ਨਵੇਂ ਨੇਮ ਦੁਆਰਾ ਹੋਰ ਵੱਡੀਆਂ ਬਰਕਤਾਂ
“[ਯਿਸੂ] ਅਗਲੇ ਨਾਲੋਂ ਇੱਕ ਉੱਤਮ ਨੇਮ ਦਾ ਵਿਚੋਲਾ ਹੋਇਆ।”—ਇਬਰਾਨੀਆਂ 8:6.
1. ਕੌਣ ਅਦਨ ਵਿਚ ਵਾਅਦਾ ਕੀਤੀ ਗਈ “ਤੀਵੀਂ ਦੀ ਸੰਤਾਨ” ਸਿੱਧ ਹੋਇਆ, ਅਤੇ ਕਿਵੇਂ ਉਸ ਦੀ ‘ਅੱਡੀ ਨੂੰ ਡੰਗ ਮਾਰਿਆ ਗਿਆ’?
ਆਦਮ ਅਤੇ ਹੱਵਾਹ ਦੇ ਪਾਪ ਕਰਨ ਮਗਰੋਂ, ਯਹੋਵਾਹ ਨੇ ਸ਼ਤਾਨ, ਜਿਸ ਨੇ ਹੱਵਾਹ ਨੂੰ ਗੁਮਰਾਹ ਕੀਤਾ ਸੀ, ਦੇ ਵਿਰੁੱਧ ਫ਼ੈਸਲਾ ਸੁਣਾਉਂਦੇ ਹੋਏ ਕਿਹਾ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤਪਤ 3:15) ਯਿਸੂ ਦੁਆਰਾ 29 ਸਾ.ਯੁ. ਵਿਚ ਯਰਦਨ ਨਦੀ ਵਿਚ ਬਪਤਿਸਮਾ ਲੈਣ ਨਾਲ, ਅਦਨ ਵਿਚ ਵਾਅਦਾ ਕੀਤੀ ਗਈ ਸੰਤਾਨ, ਜਾਂ ਅੰਸ, ਆਖ਼ਰਕਾਰ ਪ੍ਰਗਟ ਹੋਈ। 33 ਸਾ.ਯੁ. ਵਿਚ ਤਸੀਹੇ ਦੀ ਸੂਲੀ ਉੱਤੇ ਯਿਸੂ ਦੇ ਮਰਨ ਦੁਆਰਾ ਇਸ ਪ੍ਰਾਚੀਨ ਭਵਿੱਖਬਾਣੀ ਦੇ ਇਕ ਭਾਗ ਦੀ ਪੂਰਤੀ ਹੋਈ ਸੀ। ਸ਼ਤਾਨ ਨੇ ਉਸ ਸੰਤਾਨ ਦੀ “ਅੱਡੀ ਨੂੰ ਡੰਗ” ਮਾਰ ਦਿੱਤਾ ਸੀ।
2. ਯਿਸੂ ਦੇ ਆਪਣੇ ਸ਼ਬਦਾਂ ਅਨੁਸਾਰ, ਉਸ ਦੀ ਮੌਤ ਕਿਵੇਂ ਮਨੁੱਖਜਾਤੀ ਨੂੰ ਲਾਭ ਪਹੁੰਚਾਉਂਦੀ ਹੈ?
2 ਹਾਲਾਂਕਿ ਉਹ ਜ਼ਖ਼ਮ ਬਹੁਤ ਹੀ ਦੁਖਦਾਈ ਸੀ, ਪਰ ਖ਼ੁਸ਼ੀ ਦੀ ਗੱਲ ਹੈ ਕਿ ਉਹ ਸਥਾਈ ਨਹੀਂ ਸੀ। ਯਿਸੂ ਮਰੇ ਹੋਇਆਂ ਵਿੱਚੋਂ ਇਕ ਅਮਰ ਆਤਮਾ ਵਜੋਂ ਜੀ ਉਠਾਇਆ ਗਿਆ ਅਤੇ ਆਪਣੇ ਪਿਤਾ ਕੋਲ ਸਵਰਗ ਨੂੰ ਚੜ੍ਹ ਗਿਆ, ਜਿੱਥੇ ਉਸ ਨੇ ‘ਬਹੁਤਿਆਂ ਦੇ ਥਾਂ ਨਿਸਤਾਰੇ ਦੇ ਮੁੱਲ’ ਵਜੋਂ ਆਪਣੇ ਵਹਾਏ ਗਏ ਲਹੂ ਦੀ ਕੀਮਤ ਪੇਸ਼ ਕੀਤੀ। ਇਸ ਤਰ੍ਹਾਂ, ਉਸ ਦੇ ਆਪਣੇ ਸ਼ਬਦ ਸੱਚ ਸਾਬਤ ਹੋਏ: “ਜਰੂਰ ਹੈ ਜੋ ਮਨੁੱਖ ਦਾ ਪੁੱਤ੍ਰ ਵੀ ਉੱਚਾ ਕੀਤਾ ਜਾਵੇ। ਭਈ ਜੋ ਕੋਈ ਨਿਹਚਾ ਕਰੇ ਸੋ ਉਸ ਵਿੱਚ ਸਦੀਪਕ ਜੀਉਣ ਪ੍ਰਾਪਤ ਕਰੇ। ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਮੱਤੀ 20:28; ਯੂਹੰਨਾ 3:14-16; ਇਬਰਾਨੀਆਂ 9:12-14) ਨਵਾਂ ਨੇਮ ਯਿਸੂ ਦੀ ਭਵਿੱਖਬਾਣੀ ਦੀ ਪੂਰਤੀ ਵਿਚ ਇਕ ਮੁੱਖ ਭੂਮਿਕਾ ਅਦਾ ਕਰਦਾ ਹੈ।
ਨਵਾਂ ਨੇਮ
3. ਨਵੇਂ ਨੇਮ ਨੂੰ ਪਹਿਲੀ ਵਾਰ ਚਾਲੂ ਹੁੰਦਿਆਂ ਕਦੋਂ ਦੇਖਿਆ ਗਿਆ ਸੀ?
3 ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ, ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਦੱਸਿਆ ਕਿ ਉਸ ਦਾ ਵਹਾਇਆ ਗਿਆ ਲਹੂ ‘ਨਵੇਂ ਨੇਮ ਦਾ ਲਹੂ’ ਸੀ। (ਮੱਤੀ 26:28; ਲੂਕਾ 22:20) ਉਸ ਦੇ ਸਵਰਗ ਨੂੰ ਚੜ੍ਹਨ ਤੋਂ ਦਸ ਦਿਨਾਂ ਮਗਰੋਂ, ਇਹ ਨਵਾਂ ਨੇਮ ਚਾਲੂ ਹੁੰਦਾ ਦੇਖਿਆ ਗਿਆ ਜਦੋਂ ਯਰੂਸ਼ਲਮ ਵਿਖੇ ਇਕ ਉਪਰਲੇ ਕਮਰੇ ਵਿਚ ਇਕੱਠੇ ਹੋਏ ਕੋਈ 120 ਚੇਲਿਆਂ ਉੱਤੇ ਪਵਿੱਤਰ ਆਤਮਾ ਵਹਾਈ ਗਈ। (ਰਸੂਲਾਂ ਦੇ ਕਰਤੱਬ 1:15; 2:1-4) ਇਨ੍ਹਾਂ 120 ਚੇਲਿਆਂ ਨੂੰ ਨਵੇਂ ਨੇਮ ਵਿਚ ਸ਼ਾਮਲ ਕਰਨ ਤੋਂ ਇਹ ਸਪੱਸ਼ਟ ਹੋਇਆ ਕਿ ‘ਪਹਿਲਾ’ ਨੇਮ, ਅਰਥਾਤ ਬਿਵਸਥਾ ਨੇਮ, ਹੁਣ ਪੁਰਾਣਾ ਹੋ ਚੁੱਕਾ ਸੀ।—ਇਬਰਾਨੀਆਂ 8:13.
