ਇੱਕ੍ਹੀਵਾਂ ਅਧਿਆਇ
ਯਹੋਵਾਹ ਦਾ ਚੁੱਕਿਆ ਹੋਇਆ ਹੱਥ
1. ਯਸਾਯਾਹ ਯਹੋਵਾਹ ਦੀ ਵਡਿਆਈ ਕਿਉਂ ਕਰਦਾ ਸੀ?
ਯਸਾਯਾਹ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਸ ਦੀ ਵਡਿਆਈ ਕਰਨੀ ਚਾਹੁੰਦਾ ਸੀ। ਉਸ ਨੇ ਕਿਹਾ: “ਹੇ ਯਹੋਵਾਹ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਤੈਨੂੰ ਵਡਿਆਵਾਂਗਾ, ਮੈਂ ਤੇਰੇ ਨਾਮ ਨੂੰ ਸਲਾਹਾਂਗਾ।” ਨਬੀ ਆਪਣੇ ਸਿਰਜਣਹਾਰ ਦੀ ਇੰਨੀ ਵਡਿਆਈ ਕਿਉਂ ਕਰਦਾ ਸੀ? ਕਿਉਂਕਿ ਉਹ ਯਹੋਵਾਹ ਅਤੇ ਉਸ ਦੇ ਕੰਮਾਂ ਬਾਰੇ ਜਾਣਦਾ ਸੀ। ਇਸ ਜਾਣਕਾਰੀ ਬਾਰੇ ਯਸਾਯਾਹ ਦੇ ਅਗਲੇ ਸ਼ਬਦ ਕਹਿੰਦੇ ਹਨ: “ਤੈਂ ਅਚਰਜ ਕੰਮ ਜੋ ਕੀਤਾ ਹੈ, ਪਰਾਚੀਨ ਸਮੇਂ ਤੋਂ ਤੇਰੇ ਮਤੇ ਵਫ਼ਾਦਾਰੀ ਤੇ ਸਚਿਆਈ ਦੇ ਹਨ!” (ਯਸਾਯਾਹ 25:1) ਯਹੋਸ਼ੁਆ ਦੀ ਤਰ੍ਹਾਂ ਯਸਾਯਾਹ ਜਾਣਦਾ ਸੀ ਕਿ ਯਹੋਵਾਹ ਵਫ਼ਾਦਾਰ ਅਤੇ ਭਰੋਸੇਯੋਗ ਹੈ ਅਤੇ ਉਸ ਦੇ ਸਾਰੇ “ਮਤੇ” ਯਾਨੀ ਉਸ ਦੇ ਇਰਾਦੇ ਪੂਰੇ ਹੁੰਦੇ ਹਨ।—ਯਹੋਸ਼ੁਆ 23:14.
2. ਯਸਾਯਾਹ ਨੇ ਯਹੋਵਾਹ ਦੇ ਕਿਹੜੇ ਇਰਾਦੇ ਬਾਰੇ ਦੱਸਿਆ ਸੀ ਅਤੇ ਇਹ ਜ਼ਿਕਰ ਸ਼ਾਇਦ ਕਿਸ ਸ਼ਹਿਰ ਬਾਰੇ ਸੀ?
2 ਯਹੋਵਾਹ ਦਾ ਇਰਾਦਾ ਸੀ ਕਿ ਉਹ ਇਸਰਾਏਲ ਦੇ ਵੈਰੀਆਂ ਨੂੰ ਸਜ਼ਾ ਦੇਵੇ। ਯਸਾਯਾਹ ਨੇ ਇਕ ਸਜ਼ਾ ਬਾਰੇ ਕਿਹਾ: “ਤੈਂ ਤਾਂ ਸ਼ਹਿਰ ਨੂੰ ਥੇਹ, ਅਤੇ ਗੜ੍ਹ ਵਾਲੇ ਨਗਰ ਨੂੰ ਖੋਲਾ ਬਣਾ ਦਿੱਤਾ ਹੈ, ਪਰਦੇਸੀਆਂ ਦਾ ਮਹਿਲ ਹੁਣ ਸ਼ਹਿਰ ਨਹੀਂ, ਉਹ ਸਦਾ ਲਈ ਫੇਰ ਉਸਾਰਿਆ ਨਾ ਜਾਵੇਗਾ।” (ਯਸਾਯਾਹ 25:2) ਇਹ ਗੁਮਨਾਮ ਸ਼ਹਿਰ ਕਿਹੜਾ ਸੀ? ਯਸਾਯਾਹ ਸ਼ਾਇਦ ਮੋਆਬ ਦੇ ਆਰ ਬਾਰੇ ਗੱਲ ਕਰ ਰਿਹਾ ਸੀ, ਕਿਉਂਕਿ ਮੋਆਬੀ ਲੋਕ ਕਾਫ਼ੀ ਚਿਰ ਤੋਂ ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣ ਰਹੇ ਸਨ।a ਜਾਂ ਹੋ ਸਕਦਾ ਹੈ ਕਿ ਉਹ ਕਿਸੇ ਹੋਰ ਵੱਡੇ ਸ਼ਹਿਰ, ਯਾਨੀ ਬਾਬਲ ਬਾਰੇ ਗੱਲ ਕਰ ਰਿਹਾ ਸੀ।—ਯਸਾਯਾਹ 15:1; ਸਫ਼ਨਯਾਹ 2:8, 9.
3. ਯਹੋਵਾਹ ਦੇ ਦੁਸ਼ਮਣਾਂ ਨੇ ਉਸ ਦੀ ਮਹਿਮਾ ਕਿਸ ਤਰ੍ਹਾਂ ਕੀਤੀ ਸੀ?
3 ਯਹੋਵਾਹ ਦੇ ਦੁਸ਼ਮਣਾਂ ਨੇ ਉਦੋਂ ਕਿਵੇਂ ਮਹਿਸੂਸ ਕੀਤਾ ਜਦੋਂ ਉਨ੍ਹਾਂ ਦੇ ਵੱਡੇ ਸ਼ਹਿਰ ਬਾਰੇ ਉਸ ਦਾ ਇਰਾਦਾ ਪੂਰਾ ਹੋਇਆ? “ਬਲਵੰਤ ਲੋਕ ਤੇਰੀ ਮਹਿਮਾ ਕਰਨਗੇ, ਡਰਾਉਣੀਆਂ ਕੌਮਾਂ ਦਾ ਨਗਰ ਤੈਥੋਂ ਡਰੇਗਾ।” (ਯਸਾਯਾਹ 25:3) ਅਸੀਂ ਇਹ ਸਮਝ ਸਕਦੇ ਹਾਂ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਦੁਸ਼ਮਣ ਉਸ ਤੋਂ ਡਰ ਗਏ ਸਨ। ਪਰ ਉਨ੍ਹਾਂ ਦੁਸ਼ਮਣਾਂ ਨੇ ਉਸ ਦੀ ਮਹਿਮਾ ਕਿਸ ਤਰ੍ਹਾਂ ਕੀਤੀ ਸੀ? ਕੀ ਉਨ੍ਹਾਂ ਨੇ ਆਪਣੇ ਝੂਠੇ ਦੇਵਤਿਆਂ ਨੂੰ ਛੱਡ ਕੇ ਸ਼ੁੱਧ ਉਪਾਸਨਾ ਕੀਤੀ? ਬਿਲਕੁਲ ਨਹੀਂ! ਸਗੋਂ ਫ਼ਿਰਊਨ ਅਤੇ ਨਬੂਕਦਨੱਸਰ ਵਾਂਗ, ਉਨ੍ਹਾਂ ਨੇ ਯਹੋਵਾਹ ਦੀ ਵਡਿਆਈ ਉਦੋਂ ਕੀਤੀ ਜਦੋਂ ਉਨ੍ਹਾਂ ਨੂੰ ਮਜਬੂਰਨ ਯਹੋਵਾਹ ਦੀ ਉੱਤਮਤਾ ਨੂੰ ਪਛਾਣਨਾ ਪਿਆ।—ਕੂਚ 10:16, 17; 12:30-33; ਦਾਨੀਏਲ 4:37.
4. ਅੱਜ “ਡਰਾਉਣੀਆਂ ਕੌਮਾਂ ਦਾ ਨਗਰ” ਕੀ ਹੈ ਅਤੇ ਇਹ ਨਗਰ ਕਿਸ ਭਾਵ ਵਿਚ ਪਰਮੇਸ਼ੁਰ ਦੀ ਵਡਿਆਈ ਕਰਦਾ ਹੈ?
4 ਅੱਜ “ਡਰਾਉਣੀਆਂ ਕੌਮਾਂ ਦਾ ਨਗਰ” ਉਹ “ਵੱਡੀ ਨਗਰੀ ਹੈ ਜਿਹੜੀ ਧਰਤੀ ਦਿਆਂ ਰਾਜਿਆਂ ਉੱਤੇ ਰਾਜ ਕਰਦੀ ਹੈ,” ਯਾਨੀ ‘ਵੱਡੀ ਬਾਬੁਲ’ ਜੋ ਝੂਠੇ ਧਰਮ ਦਾ ਵਿਸ਼ਵ ਸਾਮਰਾਜ ਹੈ। (ਪਰਕਾਸ਼ ਦੀ ਪੋਥੀ 17:5, 18) ਇਸ ਸਾਮਰਾਜ ਦਾ ਮੁੱਖ ਹਿੱਸਾ ਈਸਾਈ-ਜਗਤ ਹੈ। ਈਸਾਈ-ਜਗਤ ਦੇ ਧਾਰਮਿਕ ਆਗੂ ਯਹੋਵਾਹ ਦੀ ਮਹਿਮਾ ਕਿਸ ਤਰ੍ਹਾਂ ਕਰਦੇ ਹਨ? ਉਨ੍ਹਾਂ ਨੂੰ ਗੁੱਸੇ ਹੋ ਕੇ ਮੰਨਣਾ ਪੈ ਰਿਹਾ ਹੈ ਕਿ ਯਹੋਵਾਹ ਨੇ ਆਪਣੇ ਗਵਾਹਾਂ ਦੀ ਖ਼ਾਤਰ ਬਹੁਤ ਕੁਝ ਕੀਤਾ ਹੈ। ਇਹ ਆਗੂ ਖ਼ਾਸ ਕਰਕੇ 1919 ਤੋਂ “[ਭੈਭੀਤ ਹੋ ਕੇ] ਸੁਰਗ ਦੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੇ” ਜਦੋਂ ਯਹੋਵਾਹ ਨੇ ਆਪਣੇ ਸੇਵਕਾਂ ਨੂੰ ਵੱਡੀ ਬਾਬੁਲ ਦੀ ਰੂਹਾਨੀ ਕੈਦ ਤੋਂ ਛੁਡਾਇਆ ਅਤੇ ਜੋਸ਼ੀਲੇ ਕੰਮ ਕਰਨ ਲਈ ਦੁਬਾਰਾ ਸ਼ਕਤੀ ਦਿੱਤੀ।—ਪਰਕਾਸ਼ ਦੀ ਪੋਥੀ 11:13.b
5. ਯਹੋਵਾਹ ਉਸ ਉੱਤੇ ਪੂਰਾ ਭਰੋਸਾ ਰੱਖਣ ਵਾਲਿਆਂ ਦੀ ਰਾਖੀ ਕਿਵੇਂ ਕਰਦਾ ਹੈ?
