ਉਨ੍ਹਾਂ ਨੇ ਮਸੀਹਾ ਦੀ ਉਡੀਕ ਕੀਤੀ
“ਲੋਕ ਉਡੀਕਦੇ ਸਨ ਅਤੇ ਸੱਭੋ ਆਪਣੇ ਮਨ ਵਿੱਚ ਯੂਹੰਨਾ ਦੇ ਵਿਖੇ ਵਿਚਾਰ ਕਰਦੇ ਸਨ ਭਈ ਕਿਤੇ ਇਹੋ ਮਸੀਹ ਨਾ ਹੋਵੇ?”—ਲੂਕਾ 3:15.
1. ਦੂਤ ਚਰਵਾਹਿਆਂ ਨੂੰ ਕਿਹੜੀ ਖ਼ੁਸ਼ ਖ਼ਬਰੀ ਸੁਣਾਉਂਦਾ ਹੈ?
ਰਾਤ ਦਾ ਵੇਲਾ ਹੈ ਅਤੇ ਚਰਵਾਹੇ ਖੇਤਾਂ ਵਿਚ ਭੇਡਾਂ ਦੀ ਦੇਖ-ਭਾਲ ਕਰ ਰਹੇ ਹਨ। ਅਚਾਨਕ ਯਹੋਵਾਹ ਦਾ ਦੂਤ ਉਨ੍ਹਾਂ ਕੋਲ ਆ ਖੜ੍ਹਦਾ ਹੈ ਅਤੇ ਉਨ੍ਹਾਂ ਸਾਰਿਆਂ ਦੇ ਆਲੇ-ਦੁਆਲੇ ਚਾਨਣ ਹੋ ਜਾਂਦਾ ਹੈ! ਉਹ ਡਰ ਜਾਂਦੇ ਹਨ, ਪਰ ਦੂਤ ਉਨ੍ਹਾਂ ਨੂੰ ਇਹ ਖ਼ੁਸ਼ ਖ਼ਬਰੀ ਸੁਣਾਉਂਦਾ ਹੈ: “ਨਾ ਡਰੋ ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪਰਜਾ ਦੇ ਲਈ ਹੋਵੇਗੀ। ਭਈ ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ, ਜਿਹੜਾ ਮਸੀਹ ਪ੍ਰਭੁ ਹੈ।” ਦੂਤ ਜਿਸ ਬੱਚੇ ਦੀ ਗੱਲ ਕਰ ਰਿਹਾ ਸੀ, ਅਸਲ ਵਿਚ ਉਸ ਨੇ ਮਸੀਹਾ ਹੋਣਾ ਸੀ। ਦੂਤ ਚਰਵਾਹਿਆਂ ਨੂੰ ਕਹਿੰਦਾ ਹੈ ਕਿ ਉਹ ਲਾਗਲੇ ਕਸਬੇ ਵਿਚ ਇਸ ਬੱਚੇ ਨੂੰ ਖੁਰਲੀ ਵਿਚ ਪਿਆ ਦੇਖਣਗੇ। ਫਿਰ ਅਚਾਨਕ ਉੱਥੇ ਬਹੁਤ ਸਾਰੇ ਹੋਰ ਦੂਤ ਪ੍ਰਗਟ ਹੋ ਜਾਂਦੇ ਹਨ। ਉਹ ਯਹੋਵਾਹ ਦੀ ਵਡਿਆਈ ਕਰਦੇ ਹੋਏ ਕਹਿੰਦੇ ਹਨ: “ਪਰਮਧਾਮ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਉੱਤੇ ਸ਼ਾਂਤੀ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਪਰਸਿੰਨ ਹੈ।”—ਲੂਕਾ 2:8-14.
2. “ਮਸੀਹਾ” ਦਾ ਕੀ ਮਤਲਬ ਹੈ ਅਤੇ ਲੋਕ ਕਿਵੇਂ ਜਾਣ ਸਕਦੇ ਸਨ ਕਿ ਅਸਲ ਵਿਚ ਮਸੀਹਾ ਕੌਣ ਸੀ?
2 ਉਹ ਯਹੂਦੀ ਚਰਵਾਹੇ ਜਾਣਦੇ ਸਨ ਕਿ ਇਬਰਾਨੀ ਭਾਸ਼ਾ ਵਿਚ “ਮਸੀਹਾ” ਜਾਂ “ਮਸੀਹ” ਦਾ ਮਤਲਬ ਹੈ “ਚੁਣਿਆ ਹੋਇਆ।” (ਕੂਚ 29:5-7) ਇਸ ਲਈ ਇਹ ਚਰਵਾਹੇ ਆਪ ਕਿਵੇਂ ਜਾਣ ਸਕਦੇ ਸਨ ਅਤੇ ਦੂਸਰਿਆਂ ਨੂੰ ਯਕੀਨ ਦਿਵਾ ਸਕਦੇ ਸਨ ਕਿ ਯਹੋਵਾਹ ਨੇ ਇਸ ਬੱਚੇ ਨੂੰ ਮਸੀਹਾ ਵਜੋਂ ਚੁਣਿਆ ਸੀ? ਪਹਿਲਾਂ ਤਾਂ ਉਨ੍ਹਾਂ ਨੂੰ ਸ਼ਾਸਤਰਾਂ ਵਿੱਚੋਂ ਮਸੀਹਾ ਬਾਰੇ ਭਵਿੱਖਬਾਣੀਆਂ ਦਾ ਅਧਿਐਨ ਕਰਨ ਤੇ ਫਿਰ ਉਨ੍ਹਾਂ ਨੂੰ ਦੇਖਣ ਦੀ ਲੋੜ ਸੀ ਕਿ ਇਹ ਭਵਿੱਖਬਾਣੀਆਂ ਇਸ ਬੱਚੇ ਦੀ ਜ਼ਿੰਦਗੀ ਦੌਰਾਨ ਪੂਰੀਆਂ ਹੋਣਗੀਆਂ ਜਾਂ ਨਹੀਂ।
ਲੋਕ ਮਸੀਹਾ ਦੀ ਉਡੀਕ ਕਿਉਂ ਕਰ ਰਹੇ ਸਨ?
3, 4. ਦਾਨੀਏਲ 9:24, 25 ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ?
