ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰੋ
ਪੌਲੁਸ ਰਸੂਲ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਲਿਖਿਆ ਕਿ “ਮੈਂ ਤੁਹਾਡੀਆਂ ਜਾਨਾਂ ਲਈ ਬਹੁਤ ਅਨੰਦ ਨਾਲ ਖਰਚ ਕਰਾਂਗਾ ਅਤੇ ਆਪ ਹੀ ਖਰਚ ਹੋ ਜਾਵਾਂਗਾ।” (2 ਕੁਰਿੰਥੀਆਂ 12:15) ਇਨ੍ਹਾਂ ਸ਼ਬਦਾਂ ਨੂੰ ਧਿਆਨ ਵਿਚ ਰੱਖਦੇ ਹੋਏ, ਯਹੋਵਾਹ ਦੇ ਗਵਾਹਾਂ ਨੂੰ ਕਿਸ ਤਰ੍ਹਾਂ ਦਾ ਰਵੱਈਆ ਅਪਣਾਉਣਾ ਚਾਹੀਦਾ ਹੈ? ਬਾਈਬਲ ਦੇ ਇਕ ਵਿਦਿਆਰਥੀ ਦੇ ਅਨੁਸਾਰ ਪੌਲੁਸ ਅਸਲ ਵਿਚ ਕੁਰਿੰਥੀਆਂ ਨੂੰ ਕਹਿ ਰਿਹਾ ਸੀ ਕਿ “ਤੁਹਾਡੀ ਭਲਾਈ ਲਈ ਮੈਂ ਆਪਣਾ ਸਾਰਾ ਬਲ, ਸਮਾਂ, ਅਤੇ ਪੂਰੀ ਜ਼ਿੰਦਗੀ, ਹਾਂ ਸਭ ਕੁਝ ਖ਼ਰਚ ਕਰਨ ਲਈ ਤਿਆਰ ਹਾਂ, ਠੀਕ ਜਿਵੇਂ ਇਕ ਪਿਤਾ ਆਪਣੇ ਬੱਚਿਆਂ ਲਈ ਖ਼ੁਸ਼ੀ ਨਾਲ ਕਰਦਾ ਹੈ।” ਮਸੀਹੀ ਸੇਵਕਾਈ ਪੂਰੀ ਕਰਨ ਲਈ ਪੌਲੁਸ ਆਪਣੇ ਆਪ ਨੂੰ ਪੂਰੀ ਤਰ੍ਹਾਂ ‘ਖ਼ਰਚਣ’ ਲਈ ਜਾਂ ‘ਆਪਣੀ ਸ਼ਕਤੀ ਨੂੰ ਪੂਰੀ ਤਰ੍ਹਾਂ ਨਿਚੋੜਨ ਲਈ’ ਤਿਆਰ ਸੀ।
ਇਸ ਤੋਂ ਇਲਾਵਾ, ਪੌਲੁਸ ਨੇ ਇਹ ਸਭ ਕੁਝ “ਅਨੰਦ ਨਾਲ” ਕੀਤਾ। ਬਾਈਬਲ ਦਾ ਇਕ ਹੋਰ ਤਰਜਮਾ ਕਹਿੰਦਾ ਹੈ ਕਿ ਉਹ ਇਸ ਤਰ੍ਹਾਂ ਕਰਨ ਲਈ ‘ਬਿਲਕੁਲ ਤਿਆਰ’ ਸੀ। ਤੁਹਾਡੇ ਬਾਰੇ ਕੀ? ਯਹੋਵਾਹ ਦੀ ਸੇਵਾ ਅਤੇ ਲੋਕਾਂ ਦੀ ਮਦਦ ਕਰਨ ਵਿਚ ਕੀ ਤੁਸੀਂ ਆਪਣਾ ਸਮਾਂ, ਬਲ, ਗੁਣ, ਅਤੇ ਪੈਸਾ ਖ਼ਰਚਣ ਲਈ ਤਿਆਰ ਹੋ, ਭਾਵੇਂ ਕਿ ਇਸ ਤਰ੍ਹਾਂ ਕਰ ਕੇ ਤੁਸੀਂ ਬਹੁਤ ਥੱਕ ਜਾਵੋਗੇ? ਅਤੇ ਕੀ ਤੁਸੀਂ ਇਹ “ਅਨੰਦ ਨਾਲ” ਕਰੋਗੇ?