4. ਕੀ ਪੁਰਾਣੇ ਨੇਮ ਵਿਚ ਕੋਈ ਕਮੀ ਸੀ? ਵਿਆਖਿਆ ਕਰੋ।
4 ਕੀ ਪੁਰਾਣੇ ਨੇਮ ਵਿਚ ਕੋਈ ਕਮੀ ਸੀ? ਬਿਲਕੁਲ ਨਹੀਂ। ਕਿਉਂਕਿ ਹੁਣ ਇਕ ਦੂਸਰੇ ਨੇਮ ਨੇ ਇਸ ਦੀ ਥਾਂ ਲੈ ਲਈ ਸੀ, ਪੈਦਾਇਸ਼ੀ ਇਸਰਾਏਲ ਪਰਮੇਸ਼ੁਰ ਦੀ ਖ਼ਾਸ ਪਰਜਾ ਨਹੀਂ ਰਹੀ। (ਮੱਤੀ 23:38) ਪਰ ਇਹ ਇਸਰਾਏਲ ਦੀ ਅਵੱਗਿਆ ਅਤੇ ਉਸ ਵੱਲੋਂ ਯਹੋਵਾਹ ਦੇ ਮਸੀਹਾ ਨੂੰ ਰੱਦ ਕਰਨ ਦੇ ਸਿੱਟੇ ਵਜੋਂ ਹੋਇਆ ਸੀ। (ਕੂਚ 19:5; ਰਸੂਲਾਂ ਦੇ ਕਰਤੱਬ 2:22, 23) ਪਰੰਤੂ, ਬਦਲੇ ਜਾਣ ਤੋਂ ਪਹਿਲਾਂ ਬਿਵਸਥਾ, ਜਾਂ ਸ਼ਰਾ ਨੇ ਬਹੁਤ ਕੁਝ ਸਿਰੇ ਚਾੜ੍ਹਿਆ। ਸਦੀਆਂ ਲਈ, ਇਹ ਪਰਮੇਸ਼ੁਰ ਤਕ ਪਹੁੰਚਣ ਦਾ ਰਾਹ ਸੀ ਅਤੇ ਇਸ ਨੇ ਝੂਠੇ ਧਰਮ ਤੋਂ ਸੁਰੱਖਿਆ ਮੁਹੱਈਆ ਕੀਤੀ। ਇਸ ਵਿਚ ਨਵੇਂ ਨੇਮ ਦੀਆਂ ਪੂਰਵ-ਝਲਕੀਆਂ ਸਨ ਅਤੇ, ਇਸ ਅਧੀਨ ਵਾਰ-ਵਾਰ ਚੜ੍ਹਾਈਆਂ ਗਈਆਂ ਬਲੀਆਂ ਨੇ ਪ੍ਰਦਰਸ਼ਿਤ ਕੀਤਾ ਕਿ ਮਨੁੱਖ ਨੂੰ ਪਾਪ ਅਤੇ ਮੌਤ ਤੋਂ ਮੁਕਤੀ ਦੀ ਸਖ਼ਤ ਲੋੜ ਹੈ। ਸੱਚ-ਮੁੱਚ, ਇਹ ਬਿਵਸਥਾ, ਜਾਂ ਸ਼ਰਾ ‘ਮਸੀਹ ਦੇ ਆਉਣ ਤੀਕੁਰ ਨਿਗਾਹਬਾਨ’ ਸੀ। (ਗਲਾਤੀਆਂ 3:19, 24; ਰੋਮੀਆਂ 3:20; 4:15; 5:12; ਇਬਰਾਨੀਆਂ 10:1, 2) ਫਿਰ ਵੀ, ਅਬਰਾਹਾਮ ਨੂੰ ਵਾਅਦਾ ਕੀਤੀ ਗਈ ਬਰਕਤ ਨਵੇਂ ਨੇਮ ਦੁਆਰਾ ਹੀ ਪੂਰਣ ਰੂਪ ਵਿਚ ਮਿਲੇਗੀ।
ਕੌਮਾਂ ਨੇ ਅਬਰਾਹਾਮ ਦੀ ਅੰਸ ਵਿਚ ਬਰਕਤ ਪਾਈ
5, 6. ਅਬਰਾਹਾਮ ਦੇ ਨੇਮ ਦੀ ਬੁਨਿਆਦੀ, ਅਧਿਆਤਮਿਕ ਪੂਰਤੀ ਵਿਚ, ਅਬਰਾਹਾਮ ਦੀ ਅੰਸ ਕੌਣ ਹੈ, ਅਤੇ ਪਹਿਲੀ ਕੌਮ ਕਿਹੜੀ ਸੀ ਜਿਸ ਨੇ ਉਸ ਦੁਆਰਾ ਬਰਕਤ ਪਾਈ?
5 ਯਹੋਵਾਹ ਨੇ ਅਬਰਾਹਾਮ ਨੂੰ ਵਾਅਦਾ ਕੀਤਾ: “ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।” (ਉਤਪਤ 22:18) ਪੁਰਾਣੇ ਨੇਮ ਅਧੀਨ, ਬਹੁਤ ਸਾਰੇ ਨਿਮਰ ਪਰਦੇਸੀਆਂ ਨੇ ਅਬਰਾਹਾਮ ਦੀ ਕੌਮੀ ਅੰਸ, ਅਰਥਾਤ ਇਸਰਾਏਲ, ਨਾਲ ਸੰਗਤ ਕਰਨ ਦੁਆਰਾ ਬਰਕਤ ਪਾਈ। ਪਰੰਤੂ ਬੁਨਿਆਦੀ ਅਧਿਆਤਮਿਕ ਪੂਰਤੀ ਵਿਚ, ਅਬਰਾਹਾਮ ਦੀ ਅੰਸ ਇੱਕੋ ਸੰਪੂਰਣ ਮਨੁੱਖ ਸੀ। ਪੌਲੁਸ ਨੇ ਇਹ ਸਮਝਾਉਂਦੇ ਹੋਏ ਕਿਹਾ: “ਹੁਣ ਅਬਰਾਹਾਮ ਅਤੇ ਉਸ ਦੀ ਅੰਸ ਨੂੰ ਬਚਨ ਦਿੱਤੇ ਗਏ ਸਨ। ਉਹ ਨਹੀਂ ਕਹਿੰਦਾ, ‘ਅੰਸਾਂ ਨੂੰ’, ਜਿਵੇਂ ਬਾਹਲਿਆਂ ਦੇ ਲਈ ਪਰ ਜਿਵੇਂ ਇੱਕ ਦੇ ਲਈ ਕਹਿੰਦਾ ਹੈ ਅਰਥਾਤ ‘ਤੇਰੀ ਅੰਸ ਨੂੰ’, ਸੋ ਉਹ ਮਸੀਹ ਹੈ।”—ਗਲਾਤੀਆਂ 3:16.
6 ਜੀ ਹਾਂ, ਯਿਸੂ ਹੀ ਅਬਰਾਹਾਮ ਦੀ ਅੰਸ ਹੈ, ਅਤੇ ਉਸ ਦੁਆਰਾ ਕੌਮਾਂ ਉਹ ਉੱਤਮ ਬਰਕਤ ਪਾਉਂਦੀਆਂ ਹਨ ਜੋ ਪੈਦਾਇਸ਼ੀ ਇਸਰਾਏਲ ਲਈ ਕਦੇ ਵੀ ਸੰਭਵ ਨਹੀਂ ਸੀ। ਵਾਕਈ, ਇਹ ਬਰਕਤ ਹਾਸਲ ਕਰਨ ਵਾਲੀ ਪਹਿਲੀ ਕੌਮ ਇਸਰਾਏਲ ਹੀ ਸੀ। 33 ਸਾ.ਯੁ. ਦੇ ਪੰਤੇਕੁਸਤ ਤੋਂ ਥੋੜ੍ਹੇ ਸਮੇਂ ਬਾਅਦ, ਪਤਰਸ ਰਸੂਲ ਨੇ ਯਹੂਦੀਆਂ ਦੇ ਇਕ ਸਮੂਹ ਨੂੰ ਕਿਹਾ: “ਤੁਸੀਂ ਨਬੀਆਂ ਦੇ ਅਤੇ ਉਸ ਨੇਮ ਦੇ ਪੁੱਤ੍ਰ ਹੋ ਜਿਹ ਨੂੰ ਪਰਮੇਸ਼ੁਰ ਨੇ ਤੁਹਾਡੇ ਪਿਉ ਦਾਦਿਆਂ ਨਾਲ ਕੀਤਾ ਸੀ ਜਦ ਅਬਰਾਹਾਮ ਨੂੰ ਆਖਿਆ, ਤੇਰੀ ਅੰਸ ਵਿੱਚ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ। ਪਰਮੇਸ਼ੁਰ ਨੇ ਆਪਣੇ ਸੇਵਕ ਨੂੰ ਖੜਾ ਕਰ ਕੇ ਪਹਿਲਾਂ ਤੁਹਾਡੇ ਕੋਲ ਘੱਲਿਆ ਭਈ ਤੁਹਾਡੇ ਵਿੱਚੋਂ ਹਰੇਕ ਨੂੰ ਉਹਦੀਆਂ ਬੁਰਿਆਈਆਂ ਤੋਂ ਹਟਾ ਕੇ ਤੁਹਾਨੂੰ ਬਰਕਤ ਦੇਵੇ।”—ਰਸੂਲਾਂ ਦੇ ਕਰਤੱਬ 3:25, 26.
7. ਕਿਹੜੀਆਂ ਕੌਮਾਂ ਨੇ ਅਬਰਾਹਾਮ ਦੀ ਅੰਸ, ਯਿਸੂ, ਦੁਆਰਾ ਬਰਕਤ ਪਾਈ?