5 ਇਹ ਸੱਚ ਹੈ ਕਿ ਯਹੋਵਾਹ ਦੇ ਦੁਸ਼ਮਣ ਉਸ ਤੋਂ ਡਰਦੇ ਹਨ, ਪਰ ਯਹੋਵਾਹ ਆਪਣੇ ਮਸਕੀਨ ਅਤੇ ਨਿਮਰ ਸੇਵਕਾਂ ਲਈ ਪਨਾਹ ਹੈ। ਭਾਵੇਂ ਕਿ ਧਾਰਮਿਕ ਅਤੇ ਰਾਜਨੀਤਿਕ ਆਗੂ ਸੱਚੇ ਉਪਾਸਕਾਂ ਦੀ ਨਿਹਚਾ ਤੋੜਨ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਕਾਮਯਾਬ ਨਹੀਂ ਹੁੰਦੇ ਕਿਉਂਕਿ ਇਹ ਉਪਾਸਕ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦੇ ਹਨ। ਅੰਤ ਵਿਚ ਉਹ ਅਜਿਹੇ ਵਿਰੋਧੀਆਂ ਨੂੰ ਇਵੇਂ ਖ਼ਾਮੋਸ਼ ਕਰੇਗਾ, ਜਿਵੇਂ ਬੱਦਲ ਦੀ ਛਾਂ ਰੇਗਿਸਤਾਨ ਦੇ ਤਪਦੇ ਸੂਰਜ ਨੂੰ ਢੱਕ ਦਿੰਦੀ ਹੈ ਜਾਂ ਇਕ ਕੰਧ ਮੀਂਹ-ਹਨੇਰੀ ਦੇ ਜ਼ੋਰ ਨੂੰ ਰੋਕ ਦਿੰਦੀ ਹੈ।—ਯਸਾਯਾਹ 25:4, 5 ਪੜ੍ਹੋ।
ਸਾਰਿਆਂ ਲੋਕਾਂ ਲਈ ਦਾਅਵਤ
6, 7. (ੳ) ਯਹੋਵਾਹ ਕਿਹੋ ਜਿਹੀ ਦਾਅਵਤ ਪੇਸ਼ ਕਰ ਰਿਹਾ ਹੈ ਅਤੇ ਇਹ ਕਿਨ੍ਹਾਂ ਲਈ ਹੈ? (ਅ) ਯਸਾਯਾਹ ਦੀ ਭਵਿੱਖਬਾਣੀ ਦੀ ਦਾਅਵਤ ਕੀ ਦਰਸਾਉਂਦੀ ਹੈ?
6 ਇਕ ਪਿਆਰੇ ਪਿਤਾ ਵਾਂਗ, ਯਹੋਵਾਹ ਆਪਣੇ ਬੱਚਿਆਂ ਦਾ ਰਖਵਾਲਾ ਹੀ ਨਹੀਂ, ਸਗੋਂ ਉਹ ਉਨ੍ਹਾਂ ਨੂੰ ਖੁਆਉਂਦਾ ਵੀ ਹੈ, ਖ਼ਾਸ ਕਰਕੇ ਰੂਹਾਨੀ ਤੌਰ ਤੇ। ਆਪਣੇ ਲੋਕਾਂ ਨੂੰ 1919 ਵਿਚ ਰੂਹਾਨੀ ਤੌਰ ਤੇ ਰਿਹਾ ਕਰਨ ਤੋਂ ਬਾਅਦ, ਉਸ ਨੇ ਉਨ੍ਹਾਂ ਸਾਮ੍ਹਣੇ ਜਿੱਤ ਦੀ ਦਾਅਵਤ ਰੱਖੀ, ਯਾਨੀ ਉਨ੍ਹਾਂ ਸਾਮ੍ਹਣੇ ਰੂਹਾਨੀ ਭੋਜਨ ਦਾ ਭੰਡਾਰ ਰੱਖਿਆ: “ਇਸੇ ਪਹਾੜ ਤੇ ਸੈਨਾਂ ਦਾ ਯਹੋਵਾਹ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦੀ ਦਾਉਤ ਕਰੇਗਾ, ਪੁਰਾਣੀਆਂ ਮਧਾਂ ਦੀ ਦਾਉਤ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਧਾਂ।”—ਯਸਾਯਾਹ 25:6.
7 ਇਹ ਦਾਅਵਤ ਯਹੋਵਾਹ ਦੇ “ਪਹਾੜ” ਤੇ ਕੀਤੀ ਜਾ ਰਹੀ ਹੈ। ਇਹ ਪਹਾੜ ਕੀ ਹੈ? ਇਹ “ਯਹੋਵਾਹ ਦੇ ਭਵਨ ਦਾ ਪਰਬਤ” ਹੈ ਜਿਸ ਵੱਲ ਇਨ੍ਹਾਂ “ਆਖਰੀ ਦਿਨਾਂ ਦੇ ਵਿੱਚ” ਸਾਰੀਆਂ ਕੌਮਾਂ ਆ ਰਹੀਆਂ ਹਨ। ਇਹ ਯਹੋਵਾਹ ਦਾ “ਪਵਿੱਤ੍ਰ ਪਰਬਤ” ਹੈ ਜਿੱਥੇ ਉਸ ਦੇ ਵਫ਼ਾਦਾਰ ਉਪਾਸਕ ਨਾ ਤਾਂ ਕੋਈ ਨੁਕਸਾਨ ਕਰਦੇ ਹਨ ਅਤੇ ਨਾ ਹੀ ਕਿਸੇ ਚੀਜ਼ ਨੂੰ ਬਰਬਾਦ ਕਰਦੇ ਹਨ। (ਯਸਾਯਾਹ 2:2; 11:9) ਉਪਾਸਨਾ ਦੀ ਇਸ ਉੱਚੀ ਜਗ੍ਹਾ ਉੱਤੇ ਯਹੋਵਾਹ ਵਫ਼ਾਦਾਰ ਲੋਕਾਂ ਲਈ ਵੱਡੀ ਦਾਅਵਤ ਪੇਸ਼ ਕਰਦਾ ਹੈ। ਸਾਨੂੰ ਖੁੱਲ੍ਹੇ-ਹੱਥੀਂ ਮਿਲਣ ਵਾਲਾ ਇਹ ਰੂਹਾਨੀ ਭੋਜਨ ਉਨ੍ਹਾਂ ਅਸਲੀ ਚੀਜ਼ਾਂ ਨੂੰ ਦਰਸਾਉਂਦਾ ਹੈ ਜੋ ਪਰਮੇਸ਼ੁਰ ਦੇ ਰਾਜ ਵਿਚ ਸਾਨੂੰ ਮਿਲਣਗੀਆਂ। ਉਸ ਵੇਲੇ ਮਨੁੱਖਜਾਤੀ ਉੱਤੇ ਇਸ ਰਾਜ ਤੋਂ ਸਿਵਾਇ ਹੋਰ ਕੋਈ ਹਕੂਮਤ ਰਾਜ ਨਹੀਂ ਕਰੇਗੀ। ਉਸ ਸਮੇਂ ਕੋਈ ਭੁੱਖਾ ਨਹੀਂ ਹੋਵੇਗਾ ਕਿਉਂਕਿ ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’—ਜ਼ਬੂਰ 72:8, 16.
8, 9. (ੳ) ਸਮਝਾਓ ਕਿ ਮਨੁੱਖਜਾਤੀ ਦੇ ਕਿਹੜੇ ਦੋ ਵੱਡੇ ਦੁਸ਼ਮਣ ਖ਼ਤਮ ਕੀਤੇ ਜਾਣਗੇ। (ਅ) ਪਰਮੇਸ਼ੁਰ ਆਪਣੇ ਲੋਕਾਂ ਦੀ ਬਦਨਾਮੀ ਦੂਰ ਕਰਨ ਲਈ ਕੀ ਕਰੇਗਾ?
8 ਪਰਮੇਸ਼ੁਰ ਵੱਲੋਂ ਪੇਸ਼ ਕੀਤੀ ਗਈ ਰੂਹਾਨੀ ਦਾਅਵਤ ਸਵੀਕਾਰ ਕਰਨ ਵਾਲੇ ਲੋਕਾਂ ਦਾ ਭਵਿੱਖ ਸ਼ਾਨਦਾਰ ਹੋ ਸਕਦਾ ਹੈ। ਯਸਾਯਾਹ ਦੇ ਅਗਲੇ ਸ਼ਬਦਾਂ ਵੱਲ ਧਿਆਨ ਦਿਓ। ਉਸ ਨੇ ਪਾਪ ਅਤੇ ਮੌਤ ਦੀ ਤੁਲਨਾ “ਪੜਦੇ” ਜਾਂ “ਕੱਜਣ” ਨਾਲ ਕਰਦੇ ਹੋਏ ਕਿਹਾ: “[ਯਹੋਵਾਹ] ਇਸ ਪਹਾੜ ਤੇ ਉਸ ਪੜਦੇ ਨੂੰ ਝੱਫ ਲਵੇਗਾ, ਉਸ ਪੜਦੇ ਨੂੰ ਜਿਹੜਾ ਸਾਰਿਆਂ ਲੋਕਾਂ ਦੇ ਉੱਤੇ ਹੈ, ਨਾਲੇ ਉਸ ਕੱਜਣ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ। ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।”—ਯਸਾਯਾਹ 25:7, 8ੳ.
9 ਜੀ ਹਾਂ, ਪਾਪ ਅਤੇ ਮੌਤ ਖ਼ਤਮ ਕੀਤੇ ਜਾਣਗੇ! (ਪਰਕਾਸ਼ ਦੀ ਪੋਥੀ 21:3, 4) ਇਸ ਤੋਂ ਇਲਾਵਾ, ਯਹੋਵਾਹ ਦੇ ਸੇਵਕਾਂ ਦੀ ਬਦਨਾਮੀ ਦੂਰ ਕੀਤੀ ਜਾਵੇਗੀ ਜੋ ਉਨ੍ਹਾਂ ਨੇ ਹਜ਼ਾਰਾਂ ਹੀ ਸਾਲਾਂ ਲਈ ਸਹੀ ਹੈ। ਉਹ “ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਏਹ ਯਹੋਵਾਹ ਦਾ ਬੋਲ ਹੈ।” (ਯਸਾਯਾਹ 25:8ਅ) ਇਹ ਕਿਸ ਤਰ੍ਹਾਂ ਹੋਵੇਗਾ? ਯਹੋਵਾਹ ਉਸ ਬਦਨਾਮੀ ਦੀ ਜੜ੍ਹ ਨੂੰ ਪੁੱਟ ਸੁੱਟੇਗਾ, ਯਾਨੀ ਸ਼ਤਾਨ ਅਤੇ ਉਸ ਦੀ ਸੰਤਾਨ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। (ਪਰਕਾਸ਼ ਦੀ ਪੋਥੀ 20:1-3) ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪਰਮੇਸ਼ੁਰ ਦੇ ਲੋਕ ਪੁਕਾਰਨਗੇ: “ਵੇਖੋ, ਏਹ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਨੂੰ ਉਡੀਕਦੇ ਸਾਂ, ਅਤੇ ਉਹ ਸਾਨੂੰ ਬਚਾਵੇਗਾ—ਏਹ ਯਹੋਵਾਹ ਹੈ, ਅਸੀਂ ਉਹ ਨੂੰ ਉਡੀਕਦੇ ਸਾਂ, ਅਸੀਂ ਉਹ ਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਅਨੰਦ ਕਰੀਏ।”—ਯਸਾਯਾਹ 25:9.
ਘਮੰਡੀ ਲੋਕਾਂ ਦਾ ਘਮੰਡ ਤੋੜਿਆ ਜਾਂਦਾ ਹੈ
10, 11. ਯਹੋਵਾਹ ਨੇ ਮੋਆਬ ਦਾ ਘਮੰਡ ਕਿਵੇਂ ਤੋੜਿਆ ਸੀ?