ਉਹ ਸੇਵਾ ਕਰਨ ਤੋਂ ਬਿਲਕੁਲ ਇਨਕਾਰ ਕਰਦੇ ਹਨ
ਬਹੁਤ ਸਾਰੇ ਲੋਕ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਸਿਰਫ਼ ਝਿਜਕਦੇ ਹੀ ਨਹੀਂ ਪਰ ਉਹ ਸਾਫ਼-ਸਾਫ਼ ਇਨਕਾਰ ਵੀ ਕਰਦੇ ਹਨ। ਉਨ੍ਹਾਂ ਦਾ ਰਵੱਈਆ ਨਾਸ਼ੁਕਰਾ, ਸੁਆਰਥੀ, ਅਤੇ ਬਾਗ਼ੀ ਹੈ। ਸ਼ਤਾਨ ਨੇ ਆਦਮ ਅਤੇ ਹੱਵਾਹ ਨੂੰ ਵੀ ਇਸ ਹੀ ਤਰ੍ਹਾਂ ਦੀ ਸੋਚਣੀ ਨਾਲ ਭਰਮਾਇਆ ਸੀ। ਉਹ ਨੇ ਝੂਠ ਬੋਲ ਕਿ ਕਿਹਾ ਕਿ ਉਹ “ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ [ਜਾਣਗੇ]” ਮਤਲਬ ਕਿ ਉਹ ਖ਼ੁਦ ਫ਼ੈਸਲੇ ਕਰ ਸਕਣਗੇ ਕਿ ਕੀ ਸਹੀ ਹੈ ਅਤੇ ਕੀ ਗ਼ਲਤ। (ਉਤਪਤ 3:1-5) ਇਸ ਹੀ ਤਰ੍ਹਾਂ ਅੱਜ ਵੀ ਅਜਿਹੇ ਰਵੱਈਏ ਵਾਲੇ ਲੋਕ ਸੋਚਦੇ ਹਨ ਕਿ ਉਨ੍ਹਾਂ ਨੂੰ ਆਪਣੀ ਮਰਜ਼ੀ ਕਰਨ ਲਈ ਖੁੱਲ੍ਹੀ ਛੁੱਟੀ ਹੋਣੀ ਚਾਹੀਦੀ ਹੈ। ਨਾ ਹੀ ਉਹ ਪਰਮੇਸ਼ੁਰ ਨਾਲ ਕੋਈ ਸੰਬੰਧ ਰੱਖਣਾ ਚਾਹੁੰਦੇ ਹਨ ਅਤੇ ਨਾ ਹੀ ਆਪਣੇ ਕੰਮਾਂ ਵਿਚ ਉਸ ਵੱਲੋਂ ਕੋਈ ਦਖ਼ਲ ਚਾਹੁੰਦੇ ਹਨ। (ਜ਼ਬੂਰ 81:11, 12) ਉਹ ਆਪਣੀਆਂ ਸਾਰੀਆਂ ਚੀਜ਼ਾਂ ਆਪਣੀ ਮਰਜ਼ੀ ਪੂਰੀ ਕਰਨ ਲਈ ਵਰਤਣੀਆਂ ਚਾਹੁੰਦੇ ਹਨ।—ਕਹਾਉਤਾਂ 18:1.
ਤੁਸੀਂ ਸ਼ਾਇਦ ਇਸ ਤਰ੍ਹਾਂ ਨਹੀਂ ਸੋਚਦੇ ਹੋਵੋ। ਸੰਭਵ ਹੈ ਕਿ ਤੁਸੀਂ ਪਰਮੇਸ਼ੁਰ ਵੱਲੋਂ ਬਖ਼ਸ਼ੇ ਆਪਣੇ ਜੀਵਨ ਦੀ ਸੱਚ-ਮੁੱਚ ਕਦਰ ਕਰਦੇ ਹੋ ਅਤੇ ਸਦਾ ਦੇ ਲਈ ਇਕ ਫਿਰਦੌਸ ਵਰਗੀ ਧਰਤੀ ਵਿਚ ਜੀਉਣ ਦੀ ਆਸ ਵੀ ਰੱਖਦੇ ਹੋ। (ਜ਼ਬੂਰ 37:10, 11; ਪਰਕਾਸ਼ ਦੀ ਪੋਥੀ 21:1-4) ਯਹੋਵਾਹ ਦੀ ਦਇਆ ਲਈ ਵੀ ਤੁਸੀਂ ਜ਼ਰੂਰ ਧੰਨਵਾਦੀ ਹੋ। ਪਰ ਸਾਨੂੰ ਸਾਰਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਸ਼ਤਾਨ ਸਾਡੀ ਸੋਚਣੀ ਵਿਗਾੜ ਸਕਦਾ ਹੈ। ਅਸਲ ਵਿਚ ਉਹ ਇਸ ਨੂੰ ਇੰਨੀ ਬੁਰੀ ਤਰ੍ਹਾਂ ਵਿਗਾੜ ਸਕਦਾ ਹੈ ਕਿ ਯਹੋਵਾਹ ਲਈ ਸਾਡੀ ਸੇਵਾ ਨਾ-ਮਨਜ਼ੂਰ ਬਣ ਸਕਦੀ ਹੈ। (2 ਕੁਰਿੰਥੀਆਂ 11:3) ਇਹ ਕਿਸ ਤਰ੍ਹਾਂ ਹੋ ਸਕਦਾ ਹੈ?
ਖ਼ੁਸ਼ੀ ਨਾਲ ਸੇਵਾ ਕਰਨ ਦੀ ਜ਼ਰੂਰਤ
ਯਹੋਵਾਹ ਖ਼ੁਸ਼ੀ ਨਾਲ ਅਤੇ ਪੂਰੇ ਦਿਲ ਨਾਲ ਕੀਤੀ ਜਾਣ ਵਾਲੀ ਸੇਵਾ ਚਾਹੁੰਦਾ ਹੈ। ਉਸ ਦੀ ਸੇਵਾ ਕਰਨ ਲਈ ਉਹ ਸਾਨੂੰ ਮਜਬੂਰ ਨਹੀਂ ਕਰਦਾ। ਸਿਰਫ਼ ਸ਼ਤਾਨ ਹੀ ਲੋਕਾਂ ਨੂੰ ਆਪਣੀ ਸੇਵਾ ਕਰਨ ਲਈ ਭਰਮਾਉਂਦਾ ਹੈ ਜਾਂ ਮਜਬੂਰ ਕਰਦਾ ਹੈ। ਫਿਰ ਵੀ ਪਰਮੇਸ਼ੁਰ ਦੀ ਸੇਵਾ ਦੇ ਸੰਬੰਧ ਵਿਚ ਬਾਈਬਲ ਫ਼ਰਜ਼, ਹੁਕਮ, ਅਤੇ ਮੰਗਾਂ ਵਰਗੀਆਂ ਚੀਜ਼ਾਂ ਬਾਰੇ ਜ਼ਿਕਰ ਕਰਦੀ ਹੈ। (ਉਪਦੇਸ਼ਕ ਦੀ ਪੋਥੀ 12:13; ਲੂਕਾ 1:6) ਪਰ ਪਰਮੇਸ਼ੁਰ ਦੀ ਸੇਵਾ ਕਰਨ ਦਾ ਮੁੱਖ ਕਾਰਨ ਹੈ ਕਿ ਅਸੀਂ ਉਸ ਨਾਲ ਪਿਆਰ ਕਰਦੇ ਹਾਂ।—ਕੂਚ 35:21; ਬਿਵਸਥਾ ਸਾਰ 11:1.
