ਅਧਿਆਇ 3
“ਮੈਨੂੰ ਪਰਮੇਸ਼ੁਰ ਵੱਲੋਂ ਦਰਸ਼ਣ ਮਿਲਣੇ ਸ਼ੁਰੂ ਹੋਏ”
ਮੁੱਖ ਗੱਲ: ਯਹੋਵਾਹ ਦੇ ਸਵਰਗੀ ਰਥ ਦੀ ਇਕ ਝਲਕ
1-3. (ੳ) ਦੱਸੋ ਕਿ ਹਿਜ਼ਕੀਏਲ ਨੇ ਕੀ ਦੇਖਿਆ ਅਤੇ ਸੁਣਿਆ। (ਪਹਿਲੀ ਤਸਵੀਰ ਦੇਖੋ।) (ਅ) ਹਿਜ਼ਕੀਏਲ ਨੇ ਕਿਸ ਦੀ ਸ਼ਕਤੀ ਨਾਲ ਦਰਸ਼ਣ ਦੇਖਿਆ ਅਤੇ ਇਸ ਦਾ ਉਸ ʼਤੇ ਕੀ ਅਸਰ ਪਿਆ?
ਹਿਜ਼ਕੀਏਲ ਦੇ ਸਾਮ੍ਹਣੇ ਦੂਰ-ਦੂਰ ਤਕ ਰੇਤਲਾ ਮੈਦਾਨ ਹੈ। ਉਸ ਨੂੰ ਦੂਰ ਇਕ ਚੀਜ਼ ਨਜ਼ਰ ਆਉਂਦੀ ਹੈ ਜੋ ਉਸ ਨੂੰ ਸਾਫ਼-ਸਾਫ਼ ਦਿਖਾਈ ਨਹੀਂ ਦੇ ਰਹੀ। ਪਰ ਜਦੋਂ ਉਸ ਨੂੰ ਉਹ ਚੀਜ਼ ਸਾਫ਼ ਦਿਖਾਈ ਦਿੰਦੀ ਹੈ, ਤਾਂ ਉਸ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ। ਉਹ ਦੇਖਦਾ ਹੈ ਕਿ ਤੂਫ਼ਾਨ ਆਉਣ ਵਾਲਾ ਹੈ। ਇਹ ਕੋਈ ਮਾੜਾ-ਮੋਟਾ ਤੂਫ਼ਾਨ ਨਹੀਂ ਹੈ। ਫਿਰ ਉੱਤਰ ਵੱਲੋਂ ਤੇਜ਼ ਹਨੇਰੀ ਚੱਲਣ ਨਾਲ ਉਸ ਦੇ ਵਾਲ਼ ਤੇ ਕੱਪੜੇ ਉੱਡਣ ਲੱਗ ਪੈਂਦੇ ਹਨ। ਉਹ ਇਕ ਬਹੁਤ ਹੀ ਵੱਡਾ ਬੱਦਲ ਦੇਖਦਾ ਹੈ। ਇਸ ਬੱਦਲ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਹਨ ਤੇ ਇਹ ਬੱਦਲ ਸੋਨੇ-ਚਾਂਦੀ ਵਾਂਗ ਚਮਕ ਰਿਹਾ ਹੈ। ਜਿਉਂ-ਜਿਉਂ ਇਹ ਬੱਦਲ ਹਿਜ਼ਕੀਏਲ ਵੱਲ ਆ ਰਿਹਾ ਹੈ, ਤਿਉਂ-ਤਿਉਂ ਇਕ ਭਿਆਨਕ ਆਵਾਜ਼ ਵੀ ਉੱਚੀ ਹੁੰਦੀ ਜਾ ਰਹੀ ਹੈ। ਇਹ ਆਵਾਜ਼ ਅੱਗੇ ਵਧ ਰਹੀ ਸੈਨਾ ਦੀ ਆਵਾਜ਼ ਵਰਗੀ ਹੈ।—ਹਿਜ਼. 1:4, 24.
2 ਜਦੋਂ ਹਿਜ਼ਕੀਏਲ ਲਗਭਗ 30 ਸਾਲਾਂ ਦਾ ਸੀ, ਉਦੋਂ ਉਸ ਨਾਲ ਅਜਿਹੇ ਕਈ ਤਜਰਬੇ ਹੋਣੇ ਸ਼ੁਰੂ ਹੁੰਦੇ ਹਨ ਜਿਨ੍ਹਾਂ ਨੂੰ ਉਹ ਆਪਣੀ ਪੂਰੀ ਜ਼ਿੰਦਗੀ ਨਹੀਂ ਭੁੱਲੇਗਾ। ਉਹ ਆਪਣੇ ਉੱਤੇ ਯਹੋਵਾਹ ਦਾ “ਹੱਥ” ਯਾਨੀ ਉਸ ਦੀ ਪਵਿੱਤਰ ਸ਼ਕਤੀ ਮਹਿਸੂਸ ਕਰਦਾ ਹੈ। ਇਸ ਜ਼ਬਰਦਸਤ ਸ਼ਕਤੀ ਦੀ ਮਦਦ ਨਾਲ ਹਿਜ਼ਕੀਏਲ ਅੱਗੇ ਜੋ ਦੇਖਦਾ ਤੇ ਸੁਣਦਾ ਹੈ, ਉਹ ਅੱਜ ਦੀ ਕਿਸੇ ਵੀ ਆਧੁਨਿਕ ਤਕਨੀਕ ਨਾਲ ਬਣੀ ਫ਼ਿਲਮ ਨਾਲੋਂ ਕਿਤੇ ਜ਼ਿਆਦਾ ਸ਼ਾਨਦਾਰ ਹੈ। ਇਸ ਦਰਸ਼ਣ ਦਾ ਉਸ ਉੱਤੇ ਇੰਨਾ ਜ਼ਿਆਦਾ ਅਸਰ ਹੋਇਆ ਕਿ ਉਹ ਮੂੰਹ ਪਰਨੇ ਡਿਗ ਗਿਆ।—ਹਿਜ਼. 1:3, ਫੁਟਨੋਟ, 28.
3 ਇਹ ਦਰਸ਼ਣ ਦਿਖਾਉਣ ਦਾ ਯਹੋਵਾਹ ਦਾ ਮਕਸਦ ਹਿਜ਼ਕੀਏਲ ਨੂੰ ਹੈਰਾਨ ਕਰਨਾ ਨਹੀਂ ਸੀ। ਹਿਜ਼ਕੀਏਲ ਦਾ ਪਹਿਲਾ ਦਰਸ਼ਣ ਅਤੇ ਉਸ ਦੀ ਕਿਤਾਬ ਵਿਚ ਹੋਰ ਸਾਰੇ ਦਰਸ਼ਣ ਉਸ ਲਈ ਅਤੇ ਅੱਜ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਲਈ ਬਹੁਤ ਮਾਅਨੇ ਰੱਖਦੇ ਹਨ। ਹਿਜ਼ਕੀਏਲ ਨੇ ਜੋ ਦੇਖਿਆ ਅਤੇ ਸੁਣਿਆ, ਆਓ ਆਪਾਂ ਉਸ ਉੱਤੇ ਗੌਰ ਕਰੀਏ।
ਦਰਸ਼ਣ ਕਦੋਂ ਅਤੇ ਕਿੱਥੇ ਦੇਖਿਆ
4, 5. ਹਿਜ਼ਕੀਏਲ ਨੇ ਇਹ ਦਰਸ਼ਣ ਕਦੋਂ ਅਤੇ ਕਿੱਥੇ ਦੇਖਿਆ?
4 ਹਿਜ਼ਕੀਏਲ 1:1-3 ਪੜ੍ਹੋ। ਆਓ ਆਪਾਂ ਪਹਿਲਾਂ ਦੇਖੀਏ ਕਿ ਉਸ ਨੇ ਇਹ ਦਰਸ਼ਣ ਕਦੋਂ ਤੇ ਕਿੱਥੇ ਦੇਖਿਆ ਸੀ। ਇਹ 613 ਈਸਵੀ ਪੂਰਵ ਦਾ ਸਮਾਂ ਸੀ। ਜਿਵੇਂ ਅਸੀਂ ਪਿਛਲੇ ਅਧਿਆਇ ਵਿਚ ਦੇਖਿਆ ਸੀ, ਹਿਜ਼ਕੀਏਲ ਬਾਬਲ ਵਿਚ ਕਿਬਾਰ ਨਹਿਰ ਲਾਗੇ ਗ਼ੁਲਾਮ ਲੋਕਾਂ ਵਿਚ ਰਹਿੰਦਾ ਸੀ। ਇਹ ਨਹਿਰ ਫ਼ਰਾਤ ਦਰਿਆ ਵਿੱਚੋਂ ਕੱਢੀ ਗਈ ਸੀ ਅਤੇ ਦੱਖਣ-ਪੂਰਬ ਵੱਲ ਅੱਗੇ ਜਾ ਕੇ ਦੁਬਾਰਾ ਦਰਿਆ ਵਿਚ ਜਾ ਮਿਲਦੀ ਸੀ।
5 ਇਹ ਗ਼ੁਲਾਮ ਲੋਕ ਆਪਣੇ ਘਰ ਯਰੂਸ਼ਲਮ ਤੋਂ 800 ਕਿਲੋਮੀਟਰ ਦੂਰ ਸਨ।a ਜਿਸ ਮੰਦਰ ਵਿਚ ਹਿਜ਼ਕੀਏਲ ਦੇ ਪਿਤਾ ਨੇ ਇਕ ਸਮੇਂ ਤੇ ਪੁਜਾਰੀ ਵਜੋਂ ਸੇਵਾ ਕੀਤੀ ਸੀ, ਹੁਣ ਉਹ ਮੰਦਰ ਮੂਰਤੀ-ਪੂਜਾ ਅਤੇ ਝੂਠੀ ਭਗਤੀ ਦਾ ਅੱਡਾ ਬਣ ਚੁੱਕਾ ਸੀ। ਯਰੂਸ਼ਲਮ ਦੇ ਸਿੰਘਾਸਣ ਤੋਂ ਇਕ ਸਮੇਂ ਤੇ ਦਾਊਦ ਅਤੇ ਸੁਲੇਮਾਨ ਪੂਰੀ ਸ਼ਾਨ ਨਾਲ ਰਾਜ ਕਰਦੇ ਸਨ, ਪਰ ਹੁਣ ਉਹ ਸਿੰਘਾਸਣ ਸ਼ਰਮਿੰਦਗੀ ਦਾ ਕਾਰਨ ਬਣ ਗਿਆ ਸੀ। ਯਹੋਵਾਹ ʼਤੇ ਨਿਹਚਾ ਨਾ ਰੱਖਣ ਵਾਲੇ ਰਾਜੇ ਯਹੋਯਾਕੀਨ ਨੂੰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ ਸੀ। ਉਸ ਦੀ ਜਗ੍ਹਾ ਦੁਸ਼ਟ ਸਿਦਕੀਯਾਹ ਨੂੰ ਰਾਜਾ ਬਣਾਇਆ ਗਿਆ ਜੋ ਨਬੂਕਦਨੱਸਰ ਦੇ ਹੱਥਾਂ ਦੀ ਕਠਪੁਤਲੀ ਸੀ।—2 ਰਾਜ. 24:8-12, 17, 19.
