ਅਧਿਆਇ 3
‘ਮੈਂ ਮਨ ਦਾ ਹਲੀਮ ਹਾਂ’
1-3. ਯਿਸੂ ਕਿਸ ਤਰੀਕੇ ਨਾਲ ਯਰੂਸ਼ਲਮ ਵਿਚ ਦਾਖ਼ਲ ਹੋਇਆ ਅਤੇ ਕੁਝ ਲੋਕ ਇਹ ਦੇਖ ਕੇ ਸ਼ਾਇਦ ਹੈਰਾਨ ਕਿਉਂ ਹੋਏ ਹੋਣੇ?
ਕਲਪਨਾ ਕਰੋ ਕਿ ਤੁਸੀਂ ਅੱਜ ਤੋਂ 2,000 ਸਾਲ ਪਹਿਲਾਂ ਯਰੂਸ਼ਲਮ ਸ਼ਹਿਰ ਵਿਚ ਹੋ। ਹਰ ਪਾਸੇ ਰੌਣਕ ਅਤੇ ਹਲਚਲ ਮਚੀ ਹੋਈ ਹੈ। ਲੋਕ ਬੇਸਬਰੀ ਨਾਲ ਇਕ ਵੱਡੇ ਆਦਮੀ ਦਾ ਇੰਤਜ਼ਾਰ ਕਰ ਰਹੇ ਹਨ। ਉਸ ਦਾ ਸੁਆਗਤ ਕਰਨ ਲਈ ਸ਼ਹਿਰੋਂ ਬਾਹਰ ਸੜਕਾਂ ʼਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ। ਕੁਝ ਲੋਕ ਕਹਿ ਰਹੇ ਹਨ ਕਿ ਇਹ ਆਦਮੀ ਰਾਜਾ ਦਾਊਦ ਦਾ ਵਾਰਸ ਹੈ ਅਤੇ ਇਜ਼ਰਾਈਲ ਦੀ ਰਾਜ-ਗੱਦੀ ʼਤੇ ਬੈਠਣ ਦਾ ਹੱਕਦਾਰ ਹੈ। ਉਸ ਦੇ ਸੁਆਗਤ ਵਿਚ ਕਈ ਲੋਕ ਖਜੂਰ ਦੀਆਂ ਟਾਹਣੀਆਂ ਲੈ ਕੇ ਆਏ ਹਨ ਅਤੇ ਹੋਰਨਾਂ ਨੇ ਰਾਹ ਵਿਚ ਆਪਣੇ ਕੱਪੜੇ ਅਤੇ ਦਰਖ਼ਤਾਂ ਦੀਆਂ ਟਾਹਣੀਆਂ ਵਿਛਾਈਆਂ ਹਨ। (ਮੱਤੀ 21:7, 8; ਯੂਹੰਨਾ 12:12, 13) ਪਰ ਉਨ੍ਹਾਂ ਇਹ ਨਹੀਂ ਪਤਾ ਕਿ ਉਹ ਯਰੂਸ਼ਲਮ ਵਿਚ ਕਿਸ ਤਰੀਕੇ ਨਾਲ ਦਾਖ਼ਲ ਹੋਵੇਗਾ।
2 ਇਸ ਤੋਂ ਪਹਿਲਾਂ ਕੁਝ ਵੱਡੇ-ਵੱਡੇ ਬੰਦਿਆਂ ਨੇ ਬੜੀ ਧੂਮ-ਧਾਮ ਨਾਲ ਆਪਣੀ ਸ਼ਾਨੋ-ਸ਼ੌਕਤ ਦਿਖਾਈ ਸੀ। ਮਿਸਾਲ ਲਈ, ਜਦ ਅਬਸ਼ਾਲੋਮ ਨੇ ਆਪਣੇ ਪਿਤਾ ਦਾਊਦ ਦੇ ਰਾਜ ਨੂੰ ਹੜੱਪ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਦੇ ਰਥ ਦੇ ਮੋਹਰੇ-ਮੋਹਰੇ 50 ਆਦਮੀ ਦੌੜਦੇ ਹੋਏ ਇਹ ਐਲਾਨ ਕਰ ਰਹੇ ਸਨ ਕਿ ਉਹ ਰਾਜਾ ਬਣ ਗਿਆ ਸੀ। (2 ਸਮੂਏਲ 15:1, 10) ਰੋਮ ਦੇ ਰਾਜੇ ਜੂਲੀਅਸ ਸੀਜ਼ਰ ਨੇ ਤਾਂ ਇਸ ਤੋਂ ਵੀ ਕਿਤੇ ਵਧ ਕੇ ਸ਼ਾਨੋ-ਸ਼ੌਕਤ ਦਿਖਾਈ। ਉਸ ਨੇ ਰੋਮ ਵਿਚ ਬੜੇ ਧੂਮ-ਧਮਾਕੇ ਨਾਲ ਆਪਣੀ ਜਿੱਤ ਦਾ ਜਲੂਸ ਜੁਪੀਟਰ ਦੇ ਮੰਦਰ ਤਕ ਕੱਢਿਆ। ਇਸ ਜਲੂਸ ਵਿਚ ਲੈਂਪਾਂ ਨਾਲ ਸਜੇ 40 ਹਾਥੀ ਉਸ ਦੇ ਸੱਜੇ-ਖੱਬੇ ਗਏ ਸਨ। ਪਰ ਅੱਜ ਯਰੂਸ਼ਲਮ ਦੇ ਲੋਕ ਇਨ੍ਹਾਂ ਤੋਂ ਵੀ ਕਿਤੇ ਮਹਾਨ ਆਦਮੀ ਦੀ ਉਡੀਕ ਕਰ ਰਹੇ ਹਨ। ਕੀ ਉਹ ਵੀ ਇੰਨੀ ਹੀ ਧੂਮ-ਧਾਮ ਨਾਲ ਆਵੇਗਾ? ਸ਼ਾਇਦ ਲੋਕ ਇਹ ਨਹੀਂ ਜਾਣਦੇ ਕਿ ਇਹ ਆਦਮੀ ਮਸੀਹ ਹੈ ਤੇ ਦੁਨੀਆਂ ਦੇ ਕਿਸੇ ਵੀ ਸ਼ਖ਼ਸ ਨਾਲੋਂ ਮਹਾਨ ਹੈ। ਅੱਜ ਜਦੋਂ ਉਹ ਸਭ ਦੇ ਸਾਮ੍ਹਣੇ ਆਵੇਗਾ, ਤਾਂ ਸ਼ਾਇਦ ਕਈ ਹੈਰਾਨ ਰਹਿ ਜਾਣ।
3 ਯਿਸੂ ਨੂੰ ਦੇਖ ਕੇ ਲੋਕ ਸ਼ਾਇਦ ਦੰਗ ਰਹਿ ਜਾਂਦੇ ਹਨ ਕਿਉਂਕਿ ਉਹ ਨਾ ਤਾਂ ਕਿਸੇ ਰਥ ਜਾਂ ਘੋੜੇ ʼਤੇ ਸਵਾਰ ਹੋ ਕੇ ਆਇਆ ਤੇ ਨਾ ਹੀ ਉਸ ਦੇ ਅੱਗੇ ਕੋਈ ਆਦਮੀ ਜਾਂ ਹਾਥੀ ਹੈ। ਇਸ ਦੀ ਬਜਾਇ ਯਿਸੂ ਭਾਰ ਢੋਣ ਵਾਲੇ ਮਾਮੂਲੀ ਗਧੇ ʼਤੇ ਸਵਾਰ ਹੈ।a ਨਾ ਤਾਂ ਯਿਸੂ ਨੇ ਸ਼ਾਹੀ ਲਿਬਾਸ ਪਾਇਆ ਹੈ ਤੇ ਨਾ ਹੀ ਉਸ ਦੀ ਸਵਾਰੀ ਨੂੰ ਸਜਾਇਆ ਗਿਆ ਹੈ, ਸਗੋਂ ਉਸ ਦੇ ਚੇਲਿਆਂ ਨੇ ਉਸ ਦੀ ਸਵਾਰੀ ʼਤੇ ਕੁਝ ਕੱਪੜੇ ਵਿਛਾਏ ਹਨ। ਪਰ ਸਵਾਲ ਇਹ ਹੈ ਕਿ ਯਿਸੂ ਯਰੂਸ਼ਲਮ ਵਿਚ ਧੂਮ-ਧਮਾਕੇ ਤੋਂ ਬਿਨਾਂ ਕਿਉਂ ਆਇਆ ਜਦ ਕਿ ਉਸ ਤੋਂ ਛੋਟੇ ਰੁਤਬੇ ਦੇ ਆਦਮੀ ਇੰਨੀ ਠਾਠ-ਬਾਠ ਤੇ ਸ਼ਾਨੋ-ਸ਼ੌਕਤ ਨਾਲ ਆਏ ਸਨ?
