ਯਹੋਵਾਹ ਦੀ ਮਹਾਨ ਅਧਿਆਤਮਿਕ ਹੈਕਲ
“ਸਾਡਾ ਇਹੋ ਜਿਹਾ ਇੱਕ ਪਰਧਾਨ ਜਾਜਕ ਹੈ . . . ਉਹ ਪਵਿੱਤਰ ਅਸਥਾਨ ਦਾ ਅਤੇ ਉਸ ਅਸਲ ਡੇਹਰੇ ਦਾ ਉਪਾਸਕ ਹੈ ਜਿਹ ਨੂੰ ਮਨੁੱਖ ਨੇ ਨਹੀਂ ਸਗੋਂ ਪ੍ਰਭੁ ਨੇ ਗੱਡਿਆ।”—ਇਬਰਾਨੀਆਂ 8:1, 2.
1. ਪਰਮੇਸ਼ੁਰ ਨੇ ਪਾਪੀ ਮਨੁੱਖਜਾਤੀ ਦੇ ਲਈ ਕਿਹੜਾ ਪ੍ਰੇਮਮਈ ਪ੍ਰਬੰਧ ਕੀਤਾ?
ਯਹੋਵਾਹ ਪਰਮੇਸ਼ੁਰ ਨੇ, ਮਨੁੱਖਜਾਤੀ ਦੇ ਪ੍ਰਤੀ ਆਪਣੇ ਵੱਡੇ ਪ੍ਰੇਮ ਦੇ ਕਾਰਨ, ਸੰਸਾਰ ਦੇ ਪਾਪਾਂ ਨੂੰ ਹਟਾਉਣ ਦੇ ਲਈ ਇਕ ਬਲੀਦਾਨ ਦਾ ਪ੍ਰਬੰਧ ਕੀਤਾ। (ਯੂਹੰਨਾ 1:29; 3:16) ਇਹ ਲੋੜਦਾ ਸੀ ਕਿ ਉਹ ਆਪਣੇ ਜੇਠੇ ਪੁੱਤਰ ਦੇ ਜੀਵਨ ਨੂੰ ਸਵਰਗ ਤੋਂ ਮਰਿਯਮ ਨਾਮਕ ਇਕ ਯਹੂਦੀ ਕੁਆਰੀ ਦੇ ਗਰਭ ਵਿਚ ਤਬਦੀਲ ਕਰੇ। ਯਹੋਵਾਹ ਦੇ ਦੂਤ ਨੇ ਸਪੱਸ਼ਟ ਰੂਪ ਵਿਚ ਮਰਿਯਮ ਨੂੰ ਸਮਝਾਇਆ ਕਿ ਜੋ ਬੱਚਾ ਉਸ ਦੇ ਗਰਭ ਵਿਚ ਪਵੇਗਾ, ਉਹ “ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ।” (ਲੂਕਾ 1:34, 35) ਯੂਸੁਫ਼, ਜਿਸ ਦੀ ਮਰਿਯਮ ਨਾਲ ਕੁੜਮਾਈ ਹੋ ਚੁੱਕੀ ਸੀ, ਨੂੰ ਯਿਸੂ ਦੇ ਚਮਤਕਾਰੀ ਗਰਭ-ਧਾਰਣ ਦੇ ਬਾਰੇ ਦੱਸਿਆ ਗਿਆ ਅਤੇ ਉਸ ਨੂੰ ਪਤਾ ਲੱਗਾ ਕਿ ਇਹ “ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”—ਮੱਤੀ 1:20, 21.
2. ਯਿਸੂ ਨੇ ਕੀ ਕੀਤਾ ਜਦੋਂ ਉਹ ਲਗਭਗ 30 ਸਾਲ ਦੀ ਉਮਰ ਦਾ ਸੀ, ਅਤੇ ਕਿਉਂ?
2 ਜਿਉਂ-ਜਿਉਂ ਯਿਸੂ ਵੱਡਾ ਹੋਇਆ, ਉਸ ਨੇ ਆਪਣੇ ਚਮਤਕਾਰੀ ਜਨਮ ਬਾਰੇ ਇਨ੍ਹਾਂ ਤੱਥਾਂ ਵਿੱਚੋਂ ਕੁਝ ਨੂੰ ਜ਼ਰੂਰ ਸਮਝਿਆ ਹੋਣਾ। ਉਹ ਜਾਣਦਾ ਸੀ ਕਿ ਉਸ ਦੇ ਸਵਰਗੀ ਪਿਤਾ ਨੇ ਉਸ ਦੇ ਕਰਨ ਲਈ ਧਰਤੀ ਉੱਤੇ ਇਕ ਜਾਨ-ਬਚਾਊ ਕਾਰਜ ਰੱਖਿਆ ਸੀ। ਇਸ ਲਈ, ਲਗਭਗ 30 ਸਾਲ ਦੀ ਉਮਰ ਦੇ ਇਕ ਬਾਲਗ ਆਦਮੀ ਦੇ ਰੂਪ ਵਿਚ, ਯਿਸੂ ਪਰਮੇਸ਼ੁਰ ਦੇ ਨਬੀ ਯੂਹੰਨਾ ਦੇ ਕੋਲ ਯਰਦਨ ਨਦੀ ਵਿਚ ਬਪਤਿਸਮਾ ਲੈਣ ਲਈ ਆਇਆ।—ਮਰਕੁਸ 1:9; ਲੂਕਾ 3:23.
3. (ੳ) “ਬਲੀਦਾਨ ਅਰ ਭੇਟ ਤੂੰ ਨਹੀਂ ਚਾਹਿਆ” ਸ਼ਬਦਾਂ ਤੋਂ ਯਿਸੂ ਦਾ ਕੀ ਅਰਥ ਸੀ? (ਅ) ਯਿਸੂ ਨੇ ਉਨ੍ਹਾਂ ਸਾਰਿਆਂ ਲਈ ਜੋ ਉਸ ਦੇ ਚੇਲੇ ਬਣਨਾ ਚਾਹੁੰਦੇ ਹਨ, ਕਿਹੜੀ ਸਿਰਕੱਢਵੀਂ ਮਿਸਾਲ ਕਾਇਮ ਕੀਤੀ?
3 ਯਿਸੂ ਆਪਣੇ ਬਪਤਿਸਮੇ ਦੇ ਸਮੇਂ ਤੇ ਪ੍ਰਾਰਥਨਾ ਕਰ ਰਿਹਾ ਸੀ। (ਲੂਕਾ 3:21) ਸਪੱਸ਼ਟ ਤੌਰ ਤੇ, ਆਪਣੇ ਜੀਵਨ ਦੇ ਇਸ ਮਕਾਮ ਤੋਂ, ਉਸ ਨੇ ਜ਼ਬੂਰ 40:6-8 ਦਿਆਂ ਸ਼ਬਦਾਂ ਦੀ ਪੂਰਤੀ ਕੀਤੀ, ਜਿਵੇਂ ਕਿ ਬਾਅਦ ਵਿਚ ਰਸੂਲ ਪੌਲੁਸ ਨੇ ਸੰਕੇਤ ਕੀਤਾ: “ਬਲੀਦਾਨ ਅਰ ਭੇਟ ਤੂੰ ਨਹੀਂ ਚਾਹਿਆ, ਪਰ ਮੇਰੇ ਲਈ ਦੇਹੀ ਤਿਆਰ ਕੀਤੀ।” (ਇਬਰਾਨੀਆਂ 10:5) ਇਸ ਤਰ੍ਹਾਂ ਯਿਸੂ ਨੇ ਦਿਖਾਇਆ ਕਿ ਉਹ ਇਸ ਗੱਲ ਤੋਂ ਜਾਣੂ ਸੀ ਕਿ ਪਰਮੇਸ਼ੁਰ ਨੇ “ਨਹੀਂ ਚਾਹਿਆ” ਕਿ ਯਰੂਸ਼ਲਮ ਦੀ ਹੈਕਲ ਵਿਖੇ ਪਸ਼ੂ ਦੀਆਂ ਬਲੀਆਂ ਚੜ੍ਹਾਉਣੀਆਂ ਜਾਰੀ ਰਹਿਣ। ਇਸ ਦੀ ਬਜਾਇ, ਉਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਇਕ ਬਲੀ ਵਜੋਂ ਚੜ੍ਹਾਉਣ ਲਈ ਉਸ ਦੇ ਲਈ, ਅਥਵਾ ਯਿਸੂ ਦੇ ਲਈ, ਇਕ ਸੰਪੂਰਣ ਮਾਨਵ ਸਰੀਰ ਤਿਆਰ ਕੀਤਾ ਸੀ। ਇਹ ਅਗਾਹਾਂ ਨੂੰ ਪਸ਼ੂ ਦੀਆਂ ਬਲੀਆਂ ਦੀ ਹੋਰ ਕੋਈ ਲੋੜ ਨੂੰ ਹਟਾ ਦੇਵੇਗਾ। ਪਰਮੇਸ਼ੁਰ ਦੀ ਇੱਛਾ ਦੇ ਅਧੀਨ ਹੋਣ ਦੀ ਆਪਣੀ ਸੁਹਿਰਦ ਚਾਹ ਪ੍ਰਦਰਸ਼ਿਤ ਕਰਦੇ ਹੋਏ, ਯਿਸੂ ਨੇ ਅੱਗੇ ਪ੍ਰਾਰਥਨਾ ਕਰਨੀ ਜਾਰੀ ਰੱਖੀ: “ਵੇਖ, ਮੈਂ ਆਇਆ ਹਾਂ, ਹੇ ਪਰਮੇਸ਼ੁਰ, ਭਈ ਤੇਰੀ ਇੱਛਿਆ ਨੂੰ ਪੂਰਿਆਂ ਕਰਾਂ, ਜਿਵੇਂ ਪੁਸਤਕ ਦੀ ਪੱਤ੍ਰੀ ਵਿੱਚ ਮੇਰੇ ਵਿਖੇ ਲਿਖਿਆ ਹੋਇਆ ਹੈ।” (ਇਬਰਾਨੀਆਂ 10:7) ਯਿਸੂ ਨੇ ਉਸ ਦਿਨ ਉਨ੍ਹਾਂ ਸਾਰਿਆਂ ਲਈ ਜੋ ਬਾਅਦ ਵਿਚ ਉਸ ਦੇ ਚੇਲੇ ਬਣਦੇ, ਸਾਹਸ ਅਤੇ ਨਿਰਸੁਆਰਥ ਭਗਤੀ ਦੀ ਇਕ ਕਿੰਨੀ ਹੀ ਸ਼ਾਨਦਾਰ ਮਿਸਾਲ ਕਾਇਮ ਕੀਤੀ!—ਮਰਕੁਸ 8:34.