3 ਕਈ ਸਾਲਾਂ ਬਾਅਦ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਸ ਨੇ ਜੋ ਕਿਹਾ ਤੇ ਕੀਤਾ, ਉਸ ਕਾਰਨ ਕੁਝ ਲੋਕ ਸੋਚਣ ਲੱਗ ਪਏ ਕਿ ਸ਼ਾਇਦ ਉਹੀ ਮਸੀਹਾ ਸੀ। (ਲੂਕਾ 3:15 ਪੜ੍ਹੋ।) ਬਾਈਬਲ ਵਿਚ 70 ਹਫ਼ਤਿਆਂ ਬਾਰੇ ਇਕ ਭਵਿੱਖਬਾਣੀ ਹੈ ਅਤੇ ਇਸ ਦੀ ਮਦਦ ਨਾਲ ਲੋਕਾਂ ਨੂੰ ਪਤਾ ਲੱਗਾ ਕਿ ਮਸੀਹਾ ਕਦੋਂ ਆਵੇਗਾ। ਭਵਿੱਖਬਾਣੀ ਕਹਿੰਦੀ ਹੈ: ‘ਸੱਤਰ ਸਾਤੇ ਤੇਰੇ ਲੋਕਾਂ ਲਈ ਠਹਿਰਾਏ ਗਏ ਹਨ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿੱਕਲੇਗੀ ਮਸੀਹ ਰਾਜ ਪੁੱਤ੍ਰ ਤੀਕਰ ਸੱਤ ਸਾਤੇ ਹੋਣਗੇ ਅਤੇ ਬਾਹਠ ਸਾਤੇ।’ (ਦਾਨੀ. 9:24, 25) ਬਾਈਬਲ ਵਿਦਵਾਨ ਮੰਨਦੇ ਹਨ ਕਿ ਇਹ ਦਿਨਾਂ ਦੇ ਹਫ਼ਤੇ ਨਹੀਂ, ਸਗੋਂ ਸਾਲਾਂ ਦੇ ਹਫ਼ਤੇ ਹਨ। ਸੋ ਹਰ ਹਫ਼ਤਾ ਸੱਤ ਸਾਲਾਂ ਜਿੰਨਾ ਲੰਬਾ ਹੈ। ਦਾਨੀਏਲ 9:24 ਬਾਰੇ ਰਿਵਾਈਜ਼ਡ ਸਟੈਂਡਰਡ ਵਰਯਨ ਕਹਿੰਦਾ ਹੈ: “ਸਾਲਾਂ ਵਾਲੇ ਸੱਤਰ ਹਫ਼ਤਿਆਂ ਦੀ ਆਗਿਆ।”
4 ਅੱਜ ਯਹੋਵਾਹ ਦੇ ਲੋਕ ਸਮਝਦੇ ਹਨ ਕਿ ਦਾਨੀਏਲ 9:25 ਵਿਚ ਦੱਸੇ 69 ਹਫ਼ਤੇ 483 ਸਾਲਾਂ ਦੇ ਬਰਾਬਰ ਹਨ ਅਤੇ ਇਹ 455 ਈਸਵੀ ਪੂਰਵ ਵਿਚ ਸ਼ੁਰੂ ਹੋਏ ਸਨ ਜਦੋਂ ਫ਼ਾਰਸੀ ਰਾਜੇ ਅਰਤਹਸ਼ਸ਼ਤਾ ਨੇ ਨਹਮਯਾਹ ਨੂੰ ਯਰੂਸ਼ਲਮ ਦੀ ਮੁਰੰਮਤ ਅਤੇ ਦੁਬਾਰਾ ਉਸਾਰੀ ਕਰਨ ਲਈ ਕਿਹਾ ਸੀ। (ਨਹ. 2:1-8) ਇਹ 483 ਸਾਲ 29 ਈਸਵੀ ਵਿਚ ਖ਼ਤਮ ਹੋਏ ਸਨ ਜਦੋਂ ਯਿਸੂ ਨੇ ਬਪਤਿਸਮਾ ਲਿਆ ਸੀ। ਉਸ ਸਮੇਂ ਯਹੋਵਾਹ ਨੇ ਉਸ ਨੂੰ ਪਵਿੱਤਰ ਸ਼ਕਤੀ ਨਾਲ ਮਸਹ ਕੀਤਾ ਤੇ ਉਹ ਮਸੀਹਾ ਬਣ ਗਿਆ।—ਮੱਤੀ 3:13-17.a
5. ਅਸੀਂ ਕਿਹੜੀਆਂ ਭਵਿੱਖਬਾਣੀਆਂ ਉੱਤੇ ਗੌਰ ਕਰਾਂਗੇ?
5 ਬਾਈਬਲ ਵਿਚ ਮਸੀਹਾ ਬਾਰੇ ਹੋਰ ਵੀ ਕਈ ਭਵਿੱਖਬਾਣੀਆਂ ਦਰਜ ਹਨ। ਇਸ ਲੇਖ ਵਿਚ ਅਸੀਂ ਇਨ੍ਹਾਂ ਵਿੱਚੋਂ ਕੁਝ ਉੱਤੇ ਗੌਰ ਕਰਾਂਗੇ। ਇਹ ਭਵਿੱਖਬਾਣੀਆਂ ਉਸ ਦੇ ਜਨਮ, ਬਚਪਨ, ਅਤੇ ਪ੍ਰਚਾਰ ਬਾਰੇ ਹਨ। ਇਨ੍ਹਾਂ ਗੱਲਾਂ ʼਤੇ ਗੌਰ ਕਰ ਕੇ ਸਾਡਾ ਬਾਈਬਲ ਵਿਚ ਵਿਸ਼ਵਾਸ ਹੋਰ ਵੀ ਪੱਕਾ ਹੋਵੇਗਾ ਅਤੇ ਇਹ ਵੀ ਸਾਬਤ ਹੋਵੇਗਾ ਕਿ ਯਿਸੂ ਹੀ ਮਸੀਹਾ ਸੀ ਜਿਸ ਦੀ ਲੋਕ ਉਡੀਕ ਕਰ ਰਹੇ ਸਨ।
ਉਸ ਦੇ ਮੁਢਲੇ ਜੀਵਨ ਬਾਰੇ ਭਵਿੱਖਬਾਣੀਆਂ
6. ਉਤਪਤ 49:10 ਵਿਚ ਦੱਸੀ ਭਵਿੱਖਬਾਣੀ ਕਿਵੇਂ ਪੂਰੀ ਹੋਈ?
6 ਮਸੀਹਾ ਇਸਰਾਏਲ ਦੇ ਯਹੂਦਾਹ ਦੇ ਗੋਤ ਵਿੱਚੋਂ ਆਵੇਗਾ। ਯਾਕੂਬ ਨੇ ਮਰਨ ਤੋਂ ਥੋੜ੍ਹੀ ਦੇਰ ਪਹਿਲਾਂ ਆਪਣੇ ਪੁੱਤਰਾਂ ਨੂੰ ਅਸੀਸ ਦਿੱਤੀ ਅਤੇ ਯਹੂਦਾਹ ਨੂੰ ਕਿਹਾ: “ਯਹੂਦਾਹ ਤੋਂ ਰਾਜ ਡੰਡਾ ਚਲਿਆ ਨਾ ਜਾਵੇਗਾ ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ ਜਦ ਤੀਕ ਸ਼ਾਂਤੀ ਦਾਤਾ ਨਾ ਆਵੇ। ਅਤੇ ਲੋਕਾਂ ਦੀ ਆਗਿਆਕਾਰੀ ਉਸੇ ਦੀ ਹੋਵੇਗੀ।” (ਉਤ. 49:10) ਯਹੂਦੀ ਵਿਦਵਾਨਾਂ ਦਾ ਹਮੇਸ਼ਾ ਮੰਨਣਾ ਸੀ ਕਿ ਯਹੂਦਾਹ ਨੂੰ ਕਹੇ ਯਾਕੂਬ ਦੇ ਸ਼ਬਦ ਮਸੀਹਾ ਬਾਰੇ ਸਨ। ਪਰ ਯਾਕੂਬ ਦੇ ਸ਼ਬਦਾਂ ਦਾ ਕੀ ਮਤਲਬ ਹੈ? ਇਹ ਭਵਿੱਖਬਾਣੀ ਦਿਖਾਉਂਦੀ ਹੈ ਕਿ ਰਾਜ ਕਰਨ ਦਾ ਹੱਕ ਰੱਖਣ ਵਾਲੇ ਰਾਜੇ ਨੇ ਯਹੂਦਾਹ ਦੇ ਗੋਤ ਵਿੱਚੋਂ ਆਉਣਾ ਸੀ। ਯਹੂਦਾਹ ਦੇ ਗੋਤ ਵਿੱਚੋਂ ਪਹਿਲਾ ਰਾਜਾ ਦਾਊਦ ਤੇ ਆਖ਼ਰੀ ਰਾਜਾ ਸਿਦਕੀਯਾਹ ਸੀ। ਪਰ ਯਾਕੂਬ ਦੀ ਭਵਿੱਖਬਾਣੀ ਵਿਚ ਸਿਦਕੀਯਾਹ ਤੋਂ ਬਾਅਦ ਆਉਣ ਵਾਲੇ ਇਕ ਹੋਰ ਰਾਜੇ ਬਾਰੇ ਦੱਸਿਆ ਗਿਆ ਸੀ। ਉਹ ਰਾਜਾ ਹਮੇਸ਼ਾ ਲਈ ਰਾਜ ਕਰੇਗਾ। ਉਸ ਨੂੰ ਸ਼ੀਲੋਹ ਕਿਹਾ ਗਿਆ ਹੈ ਜਿਸ ਦਾ ਮਤਲਬ ਹੈ “ਉਹ ਜਿਸ ਦੀ ਸੰਪਤੀ ਹੈ।” ਪਰਮੇਸ਼ੁਰ ਨੇ ਸਿਦਕੀਯਾਹ ਨੂੰ ਕਿਹਾ ਕਿ ਇਸ ਰਾਜੇ ਕੋਲ ਰਾਜ ਕਰਨ ਦਾ ਹੱਕ ਹੈ। (ਹਿਜ਼. 21:26, 27) ਯਿਸੂ ਦੇ ਜਨਮ ਤੋਂ ਪਹਿਲਾਂ ਜਿਬਰਾਏਲ ਦੂਤ ਨੇ ਮਰਿਯਮ ਨੂੰ ਕਿਹਾ: “[ਯਹੋਵਾਹ] ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ। ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ, ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।” (ਲੂਕਾ 1:32, 33) ਯਿਸੂ ਯਹੂਦਾਹ ਦੇ ਗੋਤ ਅਤੇ ਦਾਊਦ ਦੇ ਘਰਾਣੇ ਵਿੱਚੋਂ ਸੀ। ਇਸ ਲਈ ਸ਼ੀਲੋਹ ਯਿਸੂ ਮਸੀਹ ਨੇ ਹੀ ਹੋਣਾ ਸੀ ਕਿਉਂਕਿ ਸਿਰਫ਼ ਉਸੇ ਨਾਲ ਹੀ ਯਹੋਵਾਹ ਨੇ ਵਾਅਦਾ ਕੀਤਾ ਕਿ ਉਹੀ ਰਾਜਾ ਬਣੇਗਾ।—ਮੱਤੀ 1:1-3, 6; ਲੂਕਾ 3:23, 31-34.
7. ਮਸੀਹਾ ਦੇ ਜਨਮ ਬਾਰੇ ਭਵਿੱਖਬਾਣੀ ਕਿਵੇਂ ਪੂਰੀ ਹੋਈ?