10 ਯਹੋਵਾਹ ਨੇ ਸਿਰਫ਼ ਨਿਮਰ ਲੋਕਾਂ ਨੂੰ ਬਚਾਇਆ ਸੀ। ਪਰ, ਇਸਰਾਏਲ ਦਾ ਗੁਆਂਢੀ ਦੇਸ਼ ਮੋਆਬ ਘਮੰਡੀ ਸੀ ਅਤੇ ਯਹੋਵਾਹ ਘਮੰਡ ਨਾਲ ਨਫ਼ਰਤ ਕਰਦਾ ਹੈ। (ਕਹਾਉਤਾਂ 16:18) ਇਸ ਲਈ ਮੋਆਬ ਦੇ ਘਮੰਡ ਨੂੰ ਤੋੜਨਾ ਜ਼ਰੂਰੀ ਸੀ। “ਯਹੋਵਾਹ ਦਾ ਹੱਥ ਇਸ ਪਹਾੜ ਉੱਤੇ ਠਹਿਰੇਗਾ, ਮੋਆਬ ਆਪਣੇ ਥਾਂ ਵਿੱਚ ਐਉਂ ਮਿੱਧਿਆ ਜਾਵੇਗਾ, ਜਿਵੇਂ ਤੂੜੀ ਰੂੜੀ ਦੇ ਟੋਏ ਵਿੱਚ, ਅਤੇ ਉਹ ਉਸ ਦੇ ਵਿਚਕਾਰ ਆਪਣੇ ਹੱਥ ਮਾਰੇਗਾ, ਜਿਵੇਂ ਤਾਰੂ ਆਪਣੇ ਹੱਥ ਤਰਨ ਲਈ ਮਾਰਦਾ ਹੈ, ਪਰ ਉਹ ਉਸ ਦੇ ਘੁਮੰਡ ਨੂੰ ਉਸ ਦੇ ਹੱਥਾਂ ਦੀ ਚਲਾਕੀ ਸਣੇ ਅੱਝਾ ਕਰ ਦੇਵੇਗਾ। ਸਫੀਲ ਦੇ ਉੱਚੇ ਬੁਰਜਾਂ ਨੂੰ ਉਹ ਝੁਕਾ ਦੇਵੇਗਾ, ਅੱਝਾ ਕਰੇਗਾ ਅਤੇ ਧਰਤੀ ਤੀਕ ਸਗੋਂ ਖ਼ਾਕ ਤੀਕ ਲਾਹ ਦੇਵੇਗਾ।”—ਯਸਾਯਾਹ 25:10-12.
11 ਯਹੋਵਾਹ ਦਾ ਹੱਥ ਮੋਆਬ ਦੇ ਪਹਾੜ ਉੱਤੇ ‘ਠਹਿਰਿਆ’ ਸੀ। ਇਸ ਦਾ ਨਤੀਜਾ ਕੀ ਹੋਇਆ? ਘਮੰਡੀ ਮੋਆਬ ਦਾ ਘਮੰਡ ਤੋੜਿਆ ਗਿਆ ਅਤੇ ਉਸ ਨੂੰ “ਰੂੜੀ ਦੇ ਟੋਏ ਵਿੱਚ” ਮਿੱਧਿਆ ਗਿਆ ਜਿਵੇਂ ਯਸਾਯਾਹ ਦੇ ਜ਼ਮਾਨੇ ਵਿਚ ਤੂੜੀ ਨੂੰ ਗੋਹੇ ਵਿਚ ਰਲਾ ਕੇ ਖਾਦ ਬਣਾਈ ਜਾਂਦੀ ਸੀ। ਯਸਾਯਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਮੋਆਬ ਨੂੰ ਨੀਵਾਂ ਕੀਤਾ ਜਾਵੇਗਾ ਭਾਵੇਂ ਉਸ ਦੇ ਉੱਚੇ ਬੁਰਜ ਸੁਰੱਖਿਅਤ ਕਿਉਂ ਨਾ ਲੱਗਦੇ ਹੋਣ।
12. ਯਹੋਵਾਹ ਨੇ ਮੋਆਬ ਨੂੰ ਸਜ਼ਾ ਕਿਉਂ ਦਿੱਤੀ ਸੀ?
12 ਯਹੋਵਾਹ ਨੇ ਮੋਆਬ ਨੂੰ ਇੰਨੀ ਸਖ਼ਤ ਸਜ਼ਾ ਕਿਉਂ ਦਿੱਤੀ ਸੀ? ਮੋਆਬੀ ਲੋਕ ਲੂਤ ਦੀ ਸੰਤਾਨ ਸਨ। ਲੂਤ ਅਬਰਾਹਾਮ ਦਾ ਭਤੀਜਾ ਅਤੇ ਯਹੋਵਾਹ ਦਾ ਇਕ ਉਪਾਸਕ ਸੀ। ਇਸ ਤਰ੍ਹਾਂ, ਮੋਆਬੀ ਲੋਕ ਪਰਮੇਸ਼ੁਰ ਦੀ ਨੇਮ-ਬੱਧ ਕੌਮ ਦੇ ਗੁਆਂਢੀ ਹੀ ਨਹੀਂ ਸਗੋਂ ਰਿਸ਼ਤੇਦਾਰ ਵੀ ਸਨ। ਇਸ ਦੇ ਬਾਵਜੂਦ ਉਨ੍ਹਾਂ ਨੇ ਝੂਠੇ ਦੇਵਤਿਆਂ ਦੀ ਪੂਜਾ ਕੀਤੀ ਅਤੇ ਇਸਰਾਏਲ ਦਾ ਸਖ਼ਤ ਵਿਰੋਧ ਕੀਤਾ। ਇਸ ਕਰਕੇ ਉਨ੍ਹਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੀ। ਉਸੇ ਤਰ੍ਹਾਂ ਅੱਜ ਯਹੋਵਾਹ ਦੇ ਸੇਵਕਾਂ ਦੇ ਵੈਰੀ ਮੋਆਬ ਵਰਗੇ ਹਨ। ਖ਼ਾਸ ਕਰਕੇ ਈਸਾਈ-ਜਗਤ ਮੋਆਬ ਵਰਗਾ ਹੈ, ਜੋ ਦਾਅਵਾ ਕਰਦਾ ਹੈ ਕਿ ਉਸ ਦਾ ਮੁੱਢ ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਤੋਂ ਹੈ। ਪਰ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਈਸਾਈ-ਜਗਤ ਵੱਡੀ ਬਾਬੁਲ ਦਾ ਮੁੱਖ ਹਿੱਸਾ ਹੈ।
ਖ਼ੁਸ਼ੀ ਦਾ ਗੀਤ
13, 14. ਅੱਜ ਪਰਮੇਸ਼ੁਰ ਦੇ ਲੋਕਾਂ ਦਾ ਕਿਹੜਾ “ਤਕੜਾ ਸ਼ਹਿਰ” ਹੈ, ਅਤੇ ਉਸ ਵਿਚ ਕੌਣ ਆ ਸਕਦੇ ਹਨ?
13 ਪਰਮੇਸ਼ੁਰ ਦੇ ਲੋਕਾਂ ਬਾਰੇ ਕੀ? ਉਹ ਯਹੋਵਾਹ ਦੀ ਕਿਰਪਾ ਅਤੇ ਰੱਖਿਆ ਪਾ ਕੇ ਇੰਨੇ ਖ਼ੁਸ਼ ਸਨ ਕਿ ਉਨ੍ਹਾਂ ਨੇ ਗੀਤ ਗਾਇਆ। “ਓਸ ਦਿਨ ਯਹੂਦਾਹ ਦੇ ਦੇਸ ਵਿੱਚ ਇਹ ਗੀਤ ਗਾਇਆ ਜਾਵੇਗਾ,—ਸਾਡਾ ਇੱਕ ਤਕੜਾ ਸ਼ਹਿਰ ਹੈ, ਉਹ ਦੀਆਂ ਕੰਧਾਂ ਤੇ ਸਫੀਲਾਂ ਉਸ ਨੇ ਮੁਕਤੀ ਠਹਿਰਾਈਆਂ। ਫਾਟਕ ਖੋਲ੍ਹੋ! ਭਈ ਧਰਮੀ ਕੌਮ ਜਿਹੜੀ ਵਫ਼ਾਦਾਰੀ ਦੀ ਪਾਲਨਾ ਕਰਦੀ ਹੈ ਅੰਦਰ ਆਵੇ।” (ਯਸਾਯਾਹ 26:1, 2) ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਸ਼ਬਦ ਪੁਰਾਣੇ ਜ਼ਮਾਨੇ ਵਿਚ ਪੂਰੇ ਹੋਏ ਸਨ, ਪਰ ਇਨ੍ਹਾਂ ਦੀ ਇਕ ਹੋਰ ਪੂਰਤੀ ਅੱਜ ਵੀ ਹੋਈ ਹੈ। ਯਹੋਵਾਹ ਦੀ “ਧਰਮੀ ਕੌਮ,” ਯਾਨੀ ਰੂਹਾਨੀ ਇਸਰਾਏਲ ਦਾ ਸੰਗਠਨ ਇਕ ਮਜ਼ਬੂਤ ਸ਼ਹਿਰ ਵਰਗਾ ਹੈ। ਇਹ ਖ਼ੁਸ਼ੀ ਦੇ ਗੀਤ ਗਾਉਣ ਦਾ ਕਾਰਨ ਹੈ!
14 ਇਸ “ਸ਼ਹਿਰ” ਵਿਚ ਕਿਹੋ ਜਿਹੇ ਲੋਕ ਆਉਂਦੇ ਹਨ? ਸਾਨੂੰ ਇਸ ਦਾ ਜਵਾਬ ਉਸ ਗੀਤ ਤੋਂ ਮਿਲਦਾ ਹੈ: “ਜਿਹੜਾ ਤੇਰੇ ਵਿੱਚ ਲਿਵਲੀਨ ਹੈ, ਤੂੰ [ਪਰਮੇਸ਼ੁਰ] ਉਹ ਦੀ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈਂ, ਇਸ ਲਈ ਭਈ ਉਹ ਦਾ ਭਰੋਸਾ ਤੇਰੇ ਉੱਤੇ ਹੈ। ਸਦਾ ਤੀਕ ਯਹੋਵਾਹ ਉੱਤੇ ਭਰੋਸਾ ਰੱਖੋ, ਕਿਉਂ ਜੋ ਯਾਹ ਯਹੋਵਾਹ ਸਨਾਤਨ ਚਟਾਨ ਹੈ।” (ਯਸਾਯਾਹ 26:3, 4) ਯਹੋਵਾਹ ਉਨ੍ਹਾਂ ਦੀ ਰਾਖੀ ਕਰਦਾ ਹੈ ਜੋ ਇਸ ਦੁਨੀਆਂ ਦੇ ਵਪਾਰਕ, ਰਾਜਨੀਤਿਕ, ਅਤੇ ਧਾਰਮਿਕ ਪ੍ਰਬੰਧਾਂ ਦੀ ਬਜਾਇ ਉਸ ਉੱਤੇ ਪੂਰਾ ਭਰੋਸਾ ਰੱਖਦੇ ਹਨ ਅਤੇ ਉਸ ਦੇ ਧਰਮੀ ਅਸੂਲਾਂ ਉੱਤੇ ਚੱਲਣਾ ਚਾਹੁੰਦੇ ਹਨ। ਸਿਰਫ਼ “ਯਾਹ ਯਹੋਵਾਹ” ਹੀ ਭਰੋਸੇਯੋਗ ਚਟਾਨ ਵਰਗਾ ਹੈ। ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਵਾਲਿਆਂ ਨੂੰ ਹੀ ਉਸ ਦੀ ਰੱਖਿਆ ਮਿਲਦੀ ਹੈ ਅਤੇ ਉਹੀ “ਪੂਰੀ ਸ਼ਾਂਤੀ” ਦਾ ਆਨੰਦ ਲੈਂਦੇ ਹਨ।—ਕਹਾਉਤਾਂ 3:5, 6; ਫ਼ਿਲਿੱਪੀਆਂ 4:6, 7.
15. “ਉੱਚੇ ਨਗਰ” ਦਾ ਘਮੰਡ ਅੱਜ ਕਿਵੇਂ ਤੋੜਿਆ ਗਿਆ ਹੈ, ਅਤੇ “ਮਸਕੀਨਾਂ ਦੇ ਪੈਰ” ਉਸ ਨੂੰ ਕਿਵੇਂ ਮਿੱਧ ਰਹੇ ਹਨ?