4. ਯਿਸੂ ਦੇ ਆਪਣੇ ਆਪ ਨੂੰ ਪੇਸ਼ ਕਰਨ ਦੇ ਸੰਬੰਧ ਵਿਚ ਪਰਮੇਸ਼ੁਰ ਨੇ ਕਿਵੇਂ ਆਪਣੀ ਪ੍ਰਵਾਨਗੀ ਦਿਖਾਈ?
4 ਕੀ ਪਰਮੇਸ਼ੁਰ ਨੇ ਯਿਸੂ ਦੀ ਬਪਤਿਸਮਕ ਪ੍ਰਾਰਥਨਾ ਨੂੰ ਪ੍ਰਵਾਨਗੀ ਦਿਖਾਈ? ਯਿਸੂ ਦੇ ਚੁਣੇ ਹੋਏ ਰਸੂਲਾਂ ਵਿੱਚੋਂ ਇਕ ਨੂੰ ਸਾਨੂੰ ਜਵਾਬ ਦੇਣ ਦਿਓ: “ਜਾਂ ਯਿਸੂ ਬਪਤਿਸਮਾ ਲੈ ਚੁੱਕਿਆ ਤਾਂ ਝੱਟ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ, ਅਕਾਸ਼ ਉਹ ਦੇ ਲਈ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ੁਰ ਦਾ ਆਤਮਾ ਕਬੂਤਰ ਵਾਂਙੁ ਉਤਰਦਾ ਅਤੇ ਆਪਣੇ ਉੱਤੇ ਆਉਂਦਾ ਡਿੱਠਾ। ਅਰ ਵੇਖੋ ਇੱਕ ਸੁਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।”—ਮੱਤੀ 3:16, 17; ਲੂਕਾ 3:21, 22.
5. ਸ਼ਾਬਦਿਕ ਹੈਕਲ ਦੀ ਵੇਦੀ ਨੇ ਕਿਸ ਚੀਜ਼ ਨੂੰ ਚਿਤ੍ਰਿਤ ਕੀਤਾ?
5 ਬਲੀਦਾਨ ਦੇ ਲਈ ਯਿਸੂ ਦੇ ਪੇਸ਼ ਕੀਤੇ ਗਏ ਸਰੀਰ ਨੂੰ ਪਰਮੇਸ਼ੁਰ ਵੱਲੋਂ ਸਵੀਕਾਰ ਕੀਤੇ ਜਾਣ ਦਾ ਭਾਵ ਇਹ ਸੀ ਕਿ, ਇਕ ਅਧਿਆਤਮਿਕ ਅਰਥ ਵਿਚ, ਯਰੂਸ਼ਲਮ ਦੀ ਹੈਕਲ ਤੋਂ ਵੀ ਵੱਡੀ ਇਕ ਵੇਦੀ ਸਾਮ੍ਹਣੇ ਆ ਚੁੱਕੀ ਸੀ। ਉਹ ਸ਼ਾਬਦਿਕ ਵੇਦੀ ਜਿੱਥੇ ਪਸ਼ੂਆਂ ਨੂੰ ਬਲੀ ਲਈ ਚੜ੍ਹਾਇਆ ਜਾਂਦਾ ਸੀ, ਉਸੇ ਅਧਿਆਤਮਿਕ ਵੇਦੀ ਦਾ ਪੂਰਵ-ਪਰਛਾਵਾਂ ਸੀ, ਜੋ ਯਿਸੂ ਦੇ ਮਾਨਵ ਜੀਵਨ ਨੂੰ ਇਕ ਬਲੀਦਾਨ ਦੇ ਤੌਰ ਤੇ ਸਵੀਕਾਰ ਕਰਨ ਦੇ ਲਈ ਅਸਲ ਵਿਚ ਪਰਮੇਸ਼ੁਰ ਦੀ “ਇੱਛਿਆ” ਸੀ ਜਾਂ ਪ੍ਰਬੰਧ ਸੀ। (ਇਬਰਾਨੀਆਂ 10:10) ਇਸੇ ਲਈ ਰਸੂਲ ਪੌਲੁਸ ਸੰਗੀ ਮਸੀਹੀਆਂ ਨੂੰ ਲਿਖ ਸਕਿਆ: “ਸਾਡੀ ਤਾਂ ਇਕ ਜਗਵੇਦੀ ਹੈ ਜਿਸ ਉੱਤੋਂ ਡੇਹਰੇ [ਜਾਂ, ਹੈਕਲ] ਦੇ ਸੇਵਕਾਂ ਨੂੰ ਖਾਣ ਦਾ ਹੱਕ ਨਹੀਂ।” (ਇਬਰਾਨੀਆਂ 13:10) ਦੂਜੇ ਸ਼ਬਦਾਂ ਵਿਚ, ਸੱਚੇ ਮਸੀਹੀ ਇਕ ਉੱਤਮ ਪਾਪ-ਪ੍ਰਾਸਚਿਤ ਬਲੀਦਾਨ ਤੋਂ ਲਾਭ ਉਠਾਉਂਦੇ ਹਨ, ਜਿਸ ਨੂੰ ਅਧਿਕਤਰ ਯਹੂਦੀ ਜਾਜਕਾਂ ਨੇ ਠੁਕਰਾਇਆ।
6. (ੳ) ਯਿਸੂ ਦੇ ਬਪਤਿਸਮੇ ਦੇ ਸਮੇਂ ਕਿਹੜੀ ਚੀਜ਼ ਹੋਂਦ ਵਿਚ ਆਈ? (ਅ) ਮਸੀਹਾ, ਜਾਂ ਮਸੀਹ, ਉਪਾਧੀ ਦਾ ਕੀ ਅਰਥ ਹੈ?
6 ਪਵਿੱਤਰ ਆਤਮਾ ਨਾਲ ਯਿਸੂ ਨੂੰ ਮਸਹ ਕਰਨ ਦਾ ਅਰਥ ਸੀ ਕਿ ਪਰਮੇਸ਼ੁਰ ਨੇ ਹੁਣ ਆਪਣੇ ਸਮੁੱਚੇ ਅਧਿਆਤਮਿਕ ਹੈਕਲ ਪ੍ਰਬੰਧ ਨੂੰ ਹੋਂਦ ਵਿਚ ਲਿਆਂਦਾ ਸੀ, ਜਿਸ ਵਿਚ ਯਿਸੂ ਪ੍ਰਧਾਨ ਜਾਜਕ ਵਜੋਂ ਸੇਵਾ ਕਰਦਾ ਹੈ। (ਰਸੂਲਾਂ ਦੇ ਕਰਤੱਬ 10:38; ਇਬਰਾਨੀਆਂ 5:5) ਚੇਲੇ ਲੂਕਾ ਨੇ ਪ੍ਰੇਰਣਾ ਹੇਠ ਇਸ ਅਤਿ ਮਹੱਤਵਪੂਰਣ ਘਟਨਾ ਦੇ ਸਾਲ ਨੂੰ ‘ਤਿਬਿਰਿਯੁਸ ਕੈਸਰ ਦੇ ਰਾਜ ਦਾ ਪੰਦਰਵਾਂ ਵਰਹਾ’ ਕਰਕੇ ਸੁਨਿਸ਼ਚਿਤ ਕੀਤਾ। (ਲੂਕਾ 3:1-3) ਇਹ 29 ਸਾ.ਯੁ. ਦੇ ਸਾਲ ਨਾਲ ਮੇਲ ਖਾਂਦਾ ਹੈ—ਉਸ ਸਮੇਂ ਤੋਂ ਠੀਕ 69 ਹਫ਼ਤਿਆਂ ਦੇ ਸਾਲ, ਜਾਂ 483 ਸਾਲ, ਜਦੋਂ ਅਰਤਹਸ਼ਸ਼ਤਾ ਪਾਤਸ਼ਾਹ ਨੇ ਯਰੂਸ਼ਲਮ ਦੀਆਂ ਦੀਵਾਰਾਂ ਦੀ ਮੁੜ ਉਸਾਰੀ ਲਈ ਹੁਕਮ ਦਿੱਤਾ ਸੀ। (ਨਹਮਯਾਹ 2:1, 5-8) ਭਵਿੱਖਬਾਣੀ ਦੇ ਅਨੁਸਾਰ, “ਮਸੀਹ ਰਾਜ ਪੁੱਤ੍ਰ” ਉਸ ਚਿੰਨ੍ਹਿਤ ਸਾਲ ਵਿਚ ਪ੍ਰਗਟ ਹੋਵੇਗਾ। (ਦਾਨੀਏਲ 9:25) ਬਹੁਤੇਰੇ ਯਹੂਦੀ ਸਪੱਸ਼ਟ ਤੌਰ ਤੇ ਇਸ ਬਾਰੇ ਸਚੇਤ ਸਨ। ਲੂਕਾ ਰਿਪੋਰਟ ਕਰਦਾ ਹੈ ਕਿ ਮਸੀਹਾ, ਜਾਂ ਮਸੀਹ, ਅਜਿਹੀਆਂ ਉਪਾਧੀਆਂ ਜੋ ਕਿ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਤੋਂ ਆਉਂਦੀਆਂ ਹਨ ਅਤੇ ਜਿਨ੍ਹਾਂ ਦਾ ਸਮਾਨ ਅਰਥ “ਮਸਹ ਕੀਤਾ ਹੋਇਆ ਵਿਅਕਤੀ” ਹੈ, ਦੇ ਪ੍ਰਗਟ ਹੋਣ ਲਈ “ਲੋਕ ਉਡੀਕਦੇ ਸਨ।”—ਲੂਕਾ 3:15.
