‘ਤੁਸੀਂ ਪਵਿੱਤ੍ਰ ਹੋਵੋ ਕਿਉਂ ਜੋ ਮੈਂ ਪਵਿੱਤ੍ਰ ਹਾਂ’
“ਤੁਸੀਂ ਪਵਿੱਤ੍ਰ ਹੋਵੋ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਪਵਿੱਤ੍ਰ ਹਾਂ।”—ਲੇਵੀਆਂ 19:2.
1. ਕਿਹੜੇ ਕੁਝ ਲੋਕ ਹਨ ਜਿਨ੍ਹਾਂ ਨੂੰ ਸੰਸਾਰ ਪਵਿੱਤਰ ਮੰਨਦਾ ਹੈ?
ਸੰਸਾਰ ਦੇ ਜ਼ਿਆਦਾਤਰ ਮੁੱਖ ਧਰਮਾਂ ਵਿਚ ਉਹ ਵਿਅਕਤੀ ਹਨ ਜਿਨ੍ਹਾਂ ਨੂੰ ਉਹ ਪਵਿੱਤਰ ਮੰਨਦੇ ਹਨ। ਭਾਰਤੀ ਪ੍ਰਸਿੱਧੀ ਦੀ ਮਦਰ ਟਰੀਜ਼ਾ ਨੂੰ ਗ਼ਰੀਬਾਂ ਦੇ ਪ੍ਰਤੀ ਆਪਣੇ ਸਮਰਪਣ ਦੇ ਕਾਰਨ ਅਕਸਰ ਪਵਿੱਤਰ ਮੰਨਿਆ ਜਾਂਦਾ ਹੈ। ਪੋਪ ਨੂੰ “ਪਵਿੱਤਰ ਪਿਤਾ” ਆਖਿਆ ਜਾਂਦਾ ਹੈ। ਆਧੁਨਿਕ ਕੈਥੋਲਿਕ ਅੰਦੋਲਨ ਓਪੁਸ ਡੇਈ ਦੇ ਮੋਢੀ, ਹੋਸੇ ਮਾਰੀਆ ਏਸਕ੍ਰੀਬਾ, ਨੂੰ ਕੁਝ ਕੈਥੋਲਿਕ “ਪਵਿੱਤਰਤਾ ਦੇ ਲਈ ਆਦਰਸ਼” ਵਜੋਂ ਵਿਚਾਰਦੇ ਹਨ। ਹਿੰਦੂ ਧਰਮ ਦੇ ਆਪਣੇ ਹੀ ਸਵਾਮੀ, ਜਾਂ ਪਵਿੱਤਰ ਪੁਰਸ਼ ਹੁੰਦੇ ਹਨ। ਗਾਂਧੀ ਨੂੰ ਇਕ ਪਵਿੱਤਰ ਪੁਰਸ਼ ਵਜੋਂ ਸਤਿਕਾਰਿਆ ਜਾਂਦਾ ਸੀ। ਬੁੱਧ ਮਤ ਦੇ ਆਪਣੇ ਪਵਿੱਤਰ ਭਿਕਸ਼ੂ ਹੁੰਦੇ ਹਨ, ਅਤੇ ਇਸਲਾਮ ਦਾ ਆਪਣਾ ਪਵਿੱਤਰ ਨਬੀ। ਪਰੰਤੂ ਪਵਿੱਤਰ ਹੋਣ ਦਾ ਅਸਲ ਵਿਚ ਕੀ ਅਰਥ ਹੈ?
2, 3. (ੳ) ਸ਼ਬਦ “ਪਵਿੱਤਰ” ਅਤੇ “ਪਵਿੱਤਰਤਾ” ਦਾ ਕੀ ਅਰਥ ਹੈ? (ਅ) ਕਿਹੜੇ ਕੁਝ ਸਵਾਲ ਹਨ ਜਿਨ੍ਹਾਂ ਦੇ ਜਵਾਬ ਦਿੱਤੇ ਜਾਣ ਦੀ ਜ਼ਰੂਰਤ ਹੈ?
2 ਸ਼ਬਦ “ਪਵਿੱਤਰ” ਨੂੰ ਇੰਜ ਪਰਿਭਾਸ਼ਿਤ ਕੀਤਾ ਗਿਆ ਹੈ, “1. . . . ਇਕ ਈਸ਼ਵਰੀ ਸ਼ਕਤੀ ਦੇ ਨਾਲ ਸੰਬੰਧਿਤ; ਪਾਵਨ। 2. ਉਪਾਸਨਾ ਜਾਂ ਸ਼ਰਧਾ ਦੇ ਨਾਲ ਜਾਂ ਇਸ ਦੇ ਯੋਗ ਵਿਚਾਰਿਆ ਜਾਣਾ . . . 3. ਇਕ ਸਖ਼ਤ ਜਾਂ ਅਤਿਅਧਿਕ ਨੈਤਿਕ ਧਾਰਮਿਕ ਜਾਂ ਅਧਿਆਤਮਿਕ ਵਿਵਸਥਾ ਦੇ ਅਨੁਸਾਰ ਜੀਉਣਾ . . . 4. ਇਕ ਧਾਰਮਿਕ ਮਕਸਦ ਦੇ ਲਈ ਨਿਸ਼ਚਿਤ ਕੀਤਾ ਜਾਂ ਅਲੱਗ ਰੱਖਿਆ ਗਿਆ।” ਬਾਈਬਲੀ ਪ੍ਰਸੰਗ ਵਿਚ, ਪਵਿੱਤਰਤਾ ਦਾ ਅਰਥ ਹੈ “ਧਾਰਮਿਕ ਸਵੱਛਤਾ ਜਾਂ ਸ਼ੁੱਧਤਾ; ਪਾਵਨਤਾ।” ਬਾਈਬਲ ਸੰਦਰਭ ਰਚਨਾ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਦੇ ਅਨੁਸਾਰ, “ਮੂਲ ਇਬਰਾਨੀ [ਸ਼ਬਦ] ਕੋਦੇਸ਼ ਵੱਖਰਾਪਣ, ਨਵੇਕਲਾਪਣ, ਜਾਂ ਪਰਮੇਸ਼ੁਰ . . . ਦੇ ਪ੍ਰਤੀ ਪਵਿੱਤਰੀਕਰਣ ਦਾ ਵਿਚਾਰ ਪ੍ਰਗਟ ਕਰਦਾ ਹੈ; ਪਰਮੇਸ਼ੁਰ ਦੀ ਸੇਵਾ ਦੇ ਲਈ ਅਲੱਗ ਰੱਖੇ ਜਾਣ ਦੀ ਸਥਿਤੀ।”a
3 ਇਸਰਾਏਲ ਦੀ ਕੌਮ ਨੂੰ ਪਵਿੱਤਰ ਹੋਣ ਦਾ ਹੁਕਮ ਦਿੱਤਾ ਗਿਆ ਸੀ। ਪਰਮੇਸ਼ੁਰ ਦੀ ਬਿਵਸਥਾ ਨੇ ਬਿਆਨ ਕੀਤਾ: “ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਸੋ ਤੁਸਾਂ ਆਪਣੇ ਆਪ ਨੂੰ ਸ਼ੁੱਧ ਰੱਖਣਾ ਅਤੇ ਤੁਸਾਂ ਪਵਿੱਤ੍ਰ ਬਣਨਾ, ਮੈਂ ਜੋ ਪਵਿੱਤ੍ਰ ਹਾਂ।” ਪਵਿੱਤਰਤਾ ਦਾ ਸ੍ਰੋਤ ਕੌਣ ਸੀ? ਅਪੂਰਣ ਇਸਰਾਏਲੀ ਕਿਵੇਂ ਪਵਿੱਤਰ ਬਣ ਸਕਦੇ ਸਨ? ਅਤੇ ਪਵਿੱਤਰਤਾ ਦੇ ਲਈ ਯਹੋਵਾਹ ਦੀ ਪੁਕਾਰ ਵਿਚ ਅੱਜ ਅਸੀਂ ਆਪਣੇ ਵਾਸਤੇ ਕਿਹੜੇ ਸਬਕ ਹਾਸਲ ਕਰ ਸਕਦੇ ਹਾਂ?—ਲੇਵੀਆਂ 11:44.
