ਮੱਤੀ ਮੁਤਾਬਕ ਖ਼ੁਸ਼ ਖ਼ਬਰੀ
26 ਜਦੋਂ ਯਿਸੂ ਇਹ ਸਾਰੀਆਂ ਗੱਲਾਂ ਕਹਿ ਹਟਿਆ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: 2 “ਤੁਸੀਂ ਜਾਣਦੇ ਹੋ ਕਿ ਅੱਜ ਤੋਂ ਦੋ ਦਿਨਾਂ ਬਾਅਦ ਪਸਾਹ ਦਾ ਤਿਉਹਾਰ ਹੈ+ ਅਤੇ ਮਨੁੱਖ ਦੇ ਪੁੱਤਰ ਨੂੰ ਸੂਲ਼ੀ ʼਤੇ ਟੰਗ ਕੇ ਮਾਰਨ ਲਈ ਫੜਵਾਇਆ ਜਾਵੇਗਾ।”+
3 ਉਸ ਵੇਲੇ ਕਾਇਫ਼ਾ ਨਾਂ ਦੇ ਮਹਾਂ ਪੁਜਾਰੀ ਦੇ ਘਰ ਦੇ ਵਿਹੜੇ ਵਿਚ ਮੁੱਖ ਪੁਜਾਰੀ ਅਤੇ ਬਜ਼ੁਰਗ ਇਕੱਠੇ ਹੋਏ+ 4 ਅਤੇ ਉਨ੍ਹਾਂ ਨੇ ਯਿਸੂ ਨੂੰ ਚਲਾਕੀ ਨਾਲ ਫੜ ਕੇ* ਮਾਰਨ ਦੀ ਸਾਜ਼ਸ਼ ਘੜੀ।+ 5 ਪਰ ਉਹ ਕਹਿ ਰਹੇ ਸਨ: “ਤਿਉਹਾਰ ʼਤੇ ਨਹੀਂ; ਕਿਤੇ ਲੋਕ ਭੜਕ ਨਾ ਉੱਠਣ।”
6 ਯਿਸੂ ਬੈਥਨੀਆ ਵਿਚ ਸ਼ਮਊਨ ਦੇ ਘਰ ਸੀ ਜੋ ਪਹਿਲਾਂ ਕੋੜ੍ਹੀ ਹੁੰਦਾ ਸੀ।+ 7 ਉੱਥੇ ਇਕ ਤੀਵੀਂ ਪੱਥਰ ਦੀ ਸ਼ੀਸ਼ੀ ਵਿਚ ਬਹੁਤ ਮਹਿੰਗਾ ਖ਼ੁਸ਼ਬੂਦਾਰ ਤੇਲ ਲੈ ਕੇ ਆਈ ਅਤੇ ਜਿਸ ਵੇਲੇ ਯਿਸੂ ਰੋਟੀ ਖਾਣ ਬੈਠਾ ਹੋਇਆ ਸੀ, ਉਹ ਤੀਵੀਂ ਉਸ ਦੇ ਸਿਰ ʼਤੇ ਖ਼ੁਸ਼ਬੂਦਾਰ ਤੇਲ ਪਾਉਣ ਲੱਗ ਪਈ। 8 ਇਹ ਦੇਖ ਕੇ ਚੇਲੇ ਖਿਝ ਗਏ ਅਤੇ ਕਹਿਣ ਲੱਗੇ: “ਇਹ ਖ਼ੁਸ਼ਬੂਦਾਰ ਤੇਲ ਕਿਉਂ ਖ਼ਰਾਬ ਕੀਤਾ? 9 ਇਸ ਨੂੰ ਵੇਚ ਕੇ ਬਹੁਤ ਪੈਸੇ ਮਿਲ ਸਕਦੇ ਸਨ ਅਤੇ ਗ਼ਰੀਬਾਂ ਨੂੰ ਦਿੱਤੇ ਜਾ ਸਕਦੇ ਸਨ!” 10 ਯਿਸੂ ਜਾਣਦਾ ਸੀ ਕਿ ਉਹ ਕੀ ਗੱਲ ਕਰ ਰਹੇ ਸਨ, ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਿਉਂ ਉਸ ਨੂੰ ਪਰੇਸ਼ਾਨ ਕਰ ਰਹੇ ਹੋ? ਉਸ ਨੇ ਮੇਰੇ ਲਈ ਇਹ ਵਧੀਆ ਕੰਮ ਕੀਤਾ ਹੈ। 11 ਗ਼ਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਰਹਿਣਗੇ,+ ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿਣਾ।+ 12 ਉਸ ਨੇ ਮੈਨੂੰ ਦਫ਼ਨਾਉਣ ਦੀ ਤਿਆਰੀ ਵਿਚ ਪਹਿਲਾਂ ਹੀ ਮੇਰੇ ਸਰੀਰ ʼਤੇ ਖ਼ੁਸ਼ਬੂਦਾਰ ਤੇਲ ਮਲ਼ਿਆ ਹੈ।+ 13 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਸਾਰੀ ਦੁਨੀਆਂ ਵਿਚ ਜਿੱਥੇ ਕਿਤੇ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ, ਉੱਥੇ ਇਸ ਤੀਵੀਂ ਦੀ ਯਾਦ ਵਿਚ ਇਸ ਕੰਮ ਦਾ ਵੀ ਜ਼ਿਕਰ ਕੀਤਾ ਜਾਵੇਗਾ।”+
