ਪਾਠ 57
ਜੇ ਕੋਈ ਗੰਭੀਰ ਪਾਪ ਹੋ ਜਾਵੇ, ਤਾਂ ਕੀ ਕਰੀਏ?
ਇਹ ਸੱਚ ਹੈ ਕਿ ਅਸੀਂ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਸ ਦਾ ਦਿਲ ਨਾ ਦੁਖਾਈਏ। ਪਰ ਫਿਰ ਵੀ ਸਾਡੇ ਸਾਰਿਆਂ ਕੋਲੋਂ ਕਦੇ-ਨਾ-ਕਦੇ ਗ਼ਲਤੀਆਂ ਹੋ ਜਾਂਦੀਆਂ ਹਨ ਅਤੇ ਕੁਝ ਗ਼ਲਤੀਆਂ ਜ਼ਿਆਦਾ ਗੰਭੀਰ ਹੁੰਦੀਆਂ ਹਨ। (1 ਕੁਰਿੰਥੀਆਂ 6:9, 10) ਜੇ ਅਸੀਂ ਕੋਈ ਗੰਭੀਰ ਪਾਪ ਕਰ ਬੈਠਦੇ ਹਾਂ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਹਾਲੇ ਵੀ ਪਿਆਰ ਕਰਦਾ ਹੈ, ਉਹ ਸਾਨੂੰ ਮਾਫ਼ ਕਰਨ ਲਈ ਤਿਆਰ ਹੈ ਅਤੇ ਸਾਡੀ ਮਦਦ ਕਰਨੀ ਚਾਹੁੰਦਾ ਹੈ।
1. ਯਹੋਵਾਹ ਤੋਂ ਮਾਫ਼ੀ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ। ਇਸ ਲਈ ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਡੇ ਤੋਂ ਗੰਭੀਰ ਪਾਪ ਹੋ ਗਿਆ ਹੈ, ਤਾਂ ਅਸੀਂ ਬਹੁਤ ਦੁਖੀ ਅਤੇ ਸ਼ਰਮਿੰਦੇ ਹੁੰਦੇ ਹਾਂ। ਪਰ ਸਾਨੂੰ ਯਹੋਵਾਹ ਦੇ ਇਸ ਵਾਅਦੇ ਤੋਂ ਦਿਲਾਸਾ ਮਿਲਦਾ ਹੈ: “ਭਾਵੇਂ ਤੁਹਾਡੇ ਪਾਪ ਸੁਰਖ਼ ਲਾਲ ਹੋਣ, ਉਹ ਬਰਫ਼ ਜਿੰਨੇ ਚਿੱਟੇ ਹੋ ਜਾਣਗੇ।” (ਯਸਾਯਾਹ 1:18) ਜੇ ਅਸੀਂ ਦਿਲੋਂ ਤੋਬਾ ਕਰੀਏ, ਤਾਂ ਯਹੋਵਾਹ ਸਾਨੂੰ ਪੂਰੀ ਤਰ੍ਹਾਂ ਮਾਫ਼ ਕਰ ਦੇਵੇਗਾ। ਪਰ ਅਸੀਂ ਇਹ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਦਿਲੋਂ ਤੋਬਾ ਕੀਤੀ ਹੈ? ਅਸੀਂ ਆਪਣੇ ਪਾਪ ʼਤੇ ਪਛਤਾਵਾ ਕਰਾਂਗੇ, ਗ਼ਲਤ ਕੰਮ ਛੱਡ ਦੇਵਾਂਗੇ ਅਤੇ ਯਹੋਵਾਹ ਤੋਂ ਦਿਲੋਂ ਮਾਫ਼ੀ ਮੰਗਾਂਗੇ। ਜਿਸ ਗ਼ਲਤ ਸੋਚ ਜਾਂ ਆਦਤ ਕਰਕੇ ਅਸੀਂ ਗੰਭੀਰ ਪਾਪ ਕੀਤਾ ਸੀ, ਉਸ ਨੂੰ ਬਦਲਣ ਲਈ ਅਸੀਂ ਸਖ਼ਤ ਮਿਹਨਤ ਕਰਦੇ ਰਹਾਂਗੇ। ਇਸ ਦੇ ਨਾਲ-ਨਾਲ ਅਸੀਂ ਯਹੋਵਾਹ ਦੇ ਅਸੂਲਾਂ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗੇ।—ਯਸਾਯਾਹ 55:6, 7 ਪੜ੍ਹੋ।
2. ਗੰਭੀਰ ਪਾਪ ਹੋਣ ਤੇ ਯਹੋਵਾਹ ਬਜ਼ੁਰਗਾਂ ਜ਼ਰੀਏ ਕਿਵੇਂ ਸਾਡੀ ਮਦਦ ਕਰਦਾ ਹੈ?
