ਲੇਵੀਆਂ
26 “‘ਤੂੰ ਆਪਣੇ ਲਈ ਨਿਕੰਮੇ ਦੇਵਤਿਆਂ ਦੀਆਂ ਮੂਰਤਾਂ ਨਾ ਬਣਾ+ ਅਤੇ ਤੂੰ ਆਪਣੇ ਵਾਸਤੇ ਤਰਾਸ਼ੇ ਹੋਏ ਬੁੱਤ+ ਜਾਂ ਪੂਜਾ-ਥੰਮ੍ਹ ਖੜ੍ਹੇ ਨਾ ਕਰ। ਤੂੰ ਦੇਸ਼ ਵਿਚ ਨਕਾਸ਼ੀਦਾਰ ਪੱਥਰਾਂ+ ਸਾਮ੍ਹਣੇ ਮੱਥਾ ਨਾ ਟੇਕ;+ ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ। 2 ਤੂੰ ਮੇਰੇ ਸਬਤਾਂ ਨੂੰ ਮਨਾ ਅਤੇ ਮੇਰੇ ਪਵਿੱਤਰ ਸਥਾਨ ਪ੍ਰਤੀ ਸ਼ਰਧਾ ਰੱਖ। ਮੈਂ ਯਹੋਵਾਹ ਹਾਂ।
3 “‘ਜੇ ਤੂੰ ਮੇਰੇ ਨਿਯਮਾਂ ਦੀ ਪਾਲਣਾ ਕਰਦਾ ਰਹੇਂਗਾ ਅਤੇ ਮੇਰੇ ਹੁਕਮਾਂ ਮੁਤਾਬਕ ਚੱਲਦਾ ਰਹੇਂਗਾ ਅਤੇ ਉਨ੍ਹਾਂ ਨੂੰ ਪੂਰਾ ਕਰੇਂਗਾ,+ 4 ਤਾਂ ਮੈਂ ਸਹੀ ਸਮੇਂ ਤੇ ਤੁਹਾਡੇ ਲਈ ਮੀਂਹ ਵਰ੍ਹਾਵਾਂਗਾ+ ਅਤੇ ਜ਼ਮੀਨ ਆਪਣੀ ਪੈਦਾਵਾਰ ਦੇਵੇਗੀ+ ਅਤੇ ਖੇਤ ਦੇ ਦਰਖ਼ਤ ਆਪਣਾ ਫਲ ਦੇਣਗੇ। 5 ਤੇਰੀ ਫ਼ਸਲ ਇੰਨੀ ਜ਼ਿਆਦਾ ਹੋਵੇਗੀ ਕਿ ਤੂੰ ਇਸ ਦੀ ਗਹਾਈ ਅੰਗੂਰ ਤੋੜਨ ਦੇ ਮੌਸਮ ਤਕ ਕਰਦਾ ਰਹੇਂਗਾ ਅਤੇ ਅੰਗੂਰ ਤੋੜਨ ਦਾ ਕੰਮ ਬੀ ਬੀਜਣ ਦੇ ਸਮੇਂ ਤਕ ਚੱਲਦਾ ਰਹੇਗਾ; ਤੂੰ ਰੱਜ ਕੇ ਰੋਟੀ ਖਾਵੇਂਗਾ ਅਤੇ ਦੇਸ਼ ਵਿਚ ਬਿਨਾਂ ਕਿਸੇ ਡਰ ਦੇ ਵੱਸੇਂਗਾ।+ 6 ਮੈਂ ਦੇਸ਼ ਵਿਚ ਸ਼ਾਂਤੀ ਕਾਇਮ ਕਰਾਂਗਾ+ ਅਤੇ ਤੈਨੂੰ ਕੋਈ ਨਹੀਂ ਡਰਾਵੇਗਾ, ਇਸ ਲਈ ਤੂੰ ਆਰਾਮ ਨਾਲ ਲੰਮਾ ਪਵੇਂਗਾ;+ ਮੈਂ ਖੂੰਖਾਰ ਜੰਗਲੀ ਜਾਨਵਰਾਂ ਨੂੰ ਦੇਸ਼ ਵਿੱਚੋਂ ਭਜਾ ਦਿਆਂਗਾ ਅਤੇ ਕੋਈ ਤਲਵਾਰ ਤੇਰੇ ਦੇਸ਼ ਦੇ ਵਿਰੁੱਧ ਨਹੀਂ ਉੱਠੇਗੀ। 