7. (ੳ) ਪਰਮੇਸ਼ੁਰ ਨੇ “ਅੱਤ ਪਵਿੱਤ੍ਰ” ਸਥਾਨ ਨੂੰ ਕਦੋਂ ਮਸਹ ਕੀਤਾ, ਅਤੇ ਇਸ ਦਾ ਕੀ ਅਰਥ ਸੀ? (ਅ) ਯਿਸੂ ਦੇ ਬਪਤਿਸਮੇ ਦੇ ਸਮੇਂ ਤੇ ਉਸ ਨਾਲ ਹੋਰ ਕੀ ਕੁਝ ਹੋਇਆ?
7 ਯਿਸੂ ਦੇ ਬਪਤਿਸਮੇ ਦੇ ਸਮੇਂ ਤੇ, ਪਰਮੇਸ਼ੁਰ ਦਾ ਸਵਰਗੀ ਘਰ ਮਹਾਨ ਅਧਿਆਤਮਿਕ ਹੈਕਲ ਪ੍ਰਬੰਧ ਵਿਚ “ਅੱਤ ਪਵਿੱਤ੍ਰ” ਵਜੋਂ ਮਸਹ ਕੀਤਾ ਗਿਆ, ਜਾਂ ਅਲੱਗ ਰੱਖਿਆ ਗਿਆ ਸੀ। (ਦਾਨੀਏਲ 9:24) ‘ਅਸਲ ਡੇਹਰਾ [ਜਾਂ, ਹੈਕਲ] ਜਿਹ ਨੂੰ ਮਨੁੱਖ ਨੇ ਨਹੀਂ ਸਗੋਂ ਪ੍ਰਭੁ ਨੇ ਗੱਡਿਆ,’ ਚਾਲੂ ਹੋ ਚੁੱਕਾ ਸੀ। (ਇਬਰਾਨੀਆਂ 8:2) ਨਾਲ ਹੀ, ਪਾਣੀ ਅਤੇ ਪਵਿੱਤਰ ਆਤਮਾ ਦੇ ਨਾਲ ਆਪਣੇ ਬਪਤਿਸਮੇ ਦੁਆਰਾ, ਮਨੁੱਖ ਯਿਸੂ ਮਸੀਹ ਨੇ ਪਰਮੇਸ਼ੁਰ ਦੇ ਇਕ ਅਧਿਆਤਮਿਕ ਪੁੱਤਰ ਵਜੋਂ ਨਵੇਂ ਸਿਰਿਓਂ ਜਨਮ ਲਿਆ। (ਤੁਲਨਾ ਕਰੋ ਯੂਹੰਨਾ 3:3.) ਇਸ ਦਾ ਇਹ ਅਰਥ ਸੀ ਕਿ ਪਰਮੇਸ਼ੁਰ ਸਮਾਂ ਆਉਣ ਤੇ ਆਪਣੇ ਪੁੱਤਰ ਨੂੰ ਸਵਰਗੀ ਜੀਵਨ ਲਈ ਵਾਪਸ ਬੁਲਾਉਂਦਾ, ਜਿੱਥੇ ਉਹ ਆਪਣੇ ਪਿਤਾ ਦੇ ਸੱਜੇ ਹੱਥ “ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੀਕ” ਰਾਜਾ ਅਤੇ ਪ੍ਰਧਾਨ ਜਾਜਕ ਵਜੋਂ ਸੇਵਾ ਕਰਦਾ।—ਇਬਰਾਨੀਆਂ 6:20; ਜ਼ਬੂਰ 110:1, 4.
ਸਵਰਗੀ ਅੱਤ ਪਵਿੱਤਰ ਸਥਾਨ
8. ਹੁਣ ਸਵਰਗ ਵਿਚ ਪਰਮੇਸ਼ੁਰ ਦੇ ਸਿੰਘਾਸਣ ਨੇ ਕਿਹੜੇ ਨਵੇਂ ਪਹਿਲੂਆਂ ਨੂੰ ਧਾਰਣ ਕਰ ਲਿਆ ਸੀ?
8 ਯਿਸੂ ਦੇ ਬਪਤਿਸਮੇ ਦੇ ਦਿਨ ਤੇ, ਪਰਮੇਸ਼ੁਰ ਦੇ ਸਵਰਗੀ ਸਿੰਘਾਸਣ ਨੇ ਨਵੇਂ ਪਹਿਲੂਆਂ ਨੂੰ ਧਾਰਣ ਕਰ ਲਿਆ ਸੀ। ਸੰਸਾਰ ਦੇ ਪਾਪਾਂ ਦੇ ਪ੍ਰਾਸਚਿਤ ਲਈ ਇਕ ਸੰਪੂਰਣ ਮਾਨਵ ਬਲੀਦਾਨ ਦੇ ਵਿਸ਼ਿਸ਼ਟ ਵਿਵਰਣ ਨੇ ਮਨੁੱਖ ਦੀ ਪਾਪਪੂਰਣਤਾ ਦੇ ਟਾਕਰੇ ਵਿਚ ਪਰਮੇਸ਼ੁਰ ਦੀ ਪਵਿੱਤਰਤਾ ਉੱਤੇ ਜ਼ੋਰ ਦਿੱਤਾ। ਪਰਮੇਸ਼ੁਰ ਦੀ ਦਇਆ ਵੀ ਇਸ ਗੱਲ ਵਿਚ ਉਜਾਗਰ ਕੀਤੀ ਗਈ ਕਿ ਉਸ ਨੇ ਹੁਣ ਮਨਾਏ ਜਾਣ ਜਾਂ ਪ੍ਰਾਸਚਿਤ ਸਵੀਕਾਰ ਕਰਨ ਲਈ ਆਪਣੀ ਰਜ਼ਾਮੰਦੀ ਦਿਖਾਈ। ਇਸ ਤਰ੍ਹਾਂ, ਸਵਰਗ ਵਿਚ ਪਰਮੇਸ਼ੁਰ ਦਾ ਸਿੰਘਾਸਣ ਹੈਕਲ ਦੇ ਅੰਤਰਤਮ ਕਮਰੇ ਵਾਂਗ ਬਣ ਗਿਆ ਸੀ, ਜਿੱਥੇ ਪ੍ਰਧਾਨ ਜਾਜਕ ਸਾਲ ਵਿਚ ਇਕ ਵਾਰ ਦ੍ਰਿਸ਼ਟਾਂਤਕ ਰੂਪ ਵਿਚ ਪਾਪ ਦਾ ਪ੍ਰਾਸਚਿਤ ਕਰਨ ਲਈ ਪਸ਼ੂ ਦੇ ਲਹੂ ਦੇ ਨਾਲ ਪ੍ਰਵੇਸ਼ ਕਰਦਾ ਸੀ।
9. (ੳ) ਪਵਿੱਤਰ ਸਥਾਨ ਅਤੇ ਅੱਤ ਪਵਿੱਤਰ ਸਥਾਨ ਦੇ ਵਿਚਕਾਰ ਵਾਲੇ ਪਰਦੇ ਨੇ ਕਿਸ ਚੀਜ਼ ਨੂੰ ਚਿਤ੍ਰਿਤ ਕੀਤਾ? (ਅ) ਯਿਸੂ ਨੇ ਪਰਮੇਸ਼ੁਰ ਦੀ ਅਧਿਆਤਮਿਕ ਹੈਕਲ ਦੇ ਪਰਦੇ ਦੇ ਪਾਰ ਕਿਵੇਂ ਪ੍ਰਵੇਸ਼ ਕੀਤਾ?
9 ਪਵਿੱਤਰ ਸਥਾਨ ਨੂੰ ਅੱਤ ਪਵਿੱਤਰ ਸਥਾਨ ਤੋਂ ਅਲੱਗ ਕਰਨ ਵਾਲੇ ਪਰਦੇ ਨੇ ਯਿਸੂ ਦੇ ਭੌਤਿਕ ਸਰੀਰ ਨੂੰ ਚਿਤ੍ਰਿਤ ਕੀਤਾ। (ਇਬਰਾਨੀਆਂ 10:19, 20) ਇਹ ਉਹ ਪ੍ਰਤਿਬੰਧ ਸੀ ਜਿਸ ਨੇ ਯਿਸੂ ਨੂੰ ਆਪਣੇ ਪਿਤਾ ਦੀ ਹਜ਼ੂਰੀ ਵਿਚ ਪ੍ਰਵੇਸ਼ ਕਰਨ ਤੋਂ ਰੋਕਿਆ ਜਦੋਂ ਉਹ ਧਰਤੀ ਉੱਤੇ ਇਕ ਮਨੁੱਖ ਦੇ ਰੂਪ ਵਿਚ ਸੀ। (1 ਕੁਰਿੰਥੀਆਂ 15:50) ਯਿਸੂ ਦੀ ਮੌਤ ਵੇਲੇ, “ਹੈਕਲ ਦਾ ਪੜਦਾ ਉੱਪਰੋਂ ਲੈਕੇ ਹੇਠਾਂ ਤਾਈਂ ਪਾਟ ਕੇ ਦੋ ਹੋ ਗਿਆ।” (ਮੱਤੀ 27:51) ਇਸ ਘਟਨਾ ਨੇ ਨਾਟਕੀ ਢੰਗ ਨਾਲ ਸੰਕੇਤ ਕੀਤਾ ਕਿ ਯਿਸੂ ਨੂੰ ਸਵਰਗ ਵਿਚ ਪ੍ਰਵੇਸ਼ ਕਰਨ ਤੋਂ ਰੋਕਣ ਵਾਲਾ ਪ੍ਰਤਿਬੰਧ ਹੁਣ ਹਟਾ ਦਿੱਤਾ ਗਿਆ ਸੀ। ਤਿੰਨ ਦਿਨਾਂ ਮਗਰੋਂ, ਯਹੋਵਾਹ ਪਰਮੇਸ਼ੁਰ ਨੇ ਇਕ ਸਿਰਕੱਢਵਾਂ ਚਮਤਕਾਰ ਕੀਤਾ। ਉਸ ਨੇ ਯਿਸੂ ਨੂੰ ਮਰਿਆਂ ਹੋਇਆਂ ਵਿੱਚੋਂ ਜੀ ਉਠਾਇਆ, ਮਾਸ ਅਤੇ ਲਹੂ ਵਾਲਾ ਇਕ ਨਾਸ਼ਵਾਨ ਮਾਨਵ ਵਜੋਂ ਨਹੀਂ, ਬਲਕਿ ਇਕ ਪ੍ਰਤਾਪੀ ਆਤਮਿਕ ਪ੍ਰਾਣੀ ਵਜੋਂ ਜੋ ‘ਸਦਾ ਤੀਕ ਰਹਿੰਦਾ ਹੈ।’ (ਇਬਰਾਨੀਆਂ 7:24) ਚਾਲੀ ਦਿਨਾਂ ਮਗਰੋਂ, ਯਿਸੂ ਸਵਰਗ ਨੂੰ ਚੜ੍ਹਿਆ ਅਤੇ ਅਸਲ “ਅੱਤ ਪਵਿੱਤਰ” ਵਿਚ ਪ੍ਰਵੇਸ਼ ਹੋਇਆ, ਤਾਂ ਜੋ “ਸਾਡੇ ਲਈ ਪਰਮੇਸ਼ੁਰ ਦੇ ਸਨਮੁਖ ਪੇਸ਼ ਹੋਵੇ।”—ਇਬਰਾਨੀਆਂ 9:24.