4. ਬਾਈਬਲ ਵਿਚ ਮਸੀਹ ਦੇ ਇਕ ਰਾਜੇ ਵਜੋਂ ਯਰੂਸ਼ਲਮ ਵਿਚ ਦਾਖ਼ਲ ਹੋਣ ਬਾਰੇ ਕੀ ਦੱਸਿਆ ਗਿਆ ਸੀ?
4 ਯਿਸੂ ਇਸ ਭਵਿੱਖਬਾਣੀ ਨੂੰ ਪੂਰਾ ਕਰ ਰਿਹਾ ਹੈ: “ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀਏ ਧੀਏ, ਲਲਕਾਰ! ਵੇਖ, ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਹੈ ਅਤੇ ਸੁਰਜੀਤ ਹੈ, ਉਹ ਅਧੀਨ ਹੈ ਅਤੇ ਗਧੇ ਦੇ ਜੁਆਨ ਬੱਚੇ ਉੱਤੇ ਸਵਾਰ ਹੈ।” (ਜ਼ਕਰਯਾਹ 9:9) ਇਸ ਭਵਿੱਖਬਾਣੀ ਮੁਤਾਬਕ ਪਰਮੇਸ਼ੁਰ ਦੇ ਚੁਣੇ ਹੋਏ ਮਸੀਹ ਨੇ ਗਧੀ ਦੇ ਬੱਚੇ ʼਤੇ ਸਵਾਰ ਹੋ ਕੇ ਯਰੂਸ਼ਲਮ ਦੇ ਲੋਕਾਂ ਸਾਮ੍ਹਣੇ ਖ਼ੁਦ ਨੂੰ ਰਾਜੇ ਵਜੋਂ ਪੇਸ਼ ਕਰਨਾ ਸੀ। ਇਸ ਤੋਂ ਜ਼ਾਹਰ ਹੋਣਾ ਸੀ ਕਿ ਉਹ ਦਿਲੋਂ ਕਿੰਨਾ ਨਿਮਰ ਸੀ।
5. ਯਿਸੂ ਦੀ ਨਿਮਰਤਾ ਸਾਡੇ ਦਿਲਾਂ ਨੂੰ ਕਿਉਂ ਛੂਹ ਲੈਂਦੀ ਹੈ ਅਤੇ ਸਾਡੇ ਲਈ ਉਸ ਵਾਂਗ ਨਿਮਰ ਬਣਨਾ ਇੰਨਾ ਜ਼ਰੂਰੀ ਕਿਉਂ ਹੈ?
5 ਯਿਸੂ ਦੇ ਬੇਸ਼ੁਮਾਰ ਗੁਣਾਂ ਵਿੱਚੋਂ ਉਸ ਦੀ ਨਿਮਰਤਾ ਵਾਕਈ ਸਾਡੇ ਦਿਲਾਂ ਨੂੰ ਛੂਹ ਲੈਂਦੀ ਹੈ। ਜਿਵੇਂ ਅਸੀਂ ਪਿਛਲੇ ਅਧਿਆਇ ਵਿਚ ਦੇਖਿਆ ਸੀ, ਸਿਰਫ਼ ਯਿਸੂ ਹੀ “ਰਾਹ ਤੇ ਸੱਚਾਈ ਤੇ ਜ਼ਿੰਦਗੀ” ਹੈ। (ਯੂਹੰਨਾ 14:6) ਇਸ ਵਿਚ ਕੋਈ ਸ਼ੱਕ ਨਹੀਂ ਕਿ ਜਿੰਨੇ ਵੀ ਇਨਸਾਨ ਇਸ ਦੁਨੀਆਂ ʼਤੇ ਆਏ ਹਨ, ਉਨ੍ਹਾਂ ਵਿੱਚੋਂ ਕੋਈ ਵੀ ਪਰਮੇਸ਼ੁਰ ਦੇ ਪੁੱਤਰ ਨਾਲੋਂ ਮਹਾਨ ਨਹੀਂ ਹੈ। ਯਿਸੂ ਵਿਚ ਰਤਾ ਵੀ ਹੰਕਾਰ ਜਾਂ ਘਮੰਡ ਨਹੀਂ ਸੀ। ਉਹ ਨਾਮੁਕੰਮਲ ਇਨਸਾਨਾਂ ਵਰਗਾ ਨਹੀਂ ਸੀ। ਸਾਨੂੰ ਵੀ ਘਮੰਡ ਕਰਨ ਤੋਂ ਬਚਣਾ ਚਾਹੀਦਾ ਹੈ। (ਯਾਕੂਬ 4:6) ਯਾਦ ਰੱਖੋ ਯਹੋਵਾਹ ਹੰਕਾਰੀਆਂ ਦਾ ਵਿਰੋਧ ਕਰਦਾ ਹੈ। ਸੋ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਯਿਸੂ ਵਾਂਗ ਨਿਮਰ ਬਣਨ ਦੀ ਪੂਰੀ-ਪੂਰੀ ਕੋਸ਼ਿਸ਼ ਕਰੀਏ।
ਲੰਬੇ ਸਮੇਂ ਤੋਂ ਨਿਮਰਤਾ ਨਾਲ ਸੇਵਾ ਕੀਤੀ
6. ਇਕ ਨਿਮਰ ਇਨਸਾਨ ਕਿਹੋ ਜਿਹਾ ਹੁੰਦਾ ਹੈ ਅਤੇ ਯਹੋਵਾਹ ਨੂੰ ਕਿਵੇਂ ਪਤਾ ਸੀ ਕਿ ਮਸੀਹ ਨਿਮਰ ਹੋਵੇਗਾ?
6 ਇਕ ਨਿਮਰ ਇਨਸਾਨ ਦਿਲੋਂ ਹਲੀਮ ਹੁੰਦਾ ਹੈ ਅਤੇ ਉਸ ਵਿਚ ਜ਼ਰਾ ਵੀ ਹੰਕਾਰ ਜਾਂ ਘਮੰਡ ਨਹੀਂ ਹੁੰਦਾ। ਉਸ ਦੀ ਕਹਿਣੀ ਤੇ ਕਰਨੀ ਅਤੇ ਹੋਰਨਾਂ ਨਾਲ ਉਸ ਦੇ ਸਲੂਕ ਤੋਂ ਇਹ ਗੁਣ ਸਾਫ਼ ਦੇਖਿਆ ਜਾ ਸਕਦਾ ਹੈ। ਯਹੋਵਾਹ ਨੂੰ ਪਹਿਲਾਂ ਹੀ ਕਿਵੇਂ ਪਤਾ ਸੀ ਕਿ ਮਸੀਹ ਨਿਮਰ ਹੋਵੇਗਾ? ਉਹ ਆਪਣੇ ਪੁੱਤਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੂੰ ਪਤਾ ਸੀ ਕਿ ਯਿਸੂ ਉਸ ਵਾਂਗ ਪੂਰੀ ਤਰ੍ਹਾਂ ਨਿਮਰ ਸੀ। (ਯੂਹੰਨਾ 10:15) ਨਾਲੇ, ਉਸ ਨੇ ਆਪਣੇ ਪੁੱਤਰ ਦੇ ਕੰਮਾਂ ਤੋਂ ਉਸ ਦੀ ਨਿਮਰਤਾ ਦੇਖੀ ਸੀ। ਕਦੋਂ?