7 ਕੁਝ ਹੀ ਸਮੇਂ ਬਾਅਦ, ਇਹ ਬਰਕਤ ਸਾਮਰੀਆਂ ਨੂੰ, ਅਤੇ ਫਿਰ ਗ਼ੈਰ-ਯਹੂਦੀਆਂ ਨੂੰ ਦਿੱਤੀ ਗਈ। (ਰਸੂਲਾਂ ਦੇ ਕਰਤੱਬ 8:14-17; 10:34-48) 50 ਤੋਂ 52 ਸਾ.ਯੁ. ਦੇ ਵਿਚਕਾਰ ਕਿਸੇ ਸਮੇਂ, ਪੌਲੁਸ ਨੇ ਏਸ਼ੀਆ ਮਾਈਨਰ ਵਿਚ ਗਲਾਤਿਯਾ ਦੇ ਮਸੀਹੀਆਂ ਨੂੰ ਲਿਖਿਆ: “ਧਰਮ ਪੁਸਤਕ ਨੇ ਅੱਗਿਓਂ ਇਹ ਵੇਖ ਕੇ ਭਈ ਪਰਮੇਸ਼ੁਰ ਪਰਾਈਆਂ ਕੌਮਾਂ ਨੂੰ ਨਿਹਚਾ ਦੇ ਰਾਹੀਂ ਧਰਮੀ ਠਹਿਰਾਵੇਗਾ ਅਬਰਾਹਾਮ ਨੂੰ ਅੱਗੋਂ ਹੀ ਇਹ ਖੁਸ਼ ਖਬਰੀ ਸੁਣਾਈ ਭਈ ਸਭ ਕੌਮਾਂ ਤੇਰੇ ਵਿੱਚ ਮੁਬਾਰਕ ਹੋਣਗੀਆਂ। ਸੋ ਜਿਹੜੇ ਨਿਹਚਾ ਵਾਲੇ ਹਨ ਓਹ ਨਿਹਚਾਵਾਨ ਅਬਰਾਹਾਮ ਦੇ ਨਾਲ ਮੁਬਾਰਕ ਹਨ।” (ਗਲਾਤੀਆਂ 3:8, 9; ਉਤਪਤ 12:3) ਭਾਵੇਂ ਗਲਾਤਿਯਾ ਵਿਚ ਬਹੁਤ ਸਾਰੇ ਮਸੀਹੀ “ਪਰਾਈਆਂ ਕੌਮਾਂ” ਵਿੱਚੋਂ ਸਨ, ਫਿਰ ਵੀ ਉਹ ਆਪਣੀ ਨਿਹਚਾ ਕਾਰਨ ਯਿਸੂ ਵਿਚ ਮੁਬਾਰਕ ਹੋਏ। ਕਿਸ ਤਰ੍ਹਾਂ?
8. ਪੌਲੁਸ ਦੇ ਦਿਨ ਦੇ ਮਸੀਹੀਆਂ ਲਈ, ਅਬਰਾਹਾਮ ਦੀ ਅੰਸ ਦੁਆਰਾ ਬਰਕਤ ਪਾਉਣ ਵਿਚ ਕੀ ਕੁਝ ਸ਼ਾਮਲ ਸੀ, ਅਤੇ ਆਖ਼ਰਕਾਰ ਕਿੰਨਿਆਂ ਨੂੰ ਅਜਿਹੀ ਬਰਕਤ ਮਿਲਦੀ ਹੈ?
8 ਗਲਾਤੀ ਮਸੀਹੀਆਂ ਦਾ ਪਿਛੋਕੜ ਭਾਵੇਂ ਜੋ ਵੀ ਸੀ, ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਾਮ ਦੀ ਅੰਸ ਅਤੇ ਬਚਨ ਦੇ ਅਨੁਸਾਰ ਅਧਕਾਰੀ ਹੋ।” (ਗਲਾਤੀਆਂ 3:29) ਉਨ੍ਹਾਂ ਗਲਾਤੀਆਂ ਲਈ, ਅਬਰਾਹਾਮ ਦੀ ਅੰਸ ਦੁਆਰਾ ਮਿਲਣ ਵਾਲੀ ਬਰਕਤ ਵਿਚ ਇਹ ਸ਼ਾਮਲ ਸੀ ਕਿ ਉਹ ਨਵੇਂ ਨੇਮ ਦੇ ਸਾਂਝੀਦਾਰ ਹੋਣਗੇ ਅਤੇ ਯਿਸੂ ਨਾਲ ਸੰਗੀ-ਵਾਰਸ ਬਣਨਗੇ, ਅਰਥਾਤ ਅਬਰਾਹਾਮ ਦੀ ਅੰਸ ਵਿਚ ਯਿਸੂ ਦੇ ਸਾਥੀ ਹੋਣਗੇ। ਸਾਨੂੰ ਨਹੀਂ ਪਤਾ ਕਿ ਪ੍ਰਾਚੀਨ ਇਸਰਾਏਲ ਦੀ ਕਿੰਨੀ ਕੁ ਆਬਾਦੀ ਸੀ। ਅਸੀਂ ਕੇਵਲ ਇੰਨਾ ਜਾਣਦੇ ਹਾਂ ਕਿ ਉਹ “ਉਸ ਰੇਤ ਦੇ ਢੇਰ ਵਾਂਙੁ ਬਹੁਤ ਸਾਰੇ ਸਨ ਜਿਹੜੀ ਸਮੁੰਦਰ ਦੇ ਕੰਢੇ ਉੱਤੇ ਹੈ।” (1 ਰਾਜਿਆਂ 4:20) ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਅਧਿਆਤਮਿਕ ਅੰਸ ਵਿਚ ਯਿਸੂ ਦੇ ਸਾਥੀਆਂ ਦੀ ਕੁਲ ਗਿਣਤੀ ਹੈ—1,44,000. (ਪਰਕਾਸ਼ ਦੀ ਪੋਥੀ 7:4; 14:1) ਉਹ 1,44,000 ਵਿਅਕਤੀ ਮਨੁੱਖਜਾਤੀ ਦੇ “ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ” ਵਿੱਚੋਂ ਨਿਕਲੇ ਹਨ ਅਤੇ ਅਬਰਾਹਾਮ ਦੇ ਨੇਮ ਦੀਆਂ ਬਰਕਤਾਂ ਨੂੰ ਦੂਸਰਿਆਂ ਤਕ ਪਹੁੰਚਾਉਣ ਵਿਚ ਹਿੱਸਾ ਲੈਂਦੇ ਹਨ।—ਪਰਕਾਸ਼ ਦੀ ਪੋਥੀ 5:9.
ਭਵਿੱਖਬਾਣੀ ਪੂਰੀ ਹੋਈ
9. ਨਵੇਂ ਨੇਮ ਵਿਚ ਸ਼ਾਮਲ ਵਿਅਕਤੀਆਂ ਦੇ ਅੰਦਰ ਯਹੋਵਾਹ ਦੀ ਬਿਵਸਥਾ ਕਿਵੇਂ ਹੈ?