ਜੇ ਸਾਡੇ ਕੋਲੋਂ ਗੰਭੀਰ ਪਾਪ ਹੋ ਜਾਵੇ, ਤਾਂ ਯਹੋਵਾਹ ਸਾਨੂੰ ਕਹਿੰਦਾ ਹੈ ਕਿ ਅਸੀਂ ‘ਮੰਡਲੀ ਦੇ ਬਜ਼ੁਰਗਾਂ ਨੂੰ ਬੁਲਾਈਏ।’ (ਯਾਕੂਬ 5:14, 15 ਪੜ੍ਹੋ।) ਇਹ ਬਜ਼ੁਰਗ ਯਹੋਵਾਹ ਅਤੇ ਉਸ ਦੇ ਲੋਕਾਂ ਨਾਲ ਬਹੁਤ ਪਿਆਰ ਕਰਦੇ ਹਨ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਜੋੜਨ ਵਿਚ ਕਿਵੇਂ ਸਾਡੀ ਮਦਦ ਕਰਨੀ ਹੈ।—ਗਲਾਤੀਆਂ 6:1.
ਬਜ਼ੁਰਗ ਕਿੱਦਾਂ ਸਾਡੀ ਮਦਦ ਕਰਨਗੇ? ਦੋ ਜਾਂ ਤਿੰਨ ਬਜ਼ੁਰਗ ਸਾਨੂੰ ਮਿਲਣਗੇ ਅਤੇ ਬਾਈਬਲ ਵਿੱਚੋਂ ਸਮਝਾਉਣਗੇ ਕਿ ਅਸੀਂ ਜੋ ਕੀਤਾ, ਉਹ ਕਿਉਂ ਗ਼ਲਤ ਹੈ। ਉਹ ਸਾਨੂੰ ਕੁਝ ਸਲਾਹਾਂ ਅਤੇ ਸੁਝਾਅ ਦੇਣਗੇ ਤਾਂਕਿ ਅਸੀਂ ਆਪਣੀ ਗ਼ਲਤੀ ਨਾ ਦੁਹਰਾਈਏ। ਪਰ ਜੇ ਇਕ ਵਿਅਕਤੀ ਗੰਭੀਰ ਪਾਪ ਕਰਨ ਤੋਂ ਬਾਅਦ ਵੀ ਤੋਬਾ ਨਹੀਂ ਕਰਦਾ, ਤਾਂ ਬਜ਼ੁਰਗ ਉਸ ਨੂੰ ਮੰਡਲੀ ਵਿੱਚੋਂ ਕੱਢ ਦੇਣਗੇ ਤਾਂਕਿ ਮੰਡਲੀ ਦੇ ਬਾਕੀ ਭੈਣਾਂ-ਭਰਾਵਾਂ ਉੱਤੇ ਬੁਰਾ ਅਸਰ ਨਾ ਪਵੇ।
ਹੋਰ ਸਿੱਖੋ
ਆਓ ਜਾਣੀਏ ਕਿ ਜੇ ਸਾਡੇ ਕੋਲੋਂ ਕੋਈ ਗੰਭੀਰ ਪਾਪ ਹੋ ਜਾਂਦਾ ਹੈ, ਤਾਂ ਯਹੋਵਾਹ ਕਿੱਦਾਂ ਸਾਡੀ ਮਦਦ ਕਰਦਾ ਹੈ ਅਤੇ ਅਸੀਂ ਉਸ ਦੀ ਮਦਦ ਲਈ ਕਿੱਦਾਂ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ।
3. ਪਾਪ ਕਬੂਲ ਕਰਨ ਨਾਲ ਰਾਹਤ ਮਿਲਦੀ ਹੈ
ਗੰਭੀਰ ਪਾਪ ਕਰ ਕੇ ਅਸੀਂ ਯਹੋਵਾਹ ਦਾ ਦਿਲ ਦੁਖੀ ਕਰਦੇ ਹਾਂ। ਇਸ ਲਈ ਸਾਨੂੰ ਉਸ ਅੱਗੇ ਆਪਣੇ ਪਾਪ ਕਬੂਲ ਕਰਨੇ ਚਾਹੀਦੇ ਹਨ। ਜ਼ਬੂਰ 32:1-5 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਆਪਣੇ ਪਾਪ ਲੁਕਾਉਣ ਦੀ ਬਜਾਇ ਯਹੋਵਾਹ ਸਾਮ੍ਹਣੇ ਇਨ੍ਹਾਂ ਨੂੰ ਕਬੂਲ ਕਰਨਾ ਕਿਉਂ ਵਧੀਆ ਗੱਲ ਹੈ?
