ਅਧਿਐਨ ਲੇਖ 10
ਯਹੋਵਾਹ ਲਈ ਪਿਆਰ ਅਤੇ ਸ਼ੁਕਰਗੁਜ਼ਾਰੀ ਬਪਤਿਸਮੇ ਲਈ ਜ਼ਰੂਰੀ ਹਨ
“ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?”—ਰਸੂ. 8:36.
ਗੀਤ 10 ‘ਮੈਂ ਹਾਜ਼ਰ ਹਾਂ ਮੈਨੂੰ ਘੱਲੋ!’
ਖ਼ਾਸ ਗੱਲਾਂa
1-2. ਰਸੂਲਾਂ ਦੇ ਕੰਮ 8:27-31, 35-38 ਮੁਤਾਬਕ ਕਿਸ ਗੱਲ ਨੇ ਇਥੋਪੀਆ ਦੇ ਮੰਤਰੀ ਨੂੰ ਬਪਤਿਸਮਾ ਲੈਣ ਲਈ ਪ੍ਰੇਰਿਤ ਕੀਤਾ?
ਕੀ ਤੁਸੀਂ ਮਸੀਹ ਦੇ ਚੇਲੇ ਵਜੋਂ ਬਪਤਿਸਮਾ ਲੈਣਾ ਚਾਹੁੰਦੇ ਹੋ? ਪਿਆਰ ਤੇ ਸ਼ੁਕਰਗੁਜ਼ਾਰੀ ਹੋਣ ਕਰਕੇ ਕਈਆਂ ਨੇ ਇਹ ਫ਼ੈਸਲਾ ਕੀਤਾ ਹੈ। ਜ਼ਰਾ ਇਕ ਮੰਤਰੀ ਦੀ ਮਿਸਾਲ ʼਤੇ ਗੌਰ ਕਰੋ ਜੋ ਇਥੋਪੀਆ ਦੀ ਰਾਣੀ ਦੇ ਦਰਬਾਰ ਵਿਚ ਸੇਵਾ ਕਰਦਾ ਸੀ।
2 ਉਸ ਮੰਤਰੀ ਨੇ ਬਚਨ ਵਿੱਚੋਂ ਜੋ ਵੀ ਸਿੱਖਿਆ, ਉਸ ਮੁਤਾਬਕ ਉਸ ਨੇ ਛੇਤੀ ਹੀ ਕਦਮ ਚੁੱਕਿਆ। (ਰਸੂਲਾਂ ਦੇ ਕੰਮ 8:27-31, 35-38 ਪੜ੍ਹੋ।) ਕਿਸ ਗੱਲ ਨੇ ਉਸ ਨੂੰ ਪ੍ਰੇਰਿਤ ਕੀਤਾ? ਬਿਨਾਂ ਸ਼ੱਕ, ਉਹ ਪਰਮੇਸ਼ੁਰ ਦੇ ਬਚਨ ਦੀ ਕਦਰ ਕਰਦਾ ਸੀ। ਆਪਣੇ ਰਥ ʼਤੇ ਜਾਂਦਿਆਂ ਉਹ ਯਸਾਯਾਹ ਦੀ ਕਿਤਾਬ ਪੜ੍ਹ ਰਿਹਾ ਸੀ। ਨਾਲੇ ਜਦੋਂ ਫ਼ਿਲਿੱਪੁਸ ਨੇ ਉਸ ਨੂੰ ਦੱਸਿਆ ਕਿ ਯਿਸੂ ਨੇ ਉਸ ਲਈ ਕੀ ਕੁਝ ਕੀਤਾ ਸੀ, ਤਾਂ ਉਸ ਦੇ ਮਨ ਵਿਚ ਯਿਸੂ ਲਈ ਸ਼ੁਕਰਗੁਜ਼ਾਰੀ ਪੈਦਾ ਹੋਈ। ਉਸ ਨੇ ਆਪਣੇ ਮਨ ਵਿਚ ਪਹਿਲਾਂ ਹੀ ਯਹੋਵਾਹ ਲਈ ਪਿਆਰ ਪੈਦਾ ਕੀਤਾ ਸੀ। ਸਾਨੂੰ ਇਹ ਕਿਵੇਂ ਪਤਾ ਹੈ? ਉਹ ਯਰੂਸ਼ਲਮ ਵਿਚ ਯਹੋਵਾਹ ਦੀ ਭਗਤੀ ਕਰ ਕੇ ਆ ਰਿਹਾ ਸੀ। ਲੱਗਦਾ ਹੈ ਕਿ ਇਸ ਆਦਮੀ ਨੇ ਆਪਣੇ ਮਾਪਿਆਂ ਦਾ ਧਰਮ ਛੱਡ ਦਿੱਤਾ ਅਤੇ ਉਸ ਨੇ ਉਸ ਕੌਮ ਨਾਲ ਮਿਲ ਕੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਜੋ ਸੱਚੇ ਪਰਮੇਸ਼ੁਰ ਨੂੰ ਸਮਰਪਿਤ ਸੀ। ਯਹੋਵਾਹ ਲਈ ਪਿਆਰ ਹੋਣ ਕਰਕੇ ਉਹ ਬਪਤਿਸਮਾ ਲੈ ਕੇ ਮਸੀਹ ਦਾ ਚੇਲਾ ਬਣਨ ਲਈ ਪ੍ਰੇਰਿਤ ਹੋਇਆ।—ਮੱਤੀ 28:19.