6, 7. ਹਿਜ਼ਕੀਏਲ ਨੂੰ ਸ਼ਾਇਦ ਕਿਉਂ ਲੱਗਾ ਹੋਣਾ ਕਿ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਔਖਾ ਸਮਾਂ ਸੀ?
6 ਹਿਜ਼ਕੀਏਲ ਅਤੇ ਉਸ ਵਰਗੇ ਹੋਰ ਵਫ਼ਾਦਾਰ ਲੋਕਾਂ ਲਈ ਇਹ ਸਮਾਂ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਔਖਾ ਸਮਾਂ ਰਿਹਾ ਹੋਣਾ। ਉਸ ਵੇਲੇ ਕੁਝ ਗ਼ੁਲਾਮ ਇਜ਼ਰਾਈਲੀਆਂ ਨੇ ਸੋਚਿਆ ਹੋਣਾ: ‘ਕੀ ਯਹੋਵਾਹ ਨੇ ਸਾਨੂੰ ਹਮੇਸ਼ਾ ਲਈ ਛੱਡ ਦਿੱਤਾ ਹੈ? ਕੀ ਬਾਬਲ ਦੀ ਦੁਸ਼ਟ ਹਕੂਮਤ ਅਤੇ ਇਸ ਦੇ ਅਣਗਿਣਤ ਝੂਠੇ ਦੇਵੀ-ਦੇਵਤੇ ਧਰਤੀ ਉੱਤੋਂ ਯਹੋਵਾਹ ਦੀ ਸ਼ੁੱਧ ਭਗਤੀ ਅਤੇ ਉਸ ਦੀ ਹਕੂਮਤ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਗੇ?’
7 ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਕਿਉਂ ਨਾ ਤੁਸੀਂ ਹਿਜ਼ਕੀਏਲ ਦੇ ਪਹਿਲੇ ਦਰਸ਼ਣ ਦਾ ਅਧਿਐਨ ਕਰੋ। (ਹਿਜ਼. 1:4-28) ਅਧਿਐਨ ਕਰਦਿਆਂ ਆਪਣੇ ਆਪ ਨੂੰ ਹਿਜ਼ਕੀਏਲ ਦੀ ਜਗ੍ਹਾ ʼਤੇ ਰੱਖੋ ਅਤੇ ਕਲਪਨਾ ਕਰੋ ਕਿ ਉਸ ਨੇ ਕੀ ਕੁਝ ਦੇਖਿਆ ਤੇ ਸੁਣਿਆ ਹੋਣਾ।
ਇਕ ਅਨੋਖਾ ਰਥ
8. ਹਿਜ਼ਕੀਏਲ ਨੇ ਦਰਸ਼ਣ ਵਿਚ ਕੀ ਦੇਖਿਆ ਅਤੇ ਉਸ ਨੇ ਜੋ ਦੇਖਿਆ, ਉਹ ਕਿਸ ਨੂੰ ਦਰਸਾਉਂਦਾ ਸੀ?
8 ਆਓ ਦੇਖੀਏ ਕਿ ਹਿਜ਼ਕੀਏਲ ਨੇ ਕੀ ਦੇਖਿਆ। ਉਸ ਨੇ ਜੋ ਦੇਖਿਆ, ਉਸ ਨੂੰ ਇਕ ਬਹੁਤ ਹੀ ਵੱਡਾ ਰਥ ਕਿਹਾ ਜਾ ਸਕਦਾ ਹੈ ਜਿਸ ਨੂੰ ਦੇਖ ਕੇ ਉਹ ਹੱਕਾ-ਬੱਕਾ ਰਹਿ ਗਿਆ। ਉਸ ਰਥ ਦੇ ਚਾਰ ਪਹੀਏ ਸਨ ਜੋ ਬੇਹੱਦ ਵੱਡੇ ਸਨ ਅਤੇ ਉਨ੍ਹਾਂ ਕੋਲ ਚਾਰ ਅਨੋਖੇ ਪ੍ਰਾਣੀ ਖੜ੍ਹੇ ਸਨ। ਇਹ ਜੀਉਂਦੇ ਪ੍ਰਾਣੀ ਕਰੂਬੀ ਸਨ। (ਹਿਜ਼. 10:1) ਉਨ੍ਹਾਂ ਦੇ ਸਿਰਾਂ ਤੋਂ ਉੱਪਰ ਇਕ ਬਹੁਤ ਵੱਡਾ ਫ਼ਰਸ਼ ਸੀ ਜੋ ਦੇਖਣ ਨੂੰ ਬਰਫ਼ ਵਰਗਾ ਲੱਗਦਾ ਸੀ। ਇਸ ਫ਼ਰਸ਼ ਉੱਤੇ ਪਰਮੇਸ਼ੁਰ ਦਾ ਸ਼ਾਨਦਾਰ ਸਿੰਘਾਸਣ ਸੀ ਜਿਸ ʼਤੇ ਖ਼ੁਦ ਯਹੋਵਾਹ ਬਿਰਾਜਮਾਨ ਸੀ। ਇਹ ਰਥ ਕਿਸ ਨੂੰ ਦਰਸਾਉਂਦਾ ਸੀ? ਬਿਨਾਂ ਸ਼ੱਕ ਇਹ ਯਹੋਵਾਹ ਦੇ ਸ਼ਾਨਦਾਰ ਸੰਗਠਨ ਦੇ ਸਵਰਗੀ ਹਿੱਸੇ ਨੂੰ ਦਰਸਾਉਂਦਾ ਹੈ। ਅਸੀਂ ਇਹ ਗੱਲ ਕਿਉਂ ਕਹਿ ਸਕਦੇ ਹਾਂ? ਇਸ ਦਾ ਜਵਾਬ ਜਾਣਨ ਲਈ ਜ਼ਰਾ ਤਿੰਨ ਗੱਲਾਂ ʼਤੇ ਗੌਰ ਕਰੋ।
9. ਸਾਨੂੰ ਰਥ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਵਰਗੀ ਪ੍ਰਾਣੀਆਂ ʼਤੇ ਰਾਜ ਕਰਦਾ ਹੈ?
9 ਯਹੋਵਾਹ ਸਵਰਗੀ ਪ੍ਰਾਣੀਆਂ ʼਤੇ ਰਾਜ ਕਰਦਾ ਹੈ। ਗੌਰ ਕਰੋ ਕਿ ਇਸ ਦਰਸ਼ਣ ਵਿਚ ਯਹੋਵਾਹ ਦਾ ਸਿੰਘਾਸਣ ਕਰੂਬੀਆਂ ਦੇ ਉੱਪਰ ਹੈ। ਪਰਮੇਸ਼ੁਰ ਦੇ ਬਚਨ ਵਿਚ ਹੋਰ ਥਾਵਾਂ ʼਤੇ ਵੀ ਦੱਸਿਆ ਗਿਆ ਹੈ ਕਿ ਯਹੋਵਾਹ ਦਾ ਸਿੰਘਾਸਣ ਕਰੂਬੀਆਂ ਦੇ ਉੱਪਰ ਜਾਂ ਕਰੂਬੀਆਂ ਦੇ ਵਿਚਕਾਰ ਹੈ। (2 ਰਾਜਿਆਂ 19:15 ਪੜ੍ਹੋ; ਕੂਚ 25:22; ਜ਼ਬੂ. 80:1) ਬਿਨਾਂ ਸ਼ੱਕ, ਯਹੋਵਾਹ ਸੱਚ-ਮੁੱਚ ਕਰੂਬੀਆਂ ʼਤੇ ਨਹੀਂ ਬੈਠਾ ਕਿਉਂਕਿ ਉਸ ਨੂੰ ਕਿਤੇ ਜਾਣ ਲਈ ਸ਼ਕਤੀਸ਼ਾਲੀ ਪ੍ਰਾਣੀਆਂ ਦੇ ਉੱਤੇ ਬੈਠਣ ਜਾਂ ਸੱਚ-ਮੁੱਚ ਦੇ ਕਿਸੇ ਰਥ ਦੀ ਲੋੜ ਨਹੀਂ ਹੈ। ਇਸ ਦੀ ਬਜਾਇ, ਇਹ ਕਰੂਬੀ ਯਹੋਵਾਹ ਦੇ ਰਾਜ ਕਰਨ ਦੇ ਹੱਕ ਦਾ ਸਮਰਥਨ ਕਰਦੇ ਹਨ ਅਤੇ ਯਹੋਵਾਹ ਆਪਣੀ ਇੱਛਾ ਪੂਰੀ ਕਰਨ ਲਈ ਇਨ੍ਹਾਂ ਨੂੰ ਕਿਤੇ ਵੀ ਭੇਜ ਸਕਦਾ ਹੈ। ਹੋਰ ਸਾਰੇ ਪਵਿੱਤਰ ਦੂਤਾਂ ਵਾਂਗ ਇਹ ਵੀ ਯਹੋਵਾਹ ਦੇ ਫ਼ੈਸਲਿਆਂ ਅਨੁਸਾਰ ਕੰਮ ਕਰਦੇ ਹਨ। (ਜ਼ਬੂ. 104:4) ਇਸ ਲਈ ਕਿਹਾ ਜਾ ਸਕਦਾ ਹੈ ਕਿ ਇਹ ਸਾਰੇ ਦੂਤ ਮਿਲ ਕੇ ਇਕ ਵੱਡੇ ਰਥ ਵਾਂਗ ਹਨ ਜਿਨ੍ਹਾਂ ਉੱਤੇ ਯਹੋਵਾਹ ਬੈਠਾ ਹੈ ਯਾਨੀ ਉਨ੍ਹਾਂ ਦਾ ਰਾਜਾ ਹੋਣ ਦੇ ਨਾਤੇ ਉਨ੍ਹਾਂ ਨੂੰ ਹੁਕਮ ਦਿੰਦਾ ਹੈ ਕਿ ਉਨ੍ਹਾਂ ਨੇ ਕੀ ਕਰਨਾ ਹੈ।
10. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਇਹ ਰਥ ਸਿਰਫ਼ ਚਾਰ ਕਰੂਬੀਆਂ ਨਾਲ ਨਹੀਂ ਬਣਿਆ ਹੈ?
