ਜ਼ਕਰਯਾਹ
8 ਸੈਨਾਵਾਂ ਦੇ ਯਹੋਵਾਹ ਵੱਲੋਂ ਮੈਨੂੰ ਇਕ ਹੋਰ ਸੰਦੇਸ਼ ਆਇਆ: 2 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਮੈਂ ਸੀਓਨ ਨੂੰ ਬਹੁਤ ਪਿਆਰ ਕਰਦਾ ਹਾਂ+ ਅਤੇ ਮੈਂ ਵੱਡੇ ਕ੍ਰੋਧ ਨਾਲ ਉਸ ਨੂੰ ਬਚਾਵਾਂਗਾ ਤੇ ਉਸ ਦੀ ਰਾਖੀ ਕਰਾਂਗਾ।’”
3 “ਯਹੋਵਾਹ ਇਹ ਕਹਿੰਦਾ ਹੈ, ‘ਮੈਂ ਸੀਓਨ ਨੂੰ ਮੁੜਾਂਗਾ+ ਅਤੇ ਯਰੂਸ਼ਲਮ ਵਿਚ ਵੱਸਾਂਗਾ;+ ਯਰੂਸ਼ਲਮ ਸੱਚਾਈ* ਦਾ ਸ਼ਹਿਰ ਕਹਾਵੇਗਾ+ ਅਤੇ ਸੈਨਾਵਾਂ ਦੇ ਯਹੋਵਾਹ ਦਾ ਪਹਾੜ, ਹਾਂ, ਪਵਿੱਤਰ ਪਹਾੜ ਕਹਾਵੇਗਾ।’”+
4 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਬੁੱਢੇ ਆਦਮੀ ਅਤੇ ਔਰਤਾਂ ਯਰੂਸ਼ਲਮ ਦੇ ਚੌਂਕਾਂ ਵਿਚ ਦੁਬਾਰਾ ਬੈਠਿਆ ਕਰਨਗੇ ਅਤੇ ਲੰਬੀ ਉਮਰ ਹੋਣ ਕਰਕੇ* ਹਰੇਕ ਦੇ ਹੱਥ ਵਿਚ ਖੂੰਡੀ ਹੋਵੇਗੀ।+ 5 ਅਤੇ ਖੇਡਦੇ-ਟੱਪਦੇ ਮੁੰਡੇ-ਕੁੜੀਆਂ ਨਾਲ ਸ਼ਹਿਰ ਦੇ ਚੌਂਕ ਭਰ ਜਾਣਗੇ।’”+
6 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਉਨ੍ਹਾਂ ਦਿਨਾਂ ਵਿਚ ਇਸ ਪਰਜਾ ਵਿੱਚੋਂ ਬਚੇ ਹੋਇਆਂ ਨੂੰ ਇਹ ਗੱਲ ਮੰਨਣੀ ਸ਼ਾਇਦ ਔਖੀ ਲੱਗੇ, ਪਰ ਕੀ ਮੇਰੇ ਲਈ ਇਸ ਤਰ੍ਹਾਂ ਕਰਨਾ ਔਖਾ ਹੈ?’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।”
7 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਮੈਂ ਆਪਣੇ ਲੋਕਾਂ ਨੂੰ ਪੂਰਬ ਦੇਸ਼ ਅਤੇ ਪੱਛਮ ਦੇਸ਼ ਤੋਂ* ਛੁਡਾਵਾਂਗਾ।+ 8 ਮੈਂ ਉਨ੍ਹਾਂ ਨੂੰ ਲਿਆਵਾਂਗਾ ਅਤੇ ਉਹ ਯਰੂਸ਼ਲਮ ਵਿਚ ਵੱਸਣਗੇ;+ ਉਹ ਮੇਰੇ ਲੋਕ ਹੋਣਗੇ ਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ+ ਜੋ ਸੱਚਾ* ਹੈ ਅਤੇ ਉਹੀ ਕਰਦਾ ਹੈ ਜੋ ਸਹੀ ਹੈ।’”