ਪਵਿੱਤਰਤਾ ਦੇ ਸ੍ਰੋਤ ਦੇ ਨਾਲ ਇਸਰਾਏਲ ਕਿਵੇਂ ਸੰਬੰਧਿਤ ਸੀ
4. ਇਸਰਾਏਲ ਵਿਚ ਯਹੋਵਾਹ ਦੀ ਪਵਿੱਤਰਤਾ ਦੀ ਮਿਸਾਲ ਕਿਵੇਂ ਦਿੱਤੀ ਗਈ?
4 ਇਸਰਾਏਲ ਦੀ ਯਹੋਵਾਹ ਪਰਮੇਸ਼ੁਰ ਦੀ ਉਪਾਸਨਾ ਦੇ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਨੂੰ ਪਵਿੱਤਰ ਸਮਝਿਆ ਜਾਣਾ ਸੀ ਅਤੇ ਉਨ੍ਹਾਂ ਦੇ ਪ੍ਰਤੀ ਅਜਿਹਾ ਹੀ ਵਤੀਰਾ ਰੱਖਣਾ ਚਾਹੀਦਾ ਸੀ। ਇਹ ਇੰਜ ਕਿਉਂ ਸੀ? ਕਿਉਂਕਿ ਖ਼ੁਦ ਯਹੋਵਾਹ ਪਵਿੱਤਰਤਾ ਦਾ ਮੂਲ ਅਤੇ ਸ੍ਰੋਤ ਹੈ। ਪਵਿੱਤਰ ਡੇਹਰੇ ਅਤੇ ਰਸਮੀ ਬਸਤਰਾਂ ਅਤੇ ਸਜਾਵਟਾਂ ਦੀ ਤਿਆਰੀ ਦੇ ਬਾਰੇ ਮੂਸਾ ਦਾ ਬਿਰਤਾਂਤ ਇਨ੍ਹਾਂ ਸ਼ਬਦਾਂ ਦੇ ਨਾਲ ਸਮਾਪਤ ਹੁੰਦਾ ਹੈ: “ਉਨ੍ਹਾਂ ਨੇ . . . ਪਵਿੱਤ੍ਰ ਚਮਕੀਲਾ ਪੱਤ੍ਰ ਖ਼ਾਲਸ ਸੋਨੇ ਦਾ ਬਣਾਇਆ ਅਤੇ ਉਸ ਦੇ ਉੱਤੇ ਉਨ੍ਹਾਂ ਨੇ ਲਿਖਤ ਛਾਪ ਦੀ ਉੱਕਰਾਈ ਵਾਂਙੁ ਲਿਖੀ ‘ਯਹੋਵਾਹ ਲਈ ਪਵਿੱਤ੍ਰਤਾਈ।’” ਖ਼ਾਲਸ ਸੋਨੇ ਦਾ ਇਹ ਚਮਕੀਲਾ ਪੱਤਰਾ ਪ੍ਰਧਾਨ ਜਾਜਕ ਦੀ ਦਸਤਾਰ ਉੱਤੇ ਲਗਾਇਆ ਜਾਂਦਾ ਸੀ, ਅਤੇ ਇਹ ਦਰਸਾਉਂਦਾ ਸੀ ਕਿ ਉਹ ਖ਼ਾਸ ਪਵਿੱਤਰਤਾ ਦੀ ਸੇਵਾ ਦੇ ਲਈ ਅਲੱਗ ਰੱਖਿਆ ਗਿਆ ਸੀ। ਜਿਉਂ-ਜਿਉਂ ਉਹ ਇਸ ਉੱਕਰਵੇਂ ਚਿੰਨ੍ਹ ਨੂੰ ਧੁੱਪ ਵਿਚ ਚਮਕਦੇ ਹੋਏ ਦੇਖਦੇ ਸਨ, ਇਸਰਾਏਲੀਆਂ ਨੂੰ ਨਿਯਮਿਤ ਤੌਰ ਤੇ ਯਹੋਵਾਹ ਦੀ ਪਵਿੱਤਰਤਾ ਦੀ ਯਾਦ ਦਿਲਾਈ ਜਾਂਦੀ ਸੀ।—ਕੂਚ 28:36; 29:6; 39:30.
5. ਅਪੂਰਣ ਇਸਰਾਏਲੀਆਂ ਨੂੰ ਪਵਿੱਤਰ ਕਿਵੇਂ ਵਿਚਾਰਿਆ ਜਾ ਸਕਦਾ ਸੀ?
5 ਪਰੰਤੂ ਇਸਰਾਏਲੀ ਕਿਵੇਂ ਪਵਿੱਤਰ ਬਣ ਸਕਦੇ ਸਨ? ਕੇਵਲ ਯਹੋਵਾਹ ਦੇ ਨਾਲ ਆਪਣੇ ਨਜ਼ਦੀਕੀ ਸੰਬੰਧ ਅਤੇ ਉਸ ਦੇ ਪ੍ਰਤੀ ਆਪਣੀ ਸ਼ੁੱਧ ਉਪਾਸਨਾ ਦੇ ਦੁਆਰਾ। ਉਨ੍ਹਾਂ ਨੂੰ “ਅੱਤ ਪਵਿੱਤਰ ਪੁਰਖ” ਦੇ ਬਾਰੇ ਯਥਾਰਥ ਗਿਆਨ ਦੀ ਜ਼ਰੂਰਤ ਸੀ ਤਾਂਕਿ ਉਹ ਉਸ ਦੀ ਉਪਾਸਨਾ ਪਵਿੱਤਰਤਾ ਵਿਚ, ਸਰੀਰਕ ਅਤੇ ਅਧਿਆਤਮਿਕ ਸ਼ੁੱਧਤਾ ਵਿਚ ਕਰ ਸਕਣ। (ਕਹਾਉਤਾਂ 2:1-6; 9:10, ਨਿ ਵ) ਇਸ ਲਈ ਇਸਰਾਏਲੀਆਂ ਨੂੰ ਪਰਮੇਸ਼ੁਰ ਦੀ ਉਪਾਸਨਾ ਇਕ ਸ਼ੁੱਧ ਮਨੋਰਥ ਅਤੇ ਇਕ ਸ਼ੁੱਧ ਦਿਲ ਨਾਲ ਕਰਨੀ ਜ਼ਰੂਰੀ ਸੀ। ਕੋਈ ਵੀ ਪਖੰਡੀ ਪ੍ਰਕਾਰ ਦੀ ਉਪਾਸਨਾ ਯਹੋਵਾਹ ਨੂੰ ਘਿਰਣਿਤ ਲੱਗਦੀ।—ਕਹਾਉਤਾਂ 21:27.
ਯਹੋਵਾਹ ਨੇ ਇਸਰਾਏਲ ਨੂੰ ਕਿਉਂ ਨਿੰਦਿਆ
6. ਮਲਾਕੀ ਦੇ ਦਿਨਾਂ ਵਿਚ ਯਹੂਦੀਆਂ ਨੇ ਯਹੋਵਾਹ ਦੀ ਮੇਜ਼ ਦੇ ਪ੍ਰਤੀ ਕਿਸ ਤਰ੍ਹਾਂ ਦਾ ਵਤੀਰਾ ਰੱਖਿਆ?