10. (ੳ) ਜਦੋਂ ਯਿਸੂ ਨੇ ਆਪਣੇ ਸਵਰਗੀ ਪਿਤਾ ਨੂੰ ਆਪਣੇ ਬਲੀਦਾਨ ਦੀ ਕੀਮਤ ਪੇਸ਼ ਕੀਤੀ, ਤਾਂ ਉਸ ਮਗਰੋਂ ਕੀ ਹੋਇਆ? (ਅ) ਮਸੀਹ ਦੇ ਚੇਲਿਆਂ ਲਈ ਪਵਿੱਤਰ ਆਤਮਾ ਦੇ ਨਾਲ ਮਸਹ ਕੀਤੇ ਜਾਣ ਦਾ ਕੀ ਅਰਥ ਸੀ?
10 ਕੀ ਪਰਮੇਸ਼ੁਰ ਨੇ ਯਿਸੂ ਦੇ ਵਹਾਏ ਗਏ ਲਹੂ ਦੀ ਕੀਮਤ ਨੂੰ ਸੰਸਾਰ ਦੇ ਪਾਪਾਂ ਦੇ ਲਈ ਪ੍ਰਾਸਚਿਤ ਵਜੋਂ ਸਵੀਕਾਰਿਆ? ਨਿਸ਼ਚੇ ਹੀ ਉਸ ਨੇ ਸਵੀਕਾਰਿਆ। ਇਸ ਦਾ ਸਬੂਤ ਯਿਸੂ ਦੇ ਪੁਨਰ-ਉਥਾਨ ਤੋਂ ਠੀਕ 50 ਦਿਨਾਂ ਮਗਰੋਂ, ਪੰਤੇਕੁਸਤ ਦੇ ਤਿਉਹਾਰ ਦੇ ਦਿਨ ਤੇ ਮਿਲਿਆ। ਪਰਮੇਸ਼ੁਰ ਦੀ ਪਵਿੱਤਰ ਆਤਮਾ ਯਰੂਸ਼ਲਮ ਵਿਚ ਇਕੱਠੇ ਹੋਏ ਯਿਸੂ ਦੇ 120 ਚੇਲਿਆਂ ਉੱਤੇ ਵਹਾਈ ਗਈ ਸੀ। (ਰਸੂਲਾਂ ਦੇ ਕਰਤੱਬ 2:1, 4, 33) ਆਪਣੇ ਪ੍ਰਧਾਨ ਜਾਜਕ, ਯਿਸੂ ਮਸੀਹ ਦੇ ਵਾਂਗ, ਉਹ ਹੁਣ ਪਰਮੇਸ਼ੁਰ ਦੇ ਮਹਾਨ ਅਧਿਆਤਮਿਕ ਹੈਕਲ ਪ੍ਰਬੰਧ ਹੇਠ ‘ਆਤਮਕ ਬਲੀਦਾਨ ਚੜ੍ਹਾਉਣ’ ਦੇ ਲਈ “ਜਾਜਕਾਂ ਦੀ ਪਵਿੱਤਰ ਮੰਡਲੀ” ਵਜੋਂ ਸੇਵਾ ਕਰਨ ਲਈ ਮਸਹ ਕੀਤੇ ਗਏ ਸਨ। (1 ਪਤਰਸ 2:5) ਇਸ ਤੋਂ ਇਲਾਵਾ, ਇਨ੍ਹਾਂ ਮਸਹ ਕੀਤੇ ਹੋਏ ਵਿਅਕਤੀਆਂ ਨਾਲ ਇਕ ਨਵੀਂ ਕੌਮ, ਪਰਮੇਸ਼ੁਰ ਦੀ ਅਧਿਆਤਮਿਕ ਇਸਰਾਏਲ ਦੀ “ਪਵਿੱਤਰ ਕੌਮ” ਬਣੀ। ਇਸ ਸਮੇਂ ਤੋਂ ਬਾਅਦ, ਇਸਰਾਏਲ ਦੇ ਸੰਬੰਧ ਵਿਚ ਚੰਗੀਆਂ ਚੀਜ਼ਾਂ ਦੀਆਂ ਸਾਰੀਆਂ ਭਵਿੱਖਬਾਣੀਆਂ, ਜਿਵੇਂ ਕਿ ਯਿਰਮਿਯਾਹ 31:31 ਵਿਚ ਦਰਜ ‘ਨਵੇਂ ਨੇਮ’ ਦਾ ਵਾਅਦਾ, ਮਸਹ ਕੀਤੀ ਹੋਈ ਮਸੀਹੀ ਕਲੀਸਿਯਾ, ਅਥਵਾ ਅਸਲ “ਪਰਮੇਸ਼ੁਰ ਦੇ ਇਸਰਾਏਲ” ਨੂੰ ਲਾਗੂ ਹੋਣਗੀਆਂ।—1 ਪਤਰਸ 2:9; ਗਲਾਤੀਆਂ 6:16.
ਪਰਮੇਸ਼ੁਰ ਦੀ ਅਧਿਆਤਮਿਕ ਹੈਕਲ ਦੇ ਦੂਜੇ ਪਹਿਲੂ
11, 12. (ੳ) ਯਿਸੂ ਦੇ ਮਾਮਲੇ ਵਿਚ ਜਾਜਕੀ ਹਾਤੇ ਨੇ ਕਿਸ ਚੀਜ਼ ਨੂੰ ਚਿਤ੍ਰਿਤ ਕੀਤਾ, ਅਤੇ ਇਹ ਉਸ ਦੇ ਮਸਹ ਕੀਤੇ ਹੋਏ ਅਨੁਯਾਈਆਂ ਦੇ ਮਾਮਲੇ ਵਿਚ ਕੀ ਸੀ? (ਅ) ਪਾਣੀ ਦਾ ਹੌਜ਼ ਕਿਸ ਚੀਜ਼ ਨੂੰ ਚਿਤ੍ਰਿਤ ਕਰਦਾ ਹੈ, ਅਤੇ ਇਸ ਨੂੰ ਕਿਵੇਂ ਵਰਤਿਆ ਜਾ ਰਿਹਾ ਹੈ?
11 ਹਾਲਾਂਕਿ ਅੱਤ ਪਵਿੱਤਰ ਸਥਾਨ ਨੇ “ਸੁਰਗ” ਨੂੰ ਚਿਤ੍ਰਿਤ ਕੀਤਾ, ਜਿੱਥੇ ਪਰਮੇਸ਼ੁਰ ਬਿਰਾਜਮਾਨ ਹੈ, ਪਰਮੇਸ਼ੁਰ ਦੀ ਅਧਿਆਤਮਿਕ ਹੈਕਲ ਦੇ ਦੂਜੇ ਸਾਰੇ ਪਹਿਲੂ ਧਰਤੀ ਦੇ ਉੱਤੇ ਦੀਆਂ ਚੀਜ਼ਾਂ ਨਾਲ ਸੰਬੰਧਿਤ ਹਨ। (ਇਬਰਾਨੀਆਂ 9:24) ਯਰੂਸ਼ਲਮ ਦੀ ਹੈਕਲ ਵਿਚ, ਇਕ ਅੰਦਰਲਾ ਜਾਜਕੀ ਹਾਤਾ ਹੁੰਦਾ ਸੀ, ਜਿੱਥੇ ਬਲੀਆਂ ਲਈ ਇਕ ਵੇਦੀ ਅਤੇ ਪਾਣੀ ਦਾ ਇਕ ਵੱਡਾ ਹੌਜ਼ ਹੁੰਦਾ ਸੀ, ਜੋ ਜਾਜਕ ਪਵਿੱਤਰ ਸੇਵਾ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਸਾਫ਼ ਕਰਨ ਲਈ ਵਰਤਦੇ ਸਨ। ਇਹ ਚੀਜ਼ਾਂ ਪਰਮੇਸ਼ੁਰ ਦੇ ਅਧਿਆਤਮਿਕ ਹੈਕਲ ਪ੍ਰਬੰਧ ਵਿਚ ਕੀ ਚਿਤ੍ਰਿਤ ਕਰਦੀਆਂ ਹਨ?