7 ਤੂੰ ਜ਼ਰੂਰ ਆਪਣੇ ਦੁਸ਼ਮਣਾਂ ਦਾ ਪਿੱਛਾ ਕਰੇਂਗਾ ਅਤੇ ਉਹ ਤੇਰੀ ਤਲਵਾਰ ਨਾਲ ਡਿਗਣਗੇ। 8 ਪੰਜ ਜਣੇ 100 ਦਾ ਪਿੱਛਾ ਕਰਨਗੇ ਅਤੇ 100 ਜਣੇ 10,000 ਦਾ ਪਿੱਛਾ ਕਰਨਗੇ ਅਤੇ ਤੇਰੇ ਦੁਸ਼ਮਣ ਤੇਰੀ ਤਲਵਾਰ ਨਾਲ ਡਿਗਣਗੇ।+
9 “‘ਮੈਂ ਤੇਰੇ ʼਤੇ ਮਿਹਰ ਕਰਾਂਗਾ ਜਿਸ ਕਰਕੇ ਤੂੰ ਵਧੇ-ਫੁੱਲੇਂਗਾ ਅਤੇ ਤੇਰੀ ਸੰਤਾਨ ਦੀ ਗਿਣਤੀ ਵਧੇਗੀ+ ਅਤੇ ਮੈਂ ਤੇਰੇ ਨਾਲ ਕੀਤਾ ਆਪਣਾ ਇਕਰਾਰ ਪੂਰਾ ਕਰਾਂਗਾ।+ 10 ਤੂੰ ਅਜੇ ਪਿਛਲੇ ਸਾਲ ਦਾ ਪੁਰਾਣਾ ਅਨਾਜ ਖਾ ਹੀ ਰਿਹਾ ਹੋਵੇਂਗਾ ਕਿ ਤੈਨੂੰ ਨਵਾਂ ਅਨਾਜ ਰੱਖਣ ਲਈ ਪੁਰਾਣਾ ਅਨਾਜ ਸੁੱਟਣਾ ਪਵੇਗਾ। 11 ਮੈਂ ਤੇਰੇ ਵਿਚਕਾਰ ਆਪਣਾ ਡੇਰਾ ਖੜ੍ਹਾ ਕਰਾਂਗਾ+ ਅਤੇ ਮੈਂ ਤੈਨੂੰ ਨਹੀਂ ਤਿਆਗਾਂਗਾ। 12 ਮੈਂ ਤੇਰੇ ਵਿਚ ਤੁਰਾਂ-ਫਿਰਾਂਗਾ ਅਤੇ ਤੇਰਾ ਪਰਮੇਸ਼ੁਰ ਹੋਵਾਂਗਾ+ ਅਤੇ ਤੁਸੀਂ ਮੇਰੇ ਲੋਕ ਹੋਵੋਗੇ।+ 13 ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ ਜੋ ਤੈਨੂੰ ਮਿਸਰ ਵਿੱਚੋਂ ਕੱਢ ਲਿਆਇਆ ਤਾਂਕਿ ਤੁਸੀਂ ਮਿਸਰੀਆਂ ਦੇ ਗ਼ੁਲਾਮ ਨਾ ਰਹੋ। ਮੈਂ ਤੇਰਾ ਜੂਲਾ ਭੰਨ ਸੁੱਟਿਆ ਤਾਂਕਿ ਤੂੰ ਸਿਰ ਚੁੱਕ ਕੇ ਤੁਰ ਸਕੇਂ।
