ਉਨ੍ਹਾਂ ਨੇ ਮਸੀਹਾ ਨੂੰ ਲੱਭ ਲਿਆ!
‘ਅਸਾਂ ਮਸੀਹ ਨੂੰ ਲੱਭ ਲਿਆ ਹੈ!’—ਯੂਹੰ. 1:41.
1. ਕਿਸ ਗੱਲ ਕਰਕੇ ਅੰਦ੍ਰਿਯਾਸ ਨੇ ਕਿਹੜੀ ਖ਼ੁਸ਼ੀ ਨਾਲ ਕਿਹਾ: ‘ਅਸਾਂ ਮਸੀਹ ਨੂੰ ਲੱਭ ਲਿਆ ਹੈ’?
ਯੂਹੰਨਾ ਬਪਤਿਸਮਾ ਦੇਣ ਵਾਲਾ ਆਪਣੇ ਦੋ ਚੇਲਿਆਂ ਨਾਲ ਹੈ। ਜਿਉਂ ਹੀ ਯਿਸੂ ਉਨ੍ਹਾਂ ਵੱਲ ਆਉਂਦਾ ਹੈ, ਯੂਹੰਨਾ ਕਹਿੰਦਾ ਹੈ: “ਵੇਖੋ ਪਰਮੇਸ਼ੁਰ ਦਾ ਲੇਲਾ!” ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦੋ ਚੇਲੇ ਅੰਦ੍ਰਿਯਾਸ ਅਤੇ ਯੂਹੰਨਾ ਫ਼ੌਰਨ ਯਿਸੂ ਮਗਰ ਤੁਰ ਪਏ ਅਤੇ ਬਾਕੀ ਸਾਰਾ ਦਿਨ ਉਸ ਨਾਲ ਰਹੇ। ਬਾਅਦ ਵਿਚ ਅੰਦ੍ਰਿਯਾਸ ਨੇ ਆਪਣੇ ਭਰਾ ਸ਼ਮਊਨ ਨੂੰ ਲੱਭ ਕੇ ਇਹ ਖ਼ੁਸ਼ ਖ਼ਬਰੀ ਦਿੰਦਾ ਹੈ: ‘ਅਸਾਂ ਮਸੀਹ ਨੂੰ ਲੱਭ ਲਿਆ ਹੈ!’ ਯਿਸੂ ਨੂੰ ਦੇਖਣ ਲਈ ਫਿਰ ਅੰਦ੍ਰਿਯਾਸ, ਪਤਰਸ ਨੂੰ ਲੈ ਕੇ ਜਾਂਦਾ ਹੈ।—ਯੂਹੰ. 1:35-41.
2. ਮਸੀਹਾ ਬਾਰੇ ਭਵਿੱਖਬਾਣੀਆਂ ਦਾ ਅਧਿਐਨ ਕਰਨ ਨਾਲ ਸਾਡੀ ਕਿਵੇਂ ਮਦਦ ਹੋਵੇਗੀ?
2 ਸਮੇਂ ਦੇ ਬੀਤਣ ਨਾਲ ਅੰਦ੍ਰਿਯਾਸ, ਪਤਰਸ ਅਤੇ ਦੂਸਰੇ ਲੋਕ ਧਿਆਨ ਨਾਲ ਸ਼ਾਸਤਰਾਂ ਦਾ ਅਧਿਐਨ ਕਰਨਗੇ ਅਤੇ ਬਿਨਾਂ ਸ਼ੱਕ ਕਹਿਣਗੇ ਕਿ ਯਿਸੂ ਹੀ ਵਾਅਦਾ ਕੀਤਾ ਗਿਆ ਮਸੀਹਾ ਹੈ। ਅਸੀਂ ਹੁਣ ਬਾਈਬਲ ਦੀਆਂ ਕੁਝ ਹੋਰ ਭਵਿੱਖਬਾਣੀਆਂ ਬਾਰੇ ਪੜ੍ਹਾਂਗੇ ਜੋ ਸਾਬਤ ਕਰਦੀਆਂ ਹਨ ਕਿ ਮਸੀਹਾ ਕੌਣ ਹੈ। ਇਨ੍ਹਾਂ ਦੀ ਮਦਦ ਨਾਲ ਬਾਈਬਲ ਅਤੇ ਯਹੋਵਾਹ ਵੱਲੋਂ ਚੁਣੇ ਗਏ ਮਸੀਹਾ ਉੱਤੇ ਸਾਡਾ ਵਿਸ਼ਵਾਸ ਹੋਰ ਵੀ ਪੱਕਾ ਹੋਵੇਗਾ।
‘ਵੇਖ ਤੇਰਾ ਪਾਤਸ਼ਾਹ ਆਉਂਦਾ ਹੈ’
3. ਜਦੋਂ ਯਿਸੂ ਰਾਜੇ ਵਜੋਂ ਯਰੂਸ਼ਲਮ ਵਿਚ ਦਾਖ਼ਲ ਹੋਇਆ, ਤਾਂ ਕਿਹੜੀਆਂ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ?
3 ਮਸੀਹਾ ਰਾਜੇ ਵਜੋਂ ਯਰੂਸ਼ਲਮ ਵਿਚ ਦਾਖ਼ਲ ਹੋਵੇਗਾ। ਜ਼ਕਰਯਾਹ ਦੀ ਭਵਿੱਖਬਾਣੀ ਵਿਚ ਦੱਸਿਆ ਹੈ: “ਹੇ ਸੀਯੋਨ ਦੀਏ ਧੀਏ, ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀਏ ਧੀਏ, ਲਲਕਾਰ! ਵੇਖ, ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਹੈ ਅਤੇ ਸੁਰਜੀਤ ਹੈ, ਉਹ ਅਧੀਨ ਹੈ ਅਤੇ ਗਧੇ ਦੇ ਜੁਆਨ ਬੱਚੇ ਉੱਤੇ ਸਵਾਰ ਹੈ।” (ਜ਼ਕ. 9:9) ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹਾ: “ਮੁਬਾਰਕ ਉਹ ਹੈ ਜਿਹੜਾ ਯਹੋਵਾਹ ਦੇ ਨਾਮ ਤੇ ਆਉਂਦਾ ਹੈ।” (ਜ਼ਬੂ. 118:26) ਜਿਉਂ ਹੀ ਯਿਸੂ ਯਰੂਸ਼ਲਮ ਵਿਚ ਦਾਖ਼ਲ ਹੋਇਆ, ਲੋਕਾਂ ਦੀ ਵੱਡੀ ਭੀੜ ਖ਼ੁਸ਼ੀ ਨਾਲ ਚਿਲਾਉਣ ਲੱਗੀ। ਯਿਸੂ ਨੇ ਭੀੜ ਨੂੰ ਇਸ ਤਰ੍ਹਾਂ ਕਰਨ ਲਈ ਨਹੀਂ ਕਿਹਾ ਸੀ। ਪਰ ਉਨ੍ਹਾਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ। ਪੜ੍ਹਦੇ ਸਮੇਂ ਕਲਪਨਾ ਕਰੋ ਕਿ ਤੁਸੀਂ ਉੱਥੇ ਹੋ ਅਤੇ ਭੀੜ ਦੀਆਂ ਖ਼ੁਸ਼ੀ ਭਰੀਆਂ ਆਵਾਜ਼ਾਂ ਸੁਣ ਸਕਦੇ ਹੋ।—ਮੱਤੀ 21:4-9 ਪੜ੍ਹੋ।
4. ਜ਼ਬੂਰਾਂ ਦੀ ਪੋਥੀ 118:22, 23 ਕਿਵੇਂ ਪੂਰਾ ਹੋਇਆ?