6 ਇਹ ਗੱਲ ਸਪੱਸ਼ਟ ਤੌਰ ਤੇ ਦਰਸਾਈ ਗਈ ਸੀ ਜਦੋਂ ਇਸਰਾਏਲੀ ਬੇਦਿਲੀ ਨਾਲ ਹੈਕਲ ਵਿਖੇ ਘਟੀਆ, ਨੁਕਸਦਾਰ ਬਲੀਆਂ ਲਿਆ ਰਹੇ ਸਨ। ਆਪਣੇ ਨਬੀ ਮਲਾਕੀ ਦੇ ਦੁਆਰਾ, ਯਹੋਵਾਹ ਨੇ ਉਨ੍ਹਾਂ ਦੇ ਘਟੀਆ ਚੜ੍ਹਾਵਿਆਂ ਨੂੰ ਨਿੰਦਿਆ: “ਸੈਨਾਂ ਦਾ ਯਹੋਵਾਹ ਆਖਦਾ ਹੈ, ਮੈਂ ਤੁਹਾਥੋਂ ਪਰਸੰਨ ਨਹੀਂ ਹਾਂ ਅਤੇ ਤੁਹਾਡੇ ਹੱਥਾਂ ਦਾ ਚੜ੍ਹਾਵਾ ਕਬੂਲ ਨਹੀਂ ਕਰਾਂਗਾ। . . . ਪਰ ਤੁਸੀਂ ਉਸ ਨੂੰ ਪਲੀਤ ਕਰਦੇ ਹੋ ਜਦ ਆਖਦੇ ਹੋ ਕਿ ਪ੍ਰਭੁ ਦੀ ਮੇਜ਼ ਭਰਿਸ਼ਟ ਹੈ ਅਤੇ ਉਸ ਦਾ ਫਲ ਅਰਥਾਤ ਭੋਜਨ ਤੁੱਛ ਹੈ। ਅਤੇ ਤੁਸਾਂ ਆਖਿਆ, ਇਹ ਸਾਨੂੰ ਕੀ ਅਕੇਵਾਂ ਲਾ ਛੱਡਿਆ ਹੈ! ਅਤੇ ਉਸ ਉੱਤੇ ਨੱਕ ਚੜ੍ਹਾਉਂਦੇ ਹੋ, ਸੈਨਾਂ ਦਾ ਯਹੋਵਾਹ ਆਖਦਾ ਹੈ, ਫੇਰ ਤੁਸੀਂ ਲੁੱਟ ਦਾ ਮਾਲ ਲਿਆਉਂਦੇ ਹੋ, ਲੰਙੇ ਨੂੰ ਯਾ ਬਿਮਾਰ ਨੂੰ, ਇਹ ਭੇਟ ਤੁਸੀਂ ਲਿਆਉਂਦੇ ਹੋ! ਕੀ ਮੈਂ ਇਹ ਤੁਹਾਡੇ ਹੱਥੋਂ ਕਬੂਲ ਕਰਾਂਗਾ? ਯਹੋਵਾਹ ਆਖਦਾ ਹੈ।”—ਮਲਾਕੀ 1:10, 12, 13.
7. ਪੰਜਵੀਂ ਸਦੀ ਸਾ.ਯੁ.ਪੂ. ਵਿਚ ਯਹੂਦੀ ਕਿਹੜੇ ਅਪਵਿੱਤਰ ਕੰਮ ਕਰ ਰਹੇ ਸਨ?
7 ਪਰਮੇਸ਼ੁਰ ਨੇ ਯਹੂਦੀਆਂ ਦੇ ਝੂਠੇ ਰਿਵਾਜਾਂ ਨੂੰ ਨਿੰਦਣ ਦੇ ਲਈ ਮਲਾਕੀ ਨੂੰ ਇਸਤੇਮਾਲ ਕੀਤਾ, ਸ਼ਾਇਦ ਪੰਜਵੀਂ ਸਦੀ ਸਾ.ਯੁ.ਪੂ. ਦੇ ਦੌਰਾਨ। ਜਾਜਕ ਇਕ ਬੁਰੀ ਮਿਸਾਲ ਕਾਇਮ ਕਰ ਰਹੇ ਸਨ, ਅਤੇ ਉਨ੍ਹਾਂ ਦਾ ਆਚਰਣ ਹਰਗਿਜ਼ ਪਵਿੱਤਰ ਨਹੀਂ ਸੀ। ਪਰਜਾ, ਇਸ ਮਿਸਾਲ ਦੀ ਪੈਰਵੀ ਕਰਦੀ ਹੋਈ, ਆਪਣੇ ਸਿਧਾਂਤਾਂ ਵਿਚ ਢਿੱਲੀ ਸੀ, ਇੱਥੋਂ ਤਕ ਕਿ ਆਪਣੀਆਂ ਪਤਨੀਆਂ ਨੂੰ ਤਲਾਕ ਦੇ ਰਹੀ ਸੀ, ਸ਼ਾਇਦ ਇਸ ਲਈ ਤਾਂਕਿ ਉਹ ਜ਼ਿਆਦਾ ਜਵਾਨ ਗ਼ੈਰ-ਯਹੂਦੀ ਪਤਨੀਆਂ ਲੈ ਸਕੇ। ਮਲਾਕੀ ਨੇ ਲਿਖਿਆ: “ਯਹੋਵਾਹ ਤੇਰੇ ਵਿੱਚ ਅਤੇ ਤੇਰੀ ਜੁਆਨੀ ਦੀ ਤੀਵੀਂ ਵਿੱਚ ਗਵਾਹ ਹੈ ਕਿਉਂ ਜੋ ਤੈਂ ਉਸ ਦੇ ਨਾਲ ਬੇਪਰਤੀਤੀ ਕੀਤੀ [“ਦਗੇਬਾਜ਼ੀ ਨਾਲ ਵਰਤਾਉ ਕੀਤਾ,”b ਨਿ ਵ], ਭਾਵੇਂ ਉਹ ਤੇਰੀ ਸਾਥਣ ਅਤੇ ਤੇਰੇ ਨੇਮ ਦੀ ਤੀਵੀਂ ਹੈ। . . . ਸੋ ਤੁਸੀਂ ਆਪਣਿਆਂ ਆਤਮਿਆਂ ਵਿੱਚ ਖਬਰਦਾਰ ਰਹੋ ਅਤੇ ਤੂੰ ਆਪਣੀ ਜੁਆਨੀ ਦੀ ਤੀਵੀਂ ਦੀ ਬੇਪਰਤੀਤੀ [“ਦੇ ਨਾਲ ਦਗੇਬਾਜ਼ੀ ਨਾਲ ਵਰਤਾਉ,” ਨਿ ਵ] ਨਾ ਕਰ। ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਮੈਨੂੰ ਤਿਆਗ ਪੱਤ੍ਰ ਤੋਂ ਘਿਣ ਆਉਂਦੀ ਹੈ।”—ਮਲਾਕੀ 2:14-16.
8. ਤਲਾਕ ਦੇ ਬਾਰੇ ਆਧੁਨਿਕ ਦ੍ਰਿਸ਼ਟੀਕੋਣ ਨੇ ਮਸੀਹੀ ਕਲੀਸਿਯਾ ਵਿਚ ਕੁਝ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?
8 ਆਧੁਨਿਕ ਸਮਿਆਂ ਵਿਚ, ਅਨੇਕ ਦੇਸ਼ਾਂ ਵਿਚ ਜਿੱਥੇ ਤਲਾਕ ਆਸਾਨੀ ਨਾਲ ਹਾਸਲ ਕੀਤਾ ਜਾਂਦਾ ਹੈ, ਉੱਥੇ ਤਲਾਕ-ਦਰ ਆਸਮਾਨ ਨੂੰ ਛੋਹ ਰਿਹਾ ਹੈ। ਮਸੀਹੀ ਕਲੀਸਿਯਾ ਵੀ ਪ੍ਰਭਾਵਿਤ ਹੋਈ ਹੈ। ਅੜਚਣਾਂ ਉੱਤੇ ਜੇਤੂ ਹੋਣ ਦੇ ਲਈ ਬਜ਼ੁਰਗਾਂ ਦੀ ਮਦਦ ਮੰਗਣ ਅਤੇ ਆਪਣੇ ਵਿਆਹ ਨੂੰ ਸਫ਼ਲ ਬਣਾਉਣ ਦੀ ਕੋਸ਼ਿਸ਼ ਕਰਨ ਦੀ ਬਜਾਇ, ਕੁਝ ਲੋਕਾਂ ਨੇ ਇਸ ਨੂੰ ਬਹੁਤ ਹੀ ਛੇਤੀ ਤਜ ਦਿੱਤਾ ਹੈ। ਅਕਸਰ ਬੱਚਿਆਂ ਨੂੰ ਹੀ ਇਕ ਉੱਚੀ ਭਾਵਾਤਮਕ ਕੀਮਤ ਅਦਾ ਕਰਨੀ ਪੈਂਦੀ ਹੈ।—ਮੱਤੀ 19:8, 9.