ਪੌਲੁਸ ਜਾਣਦਾ ਸੀ ਕਿ ਉਹ ਪਰਮੇਸ਼ੁਰ ਦੀ ਸੇਵਾ ਵਿਚ ਜਿੰਨੀ ਮਰਜ਼ੀ ਮਿਹਨਤ ਕਰਦਾ, ਇਹ ਸਭ ਵਿਅਰਥ ਸੀ ਜੇਕਰ ਉਸ ਕੋਲ ‘ਪ੍ਰੇਮ ਨਾ ਹੁੰਦਾ।’ (1 ਕੁਰਿੰਥੀਆਂ 13:1-3) ਜਦੋਂ ਬਾਈਬਲ ਦੇ ਲਿਖਾਰੀਆਂ ਨੇ ਮਸੀਹੀਆਂ ਨੂੰ ਸੇਵਕ ਸੱਦਿਆ ਸੀ ਤਾਂ ਉਨ੍ਹਾਂ ਦਾ ਇਹ ਮਤਲਬ ਨਹੀਂ ਸੀ ਕਿ ਉਹ ਦਬਾ ਕੇ ਰੱਖੇ ਗਏ ਗ਼ੁਲਾਮ ਸਨ। (ਰੋਮੀਆਂ 12:11; ਕੁਲੁੱਸੀਆਂ 3:24) ਨਹੀਂ, ਉਨ੍ਹਾਂ ਦਾ ਮਤਲਬ ਇਹ ਸੀ ਕਿ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੇ ਲਈ ਉਨ੍ਹਾਂ ਦੀ ਸੇਵਾ ਸੱਚੇ ਪ੍ਰੇਮ ਅਤੇ ਖ਼ੁਸ਼ੀ ਨਾਲ ਕੀਤੀ ਜਾਂਦੀ ਸੀ।—ਮੱਤੀ 22:37; 2 ਕੁਰਿੰਥੀਆਂ 5:14; 1 ਯੂਹੰਨਾ 4:10, 11.
ਸਾਡੀ ਸੇਵਾ ਵਿਚ ਲੋਕਾਂ ਲਈ ਡੂੰਘਾ ਪ੍ਰੇਮ ਦਿਖਾਉਣਾ ਵੀ ਸ਼ਾਮਲ ਹੈ। ਪੌਲੁਸ ਨੇ ਥੱਸਲੁਨੀਕੀ ਕਲੀਸਿਯਾ ਨੂੰ ਲਿਖਿਆ: “ਅਸੀਂ ਤੁਹਾਡੇ ਵਿੱਚ ਅਜੇਹੇ ਅਸੀਲ ਸਾਂ ਜਿਹੀ ਮਾਤਾ ਜੋ ਆਪਣੇ ਬੱਚਿਆਂ ਨੂੰ ਪਾਲਦੀ ਹੈ।” (1 ਥੱਸਲੁਨੀਕੀਆਂ 2:7) ਅੱਜ-ਕੱਲ੍ਹ, ਬਹੁਤ ਸਾਰੇ ਦੇਸ਼ਾਂ ਵਿਚ ਕਾਨੂੰਨੀ ਤੌਰ ਤੇ ਇਕ ਮਾਂ ਨੂੰ ਆਪਣੇ ਬੱਚਿਆਂ ਦੀ ਦੇਖ-ਭਾਲ ਕਰਨੀ ਪੈਂਦੀ ਹੈ। ਕੀ ਇਹ ਮਾਵਾਂ ਸਿਰਫ਼ ਕਾਨੂੰਨ ਮੰਨਣ ਲਈ ਆਪਣੇ ਬੱਚਿਆਂ ਦੀ ਦੇਖ-ਭਾਲ ਕਰਦੀਆਂ ਹਨ? ਨਹੀਂ, ਉਹ ਇਸ ਲਈ ਕਰਦੀਆਂ ਹਨ ਕਿਉਂਕਿ ਉਹ ਉਨ੍ਹਾਂ ਨਾਲ ਪਿਆਰ ਕਰਦੀਆਂ ਹਨ। ਅਸਲ ਵਿਚ ਇਕ ਮਾਂ ਆਪਣੇ ਬੱਚਿਆਂ ਦੇ ਲਈ ਬਹੁਤ ਕੁਰਬਾਨੀਆਂ ਕਰਦੀ ਹੈ! ਜਿਨ੍ਹਾਂ ਨੂੰ ਪੌਲੁਸ ਪ੍ਰਚਾਰ ਕਰਦਾ ਸੀ ਉਹ ਉਸ ਲਈ “ਚਾਹਵੰਦ” ਸਨ, ਅਤੇ ਇਸ ਲਈ ਉਹ ਉਨ੍ਹਾਂ ਦੀ ਪੂਰੀ ਤਰ੍ਹਾਂ ਮਦਦ ਕਰਨ ਲਈ “ਤਿਆਰ” ਸੀ। (1 ਥੱਸਲੁਨੀਕੀਆਂ 2:8) ਪ੍ਰੇਮ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਵੀ ਪੌਲੁਸ ਦੀ ਨਕਲ ਕਰੀਏ।—ਮੱਤੀ 22:39.
