ਯਹੋਵਾਹ ਦਾ ਬਚਨ ਜੀਉਂਦਾ ਹੈ
ਹੱਜਈ ਤੇ ਜ਼ਕਰਯਾਹ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ
ਸਾਲ 520 ਈ. ਪੂ. ਵਿਚ ਯਹੂਦੀਆਂ ਨੂੰ ਬਾਬਲ ਤੋਂ ਆਜ਼ਾਦ ਹੋਏ 16 ਸਾਲ ਹੋ ਚੁੱਕੇ ਸਨ। ਯਹੋਵਾਹ ਦੀ ਹੈਕਲ ਬਣਾਉਣ ਦਾ ਕੰਮ ਵੀ ਉਨ੍ਹਾਂ ਨੇ 16 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਪਰ ਅਜੇ ਤਕ ਹੈਕਲ ਬਣਾਉਣ ਦਾ ਕੰਮ ਪੂਰਾ ਨਹੀਂ ਹੋਇਆ ਸੀ। ਉੱਪਰ ਦੀ ਕੰਮ ਤੇ ਪਾਬੰਦੀ ਵੀ ਲੱਗ ਗਈ ਸੀ। ਇਸ ਸਭ ਦੇ ਦੌਰਾਨ ਯਹੋਵਾਹ ਨੇ ਆਪਣੇ ਨਬੀ ਹੱਜਈ ਅਤੇ ਦੋ ਮਹੀਨਿਆਂ ਬਾਅਦ ਜ਼ਕਰਯਾਹ ਨੂੰ ਇਕ ਸੰਦੇਸ਼ ਦੇਣ ਲਈ ਘੱਲਿਆ।
ਇਨ੍ਹਾਂ ਨਬੀਆਂ ਰਾਹੀਂ ਯਹੋਵਾਹ ਲੋਕਾਂ ਨੂੰ ਕੀ ਕਰਨ ਦੀ ਹੱਲਾਸ਼ੇਰੀ ਦੇਣਾ ਚਾਹੁੰਦਾ ਸੀ? ਉਹ ਚਾਹੁੰਦਾ ਸੀ ਕਿ ਲੋਕ ਹੈਕਲ ਬਣਾਉਣ ਦਾ ਕੰਮ ਪੂਰਾ ਕਰਨ। ਹੱਜਈ ਅਤੇ ਜ਼ਕਰਯਾਹ ਦੇ ਮੂੰਹੋਂ ਯਹੋਵਾਹ ਦਾ ਸੰਦੇਸ਼ ਸੁਣ ਕੇ ਲੋਕਾਂ ਨੇ ਇੱਦਾਂ ਹੀ ਕੀਤਾ। ਅਗਲੇ ਪੰਜਾਂ ਸਾਲਾਂ ਵਿਚ ਉਨ੍ਹਾਂ ਨੇ ਹੈਕਲ ਦਾ ਕੰਮ ਪੂਰਾ ਕਰ ਦਿੱਤਾ। ਜੋ ਕੁਝ ਇਨ੍ਹਾਂ ਨਬੀਆਂ ਨੇ ਯਹੋਵਾਹ ਦੇ ਲੋਕਾਂ ਨੂੰ ਕਿਹਾ ਸੀ ਉਹ ਹੱਜਈ ਅਤੇ ਜ਼ਕਰਯਾਹ ਨਾਮ ਦੀਆਂ ਪੋਥੀਆਂ ਵਿਚ ਦਰਜ ਹੈ। ਹੱਜਈ ਨੇ ਆਪਣੀ ਪੋਥੀ 520 ਈ. ਪੂ. ਵਿਚ ਅਤੇ ਜ਼ਕਰਯਾਹ ਨੇ ਆਪਣੀ ਪੋਥੀ 518 ਈ. ਪੂ. ਵਿਚ ਪੂਰੀ ਕੀਤੀ ਸੀ। ਇਨ੍ਹਾਂ ਨਬੀਆਂ ਦੀ ਤਰ੍ਹਾਂ ਅੱਜ ਯਹੋਵਾਹ ਨੇ ਸਾਨੂੰ ਵੀ ਇਕ ਕੰਮ ਸੌਂਪਿਆ ਹੈ। ਇਹ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕੰਮ ਹੈ। ਦੁਨੀਆਂ ਦੇ ਅੰਤ ਆਉਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਪੂਰਾ ਕਰੀਏ। ਚਲੋ ਆਓ ਦੇਖੀਏ ਕਿ ਇਹ ਪੋਥੀਆਂ ਇਸ ਕੰਮ ਨੂੰ ਪੂਰਾ ਕਰਨ ਵਿਚ ਸਾਡੀ ਮਦਦ ਕਿਵੇਂ ਕਰ ਸਕਦੀਆਂ ਹਨ।
“ਤੁਸੀਂ ਆਪਣੇ ਚਾਲੇ ਤੇ ਧਿਆਨ ਦਿਓ”
ਹੱਜਈ 112 ਦਿਨਾਂ ਤਕ ਲੋਕਾਂ ਨੂੰ ਯਹੋਵਾਹ ਦਾ ਸੰਦੇਸ਼ ਸੁਣਾਉਂਦਾ ਰਿਹਾ। ਇਸ ਦਾ ਲੋਕਾਂ ਦੇ ਦਿਲਾਂ ਤੇ ਗਹਿਰਾ ਅਸਰ ਪਿਆ। ਸਭ ਤੋਂ ਪਹਿਲਾਂ ਉਸ ਨੇ ਲੋਕਾਂ ਨਾਲ ਹੈਕਲ ਦੀ ਉਸਾਰੀ ਦੇ ਕੰਮ ਬਾਰੇ ਗੱਲ ਕੀਤੀ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੇ ਚਾਲੇ ਤੇ ਧਿਆਨ ਦਿਓ। ਪਹਾੜ ਉੱਤੇ ਚੜ੍ਹੋ, ਲੱਕੜੀ ਲਿਆਓ, ਏਸ ਭਵਨ ਨੂੰ ਬਣਾਓ ਭਈ ਮੈਂ ਉਸ ਤੋਂ ਪਰਸੰਨ ਹੋਵਾਂ ਅਤੇ ਮੇਰੀ ਵਡਿਆਈ ਹੋਵੇ, ਯਹੋਵਾਹ ਕਹਿੰਦਾ ਹੈ।” (ਹੱਜਈ 1:7, 8) ਲੋਕਾਂ ਨੇ ਹੱਜਈ ਦੀ ਗੱਲ ਸੁਣੀ ਤੇ ਮੰਨਣੀ ਵੀ। ਫਿਰ ਉਸ ਨੇ ਯਹੋਵਾਹ ਦੇ ਵਾਅਦੇ ਬਾਰੇ ਲੋਕਾਂ ਨੂੰ ਦੱਸਿਆ: “ਮੈਂ [ਯਹੋਵਾਹ] ਏਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ।”—ਹੱਜਈ 2:7.