15 ਇਹ ਉਸ ਤੋਂ ਕਿੰਨਾ ਉਲਟ ਹੈ ਜੋ ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣਾਂ ਨਾਲ ਹੋਇਆ! “ਉਹ ਤਾਂ ਉਤਾਹਾਂ ਰਹਿਣ ਵਾਲਿਆਂ ਨੂੰ, ਉੱਚੇ ਨਗਰ ਸਣੇ ਹੇਠਾਂ ਝੁਕਾਉਂਦਾ ਹੈ, ਉਹ ਉਸ ਨੂੰ ਹੇਠਾਂ ਕਰਦਾ ਹੈ, ਉਹ ਉਸ ਨੂੰ ਧਰਤੀ ਤੀਕ ਹੇਠਾਂ ਕਰਦਾ ਹੈ, ਸਗੋਂ ਉਸ ਨੂੰ ਖ਼ਾਕ ਤੀਕ ਲਾਹ ਦਿੰਦਾ ਹੈ। ਪੈਰ ਉਸ ਨੂੰ ਮਿੱਧਣਗੇ, ਮਸਕੀਨਾਂ ਦੇ ਪੈਰ, ਗਰੀਬਾਂ ਦੇ ਕਦਮ।” (ਯਸਾਯਾਹ 26:5, 6) ਇੱਥੇ ਫਿਰ ਯਸਾਯਾਹ ਸ਼ਾਇਦ ਮੋਆਬ ਦੇ ਕਿਸੇ “ਉੱਚੇ ਨਗਰ” ਦੀ ਗੱਲ ਕਰ ਰਿਹਾ ਸੀ। ਜਾਂ ਇਹ ਨਗਰ ਬਾਬਲ ਵੀ ਹੋ ਸਕਦਾ ਸੀ ਜੋ ਆਪਣੇ ਆਪ ਨੂੰ ਬਹੁਤ ਉੱਚਾ ਸਮਝਦਾ ਸੀ। ਭਾਵੇਂ ਕੋਈ ਵੀ ਨਗਰ ਹੋਵੇ, ਯਹੋਵਾਹ ਨੇ ਉਸ “ਉੱਚੇ ਨਗਰ” ਦੀ ਹਾਲਤ ਬਦਲ ਦਿੱਤੀ ਸੀ ਅਤੇ ਉਸ ਦੇ ‘ਮਸਕੀਨ ਅਤੇ ਗਰੀਬ’ ਲੋਕਾਂ ਨੇ ਉਸ ਨਗਰ ਨੂੰ ਮਿੱਧਿਆ ਸੀ। ਅੱਜ ਇਹ ਭਵਿੱਖਬਾਣੀ ਵੱਡੀ ਬਾਬੁਲ, ਖ਼ਾਸ ਕਰਕੇ ਈਸਾਈ-ਜਗਤ ਉੱਤੇ ਚੰਗੀ ਤਰ੍ਹਾਂ ਲਾਗੂ ਹੁੰਦੀ ਹੈ। ਸੰਨ 1919 ਵਿਚ ਇਸ “ਉੱਚੇ ਨਗਰ” ਨੂੰ ਮਜਬੂਰ ਹੋ ਕੇ ਯਹੋਵਾਹ ਦੇ ਲੋਕਾਂ ਨੂੰ ਛੱਡਣਾ ਪਿਆ। ਇਸ ਤਰ੍ਹਾਂ ਵੱਡੀ ਬਾਬੁਲ ਦਾ ਘਮੰਡ ਤੋੜਿਆ ਗਿਆ ਅਤੇ ਉਹ ਡਿੱਗ ਪਈ। (ਪਰਕਾਸ਼ ਦੀ ਪੋਥੀ 14:8) ਹੁਣ ਯਹੋਵਾਹ ਦੇ ਲੋਕ ਵੱਡੀ ਬਾਬੁਲ ਉੱਤੇ ਆ ਰਹੇ ਬਦਲਾ ਲੈਣ ਵਾਲੇ ਦਿਨ ਬਾਰੇ ਦੂਜੇ ਲੋਕਾਂ ਨੂੰ ਖੁੱਲ੍ਹੇ-ਆਮ ਦੱਸ ਰਹੇ ਹਨ। ਇਸ ਭਾਵ ਵਿਚ ਉਹ ਉਸ ਨੂੰ ਮਿੱਧ ਰਹੇ ਹਨ।—ਪਰਕਾਸ਼ ਦੀ ਪੋਥੀ 8:7-12; 9:14-19.
ਯਹੋਵਾਹ ਦੇ ਨਾਂ ਅਤੇ ਧਰਮੀ ਅਸੂਲਾਂ ਲਈ ਪ੍ਰੀਤ
16. ਯਸਾਯਾਹ ਨੇ ਲਗਨ ਨਾਲ ਸੇਵਾ ਕਰਨ ਦੀ ਕਿਹੜੀ ਚੰਗੀ ਮਿਸਾਲ ਕਾਇਮ ਕੀਤੀ?
16 ਇਸ ਜਿੱਤ ਦੇ ਗੀਤ ਤੋਂ ਬਾਅਦ, ਯਸਾਯਾਹ ਨੇ ਧਾਰਮਿਕਤਾ ਦੇ ਪਰਮੇਸ਼ੁਰ ਦੀ ਲਗਨ ਨਾਲ ਸੇਵਾ ਕਰਨ ਦੇ ਇਨਾਮ ਬਾਰੇ ਦੱਸਿਆ। (ਯਸਾਯਾਹ 26:7-9 ਪੜ੍ਹੋ।) ਨਬੀ ਨੇ ‘ਯਹੋਵਾਹ ਲਈ ਉਡੀਕਣ’ ਅਤੇ ਉਸ ਦੇ “ਨਾਮ” ਅਤੇ “ਯਾਦ” ਲਈ ਇੱਛਾ ਰੱਖਣ ਦੀ ਇਕ ਚੰਗੀ ਮਿਸਾਲ ਕਾਇਮ ਕੀਤੀ। ਯਹੋਵਾਹ ਦੀ ਯਾਦ ਜਾਂ ਯਾਦਗਾਰੀ ਹੈ ਕੀ? ਕੂਚ 3:15 ਕਹਿੰਦਾ ਹੈ: “ਯਹੋਵਾਹ . . . ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ ਅਤੇ ਪੀੜ੍ਹੀਓਂ ਪੀੜ੍ਹੀ ਮੇਰੀ ਏਹੋ ਹੀ ਯਾਦਗਾਰੀ ਹੈ।” ਯਸਾਯਾਹ ਨੇ ਯਹੋਵਾਹ ਦੇ ਨਾਂ ਅਤੇ ਜੋ ਕੁਝ ਉਹ ਨਾਂ ਦਰਸਾਉਂਦਾ ਹੈ, ਉਸ ਨਾਲ ਪ੍ਰੀਤ ਰੱਖੀ। ਇਸ ਵਿਚ ਉਸ ਦੇ ਧਰਮੀ ਅਸੂਲ ਅਤੇ ਰਾਹ ਵੀ ਸ਼ਾਮਲ ਹਨ। ਜਿਹੜੇ ਯਹੋਵਾਹ ਨਾਲ ਅਜਿਹਾ ਪਿਆਰ ਕਰਦੇ ਹਨ, ਉਨ੍ਹਾਂ ਨੂੰ ਉਸ ਦੀ ਅਸੀਸ ਜ਼ਰੂਰ ਮਿਲੇਗੀ।—ਜ਼ਬੂਰ 5:8; 25:4, 5; 135:13; ਹੋਸ਼ੇਆ 12:5.
17. ਦੁਸ਼ਟ ਲੋਕਾਂ ਨੂੰ ਕਿਹੜੀਆਂ ਬਰਕਤਾਂ ਨਹੀਂ ਮਿਲਣਗੀਆਂ?
17 ਲੇਕਿਨ, ਸਾਰੇ ਲੋਕ ਯਹੋਵਾਹ ਅਤੇ ਉਸ ਦੇ ਧਰਮੀ ਅਸੂਲਾਂ ਨਾਲ ਪਿਆਰ ਨਹੀਂ ਕਰਦੇ। (ਯਸਾਯਾਹ 26:10 ਪੜ੍ਹੋ।) ਦੁਸ਼ਟ ਲੋਕਾਂ ਉੱਤੇ ਮਿਹਰ ਕੀਤੀ ਜਾਣ ਦੇ ਬਾਵਜੂਦ ਵੀ ਉਹ ਜ਼ਿੱਦ ਕਰਦੇ ਹਨ ਅਤੇ ਧਾਰਮਿਕਤਾ ਨਹੀਂ ਸਿੱਖਣੀ ਚਾਹੁੰਦੇ। ਉਹ “ਸਿਧਿਆਈ ਦੇ ਦੇਸ” ਵਿਚ ਨਹੀਂ ਵੜਨਾ ਚਾਹੁੰਦੇ ਜਿੱਥੇ ਯਹੋਵਾਹ ਦੇ ਨੇਕ ਅਤੇ ਵਫ਼ਾਦਾਰ ਸੇਵਕ ਵੱਸਦੇ ਹਨ। ਸਿੱਟੇ ਵਜੋਂ, ਕੋਈ ਵੀ ਦੁਸ਼ਟ ਬੰਦਾ “ਯਹੋਵਾਹ ਦਾ ਤੇਜ ਨਾ ਵੇਖੇਗਾ।” ਉਹ ਉਨ੍ਹਾਂ ਬਰਕਤਾਂ ਦਾ ਆਨੰਦ ਲੈਣ ਤਕ ਜ਼ਿੰਦਾ ਨਹੀਂ ਰਹੇਗਾ ਜੋ ਯਹੋਵਾਹ ਦਾ ਨਾਂ ਪਵਿੱਤਰ ਕੀਤੇ ਜਾਣ ਤੋਂ ਬਾਅਦ ਮਨੁੱਖਜਾਤੀ ਨੂੰ ਮਿਲਣਗੀਆਂ। ਨਵੇਂ ਸੰਸਾਰ ਵਿਚ ਵੀ, ਜਦੋਂ ਸਾਰੀ ਧਰਤੀ ‘ਸਿਧਿਆਈ ਦਾ ਦੇਸ’ ਹੋਵੇਗੀ, ਤਾਂ ਕੁਝ ਲੋਕ ਯਹੋਵਾਹ ਦੀ ਮਿਹਰ ਪ੍ਰਾਪਤ ਨਹੀਂ ਕਰਨੀ ਚਾਹੁਣਗੇ। ਅਜਿਹੇ ਲੋਕਾਂ ਦੇ ਨਾਂ ਜੀਵਨ ਦੀ ਪੋਥੀ ਵਿਚ ਨਹੀਂ ਲਿਖੇ ਜਾਣਗੇ।—ਯਸਾਯਾਹ 65:20; ਪਰਕਾਸ਼ ਦੀ ਪੋਥੀ 20:12, 15.
18. ਯਸਾਯਾਹ ਦੇ ਜ਼ਮਾਨੇ ਵਿਚ ਕੁਝ ਲੋਕਾਂ ਨੇ ਅੰਨ੍ਹੇ ਰਹਿਣਾ ਕਿਵੇਂ ਪਸੰਦ ਕੀਤਾ ਅਤੇ ਉਨ੍ਹਾਂ ਨੂੰ ਯਹੋਵਾਹ ਨੂੰ ਕਦੋਂ ‘ਵੇਖਣਾ’ ਪਿਆ?