ਯਹੋਵਾਹ ਅੱਗੇ ਆਪਣੇ ਪਾਪ ਕਬੂਲ ਕਰਨ ਤੋਂ ਇਲਾਵਾ ਬਜ਼ੁਰਗਾਂ ਦੀ ਮਦਦ ਲੈਣ ਨਾਲ ਵੀ ਸਾਡੇ ਦਿਲ ਦਾ ਬੋਝ ਹਲਕਾ ਹੋ ਜਾਵੇਗਾ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਬਜ਼ੁਰਗਾਂ ਨੇ ਭਰਾ ਕੈਨਨ ਦੀ ਯਹੋਵਾਹ ਕੋਲ ਵਾਪਸ ਆਉਣ ਵਿਚ ਕਿੱਦਾਂ ਮਦਦ ਕੀਤੀ?
ਸਾਨੂੰ ਬਜ਼ੁਰਗਾਂ ਨੂੰ ਸਾਰਾ ਕੁਝ ਸੱਚ-ਸੱਚ ਦੱਸਣਾ ਚਾਹੀਦਾ ਤੇ ਉਨ੍ਹਾਂ ਤੋਂ ਕੁਝ ਵੀ ਲੁਕਾਉਣਾ ਨਹੀਂ ਚਾਹੀਦਾ ਕਿਉਂਕਿ ਬਜ਼ੁਰਗ ਸਾਡੀ ਮਦਦ ਲਈ ਹੀ ਹਨ। ਯਾਕੂਬ 5:16 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਜਦੋਂ ਅਸੀਂ ਬਜ਼ੁਰਗਾਂ ਨੂੰ ਸਾਰਾ ਕੁਝ ਸੱਚ-ਸੱਚ ਦੱਸਦੇ ਹਾਂ, ਤਾਂ ਉਨ੍ਹਾਂ ਲਈ ਸਾਡੀ ਮਦਦ ਕਰਨੀ ਸੌਖੀ ਕਿੱਦਾਂ ਹੋ ਜਾਂਦੀ ਹੈ?
4. ਯਹੋਵਾਹ ਪਾਪੀਆਂ ʼਤੇ ਦਇਆ ਕਰਦਾ ਹੈ
ਜੇ ਇਕ ਵਿਅਕਤੀ ਗੰਭੀਰ ਪਾਪ ਕਰਦਾ ਹੈ ਅਤੇ ਯਹੋਵਾਹ ਦੇ ਅਸੂਲਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ, ਤਾਂ ਉਸ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਅਸੀਂ ਅਜਿਹੇ ਵਿਅਕਤੀ ਨਾਲ ਕੋਈ ਮੇਲ-ਜੋਲ ਨਹੀਂ ਰੱਖਦੇ। 1 ਕੁਰਿੰਥੀਆਂ 5:6, 11 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਥੋੜ੍ਹਾ ਜਿਹਾ ਖਮੀਰ ਆਟੇ ਦੀ ਪੂਰੀ ਤੌਣ ਨੂੰ ਖਮੀਰਾ ਕਰ ਦਿੰਦਾ ਹੈ। ਉਸੇ ਤਰ੍ਹਾਂ ਜੇ ਅਸੀਂ ਅਜਿਹੇ ਵਿਅਕਤੀ ਨਾਲ ਮੇਲ-ਜੋਲ ਰੱਖਾਂਗੇ ਜਿਸ ਨੂੰ ਆਪਣੇ ਪਾਪ ਦਾ ਕੋਈ ਪਛਤਾਵਾ ਨਹੀਂ, ਤਾਂ ਮੰਡਲੀ ʼਤੇ ਕੀ ਅਸਰ ਪੈ ਸਕਦਾ ਹੈ?