ਉਸ ਨੇ ਅੱਗੇ ਕਿਹਾ ਕਿ ਲੋਕ ਹੈਕਲ ਬਣਾਉਣ ਵਿਚ ਢਿੱਲ-ਮੱਠ ਕਰ ਰਹੇ ਸਨ ਜਿਸ ਕਰਕੇ ਯਹੋਵਾਹ ਦੀਆਂ ਨਜ਼ਰਾਂ ਵਿਚ ‘ਪਰਜਾ ਅਤੇ ਓਹਨਾਂ ਦੇ ਹੱਥਾਂ ਦਾ ਸਾਰਾ ਕੰਮ ਅਸ਼ੁੱਧ’ ਸੀ। ਪਰ ਜੇ ਲੋਕ ਫਿਰ ਤੋਂ ਕੰਮ ਸ਼ੁਰੂ ਕਰ ਦਿੰਦੇ, ਤਾਂ ਯਹੋਵਾਹ ਦੀ “ਬਰਕਤ” ਉਨ੍ਹਾਂ ਤੇ ਹੋਣੀ ਸੀ। ਅਖ਼ੀਰ ਵਿਚ ਉਸ ਨੇ ਕਿਹਾ ਕਿ ਯਹੋਵਾਹ “ਕੌਮਾਂ ਦੇ ਰਾਜਾਂ ਦੇ ਬਲ ਨੂੰ ਤੋੜ” ਦੇਵੇਗਾ ਅਤੇ ਜ਼ਰੁੱਬਾਬਲ ਨੂੰ ‘ਇੱਕ ਮੋਹਰ ਵਾਲੀ ਅੰਗੂਠੀ ਵਾਂਗ ਬਣਾਵੇਗਾ।’—ਹੱਜਈ 2:14, 19, 22, 23, ਈਜ਼ੀ ਟੂ ਰੀਡ ਵਰਯਨ।
ਕੁਝ ਸਵਾਲਾਂ ਦੇ ਜਵਾਬ:
2:6, 7, 21, 22—ਕੌਮਾਂ ਨੂੰ ਕੀ ਜਾਂ ਕੌਣ ਹਿਲਾ ਰਿਹਾ ਹੈ ਤੇ ਇਸ ਦਾ ਕੀ ਨਤੀਜਾ ਨਿਕਲਿਆ ਹੈ? ਯਹੋਵਾਹ “ਸਾਰੀਆਂ ਕੌਮਾਂ ਨੂੰ” ਪ੍ਰਚਾਰ ਦੇ ਕੰਮ ਰਾਹੀਂ ਹਿਲਾ ਰਿਹਾ ਹੈ। ਪ੍ਰਚਾਰ ਦੇ ਕੰਮ ਕਰਕੇ “ਸਾਰੀਆਂ ਕੌਮਾਂ ਦੇ ਪਦਾਰਥ” ਯਾਨੀ ਨੇਕਦਿਲ ਲੋਕ ਯਹੋਵਾਹ ਵੱਲ ਆ ਰਹੇ ਹਨ ਤੇ ਉਹ ਰਲ ਕੇ ਯਹੋਵਾਹ ਦੀ ਮਹਿਮਾ ਕਰ ਰਹੇ ਹਨ। ਨਾਲੇ “ਸੈਨਾਂ ਦਾ ਯਹੋਵਾਹ” “ਅਕਾਸ਼ ਅਤੇ ਧਰਤੀ ਅਤੇ ਜਲ ਥਲ ਨੂੰ ਹਿਲਾ” ਰਿਹਾ ਹੈ ਜਿਸ ਕਰਕੇ ਇਹ ਦੁਸ਼ਟ ਦੁਨੀਆਂ ਜਲਦੀ ਹੀ ਢਹਿ-ਢੇਰੀ ਹੋ ਜਾਵੇਗੀ।—ਇਬਰਾਨੀਆਂ 12:26, 27.
2:9—ਕਿਸ ਭਾਵ ਵਿਚ “ਭਵਨ ਦੀ ਆਖਰੀ ਰੌਣਕ ਪਹਿਲੀ ਤੋਂ ਵਧੀਕ” ਹੋਣੀ ਸੀ? ਇਹ ਤਿੰਨਾਂ ਤਰੀਕਿਆਂ ਨਾਲ ਹੋਣਾ ਸੀ। ਇਕ ਤਾਂ ਇਹ ਭਵਨ ਪਹਿਲੇ ਭਵਨ ਨਾਲੋਂ ਜ਼ਿਆਦਾ ਚਿਰ ਖੜ੍ਹਾ ਰਹਿਣਾ ਸੀ। ਜਿੱਥੇ ਸੁਲੇਮਾਨ ਦਾ ਬਣਵਾਇਆ ਭਵਨ 1027 ਈ. ਪੂ. ਤੋਂ ਲੈ ਕੇ 607 ਈ. ਪੂ. ਤਕ ਖੜ੍ਹਾ ਰਿਹਾ, ਮਤਲਬ ਕਿ ਪੂਰੇ 420 ਸਾਲ, ਉੱਥੇ ਅਖ਼ੀਰਲਾ ਭਵਨ 515 ਈ. ਪੂ. ਤੋਂ ਲੈ ਕੇ 70 ਈ. ਤਕ ਖੜ੍ਹਾ ਰਿਹਾ ਮਤਲਬ ਕਿ 580 ਸਾਲਾਂ ਤੋਂ ਉੱਪਰ। ਦੂਜਾ, ਆਖ਼ਰੀ ਭਵਨ ਵਿਚ ਕਿਸੇ ਮਹਾਨ ਇਨਸਾਨ ਨੇ ਸਿੱਖਿਆ ਦੇਣੀ ਸੀ। ਇਹ ਮਹਾਨ ਇਨਸਾਨ ਪਰਮੇਸ਼ੁਰ ਦਾ ਪੱਤਰ ਯਿਸੂ ਮਸੀਹ ਸੀ। ਤੀਜਾ, ਆਖ਼ਰੀ ਭਵਨ ਵਿਚ ਪਹਿਲੇ ਭਵਨ ਨਾਲੋਂ ਕਿਤੇ ਜ਼ਿਆਦਾ ਲੋਕਾਂ ਨੇ ਯਹੋਵਾਹ ਦੀ ਭਗਤੀ ਕਰਨ ਆਉਣਾ ਸੀ ਤੇ ਇਵੇਂ ਹੀ ਹੋਇਆ।—ਰਸੂਲਾਂ ਦੇ ਕਰਤੱਬ 2:1-11.