14 “‘ਪਰ ਜੇ ਤੂੰ ਮੇਰੀ ਗੱਲ ਨਹੀਂ ਸੁਣੇਂਗਾ ਜਾਂ ਮੇਰੇ ਇਹ ਸਾਰੇ ਹੁਕਮ ਨਹੀਂ ਮੰਨੇਂਗਾ+ 15 ਅਤੇ ਜੇ ਤੂੰ ਮੇਰੇ ਨਿਯਮਾਂ ਤੋਂ ਉਲਟ ਚੱਲੇਂਗਾ,+ ਮੇਰੇ ਕਾਨੂੰਨਾਂ ਨਾਲ ਨਫ਼ਰਤ ਕਰੇਂਗਾ, ਮੇਰੇ ਸਾਰੇ ਹੁਕਮਾਂ ਦੀ ਪਾਲਣਾ ਨਹੀਂ ਕਰੇਂਗਾ ਅਤੇ ਮੇਰੇ ਇਕਰਾਰ ਦੀ ਉਲੰਘਣਾ ਕਰੇਂਗਾ,+ 16 ਤਾਂ ਮੈਂ ਤੇਰੇ ਨਾਲ ਇਹ ਸਭ ਕੁਝ ਕਰਾਂਗਾ: ਮੈਂ ਤੇਰੇ ʼਤੇ ਬਿਪਤਾ ਲਿਆਵਾਂਗਾ ਅਤੇ ਤਪਦਿਕ ਰੋਗ ਤੇ ਤੇਜ਼ ਬੁਖ਼ਾਰ ਨਾਲ ਤੈਨੂੰ ਸਜ਼ਾ ਦਿਆਂਗਾ। ਤੇਰੀਆਂ ਅੱਖਾਂ ਦੀ ਰੌਸ਼ਨੀ ਘੱਟ ਜਾਵੇਗੀ ਤੇ ਤੂੰ ਮਰਨ ਕਿਨਾਰੇ ਪਹੁੰਚ ਜਾਏਂਗਾ। ਤੂੰ ਵਿਅਰਥ ਹੀ ਬੀ ਬੀਜੇਂਗਾ ਕਿਉਂਕਿ ਤੇਰੀ ਫ਼ਸਲ ਤੇਰੇ ਦੁਸ਼ਮਣ ਖਾਣਗੇ।+ 17 ਮੈਂ ਤੇਰਾ ਵਿਰੋਧੀ ਬਣਾਂਗਾ ਅਤੇ ਤੂੰ ਆਪਣੇ ਦੁਸ਼ਮਣਾਂ ਦੇ ਹੱਥੋਂ ਹਾਰ ਜਾਏਂਗਾ;+ ਜਿਹੜੇ ਤੇਰੇ ਨਾਲ ਨਫ਼ਰਤ ਕਰਦੇ ਹਨ, ਉਹ ਤੈਨੂੰ ਆਪਣੇ ਪੈਰਾਂ ਹੇਠ ਮਿੱਧਣਗੇ+ ਅਤੇ ਭਾਵੇਂ ਤੇਰੇ ਪਿੱਛੇ ਕੋਈ ਵੀ ਨਾ ਪਿਆ ਹੋਵੇ, ਤਾਂ ਵੀ ਤੂੰ ਡਰ ਕੇ ਭੱਜੇਂਗਾ।+
18 “‘ਪਰ ਜੇ ਫਿਰ ਵੀ ਤੂੰ ਮੇਰੀ ਗੱਲ ਨਹੀਂ ਸੁਣੇਂਗਾ, ਤਾਂ ਮੈਂ ਤੈਨੂੰ ਤੇਰੇ ਪਾਪਾਂ ਦੀ ਇਸ ਤੋਂ ਵੀ ਸੱਤ ਗੁਣਾ ਜ਼ਿਆਦਾ ਸਜ਼ਾ ਦਿਆਂਗਾ। 19 ਮੈਂ ਤੇਰੇ ਢੀਠਪੁਣੇ ਤੇ ਘਮੰਡ ਨੂੰ ਤੋੜ ਦਿਆਂਗਾ ਅਤੇ ਤੇਰੇ ਉੱਪਰ ਆਕਾਸ਼ ਨੂੰ ਲੋਹੇ ਵਰਗਾ+ ਅਤੇ ਤੇਰੇ ਹੇਠਾਂ ਧਰਤੀ ਨੂੰ ਤਾਂਬੇ ਵਰਗੀ ਬਣਾ ਦਿਆਂਗਾ। 20 ਤੂੰ ਬੇਕਾਰ ਵਿਚ ਮਿਹਨਤ ਕਰੇਂਗਾ ਕਿਉਂਕਿ ਤੇਰੀ ਜ਼ਮੀਨ ਆਪਣੀ ਪੈਦਾਵਾਰ ਨਹੀਂ ਦੇਵੇਗੀ+ ਅਤੇ ਤੇਰੇ ਦਰਖ਼ਤ ਆਪਣਾ ਫਲ ਨਹੀਂ ਦੇਣਗੇ।