10 ਇਹ ਰਥ ਚਾਰ ਕਰੂਬੀਆਂ ਤੋਂ ਇਲਾਵਾ ਹੋਰ ਦੂਤਾਂ ਨੂੰ ਵੀ ਦਰਸਾਉਂਦਾ ਹੈ। ਹਿਜ਼ਕੀਏਲ ਨੇ ਚਾਰ ਕਰੂਬੀ ਦੇਖੇ ਸਨ। ਬਾਈਬਲ ਵਿਚ ਚਾਰ ਨੰਬਰ ਅਕਸਰ ਕਿਸੇ ਗੱਲ ਦੀ ਸੰਪੂਰਣਤਾ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਚਾਰ ਕਰੂਬੀ ਯਹੋਵਾਹ ਦੇ ਸਾਰੇ ਵਫ਼ਾਦਾਰ ਦੂਤਾਂ ਨੂੰ ਦਰਸਾਉਂਦੇ ਹਨ। ਧਿਆਨ ਦਿਓ ਕਿ ਪਹੀਆਂ ਅਤੇ ਕਰੂਬੀਆਂ ʼਤੇ ਅੱਖਾਂ ਹੀ ਅੱਖਾਂ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਸਿਰਫ਼ ਇਹ ਚਾਰ ਕਰੂਬੀ ਹੀ ਨਹੀਂ, ਸਗੋਂ ਸਾਰੇ ਦੂਤ ਹਮੇਸ਼ਾ ਚੁਕੰਨੇ ਰਹਿੰਦੇ ਹਨ। ਹਿਜ਼ਕੀਏਲ ਨੇ ਜੋ ਰਥ ਦੇਖਿਆ, ਉਹ ਇੰਨਾ ਵੱਡਾ ਸੀ ਕਿ ਉਸ ਦੇ ਸਾਮ੍ਹਣੇ ਵੱਡੇ-ਵੱਡੇ ਕਰੂਬੀ ਵੀ ਛੋਟੇ ਨਜ਼ਰ ਆਉਂਦੇ ਹਨ। (ਹਿਜ਼. 1:18, 22; 10:12) ਇਸ ਦਾ ਮਤਲਬ ਹੈ ਕਿ ਯਹੋਵਾਹ ਦੇ ਸੰਗਠਨ ਦਾ ਸਵਰਗੀ ਹਿੱਸਾ ਬਹੁਤ ਵਿਸ਼ਾਲ ਹੈ ਜਿਸ ਵਿਚ ਸਿਰਫ਼ ਚਾਰ ਕਰੂਬੀ ਹੀ ਨਹੀਂ, ਬਲਕਿ ਸਾਰੇ ਵਫ਼ਾਦਾਰ ਦੂਤ ਸ਼ਾਮਲ ਹਨ।
11. ਦਾਨੀਏਲ ਨੇ ਵੀ ਇਸ ਤਰ੍ਹਾਂ ਦਾ ਕਿਹੜਾ ਦਰਸ਼ਣ ਦੇਖਿਆ ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ?
11 ਦਾਨੀਏਲ ਨੇ ਸਵਰਗ ਬਾਰੇ ਇਸ ਤਰ੍ਹਾਂ ਦਾ ਹੀ ਦਰਸ਼ਣ ਦੇਖਿਆ। ਦਾਨੀਏਲ ਨਬੀ ਕਾਫ਼ੀ ਲੰਬੇ ਸਮੇਂ ਤਕ ਬਾਬਲ ਦੀ ਗ਼ੁਲਾਮੀ ਵਿਚ ਰਿਹਾ ਅਤੇ ਉਸ ਨੂੰ ਵੀ ਸਵਰਗ ਬਾਰੇ ਦਰਸ਼ਣ ਦਿਖਾਇਆ ਗਿਆ ਸੀ। ਦਿਲਚਸਪੀ ਦੀ ਗੱਲ ਹੈ ਕਿ ਉਸ ਨੇ ਵੀ ਦਰਸ਼ਣ ਵਿਚ ਦੇਖਿਆ ਕਿ ਯਹੋਵਾਹ ਦੇ ਸਿੰਘਾਸਣ ਨੂੰ ਪਹੀਏ ਲੱਗੇ ਹੋਏ ਸਨ। ਦਾਨੀਏਲ ਦੇ ਦਰਸ਼ਣ ਵਿਚ ਖ਼ਾਸ ਤੌਰ ਤੇ ਦੱਸਿਆ ਗਿਆ ਕਿ ਸਵਰਗ ਵਿਚ ਯਹੋਵਾਹ ਦਾ ਬਹੁਤ ਵੱਡਾ ਪਰਿਵਾਰ ਹੈ। ਦਾਨੀਏਲ ਨੇ ਦੇਖਿਆ ਕਿ “ਦਸ ਲੱਖ” ਅਤੇ “ਦਸ ਕਰੋੜ” ਦੂਤ ਯਹੋਵਾਹ ਦੇ ਸਾਮ੍ਹਣੇ ਖੜ੍ਹੇ ਹਨ। ਦੇਖਣ ਨੂੰ ਇੱਦਾਂ ਲੱਗਦਾ ਹੈ ਕਿ ਉਹ ਕਿਸੇ ਅਦਾਲਤ ਵਿਚ ਹਨ ਅਤੇ ਹਰ ਕਿਸੇ ਨੂੰ ਇਕ ਖ਼ਾਸ ਜਗ੍ਹਾ ਦਿੱਤੀ ਗਈ ਹੈ। (ਦਾਨੀ. 7:9, 10, 13-18) ਤਾਂ ਫਿਰ, ਕੀ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਹਿਜ਼ਕੀਏਲ ਦੇ ਦਰਸ਼ਣ ਵਿਚ ਵੀ ਯਹੋਵਾਹ ਦੇ ਸਾਰੇ ਦੂਤਾਂ ਦੀ ਗੱਲ ਕੀਤੀ ਗਈ ਹੈ?
12. ਬਾਈਬਲ ਵਿਚ ਦਰਜ ਹਿਜ਼ਕੀਏਲ ਦੇ ਦਰਸ਼ਣ ਅਤੇ ਹੋਰ ਅਜਿਹੇ ਦਰਸ਼ਣਾਂ ਦਾ ਅਧਿਐਨ ਕਰ ਕੇ ਸਾਡੀ ਰਾਖੀ ਕਿਵੇਂ ਹੁੰਦੀ ਹੈ?
12 ਯਹੋਵਾਹ ਜਾਣਦਾ ਹੈ ਕਿ ਜਦੋਂ ਅਸੀਂ ਆਪਣਾ ਧਿਆਨ “ਨਾ ਦਿਸਣ ਵਾਲੀਆਂ ਚੀਜ਼ਾਂ” ਯਾਨੀ ਸਵਰਗੀ ਚੀਜ਼ਾਂ ਉੱਤੇ ਲਾਈ ਰੱਖਦੇ ਹਾਂ, ਤਾਂ ਇਸ ਨਾਲ ਸਾਡੀ ਰਾਖੀ ਹੁੰਦੀ ਹੈ। ਇਸ ਤਰ੍ਹਾਂ ਸਾਡਾ ਧਿਆਨ ਬੇਕਾਰ ਚੀਜ਼ਾਂ ʼਤੇ ਨਹੀਂ ਜਾਂਦਾ। ਦਰਅਸਲ, ਹੱਡ-ਮਾਸ ਦਾ ਸਰੀਰ ਹੋਣ ਕਰਕੇ ਸਾਡਾ ਧਿਆਨ “ਦਿਸਣ ਵਾਲੀਆਂ ਚੀਜ਼ਾਂ ਉੱਤੇ” ਜ਼ਿਆਦਾ ਜਾਂਦਾ ਹੈ ਜੋ ਬੱਸ ਥੋੜ੍ਹੇ ਸਮੇਂ ਲਈ ਹੁੰਦੀਆਂ ਹਨ। (2 ਕੁਰਿੰਥੀਆਂ 4:18 ਪੜ੍ਹੋ।) ਸ਼ੈਤਾਨ ਸਾਡੀ ਇਸ ਕਮਜ਼ੋਰੀ ਦਾ ਫ਼ਾਇਦਾ ਉਠਾਉਂਦਾ ਹੈ। ਉਹ ਸਾਨੂੰ ਇੱਦਾਂ ਦੇ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਜੋ ਸਿਰਫ਼ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਬਾਰੇ ਸੋਚਦੇ ਹਨ। ਇਸ ਲਈ ਯਹੋਵਾਹ ਨੇ ਬਾਈਬਲ ਵਿਚ ਹਿਜ਼ਕੀਏਲ ਦਾ ਦਰਸ਼ਣ ਅਤੇ ਹੋਰ ਕਈ ਗੱਲਾਂ ਦਰਜ ਕਰਵਾਈਆਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਸ਼ੈਤਾਨ ਦੀਆਂ ਚਾਲਾਂ ਤੋਂ ਬਚ ਸਕਦੇ ਹਾਂ। ਇਸ ਦਰਸ਼ਣ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਦਾ ਸਵਰਗੀ ਪਰਿਵਾਰ ਕਿੰਨਾ ਮਹਾਨ ਅਤੇ ਮਹਿਮਾਵਾਨ ਹੈ!
“ਪਹੀਓ, ਅੱਗੇ ਵਧੋ!”
13, 14. (ੳ) ਹਿਜ਼ਕੀਏਲ ਨੇ ਰਥ ਦੇ ਪਹੀਆਂ ਬਾਰੇ ਕੀ ਦੱਸਿਆ? (ਅ) ਯਹੋਵਾਹ ਦੇ ਰਥ ਨੂੰ ਪਹੀਏ ਕਿਉਂ ਲੱਗੇ ਹੋਏ ਹਨ?