9, 10. ਸਾਨੂੰ ਯਹੋਵਾਹ ਦੇ ਪ੍ਰਤੀ ਆਪਣੀ ਉਪਾਸਨਾ ਉੱਤੇ ਕਿਵੇਂ ਵਿਚਾਰ ਕਰਨਾ ਚਾਹੀਦਾ ਹੈ?
9 ਜਿਵੇਂ ਅਸੀਂ ਪਹਿਲਾਂ ਦੇਖਿਆ, ਮਲਾਕੀ ਦੇ ਦਿਨਾਂ ਦੀ ਦੁਖਦਾਇਕ ਅਧਿਆਤਮਿਕ ਸਥਿਤੀ ਨੂੰ ਦੇਖਦੇ ਹੋਏ, ਯਹੋਵਾਹ ਨੇ ਸਾਫ਼ ਸ਼ਬਦਾਂ ਵਿਚ ਯਹੂਦਾਹ ਦੀ ਖੋਖਲੀ ਉਪਾਸਨਾ ਦੀ ਨਿੰਦਾ ਕੀਤੀ ਅਤੇ ਦਿਖਾਇਆ ਕਿ ਉਹ ਕੇਵਲ ਸ਼ੁੱਧ ਉਪਾਸਨਾ ਨੂੰ ਹੀ ਸਵੀਕਾਰ ਕਰੇਗਾ। ਕੀ ਇਸ ਗੱਲ ਨੂੰ ਸਾਨੂੰ, ਯਹੋਵਾਹ ਪਰਮੇਸ਼ੁਰ, ਵਿਸ਼ਵ ਦੇ ਸਰਬਸੱਤਾਵਾਨ ਪ੍ਰਭੂ, ਅਰਥਾਤ ਸੱਚੀ ਪਵਿੱਤਰਤਾ ਦੇ ਸ੍ਰੋਤ ਦੇ ਪ੍ਰਤੀ ਆਪਣੀ ਉਪਾਸਨਾ ਦੇ ਗੁਣ ਉੱਤੇ ਵਿਚਾਰ ਕਰਨ ਲਈ ਪ੍ਰੇਰਿਤ ਨਹੀਂ ਕਰਨਾ ਚਾਹੀਦਾ? ਕੀ ਅਸੀਂ ਸੱਚ-ਮੁੱਚ ਪਰਮੇਸ਼ੁਰ ਨੂੰ ਪਵਿੱਤਰ ਸੇਵਾ ਪੇਸ਼ ਕਰ ਰਹੇ ਹਾਂ? ਕੀ ਅਸੀਂ ਆਪਣੇ ਆਪ ਨੂੰ ਅਧਿਆਤਮਿਕ ਰੂਪ ਵਿਚ ਸ਼ੁੱਧ ਸਥਿਤੀ ਵਿਚ ਰੱਖਦੇ ਹਾਂ?
10 ਇਸ ਦਾ ਇਹ ਅਰਥ ਨਹੀਂ ਹੈ ਕਿ ਸਾਨੂੰ ਸੰਪੂਰਣ ਹੋਣਾ ਚਾਹੀਦਾ ਹੈ, ਜੋ ਕਿ ਅਸੰਭਵ ਹੈ, ਜਾਂ ਕਿ ਸਾਨੂੰ ਆਪਣੀ ਤੁਲਨਾ ਦੂਜਿਆਂ ਦੇ ਨਾਲ ਕਰਨੀ ਚਾਹੀਦੀ ਹੈ। ਪਰੰਤੂ ਇਸ ਦਾ ਇਹ ਅਰਥ ਜ਼ਰੂਰ ਹੈ ਕਿ ਹਰੇਕ ਮਸੀਹੀ ਨੂੰ ਪਰਮੇਸ਼ੁਰ ਨੂੰ ਅਜਿਹੀ ਉਪਾਸਨਾ ਦੇਣੀ ਚਾਹੀਦੀ ਹੈ ਜੋ ਉਸ ਦੀ ਵਿਅਕਤੀਗਤ ਹਾਲਾਤ ਦੇ ਅਧੀਨ ਉਸ ਦੀ ਬਿਹਤਰੀਨ ਉਪਾਸਨਾ ਹੈ। ਇਹ ਸਾਡੀ ਉਪਾਸਨਾ ਦੇ ਗੁਣ ਵੱਲ ਸੰਕੇਤ ਕਰਦਾ ਹੈ। ਸਾਡੀ ਪਾਵਨ ਸੇਵਾ ਬਿਹਤਰੀਨ—ਪਵਿੱਤਰ ਸੇਵਾ—ਹੋਣੀ ਚਾਹੀਦੀ ਹੈ। ਇਹ ਕਿਵੇਂ ਸੰਪੰਨ ਕੀਤਾ ਜਾਂਦਾ ਹੈ?—ਲੂਕਾ 16:10; ਗਲਾਤੀਆਂ 6:3, 4.
ਸ਼ੁੱਧ ਦਿਲ ਸ਼ੁੱਧ ਉਪਾਸਨਾ ਦੇ ਵੱਲ ਲੈ ਜਾਂਦੇ ਹਨ
11, 12. ਅਪਵਿੱਤਰ ਆਚਰਣ ਕਿੱਥੋਂ ਉਤਪੰਨ ਹੁੰਦਾ ਹੈ?
11 ਯਿਸੂ ਨੇ ਸਪੱਸ਼ਟ ਤੌਰ ਤੇ ਸਿਖਾਇਆ ਕਿ ਇਕ ਵਿਅਕਤੀ ਦੇ ਦਿਲ ਵਿਚ ਜੋ ਹੈ ਉਹ ਉਸ ਦੀ ਕਥਨੀ ਅਤੇ ਕਰਨੀ ਤੋਂ ਪ੍ਰਗਟ ਹੋ ਜਾਵੇਗਾ। ਯਿਸੂ ਨੇ ਸਵੈ-ਸਤਵਾਦੀ, ਪਰੰਤੂ ਅਪਵਿੱਤਰ ਫ਼ਰੀਸੀਆਂ ਨੂੰ ਕਿਹਾ: “ਹੇ ਸੱਪਾਂ ਦੇ ਬੱਚਿਓ! ਤੁਸੀਂ ਬੁਰੇ ਹੋਕੇ ਚੰਗੀਆਂ ਗੱਲਾਂ ਕਿੱਕੁਰ ਕਰ ਸੱਕਦੇ ਹੋ? ਕਿਉਂਕਿ ਜੋ ਮਨ [“ਦਿਲ,” ਨਿ ਵ] ਵਿੱਚ ਭਰਿਆ ਹੋਇਆ ਹੈ ਉਹੋ ਮੂੰਹ ਉੱਤੇ ਆਉਂਦਾ ਹੈ।” ਬਾਅਦ ਵਿਚ ਉਸ ਨੇ ਦਿਖਾਇਆ ਕਿ ਦੁਸ਼ਟ ਕੰਮ, ਦਿਲ ਤੋਂ ਜਾਂ ਅੰਦਰਲੇ ਵਿਅਕਤੀ ਦੇ ਦੁਸ਼ਟ ਵਿਚਾਰਾਂ ਤੋਂ ਉਤਪੰਨ ਹੁੰਦੇ ਹਨ। ਉਸ ਨੇ ਕਿਹਾ: “ਜਿਹੜੀਆਂ ਗੱਲਾਂ ਮੂੰਹੋਂ ਨਿੱਕਲਦੀਆਂ ਹਨ ਓਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਏਹੋ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਕਿਉਂਕਿ ਬੁਰੇ ਖ਼ਿਆਲ, ਖ਼ੂਨ, ਜਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਉਗਾਹੀਆਂ, ਕੁਫ਼ਰ ਦਿਲ ਵਿੱਚੋਂ ਨਿੱਕਲਦੇ ਹਨ। ਏਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ।”—ਮੱਤੀ 12:34; 15:18-20.