21 “‘ਜੇ ਤੂੰ ਮੇਰੇ ਖ਼ਿਲਾਫ਼ ਚੱਲਦਾ ਰਹੇਂਗਾ ਤੇ ਮੇਰੀ ਗੱਲ ਸੁਣਨ ਤੋਂ ਇਨਕਾਰ ਕਰੇਂਗਾ, ਤਾਂ ਮੈਂ ਤੈਨੂੰ ਤੇਰੇ ਪਾਪਾਂ ਦੀ ਇਸ ਤੋਂ ਵੀ ਸੱਤ ਗੁਣਾ ਜ਼ਿਆਦਾ ਸਜ਼ਾ ਦਿਆਂਗਾ। 22 ਮੈਂ ਤੇਰੇ ਵਿਚਕਾਰ ਜੰਗਲੀ ਜਾਨਵਰ ਘੱਲਾਂਗਾ+ ਅਤੇ ਉਹ ਤੇਰੇ ਬੱਚਿਆਂ ਨੂੰ ਚੁੱਕ ਕੇ ਲੈ ਜਾਣਗੇ+ ਅਤੇ ਤੇਰੇ ਪਾਲਤੂ ਪਸ਼ੂਆਂ ਨੂੰ ਮਾਰ ਸੁੱਟਣਗੇ ਅਤੇ ਤੁਹਾਡੀ ਗਿਣਤੀ ਘਟਾ ਦੇਣਗੇ। ਤੇਰੀਆਂ ਸੜਕਾਂ ਸੁੰਨੀਆਂ ਹੋ ਜਾਣਗੀਆਂ।+
23 “‘ਜੇ ਫਿਰ ਵੀ ਤੂੰ ਮੇਰੀ ਤਾੜਨਾ ਕਬੂਲ ਨਹੀਂ ਕਰੇਂਗਾ+ ਅਤੇ ਢੀਠ ਬਣ ਕੇ ਮੇਰੇ ਖ਼ਿਲਾਫ਼ ਚੱਲਦਾ ਰਹੇਂਗਾ, 24 ਤਾਂ ਮੈਂ ਵੀ ਤੇਰੇ ਖ਼ਿਲਾਫ਼ ਚੱਲਾਂਗਾ ਅਤੇ ਤੈਨੂੰ ਤੇਰੇ ਪਾਪਾਂ ਦੀ ਇਸ ਤੋਂ ਵੀ ਸੱਤ ਗੁਣਾ ਜ਼ਿਆਦਾ ਸਜ਼ਾ ਦਿਆਂਗਾ। 25 ਮੈਂ ਤੇਰੇ ਤੋਂ ਬਦਲਾ ਲੈਣ ਲਈ ਤੇਰੇ ʼਤੇ ਤਲਵਾਰ ਚਲਾਵਾਂਗਾ ਕਿਉਂਕਿ ਤੂੰ ਮੇਰੇ ਨਾਲ ਕੀਤਾ ਇਕਰਾਰ ਤੋੜਿਆ ਹੈ।+ ਜੇ ਤੂੰ ਆਪਣੇ ਸ਼ਹਿਰਾਂ ਵਿਚ ਲੁਕ ਜਾਵੇਂਗਾ, ਤਾਂ ਮੈਂ ਤੇਰੇ ਵਿਚ ਬੀਮਾਰੀ ਫੈਲਾਵਾਂਗਾ+ ਅਤੇ ਤੈਨੂੰ ਤੇਰੇ ਦੁਸ਼ਮਣ ਦੇ ਹਵਾਲੇ ਕਰ ਦਿਆਂਗਾ।+ 26 ਜਦੋਂ ਮੈਂ ਤੈਨੂੰ ਰੋਟੀ ਤੋਂ ਵਾਂਝਾ ਰੱਖਾਂਗਾ,*+ ਤਾਂ ਦਸ ਤੀਵੀਆਂ ਲਈ ਰੋਟੀ ਪਕਾਉਣ ਵਾਸਤੇ ਇੱਕੋ ਤੰਦੂਰ ਕਾਫ਼ੀ ਹੋਵੇਗਾ ਅਤੇ ਉਹ ਤੋਲ ਕੇ ਤੈਨੂੰ ਰੋਟੀ ਦੇਣਗੀਆਂ।+ ਤੂੰ ਖਾਵੇਂਗਾ, ਪਰ ਤੇਰਾ ਢਿੱਡ ਨਹੀਂ ਭਰੇਗਾ।+