4 ਭਾਵੇਂ ਕਈ ਲੋਕ ਉਸ ਨੂੰ ਮਸੀਹਾ ਵਜੋਂ ਸਵੀਕਾਰ ਨਹੀਂ ਕਰਨਗੇ, ਪਰ ਯਿਸੂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਸੀ। ਭਵਿੱਖਬਾਣੀ ਮੁਤਾਬਕ ਕਈ ਲੋਕਾਂ ਨੇ ਯਿਸੂ ਨਾਲ ਨਫ਼ਰਤ ਕੀਤੀ ਅਤੇ ਉਸ ਦੀ ਕਦਰ ਨਹੀਂ ਕੀਤੀ। ਕਹਿਣ ਦਾ ਮਤਲਬ ਕਿ ਇਨ੍ਹਾਂ ਲੋਕਾਂ ਨੇ ਉਸ ʼਤੇ ਨਿਹਚਾ ਨਹੀਂ ਕੀਤੀ। (ਯਸਾ. 53:3; ਮਰ. 9:12) ਪਰ ਬਾਈਬਲ ਕਹਿੰਦੀ ਹੈ: “ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। ਏਹ ਯਹੋਵਾਹ ਦੀ ਵੱਲੋਂ ਹੈ।” (ਜ਼ਬੂ. 118:22, 23) ਇਕ ਮੌਕੇ ਤੇ ਯਿਸੂ ਨੇ ਆਪਣੇ ਦੁਸ਼ਮਣਾਂ ਨਾਲ ਇਸ ਭਵਿੱਖਬਾਣੀ ਬਾਰੇ ਗੱਲ ਕੀਤੀ ਸੀ। ਪਤਰਸ ਨੇ ਵੀ ਕਿਹਾ ਕਿ ਇਹ ਭਵਿੱਖਬਾਣੀ ਯਿਸੂ ʼਤੇ ਪੂਰੀ ਹੋਈ ਸੀ। ਯਿਸੂ, ਮਸੀਹੀ ਕਲੀਸਿਯਾ ਦੀ ਨੀਂਹ ਦਾ ਮੁੱਖ ਪੱਥਰ ਬਣਿਆ। ਹਾਲਾਂਕਿ ਲੋਕਾਂ ਨੇ ਯਿਸੂ ਨੂੰ ਮਸੀਹਾ ਵਜੋਂ ਨਹੀਂ ਸਵੀਕਾਰਿਆ, ਪਰ ਉਹ “ਪਰਮੇਸ਼ੁਰ ਦੇ ਭਾਣੇ ਚੁਣਿਆ ਹੋਇਆ ਅਤੇ ਅਮੋਲਕ ਹੈ।”—1 ਪਤ. 2:4-6; ਮਰ. 12:10, 11; ਰਸੂ. 4:8-11.
ਫੜਵਾਇਆ ਤੇ ਤਿਆਗ ਦਿੱਤਾ ਗਿਆ!
5, 6. ਮਸੀਹਾ ਦੇ ਫੜਵਾਉਣ ਬਾਰੇ ਭਵਿੱਖਬਾਣੀਆਂ ਨੇ ਕੀ ਕਿਹਾ? ਇਹ ਕਿਵੇਂ ਪੂਰੀਆਂ ਹੋਈਆਂ?
5 ਮਸੀਹ ਦਾ ਦੋਸਤ ਕਹਿਲਾਉਣ ਵਾਲਾ ਉਸ ਨੂੰ ਫੜਵਾਏਗਾ। ਦਾਊਦ ਨੇ ਭਵਿੱਖਬਾਣੀ ਕੀਤੀ: “ਮੇਰਾ ਮੇਲੀ ਜਿਹ ਦੇ ਉੱਤੇ ਮੇਰਾ ਭਰੋਸਾ ਸੀ, ਅਰ ਜਿਸ ਨੇ ਮੇਰੀ ਰੋਟੀ ਖਾਧੀ, ਉਸ ਨੇ ਵੀ ਮੇਰੇ ਉੱਤੇ ਲੱਤ ਚੁੱਕੀ ਹੈ।” (ਜ਼ਬੂ. 41:9) ਬਾਈਬਲ ਦੇ ਜ਼ਮਾਨੇ ਵਿਚ ਮਿਲ ਕੇ ਰੋਟੀ ਖਾਣਾ ਗੂੜ੍ਹੀ ਦੋਸਤੀ ਨੂੰ ਦਰਸਾਉਂਦਾ ਸੀ। (ਉਤ. 31:54) ਸੋ ਇਸ ਭਵਿੱਖਬਾਣੀ ਦਾ ਮਤਲਬ ਸੀ ਕਿ ਯਿਸੂ ਦਾ ਕੋਈ ਦੋਸਤ ਉਸ ਨਾਲ ਕੁਝ ਬੁਰਾ ਕਰੇਗਾ ਯਾਨੀ ਉਹ ਮਸੀਹਾ ਨੂੰ ਫੜਵਾਏਗਾ! ਯਿਸੂ ਨੇ ਆਪਣੇ ਰਸੂਲਾਂ ਨੂੰ ਇਸ ਬੰਦੇ ਬਾਰੇ ਕਿਹਾ: “ਮੈਂ ਤੁਸਾਂ ਸਭਨਾਂ ਦੇ ਵਿਖੇ ਨਹੀਂ ਆਖਦਾ ਹਾਂ। ਮੈਂ ਉਨ੍ਹਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਮੈਂ ਚੁਣ ਲਿਆ ਹੈ, ਪਰ ਇਹ ਇਸ ਲਈ ਹੈ ਜੋ ਲਿਖਤ ਪੂਰੀ ਹੋਵੇ ਭਈ ਉਸ ਨੇ ਜਿਹੜਾ ਮੇਰੀ ਰੋਟੀ ਖਾਂਦਾ ਹੈ ਮੇਰੇ ਉੱਤੇ ਆਪਣੀ ਲੱਤ ਚੁੱਕੀ।” (ਯੂਹੰ. 13:18) ਯਿਸੂ, ਯਹੂਦਾ ਇਸਕਰਿਯੋਤੀ ਦੀ ਗੱਲ ਕਰ ਰਿਹਾ ਸੀ ਜੋ ਉਸ ਦਾ ਚੇਲਾ ਅਤੇ ਦੋਸਤ ਸੀ। ਉਸ ਨੇ ਜਦੋਂ ਯਿਸੂ ਨੂੰ ਫੜਵਾਇਆ, ਤਾਂ ਇਹ ਭਵਿੱਖਬਾਣੀ ਪੂਰੀ ਹੋਈ।