3. ਇਕ ਵਿਅਕਤੀ ਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕ ਸਕਦੀ ਹੈ? (“ਤੁਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹੋ?” ਨਾਂ ਦੀ ਡੱਬੀ ਦੇਖੋ।)
3 ਯਹੋਵਾਹ ਲਈ ਪਿਆਰ ਤੁਹਾਨੂੰ ਬਪਤਿਸਮਾ ਲੈਣ ਲਈ ਪ੍ਰੇਰਿਤ ਕਰ ਸਕਦਾ ਹੈ। ਪਰ ਪਿਆਰ ਸ਼ਾਇਦ ਸਾਨੂੰ ਇਸ ਤਰ੍ਹਾਂ ਕਰਨ ਤੋਂ ਰੋਕੇ ਵੀ। ਕਿਵੇਂ? ਜ਼ਰਾ ਕੁਝ ਮਿਸਾਲਾਂ ʼਤੇ ਗੌਰ ਕਰੋ। ਤੁਸੀਂ ਸ਼ਾਇਦ ਆਪਣੇ ਅਵਿਸ਼ਵਾਸੀ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ ਨੂੰ ਦਿਲੋਂ ਪਿਆਰ ਕਰਦੇ ਹੋਵੋ ਅਤੇ ਇਹ ਸੋਚ ਕੇ ਚਿੰਤਾ ਕਰੋ ਕਿ ਜੇ ਤੁਸੀਂ ਬਪਤਿਸਮਾ ਲੈ ਲਿਆ, ਤਾਂ ਉਹ ਤੁਹਾਨੂੰ ਨਫ਼ਰਤ ਕਰਨਗੇ। (ਮੱਤੀ 10:37) ਜਾਂ ਸ਼ਾਇਦ ਤੁਹਾਨੂੰ ਉਹ ਆਦਤਾਂ ਪਸੰਦ ਹੋਣ ਜਿਨ੍ਹਾਂ ਨੂੰ ਪਰਮੇਸ਼ੁਰ ਘਿਣ ਕਰਦਾ ਹੈ ਅਤੇ ਤੁਹਾਨੂੰ ਸ਼ਾਇਦ ਇਹ ਆਦਤਾਂ ਛੱਡਣੀਆਂ ਔਖੀਆਂ ਲੱਗਣ। (ਜ਼ਬੂ. 97:10) ਜਾਂ ਸ਼ਾਇਦ ਤੁਸੀਂ ਝੂਠੇ ਧਰਮਾਂ ਨਾਲ ਸੰਬੰਧਿਤ ਰੀਤੀ-ਰਿਵਾਜ ਮਨਾਉਂਦੇ ਸੀ। ਇਨ੍ਹਾਂ ਰੀਤੀ-ਰਿਵਾਜਾਂ ਨੂੰ ਮਨਾਉਂਦਿਆਂ ਸ਼ਾਇਦ ਤੁਹਾਡੇ ਕੋਲ ਮਿੱਠੀਆਂ ਯਾਦਾਂ ਹੋਣ। ਇਸ ਕਰਕੇ ਤੁਹਾਡੇ ਲਈ ਸ਼ਾਇਦ ਇਨ੍ਹਾਂ ਰੀਤੀ-ਰਿਵਾਜਾਂ ਨੂੰ ਛੱਡਣਾ ਔਖਾ ਹੋਵੇ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਨਹੀਂ ਹੁੰਦਾ। (1 ਕੁਰਿੰ. 10:20, 21) ਸੋ ਤੁਹਾਨੂੰ ਫ਼ੈਸਲਾ ਕਰਨਾ ਪੈਣਾ: “ਮੈਂ ਕਿਸ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਹਾਂ?”
ਉਹ ਸ਼ਖ਼ਸ ਜਿਸ ਨੂੰ ਅਸੀਂ ਸਭ ਤੋਂ ਜ਼ਿਆਦਾ ਪਿਆਰ ਕਰਦੇ ਹਾਂ
4. ਬਪਤਿਸਮਾ ਲੈਣ ਦਾ ਸਭ ਤੋਂ ਅਹਿਮ ਕਾਰਨ ਕੀ ਹੈ?
4 ਤੁਹਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਤੇ ਜਿਨ੍ਹਾਂ ਲਈ ਤੁਸੀਂ ਸ਼ੁਕਰਗੁਜ਼ਾਰ ਹੋ। ਮਿਸਾਲ ਲਈ, ਯਹੋਵਾਹ ਦੇ ਗਵਾਹ ਬਣਨ ਤੋਂ ਪਹਿਲਾਂ ਹੀ ਸ਼ਾਇਦ ਤੁਹਾਨੂੰ ਪਰਮੇਸ਼ੁਰ ਅਤੇ ਸਾਡੇ ਲਈ ਕੀਤੇ ਉਸ ਦੇ ਕੰਮਾਂ ਬਾਰੇ ਸੁਣਨਾ ਪਸੰਦ ਹੋਵੇ। ਹੁਣ ਯਹੋਵਾਹ ਦੇ ਗਵਾਹਾਂ ਬਾਰੇ ਜਾਣਨ ਤੋਂ ਬਾਅਦ ਸ਼ਾਇਦ ਤੁਹਾਨੂੰ ਉਨ੍ਹਾਂ ਨਾਲ ਸੰਗਤੀ ਕਰਨੀ ਪਸੰਦ ਹੋਵੇ। ਪਰ ਇਨ੍ਹਾਂ ਚੰਗੀਆਂ ਚੀਜ਼ਾਂ ਨੂੰ ਪਿਆਰ ਕਰਨ ਦਾ ਹਮੇਸ਼ਾ ਇਹ ਮਤਲਬ ਨਹੀਂ ਹੁੰਦਾ ਕਿ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣਾ ਚਾਹੋਗੇ। ਬਪਤਿਸਮਾ ਲੈਣ ਦਾ ਸਭ ਤੋਂ ਅਹਿਮ ਕਾਰਨ ਹੈ, ਯਹੋਵਾਹ ਪਰਮੇਸ਼ੁਰ ਲਈ ਤੁਹਾਡਾ ਪਿਆਰ। ਜਦੋਂ ਤੁਸੀਂ ਸਭ ਤੋਂ ਜ਼ਿਆਦਾ ਪਿਆਰ ਯਹੋਵਾਹ ਨੂੰ ਕਰਦੇ ਹੋ, ਤਾਂ ਕੋਈ ਵੀ ਚੀਜ਼ ਜਾਂ ਵਿਅਕਤੀ ਤੁਹਾਨੂੰ ਉਸ ਦੀ ਸੇਵਾ ਕਰਨ ਤੋਂ ਰੋਕ ਨਹੀਂ ਸਕੇਗਾ। ਯਹੋਵਾਹ ਲਈ ਪਿਆਰ ਤੁਹਾਨੂੰ ਬਪਤਿਸਮਾ ਲੈਣ ਲਈ ਪ੍ਰੇਰਿਤ ਕਰੇਗਾ ਅਤੇ ਇਹ ਪਿਆਰ ਬਪਤਿਸਮੇ ਤੋਂ ਬਾਅਦ ਵੀ ਵਫ਼ਾਦਾਰ ਰਹਿਣ ਵਿਚ ਤੁਹਾਡੀ ਮਦਦ ਕਰੇਗਾ।
5. ਅਸੀਂ ਕਿਹੜੇ ਸਵਾਲਾਂ ʼਤੇ ਗੌਰ ਕਰਾਂਗੇ?