13 ਸ਼ੁਰੂ ਵਿਚ ਹਿਜ਼ਕੀਏਲ ਨੇ ਚਾਰ ਕਰੂਬੀਆਂ ਵੱਲ ਧਿਆਨ ਦਿੱਤਾ। ਇਸ ਕਿਤਾਬ ਦੇ ਚੌਥੇ ਅਧਿਆਇ ਵਿਚ ਅਸੀਂ ਦੇਖਾਂਗੇ ਕਿ ਇਨ੍ਹਾਂ ਕਰੂਬੀਆਂ ਅਤੇ ਇਨ੍ਹਾਂ ਦੀ ਅਨੋਖੀ ਬਣਾਵਟ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖ ਸਕਦੇ ਹਾਂ। ਇਸ ਤੋਂ ਬਾਅਦ, ਹਿਜ਼ਕੀਏਲ ਨੇ ਉਨ੍ਹਾਂ ਕਰੂਬੀਆਂ ਕੋਲ ਚਾਰ ਪਹੀਏ ਦੇਖੇ। ਇਹ ਚਾਰ ਪਹੀਏ ਚਾਰ ਖੂੰਜਿਆਂ ʼਤੇ ਸਨ ਜੋ ਮਿਲ ਕੇ ਇਕ ਵੱਡਾ ਸਾਰਾ ਚੌਰਸ ਆਕਾਰ ਬਣਾਉਂਦੇ ਸਨ। (ਹਿਜ਼ਕੀਏਲ 1:16-18 ਪੜ੍ਹੋ।) ਇੱਦਾਂ ਲੱਗਦਾ ਹੈ ਕਿ ਇਹ ਪਹੀਏ ਸਬਜ਼ਾ ਨਾਂ ਦੇ ਕੀਮਤੀ ਪੱਥਰ ਤੋਂ ਬਣੇ ਸਨ ਜੋ ਪਾਰਦਰਸ਼ੀ ਅਤੇ ਪੀਲ਼ੇ ਜਾਂ ਹਰੇ ਰੰਗ ਦਾ ਹੁੰਦਾ ਹੈ। ਇਨ੍ਹਾਂ ਤੋਂ ਬਣੇ ਪਹੀਆਂ ਦੀ ਚਮਕ ਦੇਖਣ ਹੀ ਵਾਲੀ ਹੁੰਦੀ ਹੈ।
14 ਹਿਜ਼ਕੀਏਲ ਦੇ ਦਰਸ਼ਣ ਵਿਚ ਇਸ ਰਥ ਦੇ ਪਹੀਆਂ ਵੱਲ ਖ਼ਾਸ ਤੌਰ ਤੇ ਧਿਆਨ ਖਿੱਚਿਆ ਗਿਆ ਹੈ। ਹਿਜ਼ਕੀਏਲ ਜੋ ਸਿੰਘਾਸਣ ਦੇਖਦਾ ਹੈ, ਉਸ ਨੂੰ ਪਹੀਏ ਲੱਗੇ ਹੋਏ ਹਨ। ਕੀ ਇਹ ਅਨੋਖੀ ਗੱਲ ਨਹੀਂ ਹੈ? ਜਿੱਥੋਂ ਤਕ ਦੁਨੀਆਂ ਦੇ ਰਾਜਿਆਂ ਦੀ ਗੱਲ ਹੈ, ਉਨ੍ਹਾਂ ਦੇ ਸਿੰਘਾਸਣ ਇੱਕੋ ਜਗ੍ਹਾ ਟਿਕੇ ਹੁੰਦੇ ਹਨ ਕਿਉਂਕਿ ਉਹ ਇਕ ਸੀਮਿਤ ਇਲਾਕੇ ਤਕ ਹੀ ਰਾਜ ਕਰ ਸਕਦੇ ਹਨ। ਪਰ ਯਹੋਵਾਹ ਦੀ ਹਕੂਮਤ ਇਸ ਤਰ੍ਹਾਂ ਦੀ ਨਹੀਂ ਹੈ। ਹਿਜ਼ਕੀਏਲ ਨੇ ਦਰਸ਼ਣ ਵਿਚ ਅੱਗੇ ਦੇਖਿਆ ਕਿ ਯਹੋਵਾਹ ਦੀ ਹਕੂਮਤ ਦੀ ਕੋਈ ਹੱਦ ਨਹੀਂ ਹੈ। (ਨਹ. 9:6) ਪੂਰੇ ਜਹਾਨ ਦਾ ਮਾਲਕ ਹੋਣ ਕਰਕੇ ਉਹ ਜਿੱਥੇ ਚਾਹੇ ਹਕੂਮਤ ਕਰ ਸਕਦਾ ਹੈ।
15. ਹਿਜ਼ਕੀਏਲ ਨੇ ਪਹੀਆਂ ਦੀ ਬਣਾਵਟ ਅਤੇ ਆਕਾਰ ਬਾਰੇ ਕੀ ਦੇਖਿਆ?
15 ਪਹੀਆਂ ਦਾ ਆਕਾਰ ਦੇਖ ਕੇ ਹਿਜ਼ਕੀਏਲ ਦਾ ਮੂੰਹ ਅੱਡਿਆ ਰਹਿ ਗਿਆ। ਉਸ ਨੇ ਲਿਖਿਆ: “ਪਹੀਏ ਇੰਨੇ ਉੱਚੇ ਸਨ ਕਿ ਦੇਖਣ ਵਾਲਾ ਦੰਗ ਰਹਿ ਜਾਵੇ।” ਕਲਪਨਾ ਕਰੋ ਕਿ ਆਸਮਾਨ ਨੂੰ ਛੂਹ ਰਹੇ ਉਨ੍ਹਾਂ ਚਮਕਦੇ ਪਹੀਆਂ ਨੂੰ ਦੇਖਣ ਲਈ ਉਸ ਨੂੰ ਪਿੱਛੇ ਨੂੰ ਕਿੰਨਾ ਝੁਕਣਾ ਪਿਆ ਹੋਣਾ। ਫਿਰ ਉਹ ਉਨ੍ਹਾਂ ਪਹੀਆਂ ਬਾਰੇ ਇਕ ਹੋਰ ਦਿਲਚਸਪ ਗੱਲ ਦੱਸਦਾ ਹੈ ਕਿ ਉਨ੍ਹਾਂ ਦੇ ਬਾਹਰਲੇ ਪਾਸੇ “ਅੱਖਾਂ ਹੀ ਅੱਖਾਂ ਸਨ।” ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਸੀ ਪਹੀਆਂ ਦੀ ਬਣਾਵਟ। ਉਸ ਨੇ ਦੱਸਿਆ: “ਉਨ੍ਹਾਂ ਦੀ ਬਣਾਵਟ ਦੇਖਣ ਨੂੰ ਇਸ ਤਰ੍ਹਾਂ ਦੀ ਲੱਗਦੀ ਸੀ ਜਿਵੇਂ ਪਹੀਏ ਦੇ ਅੰਦਰ ਪਹੀਆ ਹੋਵੇ।” ਇਸ ਦਾ ਕੀ ਮਤਲਬ ਸੀ?
16, 17. (ੳ) ਪਹੀਏ ਅੰਦਰ ਪਹੀਆ ਕਿਵੇਂ ਲੱਗਾ ਹੋਇਆ ਸੀ? (ਅ) ਪਹੀਆਂ ਦੀ ਬਣਾਵਟ ਕਰਕੇ ਯਹੋਵਾਹ ਦਾ ਰਥ ਕਿਵੇਂ ਚੱਲਦਾ ਹੈ?
16 ਹਰ ਪਹੀਏ ਦੀ ਬਣਾਵਟ ਅਨੋਖੀ ਸੀ। ਹਰੇਕ ਪਹੀਏ ਵਿਚ ਇਕ ਹੋਰ ਪਹੀਆ 90 ਡਿਗਰੀ ਦੇ ਕੋਣ ਉੱਤੇ ਲੱਗਾ ਹੋਇਆ ਸੀ ਅਤੇ ਉਨ੍ਹਾਂ ਦੋਵਾਂ ਦਾ ਧੁਰਾ ਇੱਕੋ ਸੀ। ਪਹੀਆਂ ਦੀ ਇਸ ਬਣਾਵਟ ਕਰਕੇ ਉਨ੍ਹਾਂ ਦੇ ਚੱਲਣ ਦਾ ਤਰੀਕਾ ਵੀ ਅਨੋਖਾ ਸੀ। ਹਿਜ਼ਕੀਏਲ ਨੇ ਇਸ ਬਾਰੇ ਦੱਸਿਆ: “ਜਦੋਂ ਪਹੀਏ ਚੱਲਦੇ ਸਨ, ਤਾਂ ਉਹ ਬਿਨਾਂ ਮੁੜੇ ਕਿਸੇ ਵੀ ਦਿਸ਼ਾ ਵਿਚ ਜਾ ਸਕਦੇ ਸਨ।” ਇਨ੍ਹਾਂ ਪਹੀਆਂ ਤੋਂ ਹਿਜ਼ਕੀਏਲ ਦੁਆਰਾ ਦੇਖੇ ਇਸ ਸਵਰਗੀ ਰਥ ਬਾਰੇ ਕੀ ਪਤਾ ਲੱਗਦਾ ਹੈ?
17 ਇਹ ਪਹੀਏ ਇੰਨੇ ਉੱਚੇ ਸਨ ਕਿ ਇਕ ਵਾਰ ਘੁੰਮਣ ਨਾਲ ਹੀ ਇਹ ਲੰਬੀ ਦੂਰੀ ਤੈਅ ਕਰ ਸਕਦੇ ਸਨ। ਦਰਸ਼ਣ ਵਿਚ ਇਹ ਵੀ ਦਿਖਾਇਆ ਗਿਆ ਕਿ ਇਹ ਪਹੀਏ ਬਿਜਲੀ ਦੀ ਰਫ਼ਤਾਰ ਨਾਲ ਚੱਲਦੇ ਸਨ। (ਹਿਜ਼. 1:14) ਇਸ ਦੇ ਨਾਲ-ਨਾਲ, ਇਹ ਰਥ ਬਿਨਾਂ ਰਫ਼ਤਾਰ ਘਟਾਏ ਜਾਂ ਬਿਨਾਂ ਮੁੜੇ ਕਿਸੇ ਵੀ ਦਿਸ਼ਾ ਵੱਲ ਜਾ ਸਕਦਾ ਸੀ। ਇੱਦਾਂ ਦੇ ਪਹੀਏ ਬਣਾਉਣ ਬਾਰੇ ਕੋਈ ਇਨਸਾਨ ਸੋਚ ਵੀ ਨਹੀਂ ਸਕਦਾ। ਪਰ ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਦਾ ਇਹ ਰਥ ਅੰਨ੍ਹੇਵਾਹ ਕਿਸੇ ਵੀ ਪਾਸੇ ਨੂੰ ਮੁੜ ਜਾਂਦਾ ਹੈ। ਪਹੀਆਂ ਉੱਤੇ ਅੱਖਾਂ ਹੀ ਅੱਖਾਂ ਹੋਣ ਦਾ ਮਤਲਬ ਹੈ ਕਿ ਇਸ ਰਥ ਨੂੰ ਪਤਾ ਹੈ ਕਿ ਇਸ ਦੇ ਚਾਰੇ ਪਾਸੇ ਕੀ ਹੋ ਰਿਹਾ ਹੈ।
18. ਅਸੀਂ ਪਹੀਆਂ ਦੇ ਆਕਾਰ ਅਤੇ ਇਨ੍ਹਾਂ ʼਤੇ ਲੱਗੀਆਂ ਬਹੁਤ ਸਾਰੀਆਂ ਅੱਖਾਂ ਤੋਂ ਕੀ ਸਿੱਖਦੇ ਹਾਂ?