7-9. (ੳ) ਮੀਕਾਏਲ ਨੇ ਸ਼ੈਤਾਨ ਨਾਲ ਹੋਈ ਬਹਿਸ ਦੌਰਾਨ ਨਿਮਰਤਾ ਕਿਵੇਂ ਦਿਖਾਈ? (ਅ) ਅਸੀਂ ਮੀਕਾਏਲ ਵਾਂਗ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ?
7 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਧਰਤੀ ਉੱਤੇ ਆਉਣ ਤੋਂ ਪਹਿਲਾਂ ਅਤੇ ਸਵਰਗ ਵਾਪਸ ਜਾਣ ਤੋਂ ਬਾਅਦ ਯਿਸੂ ਦਾ ਨਾਂ ਮੀਕਾਏਲ ਹੈ। ਮਹਾਂ ਦੂਤ ਮੀਕਾਏਲ ਸਵਰਗ ਵਿਚ ਯਹੋਵਾਹ ਦੇ ਦੂਤਾਂ ਦੀ ਫ਼ੌਜ ਦਾ ਸੈਨਾਪਤੀ ਹੈ।b (1 ਥੱਸਲੁਨੀਕੀਆਂ 4:16) ਪਰ ਧਿਆਨ ਦਿਓ ਕਿ ਸ਼ੈਤਾਨ ਨਾਲ ਹੋਈ ਬਹਿਸ ਵਿਚ ਮੀਕਾਏਲ ਨੇ ਉਸ ਨੂੰ ਕੀ ਕਿਹਾ ਸੀ। ਯਹੂਦਾਹ ਦੀ ਕਿਤਾਬ ਵਿਚ ਲਿਖਿਆ ਹੈ: “ਜਦੋਂ ਮਹਾਂ ਦੂਤ ਮੀਕਾਏਲ ਅਤੇ ਸ਼ੈਤਾਨ ਵਿਚ ਮੂਸਾ ਦੀ ਲਾਸ਼ ਬਾਰੇ ਬਹਿਸ ਹੋ ਰਹੀ ਸੀ, ਤਾਂ ਮੀਕਾਏਲ ਨੇ ਸ਼ੈਤਾਨ ਨੂੰ ਦੋਸ਼ੀ ਠਹਿਰਾਉਣ ਅਤੇ ਉਸ ਨੂੰ ਬੁਰਾ-ਭਲਾ ਕਹਿਣ ਦੀ ਜੁਰਅਤ ਨਾ ਕੀਤੀ, ਪਰ ਕਿਹਾ: ‘ਯਹੋਵਾਹ ਹੀ ਤੈਨੂੰ ਝਿੜਕੇ।’” (ਯਹੂਦਾਹ 9) ਯਿਸੂ ਦੀ ਨਿਮਰਤਾ ਦੀ ਕਿੰਨੀ ਹੀ ਸੋਹਣੀ ਮਿਸਾਲ!
8 ਯਹੂਦਾਹ ਦੀ ਕਿਤਾਬ ਵਿਚ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਸ਼ੈਤਾਨ ਮੂਸਾ ਦੀ ਲਾਸ਼ ਨਾਲ ਕੀ ਕਰਨਾ ਚਾਹੁੰਦਾ ਸੀ, ਪਰ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜ਼ਰੂਰ ਉਸ ਦਾ ਕੋਈ ਘਿਣਾਉਣਾ ਇਰਾਦਾ ਹੋਣਾ। ਸ਼ਾਇਦ ਸ਼ੈਤਾਨ ਉਸ ਵਫ਼ਾਦਾਰ ਸੇਵਕ ਦੀ ਲਾਸ਼ ਨੂੰ ਵਰਤ ਕੇ ਲੋਕਾਂ ਤੋਂ ਝੂਠੀ ਭਗਤੀ ਕਰਾਉਣੀ ਚਾਹੁੰਦਾ ਸੀ। ਭਾਵੇਂ ਮੀਕਾਏਲ ਨੇ ਸ਼ੈਤਾਨ ਨੂੰ ਆਪਣਾ ਬੁਰਾ ਇਰਾਦਾ ਪੂਰਾ ਕਰਨ ਤੋਂ ਰੋਕਿਆ, ਫਿਰ ਵੀ ਉਸ ਨੇ ਖ਼ੁਦ ʼਤੇ ਕਾਬੂ ਰੱਖਿਆ। ਮੀਕਾਏਲ ਕੋਲ ਸ਼ੈਤਾਨ ਨੂੰ ਝਿੜਕਣ ਦਾ ਜਾਇਜ਼ ਕਾਰਨ ਸੀ, ਪਰ ਹਾਲੇ ਉਸ ਨੂੰ ਨਿਆਂ ਕਰਨ ਦੀ ਸਾਰੀ ਜ਼ਿੰਮੇਵਾਰੀ ਨਹੀਂ ਸੌਂਪੀ ਗਈ ਸੀ। ਇਸ ਲਈ ਉਸ ਨੇ ਇਹ ਕੰਮ ਯਹੋਵਾਹ ਪਰਮੇਸ਼ੁਰ ʼਤੇ ਛੱਡ ਦਿੱਤਾ। (ਯੂਹੰਨਾ 5:22) ਮੀਕਾਏਲ ਕੋਲ ਮਹਾਂ ਦੂਤ ਹੋਣ ਦੇ ਨਾਤੇ ਬਹੁਤ ਅਧਿਕਾਰ ਸੀ, ਪਰ ਉਸ ਨੇ ਹੋਰ ਅਧਿਕਾਰ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਨਿਮਰਤਾ ਨਾਲ ਇਹ ਮਾਮਲਾ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤਾ। ਮੀਕਾਏਲ ਆਪਣੀਆਂ ਹੱਦਾਂ ਨੂੰ ਚੰਗੀ ਤਰ੍ਹਾਂ ਪਛਾਣਦਾ ਸੀ।
9 ਪਰਮੇਸ਼ੁਰ ਨੇ ਯਹੂਦਾਹ ਤੋਂ ਇਹ ਘਟਨਾ ਕਿਉਂ ਲਿਖਵਾਈ? ਕਿਉਂਕਿ ਯਹੂਦਾਹ ਦੇ ਜ਼ਮਾਨੇ ਦੇ ਕੁਝ ਮਸੀਹੀ ਨਿਮਰ ਨਹੀਂ ਸਨ। ਉਹ ਘਮੰਡ ਨਾਲ ‘ਉਨ੍ਹਾਂ ਪਰਮੇਸ਼ੁਰੀ ਗੱਲਾਂ ਬਾਰੇ ਬੁਰਾ-ਭਲਾ ਕਹਿੰਦੇ’ ਸਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਪੂਰੀ ਸਮਝ ਨਹੀਂ ਸੀ। (ਯਹੂਦਾਹ 10) ਨਾਮੁਕੰਮਲ ਹੋਣ ਕਰਕੇ ਅਸੀਂ ਕਿੰਨੀ ਆਸਾਨੀ ਨਾਲ ਘਮੰਡ ਨਾਲ ਫੁੱਲ ਜਾਂਦੇ ਹਾਂ! ਮਿਸਾਲ ਲਈ, ਅਸੀਂ ਉਦੋਂ ਕੀ ਕਰਦੇ ਹਾਂ ਜਦੋਂ ਮੰਡਲੀ ਵਿਚ ਬਜ਼ੁਰਗ ਕੋਈ ਅਜਿਹਾ ਫ਼ੈਸਲਾ ਕਰਦੇ ਹਨ ਜੋ ਸਮਝਣਾ ਮੁਸ਼ਕਲ ਹੈ? ਕੀ ਅਸੀਂ ਬੁੜ-ਬੁੜ ਜਾਂ ਨੁਕਤਾਚੀਨੀ ਕਰਦੇ ਹਾਂ ਭਾਵੇਂ ਸਾਨੂੰ ਸਾਰੀ ਗੱਲ ਦਾ ਪਤਾ ਨਹੀਂ ਹੁੰਦਾ? ਇੱਦਾਂ ਕਰਨ ਨਾਲ ਅਸੀਂ ਨਿਮਰਤਾ ਨਹੀਂ ਦਿਖਾ ਰਹੇ ਹੋਵਾਂਗੇ। ਨੁਕਤਾਚੀਨੀ ਕਰਨ ਦੀ ਬਜਾਇ ਆਓ ਆਪਾਂ ਯਿਸੂ ਦੀ ਰੀਸ ਕਰਦੇ ਹੋਏ ਆਪਣੀ ਹੱਦ ਵਿਚ ਰਹੀਏ।
10, 11. (ੳ) ਇਹ ਕਾਬਲ-ਏ-ਤਾਰੀਫ਼ ਕਿਉਂ ਹੈ ਕਿ ਪਰਮੇਸ਼ੁਰ ਦਾ ਪੁੱਤਰ ਧਰਤੀ ʼਤੇ ਖ਼ੁਸ਼ੀ-ਖ਼ੁਸ਼ੀ ਆਇਆ? (ਅ) ਅਸੀਂ ਯਿਸੂ ਦੀ ਨਿਮਰਤਾ ਦੀ ਰੀਸ ਕਿਵੇਂ ਕਰ ਸਕਦੇ ਹਾਂ?