12 ਇਹ ਸਾਨੂੰ ਸਮਝਣ ਵਿਚ ਮਦਦ ਕਰਦਾ ਹੈ ਕਿ ਅਪਵਿੱਤਰ ਕਾਰਜ ਕੇਵਲ ਸਹਿਜਸੁਭਾਵਕ ਜਾਂ ਬਿਨਾਂ ਕਿਸੇ ਪੂਰਵਵਰਤੀ ਆਧਾਰ ਦੇ ਨਹੀਂ ਹੁੰਦੇ ਹਨ। ਇਹ ਅਪਵਿੱਤਰ ਕਰਨ ਵਾਲੇ ਵਿਚਾਰਾਂ ਦੇ ਨਤੀਜੇ ਹਨ ਜੋ ਦਿਲ ਵਿਚ ਲੁਕੇ ਹੁੰਦੇ ਹਨ—ਗੁਪਤ ਇੱਛਾਵਾਂ ਅਤੇ ਸ਼ਾਇਦ ਸੁਪਨ-ਚਿੱਤਰ। ਇਸ ਲਈ ਯਿਸੂ ਕਹਿ ਸਕਿਆ: “ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਭਈ ਤੂੰ ਜ਼ਨਾਹ ਨਾ ਕਰ। ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।” ਦੂਜੇ ਸ਼ਬਦਾਂ ਵਿਚ, ਕੋਈ ਕਾਰਜ ਹੋਣ ਤੋਂ ਪਹਿਲਾਂ ਹੀ ਵਿਭਚਾਰ ਅਤੇ ਜ਼ਨਾਹ ਨੇ ਦਿਲ ਵਿਚ ਜੜ੍ਹ ਫੜ ਲਈ ਹੁੰਦੀ ਹੈ। ਫਿਰ, ਸਹੀ ਹਾਲਾਤ ਮਿਲਣ ਤੇ, ਉਹ ਅਪਵਿੱਤਰ ਵਿਚਾਰ ਅਪਵਿੱਤਰ ਆਚਰਣ ਬਣ ਜਾਂਦੇ ਹਨ। ਵਿਭਚਾਰ, ਜ਼ਨਾਹ, ਮੁੰਡੇਬਾਜ਼ੀ, ਚੋਰੀ, ਕੁਫ਼ਰ, ਅਤੇ ਧਰਮ-ਤਿਆਗ ਕੁਝ ਪ੍ਰਤੱਖ ਨਤੀਜੇ ਬਣ ਜਾਂਦੇ ਹਨ।—ਮੱਤੀ 5:27, 28, ਗਲਾਤੀਆਂ 5:19-21.
13. ਕਿਹੜੇ ਕੁਝ ਉਦਾਹਰਣ ਹਨ ਕਿ ਕਿਵੇਂ ਅਪਵਿੱਤਰ ਵਿਚਾਰ ਅਪਵਿੱਤਰ ਕੰਮ ਵੱਲ ਲੈ ਜਾ ਸਕਦੇ ਹਨ?
13 ਇਸ ਨੂੰ ਵਿਭਿੰਨ ਤਰੀਕਿਆਂ ਵਿਚ ਦਰਸਾਇਆ ਜਾ ਸਕਦਾ ਹੈ। ਕੁਝ ਦੇਸ਼ਾਂ ਵਿਚ, ਜੂਆਖ਼ਾਨੇ ਖੁੰਬਾਂ ਵਾਂਗ ਫੁੱਟ ਰਹੇ ਹਨ, ਅਤੇ ਇਸ ਤਰ੍ਹਾਂ ਜੂਆ ਖੇਡਣ ਦਾ ਮੌਕਾ ਵੱਧ ਰਿਹਾ ਹੈ। ਆਪਣੀਆਂ ਆਰਥਿਕ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਵਿਚ ਇਕ ਵਿਅਕਤੀ ਇਸ ਆਭਾਸੀ-ਸੁਲਝਾਉ ਦਾ ਸਹਾਰਾ ਲੈਣ ਲਈ ਲੁਭਾਇਆ ਜਾ ਸਕਦਾ ਹੈ। ਸਤਿਆਭਾਸੀ ਤਰਕ ਸ਼ਾਇਦ ਇਕ ਭਰਾ ਨੂੰ ਆਪਣੇ ਬਾਈਬਲ ਸਿਧਾਂਤਾਂ ਨੂੰ ਠੁਕਰਾਉਣ ਜਾਂ ਹਲਕਾ ਕਰਨ ਦੇ ਲਈ ਪ੍ਰੇਰਿਤ ਕਰੇ।c ਦੂਜੇ ਉਦਾਹਰਣ ਵਿਚ, ਅਸ਼ਲੀਲ ਕਲਾ ਤਕ ਆਸਾਨ ਪਹੁੰਚ, ਚਾਹੇ ਇਹ ਟੀ. ਵੀ., ਵਿਡਿਓ, ਕੰਪਿਊਟਰ, ਜਾਂ ਪੁਸਤਕਾਂ ਦੇ ਜ਼ਰੀਏ ਹੋਵੇ, ਇਕ ਮਸੀਹੀ ਨੂੰ ਅਪਵਿੱਤਰ ਆਚਰਣ ਦੇ ਵੱਲ ਲੈ ਜਾ ਸਕਦੀ ਹੈ। ਉਸ ਨੂੰ ਕੇਵਲ ਆਪਣੇ ਅਧਿਆਤਮਿਕ ਸ਼ਸਤ੍ਰ-ਬਸਤ੍ਰ ਦੀ ਅਣਗਹਿਲੀ ਕਰਨ ਦੀ ਹੀ ਜ਼ਰੂਰਤ ਹੈ, ਅਤੇ ਇਸ ਤੋਂ ਪਹਿਲਾਂ ਕਿ ਉਸ ਨੂੰ ਅਹਿਸਾਸ ਹੋਵੇ, ਉਹ ਅਨੈਤਿਕਤਾ ਵਿਚ ਡਿੱਗ ਚੁੱਕਾ ਹੈ। ਪਰੰਤੂ ਅਧਿਕਤਰ ਮਾਮਲਿਆਂ ਵਿਚ ਪਾਪ ਵਿਚ ਡਿਗਣਾ ਮਨ ਵਿਚ ਸ਼ੁਰੂ ਹੁੰਦਾ ਹੈ। ਜੀ ਹਾਂ, ਅਜਿਹੀਆਂ ਸਥਿਤੀਆਂ ਵਿਚ, ਯਾਕੂਬ ਦੇ ਸ਼ਬਦਾਂ ਦੀ ਪੂਰਤੀ ਹੁੰਦੀ ਹੈ: “ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ। ਤਦ ਕਾਮਨਾ ਜਾਂ ਗਰਭਣੀ ਹੋਈ ਤਾਂ ਪਾਪ ਨੂੰ ਜਣਦੀ ਹੈ।”—ਯਾਕੂਬ 1:14, 15; ਅਫ਼ਸੀਆਂ 6:11-18.
14. ਅਨੇਕ ਲੋਕ ਆਪਣੇ ਅਪਵਿੱਤਰ ਆਚਰਣ ਤੋਂ ਕਿਵੇਂ ਸੰਭਲੇ ਹਨ?