18 ਯਹੋਵਾਹ ਇਹ ਦਰਸ਼ਣ ਦਿਖਾ ਕੇ ਹਿਜ਼ਕੀਏਲ ਅਤੇ ਆਪਣੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਆਪਣੇ ਸੰਗਠਨ ਦੇ ਸਵਰਗੀ ਹਿੱਸੇ ਬਾਰੇ ਕੀ ਸਿਖਾਉਣਾ ਚਾਹੁੰਦਾ ਹੈ? ਧਿਆਨ ਦਿਓ ਕਿ ਅਸੀਂ ਇਸ ਬਾਰੇ ਹੁਣ ਤਕ ਕੀ ਸਿੱਖਿਆ। ਪਹੀਆਂ ਦੇ ਆਕਾਰ ਅਤੇ ਚਮਕ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਸੰਗਠਨ ਦੇ ਸਵਰਗੀ ਹਿੱਸੇ ਦੀ ਕਿੰਨੀ ਸ਼ਾਨੋ-ਸ਼ੌਕਤ ਹੈ ਅਤੇ ਇਸ ਬਾਰੇ ਜਾਣ ਕੇ ਸਾਡੇ ਦਿਲ ਸ਼ਰਧਾ ਨਾਲ ਭਰ ਜਾਂਦੇ ਹਨ। ਪਹੀਆਂ ʼਤੇ ਅੱਖਾਂ ਹੋਣ ਦਾ ਮਤਲਬ ਹੈ ਕਿ ਸੰਗਠਨ ਦੇ ਇਸ ਹਿੱਸੇ ਨੂੰ ਹਰ ਗੱਲ ਦੀ ਜਾਣਕਾਰੀ ਹੈ। ਯਹੋਵਾਹ ਸਭ ਕੁਝ ਦੇਖ ਸਕਦਾ ਹੈ। (ਕਹਾ. 15:3; ਯਿਰ. 23:24) ਇਸ ਤੋਂ ਇਲਾਵਾ, ਯਹੋਵਾਹ ਕੋਲ ਲੱਖਾਂ-ਕਰੋੜਾਂ ਦੂਤ ਹਨ ਜਿਨ੍ਹਾਂ ਨੂੰ ਉਹ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਭੇਜ ਸਕਦਾ ਹੈ। ਉਨ੍ਹਾਂ ਦੀ ਤੇਜ਼ ਨਜ਼ਰ ਹਰ ਮਾਮਲੇ ਦੀ ਤਹਿ ਤਕ ਜਾਂਦੀ ਹੈ ਅਤੇ ਉਹ ਆਪਣੇ ਮਾਲਕ ਯਹੋਵਾਹ ਨੂੰ ਹਰ ਖ਼ਬਰ ਦਿੰਦੇ ਹਨ।—ਇਬਰਾਨੀਆਂ 1:13, 14 ਪੜ੍ਹੋ।
19. ਅਸੀਂ ਰਥ ਦੀ ਰਫ਼ਤਾਰ ਅਤੇ ਇਸ ਦੇ ਚੱਲਣ ਦੇ ਤਰੀਕੇ ਤੋਂ ਯਹੋਵਾਹ ਅਤੇ ਉਸ ਦੇ ਸੰਗਠਨ ਦੇ ਸਵਰਗੀ ਹਿੱਸੇ ਬਾਰੇ ਕੀ ਸਿੱਖਦੇ ਹਾਂ?
19 ਅਸੀਂ ਇਹ ਵੀ ਸਿੱਖਿਆ ਸੀ ਕਿ ਇਹ ਰਥ ਬਹੁਤ ਤੇਜ਼ੀ ਨਾਲ ਅੱਗੇ ਵਧਦਾ ਹੈ ਅਤੇ ਕਿਸੇ ਵੀ ਦਿਸ਼ਾ ਵੱਲ ਜਾ ਸਕਦਾ ਹੈ। ਜ਼ਰਾ ਸੋਚੋ ਕਿ ਯਹੋਵਾਹ ਦੇ ਸੰਗਠਨ ਦਾ ਸਵਰਗੀ ਹਿੱਸਾ ਦੁਨੀਆਂ ਦੀਆਂ ਸਰਕਾਰਾਂ ਅਤੇ ਸੰਗਠਨਾਂ ਨਾਲੋਂ ਕਿੰਨਾ ਵੱਖਰਾ ਹੈ। ਇਨਸਾਨੀ ਸਰਕਾਰਾਂ ਅਤੇ ਸੰਗਠਨ ਅੰਨ੍ਹਿਆਂ ਵਾਂਗ ਹਨੇਰੇ ਵਿਚ ਹੱਥ-ਪੈਰ ਮਾਰਦੇ ਹਨ ਅਤੇ ਦੁਨੀਆਂ ਦੇ ਬਦਲਦੇ ਹਾਲਾਤਾਂ ਮੁਤਾਬਕ ਫੇਰ-ਬਦਲ ਨਹੀਂ ਕਰ ਸਕਦੇ ਹਨ। ਇਸੇ ਕਰਕੇ ਇਹ ਨਾਕਾਮ ਸਾਬਤ ਹੋਏ ਹਨ ਅਤੇ ਇਨ੍ਹਾਂ ਦਾ ਨਾਸ਼ ਕਰ ਦਿੱਤਾ ਜਾਵੇਗਾ। ਪਰ ਯਹੋਵਾਹ ਦਾ ਸੰਗਠਨ ਸੋਚ-ਸਮਝ ਕੇ ਚੱਲਦਾ ਹੈ ਅਤੇ ਹਾਲਾਤਾਂ ਮੁਤਾਬਕ ਫੇਰ-ਬਦਲ ਕਰਦਾ ਹੈ ਕਿਉਂਕਿ ਇਸ ਸੰਗਠਨ ਨੂੰ ਚਲਾਉਣ ਵਾਲਾ ਪਰਮੇਸ਼ੁਰ ਯਹੋਵਾਹ ਖ਼ੁਦ ਵੀ ਇਸੇ ਤਰ੍ਹਾਂ ਕਰਦਾ ਹੈ। ਉਸ ਦੇ ਨਾਂ ਤੋਂ ਵੀ ਇਹੀ ਗੱਲ ਪਤਾ ਲੱਗਦੀ ਹੈ ਕਿ ਉਹ ਆਪਣਾ ਮਕਸਦ ਪੂਰਾ ਕਰਨ ਲਈ ਕੁਝ ਵੀ ਬਣ ਸਕਦਾ ਹੈ। (ਕੂਚ 3:13, 14) ਮਿਸਾਲ ਲਈ, ਉਹ ਝੱਟ ਇਕ ਤਾਕਤਵਰ ਯੋਧਾ ਬਣ ਕੇ ਆਪਣੇ ਲੋਕਾਂ ਦੀ ਖ਼ਾਤਰ ਲੜ ਸਕਦਾ ਹੈ ਅਤੇ ਫਿਰ ਇਕਦਮ ਇਕ ਦਿਆਲੂ ਪਿਤਾ ਬਣ ਕੇ ਉਨ੍ਹਾਂ ਲੋਕਾਂ ਦੀਆਂ ਗ਼ਲਤੀਆਂ ਮਾਫ਼ ਕਰ ਸਕਦਾ ਹੈ ਜੋ ਸੱਚੇ ਦਿਲੋਂ ਪਛਤਾਵਾ ਕਰਦੇ ਹਨ। ਉਹ ਟੁੱਟੇ ਦਿਲ ਵਾਲੇ ਅਜਿਹੇ ਲੋਕਾਂ ਦੇ ਜ਼ਖ਼ਮਾਂ ʼਤੇ ਪੱਟੀ ਬੰਨ੍ਹਦਾ ਹੈ ਤੇ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ।—ਜ਼ਬੂ. 30:5; ਯਸਾ. 66:13.
20. ਯਹੋਵਾਹ ਦੇ ਰਥ ਲਈ ਸਾਡੇ ਦਿਲ ਵਿਚ ਗਹਿਰਾ ਆਦਰ ਕਿਉਂ ਹੋਣਾ ਚਾਹੀਦਾ ਹੈ?