18 “ਹੇ ਯਹੋਵਾਹ, ਤੇਰਾ ਹੱਥ ਚੁੱਕਿਆ ਹੋਇਆ ਹੈ, ਪਰ ਓਹ ਵੇਖਦੇ ਨਹੀਂ, ਓਹ ਪਰਜਾ ਲਈ ਤੇਰੀ ਅਣਖ ਨੂੰ ਵੇਖਣ ਤੇ ਲਾਜ ਖਾਣ, ਹਾਂ, ਅੱਗ ਤੇਰੇ ਵਿਰੋਧੀਆਂ ਨੂੰ ਭਸਮ ਕਰੇ!” (ਯਸਾਯਾਹ 26:11) ਯਸਾਯਾਹ ਦੇ ਜ਼ਮਾਨੇ ਵਿਚ, ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਉਨ੍ਹਾਂ ਦੇ ਦੁਸ਼ਮਣਾਂ ਵਿਰੁੱਧ ਆਪਣਾ ਹੱਥ ਚੁੱਕਿਆ ਸੀ। ਪਰ ਕਈ ਲੋਕ ਇਹ ਗੱਲ ਨਹੀਂ ਮੰਨਦੇ ਸਨ। ਇਨ੍ਹਾਂ ਲੋਕਾਂ ਨੇ ਰੂਹਾਨੀ ਤੌਰ ਤੇ ਅੰਨ੍ਹੇ ਰਹਿਣਾ ਪਸੰਦ ਕੀਤਾ, ਪਰ ਅਖ਼ੀਰ ਵਿਚ ਇਨ੍ਹਾਂ ਲੋਕਾਂ ਨੂੰ ਯਹੋਵਾਹ ਨੂੰ ‘ਵੇਖਣਾ’ ਜਾਂ ਪਛਾਣਨਾ ਪਿਆ ਸੀ ਜਦੋਂ ਉਹ ਉਸ ਦੀ ਅਣਖ ਦੀ ਅੱਗ ਵਿਚ ਭਸਮ ਕੀਤੇ ਗਏ ਸਨ। (ਸਫ਼ਨਯਾਹ 1:18) ਬਾਅਦ ਵਿਚ ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ ਸੀ ਕਿ “ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!”—ਹਿਜ਼ਕੀਏਲ 38:23.
‘ਯਹੋਵਾਹ ਜਿਹ ਦੇ ਨਾਲ ਪਿਆਰ ਕਰਦਾ ਹੈ, ਉਹ ਨੂੰ ਤਾੜਦਾ ਹੈ’
19, 20. ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਉਂ ਅਤੇ ਕਦੋਂ ਤਾੜਿਆ ਅਤੇ ਇਸ ਤਾੜਨਾ ਤੋਂ ਕਿਨ੍ਹਾਂ ਨੂੰ ਫ਼ਾਇਦਾ ਹੋਇਆ?
19 ਯਸਾਯਾਹ ਜਾਣਦਾ ਸੀ ਕਿ ਉਸ ਦੇ ਦੇਸ਼ ਦੇ ਲੋਕ ਜੋ ਵੀ ਸੁਖ-ਸ਼ਾਂਤੀ ਮਾਣਦੇ ਸਨ ਉਹ ਯਹੋਵਾਹ ਦੀ ਬਰਕਤ ਕਰਕੇ ਸੀ। “ਹੇ ਯਹੋਵਾਹ, ਤੂੰ ਸਾਡੇ ਲਈ ਸ਼ਾਂਤੀ ਠਹਿਰਾਵੇਂਗਾ, ਤੈਂ ਸਾਡੇ ਲਈ ਸਾਡੇ ਸਭ ਕੰਮ ਜੋ ਪੂਰੇ ਕੀਤੇ।” (ਯਸਾਯਾਹ 26:12) ਭਾਵੇਂ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ “ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ” ਬਣਨ ਦਾ ਮੌਕਾ ਦਿੱਤਾ ਸੀ, ਪਰ ਯਹੂਦਾਹ ਦੇ ਲੋਕ ਹਮੇਸ਼ਾ ਚੰਗੇ ਨਹੀਂ ਰਹੇ। (ਕੂਚ 19:6) ਵਾਰ-ਵਾਰ ਉਨ੍ਹਾਂ ਨੇ ਝੂਠੇ ਦੇਵਤਿਆਂ ਦੀ ਪੂਜਾ ਕੀਤੀ। ਨਤੀਜੇ ਵਜੋਂ, ਕਈ ਮੌਕਿਆਂ ਤੇ ਯਹੋਵਾਹ ਨੇ ਉਨ੍ਹਾਂ ਨੂੰ ਤਾੜਿਆ। ਪਰ, ਅਜਿਹੀ ਤਾੜਨਾ ਯਹੋਵਾਹ ਦੇ ਪਿਆਰ ਦਾ ਸਬੂਤ ਸੀ ਕਿਉਂਕਿ ਯਹੋਵਾਹ “ਜਿਹ ਦੇ ਨਾਲ ਪਿਆਰ ਕਰਦਾ ਹੈ, . . . ਉਹ ਨੂੰ ਤਾੜਦਾ ਹੈ।”—ਇਬਰਾਨੀਆਂ 12:6.
20 ਕਈ ਵਾਰ, ਯਹੋਵਾਹ ਨੇ ਆਪਣੇ ਲੋਕਾਂ ਨੂੰ ਤਾੜਨ ਲਈ ਉਨ੍ਹਾਂ ਨੂੰ ਦੂਜੀਆਂ ਕੌਮਾਂ ਦੇ ਹੱਥ ਦੇ ਦਿੱਤਾ ਸੀ। ਇਸ ਤਰ੍ਹਾਂ “ਹੋਰਨਾਂ ਪ੍ਰਭੁਆਂ” ਜਾਂ ਰਾਜਿਆਂ ਨੇ ਉਨ੍ਹਾਂ ਉੱਤੇ ਰਾਜ ਕੀਤਾ ਸੀ। (ਯਸਾਯਾਹ 26:13 ਪੜ੍ਹੋ।) ਮਿਸਾਲ ਲਈ, 607 ਸਾ.ਯੁ.ਪੂ. ਵਿਚ ਯਹੋਵਾਹ ਨੇ ਬਾਬਲੀਆਂ ਨੂੰ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਲਿਜਾਣ ਦਿੱਤਾ। ਕੀ ਯਹੋਵਾਹ ਦੇ ਲੋਕਾਂ ਨੂੰ ਇਸ ਦਾ ਕੋਈ ਫ਼ਾਇਦਾ ਹੋਇਆ ਸੀ? ਜਦੋਂ ਕੋਈ ਵਿਅਕਤੀ ਦੁੱਖ ਝੱਲਦਾ ਹੈ ਇਹ ਉਸ ਲਈ ਫ਼ਾਇਦੇਮੰਦ ਨਹੀਂ ਹੁੰਦਾ। ਲੇਕਿਨ, ਜੇ ਦੁੱਖ ਝੱਲਣ ਵਾਲਾ ਇਸ ਤੋਂ ਕੋਈ ਸਬਕ ਸਿੱਖਦਾ ਹੈ, ਤੋਬਾ ਕਰਦਾ ਹੈ, ਅਤੇ ਫਿਰ ਯਹੋਵਾਹ ਦੀ ਅਣਵੰਡੀ ਭਗਤੀ ਕਰਨ ਲੱਗ ਪੈਂਦਾ ਹੈ, ਤਾਂ ਉਸ ਨੂੰ ਫ਼ਾਇਦਾ ਹੁੰਦਾ ਹੈ। (ਬਿਵਸਥਾ ਸਾਰ 4:25-31) ਕੀ ਯਹੂਦੀਆਂ ਵਿੱਚੋਂ ਕੋਈ ਲੋਕ ਪਛਤਾਏ ਸਨ? ਜੀ ਹਾਂ! ਭਵਿੱਖਬਾਣੀ ਵਿਚ ਯਸਾਯਾਹ ਨੇ ਕਿਹਾ: “ਅਸੀਂ ਤੇਰੇ ਹੀ ਨਾਮ ਨੂੰ ਚੇਤੇ ਰੱਖਾਂਗੇ।” ਇਹ ਸੱਚ ਹੈ ਕਿ 537 ਸਾ.ਯੁ.ਪੂ. ਵਿਚ ਜਦੋਂ ਯਹੂਦੀ ਲੋਕ ਬਾਬਲੀ ਗ਼ੁਲਾਮੀ ਵਿੱਚੋਂ ਵਾਪਸ ਮੁੜੇ, ਤਾਂ ਉਹ ਹੋਰ ਦੂਸਰੇ ਅਪਰਾਧਾਂ ਲਈ ਕਈ ਵਾਰ ਤਾੜੇ ਗਏ ਸਨ, ਪਰ ਉਨ੍ਹਾਂ ਨੇ ਫਿਰ ਕਦੀ ਵੀ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਨਹੀਂ ਕੀਤੀ।
21. ਯਹੋਵਾਹ ਦੇ ਲੋਕਾਂ ਉੱਤੇ ਜ਼ੁਲਮ ਕਰਨ ਵਾਲਿਆਂ ਨਾਲ ਕੀ ਹੋਇਆ?
21 ਯਹੂਦੀ ਲੋਕਾਂ ਨੂੰ ਕੈਦ ਕਰਨ ਵਾਲਿਆਂ ਨਾਲ ਕੀ ਹੋਇਆ? “ਓਹ ਮੁਰਦੇ ਹਨ, ਓਹ ਨਾ ਜੀਉਣਗੇ, . . . ਓਹ ਨਾ ਉੱਠਣਗੇ, ਐਉਂ ਤੈਂ ਓਹਨਾਂ ਦੀ ਖਬਰ ਲਈ ਅਤੇ ਓਹਨਾਂ ਨੂੰ ਗੁਲ ਕਰ ਦਿੱਤਾ, ਅਤੇ ਓਹਨਾਂ ਦੀ ਸਾਰੀ ਯਾਦ ਮਿਟਾ ਦਿੱਤੀ।” (ਯਸਾਯਾਹ 26:14) ਬਾਬਲ ਨੂੰ ਯਹੋਵਾਹ ਦੀ ਚੁਣੀ ਹੋਈ ਕੌਮ ਉੱਤੇ ਜ਼ੁਲਮ ਕਰਨ ਲਈ ਲੇਖਾ ਦੇਣਾ ਪਿਆ। ਮਾਦੀਆਂ ਅਤੇ ਫ਼ਾਰਸੀਆਂ ਰਾਹੀਂ, ਯਹੋਵਾਹ ਨੇ ਘਮੰਡੀ ਬਾਬਲ ਨੂੰ ਢਾਹ ਕੇ ਆਪਣੇ ਗ਼ੁਲਾਮ ਲੋਕਾਂ ਨੂੰ ਆਜ਼ਾਦ ਕੀਤਾ। ਬਾਬਲ ਦੇ ਵਾਸੀ ਮਾਨੋ ਮਾਰੇ ਹੀ ਗਏ। ਅਖ਼ੀਰ ਵਿਚ, ਇਹ ਵੱਡਾ ਸ਼ਹਿਰ ਪੂਰੀ ਤਰ੍ਹਾਂ ਖ਼ਤਮ ਹੋ ਗਿਆ।
22. ਅੱਜ ਦੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਬਰਕਤ ਕਿਵੇਂ ਮਿਲੀ ਹੈ?
22 ਅੱਜ ਦੇ ਜ਼ਮਾਨੇ ਵਿਚ ਇਸ ਭਵਿੱਖਬਾਣੀ ਦੀ ਪੂਰਤੀ ਵਿਚ, ਰੂਹਾਨੀ ਇਸਰਾਏਲ ਦਾ ਸ਼ੁੱਧ ਕੀਤਾ ਗਿਆ ਬਕੀਆ 1919 ਵਿਚ ਵੱਡੀ ਬਾਬੁਲ ਤੋਂ ਛੁਡਾਇਆ ਗਿਆ ਅਤੇ ਯਹੋਵਾਹ ਦੀ ਸੇਵਾ ਫਿਰ ਤੋਂ ਕਰਨ ਲੱਗ ਪਿਆ। ਇਹ ਮਸਹ ਕੀਤੇ ਹੋਏ ਮਸੀਹੀ ਦੁਬਾਰਾ ਜੋਸ਼ ਨਾਲ ਪ੍ਰਚਾਰ ਦਾ ਕੰਮ ਕਰਨ ਲੱਗ ਪਏ। (ਮੱਤੀ 24:14) ਯਹੋਵਾਹ ਨੇ ਉਨ੍ਹਾਂ ਨੂੰ ਬਰਕਤ ਦਿੱਤੀ ਅਤੇ ਉਹ ਵਧੇ-ਫੁੱਲੇ ਜਿਸ ਕਾਰਨ ‘ਹੋਰ ਭੇਡਾਂ’ ਦੀ ਵੱਡੀ ਭੀੜ ਉਨ੍ਹਾਂ ਦੇ ਨਾਲ ਸੇਵਾ ਕਰਨ ਲੱਗ ਪਈ। (ਯੂਹੰਨਾ 10:16) “ਯਹੋਵਾਹ, ਤੈਂ ਕੌਮ ਨੂੰ ਵਧਾਇਆ, ਤੈਂ ਕੌਮ ਨੂੰ ਵਧਾਇਆ, ਤੈਂ ਜਲਾਲ ਪਾਇਆ, ਤੈਂ ਦੇਸ ਦੀਆਂ ਹੱਦਾਂ ਨੂੰ ਦੂਰ ਦੂਰ ਫੈਲਾਇਆ। ਹੇ ਯਹੋਵਾਹ, ਦੁਖ ਵਿੱਚ ਓਹਨਾਂ ਨੇ ਤੈਨੂੰ ਤੱਕਿਆ, ਜਦ ਤੇਰਾ ਦਬਕਾ ਓਹਨਾਂ ਉੱਤੇ ਹੋਇਆ, ਤਾਂ ਓਹ ਹੌਲੀ ਹੌਲੀ ਪ੍ਰਾਰਥਨਾ ਕਰਨ ਲੱਗੇ।”—ਯਸਾਯਾਹ 26:15, 16.