ਸਾਡੇ ਲਈ ਸਬਕ:
1:2-4. ਸਾਨੂੰ ਕਦੇ ਵੀ ਲੋਕਾਂ ਦੇ ਰਵੱਈਏ ਕਰਕੇ ਪ੍ਰਚਾਰ ਦੇ ਕੰਮ ਨੂੰ ਛੱਡ ਕੇ ਆਪਣੀਆਂ ਖ਼ਾਹਸ਼ਾਂ ਨੂੰ ਪਹਿਲ ਨਹੀਂ ਦੇਣੀ ਚਾਹੀਦੀ।—ਮੱਤੀ 6:33.
1:5, 7. ਚੰਗਾ ਹੋਵੇਗਾ ਜੇ ਅਸੀਂ ‘ਆਪਣੇ ਚਾਲੇ ਉੱਤੇ ਧਿਆਨ ਦੇਈਏ’ ਅਤੇ ਦੇਖੀਏ ਕਿ ਜੋ ਅਸੀਂ ਜ਼ਿੰਦਗੀ ਵਿਚ ਕਰ ਰਹੇ ਹਾਂ ਉਸ ਦਾ ਯਹੋਵਾਹ ਨਾਲ ਸਾਡੇ ਰਿਸ਼ਤੇ ਤੇ ਕੀ ਅਸਰ ਪੈ ਰਿਹਾ ਹੈ।
1:6, 9-11; 2:14-17. ਹੱਜਈ ਦੇ ਦਿਨਾਂ ਵਿਚ ਯਹੂਦੀ ਮਿਹਨਤ ਤਾਂ ਕਰ ਰਹੇ ਸਨ, ਪਰ ਇਸ ਦਾ ਉਨ੍ਹਾਂ ਨੂੰ ਫਲ ਨਹੀਂ ਮਿਲ ਰਿਹਾ ਸੀ। ਇਸ ਦਾ ਕਾਰਨ ਇਹ ਸੀ ਕਿ ਯਹੋਵਾਹ ਦਾ ਮਿਹਰ ਭਰਿਆ ਹੱਥ ਉਨ੍ਹਾਂ ਤੇ ਨਹੀਂ ਸੀ। ਉਨ੍ਹਾਂ ਨੇ ਯਹੋਵਾਹ ਦੀ ਹੈਕਲ ਬਣਾਉਣ ਵਿਚ ਢਿੱਲ-ਮੱਠ ਕੀਤੀ ਸੀ। ਸਾਨੂੰ ਵੀ ਅੱਜ ਯਾਦ ਰੱਖਣਾ ਚਾਹੀਦਾ ਹੈ ਕਿ ਚਾਹੇ ਸਾਡੇ ਕੋਲ ਥੋੜ੍ਹਾ ਹੋਵੇ ਜਾਂ ਬਹੁਤਾ, “ਯਹੋਵਾਹ ਦੀ ਬਰਕਤ” ਸਾਨੂੰ ਧਨੀ ਬਣਾਉਂਦੀ ਹੈ। ਇਸ ਲਈ ਸਾਨੂੰ ਕਦੇ ਵੀ ਯਹੋਵਾਹ ਦੀ ਸੇਵਾ ਵਿਚ ਆਪਣੇ ਹੱਥ ਢਿੱਲੇ ਨਹੀਂ ਪੈਣ ਦੇਣੇ ਚਾਹੀਦੇ।—ਕਹਾਉਤਾਂ 10:22.
