਾ ਉੱਠੇਗੀ।”—ਯਸਾਯਾਹ 24:16ਅ-20.
16 ਯਸਾਯਾਹ ਆਪਣੇ ਲੋਕਾਂ ਉੱਤੇ ਆ ਰਹੀ ਬਿਪਤਾ ਬਾਰੇ ਜਾਣ ਕੇ ਬੜਾ ਦੁਖੀ ਹੋਇਆ। ਉਨ੍ਹਾਂ ਦੀ ਹਾਲਤ ਕਰਕੇ ਉਸ ਨੂੰ ਵੀ ਤਕਲੀਫ਼ ਹੋਈ। ਠੱਗ ਬਹੁਤ ਸਨ ਜਿਨ੍ਹਾਂ ਤੋਂ ਦੇਸ਼ ਦੇ ਵਾਸੀ ਡਰਦੇ ਸਨ। ਜਦੋਂ ਯਹੋਵਾਹ ਨੇ ਉਨ੍ਹਾਂ ਉੱਤੋਂ ਆਪਣੀ ਸੁਰੱਖਿਆ ਹਟਾ ਲੈਣੀ ਸੀ, ਤਾਂ ਯਹੂਦਾਹ ਦੇ ਬੇਵਫ਼ਾ ਵਾਸੀਆਂ ਨੇ ਦਿਨ-ਰਾਤ ਡਰਨਾ ਸੀ। ਉਨ੍ਹਾਂ ਦੀਆਂ ਜਾਨਾਂ ਨੂੰ ਖ਼ਤਰਾ ਹੋਣਾ ਸੀ। ਆਉਣ ਵਾਲੀ ਤਬਾਹੀ ਵਿੱਚੋਂ ਕਿਸੇ ਨੇ ਵੀ ਨਹੀਂ ਬਚਣਾ ਸੀ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਹੁਕਮ ਤੋੜੇ ਸਨ ਅਤੇ ਪਰਮੇਸ਼ੁਰੀ ਬੁੱਧ ਨੂੰ ਠੁਕਰਾਇਆ ਸੀ। (ਕਹਾਉਤਾਂ 1:24-27) ਭਾਵੇਂ ਕਿ ਦੇਸ਼ ਵਿਚ ਠੱਗ ਝੂਠ ਬੋਲ ਕੇ ਬਾਕੀ ਦੇ ਲੋਕਾਂ ਨੂੰ ਗ਼ਲਤ ਰਸਤੇ ਉੱਤੇ ਚੱਲਣ ਲਈ ਭਰਮਾ ਰਹੇ ਸਨ ਕਿ ਸਭ ਕੁਝ ਠੀਕ ਹੋਵੇਗਾ, ਉਨ੍ਹਾਂ ਉੱਤੇ ਬਿਪਤਾ ਜ਼ਰੂਰ ਆਈ। (ਯਿਰਮਿਯਾਹ 27:9-15) ਦੁਸ਼ਮਣਾਂ ਨੇ ਬਾਹਰੋਂ ਆ ਕੇ ਉਨ੍ਹਾਂ ਨੂੰ ਲੁੱਟਿਆ, ਅਤੇ ਗ਼ੁਲਾਮ ਬਣਾ ਕੇ ਲੈ ਗਏ। ਇਨ੍ਹਾਂ ਗੱਲਾਂ ਬਾਰੇ ਪਹਿਲਾਂ ਜਾਣ ਕੇ ਯਸਾਯਾਹ ਬਹੁਤ ਦੁਖੀ ਹੋਇਆ।
17. (ੳ) ਕੋਈ ਵੀ ਬਚ ਕਿਉਂ ਨਾ ਸਕਿਆ? (ਅ) ਅਕਾਸ਼ੋਂ ਯਹੋਵਾਹ ਦੀ ਸ਼ਕਤੀ ਆਉਣ ਵੇਲੇ ਧਰਤੀ ਉੱਤੇ ਕੀ ਹੋਇਆ?