5 ਯਿਸੂ ਨੇ ਕਿਹਾ ਕਿ ਸਾਨੂੰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ, ਆਪਣੀ ਪੂਰੀ ਸਮਝ ਨਾਲ ਅਤੇ ਆਪਣੀ ਪੂਰੀ ਸ਼ਕਤੀ ਨਾਲ ਪਿਆਰ ਕਰਨਾ ਚਾਹੀਦਾ ਹੈ। (ਮਰ. 12:30) ਤੁਸੀਂ ਯਹੋਵਾਹ ਨੂੰ ਦਿਲੋਂ ਪਿਆਰ ਅਤੇ ਉਸ ਦਾ ਗਹਿਰਾ ਆਦਰ ਕਰਨਾ ਕਿਵੇਂ ਸਿੱਖ ਸਕਦੇ ਹੋ? ਅਸੀਂ ਯਹੋਵਾਹ ਦੇ ਪਿਆਰ ʼਤੇ ਸੋਚ-ਵਿਚਾਰ ਕਰ ਕੇ ਉਸ ਨੂੰ ਪਿਆਰ ਕਰਨ ਲਈ ਪ੍ਰੇਰਿਤ ਹੋਵਾਂਗੇ। (1 ਯੂਹੰ. 4:19) ਸਭ ਤੋਂ ਅਹਿਮ ਪਿਆਰ ਪੈਦਾ ਕਰਨ ਤੋਂ ਬਾਅਦ ਤੁਹਾਡੇ ਅੰਦਰ ਕਿਹੜੀਆਂ ਭਾਵਨਾਵਾਂ ਪੈਦਾ ਹੋਣਗੀਆਂ ਤੇ ਤੁਸੀਂ ਕਿਹੜੇ ਕੰਮ ਕਰਨੇ ਚਾਹੋਗੇ?b
6. ਰੋਮੀਆਂ 1:20 ਮੁਤਾਬਕ ਤੁਸੀਂ ਕਿਹੜੇ ਤਰੀਕੇ ਰਾਹੀਂ ਯਹੋਵਾਹ ਬਾਰੇ ਜਾਣ ਸਕਦੇ ਹੋ?
6 ਯਹੋਵਾਹ ਦੀ ਸ੍ਰਿਸ਼ਟੀ ਤੋਂ ਉਸ ਬਾਰੇ ਸਿੱਖੋ। (ਰੋਮੀਆਂ 1:20 ਪੜ੍ਹੋ; ਪ੍ਰਕਾ. 4:11) ਪੌਦਿਆਂ ਅਤੇ ਜਾਨਵਰਾਂ ਦੀ ਬਣਤਰ ਤੋਂ ਮਿਲਦੀ ਯਹੋਵਾਹ ਦੀ ਬੁੱਧ ʼਤੇ ਸੋਚ-ਵਿਚਾਰ ਕਰੋ। ਸ਼ਾਨਦਾਰ ਤਰੀਕੇ ਨਾਲ ਬਣਾਏ ਗਏ ਆਪਣੇ ਸਰੀਰ ਬਾਰੇ ਸੋਚੋ। (ਜ਼ਬੂ. 139:14) ਨਾਲੇ ਉਸ ਤਾਕਤ ਬਾਰੇ ਵੀ ਸੋਚੋ ਜੋ ਯਹੋਵਾਹ ਨੇ ਸੂਰਜ ਵਿਚ ਪਾਈ ਹੈ। ਸਾਨੂੰ ਪਤਾ ਹੈ ਕਿ ਸੂਰਜ ਅਰਬਾਂ-ਖਰਬਾਂ ਤਾਰਿਆਂ ਵਿੱਚੋਂ ਇਕ ਹੈ।c (ਯਸਾ. 40:26) ਇਨ੍ਹਾਂ ʼਤੇ ਸੋਚ-ਵਿਚਾਰ ਕਰਨ ਨਾਲ ਤੁਹਾਡੇ ਦਿਲ ਵਿਚ ਯਹੋਵਾਹ ਲਈ ਆਦਰ ਹੋਰ ਵਧੇਗਾ। ਇਹ ਜਾਣਨਾ ਜ਼ਰੂਰੀ ਹੈ ਕਿ ਯਹੋਵਾਹ ਬੁੱਧੀਮਾਨ ਤੇ ਸ਼ਕਤੀਸ਼ਾਲੀ ਹੈ। ਪਰ ਯਹੋਵਾਹ ਲਈ ਆਪਣਾ ਪਿਆਰ ਗੂੜ੍ਹਾ ਕਰਨ ਲਈ ਤੁਹਾਨੂੰ ਉਸ ਬਾਰੇ ਹੋਰ ਜਾਣਨ ਦੀ ਲੋੜ ਹੈ।
7. ਯਹੋਵਾਹ ਲਈ ਆਪਣਾ ਪਿਆਰ ਹੋਰ ਗੂੜ੍ਹਾ ਕਰਨ ਲਈ ਤੁਹਾਨੂੰ ਕਿਸ ਗੱਲ ʼਤੇ ਯਕੀਨ ਕਰਨ ਦੀ ਲੋੜ ਹੈ?