2:15, 18. ਯਹੋਵਾਹ ਨੇ ਯਹੂਦੀਆਂ ਨੂੰ ਹੱਲਾਸ਼ੇਰੀ ਦਿੱਤੀ ਸੀ ਕਿ ਉਹ ਅਤੀਤ ਉੱਤੇ ਨਹੀਂ, ਸਗੋਂ ਆਉਣ ਵਾਲੇ ਕੱਲ੍ਹ ਉੱਤੇ ਨਜ਼ਰ ਟਿਕਾਉਣ ਅਤੇ ਜੋਸ਼ ਨਾਲ ਉਸਾਰੀ ਦੇ ਕੰਮ ਵਿਚ ਜੁੱਟ ਜਾਣ। ਸਾਨੂੰ ਵੀ ਆਉਣ ਵਾਲੇ ਕੱਲ੍ਹ ਉੱਤੇ ਨਜ਼ਰ ਰੱਖਣੀ ਤੇ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਾ ਚਾਹੀਦਾ ਹੈ।
‘ਸ਼ਕਤੀ ਨਾਲ ਨਹੀਂ, ਸਗੋਂ ਮੇਰੇ ਆਤਮਾ ਨਾਲ’
ਜ਼ਕਰਯਾਹ ਨੇ ਭਵਿੱਖਬਾਣੀਆਂ ਦਾ ਸਿਲਸਿਲਾ ਇਸ ਸੰਦੇਸ਼ ਨਾਲ ਸ਼ੁਰੂ ਕੀਤਾ: “ਤੁਸੀਂ [ਯਹੋਵਾਹ] ਵੱਲ ਮੁੜੋ।” (ਜ਼ਕਰਯਾਹ 1:3) ਜ਼ਕਰਯਾਹ ਦੇ ਅੱਠਾਂ ਦਰਸ਼ਣਾਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਹੈਕਲ ਬਣਾਉਣ ਦੇ ਕੰਮ ਉੱਤੇ ਯਹੋਵਾਹ ਦੀ ਬਰਕਤ ਸੀ। (“ਜ਼ਕਰਯਾਹ ਦੇ ਅੱਠ ਦਰਸ਼ਣਾਂ ਦਾ ਅਰਥ” ਨਾਂ ਦੀ ਡੱਬੀ ਦੇਖੋ।) ਯਹੋਵਾਹ ਦੀ ਹੈਕਲ ਬਣ ਕੇ ਹੀ ਰਹਿਣੀ ਸੀ। ਇਹ ਕੰਮ “ਨਾ ਸ਼ਕਤੀ ਨਾਲ, ਨਾ ਬਲ ਨਾਲ, ਸਗੋਂ ਮੇਰੇ ਆਤਮਾ ਨਾਲ” ਮਤਲਬ ਯਹੋਵਾਹ ਦੀ ਮਦਦ ਨਾਲ ਹੋਣਾ ਸੀ। (ਜ਼ਕਰਯਾਹ 4:6) ਸ਼ਾਖ ਨਾਮ ਦੇ ਆਦਮੀ ਨੇ “ਯਹੋਵਾਹ ਦੀ ਹੈਕਲ” ਬਣਾਉਣ ਦਾ ਕੰਮ ਕਰਨਾ ਸੀ ਤੇ ਉਸ ਨੇ ਹੀ “ਜਾਜਕ” ਵਜੋਂ “ਸਿੰਘਾਸਣ ਉੱਤੇ” ਬੈਠਣਾ ਸੀ।—ਜ਼ਕਰਯਾਹ 6:12, 13.
ਬੈਥਲ ਤੋਂ ਕੁਝ ਆਦਮੀ ਜਾਜਕਾਂ ਨੂੰ ਇਹ ਪੁੱਛਣ ਆਏ ਕਿ ਯਰੂਸ਼ਲਮ ਦੇ ਨਾਸ਼ ਸੰਬੰਧੀ ਵਰਤ ਕਿਵੇਂ ਰੱਖੇ ਜਾਣੇ ਚਾਹੀਦੇ ਸਨ। ਯਹੋਵਾਹ ਨੇ ਜ਼ਕਰਯਾਹ ਨੂੰ ਦੱਸਿਆ ਕਿ ਜਿਹੜੇ ਵਰਤ ਯਰੂਸ਼ਲਮ ਦੇ ਨਾਸ਼ ਉੱਤੇ ਸੋਗ ਕਰਨ ਲਈ ਸਾਲ ਵਿਚ ਚਾਰ ਵਾਰ ਰੱਖੇ ਜਾਂਦੇ ਸਨ, ਉਨ੍ਹਾਂ ਨੇ ‘ਖੁਸ਼ੀ ਅਤੇ ਅਮਨ ਚੈਨ ਦੇ ਪਰਬਾਂ’ ਵਿਚ ਬਦਲ ਜਾਣਾ ਸੀ। (ਜ਼ਕਰਯਾਹ 7:2, 3; 8:19) ਫਿਰ ਉਸ ਨੇ ਦੋ ਭਵਿੱਖਬਾਣੀਆਂ ਕੀਤੀਆਂ। ਪਹਿਲੀ ਕੌਮਾਂ ਅਤੇ ਝੂਠੇ ਨਬੀਆਂ ਦੇ ਨਿਆਂ ਬਾਰੇ ਸੀ। ਦੂਜੀ ਪਰਮੇਸ਼ੁਰ ਦੇ ਰਾਜ ਤੇ ਉਸ ਦੇ ਲੋਕਾਂ ਦੀ ਬਹਾਲੀ ਬਾਰੇ ਸੀ।—ਜ਼ਕਰਯਾਹ 9:1; 12:1.
ਕੁਝ ਸਵਾਲਾਂ ਦੇ ਜਵਾਬ:
2:1—ਇਕ ਆਦਮੀ ਯਰੂਸ਼ਲਮ ਨੂੰ “ਜਰੀਬ” ਯਾਨੀ ਰੱਸੇ ਨਾਲ ਕਿਉਂ ਮਾਪ ਰਿਹਾ ਸੀ? ਇਸ ਤੋਂ ਪਤਾ ਲੱਗਦਾ ਹੈ ਕਿ ਸ਼ਹਿਰ ਦੀ ਸੁਰੱਖਿਆ ਲਈ ਉਸ ਦੇ ਆਲੇ-ਦੁਆਲੇ ਕੰਧਾਂ ਬਣਾਈਆਂ ਜਾਣੀਆਂ ਸਨ। ਦੂਤ ਨੇ ਆਦਮੀ ਨੂੰ ਇਹ ਦੱਸਿਆ ਕਿ ਯਰੂਸ਼ਲਮ ਦੀਆਂ ਹੱਦਾਂ ਫੈਲਰਨਗੀਆਂ ਅਤੇ ਯਹੋਵਾਹ ਲੋਕਾਂ ਦੀ ਰੱਖਿਆ ਕਰੇਗਾ।—ਜ਼ਕਰਯਾਹ 2:3-5.