17 ਦੁਖੀ ਹੋਣ ਦੇ ਬਾਵਜੂਦ ਵੀ ਨਬੀ ਨੂੰ ਦੱਸਣਾ ਪਿਆ ਕਿ ਉਨ੍ਹਾਂ ਦਾ ਕੋਈ ਬਚਾਅ ਨਹੀਂ ਹੋਵੇਗਾ। ਜਿੱਥੇ ਵੀ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਉਹ ਫੜੇ ਗਏ। ਕਈ ਲੋਕ ਭਾਵੇਂ ਇਕ ਬਿਪਤਾ ਤੋਂ ਬਚ ਗਏ, ਉਨ੍ਹਾਂ ਉੱਤੇ ਦੂਸਰੀ ਬਿਪਤਾ ਆ ਪਈ, ਉਨ੍ਹਾਂ ਨੂੰ ਕੋਈ ਸੁਰੱਖਿਆ ਨਹੀਂ ਮਿਲੀ। ਇਹ ਇਸ ਤਰ੍ਹਾਂ ਸੀ ਜਿਵੇਂ ਕੋਈ ਸ਼ਿਕਾਰ ਕੀਤਾ ਜਾਂਦਾ ਜਾਨਵਰ ਟੋਏ ਵਿਚ ਡਿੱਗਣ ਤੋਂ ਤਾਂ ਬਚ ਜਾਂਦਾ ਹੈ ਪਰ ਉਹ ਫੰਧੇ ਵਿਚ ਫਸ ਜਾਂਦਾ ਹੈ। (ਆਮੋਸ 5:18, 19 ਦੀ ਤੁਲਨਾ ਕਰੋ।) ਯਹੋਵਾਹ ਦੀ ਸ਼ਕਤੀ ਅਕਾਸ਼ੋਂ ਆਈ ਅਤੇ ਉਸ ਨੇ ਧਰਤੀ ਦੀ ਨੀਂਹ ਨੂੰ ਹਿਲਾ ਕੇ ਰੱਖ ਦਿੱਤਾ। ਇਕ ਸ਼ਰਾਬੀ ਮਨੁੱਖ ਦੀ ਤਰ੍ਹਾਂ, ਦੇਸ਼ ਚਕਰਾ ਕੇ ਡਿੱਗਿਆ। ਉਹ ਇੰਨਾ ਦੋਸ਼ੀ ਸੀ ਕਿ ਉਹ ਦੁਬਾਰਾ ਉੱਠ ਹੀ ਨਹੀਂ ਸਕਿਆ। (ਆਮੋਸ 5:2) ਯਹੋਵਾਹ ਦੀ ਸਜ਼ਾ ਪੂਰੀ ਹੋ ਕੇ ਰਹੀ ਸੀ। ਦੇਸ਼ ਦਾ ਨਾਸ਼ ਹੋ ਕੇ ਰਿਹਾ।
ਯਹੋਵਾਹ ਤੇਜ ਨਾਲ ਰਾਜ ਕਰੇਗਾ
18, 19. (ੳ) ਸ਼ਾਇਦ ਕਿਸ ਨੂੰ “ਅਸਮਾਨੀ ਸੈਨਾਂ” ਸੱਦਿਆ ਗਿਆ ਹੈ ਅਤੇ ਇਨ੍ਹਾਂ ਨੂੰ “ਕੈਦ ਵਿੱਚ” ਕਿਵੇਂ ਸੁੱਟਿਆ ਜਾਂਦਾ ਹੈ? (ਅ) “ਅਸਮਾਨੀ ਸੈਨਾਂ” ਨੂੰ “ਬਹੁਤਿਆਂ ਦਿਨਾਂ ਦੇ ਪਿੱਛੋਂ” ਸਜ਼ਾ ਕਿਵੇਂ ਦਿੱਤੀ ਜਾਵੇਗੀ? (ੲ) ਯਹੋਵਾਹ “ਜਮੀਨ ਦੇ ਰਾਜਿਆਂ ਨੂੰ ਜਮੀਨ ਉੱਤੇ” ਕੀ ਕਰੇਗਾ?