7 ਮਸੀਹਾ ਦਾ ਜਨਮ ਬੈਤਲਹਮ ਵਿਚ ਹੋਵੇਗਾ। ਨਬੀ ਮੀਕਾਹ ਨੇ ਲਿਖਿਆ: “ਹੇ ਬੈਤਲਹਮ ਅਫ਼ਰਾਥਾਹ, ਤੂੰ ਜੋ ਯਹੂਦਾਹ ਦੇ ਹਜ਼ਾਰਾਂ ਵਿੱਚ ਛੋਟਾ ਹੈਂ, ਤੈਥੋਂ ਇੱਕ ਮੇਰੇ ਲਈ ਨਿੱਕਲੇਗਾ ਜੋ ਇਸਰਾਏਲ ਵਿੱਚ ਹਾਕਮ ਹੋਵੇਗਾ, ਜਿਹ ਦਾ ਨਿੱਕਲਣਾ ਪਰਾਚੀਨ ਸਮੇਂ ਤੋਂ, ਸਗੋਂ ਅਨਾਦ ਤੋਂ ਹੈ।” (ਮੀਕਾ. 5:2) ਮਸੀਹਾ ਨੇ ਯਹੂਦਾਹ ਦੇ ਨਗਰ ਬੈਤਲਹਮ ਵਿਚ ਜਨਮ ਲੈਣਾ ਸੀ ਜਿਸ ਨੂੰ ਪਹਿਲਾਂ ਅਫ਼ਰਾਥਾਹ ਵੀ ਕਿਹਾ ਜਾਂਦਾ ਸੀ। ਭਾਵੇਂ ਕਿ ਯਿਸੂ ਦੇ ਮਾਂ-ਪਿਉ ਨਾਸਰਤ ਵਿਚ ਰਹਿੰਦੇ ਸਨ, ਪਰ ਰੋਮੀ ਹਾਕਮ ਨੇ ਲੋਕਾਂ ਨੂੰ ਆਪੋ-ਆਪਣੇ ਜੱਦੀ ਨਗਰ ਵਿਚ ਜਾ ਕੇ ਨਾਂ ਦਰਜ ਕਰਵਾਉਣ ਲਈ ਕਿਹਾ। ਜਦੋਂ ਯਿਸੂ ਦੇ ਮਾਂ-ਪਿਉ ਬੈਤਲਹਮ ਆਏ, ਤਾਂ ਇਸੇ ਨਗਰ ਵਿਚ ਯਿਸੂ ਦਾ ਜਨਮ ਹੋਇਆ। (ਮੱਤੀ 2:1, 5, 6) ਸੋ ਯਿਸੂ ਦਾ ਜਨਮ ਐਨ ਭਵਿੱਖਬਾਣੀ ਮੁਤਾਬਕ ਹੋਇਆ!
8, 9. ਮਸੀਹਾ ਦੇ ਜਨਮ ਬਾਰੇ ਭਵਿੱਖਬਾਣੀ ਕੀ ਦੱਸਦੀ ਹੈ ਅਤੇ ਉਸ ਦੇ ਜਨਮ ਤੋਂ ਬਾਅਦ ਕੀ ਹੋਣਾ ਸੀ?
8 ਮਸੀਹਾ ਕੁਆਰੀ ਦੇ ਕੁੱਖੋਂ ਜਨਮ ਲਵੇਗਾ। (ਯਸਾਯਾਹ 7:14 ਪੜ੍ਹੋ।) ਇਹ ਆਇਤ ਦੱਸਦੀ ਹੈ ਕਿ ਇਕ ਕੁਆਰੀ ਇਕ ਪੁੱਤਰ ਨੂੰ ਜਨਮ ਦੇਵੇਗੀ। ਇਬਰਾਨੀ ਵਿਚ ਕੁਆਰੀ ਲਈ ਦੋ ਸ਼ਬਦ ਬਥੂਲਾਹ ਅਤੇ ਆਲਮਾ ਵਰਤੇ ਗਏ ਹਨ। ਬਾਈਬਲ ਵਿਚ ਆਲਮਾ ਸ਼ਬਦ ਰਿਬਕਾਹ ਲਈ ਉਸ ਦੇ ਵਿਆਹ ਤੋਂ ਪਹਿਲਾਂ ਵਰਤਿਆ ਗਿਆ ਸੀ। (ਉਤ. 24:16, 43) ਯਿਸੂ ਦੇ ਜਨਮ ਵੇਲੇ ਯਸਾਯਾਹ 7:14 ਦੀ ਭਵਿੱਖਬਾਣੀ ਪੂਰੀ ਹੋਈ ਜਿਸ ਬਾਰੇ ਮੱਤੀ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਲਿਖਿਆ ਸੀ। ਇਸ ਆਇਤ ਵਿਚ ਉਸ ਨੇ “ਕੁਆਰੀ” ਲਈ ਯੂਨਾਨੀ ਸ਼ਬਦ ਪਾਰਥੇਨੋਸ ਵਰਤਿਆ। ਮੱਤੀ ਅਤੇ ਲੂਕਾ ਨੇ ਵੀ ਕਿਹਾ ਕਿ ਮਰਿਯਮ ਕੁਆਰੀ ਸੀ ਅਤੇ ਉਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਰਾਹੀਂ ਗਰਭਵਤੀ ਹੋਈ ਸੀ।—ਮੱਤੀ 1:18-25; ਲੂਕਾ 1:26-35.
9 ਮਸੀਹਾ ਦੇ ਜਨਮ ਤੋਂ ਬਾਅਦ ਬੱਚੇ ਕਤਲ ਕੀਤੇ ਜਾਣਗੇ। ਮਸੀਹਾ ਦੇ ਪੈਦਾ ਹੋਣ ਤੋਂ ਸੈਂਕੜੇ ਸਾਲ ਪਹਿਲਾਂ ਵੀ ਫ਼ਿਰਊਨ ਨੇ ਲੋਕਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਸਾਰੇ ਇਬਰਾਨੀ ਮੁੰਡਿਆਂ ਨੂੰ ਨੀਲ ਦਰਿਆ ਵਿਚ ਸੁੱਟ ਦੇਣ। (ਕੂਚ 1:22) ਯਿਰਮਿਯਾਹ 31:15, 16 ਵਿਚ ਦਰਜ ਭਵਿੱਖਬਾਣੀ ਦੱਸਦੀ ਹੈ ਕਿ “ਰਾਖੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ” ਕਿਉਂਕਿ ਦੁਸ਼ਮਣ ਉਨ੍ਹਾਂ ਨੂੰ ਲੈ ਗਏ ਸਨ। ਲੋਕਾਂ ਨੇ ਯਰੂਸ਼ਲਮ ਦੇ ਉੱਤਰ ਵੱਲੋਂ ਬਿਨਯਾਮੀਨ ਦੇ ਰਾਮਾਹ ਤਕ ਉਸ ਦੇ ਰੋਣ ਦੀ ਆਵਾਜ਼ ਸੁਣੀ। ਮੱਤੀ ਦੱਸਦਾ ਹੈ ਕਿ ਇਹ ਭਵਿੱਖਬਾਣੀ ਉਦੋਂ ਪੂਰੀ ਹੋਈ ਜਦੋਂ ਰਾਜਾ ਹੇਰੋਦੇਸ ਨੇ ਬੈਤਲਹਮ ਦੇ ਸਾਰੇ ਮੁੰਡਿਆਂ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਸੀ। (ਮੱਤੀ 2:16-18 ਪੜ੍ਹੋ।) ਜ਼ਰਾ ਸੋਚੋ ਕਿ ਲੋਕਾਂ ਦੇ ਦਿਲ ʼਤੇ ਕੀ ਬੀਤੀ ਹੋਣੀ!