‘ਉਹ ਉੱਠਣਗੇ’
23. (ੳ) ਸੰਨ 537 ਸਾ.ਯੁ.ਪੂ. ਵਿਚ ਯਹੋਵਾਹ ਨੇ ਆਪਣੀ ਵੱਡੀ ਸ਼ਕਤੀ ਦਾ ਸਬੂਤ ਕਿਵੇਂ ਦਿੱਤਾ? (ਅ) ਸੰਨ 1919 ਵਿਚ ਵੀ ਅਜਿਹਾ ਸਬੂਤ ਫਿਰ ਤੋਂ ਕਿਵੇਂ ਦੇਖਿਆ ਗਿਆ ਸੀ?
23 ਯਸਾਯਾਹ ਨੇ ਫਿਰ ਤੋਂ ਬਾਬਲ ਵਿਚ ਯਹੂਦਾਹ ਦੀ ਗ਼ੁਲਾਮੀ ਬਾਰੇ ਗੱਲ ਕੀਤੀ। ਉਸ ਨੇ ਕੌਮ ਦੀ ਤੁਲਨਾ ਇਕ ਅਜਿਹੀ ਔਰਤ ਨਾਲ ਕੀਤੀ ਜਿਸ ਨੂੰ ਜਣਨ ਦੀਆਂ ਪੀੜਾਂ ਲੱਗੀਆਂ ਹੋਈਆਂ ਸਨ ਅਤੇ ਉਹ ਕਿਸੇ ਦੀ ਮਦਦ ਤੋਂ ਬਿਨਾਂ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਸੀ। (ਯਸਾਯਾਹ 26:17, 18 ਪੜ੍ਹੋ।) ਯਹੋਵਾਹ ਦੇ ਲੋਕਾਂ ਨੂੰ ਇਹ ਮਦਦ 537 ਸਾ.ਯੁ.ਪੂ. ਵਿਚ ਮਿਲੀ ਜਦੋਂ ਉਹ ਆਪਣੇ ਦੇਸ਼ ਨੂੰ ਵਾਪਸ ਆਏ। ਉਹ ਹੈਕਲ ਦੁਬਾਰਾ ਉਸਾਰਨੀ ਅਤੇ ਸੱਚੀ ਉਪਾਸਨਾ ਦੁਬਾਰਾ ਸ਼ੁਰੂ ਕਰਨੀ ਚਾਹੁੰਦੇ ਸਨ। ਇਹ ਕਿਹਾ ਜਾ ਸਕਦਾ ਸੀ ਕਿ ਕੌਮ ਮੁਰਦਿਆਂ ਵਿੱਚੋਂ ਜੀਉਂਦੀ ਕੀਤੀ ਗਈ ਸੀ। “ਤੇਰੇ ਮੁਰਦੇ ਜੀਉਣਗੇ, ਮੇਰੀਆਂ ਲੋਥਾਂ ਉੱਠਣਗੀਆਂ। ਹੇ ਖ਼ਾਕ ਦੇ ਵਾਸੀਓ, ਜਾਗੋ, ਜੈਕਾਰਾ ਗਜਾਓ! ਕਿਉਂ ਜੋ ਤੇਰੀ ਤ੍ਰੇਲ ਬੂਟੀਆਂ ਦੀ ਤ੍ਰੇਲ ਹੈ।” (ਯਸਾਯਾਹ 26:19) ਯਹੋਵਾਹ ਦੀ ਸ਼ਕਤੀ ਦਾ ਇਹ ਕਿੰਨਾ ਵੱਡਾ ਸਬੂਤ ਸੀ! ਇਸ ਤੋਂ ਇਲਾਵਾ, 1919 ਵਿਚ ਜਦੋਂ ਇਹ ਸ਼ਬਦ ਰੂਹਾਨੀ ਤੌਰ ਤੇ ਪੂਰੇ ਹੋਏ, ਤਾਂ ਉਦੋਂ ਵੀ ਯਹੋਵਾਹ ਦੀ ਸ਼ਕਤੀ ਦਾ ਸਬੂਤ ਦੇਖਿਆ ਗਿਆ ਸੀ। (ਪਰਕਾਸ਼ ਦੀ ਪੋਥੀ 11:7-11) ਅਤੇ ਅਸੀਂ ਉਸ ਸਮੇਂ ਦੀ ਉਡੀਕ ਕਰਦੇ ਹਾਂ ਜਦੋਂ ਨਵੇਂ ਸੰਸਾਰ ਵਿਚ ਇਹ ਸ਼ਬਦ ਸੱਚ-ਮੁੱਚ ਪੂਰੇ ਹੋਣਗੇ। ਉਦੋਂ ਮੁਰਦੇ ‘ਯਿਸੂ ਦੀ ਅਵਾਜ਼ ਸੁਣਨਗੇ’ ਅਤੇ ਕਬਰਾਂ ਵਿੱਚੋਂ “ਨਿੱਕਲ ਆਉਣਗੇ।”—ਯੂਹੰਨਾ 5:28, 29.
24, 25. (ੳ) ਸੰਨ 539 ਸਾ.ਯੁ.ਪੂ. ਵਿਚ ਯਹੂਦੀਆਂ ਨੇ ਲੁਕਣ ਬਾਰੇ ਯਹੋਵਾਹ ਦਾ ਹੁਕਮ ਸ਼ਾਇਦ ਕਿਵੇਂ ਮੰਨਿਆ ਹੋਵੇ? (ਅ) ਅੱਜ ਦੇ ਜ਼ਮਾਨੇ ਵਿਚ “ਕੋਠੜੀਆਂ” ਕੀ ਹੋ ਸਕਦੀਆਂ ਹਨ ਅਤੇ ਇਨ੍ਹਾਂ ਪ੍ਰਤੀ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ?
24 ਪਰ, ਜੇ ਵਫ਼ਾਦਾਰ ਲੋਕ ਯਸਾਯਾਹ ਦੁਆਰਾ ਦੱਸੀਆਂ ਗਈਆਂ ਰੂਹਾਨੀ ਬਰਕਤਾਂ ਚਾਹੁੰਦੇ ਸਨ, ਤਾਂ ਉਨ੍ਹਾਂ ਨੂੰ ਯਹੋਵਾਹ ਦੇ ਹੁਕਮ ਮੰਨਣੇ ਪੈਣੇ ਸਨ: “ਹੇ ਮੇਰੀ ਪਰਜਾ, ਆਪਣੀਆਂ ਕੋਠੜੀਆਂ ਵਿੱਚ ਵੜ, ਆਪਣੇ ਬੂਹੇ ਆਪਣੇ ਉੱਤੇ ਭੇੜ ਲੈ, ਥੋੜੇ ਚਿਰ ਲਈ ਆਪ ਨੂੰ ਲੁਕਾ, ਜਦ ਤੀਕ ਕਹਿਰ ਟਲ ਨਾ ਜਾਵੇ। ਵੇਖੋ ਤਾਂ, ਯਹੋਵਾਹ ਆਪਣੇ ਅਸਥਾਨ ਤੋਂ ਨਿੱਕਲ ਰਿਹਾ ਹੈ, ਭਈ ਉਹ ਧਰਤੀ ਦੇ ਵਾਸੀਆਂ ਦੇ ਉੱਤੇ ਉਨ੍ਹਾਂ ਦੀ ਬਦੀ ਦੀ ਸਜ਼ਾ ਦੇਵੇ। ਧਰਤੀ ਆਪਣਾ ਖੂਨ ਪਰਗਟ ਕਰੇਗੀ, ਅਤੇ ਫੇਰ ਆਪਣੇ ਵੱਢੇ ਹੋਇਆਂ ਨੂੰ ਨਾ ਢੱਕੇਗੀ।” (ਯਸਾਯਾਹ 26:20, 21. ਸਫ਼ਨਯਾਹ 1:14 ਦੀ ਤੁਲਨਾ ਕਰੋ।) ਹੋ ਸਕਦਾ ਹੈ ਕਿ ਇਨ੍ਹਾਂ ਸ਼ਬਦਾਂ ਦੀ ਪਹਿਲੀ ਪੂਰਤੀ 539 ਸਾ.ਯੁ.ਪੂ. ਵਿਚ ਹੋਈ ਸੀ ਜਦੋਂ ਰਾਜਾ ਖੋਰਸ ਦੇ ਅਧੀਨ ਮਾਦੀਆਂ ਅਤੇ ਫ਼ਾਰਸੀਆਂ ਨੇ ਬਾਬਲ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਜ਼ੈਨੋਫ਼ਨ ਨਾਂ ਦੇ ਯੂਨਾਨੀ ਇਤਿਹਾਸਕਾਰ ਦੇ ਅਨੁਸਾਰ, ਜਦੋਂ ਖੋਰਸ ਬਾਬਲ ਵਿਚ ਵੜਿਆ ਤਾਂ ਉਸ ਨੇ ਹੁਕਮ ਦਿੱਤਾ ਸੀ ਕਿ ਸਾਰੇ ਲੋਕ ਆਪਣੇ ਘਰਾਂ ਦੇ ਅੰਦਰ ਰਹਿਣ। ਕਿਉਂ? ਕਿਉਂਕਿ ਫ਼ੌਜੀਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ “ਜਿਹੜੇ ਵੀ ਲੋਕ ਬਾਹਰ ਹਨ, ਉਨ੍ਹਾਂ ਨੂੰ ਮਾਰਿਆ ਜਾਵੇ।” ਅੱਜ, ਇਸ ਭਵਿੱਖਬਾਣੀ ਦੀਆਂ “ਕੋਠੜੀਆਂ” ਦਾ ਸੰਬੰਧ ਸ਼ਾਇਦ ਸੰਸਾਰ ਭਰ ਵਿਚ ਯਹੋਵਾਹ ਦੇ ਲੋਕਾਂ ਦੀਆਂ ਹਜ਼ਾਰਾਂ ਕਲੀਸਿਯਾਵਾਂ ਨਾਲ ਹੋਵੇ। ਇਹ ਕਲੀਸਿਯਾਵਾਂ “ਵੱਡੀ ਬਿਪਤਾ” ਦੌਰਾਨ ਵੀ ਸਾਡੀਆਂ ਜ਼ਿੰਦਗੀਆਂ ਦਾ ਜ਼ਰੂਰੀ ਹਿੱਸਾ ਰਹਿਣਗੀਆਂ। (ਪਰਕਾਸ਼ ਦੀ ਪੋਥੀ 7:14) ਇਹ ਕਿੰਨਾ ਜ਼ਰੂਰੀ ਹੈ ਕਿ ਕਲੀਸਿਯਾ ਬਾਰੇ ਸਾਡੀ ਸੋਚਣੀ ਅਤੇ ਸਾਡਾ ਰਵੱਈਆ ਚੰਗਾ ਰਹੇ ਅਤੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਬਾਕਾਇਦਾ ਸੰਗਤ ਕਰਦੇ ਰਹੀਏ!—ਇਬਰਾਨੀਆਂ 10:24, 25.