7 ਤੁਹਾਨੂੰ ਇਸ ਗੱਲ ʼਤੇ ਯਕੀਨ ਕਰਨ ਦੀ ਲੋੜ ਹੈ ਕਿ ਯਹੋਵਾਹ ਤੁਹਾਡੀ ਨਿੱਜੀ ਤੌਰ ਤੇ ਪਰਵਾਹ ਕਰਦਾ ਹੈ। ਕੀ ਤੁਹਾਡੇ ਲਈ ਇਹ ਮੰਨਣਾ ਔਖਾ ਹੈ ਕਿ ਆਕਾਸ਼ ਤੇ ਧਰਤੀ ਦਾ ਸਿਰਜਣਹਾਰ ਤੁਹਾਡੇ ʼਤੇ ਧਿਆਨ ਦਿੰਦਾ ਹੈ ਤੇ ਤੁਹਾਡੀ ਪਰਵਾਹ ਕਰਦਾ ਹੈ? ਜੇ ਹਾਂ, ਤਾਂ ਯਾਦ ਰੱਖੋ ਕਿ ਯਹੋਵਾਹ “ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।” (ਰਸੂ. 17:26-28) ਉਹ “ਸਾਰਿਆਂ ਮਨਾਂ ਦੀ ਪਰੀਛਾ [ਯਾਨੀ ਜਾਂਚ] ਕਰਦਾ” ਹੈ। ਉਹ ਤੁਹਾਡੇ ਨਾਲ ਵਾਅਦਾ ਕਰਦਾ ਹੈ ਜਿਵੇਂ ਦਾਊਦ ਨੇ ਸੁਲੇਮਾਨ ਨੂੰ ਕਿਹਾ ਸੀ: “ਜੇ ਤੂੰ ਉਸ ਨੂੰ ਖੋਜੇਂਗਾ ਤਾਂ ਉਹ ਤੈਥੋਂ ਲਭਿਆ ਜਾਏਗਾ।” (1 ਇਤ. 28:9) ਦਰਅਸਲ, ਤੁਸੀਂ ਬਾਈਬਲ ਦੀ ਸਟੱਡੀ ਇਸ ਲਈ ਕਰ ਰਹੇ ਹੋ ਕਿਉਂਕਿ ਯਹੋਵਾਹ ਕਹਿੰਦਾ ਹੈ, “ਮੈਂ . . . ਤੈਨੂੰ ਖਿੱਚਿਆ ਹੈ।” (ਯਿਰ. 31:3) ਜਿੰਨਾ ਜ਼ਿਆਦਾ ਤੁਸੀਂ ਯਹੋਵਾਹ ਦੇ ਕੰਮਾਂ ਲਈ ਸ਼ੁਕਰਗੁਜ਼ਾਰ ਹੋਵੋਗੇ, ਉੱਨਾ ਜ਼ਿਆਦਾ ਉਸ ਲਈ ਤੁਹਾਡਾ ਪਿਆਰ ਗੂੜ੍ਹਾ ਹੋਵੇਗਾ।
8. ਤੁਸੀਂ ਯਹੋਵਾਹ ਦੇ ਪਿਆਰ ਪ੍ਰਤੀ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹੋ?
8 ਯਹੋਵਾਹ ਦੇ ਪਿਆਰ ਪ੍ਰਤੀ ਸ਼ੁਕਰਗੁਜ਼ਾਰੀ ਦਿਖਾਉਣ ਦਾ ਇਕ ਤਰੀਕਾ ਹੈ, ਪ੍ਰਾਰਥਨਾ ਵਿਚ ਉਸ ਨਾਲ ਗੱਲ ਕਰਨੀ। ਪਰਮੇਸ਼ੁਰ ਲਈ ਤੁਹਾਡਾ ਪਿਆਰ ਵਧੇਗਾ ਜਦੋਂ ਤੁਸੀਂ ਉਸ ਨੂੰ ਆਪਣੀਆਂ ਚਿੰਤਾਵਾਂ ਦੱਸੋਗੇ ਅਤੇ ਉਸ ਦੇ ਕੰਮਾਂ ਲਈ ਧੰਨਵਾਦ ਕਰੋਗੇ। ਨਾਲੇ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ ਜਦੋਂ ਤੁਸੀਂ ਦੇਖੋਗੇ ਕਿ ਪਰਮੇਸ਼ੁਰ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ। (ਜ਼ਬੂ. 116:1) ਤੁਹਾਨੂੰ ਯਕੀਨ ਹੋ ਜਾਵੇਗਾ ਕਿ ਉਹ ਤੁਹਾਨੂੰ ਸਮਝਦਾ ਹੈ। ਪਰ ਯਹੋਵਾਹ ਦੇ ਹੋਰ ਨੇੜੇ ਜਾਣ ਲਈ ਤੁਹਾਨੂੰ ਉਸ ਦੇ ਸੋਚਣ ਦੇ ਤਰੀਕੇ ਨੂੰ ਸਮਝਣ ਦੀ ਲੋੜ ਹੈ। ਨਾਲੇ ਤੁਹਾਨੂੰ ਜਾਣਨ ਦੀ ਲੋੜ ਹੈ ਕਿ ਉਹ ਤੁਹਾਡੇ ਤੋਂ ਕੀ ਚਾਹੁੰਦਾ ਹੈ। ਤੁਸੀਂ ਸਿਰਫ਼ ਉਸ ਦੇ ਬਚਨ ਬਾਈਬਲ ਦਾ ਅਧਿਐਨ ਕਰ ਕੇ ਉਸ ਬਾਰੇ ਇਹ ਗਿਆਨ ਲੈ ਸਕਦੇ ਹੋ।
9. ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਬਾਈਬਲ ਦੀ ਕਦਰ ਕਰਦੇ ਹੋ?
9 ਪਰਮੇਸ਼ੁਰ ਦੇ ਬਚਨ ਬਾਈਬਲ ਦੀ ਕਦਰ ਕਰਨੀ ਸਿੱਖੋ। ਸਿਰਫ਼ ਬਾਈਬਲ ਹੀ ਯਹੋਵਾਹ ਅਤੇ ਤੁਹਾਡੇ ਲਈ ਉਸ ਦੇ ਮਕਸਦ ਬਾਰੇ ਸੱਚਾਈ ਦੱਸਦੀ ਹੈ। ਹਰ ਰੋਜ਼ ਬਾਈਬਲ ਪੜ੍ਹ ਕੇ, ਹਰ ਹਫ਼ਤੇ ਆਪਣੀ ਬਾਈਬਲ ਸਟੱਡੀ ਲਈ ਤਿਆਰੀ ਕਰ ਕੇ ਅਤੇ ਸਿੱਖੀਆਂ ਗੱਲਾਂ ਲਾਗੂ ਕਰ ਕੇ ਤੁਸੀਂ ਬਾਈਬਲ ਲਈ ਕਦਰ ਦਿਖਾ ਸਕਦੇ ਹੋ। (ਜ਼ਬੂ. 119:97, 99; ਯੂਹੰ. 17:17) ਕੀ ਤੁਸੀਂ ਹਰ ਰੋਜ਼ ਬਾਈਬਲ ਪੜ੍ਹਦੇ ਹੋ?