6 ਮਸੀਹਾ ਨੂੰ ਫੜਵਾਉਣ ਵਾਲੇ ਨੂੰ 30 ਸਿੱਕੇ ਮਿਲਣਗੇ ਜੋ ਕਿ ਗ਼ੁਲਾਮ ਦਾ ਮੁੱਲ ਸੀ! ਮੱਤੀ ਨੇ ਕਿਹਾ ਕਿ ਯਹੂਦਾ ਇਸਕਰਿਯੋਤੀ ਨੇ ਯਿਸੂ ਨੂੰ ਚਾਂਦੀ ਦੇ 30 ਸਿੱਕਿਆਂ ਬਦਲੇ ਫੜਵਾਇਆ ਤੇ ਇਸ ਤਰ੍ਹਾਂ ਜ਼ਕਰਯਾਹ 11:12, 13 ਦੀ ਭਵਿੱਖਬਾਣੀ ਪੂਰੀ ਹੋਈ। ਪਰ ਮੱਤੀ ਕਹਿੰਦਾ ਹੈ ਕਿ ਇਹ ਪੂਰੀ ਹੋਈ ਗੱਲ ਯਿਰਮਿਯਾਹ ਨਬੀ ਨੇ ਕਹੀ ਸੀ। ਫਿਰ ਉਹ ਯਿਰਮਿਯਾਹ ਦਾ ਨਾਂ ਕਿਉਂ ਲੈਂਦਾ ਹੈ ਜੇ ਭਵਿੱਖਬਾਣੀ ਜ਼ਕਰਯਾਹ ਦੀ ਪੋਥੀ ਵਿਚ ਦਰਜ ਹੈ? ਮੱਤੀ ਦੇ ਜ਼ਮਾਨੇ ਵਿਚ “ਨਬੀਆਂ ਦੀ ਪੋਥੀ” ਵਿਚ ਯਿਰਮਿਯਾਹ ਦਾ ਜ਼ਿਕਰ ਸਭ ਤੋਂ ਪਹਿਲਾਂ ਕੀਤਾ ਗਿਆ ਸੀ। ਇਸੇ ਕਰਕੇ ਯਹੂਦੀ ਲੋਕ ਇਸ ਪੋਥੀ ਦਾ ਜ਼ਿਕਰ ਕਰਦੇ ਵੇਲੇ ਪਹਿਲਾਂ ਯਿਰਮਿਯਾਹ ਦਾ ਨਾਂ ਲੈਂਦੇ ਸਨ। (ਹੋਰ ਜਾਣਕਾਰੀ ਲਈ ਲੂਕਾ 24:44 ਦੇਖੋ।) ਯਹੂਦਾ ਨੇ ਚਾਂਦੀ ਦੇ ਉਹ 30 ਸਿੱਕੇ ਖ਼ਰਚਣ ਦੀ ਬਜਾਇ ਮੰਦਰ ਵਿਚ ਸੁੱਟ ਦਿੱਤੇ ਅਤੇ “ਜਾਕੇ ਆਪੇ ਫਾਹਾ ਲੈ ਲਿਆ।”—ਮੱਤੀ 26:14-16; 27:3-10.
7. ਜ਼ਕਰਯਾਹ 13:7 ਕਿਵੇਂ ਪੂਰਾ ਹੋਇਆ?
7 ਮਸੀਹਾ ਦੇ ਚੇਲੇ ਉਸ ਨੂੰ ਛੱਡ ਕੇ ਚਲੇ ਜਾਣਗੇ। ਜ਼ਕਰਯਾਹ ਨੇ ਲਿਖਿਆ: “ਅਯਾਲੀ ਨੂੰ ਮਾਰ ਭਈ ਭੇਡਾਂ ਖਿੱਲਰ ਜਾਣ।” (ਜ਼ਕ. 13:7) ਪੰਤੇਕੁਸਤ 33 ਈਸਵੀ ਦੇ 14 ਨੀਸਾਨ ਨੂੰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਅੱਜ ਰਾਤ ਤੁਸੀਂ ਸੱਭੇ ਮੇਰੇ ਕਾਰਨ ਠੋਕਰ ਖਾਵੋਗੇ ਕਿਉਂਕਿ ਇਹ ਲਿਖਿਆ ਹੈ ਜੋ ਮੈਂ ਅਯਾਲੀ ਨੂੰ ਮਾਰਾਂਗਾ ਅਤੇ ਇੱਜੜ ਦੀਆਂ ਭੇਡਾਂ ਖਿੱਲਰ ਜਾਣਗੀਆਂ।” ਠੀਕ ਇਸੇ ਤਰ੍ਹਾਂ ਯਿਸੂ ਦੇ ਸਾਰੇ ਚੇਲੇ ਉਸ ਨੂੰ ਛੱਡ ਕੇ ਭੱਜ ਗਏ।—ਮੱਤੀ 26:31, 56.
ਇਲਜ਼ਾਮ ਲਾਏ ਗਏ ਤੇ ਕੁੱਟਿਆ ਗਿਆ
8. ਯਸਾਯਾਹ 53:8 ਕਿਵੇਂ ਪੂਰਾ ਹੋਇਆ?
8 ਲੋਕ ਮਸੀਹਾ ਨੂੰ ਅਦਾਲਤ ਵਿਚ ਘੜੀਸਣਗੇ ਅਤੇ ਮੌਤ ਦੀ ਸਜ਼ਾ ਦੇਣਗੇ। (ਯਸਾਯਾਹ 53:8 ਪੜ੍ਹੋ।) 14 ਨੀਸਾਨ ਦੀ ਸਵੇਰ ਨੂੰ ਮਹਾਸਭਾ ਦੇ ਮੈਂਬਰਾਂ ਸਾਮ੍ਹਣੇ ਯਿਸੂ ਨੂੰ ਰੱਸੀਆਂ ਨਾਲ ਬੰਨ੍ਹ ਕੇ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ ਕੋਲ ਲਿਆਂਦਾ ਗਿਆ। ਉਸ ਨੇ ਯਿਸੂ ਨੂੰ ਸਵਾਲ-ਜਵਾਬ ਕੀਤੇ ਅਤੇ ਕਿਹਾ ਕਿ ਉਹ ਬੇਕਸੂਰ ਸੀ। ਪਰ ਜਦੋਂ ਪਿਲਾਤੁਸ ਨੇ ਭੀੜ ਨੂੰ ਯਿਸੂ ਨੂੰ ਛੱਡਣ ਬਾਰੇ ਪੁੱਛਿਆ, ਤਾਂ ਭੀੜ ਚਿਲਾਈ: “ਉਹ ਨੂੰ ਸਲੀਬ ਦਿਓ!” ਉਨ੍ਹਾਂ ਨੇ ਯਿਸੂ ਦੀ ਬਜਾਇ ਇਕ ਅਪਰਾਧੀ ਬਰੱਬਾਸ ਨੂੰ ਛੱਡਣ ਲਈ ਕਿਹਾ। ਪਿਲਾਤੁਸ ਨੇ ਭੀੜ ਨੂੰ ਖ਼ੁਸ਼ ਕਰਨ ਲਈ ਬਰੱਬਾਸ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਾਰਨ ਅਤੇ ਸੂਲ਼ੀ ਉੱਤੇ ਚਾੜ੍ਹਨ ਦਾ ਹੁਕਮ ਦਿੱਤਾ।—ਮਰ. 15:1-15.