14 ਖ਼ੁਸ਼ੀ ਦੀ ਗੱਲ ਹੈ ਕਿ ਅਨੇਕ ਮਸੀਹੀ ਜੋ ਕਮਜ਼ੋਰੀ ਵਿਚ ਪਾਪ ਕਰ ਬੈਠਦੇ ਹਨ ਸੱਚੀ ਤੋਬਾ ਦਿਖਾਉਂਦੇ ਹਨ, ਅਤੇ ਅਜਿਹਿਆਂ ਨੂੰ ਬਜ਼ੁਰਗ ਅਧਿਆਤਮਿਕ ਤੌਰ ਤੇ ਮੁੜ ਬਹਾਲ ਕਰਨ ਦੇ ਯੋਗ ਹੁੰਦੇ ਹਨ। ਤੋਬਾ ਨਾ ਕਰਨ ਦੇ ਕਾਰਨ ਛੇਕੇ ਜਾਣ ਵਾਲੇ ਅਨੇਕ ਵਿਅਕਤੀ ਵੀ ਆਖ਼ਰਕਾਰ ਆਪਣੀ ਹੋਸ਼ ਵਿਚ ਆ ਜਾਂਦੇ ਹਨ ਅਤੇ ਕਲੀਸਿਯਾ ਵਿਚ ਪੁਨਰ-ਸਥਾਪਿਤ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਸ਼ਤਾਨ ਨੇ ਕਿੰਨੀ ਆਸਾਨੀ ਨਾਲ ਉਨ੍ਹਾਂ ਉੱਤੇ ਕਾਬੂ ਪਾ ਲਿਆ ਸੀ ਜਦੋਂ ਉਨ੍ਹਾਂ ਨੇ ਅਪਵਿੱਤਰ ਵਿਚਾਰਾਂ ਨੂੰ ਦਿਲ ਵਿਚ ਜੜ੍ਹ ਫੜਨ ਦਿੱਤਾ।—ਗਲਾਤੀਆਂ 6:1; 2 ਤਿਮੋਥਿਉਸ 2:24-26; 1 ਪਤਰਸ 5:8, 9.
ਚੁਣੌਤੀ—ਆਪਣੀਆਂ ਕਮਜ਼ੋਰੀਆਂ ਦਾ ਸਾਮ੍ਹਣਾ ਕਰਨਾ
15. (ੳ) ਸਾਨੂੰ ਆਪਣੀਆਂ ਕਮਜ਼ੋਰੀਆਂ ਦਾ ਸਾਮ੍ਹਣਾ ਕਿਉਂ ਕਰਨਾ ਚਾਹੀਦਾ ਹੈ? (ਅ) ਕਿਹੜੀ ਗੱਲ ਸਾਨੂੰ ਆਪਣੀਆਂ ਕਮਜ਼ੋਰੀਆਂ ਨੂੰ ਸਵੀਕਾਰ ਕਰਨ ਵਿਚ ਮਦਦ ਕਰ ਸਕਦੀ ਹੈ?
15 ਸਾਨੂੰ ਆਪਣੇ ਦਿਲ ਨੂੰ ਨਿਰਪੱਖ ਦ੍ਰਿਸ਼ਟੀ ਤੋਂ ਜਾਣਨ ਦੇ ਲਈ ਜਤਨ ਕਰਨਾ ਚਾਹੀਦਾ ਹੈ। ਕੀ ਅਸੀਂ ਆਪਣੀਆਂ ਕਮਜ਼ੋਰੀਆਂ ਦਾ ਸਾਮ੍ਹਣਾ ਕਰਨ, ਉਨ੍ਹਾਂ ਨੂੰ ਸਵੀਕਾਰ ਕਰਨ, ਅਤੇ ਫਿਰ ਉਨ੍ਹਾਂ ਉੱਤੇ ਜੇਤੂ ਹੋਣ ਲਈ ਕੰਮ ਕਰਨ ਵਾਸਤੇ ਤਿਆਰ ਹਾਂ? ਕੀ ਅਸੀਂ ਇਕ ਈਮਾਨਦਾਰ ਮਿੱਤਰ ਤੋਂ ਇਹ ਪੁੱਛਣ ਕਿ ਅਸੀਂ ਕਿਵੇਂ ਸੁਧਾਰ ਕਰ ਸਕਦੇ ਹਾਂ, ਅਤੇ ਫਿਰ ਸਲਾਹ ਨੂੰ ਸੁਣਨ ਦੇ ਲਈ ਤਿਆਰ ਹਾਂ? ਪਵਿੱਤਰ ਬਣੇ ਰਹਿਣ ਦੇ ਲਈ ਸਾਨੂੰ ਆਪਣੀਆਂ ਕਮਜ਼ੋਰੀਆਂ ਉੱਤੇ ਕਾਬੂ ਪਾਉਣਾ ਚਾਹੀਦਾ ਹੈ। ਕਿਉਂ? ਕਿਉਂਕਿ ਸ਼ਤਾਨ ਸਾਡੀਆਂ ਕਮਜ਼ੋਰੀਆਂ ਨੂੰ ਜਾਣਦਾ ਹੈ। ਉਹ ਸਾਨੂੰ ਪਾਪ ਅਤੇ ਅਪਵਿੱਤਰ ਆਚਰਣ ਵਿਚ ਉਕਸਾਉਣ ਦੇ ਲਈ ਆਪਣੇ ਚਤੁਰ ਛੱਲ ਛਿੱਦ੍ਰਾਂ ਦਾ ਇਸਤੇਮਾਲ ਕਰੇਗਾ। ਆਪਣੇ ਚਲਾਕ ਕਾਰਜਾਂ ਦੇ ਦੁਆਰਾ, ਉਹ ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂਕਿ ਅਸੀਂ ਯਹੋਵਾਹ ਦੀ ਉਪਾਸਨਾ ਦੇ ਲਈ ਪਵਿੱਤਰ ਅਤੇ ਉਪਯੋਗੀ ਨਾ ਰਹੀਏ।—ਯਿਰਮਿਯਾਹ 17:9; ਅਫ਼ਸੀਆਂ 6:11; ਯਾਕੂਬ 1:19.
16. ਪੌਲੁਸ ਦੇ ਅੰਦਰ ਕਿਹੜਾ ਕਸ਼ਮਕਸ਼ ਸੀ?
16 ਰਸੂਲ ਪੌਲੁਸ ਕੋਲ ਆਪਣੀਆਂ ਮੁਸੀਬਤਾਂ ਅਤੇ ਅਜ਼ਮਾਇਸ਼ਾਂ ਸਨ, ਜਿਵੇਂ ਕਿ ਉਸ ਨੇ ਰੋਮੀਆਂ ਨੂੰ ਆਪਣੇ ਪੱਤਰ ਵਿਚ ਪ੍ਰਮਾਣ ਦਿੱਤਾ: “ਮੈਂ ਜਾਣਦਾ ਤਾਂ ਹਾਂ ਭਈ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ। ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ ਪਰ ਭਲਾ ਕਰਨਾ ਹੈ ਨਹੀਂ। ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਿਆਈ ਮੈਂ ਨਹੀਂ ਚਾਹੁੰਦਾ ਸੋਈ ਕਰਦਾ ਹਾਂ। . . . ਮੈਂ ਤਾਂ ਅੰਦਰਲੇ ਪੁਰਸ਼ ਅਨੁਸਾਰ ਪਰਮੇਸ਼ੁਰ ਦੇ ਕਾਨੂਨ ਵਿੱਚ ਅਨੰਦ ਹੁੰਦਾ ਹਾਂ। ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂਨ ਵੀ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂਨ ਨਾਲ ਲੜਦਾ ਹੈ ਅਤੇ ਮੈਨੂੰ ਓਸ ਪਾਪ ਦੇ ਕਾਨੂਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ।”—ਰੋਮੀਆਂ 7:18-23.
17. ਕਮਜ਼ੋਰੀਆਂ ਦੇ ਨਾਲ ਆਪਣੇ ਸੰਘਰਸ਼ ਵਿਚ ਪੌਲੁਸ ਕਿਵੇਂ ਜੇਤੂ ਹੋਇਆ?