12 ਯਿਸੂ ਮਸੀਹ ਦੇ ਮਾਮਲੇ ਵਿਚ, ਅੰਦਰਲਾ ਜਾਜਕੀ ਹਾਤਾ ਪਰਮੇਸ਼ੁਰ ਦੇ ਇਕ ਸੰਪੂਰਣ ਮਾਨਵੀ ਪੁੱਤਰ ਦੇ ਰੂਪ ਵਿਚ ਉਸ ਦੀ ਪਾਪ-ਰਹਿਤ ਸਥਿਤੀ ਨੂੰ ਚਿਤ੍ਰਿਤ ਕਰਦਾ ਸੀ। ਯਿਸੂ ਦੇ ਬਲੀਦਾਨ ਵਿਚ ਨਿਹਚਾ ਰੱਖਣ ਦੇ ਦੁਆਰਾ, ਮਸੀਹ ਦੇ ਮਸਹ ਕੀਤੇ ਹੋਏ ਅਨੁਯਾਈਆਂ ਨੂੰ ਧਰਮੀ ਠਹਿਰਾਇਆ ਜਾਂਦਾ ਹੈ। ਇਸ ਤਰ੍ਹਾਂ, ਪਰਮੇਸ਼ੁਰ ਉਚਿਤ ਰੂਪ ਵਿਚ ਉਨ੍ਹਾਂ ਨਾਲ ਇੰਜ ਵਰਤਾਉ ਕਰ ਸਕਦਾ ਹੈ ਜਿਵੇਂ ਕਿ ਉਹ ਪਾਪ-ਰਹਿਤ ਹਨ। (ਰੋਮੀਆਂ 5:1; 8:1, 33) ਇਸ ਲਈ, ਇਹ ਹਾਤਾ ਉਸ ਠਹਿਰਾਈ ਧਾਰਮਿਕ ਮਾਨਵੀ ਸਥਿਤੀ ਨੂੰ ਵੀ ਚਿਤ੍ਰਿਤ ਕਰਦਾ ਹੈ ਜਿਸ ਦਾ ਆਨੰਦ ਜਾਜਕਾਂ ਦੀ ਪਵਿੱਤਰ ਮੰਡਲੀ ਦੇ ਵਿਅਕਤੀਗਤ ਸਦੱਸ ਪਰਮੇਸ਼ੁਰ ਦੇ ਸਾਮ੍ਹਣੇ ਮਾਣਦੇ ਹਨ। ਤਦ ਵੀ, ਮਸਹ ਕੀਤੇ ਹੋਏ ਮਸੀਹੀ ਅਜੇ ਵੀ ਅਪੂਰਣ ਹਨ ਅਤੇ ਉਨ੍ਹਾਂ ਤੋਂ ਪਾਪ ਹੋ ਸਕਦਾ ਹੈ। ਹਾਤੇ ਵਿਚ ਪਾਣੀ ਦਾ ਹੌਜ਼ ਪਰਮੇਸ਼ੁਰ ਦੇ ਬਚਨ ਨੂੰ ਚਿਤ੍ਰਿਤ ਕਰਦਾ ਹੈ, ਜਿਸ ਨੂੰ ਪ੍ਰਧਾਨ ਜਾਜਕ ਪ੍ਰਗਤੀਵਾਦੀ ਢੰਗ ਨਾਲ ਪਵਿੱਤਰ ਜਾਜਕਾਈ ਨੂੰ ਸ਼ੁੱਧ ਕਰਨ ਲਈ ਵਰਤਦਾ ਹੈ। ਇਸ ਸੋਧ ਪ੍ਰਕ੍ਰਿਆ ਦੇ ਅਧੀਨ ਹੋਣ ਨਾਲ, ਉਨ੍ਹਾਂ ਨੇ ਇਕ ਗੌਰਵਮਈ ਦਿੱਖ ਹਾਸਲ ਕੀਤੀ ਹੈ ਜੋ ਪਰਮੇਸ਼ੁਰ ਨੂੰ ਮਹਿਮਾ ਪਹੁੰਚਾਉਂਦੀ ਅਤੇ ਬਾਹਰ ਦਿਆਂ ਲੋਕਾਂ ਨੂੰ ਉਸ ਦੀ ਸ਼ੁੱਧ ਉਪਾਸਨਾ ਵੱਲ ਖਿੱਚਦੀ ਹੈ।—ਅਫ਼ਸੀਆਂ 5:25, 26; ਤੁਲਨਾ ਕਰੋ ਮਲਾਕੀ 3:1-3.
ਪਵਿੱਤਰ ਸਥਾਨ
13, 14. (ੳ) ਹੈਕਲ ਦਾ ਪਵਿੱਤਰ ਸਥਾਨ ਯਿਸੂ ਅਤੇ ਉਸ ਦੇ ਮਸਹ ਕੀਤੇ ਹੋਏ ਅਨੁਯਾਈਆਂ ਦੇ ਮਾਮਲੇ ਵਿਚ ਕਿਸ ਚੀਜ਼ ਨੂੰ ਚਿਤ੍ਰਿਤ ਕਰਦਾ ਹੈ? (ਅ) ਸੁਨਹਿਰਾ ਸ਼ਮਾਦਾਨ ਕਿਸ ਚੀਜ਼ ਨੂੰ ਚਿਤ੍ਰਿਤ ਕਰਦਾ ਹੈ?
13 ਹੈਕਲ ਦਾ ਪਹਿਲਾ ਕਮਰਾ ਹਾਤੇ ਨਾਲੋਂ ਇਕ ਉੱਤਮ ਸਥਿਤੀ ਨੂੰ ਚਿਤ੍ਰਿਤ ਕਰਦਾ ਹੈ। ਸੰਪੂਰਣ ਮਾਨਵ ਯਿਸੂ ਮਸੀਹ ਦੇ ਮਾਮਲੇ ਵਿਚ, ਇਹ ਪਰਮੇਸ਼ੁਰ ਦੇ ਇਕ ਅਧਿਆਤਮਿਕ ਪੁੱਤਰ ਵਜੋਂ ਉਸ ਦੇ ਨਵੇਂ ਸਿਰਿਓਂ ਜਨਮ ਨੂੰ ਚਿਤ੍ਰਿਤ ਕਰਦਾ ਹੈ, ਜਿਸ ਦਾ ਸਵਰਗੀ ਜੀਵਨ ਵਿਚ ਪਰਤਣਾ ਨਿਸ਼ਚਿਤ ਸੀ। ਮਸੀਹ ਦੇ ਵਹਾਏ ਗਏ ਲਹੂ ਵਿਚ ਆਪਣੀ ਨਿਹਚਾ ਦੇ ਆਧਾਰ ਤੇ ਧਰਮੀ ਠਹਿਰਾਏ ਜਾਣ ਮਗਰੋਂ, ਇਹ ਮਸਹ ਕੀਤੇ ਹੋਏ ਅਨੁਯਾਈ ਵੀ ਪਰਮੇਸ਼ੁਰ ਦੀ ਆਤਮਾ ਦੇ ਇਸ ਖ਼ਾਸ ਕਾਰਵਾਈ ਨੂੰ ਅਨੁਭਵ ਕਰਦੇ ਹਨ। (ਰੋਮੀਆਂ 8:14-17) “ਜਲ [ਅਰਥਾਤ, ਉਨ੍ਹਾਂ ਦੇ ਬਪਤਿਸਮਾ] ਅਰ ਆਤਮਾ” ਦੁਆਰਾ, ਉਹ ਪਰਮੇਸ਼ੁਰ ਦੇ ਅਧਿਆਤਮਿਕ ਪੁੱਤਰਾਂ ਦੇ ਤੌਰ ਤੇ ‘ਨਵੇਂ ਸਿਰਿਓਂ ਜੰਮਦੇ’ ਹਨ। ਇਸ ਹੈਸੀਅਤ ਵਿਚ, ਉਨ੍ਹਾਂ ਕੋਲ ਪਰਮੇਸ਼ੁਰ ਦੇ ਆਤਮਿਕ ਪੁੱਤਰਾਂ ਦੇ ਤੌਰ ਤੇ ਸਵਰਗੀ ਜੀਵਨ ਲਈ ਪੁਨਰ-ਉਥਿਤ ਕੀਤੇ ਜਾਣ ਦੀ ਉਮੀਦ ਹੈ, ਬਸ਼ਰਤੇ ਕਿ ਉਹ ਮੌਤ ਤਕ ਵਫ਼ਾਦਾਰ ਰਹਿਣ।—ਯੂਹੰਨਾ 3:5, 7; ਪਰਕਾਸ਼ ਦੀ ਪੋਥੀ 2:10.
14 ਜਾਜਕ ਜੋ ਪਾਰਥਿਵ ਹੈਕਲ ਦੇ ਪਵਿੱਤਰ ਸਥਾਨ ਵਿਚ ਸੇਵਾ ਕਰਦੇ ਸਨ, ਉਹ ਬਾਹਰ ਖੜ੍ਹੇ ਉਪਾਸਕਾਂ ਨੂੰ ਨਜ਼ਰ ਨਹੀਂ ਆਉਂਦੇ ਸਨ। ਸਮਾਨ ਰੂਪ ਵਿਚ, ਮਸਹ ਕੀਤੇ ਹੋਏ ਮਸੀਹੀ ਇਕ ਅਜਿਹੀ ਅਧਿਆਤਮਿਕ ਸਥਿਤੀ ਅਨੁਭਵ ਕਰਦੇ ਹਨ ਜਿਸ ਵਿਚ ਪਰਮੇਸ਼ੁਰ ਦੇ ਅਧਿਕਤਰ ਉਪਾਸਕਾਂ ਦਾ, ਜਿਨ੍ਹਾਂ ਦੀ ਉਮੀਦ ਇਕ ਪਰਾਦੀਸ ਧਰਤੀ ਉੱਤੇ ਸਦਾ ਦੇ ਲਈ ਜੀਉਣ ਦੀ ਹੈ, ਨਾ ਤਾਂ ਭਾਗ ਹੈ ਅਤੇ ਨਾ ਹੀ ਉਹ ਇਸ ਨੂੰ ਪੂਰੀ ਤਰ੍ਹਾਂ ਨਾਲ ਸਮਝਦੇ ਹਨ। ਡੇਹਰੇ ਦਾ ਸੁਨਹਿਰਾ ਸ਼ਮਾਦਾਨ ਮਸਹ ਕੀਤੇ ਹੋਏ ਮਸੀਹੀਆਂ ਦੀ ਪ੍ਰਬੁੱਧ ਸਥਿਤੀ ਨੂੰ ਚਿਤ੍ਰਿਤ ਕਰਦਾ ਹੈ। ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਪ੍ਰਕ੍ਰਿਆ, ਦੀਵਿਆਂ ਵਿਚ ਤੇਲ ਦੀ ਤਰ੍ਹਾਂ, ਬਾਈਬਲ ਉੱਤੇ ਪ੍ਰਕਾਸ਼ ਪਾਉਂਦੀ ਹੈ। ਫਲਸਰੂਪ, ਜੋ ਸਮਝ ਮਸੀਹੀਆਂ ਨੂੰ ਹਾਸਲ ਹੁੰਦੀ ਹੈ, ਇਸ ਨੂੰ ਉਹ ਆਪਣੇ ਤਕ ਸੀਮਿਤ ਨਹੀਂ ਰੱਖਦੇ ਹਨ। ਇਸ ਦੀ ਬਜਾਇ, ਉਹ ਯਿਸੂ ਦੀ ਆਗਿਆ ਮੰਨਦੇ ਹਨ, ਜਿਸ ਨੇ ਕਿਹਾ: “ਤੁਸੀਂ ਜਗਤ ਦੇ ਚਾਨਣ ਹੋ। . . . ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।”—ਮੱਤੀ 5:14, 16.