14 ਫਿਰ ਉਸ ਦੇ 12 ਰਸੂਲਾਂ ਵਿੱਚੋਂ ਇਕ ਰਸੂਲ, ਯਹੂਦਾ ਇਸਕਰਿਓਤੀ+ ਮੁੱਖ ਪੁਜਾਰੀਆਂ ਕੋਲ ਗਿਆ+ 15 ਅਤੇ ਕਿਹਾ: “ਜੇ ਮੈਂ ਉਸ ਨੂੰ ਤੁਹਾਡੇ ਹੱਥ ਫੜਵਾ ਦੇਵਾਂ, ਤਾਂ ਤੁਸੀਂ ਮੈਨੂੰ ਕੀ ਦਿਓਗੇ?”+ ਉਨ੍ਹਾਂ ਨੇ ਉਸ ਨੂੰ ਚਾਂਦੀ ਦੇ 30 ਸਿੱਕੇ ਦੇਣ ਦਾ ਵਾਅਦਾ ਕੀਤਾ।+ 16 ਉਦੋਂ ਤੋਂ ਹੀ ਉਹ ਯਿਸੂ ਨੂੰ ਧੋਖੇ ਨਾਲ ਫੜਵਾਉਣ ਲਈ ਸਹੀ ਮੌਕੇ ਦੀ ਭਾਲ ਕਰਨ ਲੱਗਾ।
17 ਬੇਖਮੀਰੀ ਰੋਟੀ ਦੇ ਤਿਉਹਾਰ+ ਦੇ ਪਹਿਲੇ ਦਿਨ ਚੇਲਿਆਂ ਨੇ ਆ ਕੇ ਯਿਸੂ ਨੂੰ ਪੁੱਛਿਆ: “ਤੂੰ ਕਿੱਥੇ ਚਾਹੁੰਦਾ ਹੈਂ ਕਿ ਅਸੀਂ ਤੇਰੇ ਲਈ ਪਸਾਹ ਦਾ ਖਾਣਾ ਤਿਆਰ ਕਰੀਏ?”+ 18 ਉਸ ਨੇ ਕਿਹਾ: “ਸ਼ਹਿਰ ਵਿਚ ਫਲਾਨੇ ਬੰਦੇ ਨੂੰ ਜਾ ਕੇ ਕਹੋ, ‘ਗੁਰੂ ਜੀ ਨੇ ਕਿਹਾ ਹੈ: “ਮੇਰੇ ਮਰਨ ਦਾ ਮਿਥਿਆ ਸਮਾਂ ਆ ਗਿਆ ਹੈ; ਮੈਂ ਤੇਰੇ ਘਰ ਆਪਣੇ ਚੇਲਿਆਂ ਨਾਲ ਪਸਾਹ ਦਾ ਤਿਉਹਾਰ ਮਨਾਵਾਂਗਾ।”’” 19 ਇਸ ਲਈ ਚੇਲਿਆਂ ਨੇ ਉਵੇਂ ਕੀਤਾ ਜਿਵੇਂ ਯਿਸੂ ਨੇ ਕਿਹਾ ਸੀ ਅਤੇ ਉਨ੍ਹਾਂ ਨੇ ਪਸਾਹ ਦੀ ਤਿਆਰੀ ਕੀਤੀ।
20 ਸ਼ਾਮ ਨੂੰ+ ਉਹ ਅਤੇ ਉਸ ਦੇ 12 ਚੇਲੇ ਮੇਜ਼ ਦੁਆਲੇ ਬੈਠੇ ਹੋਏ ਸਨ।+ 21 ਜਦੋਂ ਉਹ ਖਾਣਾ ਖਾ ਰਹੇ ਸਨ, ਤਾਂ ਉਸ ਨੇ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਤੁਹਾਡੇ ਵਿੱਚੋਂ ਇਕ ਜਣਾ ਮੈਨੂੰ ਧੋਖੇ ਨਾਲ ਫੜਵਾਏਗਾ।”+ 22 ਇਹ ਸੁਣ ਕੇ ਚੇਲੇ ਬਹੁਤ ਦੁਖੀ ਹੋਏ ਅਤੇ ਵਾਰੀ-ਵਾਰੀ ਪੁੱਛਣ ਲੱਗੇ: “ਪ੍ਰਭੂ, ਕਿਤੇ ਮੈਂ ਤਾਂ ਨਹੀਂ?” 23 ਜਵਾਬ ਵਿਚ ਉਸ ਨੇ ਕਿਹਾ: “ਜਿਹੜਾ ਮੇਰੇ ਨਾਲ ਇੱਕੋ ਕੌਲੀ ਵਿਚ ਬੁਰਕੀ ਡੋਬਦਾ ਹੈ, ਉਹੀ ਮੈਨੂੰ ਧੋਖੇ ਨਾਲ ਫੜਵਾਏਗਾ।