10 ਪਰਮੇਸ਼ੁਰ ਦੇ ਪੁੱਤਰ ਨੇ ਉਸ ਵੇਲੇ ਵੀ ਨਿਮਰਤਾ ਦਿਖਾਈ ਜਦੋਂ ਉਹ ਧਰਤੀ ʼਤੇ ਆਉਣ ਲਈ ਰਾਜ਼ੀ ਹੋਇਆ। ਜ਼ਰਾ ਸੋਚੋ ਕਿ ਸਵਰਗ ਵਿਚ ਉਸ ਦੀ ਜ਼ਿੰਦਗੀ ਕਿਹੋ ਜਿਹੀ ਸੀ। ਉੱਥੇ ਉਹ ਮਹਾਂ ਦੂਤ ਵਜੋਂ ਕੰਮ ਕਰਦਾ ਸੀ। ਉਹ “ਸ਼ਬਦ” ਯਾਨੀ ਪਰਮੇਸ਼ੁਰ ਦਾ ਬੁਲਾਰਾ ਸੀ। (ਯੂਹੰਨਾ 1:1-3) ਉਹ ਯਹੋਵਾਹ ਦੇ “ਪਵਿੱਤ੍ਰ ਅਤੇ ਸ਼ਾਨਦਾਰ ਭਵਨ” ਯਾਨੀ ਸਵਰਗ ਵਿਚ ਰਹਿੰਦਾ ਸੀ। (ਯਸਾਯਾਹ 63:15) ਫਿਰ ਵੀ ਉਹ “ਆਪਣਾ ਸਭ ਕੁਝ ਤਿਆਗ ਕੇ ਗ਼ੁਲਾਮ ਬਣ ਗਿਆ ਅਤੇ ਇਨਸਾਨ ਦੇ ਰੂਪ ਵਿਚ ਆਇਆ।” (ਫ਼ਿਲਿੱਪੀਆਂ 2:7) ਗੌਰ ਕਰੋ ਕਿ ਉਸ ਦੇ ਧਰਤੀ ਉੱਤੇ ਆਉਣ ਵਿਚ ਕੀ ਕੁਝ ਸ਼ਾਮਲ ਸੀ। ਯਹੋਵਾਹ ਨੇ ਉਸ ਦੀ ਜਾਨ ਇਕ ਕੁਆਰੀ ਯਹੂਦਣ ਦੀ ਕੁੱਖ ਵਿਚ ਪਾਈ ਅਤੇ ਨੌਂ ਮਹੀਨਿਆਂ ਬਾਅਦ ਉਹ ਇਕ ਬੇਬੱਸ ਬੱਚੇ ਵਜੋਂ ਪੈਦਾ ਹੋਇਆ। ਉਸ ਦੀ ਪਰਵਰਿਸ਼ ਇਕ ਗ਼ਰੀਬ ਤਰਖਾਣ ਦੇ ਘਰ ਵਿਚ ਹੋਈ। ਹਾਲਾਂਕਿ ਉਹ ਖ਼ੁਦ ਮੁਕੰਮਲ ਸੀ, ਪਰ ਫਿਰ ਵੀ ਉਹ ਆਪਣੇ ਨਾਮੁਕੰਮਲ ਮਾਪਿਆਂ ਦੇ ਅਧੀਨ ਰਿਹਾ। (ਲੂਕਾ 2:40, 51, 52) ਵਾਹ, ਨਿਮਰਤਾ ਦੀ ਕਿੰਨੀ ਹੀ ਵਧੀਆ ਮਿਸਾਲ!
11 ਕੀ ਅਸੀਂ ਵੀ ਯਿਸੂ ਵਾਂਗ ਨਿਮਰਤਾ ਨਾਲ ਪਰਮੇਸ਼ੁਰ ਦੀ ਸੇਵਾ ਵਿਚ ਕੋਈ ਅਜਿਹਾ ਕੰਮ ਕਰਨ ਲਈ ਤਿਆਰ ਹੋਵਾਂਗੇ ਜੋ ਸ਼ਾਇਦ ਸਾਨੂੰ ਆਪਣੀ ਸ਼ਾਨ ਦੇ ਖ਼ਿਲਾਫ਼ ਲੱਗੇ? ਮਿਸਾਲ ਲਈ, ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ ਸ਼ਾਇਦ ਸਾਨੂੰ ਉਦੋਂ ਚੰਗਾ ਨਾ ਲੱਗੇ ਜਦੋਂ ਲੋਕ ਸਾਡੀ ਗੱਲ ਨਹੀਂ ਸੁਣਦੇ, ਸਾਡਾ ਮਜ਼ਾਕ ਉਡਾਉਂਦੇ ਹਨ ਜਾਂ ਸਾਡਾ ਵਿਰੋਧ ਕਰਦੇ ਹਨ। (ਮੱਤੀ 28:19, 20) ਪਰ ਇਸ ਕੰਮ ਵਿਚ ਲੱਗੇ ਰਹਿਣ ਨਾਲ ਅਸੀਂ ਲੋਕਾਂ ਦੀਆਂ ਜਾਨਾਂ ਬਚਾ ਸਕਦੇ ਹਾਂ। ਨਾਲੇ ਅਸੀਂ ਇਹ ਕੰਮ ਕਰਦਿਆਂ ਨਿਮਰਤਾ ਜ਼ਰੂਰ ਸਿੱਖਾਂਗੇ ਅਤੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਕਸ਼ੇ-ਕਦਮਾਂ ʼਤੇ ਚੱਲ ਰਹੇ ਹੋਵਾਂਗੇ।
ਯਿਸੂ ਨਿਮਰ ਇਨਸਾਨ ਸੀ
12-14. (ੳ) ਜਦ ਲੋਕ ਯਿਸੂ ਦੀਆਂ ਤਾਰੀਫ਼ਾਂ ਕਰਦੇ ਸਨ, ਤਾਂ ਉਸ ਨੇ ਨਿਮਰਤਾ ਕਿਵੇਂ ਦਿਖਾਈ? (ਅ) ਯਿਸੂ ਲੋਕਾਂ ਨਾਲ ਨਿਮਰਤਾ ਨਾਲ ਕਿਵੇਂ ਪੇਸ਼ ਆਇਆ? (ੲ) ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਨਿਮਰ ਹੋਣ ਦਾ ਦਿਖਾਵਾ ਨਹੀਂ ਕੀਤਾ?
12 ਯਿਸੂ ਨੇ ਆਪਣੀ ਪੂਰੀ ਸੇਵਕਾਈ ਦੌਰਾਨ ਨਿਮਰਤਾ ਦੀ ਲਾਜਵਾਬ ਮਿਸਾਲ ਕਾਇਮ ਕੀਤੀ! ਲੋਕ ਉਸ ਦੀਆਂ ਸਿਆਣੀਆਂ ਗੱਲਾਂ, ਚਮਤਕਾਰਾਂ ਅਤੇ ਉਸ ਦੇ ਨੇਕ ਸੁਭਾਅ ਦੀਆਂ ਤਾਰੀਫ਼ਾਂ ਕਰਦੇ ਸਨ। ਪਰ ਉਸ ਨੇ ਆਪਣੀ ਵਡਿਆਈ ਕਰਨ ਦੀ ਬਜਾਇ ਇਸ ਦਾ ਸਿਹਰਾ ਯਹੋਵਾਹ ਨੂੰ ਦਿੱਤਾ।—ਮਰਕੁਸ 10:17, 18; ਯੂਹੰਨਾ 7:15, 16.
13 ਯਿਸੂ ਨੇ ਲੋਕਾਂ ਨਾਲ ਪੇਸ਼ ਆਉਂਦੇ ਵੇਲੇ ਵੀ ਨਿਮਰਤਾ ਦਿਖਾਈ। ਉਸ ਨੇ ਸਾਫ਼ ਦੱਸਿਆ ਕਿ ਉਹ ਧਰਤੀ ʼਤੇ ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਦੂਜਿਆਂ ਦੀ ਸੇਵਾ ਕਰਨ ਆਇਆ ਸੀ। (ਮੱਤੀ 20:28) ਉਹ ਸੁਭਾਅ ਦਾ ਬਹੁਤ ਨਰਮ ਸੀ ਅਤੇ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਂਦਾ ਸੀ। ਮਿਸਾਲ ਲਈ, ਜਦੋਂ ਉਸ ਦੇ ਚੇਲੇ ਕੋਈ ਗ਼ਲਤੀ ਕਰਦੇ ਸਨ, ਤਾਂ ਉਹ ਗੁੱਸੇ ਹੋਣ ਦੀ ਬਜਾਇ ਨਰਮਾਈ ਨਾਲ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਸੀ। (ਮੱਤੀ 26:39-41) ਜਦੋਂ ਉਹ ਇਕਾਂਤ ਜਗ੍ਹਾ ਜਾ ਕੇ ਆਰਾਮ ਕਰਨਾ ਚਾਹੁੰਦਾ ਸੀ ਅਤੇ ਭੀੜ ਉਸ ਦੇ ਪਿੱਛੇ-ਪਿੱਛੇ ਆਈ, ਤਾਂ ਉਸ ਨੇ ਆਪਣਾ ਸੁੱਖ-ਆਰਾਮ ਭੁਲਾ ਕੇ ਲੋਕਾਂ ਨੂੰ ਪਰਮੇਸ਼ੁਰ ਦੀਆਂ ਗੱਲਾਂ ਸਿਖਾਉਣੀਆਂ ਜ਼ਿਆਦਾ ਜ਼ਰੂਰੀ ਸਮਝੀਆਂ। (ਮਰਕੁਸ 6:30-34) ਇਕ ਵਾਰ ਇਕ ਗ਼ੈਰ-ਯਹੂਦੀ ਤੀਵੀਂ ਯਿਸੂ ਅੱਗੇ ਤਰਲੇ ਕਰਨ ਲੱਗੀ ਕਿ ਉਹ ਉਸ ਦੀ ਕੁੜੀ ਨੂੰ ਠੀਕ ਕਰ ਦੇਵੇ। ਪਹਿਲਾਂ ਯਿਸੂ ਨੇ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ। ਫਿਰ ਉਸ ਨੇ ਗੁੱਸੇ ਵਿਚ ਇਨਕਾਰ ਕਰਨ ਦੀ ਬਜਾਇ ਤੀਵੀਂ ਦੀ ਪੱਕੀ ਨਿਹਚਾ ਨੂੰ ਦੇਖ ਕੇ ਉਸ ਦੀ ਗੱਲ ਮੰਨ ਲਈ। ਇਸ ਬਾਰੇ ਅਸੀਂ ਚੌਦਵੇਂ ਅਧਿਆਇ ਵਿਚ ਹੋਰ ਸਿੱਖਾਂਗੇ।—ਮੱਤੀ 15:22-28.
14 ਯਿਸੂ ਆਪਣੇ ਇਨ੍ਹਾਂ ਸ਼ਬਦਾਂ ʼਤੇ ਪੂਰਾ ਉਤਰਿਆ: “ਮੈਂ ਸੁਭਾਅ ਦਾ ਨਰਮ ਅਤੇ ਮਨ ਦਾ ਹਲੀਮ ਹਾਂ।” (ਮੱਤੀ 11:29) ਉਸ ਨੇ ਨਿਮਰ ਹੋਣ ਦਾ ਦਿਖਾਵਾ ਨਹੀਂ ਕੀਤਾ, ਸਗੋਂ ਉਹ ਦਿਲੋਂ ਨਿਮਰ ਸੀ। ਇਸ ਲਈ ਉਹ ਚਾਹੁੰਦਾ ਸੀ ਕਿ ਉਸ ਦੇ ਚੇਲੇ ਵੀ ਨਿਮਰ ਬਣਨ। ਆਓ ਅਸੀਂ ਦੇਖੀਏ ਕਿ ਉਸ ਨੇ ਉਨ੍ਹਾਂ ਨੂੰ ਨਿਮਰਤਾ ਦਾ ਸਬਕ ਕਿਵੇਂ ਸਿਖਾਇਆ।
ਚੇਲਿਆਂ ਲਈ ਨਿਮਰਤਾ ਦਾ ਸਬਕ
15, 16. ਯਿਸੂ ਦੇ ਚੇਲਿਆਂ ਨੂੰ ਦੁਨੀਆਂ ਦੇ ਰਾਜਿਆਂ ਤੋਂ ਵੱਖਰਾ ਰਵੱਈਆ ਦਿਖਾਉਣ ਦੀ ਕਿਉਂ ਲੋੜ ਸੀ?
15 ਯਿਸੂ ਦੇ ਰਸੂਲਾਂ ਨੂੰ ਨਿਮਰ ਬਣਨ ਵਿਚ ਬਹੁਤ ਸਮਾਂ ਲੱਗਾ। ਫਿਰ ਵੀ ਯਿਸੂ ਨੇ ਹਾਰ ਨਹੀਂ ਮੰਨੀ, ਸਗੋਂ ਉਹ ਉਨ੍ਹਾਂ ਨੂੰ ਵਾਰ-ਵਾਰ ਸਮਝਾਉਂਦਾ ਰਿਹਾ। ਮਿਸਾਲ ਲਈ, ਇਕ ਵਾਰ ਯਾਕੂਬ ਤੇ ਯੂਹੰਨਾ ਨੇ ਆਪਣੀ ਮਾਂ ਨੂੰ ਯਿਸੂ ਕੋਲ ਘੱਲ ਕੇ ਇਹ ਮੰਗ ਕੀਤੀ ਕਿ ਉਹ ਪਰਮੇਸ਼ੁਰ ਦੇ ਰਾਜ ਵਿਚ ਉਨ੍ਹਾਂ ਦੋਵਾਂ ਨੂੰ ਉੱਚਾ ਰੁਤਬਾ ਦੇਵੇ। ਯਿਸੂ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ: “ਇਹ ਫ਼ੈਸਲਾ ਕਰਨ ਦਾ ਅਧਿਕਾਰ ਮੇਰੇ ਕੋਲ ਨਹੀਂ ਹੈ ਕਿ ਕੌਣ ਮੇਰੇ ਸੱਜੇ ਪਾਸੇ ਅਤੇ ਕੌਣ ਖੱਬੇ ਪਾਸੇ ਬੈਠੇਗਾ, ਸਗੋਂ ਮੇਰਾ ਪਿਤਾ ਇਸ ਗੱਲ ਦਾ ਫ਼ੈਸਲਾ ਕਰੇਗਾ।” ਜਦੋਂ ਬਾਕੀ ਦਸਾਂ ਰਸੂਲਾਂ ਨੂੰ ਇਸ ਗੱਲ ਬਾਰੇ ਪਤਾ ਲੱਗਾ, ਤਾਂ ਉਹ ਯਾਕੂਬ ਤੇ ਯੂਹੰਨਾ ਨਾਲ “ਬਹੁਤ ਗੁੱਸੇ” ਹੋਏ। (ਮੱਤੀ 20:20-24) ਯਿਸੂ ਨੇ ਇਸ ਮਸਲੇ ਨੂੰ ਕਿਵੇਂ ਸੁਲਝਾਇਆ?