20 ਹਿਜ਼ਕੀਏਲ ਦੇ ਦਰਸ਼ਣ ਤੋਂ ਹੁਣ ਤਕ ਅਸੀਂ ਜੋ ਵੀ ਸਿੱਖਿਆ, ਉਸ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਯਹੋਵਾਹ ਦੇ ਰਥ ਲਈ ਮੇਰੇ ਦਿਲ ਵਿਚ ਗਹਿਰਾ ਆਦਰ ਹੈ?’ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਰਥ ਯਹੋਵਾਹ ਦੇ ਸੰਗਠਨ ਨੂੰ ਦਰਸਾਉਂਦਾ ਹੈ ਜੋ ਅੱਜ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸਾਨੂੰ ਕਦੀ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਯਹੋਵਾਹ, ਉਸ ਦਾ ਪੁੱਤਰ ਅਤੇ ਸਾਰੇ ਦੂਤ ਸਾਡੀਆਂ ਮੁਸ਼ਕਲਾਂ ਤੋਂ ਅਣਜਾਣ ਹਨ ਜਿਨ੍ਹਾਂ ਕਰਕੇ ਅਸੀਂ ਨਿਰਾਸ਼ ਹਾਂ। ਸਾਨੂੰ ਇਸ ਗੱਲ ਦੀ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਯਹੋਵਾਹ ਸਾਡੀਆਂ ਮੁਸ਼ਕਲਾਂ ਨੂੰ ਸੁਲਝਾਉਣ ਵਿਚ ਦੇਰ ਕਰੇਗਾ। ਸਾਨੂੰ ਇਹ ਵੀ ਨਹੀਂ ਸੋਚਣਾ ਚਾਹੀਦਾ ਹੈ ਕਿ ਦੁਨੀਆਂ ਵਿਚ ਹੁੰਦੀ ਉਥਲ-ਪੁਥਲ ਕਰਕੇ ਸਾਨੂੰ ਜੋ ਸਮੱਸਿਆਵਾਂ ਆਉਂਦੀਆਂ ਹਨ, ਉਨ੍ਹਾਂ ਕਰਕੇ ਸੰਗਠਨ ਕੋਈ ਫੇਰ-ਬਦਲ ਨਹੀਂ ਕਰੇਗਾ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਦਾ ਸੰਗਠਨ ਜੋਸ਼ ਨਾਲ ਕੰਮ ਕਰ ਰਿਹਾ ਹੈ ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਦਰਅਸਲ, ਹਿਜ਼ਕੀਏਲ ਨੇ ਦਰਸ਼ਣ ਵਿਚ ਇਕ ਉੱਚੀ ਆਵਾਜ਼ ਨੂੰ ਇਹ ਕਹਿੰਦੇ ਸੁਣਿਆ: “ਪਹੀਓ, ਅੱਗੇ ਵਧੋ!” (ਹਿਜ਼. 10:13) ਯਹੋਵਾਹ ਜਿਸ ਤਰੀਕੇ ਨਾਲ ਆਪਣੇ ਸੰਗਠਨ ਨੂੰ ਚਲਾ ਰਿਹਾ ਹੈ, ਸਾਨੂੰ ਉਸ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਆਓ ਆਪਾਂ ਹੁਣ ਯਹੋਵਾਹ ʼਤੇ ਧਿਆਨ ਲਾਈਏ। ਇਸ ਤਰ੍ਹਾਂ ਕਰ ਕੇ ਸਾਡੇ ਦਿਲ ਹੋਰ ਵੀ ਸ਼ਰਧਾ ਨਾਲ ਭਰ ਜਾਣਗੇ।
ਸੰਗਠਨ ਨੂੰ ਚਲਾਉਣ ਵਾਲਾ
21, 22. ਰਥ ਦੇ ਵੱਖੋ-ਵੱਖਰੇ ਹਿੱਸੇ ਇਕ-ਦੂਜੇ ਨਾਲ ਨਾ ਜੁੜੇ ਹੋਣ ਦੇ ਬਾਵਜੂਦ ਵੀ ਕਿਵੇਂ ਆਪੋ-ਆਪਣੀ ਜਗ੍ਹਾ ਟਿਕੇ ਹੋਏ ਹਨ?
21 ਫਿਰ ਹਿਜ਼ਕੀਏਲ ਦਾ ਧਿਆਨ ਪਹੀਆਂ ਦੇ ਉੱਪਰ ਗਿਆ। ਉਸ ਨੇ ਉੱਪਰ ਜੋ ਦੇਖਿਆ, ਉਹ “ਦੇਖਣ ਨੂੰ ਫ਼ਰਸ਼ ਵਰਗਾ ਲੱਗਦਾ ਸੀ ਅਤੇ ਇਹ ਬਰਫ਼ ਵਾਂਗ ਲਿਸ਼ਕ ਰਿਹਾ ਸੀ।” (ਹਿਜ਼. 1:22) ਕਰੂਬੀਆਂ ਤੋਂ ਬਹੁਤ ਉੱਪਰ ਇਕ ਪਾਰਦਰਸ਼ੀ ਫ਼ਰਸ਼ ਸੀ ਜੋ ਦੂਰ-ਦੂਰ ਤਕ ਫੈਲਿਆ ਹੋਇਆ ਸੀ ਅਤੇ ਲਿਸ਼ਕ ਰਿਹਾ ਸੀ। ਮਸ਼ੀਨਾਂ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦੇ ਮਨਾਂ ਵਿਚ ਇਸ ਜਾਣਕਾਰੀ ਨੂੰ ਪੜ੍ਹ ਕੇ ਸ਼ਾਇਦ ਇਸ ਰਥ ਬਾਰੇ ਢੇਰਾਂ ਹੀ ਸਵਾਲ ਖੜ੍ਹੇ ਹੋਣ। ਉਹ ਸ਼ਾਇਦ ਸੋਚਣ: ‘ਇਹ ਫ਼ਰਸ਼ ਇਨ੍ਹਾਂ ਪਹੀਆਂ ʼਤੇ ਕਿਵੇਂ ਟਿਕਿਆ ਹੋਇਆ ਹੈ? ਪਹੀਏ ਇਕ-ਦੂਜੇ ਨਾਲ ਜੁੜੇ ਨਾ ਹੋਣ ਦੇ ਬਾਵਜੂਦ ਕਿਵੇਂ ਚੱਲਦੇ ਹਨ?’ ਯਾਦ ਰੱਖੋ ਕਿ ਇਹ ਕੋਈ ਸੱਚੀਂ-ਮੁੱਚੀਂ ਦਾ ਰਥ ਨਹੀਂ ਹੈ, ਸਗੋਂ ਇਹ ਯਹੋਵਾਹ ਦੇ ਸੰਗਠਨ ਦੇ ਸਵਰਗੀ ਹਿੱਸੇ ਨੂੰ ਦਰਸਾਉਂਦਾ ਹੈ। ਇਨ੍ਹਾਂ ਸ਼ਬਦਾਂ ʼਤੇ ਵੀ ਗੌਰ ਕਰੋ: “ਜੋ ਸ਼ਕਤੀ ਉਨ੍ਹਾਂ ਜੀਉਂਦੇ ਪ੍ਰਾਣੀਆਂ ਨੂੰ ਸੇਧ ਦਿੰਦੀ ਸੀ, ਉਹੀ ਸ਼ਕਤੀ ਉਨ੍ਹਾਂ ਪਹੀਆਂ ਵਿਚ ਵੀ ਸੀ।” (ਹਿਜ਼. 1:20, 21) ਉਨ੍ਹਾਂ ਕਰੂਬੀਆਂ ਅਤੇ ਪਹੀਆਂ ਉੱਤੇ ਕਿਹੜੀ ਸ਼ਕਤੀ ਕੰਮ ਕਰ ਰਹੀ ਸੀ?
22 ਬਿਨਾਂ ਸ਼ੱਕ ਇਹ ਯਹੋਵਾਹ ਦੀ ਪਵਿੱਤਰ ਸ਼ਕਤੀ ਸੀ ਜੋ ਬ੍ਰਹਿਮੰਡ ਦੀ ਸਭ ਤੋਂ ਤਾਕਤਵਰ ਸ਼ਕਤੀ ਹੈ। ਇਹੀ ਸ਼ਕਤੀ ਇਸ ਰਥ ਦੇ ਵੱਖੋ-ਵੱਖਰੇ ਹਿੱਸਿਆਂ ਨੂੰ ਆਪਸ ਵਿਚ ਜੋੜ ਕੇ ਰੱਖਦੀ ਹੈ, ਇਸ ਨੂੰ ਅੱਗੇ ਵਧਾਉਂਦੀ ਹੈ ਅਤੇ ਇਸੇ ਸ਼ਕਤੀ ਨਾਲ ਰਥ ਦੇ ਵੱਖੋ-ਵੱਖਰੇ ਹਿੱਸੇ ਆਪਸ ਵਿਚ ਤਾਲਮੇਲ ਬਣਾ ਕੇ ਕੰਮ ਕਰਦੇ ਹਨ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਓ ਹੁਣ ਆਪਾਂ ਹਿਜ਼ਕੀਏਲ ਨਾਲ ਮਿਲ ਕੇ ਇਸ ਰਥ ਨੂੰ ਚਲਾਉਣ ਵਾਲੇ ਪਰਮੇਸ਼ੁਰ ਵੱਲ ਧਿਆਨ ਦੇਈਏ।
ਦਰਸ਼ਣ ਵਿਚ ਦੇਖੀਆਂ ਚੀਜ਼ਾਂ ਨੂੰ ਬਿਆਨ ਕਰਨ ਲਈ ਹਿਜ਼ਕੀਏਲ ਕੋਲ ਸ਼ਬਦ ਨਹੀਂ ਸਨ
23. ਯਹੋਵਾਹ ਬਾਰੇ ਦੱਸਣ ਲਈ ਹਿਜ਼ਕੀਏਲ ਕਿਹੜੇ ਸ਼ਬਦ ਵਰਤਦਾ ਹੈ ਅਤੇ ਕਿਉਂ?
23 ਹਿਜ਼ਕੀਏਲ 1:26-28 ਪੜ੍ਹੋ। ਇਸ ਦਰਸ਼ਣ ਵਿਚ ਦੇਖੀਆਂ ਚੀਜ਼ਾਂ ਨੂੰ ਬਿਆਨ ਕਰਦੇ ਹੋਏ ਹਿਜ਼ਕੀਏਲ ਨੇ ਕਈ ਵਾਰ ਇਹ ਸ਼ਬਦ ਵਰਤੇ: “ਦੇਖਣ ਨੂੰ,” “ਵਰਗਾ,” “ਵਾਂਗ” ਅਤੇ “ਵਰਗੀ।” ਪਰ ਇਨ੍ਹਾਂ ਆਇਤਾਂ ਵਿਚ ਯਹੋਵਾਹ ਬਾਰੇ ਗੱਲ ਕਰਦੇ ਹੋਏ ਉਸ ਨੇ ਇਹ ਸ਼ਬਦ ਹੋਰ ਵੀ ਜ਼ਿਆਦਾ ਵਾਰ ਵਰਤੇ। ਇਸ ਤਰ੍ਹਾਂ ਲੱਗਦਾ ਹੈ ਕਿ ਦਰਸ਼ਣ ਵਿਚ ਦੇਖੀਆਂ ਗੱਲਾਂ ਨੂੰ ਸਹੀ-ਸਹੀ ਸਮਝਾਉਣ ਲਈ ਉਸ ਨੂੰ ਸ਼ਬਦ ਨਹੀਂ ਮਿਲ ਰਹੇ ਸਨ। ਉਸ ਨੇ ਦੇਖਿਆ ਕਿ “ਨੀਲਮ ਪੱਥਰ ਵਰਗੀ ਕੋਈ ਚੀਜ਼ ਸੀ ਅਤੇ ਇਹ ਸਿੰਘਾਸਣ ਵਰਗੀ ਲੱਗਦੀ ਸੀ।” ਕੀ ਤੁਸੀਂ ਅਜਿਹੇ ਸਿੰਘਾਸਣ ਦੀ ਕਲਪਨਾ ਕਰ ਸਕਦੇ ਹੋ ਜੋ ਗੂੜ੍ਹੇ ਨੀਲੇ ਰੰਗ ਦੇ ਬਹੁਤ ਵੱਡੇ ਨੀਲਮ ਪੱਥਰ ਨੂੰ ਘੜ ਕੇ ਬਣਾਇਆ ਗਿਆ ਹੋਵੇ? ਇਸ ਸਿੰਘਾਸਣ ʼਤੇ ਇਕ ਮਹਾਨ ਸ਼ਖ਼ਸ ਬੈਠਾ ਹੋਇਆ ਸੀ “ਜੋ ਇਕ ਇਨਸਾਨ ਵਰਗਾ ਨਜ਼ਰ ਆਉਂਦਾ ਸੀ।”
24, 25. (ੳ) ਯਹੋਵਾਹ ਦੇ ਸਿੰਘਾਸਣ ਦੇ ਦੁਆਲੇ ਸਤਰੰਗੀ ਪੀਂਘ ਤੋਂ ਸਾਨੂੰ ਕੀ ਯਾਦ ਆਉਂਦਾ ਹੈ? (ਅ) ਅਜਿਹੇ ਦਰਸ਼ਣਾਂ ਦਾ ਨਿਹਚਾ ਰੱਖਣ ਵਾਲੇ ਆਦਮੀਆਂ ʼਤੇ ਕੀ ਅਸਰ ਪਿਆ?