+ 24 ਇਹ ਸੱਚ ਹੈ ਕਿ ਮਨੁੱਖ ਦੇ ਪੁੱਤਰ ਨੇ ਤਾਂ ਜਾਣਾ ਹੀ ਹੈ, ਜਿਵੇਂ ਉਸ ਬਾਰੇ ਲਿਖਿਆ ਹੋਇਆ ਹੈ, ਪਰ ਅਫ਼ਸੋਸ+ ਉਸ ਆਦਮੀ ʼਤੇ ਜਿਹੜਾ ਮਨੁੱਖ ਦੇ ਪੁੱਤਰ ਨੂੰ ਧੋਖੇ ਨਾਲ ਫੜਵਾਉਂਦਾ ਹੈ!+ ਇਸ ਨਾਲੋਂ ਤਾਂ ਚੰਗਾ ਹੁੰਦਾ ਕਿ ਉਹ ਆਦਮੀ ਜੰਮਦਾ ਹੀ ਨਾ।”+ 25 ਯਹੂਦਾ ਨੇ, ਜਿਸ ਨੇ ਉਸ ਨੂੰ ਧੋਖਾ ਦੇਣਾ ਸੀ, ਪੁੱਛਿਆ: “ਗੁਰੂ ਜੀ,* ਕੀ ਉਹ ਬੰਦਾ ਮੈਂ ਤਾਂ ਨਹੀਂ?” ਯਿਸੂ ਨੇ ਉਸ ਨੂੰ ਕਿਹਾ: “ਤੂੰ ਆਪੇ ਕਹਿ ਦਿੱਤਾ ਹੈ।”
26 ਜਦੋਂ ਉਹ ਖਾ ਰਹੇ ਸਨ, ਤਾਂ ਯਿਸੂ ਨੇ ਇਕ ਰੋਟੀ ਲਈ ਅਤੇ ਪ੍ਰਾਰਥਨਾ ਕਰ ਕੇ ਤੋੜੀ+ ਤੇ ਆਪਣੇ ਚੇਲਿਆਂ ਨੂੰ ਦੇ ਕੇ ਕਿਹਾ: “ਲਓ ਖਾਓ, ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ।”+ 27 ਫਿਰ ਉਸ ਨੇ ਦਾਖਰਸ ਦਾ ਪਿਆਲਾ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ: “ਲਓ ਤੁਸੀਂ ਸਾਰੇ ਇਸ ਵਿੱਚੋਂ ਪੀਓ,+ 28 ਇਹ ਦਾਖਰਸ ਮੇਰੇ ਲਹੂ+ ਨੂੰ ਯਾਨੀ ‘ਇਕਰਾਰ ਦੇ ਲਹੂ’+ ਨੂੰ ਦਰਸਾਉਂਦਾ ਹੈ ਜੋ ਬਹੁਤ ਸਾਰੇ ਲੋਕਾਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ।+ 29 ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਮੈਂ ਹੁਣ ਤੋਂ ਇਹ ਦਾਖਰਸ ਉਸ ਦਿਨ ਤਕ ਹਰਗਿਜ਼ ਨਹੀਂ ਪੀਵਾਂਗਾ ਜਿਸ ਦਿਨ ਮੈਂ ਆਪਣੇ ਪਿਤਾ ਦੇ ਰਾਜ ਵਿਚ ਤੁਹਾਡੇ ਨਾਲ ਨਵਾਂ ਦਾਖਰਸ ਨਾ ਪੀਵਾਂ।”+ 30 ਅਖ਼ੀਰ ਵਿਚ ਪਰਮੇਸ਼ੁਰ ਦੀ ਮਹਿਮਾ ਦੇ ਗੀਤ* ਗਾਉਣ ਤੋਂ ਬਾਅਦ ਉਹ ਜ਼ੈਤੂਨ ਪਹਾੜ ਉੱਤੇ ਚਲੇ ਗਏ।+
31 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਅੱਜ ਰਾਤ ਮੇਰੇ ਨਾਲ ਜੋ ਵੀ ਹੋਵੇਗਾ, ਉਸ ਨੂੰ ਦੇਖ ਕੇ ਤੁਸੀਂ ਸਾਰੇ ਮੈਨੂੰ ਛੱਡ ਜਾਓਗੇ* ਕਿਉਂਕਿ ਲਿਖਿਆ ਹੋਇਆ ਹੈ: ‘ਮੈਂ ਚਰਵਾਹੇ ਨੂੰ ਮਾਰਾਂਗਾ ਅਤੇ ਝੁੰਡ ਦੀਆਂ ਭੇਡਾਂ ਖਿੰਡ-ਪੁੰਡ ਜਾਣਗੀਆਂ।’+ 32 ਪਰ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ।”