16 ਉਸ ਨੇ ਪਿਆਰ ਨਾਲ ਉਨ੍ਹਾਂ ਨੂੰ ਤਾੜਦੇ ਹੋਏ ਕਿਹਾ: “ਤੁਸੀਂ ਜਾਣਦੇ ਹੋ ਕਿ ਦੁਨੀਆਂ ਦੇ ਰਾਜੇ ਲੋਕਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਦੁਨੀਆਂ ਦੇ ਵੱਡੇ-ਵੱਡੇ ਲੋਕ ਉਨ੍ਹਾਂ ਨੂੰ ਦਬਾ ਕੇ ਰੱਖਦੇ ਹਨ। ਪਰ ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਸਗੋਂ ਤੁਹਾਡੇ ਵਿੱਚੋਂ ਜਿਹੜਾ ਵੱਡਾ ਬਣਨਾ ਚਾਹੁੰਦਾ ਹੈ, ਉਹ ਤੁਹਾਡਾ ਸੇਵਕ ਬਣੇ, ਅਤੇ ਜਿਹੜਾ ਤੁਹਾਡੇ ਵਿੱਚੋਂ ਮੋਹਰੀ ਬਣਨਾ ਚਾਹੁੰਦਾ ਹੈ ਉਹ ਤੁਹਾਡਾ ਨੌਕਰ ਬਣੇ।” (ਮੱਤੀ 20:25-27) ਰਸੂਲਾਂ ਨੇ ਆਪਣੀ ਅੱਖੀਂ ਦੇਖਿਆ ਹੋਣਾ ਕਿ “ਦੁਨੀਆਂ ਦੇ ਰਾਜੇ” ਕਿੰਨੇ ਘਮੰਡੀ, ਮਤਲਬੀ ਅਤੇ ਸੁਆਰਥੀ ਸਨ। ਪਰ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਤਾਕਤ ਦੇ ਭੁੱਖੇ ਇਨ੍ਹਾਂ ਜ਼ਾਲਮਾਂ ਤੋਂ ਇਕਦਮ ਵੱਖਰੇ ਹੋਣਾ ਚਾਹੀਦਾ ਹੈ। ਹਾਂ, ਉਨ੍ਹਾਂ ਨੂੰ ਨਿਮਰ ਬਣਨ ਦੀ ਲੋੜ ਸੀ। ਕੀ ਰਸੂਲਾਂ ਨੇ ਇਹ ਸਬਕ ਸਿੱਖਿਆ?
17-19. (ੳ) ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਰਸੂਲਾਂ ਨੂੰ ਨਿਮਰਤਾ ਦਾ ਕਿਹੜਾ ਸਬਕ ਸਿਖਾਇਆ? (ਅ) ਨਿਮਰਤਾ ਬਾਰੇ ਯਿਸੂ ਦਾ ਸਭ ਤੋਂ ਜ਼ਬਰਦਸਤ ਸਬਕ ਕਿਹੜਾ ਸੀ?
17 ਇਹ ਸਬਕ ਸਿੱਖਣਾ ਉਨ੍ਹਾਂ ਲਈ ਆਸਾਨ ਨਹੀਂ ਸੀ। ਯਿਸੂ ਨੇ ਕਈ ਵਾਰ ਉਨ੍ਹਾਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਇਕ ਵਾਰ ਜਦੋਂ ਉਹ ਆਪਸ ਵਿਚ ਬਹਿਸ ਕਰ ਰਹੇ ਸਨ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਹੈ, ਤਾਂ ਯਿਸੂ ਨੇ ਇਕ ਬੱਚੇ ਨੂੰ ਉਨ੍ਹਾਂ ਦੇ ਗੱਭੇ ਖੜ੍ਹਾ ਕਰ ਕੇ ਕਿਹਾ ਕਿ ਉਨ੍ਹਾਂ ਨੂੰ ਬੱਚਿਆਂ ਵਰਗੇ ਬਣਨ ਦੀ ਲੋੜ ਹੈ। ਬੱਚੇ ਵੱਡਿਆਂ ਵਾਂਗ ਘਮੰਡੀ ਜਾਂ ਮਤਲਬੀ ਨਹੀਂ ਹੁੰਦੇ ਅਤੇ ਉਨ੍ਹਾਂ ਲਈ ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਦੂਜੇ ਉਨ੍ਹਾਂ ਬਾਰੇ ਕੀ ਸੋਚਦੇ ਹਨ। (ਮੱਤੀ 18:1-4) ਫਿਰ ਯਿਸੂ ਦੀ ਮੌਤ ਤੋਂ ਇਕ ਰਾਤ ਪਹਿਲਾਂ ਉਨ੍ਹਾਂ ਨੇ ਜ਼ਾਹਰ ਕੀਤਾ ਕਿ ਹਾਲੇ ਵੀ ਉਨ੍ਹਾਂ ਵਿਚ ਨਿਮਰਤਾ ਦੀ ਘਾਟ ਸੀ। ਇਸ ਵਾਰ ਯਿਸੂ ਨੇ ਉਨ੍ਹਾਂ ਨੂੰ ਅਜਿਹਾ ਸਬਕ ਸਿਖਾਇਆ ਜੋ ਉਹ ਕਦੇ ਨਹੀਂ ਭੁੱਲੇ। ਉਸ ਨੇ ਉਹ ਕੰਮ ਕੀਤਾ ਜੋ ਆਮ ਤੌਰ ਤੇ ਨੌਕਰ ਘਰ ਆਏ ਮਹਿਮਾਨਾਂ ਲਈ ਕਰਦੇ ਸਨ। ਉਸ ਨੇ ਆਪਣੇ ਲੱਕ ਦੁਆਲੇ ਤੌਲੀਆ ਬੰਨ੍ਹ ਕੇ ਆਪਣੇ ਸਾਰੇ ਰਸੂਲਾਂ ਦੇ ਪੈਰ ਧੋਤੇ। ਉਸ ਨੇ ਤਾਂ ਯਹੂਦਾ ਦੇ ਵੀ ਪੈਰ ਧੋਤੇ ਜੋ ਉਸ ਨੂੰ ਧੋਖੇ ਨਾਲ ਫੜਵਾਉਣ ਵਾਲਾ ਸੀ!—ਯੂਹੰਨਾ 13:1-11.