24 ਉਸ ਮਹਾਨ ਸ਼ਖ਼ਸ ਦਾ ਰੂਪ ਸਾਫ਼-ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ ਕਿਉਂਕਿ ਯਹੋਵਾਹ ਦੇ ਲੱਕ ਤੋਂ ਹੇਠਾਂ ਤਕ ਅਤੇ ਲੱਕ ਤੋਂ ਉੱਪਰ ਤਕ ਅੱਗ ਦੀਆਂ ਲਾਟਾਂ ਵਰਗੀ ਤੇਜ਼ ਚਮਕ ਸੀ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਯਹੋਵਾਹ ਦਾ ਇਹ ਮਹਿਮਾਵਾਨ ਰੂਪ ਦੇਖ ਕੇ ਹਿਜ਼ਕੀਏਲ ਦੀਆਂ ਅੱਖਾਂ ਚੁੰਧਿਆ ਗਈਆਂ ਹੋਣੀਆਂ ਅਤੇ ਉਹ ਵਾਰ-ਵਾਰ ਆਪਣੀਆਂ ਅੱਖਾਂ ʼਤੇ ਹੱਥ ਰੱਖਦਾ ਹੋਣਾ। ਅਖ਼ੀਰ ਵਿਚ ਹਿਜ਼ਕੀਏਲ ਨੇ ਇਕ ਬਹੁਤ ਹੀ ਸ਼ਾਨਦਾਰ ਚੀਜ਼ ਦੇਖੀ। ਉਸ ਨੇ ਲਿਖਿਆ: “ਉਸ ਦੇ ਆਲੇ-ਦੁਆਲੇ ਤੇਜ਼ ਚਮਕ ਸੀ। ਹਾਂ, ਉਸ ਦੇ ਆਲੇ-ਦੁਆਲੇ ਫੈਲੀ ਤੇਜ਼ ਰੌਸ਼ਨੀ ਇਸ ਤਰ੍ਹਾਂ ਨਜ਼ਰ ਆਉਂਦੀ ਸੀ ਜਿਵੇਂ ਮੀਂਹ ਤੋਂ ਬਾਅਦ ਬੱਦਲਾਂ ਵਿਚ ਸਤਰੰਗੀ ਪੀਂਘ ਹੁੰਦੀ ਹੈ।” ਸਤਰੰਗੀ ਪੀਂਘ ਨੂੰ ਦੇਖ ਕੇ ਤੁਹਾਨੂੰ ਜ਼ਰੂਰ ਖ਼ੁਸ਼ੀ ਹੁੰਦੀ ਹੋਣੀ। ਇਸ ਤੋਂ ਸਾਨੂੰ ਆਪਣੇ ਸ੍ਰਿਸ਼ਟੀਕਰਤਾ ਦੀ ਮਹਿਮਾ ਦੀ ਕਿੰਨੀ ਹੀ ਵਧੀਆ ਝਲਕ ਮਿਲਦੀ ਹੈ! ਸਤਰੰਗੀ ਪੀਂਘ ਦੇਖ ਕੇ ਸਾਨੂੰ ਸ਼ਾਂਤੀ ਦਾ ਇਕਰਾਰ ਵੀ ਯਾਦ ਆਉਂਦਾ ਹੈ ਜੋ ਯਹੋਵਾਹ ਨੇ ਜਲ-ਪਰਲੋ ਤੋਂ ਬਾਅਦ ਕੀਤਾ ਸੀ। (ਉਤ. 9:11-16) ਸ਼ਕਤੀਸ਼ਾਲੀ ਹੋਣ ਦੇ ਨਾਲ-ਨਾਲ ਉਹ ਸ਼ਾਂਤੀ ਦਾ ਪਰਮੇਸ਼ੁਰ ਵੀ ਹੈ ਅਤੇ ਇਹ ਉਸ ਦੇ ਦਿਲ ਵਿਚ ਵੱਸਦੀ ਹੈ। (ਇਬ. 13:20) ਉਹ ਇਹ ਸ਼ਾਂਤੀ ਉਨ੍ਹਾਂ ਨੂੰ ਵੀ ਦਿੰਦਾ ਹੈ ਜੋ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਹਨ।
25 ਯਹੋਵਾਹ ਪਰਮੇਸ਼ੁਰ ਦੀ ਮਹਿਮਾ ਦੀ ਝਲਕ ਦੇਖ ਕੇ ਹਿਜ਼ਕੀਏਲ ʼਤੇ ਕੀ ਅਸਰ ਪਿਆ? ਹਿਜ਼ਕੀਏਲ ਨੇ ਲਿਖਿਆ: “ਜਦ ਮੈਂ ਇਹ ਸਭ ਕੁਝ ਦੇਖਿਆ, ਤਾਂ ਮੈਂ ਮੂੰਹ ਭਾਰ ਡਿਗ ਪਿਆ।” ਉਸ ਦਾ ਦਿਲ ਪਰਮੇਸ਼ੁਰ ਲਈ ਸ਼ਰਧਾ ਅਤੇ ਡਰ ਨਾਲ ਇੰਨਾ ਭਰ ਗਿਆ ਕਿ ਉਹ ਮੂੰਹ ਭਾਰ ਜ਼ਮੀਨ ਉੱਤੇ ਡਿਗ ਗਿਆ। ਯਹੋਵਾਹ ਵੱਲੋਂ ਦਰਸ਼ਣ ਦੇਖ ਕੇ ਹੋਰ ਨਬੀਆਂ ʼਤੇ ਵੀ ਇਸੇ ਤਰ੍ਹਾਂ ਦਾ ਅਸਰ ਹੋਇਆ ਸੀ। ਉਨ੍ਹਾਂ ਨੇ ਵੀ ਆਪਣੇ ਆਪ ਨੂੰ ਬਹੁਤ ਛੋਟਾ ਮਹਿਸੂਸ ਕੀਤਾ ਹੋਣਾ ਅਤੇ ਉਹ ਡਰ ਗਏ ਹੋਣੇ। (ਯਸਾ. 6:1-5; ਦਾਨੀ. 10:8, 9; ਪ੍ਰਕਾ. 1:12-17) ਪਰ ਸਮੇਂ ਦੇ ਬੀਤਣ ਨਾਲ ਉਨ੍ਹਾਂ ਨੂੰ ਇਨ੍ਹਾਂ ਦਰਸ਼ਣਾਂ ਤੋਂ ਬਹੁਤ ਹਿੰਮਤ ਮਿਲੀ। ਹਿਜ਼ਕੀਏਲ ਨੂੰ ਵੀ ਜ਼ਰੂਰ ਹਿੰਮਤ ਮਿਲੀ ਸੀ। ਇਸ ਤਰ੍ਹਾਂ ਦੇ ਦਰਸ਼ਣਾਂ ਬਾਰੇ ਪੜ੍ਹ ਕੇ ਸਾਡੇ ʼਤੇ ਕਿਸ ਤਰ੍ਹਾਂ ਦਾ ਅਸਰ ਪੈਣਾ ਚਾਹੀਦਾ ਹੈ?
26. ਹਿਜ਼ਕੀਏਲ ਨੂੰ ਦਰਸ਼ਣ ਤੋਂ ਕੀ ਹੌਸਲਾ ਮਿਲਿਆ ਹੋਣਾ?
26 ਜੇ ਬਾਬਲ ਵਿਚ ਲੋਕਾਂ ਦੀ ਹਾਲਤ ਨੂੰ ਲੈ ਕੇ ਹਿਜ਼ਕੀਏਲ ਦੇ ਮਨ ਵਿਚ ਸ਼ੱਕ ਜਾਂ ਗ਼ਲਤਫ਼ਹਿਮੀਆਂ ਸਨ, ਤਾਂ ਇਸ ਦਰਸ਼ਣ ਨੂੰ ਦੇਖ ਇਹ ਦੂਰ ਹੋ ਗਈਆਂ ਹੋਣੀਆਂ ਤੇ ਉਸ ਨੂੰ ਹਿੰਮਤ ਮਿਲੀ ਹੋਣੀ। ਬਿਨਾਂ ਸ਼ੱਕ, ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪਿਆ ਕਿ ਪਰਮੇਸ਼ੁਰ ਦੇ ਵਫ਼ਾਦਾਰ ਲੋਕ ਯਰੂਸ਼ਲਮ ਵਿਚ ਸਨ ਜਾਂ ਬਾਬਲ ਵਿਚ ਜਾਂ ਕਿਤੇ ਹੋਰ। ਚਾਹੇ ਉਹ ਕਿਤੇ ਵੀ ਸਨ, ਪਰ ਉਹ ਯਹੋਵਾਹ ਦੇ ਸ਼ਾਨਦਾਰ ਸਵਰਗੀ ਰਥ ਦੀ ਪਹੁੰਚ ਤੋਂ ਦੂਰ ਨਹੀਂ ਸਨ। ਕੀ ਕੋਈ ਵੀ ਸ਼ੈਤਾਨੀ ਤਾਕਤ ਪਰਮੇਸ਼ੁਰ ਨੂੰ ਰੋਕ ਸਕਦੀ ਹੈ ਜੋ ਇਸ ਸ਼ਾਨਦਾਰ ਸਵਰਗੀ ਰਥ ਨੂੰ ਚਲਾ ਰਿਹਾ ਹੈ? (ਜ਼ਬੂਰ 118:6 ਪੜ੍ਹੋ।) ਹਿਜ਼ਕੀਏਲ ਨੇ ਇਹ ਵੀ ਦੇਖਿਆ ਕਿ ਇਹ ਸਵਰਗੀ ਰਥ ਇਨਸਾਨਾਂ ਤੋਂ ਬਹੁਤਾ ਦੂਰ ਨਹੀਂ ਹੈ ਕਿਉਂਕਿ ਇਸ ਰਥ ਦੇ ਪਹੀਏ ਧਰਤੀ ਨੂੰ ਛੂੰਹਦੇ ਸਨ। (ਹਿਜ਼. 1:19) ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਗ਼ੁਲਾਮੀ ਵਿਚ ਗਏ ਆਪਣੇ ਵਫ਼ਾਦਾਰ ਲੋਕਾਂ ਦੀ ਬਹੁਤ ਪਰਵਾਹ ਕਰਦਾ ਸੀ। ਉਹ ਜਦੋਂ ਚਾਹੁੰਦੇ, ਆਪਣੇ ਪਿਆਰੇ ਪਿਤਾ ਤੋਂ ਮਦਦ ਮੰਗ ਸਕਦੇ ਸਨ।
ਰਥ ਤੁਹਾਡੇ ਲਈ ਕੀ ਮਾਅਨੇ ਰੱਖਦਾ ਹੈ?