10. ਹੋਸ਼ੇਆ 11:1 ਵਿਚ ਦਰਜ ਭਵਿੱਖਬਾਣੀ ਕਿਵੇਂ ਪੂਰੀ ਹੋਈ?
10 ਮਸੀਹਾ ਨੂੰ ਮਿਸਰ ਤੋਂ ਬਾਹਰ ਲਿਜਾਇਆ ਜਾਵੇਗਾ। (ਹੋਸ਼ੇ. 11:1) ਯਿਸੂ ਨੂੰ ਰਾਜਾ ਹੇਰੋਦੇਸ ਤੋਂ ਬਚਾਉਣ ਲਈ ਦੂਤ ਨੇ ਯੂਸੁਫ਼ ਅਤੇ ਮਰਿਯਮ ਨੂੰ ਕਿਹਾ ਕਿ ਉਹ ਇਸਰਾਏਲ ਛੱਡ ਕੇ ਮਿਸਰ ਚਲੇ ਜਾਣ। ਉਹ ਮਿਸਰ ਵਿਚ ਤਦ ਤਕ ਰਹੇ ਜਦ ਤਕ ਹੇਰੋਦੇਸ ਦੀ ਮੌਤ ਨਹੀਂ ਹੋ ਗਈ। ਇੱਦਾਂ ਹੋਸ਼ੇਆ ਦੀ ਇਹ ਭਵਿੱਖਬਾਣੀ ਪੂਰੀ ਹੋਈ: “ਮੈਂ ਆਪਣੇ ਪੁੱਤ੍ਰ ਨੂੰ ਮਿਸਰ ਵਿੱਚੋਂ ਸੱਦਿਆ।” (ਮੱਤੀ 2:13-15) ਕੋਈ ਸ਼ੱਕ ਨਹੀਂ ਕਿ ਯਿਸੂ ਲਈ ਆਪਣੇ ਜਨਮ ਅਤੇ ਆਪਣੀ ਮੁਢਲੀ ਜ਼ਿੰਦਗੀ ਨੂੰ ਕੰਟ੍ਰੋਲ ਕਰਨਾ ਨਾਮੁਮਕਿਨ ਸੀ।
ਮਸੀਹਾ ਨੇ ਪ੍ਰਚਾਰ ਸ਼ੁਰੂ ਕੀਤਾ!
11. ਮਸੀਹਾ ਲਈ ਰਾਹ ਕਿਸ ਨੇ ਤਿਆਰ ਕੀਤਾ?
11 ਮਸੀਹਾ ਲਈ ਰਾਹ ਤਿਆਰ ਕੀਤਾ ਜਾਵੇਗਾ। ਮਲਾਕੀ ਨੇ ਭਵਿੱਖਬਾਣੀ ਕੀਤੀ ਕਿ “ਏਲੀਯਾਹ ਨਬੀ” ਮਸੀਹਾ ਲਈ ਰਾਹ ਤਿਆਰ ਕਰੇਗਾ ਤਾਂਕਿ ਲੋਕ ਆਉਣ ਵਾਲੇ ਮਸੀਹਾ ਨੂੰ ਸਵੀਕਾਰ ਕਰ ਲੈਣ। (ਮਲਾਕੀ 4:5, 6 ਪੜ੍ਹੋ।) ਖ਼ੁਦ ਯਿਸੂ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਤੁਲਨਾ “ਏਲੀਯਾਹ” ਨਬੀ ਨਾਲ ਕੀਤੀ। (ਮੱਤੀ 11:12-14) ਮਰਕੁਸ ਨੇ ਵੀ ਕਿਹਾ ਕਿ ਯਸਾਯਾਹ ਦੀ ਭਵਿੱਖਬਾਣੀ ਯੂਹੰਨਾ ਦੀ ਸੇਵਕਾਈ ਉੱਤੇ ਐਨ ਢੁਕਦੀ ਸੀ। (ਯਸਾ. 40:3; ਮਰ. 1:1-4) ਯਿਸੂ ਨੇ ਯੂਹੰਨਾ ਨੂੰ ਨਹੀਂ ਕਿਹਾ ਸੀ ਕਿ ਉਹ ਉਸ ਲਈ ਰਾਹ ਤਿਆਰ ਕਰੇ, ਸਗੋਂ ਪਰਮੇਸ਼ੁਰ ਚਾਹੁੰਦਾ ਸੀ ਕਿ ਲੋਕਾਂ ਨੂੰ ਪਤਾ ਲੱਗੇ ਕਿ ਮਸੀਹਾ ਕੌਣ ਹੈ। ਸੋ ਪਰਮੇਸ਼ੁਰ ਦੀ ਇਹ ਮਰਜ਼ੀ ਸੀ ਕਿ ਯੂਹੰਨਾ ਏਲੀਯਾਹ ਵਾਂਗ ਕੰਮ ਕਰੇ ਅਤੇ ਲੋਕਾਂ ਨੂੰ ਮਸੀਹਾ ਦਾ ਸੁਆਗਤ ਕਰਨ ਲਈ ਤਿਆਰ ਕਰ ਸਕੇ।
12. ਪਰਮੇਸ਼ੁਰ ਨੇ ਮਸੀਹਾ ਨੂੰ ਕਿਹੜਾ ਖ਼ਾਸ ਕੰਮ ਕਰਨ ਲਈ ਦਿੱਤਾ ਸੀ?
12 ਪਰਮੇਸ਼ੁਰ ਮਸੀਹਾ ਨੂੰ ਖ਼ਾਸ ਕੰਮ ਕਰਨ ਲਈ ਦੇਵੇਗਾ। ਇਕ ਦਿਨ ਯਿਸੂ ਨਾਸਰਤ ਨਗਰ ਦੇ ਸਭਾ-ਘਰ ਵਿਚ ਸੀ। ਯਿਸੂ ਨੇ ਪੋਥੀ ਖੋਲ੍ਹ ਕੇ ਯਸਾਯਾਹ ਦੇ ਸ਼ਬਦ ਪੜ੍ਹੇ। ਉਸ ਨੇ ਇਹ ਪੜ੍ਹਿਆ: ‘ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਹੈ, ਇਸ ਲਈ ਜੋ ਉਹ ਨੇ ਮੈਨੂੰ ਮਸਹ ਕੀਤਾ ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ। ਓਸ ਮੈਨੂੰ ਘੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪਰਚਾਰ ਕਰਾਂ, ਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ, ਅਤੇ ਪ੍ਰਭੁ ਦੀ ਮਨਜ਼ੂਰੀ ਦੇ ਵਰ੍ਹੇ ਦਾ ਪਰਚਾਰ ਕਰਾਂ।’ ਸੱਚ-ਮੁੱਚ ਉਹ ਆਪ ਹੀ ਮਸੀਹਾ ਸੀ। ਇਸ ਲਈ ਯਿਸੂ ਪੂਰੇ ਹੱਕ ਨਾਲ ਕਹਿ ਸਕਿਆ: “ਇਹ ਲਿਖਤ ਅੱਜ ਤੁਹਾਡੇ ਕੰਨਾਂ ਵਿੱਚ ਪੂਰੀ ਹੋਈ ਹੈ।”—ਲੂਕਾ 4:16-21.