+ 33 ਪਰ ਪਤਰਸ ਨੇ ਉਸ ਨੂੰ ਜਵਾਬ ਦਿੰਦਿਆਂ ਕਿਹਾ: “ਤੇਰੇ ਨਾਲ ਜੋ ਵੀ ਹੋਵੇਗਾ, ਉਸ ਕਰਕੇ ਬਾਕੀ ਸਾਰੇ ਭਾਵੇਂ ਤੈਨੂੰ ਛੱਡ ਜਾਣ,* ਪਰ ਮੈਂ ਤੈਨੂੰ ਕਦੀ ਵੀ ਨਹੀਂ ਛੱਡਾਂਗਾ!”*+ 34 ਯਿਸੂ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਸੱਚ ਕਹਿੰਦਾ ਹਾਂ: ਅੱਜ ਰਾਤ ਨੂੰ ਹੀ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।”+ 35 ਪਤਰਸ ਨੇ ਉਸ ਨੂੰ ਕਿਹਾ: “ਜੇ ਮੈਨੂੰ ਤੇਰੇ ਨਾਲ ਮਰਨਾ ਵੀ ਪਵੇ, ਤਾਂ ਵੀ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਾਂਗਾ ਕਿ ਮੈਂ ਤੈਨੂੰ ਜਾਣਦਾ ਹਾਂ।”+ ਬਾਕੀ ਸਾਰੇ ਚੇਲਿਆਂ ਨੇ ਵੀ ਇਹੀ ਕਿਹਾ।
36 ਫਿਰ ਯਿਸੂ ਉਨ੍ਹਾਂ ਨਾਲ ਗਥਸਮਨੀ+ ਨਾਂ ਦੀ ਜਗ੍ਹਾ ਆਇਆ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਜਦ ਤਕ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਦਾ ਹਾਂ, ਤਦ ਤਕ ਤੁਸੀਂ ਇੱਥੇ ਬੈਠੋ।”+ 37 ਅਤੇ ਉਹ ਆਪਣੇ ਨਾਲ ਪਤਰਸ ਅਤੇ ਜ਼ਬਦੀ ਦੇ ਦੋ ਪੁੱਤਰਾਂ ਨੂੰ ਲੈ ਗਿਆ। ਫਿਰ ਉਸ ਨਾਲ ਜੋ ਹੋਣ ਵਾਲਾ ਸੀ, ਉਸ ਬਾਰੇ ਸੋਚ ਕੇ ਉਹ ਬਹੁਤ ਪਰੇਸ਼ਾਨ ਅਤੇ ਦੁਖੀ ਹੋਣ ਲੱਗਾ।+ 38 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਮੇਰਾ ਮਨ ਬਹੁਤ ਦੁਖੀ ਹੈ, ਮੇਰੀ ਜਾਨ ਨਿਕਲਦੀ ਜਾ ਰਹੀ ਹੈ। ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ।”+ 39 ਉਹ ਥੋੜ੍ਹਾ ਹੋਰ ਅੱਗੇ ਜਾ ਕੇ ਜ਼ਮੀਨ ʼਤੇ ਗੋਡਿਆਂ ਭਾਰ ਬੈਠ ਗਿਆ ਅਤੇ ਪ੍ਰਾਰਥਨਾ ਕਰਨ ਲੱਗਾ:+ “ਹੇ ਮੇਰੇ ਪਿਤਾ, ਜੇ ਹੋ ਸਕੇ, ਤਾਂ ਇਹ ਪਿਆਲਾ*+ ਮੇਰੇ ਤੋਂ ਦੂਰ ਕਰ ਦੇ। ਪਰ ਜੋ ਮੈਂ ਚਾਹੁੰਦਾ ਹਾਂ, ਉਹ ਨਾ ਹੋਵੇ, ਸਗੋਂ ਉਹੀ ਹੋਵੇ ਜੋ ਤੂੰ ਚਾਹੁੰਦਾ ਹੈਂ।”+