10. ਬਾਈਬਲ ਦੀ ਇਕ ਖ਼ਾਸ ਗੱਲ ਕੀ ਹੈ?
10 ਬਾਈਬਲ ਦੀ ਇਕ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਯਿਸੂ ਬਾਰੇ ਦੱਸੀਆਂ ਗੱਲਾਂ ਦੇ ਚਸ਼ਮਦੀਦ ਗਵਾਹ ਸਨ। ਸਿਰਫ਼ ਇਹੀ ਕਿਤਾਬ ਸਹੀ-ਸਹੀ ਜਾਣਕਾਰੀ ਦਿੰਦੀ ਹੈ ਕਿ ਯਿਸੂ ਨੇ ਤੁਹਾਡੇ ਲਈ ਕੀ-ਕੀ ਕੀਤਾ ਹੈ। ਜਿੱਦਾਂ-ਜਿੱਦਾਂ ਤੁਸੀਂ ਯਿਸੂ ਦੀ ਕਹਿਣੀ ਤੇ ਕਰਨੀ ਬਾਰੇ ਸਿੱਖੋਗੇ, ਉੱਦਾਂ-ਉੱਦਾਂ ਤੁਸੀਂ ਉਸ ਨਾਲ ਦੋਸਤੀ ਕਰਨ ਲਈ ਪ੍ਰੇਰਿਤ ਹੋਵੋਗੇ।
11. ਤੁਸੀਂ ਯਹੋਵਾਹ ਨੂੰ ਪਿਆਰ ਕਰਨਾ ਕਿਵੇਂ ਸਿੱਖ ਸਕਦੇ ਹੋ?
11 ਯਿਸੂ ਨੂੰ ਪਿਆਰ ਕਰਨਾ ਸਿੱਖੋ ਜਿਸ ਕਰਕੇ ਯਹੋਵਾਹ ਲਈ ਤੁਹਾਡਾ ਪਿਆਰ ਵਧੇਗਾ। ਕਿਉਂ? ਕਿਉਂਕਿ ਯਿਸੂ ਨੇ ਹੂ-ਬਹੂ ਆਪਣੇ ਪਿਤਾ ਦੇ ਗੁਣਾਂ ਦੀ ਰੀਸ ਕੀਤੀ। (ਯੂਹੰ. 14:9) ਇਸ ਲਈ ਜਿੰਨਾ ਜ਼ਿਆਦਾ ਤੁਸੀਂ ਯਿਸੂ ਬਾਰੇ ਸਿੱਖੋਗੇ, ਉੱਨਾ ਜ਼ਿਆਦਾ ਤੁਸੀਂ ਯਹੋਵਾਹ ਨੂੰ ਸਮਝੋਗੇ ਅਤੇ ਉਸ ਲਈ ਸ਼ੁਕਰਗੁਜ਼ਾਰੀ ਦਿਖਾਓਗੇ। ਜ਼ਰਾ ਸੋਚੋ ਕਿ ਯਿਸੂ ਨੇ ਉਨ੍ਹਾਂ ਲੋਕਾਂ ʼਤੇ ਤਰਸ ਖਾਧਾ ਜਿਨ੍ਹਾਂ ਨੂੰ ਲੋਕ ਆਪਣੇ ਪੈਰਾਂ ਦੀ ਜੁੱਤੀ ਸਮਝਦੇ ਸਨ, ਜਿਵੇਂ ਗ਼ਰੀਬ, ਬੀਮਾਰ ਅਤੇ ਕਮਜ਼ੋਰ। ਨਾਲੇ ਉਸ ਵਧੀਆ ਸਲਾਹ ਬਾਰੇ ਵੀ ਸੋਚੋ ਜੋ ਉਹ ਤੁਹਾਨੂੰ ਦਿੰਦਾ ਹੈ ਅਤੇ ਜਿਸ ਨੂੰ ਮੰਨਣ ਕਰਕੇ ਤੁਹਾਡੀ ਜ਼ਿੰਦਗੀ ਵਿਚ ਸੁਧਾਰ ਹੁੰਦਾ ਹੈ।—ਮੱਤੀ 5:1-11; 7:24-27.
12. ਯਿਸੂ ਬਾਰੇ ਸਿੱਖਦਿਆਂ ਤੁਸੀਂ ਸ਼ਾਇਦ ਕੀ ਕਰਨ ਲਈ ਪ੍ਰੇਰਿਤ ਹੋਵੋ?
12 ਯਿਸੂ ਲਈ ਤੁਹਾਡਾ ਪਿਆਰ ਉਦੋਂ ਹੋਰ ਜ਼ਿਆਦਾ ਗੂੜ੍ਹਾ ਹੁੰਦਾ ਹੈ ਜਦੋਂ ਤੁਸੀਂ ਗਹਿਰਾਈ ਨਾਲ ਸੋਚ-ਵਿਚਾਰ ਕਰਦੇ ਹੋ ਕਿ ਉਸ ਨੇ ਸਾਡੇ ਪਾਪਾਂ ਦੀ ਮਾਫ਼ੀ ਲਈ ਆਪਣੀ ਕੁਰਬਾਨੀ ਦਿੱਤੀ। (ਮੱਤੀ 20:28) ਜਦੋਂ ਤੁਸੀਂ ਸਮਝਦੇ ਹੋ ਕਿ ਯਿਸੂ ਤੁਹਾਡੇ ਲਈ ਖ਼ੁਸ਼ੀ-ਖ਼ੁਸ਼ੀ ਮਰਿਆ, ਤਾਂ ਤੁਸੀਂ ਸ਼ਾਇਦ ਤੋਬਾ ਕਰਨ ਅਤੇ ਯਹੋਵਾਹ ਤੋਂ ਮਾਫ਼ੀ ਮੰਗਣ ਲਈ ਪ੍ਰੇਰਿਤ ਹੋਵੋ। (ਰਸੂ. 3:19, 20; 1 ਯੂਹੰ. 1:9) ਜਿੰਨਾ ਜ਼ਿਆਦਾ ਤੁਸੀਂ ਯਹੋਵਾਹ ਤੇ ਯਿਸੂ ਨੂੰ ਪਿਆਰ ਕਰੋਗੇ, ਉੱਨਾ ਜ਼ਿਆਦਾ ਤੁਸੀਂ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਨੇੜੇ ਜਾਓਗੇ।
13. ਯਹੋਵਾਹ ਨੇ ਤੁਹਾਡੇ ਲਈ ਕੀ ਪ੍ਰਬੰਧ ਕੀਤਾ ਹੈ?