9. ਜ਼ਬੂਰਾਂ ਦੀ ਪੋਥੀ 35:11 ਕਿਵੇਂ ਪੂਰਾ ਹੋਇਆ?
9 ਮਸੀਹਾ ਵਿਰੁੱਧ ਝੂਠੇ ਗਵਾਹ ਖੜ੍ਹੇ ਹੋਣਗੇ। ਦਾਊਦ ਨੇ ਲਿਖਿਆ: “ਜ਼ਾਲਮ ਗਵਾਹ ਉੱਠ ਖੜੇ ਹੁੰਦੇ ਹਨ, ਓਹ ਮੈਥੋਂ ਓਹ ਗੱਲਾਂ ਪੁੱਛਦੇ ਹਨ ਜਿਹੜੀਆਂ ਮੈਂ ਨਹੀਂ ਜਾਣਦਾ।” (ਜ਼ਬੂ. 35:11) ਭਵਿੱਖਬਾਣੀ ਮੁਤਾਬਕ “ਪਰਧਾਨ ਜਾਜਕ ਅਰ ਸਾਰੀ ਮਹਾਸਭਾ ਯਿਸੂ ਦੇ ਵਿਰੁੱਧ ਉਹ ਦੇ ਜਾਨੋਂ ਮਾਰਨ ਲਈ ਝੂਠੀ ਗਵਾਹੀ ਢੂੰਡਦੀ ਸੀ।” (ਮੱਤੀ 26:59) ਬਾਈਬਲ ਕਹਿੰਦੀ ਹੈ ਕਿ ਕਈ ਲੋਕ ਉਸ ਖ਼ਿਲਾਫ਼ ਝੂਠੀ ਗਵਾਹੀ ਦੇ ਰਹੇ ਸਨ, ਪਰ ਉਨ੍ਹਾਂ ਦੀ ਗਵਾਹੀ ਇੱਕੋ ਜਿਹੀ ਨਹੀਂ ਸੀ। (ਮਰ. 14:56) ਯਿਸੂ ਦੇ ਦੁਸ਼ਮਣਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ। ਉਹ ਤਾਂ ਬੱਸ ਯਿਸੂ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ।
10. ਯਸਾਯਾਹ 53:7 ਕਿਵੇਂ ਪੂਰਾ ਹੋਇਆ?
10 ਮਸੀਹਾ ਆਪਣੇ ਉੱਤੇ ਦੋਸ਼ ਲਾਉਣ ਵਾਲਿਆਂ ਅੱਗੇ ਚੁੱਪ ਰਹੇਗਾ। ਯਸਾਯਾਹ ਨੇ ਭਵਿੱਖਬਾਣੀ ਕੀਤੀ: “ਉਹ ਸਤਾਇਆ ਗਿਆ ਤੇ ਦੁਖੀ ਹੋਇਆ, ਪਰ ਓਸ ਆਪਣਾ ਮੂੰਹ ਨਾ ਖੋਲ੍ਹਿਆ, ਲੇਲੇ ਵਾਂਙੁ ਜਿਹੜਾ ਕੱਟੇ ਜਾਣ ਲਈ ਲੈ ਜਾਇਆ ਜਾਂਦਾ, ਅਤੇ ਭੇਡ ਵਾਂਙੁ ਜਿਹੜੀ ਉੱਨ ਕਤਰਨ ਵਾਲਿਆਂ ਦੇ ਅੱਗੇ ਗੁੰਗੀ ਹੈ, ਸੋ ਓਸ ਆਪਣਾ ਮੂੰਹ ਨਾ ਖੋਲ੍ਹਿਆ।” (ਯਸਾ. 53:7) ਜਦ “ਪਰਧਾਨ ਜਾਜਕ ਅਰ ਬਜੁਰਗ [ਯਿਸੂ] ਉੱਤੇ ਦੋਸ਼ ਲਾਉਂਦੇ ਸਨ ਉਹ ਕੁਝ ਜਵਾਬ ਨਹੀਂ ਸੀ ਦਿੰਦਾ।” ਪਿਲਾਤੁਸ ਨੇ ਪੁੱਛਿਆ: “ਤੂੰ ਸੁਣਦਾ ਨਹੀਂ ਜੋ ਇਹ ਤੇਰੇ ਵਿਰੁੱਧ ਕਿੰਨੀਆਂ ਉਗਾਹੀਆਂ ਦਿੰਦੇ ਹਨ?” ਪਰ ਯਿਸੂ ਨੇ ਉਸ ਦੀ “ਇੱਕ ਗੱਲ ਦਾ ਵੀ ਜਵਾਬ ਨਾ ਦਿੱਤਾ ਐਥੋਂ ਤੀਕ ਜੋ ਹਾਕਮ ਨੇ ਬਹੁਤ ਅਚਰਜ ਮੰਨਿਆ।” (ਮੱਤੀ 27:12-14) ਯਿਸੂ ਨੇ ਆਪਣੇ ਦੁਸ਼ਮਣਾਂ ਨੂੰ ਕੁਝ ਬੁਰਾ-ਭਲਾ ਨਹੀਂ ਕਿਹਾ।—ਰੋਮੀ. 12:17-21; 1 ਪਤ. 2:23.
11. ਯਸਾਯਾਹ 50:6 ਅਤੇ ਮੀਕਾਹ 5:1 ਕਿਵੇਂ ਪੂਰੇ ਹੋਏ?