ਬੇਦਿਲੀ ਸੇਵਾ ਬਾਰੇ ਕੀ?
ਨਿਸ਼ਚੇ ਹੀ ਸਾਨੂੰ ਪਰਮੇਸ਼ੁਰ ਜਾਂ ਲੋਕਾਂ ਨਾਲੋਂ ਆਪਣੇ ਆਪ ਲਈ ਜ਼ਿਆਦਾ ਪ੍ਰੇਮ ਨਹੀਂ ਹੋਣਾ ਚਾਹੀਦਾ ਹੈ, ਨਹੀਂ ਤਾਂ ਅਸੀਂ ਸ਼ਾਇਦ ਬੇਦਿਲੀ ਸੇਵਾ ਕਰਨ ਲੱਗ ਸਕਦੇ ਹਾਂ। ਇਸ ਤੇ ਨਾਲ-ਨਾਲ ਸ਼ਾਇਦ ਅਸੀਂ ਇਸ ਕਰਕੇ ਨਿਰਾਸ਼ਾ ਮਹਿਸੂਸ ਕਰਨ ਲੱਗ ਪਈਏ ਕਿ ਅਸੀਂ ਆਪਣੀਆਂ ਚਾਹਾਂ ਵੀ ਨਹੀਂ ਪੂਰੀਆਂ ਕਰ ਸਕਦੇ ਹਾਂ। ਕੁਝ ਇਸਰਾਏਲੀਆਂ ਨਾਲ ਇਸ ਹੀ ਤਰ੍ਹਾਂ ਹੋਇਆ ਸੀ ਅਤੇ ਉਹ ਪਰਮੇਸ਼ੁਰ ਲਈ ਪ੍ਰੇਮ ਗੁਆ ਕੇ ਸਿਰਫ਼ ਫ਼ਰਜ਼ ਨਿਭਾਉਣ ਲਈ ਉਸ ਦੀ ਸੇਵਾ ਕਰ ਰਹੇ ਸਨ। ਇਸ ਦਾ ਨਤੀਜਾ ਕੀ ਨਿਕਲਿਆ? ਉਹ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਅੱਕ ਗਏ ਸਨ।—ਮਲਾਕੀ 1:13.
ਯਹੋਵਾਹ ਨੂੰ ਚੜ੍ਹਾਏ ਗਏ ਚੜ੍ਹਾਵੇ “ਬੱਜ ਤੋਂ ਰਹਿਤ” ਜਾਂ ਕਮੀਆਂ ਤੋਂ ਬਿਨਾਂ ਸਭ ਤੋਂ ਵਧੀਆ ਹੋਣੇ ਚਾਹੀਦੇ ਹਨ। (ਲੇਵੀਆਂ 22:17-20; ਕੂਚ 23:19) ਲੇਕਿਨ, ਮਲਾਕੀ ਨਬੀ ਦੇ ਦਿਨਾਂ ਵਿਚ, ਲੋਕਾਂ ਨੇ ਯਹੋਵਾਹ ਨੂੰ ਸਭ ਤੋਂ ਵਧੀਆ ਬਲੀਆਂ ਨਹੀਂ ਚੜ੍ਹਾਈਆਂ, ਸਗੋਂ ਇਸ ਦੇ ਉਲਟ ਉਨ੍ਹਾਂ ਨੇ ਉਹ ਪਸ਼ੂ ਚੜ੍ਹਾਏ ਜੋ ਉਹ ਆਪ ਨਹੀਂ ਰੱਖਣੇ ਚਾਹੁੰਦੇ ਸਨ। ਇਸ ਬਾਰੇ ਯਹੋਵਾਹ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ? ਉਸ ਨੇ ਜਾਜਕਾਂ ਨੂੰ ਦੱਸਿਆ: “ਜਦ ਤੁਸੀਂ ਅੰਨ੍ਹੇ ਦਾ ਚੜ੍ਹਾਵਾ ਚੜ੍ਹਾਉਂਦੇ ਹੋ ਤਾਂ [ਤੁਸੀਂ ਕਹਿੰਦੇ ਹੋ:] ‘ਕੁਝ ਬੁਰਿਆਈ ਨਹੀਂ’, ਜਦ ਲੰਙੇ ਯਾ ਬਿਮਾਰ ਦਾ ਚੜ੍ਹਾਵਾ ਚੜ੍ਹਾਉਂਦੇ ਹੋ ਤਾਂ ‘ਕੁਝ ਬੁਰਿਆਈ ਨਹੀਂ!’ ਜ਼ਰਾ ਤੂੰ ਆਪਣੇ ਹਾਕਮ ਨੂੰ ਏਹੋ ਹੀ ਚੜ੍ਹਾ,—ਕੀ ਉਹ ਤੈਥੋਂ ਖੁਸ਼ ਹੋਵੇਗਾ ਯਾ ਕੀ ਤੇਰੇ ਚਿਹਰੇ ਨੂੰ ਉਹ ਆਦਰ ਦੇਵੇਗਾ? . . . ਫੇਰ ਤੁਸੀਂ ਲੁੱਟ ਦਾ ਮਾਲ ਲਿਆਉਂਦੇ ਹੋ, ਲੰਙੇ ਨੂੰ ਯਾ ਬਿਮਾਰ ਨੂੰ, ਇਹ ਭੇਟ ਤੁਸੀਂ ਲਿਆਉਂਦੇ ਹੋ! ਕੀ ਮੈਂ ਇਹ ਤੁਹਾਡੇ ਹੱਥੋਂ ਕਬੂਲ ਕਰਾਂਗਾ?”—ਮਲਾਕੀ 1:8, 13.