9 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਨਬੀਆਂ ਦੇ ਮੂੰਹੋਂ ਹੁਣ ਇਹ ਗੱਲਾਂ ਸੁਣਨ ਵਾਲਿਓ,+ ਤੁਹਾਡੇ ਹੱਥ ਮਜ਼ਬੂਤ ਹੋਣ।*+ ਇਹ ਉਹੀ ਗੱਲਾਂ ਹਨ ਜੋ ਸੈਨਾਵਾਂ ਦੇ ਯਹੋਵਾਹ ਦੇ ਘਰ ਦੀ ਨੀਂਹ ਧਰਨ ਦੇ ਦਿਨ ਕਹੀਆਂ ਗਈਆਂ ਸਨ। 10 ਉਸ ਸਮੇਂ ਤੋਂ ਪਹਿਲਾਂ ਆਦਮੀ ਜਾਂ ਜਾਨਵਰ ਲਈ ਕੋਈ ਮਜ਼ਦੂਰੀ ਨਹੀਂ ਦਿੱਤੀ ਜਾਂਦੀ ਸੀ;+ ਦੁਸ਼ਮਣ ਕਰਕੇ ਕਿਸੇ ਲਈ ਵੀ ਆਉਣਾ-ਜਾਣਾ ਸੁਰੱਖਿਅਤ ਨਹੀਂ ਸੀ ਕਿਉਂਕਿ ਮੈਂ ਸਾਰੇ ਆਦਮੀਆਂ ਨੂੰ ਇਕ-ਦੂਜੇ ਦੇ ਖ਼ਿਲਾਫ਼ ਕਰ ਦਿੱਤਾ ਸੀ।’
11 “‘ਪਰ ਹੁਣ ਮੈਂ ਇਸ ਪਰਜਾ ਵਿੱਚੋਂ ਬਚੇ ਹੋਇਆਂ ਨਾਲ ਪਹਿਲੇ ਦਿਨਾਂ ਵਾਂਗ ਪੇਸ਼ ਨਹੀਂ ਆਵਾਂਗਾ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। 12 ‘ਕਿਉਂਕਿ ਸ਼ਾਂਤੀ ਦਾ ਬੀ ਬੀਜਿਆ ਜਾਵੇਗਾ; ਅੰਗੂਰੀ ਵੇਲ ਆਪਣਾ ਫਲ ਦੇਵੇਗੀ ਅਤੇ ਧਰਤੀ ਆਪਣੀ ਫ਼ਸਲ,+ ਅਤੇ ਆਕਾਸ਼ ਆਪਣੀ ਤ੍ਰੇਲ ਦੇਵੇਗਾ; ਮੈਂ ਇਹ ਸਾਰੀਆਂ ਚੀਜ਼ਾਂ ਇਸ ਪਰਜਾ ਵਿੱਚੋਂ ਬਚੇ ਹੋਇਆਂ ਨੂੰ ਵਿਰਾਸਤ ਵਿਚ ਦੇਵਾਂਗਾ।+ 13 ਹੇ ਯਹੂਦਾਹ ਦੇ ਘਰਾਣੇ ਅਤੇ ਇਜ਼ਰਾਈਲ ਦੇ ਘਰਾਣੇ, ਪਹਿਲਾਂ ਕੌਮਾਂ ਤੁਹਾਡੀ ਮਿਸਾਲ ਦੇ ਕੇ ਸਰਾਪ ਦਿੰਦੀਆਂ ਸਨ,+ ਪਰ ਹੁਣ ਮੈਂ ਤੁਹਾਨੂੰ ਬਚਾਵਾਂਗਾ ਅਤੇ ਤੁਸੀਂ ਬਰਕਤ ਸਾਬਤ ਹੋਵੋਗੇ।+ ਇਸ ਲਈ ਡਰੋ ਨਾ!+ ਤੁਹਾਡੇ ਹੱਥ ਮਜ਼ਬੂਤ ਹੋਣ।’*+
14 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘“ਤੁਹਾਡੇ ਪਿਉ-ਦਾਦਿਆਂ ਨੇ ਮੈਨੂੰ ਗੁੱਸਾ ਚੜ੍ਹਾਇਆ ਸੀ, ਇਸ ਲਈ ਮੈਂ ਤੁਹਾਡੇ ਉੱਤੇ ਬਿਪਤਾ ਲਿਆਉਣ ਦੀ ਠਾਣ ਲਈ ਸੀ ਅਤੇ ਮੈਨੂੰ ਕੋਈ ਅਫ਼ਸੋਸ ਨਹੀਂ ਹੋਇਆ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ,+ 15 “ਪਰ ਇਸ ਵਾਰ ਮੈਂ ਯਰੂਸ਼ਲਮ ਅਤੇ ਯਹੂਦਾਹ ਦੇ ਘਰਾਣੇ ਨਾਲ ਭਲਾਈ ਕਰਨ ਦੀ ਠਾਣੀ ਹੋਈ ਹੈ।+ ਡਰੋ ਨਾ!”’+