18 ਯਸਾਯਾਹ ਨੇ ਅੱਗੇ ਵੱਡੇ ਪੈਮਾਨੇ ਤੇ ਭਵਿੱਖਬਾਣੀ ਕੀਤੀ ਜਿਸ ਵਿਚ ਉਸ ਨੇ ਦੱਸਿਆ ਕਿ ਯਹੋਵਾਹ ਦਾ ਮਕਸਦ ਪੂਰਾ ਹੋਵੇਗਾ: “ਓਸ ਦਿਨ ਐਉਂ ਹੋਵੇਗਾ ਕਿ ਯਹੋਵਾਹ ਅਸਮਾਨੀ ਸੈਨਾਂ ਨੂੰ ਅਸਮਾਨ ਉੱਤੇ, ਅਤੇ ਜਮੀਨ ਦੇ ਰਾਜਿਆਂ ਨੂੰ ਜਮੀਨ ਉੱਤੇ ਸਜ਼ਾ ਦੇਵੇਗਾ। ਜਿਵੇਂ ਅਸੀਰ ਭੋਹਰੇ ਵਿੱਚ ਇਕੱਠੇ ਹਨ, ਓਹ ਇਕੱਠੇ ਕੀਤੇ ਜਾਣਗੇ, ਓਹ ਕੈਦ ਵਿੱਚ ਕੈਦ ਕੀਤੇ ਜਾਣਗੇ, ਅਤੇ ਬਹੁਤਿਆਂ ਦਿਨਾਂ ਦੇ ਪਿੱਛੋਂ ਓਹਨਾਂ ਦੀ ਖਬਰ ਲਈ ਜਾਵੇਗੀ। ਤਾਂ ਚੰਦ ਘਾਬਰ ਜਾਵੇਗਾ, ਅਤੇ ਸੂਰਜ ਲਾਜ ਖਾਵੇਗਾ, ਕਿਉਂ ਜੋ ਸੈਨਾਂ ਦਾ ਯਹੋਵਾਹ ਸੀਯੋਨ ਪਰਬਤ ਉੱਤੇ ਯਰੂਸ਼ਲਮ ਵਿੱਚ, ਅਤੇ ਆਪਣੇ ਬਜ਼ੁਰਗਾਂ ਦੇ ਅੱਗੇ ਤੇਜ ਨਾਲ ਰਾਜ ਕਰੇਗਾ।”—ਯਸਾਯਾਹ 24:21-23.
19 “ਅਸਮਾਨੀ ਸੈਨਾਂ” ਸ਼ਾਇਦ ਬੁਰੇ ਦੂਤ ਹੋਣ ਜੋ ‘ਸੁਰਗੀ ਥਾਵਾਂ ਵਿੱਚ ਇਸ ਅੰਧਘੋਰ ਦੇ ਮਹਾਰਾਜੇ ਅਤੇ ਦੁਸ਼ਟ ਆਤਮਾਵਾਂ ਹਨ।’ (ਅਫ਼ਸੀਆਂ 6:12) ਵਿਸ਼ਵ ਸ਼ਕਤੀਆਂ ਉੱਤੇ ਇਨ੍ਹਾਂ ਦੂਤਾਂ ਨੇ ਬਹੁਤ ਵੱਡਾ ਅਸਰ ਪਾਇਆ ਹੈ। (ਦਾਨੀਏਲ 10:13, 20; 1 ਯੂਹੰਨਾ 5:19) ਉਹ ਲੋਕਾਂ ਨੂੰ ਯਹੋਵਾਹ ਅਤੇ ਉਸ ਦੀ ਸ਼ੁੱਧ ਉਪਾਸਨਾ ਕਰਨ ਤੋਂ ਹਟਾਉਣਾ ਚਾਹੁੰਦੇ ਹਨ। ਇਸਰਾਏਲ ਨੂੰ ਭਰਮਾਉਣ ਵਿਚ ਇਹ ਕਿੰਨੇ ਕਾਮਯਾਬ ਹੋਏ ਸਨ! ਇਨ੍ਹਾਂ ਕਾਰਨ ਇਸਰਾਏਲੀ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਭੈੜੇ ਕੰਮਾਂ ਵਿਚ ਹਿੱਸਾ ਲੈਣ ਲੱਗੇ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਸਜ਼ਾ ਭੁਗਤਣੀ ਪਈ। ਪਰ ਅੰਤ ਵਿਚ ਪਰਮੇਸ਼ੁਰ ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਤੋਂ ਲੇਖਾ ਲਵੇਗਾ ਅਤੇ ਉਨ੍ਹਾਂ ਨੂੰ ਸਜ਼ਾ ਦੇਵੇਗਾ। ਨਾਲੇ ਉਹ “ਜਮੀਨ ਦੇ ਰਾਜਿਆਂ ਨੂੰ ਜਮੀਨ ਉੱਤੇ” ਸਜ਼ਾ ਦੇਵੇਗਾ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਖ਼ਿਲਾਫ਼ ਜਾਣ ਲਈ ਅਤੇ ਉਸ ਦੇ ਕਾਨੂੰਨ ਤੋੜਨ ਲਈ ਇਨ੍ਹਾਂ ਬੁਰੇ ਦੂਤਾਂ ਨੇ ਪ੍ਰਭਾਵਿਤ ਕੀਤਾ ਹੈ। (ਪਰਕਾਸ਼ ਦੀ ਪੋਥੀ 16:13, 14) ਯਸਾਯਾਹ ਨੇ ਦੱਸਿਆ ਕਿ ਸ਼ਤਾਨ ਅਤੇ ਉਸ ਦੇ ਦੂਤ ਇਕੱਠੇ “ਕੈਦ ਕੀਤੇ ਜਾਣਗੇ।” “ਬਹੁਤਿਆਂ ਦਿਨਾਂ ਦੇ ਪਿੱਛੋਂ,” ਯਿਸੂ ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਤੋਂ ਬਾਅਦ, ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਨੂੰ ਥੋੜ੍ਹੇ ਜਿਹੇ ਸਮੇਂ ਲਈ ਛੱਡਿਆ ਜਾਵੇਗਾ ਅਤੇ ਫਿਰ ਪਰਮੇਸ਼ੁਰ ਉਨ੍ਹਾਂ ਨੂੰ ਹਮੇਸ਼ਾ ਲਈ ਖ਼ਤਮ ਕਰੇਗਾ।—ਪਰਕਾਸ਼ ਦੀ ਪੋਥੀ 20:3, 7-10.
20. ਪੁਰਾਣੇ ਅਤੇ ਅੱਜ ਦੇ ਜ਼ਮਾਨੇ ਵਿਚ, ਯਹੋਵਾਹ ਨੇ ਕਦੋਂ ਅਤੇ ਕਿਵੇਂ ‘ਰਾਜ ਕੀਤਾ’?