27 “‘ਜੇ ਫਿਰ ਵੀ ਤੂੰ ਮੇਰੀ ਗੱਲ ਨਹੀਂ ਸੁਣੇਂਗਾ ਅਤੇ ਢੀਠ ਬਣ ਕੇ ਮੇਰੇ ਖ਼ਿਲਾਫ਼ ਚੱਲਦਾ ਰਹੇਂਗਾ, 28 ਤਾਂ ਮੈਂ ਤੇਰਾ ਹੋਰ ਵੀ ਸਖ਼ਤ ਵਿਰੋਧ ਕਰਾਂਗਾ+ ਅਤੇ ਮੈਂ ਆਪ ਤੈਨੂੰ ਤੇਰੇ ਪਾਪਾਂ ਦੀ ਇਸ ਤੋਂ ਵੀ ਸੱਤ ਗੁਣਾ ਜ਼ਿਆਦਾ ਸਜ਼ਾ ਦਿਆਂਗਾ। 29 ਇਸ ਲਈ ਤੈਨੂੰ ਆਪਣੇ ਪੁੱਤਰਾਂ ਦਾ ਮਾਸ ਅਤੇ ਆਪਣੀਆਂ ਧੀਆਂ ਦਾ ਮਾਸ ਖਾਣਾ ਪਵੇਗਾ।+ 30 ਮੈਂ ਤੇਰੀਆਂ ਭਗਤੀ ਦੀਆਂ ਉੱਚੀਆਂ ਥਾਵਾਂ ਨੂੰ ਢਹਿ-ਢੇਰੀ ਕਰ ਦਿਆਂਗਾ+ ਅਤੇ ਧੂਪ ਦੀਆਂ ਵੇਦੀਆਂ ਤੋੜ ਦਿਆਂਗਾ ਅਤੇ ਤੇਰੇ ਘਿਣਾਉਣੇ ਦੇਵੀ-ਦੇਵਤਿਆਂ ਦੇ ਬੇਜਾਨ ਬੁੱਤਾਂ ਉੱਤੇ ਤੁਹਾਡੀਆਂ ਲਾਸ਼ਾਂ ਦੇ ਢੇਰ ਲਾ ਦਿਆਂਗਾ+ ਅਤੇ ਤੇਰੇ ਨਾਲ ਘਿਣ ਹੋਣ ਕਰਕੇ ਮੈਂ ਤੇਰੇ ਤੋਂ ਆਪਣਾ ਮੂੰਹ ਫੇਰ ਲਵਾਂਗਾ।+ 31 ਮੈਂ ਤੇਰੇ ਸ਼ਹਿਰਾਂ ਨੂੰ ਤਲਵਾਰ ਨਾਲ ਉਜਾੜ ਦਿਆਂਗਾ+ ਅਤੇ ਭਗਤੀ ਦੀਆਂ ਥਾਵਾਂ ਨੂੰ ਨਾਸ਼ ਕਰ ਦਿਆਂਗਾ। ਮੈਨੂੰ ਤੇਰੀਆਂ ਬਲ਼ੀਆਂ ਦੀ ਖ਼ੁਸ਼ਬੂ ਤੋਂ ਕੋਈ ਖ਼ੁਸ਼ੀ ਨਹੀਂ ਹੋਵੇਗੀ। 32 ਮੈਂ ਦੇਸ਼ ਨੂੰ ਉਜਾੜ ਦਿਆਂਗਾ+ ਅਤੇ ਤੇਰੇ ਦੁਸ਼ਮਣ ਜਿਹੜੇ ਇੱਥੇ ਆ ਕੇ ਵੱਸਣਗੇ, ਦੇਸ਼ ਦੀ ਹਾਲਤ ਦੇਖ ਕੇ ਹੱਕੇ-ਬੱਕੇ ਰਹਿ ਜਾਣਗੇ।+ 33 ਮੈਂ ਤੈਨੂੰ ਕੌਮਾਂ ਵਿਚ ਖਿੰਡਾ ਦਿਆਂਗਾ+ ਅਤੇ ਤਲਵਾਰ ਤੇਰਾ ਪਿੱਛਾ ਕਰੇਗੀ;+ ਤੇਰਾ ਦੇਸ਼ ਉਜਾੜ ਦਿੱਤਾ ਜਾਵੇਗਾ+ ਅਤੇ ਤੇਰੇ ਸ਼ਹਿਰ ਤਬਾਹ ਹੋ ਜਾਣਗੇ।