17 ਹੁਣ ਪੌਲੁਸ ਦੇ ਮਾਮਲੇ ਵਿਚ ਅਤਿ-ਮਹੱਤਵਪੂਰਣ ਨੁਕਤਾ ਇਹ ਹੈ ਕਿ ਉਸ ਨੇ ਆਪਣੀਆਂ ਕਮਜ਼ੋਰੀਆਂ ਨੂੰ ਸਵੀਕਾਰ ਕੀਤਾ। ਇਨ੍ਹਾਂ ਦੇ ਬਾਵਜੂਦ, ਉਹ ਕਹਿ ਸਕਿਆ: “ਮੈਂ ਤਾਂ ਅੰਦਰਲੇ [ਅਧਿਆਤਮਿਕ] ਪੁਰਸ਼ ਅਨੁਸਾਰ ਪਰਮੇਸ਼ੁਰ ਦੇ ਕਾਨੂਨ ਵਿੱਚ ਅਨੰਦ ਹੁੰਦਾ ਹਾਂ।” ਪੌਲੁਸ ਚੰਗੀਆਂ ਗੱਲਾਂ ਨਾਲ ਪ੍ਰੇਮ ਅਤੇ ਭੈੜੀਆਂ ਗੱਲਾਂ ਨਾਲ ਘਿਰਣਾ ਕਰਦਾ ਸੀ। ਪਰੰਤੂ ਫਿਰ ਵੀ ਉਸ ਦੇ ਅੱਗੇ ਇਕ ਲੜਾਈ ਸੀ, ਉਹੋ ਲੜਾਈ ਜੋ ਸਾਡੇ ਸਾਰਿਆਂ ਦੇ ਅੱਗੇ ਹੈ—ਸ਼ਤਾਨ, ਸੰਸਾਰ, ਅਤੇ ਸਰੀਰ ਦੇ ਵਿਰੁੱਧ ਲੜਾਈ। ਤਾਂ ਫਿਰ ਪਵਿੱਤਰ ਬਣੇ ਰਹਿਣ, ਇਸ ਸੰਸਾਰ ਅਤੇ ਇਸ ਦੇ ਸੋਚ-ਵਿਚਾਰ ਤੋਂ ਅਲੱਗ ਰਹਿਣ ਦੀ ਲੜਾਈ ਵਿਚ ਅਸੀਂ ਕਿਵੇਂ ਜਿੱਤ ਹਾਸਲ ਕਰ ਸਕਦੇ ਹਾਂ?—2 ਕੁਰਿੰਥੀਆਂ 4:4; ਅਫ਼ਸੀਆਂ 6:12.
ਅਸੀਂ ਕਿਵੇਂ ਪਵਿੱਤਰ ਬਣੇ ਰਹਿ ਸਕਦੇ ਹਾਂ?
18. ਅਸੀਂ ਕਿਵੇਂ ਪਵਿੱਤਰ ਬਣੇ ਰਹਿ ਸਕਦੇ ਹਾਂ?
18 ਸਭ ਤੋਂ ਸੌਖਾ ਰਾਹ ਅਪਣਾਉਣ ਜਾਂ ਆਤਮ-ਸੰਤੁਸ਼ਟ ਹੋਣ ਦੇ ਦੁਆਰਾ ਪਵਿੱਤਰਤਾ ਹਾਸਲ ਨਹੀਂ ਹੁੰਦੀ ਹੈ। ਉਸ ਤਰ੍ਹਾਂ ਦਾ ਵਿਅਕਤੀ ਹਮੇਸ਼ਾ ਆਪਣੇ ਆਚਰਣ ਦੇ ਲਈ ਬਹਾਨੇ ਬਣਾਵੇਗਾ ਅਤੇ ਕਿਸੇ ਹੋਰ ਉੱਤੇ ਦੋਸ਼ ਥੱਪਣ ਦੀ ਕੋਸ਼ਿਸ਼ ਕਰੇਗਾ। ਸ਼ਾਇਦ ਸਾਨੂੰ ਆਪਣੇ ਕਾਰਜਾਂ ਦੇ ਲਈ ਜ਼ਿੰਮੇਵਾਰੀ ਕਬੂਲ ਕਰਨੀ ਸਿੱਖਣ ਦੀ ਜ਼ਰੂਰਤ ਹੈ ਅਤੇ ਅਜਿਹੇ ਕੁਝ ਲੋਕਾਂ ਦੀ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈ ਜੋ ਦਲੀਲ ਦਿੰਦੇ ਹਨ ਕਿ ਪਰਿਵਾਰਕ ਪਿਛੋਕੜ ਜਾਂ ਜਣਨਕ ਗੁਣਾਂ ਦੇ ਕਾਰਨ ਕਿਸਮਤ ਉਨ੍ਹਾਂ ਦੇ ਵਿਰੁੱਧ ਹੈ। ਮਾਮਲੇ ਦੀ ਜੜ੍ਹ ਉਸ ਵਿਅਕਤੀ ਦੇ ਦਿਲ ਵਿਚ ਹੈ। ਕੀ ਉਹ ਧਾਰਮਿਕਤਾ ਨਾਲ ਪ੍ਰੇਮ ਕਰਦਾ ਜਾਂ ਕਰਦੀ ਹੈ? ਪਵਿੱਤਰਤਾ ਦੇ ਲਈ ਲੋਚਦਾ ਜਾਂ ਲੋਚਦੀ ਹੈ? ਪਰਮੇਸ਼ੁਰ ਦੀ ਬਰਕਤ ਦੀ ਇੱਛਾ ਕਰਦਾ ਜਾਂ ਕਰਦੀ ਹੈ? ਜ਼ਬੂਰਾਂ ਦੇ ਲਿਖਾਰੀ ਨੇ ਪਵਿੱਤਰਤਾ ਦੀ ਜ਼ਰੂਰਤ ਨੂੰ ਸਪੱਸ਼ਟ ਕੀਤਾ ਜਦੋਂ ਉਸ ਨੇ ਕਿਹਾ: “ਬਦੀ ਤੋਂ ਹਟ ਜਾਹ ਅਤੇ ਨੇਕੀ ਕਰ, ਮੇਲ ਨੂੰ ਭਾਲ ਅਤੇ ਉਹ ਦਾ ਪਿੱਛਾ ਕਰ।” ਰਸੂਲ ਪੌਲੁਸ ਨੇ ਲਿਖਿਆ: “ਪ੍ਰੇਮ ਨਿਸ਼ਕਪਟ ਹੋਵੇ, ਬੁਰਿਆਈ ਤੋਂ ਸੂਗ ਕਰੋ, ਭਲਿਆਈ ਨਾਲ ਮਿਲੇ ਰਹੋ।”—ਜ਼ਬੂਰ 34:14; 97:10; ਰੋਮੀਆਂ 12:9.
19, 20. (ੳ) ਅਸੀਂ ਆਪਣੇ ਮਨ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ? (ਅ) ਪ੍ਰਭਾਵਕਾਰੀ ਵਿਅਕਤੀਗਤ ਅਧਿਐਨ ਵਿਚ ਕੀ ਕੁਝ ਸ਼ਾਮਲ ਹੈ?