20 ਯਸਾਯਾਹ ਦੀ ਭਵਿੱਖਬਾਣੀ ਦੇ ਇਸ ਹਿੱਸੇ ਨੇ ਯਹੂਦੀਆਂ ਨੂੰ ਵਧੀਆ ਉਮੀਦ ਦਿੱਤੀ ਸੀ। ਯਹੋਵਾਹ ਨੇ ਸਮੇਂ ਸਿਰ ਪ੍ਰਾਚੀਨ ਬਾਬਲ ਨੂੰ ਡਿਗਵਾਉਣਾ ਸੀ ਅਤੇ ਯਹੂਦੀਆਂ ਨੂੰ ਆਪਣੇ ਵਤਨ ਵਾਪਸ ਲਿਜਾਣਾ ਸੀ। ਇਸ ਤਰ੍ਹਾਂ ਕਰਨ ਨਾਲ ਜਦੋਂ ਯਹੋਵਾਹ ਨੇ 537 ਸਾ.ਯੁ.ਪੂ. ਵਿਚ ਆਪਣੇ ਲੋਕਾਂ ਲਈ ਆਪਣੀ ਸ਼ਕਤੀ ਅਤੇ ਸਰਬਸੱਤਾ ਦਿਖਾਈ, ਤਾਂ ਉਨ੍ਹਾਂ ਨੂੰ ਇਹ ਕਿਹਾ ਜਾ ਸਕਦਾ ਸੀ ਕਿ ਤੁਹਾਡਾ “ਪਰਮੇਸ਼ੁਰ ਰਾਜ ਕਰਦਾ ਹੈ।” (ਯਸਾਯਾਹ 52:7) ਅੱਜ ਦੇ ਜ਼ਮਾਨੇ ਵਿਚ, ਇਹ ਕਿਹਾ ਜਾ ਸਕਦਾ ਹੈ ਕਿ ਯਹੋਵਾਹ 1914 ਵਿਚ ‘ਰਾਜ ਕਰਨ’ ਲੱਗਾ ਜਦੋਂ ਉਸ ਨੇ ਆਪਣੇ ਸਵਰਗੀ ਰਾਜ ਵਿਚ ਯਿਸੂ ਮਸੀਹ ਨੂੰ ਰਾਜੇ ਵਜੋਂ ਬਿਠਾਇਆ। (ਜ਼ਬੂਰ 96:10) ਉਹ 1919 ਵਿਚ ਵੀ ਮਾਨੋ ‘ਰਾਜ ਕਰਨ’ ਲੱਗਾ ਜਦੋਂ ਉਸ ਨੇ ਰੂਹਾਨੀ ਇਸਰਾਏਲ ਨੂੰ ਵੱਡੀ ਬਾਬੁਲ ਦੀ ਬੰਦਸ਼ ਤੋਂ ਛੁਡਾ ਕੇ ਰਾਜੇ ਵਜੋਂ ਆਪਣੀ ਸ਼ਕਤੀ ਦਿਖਾਈ।
21. (ੳ) ਚੰਦ ਕਿਵੇਂ ਘਾਬਰ ਜਾਵੇਗਾ ਅਤੇ ਸੂਰਜ ਕਿਵੇਂ ਸ਼ਰਮਾਵੇਗਾ? (ਅ) ਉਦੋਂ ਕਿਸ ਗੂੰਜ ਦੀ ਸਭ ਤੋਂ ਵੱਡੀ ਪੂਰਤੀ ਹੋਵੇਗੀ?
21 ਯਹੋਵਾਹ ਫਿਰ ‘ਰਾਜ ਕਰੇਗਾ’ ਜਦੋਂ ਉਹ ਵੱਡੀ ਬਾਬੁਲ ਅਤੇ ਬਾਕੀ ਦੇ ਦੁਸ਼ਟ ਸੰਸਾਰ ਨੂੰ ਖ਼ਤਮ ਕਰੇਗਾ। (ਜ਼ਕਰਯਾਹ 14:9; ਪਰਕਾਸ਼ ਦੀ ਪੋਥੀ 19:1, 2, 19-21) ਇਸ ਤੋਂ ਬਾਅਦ, ਯਹੋਵਾਹ ਦਾ ਰਾਜ ਇੰਨਾ ਸ਼ਾਨਦਾਰ ਹੋਵੇਗਾ ਕਿ ਰਾਤ ਨੂੰ ਚੰਦ ਅਤੇ ਸਿਖਰ ਦੁਪਹਿਰ ਨੂੰ ਸੂਰਜ ਉਸ ਰਾਜ ਦੀ ਸ਼ਾਨ ਦਾ ਮੁਕਾਬਲਾ ਨਹੀਂ ਕਰ ਸਕਣਗੇ। (ਪਰਕਾਸ਼ ਦੀ ਪੋਥੀ 22:5 ਦੀ ਤੁਲਨਾ ਕਰੋ।) ਇਸ ਤਰ੍ਹਾਂ ਲੱਗੇਗਾ ਕਿ ਪ੍ਰਤਾਪੀ ਸੈਨਾ ਦੇ ਯਹੋਵਾਹ ਨਾਲ ਉਹ ਆਪਣੀ ਤੁਲਨਾ ਕਰਨ ਤੋਂ ਸ਼ਰਮਾਉਣਗੇ। ਯਹੋਵਾਹ ਖ਼ੁਦ ਰਾਜ ਕਰੇਗਾ। ਉਸ ਦੀ ਵੱਡੀ ਸ਼ਕਤੀ ਅਤੇ ਉਸ ਦਾ ਪ੍ਰਤਾਪ ਸਾਰਿਆਂ ਦੇ ਅੱਗੇ ਪ੍ਰਗਟ ਹੋਵੇਗਾ। (ਪਰਕਾਸ਼ ਦੀ ਪੋਥੀ 4:8-11; 5:13, 14) ਇਹ ਕਿੰਨੀ ਸ਼ਾਨਦਾਰ ਆਸ਼ਾ ਹੈ! ਉਸ ਸਮੇਂ ਜ਼ਬੂਰ 97:1 ਦੀ ਸਭ ਤੋਂ ਵੱਡੀ ਪੂਰਤੀ ਹੋਵੇਗੀ ਅਤੇ ਉਸ ਦੀ ਗੂੰਜ ਸਾਰੀ ਧਰਤੀ ਉੱਤੇ ਸੁਣਾਈ ਦੇਵੇਗੀ: “ਯਹੋਵਾਹ ਰਾਜ ਕਰਦਾ ਹੈ, ਧਰਤੀ ਖੁਸ਼ ਹੋਵੇ, ਟਾਪੂ ਜਿਹੜੇ ਬਹੁਤ ਸਾਰੇ ਹਨ ਅਨੰਦ ਹੋਣ!”
[ਸਫ਼ਾ 262 ਉੱਤੇ ਤਸਵੀਰ]
ਦੇਸ਼ ਵਿਚ ਨਾ ਖ਼ੁਸ਼ੀ ਨਾ ਸੰਗੀਤ ਦੀ ਆਵਾਜ਼ ਸੁਣਾਈ ਦਿੱਤੀ
[ਸਫ਼ਾ 265 ਉੱਤੇ ਤਸਵੀਰ]
ਜ਼ੈਤੂਨ ਇਕੱਠੇ ਕਰਨ ਤੋਂ ਬਾਅਦ ਜਿਵੇਂ ਕੁਝ ਫਲ ਦਰਖ਼ਤ ਤੇ ਛੱਡੇ ਜਾਂਦੇ ਸਨ ਉਸੇ ਤਰ੍ਹਾਂ ਕੁਝ ਲੋਕ ਯਹੋਵਾਹ ਦੇ ਨਿਆਉਂ ਵਿੱਚੋਂ ਬਚ ਗਏ ਸਨ
[ਸਫ਼ਾ 267 ਉੱਤੇ ਤਸਵੀਰ]
ਯਸਾਯਾਹ ਆਪਣੇ ਲੋਕਾਂ ਉੱਤੇ ਆ ਰਹੀ ਬਿਪਤਾ ਬਾਰੇ ਜਾਣ ਕੇ ਦੁਖੀ ਹੋਇਆ
[ਸਫ਼ਾ 269 ਉੱਤੇ ਤਸਵੀਰ]
ਨਾ ਚੰਦ ਨਾ ਸੂਰਜ ਯਹੋਵਾਹ ਦੇ ਪ੍ਰਤਾਪ ਦਾ ਮੁਕਾਬਲਾ ਕਰ ਸਕਣਗੇ