40 ਉਸ ਨੇ ਆ ਕੇ ਦੇਖਿਆ ਕਿ ਚੇਲੇ ਸੌਂ ਰਹੇ ਸਨ। ਉਸ ਨੇ ਪਤਰਸ ਨੂੰ ਕਿਹਾ: “ਕੀ ਤੁਸੀਂ ਮੇਰੇ ਨਾਲ ਥੋੜ੍ਹਾ ਚਿਰ ਵੀ ਜਾਗਦੇ ਨਾ ਰਹਿ ਸਕੇ?+ 41 ਜਾਗਦੇ ਰਹੋ+ ਅਤੇ ਪ੍ਰਾਰਥਨਾ ਕਰਦੇ ਰਹੋ+ ਤਾਂਕਿ ਤੁਸੀਂ ਕਿਸੇ ਪਰੀਖਿਆ ਦੌਰਾਨ ਡਿਗ ਨਾ ਪਓ।+ ਦਿਲ ਤਾਂ ਤਿਆਰ* ਹੈ, ਪਰ ਸਰੀਰ ਕਮਜ਼ੋਰ ਹੈ।”+ 42 ਉਸ ਨੇ ਜਾ ਕੇ ਦੂਸਰੀ ਵਾਰ ਪ੍ਰਾਰਥਨਾ ਕਰਦੇ ਹੋਏ ਕਿਹਾ: “ਹੇ ਪਿਤਾ, ਜੇ ਇਹ ਪਿਆਲਾ ਮੇਰੇ ਤੋਂ ਹਟਾਉਣਾ ਮੁਮਕਿਨ ਨਹੀਂ ਹੈ ਅਤੇ ਮੈਨੂੰ ਪੀਣਾ ਹੀ ਪੈਣਾ ਹੈ, ਤਾਂ ਜਿਵੇਂ ਤੂੰ ਚਾਹੁੰਦਾ ਹੈਂ, ਉਸੇ ਤਰ੍ਹਾਂ ਹੋਵੇ।”+ 43 ਉਸ ਨੇ ਵਾਪਸ ਆ ਕੇ ਦੇਖਿਆ ਕਿ ਉਹ ਸੁੱਤੇ ਪਏ ਸਨ ਕਿਉਂਕਿ ਉਨ੍ਹਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ। 44 ਇਸ ਲਈ ਉਹ ਉਨ੍ਹਾਂ ਨੂੰ ਛੱਡ ਕੇ ਦੁਬਾਰਾ ਚਲਾ ਗਿਆ ਅਤੇ ਤੀਸਰੀ ਵਾਰ ਪ੍ਰਾਰਥਨਾ ਵਿਚ ਉਹੀ ਗੱਲਾਂ ਕਹੀਆਂ। 45 ਫਿਰ ਉਸ ਨੇ ਵਾਪਸ ਆ ਕੇ ਚੇਲਿਆਂ ਨੂੰ ਕਿਹਾ: “ਤੁਸੀਂ ਇਹੋ ਜਿਹੇ ਸਮੇਂ ਸੌਂ ਰਹੇ ਹੋ ਤੇ ਆਰਾਮ ਕਰ ਰਹੇ ਹੋ! ਦੇਖੋ! ਮਨੁੱਖ ਦੇ ਪੁੱਤਰ ਨੂੰ ਪਾਪੀਆਂ ਦੇ ਹੱਥ ਧੋਖੇ ਨਾਲ ਫੜਾਏ ਜਾਣ ਦੀ ਘੜੀ ਆ ਗਈ ਹੈ। 46 ਉੱਠੋ, ਚਲੋ ਚਲੀਏ। ਔਹ ਦੇਖੋ! ਮੈਨੂੰ ਫੜਵਾਉਣ ਵਾਲਾ ਧੋਖੇਬਾਜ਼ ਆ ਗਿਆ ਹੈ।” 47 ਜਦੋਂ ਉਹ ਅਜੇ ਗੱਲ ਕਰ ਹੀ ਰਿਹਾ ਸੀ, ਤਾਂ ਦੇਖੋ! ਯਹੂਦਾ ਆ ਗਿਆ ਜਿਹੜਾ 12 ਰਸੂਲਾਂ ਵਿੱਚੋਂ ਇਕ ਸੀ। ਉਸ ਦੇ ਨਾਲ ਤਲਵਾਰਾਂ ਤੇ ਡਾਂਗਾਂ ਫੜੀ ਇਕ ਵੱਡੀ ਭੀੜ ਵੀ ਆਈ ਜਿਸ ਨੂੰ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੇ ਘੱਲਿਆ ਸੀ।+
48 ਉਸ ਧੋਖੇਬਾਜ਼ ਨੇ ਉਨ੍ਹਾਂ ਨੂੰ ਇਹ ਨਿਸ਼ਾਨੀ ਦਿੱਤੀ ਸੀ: “ਜਿਸ ਨੂੰ ਵੀ ਮੈਂ ਚੁੰਮਾਂ, ਉਹੀ ਯਿਸੂ ਹੈ; ਉਸ ਨੂੰ ਗਿਰਫ਼ਤਾਰ ਕਰ ਲੈਣਾ।” 49 ਉਹ ਸਿੱਧਾ ਯਿਸੂ ਕੋਲ ਗਿਆ ਅਤੇ ਉਸ ਨੂੰ ਕਿਹਾ: “ਨਮਸਕਾਰ ਗੁਰੂ ਜੀ!” ਫਿਰ ਉਸ ਨੇ ਯਿਸੂ ਨੂੰ ਚੁੰਮਿਆ। 50 ਪਰ ਯਿਸੂ ਨੇ ਉਸ ਨੂੰ ਪੁੱਛਿਆ: “ਤੂੰ ਇੱਥੇ ਕੀ ਕਰਨ ਆਇਆ ਹੈਂ?”