ਇਹ ਸਾਡੇ ਨਾਲ ਵੀ ਹੋ ਸਕਦਾ ਹੈ। ਕਿਸ ਤਰ੍ਹਾਂ? ਜੇਕਰ ਅਸੀਂ ਪੂਰੇ ਦਿਲ ਨਾਲ ਸੇਵਾ ਨਹੀਂ ਕਰ ਰਹੇ ਹਾਂ ਤਾਂ ਸ਼ਾਇਦ ਸਾਡੀਆਂ ਕੁਰਬਾਨੀਆਂ ਸਾਡੇ ਲਈ ‘ਅਕੇਵੀਆਂ’ ਬਣ ਗਈਆਂ ਹਨ। (ਕੂਚ 35:5, 21, 22; ਲੇਵੀਆਂ 1:3; ਜ਼ਬੂਰ 54:6; ਇਬਰਾਨੀਆਂ 13:15, 16) ਉਦਾਹਰਣ ਲਈ ਕੀ ਅਸੀਂ ਆਪਣੇ ਕੰਮ-ਕਾਜ ਕਰ ਕੇ ਫਿਰ ਯਹੋਵਾਹ ਨੂੰ ਆਪਣਾ ਬਚਿਆ-ਖੁਚਿਆ ਸਮਾਂ ਦਿੰਦੇ ਹਾਂ?
ਯਹੋਵਾਹ ਇਹ ਵੀ ਨਹੀਂ ਚਾਹੁੰਦਾ ਸੀ ਕਿ ਦੂਜੇ ਲੋਕ ਜਾਂ ਲੇਵੀ ਜਾਜਕ ਕਿਸੇ ਇਸਰਾਏਲੀ ਨੂੰ ਆਪਣਾ ਸਭ ਤੋਂ ਵਧੀਆ ਜਾਨਵਰ ਚੜ੍ਹਾਉਣ ਲਈ ਮਜਬੂਰ ਕਰਨ। ਜੇ ਉਹ ਇਸਰਾਏਲੀ ਆਪਣੇ ਆਪ ਨਹੀਂ ਦੇਣਾ ਚਾਹੁੰਦਾ ਸੀ ਤਾਂ ਉਸ ਦਾ ਚੜ੍ਹਾਵਾ ਯਹੋਵਾਹ ਨੂੰ ਪਸੰਦ ਨਹੀਂ ਸੀ। (ਯਸਾਯਾਹ 29:13; ਮੱਤੀ 15:7, 8) ਯਹੋਵਾਹ ਨੇ ਨਾ ਸਿਰਫ਼ ਇਸ ਤਰ੍ਹਾਂ ਦੇ ਬੇਦਿਲੀ ਚੜ੍ਹਾਵਿਆਂ ਨੂੰ ਰੱਦ ਕੀਤਾ ਪਰ ਆਖ਼ਰਕਾਰ ਉਸ ਨੇ ਚੜ੍ਹਾਉਣ ਵਾਲਿਆਂ ਨੂੰ ਵੀ ਰੱਦ ਕਰ ਦਿੱਤਾ।—ਹੋਸ਼ੇਆ 4:6; ਮੱਤੀ 21:43.
ਯਹੋਵਾਹ ਦੀ ਇੱਛਾ ਕਰਨ ਵਿਚ ਖ਼ੁਸ਼ ਹੋਵੋ
ਜੇਕਰ ਅਸੀਂ ਅਜਿਹੀ ਸੇਵਾ ਕਰਨੀ ਚਾਹੁੰਦੇ ਹਾਂ ਜਿਸ ਨੂੰ ਪਰਮੇਸ਼ੁਰ ਮਨਜ਼ੂਰ ਕਰਦਾ ਹੈ, ਤਾਂ ਸਾਨੂੰ ਯਿਸੂ ਦੀ ਨਕਲ ਕਰਨੀ ਚਾਹੀਦੀ ਹੈ। ਯਿਸੂ ਨੇ ਕਿਹਾ ਸੀ: “ਮੈਂ ਆਪਣੀ ਮਰਜ਼ੀ ਨਹੀਂ ਭਾਲਦਾ ਪਰ ਉਹ ਦੀ ਮਰਜ਼ੀ ਜਿਹ ਨੇ ਮੈਨੂੰ ਘੱਲਿਆ।” (ਯੂਹੰਨਾ 5:30) ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਯਿਸੂ ਨੂੰ ਬਹੁਤ ਹੀ ਖ਼ੁਸ਼ੀ ਮਿਲੀ ਸੀ। ਯਿਸੂ ਨੇ ਦਾਊਦ ਦੇ ਭਵਿੱਖ-ਸੂਚਕ ਸ਼ਬਦਾਂ ਨੂੰ ਪੂਰਾ ਕੀਤਾ: “ਭਈ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ।”—ਜ਼ਬੂਰ 40:8.