13. ਯਸਾਯਾਹ ਨੇ ਗਲੀਲ ਵਿਚ ਯਿਸੂ ਦੇ ਪ੍ਰਚਾਰ ਬਾਰੇ ਕੀ ਕਿਹਾ ਸੀ?
13 ਭਵਿੱਖਬਾਣੀ ਦੱਸਦੀ ਹੈ ਕਿ ਮਸੀਹਾ ਗਲੀਲ ਵਿਚ ਪ੍ਰਚਾਰ ਕਰੇਗਾ। ਯਸਾਯਾਹ ਨੇ “ਜ਼ਬੁਲੂਨ” ਅਤੇ “ਨਫ਼ਤਾਲੀ” ਤੇ “ਕੌਮਾਂ ਦੇ ਗਲੀਲ” ਥਾਵਾਂ ਬਾਰੇ ਭਵਿੱਖਬਾਣੀ ਕੀਤੀ ਸੀ। ਉਸ ਨੇ ਲਿਖਿਆ: “ਜਿਹੜੇ ਲੋਕ ਅਨ੍ਹੇਰੇ ਵਿੱਚ ਚੱਲਦੇ ਸਨ, ਓਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ ਸਨ, ਓਹਨਾਂ ਉੱਤੇ ਚਾਨਣ ਚਮਕਿਆ।” (ਯਸਾ. 9:1, 2) ਯਿਸੂ ਨੇ ਗਲੀਲ ਦੇ ਨਗਰ ਕਫ਼ਰਨਾਹੂਮ ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਸ ਨੇ ਜ਼ਬੁਲੂਨ ਅਤੇ ਨਫ਼ਤਾਲੀ ਇਲਾਕਿਆਂ ਵਿਚ ਵੀ ਸਿੱਖਿਆ ਦਿੱਤੀ ਜਿੱਥੇ ਯਿਸੂ ਨੇ ਲੋਕਾਂ ਨੂੰ ਸੱਚਾਈਆਂ ਸਿੱਖਣ ਵਿਚ ਮਦਦ ਦਿੱਤੀ ਜੋ ਉਨ੍ਹਾਂ ਵਾਸਤੇ ਇਕ ਵੱਡੇ ਚਾਨਣ ਵਾਂਗ ਸਨ। (ਮੱਤੀ 4:12-16) ਯਿਸੂ ਨੇ ਗਲੀਲ ਵਿਚ ਪਹਾੜੀ ਉਪਦੇਸ਼ ਦਿੱਤਾ, ਰਸੂਲ ਚੁਣੇ, ਪਹਿਲਾ ਚਮਤਕਾਰ ਕੀਤਾ ਅਤੇ ਇੱਥੇ ਹੀ ਉਸ ਨੇ ਜੀ ਉੱਠਣ ਤੋਂ ਬਾਅਦ 500 ਤੋਂ ਜ਼ਿਆਦਾ ਚੇਲਿਆਂ ਨੂੰ ਦਰਸ਼ਣ ਦਿੱਤੇ। (ਮੱਤੀ 5:1–7:27; 28:16-20; ਮਰ. 3:13, 14; ਯੂਹੰ. 2:8-11; 1 ਕੁਰਿੰ. 15:6) ਸੋ ਯਸਾਯਾਹ ਦੀ ਭਵਿੱਖਬਾਣੀ ਪੂਰੀ ਹੋਈ ਜਦੋਂ ਯਿਸੂ ਨੇ “ਜ਼ਬੁਲੂਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ” ʼਤੇ ਪ੍ਰਚਾਰ ਕੀਤਾ। ਯਿਸੂ ਨੇ ਇਸਰਾਏਲ ਦੀਆਂ ਹੋਰਨਾਂ ਥਾਵਾਂ ਤੇ ਵੀ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ।
ਮਸੀਹਾ ਬਾਰੇ ਹੋਰ ਭਵਿੱਖਬਾਣੀਆਂ
14. ਜ਼ਬੂਰਾਂ ਦੀ ਪੋਥੀ 78:2 ਕਿਵੇਂ ਪੂਰਾ ਹੋਇਆ?
14 ਲੋਕਾਂ ਨੂੰ ਸਿਖਾਉਣ ਲਈ ਮਸੀਹਾ ਕਹਾਣੀਆਂ ਅਤੇ ਦ੍ਰਿਸ਼ਟਾਂਤ ਵਰਤੇਗਾ। ਇਕ ਜ਼ਬੂਰ ਵਿਚ ਆਸਾਫ਼ ਨੇ ਗਾਇਆ: “ਮੈਂ ਆਪਣਾ ਮੂੰਹ ਦਰਿਸ਼ਟਾਂਤਾਂ ਵਿੱਚ ਖੋਲ੍ਹਾਂਗਾ।” (ਜ਼ਬੂ. 78:2) ਸਾਨੂੰ ਕਿੱਦਾਂ ਪਤਾ ਹੈ ਕਿ ਇਹ ਭਵਿੱਖਬਾਣੀ ਪੂਰੀ ਹੋਈ ਸੀ? ਮੱਤੀ ਜਾਣਦਾ ਸੀ ਕਿ ਯਿਸੂ ਨੇ ਰਾਜ ਬਾਰੇ ਸਿਖਾਉਂਦੇ ਵੇਲੇ ਰਾਈ ਅਤੇ ਖ਼ਮੀਰ ਦੀ ਮਿਸਾਲ ਵਰਤੀ ਸੀ, ਤਾਂ ਹੀ ਉਸ ਨੇ ਲਿਖਿਆ: “ਬਿਨਾ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ। ਤਾਂ ਜਿਹੜਾ ਬਚਨ ਨਬੀ ਨੇ ਆਖਿਆ ਸੀ ਉਹ ਪੂਰਾ ਹੋਵੇ ਕਿ ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲ੍ਹਾਂਗਾ, ਮੈਂ ਉਨ੍ਹਾਂ ਗੱਲਾਂ ਨੂੰ ਉਚਾਰਾਂਗਾ ਜਿਹੜੀਆਂ ਸੰਸਾਰ ਦੇ ਮੁੱਢੋਂ ਗੁਪਤ ਰਹੀਆਂ ਹਨ।” (ਮੱਤੀ 13:31-35) ਯਿਸੂ ਦੀਆਂ ਕਹਾਣੀਆਂ ਅਤੇ ਦ੍ਰਿਸ਼ਟਾਂਤਾਂ ਨਾਲ ਕਈ ਲੋਕਾਂ ਨੂੰ ਯਹੋਵਾਹ ਬਾਰੇ ਸੱਚਾਈ ਸਮਝਣ ਵਿਚ ਮਦਦ ਮਿਲੀ।
15. ਯਸਾਯਾਹ 53:4 ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ?
