ਦੂਜਾ ਸਮੂਏਲ
15 ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਅਦ ਅਬਸ਼ਾਲੋਮ ਨੇ ਆਪਣੇ ਲਈ ਇਕ ਰਥ, ਘੋੜੇ ਤੇ ਆਪਣੇ ਅੱਗੇ-ਅੱਗੇ ਦੌੜਨ ਲਈ 50 ਆਦਮੀ ਲਏ।+ 2 ਅਬਸ਼ਾਲੋਮ ਸਵੇਰੇ-ਸਵੇਰੇ ਉੱਠ ਕੇ ਸ਼ਹਿਰ ਦੇ ਦਰਵਾਜ਼ੇ ਵੱਲ ਜਾਂਦੇ ਰਾਹ ਦੇ ਇਕ ਪਾਸੇ ਖੜ੍ਹ ਜਾਂਦਾ ਸੀ।+ ਜਦੋਂ ਵੀ ਕੋਈ ਆਦਮੀ ਰਾਜੇ ਕੋਲ ਨਿਆਂ ਲਈ ਕੋਈ ਮੁਕੱਦਮਾ ਲੈ ਕੇ ਆ ਰਿਹਾ ਹੁੰਦਾ ਸੀ,+ ਤਾਂ ਅਬਸ਼ਾਲੋਮ ਉਸ ਨੂੰ ਬੁਲਾ ਕੇ ਪੁੱਛਦਾ ਸੀ: “ਤੂੰ ਕਿਹੜੇ ਸ਼ਹਿਰ ਤੋਂ ਹੈਂ?” ਅਤੇ ਉਹ ਜਵਾਬ ਦਿੰਦਾ ਸੀ: “ਤੇਰਾ ਸੇਵਕ ਇਜ਼ਰਾਈਲ ਦੇ ਫਲਾਨੇ ਗੋਤ ਵਿੱਚੋਂ ਹੈ।” 3 ਫਿਰ ਅਬਸ਼ਾਲੋਮ ਉਸ ਨੂੰ ਕਹਿੰਦਾ ਸੀ: “ਦੇਖ, ਤੇਰੇ ਦਾਅਵੇ ਸਹੀ ਤੇ ਜਾਇਜ਼ ਹਨ, ਪਰ ਰਾਜੇ ਵੱਲੋਂ ਅਜਿਹਾ ਕੋਈ ਨਹੀਂ ਜੋ ਤੇਰਾ ਮੁਕੱਦਮਾ ਸੁਣੇ।” 4 ਅੱਗੇ ਅਬਸ਼ਾਲੋਮ ਕਹਿੰਦਾ ਸੀ: “ਕਾਸ਼ ਮੈਨੂੰ ਦੇਸ਼ ਦਾ ਨਿਆਂਕਾਰ ਠਹਿਰਾਇਆ ਜਾਂਦਾ! ਫਿਰ ਕੋਈ ਵੀ ਆਦਮੀ ਆਪਣਾ ਮੁਕੱਦਮਾ ਜਾਂ ਝਗੜਾ ਲੈ ਕੇ ਮੇਰੇ ਕੋਲ ਆ ਸਕਦਾ ਸੀ ਅਤੇ ਮੈਂ ਉਸ ਨੂੰ ਨਿਆਂ ਜ਼ਰੂਰ ਦਿਵਾਉਂਦਾ।”
5 ਅਤੇ ਜਦੋਂ ਕੋਈ ਆਦਮੀ ਅਬਸ਼ਾਲੋਮ ਅੱਗੇ ਝੁਕਣ ਲਈ ਉਸ ਦੇ ਨੇੜੇ ਆਉਂਦਾ ਸੀ, ਤਾਂ ਉਹ ਹੱਥ ਵਧਾ ਕੇ ਉਸ ਨੂੰ ਫੜ ਲੈਂਦਾ ਸੀ ਅਤੇ ਉਸ ਨੂੰ ਚੁੰਮਦਾ ਸੀ।+ 6 ਅਬਸ਼ਾਲੋਮ ਉਨ੍ਹਾਂ ਸਾਰੇ ਇਜ਼ਰਾਈਲੀਆਂ ਨਾਲ ਇਸੇ ਤਰ੍ਹਾਂ ਕਰਦਾ ਸੀ ਜੋ ਨਿਆਂ ਲਈ ਰਾਜੇ ਕੋਲ ਆਉਂਦੇ ਸਨ; ਇਸ ਤਰ੍ਹਾਂ ਅਬਸ਼ਾਲੋਮ ਇਜ਼ਰਾਈਲੀ ਆਦਮੀਆਂ ਦੇ ਦਿਲ ਜਿੱਤਦਾ ਰਿਹਾ।*+