+ ਫਿਰ ਲੋਕ ਅੱਗੇ ਆਏ ਅਤੇ ਉਨ੍ਹਾਂ ਨੇ ਯਿਸੂ ਨੂੰ ਫੜ ਕੇ ਗਿਰਫ਼ਤਾਰ ਕਰ ਲਿਆ। 51 ਪਰ ਦੇਖੋ! ਯਿਸੂ ਦੇ ਨਾਲ ਆਏ ਬੰਦਿਆਂ ਵਿੱਚੋਂ ਇਕ ਜਣੇ ਨੇ ਹੱਥ ਵਧਾ ਕੇ ਆਪਣੀ ਤਲਵਾਰ ਕੱਢੀ ਤੇ ਵਾਰ ਕਰ ਕੇ ਮਹਾਂ ਪੁਜਾਰੀ ਦੇ ਨੌਕਰ ਦਾ ਕੰਨ ਵੱਢ ਸੁੱਟਿਆ।+ 52 ਫਿਰ ਯਿਸੂ ਨੇ ਉਸ ਨੂੰ ਕਿਹਾ: “ਆਪਣੀ ਤਲਵਾਰ ਮਿਆਨ ਵਿਚ ਪਾ,+ ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ, ਉਹ ਤਲਵਾਰ ਨਾਲ ਹੀ ਵੱਢੇ ਜਾਣਗੇ।+ 53 ਕੀ ਤੇਰੇ ਖ਼ਿਆਲ ਵਿਚ ਮੈਂ ਆਪਣੇ ਪਿਤਾ ਨੂੰ ਬੇਨਤੀ ਕਰ ਕੇ ਇਸੇ ਵੇਲੇ ਦੂਤਾਂ ਦੀਆਂ 12 ਪਲਟਣਾਂ ਨਹੀਂ ਮੰਗਵਾ ਸਕਦਾ?+ 54 ਜੇ ਮੈਂ ਇੱਦਾਂ ਕਰਾਂ, ਤਾਂ ਫਿਰ ਧਰਮ-ਗ੍ਰੰਥ ਦੀ ਗੱਲ ਕਿਵੇਂ ਪੂਰੀ ਹੋਵੇਗੀ ਕਿ ਸਾਰਾ ਕੁਝ ਇਸੇ ਤਰ੍ਹਾਂ ਹੀ ਹੋਣਾ ਹੈ?” 55 ਫਿਰ ਯਿਸੂ ਨੇ ਭੀੜ ਨੂੰ ਕਿਹਾ: “ਕੀ ਤੁਸੀਂ ਮੈਨੂੰ ਤਲਵਾਰਾਂ ਤੇ ਡਾਂਗਾਂ ਲੈ ਕੇ ਗਿਰਫ਼ਤਾਰ ਕਰਨ ਆਏ ਹੋ, ਜਿਵੇਂ ਮੈਂ ਕੋਈ ਡਾਕੂ ਹੋਵਾਂ? ਮੈਂ ਰੋਜ਼ ਮੰਦਰ ਵਿਚ ਸਿਖਾਉਂਦਾ ਹੁੰਦਾ ਸੀ,+ ਉੱਥੇ ਤਾਂ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ।+ 56 ਪਰ ਇਹ ਸਭ ਇਸੇ ਕਰਕੇ ਹੋਇਆ ਤਾਂਕਿ ਨਬੀਆਂ ਦੀਆਂ ਲਿਖਤਾਂ ਵਿਚ ਲਿਖੀਆਂ ਗੱਲਾਂ ਪੂਰੀਆਂ ਹੋਣ।”+ ਫਿਰ ਸਾਰੇ ਚੇਲੇ ਉਸ ਨੂੰ ਛੱਡ ਕੇ ਭੱਜ ਗਏ।+
57 ਜਿਨ੍ਹਾਂ ਨੇ ਯਿਸੂ ਨੂੰ ਗਿਰਫ਼ਤਾਰ ਕੀਤਾ ਸੀ, ਉਹ ਉਸ ਨੂੰ ਮਹਾਂ ਪੁਜਾਰੀ ਕਾਇਫ਼ਾ+ ਦੇ ਘਰ ਲੈ ਗਏ ਜਿੱਥੇ ਗ੍ਰੰਥੀ ਤੇ ਬਜ਼ੁਰਗ ਵੀ ਇਕੱਠੇ ਹੋਏ ਸਨ।+ 58 ਪਰ ਪਤਰਸ ਥੋੜ੍ਹਾ ਜਿਹਾ ਦੂਰ ਰਹਿ ਕੇ ਉਸ ਦੇ ਪਿੱਛੇ-ਪਿੱਛੇ ਮਹਾਂ ਪੁਜਾਰੀ ਦੇ ਵਿਹੜੇ ਤਕ ਚਲਾ ਗਿਆ ਅਤੇ ਫਿਰ ਅੰਦਰ ਜਾ ਕੇ ਘਰ ਦੇ ਨੌਕਰਾਂ ਨਾਲ ਬੈਠ ਕੇ ਉਡੀਕ ਕਰਨ ਲੱਗਾ ਕਿ ਯਿਸੂ ਨਾਲ ਕੀ ਹੋਵੇਗਾ।+