25 ਬਹੁਤ ਜਲਦੀ ਸ਼ਤਾਨ ਦੀ ਦੁਨੀਆਂ ਦਾ ਅੰਤ ਹੋਵੇਗਾ। ਅਸੀਂ ਅਜੇ ਇਹ ਨਹੀਂ ਜਾਣਦੇ ਕਿ ਉਸ ਡਰਾਉਣੇ ਸਮੇਂ ਦੌਰਾਨ ਯਹੋਵਾਹ ਆਪਣੇ ਲੋਕਾਂ ਦੀ ਰੱਖਿਆ ਕਿਵੇਂ ਕਰੇਗਾ। (ਸਫ਼ਨਯਾਹ 2:3) ਪਰ, ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਸਾਡਾ ਬਚਾਅ ਯਹੋਵਾਹ ਵਿਚ ਵਿਸ਼ਵਾਸ, ਉਸ ਦੇ ਪ੍ਰਤੀ ਸਾਡੀ ਆਗਿਆਕਾਰੀ ਅਤੇ ਵਫ਼ਾਦਾਰੀ ਉੱਤੇ ਨਿਰਭਰ ਕਰਦਾ ਹੈ।
26. (ੳ) ਯਸਾਯਾਹ ਦੇ ਜ਼ਮਾਨੇ ਵਿਚ “ਲਿਵਯਾਥਾਨ” ਕੌਣ ਸੀ ਅਤੇ ਸਾਡੇ ਜ਼ਮਾਨੇ ਵਿਚ ਉਹ ਕੌਣ ਹੈ? (ਅ) “ਸਰਾਲ ਨੂੰ ਜਿਹੜੀ ਸਮੁੰਦਰ ਵਿੱਚ ਹੈ” ਕੀ ਹੋਵੇਗਾ?
26 ਉਸ ਸਮੇਂ ਬਾਰੇ ਯਸਾਯਾਹ ਨੇ ਭਵਿੱਖਬਾਣੀ ਕੀਤੀ: “ਓਸ ਦਿਨ ਯਹੋਵਾਹ ਆਪਣੀ ਤਿੱਖੀ, ਵੱਡੀ ਤੇ ਤਕੜੀ ਤਲਵਾਰ ਨਾਲ ਲਿਵਯਾਥਾਨ ਨੱਠਣ ਵਾਲੇ ਸੱਪ ਉੱਤੇ ਅਰਥਾਤ ਲਿਵਯਾਥਾਨ ਕੁੰਡਲੀਦਾਰ ਸੱਪ ਉੱਤੇ ਸਜ਼ਾ ਲਾਵੇਗਾ ਅਤੇ ਉਸ ਸਰਾਲ ਨੂੰ ਜਿਹੜੀ ਸਮੁੰਦਰ ਵਿੱਚ ਹੈ ਕਤਲ ਕਰੇਗਾ।” (ਯਸਾਯਾਹ 27:1) ਪਹਿਲੀ ਪੂਰਤੀ ਵਿਚ “ਲਿਵਯਾਥਾਨ” ਨੇ ਬਾਬਲ, ਮਿਸਰ, ਅਤੇ ਅੱਸ਼ੂਰ ਵਰਗੇ ਮੁਲਕਾਂ ਨੂੰ ਦਰਸਾਇਆ ਜਿੱਥੇ ਇਸਰਾਏਲੀ ਖਿੰਡੇ ਹੋਏ ਸਨ। ਇਹ ਮੁਲਕ ਯਹੋਵਾਹ ਦੇ ਲੋਕਾਂ ਨੂੰ ਸਹੀ ਸਮੇਂ ਤੇ ਆਪਣੇ ਦੇਸ਼ ਵਾਪਸ ਜਾਣ ਤੋਂ ਨਹੀਂ ਰੋਕ ਸਕੇ। ਪਰ ਅੱਜ ਦਾ ਲਿਵਯਾਥਾਨ ਕੌਣ ਹੈ? ਲੱਗਦਾ ਹੈ ਕਿ ਇਹ “ਉਹ ਪੁਰਾਣਾ ਸੱਪ” ਸ਼ਤਾਨ ਅਤੇ ਧਰਤੀ ਉੱਤੇ ਉਸ ਦੀ ਦੁਸ਼ਟ ਦੁਨੀਆਂ ਹੈ। ਇਹ ਦੁਨੀਆਂ ਰੂਹਾਨੀ ਇਸਰਾਏਲ ਨਾਲ ਲੜਨ ਲਈ ਸ਼ਤਾਨ ਦਾ ਹਥਿਆਰ ਹੈ। (ਪਰਕਾਸ਼ ਦੀ ਪੋਥੀ 12:9, 10; 13:14, 16, 17; 18:24) ਸੰਨ 1919 ਵਿਚ ਪਰਮੇਸ਼ੁਰ ਦੇ ਲੋਕ “ਲਿਵਯਾਥਾਨ” ਦੇ ਵੱਸ ਵਿਚ ਨਹੀਂ ਰਹੇ ਅਤੇ ਪਰਮੇਸ਼ੁਰ ਬਹੁਤ ਜਲਦੀ ਇਸ ਲਿਵਯਾਥਾਨ ਨੂੰ ਖ਼ਤਮ ਕਰੇਗਾ ਜਦੋਂ ਯਹੋਵਾਹ “ਉਸ ਸਰਾਲ ਨੂੰ ਜਿਹੜੀ ਸਮੁੰਦਰ ਵਿੱਚ ਹੈ ਕਤਲ ਕਰੇਗਾ।” ਇਸ ਤੋਂ ਪਹਿਲਾਂ, “ਲਿਵਯਾਥਾਨ” ਪਰਮੇਸ਼ੁਰ ਦੇ ਲੋਕਾਂ ਵਿਰੁੱਧ ਜੋ ਕੁਝ ਵੀ ਕਰੇਗਾ ਉਹ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਵੇਗਾ।—ਯਸਾਯਾਹ 54:17.
“ਇੱਕ ਰਸਿਆ ਹੋਇਆ ਅੰਗੂਰੀ ਬਾਗ”
27, 28. (ੳ) ਯਹੋਵਾਹ ਦੇ ਅੰਗੂਰੀ ਬਾਗ਼ ਨੇ ਸਾਰੀ ਧਰਤੀ ਨੂੰ ਕਿਸ ਨਾਲ ਭਰ ਦਿੱਤਾ ਹੈ? (ਅ) ਯਹੋਵਾਹ ਆਪਣੇ ਅੰਗੂਰੀ ਬਾਗ਼ ਦੀ ਰੱਖਿਆ ਕਿਵੇਂ ਕਰਦਾ ਹੈ?
27 ਇਕ ਹੋਰ ਗੀਤ ਨਾਲ ਯਸਾਯਾਹ ਨੇ ਯਹੋਵਾਹ ਦੇ ਆਜ਼ਾਦ ਲੋਕਾਂ ਦੀ ਰੂਹਾਨੀ ਦਸ਼ਾ ਨੂੰ ਸੋਹਣੀ ਤਰ੍ਹਾਂ ਦਰਸਾਇਆ: “ਉਸ ਦਿਨ ਇੱਕ ਰਸਿਆ ਹੋਇਆ ਅੰਗੂਰੀ ਬਾਗ, ਉਹ ਦਾ ਗੀਤ ਗਾਓ! ਮੈਂ ਯਹੋਵਾਹ ਉਹ ਦਾ ਰਾਖਾ ਹਾਂ, ਮੈਂ ਉਹ ਨੂੰ ਹਰ ਦਮ ਸਿੰਜਦਾ ਰਹਾਂਗਾ, ਮਤੇ ਕੋਈ ਉਹ ਦਾ ਨੁਕਸਾਨ ਕਰੇ, ਮੈਂ ਰਾਤ ਦਿਨ ਉਹ ਦੀ ਰਾਖੀ ਕਰਾਂਗਾ।” (ਯਸਾਯਾਹ 27:2, 3) ਰੂਹਾਨੀ ਇਸਰਾਏਲ ਅਤੇ ਉਸ ਦੇ ਮਿਹਨਤੀ ਸਾਥੀਆਂ ਨੇ ਅਸਲ ਵਿਚ ਸਾਰੀ ਧਰਤੀ ਨੂੰ ਰੂਹਾਨੀ ਫਲ ਨਾਲ ਭਰ ਦਿੱਤਾ ਹੈ। ਇਹ ਖ਼ੁਸ਼ੀ ਮਨਾਉਣ ਅਤੇ ਗੀਤ ਗਾਉਣ ਦਾ ਕਿੰਨਾ ਚੰਗਾ ਕਾਰਨ ਹੈ! ਸਾਰੀ ਵਡਿਆਈ ਯਹੋਵਾਹ ਦੀ ਹੈ ਜੋ ਪ੍ਰੇਮ ਨਾਲ ਆਪਣੇ ਅੰਗੂਰੀ ਬਾਗ਼ ਦੀ ਦੇਖ-ਭਾਲ ਕਰਦਾ ਹੈ।—ਯੂਹੰਨਾ 15:1-8 ਦੀ ਤੁਲਨਾ ਕਰੋ।
28 ਵਾਕਈ, ਯਹੋਵਾਹ ਦਾ ਪਹਿਲਾ ਗੁੱਸਾ ਠੰਢਾ ਹੋ ਕੇ ਆਨੰਦ ਵਿਚ ਬਦਲ ਗਿਆ ਹੈ! “ਮੈਨੂੰ ਗੁੱਸਾ ਨਹੀਂ। ਕਾਸ਼ ਕਿ ਕੰਡੇ ਤੇ ਕੰਡਿਆਲੇ ਮੇਰੇ ਵਿਰੁੱਧ ਲੜਾਈ ਵਿੱਚ ਹੁੰਦੇ! ਮੈਂ ਉਨ੍ਹਾਂ ਦੇ ਉੱਤੇ ਚੜ੍ਹਾਈ ਕਰਦਾ, ਮੈਂ ਉਨ੍ਹਾਂ ਨੂੰ ਇਕੱਠੇ ਸਾੜ ਸੁੱਟਦਾ। ਯਾ ਓਹ ਮੇਰੀ ਓਟ ਨੂੰ ਤਕੜੇ ਹੋ ਕੇ ਫੜਨ, ਓਹ ਮੇਰੇ ਨਾਲ ਸੁਲਾਹ ਕਰਨ, ਹਾਂ, ਸੁਲਾਹ ਕਰਨ ਮੇਰੇ ਨਾਲ।” (ਯਸਾਯਾਹ 27:4, 5) ਇਹ ਨਿਸ਼ਚਿਤ ਕਰਨ ਲਈ ਕਿ ਉਸ ਦੀਆਂ ਵੇਲਾਂ ਬਹੁਤ ਸਾਰਾ ਰਸ ਪੈਦਾ ਕਰਦੀਆਂ ਰਹਿਣ, ਯਹੋਵਾਹ ਕੰਡਿਆਲੇ ਵਰਗਾ ਕੋਈ ਵੀ ਪ੍ਰਭਾਵ, ਜੋ ਉਸ ਦੇ ਬਾਗ਼ ਨੂੰ ਖ਼ਰਾਬ ਕਰ ਸਕਦਾ ਹੈ, ਕੱਢ ਕੇ ਮਾਨੋ ਅੱਗ ਨਾਲ ਸਾੜ ਸੁੱਟਦਾ ਹੈ। ਇਸ ਲਈ, ਕੋਈ ਵੀ ਮਸੀਹੀ ਕਲੀਸਿਯਾ ਦੀ ਭਲਾਈ ਨੂੰ ਖ਼ਤਰੇ ਵਿਚ ਨਾ ਪਾਵੇ! ਸਗੋਂ, ਸਾਰੇ ਲੋਕ ‘ਯਹੋਵਾਹ ਦੀ ਓਟ ਨੂੰ ਤਕੜੇ ਹੋ ਕੇ ਫੜਨ’ ਨਾਲੇ ਉਸ ਦੀ ਕਿਰਪਾ ਅਤੇ ਸੁਰੱਖਿਆ ਭਾਲਣ। ਇਸ ਤਰ੍ਹਾਂ ਕਰਨ ਨਾਲ ਉਹ ਪਰਮੇਸ਼ੁਰ ਨਾਲ ਸੁਲ੍ਹਾ ਕਰਦੇ ਹਨ। ਇਹ ਗੱਲ ਇੰਨੀ ਜ਼ਰੂਰੀ ਹੈ ਕਿ ਯਸਾਯਾਹ ਨੇ ਇਸ ਦਾ ਦੋ ਵਾਰ ਜ਼ਿਕਰ ਕੀਤਾ। ਸੁਲ੍ਹਾ ਕਰਨ ਦਾ ਨਤੀਜਾ ਕੀ ਹੋਵੇਗਾ? “ਆਉਣ ਵਾਲਿਆਂ ਸਮਿਆਂ ਵਿੱਚ ਯਾਕੂਬ ਜੜ੍ਹ ਫੜੇਗਾ, ਇਸਰਾਏਲ ਫੁੱਟੇਗਾ ਤੇ ਫੁੱਲੇਗਾ, ਅਤੇ ਜਗਤ ਦੀ ਪਰਤ ਨੂੰ ਫਲ ਨਾਲ ਭਰ ਦੇਵੇਗਾ।” (ਯਸਾਯਾਹ 27:6)c ਇਸ ਆਇਤ ਦੀ ਪੂਰਤੀ ਤੋਂ ਅਸੀਂ ਯਹੋਵਾਹ ਦੀ ਸ਼ਕਤੀ ਦਾ ਕਿੰਨਾ ਸੋਹਣਾ ਸਬੂਤ ਦੇਖ ਸਕਦੇ ਹਾਂ! ਸੰਨ 1919 ਤੋਂ ਲੈ ਕੇ ਮਸਹ ਕੀਤੇ ਹੋਏ ਮਸੀਹੀਆਂ ਨੇ ਧਰਤੀ ਨੂੰ “ਫਲ,” ਯਾਨੀ ਰੂਹਾਨੀ ਖ਼ੁਰਾਕ ਨਾਲ ਭਰ ਦਿੱਤਾ ਹੈ। ਨਤੀਜੇ ਵਜੋਂ, ਲੱਖਾਂ ਹੀ ਵਫ਼ਾਦਾਰ ਹੋਰ ਭੇਡਾਂ ਉਨ੍ਹਾਂ ਨਾਲ ਮਿਲ ਗਈਆਂ ਹਨ। ਇਕੱਠੇ ਹੋ ਕੇ ਇਹ “ਰਾਤ ਦਿਨ [ਪਰਮੇਸ਼ੁਰ] ਦੀ ਉਪਾਸਨਾ ਕਰਦੇ ਹਨ।” (ਪਰਕਾਸ਼ ਦੀ ਪੋਥੀ 7:15) ਇਸ ਵਿਗੜੀ ਹੋਈ ਦੁਨੀਆਂ ਵਿਚ ਇਹ ਲੋਕ ਖ਼ੁਸ਼ੀ ਨਾਲ ਉਸ ਦੇ ਨੇਕ ਅਸੂਲਾਂ ਉੱਤੇ ਚੱਲਦੇ ਹਨ। ਯਹੋਵਾਹ ਉਨ੍ਹਾਂ ਨੂੰ ਵਧਾਈ-ਫੁਲਾਈ ਜਾਂਦਾ ਹੈ ਅਤੇ ਉਨ੍ਹਾਂ ਉੱਤੇ ਆਪਣੀ ਬਰਕਤ ਪਾਉਂਦਾ ਹੈ। ਉਮੀਦ ਹੈ ਕਿ ਅਸੀਂ “ਫਲ” ਲੈਣਾ ਅਤੇ ਦੂਸਰਿਆਂ ਨੂੰ ਫਲ ਦੇਣਾ ਨਾ ਭੁੱਲਾਂਗੇ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੀ ਵਡਿਆਈ ਕਰ ਕੇ ਇਸ ਵਧੀਆ ਸਨਮਾਨ ਦੀ ਕਦਰ ਕਰ ਸਕਦੇ ਹਾਂ।
[ਫੁਟਨੋਟ]
a ਆਰ ਨਾਂ ਦਾ ਅਰਥ ਸ਼ਾਇਦ “ਸ਼ਹਿਰ” ਹੋਵੇ।
b ਅੰਗ੍ਰੇਜ਼ੀ ਵਿਚ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! ਪੁਸਤਕ ਦਾ 170ਵਾਂ ਸਫ਼ਾ ਦੇਖੋ।
c ਯਸਾਯਾਹ 27:7-13 ਦੀ ਚਰਚਾ ਸਫ਼ੇ 285 ਉੱਤੇ ਡੱਬੀ ਵਿਚ ਕੀਤੀ ਗਈ ਹੈ।
[ਸਫ਼ਾ 285 ਉੱਤੇ ਡੱਬੀ]
“ਵੱਡੀ ਤੁਰ੍ਹੀ” ਨੇ ਆਜ਼ਾਦੀ ਐਲਾਨ ਕੀਤੀ
ਸੰਨ 607 ਸਾ.ਯੁ.ਪੂ. ਵਿਚ ਯਹੂਦਾਹ ਦੀ ਪੀੜ ਵੱਧ ਗਈ ਜਦੋਂ ਯਹੋਵਾਹ ਨੇ ਆਪਣੀ ਜ਼ਿੱਦੀ ਕੌਮ ਨੂੰ ਗ਼ੁਲਾਮੀ ਵਿਚ ਜਾਣ ਦਿੱਤਾ। (ਯਸਾਯਾਹ 27:7-11 ਪੜ੍ਹੋ।) ਕੌਮ ਦਾ ਪਾਪ ਇੰਨਾ ਵੱਡਾ ਸੀ ਕਿ ਉਸ ਦਾ ਪ੍ਰਾਸਚਿਤ ਪਸ਼ੂਆਂ ਦੀਆਂ ਬਲੀਆਂ ਨਾਲ ਨਹੀਂ ਕੀਤਾ ਜਾ ਸਕਦਾ ਸੀ। ਜਿਸ ਤਰ੍ਹਾਂ ਇਕ ਵਿਅਕਤੀ ਰੌਲਾ ਪਾ ਕੇ ਭੇਡਾਂ ਜਾਂ ਬੱਕਰੀਆਂ ਨੂੰ ਖਿੰਡਾਉਂਦਾ ਹੈ ਜਾਂ ਜਿਸ ਤਰ੍ਹਾਂ ਤੇਜ਼ ਹਵਾ ਪੱਤਿਆਂ ਨੂੰ “ਹਟਾ” ਦਿੰਦੀ ਹੈ, ਉਸੇ ਤਰ੍ਹਾਂ ਯਹੋਵਾਹ ਨੇ ਇਸਰਾਏਲ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦਿੱਤਾ ਸੀ। ਇਸ ਤੋਂ ਬਾਅਦ, ਤੀਵੀਆਂ ਦੁਆਰਾ ਦਰਸਾਏ ਗਏ ਕਮਜ਼ੋਰ ਲੋਕਾਂ ਨੇ ਵੀ ਦੇਸ਼ ਦੀਆਂ ਬਚੀਆਂ-ਖੁਚੀਆਂ ਚੀਜ਼ਾਂ ਨੂੰ ਲੁੱਟ ਲਿਆ।
ਸਮਾਂ ਆਉਣ ਤੇ ਯਹੋਵਾਹ ਨੇ ਆਪਣੇ ਲੋਕਾਂ ਨੂੰ ਗ਼ੁਲਾਮੀ ਵਿੱਚੋਂ ਛੁਡਾਇਆ। ਉਸ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਆਜ਼ਾਦ ਕੀਤਾ ਜਿਸ ਤਰ੍ਹਾਂ ਸਮਾਂ ਆਉਣ ਤੇ ਕਿਸਾਨ ਦਰਖ਼ਤਾਂ ਤੇ ਕੈਦ ਜ਼ੈਤੂਨਾਂ ਨੂੰ ਤੋੜ ਕੇ ਅਜ਼ਾਦ ਕਰ ਦਿੰਦਾ ਹੈ। “ਓਸ ਦਿਨ ਐਉਂ ਹੋਵੇਗਾ ਕਿ ਯਹੋਵਾਹ [ਫਰਾਤ] ਦਰਿਆ ਦੇ ਵਹਾ ਤੋਂ ਲੈ ਕੇ ਮਿਸਰ ਦੇ ਨਾਲੇ ਤੀਕ ਝਾੜ ਦੇਵੇਗਾ, ਅਤੇ ਹੇ ਇਸਰਾਏਲੀਓ, ਤੁਸੀਂ ਇੱਕ ਇੱਕ ਕਰਕੇ ਚੁਗ ਲਏ ਜਾਓਗੇ। ਓਸ ਦਿਨ ਐਉਂ ਹੋਵੇਗਾ ਕਿ ਵੱਡੀ ਤੁਰ੍ਹੀ ਫੂਕੀ ਜਾਵੇਗੀ, ਅਤੇ ਜਿਹੜੇ ਅੱਸ਼ੂਰ ਦੇਸ ਵਿੱਚ ਖਪ ਜਾਣ ਵਾਲੇ ਸਨ, ਅਤੇ ਜਿਹੜੇ ਮਿਸਰ ਦੇਸ ਵਿੱਚ ਕੱਢੇ ਹੋਏ ਸਨ, ਓਹ ਆਉਣਗੇ, ਅਤੇ ਯਰੂਸ਼ਲਮ ਵਿੱਚ ਪਵਿੱਤ੍ਰ ਪਰਬਤ ਉੱਤੇ ਯਹੋਵਾਹ ਨੂੰ ਮੱਥਾ ਟੇਕਣਗੇ।” (ਯਸਾਯਾਹ 27:12, 13) ਸੰਨ 539 ਸਾ.ਯੁ.ਪੂ. ਵਿਚ ਖੋਰਸ ਦੀ ਜਿੱਤ ਤੋਂ ਬਾਅਦ, ਉਸ ਨੇ ਫ਼ਰਮਾਨ ਦਿੱਤਾ ਕਿ ਉਸ ਦੇ ਸਾਮਰਾਜ ਵਿਚ ਸਾਰੇ ਯਹੂਦੀਆਂ ਨੂੰ ਆਜ਼ਾਦ ਕੀਤਾ ਜਾਵੇ। (ਅਜ਼ਰਾ 1:1-4) ਇਸ ਤਰ੍ਹਾਂ ਅੱਸ਼ੂਰ ਅਤੇ ਮਿਸਰ ਦੇ ਯਹੂਦੀ ਵੀ ਆਜ਼ਾਦ ਹੋਏ। ਕਿਹਾ ਜਾ ਸਕਦਾ ਹੈ ਕਿ ਪਰਮੇਸ਼ੁਰ ਦੇ ਲੋਕਾਂ ਨੂੰ ਆਜ਼ਾਦ ਕਰਨ ਲਈ ਇਕ “ਵੱਡੀ ਤੁਰ੍ਹੀ” ਫੂਕੀ ਗਈ ਸੀ।
[ਸਫ਼ਾ 275 ਉੱਤੇ ਤਸਵੀਰਾਂ]
“ਮੋਟੀਆਂ ਵਸਤਾਂ ਦੀ ਦਾਉਤ”
[ਸਫ਼ਾ 277 ਉੱਤੇ ਤਸਵੀਰ]
ਬਾਬਲ ਉਨ੍ਹਾਂ ਦੇ ਪੈਰਾਂ ਹੇਠ ਮਿੱਧਿਆ ਗਿਆ ਜੋ ਉਸ ਵਿਚ ਕੈਦੀ ਸਨ
[ਸਫ਼ਾ 278 ਉੱਤੇ ਤਸਵੀਰ]
‘ਆਪਣੀਆਂ ਕੋਠੜੀਆਂ ਵਿੱਚ ਵੜੋ’