ਭਾਵੇਂ ਕਿ ਯਿਸੂ ਯਹੋਵਾਹ ਦੀ ਇੱਛਾ ਪੂਰੀ ਕਰ ਕੇ ਬਹੁਤ ਖ਼ੁਸ਼ ਹੁੰਦਾ ਸੀ ਇਹ ਉਸ ਦੇ ਲਈ ਹਮੇਸ਼ਾ ਸੌਖਾ ਨਹੀਂ ਸੀ। ਧਿਆਨ ਦਿਓ ਕੀ ਯਿਸੂ ਦੀ ਗਿਰਫ਼ਤਾਰੀ, ਮੁਕੱਦਮੇ, ਅਤੇ ਕਤਲ ਤੋਂ ਪਹਿਲਾਂ ਕੀ ਹੋਇਆ ਸੀ। ਜਦ ਉਹ ਗਥਸਮਨੀ ਦੇ ਬਾਗ਼ ਵਿਚ ਸੀ ਤਾਂ ਉਹ “ਬਹੁਤ ਉਦਾਸ” ਹੋਇਆ ਅਤੇ ‘ਮਹਾਂ ਕਸ਼ਟ ਵਿੱਚ ਪੈ ਗਿਆ।’ ਉਸ ਦਾ ਦਿਲ ਇੰਨਾ ਭਾਰਾ ਸੀ ਕਿ ਪ੍ਰਾਰਥਨਾ ਕਰਦੇ ਸਮੇਂ “ਉਹ ਦਾ ਮੁੜ੍ਹਕਾ ਲਹੂ ਦੀਆਂ ਬੂੰਦਾਂ ਵਾਂਙੁ ਭੁੰਞੇਂ ਡਿਗਦਾ ਸੀ।”—ਮੱਤੀ 26:38; ਲੂਕਾ 22:44.
ਯਿਸੂ ਇੰਨਾ ਦੁਖੀ ਕਿਉਂ ਸੀ? ਕੀ ਉਹ ਆਪਣੇ ਬਾਰੇ ਸੋਚ ਰਿਹਾ ਸੀ ਜਾਂ ਕੀ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਨਹੀਂ ਕਰਨੀ ਚਾਹੁੰਦਾ ਸੀ? ਇਹ ਗੱਲ ਨਹੀਂ ਸੀ। ਉਹ ਮਰਨ ਲਈ ਤਿਆਰ ਸੀ, ਅਸਲ ਵਿਚ ਜਦੋਂ ਪਤਰਸ ਨੇ ਉਸ ਨੂੰ ਕਿਹਾ ਕਿ “ਪ੍ਰਭੁ ਜੀ, ਪਰਮੇਸ਼ੁਰ ਇਸ ਤਰ੍ਹਾਂ ਨਾ ਕਰੇ ਅਤੇ ਤੁਹਾਡੇ ਨਾਲ ਇਹ ਸਭ ਨਾ ਵਾਪਰੇ,” ਤਾਂ ਯਿਸੂ ਨੇ ਉਸ ਨੂੰ ਤਾੜਨਾ ਦਿੱਤੀ ਸੀ। (ਮੱਤੀ 16:21-23, ਪਵਿੱਤਰ ਬਾਈਬਲ ਨਵਾਂ ਅਨੁਵਾਦ।) ਯਿਸੂ ਨੂੰ ਇਹ ਫ਼ਿਕਰ ਸੀ ਕਿ ਇਕ ਅਪਰਾਧੀ ਦੇ ਤੌਰ ਤੇ ਮਾਰਿਆ ਜਾਣਾ ਯਹੋਵਾਹ ਅਤੇ ਉਸ ਦੇ ਪਵਿੱਤਰ ਨਾਂ ਨੂੰ ਬਦਨਾਮ ਕਰੇਗਾ। ਯਿਸੂ ਜਾਣਦਾ ਸੀ ਕਿ ਉਸ ਦਾ ਪਿਤਾ ਆਪਣੇ ਪੁੱਤਰ ਨੂੰ ਇਸ ਤਰ੍ਹਾਂ ਮਰਦੇ ਦੇਖ ਕੇ ਬਹੁਤ ਹੀ ਦੁਖੀ ਹੋਵੇਗਾ।
ਯਿਸੂ ਇਹ ਵੀ ਜਾਣਦਾ ਸੀ ਕਿ ਯਹੋਵਾਹ ਦੇ ਮਕਸਦ ਦੇ ਪੂਰੇ ਹੋਣ ਦੇ ਸੰਬੰਧ ਵਿਚ ਇਕ ਬਹੁਤ ਹੀ ਖ਼ਾਸ ਸਮਾਂ ਨੇੜੇ ਆ ਰਿਹਾ ਸੀ। ਯਹੋਵਾਹ ਦੇ ਹੁਕਮਾਂ ਤੇ ਚੱਲ ਕੇ ਉਹ ਦਿਖਾ ਸਕੇਗਾ ਕਿ ਆਦਮ ਵੀ ਵਫ਼ਾਦਾਰ ਰਹਿ ਸਕਦਾ ਸੀ। ਸ਼ਤਾਨ ਨੇ ਇਲਜ਼ਾਮ ਲਗਾਇਆ ਸੀ ਕਿ ਅਜ਼ਮਾਏ ਜਾਣ ਤੇ ਕੋਈ ਵੀ ਇਨਸਾਨ ਖ਼ੁਸ਼ੀ ਨਾਲ ਵਫ਼ਾਦਾਰ ਨਹੀਂ ਰਹੇਗਾ, ਪਰ ਯਿਸੂ ਦੀ ਵਫ਼ਾਦਾਰੀ ਇਸ ਇਲਜ਼ਾਮ ਨੂੰ ਪੂਰੀ ਤਰ੍ਹਾਂ ਗ਼ਲਤ ਸਾਬਤ ਕਰ ਸਕੇਗੀ। ਯਿਸੂ ਦੇ ਰਾਹੀਂ, ਯਹੋਵਾਹ ਸ਼ਤਾਨ ਅਤੇ ਉਸ ਦੀ ਬਗਾਵਤ ਦੇ ਬੁਰੇ ਨਤੀਜਿਆਂ ਨੂੰ ਪੂਰੀ ਤਰ੍ਹਾਂ ਨਾਸ਼ ਕਰੇਗਾ।—ਉਤਪਤ 3:15.