7 ਚਾਰ ਸਾਲਾਂ* ਬਾਅਦ ਅਬਸ਼ਾਲੋਮ ਨੇ ਰਾਜੇ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਹਬਰੋਨ+ ਜਾਣ ਦੀ ਇਜਾਜ਼ਤ ਦੇ ਤਾਂਕਿ ਮੈਂ ਯਹੋਵਾਹ ਅੱਗੇ ਸੁੱਖੀ ਆਪਣੀ ਸੁੱਖਣਾ ਪੂਰੀ ਕਰਾਂ। 8 ਤੇਰੇ ਸੇਵਕ ਨੇ ਸੀਰੀਆ ਦੇ ਗਸ਼ੂਰ ਵਿਚ ਰਹਿੰਦਿਆਂ+ ਇਹ ਸੁੱਖਣਾ ਸੁੱਖੀ ਸੀ:+ ‘ਜੇ ਯਹੋਵਾਹ ਮੈਨੂੰ ਯਰੂਸ਼ਲਮ ਵਾਪਸ ਲੈ ਆਵੇ, ਤਾਂ ਮੈਂ ਯਹੋਵਾਹ ਅੱਗੇ ਭੇਟ ਚੜ੍ਹਾਵਾਂਗਾ।’”* 9 ਇਸ ਲਈ ਰਾਜੇ ਨੇ ਉਸ ਨੂੰ ਕਿਹਾ: “ਸ਼ਾਂਤੀ ਨਾਲ ਜਾਹ।” ਇਹ ਸੁਣ ਕੇ ਉਹ ਉੱਠਿਆ ਅਤੇ ਹਬਰੋਨ ਚਲਾ ਗਿਆ।
10 ਫਿਰ ਅਬਸ਼ਾਲੋਮ ਨੇ ਇਜ਼ਰਾਈਲ ਦੇ ਸਾਰੇ ਗੋਤਾਂ ਵਿਚ ਜਾਸੂਸਾਂ ਨੂੰ ਇਹ ਕਹਿ ਕੇ ਭੇਜਿਆ: “ਜਿਸ ਵੇਲੇ ਤੁਸੀਂ ਨਰਸਿੰਗੇ ਦੀ ਆਵਾਜ਼ ਸੁਣੋਗੇ, ਤਾਂ ਇਹ ਐਲਾਨ ਕਰਿਓ, ‘ਅਬਸ਼ਾਲੋਮ ਹਬਰੋਨ ਵਿਚ ਰਾਜਾ ਬਣ ਗਿਆ ਹੈ!’”+ 11 ਯਰੂਸ਼ਲਮ ਤੋਂ 200 ਆਦਮੀ ਅਬਸ਼ਾਲੋਮ ਦੇ ਨਾਲ ਉੱਥੇ ਗਏ ਸਨ; ਉਨ੍ਹਾਂ ਨੂੰ ਜਾਣ ਦਾ ਸੱਦਾ ਮਿਲਿਆ ਸੀ ਤੇ ਜਾਂਦੇ ਸਮੇਂ ਉਨ੍ਹਾਂ ਨੂੰ ਜ਼ਰਾ ਵੀ ਸ਼ੱਕ ਨਹੀਂ ਪਿਆ ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਕੀ ਹੋ ਰਿਹਾ ਸੀ। 