34 “‘ਜਦੋਂ ਤੂੰ ਆਪਣੇ ਦੁਸ਼ਮਣਾਂ ਦੇ ਦੇਸ਼ ਵਿਚ ਹੋਵੇਂਗਾ ਅਤੇ ਇਹ ਦੇਸ਼ ਉਜਾੜ ਪਿਆ ਹੋਵੇਗਾ, ਤਾਂ ਉਸ ਸਮੇਂ ਤੇਰਾ ਦੇਸ਼ ਸਬਤਾਂ ਦਾ ਘਾਟਾ ਪੂਰਾ ਕਰੇਗਾ। ਉਸ ਸਮੇਂ ਤੇਰਾ ਦੇਸ਼ ਆਰਾਮ ਕਰੇਗਾ ਕਿਉਂਕਿ ਇਸ ਨੇ ਸਬਤਾਂ ਦਾ ਘਾਟਾ ਪੂਰਾ ਕਰਨਾ ਹੈ।+ 35 ਜਦੋਂ ਇਹ ਦੇਸ਼ ਉਜਾੜ ਪਿਆ ਹੋਵੇਗਾ, ਤਾਂ ਇਹ ਆਰਾਮ ਕਰੇਗਾ ਕਿਉਂਕਿ ਜਦੋਂ ਤੁਸੀਂ ਇੱਥੇ ਰਹਿੰਦੇ ਸੀ, ਤਾਂ ਉਦੋਂ ਇਸ ਨੇ ਤੁਹਾਡੇ ਸਬਤਾਂ ਦੌਰਾਨ ਆਰਾਮ ਨਹੀਂ ਕੀਤਾ।
36 “‘ਜਿਹੜੇ ਬਚ ਜਾਣਗੇ+ ਅਤੇ ਆਪਣੇ ਦੁਸ਼ਮਣਾਂ ਦੇ ਦੇਸ਼ਾਂ ਵਿਚ ਰਹਿ ਰਹੇ ਹੋਣਗੇ, ਮੈਂ ਉਨ੍ਹਾਂ ਦੇ ਦਿਲ ਨਿਰਾਸ਼ਾ ਨਾਲ ਭਰ ਦਿਆਂਗਾ; ਉਹ ਪੱਤਿਆਂ ਦੀ ਖੜ-ਖੜ ਸੁਣ ਕੇ ਹੀ ਡਰ ਦੇ ਮਾਰੇ ਇਸ ਤਰ੍ਹਾਂ ਭੱਜਣਗੇ ਜਿਵੇਂ ਕੋਈ ਤਲਵਾਰ ਲੈ ਕੇ ਉਨ੍ਹਾਂ ਦਾ ਪਿੱਛਾ ਕਰ ਰਿਹਾ ਹੋਵੇ। ਭਾਵੇਂ ਉਨ੍ਹਾਂ ਦੇ ਪਿੱਛੇ ਕੋਈ ਵੀ ਨਾ ਪਿਆ ਹੋਵੇ, ਤਾਂ ਵੀ ਉਹ ਭੱਜਦੇ-ਭੱਜਦੇ ਡਿਗਣਗੇ।+ 37 ਉਹ ਭੱਜਦੇ ਹੋਏ ਇਕ-ਦੂਜੇ ਵਿਚ ਵੱਜ ਕੇ ਡਿਗਣਗੇ ਜਿਵੇਂ ਕੋਈ ਤਲਵਾਰ ਲੈ ਕੇ ਉਨ੍ਹਾਂ ਦੇ ਪਿੱਛੇ ਪਿਆ ਹੋਵੇ, ਜਦ ਕਿ ਕੋਈ ਵੀ ਉਨ੍ਹਾਂ ਦਾ ਪਿੱਛਾ ਨਹੀਂ ਕਰ ਰਿਹਾ ਹੋਵੇਗਾ। ਤੁਸੀਂ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਨਹੀਂ ਕਰ ਸਕੋਗੇ।