9 ਨਵੇਂ ਨੇਮ ਬਾਰੇ ਭਵਿੱਖਬਾਣੀ ਕਰਦੇ ਹੋਏ, ਯਿਰਮਿਯਾਹ ਨੇ ਲਿਖਿਆ: “ਏਹ ਉਹ ਨੇਮ ਹੈ ਜਿਹੜਾ ਮੈਂ ਓਹਨਾਂ ਦਿਨਾਂ ਦੇ ਪਿੱਛੋਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਆਪਣੀ ਬਿਵਸਥਾ ਨੂੰ ਓਹਨਾਂ ਦੇ ਅੰਦਰ ਰੱਖਾਂਗਾ ਅਤੇ ਓਹਨਾਂ ਦੇ ਦਿਲਾਂ ਉੱਤੇ ਲਿਖਾਂਗਾ।” (ਯਿਰਮਿਯਾਹ 31:33) ਨਵੇਂ ਨੇਮ ਵਿਚ ਸ਼ਾਮਲ ਵਿਅਕਤੀਆਂ ਦਾ ਇਕ ਗੁਣ ਇਹ ਹੈ ਕਿ ਉਹ ਯਹੋਵਾਹ ਦੀ ਸੇਵਾ ਪ੍ਰੇਮ ਦੀ ਖ਼ਾਤਰ ਕਰਦੇ ਹਨ। (ਯੂਹੰਨਾ 13:35; ਇਬਰਾਨੀਆਂ 1:9) ਯਹੋਵਾਹ ਦੀ ਬਿਵਸਥਾ ਉਨ੍ਹਾਂ ਦੇ ਦਿਲਾਂ ਉੱਤੇ ਲਿਖੀ ਹੋਈ ਹੈ, ਅਤੇ ਉਹ ਉਸ ਦੀ ਇੱਛਾ ਪੂਰੀ ਕਰਨ ਦੀ ਤੀਬਰ ਚਾਹ ਰੱਖਦੇ ਹਨ। ਇਹ ਸੱਚ ਹੈ ਕਿ ਪ੍ਰਾਚੀਨ ਇਸਰਾਏਲ ਵਿਚ ਕਈ ਵਫ਼ਾਦਾਰ ਵਿਅਕਤੀ ਯਹੋਵਾਹ ਦੀ ਬਿਵਸਥਾ ਨਾਲ ਵੱਡੀ ਪ੍ਰੀਤ ਰੱਖਦੇ ਸਨ। (ਜ਼ਬੂਰ 119:97) ਪਰੰਤੂ ਬਹੁਤ ਸਾਰਿਆਂ ਨੇ ਅਜਿਹੀ ਪ੍ਰੀਤ ਨਹੀਂ ਰੱਖੀ, ਫਿਰ ਵੀ ਉਹ ਕੌਮ ਦਾ ਭਾਗ ਬਣੇ ਰਹੇ। ਪਰੰਤੂ ਜੇਕਰ ਪਰਮੇਸ਼ੁਰ ਦੀ ਬਿਵਸਥਾ ਕਿਸੇ ਵਿਅਕਤੀ ਦੇ ਦਿਲ ਵਿਚ ਨਾ ਲਿਖੀ ਹੋਵੇ ਤਾਂ ਉਹ ਨਵੇਂ ਨੇਮ ਵਿਚ ਬਣਿਆ ਨਹੀਂ ਰਹਿ ਸਕਦਾ ਹੈ।
10, 11. ਨਵੇਂ ਨੇਮ ਵਿਚ ਸ਼ਾਮਲ ਵਿਅਕਤੀਆਂ ਲਈ, ਯਹੋਵਾਹ ਕਿਸ ਤਰੀਕੇ ਨਾਲ ‘ਓਹਨਾਂ ਦਾ ਪਰਮੇਸ਼ੁਰ ਹੋ’ ਜਾਂਦਾ ਹੈ, ਅਤੇ ਇਹ ਸਾਰੇ ਉਸ ਨੂੰ ਕਿਵੇਂ ਜਾਣਨਗੇ?
10 ਯਹੋਵਾਹ ਨੇ ਨਵੇਂ ਨੇਮ ਵਿਚ ਸ਼ਾਮਲ ਵਿਅਕਤੀਆਂ ਬਾਰੇ ਅੱਗੇ ਕਿਹਾ: “ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਓਹ ਮੇਰੀ ਪਰਜਾ ਹੋਣਗੇ।” (ਯਿਰਮਿਯਾਹ 31:33) ਪ੍ਰਾਚੀਨ ਇਸਰਾਏਲ ਵਿਚ ਕਈਆਂ ਨੇ ਪਰਾਈਆਂ ਕੌਮਾਂ ਦੇ ਦੇਵਤਿਆਂ ਦੀ ਪੂਜਾ ਕੀਤੀ, ਪਰ ਉਹ ਇਸਰਾਏਲੀ ਹੀ ਰਹੇ। ਨਵੇਂ ਨੇਮ ਦੇ ਆਧਾਰ ਤੇ, ਯਹੋਵਾਹ ਨੇ ਪੈਦਾਇਸ਼ੀ ਇਸਰਾਏਲ ਦੀ ਥਾਂ ਲੈਣ ਲਈ ਇਕ ਅਧਿਆਤਮਿਕ ਕੌਮ ਬਣਾਈ, ਅਰਥਾਤ ‘ਪਰਮੇਸ਼ੁਰ ਦਾ ਇਸਰਾਏਲ।’ (ਗਲਾਤੀਆਂ 6:16; ਮੱਤੀ 21:43; ਰੋਮੀਆਂ 9:6-8) ਪਰੰਤੂ, ਜੇਕਰ ਕੋਈ ਵਿਅਕਤੀ ਯਹੋਵਾਹ ਦੀ ਉਪਾਸਨਾ ਕਰਨੀ ਛੱਡ ਦੇਵੇ, ਤਾਂ ਉਹ ਇਸ ਨਵੀਂ ਅਧਿਆਤਮਿਕ ਕੌਮ ਦਾ ਭਾਗ ਨਹੀਂ ਰਹੇਗਾ।
11 ਯਹੋਵਾਹ ਨੇ ਇਹ ਵੀ ਕਿਹਾ: “ਓਹ ਸਾਰਿਆਂ ਦੇ ਸਾਰੇ ਓਹਨਾਂ ਦੇ ਛੋਟੇ ਤੋਂ ਵੱਡੇ ਤੀਕ ਮੈਨੂੰ ਜਾਣ ਲੈਣਗੇ।” (ਯਿਰਮਿਯਾਹ 31:34) ਇਸਰਾਏਲ ਵਿਚ, ਕਈਆਂ ਨੇ ਤਾਂ ਯਹੋਵਾਹ ਨੂੰ ਅਣਡਿੱਠ ਕਰ ਦਿੱਤਾ, ਮਾਨੋ ਉਹ ਕਹਿ ਰਹੇ ਸਨ: “ਯਹੋਵਾਹ ਨਾ ਭਲਿਆਈ ਕਰੇਗਾ, ਨਾ ਬੁਰਿਆਈ ਕਰੇਗਾ।” (ਸਫ਼ਨਯਾਹ 1:12) ਕੋਈ ਵੀ ਵਿਅਕਤੀ ਪਰਮੇਸ਼ੁਰ ਦੇ ਇਸਰਾਏਲ ਦਾ ਭਾਗ ਨਹੀਂ ਰਹਿੰਦਾ ਜੇਕਰ ਉਹ ਯਹੋਵਾਹ ਨੂੰ ਅਣਡਿੱਠ ਕਰਦਾ ਜਾਂ ਸ਼ੁੱਧ ਉਪਾਸਨਾ ਨੂੰ ਪਲੀਤ ਕਰਦਾ ਹੈ। (ਮੱਤੀ 6:24; ਕੁਲੁੱਸੀਆਂ 3:5) ਅਧਿਆਤਮਿਕ ਇਸਰਾਏਲੀ ਉਹ ਹਨ ‘ਜਿਹੜੇ ਆਪਣੇ ਪਰਮੇਸ਼ੁਰ ਨੂੰ ਸਿਆਣਦੇ ਹਨ।’ (ਦਾਨੀਏਲ 11:32) ਉਹ ‘ਸੱਚੇ ਵਾਹਿਦ ਪਰਮੇਸ਼ੁਰ ਅਤੇ ਯਿਸੂ ਮਸੀਹ ਨੂੰ ਜਾਣਨ’ ਵਿਚ ਆਨੰਦ ਮਾਣਦੇ ਹਨ। (ਯੂਹੰਨਾ 17:3) ਯਿਸੂ ਨੂੰ ਜਾਣਨ ਦੁਆਰਾ ਪਰਮੇਸ਼ੁਰ ਬਾਰੇ ਉਨ੍ਹਾਂ ਦਾ ਗਿਆਨ ਵਧਦਾ ਹੈ ਕਿਉਂਕਿ, ਇਕ ਅਦਭੁਤ ਤਰੀਕੇ ਨਾਲ, ਯਿਸੂ “ਨੇ [ਪਰਮੇਸ਼ੁਰ] ਨੂੰ ਪਰਗਟ ਕੀਤਾ” ਹੈ।—ਯੂਹੰਨਾ 1:18; 14:9-11.
12, 13. (ੳ) ਯਹੋਵਾਹ ਕਿਸ ਆਧਾਰ ਤੇ ਨਵੇਂ ਨੇਮ ਵਿਚ ਸ਼ਾਮਲ ਵਿਅਕਤੀਆਂ ਦੇ ਪਾਪ ਮਾਫ਼ ਕਰਦਾ ਹੈ? (ਅ) ਜਿੱਥੋਂ ਤਕ ਪਾਪਾਂ ਦੀ ਮਾਫ਼ੀ ਦਾ ਸਵਾਲ ਹੈ, ਨਵਾਂ ਨੇਮ ਪੁਰਾਣੇ ਨੇਮ ਨਾਲੋਂ ਕਿਵੇਂ ਉੱਤਮ ਹੈ?