13 ਯਹੋਵਾਹ ਦੇ ਪਰਿਵਾਰ ਨੂੰ ਪਿਆਰ ਕਰਨਾ ਸਿੱਖੋ। ਤੁਹਾਡੇ ਪਰਿਵਾਰ ਦੇ ਅਵਿਸ਼ਵਾਸੀ ਮੈਂਬਰ ਅਤੇ ਪੁਰਾਣੇ ਦੋਸਤ ਸ਼ਾਇਦ ਨਾ ਸਮਝਣ ਕਿ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਕਿਉਂ ਸਮਰਪਿਤ ਕਰਨੀ ਚਾਹੁੰਦੇ ਹੋ। ਉਹ ਸ਼ਾਇਦ ਤੁਹਾਡਾ ਵਿਰੋਧ ਵੀ ਕਰਨ। ਯਹੋਵਾਹ ਨੇ ਮੰਡਲੀ ਦੇ ਭੈਣਾਂ-ਭਰਾਵਾਂ ਰਾਹੀਂ ਤੁਹਾਡੇ ਲਈ ਪਰਿਵਾਰ ਦਾ ਪ੍ਰਬੰਧ ਕੀਤਾ ਹੈ। ਇਨ੍ਹਾਂ ਭੈਣਾਂ-ਭਰਾਵਾਂ ਦੇ ਨੇੜੇ ਰਹਿ ਕੇ ਤੁਹਾਨੂੰ ਲੋੜੀਂਦਾ ਪਿਆਰ ਤੇ ਸਹਾਰਾ ਮਿਲੇਗਾ। (ਮਰ. 10:29, 30; ਇਬ. 10:24, 25) ਸਮੇਂ ਦੇ ਬੀਤਣ ਨਾਲ, ਸ਼ਾਇਦ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੇ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਨ ਅਤੇ ਉਸ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਣ ਲੱਗ ਪੈਣ।—1 ਪਤ. 2:12.
14. ਪਹਿਲਾ ਯੂਹੰਨਾ 5:3 ਅਨੁਸਾਰ ਤੁਸੀਂ ਯਹੋਵਾਹ ਦੇ ਮਿਆਰਾਂ ਬਾਰੇ ਕੀ ਦੇਖਿਆ ਹੈ?
14 ਯਹੋਵਾਹ ਦੇ ਮਿਆਰਾਂ ਦੀ ਕਦਰ ਕਰਨੀ ਅਤੇ ਉਨ੍ਹਾਂ ਨੂੰ ਲਾਗੂ ਕਰਨਾ ਸਿੱਖੋ। ਯਹੋਵਾਹ ਨੂੰ ਜਾਣਨ ਤੋਂ ਪਹਿਲਾਂ ਤੁਸੀਂ ਸ਼ਾਇਦ ਆਪਣੇ ਮਿਆਰ ਬਣਾਏ ਹੋਣ, ਪਰ ਹੁਣ ਤੁਸੀਂ ਦੇਖਿਆ ਹੈ ਕਿ ਯਹੋਵਾਹ ਦੇ ਮਿਆਰ ਤੁਹਾਡੇ ਮਿਆਰਾਂ ਤੋਂ ਕਿਤੇ ਜ਼ਿਆਦਾ ਵਧੀਆ ਹਨ। (ਜ਼ਬੂ. 1:1-3; 1 ਯੂਹੰਨਾ 5:3 ਪੜ੍ਹੋ।) ਜ਼ਰਾ ਬਾਈਬਲ ਵਿਚ ਪਤੀ, ਪਤਨੀਆਂ, ਮਾਪਿਆਂ ਤੇ ਬੱਚਿਆਂ ਲਈ ਦਿੱਤੀ ਸਲਾਹ ਬਾਰੇ ਸੋਚੋ। (ਅਫ਼. 5:22–6:4) ਕੀ ਇਸ ਸਲਾਹ ਨੂੰ ਲਾਗੂ ਕਰ ਕੇ ਤੁਹਾਡੀ ਪਰਿਵਾਰਕ ਜ਼ਿੰਦਗੀ ਵਿਚ ਸੁਧਾਰ ਹੋਇਆ ਹੈ? ਕੀ ਯਹੋਵਾਹ ਦੀ ਸਲਾਹ ਮੁਤਾਬਕ ਦੋਸਤਾਂ ਦੀ ਸਮਝਦਾਰੀ ਨਾਲ ਚੋਣ ਕਰਕੇ ਤੁਹਾਡੀਆਂ ਆਦਤਾਂ ਵਿਚ ਸੁਧਾਰ ਹੋਇਆ ਹੈ? ਕੀ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਖ਼ੁਸ਼ ਹੋ? (ਕਹਾ. 13:20; 1 ਕੁਰਿੰ. 15:33) ਬਿਨਾਂ ਸ਼ੱਕ, ਇਨ੍ਹਾਂ ਸਵਾਲਾਂ ਦਾ ਜਵਾਬ ਹਾਂ ਹੀ ਹੋਵੇਗਾ।
15. ਜੇ ਤੁਹਾਨੂੰ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਨ ਵਿਚ ਮਦਦ ਦੀ ਲੋੜ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?