+ 38 ਤੁਸੀਂ ਕੌਮਾਂ ਵਿਚ ਨਾਸ਼ ਹੋ ਜਾਓਗੇ+ ਅਤੇ ਤੁਹਾਡੇ ਦੁਸ਼ਮਣਾਂ ਦਾ ਦੇਸ਼ ਤੁਹਾਨੂੰ ਨਿਗਲ਼ ਜਾਵੇਗਾ। 39 ਜਿਹੜੇ ਬਚ ਜਾਣਗੇ, ਉਨ੍ਹਾਂ ਦੀ ਆਪਣੀਆਂ ਗ਼ਲਤੀਆਂ ਕਰਕੇ ਦੁਸ਼ਮਣਾਂ ਦੇ ਦੇਸ਼ਾਂ ਵਿਚ ਹਾਲਤ ਬਹੁਤ ਤਰਸਯੋਗ ਹੋਵੇਗੀ।+ ਹਾਂ, ਉਨ੍ਹਾਂ ਦੇ ਪਿਉ-ਦਾਦਿਆਂ ਦੀਆਂ ਗ਼ਲਤੀਆਂ ਕਰਕੇ+ ਉਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਹੋਵੇਗੀ। 40 ਫਿਰ ਉਹ ਕਬੂਲ ਕਰਨਗੇ ਕਿ ਉਨ੍ਹਾਂ ਨੇ ਗ਼ਲਤੀਆਂ ਕੀਤੀਆਂ+ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਨੇ ਗ਼ਲਤੀਆਂ ਅਤੇ ਬੇਵਫ਼ਾਈ ਕੀਤੀ ਅਤੇ ਉਹ ਮੰਨਣਗੇ ਕਿ ਉਨ੍ਹਾਂ ਨੇ ਮੇਰੇ ਖ਼ਿਲਾਫ਼ ਚੱਲ ਕੇ ਮੇਰੇ ਨਾਲ ਬੇਵਫ਼ਾਈ ਕੀਤੀ+ 41 ਜਿਸ ਕਰਕੇ ਮੈਂ ਵੀ ਉਨ੍ਹਾਂ ਦੇ ਖ਼ਿਲਾਫ਼ ਹੋ ਗਿਆ+ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਦੇਸ਼ ਵਿਚ ਘੱਲ ਦਿੱਤਾ।+
“‘ਫਿਰ ਸ਼ਾਇਦ ਉਨ੍ਹਾਂ ਦੇ ਢੀਠ ਦਿਲ ਨਿਮਰ ਹੋ ਜਾਣ।+ ਉਹ ਆਪਣੀਆਂ ਗ਼ਲਤੀਆਂ ਦਾ ਅੰਜਾਮ ਭੁਗਤਣਗੇ। 42 ਫਿਰ ਮੈਂ ਯਾਕੂਬ ਨਾਲ ਕੀਤਾ ਇਕਰਾਰ+ ਅਤੇ ਇਸਹਾਕ ਨਾਲ ਕੀਤਾ ਇਕਰਾਰ+ ਅਤੇ ਅਬਰਾਹਾਮ ਨਾਲ ਕੀਤਾ ਇਕਰਾਰ+ ਯਾਦ ਕਰਾਂਗਾ ਅਤੇ ਦੇਸ਼ ਨੂੰ ਯਾਦ ਕਰਾਂਗਾ। 