59 ਉਸ ਵੇਲੇ ਮੁੱਖ ਪੁਜਾਰੀ ਅਤੇ ਸਾਰੀ ਮਹਾਸਭਾ ਯਿਸੂ ਨੂੰ ਜਾਨੋਂ ਮਾਰਨ ਲਈ ਉਸ ਦੇ ਖ਼ਿਲਾਫ਼ ਝੂਠੀ ਗਵਾਹੀ ਲੱਭ ਰਹੀ ਸੀ।+ 60 ਪਰ ਉਨ੍ਹਾਂ ਨੂੰ ਕੋਈ ਗਵਾਹੀ ਨਾ ਮਿਲੀ, ਭਾਵੇਂ ਕਈ ਝੂਠੇ ਗਵਾਹ ਅੱਗੇ ਆਏ।+ ਬਾਅਦ ਵਿਚ ਦੋ ਜਣੇ ਅੱਗੇ ਆਏ 61 ਅਤੇ ਕਿਹਾ: “ਇਸ ਆਦਮੀ ਨੇ ਕਿਹਾ ਸੀ, ‘ਮੈਂ ਪਰਮੇਸ਼ੁਰ ਦਾ ਮੰਦਰ ਢਾਹ ਕੇ ਇਸ ਨੂੰ ਤਿੰਨਾਂ ਦਿਨਾਂ ਵਿਚ ਦੁਬਾਰਾ ਬਣਾ ਸਕਦਾ ਹਾਂ।’”+ 62 ਇਹ ਸੁਣ ਕੇ ਮਹਾਂ ਪੁਜਾਰੀ ਖੜ੍ਹਾ ਹੋ ਗਿਆ ਤੇ ਉਸ ਨੂੰ ਪੁੱਛਿਆ: “ਕੀ ਤੂੰ ਆਪਣੀ ਸਫ਼ਾਈ ਵਿਚ ਕੁਝ ਨਹੀਂ ਕਹੇਂਗਾ? ਇਹ ਤੇਰੇ ਖ਼ਿਲਾਫ਼ ਜਿਹੜੀਆਂ ਗਵਾਹੀਆਂ ਦੇ ਰਹੇ ਹਨ, ਉਨ੍ਹਾਂ ਬਾਰੇ ਤੇਰਾ ਕੀ ਕਹਿਣਾ?”+ 63 ਪਰ ਯਿਸੂ ਚੁੱਪ ਰਿਹਾ।+ ਇਸ ਲਈ ਮਹਾਂ ਪੁਜਾਰੀ ਨੇ ਉਸ ਨੂੰ ਕਿਹਾ: “ਤੈਨੂੰ ਜੀਉਂਦੇ ਪਰਮੇਸ਼ੁਰ ਦੀ ਸਹੁੰ, ਜੇ ਤੂੰ ਪਰਮੇਸ਼ੁਰ ਦਾ ਪੁੱਤਰ ਅਤੇ ਮਸੀਹ ਹੈਂ, ਤਾਂ ਸਾਨੂੰ ਦੱਸ!”+ 64 ਯਿਸੂ ਨੇ ਉਸ ਨੂੰ ਕਿਹਾ: “ਤੂੰ ਆਪ ਹੀ ਕਹਿ ਦਿੱਤਾ ਹੈ। ਪਰ ਮੈਂ ਤੁਹਾਨੂੰ ਦੱਸਦਾ ਹਾਂ: ਅੱਜ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ+ ਨੂੰ ਸਰਬਸ਼ਕਤੀਮਾਨ ਦੇ ਸੱਜੇ ਹੱਥ ਬੈਠਾ ਹੋਇਆ+ ਅਤੇ ਆਕਾਸ਼ ਦੇ ਬੱਦਲਾਂ ਉੱਤੇ ਆਉਂਦਾ ਦੇਖੋਗੇ।”+ 65 ਫਿਰ ਮਹਾਂ ਪੁਜਾਰੀ ਨੇ ਆਪਣੇ ਕੱਪੜੇ ਪਾੜੇ ਅਤੇ ਕਿਹਾ: “ਇਸ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਹੈ! ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਲੋੜ ਹੈ? ਦੇਖੋ! ਤੁਸੀਂ ਆਪ ਸੁਣ ਲਿਆ ਹੈ ਕਿ ਇਸ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਹੈ। 66 ਹੁਣ ਤੁਹਾਡਾ ਕੀ ਕਹਿਣਾ?” ਉਨ੍ਹਾਂ ਨੇ ਜਵਾਬ ਦਿੱਤਾ: “ਇਹ ਮੌਤ ਦੀ ਸਜ਼ਾ ਦੇ ਲਾਇਕ ਹੈ।”+ 67 ਫਿਰ ਉਨ੍ਹਾਂ ਨੇ ਉਸ ਦੇ ਮੂੰਹ ʼਤੇ ਥੁੱਕਿਆ+ ਅਤੇ ਉਸ ਦੇ ਮੁੱਕੇ ਮਾਰੇ।+ ਕਈਆਂ ਨੇ ਉਸ ਦੇ ਥੱਪੜ ਮਾਰ ਕੇ+ 68 ਕਿਹਾ: “ਓਏ ਵੱਡਿਆ ਮਸੀਹਿਆ, ਜੇ ਤੂੰ ਨਬੀ ਹੈ, ਤਾਂ ਦੱਸ ਤੈਨੂੰ ਕਿਸ ਨੇ ਮਾਰਿਆ?”