12 ਆਖ਼ਰਕਾਰ, ਯਹੋਵਾਹ ਨੇ ਵਾਅਦਾ ਕੀਤਾ: “ਮੈਂ ਓਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ।” (ਯਿਰਮਿਯਾਹ 31:34ਅ) ਮੂਸਾ ਦੀ ਬਿਵਸਥਾ ਵਿਚ ਸੈਂਕੜੇ ਲਿਖਿਤ ਵਿਨਿਯਮ ਸਨ, ਜਿਨ੍ਹਾਂ ਦੀ ਪਾਲਣਾ ਕਰਨ ਦੀ ਮੰਗ ਇਸਰਾਏਲੀਆਂ ਤੋਂ ਕੀਤੀ ਜਾਂਦੀ ਸੀ। (ਬਿਵਸਥਾ ਸਾਰ 28:1, 2, 15) ਬਿਵਸਥਾ ਦੀ ਉਲੰਘਣਾ ਕਰਨ ਵਾਲੇ ਸਾਰੇ ਵਿਅਕਤੀ ਆਪਣੇ ਪਾਪਾਂ ਦੇ ਪ੍ਰਾਸਚਿਤ ਲਈ ਬਲੀਆਂ ਚੜ੍ਹਾਉਂਦੇ ਸਨ। (ਲੇਵੀਆਂ 4:1-7; 16:1-31) ਬਹੁਤ ਸਾਰੇ ਯਹੂਦੀ ਇਹ ਵਿਸ਼ਵਾਸ ਕਰਨ ਲੱਗੇ ਕਿ ਉਹ ਬਿਵਸਥਾ ਅਨੁਸਾਰ ਕੀਤੇ ਆਪਣੇ ਕਰਮਾਂ ਰਾਹੀਂ ਧਰਮੀ ਬਣ ਸਕਦੇ ਸਨ। ਪਰ ਮਸੀਹੀਆਂ ਨੇ ਇਹ ਗੱਲ ਸਮਝੀ ਹੈ ਕਿ ਉਹ ਕਦੇ ਵੀ ਆਪਣੇ ਕਰਮਾਂ ਦੁਆਰਾ ਧਾਰਮਿਕਤਾ ਨੂੰ ਕਮਾ ਨਹੀਂ ਸਕਦੇ ਹਨ। ਉਹ ਪਾਪ ਕਰਨ ਤੋਂ ਬਚ ਨਹੀਂ ਸਕਦੇ ਹਨ। (ਰੋਮੀਆਂ 5:12) ਨਵੇਂ ਨੇਮ ਅਧੀਨ, ਪਰਮੇਸ਼ੁਰ ਦੇ ਅੱਗੇ ਧਾਰਮਿਕ ਸਥਿਤੀ ਕੇਵਲ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਮੁਮਕਿਨ ਹੈ। ਪਰ ਅਜਿਹੀ ਸਥਿਤੀ ਇਕ ਸੁਗਾਤ ਹੈ, ਪਰਮੇਸ਼ੁਰ ਵੱਲੋਂ ਅਯੋਗ ਦਿਆਲਗੀ। (ਰੋਮੀਆਂ 3:20, 23, 24, ਨਿ ਵ) ਯਹੋਵਾਹ ਅਜੇ ਵੀ ਆਪਣੇ ਸੇਵਕਾਂ ਤੋਂ ਆਗਿਆਕਾਰਤਾ ਦੀ ਮੰਗ ਕਰਦਾ ਹੈ। ਪੌਲੁਸ ਕਹਿੰਦਾ ਹੈ ਕਿ ਜਿਹੜੇ ਨਵੇਂ ਨੇਮ ਵਿਚ ਸ਼ਾਮਲ ਹਨ, ਉਹ “ਮਸੀਹ ਦੇ ਭਾਣੇ ਸ਼ਰਾ ਅਧੀਨ” ਹਨ।—1 ਕੁਰਿੰਥੀਆਂ 9:21.
13 ਇਸ ਲਈ, ਮਸੀਹੀਆਂ ਦੇ ਪਾਪਾਂ ਲਈ ਵੀ ਇਕ ਬਲੀਦਾਨ ਹੈ, ਪਰ ਇਹ ਬਿਵਸਥਾ ਨੇਮ ਦੇ ਅਧੀਨ ਚੜ੍ਹਾਈਆਂ ਬਲੀਆਂ ਨਾਲੋਂ ਕਿਤੇ ਜ਼ਿਆਦਾ ਵਡਮੁੱਲਾ ਹੈ। ਪੌਲੁਸ ਨੇ ਲਿਖਿਆ: “[ਬਿਵਸਥਾ ਨੇਮ ਅਧੀਨ] ਹਰੇਕ ਜਾਜਕ ਨਿੱਤ ਖੜਾ ਹੋ ਕੇ ਉਪਾਸਨਾ ਕਰਦਾ ਹੈ ਅਤੇ ਇੱਕੋ ਪਰਕਾਰ ਦੇ ਬਲੀਦਾਨ ਜਿਹੜੇ ਪਾਪਾਂ ਨੂੰ ਕਦੇ ਲੈ ਜਾ ਨਹੀਂ ਸੱਕਦੇ ਵਾਰ ਵਾਰ ਚੜ੍ਹਾਉਂਦਾ ਹੈ। ਪਰ [ਯਿਸੂ] ਪਾਪਾਂ ਦੇ ਬਦਲੇ ਇੱਕੋ ਬਲੀਦਾਨ ਸਦਾ ਲਈ ਚੜ੍ਹਾ ਕੇ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।” (ਇਬਰਾਨੀਆਂ 10:11, 12) ਕਿਉਂਕਿ ਨਵੇਂ ਨੇਮ ਵਿਚ ਸ਼ਾਮਲ ਮਸੀਹੀ ਯਿਸੂ ਦੇ ਬਲੀਦਾਨ ਵਿਚ ਨਿਹਚਾ ਕਰਦੇ ਹਨ, ਯਹੋਵਾਹ ਉਨ੍ਹਾਂ ਨੂੰ ਧਰਮੀ, ਅਰਥਾਤ ਪਾਪ-ਰਹਿਤ ਠਹਿਰਾਉਂਦਾ ਹੈ, ਅਤੇ ਇਸ ਤਰ੍ਹਾਂ ਉਹ ਉਸ ਦੇ ਅਧਿਆਤਮਿਕ ਪੁੱਤਰਾਂ ਵਜੋਂ ਮਸਹ ਕੀਤੇ ਜਾਣ ਦੀ ਸਥਿਤੀ ਵਿਚ ਹੁੰਦੇ ਹਨ। (ਰੋਮੀਆਂ 5:1; 8:33, 34; ਇਬਰਾਨੀਆਂ 10:14-18) ਜਦੋਂ ਉਹ ਮਨੁੱਖੀ ਅਪੂਰਣਤਾ ਕਾਰਨ ਪਾਪ ਕਰਦੇ ਵੀ ਹਨ, ਤਾਂ ਉਹ ਯਹੋਵਾਹ ਨੂੰ ਮਾਫ਼ੀ ਲਈ ਬੇਨਤੀ ਕਰ ਸਕਦੇ ਹਨ, ਅਤੇ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਯਹੋਵਾਹ ਉਨ੍ਹਾਂ ਨੂੰ ਮਾਫ਼ ਕਰਦਾ ਹੈ। (1 ਯੂਹੰਨਾ 2:1, 2) ਪਰੰਤੂ, ਜੇ ਉਹ ਜਾਣ-ਬੁੱਝ ਕੇ ਪਾਪ ਦਾ ਰਾਹ ਚੁਣਦੇ ਹਨ, ਤਾਂ ਉਹ ਆਪਣੀ ਧਾਰਮਿਕ ਸਥਿਤੀ ਅਤੇ ਨਵੇਂ ਨੇਮ ਦੇ ਸਾਂਝੀਦਾਰ ਹੋਣ ਦੇ ਵਿਸ਼ੇਸ਼-ਸਨਮਾਨ ਨੂੰ ਗੁਆ ਬੈਠਦੇ ਹਨ।—ਇਬਰਾਨੀਆਂ 2:2, 3; 6:4-8; 10:26-31.
ਪੁਰਾਣਾ ਅਤੇ ਨਵਾਂ ਨੇਮ
14. ਬਿਵਸਥਾ ਨੇਮ ਦੇ ਅਧੀਨ ਕਿਹੜੀ ਸੁੰਨਤ ਦੀ ਮੰਗ ਕੀਤੀ ਜਾਂਦੀ ਸੀ? ਨਵੇਂ ਨੇਮ ਦੇ ਅਧੀਨ ਕਿਹੜੀ ਸੁੰਨਤ ਦੀ ਮੰਗ ਕੀਤੀ ਜਾਂਦੀ ਸੀ?