ਨਾਮੁਕੰਮਲ ਪਾਪੀਆਂ ʼਤੇ ਯਹੋਵਾਹ ਵਾਂਗ ਦਇਆ ਕਰਨ ਲਈ ਬਜ਼ੁਰਗ ਉਨ੍ਹਾਂ ਲੋਕਾਂ ਦਾ ਪਤਾ ਲਾਉਂਦੇ ਹਨ ਤੇ ਉਨ੍ਹਾਂ ਦੀ ਮਦਦ ਕਰਦੇ ਹਨ ਜਿਨ੍ਹਾਂ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਹੈ। ਬਹੁਤ ਸਾਰੇ ਲੋਕ ਮੰਡਲੀ ਵਿਚ ਵਾਪਸ ਆ ਗਏ। ਭਾਵੇਂ ਕਿ ਮੰਡਲੀ ਵਿੱਚੋਂ ਕੱਢੇ ਜਾਣ ਕਰਕੇ ਉਹ ਬਹੁਤ ਦੁਖੀ ਹੋਏ ਸਨ, ਪਰ ਇਸੇ ਇੰਤਜ਼ਾਮ ਕਰਕੇ ਉਨ੍ਹਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਉਹ ਮੰਡਲੀ ਵਿਚ ਵਾਪਸ ਆ ਗਏ।—ਜ਼ਬੂਰ 141:5.
ਯਹੋਵਾਹ ਜਿਸ ਤਰ੍ਹਾਂ ਪਾਪੀਆਂ ਨਾਲ ਪੇਸ਼ ਆਉਂਦਾ ਹੈ, ਉਸ ਤੋਂ ਉਸ ਦਾ ਨਿਆਂ, ਦਇਆ ਤੇ ਪਿਆਰ ਕਿਵੇਂ ਜ਼ਾਹਰ ਹੁੰਦਾ ਹੈ?
5. ਤੋਬਾ ਕਰਨ ਤੇ ਯਹੋਵਾਹ ਸਾਨੂੰ ਮਾਫ਼ ਕਰਦਾ ਹੈ
ਜਦੋਂ ਇਕ ਵਿਅਕਤੀ ਤੋਬਾ ਕਰਦਾ ਹੈ, ਤਾਂ ਯਹੋਵਾਹ ਅਤੇ ਯਿਸੂ ਨੂੰ ਕਿੱਦਾਂ ਲੱਗਦਾ ਹੈ? ਇਸ ਗੱਲ ਨੂੰ ਸਮਝਣ ਲਈ ਯਿਸੂ ਦੀ ਇਕ ਮਿਸਾਲ ʼਤੇ ਧਿਆਨ ਦਿਓ। ਲੂਕਾ 15:1-7 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਇਸ ਮਿਸਾਲ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਹਿਜ਼ਕੀਏਲ 33:11 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਤੋਬਾ ਕਰਨ ਲਈ ਇਕ ਵਿਅਕਤੀ ਨੂੰ ਕਿਹੜਾ ਜ਼ਰੂਰੀ ਕਦਮ ਚੁੱਕਣਾ ਚਾਹੀਦਾ ਹੈ?
ਕੁਝ ਲੋਕਾਂ ਦਾ ਕਹਿਣਾ ਹੈ: “ਜੇ ਮੈਂ ਬਜ਼ੁਰਗਾਂ ਨੂੰ ਦੱਸਿਆ ਕਿ ਮੈਂ ਪਾਪ ਕੀਤਾ, ਤਾਂ ਉਨ੍ਹਾਂ ਨੇ ਮੈਨੂੰ ਮੰਡਲੀ ਵਿੱਚੋਂ ਕੱਢ ਦੇਣਾ।”
ਜਿਹੜਾ ਵਿਅਕਤੀ ਇੱਦਾਂ ਸੋਚਦਾ ਹੈ, ਉਸ ਨੂੰ ਤੁਸੀਂ ਕੀ ਕਹੋਗੇ?