11 ਯਸਾਯਾਹ ਨੇ ਭਵਿੱਖਬਾਣੀ ਕੀਤੀ ਕਿ ਉਹ ਮਸੀਹਾ ਨੂੰ ਕੁੱਟਣਗੇ। ਯਸਾਯਾਹ ਨੇ ਲਿਖਿਆ: “ਮੈਂ ਆਪਣੀ ਪਿੱਠ ਮਾਰਨ ਵਾਲਿਆਂ ਨੂੰ, ਅਤੇ ਆਪਣੀਆਂ ਗੱਲ੍ਹਾਂ ਦਾੜ੍ਹੀ ਪੁੱਟਣ ਵਾਲਿਆਂ ਨੂੰ ਦਿੱਤੀਆਂ, ਮੈਂ ਆਪਣਾ ਮੂੰਹ ਸ਼ਰਮ ਅਰ ਥੁੱਕ ਤੋਂ ਨਾ ਲੁਕਾਇਆ।” (ਯਸਾ. 50:6) ਮੀਕਾਹ ਨੇ ਭਵਿੱਖਬਾਣੀ ਕੀਤੀ: “ਓਹ ਇਸਰਾਏਲ ਦੇ ਨਿਆਈ ਨੂੰ ਡੰਡੇ ਨਾਲ ਗੱਲ੍ਹ ਤੇ ਮਾਰਨਗੇ।” (ਮੀਕਾ. 5:1) ਇਸ ਬਾਰੇ ਮਰਕੁਸ ਨੇ ਵੀ ਲਿਖਿਆ: “ਕਿੰਨੇ ਉਸ ਉੱਤੇ ਥੁੱਕਣ ਅਤੇ ਉਹ ਦਾ ਮੂੰਹ ਢੱਕਣ ਅਤੇ ਉਹ ਨੂੰ ਮੁੱਕੇ ਮਾਰਨ ਅਤੇ ਕਹਿਣ ਲੱਗੇ, ਅਗੰਮ ਦੀ ਖਬਰ ਦਿਹ! ਅਰ ਸਿਪਾਹੀਆਂ ਨੇ ਉਹ ਨੂੰ ਲੈ ਕੇ ਚੁਪੇੜਾਂ ਮਾਰੀਆਂ।” ਮਰਕੁਸ ਨੇ ਕਿਹਾ ਕਿ ਸਿਪਾਹੀਆਂ ਨੇ ਉਸ ਦੇ ਸਿਰ ʼਤੇ ਕਾਨੇ ਮਾਰੇ, ਉਸ ʼਤੇ ਥੁੱਕਿਆ ਅਤੇ ਉਸ ਮੋਹਰੇ ਮੱਥਾ ਟੇਕਿਆ। (ਮਰ. 14:65; 15:19) ਯਿਸੂ ਨਾਲ ਇੱਦਾਂ ਕਰਨ ਦਾ ਲੋਕਾਂ ਕੋਲ ਕੋਈ ਹੱਕ ਨਹੀਂ ਸੀ।
ਮੌਤ ਤਾਈਂ ਵਫ਼ਾਦਾਰ
12. ਜ਼ਬੂਰ 22:16 ਕਿਵੇਂ ਪੂਰਾ ਹੋਇਆ? ਯਸਾਯਾਹ 53:12 ਕਿਵੇਂ ਪੂਰਾ ਹੋਇਆ?
12 ਮਸੀਹਾ ਸੂਲ਼ੀ ਉੱਤੇ ਟੰਗਿਆ ਜਾਵੇਗਾ। ਦਾਊਦ ਨੇ ਕਿਹਾ: “ਦੁਸ਼ਟ ਲੋਕਾਂ ਦੇ ਸਮੂਹ ਨੇ, ਮੈਨੂੰ ਕੁੱਤਿਆਂ ਵਾਂਗ ਘੇਰ ਲਿਆ ਹੈ। ਉਨ੍ਹਾਂ ਨੇ ਸ਼ੇਰਾਂ ਵਾਂਗ ਮੇਰੇ ਹੱਥ ਤੇ ਪੈਰ ਵਿੰਨ੍ਹ ਦਿੱਤੇ ਹਨ।” (ਜ਼ਬੂਰ 22:16, ERV) ਬਾਈਬਲ ਪੜ੍ਹਨ ਵਾਲੇ ਜਾਣਦੇ ਹਨ ਕਿ ਮਰਕੁਸ ਦੀ ਇਹ ਭਵਿੱਖਬਾਣੀ ਪੂਰੀ ਹੋਈ ਹੈ। ਮਰਕੁਸ ਨੇ ਲਿਖਿਆ ਕਿ ਸਵੇਰ ਦੇ ਤਕਰੀਬਨ ਨੌਂ ਵਜੇ ਯਿਸੂ ਦੇ ਹੱਥਾਂ ਪੈਰਾਂ ਵਿਚ ਕਿੱਲ ਠੋਕ ਕੇ ਉਸ ਨੂੰ ਲੱਕੜੀ ਦੇ ਇਕ ਖੰਭੇ ਉੱਤੇ ਟੰਗ ਦਿੱਤਾ ਗਿਆ। (ਮਰ. 15:25) ਇਕ ਹੋਰ ਭਵਿੱਖਬਾਣੀ ਦੱਸਦੀ ਹੈ ਕਿ ਮਸੀਹਾ ਪਾਪੀਆਂ ਨਾਲ ਮਰੇਗਾ। ਯਸਾਯਾਹ ਨੇ ਲਿਖਿਆ: “ਓਸ ਆਪਣੀ ਜਾਨ ਮੌਤ ਲਈ ਡੋਹਲ ਦਿੱਤੀ, ਅਤੇ ਅਪਰਾਧੀਆਂ ਨਾਲ ਗਿਣਿਆ ਗਿਆ।” (ਯਸਾ. 53:12) ਇਹ ਗੱਲ ਉਦੋਂ ਪੂਰੀ ਹੋਈ ਜਦੋਂ “ਦੋ ਡਾਕੂ ਸਲੀਬ ਉੱਤੇ ਚੜ੍ਹਾਏ ਗਏ, ਇੱਕ ਸੱਜੇ ਅਤੇ ਇੱਕ ਖੱਬੇ ਪਾਸੇ।”—ਮੱਤੀ 27:38.
13. ਜ਼ਬੂਰਾਂ ਦੀ ਪੋਥੀ 22:7, 8 ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ?
13 ਦਾਊਦ ਨੇ ਭਵਿੱਖਬਾਣੀ ਕੀਤੀ ਸੀ ਕਿ ਲੋਕ ਮਸੀਹਾ ਦਾ ਮਖੌਲ ਉਡਾਉਣਗੇ। (ਜ਼ਬੂਰਾਂ ਦੀ ਪੋਥੀ 22:7, 8 ਪੜ੍ਹੋ।) ਸੂਲ਼ੀ ਉੱਤੇ ਤੜਫ ਰਹੇ ਯਿਸੂ ਦਾ ਲੋਕਾਂ ਨੇ ਮਖੌਲ ਉਡਾਇਆ। ਮੱਤੀ ਸਾਨੂੰ ਦੱਸਦਾ ਹੈ: “ਆਉਣ ਜਾਣ ਵਾਲੇ ਉਹ ਨੂੰ ਤਾਨੇ ਮਾਰ ਕੇ ਅਤੇ ਸਿਰ ਹਲਾ ਕੇ ਕਹਿਣ ਲੱਗੇ ਤੂੰ ਜਿਹੜਾ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਬਣਾਉਂਦਾ ਸੈਂ ਆਪਣੇ ਆਪ ਨੂੰ ਬਚਾ ਲੈ! ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਸਲੀਬ ਉੱਤੋਂ ਉੱਤਰ ਆ!” ਪਰਧਾਨ ਜਾਜਕਾਂ, ਗ੍ਰੰਥੀਆਂ ਅਤੇ ਬਜ਼ੁਰਗਾਂ ਨੇ ਕਿਹਾ: “ਉਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸੱਕਦਾ! ਏਹ ਇਸਰਾਏਲ ਦਾ ਪਾਤਸ਼ਾਹ ਹੈ! ਹੁਣ ਸਲੀਬੋਂ ਉੱਤਰ ਆਵੇ ਤਾਂ ਅਸੀਂ ਉਹ ਦੇ ਉੱਤੇ ਨਿਹਚਾ ਕਰਾਂਗੇ। ਉਹ ਨੇ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ ਸੀ। ਜੇ ਉਹ ਉਸ ਨੂੰ ਚਾਹੁੰਦਾ ਹੈ ਤਾਂ ਹੁਣ ਉਸ ਨੂੰ ਛੁਡਾਵੇ ਕਿਉਂ ਜੋ ਉਹ ਨੇ ਆਖਿਆ ਸੀ, ਮੈਂ ਪਰਮੇਸ਼ੁਰ ਦਾ ਪੁੱਤ੍ਰ ਹਾਂ।” (ਮੱਤੀ 27:39-43) ਯਿਸੂ ਨੇ ਚੁੱਪ-ਚਾਪ ਸਭ ਕੁਝ ਬਰਦਾਸ਼ਤ ਕੀਤਾ। ਕਿੰਨੀ ਹੀ ਵਧੀਆ ਮਿਸਾਲ!