14 ਪੁਰਾਣੇ ਨੇਮ ਵਿਚ ਮੁੰਡਿਆਂ ਦੀ ਸੁੰਨਤ ਕੀਤੀ ਜਾਂਦੀ ਸੀ ਜੋ ਇਕ ਚਿੰਨ੍ਹ ਸੀ ਕਿ ਉਹ ਬਿਵਸਥਾ, ਜਾਂ ਸ਼ਰਾ ਅਧੀਨ ਸਨ। (ਲੇਵੀਆਂ 12:2, 3; ਗਲਾਤੀਆਂ 5:3) ਮਸੀਹੀ ਕਲੀਸਿਯਾ ਸਥਾਪਿਤ ਹੋਣ ਮਗਰੋਂ, ਕਈਆਂ ਨੇ ਮਹਿਸੂਸ ਕੀਤਾ ਕਿ ਗ਼ੈਰ-ਯਹੂਦੀ ਮਸੀਹੀਆਂ ਦੀ ਵੀ ਸੁੰਨਤ ਕੀਤੀ ਜਾਣੀ ਚਾਹੀਦੀ ਸੀ। ਪਰ ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਨੇ ਪਰਮੇਸ਼ੁਰ ਦੇ ਬਚਨ ਅਤੇ ਪਵਿੱਤਰ ਆਤਮਾ ਦੀ ਅਗਵਾਈ ਅਧੀਨ ਦੇਖਿਆ ਕਿ ਇਸ ਦੀ ਕੋਈ ਲੋੜ ਨਹੀਂ ਸੀ। (ਰਸੂਲਾਂ ਦੇ ਕਰਤੱਬ 15:1, 5, 28, 29) ਕੁਝ ਸਾਲ ਬਾਅਦ, ਪੌਲੁਸ ਨੇ ਕਿਹਾ: “ਉਹ ਯਹੂਦੀ ਨਹੀਂ ਜਿਹੜਾ ਵਿਖਾਵੇ ਮਾਤਰ ਹੈ ਅਤੇ ਨਾ ਉਹ ਸੁੰਨਤ ਹੈ ਜਿਹੜੀ ਮਾਸ ਦੀ ਵਿਖਾਵੇ ਮਾਤਰ ਹੈ। ਸਗੋਂ ਯਹੂਦੀ ਉਹੋ ਹੈ ਜਿਹੜਾ ਅੰਦਰੋਂ ਹੋਵੇ ਅਤੇ ਸੁੰਨਤ ਉਹੋ ਹੈ ਜਿਹੜੀ ਮਨ ਦੀ ਹੋਵੇ ਅਰਥਾਤ ਆਤਮਾ ਵਿੱਚ ਨਾ ਲਿਖਤ ਵਿੱਚ।” (ਰੋਮੀਆਂ 2:28, 29) ਵਾਸਤਵਿਕ ਸੁੰਨਤ, ਇੱਥੋਂ ਤਕ ਕਿ ਪੈਦਾਇਸ਼ੀ ਯਹੂਦੀਆਂ ਦੀ ਸੁੰਨਤ ਵੀ, ਯਹੋਵਾਹ ਦੀਆਂ ਨਜ਼ਰਾਂ ਵਿਚ ਹੁਣ ਕੋਈ ਅਧਿਆਤਮਿਕ ਮੁੱਲ ਨਹੀਂ ਰੱਖਦੀ ਸੀ। ਨਵੇਂ ਨੇਮ ਵਿਚ ਸ਼ਾਮਲ ਵਿਅਕਤੀਆਂ ਲਈ, ਮਾਸ ਦੀ ਬਜਾਇ ਮਨ, ਜਾਂ ਦਿਲ ਦੀ ਸੁੰਨਤ ਕਰਵਾਉਣੀ ਜ਼ਰੂਰੀ ਸੀ। ਉਨ੍ਹਾਂ ਦੀ ਸੋਚਣੀ, ਕਾਮਨਾਵਾਂ, ਅਤੇ ਪ੍ਰੇਰਣਾ-ਸ਼ਕਤੀਆਂ ਵਿੱਚੋਂ ਉਹ ਸਭ ਕੁਝ ਕੱਟਣਾ ਪਵੇਗਾ ਜੋ ਯਹੋਵਾਹ ਨੂੰ ਨਾਪਸੰਦ ਹੈ ਜਾਂ ਉਸ ਦੀਆਂ ਨਜ਼ਰਾਂ ਵਿਚ ਅਸ਼ੁੱਧ ਹੈ।a ਅੱਜ ਬਹੁਤ ਸਾਰੇ ਲੋਕ ਇਸ ਹਕੀਕਤ ਦੇ ਜੀਉਂਦੇ-ਜਾਗਦੇ ਸਬੂਤ ਹਨ ਕਿ ਪਵਿੱਤਰ ਆਤਮਾ ਇਸ ਤਰ੍ਹਾਂ ਸੋਚਣੀ ਨੂੰ ਬਦਲਣ ਦੀ ਤਾਕਤ ਰੱਖਦੀ ਹੈ।—1 ਕੁਰਿੰਥੀਆਂ 6:9-11; ਗਲਾਤੀਆਂ 5:22-24; ਅਫ਼ਸੀਆਂ 4:22-24.
15. ਰਾਜਕੀ ਹਕੂਮਤ ਦੇ ਮਾਮਲੇ ਵਿਚ ਪੈਦਾਇਸ਼ੀ ਇਸਰਾਏਲ ਨਾਲ ਪਰਮੇਸ਼ੁਰ ਦੇ ਇਸਰਾਏਲ ਦੀ ਕੀ ਬਰਾਬਰੀ ਹੈ?
15 ਬਿਵਸਥਾ ਨੇਮ ਦੇ ਪ੍ਰਬੰਧ ਅਧੀਨ, ਯਹੋਵਾਹ ਇਸਰਾਏਲ ਦਾ ਰਾਜਾ ਸੀ, ਅਤੇ ਸਮਾਂ ਬੀਤਣ ਨਾਲ ਉਸ ਨੇ ਯਰੂਸ਼ਲਮ ਵਿਚ ਮਨੁੱਖੀ ਰਾਜਿਆਂ ਦੁਆਰਾ ਆਪਣੀ ਸਰਬਸੱਤਾ ਚਲਾਈ। (ਯਸਾਯਾਹ 33:22) ਪਰਮੇਸ਼ੁਰ ਦੇ ਇਸਰਾਏਲ, ਅਰਥਾਤ ਅਧਿਆਤਮਿਕ ਇਸਰਾਏਲ, ਦਾ ਰਾਜਾ ਵੀ ਯਹੋਵਾਹ ਹੈ, ਅਤੇ 33 ਸਾ.ਯੁ. ਤੋਂ ਉਹ ਯਿਸੂ ਮਸੀਹ ਦੁਆਰਾ ਰਾਜ ਕਰ ਰਿਹਾ ਹੈ, ਜਿਸ ਨੂੰ “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ” ਮਿਲਿਆ ਹੈ। (ਮੱਤੀ 28:18; ਅਫ਼ਸੀਆਂ 1:19-23; ਕੁਲੁੱਸੀਆਂ 1:13, 14) ਅੱਜ, ਪਰਮੇਸ਼ੁਰ ਦਾ ਇਸਰਾਏਲ ਪਰਮੇਸ਼ੁਰ ਦੇ ਸਵਰਗੀ ਰਾਜ ਦੇ ਰਾਜੇ ਵਜੋਂ ਯਿਸੂ ਨੂੰ ਪ੍ਰਵਾਨ ਕਰਦਾ ਹੈ, ਜੋ ਰਾਜ 1914 ਵਿਚ ਸਥਾਪਿਤ ਹੋਇਆ ਸੀ। ਯਿਸੂ ਪ੍ਰਾਚੀਨ ਇਸਰਾਏਲ ਦੇ ਰਾਜੇ ਹਿਜ਼ਕੀਯਾਹ, ਯੋਸੀਯਾਹ, ਅਤੇ ਦੂਜੇ ਵਫ਼ਾਦਾਰ ਰਾਜਿਆਂ ਨਾਲੋਂ ਵੀ ਕਿਤੇ ਜ਼ਿਆਦਾ ਚੰਗਾ ਰਾਜਾ ਹੈ।—ਇਬਰਾਨੀਆਂ 1:8, 9; ਪਰਕਾਸ਼ ਦੀ ਪੋਥੀ 11:15.
16. ਪਰਮੇਸ਼ੁਰ ਦਾ ਇਸਰਾਏਲ ਕਿਸ ਪ੍ਰਕਾਰ ਦੀ ਜਾਜਕਾਈ ਹੈ?