6:11-13—ਕੀ ਯਹੋਸ਼ੁਆ ਜਾਜਕ ਦੇ ਤਾਜ ਪਹਿਨਾਉਣ ਦਾ ਇਹ ਮਤਲਬ ਸੀ ਕਿ ਉਹ ਰਾਜਾ ਸੀ? ਨਹੀਂ, ਕਿਉਂਕਿ ਉਹ ਰਾਜਾ ਦਾਊਦ ਦੇ ਘਰਾਣੇ ਵਿੱਚੋਂ ਨਹੀਂ ਸੀ। ਅਸਲ ਵਿਚ ਤਾਜ ਪਹਿਨਾਉਣਾ ਭਵਿੱਖ ਵਿਚ ਹੋਣ ਵਾਲੀ ਕਿਸੇ ਗੱਲ ਨੂੰ ਦਰਸਾਉਂਦਾ ਸੀ। (ਇਬਰਾਨੀਆਂ 6:20) “ਸ਼ਾਖ” ਬਾਰੇ ਜੋ ਭਵਿੱਖਬਾਣੀ ਕੀਤੀ ਗਈ ਸੀ ਉਹ ਸਵਰਗੀ ਰਾਜੇ ਤੇ ਜਾਜਕ ਯਿਸੂ ਮਸੀਹ ਵਿਚ ਪੂਰੀ ਹੋਈ ਸੀ। (ਯਿਰਮਿਯਾਹ 23:5) ਜਿਵੇਂ ਯਹੋਸ਼ੁਆ ਨੇ ਦੁਬਾਰਾ ਬਣਾਈ ਗਈ ਹੈਕਲ ਵਿਚ ਪ੍ਰਧਾਨ ਜਾਜਕ ਵਜੋਂ ਸੇਵਾ ਕੀਤੀ ਸੀ ਉਵੇਂ ਹੀ ਯਿਸੂ ਅੱਜ ਸਵਰਗ ਵਿਚ ਹੋਵਾਹ ਦੀ ਰੂਹਾਨੀ ਹੈਕਲ ਵਿਚ ਪ੍ਰਧਾਨ ਜਾਜਕ ਵਜੋਂ ਸੇਵਾ ਕਰਦਾ ਹੈ।
8:1-23—ਇਨ੍ਹਾਂ ਆਇਤਾਂ ਵਿਚ ਕੀਤੀਆਂ ਦਸ ਭਵਿੱਖਬਾਣੀਆਂ ਕਦੋਂ ਪੂਰੀਆਂ ਹੋਈਆਂ ਸਨ? ਹਰ ਭਵਿੱਖਬਾਣੀ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ: “ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ।” ਇਨ੍ਹਾਂ ਆਇਤਾਂ ਵਿਚ ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਸ਼ਾਂਤੀ ਲਿਆਵੇਗਾ। ਇਨ੍ਹਾਂ ਵਿੱਚੋਂ ਕੁਝ ਭਵਿੱਖਬਾਣੀਆਂ ਛੇਵੀਂ ਸਦੀ ਈ. ਪੂ. ਵਿਚ ਪੂਰੀਆਂ ਹੋਈਆਂ ਸਨ। ਪਰ ਸਾਰੀਆਂ ਹੀ ਜਾਂ ਤਾਂ 1919 ਤਕ ਪੂਰੀਆਂ ਹੋ ਚੁੱਕੀਆਂ ਸਨ ਜਾਂ ਇਹ ਹੁਣ ਪੂਰੀਆਂ ਹੋ ਰਹੀਆਂ ਹਨ।a
8:3—ਯਰੂਸ਼ਲਮ ਨੂੰ “ਵਫ਼ਾਦਾਰ ਨਗਰੀ” ਕਿਉਂ ਕਿਹਾ ਗਿਆ ਸੀ? 607 ਈ. ਪੂ. ਤੋਂ ਪਹਿਲਾਂ ਯਰੂਸ਼ਲਮ ‘ਅਨ੍ਹੇਰ ਕਰਨ ਵਾਲਾ ਸ਼ਹਿਰ’ ਸੀ। ਇੱਥੇ ਝੂਠੇ ਨਬੀ ਤੇ ਜਾਜਕ ਲੋਕਾਂ ਨੂੰ ਧੋਖਾ ਦੇ ਰਹੇ ਸਨ। ਲੋਕ ਯਹੋਵਾਹ ਤੋਂ ਦੂਰ ਹੋ ਚੁੱਕੇ ਸਨ। (ਸਫ਼ਨਯਾਹ 3:1; ਯਿਰਮਿਯਾਹ 6:13; 7:29-34) ਪਰ ਹੈਕਲ ਨੂੰ ਦੁਬਾਰਾ ਉਸਾਰਨ ਤੋਂ ਬਾਅਦ ਲੋਕ ਇਕ ਮਨ ਹੋ ਕੇ ਯਹੋਵਾਹ ਦੀ ਭਗਤੀ ਕਰਨ ਲੱਗ ਪਏ ਸਨ। ਯਰੂਸ਼ਲਮ ਤੋਂ ਹੀ ਲੋਕਾਂ ਨੂੰ ਯਹੋਵਾਹ ਬਾਰੇ ਸੱਚਾ ਗਿਆਨ ਮਿਲਦਾ ਸੀ ਜਿਸ ਕਰਕੇ ਇਸ ਸ਼ਹਿਰ ਨੂੰ “ਵਫ਼ਾਦਾਰ ਨਗਰੀ” ਕਿਹਾ ਗਿਆ।