18 ਨਿਮਰਤਾ ਦੀ ਅਹਿਮੀਅਤ ʼਤੇ ਜ਼ੋਰ ਦਿੰਦੇ ਹੋਏ ਯਿਸੂ ਨੇ ਕਿਹਾ: “ਮੈਂ ਤੁਹਾਡੇ ਲਈ ਇਹ ਨਮੂਨਾ ਕਾਇਮ ਕੀਤਾ ਹੈ।” (ਯੂਹੰਨਾ 13:15) ਕੀ ਉਨ੍ਹਾਂ ਨੇ ਯਿਸੂ ਦੀ ਮਿਸਾਲ ਤੋਂ ਸਬਕ ਸਿੱਖਿਆ? ਅਜੇ ਨਹੀਂ, ਕਿਉਂਕਿ ਉਸੇ ਰਾਤ ਉਹ ਫਿਰ ਬਹਿਸ ਕਰਨ ਲੱਗ ਪਏ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਸੀ! (ਲੂਕਾ 22:24-27) ਇਸ ਦੇ ਬਾਵਜੂਦ ਯਿਸੂ ਧੀਰਜ ਅਤੇ ਨਿਮਰਤਾ ਨਾਲ ਉਨ੍ਹਾਂ ਨੂੰ ਸਿਖਾਉਂਦਾ ਰਿਹਾ। ਅਖ਼ੀਰ ਵਿਚ ਉਸ ਨੇ ਉਨ੍ਹਾਂ ਨੂੰ ਸਭ ਤੋਂ ਜ਼ਬਰਦਸਤ ਸਬਕ ਸਿਖਾਇਆ: “ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਉਹ ਮਰਨ ਤਕ, ਹਾਂ, ਤਸੀਹੇ ਦੀ ਸੂਲ਼ੀ ਉੱਤੇ ਮਰਨ ਤਕ ਆਗਿਆਕਾਰ ਰਿਹਾ।” (ਫ਼ਿਲਿੱਪੀਆਂ 2:8) ਜੀ ਹਾਂ, ਯਿਸੂ ʼਤੇ ਇਹ ਇਲਜ਼ਾਮ ਲਾ ਕੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਕਿ ਉਹ ਅਪਰਾਧੀ ਤੇ ਪਰਮੇਸ਼ੁਰ ਦਾ ਦੁਸ਼ਮਣ ਹੈ। ਪਰ ਉਸ ਨੇ ਇਹ ਸ਼ਰਮਨਾਕ ਮੌਤ ਖ਼ੁਸ਼ੀ-ਖ਼ੁਸ਼ੀ ਸਹਿ ਲਈ। ਵਾਕਈ ਪਰਮੇਸ਼ੁਰ ਦਾ ਪੁੱਤਰ ਅਨੋਖਾ ਸੀ। ਯਹੋਵਾਹ ਦੇ ਸਾਰੇ ਸੇਵਕਾਂ ਵਿੱਚੋਂ ਉਸ ਦੀ ਨਿਮਰਤਾ ਬੇਮਿਸਾਲ ਸੀ!
19 ਸ਼ਾਇਦ ਯਿਸੂ ਦੇ ਇਸ ਆਖ਼ਰੀ ਸਬਕ ਨੇ ਉਸ ਦੇ ਵਫ਼ਾਦਾਰ ਰਸੂਲਾਂ ਦੇ ਦਿਲਾਂ ʼਤੇ ਨਿਮਰਤਾ ਦੀ ਗਹਿਰੀ ਛਾਪ ਛੱਡੀ ਕਿਉਂਕਿ ਬਾਈਬਲ ਦੱਸਦੀ ਹੈ ਕਿ ਉਹ ਮਰਦੇ ਦਮ ਤਕ ਨਿਮਰਤਾ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹੇ। ਸਾਡੇ ਬਾਰੇ ਕੀ?
ਕੀ ਤੁਸੀਂ ਯਿਸੂ ਦੇ ਨਮੂਨੇ ʼਤੇ ਚੱਲੋਗੇ?
20. ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਦਿਲੋਂ ਨਿਮਰ ਹਾਂ?
20 ਪੌਲੁਸ ਸਾਨੂੰ ਸਾਰਿਆਂ ਨੂੰ ਤਾਕੀਦ ਕਰਦਾ ਹੈ: “ਤੁਹਾਡੇ ਮਨ ਦਾ ਸੁਭਾਅ ਮਸੀਹ ਯਿਸੂ ਵਰਗਾ ਹੋਵੇ।” (ਫ਼ਿਲਿੱਪੀਆਂ 2:5) ਯਿਸੂ ਵਾਂਗ ਸਾਨੂੰ ਵੀ ਮਨੋਂ ਹਲੀਮ ਹੋਣ ਦੀ ਲੋੜ ਹੈ। ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਦਿਲੋਂ ਨਿਮਰ ਹਾਂ? ਪੌਲੁਸ ਸਾਨੂੰ ਯਾਦ ਕਰਾਉਂਦਾ ਹੈ ਕਿ ਸਾਨੂੰ ‘ਲੜਾਈ-ਝਗੜੇ ਦੀ ਭਾਵਨਾ ਨਾਲ ਜਾਂ ਹੰਕਾਰ ਵਿਚ ਆ ਕੇ ਕੋਈ ਕੰਮ ਨਹੀਂ ਕਰਨਾ ਚਾਹੀਦਾ, ਸਗੋਂ ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ।’ (ਫ਼ਿਲਿੱਪੀਆਂ 2:3) ਕੀ ਤੁਸੀਂ ਇਸ ਸਲਾਹ ਮੁਤਾਬਕ ਚੱਲਦੇ ਹੋ? ਜੇ ਅਸੀਂ ਦੂਸਰਿਆਂ ਨੂੰ ਆਪਣੇ ਤੋਂ ਚੰਗਾ ਜਾਂ ਵੱਡਾ ਸਮਝਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਦਿਲੋਂ ਨਿਮਰ ਹਾਂ।
21, 22. (ੳ) ਬਜ਼ੁਰਗਾਂ ਨੂੰ ਨਿਮਰ ਕਿਉਂ ਹੋਣਾ ਚਾਹੀਦਾ ਹੈ? (ਅ) ਅਸੀਂ ਆਪਣੀ ਨਿਮਰਤਾ ਦਾ ਸਬੂਤ ਕਿਵੇਂ ਦੇ ਸਕਦੇ ਹਾਂ?
21 ਯਿਸੂ ਦੀ ਮੌਤ ਤੋਂ ਕਈ ਸਾਲ ਬਾਅਦ ਵੀ ਪਤਰਸ ਰਸੂਲ ਨਿਮਰਤਾ ਦੀ ਅਹਿਮੀਅਤ ਬਾਰੇ ਸੋਚਦਾ ਰਿਹਾ। ਪਤਰਸ ਨੇ ਮਸੀਹੀ ਬਜ਼ੁਰਗਾਂ ਨੂੰ ਕਿਹਾ ਕਿ ਉਹ ਯਹੋਵਾਹ ਦੇ ਲੋਕਾਂ ਉੱਤੇ ਹੁਕਮ ਚਲਾਉਣ ਦੀ ਬਜਾਇ ਨਿਮਰਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। (1 ਪਤਰਸ 5:2, 3) ਜ਼ਿੰਮੇਵਾਰੀਆਂ ਮਿਲਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਘਮੰਡੀ ਬਣ ਜਾਓ। ਇਸ ਤੋਂ ਉਲਟ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਮਿਲਦੀਆਂ ਹਨ, ਉਨ੍ਹਾਂ ਨੂੰ ਹੋਰ ਵੀ ਨਿਮਰ ਬਣਨ ਦੀ ਲੋੜ ਹੈ। (ਲੂਕਾ 12:48) ਸੱਚ ਤਾਂ ਇਹ ਹੈ ਕਿ ਸਿਰਫ਼ ਬਜ਼ੁਰਗਾਂ ਨੂੰ ਹੀ ਨਹੀਂ, ਸਗੋਂ ਸਾਨੂੰ ਸਾਰਿਆਂ ਨੂੰ ਨਿਮਰ ਬਣਨਾ ਚਾਹੀਦਾ ਹੈ।