14, 15. ਦੱਸੋ ਕਿ ਮਸੀਹਾ ਦੇ ਕੱਪੜਿਆਂ ਅਤੇ ਪੀਣ ਲਈ ਦਿੱਤੇ ਜਾਂਦੇ ਸਿਰਕੇ ਬਾਰੇ ਕਿਹੜੀਆਂ ਕੁਝ ਭਵਿੱਖਬਾਣੀਆਂ ਪੂਰੀਆਂ ਹੋਈਆਂ?
14 ਉਹ ਮਸੀਹਾ ਦੇ ਕੱਪੜਿਆਂ ਉੱਤੇ ਗੁਣੇ ਪਾਉਣਗੇ। ਦਾਊਦ ਨੇ ਲਿਖਿਆ: “ਓਹ ਮੇਰੇ ਕੱਪੜੇ ਆਪੋ ਵਿੱਚ ਵੰਡ ਲੈਂਦੇ ਹਨ, ਅਤੇ ਮੇਰੇ ਲਿਬਾਸ ਉੱਤੇ ਗੁਣਾ ਪਾਉਂਦੇ ਹਨ।” (ਜ਼ਬੂ. 22:18) ਠੀਕ ਇਸੇ ਤਰ੍ਹਾਂ ਹੀ ਯਿਸੂ ਨੂੰ ਸੂਲ਼ੀ ʼਤੇ ਟੰਗਣ ਤੋਂ ਪਹਿਲਾਂ, ਸਿਪਾਹੀਆਂ ਨੇ ਉਸ ਦੇ ਕੱਪੜੇ ਵੰਡ ਕੇ ਗੁਣੇ ਪਾਏ।—ਮੱਤੀ 27:35; ਯੂਹੰਨਾ 19:23, 24 ਪੜ੍ਹੋ।
15 ਉਹ ਮਸੀਹਾ ਨੂੰ ਸਿਰਕਾ ਅਤੇ ਕੌੜੀ ਚੀਜ਼ ਪਿਲਾਉਣਗੇ। ਭਵਿੱਖਬਾਣੀ ਕਹਿੰਦੀ ਹੈ: “ਉਨ੍ਹਾਂ ਨੇ ਖਾਣ ਲਈ ਮੈਨੂੰ ਪਿੱਤ [ਕੌੜਾ ਨਸ਼ੀਲਾ ਪਦਾਰਥ] ਦਿੱਤਾ, ਅਤੇ ਤੇਹ ਦੇ ਵੇਲੇ ਮੈਨੂੰ ਸਿਰਕਾ ਪਿਆਇਆ।” (ਜ਼ਬੂ. 69:21) ਇਸ ਭਵਿੱਖਬਾਣੀ ਬਾਰੇ ਮੱਤੀ ਕਹਿੰਦਾ ਹੈ: “ਉਨ੍ਹਾਂ ਨੇ ਪਿੱਤ ਦੇ ਨਾਲ ਮਿਲਾਈ ਹੋਈ ਦਾਖ ਰਸ ਉਹ ਨੂੰ ਪੀਣ ਲਈ ਦਿੱਤੀ ਪਰ ਉਸ ਨੇ ਚੱਖ ਕੇ ਉਹ ਨੂੰ ਪੀਣਾ ਨਾ ਚਾਹਿਆ।” ਬਾਅਦ ਵਿਚ “ਉਨ੍ਹਾਂ ਵਿੱਚੋਂ ਇੱਕ ਨੇ ਦੌੜ ਕੇ ਸਪੰਜ ਲਿਆ ਅਤੇ ਸਿਰਕੇ ਨਾਲ ਭੇਂਵਿਆ ਅਤੇ ਕਾਨੇ ਉੱਤੇ ਬੰਨ੍ਹ ਕੇ ਉਹ ਨੂੰ ਚੁਸਾਇਆ।”—ਮੱਤੀ 27:34, 48.
16. ਜ਼ਬੂਰਾਂ ਦੀ ਪੋਥੀ 22:1 ਕਿਵੇਂ ਪੂਰਾ ਹੋਇਆ?
16 ਇੱਦਾਂ ਲੱਗੇਗਾ ਕਿ ਜਿਵੇਂ ਪਰਮੇਸ਼ੁਰ ਨੇ ਮਸੀਹਾ ਨੂੰ ਛੱਡ ਦਿੱਤਾ ਹੋਵੇ। (ਜ਼ਬੂਰਾਂ ਦੀ ਪੋਥੀ 22:1 ਪੜ੍ਹੋ।) ਮਰਕੁਸ ਦੱਸਦਾ ਹੈ ਕਿ ਤਕਰੀਬਨ ਦੁਪਹਿਰ ਦੇ ਤਿੰਨ ਵਜੇ ਯਿਸੂ ਨੇ ਉੱਚੀ ਆਵਾਜ਼ ਵਿਚ ਕਿਹਾ: “‘ਏਲੋਈ ਏਲੋਈ ਲਮਾ ਸਬਕਤਾਨੀ’ ਜਿਹ ਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ?” (ਮਰ. 15:34) ਯਿਸੂ ਦੇ ਇਸ ਤਰ੍ਹਾਂ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਉਸ ਨੂੰ ਆਪਣੇ ਪਿਤਾ ʼਤੇ ਭਰੋਸਾ ਨਹੀਂ ਸੀ। ਉਹ ਜਾਣਦਾ ਸੀ ਕਿ ਪਰਮੇਸ਼ੁਰ ਉਸ ਨੂੰ ਮੌਤ ਦੇ ਸਮੇਂ ਉਸ ਦੇ ਦੁਸ਼ਮਣਾਂ ਤੋਂ ਨਹੀਂ ਬਚਾਵੇਗਾ। ਯਿਸੂ ਕੋਲ ਇਹ ਦਿਖਾਉਣ ਦਾ ਮੌਕਾ ਸੀ ਕਿ ਉਹ ਪਰਮੇਸ਼ੁਰ ਪ੍ਰਤਿ ਹਮੇਸ਼ਾ ਵਫ਼ਾਦਾਰ ਰਹੇਗਾ ਜਾਂ ਨਹੀਂ। ਜਦੋਂ ਯਿਸੂ ਨੇ ਉੱਚੀ ਆਵਾਜ਼ ਵਿਚ ਕਿਹਾ ਸੀ ਕਿ “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ?”, ਤਾਂ ਜ਼ਬੂਰਾਂ ਦੀ ਪੋਥੀ 22:1 ਵਿਚ ਦਰਜ ਭਵਿੱਖਬਾਣੀ ਪੂਰੀ ਹੋਈ।
17. ਜ਼ਕਰਯਾਹ 12:10 ਅਤੇ ਜ਼ਬੂਰਾਂ ਦੀ ਪੋਥੀ 34:20 ਕਿਵੇਂ ਪੂਰੇ ਹੋਏ?