12 ਨਾਲੇ ਜਦ ਅਬਸ਼ਾਲੋਮ ਨੇ ਬਲੀਦਾਨ ਚੜ੍ਹਾਏ, ਤਾਂ ਉਸ ਨੇ ਦਾਊਦ ਦੇ ਸਲਾਹਕਾਰ+ ਗਲੋਨੀ ਅਹੀਥੋਫਲ+ ਨੂੰ ਉਸ ਦੇ ਸ਼ਹਿਰ ਗਿਲੋਹ+ ਤੋਂ ਬੁਲਵਾਇਆ। ਉਸ ਦੀ ਸਾਜ਼ਸ਼ ਸਿਰੇ ਚੜ੍ਹਦੀ ਜਾ ਰਹੀ ਸੀ ਅਤੇ ਅਬਸ਼ਾਲੋਮ ਦਾ ਸਾਥ ਦੇਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਸੀ।+
13 ਕੁਝ ਸਮੇਂ ਬਾਅਦ ਇਕ ਆਦਮੀ ਨੇ ਦਾਊਦ ਕੋਲ ਆ ਕੇ ਖ਼ਬਰ ਦਿੱਤੀ: “ਇਜ਼ਰਾਈਲ ਦੇ ਆਦਮੀਆਂ ਦੇ ਦਿਲ ਅਬਸ਼ਾਲੋਮ ਵੱਲ ਹੋ ਗਏ ਹਨ।” 14 ਇਹ ਸੁਣਦੇ ਸਾਰ ਦਾਊਦ ਨੇ ਆਪਣੇ ਸਾਰੇ ਸੇਵਕਾਂ ਨੂੰ ਜੋ ਉਸ ਨਾਲ ਯਰੂਸ਼ਲਮ ਵਿਚ ਸਨ, ਕਿਹਾ: “ਉੱਠੋ, ਚਲੋ ਆਪਾਂ ਭੱਜ ਚੱਲੀਏ,+ ਨਹੀਂ ਤਾਂ ਸਾਡੇ ਵਿੱਚੋਂ ਕੋਈ ਵੀ ਅਬਸ਼ਾਲੋਮ ਦੇ ਹੱਥੋਂ ਨਹੀਂ ਬਚ ਸਕੇਗਾ! ਜਲਦੀ ਕਰੋ, ਕਿਤੇ ਇੱਦਾਂ ਨਾ ਹੋਵੇ ਕਿ ਉਹ ਆ ਕੇ ਸਾਨੂੰ ਫਟਾਫਟ ਘੇਰ ਲਵੇ ਅਤੇ ਸਾਨੂੰ ਤਬਾਹ ਕਰ ਦੇਵੇ ਤੇ ਸ਼ਹਿਰ ਨੂੰ ਤਲਵਾਰ ਨਾਲ ਵੱਢ ਸੁੱਟੇ!”+ 15 ਰਾਜੇ ਦੇ ਸੇਵਕਾਂ ਨੇ ਰਾਜੇ ਨੂੰ ਜਵਾਬ ਦਿੱਤਾ: “ਸਾਡਾ ਪ੍ਰਭੂ ਅਤੇ ਮਹਾਰਾਜ ਜੋ ਵੀ ਫ਼ੈਸਲਾ ਕਰੇਗਾ, ਤੇਰੇ ਸੇਵਕ ਉਸ ਨੂੰ ਮੰਨਣ ਲਈ ਤਿਆਰ ਹਨ।”+ 16 ਇਸ ਲਈ ਰਾਜਾ ਚਲਾ ਗਿਆ ਅਤੇ ਉਸ ਦਾ ਸਾਰਾ ਘਰਾਣਾ ਉਸ ਦੇ ਮਗਰ-ਮਗਰ ਸੀ, ਪਰ ਰਾਜੇ ਨੇ ਘਰ* ਦੀ ਦੇਖ-ਰੇਖ ਲਈ ਦਸ ਰਖੇਲਾਂ ਨੂੰ ਉੱਥੇ ਹੀ ਛੱਡ ਦਿੱਤਾ।+ 17 ਰਾਜਾ ਆਪਣੇ ਰਾਹ ਚੱਲਦਾ ਗਿਆ ਅਤੇ ਸਾਰੇ ਲੋਕ ਉਸ ਦੇ ਮਗਰ-ਮਗਰ ਸਨ ਤੇ ਉਹ ਬੈਤ-ਮਰਹਾਕ ਵਿਚ ਜਾ ਕੇ ਰੁਕ ਗਏ।