22 ਇਸ ਵਿਚ ਕੋਈ ਸ਼ੱਕ ਨਹੀਂ ਕਿ ਪਤਰਸ ਨੂੰ ਉਹ ਰਾਤ ਕਦੇ ਨਹੀਂ ਭੁੱਲੀ ਹੋਣੀ ਜਦ ਉਸ ਦੇ ਇਨਕਾਰ ਕਰਨ ਦੇ ਬਾਵਜੂਦ ਯਿਸੂ ਨੇ ਉਸ ਦੇ ਪੈਰ ਧੋਤੇ! (ਯੂਹੰਨਾ 13:6-10) ਪਤਰਸ ਨੇ ਮਸੀਹੀਆਂ ਨੂੰ ਲਿਖਿਆ: “ਤੁਸੀਂ ਸਾਰੇ ਨਿਮਰ ਰਹਿ ਕੇ ਇਕ-ਦੂਸਰੇ ਨਾਲ ਪੇਸ਼ ਆਓ।” (1 ਪਤਰਸ 5:5) ਯੂਨਾਨੀ ਵਿਚ ਇਸ ਆਇਤ ਵਿਚ ‘ਲੱਕ ਬੰਨ੍ਹਣ’ ਦਾ ਜ਼ਿਕਰ ਕੀਤਾ ਗਿਆ ਹੈ। ਆਮ ਕਰਕੇ ਇਕ ਨੌਕਰ ਆਪਣਾ ਲੱਕ ਬੰਨ੍ਹ ਕੇ ਘਰ ਦੇ ਕੰਮ ਕਰਦਾ ਹੈ। ਇਸ ਤੋਂ ਸ਼ਾਇਦ ਸਾਨੂੰ ਉਹ ਮੌਕਾ ਯਾਦ ਆਵੇ ਜਦੋਂ ਯਿਸੂ ਨੇ ਆਪਣੇ ਲੱਕ ਦੁਆਲੇ ਤੌਲੀਆ ਬੰਨ੍ਹਿਆ ਅਤੇ ਗੋਡਿਆਂ ਭਾਰ ਬਹਿ ਕੇ ਆਪਣੇ ਚੇਲਿਆਂ ਦੇ ਪੈਰ ਧੋਤੇ ਸਨ। ਇਸੇ ਤਰ੍ਹਾਂ ਸਾਡੀ ਨਿਮਰਤਾ ਦਾ ਸਬੂਤ ਸਾਰਿਆਂ ਨੂੰ ਨਜ਼ਰ ਆਉਣਾ ਚਾਹੀਦਾ ਹੈ। ਜੇ ਅਸੀਂ ਯਿਸੂ ਦੀ ਮਿਸਾਲ ʼਤੇ ਚੱਲਦੇ ਹਾਂ, ਤਾਂ ਪਰਮੇਸ਼ੁਰ ਵੱਲੋਂ ਮਿਲਿਆ ਕੋਈ ਵੀ ਕੰਮ ਸਾਨੂੰ ਆਪਣੀ ਸ਼ਾਨ ਦੇ ਖ਼ਿਲਾਫ਼ ਨਹੀਂ ਲੱਗੇਗਾ। ਦਰਅਸਲ, ਨਿਮਰਤਾ ਨਾਲ ਸਾਡੀ ਸ਼ਾਨ ਵਧਦੀ ਹੈ।
23, 24. (ੳ) ਸਾਨੂੰ ਹੰਕਾਰ ਕਿਉਂ ਨਹੀਂ ਕਰਨਾ ਚਾਹੀਦਾ? (ਅ) ਅਗਲੇ ਅਧਿਆਇ ਵਿਚ ਅਸੀਂ ਨਿਮਰਤਾ ਬਾਰੇ ਕਿਹੜੀ ਗ਼ਲਤਫ਼ਹਿਮੀ ਦੂਰ ਕਰਾਂਗੇ?
23 ਹੰਕਾਰ ਜ਼ਹਿਰ ਦੀ ਤਰ੍ਹਾਂ ਹੈ। ਇਸ ਦੇ ਨਤੀਜੇ ਜਾਨਲੇਵਾ ਹੋ ਸਕਦੇ ਹਨ। ਹੰਕਾਰੀ ਇਨਸਾਨ ਭਾਵੇਂ ਜਿੰਨਾ ਮਰਜ਼ੀ ਕਾਬਲ ਕਿਉਂ ਨਾ ਹੋਵੇ, ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬੇਕਾਰ ਹੁੰਦਾ ਹੈ। ਇਸ ਦੇ ਉਲਟ ਪਰਮੇਸ਼ੁਰ ਨਿਮਰ ਇਨਸਾਨ ਨੂੰ ਆਪਣੇ ਕੰਮ ਲਈ ਬਹੁਤ ਵਧੀਆ ਤਰੀਕੇ ਨਾਲ ਇਸਤੇਮਾਲ ਕਰ ਸਕਦਾ ਹੈ ਭਾਵੇਂ ਉਹ ਇੰਨਾ ਕਾਬਲ ਨਾ ਹੋਵੇ। ਜੇ ਅਸੀਂ ਹਰ ਰੋਜ਼ ਨਿਮਰਤਾ ਨਾਲ ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲਣ ਦੀ ਕੋਸ਼ਿਸ਼ ਕਰਾਂਗੇ, ਤਾਂ ਸਾਨੂੰ ਬੇਸ਼ੁਮਾਰ ਬਰਕਤਾਂ ਮਿਲਣਗੀਆਂ। ਪਤਰਸ ਨੇ ਲਿਖਿਆ: “ਇਸ ਲਈ ਆਪਣੇ ਆਪ ਨੂੰ ਮਹਾਨ ਅਤੇ ਸ਼ਕਤੀਸ਼ਾਲੀ ਪਰਮੇਸ਼ੁਰ ਦੇ ਅਧੀਨ ਕਰੋ, ਤਾਂਕਿ ਉਹ ਤੁਹਾਨੂੰ ਸਮਾਂ ਆਉਣ ਤੇ ਉੱਚਾ ਕਰੇ।” (1 ਪਤਰਸ 5:6) ਜਿਸ ਤਰ੍ਹਾਂ ਯਹੋਵਾਹ ਨੇ ਯਿਸੂ ਨੂੰ ਨਿਮਰ ਹੋਣ ਕਰਕੇ ਉੱਚਾ ਕੀਤਾ ਸੀ, ਉਸੇ ਤਰ੍ਹਾਂ ਉਹ ਸਾਨੂੰ ਵੀ ਸਾਡੀ ਨਿਮਰਤਾ ਦਾ ਇਨਾਮ ਦੇਵੇਗਾ।
24 ਅਫ਼ਸੋਸ ਦੀ ਗੱਲ ਹੈ ਕਿ ਕਈ ਲੋਕ ਸੋਚਦੇ ਹਨ ਕਿ ਨਿਮਰ ਇਨਸਾਨ ਕਮਜ਼ੋਰ ਹੁੰਦੇ ਹਨ। ਪਰ ਯਿਸੂ ਨੇ ਆਪਣੀ ਮਿਸਾਲ ਤੋਂ ਦਿਖਾਇਆ ਕਿ ਅਜਿਹੀ ਸੋਚ ਬਿਲਕੁਲ ਗ਼ਲਤ ਹੈ ਕਿਉਂਕਿ ਉਹ ਸਭ ਤੋਂ ਨਿਮਰ ਇਨਸਾਨ ਹੋਣ ਦੇ ਨਾਲ-ਨਾਲ ਸਭ ਤੋਂ ਬਹਾਦਰ ਵੀ ਸੀ। ਅਗਲੇ ਅਧਿਆਇ ਵਿਚ ਅਸੀਂ ਉਸ ਦੀ ਬਹਾਦਰੀ ਬਾਰੇ ਗੱਲ ਕਰਾਂਗੇ।
a ਇਸ ਘਟਨਾ ਬਾਰੇ ਗੱਲ ਕਰਦੇ ਹੋਏ ਇਕ ਕਿਤਾਬ ਕਹਿੰਦੀ ਹੈ ਕਿ ਇਨ੍ਹਾਂ ਜਾਨਵਰਾਂ ਨੂੰ “ਮਾਮੂਲੀ ਸਮਝਿਆ ਜਾਂਦਾ ਹੈ ਅਤੇ ਆਮ ਕਰਕੇ ਗ਼ਰੀਬ ਲੋਕ ਇਨ੍ਹਾਂ ਨੂੰ ਆਪਣੇ ਕੰਮਾਂ ਲਈ ਵਰਤਦੇ ਹਨ। ਇਹ ਹੌਲੀ ਚੱਲਣ ਵਾਲੇ ਜਾਨਵਰ ਢੀਠ ਹੁੰਦੇ ਹਨ ਜੋ ਦੇਖਣ ਨੂੰ ਵੀ ਸੋਹਣੇ ਨਹੀਂ ਹੁੰਦੇ।”
b ਹੋਰ ਜਾਣਕਾਰੀ ਲਈ ਕਿ ਯਿਸੂ ਹੀ ਮੀਕਾਏਲ ਹੈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦੇ ਸਫ਼ੇ 218-219 ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।