15 ਕਦੀ-ਕਦਾਈਂ ਤੁਹਾਨੂੰ ਸ਼ਾਇਦ ਇਹ ਜਾਣਨਾ ਔਖਾ ਲੱਗੇ ਕਿ ਤੁਸੀਂ ਬਾਈਬਲ ਦੇ ਅਸੂਲ ਕਿਵੇਂ ਲਾਗੂ ਕਰ ਸਕਦੇ ਹੋ। ਇਸੇ ਕਰਕੇ ਯਹੋਵਾਹ ਆਪਣੇ ਸੰਗਠਨ ਰਾਹੀਂ ਬਾਈਬਲ-ਆਧਾਰਿਤ ਪ੍ਰਕਾਸ਼ਨ ਦਿੰਦਾ ਹੈ ਜਿਨ੍ਹਾਂ ਰਾਹੀਂ ਤੁਸੀਂ ਸਹੀ ਤੇ ਗ਼ਲਤ ਵਿਚ ਫ਼ਰਕ ਦੇਖ ਸਕਦੇ ਹੋ। (ਇਬ. 5:13, 14) ਇਨ੍ਹਾਂ ਪ੍ਰਕਾਸ਼ਨਾਂ ਨੂੰ ਪੜ੍ਹਦਿਆਂ ਤੇ ਅਧਿਐਨ ਕਰਦਿਆਂ ਤੁਸੀਂ ਦੇਖੋਗੇ ਕਿ ਇਹ ਕਿੰਨੀ ਵਧੀਆ ਸਲਾਹ ਦਿੰਦੇ ਹਨ ਅਤੇ ਤੁਸੀਂ ਆਪਣੀ ਜ਼ਿੰਦਗੀ ਵਿਚ ਇਸ ਨੂੰ ਕਿੱਥੇ ਲਾਗੂ ਕਰ ਸਕਦੇ ਹੋ। ਨਾਲੇ ਸ਼ਾਇਦ ਤੁਸੀਂ ਯਹੋਵਾਹ ਦੇ ਸੰਗਠਨ ਦਾ ਹਿੱਸਾ ਬਣਨਾ ਚਾਹੋ।
16. ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਸੰਗਠਿਤ ਕੀਤਾ ਹੈ?
16 ਯਹੋਵਾਹ ਦੇ ਸੰਗਠਨ ਬਾਰੇ ਹੋਰ ਸਿੱਖੋ ਅਤੇ ਉਸ ਦਾ ਸਾਥ ਦਿਓ। ਯਹੋਵਾਹ ਨੇ ਮੰਡਲੀਆਂ ਵਿਚ ਆਪਣੇ ਲੋਕਾਂ ਨੂੰ ਸੰਗਠਿਤ ਕੀਤਾ ਹੈ ਅਤੇ ਉਸ ਦਾ ਪੁੱਤਰ ਯਿਸੂ ਇਨ੍ਹਾਂ ਮੰਡਲੀਆਂ ਦਾ ਸਿਰ ਹੈ। (ਅਫ਼. 1:22; 5:23) ਯਿਸੂ ਨੇ ਚੁਣੇ ਹੋਏ ਆਦਮੀਆਂ ਦੇ ਛੋਟੇ ਜਿਹੇ ਸਮੂਹ ਨੂੰ ਉਸ ਕੰਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ ਜੋ ਉਹ ਅੱਜ ਕਰਾਉਣਾ ਚਾਹੁੰਦਾ ਹੈ। ਯਿਸੂ ਨੇ ਇਨ੍ਹਾਂ ਆਦਮੀਆਂ ਦੇ ਸਮੂਹ ਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਕਿਹਾ ਅਤੇ ਇਹ ਨੌਕਰ ਪਰਮੇਸ਼ੁਰ ਦੇ ਨੇੜੇ ਜਾਣ ਅਤੇ ਉਸ ਨਾਲ ਤੁਹਾਡੇ ਰਿਸ਼ਤੇ ਦੀ ਰਾਖੀ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦਾ ਹੈ। (ਮੱਤੀ 24:45-47) ਤੁਹਾਡੀ ਰਾਖੀ ਤੇ ਅਗਵਾਈ ਕਰਨ ਲਈ ਵਫ਼ਾਦਾਰ ਨੌਕਰ ਨੇ ਕਾਬਲ ਭਰਾਵਾਂ ਨੂੰ ਬਜ਼ੁਰਗ ਨਿਯੁਕਤ ਕੀਤਾ ਹੈ। (ਯਸਾ. 32:1, 2; ਇਬ. 13:17; 1 ਪਤ. 5:2, 3) ਬਜ਼ੁਰਗ ਪੂਰੀ ਵਾਹ ਲਾ ਕੇ ਤੁਹਾਨੂੰ ਸਹਾਰਾ ਤੇ ਦਿਲਾਸਾ ਦੇਣ ਅਤੇ ਯਹੋਵਾਹ ਦੇ ਹੋਰ ਨੇੜੇ ਜਾਣ ਵਿਚ ਮਦਦ ਕਰਨ ਲਈ ਤਿਆਰ ਹਨ। ਦੂਜਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਵਿਚ ਤੁਹਾਡੀ ਮਦਦ ਕਰ ਕੇ ਵੀ ਉਹ ਆਪਣੀ ਜ਼ਿੰਮੇਵਾਰੀ ਪੂਰੀ ਕਰਦੇ ਹਨ।—ਅਫ਼. 4:11-13.
17. ਰੋਮੀਆਂ 10:10, 13, 14 ਮੁਤਾਬਕ ਅਸੀਂ ਦੂਜਿਆਂ ਨਾਲ ਯਹੋਵਾਹ ਬਾਰੇ ਕਿਉਂ ਗੱਲ ਕਰਦੇ ਹਾਂ?