15 ਮਸੀਹਾ ਲੋਕਾਂ ਨੂੰ ਠੀਕ ਕਰੇਗਾ। ਯਸਾਯਾਹ ਨੇ ਭਵਿੱਖਬਾਣੀ ਕੀਤੀ: “ਸੱਚ ਮੁੱਚ ਉਸ ਨੇ ਸਾਡੇ [ਰੋਗ] ਚੁੱਕ ਲਏ, ਅਤੇ ਸਾਡੇ ਦੁਖ ਉਠਾਏ।” (ਯਸਾ. 53:4) ਜਦੋਂ ਪਤਰਸ ਦੀ ਸੱਸ ਬੀਮਾਰ ਹੋ ਗਈ, ਤਾਂ ਯਿਸੂ ਨੇ ਉਸ ਨੂੰ ਠੀਕ ਕਰ ਦਿੱਤਾ। ਉਸ ਤੋਂ ਬਾਅਦ ਹੋਰ ਕਈ ਲੋਕ ਪਤਰਸ ਦੇ ਘਰ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਵੀ ਠੀਕ ਕਰ ਦਿੱਤਾ। ਮੱਤੀ ਨੇ ਦੱਸਿਆ ਕਿ ਇਹ ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਸੀ: “ਉਹ ਨੇ ਆਪੇ ਸਾਡੀਆਂ ਮਾਂਦਗੀਆਂ ਲੈ ਲਈਆਂ ਅਤੇ ਰੋਗਾਂ ਨੂੰ ਚੁੱਕ ਲਿਆ।” (ਮੱਤੀ 8:14-17) ਪਰ ਯਿਸੂ ਨੇ ਸਿਰਫ਼ ਇਸ ਮੌਕੇ ਤੇ ਹੀ ਨਹੀਂ, ਸਗੋਂ ਹੋਰ ਵੀ ਕਈ ਮੌਕਿਆਂ ʼਤੇ ਲੋਕਾਂ ਨੂੰ ਚੰਗਾ ਕੀਤਾ।
16. ਯੂਹੰਨਾ ਰਸੂਲ ਨੇ ਕਿਵੇਂ ਦਿਖਾਇਆ ਕਿ ਯਸਾਯਾਹ 53:1 ਦੀ ਭਵਿੱਖਬਾਣੀ ਯਿਸੂ ਉੱਤੇ ਢੁਕਦੀ ਸੀ?
16 ਚੰਗੇ ਕੰਮ ਕਰਨ ਦੇ ਬਾਵਜੂਦ ਵੀ ਲੋਕ ਯਿਸੂ ਨੂੰ ਮਸੀਹਾ ਨਹੀਂ ਮੰਨਣਗੇ। (ਯਸਾਯਾਹ 53:1 ਪੜ੍ਹੋ।) ਯੂਹੰਨਾ ਰਸੂਲ ਵੀ ਮੰਨਦਾ ਹੈ ਕਿ ਇਹ ਭਵਿੱਖਬਾਣੀ ਪੂਰੀ ਹੋਈ ਸੀ। ਉਸ ਨੇ ਲਿਖਿਆ: “ਭਾਵੇਂ ਉਸ ਨੇ ਉਨ੍ਹਾਂ ਦੇ ਸਾਹਮਣੇ ਐੱਨੇ ਨਿਸ਼ਾਨ ਵਿਖਾਏ ਸਨ ਤਾਂ ਵੀ ਉਨ੍ਹਾਂ ਉਸ ਉੱਤੇ ਨਿਹਚਾ ਨਹੀਂ ਕੀਤੀ। ਤਾਂ ਜੋ ਯਸਾਯਾਹ ਨਬੀ ਦਾ ਬਚਨ ਪੂਰਾ ਹੋਵੇ ਜਿਹੜਾ ਉਹ ਨੇ ਕਿਹਾ ਸੀ ਕਿ ਹੇ ਪ੍ਰਭੁ ਸਾਡੇ ਸਨੇਹੇ ਦੀ ਕਿਨ ਪਰਤੀਤ ਕੀਤੀ ਅਤੇ ਪ੍ਰਭੁ ਦੀ ਬਾਂਹ ਕਿਸ ਉੱਤੇ ਪਰਗਟ ਹੋਈ ਹੈ?” (ਯੂਹੰ. 12:37, 38) ਸਾਲਾਂ ਬਾਅਦ ਵੀ, ਜਦੋਂ ਪੌਲੁਸ ਰਸੂਲ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਸੀ, ਉਦੋਂ ਵੀ ਕਈਆਂ ਨੇ ਵਿਸ਼ਵਾਸ ਨਹੀਂ ਕੀਤਾ ਕਿ ਯਿਸੂ ਹੀ ਮਸੀਹਾ ਸੀ।—ਰੋਮੀ. 10:16, 17.
17. ਜ਼ਬੂਰਾਂ ਦੀ ਪੋਥੀ 69:4 ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ?