16 ਇਸਰਾਏਲ ਨਾ ਕੇਵਲ ਇਕ ਰਾਜ ਸੀ ਪਰ ਉਸ ਦੀ ਮਸਹ ਕੀਤੀ ਹੋਈ ਇਕ ਜਾਜਕਾਈ ਵੀ ਸੀ। 33 ਸਾ.ਯੁ. ਵਿਚ, ਪਰਮੇਸ਼ੁਰ ਦੇ ਇਸਰਾਏਲ ਨੇ ਪੈਦਾਇਸ਼ੀ ਇਸਰਾਏਲ ਦੀ ਥਾਂ ਲੈ ਲਈ ਅਤੇ ਉਹ ਯਹੋਵਾਹ ਦਾ “ਦਾਸ” ਬਣ ਗਿਆ, ਅਰਥਾਤ ਉਸ ਦਾ “ਗਵਾਹ।” (ਯਸਾਯਾਹ 43:10) ਉਸ ਸਮੇਂ ਤੋਂ, ਇਸਰਾਏਲ ਨੂੰ ਕਹੇ ਯਹੋਵਾਹ ਦੇ ਸ਼ਬਦ, ਜੋ ਯਸਾਯਾਹ 43:21 ਅਤੇ ਕੂਚ 19:5, 6 ਵਿਚ ਦਰਜ ਹਨ, ਪਰਮੇਸ਼ੁਰ ਦੇ ਅਧਿਆਤਮਿਕ ਇਸਰਾਏਲ ਉੱਤੇ ਲਾਗੂ ਹੋਣ ਲੱਗੇ। ਪਰਮੇਸ਼ੁਰ ਦੀ ਨਵੀਂ ਅਧਿਆਤਮਿਕ ਕੌਮ ਹੁਣ “ਚੁਣਿਆ ਹੋਇਆ ਵੰਸ, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖਾਸ ਪਰਜਾ” ਬਣ ਗਈ ਸੀ, ਜਿਨ੍ਹਾਂ ਨੂੰ ‘ਯਹੋਵਾਹ ਦਿਆਂ ਗੁਣਾਂ ਦਾ ਪਰਚਾਰ ਕਰਨ’ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। (1 ਪਤਰਸ 2:9) ਪਰਮੇਸ਼ੁਰ ਦੇ ਇਸਰਾਏਲ ਵਿਚ ਸਾਰੇ ਵਿਅਕਤੀ, ਪੁਰਸ਼ ਅਤੇ ਇਸਤਰੀ, ਮਿਲ ਕੇ ਇਕ ਸਮੂਹਕ ਜਾਜਕਾਈ ਵਰਗ ਬਣਦੇ ਹਨ। (ਗਲਾਤੀਆਂ 3:28, 29) ਅਬਰਾਹਾਮ ਦੀ ਅੰਸ ਦੇ ਉਪ-ਭਾਗ ਵਜੋਂ, ਉਹ ਹੁਣ ਕਹਿੰਦੇ ਹਨ: “ਹੇ ਕੌਮੋਂ, ਉਸ ਦੀ ਪਰਜਾ ਦੇ ਨਾਲ ਜੈ ਕਾਰਾ ਗਜਾਓ।” (ਬਿਵਸਥਾ ਸਾਰ 32:43) ਧਰਤੀ ਉੱਤੇ ਅਧਿਆਤਮਿਕ ਇਸਰਾਏਲ ਦੇ ਬਾਕੀ ਰਹਿੰਦੇ ਮੈਂਬਰ “ਮਾਤਬਰ ਅਤੇ ਬੁੱਧਵਾਨ ਨੌਕਰ” ਹਨ। (ਮੱਤੀ 24:45-47) ਕੇਵਲ ਉਨ੍ਹਾਂ ਦੇ ਨਾਲ ਮਿਲ ਕੇ ਹੀ ਪਰਮੇਸ਼ੁਰ ਦੀ ਪਵਿੱਤਰ ਸੇਵਾ ਸਵੀਕਾਰਯੋਗ ਢੰਗ ਨਾਲ ਕੀਤੀ ਜਾ ਸਕਦੀ ਹੈ।
ਪਰਮੇਸ਼ੁਰ ਦਾ ਰਾਜ—ਅੰਤਿਮ ਪੂਰਤੀ
17. ਨਵੇਂ ਨੇਮ ਵਿਚ ਸ਼ਾਮਲ ਵਿਅਕਤੀਆਂ ਦਾ ਕਿਸ ਪ੍ਰਕਾਰ ਦਾ ਜਨਮ ਹੁੰਦਾ ਹੈ?
17 ਸੰਨ 1513 ਸਾ.ਯੁ.ਪੂ. ਤੋਂ ਬਾਅਦ ਪੈਦਾ ਹੋਏ ਇਸਰਾਏਲੀ ਜਨਮ ਤੋਂ ਹੀ ਬਿਵਸਥਾ ਨੇਮ ਦੇ ਅਧੀਨ ਸਨ। ਯਹੋਵਾਹ ਜਿਨ੍ਹਾਂ ਨੂੰ ਨਵੇਂ ਨੇਮ ਵਿਚ ਸ਼ਾਮਲ ਕਰਦਾ ਹੈ, ਉਨ੍ਹਾਂ ਦਾ ਵੀ ਇਕ ਜਨਮ ਹੁੰਦਾ ਹੈ—ਉਨ੍ਹਾਂ ਦੇ ਮਾਮਲੇ ਵਿਚ, ਇਕ ਅਧਿਆਤਮਿਕ ਜਨਮ। ਇਸ ਦਾ ਜ਼ਿਕਰ ਕਰਦੇ ਹੋਏ ਯਿਸੂ ਨੇ ਫ਼ਰੀਸੀ ਨਿਕੁਦੇਮੁਸ ਨੂੰ ਕਿਹਾ: “ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਪਰਮੇਸ਼ੁਰ ਦੇ ਰਾਜ ਨੂੰ ਵੇਖ ਨਹੀਂ ਸੱਕਦਾ।” (ਯੂਹੰਨਾ 3:3) ਸਾਲ 33 ਸਾ.ਯੁ. ਦੇ ਪੰਤੇਕੁਸਤ ਵੇਲੇ, 120 ਚੇਲੇ ਇਸ ਤਰ੍ਹਾਂ ਨਵੇਂ ਸਿਰਿਓਂ ਜਨਮ ਲੈਣ ਵਾਲੇ ਪ੍ਰਥਮ ਅਪੂਰਣ ਮਾਨਵ ਸਨ। ਨਵੇਂ ਨੇਮ ਅਧੀਨ ਧਰਮੀ ਠਹਿਰਾਏ ਜਾਣ ਤੇ, ਉਨ੍ਹਾਂ ਨੇ ਆਪਣੇ ਸ਼ਾਹੀ ਵਿਰਸੇ “ਦੀ ਪ੍ਰਤਿੱਗਿਆ” ਵਜੋਂ ਪਵਿੱਤਰ ਆਤਮਾ ਹਾਸਲ ਕੀਤੀ। (ਅਫ਼ਸੀਆਂ 1:14, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਹ ਪਰਮੇਸ਼ੁਰ ਦੇ ਮੁਤਬੰਨੇ ਬਣਨ ਲਈ ‘ਆਤਮਾ ਤੋਂ ਜੰਮੇ’ ਸਨ, ਜਿਸ ਨਾਲ ਉਹ ਯਿਸੂ ਦੇ ਭਰਾ ਬਣੇ ਅਤੇ ਇਸ ਤਰ੍ਹਾਂ “ਮਸੀਹ ਦੇ ਨਾਲ ਸਾਂਝੇ ਅਧਕਾਰੀ” ਵੀ ਬਣ ਗਏ। (ਯੂਹੰਨਾ 3:6; ਰੋਮੀਆਂ 8:16, 17) ਉਨ੍ਹਾਂ ਦੇ ‘ਨਵੇਂ ਸਿਰਿਓਂ ਜੰਮਣ’ ਦੁਆਰਾ ਸ਼ਾਨਦਾਰ ਸੰਭਾਵਨਾਵਾਂ ਲਈ ਰਾਹ ਖੁੱਲ੍ਹ ਗਿਆ।
18. ਨਵੇਂ ਸਿਰਿਓਂ ਜੰਮਣ ਨਾਲ ਨਵੇਂ ਨੇਮ ਵਿਚ ਸ਼ਾਮਲ ਵਿਅਕਤੀਆਂ ਲਈ ਕਿਹੜੀਆਂ ਅਦਭੁਤ ਸੰਭਾਵਨਾਵਾਂ ਦਾ ਦਰਵਾਜ਼ਾ ਖੁੱਲ੍ਹਦਾ ਹੈ?