15. ਹਜੂਰੀ ਦੀਆਂ ਰੋਟੀਆਂ ਦੇ ਮੇਜ਼ ਉੱਤੇ ਰੋਟੀ ਕਿਸ ਚੀਜ਼ ਨੂੰ ਚਿਤ੍ਰਿਤ ਕਰਦੀ ਹੈ?
15 ਇਸ ਪ੍ਰਬੁੱਧ ਸਥਿਤੀ ਵਿਚ ਕਾਇਮ ਰਹਿਣ ਦੇ ਲਈ, ਮਸਹ ਕੀਤੇ ਹੋਏ ਮਸੀਹੀਆਂ ਨੂੰ ਨਿਯਮਿਤ ਤੌਰ ਤੇ ਉਸ ਚੀਜ਼ ਤੋਂ ਭੋਜਨ ਕਰਨਾ ਚਾਹੀਦਾ ਹੈ ਜੋ ਹਜੂਰੀ ਦੀਆਂ ਰੋਟੀਆਂ ਦੇ ਮੇਜ਼ ਉੱਤੇ ਰੋਟੀ ਦੁਆਰਾ ਚਿਤ੍ਰਿਤ ਕੀਤੀ ਗਈ ਹੈ। ਉਨ੍ਹਾਂ ਦੇ ਅਧਿਆਤਮਿਕ ਭੋਜਨ ਦਾ ਮੁੱਖ ਸ੍ਰੋਤ ਪਰਮੇਸ਼ੁਰ ਦਾ ਬਚਨ ਹੈ, ਜਿਸ ਨੂੰ ਉਹ ਰੋਜ਼ਾਨਾ ਪੜ੍ਹਨ ਅਤੇ ਉਸ ਉੱਤੇ ਮਨਨ ਕਰਨ ਦਾ ਜਤਨ ਕਰਦੇ ਹਨ। ਯਿਸੂ ਨੇ ਉਨ੍ਹਾਂ ਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਰਾਹੀਂ ‘ਵੇਲੇ ਸਿਰ ਰਸਤ ਦੇਣ’ ਦਾ ਵੀ ਵਾਅਦਾ ਕੀਤਾ। (ਮੱਤੀ 24:45) ਇਹ “ਨੌਕਰ” ਕਿਸੇ ਵੀ ਖ਼ਾਸ ਸਮੇਂ ਤੇ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀਆਂ ਦਾ ਸਮੁੱਚਾ ਸਮੂਹ ਹੈ। ਮਸੀਹ ਨੇ ਇਸ ਮਸਹ ਕੀਤੇ ਹੋਏ ਸਮੂਹ ਨੂੰ ਬਾਈਬਲ ਭਵਿੱਖਬਾਣੀਆਂ ਦੀ ਪੂਰਤੀ ਉੱਤੇ ਜਾਣਕਾਰੀ ਪ੍ਰਕਾਸ਼ਿਤ ਕਰਨ ਦੇ ਲਈ ਅਤੇ ਆਧੁਨਿਕ ਦੈਨਿਕ ਜੀਵਨ ਵਿਚ ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰਨ ਉੱਤੇ ਸਮੇਂ-ਅਨੁਕੂਲ ਨਿਰਦੇਸ਼ਨ ਦੇਣ ਦੇ ਲਈ ਇਸਤੇਮਾਲ ਕੀਤਾ ਹੈ। ਇਸ ਲਈ, ਮਸਹ ਕੀਤੇ ਹੋਏ ਮਸੀਹੀ ਕਦਰਦਾਨੀ ਨਾਲ ਅਜਿਹੇ ਸਾਰੇ ਅਧਿਆਤਮਿਕ ਰਸਤ ਤੋਂ ਭੋਜਨ ਕਰਦੇ ਹਨ। ਪਰੰਤੂ ਉਨ੍ਹਾਂ ਦੇ ਅਧਿਆਤਮਿਕ ਜੀਵਨਾਂ ਦਾ ਜਾਰੀ ਰਹਿਣਾ ਪਰਮੇਸ਼ੁਰ ਦੇ ਗਿਆਨ ਨੂੰ ਆਪਣੇ ਮਨਾਂ ਅਤੇ ਦਿਲਾਂ ਵਿਚ ਲੈਣ ਤੋਂ ਵੀ ਅਧਿਕ ਕਿਸੇ ਚੀਜ਼ ਉੱਤੇ ਨਿਰਭਰ ਕਰਦਾ ਹੈ। ਯਿਸੂ ਨੇ ਕਿਹਾ: “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।” (ਯੂਹੰਨਾ 4:34) ਉਸੇ ਤਰ੍ਹਾਂ, ਮਸਹ ਕੀਤੇ ਹੋਏ ਮਸੀਹੀ ਪਰਮੇਸ਼ੁਰ ਦੀ ਪ੍ਰਗਟ ਇੱਛਾ ਕਰਨ ਲਈ ਰੋਜ਼ਾਨਾ ਜਤਨ ਕਰਨ ਦੇ ਦੁਆਰਾ ਸੰਤੁਸ਼ਟੀ ਅਨੁਭਵ ਕਰਦੇ ਹਨ।
16. ਧੂਪ ਦੀ ਵੇਦੀ ਵਿਖੇ ਸੇਵਾ ਕਿਸ ਚੀਜ਼ ਨੂੰ ਚਿਤ੍ਰਿਤ ਕਰਦੀ ਹੈ?
16 ਸਵੇਰ ਨੂੰ ਅਤੇ ਸੰਝ ਨੂੰ, ਇਕ ਜਾਜਕ ਪਵਿੱਤਰ ਸਥਾਨ ਵਿਚ ਧੂਪ ਦੀ ਵੇਦੀ ਉੱਤੇ ਪਰਮੇਸ਼ੁਰ ਨੂੰ ਧੂਪ ਧੁਖਾਉਂਦਾ ਸੀ। ਉਸੇ ਸਮੇਂ ਤੇ, ਗ਼ੈਰ-ਜਾਜਕੀ ਉਪਾਸਕ ਪਰਮੇਸ਼ੁਰ ਦੀ ਹੈਕਲ ਦੇ ਬਾਹਰਲੇ ਹਾਤਿਆਂ ਵਿਚ ਖਲੋ ਕੇ ਉਸ ਨੂੰ ਪ੍ਰਾਰਥਨਾ ਕਰਦੇ ਸਨ। (ਲੂਕਾ 1:8-10) “ਧੂਪ,” ਬਾਈਬਲ ਵਿਆਖਿਆ ਕਰਦੀ ਹੈ, “ਸੰਤਾਂ ਦੀਆਂ ਪ੍ਰਾਰਥਨਾਂ ਹਨ।” (ਪਰਕਾਸ਼ ਦੀ ਪੋਥੀ 5:8) “ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਙੁ ਠਹਿਰੇ,” ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਲਿਖਿਆ। (ਜ਼ਬੂਰ 141:2) ਮਸਹ ਕੀਤੇ ਹੋਏ ਮਸੀਹੀ ਵੀ ਯਿਸੂ ਮਸੀਹ ਦੇ ਰਾਹੀਂ ਪ੍ਰਾਰਥਨਾ ਵਿਚ ਯਹੋਵਾਹ ਦੇ ਨੇੜੇ ਜਾਣ ਦੇ ਆਪਣੇ ਵਿਸ਼ੇਸ਼-ਸਨਮਾਨ ਨੂੰ ਬਹੁਮੁੱਲਾ ਸਮਝਦੇ ਹਨ। ਸੁਹਿਰਦ ਪ੍ਰਾਰਥਨਾਵਾਂ ਜੋ ਦਿਲ ਤੋਂ ਨਿਕਲਦੀਆਂ ਹਨ, ਸੁਗੰਧਿਤ ਧੂਪ ਦੇ ਸਮਾਨ ਹਨ। ਮਸਹ ਕੀਤੇ ਹੋਏ ਮਸੀਹੀ ਦੂਜਿਆਂ ਨੂੰ ਸਿਖਾਉਣ ਲਈ ਆਪਣੇ ਬੁੱਲ੍ਹਾਂ ਦੀ ਵਰਤੋਂ ਕਰਨ ਦੇ ਦੁਆਰਾ, ਹੋਰ ਤਰੀਕਿਆਂ ਵਿਚ ਵੀ ਪਰਮੇਸ਼ੁਰ ਦੀ ਉਸਤਤ ਕਰਦੇ ਹਨ। ਕਠਿਨਾਈਆਂ ਦੇ ਸਾਮ੍ਹਣੇ ਉਨ੍ਹਾਂ ਦੀ ਧੀਰਜ ਅਤੇ ਅਜ਼ਮਾਇਸ਼ ਅਧੀਨ ਉਨ੍ਹਾਂ ਦੀ ਖਰਿਆਈ ਖ਼ਾਸ ਕਰਕੇ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ।—1 ਪਤਰਸ 2:20, 21.
17. ਪ੍ਰਾਸਚਿਤ ਦੇ ਦਿਨ ਤੇ, ਅੱਤ ਪਵਿੱਤਰ ਸਥਾਨ ਵਿਚ ਪ੍ਰਧਾਨ ਜਾਜਕ ਦੇ ਪ੍ਰਥਮ ਪ੍ਰਵੇਸ਼ ਦੁਆਰਾ ਪੇਸ਼ ਕੀਤੀ ਗਈ ਭਵਿੱਖ-ਸੂਚਕ ਤਸਵੀਰ ਦੀ ਪੂਰਤੀ ਵਿਚ ਕੀ ਸੰਮਿਲਿਤ ਸੀ?
17 ਪ੍ਰਾਸਚਿਤ ਦੇ ਦਿਨ ਤੇ, ਇਸਰਾਏਲ ਦੇ ਪ੍ਰਧਾਨ ਜਾਜਕ ਨੂੰ ਅੱਤ ਪਵਿੱਤਰ ਸਥਾਨ ਵਿਚ ਪ੍ਰਵੇਸ਼ ਕਰ ਕੇ ਭਖਦੇ ਕੋਲਿਆਂ ਨਾਲ ਭਰੇ ਹੋਏ ਇਕ ਸੁਨਹਿਰੇ ਧੂਪਦਾਨ ਉੱਤੇ ਧੂਪ ਧੁਖਣਾ ਸੀ। ਪਾਪ ਦੀਆਂ ਬਲੀਆਂ ਦੇ ਲਹੂ ਨੂੰ ਅੰਦਰ ਲਿਆਉਣ ਤੋਂ ਪਹਿਲਾਂ, ਉਸ ਨੂੰ ਇਹ ਕੰਮ ਕਰਨਾ ਪੈਂਦਾ ਸੀ। ਇਸ ਭਵਿੱਖ-ਸੂਚਕ ਤਸਵੀਰ ਦੀ ਪੂਰਤੀ ਵਿਚ, ਸਾਡੇ ਪਾਪਾਂ ਦੇ ਲਈ ਇਕ ਸਥਾਈ ਬਲੀਦਾਨ ਦੇ ਤੌਰ ਤੇ ਆਪਣਾ ਜੀਵਨ ਕੁਰਬਾਨ ਕਰਨ ਤੋਂ ਪਹਿਲਾਂ, ਮਨੁੱਖ ਯਿਸੂ ਨੇ ਯਹੋਵਾਹ ਪਰਮੇਸ਼ੁਰ ਦੇ ਪ੍ਰਤੀ ਪੂਰਣ ਖਰਿਆਈ ਰੱਖੀ। ਇਸ ਤਰ੍ਹਾਂ ਉਸ ਨੇ ਪ੍ਰਦਰਸ਼ਿਤ ਕੀਤਾ ਕਿ ਇਕ ਸੰਪੂਰਣ ਮਨੁੱਖ ਪਰਮੇਸ਼ੁਰ ਦੇ ਪ੍ਰਤੀ ਆਪਣੀ ਖਰਿਆਈ ਰੱਖ ਸਕਦਾ ਹੈ, ਭਾਵੇਂ ਸ਼ਤਾਨ ਉਸ ਉੱਤੇ ਕਿੰਨਾ ਹੀ ਦਬਾਉ ਕਿਉਂ ਨਾ ਲਿਆਵੇ। (ਕਹਾਉਤਾਂ 27:11) ਅਜ਼ਮਾਇਸ਼ ਹੇਠ ਯਿਸੂ ਨੇ “ਬਹੁਤ ਢਾਹਾਂ ਮਾਰ ਮਾਰ ਕੇ ਅਤੇ ਅੰਝੂ ਕੇਰ ਕੇਰ ਕੇ” ਪ੍ਰਾਰਥਨਾ ਦਾ ਲਾਭ ਚੁੱਕਿਆ “ਅਤੇ ਪਰਮੇਸ਼ੁਰ ਦਾ ਭੈ ਰੱਖਣ ਦੇ ਕਾਰਨ ਉਹ ਦੀ ਸੁਣੀ ਗਈ।” (ਇਬਰਾਨੀਆਂ 5:7) ਇਸ ਤਰ੍ਹਾਂ ਉਸ ਨੇ ਯਹੋਵਾਹ ਨੂੰ ਵਿਸ਼ਵ ਦੇ ਧਰਮੀ ਅਤੇ ਹੱਕੀ ਸਰਬਸੱਤਾਵਾਨ ਵਜੋਂ ਮਹਿਮਾ ਦਿੱਤੀ। ਪਰਮੇਸ਼ੁਰ ਨੇ ਯਿਸੂ ਨੂੰ ਮਰਿਆਂ ਹੋਇਆਂ ਵਿੱਚੋਂ ਸਵਰਗੀ ਅਮਰ ਜੀਵਨ ਦੇ ਲਈ ਪੁਨਰ-ਉਥਿਤ ਕਰਨ ਦੁਆਰਾ ਪ੍ਰਤਿਫਲ ਦਿੱਤਾ। ਇਸ ਬੁਲੰਦ ਸਥਿਤੀ ਵਿਚ, ਯਿਸੂ ਧਰਤੀ ਉੱਤੇ ਆਪਣੇ ਆਉਣ ਦੇ ਦੂਜੇ ਕਾਰਨ ਉੱਤੇ ਧਿਆਨ ਦਿੰਦਾ ਹੈ, ਅਰਥਾਤ ਪਸ਼ਚਾਤਾਪੀ ਮਾਨਵ ਪਾਪੀਆਂ ਨੂੰ ਪਰਮੇਸ਼ੁਰ ਨਾਲ ਮੁੜ ਮਿਲਾਉਣਾ।—ਇਬਰਾਨੀਆਂ 4:14-16.
ਪਰਮੇਸ਼ੁਰ ਦੀ ਅਧਿਆਤਮਿਕ ਹੈਕਲ ਦੀ ਵਧੀਕ ਰੌਣਕ
18. ਯਹੋਵਾਹ ਨੇ ਆਪਣੀ ਅਧਿਆਤਮਿਕ ਹੈਕਲ ਵਿਚ ਕਿਵੇਂ ਸਿਰਕੱਢਵੀਂ ਰੌਣਕ ਲਿਆਂਦੀ ਹੈ?
18 “ਏਸ ਭਵਨ ਦੀ ਆਖਰੀ ਰੌਣਕ ਪਹਿਲੀ ਤੋਂ ਵਧੀਕ ਹੋਵੇਗੀ,” ਯਹੋਵਾਹ ਨੇ ਪੂਰਵ-ਸੂਚਨਾ ਦਿੱਤੀ। (ਹੱਜਈ 2:9) ਯਿਸੂ ਨੂੰ ਅਮਰ ਰਾਜਾ ਅਤੇ ਪ੍ਰਧਾਨ ਜਾਜਕ ਵਜੋਂ ਪੁਨਰ-ਉਥਿਤ ਕਰਨ ਦੇ ਦੁਆਰਾ, ਯਹੋਵਾਹ ਨੇ ਆਪਣੀ ਅਧਿਆਤਮਿਕ ਹੈਕਲ ਵਿਚ ਸਿਰਕੱਢਵੀਂ ਰੌਣਕ ਲਿਆਂਦੀ। ਯਿਸੂ ਹੁਣ ‘ਓਹਨਾਂ ਸਭਨਾਂ ਨੂੰ ਜਿਹੜੇ ਉਹ ਦੇ ਆਗਿਆਕਾਰ ਹਨ ਸਦਾ ਦੀ ਗਤੀ’ ਦੇਣ ਦੀ ਸਥਿਤੀ ਵਿਚ ਹੈ। (ਇਬਰਾਨੀਆਂ 5:9) ਅਜਿਹੀ ਆਗਿਆਕਾਰਤਾ ਦਿਖਾਉਣ ਵਾਲਿਆਂ ਵਿੱਚੋਂ ਪ੍ਰਥਮ ਵਿਅਕਤੀ 120 ਚੇਲੇ ਸਨ, ਜਿਨ੍ਹਾਂ ਨੇ 33 ਸਾ.ਯੁ. ਵਿਚ ਪੰਤੇਕੁਸਤ ਦੇ ਸਮੇਂ ਪਵਿੱਤਰ ਆਤਮਾ ਹਾਸਲ ਕੀਤੀ। ਪਰਕਾਸ਼ ਦੀ ਪੋਥੀ ਨੇ ਪੂਰਵ-ਸੂਚਿਤ ਕੀਤਾ ਕਿ ਇਸਰਾਏਲ ਦੇ ਇਨ੍ਹਾਂ ਅਧਿਆਤਮਿਕ ਪੁੱਤਰਾਂ ਦੀ ਗਿਣਤੀ ਆਖ਼ਰਕਾਰ 1,44,000 ਹੋਵੇਗੀ। (ਪਰਕਾਸ਼ ਦੀ ਪੋਥੀ 7:4) ਮੌਤ ਹੋਣ ਤੇ, ਇਨ੍ਹਾਂ ਵਿੱਚੋਂ ਬਹੁਤੇਰਿਆਂ ਨੂੰ ਯਿਸੂ ਦੀ ਰਾਜਕੀ ਸੱਤਾ ਵਿਚ ਮੌਜੂਦਗੀ ਦੇ ਸਮੇਂ ਦੀ ਉਡੀਕ ਕਰਦੇ ਹੋਏ, ਮਨੁੱਖਜਾਤੀ ਦੀ ਆਮ ਕਬਰ ਵਿਚ ਅਚੇਤ ਪਏ ਰਹਿਣਾ ਪਿਆ। ਦਾਨੀਏਲ 4:10-17, 20-27 ਵਿਚ ਦਰਜ ਭਵਿੱਖ-ਸੂਚਕ ਕਾਲਕ੍ਰਮ, 1914 ਨੂੰ ਉਸ ਸਮੇਂ ਵਜੋਂ ਸੰਕੇਤ ਕਰਦਾ ਹੈ ਜਦੋਂ ਯਿਸੂ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰਨਾ ਸ਼ੁਰੂ ਕਰਦਾ। (ਜ਼ਬੂਰ 110:2) ਕਈ ਦਹਾਕਿਆਂ ਅਗਾਹਾਂ, ਮਸਹ ਕੀਤੇ ਹੋਏ ਮਸੀਹੀਆਂ ਨੇ ਉਸ ਸਾਲ ਦੀ ਉਤਸ਼ਾਹ ਨਾਲ ਉਡੀਕ ਕੀਤੀ। ਪਹਿਲੇ ਵਿਸ਼ਵ ਯੁੱਧ ਨੇ ਅਤੇ ਉਸ ਦੇ ਨਾਲ ਮਨੁੱਖਜਾਤੀ ਉੱਤੇ ਆਈਆਂ ਬਿਪਤਾਵਾਂ ਨੇ ਸਬੂਤ ਦਿੱਤਾ ਕਿ ਯਕੀਨਨ ਯਿਸੂ ਨੂੰ 1914 ਵਿਚ ਰਾਜਾ ਦੇ ਤੌਰ ਤੇ ਸਿੰਘਾਸਣ ਉੱਤੇ ਬਿਠਾਇਆ ਗਿਆ ਸੀ। (ਮੱਤੀ 24:3, 7, 8) ਇਸ ਦੇ ਥੋੜ੍ਹੇ ਸਮੇਂ ਬਾਅਦ ਹੀ, ‘ਪਰਮੇਸ਼ੁਰ ਦੇ ਘਰੋਂ ਨਿਆਉਂ ਸ਼ੁਰੂ ਹੋਣ’ ਦਾ ਸਮਾਂ ਆਉਣ ਤੇ, ਯਿਸੂ ਮੌਤ ਦੀ ਨੀਂਦ ਸੌਂ ਰਹੇ ਆਪਣੇ ਮਸਹ ਕੀਤੇ ਹੋਏ ਚੇਲਿਆਂ ਨੂੰ ਕੀਤਾ ਹੋਇਆ ਵਾਅਦਾ ਪੂਰਾ ਕਰੇਗਾ: “ਮੈਂ . . . ਫੇਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ।”—1 ਪਤਰਸ 4:17; ਯੂਹੰਨਾ 14:3.