16 “‘ਤੁਹਾਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਹਨ: ਇਕ-ਦੂਜੇ ਨਾਲ ਸੱਚ ਬੋਲੋ+ ਅਤੇ ਸ਼ਹਿਰ ਦੇ ਦਰਵਾਜ਼ੇ ʼਤੇ ਅਜਿਹੇ ਫ਼ੈਸਲੇ ਕਰੋ ਜਿਨ੍ਹਾਂ ਨਾਲ ਸੱਚਾਈ ਤੇ ਸ਼ਾਂਤੀ ਦਾ ਬੋਲਬਾਲਾ ਹੋਵੇ।+ 17 ਆਪਣੇ ਦਿਲਾਂ ਵਿਚ ਇਕ-ਦੂਜੇ ʼਤੇ ਬਿਪਤਾ ਲਿਆਉਣ ਦੀ ਸਾਜ਼ਸ਼ ਨਾ ਘੜੋ+ ਅਤੇ ਕਿਸੇ ਵੀ ਝੂਠੀ ਸਹੁੰ ਨਾਲ ਪਿਆਰ ਨਾ ਕਰੋ;+ ਕਿਉਂਕਿ ਮੈਨੂੰ ਇਨ੍ਹਾਂ ਸਾਰੀਆਂ ਗੱਲਾਂ ਤੋਂ ਨਫ਼ਰਤ ਹੈ,’+ ਯਹੋਵਾਹ ਕਹਿੰਦਾ ਹੈ।”
18 ਸੈਨਾਵਾਂ ਦੇ ਯਹੋਵਾਹ ਵੱਲੋਂ ਮੈਨੂੰ ਇਕ ਹੋਰ ਸੰਦੇਸ਼ ਆਇਆ: 19 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਚੌਥੇ ਮਹੀਨੇ ਦਾ ਵਰਤ,+ ਪੰਜਵੇਂ ਮਹੀਨੇ ਦਾ ਵਰਤ,+ ਸੱਤਵੇਂ ਮਹੀਨੇ ਦਾ ਵਰਤ+ ਅਤੇ ਦਸਵੇਂ ਮਹੀਨੇ ਦਾ ਵਰਤ+ ਯਹੂਦਾਹ ਦੇ ਘਰਾਣੇ ਲਈ ਖ਼ੁਸ਼ੀ ਤੇ ਆਨੰਦ ਦੇ ਮੌਕੇ, ਹਾਂ, ਖ਼ੁਸ਼ੀਆਂ ਭਰੇ ਤਿਉਹਾਰ ਹੋਣਗੇ।+ ਇਸ ਲਈ ਸੱਚਾਈ ਤੇ ਸ਼ਾਂਤੀ ਨਾਲ ਪਿਆਰ ਕਰੋ।’
20 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਉਹ ਸਮਾਂ ਆਵੇਗਾ ਜਦੋਂ ਕੌਮਾਂ ਅਤੇ ਬਹੁਤ ਸਾਰੇ ਸ਼ਹਿਰਾਂ ਦੇ ਵਾਸੀ ਆਉਣਗੇ; 21 ਅਤੇ ਇਕ ਸ਼ਹਿਰ ਦੇ ਵਾਸੀ ਦੂਸਰੇ ਸ਼ਹਿਰ ਦੇ ਵਾਸੀਆਂ ਕੋਲ ਜਾ ਕੇ ਕਹਿਣਗੇ: “ਛੇਤੀ-ਛੇਤੀ ਆਓ, ਆਪਾਂ ਯਹੋਵਾਹ ਦੇ ਰਹਿਮ ਦੀ ਭੀਖ ਮੰਗਣ ਚਲੀਏ ਅਤੇ ਸੈਨਾਵਾਂ ਦੇ ਯਹੋਵਾਹ ਨੂੰ ਭਾਲੀਏ। ਅਸੀਂ ਵੀ ਜਾ ਰਹੇ ਹਾਂ।”+ 22 ਨਾਲੇ ਬਹੁਤ ਸਾਰੇ ਲੋਕ ਅਤੇ ਤਾਕਤਵਰ ਕੌਮਾਂ ਯਰੂਸ਼ਲਮ ਵਿਚ ਸੈਨਾਵਾਂ ਦੇ ਯਹੋਵਾਹ ਨੂੰ ਭਾਲਣ+ ਅਤੇ ਯਹੋਵਾਹ ਦੇ ਰਹਿਮ ਦੀ ਭੀਖ ਮੰਗਣ ਆਉਣਗੀਆਂ।’
23 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਉਨ੍ਹਾਂ ਦਿਨਾਂ ਵਿਚ ਕੌਮਾਂ ਦੀਆਂ ਸਾਰੀਆਂ ਭਾਸ਼ਾਵਾਂ ਦੇ ਦਸ ਆਦਮੀ+ ਇਕ ਯਹੂਦੀ* ਦੇ ਕੱਪੜੇ ਦਾ ਸਿਰਾ ਫੜਨਗੇ, ਹਾਂ, ਘੁੱਟ ਕੇ ਫੜਨਗੇ ਤੇ ਕਹਿਣਗੇ: “ਅਸੀਂ ਤੁਹਾਡੇ ਨਾਲ ਜਾਣਾ ਚਾਹੁੰਦੇ ਹਾਂ+ ਕਿਉਂਕਿ ਅਸੀਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਨਾਲ ਹੈ।”’”+