19 ਅਸੀਂ ‘ਭਲਿਆਈ ਨਾਲ ਮਿਲੇ ਰਹਿ’ ਸਕਦੇ ਹਾਂ ਜੇਕਰ ਅਸੀਂ ਯਹੋਵਾਹ ਦੇ ਦ੍ਰਿਸ਼ਟੀਕੋਣ ਤੋਂ ਮਾਮਲਿਆਂ ਨੂੰ ਦੇਖੀਏ ਅਤੇ ਜੇਕਰ ਸਾਡੇ ਵਿੱਚ ਮਸੀਹ ਦੀ ਬੁੱਧੀ ਹੋਵੇ। (1 ਕੁਰਿੰਥੀਆਂ 2:16) ਇਹ ਕਿਵੇਂ ਸੰਪੰਨ ਹੁੰਦਾ ਹੈ? ਨਿਯਮਿਤ ਅਧਿਐਨ ਕਰਨ ਅਤੇ ਪਰਮੇਸ਼ੁਰ ਦੇ ਬਚਨ ਉੱਤੇ ਮਨਨ ਕਰਨ ਦੇ ਦੁਆਰਾ। ਕਿੰਨੀ ਹੀ ਵਾਰੀ ਇਹ ਸਲਾਹ ਦਿੱਤੀ ਜਾ ਚੁੱਕੀ ਹੈ! ਪਰੰਤੂ ਕੀ ਅਸੀਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਹਾਂ? ਉਦਾਹਰਣ ਦੇ ਲਈ, ਕੀ ਤੁਸੀਂ ਸਭਾ ਵਿਚ ਆਉਣ ਤੋਂ ਪਹਿਲਾਂ ਅਸਲ ਵਿਚ ਬਾਈਬਲ ਆਇਤਾਂ ਦੀ ਜਾਂਚ ਕਰਦੇ ਹੋਏ, ਇਸ ਰਸਾਲੇ ਦਾ ਅਧਿਐਨ ਕਰਦੇ ਹੋ? ਅਧਿਐਨ ਕਰਨ ਤੋਂ ਸਾਡਾ ਅਰਥ ਕੇਵਲ ਹਰੇਕ ਪੈਰਾ ਵਿਚ ਕੁਝ ਵਾਕਾਂਸ਼ਾਂ ਹੇਠ ਲਕੀਰ ਲਾਉਣਾ ਨਹੀਂ ਹੈ। ਇਕ ਅਧਿਐਨ ਲੇਖ ਲਗਭਗ 15 ਮਿੰਟਾਂ ਵਿਚ ਸਰਸਰੀ ਤੌਰ ਤੇ ਪੜ੍ਹੀ ਅਤੇ ਲਕੀਰ ਲਗਾਈ ਜਾ ਸਕਦੀ ਹੈ। ਕੀ ਇਸ ਦਾ ਇਹ ਅਰਥ ਹੈ ਕਿ ਅਸੀਂ ਲੇਖ ਦਾ ਅਧਿਐਨ ਕਰ ਲਿਆ ਹੈ? ਅਸਲ ਵਿਚ, ਉਸ ਅਧਿਆਤਮਿਕ ਲਾਭ ਦਾ ਅਧਿਐਨ ਕਰਨ ਅਤੇ ਉਸ ਨੂੰ ਪਚਾਉਣ ਦੇ ਲਈ, ਜੋ ਹਰੇਕ ਲੇਖ ਪੇਸ਼ ਕਰਦਾ ਹੈ, ਇਕ ਦੋ ਘੰਟੇ ਲੱਗ ਸਕਦੇ ਹਨ।
20 ਸ਼ਾਇਦ ਸਾਨੂੰ ਹਰ ਹਫ਼ਤੇ ਕੁਝ ਘੰਟਿਆਂ ਦੇ ਲਈ ਟੀ. ਵੀ. ਤੋਂ ਮੂੰਹ ਮੋੜਨ ਦੇ ਲਈ ਆਪਣੇ ਆਪ ਨੂੰ ਅਨੁਸ਼ਾਸਿਤ ਕਰਨ ਅਤੇ ਆਪਣੀ ਵਿਅਕਤੀਗਤ ਪਵਿੱਤਰਤਾ ਉੱਤੇ ਸੱਚ-ਮੁੱਚ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ। ਸਾਡਾ ਨਿਯਮਿਤ ਅਧਿਐਨ ਸਾਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਬਣਾਉਂਦਾ ਹੈ, ਜਿਸ ਤੋਂ ਸਾਡਾ ਮਨ ਸਹੀ ਫ਼ੈਸਲੇ ਕਰਨ ਦੇ ਲਈ ਪ੍ਰੇਰਿਤ ਹੁੰਦਾ ਹੈ—ਫ਼ੈਸਲੇ ਜੋ “ਪਵਿੱਤਰ ਚਲਣ” ਦੇ ਵੱਲ ਲੈ ਜਾਂਦੇ ਹਨ।—2 ਪਤਰਸ 3:11; ਅਫ਼ਸੀਆਂ 4:23; 5:15, 16.
21. ਕਿਹੜੇ ਸਵਾਲਾਂ ਦਾ ਜਵਾਬ ਦਿੱਤਾ ਜਾਣਾ ਬਾਕੀ ਹੈ?
21 ਹੁਣ ਸਵਾਲ ਇਹ ਹੈ, ਅਸੀਂ ਗਤੀਵਿਧੀ ਅਤੇ ਆਚਰਣ ਦੇ ਕਿਹੜੇ ਹੋਰ ਖੇਤਰਾਂ ਵਿਚ ਮਸੀਹੀਆਂ ਦੇ ਤੌਰ ਤੇ ਪਵਿੱਤਰ ਹੋ ਸਕਦੇ ਹਾਂ, ਜਿਵੇਂ ਕਿ ਯਹੋਵਾਹ ਪਵਿੱਤਰ ਹੈ? ਅਗਲਾ ਲੇਖ ਵਿਚਾਰ ਦੇ ਲਈ ਕੁਝ ਸਾਮੱਗਰੀ ਪੇਸ਼ ਕਰੇਗਾ। (w96 8/1)
[ਫੁਟਨੋਟ]
a ਇਹ ਦੋ ਖੰਡਾਂ ਦੀ ਸੰਦਰਭ ਰਚਨਾ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ।
b “ਦਗੇਬਾਜ਼ੀ ਨਾਲ” ਦਾ ਕੀ ਅਰਥ ਹੈ, ਇਸ ਉੱਤੇ ਹੋਰ ਜ਼ਿਆਦਾ ਪੂਰਣ ਵਿਚਾਰ ਦੇ ਲਈ, ਫਰਵਰੀ 8, 1994 ਦੀ ਅਵੇਕ!, ਸਫ਼ਾ 21, “ਪਰਮੇਸ਼ੁਰ ਕਿਸ ਪ੍ਰਕਾਰ ਦੇ ਤਲਾਕ ਤੋਂ ਘਿਰਣਾ ਕਰਦਾ ਹੈ?” ਦੇਖੋ।
c ਹੋਰ ਜਾਣਕਾਰੀ ਦੇ ਲਈ ਕਿ ਜੂਆ ਖੇਡਣਾ ਕਿਉਂ ਅਪਵਿੱਤਰ ਆਚਰਣ ਹੈ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਅਗਸਤ 8, 1994, ਦੀ ਅਵੇਕ!, ਸਫ਼ੇ 14-15 ਦੇਖੋ।
ਕੀ ਤੁਹਾਨੂੰ ਯਾਦ ਹੈ?
◻ ਇਸਰਾਏਲ ਵਿਚ ਪਵਿੱਤਰਤਾ ਦੇ ਸ੍ਰੋਤ ਦੀ ਪਛਾਣ ਕਿਵੇਂ ਕੀਤੀ ਗਈ ਸੀ?
◻ ਮਲਾਕੀ ਦੇ ਦਿਨਾਂ ਵਿਚ ਇਸਰਾਏਲੀ ਉਪਾਸਨਾ ਕਿਨ੍ਹਾਂ ਤਰੀਕਿਆਂ ਵਿਚ ਅਪਵਿੱਤਰ ਸੀ?
◻ ਅਪਵਿੱਤਰ ਆਚਰਣ ਕਿੱਥੋਂ ਸ਼ੁਰੂ ਹੁੰਦਾ ਹੈ?
◻ ਪਵਿੱਤਰ ਹੋਣ ਦੇ ਲਈ, ਸਾਨੂੰ ਕੀ ਪਛਾਣਨਾ ਚਾਹੀਦਾ ਹੈ?
◻ ਅਸੀਂ ਕਿਵੇਂ ਪਵਿੱਤਰ ਬਣੇ ਰਹਿ ਸਕਦੇ ਹਾਂ?