19. ਸਵਰਗੀ ਅੱਤ ਪਵਿੱਤਰ ਸਥਾਨ ਵਿਚ 1,44,000 ਦਾ ਬਕੀਆ ਕਿਵੇਂ ਪ੍ਰਵੇਸ਼ ਹਾਸਲ ਕਰੇਗਾ?
19 ਪਵਿੱਤਰ ਜਾਜਕਾਈ ਦੇ ਸਾਰੇ 1,44,000 ਸਦੱਸਾਂ ਨੂੰ ਅਜੇ ਅੰਤਿਮ ਰੂਪ ਵਿਚ ਮੁਹਰ ਲਾ ਕੇ ਉਨ੍ਹਾਂ ਦੇ ਸਵਰਗੀ ਘਰ ਨੂੰ ਇਕੱਠੇ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦਾ ਇਕ ਬਕੀਆ, ਆਪਣੇ ਭੌਤਿਕ ਸਰੀਰਾਂ ਦੇ ‘ਪੜਦੇ,’ ਜਾਂ ਪ੍ਰਤਿਬੰਧ ਕਰਕੇ ਪਰਮੇਸ਼ੁਰ ਦੀ ਪਵਿੱਤਰ ਹਜ਼ੂਰੀ ਤੋਂ ਅਲੱਗ ਰੱਖੇ, ਅਜੇ ਵੀ ਪਵਿੱਤਰ ਸਥਾਨ ਦੁਆਰਾ ਚਿਤ੍ਰਿਤ ਕੀਤੀ ਗਈ ਉਸ ਅਧਿਆਤਮਿਕ ਸਥਿਤੀ ਵਿਚ ਧਰਤੀ ਉੱਤੇ ਜੀ ਰਿਹਾ ਹੈ। ਜਿਉਂ-ਜਿਉਂ ਇਹ ਵਫ਼ਾਦਾਰੀ ਵਿਚ ਮਰਦੇ ਹਨ, ਉਹ ਉਨ੍ਹਾਂ ਵਿਅਕਤੀਆਂ ਦੇ ਨਾਲ, ਜੋ 1,44,000 ਵਿੱਚੋਂ ਪਹਿਲਾਂ ਤੋਂ ਹੀ ਸਵਰਗ ਵਿਚ ਜਾ ਚੁੱਕੇ ਹਨ, ਸੰਯੁਕਤ ਹੋਣ ਲਈ ਅਮਰ ਆਤਮਿਕ ਪ੍ਰਾਣੀਆਂ ਦੇ ਤੌਰ ਤੇ ਤੁਰੰਤ ਹੀ ਪੁਨਰ-ਉਥਿਤ ਕੀਤੇ ਜਾਂਦੇ ਹਨ।—1 ਕੁਰਿੰਥੀਆਂ 15:51-53.
20. ਪਵਿੱਤਰ ਜਾਜਕਾਈ ਦੇ ਬਾਕੀ ਵਿਅਕਤੀ ਇਸ ਸਮੇਂ ਤੇ ਕਿਹੜਾ ਅਤਿ-ਮਹੱਤਵਪੂਰਣ ਕਾਰਜ ਕਰ ਰਹੇ ਹਨ, ਅਤੇ ਨਤੀਜੇ ਕੀ ਹਨ?
20 ਸਵਰਗ ਵਿਚ ਮਹਾਨ ਪ੍ਰਧਾਨ ਜਾਜਕ ਦੇ ਨਾਲ-ਨਾਲ ਸੇਵਾ ਕਰ ਰਹੇ ਇੰਨੇ ਦੂਜੇ ਜਾਜਕਾਂ ਦੇ ਕਾਰਨ, ਪਰਮੇਸ਼ੁਰ ਦੀ ਅਧਿਆਤਮਿਕ ਹੈਕਲ ਨੂੰ ਅਤਿਰਿਕਤ ਰੌਣਕ ਹਾਸਲ ਹੋਈ ਹੈ। ਇਸ ਦੌਰਾਨ, ਪਵਿੱਤਰ ਜਾਜਕਾਈ ਦੇ ਬਾਕੀ ਵਿਅਕਤੀ ਧਰਤੀ ਉੱਤੇ ਇਕ ਬਹੁਮੁੱਲਾ ਕਾਰਜ ਕਰ ਰਹੇ ਹਨ। ਉਨ੍ਹਾਂ ਦੇ ਪ੍ਰਚਾਰ ਦੁਆਰਾ, ਪਰਮੇਸ਼ੁਰ ਆਪਣੇ ਨਿਆਉਂ ਦੀਆਂ ਅਭਿਵਿਅਕਤੀਆਂ ਨਾਲ ‘ਸਾਰੀਆਂ ਕੌਮਾਂ ਨੂੰ ਹਿਲਾ ਰਿਹਾ’ ਹੈ, ਜਿਵੇਂ ਕਿ ਹੱਜਈ 2:7 ਵਿਚ ਪੂਰਵ-ਸੂਚਿਤ ਕੀਤਾ ਸੀ। ਨਾਲ ਹੀ, ਲੱਖਾਂ ਹੀ ਉਪਾਸਕ ਜਿਨ੍ਹਾਂ ਨੂੰ “ਸਾਰੀਆਂ ਕੌਮਾਂ ਦੀਆਂ ਮਨਭਾਉਂਦੀਆਂ ਵਸਤਾਂ” (ਨਿ ਵ) ਵਜੋਂ ਵਰਣਿਤ ਕੀਤਾ ਗਿਆ ਹੈ, ਯਹੋਵਾਹ ਦੀ ਹੈਕਲ ਦੇ ਪਾਰਥਿਵ ਹਾਤਿਆਂ ਵਿਚ ਆ ਰਹੇ ਹਨ। ਉਪਾਸਨਾ ਦੇ ਲਈ ਪਰਮੇਸ਼ੁਰ ਦੇ ਪ੍ਰਬੰਧ ਵਿਚ ਇਨ੍ਹਾਂ ਦਾ ਕੀ ਥਾਂ ਹੈ, ਅਤੇ ਅਸੀਂ ਉਸ ਦੀ ਮਹਾਨ ਅਧਿਆਤਮਿਕ ਹੈਕਲ ਦੇ ਲਈ ਕਿਹੜੀ ਭਾਵੀ ਰੌਣਕ ਦੀ ਆਸ ਰੱਖ ਸਕਦੇ ਹਾਂ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਨੂੰ ਜਾਂਚਿਆ ਜਾਵੇਗਾ। (w96 7/1)
ਪੁਨਰ-ਵਿਚਾਰ ਦੇ ਸਵਾਲ
◻ ਯਿਸੂ ਨੇ 29 ਸਾ.ਯੁ. ਵਿਚ ਕਿਹੜੀ ਸਿਰਕੱਢਵੀਂ ਮਿਸਾਲ ਕਾਇਮ ਕੀਤੀ?
◻ ਸੰਨ 29 ਸਾ.ਯੁ. ਵਿਚ ਕਿਹੜਾ ਪ੍ਰਬੰਧ ਚਾਲੂ ਹੋਇਆ?
◻ ਪਵਿੱਤਰ ਸਥਾਨ ਅਤੇ ਅੱਤ ਪਵਿੱਤਰ ਸਥਾਨ ਕਿਸ ਚੀਜ਼ ਨੂੰ ਚਿਤ੍ਰਿਤ ਕਰਦੇ ਹਨ?
◻ ਮਹਾਨ ਅਧਿਆਤਮਿਕ ਹੈਕਲ ਕਿਵੇਂ ਪ੍ਰਤਾਪੀ ਬਣਾਈ ਗਈ ਹੈ?