18 ਉਸ ਦੇ ਨਾਲ ਗਏ* ਉਸ ਦੇ ਸਾਰੇ ਸੇਵਕ, ਸਾਰੇ ਕਰੇਤੀ, ਪਲੇਤੀ+ ਅਤੇ ਗਥ ਤੋਂ ਉਸ ਦੇ ਮਗਰ-ਮਗਰ ਆਏ 600 ਗਿੱਤੀ ਆਦਮੀ+ ਜਦੋਂ ਰਾਜੇ ਦੇ ਸਾਮ੍ਹਣਿਓਂ ਲੰਘ ਰਹੇ ਸਨ, ਤਾਂ ਰਾਜਾ ਉਨ੍ਹਾਂ ਦਾ ਮੁਆਇਨਾ ਕਰ ਰਿਹਾ ਸੀ। 19 ਫਿਰ ਰਾਜੇ ਨੇ ਗਿੱਤੀ ਇੱਤਈ+ ਨੂੰ ਕਿਹਾ: “ਤੂੰ ਸਾਡੇ ਨਾਲ ਕਿਉਂ ਆ ਰਿਹਾਂ? ਵਾਪਸ ਚਲਾ ਜਾਹ ਅਤੇ ਨਵੇਂ ਰਾਜੇ ਨਾਲ ਰਹਿ ਕਿਉਂਕਿ ਤੂੰ ਤਾਂ ਪਹਿਲਾਂ ਹੀ ਪਰਦੇਸੀ ਹੈਂ ਅਤੇ ਆਪਣੇ ਦੇਸ਼ ਤੋਂ ਭੱਜ ਕੇ ਆਇਆ ਹੈਂ। 20 ਕੱਲ੍ਹ ਤਾਂ ਤੂੰ ਆਇਆ ਹੈਂ, ਕੀ ਅੱਜ ਮੈਂ ਤੈਨੂੰ ਆਪਣੇ ਨਾਲ ਭਟਕਣ ਲਈ ਲੈ ਜਾਵਾਂ? ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੈਂ ਕਦੋਂ ਤੇ ਕਿੱਥੇ ਜਾਣਾ ਹੈ। ਵਾਪਸ ਚਲਾ ਜਾਹ ਅਤੇ ਆਪਣੇ ਭਰਾਵਾਂ ਨੂੰ ਵੀ ਲੈ ਜਾਹ। ਯਹੋਵਾਹ ਤੈਨੂੰ ਅਟੱਲ ਪਿਆਰ ਕਰੇ ਅਤੇ ਤੇਰੇ ਨਾਲ ਵਫ਼ਾਦਾਰੀ ਨਿਭਾਏ!”+ 21 ਪਰ ਇੱਤਈ ਨੇ ਰਾਜੇ ਨੂੰ ਜਵਾਬ ਦਿੱਤਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਅਤੇ ਮੇਰੇ ਮਹਾਰਾਜ ਦੀ ਜਾਨ ਦੀ ਸਹੁੰ, ਜਿੱਥੇ ਮੇਰਾ ਪ੍ਰਭੂ ਹੋਵੇ, ਚਾਹੇ ਮਰਨ ਲਈ ਚਾਹੇ ਜੀਉਣ ਲਈ, ਤੇਰਾ ਸੇਵਕ ਵੀ ਉੱਥੇ ਹੀ ਹੋਵੇਗਾ!”