18 ਨਵੇਂ ਨੇਮ ਦੀ ਵਿਚੋਲਗੀ ਕਰਦੇ ਸਮੇਂ, ਯਿਸੂ ਨੇ ਇਹ ਕਹਿੰਦੇ ਹੋਏ ਆਪਣੇ ਪੈਰੋਕਾਰਾਂ ਨਾਲ ਇਕ ਹੋਰ ਨੇਮ ਬੰਨ੍ਹਿਆ: “ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ।” (ਲੂਕਾ 22:29) ਇਹ ਰਾਜ ਦਾ ਨੇਮ ਦਾਨੀਏਲ 7:13, 14, 22, 27 ਵਿਚ ਦਰਜ ਇਕ ਵਿਲੱਖਣ ਦਰਸ਼ਣ ਦੀ ਪੂਰਤੀ ਲਈ ਰਾਹ ਤਿਆਰ ਕਰਦਾ ਹੈ। ਦਾਨੀਏਲ ਨੇ “ਇੱਕ ਜਣਾ ਮਨੁੱਖ ਦੇ ਪੁੱਤ੍ਰ ਵਰਗਾ” ਦੇਖਿਆ ਜਿਸ ਨੂੰ “ਅੱਤ ਪਰਾਚੀਨ,” ਯਹੋਵਾਹ ਪਰਮੇਸ਼ੁਰ ਨੇ ਰਾਜਕੀ ਅਧਿਕਾਰ ਦਿੱਤਾ। ਫਿਰ ਦਾਨੀਏਲ ਨੇ ਦੇਖਿਆ ਕਿ ‘ਸੰਤ ਰਾਜ ਵਾਲੇ ਹੋ’ ਗਏ। ਯਿਸੂ ਹੀ ਉਹ ਜਣਾ ਹੈ ਜੋ “ਮਨੁੱਖ ਦੇ ਪੁੱਤ੍ਰ ਵਰਗਾ” ਹੈ, ਅਤੇ ਜਿਸ ਨੂੰ 1914 ਵਿਚ ਯਹੋਵਾਹ ਪਰਮੇਸ਼ੁਰ ਤੋਂ ਸਵਰਗੀ ਰਾਜ ਮਿਲਿਆ। ਆਤਮਾ ਨਾਲ ਮਸਹ ਕੀਤੇ ਹੋਏ ਉਸ ਦੇ ਚੇਲੇ ਉਹ “ਸੰਤ” ਹਨ ਜੋ ਉਸ ਰਾਜ ਵਿਚ ਉਸ ਦੇ ਸੰਗੀ ਵਾਰਸ ਹਨ। (1 ਥੱਸਲੁਨੀਕੀਆਂ 2:12) ਇਹ ਕਿਵੇਂ?
19, 20. (ੳ) ਨਵੇਂ ਨੇਮ ਵਿਚ ਸ਼ਾਮਲ ਵਿਅਕਤੀਆਂ ਲਈ, ਯਹੋਵਾਹ ਦੇ ਅਬਰਾਹਾਮ ਨਾਲ ਕੀਤੇ ਵਾਅਦੇ ਦੀ ਕਿਹੜੀ ਅੰਤਿਮ ਅਤੇ ਸ਼ਾਨਦਾਰ ਪੂਰਤੀ ਹੋਵੇਗੀ? (ਅ) ਕਿਹੜੇ ਦੂਸਰੇ ਸਵਾਲਾਂ ਉੱਤੇ ਵਿਚਾਰ ਕਰਨ ਦੀ ਲੋੜ ਹੈ?
19 ਆਪਣੀ ਮੌਤ ਮਗਰੋਂ, ਇਹ ਮਸਹ ਕੀਤੇ ਹੋਏ ਵਿਅਕਤੀ, ਯਿਸੂ ਵਾਂਗ, ਅਮਰ ਆਤਮਿਕ ਪ੍ਰਾਣੀਆਂ ਵਜੋਂ ਮਰੇ ਹੋਇਆਂ ਵਿੱਚੋਂ ਜੀ ਉਠਾਏ ਜਾਂਦੇ ਹਨ ਤਾਂਕਿ ਉਹ ਸਵਰਗ ਵਿਚ ਉਸ ਨਾਲ ਰਾਜਿਆਂ ਅਤੇ ਜਾਜਕਾਂ ਵਜੋਂ ਸੇਵਾ ਕਰ ਸਕਣ। (1 ਕੁਰਿੰਥੀਆਂ 15:50-53; ਪਰਕਾਸ਼ ਦੀ ਪੋਥੀ 20:4, 6) ਕਿੰਨੀ ਸ਼ਾਨਦਾਰ ਉਮੀਦ! “ਓਹ ਧਰਤੀ ਉੱਤੇ ਰਾਜ ਕਰਨਗੇ,” ਨਾ ਕਿ ਕੇਵਲ ਕਨਾਨ ਦੇਸ਼ ਉੱਤੇ। (ਪਰਕਾਸ਼ ਦੀ ਪੋਥੀ 5:10) ਕੀ ਉਹ “ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜ਼ਾ” ਕਰਨਗੇ? (ਉਤਪਤ 22:17) ਜੀ ਹਾਂ, ਅਤੇ ਇਕ ਨਿਸ਼ਚਾਤਮਕ ਤਰੀਕੇ ਨਾਲ, ਜਦੋਂ ਉਹ ਵੈਰਭਾਵੀ ਧਾਰਮਿਕ ਕੰਜਰੀ, ਅਰਥਾਤ ਵੱਡੀ ਬਾਬੁਲ ਦੇ ਵਿਨਾਸ਼ ਨੂੰ ਦੇਖਣਗੇ, ਅਤੇ ਜਦੋਂ ਇਹ ਪੁਨਰ-ਉਥਿਤ ਮਸਹ ਕੀਤੇ ਹੋਏ ਵਿਅਕਤੀ ਯਿਸੂ ਨਾਲ ਮਿਲ ਕੇ “ਲੋਹੇ ਦੇ ਡੰਡੇ ਨਾਲ” ਕੌਮਾਂ ਉੱਤੇ ਹਕੂਮਤ ਕਰਨਗੇ ਅਤੇ ਸ਼ਤਾਨ ਦੇ ਸਿਰ ਨੂੰ ਮਿੱਧਣਗੇ। ਇਸ ਤਰ੍ਹਾਂ ਉਹ ਉਤਪਤ 3:15 ਵਿਚ ਦਰਜ ਭਵਿੱਖਬਾਣੀ ਦੇ ਅੰਤਿਮ ਵੇਰਵੇ ਨੂੰ ਪੂਰਾ ਕਰਨ ਵਿਚ ਹਿੱਸਾ ਲੈਣਗੇ।—ਪਰਕਾਸ਼ ਦੀ ਪੋਥੀ 2:26, 27; 17:14; 18:20, 21; ਰੋਮੀਆਂ 16:20.
20 ਫਿਰ ਵੀ, ਅਸੀਂ ਪੁੱਛ ਸਕਦੇ ਹਾਂ, ਕੀ ਅਬਰਾਹਾਮ ਦੇ ਨੇਮ ਅਤੇ ਨਵੇਂ ਨੇਮ ਵਿਚ ਕੇਵਲ ਇਹ 1,44,000 ਵਫ਼ਾਦਾਰ ਪ੍ਰਾਣੀ ਹੀ ਸ਼ਾਮਲ ਹਨ? ਜੀ ਨਹੀਂ, ਦੂਸਰੇ ਲੋਕ ਜੋ ਇਨ੍ਹਾਂ ਨੇਮਾਂ ਵਿਚ ਸਿੱਧੇ ਤੌਰ ਤੇ ਸ਼ਾਮਲ ਨਹੀਂ ਹਨ, ਉਹ ਵੀ ਇਨ੍ਹਾਂ ਦੇ ਦੁਆਰਾ ਬਰਕਤ ਹਾਸਲ ਕਰਨਗੇ, ਜਿਵੇਂ ਕਿ ਅਗਲੇ ਲੇਖ ਵਿਚ ਦੇਖਿਆ ਜਾਵੇਗਾ।
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 1, ਸਫ਼ਾ 470, ਦੇਖੋ।
ਕੀ ਤੁਹਾਨੂੰ ਯਾਦ ਹੈ?
◻ ਨਵੇਂ ਨੇਮ ਨੂੰ ਪਹਿਲੀ ਵਾਰ ਚਾਲੂ ਹੁੰਦਿਆਂ ਕਦੋਂ ਦੇਖਿਆ ਗਿਆ ਸੀ?
◻ ਪੁਰਾਣੇ ਨੇਮ ਦੁਆਰਾ ਕੀ ਸਿਰੇ ਚਾੜ੍ਹਿਆ ਗਿਆ ਸੀ?
◻ ਅਬਰਾਹਾਮ ਦੀ ਅੰਸ ਮੁੱਖ ਤੌਰ ਤੇ ਕੌਣ ਹੈ, ਅਤੇ ਕਿਹੜੀ ਤਰਤੀਬ ਵਿਚ ਕੌਮਾਂ ਨੇ ਇਸ ਅੰਸ ਦੁਆਰਾ ਬਰਕਤ ਪਾਈ?
◻ 1,44,000 ਲਈ, ਅਬਰਾਹਾਮ ਦੇ ਨੇਮ ਅਤੇ ਨਵੇਂ ਨੇਮ ਦੀ ਕਿਹੜੀ ਅੰਤਿਮ ਪੂਰਤੀ ਹੋਵੇਗੀ?
[ਸਫ਼ੇ 15 ਉੱਤੇ ਤਸਵੀਰ]
ਪਾਪਾਂ ਦੀ ਮਾਫ਼ੀ ਪੁਰਾਣੇ ਨੇਮ ਅਧੀਨ ਵਿਅਕਤੀਆਂ ਨਾਲੋਂ ਨਵੇਂ ਨੇਮ ਅਧੀਨ ਵਿਅਕਤੀਆਂ ਲਈ ਜ਼ਿਆਦਾ ਗਹਿਰਾ ਅਰਥ ਰੱਖਦੀ ਹੈ