11:7-14—ਜ਼ਕਰਯਾਹ ਦੇ “ਮਨੋਹਰਤਾ” ਅਤੇ “ਮਿਲਾਪ” ਨਾਂ ਦੀਆਂ ਲਾਠੀਆਂ ਤੋੜਨ ਦਾ ਕੀ ਮਤਲਬ ਸੀ? ਜ਼ਕਰਯਾਹ ਦੇ ਜ਼ਮਾਨੇ ਵਿਚ ਆਗੂਆਂ ਨੇ ਲੋਕਾਂ ਨੂੰ ਬੋਝ ਥੱਲੇ ਦੱਬਿਆ ਹੋਇਆ ਸੀ। ਇਸ ਲਈ ਯਹੋਵਾਹ ਨੇ ਜ਼ਕਰਯਾਹ ਨੂੰ ਲੋਕਾਂ ਕੋਲ ਇਕ ਅਯਾਲੀ ਵਜੋਂ ਉਨ੍ਹਾਂ ਦੀ ਮਦਦ ਕਰਨ ਲਈ ਭੇਜਿਆ ਸੀ। ਇੱਦਾਂ ਹੀ ਪਰਮੇਸ਼ੁਰ ਨੇ ਯਿਸੂ ਮਸੀਹ ਨੂੰ ਆਪਣੇ ਚੁਣੇ ਹੋਏ ਲੋਕਾਂ ਦੀ ਮਦਦ ਕਰਨ ਲਈ ਭੇਜਿਆ ਸੀ। ਪਰ ਲੋਕਾਂ ਨੇ ਯਿਸੂ ਨੂੰ ਠੁਕਰਾ ਦਿੱਤਾ ਸੀ। ਤਾਂ ਫਿਰ “ਮਨੋਹਰਤਾ” ਨਾਮ ਦੀ ਲਾਠੀ ਨੂੰ ਤੋੜਨ ਦਾ ਮਤਲਬ ਸੀ ਕਿ ਯਹੋਵਾਹ ਨੇ ਯਹੂਦੀਆਂ ਨਾਲ ਜੋ ਨੇਮ ਬੰਨ੍ਹਿਆ ਸੀ ਉਸ ਨੂੰ ਤੋੜ ਦੇਣਾ ਸੀ ਅਤੇ ਅੱਗੇ ਤੋਂ ਉਨ੍ਹਾਂ ਤੇ ਦਇਆ ਨਹੀਂ ਕਰਨੀ ਸੀ। “ਮਿਲਾਪ” ਨਾਂ ਦੀ ਲਾਠੀ ਨੂੰ ਤੋੜਨ ਦਾ ਮਤਲਬ ਸੀ ਕਿ ਯਹੂਦਾਹ ਤੇ ਇਸਰਾਏਲ ਨੇ ਰਲ ਕੇ ਯਹੋਵਾਹ ਦੀ ਭਗਤੀ ਨਹੀਂ ਕਰਨੀ ਸੀ ਤੇ ਉਨ੍ਹਾਂ ਦੇ ਭਾਈਚਾਰੇ ਵਿਚ ਏਕਤਾ ਨਹੀਂ ਰਹਿਣੀ ਸੀ।
12:11—ਇਸ ਦਾ ਕੀ ਮਤਲਬ ਹੈ: ‘ਹਦਦਰਮੋਨ ਦਾ ਸੋਗ ਜਿਹੜਾ ਮਗਿੱਦੋ ਦੀ ਦੂਨ ਵਿੱਚ ਹੋਇਆ ਸੀ’? ਯਹੂਦਾਹ ਦਾ ਰਾਜਾ ਯੋਸੀਯਾਹ “ਮਗਿੱਦੋ ਦੀ ਦੂਨ ਵਿੱਚ” ਮਿਸਰ ਦੇ ਫ਼ਿਰਊਨ ਨਕੋ ਨਾਲ ਇਕ ਲੜਾਈ ਵਿਚ ਮਾਰਿਆ ਗਿਆ ਸੀ। ਕਈ ਸਾਲਾਂ ਲਈ ਲੋਕਾਂ ਨੇ ਉਸ ਦੀ ਮੌਤ ਤੇ “ਸੋਗ ਕੀਤਾ।” (2 ਇਤਹਾਸ 35:22-25) ਇਸ ਤੋਂ ਲੱਗਦਾ ਹੈ ਕਿ ‘ਹਦਦਰਮੋਨ ਦਾ ਸੋਗ’ ਯੋਸੀਯਾਹ ਦੀ ਮੌਤ ਕਰਕੇ ਸੀ।
ਸਾਡੇ ਲਈ ਸਬਕ:
1:2-6; 7:11-14. ਜੋ ਲੋਕ ਤੋਬਾ ਕਰਦੇ, ਯਹੋਵਾਹ ਵੱਲੋਂ ਸਲਾਹ ਨੂੰ ਕਬੂਲ ਕਰਦੇ ਅਤੇ ਸੱਚੇ ਦਿਲੋਂ ਉਸ ਦੀ ਭਗਤੀ ਕਰਦੇ ਹਨ, ਯਹੋਵਾਹ ਉਨ੍ਹਾਂ ਤੋਂ ਖ਼ੁਸ਼ ਹੁੰਦਾ ਹੈ ਅਤੇ ਉਨ੍ਹਾਂ ਦੀ ਸੁਣਦਾ ਹੈ। ਪਰ ਉਹ ਉਨ੍ਹਾਂ ਲੋਕਾਂ ਦੀ ਇਕ ਨਹੀਂ ਸੁਣਦਾ ਜੋ ‘ਗੌਹ ਕਰਨ ਲਈ ਰਾਜ਼ੀ ਨਹੀਂ। ਜਿਨ੍ਹਾਂ ਨੇ ਆਪਣੀਆਂ ਪਿੱਠਾਂ ਮੋੜ ਲਈਆਂ ਅਤੇ ਆਪਣੇ ਕੰਨ ਬੰਦ ਕਰ ਲਏ ਭਈ ਨਾ ਸੁਣਨ।’
4:6, 7. ਵੱਡੀ ਤੋਂ ਵੱਡੀ ਮੁਸ਼ਕਲ ਵੀ ਯਹੂਦੀਆਂ ਨੂੰ ਉਸਾਰੀ ਦਾ ਕੰਮ ਕਰਨ ਤੋਂ ਰੋਕ ਨਾ ਸਕੀ ਕਿਉਂ ਜੋ ਯਹੋਵਾਹ ਉਨ੍ਹਾਂ ਦੇ ਨਾਲ ਸੀ। ਇਸ ਤਰ੍ਹਾਂ ਅੱਜ ਭਾਵੇਂ ਸਾਨੂੰ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਿਉਂ ਨਾ ਕਰਨਾ ਪਵੇ ਜੇ ਅਸੀਂ ਯਹੋਵਾਹ ਦਾ ਲੜ ਘੁੱਟ ਕੇ ਫੜੀ ਰੱਖਾਂਗੇ, ਤਾਂ ਉਹ ਸਾਡੀ ਜ਼ਰੂਰ ਮਦਦ ਕਰੇਗਾ।—ਮੱਤੀ 17:20.