17 ਯਹੋਵਾਹ ਨੂੰ ਪਿਆਰ ਕਰਨ ਵਿਚ ਦੂਜਿਆਂ ਦੀ ਮਦਦ ਕਰੋ। ਯਿਸੂ ਨੇ ਆਪਣੇ ਚੇਲਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਦਾ ਹੁਕਮ ਦਿੱਤਾ ਸੀ। (ਮੱਤੀ 28:19, 20) ਹੋ ਸਕਦਾ ਹੈ ਕਿ ਤੁਸੀਂ ਫ਼ਰਜ਼ ਸਮਝ ਕੇ ਇਸ ਹੁਕਮ ਦੀ ਪਾਲਣਾ ਕਰੋ। ਪਰ ਸਮੇਂ ਦੇ ਬੀਤਣ ਨਾਲ, ਯਹੋਵਾਹ ਲਈ ਤੁਹਾਡਾ ਪਿਆਰ ਵਧਣ ਕਰਕੇ ਤੁਸੀਂ ਵੀ ਪਤਰਸ ਅਤੇ ਯੂਹੰਨਾ ਰਸੂਲ ਵਾਂਗ ਮਹਿਸੂਸ ਕਰੋਗੇ ਜਿਨ੍ਹਾਂ ਨੇ ਕਿਹਾ ਸੀ: “ਅਸੀਂ ਜੋ ਦੇਖਿਆ ਅਤੇ ਸੁਣਿਆ ਹੈ, ਉਸ ਬਾਰੇ ਗੱਲ ਕਰਨੋਂ ਚੁੱਪ ਨਹੀਂ ਰਹਿ ਸਕਦੇ।” (ਰਸੂ. 4:20) ਜਿੰਨੀ ਖ਼ੁਸ਼ੀ ਸਾਨੂੰ ਕਿਸੇ ਵਿਅਕਤੀ ਨੂੰ ਯਹੋਵਾਹ ਬਾਰੇ ਸਿਖਾ ਕੇ ਮਿਲਦੀ ਹੈ, ਉੱਨੀ ਸ਼ਾਇਦ ਕਿਸੇ ਹੋਰ ਚੀਜ਼ ਤੋਂ ਨਾ ਮਿਲੇ। ਜ਼ਰਾ ਕਲਪਨਾ ਕਰੋ ਕਿ ਫ਼ਿਲਿੱਪੁਸ ਨੂੰ ਕਿੰਨੀ ਖ਼ੁਸ਼ੀ ਹੋਈ ਹੋਣੀ ਜਦੋਂ ਉਸ ਨੇ ਇਥੋਪੀਆ ਦੇ ਮੰਤਰੀ ਦੀ ਸੱਚਾਈ ਸਿੱਖਣ ਅਤੇ ਬਪਤਿਸਮਾ ਲੈਣ ਵਿਚ ਮਦਦ ਕੀਤੀ! ਫ਼ਿਲਿੱਪੁਸ ਦੀ ਰੀਸ ਕਰ ਕੇ ਅਤੇ ਪ੍ਰਚਾਰ ਕਰਨ ਦੇ ਯਿਸੂ ਦੇ ਹੁਕਮ ਨੂੰ ਮੰਨ ਕੇ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਯਹੋਵਾਹ ਦੇ ਗਵਾਹ ਬਣਨਾ ਚਾਹੁੰਦੇ ਹੋ। (ਰੋਮੀਆਂ 10:10, 13, 14 ਪੜ੍ਹੋ।) ਉਸ ਵੇਲੇ ਸ਼ਾਇਦ ਤੁਸੀਂ ਵੀ ਉਹੀ ਸਵਾਲ ਪੁੱਛੋਗੇ ਜੋ ਇਥੋਪੀਆ ਦੇ ਮੰਤਰੀ ਨੇ ਪੁੱਛਿਆ ਸੀ: “ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?”—ਰਸੂ. 8:36.
18. ਅਸੀਂ ਅਗਲੇ ਲੇਖ ਵਿਚ ਕਿਨ੍ਹਾਂ ਸਵਾਲਾਂ ʼਤੇ ਚਰਚਾ ਕਰਾਂਗੇ?
18 ਬਪਤਿਸਮਾ ਲੈਣ ਦਾ ਫ਼ੈਸਲਾ ਕਰ ਕੇ ਤੁਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਕਦਮ ਚੁੱਕੋਗੇ। ਇਸ ਲਈ ਤੁਹਾਨੂੰ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿ ਬਪਤਿਸਮਾ ਲੈਣ ਵਿਚ ਕੀ ਕੁਝ ਸ਼ਾਮਲ ਹੈ। ਤੁਹਾਨੂੰ ਬਪਤਿਸਮੇ ਬਾਰੇ ਕੀ ਕੁਝ ਪਤਾ ਹੋਣਾ ਚਾਹੀਦਾ ਹੈ? ਬਪਤਿਸਮੇ ਤੋਂ ਪਹਿਲਾਂ ਅਤੇ ਬਾਅਦ ਵਿਚ ਤੁਹਾਨੂੰ ਕੀ ਕਰਨ ਦੀ ਲੋੜ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।
ਗੀਤ 138 ਯਹੋਵਾਹ ਤੇਰਾ ਨਾਮ
a ਯਹੋਵਾਹ ਨੂੰ ਪਿਆਰ ਕਰਨ ਵਾਲੇ ਕੁਝ ਲੋਕਾਂ ਨੂੰ ਪੱਕਾ ਪਤਾ ਨਹੀਂ ਹੁੰਦਾ ਕਿ ਉਹ ਗਵਾਹਾਂ ਵਜੋਂ ਬਪਤਿਸਮਾ ਲੈਣ ਲਈ ਤਿਆਰ ਹਨ ਜਾਂ ਨਹੀਂ। ਜੇ ਤੁਸੀਂ ਵੀ ਇਸ ਤਰ੍ਹਾਂ ਮਹਿਸੂਸ ਕਰਦੇ ਹੋ, ਤਾਂ ਇਹ ਲੇਖ ਉਨ੍ਹਾਂ ਕੁਝ ਵਧੀਆ ਗੱਲਾਂ ʼਤੇ ਦੁਬਾਰਾ ਤੋਂ ਸੋਚ-ਵਿਚਾਰ ਕਰਨ ਵਿਚ ਤੁਹਾਡੀ ਮਦਦ ਕਰੇਗਾ ਜੋ ਤੁਹਾਨੂੰ ਬਪਤਿਸਮਾ ਲੈਣ ਲਈ ਪ੍ਰੇਰਿਤ ਕਰਨਗੀਆਂ।
b ਹਰ ਵਿਅਕਤੀ ਵੱਖਰਾ ਹੈ। ਇਸ ਲਈ ਸ਼ਾਇਦ ਕੁਝ ਜਣੇ ਇਸ ਲੇਖ ਵਿਚ ਦਿੱਤੇ ਸੁਝਾਵਾਂ ਨੂੰ ਤਰਤੀਬਵਾਰ ਲਾਗੂ ਨਾ ਕਰਨ।
c ਹੋਰ ਮਿਸਾਲਾਂ ਲਈ ਕੀ ਸ੍ਰਿਸ਼ਟੀ ਰੱਬ ਦੇ ਹੱਥਾਂ ਦਾ ਕਮਾਲ ਹੈ? (ਅੰਗ੍ਰੇਜ਼ੀ) ਅਤੇ ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ) ਨਾਂ ਦੇ ਬਰੋਸ਼ਰ ਦੇਖੋ।
d ਤਸਵੀਰ ਬਾਰੇ ਜਾਣਕਾਰੀ: ਬਾਜ਼ਾਰ ਵਿਚ ਇਕ ਭੈਣ ਇਕ ਔਰਤ ਨੂੰ ਪਰਚਾ ਦਿੰਦੀ ਹੋਈ।