ਯਿਸੂ ਦੇ ਸਿਰ ਤੇ ਕਿੰਨੀ ਵੱਡੀ ਜ਼ਿੰਮੇਵਾਰੀ ਸੀ! ਉਸ ਦੇ ਪਿਤਾ ਦਾ ਨਾਂ, ਵਿਸ਼ਵ ਦੀ ਸ਼ਾਂਤੀ, ਅਤੇ ਮਨੁੱਖਜਾਤੀ ਦੀ ਮੁਕਤੀ, ਇਹ ਸਭ ਕੁਝ ਯਿਸੂ ਦੀ ਵਫ਼ਾਦਾਰੀ ਤੇ ਨਿਰਭਰ ਕਰਦੇ ਸਨ। ਇਸੇ ਕਰਕੇ ਯਿਸੂ ਨੇ ਪ੍ਰਾਰਥਨਾ ਵਿਚ ਕਿਹਾ: “ਹੇ ਮੇਰੇ ਪਿਤਾ, ਜੇ ਹੋ ਸੱਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈਂ।” (ਮੱਤੀ 26:39) ਸਭ ਤੋਂ ਸਖ਼ਤ ਦਬਾਅ ਦੇ ਹੇਠ ਆ ਕੇ ਵੀ ਯਿਸੂ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਤਿਆਰ ਸੀ।
‘ਆਤਮਾ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ’
ਜਿਸ ਤਰ੍ਹਾਂ ਯਹੋਵਾਹ ਦੀ ਸੇਵਾ ਕਰਨ ਵਿਚ ਯਿਸੂ ਨੂੰ ਜਜ਼ਬਾਤੀ ਤੌਰ ਤੇ ਵੱਡਾ ਦਬਾਅ ਸਹਿਣਾ ਪਿਆ, ਇਸੇ ਤਰ੍ਹਾਂ ਸਾਡੇ ਉੱਤੇ ਵੀ ਪਰਮੇਸ਼ੁਰ ਦੇ ਸੇਵਕ ਹੋਣ ਕਰਕੇ ਸ਼ਤਾਨ ਵੱਲੋਂ ਦਬਾਅ ਆਉਣਗੇ। (ਯੂਹੰਨਾ 15:20; 1 ਪਤਰਸ 5:8) ਇਸ ਤੋਂ ਇਲਾਵਾ ਅਸੀਂ ਪਾਪੀ ਵੀ ਹਾਂ। ਇਸ ਲਈ ਭਾਵੇਂ ਕਿ ਅਸੀਂ ਸੱਚੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਦੇ ਹਾਂ ਇਹ ਸਾਡੇ ਲਈ ਸੌਖਾ ਨਹੀਂ ਹੈ। ਯਿਸੂ ਨੇ ਦੇਖਿਆ ਕਿ ਰਸੂਲਾਂ ਲਈ ਉਸ ਦੀਆਂ ਗੱਲਾਂ ਤੇ ਚੱਲਣਾ ਸੌਖਾ ਨਹੀਂ ਸੀ। ਤਾਈਓਂ ਉਸ ਨੇ ਕਿਹਾ ਕਿ “ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।” (ਮੱਤੀ 26:41) ਯਿਸੂ ਦੇ ਸੰਪੂਰਣ ਸਰੀਰ ਵਿਚ ਤਾਂ ਕੋਈ ਕਮਜ਼ੋਰੀ ਨਹੀਂ ਸੀ। ਪਰ ਉਹ ਇੱਥੇ ਆਪਣੇ ਚੇਲਿਆਂ ਦੀਆਂ ਸਰੀਰਕ ਕਮਜ਼ੋਰੀਆਂ ਬਾਰੇ ਗੱਲ ਕਰ ਰਿਹਾ ਸੀ, ਯਾਨੀ ਉਹ ਕਮਜ਼ੋਰੀਆਂ ਜੋ ਉਨ੍ਹਾਂ ਨੂੰ ਵਿਰਸੇ ਵਿਚ ਆਦਮ ਦੇ ਪਾਪ ਰਾਹੀਂ ਮਿਲੀਆਂ ਸਨ। ਯਿਸੂ ਜਾਣਦਾ ਸੀ ਕਿ ਇਹ ਵਿਰਸਾ ਬੰਦੇ ਤੇ ਪਾਬੰਦੀਆਂ ਲਾ ਦਿੰਦੀ ਹੈ, ਇਸ ਲਈ ਉਹ ਯਹੋਵਾਹ ਦੀ ਸੇਵਾ ਜਿੰਨੀ ਮਰਜ਼ੀ ਕਿਉਂ ਨਾ ਕਰਨੀ ਚਾਹੇ ਇਹ ਉਸ ਲਈ ਔਖਾ ਹੁੰਦਾ ਹੈ।