+ 22 ਇਹ ਸੁਣ ਕੇ ਦਾਊਦ ਨੇ ਇੱਤਈ+ ਨੂੰ ਕਿਹਾ: “ਜਾਹ, ਲੰਘ ਜਾ।” ਇਸ ਲਈ ਗਿੱਤੀ ਇੱਤਈ ਨੇ ਆਪਣੇ ਸਾਰੇ ਆਦਮੀਆਂ ਅਤੇ ਬੱਚਿਆਂ ਸਣੇ ਘਾਟੀ ਪਾਰ ਕੀਤੀ।
23 ਜਦੋਂ ਇਹ ਸਾਰੇ ਲੋਕ ਘਾਟੀ ਨੂੰ ਪਾਰ ਕਰ ਰਹੇ ਸਨ, ਤਾਂ ਦੇਸ਼ ਵਿਚ ਹਰ ਕੋਈ ਉੱਚੀ-ਉੱਚੀ ਰੋ ਰਿਹਾ ਸੀ ਅਤੇ ਰਾਜਾ ਕਿਦਰੋਨ ਘਾਟੀ+ ਕੋਲ ਖੜ੍ਹਾ ਸੀ; ਸਾਰੇ ਲੋਕ ਘਾਟੀ ਪਾਰ ਕਰ ਕੇ ਉਜਾੜ ਨੂੰ ਜਾਂਦੇ ਰਾਹ ਵੱਲ ਜਾ ਰਹੇ ਸਨ। 24 ਸਾਦੋਕ+ ਵੀ ਉੱਥੇ ਸੀ ਅਤੇ ਉਸ ਨਾਲ ਉਹ ਸਾਰੇ ਲੇਵੀ+ ਸਨ ਜਿਨ੍ਹਾਂ ਨੇ ਸੱਚੇ ਪਰਮੇਸ਼ੁਰ+ ਦੇ ਇਕਰਾਰ ਦਾ ਸੰਦੂਕ+ ਚੁੱਕਿਆ ਹੋਇਆ ਸੀ; ਅਤੇ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਦਾ ਸੰਦੂਕ ਹੇਠਾਂ ਰੱਖ ਦਿੱਤਾ; ਅਬਯਾਥਾਰ+ ਉਤਾਂਹ ਚਲਾ ਗਿਆ ਜਦ ਤਕ ਸਾਰੇ ਲੋਕਾਂ ਨੇ ਸ਼ਹਿਰ ਤੋਂ ਨਿਕਲ ਕੇ ਘਾਟੀ ਪਾਰ ਨਾ ਕਰ ਲਈ। 25 ਪਰ ਰਾਜੇ ਨੇ ਸਾਦੋਕ ਨੂੰ ਕਿਹਾ: “ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਸ਼ਹਿਰ ਵਾਪਸ ਲੈ ਜਾ।+ ਜੇ ਯਹੋਵਾਹ ਦੀ ਕਿਰਪਾ ਦੀ ਨਜ਼ਰ ਮੇਰੇ ਉੱਤੇ ਹੋਈ, ਤਾਂ ਉਹ ਮੈਨੂੰ ਵਾਪਸ ਲੈ ਆਵੇਗਾ ਅਤੇ ਸੰਦੂਕ ਤੇ ਉਹ ਜਗ੍ਹਾ ਦਿਖਾਵੇਗਾ ਜਿੱਥੇ ਇਸ ਦਾ ਬਸੇਰਾ ਹੈ।