4:10. ਯਹੋਵਾਹ ਦੀ ਸੇਧ ਵਿਚ ਚੱਲ ਕੇ ਜ਼ਰੁੱਬਾਬਲ ਨੇ ਬਿਲਕੁਲ ਉਸ ਤਰ੍ਹਾਂ ਹੈਕਲ ਦਾ ਕੰਮ ਪੂਰਾ ਕੀਤਾ ਜਿਵੇਂ ਯਹੋਵਾਹ ਚਾਹੁੰਦਾ ਸੀ। ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਮਾਮੂਲੀ ਇਨਸਾਨ ਵੀ ਯਹੋਵਾਹ ਦੇ ਸਿਖਾਏ ਰਾਹ ਤੇ ਚੱਲ ਸਕਦੇ ਹਨ।
7:8-10; 8:16, 17. ਯਹੋਵਾਹ ਦੀ ਅਸੀਸ ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਨਿਆਂ ਕਰੀਏ, ਪਿਆਰ ਤੇ ਦਇਆ ਦਾ ਪੱਲਾ ਨਾ ਛੱਡੀਏ ਅਤੇ ਹਮੇਸ਼ਾ ਸੱਚ ਬੋਲੀਏ।
8:9-13. ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜੋ ਉਸ ਦੀ ਸੇਵਾ ਵਿਚ ਆਪਣੇ “ਹੱਥ ਤਕੜੇ” ਰੱਖਦੇ ਹਨ। ਯਹੋਵਾਹ ਵੱਲੋਂ ਕੁਝ ਬਰਕਤਾਂ ਹਨ ਸ਼ਾਂਤੀ, ਸੁਰੱਖਿਆ ਅਤੇ ਉਸ ਦੀ ਸੇਵਾ ਵਿਚ ਸਨਮਾਨ।
12:6. ਯਹੋਵਾਹ ਦੇ ਲੋਕਾਂ ਦੀ ਅਗਵਾਈ ਕਰਨ ਵਾਲਿਆਂ ਨੂੰ ਯਹੋਵਾਹ ਦੀ ਸੇਵਾ ਵਿਚ ‘ਅੱਗ ਵਾਂਙੁ’ ਯਾਨੀ ਜੋਸ਼ੀਲੇ ਹੋਣਾ ਚਾਹੀਦਾ ਹੈ।
13:3. ਅਸੀਂ ਪਹਿਲਾਂ ਸੱਚੇ ਪਰਮੇਸ਼ੁਰ ਯਹੋਵਾਹ ਤੇ ਉਸ ਦੇ ਸੰਗਠਨ ਨਾਲ ਵਫ਼ਾਦਾਰੀ ਕਰਦੇ ਹਾਂ, ਫਿਰ ਕਿਸੇ ਇਨਸਾਨ ਨਾਲ।
13:8, 9. ਦੇਸ਼ ਦੇ ਜ਼ਿਆਦਾਤਰ ਲੋਕਾਂ ਨੇ ਯਹੋਵਾਹ ਤੋਂ ਮੂੰਹ ਮੋੜ ਲਿਆ ਸੀ। ਇਨ੍ਹਾਂ ਵਿੱਚੋਂ ਸਿਰਫ਼ ਥੋੜ੍ਹੇ ਲੋਕਾਂ ਨੂੰ ਅੱਗ ਵਿਚ ਤਾਇਆ ਗਿਆ ਸੀ। ਅੱਜ ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਜ਼ਿਆਦਾਤਰ ਲੋਕ ਈਸਾਈ-ਜਗਤ ਵਿਚ ਹਨ। ਪਰ ਈਸਾਈ-ਜਗਤ ਨੇ ਯਹੋਵਾਹ ਤੋਂ ਮੂੰਹ ਮੋੜ ਲਿਆ ਹੈ। ਸਿਰਫ਼ ਮਸਹ ਕੀਤੇ ਹੋਇਆਂ ਨੇ ਹੀ ‘ਯਹੋਵਾਹ ਦਾ ਨਾਮ ਲੈ ਕੇ ਉਸ ਨੂੰ ਪੁਕਾਰਿਆ’ ਹੈ। ਪਰ ਉਹ ਸਿਰਫ਼ ਯਹੋਵਾਹ ਦਾ ਨਾਮ ਹੀ ਨਹੀਂ ਲੈਂਦੇ, ਸਗੋਂ ਉਸ ਦੇ ਅਧੀਨ ਵੀ ਹੁੰਦੇ ਹਨ। ਫਿਰ ਯਹੋਵਾਹ ਉਨ੍ਹਾਂ ਨੂੰ ਸੁਧਾਰਦਾ ਤੇ ਆਪਣੇ ਰਾਹ ਸਿਖਾਉਂਦਾ ਹੈ। ਉਨ੍ਹਾਂ ਨਾਲ ਰਲ ਕੇ ਲੱਖਾਂ ਹੀ ਹੋਰ ਲੋਕ ਯਹੋਵਾਹ ਦੀ ਭਗਤੀ ਕਰ ਰਹੇ ਹਨ।
ਜੋਸ਼ ਨਾਲ ਸੇਵਾ ਕਰਨੀ
ਹੱਜਈ ਅਤੇ ਜ਼ਕਰਯਾਹ ਦੇ ਸੰਦੇਸ਼ ਦਾ ਅੱਜ ਸਾਡੇ ਤੇ ਕੀ ਅਸਰ ਪੈਂਦਾ ਹੈ? ਜਿੱਦਾਂ ਯਹੂਦੀਆਂ ਨੂੰ ਇਨ੍ਹਾਂ ਦੇ ਸੰਦੇਸ਼ ਤੋਂ ਯਹੋਵਾਹ ਦੇ ਕੰਮ ਕਰਨ ਲਈ ਹੱਲਾਸ਼ੇਰੀ ਮਿਲੀ ਸੀ, ਉੱਦਾਂ ਹੀ ਅੱਜ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਲੱਗੇ ਰਹਿਣ ਲਈ ਸਾਨੂੰ ਵੀ ਹੱਲਾਸ਼ੇਰੀ ਮਿਲਦੀ ਹੈ।
ਜ਼ਕਰਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਮਸੀਹਾ “ਜੁਆਨ ਬੱਚੇ ਉੱਤੇ ਸਵਾਰ” ਹੋ ਕੇ ਆਵੇਗਾ, ਉਸ ਨੂੰ “ਤੀਹ ਰੁਪਏ” ਲਈ ਧੋਖਾ ਦਿੱਤਾ ਜਾਵੇਗਾ, ਉਸ ਨੂੰ ਮਾਰਿਆ ਜਾਵੇਗਾ ਅਤੇ ਉਸ ਦੀਆਂ “ਭੇਡਾਂ ਖਿੱਲਰ” ਜਾਣਗੀਆਂ। (ਜ਼ਕਰਯਾਹ 9:9; 11:12; 13:7) ਇਨ੍ਹਾਂ ਭਵਿੱਖਬਾਣੀਆਂ ਤੇ ਸੋਚ-ਵਿਚਾਰ ਕਰਨ ਨਾਲ ਅੱਜ ਸਾਡੀ ਨਿਹਚਾ ਪੱਕੀ ਹੁੰਦੀ ਹੈ। (ਮੱਤੀ 21:1-9; 26:31, 56; 27:3-10) ਸਾਡਾ ਭਰੋਸਾ ਯਹੋਵਾਹ ਉੱਤੇ ਹੋਰ ਮਜ਼ਬੂਤ ਹੁੰਦਾ ਹੈ ਕਿ ਉਹੀ ਸਾਡੀ ਰੱਖਿਆ ਕਰੇਗਾ ਅਤੇ ਸਾਨੂੰ ਮੁਕਤੀ ਦਿਲਾਵੇਗਾ।—ਇਬਰਾਨੀਆਂ 4:12.