43 ਜਦੋਂ ਉਹ ਦੇਸ਼ ਛੱਡ ਕੇ ਚਲੇ ਜਾਣਗੇ, ਤਾਂ ਦੇਸ਼ ਆਪਣੇ ਸਬਤਾਂ ਦਾ ਘਾਟਾ ਪੂਰਾ ਕਰੇਗਾ+ ਅਤੇ ਇਹ ਉਨ੍ਹਾਂ ਤੋਂ ਬਿਨਾਂ ਉਜਾੜ ਪਿਆ ਹੋਵੇਗਾ ਅਤੇ ਉਹ ਆਪਣੀਆਂ ਗ਼ਲਤੀਆਂ ਦਾ ਅੰਜਾਮ ਭੁਗਤ ਰਹੇ ਹੋਣਗੇ ਕਿਉਂਕਿ ਉਨ੍ਹਾਂ ਨੇ ਮੇਰੇ ਕਾਨੂੰਨਾਂ ਤੋਂ ਉਲਟ ਕੰਮ ਕੀਤਾ ਅਤੇ ਉਨ੍ਹਾਂ ਨੇ ਮੇਰੇ ਨਿਯਮਾਂ ਨਾਲ ਨਫ਼ਰਤ ਕੀਤੀ।+ 44 ਪਰ ਇਸ ਸਭ ਦੇ ਬਾਵਜੂਦ ਮੈਂ ਉਨ੍ਹਾਂ ਨੂੰ ਦੁਸ਼ਮਣਾਂ ਦੇ ਦੇਸ਼ ਵਿਚ ਪੂਰੀ ਤਰ੍ਹਾਂ ਨਹੀਂ ਤਿਆਗਾਂਗਾ+ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਤੋਂ ਇੰਨਾ ਦੂਰ ਕਰ ਦਿਆਂਗਾ ਕਿ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇ ਜੋ ਕਿ ਉਨ੍ਹਾਂ ਨਾਲ ਕੀਤੇ ਮੇਰੇ ਇਕਰਾਰ ਦੀ ਉਲੰਘਣਾ ਹੋਵੇਗੀ,+ ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹਾਂ। 45 ਮੈਂ ਉਨ੍ਹਾਂ ਦੀ ਖ਼ਾਤਰ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਕੀਤੇ ਇਕਰਾਰ ਨੂੰ ਯਾਦ ਕਰਾਂਗਾ+ ਜਿਨ੍ਹਾਂ ਨੂੰ ਮੈਂ ਕੌਮਾਂ ਦੀਆਂ ਨਜ਼ਰਾਂ ਸਾਮ੍ਹਣੇ ਮਿਸਰ ਵਿੱਚੋਂ ਕੱਢ ਲਿਆਇਆ ਸੀ+ ਤਾਂਕਿ ਮੈਂ ਆਪਣੇ ਆਪ ਨੂੰ ਉਨ੍ਹਾਂ ਦਾ ਪਰਮੇਸ਼ੁਰ ਸਾਬਤ ਕਰਾਂ। ਮੈਂ ਯਹੋਵਾਹ ਹਾਂ।’”
46 ਇਹ ਉਹ ਸਾਰੇ ਨਿਯਮ, ਹੁਕਮ ਤੇ ਕਾਨੂੰਨ ਹਨ ਜਿਹੜੇ ਯਹੋਵਾਹ ਨੇ ਸੀਨਈ ਪਹਾੜ ਉੱਤੇ ਮੂਸਾ ਦੇ ਜ਼ਰੀਏ ਆਪਣੇ ਅਤੇ ਇਜ਼ਰਾਈਲੀਆਂ ਵਿਚਕਾਰ ਠਹਿਰਾਏ ਹਨ।+