17 ਦੁਸ਼ਮਣ ਮਸੀਹਾ ਨੂੰ ਵਿੰਨ੍ਹਣਗੇ, ਪਰ ਉਸ ਦੀਆਂ ਹੱਡੀਆਂ ਨਹੀਂ ਤੋੜਨਗੇ। ਜ਼ਕਰਯਾਹ ਨੇ ਕਿਹਾ ਕਿ ਜਿਸ ਨੂੰ ਵਿੰਨ੍ਹਿਆ ਯਰੂਸ਼ਲਮ ਦੇ ਲੋਕ ਉਸ ਵੱਲ ਦੇਖਣਗੇ। (ਜ਼ਕ. 12:10) ਜ਼ਬੂਰਾਂ ਦੀ ਪੋਥੀ 34:20 ਵਿਚ ਲਿਖਿਆ ਹੈ: “[ਪਰਮੇਸ਼ੁਰ] ਉਸ ਦੀਆਂ ਸਾਰੀਆਂ ਹੱਡੀਆਂ ਦਾ ਰਾਖਾ ਹੈ, ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਤੋੜੀ ਜਾਂਦੀ।” ਯੂਹੰਨਾ ਰਸੂਲ ਨੇ ਕਿਹਾ ਕਿ ਇਹ ਦੋਵੇਂ ਭਵਿੱਖਬਾਣੀਆਂ ਪੂਰੀਆਂ ਹੋਈਆਂ ਸਨ। ਯੂਹੰਨਾ ਨੇ ਲਿਖਿਆ: “ਸਿਪਾਹੀਆਂ ਵਿੱਚੋਂ ਇੱਕ ਨੇ ਬਰਛੀ ਨਾਲ ਉਹ ਦੀ ਵੱਖੀ ਵਿੰਨ੍ਹੀ ਅਤੇ ਓਵੇਂ ਹੀ ਲਹੂ ਅਤੇ ਪਾਣੀ ਨਿੱਕਲਿਆ। ਅਰ ਜਿਹ ਨੇ ਇਹ ਵੇਖਿਆ ਹੈ ਉਹ ਨੇ ਸਾਖੀ ਦਿੱਤੀ ਹੈ ਅਤੇ ਉਹ ਦੀ ਸਾਖੀ ਸਤ ਹੈ। . . . ਏਹ ਗੱਲਾਂ ਇਸ ਲਈ ਹੋਈਆਂ ਜੋ ਇਹ ਲਿਖਤ ਪੂਰੀ ਹੋਵੇ ਭਈ ਉਹ ਦੀ ਕੋਈ ਹੱਡੀ ਤੋੜੀ ਨਾ ਜਾਵੇਗੀ। ਫੇਰ ਇਹ ਦੂਜੀ ਲਿਖਤ ਹੈ ਕਿ ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆਂ ਹੈ ਓਹ ਉਸ ਉੱਤੇ ਨਿਗਾਹ ਕਰਨਗੇ।”—ਯੂਹੰ. 19:33-37.
18. ਇਹ ਕਿਵੇਂ ਹੋਇਆ ਕਿ ਯਿਸੂ ਅਮੀਰਾਂ ਨਾਲ ਦਫ਼ਨਾਇਆ ਗਿਆ?
18 ਮਸੀਹਾ ਨੂੰ ਅਮੀਰਾਂ ਨਾਲ ਦਫ਼ਨਾਇਆ ਜਾਵੇਗਾ। (ਯਸਾਯਾਹ 53:5, 8, 9 ਪੜ੍ਹੋ।) ਨੀਸਾਨ 14 ਦੀ ਸ਼ਾਮ ਨੂੰ ‘ਯੂਸੁਫ਼ ਨਾਮੇ ਅਰਿਮਥੈਆ ਦੇ ਇੱਕ ਧਨੀ ਮਨੁੱਖ’ ਨੇ ਪਿਲਾਤੁਸ ਕੋਲੋਂ ਯਿਸੂ ਦੀ ਲਾਸ਼ ਮੰਗੀ ਤੇ ਪਿਲਾਤੁਸ ਮੰਨ ਗਿਆ। ਮੱਤੀ ਦੱਸਦਾ ਹੈ: “ਯੂਸੁਫ਼ ਨੇ ਲੋਥ ਨੂੰ ਲੈ ਕੇ ਸਾਫ਼ ਮਹੀਨ ਕੱਪੜੇ ਵਿੱਚ ਵਲੇਟਿਆ। ਅਰ ਆਪਣੀ ਨਵੀਂ ਕਬਰ ਦੇ ਅੰਦਰ ਰੱਖਿਆ ਜਿਹੜੀ ਉਸ ਨੇ ਪੱਥਰ ਵਿੱਚ ਖੁਦਵਾਈ ਸੀ ਅਤੇ ਭਾਰਾ ਪੱਥਰ ਕਬਰ ਦੇ ਮੂੰਹ ਉੱਤੇ ਰੇੜ੍ਹ ਕੇ ਚੱਲਿਆ ਗਿਆ।”—ਮੱਤੀ 27:57-60.
ਆਪਣੇ ਮਸੀਹੀ ਰਾਜੇ ਦੀ ਵਡਿਆਈ ਕਰੋ!
19. ਜ਼ਬੂਰਾਂ ਦੀ ਪੋਥੀ 16:10 ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ?