17 ਲੋਕ ਮਸੀਹਾ ਨੂੰ ਬਿਨਾਂ ਕਾਰਨ ਨਫ਼ਰਤ ਕਰਨਗੇ। (ਜ਼ਬੂ. 69:4) ਯਿਸੂ ਨੇ ਕਿਹਾ: “ਮੈਂ ਉਨ੍ਹਾਂ ਵਿੱਚ ਓਹ ਕੰਮ ਨਾ ਕਰਦਾ ਜੋ ਹੋਰ ਕਿਨੇ ਨਹੀਂ ਕੀਤੇ ਤਾਂ ਉਨ੍ਹਾਂ ਦਾ ਪਾਪ ਨਾ ਹੁੰਦਾ ਪਰ ਹੁਣ ਤਾਂ ਉਨ੍ਹਾਂ ਨੇ ਮੈਨੂੰ ਅਤੇ ਨਾਲੇ ਮੇਰੇ ਪਿਤਾ ਨੂੰ ਵੇਖਿਆ ਅਤੇ ਸਾਡੇ ਨਾਲ ਵੈਰ ਵੀ ਕੀਤਾ ਹੈ। ਪਰ ਇਹ ਇਸ ਲਈ ਹੋਇਆ ਕਿ ਉਹ ਬਚਨ ਪੂਰਾ ਹੋਵੇ ਜਿਹੜਾ ਉਨ੍ਹਾਂ ਦੀ ਸ਼ਰਾ ਵਿੱਚ ਲਿਖਿਆ ਹੋਇਆ ਹੈ ਭਈ ਉਨ੍ਹਾਂ ਧਿਗਾਨੇ ਮੇਰੇ ਨਾਲ ਵੈਰ ਕੀਤਾ।” (ਯੂਹੰ. 15:24, 25) “ਸ਼ਰਾ” ਦਾ ਮਤਲਬ ਹੈ ਉਸ ਸਮੇਂ ਦਾ ਸਾਰਾ ਸ਼ਾਸਤਰ। (ਯੂਹੰ. 10:34; 12:34) ਇੰਜੀਲਾਂ ਵਿਚ ਅਸੀਂ ਯਿਸੂ ਬਾਰੇ ਜੋ ਪੜ੍ਹਦੇ ਹਾਂ, ਉਸ ਤੋਂ ਸਾਬਤ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਯਿਸੂ ਨਾਲ ਨਫ਼ਰਤ ਕਰਦੇ ਸਨ, ਖ਼ਾਸਕਰ ਯਹੂਦੀ ਧਾਰਮਿਕ ਆਗੂ। ਯਿਸੂ ਨੇ ਇਹ ਵੀ ਕਿਹਾ: “ਜਗਤ ਤੁਹਾਡੇ ਨਾਲ ਵੈਰ ਨਹੀਂ ਕਰ ਸੱਕਦਾ ਪਰ ਮੇਰੇ ਨਾਲ ਵੈਰ ਕਰਦਾ ਹੈ ਕਿਉਂ ਜੋ ਮੈਂ ਉਸ ਉੱਤੇ ਸਾਖੀ ਦਿੰਦਾ ਹਾਂ ਭਈ ਉਹ ਦੇ ਕੰਮ ਬੁਰੇ ਹਨ।”—ਯੂਹੰ. 7:7.
18. ਅਸੀਂ ਅਗਲੇ ਲੇਖ ਵਿਚ ਕੀ ਸਿੱਖਾਂਗੇ?
18 ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਨੂੰ ਪੱਕਾ ਯਕੀਨ ਸੀ ਕਿ ਯਿਸੂ ਹੀ ਮਸੀਹਾ ਸੀ। ਉਹ ਜਾਣਦੇ ਸਨ ਕਿ ਮਸੀਹਾ ਬਾਰੇ ਇਬਰਾਨੀ ਸ਼ਾਸਤਰਾਂ ਵਿਚ ਭਵਿੱਖਬਾਣੀਆਂ ਯਿਸੂ ਨੇ ਪੂਰੀਆਂ ਕੀਤੀਆਂ ਸਨ। (ਮੱਤੀ 16:16) ਇਸ ਲੇਖ ਤੋਂ ਅਸੀਂ ਸਿੱਖਿਆ ਹੈ ਕਿ ਯਿਸੂ ਦੇ ਮੁਢਲੇ ਜੀਵਨ ਅਤੇ ਪ੍ਰਚਾਰ ਬਾਰੇ ਭਵਿੱਖਬਾਣੀਆਂ ਪੂਰੀਆਂ ਹੋਈਆਂ ਸਨ। ਪਰ ਬਾਈਬਲ ਵਿਚ ਹੋਰ ਵੀ ਕਈ ਭਵਿੱਖਬਾਣੀਆਂ ਹਨ ਜੋ ਸਾਬਤ ਕਰਦੀਆਂ ਹਨ ਕਿ ਮਸੀਹਾ ਕੌਣ ਹੈ। ਇਨ੍ਹਾਂ ਬਾਰੇ ਅਸੀਂ ਅਗਲੇ ਲੇਖ ਵਿਚ ਜਾਣਾਂਗੇ। ਜੇ ਅਸੀਂ ਇਨ੍ਹਾਂ ਉੱਤੇ ਡੂੰਘਾਈ ਨਾਲ ਸੋਚ-ਵਿਚਾਰ ਕਰੀਏ, ਤਾਂ ਅਸੀਂ ਕਦੇ ਵੀ ਸ਼ੱਕ ਨਹੀਂ ਕਰਾਂਗੇ ਕਿ ਯਹੋਵਾਹ ਨੇ ਯਿਸੂ ਨੂੰ ਮਸੀਹਾ ਵਜੋਂ ਚੁਣਿਆ ਸੀ।
[ਫੁਟਨੋਟ]
a ‘ਸੱਤਰ ਸਾਤਿਆਂ’ ਬਾਰੇ ਹੋਰ ਜਾਣਨ ਲਈ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਕਿਤਾਬ ਦਾ ਅਧਿਆਇ 11 ਪੜ੍ਹੋ।
ਤੁਸੀਂ ਕੀ ਜਵਾਬ ਦਿਓਗੇ?
• ਯਿਸੂ ਦੇ ਜਨਮ ਬਾਰੇ ਕਿਹੜੀਆਂ ਕੁਝ ਭਵਿੱਖਬਾਣੀਆਂ ਹਨ?
• ਮਸੀਹਾ ਲਈ ਕਿਸ ਨੇ ਰਾਹ ਤਿਆਰ ਕੀਤਾ?
• ਯਸਾਯਾਹ ਦੇ 53ਵੇਂ ਅਧਿਆਇ ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋਈਆਂ?