ਕੀ ਯਹੋਵਾਹ ਦੀਆਂ ਬਰਕਤਾਂ ਤੁਹਾਨੂੰ ਮਿਲਣਗੀਆਂ?
“ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋ ਤਾਂ ਏਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ।”—ਬਿਵਸਥਾ ਸਾਰ 28:2.
1. ਇਸਰਾਏਲੀਆਂ ਲਈ ਬਰਕਤਾਂ ਜਾਂ ਸਰਾਪ ਕਿਸ ਗੱਲ ਉੱਤੇ ਨਿਰਭਰ ਕਰਦੇ ਸਨ?
ਉਜਾੜ ਵਿਚ 40 ਸਾਲਾਂ ਦੀ ਯਾਤਰਾ ਦੇ ਅੰਤ ਨੇੜੇ ਇਸਰਾਏਲੀਆਂ ਨੇ ਮੋਆਬ ਦੇ ਮਦਾਨ ਵਿਚ ਡੇਹਰਾ ਲਾਇਆ। ਵਾਅਦਾ ਕੀਤਾ ਹੋਇਆ ਦੇਸ਼ ਉਨ੍ਹਾਂ ਦੇ ਸਾਮ੍ਹਣੇ ਸੀ। ਉੱਥੇ ਮੂਸਾ ਨੇ ਬਿਵਸਥਾ ਸਾਰ ਦੀ ਪੋਥੀ ਲਿਖੀ, ਜਿਸ ਵਿਚ ਬਰਕਤਾਂ ਅਤੇ ਸਰਾਪਾਂ ਦੀ ਲੜੀ ਪਾਈ ਜਾਂਦੀ ਹੈ। ਜੇਕਰ ਇਸਰਾਏਲ ਦੇ ਲੋਕ ਯਹੋਵਾਹ ਦੇ ਆਗਿਆਕਾਰ ਹੋ ਕੇ ‘ਉਸ ਦੀ ਆਵਾਜ਼ ਸੁਣਦੇ ਰਹਿੰਦੇ’ ਤਾਂ ਬਰਕਤਾਂ ਉਨ੍ਹਾਂ ਦੇ “ਪਿੱਛੇ ਪੈ ਕੇ” ਉਨ੍ਹਾਂ ਨੂੰ ਮਿਲਣੀਆਂ ਸਨ। ਯਹੋਵਾਹ ਉਨ੍ਹਾਂ ਨਾਲ ਆਪਣੀ “ਅਣੋਖੀ ਪਰਜਾ” ਵਜੋਂ ਪਿਆਰ ਕਰਦਾ ਸੀ ਅਤੇ ਉਹ ਉਨ੍ਹਾਂ ਦੀ ਖ਼ਾਤਰ ਆਪਣਾ ਜ਼ੋਰ ਦਿਖਾਉਣਾ ਚਾਹੁੰਦਾ ਸੀ। ਪਰ ਜੇ ਉਹ ਉਸ ਦੀ ਆਵਾਜ਼ ਸੁਣਨ ਤੋਂ ਹਟ ਜਾਂਦੇ ਤਾਂ ਉਨ੍ਹਾਂ ਨੂੰ ਸਰਾਪ ਮਿਲਣੇ ਸਨ।—ਬਿਵਸਥਾ ਸਾਰ 8:10-14; 26:18; 28:2, 15.
2. ਬਿਵਸਥਾ ਸਾਰ 28:2 ਤੇ ਇਬਰਾਨੀ ਕ੍ਰਿਆਵਾਂ “ਸੁਣੋ” ਅਤੇ “ਪਿੱਛੇ ਪੈ ਕੇ” ਦਾ ਕੀ ਮਤਲਬ ਹੈ?
2 ਬਿਵਸਥਾ ਸਾਰ 28:2 ਤੇ ਇਬਰਾਨੀ ਕ੍ਰਿਆ “ਸੁਣੋ” ਦਾ ਮਤਲਬ ਲਗਾਤਾਰ ਸੁਣਦੇ ਰਹਿਣਾ ਹੈ। ਯਹੋਵਾਹ ਦੇ ਲੋਕਾਂ ਨੂੰ ਉਸ ਦੀ ਆਵਾਜ਼ ਸਿਰਫ਼ ਕਦੀ-ਕਦੀ ਹੀ ਨਹੀਂ, ਪਰ ਹਮੇਸ਼ਾ ਸੁਣਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਬਰਕਤਾਂ ਮਿਲਣਗੀਆਂ। ਜਿਸ ਇਬਰਾਨੀ ਕ੍ਰਿਆ ਦਾ ਅਨੁਵਾਦ “ਪਿੱਛੇ ਪੈ ਕੇ” ਕੀਤਾ ਗਿਆ ਹੈ ਉਸ ਦਾ ਸੰਬੰਧ ਸ਼ਿਕਾਰ ਕਰਨ ਨਾਲ ਜੋੜਿਆ ਗਿਆ ਹੈ। ਅਤੇ ਅਕਸਰ ਇਸ ਦਾ ਮਤਲਬ “ਨਾਲ ਜਾ ਰਲਣਾ” ਜਾਂ “ਫੜਨਾ” ਹੁੰਦਾ ਹੈ।
3. ਅਸੀਂ ਯਹੋਸ਼ੁਆ ਵਾਂਗ ਕਿਵੇਂ ਬਣ ਸਕਦੇ ਹਾਂ, ਅਤੇ ਇਹ ਇੰਨਾ ਜ਼ਰੂਰੀ ਕਿਉਂ ਹੈ?
3 ਇਸਰਾਏਲ ਦੇ ਆਗੂ ਯਹੋਸ਼ੁਆ ਨੇ ਯਹੋਵਾਹ ਦੀ ਗੱਲ ਸੁਣਨ ਦੀ ਚੋਣ ਕੀਤੀ ਸੀ ਅਤੇ ਇਸ ਲਈ ਉਸ ਨੂੰ ਬਰਕਤਾਂ ਮਿਲੀਆਂ ਸਨ। ਯਹੋਸ਼ੁਆ ਨੇ ਕਿਹਾ: “ਅੱਜ ਤੁਸੀਂ ਉਸ ਨੂੰ ਚੁਣ ਲਓ ਜਿਹ ਦੀ ਉਪਾਸਨਾ ਤੁਸੀਂ ਕਰੋਗੇ . . . ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ।” ਉਸ ਦੀ ਗੱਲ ਸੁਣ ਕੇ ਲੋਕਾਂ ਨੇ ਜਵਾਬ ਦਿੱਤਾ ਕਿ “ਏਹ ਸਾਥੋਂ ਦੂਰ ਰਹੇ ਜੋ ਅਸੀਂ ਯਹੋਵਾਹ ਨੂੰ ਛੱਡ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੀਏ!” (ਯਹੋਸ਼ੁਆ 24:15, 16) ਯਹੋਸ਼ੁਆ ਨੇ ਇਕ ਵਧੀਆ ਰਵੱਈਆ ਰੱਖਿਆ ਸੀ ਇਸ ਲਈ ਉਹ ਆਪਣੀ ਪੀੜ੍ਹੀ ਦੇ ਉਨ੍ਹਾਂ ਕੁਝ ਲੋਕਾਂ ਵਿਚਕਾਰ ਸੀ ਜੋ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਏ ਸਨ। ਅੱਜ, ਅਸੀਂ ਉਸ ਨਾਲੋਂ ਉੱਤਮ ਦੇਸ਼ ਵਿਚ ਦਾਖ਼ਲ ਹੋਣ ਹੀ ਵਾਲੇ ਹਾਂ, ਯਾਨੀ ਫਿਰਦੌਸ ਵਰਗੀ ਧਰਤੀ, ਜਿੱਥੇ ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਕਰਨ ਵਾਲਿਆਂ ਲਈ ਯਹੋਸ਼ੁਆ ਦੇ ਦਿਨਾਂ ਨਾਲੋਂ ਕਿਤੇ ਜ਼ਿਆਦਾ ਬਰਕਤਾਂ ਹੋਣਗੀਆਂ। ਕੀ ਤੁਹਾਨੂੰ ਅਜਿਹੀਆਂ ਬਰਕਤਾਂ ਮਿਲਣਗੀਆਂ? ਜ਼ਰੂਰ ਮਿਲਣਗੀਆਂ ਜੇਕਰ ਤੁਸੀਂ ਯਹੋਵਾਹ ਦੀ ਗੱਲ ਸੁਣਦੇ ਰਹੋਗੇ। ਆਪਣੇ ਇਰਾਦੇ ਨੂੰ ਪੱਕਾ ਬਣਾਉਣ ਲਈ ਜ਼ਰਾ ਇਸਰਾਏਲ ਦੇ ਇਤਿਹਾਸ ਅਤੇ ਇਸ ਦੇ ਨਾਲ-ਨਾਲ ਕੁਝ ਵਿਅਕਤੀਆਂ ਦੀਆਂ ਮਿਸਾਲਾਂ ਵੱਲ ਧਿਆਨ ਦਿਓ।—ਰੋਮੀਆਂ 15:4.
ਬਰਕਤਾਂ ਜਾਂ ਸਰਾਪ?
4. ਸੁਲੇਮਾਨ ਦੀ ਪ੍ਰਾਰਥਨਾ ਦੇ ਜਵਾਬ ਵਿਚ ਪਰਮੇਸ਼ੁਰ ਨੇ ਉਸ ਨੂੰ ਕੀ ਦਿੱਤਾ ਸੀ, ਅਤੇ ਸਾਨੂੰ ਅਜਿਹੀਆਂ ਬਰਕਤਾਂ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?
4 ਸੁਲੇਮਾਨ ਦੇ ਤਕਰੀਬਨ ਸਾਰੇ ਰਾਜ ਦੌਰਾਨ ਇਸਰਾਏਲੀਆਂ ਨੇ ਯਹੋਵਾਹ ਵੱਲੋਂ ਅਨੋਖੀਆਂ ਬਰਕਤਾਂ ਪਾਈਆਂ ਸਨ। ਉਨ੍ਹਾਂ ਨੇ ਅਮਨ-ਚੈਨ ਅਤੇ ਚੰਗੀਆਂ-ਚੰਗੀਆਂ ਚੀਜ਼ਾਂ ਦਾ ਆਨੰਦ ਮਾਣਿਆ। (1 ਰਾਜਿਆਂ 4:25) ਸੁਲੇਮਾਨ ਦੁਨੀਆਂ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇਕ ਸੀ, ਪਰ ਉਸ ਨੇ ਪਰਮੇਸ਼ੁਰ ਤੋਂ ਇਹ ਧਨ-ਦੌਲਤ ਨਹੀਂ ਮੰਗੀ ਸੀ। ਇਸ ਦੀ ਬਜਾਇ ਜਦੋਂ ਉਹ ਹਾਲੇ ਜਵਾਨ ਅਤੇ ਭੋਲਾ ਸੀ ਉਸ ਨੇ ਪ੍ਰਾਰਥਨਾ ਵਿਚ ਪਰਮੇਸ਼ੁਰ ਤੋਂ ਆਗਿਆਕਾਰ ਰਹਿਣ ਲਈ ਮਦਦ ਮੰਗੀ। ਯਹੋਵਾਹ ਨੇ ਉਸ ਨੂੰ ਬੁੱਧ ਅਤੇ ਸਮਝ ਦੀ ਬਰਕਤ ਦੇ ਕੇ ਉਸ ਦੀ ਮੰਗ ਪੂਰੀ ਕੀਤੀ। ਇਸ ਨੇ ਸੁਲੇਮਾਨ ਨੂੰ ਪਰਜਾ ਦਾ ਚੰਗੀ ਤਰ੍ਹਾਂ ਨਿਆਉਂ ਕਰਨ ਅਤੇ ਅੱਛੇ ਅਤੇ ਬੁਰੇ ਨੂੰ ਸਮਝਣ ਵਿਚ ਮਦਦ ਦਿੱਤੀ। ਭਾਵੇਂ ਕਿ ਪਰਮੇਸ਼ੁਰ ਨੇ ਉਸ ਨੂੰ ਧਨ ਅਤੇ ਸ਼ਕਤੀ ਵੀ ਦਿੱਤੀ ਸੀ, ਸੁਲੇਮਾਨ ਨੇ ਇਕ ਜਵਾਨ ਆਦਮੀ ਵਜੋਂ ਰੂਹਾਨੀ ਚੀਜ਼ਾਂ ਦੀ ਬਹੁਤ ਹੀ ਕਦਰ ਕੀਤੀ। (1 ਰਾਜਿਆਂ 3:9-13) ਚਾਹੇ ਸਾਡੇ ਕੋਲ ਧਨ-ਦੌਲਤ ਹੋਵੇ ਕਿ ਨਹੀਂ ਅਸੀਂ ਯਹੋਵਾਹ ਦੀਆਂ ਬਰਕਤਾਂ ਅਤੇ ਰੂਹਾਨੀ ਤੌਰ ਤੇ ਅਮੀਰ ਹੋਣ ਲਈ ਕਿੰਨੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ!
5 ਜਦੋਂ ਇਸਰਾਏਲ ਅਤੇ ਯਹੂਦਾਹ ਦੇ ਲੋਕ ਯਹੋਵਾਹ ਦੀ ਆਵਾਜ਼ ਸੁਣਨ ਤੋਂ ਹਟ ਗਏ ਸਨ ਤਾਂ ਕੀ ਹੋਇਆ ਸੀ?
5 ਇਸਰਾਏਲੀਆਂ ਨੇ ਯਹੋਵਾਹ ਦੀਆਂ ਬਰਕਤਾਂ ਦੀ ਕਦਰ ਨਹੀਂ ਕੀਤੀ ਸੀ। ਉਹ ਉਸ ਦੀ ਆਵਾਜ਼ ਸੁਣਨ ਤੋਂ ਹਟ ਗਏ ਸਨ ਜਿਸ ਕਰਕੇ ਉਨ੍ਹਾਂ ਉੱਤੇ ਉਹ ਸਰਾਪ ਆਏ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਪਹਿਲਾਂ ਦੱਸਿਆ ਗਿਆ ਸੀ। ਨਤੀਜੇ ਵਜੋਂ ਇਸਰਾਏਲ ਅਤੇ ਯਹੂਦਾਹ ਦੇ ਦੁਸ਼ਮਣਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਕੇ ਉਨ੍ਹਾਂ ਨੂੰ ਗ਼ੁਲਾਮ ਬਣਾ ਲਿਆ। (ਬਿਵਸਥਾ ਸਾਰ 28:36; 2 ਰਾਜਿਆਂ 17:22, 23; 2 ਇਤਹਾਸ 36:17-20) ਕੀ ਪਰਮੇਸ਼ੁਰ ਦੇ ਲੋਕਾਂ ਨੇ ਅਜਿਹੇ ਦੁੱਖ ਸਹਿ ਕੇ ਕੋਈ ਸਬਕ ਸਿੱਖਿਆ ਸੀ? ਕੀ ਉਨ੍ਹਾਂ ਨੇ ਸਿੱਖਿਆ ਸੀ ਕਿ ਪਰਮੇਸ਼ੁਰ ਵੱਲੋਂ ਬਰਕਤਾਂ ਸਿਰਫ਼ ਉਨ੍ਹਾਂ ਨੂੰ ਮਿਲਦੀਆਂ ਹਨ ਜੋ ਉਸ ਦੀ ਆਵਾਜ਼ ਸੁਣਦੇ ਰਹਿੰਦੇ ਹਨ? ਸਾਲ 537 ਸਾ.ਯੁ.ਪੂ. ਵਿਚ ਯਹੂਦੀ ਆਪਣੇ ਦੇਸ਼ ਵਾਪਸ ਚਲੇ ਗਏ। ਉਸ ਵੇਲੇ ਉਨ੍ਹਾਂ ਕੋਲ ਇਹ ਦਿਖਾਉਣ ਦਾ ਮੌਕਾ ਸੀ ਕਿ ਉਹ “ਬੁੱਧੀਮਾਨ” ਬਣ ਗਏ ਸਨ ਅਤੇ ਇਹ ਸਮਝਦੇ ਸਨ ਕਿ ਪਰਮੇਸ਼ੁਰ ਦੀ ਗੱਲ ਹਮੇਸ਼ਾ ਸੁਣਨੀ ਜ਼ਰੂਰੀ ਹੈ।—ਭਜਨ 90:12, ਪਵਿੱਤਰ ਬਾਈਬਲ ਨਵਾਂ ਅਨੁਵਾਦ।
6. (ੳ) ਯਹੋਵਾਹ ਨੇ ਹੱਜਈ ਅਤੇ ਜ਼ਕਰਯਾਹ ਨੂੰ ਆਪਣੇ ਲੋਕਾਂ ਨੂੰ ਉਪਦੇਸ਼ ਦੇਣ ਲਈ ਕਿਉਂ ਭੇਜਿਆ ਸੀ? (ਅ) ਹੱਜਈ ਦੁਆਰਾ ਪਰਮੇਸ਼ੁਰ ਦੇ ਸੰਦੇਸ਼ ਤੋਂ ਕਿਹੜਾ ਸਿਧਾਂਤ ਸਪੱਸ਼ਟ ਹੋਇਆ ਸੀ?
6 ਆਪਣੇ ਦੇਸ਼ ਵਾਪਸ ਮੁੜਨ ਵਾਲੇ ਯਹੂਦੀਆਂ ਨੇ ਜਗਵੇਦੀ ਬਣਾਈ ਅਤੇ ਯਰੂਸ਼ਲਮ ਦੀ ਹੈਕਲ ਦੇ ਕੰਮ ਨੂੰ ਸ਼ੁਰੂ ਕਰ ਲਿਆ। ਪਰ ਜਦੋਂ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਗਿਆ ਤਾਂ ਜੋਸ਼ ਨਾਲ ਕੰਮ ਕਰਨ ਦੀ ਬਜਾਇ ਉਨ੍ਹਾਂ ਦੇ ਹੱਥ ਢਿੱਲੇ ਪੈ ਗਏ ਅਤੇ ਉਨ੍ਹਾਂ ਨੇ ਉਸਾਰੀ ਦੇ ਕੰਮ ਨੂੰ ਬੰਦ ਕਰ ਦਿੱਤਾ। (ਅਜ਼ਰਾ 3:1-3, 10; 4:1-4, 23, 24) ਇਸ ਦੇ ਨਾਲ-ਨਾਲ ਉਹ ਐਸ਼ੋ-ਆਰਾਮ ਦੀ ਜ਼ਿੰਦਗੀ ਗੁਜ਼ਾਰਨ ਲੱਗ ਪਏ। ਇਸ ਲਈ, ਪਰਮੇਸ਼ੁਰ ਨੇ ਆਪਣੇ ਨਬੀ ਹੱਜਈ ਅਤੇ ਜ਼ਕਰਯਾਹ ਨੂੰ ਘੱਲਿਆ ਸੀ ਤਾਂਕਿ ਉਹ ਸੱਚੀ ਭਗਤੀ ਲਈ ਪਰਮੇਸ਼ੁਰ ਦਿਆਂ ਲੋਕਾਂ ਦੇ ਦਿਲਾਂ ਵਿਚ ਜੋਸ਼ ਨੂੰ ਦੁਬਾਰਾ ਜਗਾ ਸਕਣ। ਹੱਜਈ ਦੁਆਰਾ ਯਹੋਵਾਹ ਨੇ ਕਿਹਾ: “ਭਲਾ, ਏਹ ਕੋਈ ਸਮਾ ਹੈ ਕਿ ਤੁਸੀਂ ਆਪ ਆਪਣੇ ਛੱਤੇ ਹੋਏ ਕੋਠਿਆਂ ਵਿੱਚ ਰਹੋ ਜਦ ਕਿ ਏਹ [ਉਪਾਸਨਾ ਦਾ] ਭਵਨ ਬਰਬਾਦ ਪਿਆ ਹੈ? . . . ਤੁਸੀਂ ਆਪਣੇ ਚਾਲੇ ਉੱਤੇ ਧਿਆਨ ਦਿਓ। ਤੁਸਾਂ ਬਹੁਤ ਬੀਜਿਆ ਪਰ ਥੋੜਾ ਖੱਟਿਆ, ਤੁਸੀਂ ਖਾਂਦੇ ਹੋ ਪਰ ਰੱਜਦੇ ਨਹੀਂ, . . . ਅਤੇ ਮਜ਼ਦੂਰ ਆਪਣੀ ਕਮਾਈ ਛੇਕ ਵਾਲੀ ਥੈਲੀ ਵਿੱਚ ਰੱਖਦਾ ਹੈ।” (ਹੱਜਈ 1:4-6) ਜੇ ਅਸੀਂ ਰੂਹਾਨੀ ਚੀਜ਼ਾਂ ਨੂੰ ਕੁਰਬਾਨ ਕਰ ਕੇ ਧਨ-ਦੌਲਤ ਦੇ ਪਿੱਛੇ ਲੱਗੀਏ ਤਾਂ ਸਾਨੂੰ ਯਹੋਵਾਹ ਤੋਂ ਬਰਕਤ ਨਹੀਂ ਮਿਲੇਗੀ।—ਲੂਕਾ 12:15-21.
7. ਯਹੋਵਾਹ ਨੇ ਯਹੂਦੀਆਂ ਨੂੰ ਕਿਉਂ ਕਿਹਾ ਸੀ ਕਿ “ਤੁਸੀਂ ਆਪਣੇ ਚਾਲੇ ਤੇ ਧਿਆਨ ਦਿਓ”?
7 ਰੋਜ਼ ਦਿਆਂ ਕੰਮਾਂ ਵਿਚ ਰੁੱਝੇ ਹੋਏ ਯਹੂਦੀ ਇਹ ਭੁੱਲ ਗਏ ਸਨ ਕਿ ਪਰਮੇਸ਼ੁਰ ਵੱਲੋਂ ਉਨ੍ਹਾਂ ਨੂੰ ਮੀਂਹ ਅਤੇ ਫਲ ਦੀਆਂ ਰੁੱਤਾਂ ਸਿਰਫ਼ ਉਦੋਂ ਹੀ ਮਿਲਣਗੀਆਂ ਜਦੋਂ ਉਹ ਵਿਰੋਧਤਾ ਦੇ ਬਾਵਜੂਦ ਪਰਮੇਸ਼ੁਰ ਦਾ ਕਹਿਣਾ ਮੰਨਣਗੇ। (ਹੱਜਈ 1:9-11) ਤਾਂ ਫਿਰ ਇਹ ਸਲਾਹ ਕਿੰਨੀ ਉਚਿਤ ਸੀ ਕਿ “ਤੁਸੀਂ ਆਪਣੇ ਚਾਲੇ ਤੇ ਧਿਆਨ ਦਿਓ।” (ਹੱਜਈ 1:7) ਦਰਅਸਲ, ਯਹੋਵਾਹ ਉਨ੍ਹਾਂ ਨੂੰ ਇਹ ਕਹਿ ਰਿਹਾ ਸੀ ਕਿ ‘ਜ਼ਰਾ ਸੋਚੋ ਅਤੇ ਸਮਝੋ! ਖੇਤਾਂ ਵਿਚ ਤੁਹਾਡੀ ਮਜ਼ਦੂਰੀ ਇਸ ਕਰਕੇ ਵਿਅਰਥ ਹੈ ਕਿ ਤੁਸੀਂ ਮੇਰੀ ਉਪਾਸਨਾ ਦੇ ਭਵਨ ਨੂੰ ਭੈੜੀ ਹਾਲਤ ਵਿਚ ਛੱਡਿਆ ਹੈ।’ ਪਰਮੇਸ਼ੁਰ ਵੱਲੋਂ ਉਸ ਦੇ ਨਬੀ ਦੇ ਸ਼ਬਦ ਆਖ਼ਰਕਾਰ ਸੁਣਨ ਵਾਲਿਆਂ ਦਿਆਂ ਦਿਲਾਂ ਤਕ ਪਹੁੰਚ ਗਏ ਕਿਉਂਕਿ ਲੋਕਾਂ ਨੇ ਹੈਕਲ ਦੀ ਉਸਾਰੀ ਦਾ ਕੰਮ ਦੁਬਾਰਾ ਸ਼ੁਰੂ ਕਰ ਕੇ ਇਸ ਨੂੰ 515 ਸਾ.ਯੁ.ਪੂ. ਵਿਚ ਖ਼ਤਮ ਕੀਤਾ।
8. ਮਲਾਕੀ ਦੇ ਦਿਨਾਂ ਵਿਚ ਯਹੋਵਾਹ ਨੇ ਯਹੂਦੀਆਂ ਨੂੰ ਕਿਹੜਾ ਉਪਦੇਸ਼ ਦਿੱਤਾ ਸੀ ਅਤੇ ਕਿਉਂ?
8 ਬਾਅਦ ਵਿਚ ਮਲਾਕੀ ਨਬੀ ਦੇ ਦਿਨਾਂ ਵਿਚ ਯਹੂਦੀ ਫਿਰ ਰੂਹਾਨੀ ਤੌਰ ਤੇ ਡਗਮਗਾਉਣ ਲੱਗ ਪਏ। ਇੱਥੋਂ ਤਕ ਕਿ ਉਹ ਪਰਮੇਸ਼ੁਰ ਨੂੰ ਅਜਿਹੇ ਚੜ੍ਹਾਵੇ ਚੜ੍ਹਾਉਣ ਲੱਗ ਪਏ ਜੋ ਉਸ ਨੂੰ ਬਿਲਕੁਲ ਕਬੂਲ ਨਹੀਂ ਸਨ। (ਮਲਾਕੀ 1:6-8) ਇਸ ਲਈ, ਯਹੋਵਾਹ ਨੇ ਉਨ੍ਹਾਂ ਨੂੰ ਉਸ ਦੇ ਭਵਨ ਵਿਚ ਆਪਣੀ ਉਪਜ ਵਿੱਚੋਂ ਦਸਵਾਂ ਹਿੱਸਾ ਲਿਆਉਣ ਲਈ ਕਿਹਾ। ਉਸ ਨੇ ਉਨ੍ਹਾਂ ਨੂੰ ਸੱਦਾ ਦਿੱਤਾ: ਮੈਨੂੰ ਪਰਖੋ ਅਤੇ ਦੇਖੋ ਕਿ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ, ਮੈਂ ਤੁਹਾਡੇ ਲਈ ਬਰਕਤਾਂ ਇੰਨੀਆਂ ਵਧਾਵਾਂਗਾ ਕਿ ਉਨ੍ਹਾਂ ਲਈ ਥਾਂ ਨਾ ਹੋਵੇਗਾ। (ਮਲਾਕੀ 3:10) ਯਹੂਦੀ ਲੋਕਾਂ ਨੇ ਕਿੰਨੀ ਮੂਰਖਤਾਈ ਦਿਖਾਈ! ਉਹ ਉਨ੍ਹਾਂ ਚੀਜ਼ਾਂ ਦੇ ਪਿੱਛੇ ਲੱਗੇ ਹੋਏ ਸਨ ਜੋ ਪਰਮੇਸ਼ੁਰ ਨੇ ਖ਼ੁਦ ਉਨ੍ਹਾਂ ਨੂੰ ਦੇਣੀਆਂ ਸਨ ਜੇ ਉਹ ਉਸ ਦੀ ਆਵਾਜ਼ ਸੁਣਦੇ ਰਹਿੰਦੇ।—2 ਇਤਹਾਸ 31:10.
9. ਅਸੀਂ ਬਾਈਬਲ ਵਿੱਚੋਂ ਕਿਨ੍ਹਾਂ ਤਿੰਨ ਇਨਸਾਨਾਂ ਦੀਆਂ ਜ਼ਿੰਦਗੀਆਂ ਵੱਲ ਦੇਖਾਂਗੇ?
9 ਇਸਰਾਏਲ ਦੇ ਇਤਿਹਾਸ ਦੇ ਨਾਲ-ਨਾਲ ਬਾਈਬਲ ਵਿਚ ਅਜਿਹੇ ਲੋਕਾਂ ਬਾਰੇ ਵੀ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਜਾਂ ਬਰਕਤਾਂ ਮਿਲੀਆਂ, ਜਾਂ ਸਰਾਪ ਮਿਲੇ। ਬਰਕਤਾਂ ਜਾਂ ਸਰਾਪ ਇਸ ਗੱਲ ਤੇ ਨਿਰਭਰ ਕਰਦੇ ਸਨ ਕਿ ਉਨ੍ਹਾਂ ਨੇ ਪਰਮੇਸ਼ੁਰ ਦੀ ਆਵਾਜ਼ ਸੁਣੀ ਕਿ ਨਹੀਂ। ਆਓ ਆਪਾਂ ਦੇਖੀਏ ਕਿ ਬੋਅਜ਼, ਨਾਬਾਲ, ਅਤੇ ਹੰਨਾਹ ਦੀਆਂ ਮਿਸਾਲਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ। ਇਸ ਦੇ ਸੰਬੰਧ ਵਿਚ ਤੁਸੀਂ ਸ਼ਾਇਦ ਰੂਥ ਦੀ ਪੁਸਤਕ ਦੇ ਨਾਲ-ਨਾਲ 1 ਸਮੂਏਲ 1:1–2:21 ਅਤੇ 1 ਸਮੂਏਲ 25:2-42 ਪੜ੍ਹਨਾ ਚਾਹੋਗੇ।
ਬੋਅਜ਼ ਨੇ ਪਰਮੇਸ਼ੁਰ ਦੀ ਗੱਲ ਸੁਣੀ
10. ਬੋਅਜ਼ ਅਤੇ ਨਾਬਾਲ ਦੇ ਹਾਲਾਤ ਕਿਨ੍ਹਾਂ ਗੱਲਾਂ ਵਿਚ ਮਿਲਦੇ-ਜੁਲਦੇ ਸਨ?
10 ਬੋਅਜ਼ ਅਤੇ ਨਾਬਾਲ ਵੱਖਰੇ ਸਮੇਂ ਤੇ ਰਹਿੰਦੇ ਸਨ, ਪਰ ਉਨ੍ਹਾਂ ਦਿਆਂ ਹਾਲਾਤਾਂ ਵਿਚ ਕੁਝ ਗੱਲਾਂ ਮਿਲਦੀਆਂ-ਜੁਲਦੀਆਂ ਸਨ। ਮਿਸਾਲ ਲਈ, ਉਹ ਦੋਵੇਂ ਯਹੂਦਾਹ ਦੇਸ਼ ਵਿਚ ਰਹਿਣ ਵਾਲੇ ਸਨ। ਉਹ ਦੋਵੇਂ ਅਮੀਰ ਜ਼ਮੀਂਦਾਰ ਸਨ ਤੇ ਉਨ੍ਹਾਂ ਦੋਹਾਂ ਨੂੰ ਕਿਸੇ ਲੋੜਵੰਦ ਇਨਸਾਨ ਨਾਲ ਦਿਆਲਗੀ ਕਰਨ ਦਾ ਮੌਕਾ ਮਿਲਿਆ ਸੀ। ਪਰ, ਉਨ੍ਹਾਂ ਦੇ ਰਵੱਈਏ ਇਕ-ਦੂਸਰੇ ਤੋਂ ਬਿਲਕੁਲ ਵੱਖਰੇ ਸਨ।
11. ਬੋਅਜ਼ ਨੇ ਕਿਵੇਂ ਦਿਖਾਇਆ ਸੀ ਕਿ ਉਹ ਹਮੇਸ਼ਾ ਯਹੋਵਾਹ ਦੀ ਗੱਲ ਸੁਣਦਾ ਸੀ?
11 ਬੋਅਜ਼ ਇਸਰਾਏਲ ਦੇ ਜਾਜਕਾਂ ਦੇ ਸਮੇਂ ਦੌਰਾਨ ਜੀਉਂਦਾ ਸੀ। ਉਹ ਦੂਸਰਿਆਂ ਦਾ ਆਦਰ ਕਰਦਾ ਸੀ ਅਤੇ ਉਸ ਦੇ ਨੌਕਰ-ਚਾਕਰ ਉਸ ਦੀ ਬਹੁਤ ਇੱਜ਼ਤ ਕਰਦੇ ਸਨ। (ਰੂਥ 2:4) ਬਿਵਸਥਾ ਦੇ ਹੁਕਮ ਨੂੰ ਮੰਨਦੇ ਹੋਏ ਬੋਅਜ਼ ਨੇ ਨਿਸ਼ਚਿਤ ਕੀਤਾ ਕੇ ਉਸ ਦੇ ਖੇਤ ਵਿਚ ਕੰਗਾਲਾਂ ਅਤੇ ਗ਼ਰੀਬਾਂ ਲਈ ਵਾਢੀ ਦਾ ਸਿਲਾ ਛੱਡਿਆ ਜਾਵੇ। (ਲੇਵੀਆਂ 19:9, 10) ਬੋਅਜ਼ ਨੇ ਉਦੋਂ ਕੀ ਕੀਤਾ ਸੀ ਜਦੋਂ ਉਸ ਨੇ ਰੂਥ ਅਤੇ ਨਾਓਮੀ ਬਾਰੇ ਸੁਣਿਆ ਅਤੇ ਜਦੋਂ ਉਸ ਨੇ ਦੇਖਿਆ ਕੇ ਰੂਥ ਕਿੰਨੀ ਮਿਹਨਤ ਨਾਲ ਆਪਣੀ ਸੱਸ ਦੀ ਦੇਖ-ਭਾਲ ਕਰਦੀ ਸੀ? ਉਸ ਨੇ ਰੂਥ ਨਾਲ ਦਿਆਲਗੀ ਕੀਤੀ ਅਤੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ ਕਿ ਉਹ ਰੂਥ ਨੂੰ ਖੇਤ ਵਿੱਚੋਂ ਥੱਲੇ ਡਿਗੇ ਸਿੱਟਿਆਂ ਨੂੰ ਚੁਗਣ ਦੇਣ। ਆਪਣੇ ਸ਼ਬਦਾਂ ਅਤੇ ਪਿਆਰ ਭਰੇ ਕੰਮਾਂ ਰਾਹੀਂ ਬੋਅਜ਼ ਨੇ ਦਿਖਾਇਆ ਕਿ ਉਹ ਇਕ ਨੇਕ ਬੰਦਾ ਸੀ ਜੋ ਹਮੇਸ਼ਾ ਯਹੋਵਾਹ ਦੀ ਗੱਲ ਸੁਣਦਾ ਸੀ। ਇਸ ਲਈ ਉਸ ਨੇ ਪਰਮੇਸ਼ੁਰ ਦੀ ਕਿਰਪਾ ਹਾਸਲ ਕੀਤੀ ਅਤੇ ਉਸ ਨੂੰ ਬਰਕਤਾਂ ਮਿਲੀਆਂ।—ਲੇਵੀਆਂ 19:18; ਰੂਥ 2:5-16.
12, 13. (ੳ) ਬੋਅਜ਼ ਨੇ ਯਹੋਵਾਹ ਦੇ ਇਕ ਖ਼ਾਸ ਨਿਯਮ ਦੀ ਕਦਰ ਕਿਵੇਂ ਕੀਤੀ ਸੀ? (ਅ) ਬੋਅਜ਼ ਨੂੰ ਪਰਮੇਸ਼ੁਰ ਵੱਲੋਂ ਕਿਹੜੀਆਂ ਬਰਕਤਾਂ ਮਿਲੀਆਂ ਸਨ?
12 ਬੋਅਜ਼ ਨੇ ਯਹੋਵਾਹ ਦੀ ਗੱਲ ਸੁਣਨ ਦਾ ਵਿਸ਼ੇਸ਼ ਸਬੂਤ ਉਦੋਂ ਦਿੱਤਾ ਜਦੋਂ ਉਸ ਨੇ ਖੁੱਲ੍ਹੇ ਦਿਲ ਨਾਲ ਉਸ ਦੇ ਇਕ ਖ਼ਾਸ ਨਿਯਮ ਦੀ ਪਾਲਣਾ ਕੀਤੀ। ਨਾਓਮੀ ਦਾ ਪਤੀ ਅਲੀਮਲਕ ਬੋਅਜ਼ ਦਾ ਰਿਸ਼ਤੇਦਾਰ ਸੀ। ਇਸ ਲਈ ਬੋਅਜ਼ ਨੇ ਪੂਰੀ ਕੋਸ਼ਿਸ਼ ਕੀਤੀ ਕਿ ਅਲੀਮਲਕ ਦੇ ਮਰਨ ਤੋਂ ਬਾਅਦ ਉਸ ਦੀ ਜਾਇਦਾਦ ਉਸ ਦੇ ਪਰਿਵਾਰ ਵਿਚ ਰਹੇ। ‘ਭਰਾ ਦਾ ਹੱਕ ਪੂਰਾ ਕਰਨ’ ਦੇ ਨਿਯਮ ਅਨੁਸਾਰ ਇਕ ਵਿਧਵਾ ਨੂੰ ਆਪਣੇ ਪਤੀ ਦੇ ਸਭ ਤੋਂ ਨਜ਼ਦੀਕ ਰਿਸ਼ਤੇਦਾਰ ਨਾਲ ਵਿਆਹ ਕਰਵਾਉਣਾ ਪੈਂਦਾ ਸੀ ਤਾਂਕਿ ਉਹ ਪੁੱਤਰ ਨੂੰ ਜਨਮ ਦੇ ਸਕੇ ਜੋ ਉਸ ਜਾਇਦਾਦ ਨੂੰ ਸੰਭਾਲ ਸਕੇ। (ਬਿਵਸਥਾ ਸਾਰ 25:5-10; ਲੇਵੀਆਂ 25:47-49) ਸਿਆਣੀ ਹੋਣ ਕਰਕੇ ਨਾਓਮੀ ਬੱਚਾ ਪੈਦਾ ਨਹੀਂ ਕਰ ਸਕਦੀ ਸੀ ਇਸ ਲਈ ਰੂਥ ਨੇ ਵਿਆਹ ਕਰਨ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਕਿਉਂ ਜੋ ਅਲੀਮਲਕ ਦੇ ਕਿਸੇ ਹੋਰ ਨਜ਼ਦੀਕੀ ਰਿਸ਼ਤੇਦਾਰ ਨੇ ਨਾਓਮੀ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਬੋਅਜ਼ ਨੇ ਰੂਥ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦਾ ਪੁੱਤਰ ਓਬੇਦ ਨਾਓਮੀ ਦੀ ਔਲਾਦ ਸਮਝਿਆ ਗਿਆ ਸੀ ਅਤੇ ਅਲੀਮਲਕ ਦੀ ਜਾਇਦਾਦ ਦਾ ਕਾਨੂੰਨੀ ਵਾਰਸ।—ਰੂਥ 2:19, 20; 4:1, 6, 9, 13-16.
13 ਬੋਅਜ਼ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਕਿਉਂਕਿ ਉਸ ਨੇ ਦਿਲੋਂ ਪਰਮੇਸ਼ੁਰ ਦੇ ਨਿਯਮ ਦੀ ਪਾਲਣਾ ਕੀਤੀ ਸੀ। ਬੋਅਜ਼ ਅਤੇ ਰੂਥ ਨੂੰ ਆਪਣੇ ਪੁੱਤਰ ਓਬੇਦ ਰਾਹੀਂ ਯਿਸੂ ਮਸੀਹ ਦੇ ਪੂਰਵਜ ਬਣਨ ਦਾ ਸਨਮਾਨ ਮਿਲਿਆ। (ਰੂਥ 2:12; 4:13, 21, 22; ਮੱਤੀ 1:1, 5, 6) ਅਸੀਂ ਬੋਅਜ਼ ਤੋਂ ਸਿੱਖਦੇ ਹਾਂ ਕਿ ਉਨ੍ਹਾਂ ਲੋਕਾਂ ਨੂੰ ਬਰਕਤਾਂ ਮਿਲਦੀਆਂ ਹਨ ਜੋ ਸੁਆਰਥੀ ਨਹੀਂ ਪਰ ਦੂਸਰਿਆਂ ਨੂੰ ਪਿਆਰ ਕਰਦੇ ਹਨ ਅਤੇ ਪਰਮੇਸ਼ੁਰ ਦੀਆਂ ਮੰਗਾਂ ਪੂਰੀਆਂ ਕਰਦੇ ਹਨ।
ਨਾਬਾਲ ਨੇ ਪਰਮੇਸ਼ੁਰ ਦੀ ਗੱਲ ਨਹੀਂ ਸੁਣੀ
14. ਨਾਬਾਲ ਕਿਹੋ ਜਿਹਾ ਬੰਦਾ ਸੀ?
14 ਬੋਅਜ਼ ਦੀ ਤੁਲਨਾ ਵਿਚ ਨਾਬਾਲ ਨੇ ਪਰਮੇਸ਼ੁਰ ਦੀ ਗੱਲ ਨਹੀਂ ਸੁਣੀ। ਉਸ ਨੇ ਪਰਮੇਸ਼ੁਰ ਦਾ ਇਹ ਨਿਯਮ ਤੋੜਿਆ ਸੀ ਕਿ “ਤੂੰ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ।” (ਲੇਵੀਆਂ 19:18) ਨਾਬਾਲ ਨੂੰ ਰੂਹਾਨੀ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ; ਉਹ “ਸੁਭਾਅ ਦਾ ਬੜਾ ਖ਼ਰਾਬ ਅਤੇ ਖੋਟਾ ਸੀ।” ਉਸ ਦੇ ਆਪਣੇ ਆਦਮੀ ਵੀ ਉਸ ਨੂੰ “ਭੈੜੇ ਸੁਭਾਅ” ਵਾਲਾ ਕਹਿੰਦੇ ਸਨ। ਉਚਿਤ ਹੈ ਕਿ ਨਾਬਾਲ ਦੇ ਨਾਂ ਦਾ ਮਤਲਬ “ਮੂਰਖ” ਹੈ। (1 ਸਮੂਏਲ 25:3, 17, 25, ਨਵਾਂ ਅਨੁਵਾਦ) ਤਾਂ ਫਿਰ ਨਾਬਾਲ ਨੇ ਕੀ ਕੀਤਾ ਸੀ ਜਦੋਂ ਉਸ ਨੂੰ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਸੇਵਕ ਦਾਊਦ ਨਾਲ ਦਿਆਲਗੀ ਕਰਨ ਦਾ ਮੌਕਾ ਮਿਲਿਆ?—1 ਸਮੂਏਲ 16:13.
15. ਨਾਬਾਲ ਨੇ ਦਾਊਦ ਨਾਲ ਕਿਹੋ ਜਿਹਾ ਸਲੂਕ ਕੀਤਾ ਸੀ, ਅਤੇ ਅਬੀਗੈਲ ਆਪਣੇ ਪਤੀ ਤੋਂ ਕਿਵੇਂ ਵੱਖਰੀ ਸੀ?
15 ਜਦੋਂ ਦਾਊਦ ਅਤੇ ਉਸ ਦੇ ਆਦਮੀਆਂ ਨੇ ਨਾਬਾਲ ਦੇ ਇੱਜੜਾਂ ਨੇੜੇ ਡੇਹਰਾ ਲਾਇਆ ਹੋਇਆ ਸੀ, ਤਾਂ ਉਨ੍ਹਾਂ ਨੇ ਇੱਜੜਾਂ ਦੀ ਡਾਕੂਆਂ ਤੋਂ ਰਖਵਾਲੀ ਕਰਨ ਲਈ ਕੋਈ ਪੈਸਾ ਨਹੀਂ ਮੰਗਿਆ ਸੀ। ਨਾਬਾਲ ਦੇ ਇਕ ਚਰਵਾਹੇ ਨੇ ਕਿਹਾ ਕਿ “ਉਹਨਾਂ ਨੇ ਸਾਡੇ ਇੱਜੜਾਂ ਦੀ ਰਾਤ ਦਿਨ ਰਖਵਾਲੀ ਕੀਤੀ।” ਪਰ ਜਦੋਂ ਦਾਊਦ ਨੇ ਕੁਝ ਖਾਣਾ ਮੰਗਣ ਲਈ ਆਪਣੇ ਆਦਮੀ ਨਾਬਾਲ ਕੋਲ ਭੇਜੇ ਤਾਂ ਉਸ ਨੇ “ਉਹਨਾਂ ਦਾ ਅਪਮਾਨ ਕਰਕੇ” ਉਨ੍ਹਾਂ ਨੂੰ ਖਾਲੀ ਹੱਥ ਵਾਪਸ ਘੱਲ ਦਿੱਤਾ। (1 ਸਮੂਏਲ 25:2-16, ਨਵਾਂ ਅਨੁਵਾਦ) ਦਾਊਦ ਨੂੰ ਇੰਨਾ ਗੁੱਸਾ ਆਇਆ ਕਿ ਉਹ ਨਾਬਾਲ ਅਤੇ ਉਸ ਦੇ ਆਦਮੀਆਂ ਨੂੰ ਮਾਰਨ ਲਈ ਨਿਕਲਿਆ। ਪਰ ਨਾਬਾਲ ਦੀ ਪਤਨੀ ਅਬੀਗੈਲ ਫ਼ੌਰਨ ਦਾਊਦ ਕੋਲ ਖਾਣ ਵਾਲੀਆਂ ਚੀਜ਼ਾਂ ਲੈ ਗਈ। ਅਬੀਗੈਲ ਦੇ ਇਨ੍ਹਾਂ ਕਦਮਾਂ ਨੇ ਕਈਆਂ ਲੋਕਾਂ ਦੀਆਂ ਜਾਨਾਂ ਬਚਾਈਆਂ ਅਤੇ ਦਾਊਦ ਨੂੰ ਖ਼ੂਨ ਕਰਨ ਤੋਂ ਰੋਕਿਆ। ਪਰ ਨਾਬਾਲ ਬਹੁਤ ਹੀ ਜ਼ਿਆਦਾ ਲਾਲਚੀ ਅਤੇ ਕਠੋਰ ਸੀ। ਇਸ ਲਈ, ਦਸ ਕੁ ਦਿਨਾਂ ਬਾਅਦ “ਯਹੋਵਾਹ ਨੇ ਨਾਬਾਲ ਨੂੰ ਅਜਿਹਾ ਮਾਰਿਆ ਜੋ ਉਹ ਮਰ ਗਿਆ।”—1 ਸਮੂਏਲ 25:18-38.
16. ਨਾਬਾਲ ਦੇ ਰਵੱਈਏ ਨੂੰ ਰੱਦ ਕਰਦੇ ਹੋਏ ਅਸੀਂ ਬੋਅਜ਼ ਦੀ ਰੀਸ ਕਿਵੇਂ ਕਰ ਸਕਦੇ ਹਾਂ?
16 ਬੋਅਜ਼ ਅਤੇ ਨਾਬਾਲ ਵਿਚ ਕਿੰਨਾ ਫ਼ਰਕ ਸੀ! ਨਾਬਾਲ ਦੇ ਕਠੋਰ ਅਤੇ ਖ਼ੁਦਗਰਜ਼ ਤਰੀਕਿਆਂ ਨੂੰ ਰੱਦ ਕਰਦੇ ਹੋਏ ਆਓ ਆਪਾਂ ਬੋਅਜ਼ ਦੀ ਦਿਆਲਤਾ ਅਤੇ ਦਰਿਆ-ਦਿਲੀ ਦੀ ਰੀਸ ਕਰੀਏ। (ਇਬਰਾਨੀਆਂ 13:16) ਅਸੀਂ ਇਹ ਪੌਲੁਸ ਦੀ ਸਲਾਹ ਲਾਗੂ ਕਰਨ ਦੁਆਰਾ ਕਰ ਸਕਦੇ ਹਾਂ: “ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।” (ਗਲਾਤੀਆਂ 6:10) ਯਿਸੂ ਦੀਆਂ ‘ਹੋਰ ਭੇਡਾਂ’ ਦੀ ਧਰਤੀ ਉੱਤੇ ਰਹਿਣ ਦੀ ਉਮੀਦ ਹੈ ਅਤੇ ਮਸਹ ਕੀਤੇ ਹੋਏ 1,44,000 ਦੇ ਬਕੀਏ ਦੀ ਸਵਰਗ ਵਿਚ ਅਮਰ ਜੀਵਨ ਦੀ ਉਮੀਦ ਹੈ। ਅੱਜ, ਇਨ੍ਹਾਂ ਹੋਰ ਭੇਡਾਂ ਕੋਲ ਯਹੋਵਾਹ ਦੇ ਮਸਹ ਕੀਤੇ ਹੋਇਆਂ ਨਾਲ ਭਲਾ ਕਰਨ ਦਾ ਸਨਮਾਨ ਹੈ। (ਯੂਹੰਨਾ 10:16; 1 ਕੁਰਿੰਥੀਆਂ 15:50-53; ਪਰਕਾਸ਼ ਦੀ ਪੋਥੀ 14:1, 4) ਯਿਸੂ ਅਜਿਹੇ ਪਿਆਰ-ਭਰੇ ਕੰਮਾਂ ਨੂੰ ਇਵੇਂ ਵਿਚਾਰਦਾ ਹੈ ਜਿਵੇਂ ਉਹ ਉਸ ਦੇ ਨਾਲ ਕੀਤੇ ਜਾ ਰਹੇ ਹਨ ਅਤੇ ਅਜਿਹੇ ਭਲੇ ਕੰਮ ਕਰਨ ਦੁਆਰਾ ਸਾਨੂੰ ਯਹੋਵਾਹ ਤੋਂ ਭਰਪੂਰ ਬਰਕਤਾਂ ਮਿਲਦੀਆਂ ਹਨ।—ਮੱਤੀ 25:34-40; 1 ਯੂਹੰਨਾ 3:18.
ਹੰਨਾਹ ਦੀਆਂ ਪਰੀਖਿਆਵਾਂ ਅਤੇ ਬਰਕਤਾਂ
17. ਹੰਨਾਹ ਨੇ ਕਿਹੜੀ ਪਰੀਖਿਆ ਦਾ ਸਾਮ੍ਹਣਾ ਕੀਤਾ ਸੀ ਅਤੇ ਉਸ ਦਾ ਕਿਹੋ ਜਿਹਾ ਰਵੱਈਆ ਸੀ?
17 ਹੰਨਾਹ ਨਾਂ ਦੀ ਧਰਮੀ ਤੀਵੀਂ ਨੂੰ ਵੀ ਯਹੋਵਾਹ ਦੀਆਂ ਬਰਕਤਾਂ ਮਿਲੀਆਂ ਸਨ। ਉਹ ਆਪਣੇ ਲੇਵੀ ਪਤੀ ਅਲਕਾਨਾਹ ਦੇ ਨਾਲ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਰਹਿੰਦੀ ਹੁੰਦੀ ਸੀ। ਬਿਵਸਥਾ ਦੀ ਇਜਾਜ਼ਤ ਨਾਲ ਅਲਕਾਨਾਹ ਦੀ ਇਕ ਹੋਰ ਪਤਨੀ ਵੀ ਸੀ ਜਿਸ ਦਾ ਨਾਂ ਪਨਿੰਨਾਹ ਸੀ। ਪਨਿੰਨਾਹ ਕੋਲ ਕਈ ਬੱਚੇ ਸਨ, ਪਰ ਹੰਨਾਹ ਇਕ ਬਾਂਝ ਸੀ, ਜੋ ਕਿ ਇਸਰਾਏਲੀ ਤੀਵੀਂ ਲਈ ਕਲੰਕ ਸੀ। (1 ਸਮੂਏਲ 1:1-3; 1 ਇਤਹਾਸ 6:16, 33, 34) ਪਰ, ਹੰਨਾਹ ਨੂੰ ਦਿਲਾਸਾ ਦੇਣ ਦੀ ਬਜਾਇ ਪਨਿੰਨਾਹ ਨੇ ਉਸ ਨਾਲ ਇਸ ਹੱਦ ਤਕ ਬੇਰਹਿਮੀ ਕੀਤੀ ਕੇ ਹੰਨਾਹ ਰੋਂਦੀ ਰਹਿੰਦੀ ਸੀ ਅਤੇ ਕੁਝ ਖਾਂਦੀ ਵੀ ਨਹੀਂ ਸੀ। ਪਨਿੰਨਾਹ “ਵਰਹੇ ਦੇ ਵਰਹੇ” ਇਸ ਤਰ੍ਹਾਂ ਕਰਦੀ ਹੁੰਦੀ ਸੀ ਜਦੋਂ ਪਰਿਵਾਰ ਸ਼ੀਲੋਹ ਵਿਚ ਯਹੋਵਾਹ ਦੇ ਘਰ ਨੂੰ ਜਾਂਦਾ ਹੁੰਦਾ ਸੀ। (1 ਸਮੂਏਲ 1:4-8) ਪਨਿੰਨਾਹ ਦੀ ਬੇਰਹਿਮੀ ਹੰਨਾਹ ਲਈ ਕਿੱਡੀ ਵੱਡੀ ਪਰੀਖਿਆ ਸੀ! ਲੇਕਿਨ, ਹੰਨਾਹ ਨੇ ਕਦੀ ਵੀ ਯਹੋਵਾਹ ਉੱਤੇ ਦੋਸ਼ ਨਹੀਂ ਲਾਇਆ; ਨਾ ਹੀ ਉਹ ਕਦੀ ਘਰ ਰਹਿੰਦੀ ਸੀ ਜਦੋਂ ਉਸ ਦਾ ਪਤੀ ਉਪਾਸਨਾ ਲਈ ਸ਼ੀਲੋਹ ਨੂੰ ਜਾਂਦਾ ਸੀ। ਆਖ਼ਰਕਾਰ ਉਸ ਨੂੰ ਇਕ ਵੱਡੀ ਬਰਕਤ ਮਿਲੀ।
18. ਹੰਨਾਹ ਨੇ ਕਿਹੜੀ ਮਿਸਾਲ ਕਾਇਮ ਕੀਤੀ ਸੀ?
18 ਹੰਨਾਹ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ, ਖ਼ਾਸ ਕਰਕੇ ਉਨ੍ਹਾਂ ਲਈ ਜਿਹੜੇ ਕਿਸੇ ਦੀਆਂ ਰੁੱਖੀਆਂ ਗੱਲਾਂ ਤੋਂ ਸ਼ਾਇਦ ਦੁਖੀ ਹਨ। ਅਜਿਹੇ ਹਾਲਾਤਾਂ ਵਿਚ ਆਪਣੇ ਆਪ ਨੂੰ ਦੂਸਰਿਆਂ ਤੋਂ ਅਲੱਗ ਕਰਨ ਦੁਆਰਾ ਸਮੱਸਿਆ ਹੱਲ ਨਹੀਂ ਹੁੰਦੀ। (ਕਹਾਉਤਾਂ 18:1) ਹੰਨਾਹ ਨੇ ਆਪਣੀਆਂ ਪਰੀਖਿਆਵਾਂ ਕਰਕੇ ਹੌਸਲਾ ਨਹੀਂ ਹਾਰਿਆ ਸੀ। ਉਹ ਯੋਹਵਾਹ ਦੀ ਹੈਕਲ ਨੂੰ ਜਾਣ ਤੋਂ ਨਹੀਂ ਹਟੀ ਜਿੱਥੇ ਪਰਮੇਸ਼ੁਰ ਦਾ ਬਚਨ ਸਿਖਾਇਆ ਜਾਂਦਾ ਸੀ, ਅਤੇ ਜਿੱਥੇ ਉਸ ਦੇ ਲੋਕ ਉਪਾਸਨਾ ਲਈ ਇਕੱਠੇ ਹੁੰਦੇ ਸਨ। ਇਸ ਤਰ੍ਹਾਂ ਉਹ ਰੂਹਾਨੀ ਤੌਰ ਤੇ ਮਜ਼ਬੂਤ ਰਹੀ। ਯਹੋਵਾਹ ਨਾਲ ਉਸ ਦੇ ਰਿਸ਼ਤੇ ਦੀ ਗਹਿਰਾਈ 1 ਸਮੂਏਲ 2:1-10 ਵਿਚ ਦਰਜ ਉਸ ਦੀ ਵਧੀਆ ਪ੍ਰਾਰਥਨਾ ਤੋਂ ਪ੍ਰਗਟ ਹੁੰਦੀ ਹੈ।a
19. ਅਸੀਂ ਰੂਹਾਨੀ ਚੀਜ਼ਾਂ ਦੀ ਕਦਰ ਕਿਵੇਂ ਕਰ ਸਕਦੇ ਹਾਂ?
19 ਅੱਜ ਯਹੋਵਾਹ ਦੇ ਸੇਵਕਾਂ ਵਜੋਂ ਅਸੀਂ ਉਸ ਦੀ ਭਗਤੀ ਡੇਹਰੇ ਵਿਚ ਨਹੀਂ ਕਰਦੇ। ਤਾਂ ਫਿਰ ਅਸੀਂ ਹੰਨਾਹ ਵਾਂਗ ਰੂਹਾਨੀ ਚੀਜ਼ਾਂ ਦੀ ਕਦਰ ਕਿਵੇਂ ਕਰ ਸਕਦੇ ਹਾਂ? ਅਸੀਂ ਮਸੀਹੀ ਸਭਾਵਾਂ, ਅਤੇ ਵੱਡੇ-ਛੋਟੇ ਸੰਮੇਲਨਾਂ ਤੇ ਲਗਾਤਾਰ ਹਾਜ਼ਰ ਹੋਣ ਰਾਹੀਂ ਰੂਹਾਨੀ ਚੀਜ਼ਾਂ ਦੀ ਗਹਿਰੀ ਕਦਰ ਕਰ ਸਕਦੇ ਹਾਂ। ਆਓ ਆਪਾਂ ਇਨ੍ਹਾਂ ਮੌਕਿਆਂ ਤੇ ਯਹੋਵਾਹ ਦੀ ਸੱਚੀ ਉਪਾਸਨਾ ਕਰਨ ਲਈ ਇਕ ਦੂਸਰੇ ਦਾ ਹੌਸਲਾ ਵਧਾਈਏ, ਜਿਸ ਨੇ ਸਾਨੂੰ ‘ਉਸ ਦੇ ਅੱਗੇ ਪਵਿੱਤ੍ਰਤਾਈ ਤੇ ਧਰਮ ਨਾਲ ਬੇਧੜਕ ਉਹ ਦੀ ਉਪਾਸਨਾ ਕਰਨ’ ਦਾ ਸਨਮਾਨ ਦਿੱਤਾ ਹੈ।—ਲੂਕਾ 1:74, 75; ਇਬਰਾਨੀਆਂ 10:24, 25.
20, 21. ਸੱਚੀ ਭਗਤੀ ਕਰ ਕੇ ਹੰਨਾਹ ਨੂੰ ਕਿਵੇਂ ਬਰਕਤ ਮਿਲੀ ਸੀ?
20 ਯਹੋਵਾਹ ਨੇ ਦੇਖਿਆ ਕਿ ਹੰਨਾਹ ਦੀ ਭਗਤੀ ਸੱਚੀ ਸੀ ਅਤੇ ਉਸ ਉੱਤੇ ਬਹੁਤ ਬਰਕਤ ਪਾਈ। ਇਕ ਸਾਲ ਜਦੋਂ ਪਰਿਵਾਰ ਸ਼ੀਲੋਹ ਨੂੰ ਗਿਆ, ਰੋਣਹਾਕੀ ਹੰਨਾਹ ਨੇ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਨੂੰ ਵਾਅਦਾ ਕੀਤਾ ਕਿ “ਹੇ ਸੈਨਾਂ ਦੇ ਯਹੋਵਾਹ, ਜੇ ਤੂੰ ਆਪਣੀ ਟਹਿਲਣ ਦੇ ਦੁਖ ਵੱਲ ਧਿਆਨ ਕਰੇਂ ਅਤੇ ਮੈਨੂੰ ਚੇਤੇ ਕਰੇਂ ਅਤੇ ਆਪਣੀ ਟਹਿਲਣ ਨੂੰ ਨਾ ਭੁਲਾਵੇਂ ਅਤੇ ਆਪਣੀ ਟਹਿਲਣ ਨੂੰ ਪੁੱਤ੍ਰ ਦੇਵੇਂ ਤਾਂ ਮੈਂ ਉਹ ਯਹੋਵਾਹ ਨੂੰ ਜਿੰਨਾ ਚਿਰ ਉਹ ਜੀਉਂਦਾ ਰਹੇ ਦੇ ਦਿਆਂਗੀ।” (1 ਸਮੂਏਲ 1:9-11) ਪਰਮੇਸ਼ੁਰ ਨੇ ਹੰਨਾਹ ਦੀ ਬੇਨਤੀ ਸੁਣੀ ਅਤੇ ਉਸ ਨੂੰ ਪੁੱਤਰ ਦਿੱਤਾ ਜਿਸ ਦਾ ਨਾਂ ਸਮੂਏਲ ਰੱਖਿਆ ਗਿਆ ਸੀ। ਅਤੇ ਜਦੋਂ ਸਮੂਏਲ ਨੇ ਦੁੱਧ ਚੁੰਘਣਾ ਛੱਡਿਆ, ਹੰਨਾਹ ਉਸ ਨੂੰ ਸ਼ੀਲੋਹ ਲੈ ਗਈ ਤਾਂਕਿ ਉਹ ਡੇਹਰੇ ਵਿਚ ਸੇਵਾ ਕਰ ਸਕੇ।—1 ਸਮੂਏਲ 1:20, 24-28.
21 ਹੰਨਾਹ ਨੇ ਪਰਮੇਸ਼ੁਰ ਨਾਲ ਪ੍ਰੇਮ ਕੀਤਾ ਅਤੇ ਸਮੂਏਲ ਦੇ ਸੰਬੰਧ ਵਿਚ ਆਪਣਾ ਵਾਅਦਾ ਨਿਭਾਇਆ। ਉਸ ਬਰਕਤ ਬਾਰੇ ਜ਼ਰਾ ਸੋਚੋ ਜੋ ਹੰਨਾਹ ਅਤੇ ਅਲਕਾਨਾਹ ਨੂੰ ਮਿਲੀ ਕਿਉਂਕਿ ਉਨ੍ਹਾਂ ਦਾ ਪਿਆਰਾ ਪੁੱਤਰ ਯਹੋਵਾਹ ਦੇ ਡੇਹਰੇ ਵਿਚ ਸੇਵਾ ਕਰ ਰਿਹਾ ਸੀ! ਕਈ ਮਸੀਹੀ ਮਾਪਿਆਂ ਨੂੰ ਵੀ ਅਜਿਹੀ ਖ਼ੁਸ਼ੀ ਅਤੇ ਬਰਕਤ ਮਿਲਦੀ ਹੈ ਕਿਉਂਕਿ ਉਨ੍ਹਾਂ ਦੇ ਧੀ-ਪੁੱਤਰ ਪਾਇਨੀਅਰੀ ਕਰ ਰਹੇ ਹਨ, ਬੈਥਲ ਵਿਚ ਸੇਵਾ ਕਰ ਰਹੇ ਹਨ, ਜਾਂ ਹੋਰ ਤਰੀਕਿਆਂ ਵਿਚ ਯਹੋਵਾਹ ਦੀ ਵਡਿਆਈ ਕਰ ਰਹੇ ਹਨ।
ਯਹੋਵਾਹ ਦੀ ਗੱਲ ਸੁਣਦੇ ਰਹੋ!
22, 23. (ੳ) ਜੇ ਅਸੀਂ ਯਹੋਵਾਹ ਦੀ ਆਵਾਜ਼ ਸੁਣਦੇ ਰਹੀਏ ਤਾਂ ਅਸੀਂ ਕਿਸ ਗੱਲ ਬਾਰੇ ਪੱਕਾ ਯਕੀਨ ਕਰ ਸਕਦੇ ਹਾਂ? (ਅ) ਅਗਲੇ ਲੇਖ ਵਿਚ ਕਿਸ ਗੱਲ ਉੱਤੇ ਧਿਆਨ ਦਿੱਤਾ ਜਾਵੇਗਾ?
22 ਅਸੀਂ ਕਿਸ ਗੱਲ ਬਾਰੇ ਪੱਕਾ ਯਕੀਨ ਕਰ ਸਕਦੇ ਹਾਂ ਜੇ ਅਸੀਂ ਯਹੋਵਾਹ ਦੀ ਗੱਲ ਸੁਣਦੇ ਰਹੀਏ? ਅਸੀਂ ਰੂਹਾਨੀ ਤੌਰ ਤੇ ਧਨੀ ਹੋਵਾਂਗੇ ਜੇ ਅਸੀਂ ਪਰਮੇਸ਼ੁਰ ਨਾਲ ਦਿਲੋਂ ਸੱਚਾ ਪਿਆਰ ਕਰੀਏ ਅਤੇ ਆਪਣੀ ਪੂਰੀ ਜ਼ਿੰਦਗੀ ਉਸ ਦੀ ਸੇਵਾ ਵਿਚ ਲਗਾਈਏ। ਸਾਨੂੰ ਇਸ ਤਰ੍ਹਾਂ ਉਦੋਂ ਵੀ ਕਰਨਾ ਚਾਹੀਦਾ ਹੈ ਜਦੋਂ ਸਾਨੂੰ ਸਖ਼ਤ ਪਰੀਖਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਯਹੋਵਾਹ ਦੀਆਂ ਬਰਕਤਾਂ ਸਾਨੂੰ ਜ਼ਰੂਰ ਮਿਲਣਗੀਆਂ ਅਤੇ ਸ਼ਾਇਦ ਅਜਿਹੇ ਵੱਡੇ ਤਰੀਕਿਆਂ ਵਿਚ ਜਿਨ੍ਹਾਂ ਬਾਰੇ ਅਸੀਂ ਕਦੀ ਸੋਚਿਆ ਵੀ ਨਾ ਹੋਵੇ।—ਜ਼ਬੂਰ 37:4; ਇਬਰਾਨੀਆਂ 6:10.
23 ਯਹੋਵਾਹ ਦੇ ਲੋਕਾਂ ਨੂੰ ਭਵਿੱਖ ਵਿਚ ਵੀ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਉਸ ਦੀ ਆਵਾਜ਼ ਆਗਿਆਕਾਰੀ ਨਾਲ ਸੁਣਨ ਕਾਰਨ “ਵੱਡੀ ਭੀੜ” “ਵੱਡੀ ਬਿਪਤਾ” ਦੌਰਾਨ ਬਚਾਈ ਜਾਵੇਗੀ ਅਤੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਦੀਆਂ ਬਰਕਤਾਂ ਦੀ ਖ਼ੁਸ਼ੀ ਅਨੁਭਵ ਕਰੇਗੀ। (ਪਰਕਾਸ਼ ਦੀ ਪੋਥੀ 7:9-14; 2 ਪਤਰਸ 3:13) ਉੱਥੇ ਯਹੋਵਾਹ ਆਪਣਿਆਂ ਸਾਰਿਆਂ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰੇਗਾ। (ਜ਼ਬੂਰ 145:16) ਲੇਕਿਨ, ਅਗਲਾ ਲੇਖ ਦਿਖਾਵੇਗਾ ਕਿ ਹੁਣ ਵੀ ਯਹੋਵਾਹ ਦੀ ਆਵਾਜ਼ ਸੁਣਨ ਵਾਲਿਆਂ ਨੂੰ ‘ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ ਜੋ ਉਤਾਹਾਂ ਤੋਂ ਹੈ’ ਦੀ ਬਰਕਤ ਮਿਲਦੀ ਹੈ।—ਯਾਕੂਬ 1:17.
[ਫੁਟਨੋਟ]
a ਹੰਨਾਹ ਦੇ ਸ਼ਬਦ ਉਨ੍ਹਾਂ ਸ਼ਬਦਾਂ ਨਾਲ ਰਲਦੇ-ਮਿਲਦੇ ਹਨ ਜੋ ਕੁਆਰੀ ਮਰਿਯਮ ਨੇ ਕਹੇ ਸਨ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੇ ਮਸੀਹ ਦੀ ਮਾਂ ਬਣਨਾ ਸੀ।—ਲੂਕਾ 1:46-55.
ਕੀ ਤੁਹਾਨੂੰ ਯਾਦ ਹੈ?
• ਇਸਰਾਏਲ ਦੇ ਇਤਿਹਾਸ ਤੋਂ ਅਸੀਂ ਪਰਮੇਸ਼ੁਰ ਦੀਆਂ ਬਰਕਤਾਂ ਬਾਰੇ ਕੀ ਸਿੱਖ ਸਕਦੇ ਹਾਂ?
• ਬੋਅਜ਼ ਅਤੇ ਨਾਬਾਲ ਇਕ ਦੂਸਰੇ ਤੋਂ ਕਿਵੇਂ ਵੱਖਰੇ ਸਨ?
• ਅਸੀਂ ਹੰਨਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ?
• ਸਾਨੂੰ ਯਹੋਵਾਹ ਦੀ ਆਵਾਜ਼ ਕਿਉਂ ਸੁਣਦੇ ਰਹਿਣਾ ਚਾਹੀਦਾ ਹੈ?
[ਸਫ਼ੇ 10 ਉੱਤੇ ਤਸਵੀਰ]
ਰਾਜਾ ਸੁਲੇਮਾਨ ਨੇ ਆਗਿਆਕਾਰ ਹੋਣ ਲਈ ਮਦਦ ਮੰਗੀ ਸੀ ਅਤੇ ਯਹੋਵਾਹ ਨੇ ਉਸ ਨੂੰ ਬੁੱਧ ਅਤੇ ਸਮਝ ਦੀ ਬਰਕਤ ਦਿੱਤੀ
[ਸਫ਼ੇ 12 ਉੱਤੇ ਤਸਵੀਰ]
ਬੋਅਜ਼ ਦਿਆਲੂ ਸੀ ਅਤੇ ਦੂਸਰਿਆਂ ਦੀ ਇੱਜ਼ਤ ਕਰਦਾ ਸੀ
[ਸਫ਼ੇ 15 ਉੱਤੇ ਤਸਵੀਰ]
ਯਹੋਵਾਹ ਉਤੇ ਭਰੋਸਾ ਰੱਖਣ ਲਈ ਹੰਨਾਹ ਨੂੰ ਬਰਕਤ ਮਿਲੀ