69 ਉਸ ਵੇਲੇ ਪਤਰਸ ਬਾਹਰ ਵਿਹੜੇ ਵਿਚ ਬੈਠਾ ਹੋਇਆ ਸੀ ਅਤੇ ਇਕ ਨੌਕਰਾਣੀ ਨੇ ਉਸ ਕੋਲ ਆ ਕੇ ਕਿਹਾ: “ਤੂੰ ਵੀ ਉਸ ਯਿਸੂ ਗਲੀਲੀ ਦੇ ਨਾਲ ਸੀ!”+ 70 ਪਰ ਉਸ ਨੇ ਉਨ੍ਹਾਂ ਸਾਰਿਆਂ ਸਾਮ੍ਹਣੇ ਇਸ ਗੱਲ ਦਾ ਇਨਕਾਰ ਕਰਦੇ ਹੋਏ ਕਿਹਾ: “ਮੈਨੂੰ ਨਹੀਂ ਪਤਾ ਤੂੰ ਕੀ ਕਹਿ ਰਹੀਂ ਹੈਂ।” 71 ਜਦੋਂ ਉਹ ਬਾਹਰ ਡਿਓੜ੍ਹੀ ਵਿਚ ਚਲਾ ਗਿਆ, ਤਾਂ ਇਕ ਹੋਰ ਕੁੜੀ ਨੇ ਉਸ ਨੂੰ ਦੇਖ ਕੇ ਉੱਥੇ ਖੜ੍ਹੇ ਲੋਕਾਂ ਨੂੰ ਕਿਹਾ: “ਇਹ ਵੀ ਉਸ ਯਿਸੂ ਨਾਸਰੀ ਨਾਲ ਸੀ।”+ 72 ਪਤਰਸ ਨੇ ਸਹੁੰ ਖਾ ਕੇ ਦੁਬਾਰਾ ਇਨਕਾਰ ਕਰਦੇ ਹੋਏ ਕਿਹਾ: “ਮੈਂ ਉਸ ਬੰਦੇ ਨੂੰ ਨਹੀਂ ਜਾਣਦਾ!” 73 ਥੋੜ੍ਹੇ ਚਿਰ ਬਾਅਦ ਉੱਥੇ ਖੜ੍ਹੇ ਲੋਕਾਂ ਨੇ ਆ ਕੇ ਪਤਰਸ ਨੂੰ ਕਿਹਾ: “ਤੂੰ ਪੱਕਾ ਉਨ੍ਹਾਂ ਵਿੱਚੋਂ ਹੈਂ ਕਿਉਂਕਿ ਤੇਰੀ ਬੋਲੀ* ਤੋਂ ਪਤਾ ਲੱਗਦਾ ਹੈ।” 74 ਫਿਰ ਉਹ ਆਪਣੇ ਆਪ ਨੂੰ ਸਰਾਪ ਦੇਣ ਲੱਗਾ ਅਤੇ ਸਹੁੰ ਖਾ ਕੇ ਕਹਿਣ ਲੱਗਾ: “ਮੈਂ ਨਹੀਂ ਜਾਣਦਾ ਉਸ ਬੰਦੇ ਨੂੰ!” ਉਸੇ ਵੇਲੇ ਕੁੱਕੜ ਨੇ ਬਾਂਗ ਦੇ ਦਿੱਤੀ। 75 ਉਦੋਂ ਪਤਰਸ ਨੂੰ ਯਾਦ ਆਇਆ ਕਿ ਯਿਸੂ ਨੇ ਕਿਹਾ ਸੀ: “ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।”+ ਉਹ ਬਾਹਰ ਜਾ ਕੇ ਭੁੱਬਾਂ ਮਾਰ-ਮਾਰ ਰੋਇਆ।