[ਫੁਟਨੋਟ]
[ਸਫ਼ਾ 11 ਉੱਤੇ ਡੱਬੀ]
ਜ਼ਕਰਯਾਹ ਦੇ ਅੱਠ ਦਰਸ਼ਣਾਂ ਦਾ ਅਰਥ
1:8-17: ਹੈਕਲ ਦਾ ਕੰਮ ਪੂਰਾ ਹੋ ਕੇ ਹੀ ਰਹਿਣਾ ਸੀ ਅਤੇ ਯਹੂਦਾਹ ਤੇ ਹੋਰਨਾਂ ਸ਼ਹਿਰਾਂ ਨੂੰ ਯਹੋਵਾਹ ਨੇ ਬਰਕਤਾਂ ਦੇਣੀਆਂ ਸੀ।
1:18-21: ‘ਯਹੂਦਾਹ ਨੂੰ ਖੇਰੂੰ ਖੇਰੂੰ ਕਰਨ ਵਾਲੇ ਚਾਰ ਸਿੰਙਾਂ’ ਅਤੇ ਯਹੋਵਾਹ ਦਾ ਵਿਰੋਧ ਕਰਨ ਵਾਲੀਆਂ ਬਾਕੀ ਸਾਰੀਆਂ ਹਕੂਮਤਾਂ ਦਾ ਨਾਸ਼ ਕੀਤਾ ਜਾਣਾ ਸੀ।
2:1-13: ਯਰੂਸ਼ਲਮ ਦੀਆਂ ਹੱਦਾਂ ਫੈਲਰਨੀਆਂ ਸਨ ਅਤੇ ਯਹੋਵਾਹ ਨੇ “ਉਸ ਦੇ ਦੁਆਲੇ ਉਸ ਦੇ ਲਈ ਅੱਗ ਦੀ ਕੰਧ” ਹੋਣਾ ਸੀ ਮਤਲਬ ਉਸ ਦੀ ਸੁਰੱਖਿਆ ਕਰਨੀ ਸੀ।
3:1-10: ਹੈਕਲ ਦੀ ਉਸਾਰੀ ਦੇ ਕੰਮ ਨੂੰ ਰੁਕਵਾਉਣ ਪਿੱਛੇ ਸ਼ਤਾਨ ਦਾ ਹੱਥ ਸੀ। ਪ੍ਰਧਾਨ ਜਾਜਕ ਯਹੋਸ਼ੁਆ ਦੀ ਬੁਰਾਈ ਦੂਰ ਕੀਤੀ ਜਾਣੀ ਸੀ ਤੇ ਉਸ ਨੂੰ ਮੁਕਤੀ ਮਿਲਣੀ ਸੀ।
4:1-14: ਜ਼ਰੁੱਬਾਬਲ ਨੇ ਉਸਾਰੀ ਦੇ ਕੰਮ ਨੂੰ ਪੂਰਾ ਕਰ ਕੇ ਹੀ ਰਹਿਣਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਿਸੇ ਵੀ ਪਹਾੜ ਵਰਗੀ ਮੁਸ਼ਕਲ ਨੂੰ ਸਾਡੇ ਰਾਹ ਤੋਂ ਵੀ ਹਟਾ ਸਕਦਾ ਹੈ।
5:1-4: ਉਨ੍ਹਾਂ ਸਭ ਨੂੰ ਆਪਣੇ ਗ਼ਲਤ ਕੰਮਾਂ ਦਾ ਨਤੀਜਾ ਭੁਗਤਣਾ ਪਵੇਗਾ ਜਿਨ੍ਹਾਂ ਨੇ ਅਜੇ ਤਕ ਨਹੀਂ ਭੁਗਤਿਆ।
5:5-11: ਬੁਰਾਈ ਨੂੰ ਖ਼ਤਮ ਕੀਤਾ ਜਾਣਾ ਸੀ।
6:1-8: ਫ਼ਰਿਸ਼ਤਿਆਂ ਨੇ ਕੰਮ ਦੀ ਦੇਖ-ਰੇਖ ਕਰਨੀ ਸੀ ਅਤੇ ਯਹੋਵਾਹ ਦੇ ਸੇਵਕਾਂ ਦੀ ਰੱਖਿਆ ਕਰਨੀ ਸੀ।
[ਸਫ਼ਾ 8 ਉੱਤੇ ਤਸਵੀਰ]
ਹੱਜਈ ਤੇ ਜ਼ਕਰਯਾਹ ਰਾਹੀਂ ਯਹੋਵਾਹ ਲੋਕਾਂ ਨੂੰ ਕੀ ਕਰਨ ਦੀ ਹੱਲਾਸ਼ੇਰੀ ਦੇਣਾ ਚਾਹੁੰਦਾ ਸੀ?
[ਸਫ਼ਾ 10 ਉੱਤੇ ਤਸਵੀਰ]
ਜਿਹੜੇ ਭਰਾ ਅਗਵਾਈ ਕਰਦੇ ਹਨ, ਉਹ ‘ਅੱਗ ਵਾਂਙੁ’ ਕਿਵੇਂ ਹਨ?