27. ਹਿਜ਼ਕੀਏਲ ਦਾ ਦਰਸ਼ਣ ਅੱਜ ਸਾਡੇ ਲਈ ਕੀ ਮਾਅਨੇ ਰੱਖਦਾ ਹੈ?
27 ਕੀ ਹਿਜ਼ਕੀਏਲ ਦਾ ਦਰਸ਼ਣ ਅੱਜ ਸਾਡੇ ਲਈ ਕੋਈ ਮਾਅਨੇ ਰੱਖਦਾ ਹੈ? ਜੀ ਹਾਂ। ਯਾਦ ਰੱਖੋ ਕਿ ਸ਼ੈਤਾਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅੱਜ ਯਹੋਵਾਹ ਦੀ ਸ਼ੁੱਧ ਭਗਤੀ ʼਤੇ ਹਮਲੇ ਕਰ ਰਿਹਾ ਹੈ। ਉਹ ਸਾਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਅਸੀਂ ਇਕੱਲੇ ਤੇ ਬੇਸਹਾਰਾ ਹਾਂ ਅਤੇ ਆਪਣੇ ਸਵਰਗੀ ਪਿਤਾ ਤੇ ਉਸ ਦੇ ਸੰਗਠਨ ਦੀ ਪਹੁੰਚ ਤੋਂ ਬਹੁਤ ਦੂਰ ਹਾਂ। ਅਜਿਹੀਆਂ ਝੂਠੀਆਂ ਗੱਲਾਂ ਨੂੰ ਆਪਣੇ ਦਿਲ-ਦਿਮਾਗ਼ ਵਿਚ ਜੜ੍ਹ ਨਾ ਫੜਨ ਦਿਓ। (ਜ਼ਬੂ. 139:7-12) ਇਸ ਦਰਸ਼ਣ ਬਾਰੇ ਜਾਣ ਕੇ ਹਿਜ਼ਕੀਏਲ ਵਾਂਗ ਸਾਡੇ ਦਿਲ ਵੀ ਸ਼ਰਧਾ ਨਾਲ ਭਰ ਜਾਂਦੇ ਹਨ। ਅਸੀਂ ਸ਼ਾਇਦ ਹਿਜ਼ਕੀਏਲ ਵਾਂਗ ਮੂੰਹ ਭਾਰ ਜ਼ਮੀਨ ʼਤੇ ਨਾ ਡਿਗੀਏ। ਪਰ ਕੀ ਇਹ ਦੇਖ ਕੇ ਅਸੀਂ ਦੰਗ ਨਹੀਂ ਰਹਿ ਜਾਂਦੇ ਕਿ ਯਹੋਵਾਹ ਦੇ ਸੰਗਠਨ ਦਾ ਸਵਰਗੀ ਹਿੱਸਾ ਕਿੰਨਾ ਤਾਕਤਵਰ ਹੈ, ਉਸ ਦੀ ਰਫ਼ਤਾਰ ਕਿੰਨੀ ਤੇਜ਼ ਹੈ, ਉਹ ਕਿਵੇਂ ਹਾਲਾਤਾਂ ਮੁਤਾਬਕ ਆਪਣੀ ਦਿਸ਼ਾ ਬਦਲਦਾ ਅਤੇ ਫੇਰ-ਬਦਲ ਕਰਦਾ ਹੈ ਅਤੇ ਉਸ ਦੀ ਕਿੰਨੀ ਸ਼ਾਨੋ-ਸ਼ੌਕਤ ਹੈ?
28, 29. ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸੌ ਸਾਲਾਂ ਤੋਂ ਪਰਮੇਸ਼ੁਰ ਦਾ ਰਥ ਅੱਗੇ ਵਧ ਰਿਹਾ ਹੈ?
28 ਇਹ ਵੀ ਯਾਦ ਰੱਖੋ ਕਿ ਯਹੋਵਾਹ ਦੇ ਸੰਗਠਨ ਦਾ ਇਕ ਹਿੱਸਾ ਧਰਤੀ ʼਤੇ ਵੀ ਹੈ। ਇਹ ਸੱਚ ਹੈ ਕਿ ਇਹ ਹਿੱਸਾ ਨਾਮੁਕੰਮਲ ਇਨਸਾਨਾਂ ਨਾਲ ਬਣਿਆ ਹੈ। ਪਰ ਗੌਰ ਕਰੋ ਕਿ ਯਹੋਵਾਹ ਨੇ ਧਰਤੀ ʼਤੇ ਹੁਣ ਤਕ ਕੀ-ਕੀ ਕੀਤਾ ਹੈ। ਪੂਰੀ ਦੁਨੀਆਂ ਵਿਚ ਯਹੋਵਾਹ ਨੇ ਮਾਮੂਲੀ ਇਨਸਾਨਾਂ ਤੋਂ ਉਹ ਸਭ ਕੁਝ ਕਰਵਾਇਆ ਹੈ ਜੋ ਉਹ ਆਪਣੀ ਤਾਕਤ ਨਾਲ ਕਦੇ ਵੀ ਨਹੀਂ ਕਰ ਸਕਦੇ। (ਯੂਹੰ. 14:12) ਜੇ ਅਸੀਂ ਪਰਮੇਸ਼ੁਰ ਦਾ ਰਾਜ ਹਕੂਮਤ ਕਰ ਰਿਹਾ ਹੈ! (ਹਿੰਦੀ) ਕਿਤਾਬ ਉੱਤੇ ਸਰਸਰੀ ਨਜ਼ਰ ਮਾਰੀਏ, ਤਾਂ ਅਸੀਂ ਦੇਖ ਸਕਦੇ ਹਾਂ ਕਿ ਪਿਛਲੇ ਸੌ ਸਾਲਾਂ ਦੌਰਾਨ ਪ੍ਰਚਾਰ ਦਾ ਕੰਮ ਕਿੰਨੇ ਵੱਡੇ ਪੱਧਰ ʼਤੇ ਕੀਤਾ ਗਿਆ ਹੈ। ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਯਹੋਵਾਹ ਦੇ ਸੰਗਠਨ ਨੇ ਸੱਚੇ ਮਸੀਹੀਆਂ ਨੂੰ ਸਿੱਖਿਆ ਦੇਣ, ਕਾਨੂੰਨੀ ਜਿੱਤਾਂ ਹਾਸਲ ਕਰਨ ਅਤੇ ਨਵੀਂ ਤੋਂ ਨਵੀਂ ਤਕਨਾਲੋਜੀ ਵਰਤ ਕੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਕਿੰਨੇ ਮੁਕਾਮ ਹਾਸਲ ਕੀਤੇ ਹਨ!
29 ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਇਸ ਬੁਰੀ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਸ਼ੁੱਧ ਭਗਤੀ ਨੂੰ ਬਹਾਲ ਕਰਨ ਲਈ ਕੀ ਕੁਝ ਕੀਤਾ ਗਿਆ ਹੈ, ਤਾਂ ਇਸ ਤੋਂ ਇਹ ਗੱਲ ਹੋਰ ਵੀ ਸਾਫ਼ ਜ਼ਾਹਰ ਹੁੰਦੀ ਹੈ ਕਿ ਯਹੋਵਾਹ ਦਾ ਰਥ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸਾਡੇ ਲਈ ਇਹ ਕਿੰਨੇ ਸਨਮਾਨ ਦੀ ਗੱਲ ਹੈ ਕਿ ਅਸੀਂ ਇਸ ਸੰਗਠਨ ਦਾ ਹਿੱਸਾ ਹਾਂ ਤੇ ਸਾਨੂੰ ਮਹਾਨ ਰਾਜੇ ਯਹੋਵਾਹ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।—ਜ਼ਬੂ. 84:10.
30. ਅਗਲੇ ਅਧਿਆਇ ਵਿਚ ਅਸੀਂ ਕਿਸ ਗੱਲ ʼਤੇ ਗੌਰ ਕਰਾਂਗੇ?
30 ਹਿਜ਼ਕੀਏਲ ਦੇ ਦਰਸ਼ਣ ਤੋਂ ਅਸੀਂ ਹੋਰ ਵੀ ਬਹੁਤ ਕੁਝ ਸਿੱਖ ਸਕਦੇ ਹਾਂ। ਅਗਲੇ ਅਧਿਆਇ ਵਿਚ ਅਸੀਂ ਚਾਰ ਅਨੋਖੇ “ਜੀਉਂਦੇ ਪ੍ਰਾਣੀਆਂ” ਯਾਨੀ ਕਰੂਬੀਆਂ ਬਾਰੇ ਹੋਰ ਜਾਣਾਂਗੇ। ਅਸੀਂ ਉਨ੍ਹਾਂ ਤੋਂ ਆਪਣੇ ਮਹਿਮਾਵਾਨ ਰਾਜੇ ਯਹੋਵਾਹ ਪਰਮੇਸ਼ੁਰ ਬਾਰੇ ਕੀ ਸਿੱਖਦੇ ਹਾਂ?
a ਇਹ ਯਰੂਸ਼ਲਮ ਨੂੰ ਜਾਣ ਵਾਲਾ ਸਿੱਧਾ ਰਸਤਾ ਸੀ। ਪਰ ਜਿਸ ਰਸਤੇ ਤੋਂ ਯਹੂਦੀਆਂ ਨੂੰ ਗ਼ੁਲਾਮ ਬਣਾ ਕੇ ਲਿਆਇਆ ਗਿਆ ਸੀ, ਉਹ ਰਸਤਾ ਇਸ ਤੋਂ ਦੁਗਣਾ ਸੀ।