ਹੁਣ ਤਕ ਅਸੀਂ ਸਿੱਖਿਆ
ਭਾਵੇਂ ਸਾਡੇ ਕੋਲੋਂ ਗੰਭੀਰ ਪਾਪ ਹੋ ਜਾਂਦਾ ਹੈ, ਪਰ ਜੇ ਅਸੀਂ ਆਪਣੀ ਗ਼ਲਤੀ ਦਾ ਦਿਲੋਂ ਪਛਤਾਵਾ ਕਰਦੇ ਹਾਂ ਅਤੇ ਠਾਣ ਲੈਂਦੇ ਹਾਂ ਕਿ ਅਸੀਂ ਉਹ ਗ਼ਲਤੀ ਦੁਬਾਰਾ ਨਹੀਂ ਕਰਾਂਗੇ, ਤਾਂ ਯਹੋਵਾਹ ਸਾਨੂੰ ਮਾਫ਼ ਕਰ ਦੇਵੇਗਾ।
ਤੁਸੀਂ ਕੀ ਕਹੋਗੇ?
ਯਹੋਵਾਹ ਅੱਗੇ ਆਪਣੇ ਪਾਪ ਕਬੂਲ ਕਰਨੇ ਵਧੀਆ ਗੱਲ ਕਿਉਂ ਹੈ?
ਯਹੋਵਾਹ ਤੋਂ ਆਪਣੇ ਪਾਪਾਂ ਦੀ ਮਾਫ਼ੀ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
ਜਦੋਂ ਸਾਡੇ ਕੋਲੋਂ ਗੰਭੀਰ ਪਾਪ ਹੋ ਜਾਂਦਾ ਹੈ, ਤਾਂ ਸਾਨੂੰ ਬਜ਼ੁਰਗਾਂ ਦੀ ਮਦਦ ਕਿਉਂ ਲੈਣੀ ਚਾਹੀਦੀ ਹੈ?
ਇਹ ਵੀ ਦੇਖੋ
ਇਕ ਆਦਮੀ ਨੇ ਕਿੱਦਾਂ ਯਹੋਵਾਹ ਦੀ ਦਇਆ ਮਹਿਸੂਸ ਕੀਤੀ ਜਿਸ ਬਾਰੇ ਯਸਾਯਾਹ 1:18 ਵਿਚ ਦੱਸਿਆ ਗਿਆ ਹੈ? ਵੀਡੀਓ ਦੇਖੋ।
ਬਜ਼ੁਰਗ ਗੰਭੀਰ ਪਾਪ ਕਰਨ ਵਾਲਿਆਂ ਦੀ ਮਦਦ ਕਿਵੇਂ ਕਰਦੇ ਹਨ?
“ਪਾਪੀਆਂ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਓ” (ਪਹਿਰਾਬੁਰਜ, ਅਗਸਤ 2024)
ਗੌਰ ਕਰੋ ਕਿ ਤੋਬਾ ਨਾ ਕਰਨ ਵਾਲੇ ਪਾਪੀਆਂ ਨਾਲ ਕਿਵੇਂ ਪਿਆਰ ਅਤੇ ਦਇਆ ਨਾਲ ਪੇਸ਼ ਆਇਆ ਜਾਂਦਾ ਹੈ।
“ਉਨ੍ਹਾਂ ਦੀ ਮਦਦ ਕਰੋ ਜਿਨ੍ਹਾਂ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਹੈ” (ਪਹਿਰਾਬੁਰਜ, ਅਗਸਤ 2024)
“ਮੈਨੂੰ ਯਹੋਵਾਹ ਕੋਲ ਮੁੜਨ ਦੀ ਲੋੜ ਸੀ।” ਇਸ ਕਹਾਣੀ ਵਿਚ ਦੱਸਿਆ ਹੈ ਕਿ ਕਿੱਦਾਂ ਇਕ ਆਦਮੀ ਯਹੋਵਾਹ ਤੋਂ ਦੂਰ ਚਲਾ ਗਿਆ ਸੀ, ਪਰ ਬਾਅਦ ਵਿਚ ਮੁੜ ਆਇਆ। ਉਸ ਨੂੰ ਕਿਉਂ ਲੱਗਾ ਕਿ ਯਹੋਵਾਹ ਨੇ ਉਸ ਨੂੰ ਦੁਬਾਰਾ ਆਪਣੇ ਵੱਲ ਖਿੱਚਿਆ ਹੈ?