ਜਦ ਕਮੀਆਂ ਦੇ ਕਾਰਨ ਪੌਲੁਸ ਰਸੂਲ ਪਰਮੇਸ਼ੁਰ ਦੀ ਸੇਵਾ ਪੂਰੀ ਤਰ੍ਹਾਂ ਨਹੀਂ ਕਰ ਸਕਦਾ ਸੀ ਤਾਂ ਉਹ ਬਹੁਤ ਦੁਖੀ ਹੁੰਦਾ ਸੀ। ਸ਼ਾਇਦ ਅਸੀਂ ਵੀ ਉਸ ਵਾਂਗ ਮਹਿਸੂਸ ਕਰੀਏ ਜਿਸ ਤਰ੍ਹਾਂ ਉਸ ਨੇ ਲਿਖਿਆ: “ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ ਪਰ ਭਲਾ ਕਰਨਾ ਹੈ ਨਹੀਂ।” (ਰੋਮੀਆਂ 7:18) ਅਸੀਂ ਵੀ ਇਹੀ ਦੇਖਦੇ ਹਾਂ ਕਿ ਅਸੀਂ ਸਭ ਭਲੇ ਕੰਮ ਪੂਰੀ ਤਰ੍ਹਾਂ ਨਹੀਂ ਕਰ ਸਕਦੇ ਜਿਸ ਤਰ੍ਹਾਂ ਅਸੀਂ ਕਰਨਾ ਚਾਹੁੰਦੇ ਹਾਂ। (ਰੋਮੀਆਂ 7:19) ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਕਰਨਾ ਨਹੀਂ ਚਾਹੁੰਦੇ, ਪਰ ਕਮਜ਼ੋਰ ਸਰੀਰ ਜਾਂ ਪਾਪ ਕਾਰਨ ਸਾਡੇ ਚੰਗੇ ਇਰਾਦਿਆਂ ਵਿਚ ਰੁਕਾਵਟ ਪੈ ਜਾਂਦੀ ਹੈ।
ਪਰ ਨਿਰਾਸ਼ ਨਾ ਹੋਵੋ। ਜੇਕਰ ਅਸੀਂ ਪੂਰੀ ਕੋਸ਼ਿਸ਼ ਕਰਨ ਲਈ ਦਿਲੋਂ ਤਿਆਰ ਹਾਂ, ਤਾਂ ਪਰਮੇਸ਼ੁਰ ਸਾਡੀ ਸੇਵਾ ਜ਼ਰੂਰ ਕਬੂਲ ਕਰੇਗਾ। (2 ਕੁਰਿੰਥੀਆਂ 8:12) ਆਓ ਆਪਾਂ ਪਰਮੇਸ਼ੁਰ ਦੀ ਸੇਵਾ ਕਰਨ ਲਈ ਯਿਸੂ ਦੀ ਅਧੀਨਗੀ ਦੀ ਮਿਸਾਲ ਦੀ ਨਕਲ ਕਰਨ ਵਿਚ ਪੂਰਾ “ਜਤਨ” ਕਰੀਏ। (2 ਤਿਮੋਥਿਉਸ 2:15; ਫ਼ਿਲਿੱਪੀਆਂ 2:5-7; 1 ਪਤਰਸ 4:1, 2) ਜੇਕਰ ਸਾਡਾ ਇਸ ਤਰ੍ਹਾਂ ਦਾ ਰਜ਼ਾਮੰਦ ਰਵੱਈਆ ਹੈ ਤਾਂ ਯਹੋਵਾਹ ਸਾਨੂੰ ਬਰਕਤਾਂ ਦੇਵੇਗਾ। ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ ਤਾਂ ਯਹੋਵਾਹ ਸਾਨੂੰ “ਅੱਤ ਵੱਡਾ ਮਹਾਤਮ” ਬਖ਼ਸ਼ਦਾ ਹੈ (2 ਕੁਰਿੰਥੀਆਂ 4:7-10) ਯਹੋਵਾਹ ਦੀ ਮਦਦ ਨਾਲ ਅਸੀਂ ਉਸ ਦੀ ਸੇਵਾ ਵਿਚ ਪੌਲੁਸ ਵਾਂਗ ‘ਅਨੰਦ ਨਾਲ ਖਰਚ ਕਰਾਂਗਾ ਅਤੇ ਆਪ ਹੀ ਖਰਚ ਹੋਵਾਂਗੇ।’
[ਸਫ਼ੇ 21 ਉੱਤੇ ਤਸਵੀਰ]
ਪੌਲੁਸ ਨੇ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕੀਤੀ ਸੀ
[ਸਫ਼ੇ 23 ਉੱਤੇ ਤਸਵੀਰ]
ਬਹੁਤ ਦਬਾਅ ਦੇ ਬਾਵਜੂਦ ਵੀ ਯਿਸੂ ਨੇ ਆਪਣੇ ਪਿਤਾ ਦੀ ਇੱਛਾ ਪੂਰੀ ਕੀਤੀ