+ 26 ਪਰ ਜੇ ਉਹ ਕਹੇ, ‘ਮੈਂ ਤੇਰੇ ਤੋਂ ਖ਼ੁਸ਼ ਨਹੀਂ ਹਾਂ,’ ਤਾਂ ਉਹ ਮੇਰੇ ਨਾਲ ਉਹੀ ਕਰੇ ਜੋ ਉਸ ਦੀਆਂ ਨਜ਼ਰਾਂ ਵਿਚ ਸਹੀ ਹੋਵੇ।” 27 ਰਾਜੇ ਨੇ ਸਾਦੋਕ ਪੁਜਾਰੀ ਨੂੰ ਕਿਹਾ: “ਭਲਾ, ਤੂੰ ਦਰਸ਼ੀ ਨਹੀਂ ਹੈਂ?+ ਤੂੰ ਅਤੇ ਅਬਯਾਥਾਰ ਸ਼ਾਂਤੀ ਨਾਲ ਸ਼ਹਿਰ ਮੁੜ ਜਾਓ ਅਤੇ ਤੂੰ ਆਪਣੇ ਨਾਲ ਆਪਣੇ ਪੁੱਤਰ ਅਹੀਮਆਸ ਅਤੇ ਅਬਯਾਥਾਰ ਦੇ ਪੁੱਤਰ ਯੋਨਾਥਾਨ+ ਨੂੰ ਲੈ ਜਾ। 28 ਦੇਖ, ਮੈਂ ਉਜਾੜ ਦੇ ਨਾਲ ਲੱਗਦੇ ਘਾਟਾਂ ਕੋਲ ਹੀ ਰਹਾਂਗਾ ਜਦ ਤਕ ਤੁਹਾਡੇ ਵੱਲੋਂ ਮੈਨੂੰ ਕੋਈ ਖ਼ਬਰ ਨਹੀਂ ਮਿਲਦੀ।”+ 29 ਇਸ ਲਈ ਸਾਦੋਕ ਅਤੇ ਅਬਯਾਥਾਰ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਵਾਪਸ ਯਰੂਸ਼ਲਮ ਲੈ ਗਏ ਅਤੇ ਉੱਥੇ ਹੀ ਰਹੇ।
30 ਜਦ ਦਾਊਦ ਜ਼ੈਤੂਨ ਪਹਾੜ*+ ʼਤੇ ਚੜ੍ਹ ਰਿਹਾ ਸੀ, ਤਾਂ ਉਹ ਉੱਪਰ ਜਾਂਦਾ-ਜਾਂਦਾ ਰੋ ਰਿਹਾ ਸੀ; ਉਸ ਦਾ ਸਿਰ ਢਕਿਆ ਹੋਇਆ ਸੀ ਅਤੇ ਉਹ ਨੰਗੇ ਪੈਰੀਂ ਤੁਰ ਰਿਹਾ ਸੀ। ਉਸ ਦੇ ਨਾਲ ਦੇ ਸਾਰੇ ਲੋਕਾਂ ਨੇ ਵੀ ਆਪਣੇ ਸਿਰ ਢਕੇ ਹੋਏ ਸਨ ਤੇ ਉਹ ਚੜ੍ਹਦੇ-ਚੜ੍ਹਦੇ ਰੋ ਰਹੇ ਸਨ। 31 ਫਿਰ ਦਾਊਦ ਨੂੰ ਖ਼ਬਰ ਮਿਲੀ: “ਅਬਸ਼ਾਲੋਮ+ ਨਾਲ ਮਿਲ ਕੇ ਸਾਜ਼ਸ਼ ਘੜਨ ਵਾਲਿਆਂ ਵਿਚ ਅਹੀਥੋਫਲ ਵੀ ਸ਼ਾਮਲ ਹੈ।”+ ਇਹ ਸੁਣ ਕੇ ਦਾਊਦ ਨੇ ਕਿਹਾ: “ਹੇ ਯਹੋਵਾਹ,+ ਕਿਰਪਾ ਕਰ ਕੇ ਅਹੀਥੋਫਲ ਦੀ ਸਲਾਹ ਨੂੰ ਮੂਰਖਤਾ ਵਿਚ ਬਦਲ ਦੇ!”+
32 ਜਦ ਦਾਊਦ ਉਸ ਚੋਟੀ ʼਤੇ ਪਹੁੰਚਿਆ ਜਿੱਥੇ ਲੋਕ ਪਰਮੇਸ਼ੁਰ ਅੱਗੇ ਮੱਥਾ ਟੇਕਦੇ ਹੁੰਦੇ ਸਨ, ਤਾਂ ਉੱਥੇ ਅਰਕੀ+ ਹੂਸ਼ਈ+ ਉਸ ਨੂੰ ਮਿਲਣ ਆਇਆ। ਉਸ ਦਾ ਚੋਗਾ ਫਟਿਆ ਹੋਇਆ ਸੀ ਅਤੇ ਉਸ ਨੇ ਸਿਰ ʼਤੇ ਮਿੱਟੀ ਪਾਈ ਹੋਈ ਸੀ। 33 ਪਰ ਦਾਊਦ ਨੇ ਉਸ ਨੂੰ ਕਿਹਾ: “ਜੇ ਤੂੰ ਮੇਰੇ ਨਾਲ ਪਾਰ ਲੰਘਿਆ, ਤਾਂ ਤੂੰ ਮੇਰੇ ʼਤੇ ਬੋਝ ਬਣ ਜਾਵੇਂਗਾ। 34 ਪਰ ਜੇ ਤੂੰ ਸ਼ਹਿਰ ਮੁੜ ਜਾਵੇਂ ਅਤੇ ਅਬਸ਼ਾਲੋਮ ਨੂੰ ਕਹੇਂ, ‘ਹੇ ਮਹਾਰਾਜ, ਮੈਂ ਤੇਰਾ ਸੇਵਕ ਹਾਂ। ਬੀਤੇ ਸਮੇਂ ਵਿਚ ਮੈਂ ਤੇਰੇ ਪਿਤਾ ਦਾ ਸੇਵਕ ਸੀ, ਪਰ ਹੁਣ ਮੈਂ ਤੇਰਾ ਸੇਵਕ ਹਾਂ,’+ ਤਾਂ ਤੂੰ ਮੇਰੀ ਖ਼ਾਤਰ ਅਹੀਥੋਫਲ ਦੀ ਸਲਾਹ ਨੂੰ ਨਾਕਾਮ ਕਰ ਸਕਦਾ ਹੈਂ।+ 35 ਸਾਦੋਕ ਅਤੇ ਅਬਯਾਥਾਰ ਪੁਜਾਰੀ ਯਰੂਸ਼ਲਮ ਵਿਚ ਤੇਰੇ ਨਾਲ ਹੀ ਹਨ, ਹੈਨਾ? ਤੈਨੂੰ ਰਾਜੇ ਦੇ ਘਰੋਂ ਜੋ ਵੀ ਖ਼ਬਰ ਮਿਲੇ, ਉਹ ਸਾਦੋਕ ਅਤੇ ਅਬਯਾਥਾਰ ਪੁਜਾਰੀਆਂ ਨੂੰ ਜ਼ਰੂਰ ਦੱਸੀਂ।+ 36 ਦੇਖ! ਉੱਥੇ ਉਨ੍ਹਾਂ ਨਾਲ ਉਨ੍ਹਾਂ ਦੇ ਦੋ ਪੁੱਤਰ ਵੀ ਹਨ, ਸਾਦੋਕ ਦਾ ਪੁੱਤਰ ਅਹੀਮਆਸ+ ਅਤੇ ਅਬਯਾਥਾਰ ਦਾ ਪੁੱਤਰ ਯੋਨਾਥਾਨ।+ ਤੈਨੂੰ ਜੋ ਵੀ ਖ਼ਬਰ ਮਿਲੇ, ਉਨ੍ਹਾਂ ਰਾਹੀਂ ਮੇਰੇ ਤਕ ਪਹੁੰਚਾ ਦੇਈਂ।” 37 ਇਸ ਲਈ ਦਾਊਦ ਦਾ ਦੋਸਤ*+ ਹੂਸ਼ਈ ਸ਼ਹਿਰ ਵਿਚ ਚਲਾ ਗਿਆ ਅਤੇ ਉਸ ਸਮੇਂ ਅਬਸ਼ਾਲੋਮ ਯਰੂਸ਼ਲਮ ਵਿਚ ਦਾਖ਼ਲ ਹੋ ਰਿਹਾ ਸੀ।