19 ਯਹੋਵਾਹ ਮਸੀਹਾ ਨੂੰ ਦੁਬਾਰਾ ਜੀਉਂਦਾ ਕਰੇਗਾ। ਦਾਊਦ ਨੇ ਲਿਖਿਆ: “ਤੂੰ ਮੇਰੀ ਜਾਨ ਨੂੰ ਪਤਾਲ [ਸ਼ੀਓਲ] ਵਿੱਚ ਨਾ ਛੱਡੇਂਗਾ।” (ਜ਼ਬੂ. 16:10) ਨੀਸਾਨ 16 ਨੂੰ ਕੁਝ ਤੀਵੀਆਂ ਯਿਸੂ ਦੀ ਕਬਰ ਤੇ ਆਈਆਂ। ਸੋਚੋ ਕਿ ਉਹ ਕਿੰਨੀਆਂ ਹੈਰਾਨ ਹੋਈਆਂ ਹੋਣੀਆਂ ਜਦੋਂ ਉਨ੍ਹਾਂ ਨੇ ਗੁਫ਼ਾ ਵਰਗੀ ਕਬਰ ਵਿਚ ਇਕ ਦੂਤ ਨੂੰ ਬੈਠੇ ਦੇਖਿਆ! ਦੂਤ ਨੇ ਤੀਵੀਆਂ ਨੂੰ ਕਿਹਾ: “ਹੈਰਾਨ ਨਾ ਹੋਵੋ, ਤੁਸੀਂ ਯਿਸੂ ਨਾਸਰੀ ਨੂੰ ਭਾਲਦੀਆਂ ਹੋ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਤਾਂ ਜੀ ਉੱਠਿਆ ਹੈ, ਉਹ ਐਥੇ ਹੈ ਨਹੀਂ। ਲਓ ਇਹ ਥਾਂ ਹੈ ਜਿੱਥੇ ਉਨ੍ਹਾਂ ਉਸ ਨੂੰ ਰੱਖਿਆ ਸੀ।” (ਮਰ. 16:6) ਪੰਤੇਕੁਸਤ 33 ਈਸਵੀ ਦੇ ਦਿਨ ਪਤਰਸ ਰਸੂਲ ਨੇ ਯਰੂਸ਼ਲਮ ਵਿਚ ਇਕੱਠੀ ਹੋਈ ਭੀੜ ਨੂੰ 16ਵੇਂ ਜ਼ਬੂਰ ਵਿਚ ਲਿਖੀ ਦਾਊਦ ਦੀ ਭਵਿੱਖਬਾਣੀ ਦੱਸੀ। ਉਸ ਨੇ ਕਿਹਾ: “[ਦਾਊਦ] ਨੇ ਇਹ ਅੱਗਿਓਂ ਵੇਖ ਕੇ ਮਸੀਹ ਦੇ ਜੀ ਉੱਠਣ ਦੀ ਗੱਲ ਕੀਤੀ ਕਿ ਨਾ ਉਹ ਪਤਾਲ [ਹੇਡੀਜ਼] ਵਿੱਚ ਛੱਡਿਆ ਗਿਆ ਅਤੇ ਨਾ ਉਸ ਦਾ ਸਰੀਰ ਗਲਿਆ।” (ਰਸੂ. 2:29-31) ਪਰਮੇਸ਼ੁਰ ਨੇ ਆਪਣੇ ਪਿਆਰੇ ਪੁੱਤਰ ਦੇ ਸਰੀਰ ਨੂੰ ਗਲ਼ਣ ਨਹੀਂ ਦਿੱਤਾ, ਸਗੋਂ ਯਹੋਵਾਹ ਨੇ ਯਿਸੂ ਨੂੰ ਦੁਬਾਰਾ ਜੀਉਂਦਾ ਕਰ ਕੇ ਉਸ ਨੂੰ ਸਵਰਗ ਵਿਚ ਅਮਰ ਜੀਵਨ ਦਿੱਤਾ।—1 ਪਤ. 3:18.
20. ਮਸੀਹਾ ਦੇ ਰਾਜ ਬਾਰੇ ਭਵਿੱਖਬਾਣੀਆਂ ਕੀ ਕਹਿੰਦੀਆਂ ਹਨ?
20 ਪਰਮੇਸ਼ੁਰ ਐਲਾਨ ਕਰੇਗਾ ਕਿ ਯਿਸੂ ਉਸ ਦਾ ਪੁੱਤਰ ਹੈ। (ਜ਼ਬੂਰਾਂ ਦੀ ਪੋਥੀ 2:7; ਮੱਤੀ 3:17 ਪੜ੍ਹੋ।) ਜਦੋਂ ਯਿਸੂ ਯਰੂਸ਼ਲਮ ਵਿਚ ਦਾਖ਼ਲ ਹੋਇਆ, ਤਾਂ ਭੀੜ ਨੇ ਉਸ ਦੀ ਅਤੇ ਉਸ ਦੇ ਰਾਜ ਦੀ ਵਡਿਆਈ ਕੀਤੀ। ਅਸੀਂ ਖ਼ੁਸ਼ੀ ਨਾਲ ਦੂਜਿਆਂ ਨੂੰ ਉਸ ਬਾਰੇ ਅਤੇ ਉਸ ਦੇ ਰਾਜ ਬਾਰੇ ਦੱਸਦੇ ਹਾਂ। (ਮਰ. 11:7-10) ਯਿਸੂ “ਸੱਚਿਆਈ ਅਤੇ ਕੋਮਲਤਾਈ ਅਤੇ ਧਰਮ ਦੇ ਨਮਿੱਤ” ਜਲਦੀ ਆਪਣੇ ਦੁਸ਼ਮਣਾਂ ਦਾ ਨਾਸ਼ ਕਰੇਗਾ। (ਜ਼ਬੂ. 2:8, 9; 45:1-6) ਉਸ ਦੇ ਰਾਜ ਅਧੀਨ ਲੋਕ ਸ਼ਾਂਤੀ ਨਾਲ ਰਹਿਣਗੇ ਅਤੇ ਉਨ੍ਹਾਂ ਦੀ ਹਰ ਲੋੜ ਪੂਰੀ ਕੀਤੀ ਜਾਵੇਗੀ। (ਜ਼ਬੂ. 72:1, 3, 12, 16; ਯਸਾ. 9:6, 7) ਅੱਜ ਯਿਸੂ ਮਸੀਹ ਸਵਰਗ ਵਿਚ ਰਾਜੇ ਵਜੋਂ ਰਾਜ ਕਰ ਰਿਹਾ ਹੈ। ਯਹੋਵਾਹ ਦੇ ਗਵਾਹ ਵਜੋਂ ਲੋਕਾਂ ਨੂੰ ਇਹ ਸੱਚਾਈਆਂ ਦੱਸਣੀਆਂ ਸਾਡੇ ਲਈ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ!
ਤੁਸੀਂ ਕੀ ਜਵਾਬ ਦਿਓਗੇ?
• ਯਿਸੂ ਨੂੰ ਫੜਵਾਉਣ ਅਤੇ ਤਿਆਗਣ ਬਾਰੇ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋਈਆਂ?
• ਯਿਸੂ ਦੀ ਮੌਤ ਬਾਰੇ ਕਿਹੜੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ?
• ਤੁਹਾਨੂੰ ਕਿਉਂ ਯਕੀਨ ਹੈ ਕਿ ਯਿਸੂ ਹੀ ਮਸੀਹਾ ਹੈ?
[ਸਫ਼ਾ 13 ਉੱਤੇ ਤਸਵੀਰ]
ਯਿਸੂ ਦੇ ਯਰੂਸ਼ਲਮ ਵਿਚ ਰਾਜੇ ਵਜੋਂ ਦਾਖ਼ਲ ਹੋਣ ʼਤੇ ਕਿਹੜੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ?
[ਸਫ਼ਾ 15 ਉੱਤੇ ਤਸਵੀਰਾਂ]
ਯਿਸੂ ਨੇ ਸਾਡੇ ਪਾਪਾਂ ਦੀ ਖ਼ਾਤਰ ਆਪਣੀ ਜਾਨ ਦਿੱਤੀ, ਪਰ ਹੁਣ ਉਹ ਰਾਜੇ ਵਜੋਂ ਰਾਜ ਰਿਹਾ ਹੈ